Friday 15 August 2014

ਬੇਜ਼ਮੀਨੇ ਮਜ਼ਦੂਰਾਂ ਦਾ ਰਿਹਾਇਸ਼ੀ ਪਲਾਟਾਂ ਲਈ ਵੱਧ ਰਿਹਾ ਸੰਘਰਸ਼

ਗੁਰਨਾਮ ਸਿੰਘ ਦਾਊਦ

ਧਰਤੀ ਉਤੇ ਪਾਣੀ ਦੀ ਮੌਜੂਦਗੀ ਸਦਕਾ ਇਸ ਉਤੇ ਅਨੇਕਾਂ ਜੀਵ ਜੰਤੂਆਂ ਦਾ ਆਗਮਨ ਹੋਇਆ। ਪਹਿਲਾਂ ਪਾਣੀ ਵਿਚ ਰਹਿਣ ਵਾਲੇ ਅਤੇ ਫੇਰ ਪਾਣੀ ਤੋਂ ਬਾਹਰ ਭਾਵ ਧਰਤੀ ਉਤੇ ਰਹਿਣ ਵਾਲੇ ਜੀਵ ਵਿਕਾਸ ਕਰਦੇ ਹੋਏ ਹੋਂਦ ਵਿਚ ਆਏ। ਉਹਨਾਂ ਜੀਵਾਂ ਵਿਚੋਂ ਹੀ ਜਾਨਵਰ ਤੋਂ ਵਿਕਾਸ ਕਰਕੇ ਮਨੁੱਖ ਹੋਂਦ ਵਿਚ ਆ ਗਿਆ। ਮਨੁੱਖ ਨੂੰ ਬਹੁਤ ਸਾਰੀਆਂ ਚੀਜਾਂ ਕੁਦਰਤ ਵਲੋਂ ਵੀ ਪ੍ਰਾਪਤ ਹੋ ਗਈਆਂ। ਜਿੰਨ੍ਹਾ ਨੂੰ ਕੁਦਰਤੀ ਸਰੋਤ ਕਿਹਾ ਜਾ ਸਕਦਾ ਹੈ। ਇਹਨਾਂ ਚੀਜਾਂ ਵਿਚ ਧਰਤੀ ਤੋਂ ਇਲਾਵਾ ਹਵਾ, ਪਾਣੀ, ਧਰਤੀ ਹੇਠਲੇ ਕੋਲੇ, ਤਾਂਬੇ, ਬਾਕਸਾਈਡ, ਲੋਹੇ, ਸੋਨੇ ਤੇ ਹੋਰ ਅਨੇਕਾਂ ਤਰ੍ਹਾਂ ਦੇ ਖਣਿਜ ਪਦਾਰਥ ਤੇ ਅਨੇਕਾਂ ਧਾਤਾਂ ਮਨੁੱਖ ਨੂੰ ਕੁਦਰਤੀ ਤੌਰ 'ਤੇ ਮਿਲੀਆਂ। 
ਮਨੁੱਖ ਦਾ ਦਿਮਾਗ ਬਾਕੀ ਜੀਵਾਂ ਦੇ ਮੁਕਾਬਲੇ ਚੰਗਾ ਤੇ ਤਿੱਖਾ ਹੋਣ ਕਰਕੇ ਇਸਨੇ ਕੁਦਰਤ ਨਾਲ ਸੰਘਰਸ਼ ਕਰਕੇ ਬਹੁਤ ਕੁੱਝ ਪ੍ਰਾਪਤ ਕਰ ਲਿਆ। ਅੱਜ ਵੀ ਮਨੁੱਖ ਕੁਦਰਤ ਨਾਲ ਸੰਘਰਸ਼ ਕਰ ਰਿਹਾ ਹੈ ਅਤੇ ਲਗਾਤਾਰ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਕੇ ਦੁਨੀਆਂ ਨੂੰ ਹੈਰਾਨ ਕਰ ਰਿਹਾ ਹੈ। ਮਨੁੱਖ ਵਲੋਂ ਕੁਦਰਤ ਉਤੇ ਫਤਿਹ ਹਾਸਲ ਕਰਕੇ ਪੈਦਾ ਕੀਤੀਆਂ ਚੀਜ਼ਾਂ ਨੂੰ ਵਿਗਿਆਨਕ ਪ੍ਰਾਪਤੀਆਂ ਕਿਹਾ ਜਾ ਸਕਦਾ ਹੈ। ਪਰ ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਸਾਰਾ ਕੁੱਝ ਜੋ ਅੱਜ ਸਾਨੂੰ ਨਜ਼ਰ ਆ ਰਿਹਾ ਹੈ ਇਹ ਸਭ ਧਰਤੀ ਦੀ ਹੋਂਦ ਕਰਕੇ ਹੀ ਹੈ। ਸਭ ਜੀਵ, ਜੰਤੂ, ਬਨਸਪਤੀ ਤੇ ਮਨੁੱਖ ਦੇ ਖਾਣ ਪੀਣ ਤੇ ਵਰਤਣ ਵਾਲੀਆਂ ਚੀਜਾਂ ਧਰਤੀ ਦੀ ਹੋਂਦ ਕਾਰਨ ਹੀ ਹਨ। ਇਸੇ ਕਰਕੇ ਗੁਰਬਾਣੀ ਵਿਚ ਵੀ ਧਰਤੀ ਨੂੰ ਬਹੁਤ ਮਾਨਤਾ ਪ੍ਰਦਾਨ ਕਰਕੇ ਇਸਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ''ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ''। ਇਹ ਸ਼ਬਦ ਇਸੇ ਗੱਲ ਦਾ ਪ੍ਰਤੀਕ ਹੈ ਕਿ ਹਵਾ ਪਾਣੀ ਤੋਂ ਬਗੈਰ ਵੀ ਕੁਝ ਪੈਦਾ ਨਹੀਂ ਹੁੰਦਾ ਅਤੇ ਧਰਤੀ ਤਾਂ ਮਾਤਾ ਹੈ ਸਭ ਕੁਝ ਇਸੇ ਵਿਚੋਂ ਹੀ ਪੈਦਾ ਹੁੰਦਾ ਹੈ। 
ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਦ ਧਰਤੀ ਕਿਸੇ ਨੇ ਆਪ ਨਹੀਂ ਬਣਾਈ ਤਾਂ ਫਿਰ ਇਸ ਉਤੇ ਕਿਸੇ ਇਕ ਜਾਂ ਦੋ ਦਾ ਅਧਿਕਾਰ ਕਿਉਂ? ਜਾਂ ਫਿਰ ਇਉਂ ਕਹਿ ਲਓ ਕਿ ਇਸ ਉਪਰ ਸਮਾਜ ਦੇ ਇਕ ਹਿੱਸੇ ਦਾ ਅਧਿਕਾਰ ਕਿਉਂ? ਇਹ ਜ਼ਮੀਨ ਵਿਹੂਣੇ ਲੋਕਾਂ ਨਾਲ ਸਰਾਸਰ ਧੋਖਾ ਹੈ। ਸਾਡੇ ਦੇਸ਼ ਅੰਦਰ ਮਨੂਵਾਦੀ ਵੰਡ ਤੋਂ ਬਾਅਦ ਜਿਥੇ ਸਮਾਜ ਦੇ ਚੌਥੇ ਹਿੱਸੇ (ਦਲਿਤ) ਨੂੰ ਸਿੱਖਿਆ ਪ੍ਰਾਪਤੀ ਦੇ ਅਧਿਕਾਰ ਤੇ ਨੌਕਰੀਆਂ ਦੀ ਪ੍ਰਾਪਤੀ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਗਿਆ ਉਥੇ ਨਾਲ ਹੀ ਇਸ ਕਰਮਾਂ ਮਾਰੇ ਹਿੱਸੇ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਤੋਂ ਵੀ ਵਾਂਝੇ ਕਰ ਦਿੱਤਾ ਗਿਆ। ਇਸੇ ਕਰਕੇ ਸਮਾਜ ਦਾ ਇਹ ਹਿੱਸਾ ਅੱਜ ਤੱਕ ਸੰਤਾਪ ਭੋਗ ਰਿਹਾ ਹੈ ਅਤੇ ਨਰਕ ਬਰਾਬਰ ਜ਼ਿੰਦਗੀ ਭੋਗ ਰਿਹਾ ਹੈ। ਇਸ ਵਰਗ ਵਿਚ ਹਮੇਸ਼ਾ ਜ਼ਮੀਨ ਪ੍ਰਾਪਤੀ ਦੀ ਖਾਹਿਸ਼ ਰਹੀ ਹੈ। ਦਰਿਅਵਾਂ ਦੇ ਕੰਢਿਆਂ ਤੇ ਦੱਬ ਕਾਈ ਪੁਟ ਕੇ ਜ਼ਮੀਨ ਅਬਾਦ ਕਰਨੀ ਇਸੇ ਖਾਹਸ਼ ਦੀ ਨਿਸ਼ਾਨੀ ਹੈ। ਬੰਜਰ ਤੇ ਬੇਆਬਾਦ ਬਰਾਨੀ ਜ਼ਮੀਨ ਨੂੰ ਭੁੱਖਾਂ ਕੱਟ ਕੇ ਅਬਾਦ ਕਰਨਾ ਇਸੇ ਖਾਹਸ਼ ਦਾ ਹਿੱਸਾ ਹੈ। ਪਰ ਦੇਸ਼ ਅਤੇ ਸੂਬਿਆਂ ਦੀਆਂ ਸਰਕਾਰਾਂ ਨੇ ਅੱਜ ਤੱਕ ਇਹਨਾਂ ਲੋਕਾਂ ਨੂੰ ਜ਼ਮੀਨ ਦੀ ਪ੍ਰਾਪਤੀ ਤੋਂ ਵਾਂਝੇ ਰੱਖਿਆ ਹੋਇਆ ਹੈ। ਉਂਝ ਦੇਸ਼ ਅੰਦਰ ਜ਼ਮੀਨੀ ਸੁਧਾਰ ਕਾਨੂੰਨ (ਇਸ ਕਾਨੂੰਨ ਵਿਚ ਜ਼ਮੀਨ ਲਕਾਉਣ ਲਈ ਅਨੇਕਾਂ ਮਘੋਰੇ ਹਨ) ਬਣਾ ਕੇ ਅਤੇ ਜ਼ਮੀਨੀ ਹੱਦ ਬੰਦੀ ਤੋਂ ਵਾਧੂ ਜ਼ਮੀਨ ਲੱਭਣ ਲਈ ਬਣਾਏ ਗਏ ਮਹਾਨਾਲੋਬਿਸ ਕਮਿਸ਼ਨ ਅਨੁਸਾਰ ਕਰੋੜਾ ਏਕੜ ਜ਼ਮੀਨ ਅੱਜ ਵੀ ਦੇਸ਼ ਦੇ ਜਗੀਰਦਾਰਾਂ ਦੇ ਨਜਾਇਜ਼ ਕਬਜ਼ੇ ਹੇਠ ਹੈ। ਪਰ ਨਾ ਤਾਂ ਜ਼ਮੀਨ ਸੁਧਾਰ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਵਾਧੂ ਜ਼ਮੀਨ ਜਗੀਰਦਾਰਾਂ ਦੇ ਕਬਜ਼ੇ ਹੇਠੋਂ ਛੁਡਾਈ ਗਈ ਹੈ।  ਇਸ ਕਰਕੇ ਜਮੀਨ ਦੇ ਮਾਮਲੇ ਵਿਚ ਬਹੁਤ ਹੀ ਅਸਾਵਾਂਪਣ ਇਸ ਵੇਲੇ ਵੇਖਿਆ ਜਾ ਸਕਦਾ ਹੈ। ਇਕ ਪਾਸੇ ਹਜ਼ਾਰਾਂ ਏਕੜਾਂ ਦੇ ਮਾਲਕ ਮੌਜੂਦ ਹਨ ਅਤੇ ਦੂਜੇ ਪਾਸੇ ਘਰ ਬਣਾਉਣ ਜੋਗੀ ਜ਼ਮੀਨ ਨੂੰ ਤਰਸਦੇ ਲੋਕ ਸ਼ਰੇਆਮ ਦੇਖੇ ਜਾ ਸਕਦੇ ਹਨ। 
ਇਹੋ ਕਾਰਨ ਹੈ ਕਿ ਲੋਕਾਂ ਵਿਚ ਪਹਿਲਾਂ ਦੇ ਮੁਕਾਬਲੇ ਕੁਝ ਜਾਗਰੂਕਤਾ ਆ ਜਾਣ ਕਰਕੇ ਥਾਂ ਥਾਂ ਜ਼ਮੀਨ ਪ੍ਰਾਪਤੀ ਦੀ ਅਵਾਜ਼ ਉਠ ਰਹੀ ਹੈ। ਪੰਜਾਬ ਸਰਕਾਰ ਨੇ ਵੀ ਘਰਾਂ ਲਈ ਪਲਾਟ ਦੇਣ ਦਾ ਮਜ਼ਦੂਰ ਜਥੇਬੰਦੀਆਂ ਨਾਲ ਫੈਸਲਾ ਕੀਤਾ ਹੋਇਆ ਹੈ। ਪਰ ਉਸ ਨੂੰ ਸਿਰੇ ਚਾੜ੍ਹਨ ਤੋਂ ਇਹ ਮਜ਼ਦੂਰ ਵਿਰੋਧੀ ਖਾਸੇ ਵਾਲੀ ਸਰਕਾਰ ਪਾਸਾ ਵੱਟ ਰਹੀ ਹੈ। ਏਸੇ ਲਈ ਬੇਘਰੇ ਲੋਕ ਹੁਣ ਥਾਂ ਥਾਂ ਤੇ ਸੰਘਰਸ਼ ਦੇ ਮੈਦਾਨ ਵਿਚ ਹਨ। 
ਪਿਛਲੇ ਸਮੇਂ ਵਿਚ ਇਕ ਹੋਰ ਗੱਲ ਸਾਹਮਣੇ ਆਈ ਹੈ। ਪਿੰਡਾਂ ਦੀਆਂ ਪੰਚਾਇਤਾਂ ਕੋਲ, ਬਹੁ ਗਿਣਤੀ ਪਿੰਡਾਂ ਵਿਚ, ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਹੈ। ਜਿਸ ਵਿਚ ਕਾਨੂੰਨੀ ਤੌਰ 'ਤੇ ਦਲਿਤ ਸਮਾਜ ਦਾ ਤੀਜਾ ਹਿੱਸਾ ਹੈ। ਕਾਫੀ ਪਿੰਡਾਂ ਵਿਚ ਇਹ ਤੀਜਾ ਹਿੱਸਾ ਵੀ ਹਾਕਮਾਂ ਵਲੋਂ ਆਪਣੇ ਕਿਸੇ ਚਾਟੜੇ ਦਲਿਤ ਦੇ ਨਾਮ ਤੇ ਜਾਂ ਫਿਰ ਨਿੱਕਾ ਮੋਟਾ ਲਾਲਚ ਦੇ ਕੇ ਬੋਲੀ ਵੇਲੇ ਦਲਿਤਾਂ ਵਿਚੋਂ ਹੀ ਕਿਸੇ ਨੂੰ ਖੜਾ ਕਰਕੇ, ਉਸਦੇ ਨਾਮ ਤੇ ਬੋਲੀ ਕਰਾ ਕੇ ਧਨੀ ਕਿਸਾਨ ਆਪ ਹੀ ਵਾਹ ਬੀਜ ਰਹੇ ਹਨ। ਇਸ ਪਿਛੋਕੜ ਵਿਚ ਹੀ, ਉਪਰ ਕਹੇ ਅਨੁਸਾਰ, ਕੁਝ ਜਾਗਰੂਕਤਾ ਆ ਜਾਣ ਕਾਰਨ ਤੇ ਜ਼ਮੀਨ ਪ੍ਰਾਪਤੀ ਦੀ ਖਾਹਸ਼ ਕਾਰਨ ਕੁਝ ਥਾਵਾਂ ਤੇ ਪੰਚਾਇਤੀ ਜ਼ਮੀਨ ਵਿਚੋਂ ਆਪਣਾ ਹਿੱਸਾ ਪ੍ਰਾਪਤ ਕਰਨ ਦੀ ਆਵਾਜ਼ ਉਠਣੀ ਸ਼ੁਰੂ ਹੋਈ ਹੈ। ਇਹ ਆਵਾਜ਼ ਬਾਲਦ ਕਲਾਂ, ਬਊਪੁਰ ਤੇ ਬੇਨੜਾ ਆਦਿ ਪਿੰਡਾਂ ਵਿਚ ਬੜੇ ਹੀ ਜ਼ੋਰਸ਼ੋਰ ਨਾਲ ਉਠੀ ਹੈ। ਪਰ ਸਰਕਾਰ ਦੇ ਕੰਨਾਂ ਤੱਕ ਅਜੇ ਨਹੀਂ ਪਹੁੰਚੀ ਅਤੇ ਮਜ਼ਦੂਰਾਂ ਦਾ ਸੰਘਰਸ਼ ਜਾਰੀ ਹੈ। 
ਇਸ ਸੰਦਰਭ ਵਿਚ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਨਵਾਂ ਝੱਖੜ ਵਾਲਾ ਦਾ ਕੇਸ ਵੀ ਬਹੁਤ ਅਨੌਖਾ ਹੈ, ਜਿਥੇ ਪਿੰਡ ਦੇ ਬੇਘਰੇ ਤੇ ਲੋੜਵੰਦ ਮਜ਼ਦੂਰ ਰਿਹਾਇਸ਼ੀ ਪਲਾਟਾਂ ਲਈ ਸੰਘਰਸ਼ ਕਰ ਰਹੇ ਹਨ। ਪਰ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੀ ਹੱਕੀ ਆਵਾਜ਼ ਸੁਣਨ ਤੋਂ ਵੀ ਇਨਕਾਰੀ ਹੋਇਆ ਬੈਠਾ ਹੈ। ਅਖੌਤੀ ਉਚ ਜਾਤੀ ਦੇ ਲੋਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨਾਲ ਮਿਲਕੇ ਉਹਨਾਂ ਗਰੀਬਾਂ ਉਤੇ ਜ਼ੁਲਮ ਢਾਹ ਰਹੇ ਹਨ। ਇਸ ਧੱਕੇਸ਼ਾਹੀ ਦਾ ਸੰਖੇਪ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ। 
ਜੈਤੋਂ ਤੋਂ ਕਰੀਬ 10 ਕਿਲੋਮੀਟਰ ਦੂਰੀ ਤੇ ਪਿੰਡ ਝੱਖੜ ਵਾਲਾ ਸਥਿਤ ਹੈ। ਪਹਿਲਾਂ ਇਹ ਇਕੋ ਪਿੰਡ ਹੁੰਦਾ ਸੀ ਤੇ ਹੁਣ ਉਸੇ ਹੀ ਪਿੰਡ ਦੇ ਦੋ ਪਿੰਡ ਬਣ ਗਏ ਹਨ। ਇਕ ਨੂੰ ਪੁਰਾਣਾ ਝੱਖੜ ਵਾਲਾ ਅਤੇ ਦੂਜੇ ਨੂੰ ਨਵਾਂ ਝੱਖੜ ਵਾਲਾ ਕਿਹਾ ਜਾਂਦਾ ਹੈ। ਨਵਾਂ ਝੱਖੜ ਵਾਲਾ ਪਿੰਡ ਦੀ ਕੁਲ 12 ਕਿਲੇ ਪੰਚਾਇਤੀ ਜ਼ਮੀਨ ਸੀ। ਜਿਸ ਵਿਚੋਂ ਨਵਾਂ ਝੱਖੜ ਵਾਲਾ ਦੇ ਸਾਬਕਾ ਸਰਪੰਚ ਨੇ ਮਜ਼ਦੂਰਾਂ ਲਈ ਕਲੋਨੀਆਂ ਕੱਟੀਆਂ ਹਨ। ਪਰ ਉਹਨਾਂ ਨੂੰ ਕਬਜ਼ੇ ਨਹੀਂ ਮਿਲ ਸਕੇ। ਫੋਨ ਤੇ ਹੋਈ ਗਲਬਾਤ ਵਿਚ ਉਪਰੋਕਤ ਸਾਬਕਾ ਸਰਪੰਚ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ ਕਿ ਮੈਂ ਪਿੰਡ ਦੇ ਮਜ਼ਦੂਰਾਂ ਲਈ ਕਲੋਨੀਆਂ ਕੱਟੀਆਂ ਸਨ ਤੇ ਉਸ ਗੱਲ ਉਤੇ ਮੈਂ ਅੱਜ ਵੀ ਕਾਇਮ ਹਾਂ। ਪਰ ਹੁਣ ਪੁਰਾਣਾ ਝੱਖੜ ਵਾਲਾ ਦੇ ਸਰਪੰਚ ਨੇ ਇਸ ਜ਼ਮੀਨ ਵਿਚੋਂ 4 ਏਕੜ ਵਿਚ ਸਟੇਡੀਅਮ ਅਤੇ 4 ਏਕੜ ਵਿਚ ਅਨਾਜ ਮੰਡੀ ਬਣਾ ਦਿੱਤੀ ਹੈ। ਪਰ ਮਜ਼ਦੂਰਾਂ ਨੂੰ ਕਲੋਨੀਆਂ ਦਾ ਕਬਜ਼ਾ ਨਹੀਂ ਦਿੱਤਾ। ਇਸ ਤੋਂ ਬਿਨਾਂ ਕੁਝ ਹੋਰ ਧਨੀ ਲੋਕਾਂ ਕੋਲ ਵੀ ਪੰਚਾਇਤੀ ਅਤੇ ਸ਼ਾਮਲਾਟ ਜ਼ਮੀਨ ਕਬਜ਼ੇ ਹੇਠ ਹੈ। 
ਇਸ ਪਿੰਡ ਦੇ ਕੁਲ 646 ਵੋਟਰ ਹਨ ਜਿਨਾਂ ਵਿਚੋਂ 500 ਵੋਟਾਂ ਮਜ਼ਦੂਰਾਂ ਅਤੇ 146 ਵੋਟਾਂ ਕਿਸਾਨਾਂ ਦੀਆਂ ਹਨ। ਪਿੰਡ ਦੀ ਸਰਪੰਚ ਬੀਬੀ ਗੁਲਾਂ ਕੌਰ ਵੀ ਦਲਿਤਾਂ ਵਿਚੋਂ ਹੈ। ਇਸ ਪਿੰਡ ਦੇ ਕਾਫੀ ਲੋਕ ਬੇਘਰੇ ਤੇ ਲੋੜਵੰਦ ਹਨ ਜਿੰਨਾ ਵਿਚੋਂ ਕਰੀਬ 100 ਪਰਵਾਰ ਪੰਚਾਇਤ ਦੀ ਉਕਤ 4 ਏਕੜ ਪਈ ਹੋਈ ਜ਼ਮੀਨ ਤੇ 5-5 ਮਰਲੇ ਜਗਾ ਵਿਚ ਬੈਠੇ ਹੋਏ ਸਨ ਤੇ ਉਹਨਾਂ ਨੇ ਆਪੋ ਆਪਣੇ ਤੰਬੂ ਆਦਿ ਲਾਏ ਹੋਏ ਸਨ। ਕਰੀਬ 15-20 ਪਰਵਾਰਾਂ ਨੇ ਆਪਣੇ ਕੱਚੇ ਘਰ ਵੀ ਬਣਾਏ ਹੋਏ ਸਨ। ਇਸ ਪਿੰਡ ਦੀ ਸਰਪੰਚ ਕੋਲੋਂ ਮਜ਼ਦੂਰਾਂ ਦੇ ਬੇਘਰੇ ਤੇ ਲੋੜਵੰਦ ਪਰਿਵਾਰਾਂ ਨੇ 5-5 ਮਰਲੇ ਦੀ ਅਲਾਟਮੈਂਟ ਆਪਣੇ ਨਾਮ ਕਰਨ ਦੀ ਮੰਗ ਕੀਤੀ ਗਈ। ਜਿਸ ਤੇ ਪਿੰਡ ਦੀ ਸਰਪੰਚ ਬੀਬੀ ਗੁਲਾਂ ਕੌਰ ਨੇ ਮਿਤੀ 5-6-2014 ਨੂੰ ਇਕ ਦਰਖਾਸਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਸਾਰੇ ਲੋੜਵੰਦਾਂ ਨੂੰ ਪਲਾਟ ਕੱਟ ਕੇ ਦੇਣ ਦੀ ਮੰਗ ਕੀਤੀ ਗਈ। ਇਸ ਦਰਖਾਸਤ ਉਤੇ ਬਹੁਗਿਣਤੀ ਪੰਚਾਂ ਨੇ ਵੀ ਦਸਤਖਤ ਕੀਤੇ ਹੋਏ ਹਨ ਅਤੇ ਅੱਜ ਵੀ ਪੰਚਾਇਤ ਦੀ ਬਹੁ ਸੰਮਤੀ ਸਰਪੰਚ ਸਮੇਤ ਪਲਾਟ ਕੱਟ ਕੇ ਦੇਣ ਲਈ ਰਜ਼ਾਮੰਦ ਹਨ। ਮਿਤੀ 11-6-2014 ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਇਹੋ ਚਿੱਠੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਮਾਰਕ ਕਰਕੇ ਬਣਦੀ ਕਾਰਵਾਈ ਕਰਨ ਨੂੰ ਭੇਜ ਦਿੱਤੀ ਗਈ। ਮਿਤੀ 19-6-2014 ਨੂੰ ਇਹ ਚਿੱਠੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕੋਟਕਪੂਰਾ ਨੂੰ ਭੇਜ ਦਿੱਤੀ ਅਤੇ ਨਾਲ ਹੀ ਕਿਹਾ ਕਿ ਅਗਲੇਰੀ ਕਾਰਵਾਈ ਕਰਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦੇ ਦਫਤਰ ਨੂੰ ਸੂਚਿਤ ਕੀਤਾ ਜਾਵੇ। 
ਇਥੋਂ ਸ਼ੁਰੂ ਹੁੰਦੀ ਹੈ ਮਜ਼ਦੂਰਾਂ ਨਾਲ ਘੋਰ ਬੇਇਨਸਾਫੀ ਅਤੇ ਧੱਕੇਸ਼ਾਹੀ ਦੀ ਕਹਾਣੀ। ਪੰਜਾਬ ਸਰਕਾਰ ਨੇ ਮਜ਼ਦੂਰ ਜਥੇਬੰਦੀਆਂ ਨਾਲ ਗੱਲਬਾਤ ਦੌਰਾਨ ਮੰਨਿਆ ਹੋਇਆ ਹੈ ਕਿ ਜਿਹੜੀ ਪੰਚਾਇਤ ਆਪਣੀ ਜ਼ਮੀਨ ਵਿਚੋਂ ਲੋੜਵੰਦ ਤੇ ਬੇਘਰੇ ਲੋਕਾਂ ਨੂੰ ਪਲਾਟ ਦੇਣਾ ਚਾਹੇਗੀ ਉਹ ਦੇ ਦੇਵੇ ਅਤੇ ਸਰਕਾਰ ਇਹ ਪਲਾਟ ਅਲਾਟ ਕਰਵਾ ਦੇਵੇਗੀ। ਇਸ ਸਬੰਧ ਵਿਚ ਇਕ ਚਿੱਠੀ ਵੀ ਸਰਕਾਰ ਵਲੋਂ ਮਿਤੀ 3-4-2013 ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਰਾਹੀਂ ਜਾਰੀ ਕੀਤੀ ਗਈ। ਜਿਸ ਵਿਚ ਜਿਥੇ ਨਰੇਗਾ ਦਾ ਕੰਮ 100 ਦਿਨ ਦੇਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਉਥੇ ਲਿਖਿਆ ਗਿਆ ਕਿ ''ਪੇਂਡੂ ਖੇਤਰਾਂ ਵਿਚ ਰਹਿੰਦੇ ਬੇਘਰੇ ਵਿਅਕਤੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ 5-5 ਮਰਲੇ ਦੇ ਪਲਾਟ ਮਕਾਨ ਬਣਾਉਣ ਲਈ ਅਲਾਟ ਕੀਤੇ ਜਾਣ ਅਤੇ ਯੋਗ ਵਿਅਕਤੀਆਂ ਨੂੰ ਇੰਦਰਾ ਅਵਾਸ ਯੌਜਨਾਂ ਤਹਿਤ ਮਕਾਨ ਬਣਾਉਣ ਲਈ ਗ੍ਰਾਂਟ ਵੀ ਜਾਰੀ ਕੀਤੀੇ ਜਾਵੇ।'' ਪ੍ਰੰਤੂ ਪਿੰਡ ਨਵਾਂ ਝੱਖੜਵਾਲਾ ਵਿਖੇ ਅਧਿਕਾਰੀਆਂ ਨੇ ਇਹਨਾਂ ਸਾਰੇ ਸਪੱਸ਼ਟ ਆਦੇਸ਼ਾਂ ਨੂੰ ਦਰਕਿਨਾਰ ਕਰਦਿਆਂ ਹੋਇਆਂ ਝੂਠੀ ਮੂਠੀ ਇਨਕੁਆਰੀ ਚੋਰੀ ਛੁਪੇ ਕਰਕੇ ਇਹ ਕਹਿ ਦਿੱਤਾ ਗਿਆ ਕਿ ਇਹਨਾਂ ਕਬਜ਼ਾਕਾਰਾਂ ਵਿਚ ਕੋਈ ਜ਼ਰੂਰਤਮੰਦ ਨਹੀਂ ਹੈ। 
ਇਸ ਆਧਾਰ 'ਤੇ ਮਿਤੀ 15-7-2014 ਨੂੰ ਦੂਸਰੇ ਪਿੰਡ, ਪੁਰਾਣਾ ਝੱਖੜ ਵਾਲਾ ਦਾ ਸਰਪੰਚ ਤੇ ਪੰਚ ਪ੍ਰਸ਼ਾਸਨ ਨੂੰ ਨਾਲ ਲੈ ਕੇ ਮਜ਼ਦੂਰਾਂ ਉਤੇ ਆਣ ਝਪਟੇ। ਪੁਲਸ ਦੀਆਂ ਧਾੜਾਂ ਨਾਲ ਸਨ। ਪੁਰਾਣਾ ਝੱਖੜ ਵਾਲਾ ਦੇ ਸਰਪੰਚ ਅਤੇ ਪੰਚਾਂ ਨੇ ਪੁਲਸ ਦੇ ਨਾਲ ਮਜ਼ਦੂਰਾਂ ਦੀਆਂ ਪਾਈਆਂ ਹੋਈਆਂ ਝੁਗੀਆਂ ਤੇ ਤੰਬੂ ਅੱਗ ਲਾ ਕੇ ਸਾੜ ਸੁੱਟੇ। ਉਹਨਾਂ ਦੇ ਬਣੇ ਹੋਏ ਘਰ ਢਾਹ ਦਿੱਤੇ। ਵਿਰੋਧ ਕਰਨ ਤੇ ਅਨੇਕਾਂ ਮਜ਼ਦੂਰਾਂ ਨੂੰ ਉਕਤ ਸਰਪੰਚ, ਪੰਚ ਤੇ ਪੁਲਸ ਨੇ ਬੇਤਹਾਸ਼ਾ ਕੁਟਿਆ। ਜਖ਼ਮੀ ਮਜ਼ਦੂਰ ਅੱਜ ਵੀ ਫਰੀਦਕੋਟ ਹਸਪਤਾਲ ਵਿਚ ਜੇਰੇ ਇਲਾਜ਼ ਹਨ। ਮਜ਼ਦੂਰਾਂ ਵਲੋਂ ਮਜ਼ਦੂਰੀ ਰਾਹੀਂ ਕਮਾਏ ਪੈਸੇ ਤੇ ਘਰਾਂ ਦਾ ਸਮਾਨ ਵੀ ਲੁਟ ਕੇ ਉਕਤ ਸਰਪੰਚ, ਪੰਚ ਤੇ ਪੁਲਸ ਲੈ ਗਈ ਹੈ। ਪੀੜਤ ਮਜ਼ਦੂਰ, ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ, ਬੀ.ਡੀ.ਪੀ.ਓ. ਕੋਟ ਕਪੂਰਾ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰਾਂ ਅੱਗੇ ਧਰਨੇ ਮਾਰ ਚੁੱਕੇ ਹਨ। ਪ੍ਰਸ਼ਾਸਨ ਤੋਂ ਪਲਾਟ ਦੇਣ ਅਤੇ ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਰ ਨਾ ਤਾਂ ਸਰਕਾਰ ਅਤੇ ਨਾ ਹੀ ਪੁਲਸ ਪ੍ਰਸ਼ਾਸਨ ਗਰੀਬਾਂ ਦੀ ਗਲ ਸੁਣ ਰਿਹਾ ਹੈ। ਮਿਤੀ 20-7-2014 ਨੂੰ ਮੈਂ ਖੁਦ ਪਿੰਡ ਨਵਾਂ ਝੱਖੜ ਵਾਲਾ ਜਾ ਕੇ ਆਇਆਂ ਹਾਂ ਤੇ ਇਹ ਸਾਰੀ ਜਾਣਕਾਰੀ ਹਾਸਲ ਕੀਤੀ ਹੈ। ਮਜ਼ਦੂਰਾਂ ਦੀ ਅਗਵਾਈ ਕਰ ਰਹੀ ਮਜ਼ਦੂਰ ਔਰਤ ਰਿੰਪੀ ਕੌਰ ਨੂੰ ਵੀ ਮਿਲਕੇ ਆਇਆ ਹਾਂ। ਮਜ਼ਦੂਰ ਇਹ ਘੋਲ ਜਿੱਤ ਹਾਸਲ ਕਰਨ ਤੱਕ ਲੜਨ ਲਈ ਤਿਆਰ ਹਨ। ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਇਹ ਘੋਲ ਪਲਾਟਾਂ ਦੀ ਪ੍ਰਾਪਤੀ ਤੱਕ ਲੜਿਆ ਜਾਵੇਗਾ। ਹੋਰ ਮਜ਼ਦੂਰ ਹਿਤੈਸ਼ੀ ਜਥੇਬੰਦੀਆਂ ਨੂੰ ਨਾਲ ਲੈ ਕੇ ਅਤੇ ਪਿੰਡ ਨਵਾਂ ਝੱਖੜ ਵਾਲਾ ਦੇ ਮਜ਼ਦੂਰਾਂ ਨੂੰ ਨਾਲ ਲੈ ਕੇ ਇਹ ਲੜਾਈ ਜਿੱਤ ਤੱਕ ਜਾਰੀ ਰੱਖਣ ਦਾ ਯਤਨ ਕੀਤਾ ਜਾਵੇਗਾ। 
ਜਨਰਲ ਸਕੱਤਰ , ਦਿਹਾਤੀ ਮਜ਼ਦੂਰ ਸਭਾ 

No comments:

Post a Comment