Friday 2 June 2017

''ਦੇਸ਼ ਆਗੇ ਬੜ੍ਹ ਰਹਾ ਹੈ...........।''

ਦਲਿਤਾਂ ਲਈ ਆਜ਼ਾਦੀ ਅਜੇ ਇਕ ਸੁਪਨਾ

''ਦੇਸ਼ ਨੇ ਤੋਂ ਅਜਾਦੀ ਪ੍ਰਾਪਤੀ ਕਰ ਲੀ, ਪਰ ਹਮੇਂ ਅਭੀ ਹਮਾਰੀ ਅਜਾਦੀ ਮਿਲਣੀ ਬਾਕੀ ਹੈ, ਦੇਖੇਂ ਕਬ.......?'' ਇਹ ਸ਼ਬਦ ਨੇ ਉੱਤਰ ਪ੍ਰਦੇਸ਼ ਦੇ ਸੰਭਲਪੁਰ ਜ਼ਿਲ੍ਹੇ ਦੇ ਪਿੰਡ ਫ਼ਤਹਿਪੁਰ ਸ਼ਮਸੋਈ ਦੇ ਵਸਨੀਕ, ਬਾਲਮੀਕੀ ਭਾਈਚਾਰੇ ਨਾਲ ਸਬੰਧਤ ਇੱਕ ਦਲਿਤ ਦੇ। ਨੌਂ ਹਜਾਰ ਦੀ ਅਬਾਦੀ ਵਾਲੇ ਇਸ ਕਸਬਾਨੁਮਾ ਵੱਡੇ ਪਿੰਡ 'ਚ ਦਲਿਤਾਂ ਦੀ ਅਬਾਦੀ ਛੇ ਕੁ ਸੌ ਦੇ ਲਗਭੱਗ ਹੈ। ਇਹ ਲੋਕ ਦਹਾਕਿਆਂ ਤੋਂ ਆਪਣੀ ਕਟਿੰਗ ਸ਼ੇਵ ਆਦਿ ਕਰਾਉਣ ਇਥੋਂ ਔਸਤਨ ਦਸ ਕਿਲੋ ਮੀਟਰ ਦੂਰ ਵਸੇ ਪਿੰਡਾਂ ਚੰਦੌਸੀ, ਭਜੋਈ, ਇਸਲਾਮਪੁਰ ਆਦਿ ਵਿੱਚ ਜਾਂਦੇ ਸਨ ਕਿਉਂਕਿ ਪਿੰਡ ਦੀਆਂ ਅਖੌਤੀ ਉੱਚ ਜਾਤਾਂ ਦੇ ਚੌਧਰੀਆਂ ਵਲੋਂ ਇਹ ਫਰਮਾਨ ਜਾਰੀ ਕੀਤਾ ਹੋਇਆ ਸੀ ਕਿ ਪਿੰਡ ਦੇ ਬਾਰਬਰ (ਕਟਿੰਗ-ਸ਼ੇਵ ਆਦਿ ਕਰਨ ਵਾਲੇ) ਕਿਸੇ ਵੀ ਦਲਿਤ ਨੂੰ ਇਹ ਸੇਵਾਵਾਂ ਨਹੀਂ ਦੇਣਗੇ। ਇਸ ''ਇਲਾਹੀ'' ਹੁਕਮ ਪਿੱਛੇ ਉਨ੍ਹਾਂ ਚੌਧਰੀਆਂ ਦੀ ਦਲੀਲ ਇਹ ਸੀ ਕਿ ਇੰਝ ਕੀਤਿਆਂ ਸ਼ੇਵ ਕਟਿੰਗ ਵਾਲਾ ਸਾਜੋ ਸਮਾਨ ਭਿੱਟਿਆ ਜਾਂਦਾ ਹੈ ਅਤੇ ਅਗੋਂ ਇਹ ਭਿੱਟ ਉੱਚੀਆਂ ਜਾਤਾਂ ਵਾਲਿਆਂ ਦੀ ਜਾਤ ''ਖਰਾਬ'' ਕਰਦੀ ਹੈ। ਪਿਛਲੇ ਦਿਨੀ ਲੋਕਪਾਲ ਅਤੇ ਆਸਿਫ਼ ਨਾਂ ਦੇ ਦੋ ਵਿਅਕਤੀਆਂ ਨੇ ਨਵੇਂ ਸੈਲੂਨ ਖੋਹਲੇ ਅਤੇ ਸਭਨਾਂ ਨੂੰ ਕਟਿੰਗ-ਸ਼ੇਵ ਆਦਿ ਦੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਵਾਜ਼ਬ ਤੌਰ 'ਤੇ ਪਿੰਡ ਦੇ ਦਲਿਤਾਂ ਨੇ ਇਸ ਮਾਨਵਵਾਦੀ ਬਦਲਾਅ ਦੀ ਬੜੀ ਖੁਸ਼ੀ ਮਨਾਈ। ਪ੍ਰੰਤੂ ਅਚਾਨਕ ਇੱਕ ਦਿਨ ਆਸਿਫ਼ ਅਤੇ ਲੋਕਪਾਲ ਨੇ ਦਲਿਤਾਂ ਨੂੰ ਕਟਿੰਗ ਸ਼ੇਵ ਆਦਿ ਤੋਂ ਜੁਆਬ ਦੇ ਦਿੱਤਾ। ਗੱਲ ਇੱਥੋਂ ਤੱਕ ਵਿਗੜ ਗਈ ਕਿ ਲੋਕਪਾਲ ਨੇ ਤਾਂ ਮਹੀਨੇ ਦੇ ਲਗਭੱਗ ਆਪਣੀ ਦੁਕਾਨ (ਸੈਲੂਨ) ਹੀ ਬੰਦ ਕਰੀ ਰੱਖੀ। ਅਸਲੀ ਕਾਰਣ ਵੀ ਛੇਤੀ ਹੀ ਉਜਾਗਰ ਹੋ ਗਿਆ। ਪਿੰਡ ਦੇ ਦਬੰਗਾਂ ਨੇ ਸੈਲੂਨ ਵਾਲਿਆਂ ਨੂੰ ਚਿਰਾਂ ਤੋਂ ਤੁਰੀ ਆਉਂਦੀ ''ਪਰੰਪਰਾ '' ਤੋੜਣ ਲਈ ਬੇਇੱਜਤ ਕੀਤਾ ਅਤੇ ਨਵੀਂ ਪਿਰਤ ਪਾਉਣ ਤੋਂ ਵਰਜਿਆ। ਗਰੀਬ ਸੈਲੂਨ ਵਾਲਿਆਂ ਨੇ ਮਨ ਮਾਰ ਕੇ ਗਰੀਬਾਂ ਨੂੰ ਸੇਵਾਵਾਂ ਦੇਣ ਤੋਂ ਇਨਕਾਰ ਦਿੱਤਾ। ਹਾਂ, ਇਹ ਵੀ ਗਨੀਮਤ ਹੈ ਕਿ ਅਖੌਤੀ ਉੱਚ ਜਾਤੀਆਂ ਦੇ ਕੁੱਝ ਗੱਭਰੂ ਇਸ ਅਣਲਿਖਤ ''ਹੁਕਮਨਾਮੇ'' ਨੂੰ ਚੁਣੌਤੀ ਦੇ ਰਹੇ ਹਨ, ਪਰ ਸਥਿਤੀ 'ਚ ਸੁਧਾਰ ਹੋਣਾ ਅਜੇ ਕੋਹਾਂ ਦੂਰ ਦੀ ਗੱਲ ਹੈ।
ਇਹ ਕੇਵਲ ਵੰਨਗੀ ਹੈ ਉੱਤਰ ਪ੍ਰਦੇਸ਼ ਦੇ ਮੌਜੂਦਾ ਯੋਗੀ (ਦੁਰ) ਰਾਜ ਦੀ। ਉਹ ਰਾਜ ਜਿਸ ਨੂੰ ਸੰਘ-ਭਾਜਪਾ ਆਪਣੀ ਹਿੰਦੂਤਵ ਮਾਰਕਾ ਸ਼ਾਸਨ ਪ੍ਰਣਾਲੀ ਦੀ ਪ੍ਰਯੋਗਸ਼ਾਲਾ ਵਜੋਂ ਪਰੋਸ ਰਹੇ ਹਨ। ਸਥਿਤੀ ਨਾ ਕੇਵਲ ਉੱਤਰ ਪ੍ਰਦੇਸ਼ ਵਿੱਚ ਬਲਕਿ ਪੂਰੇ ਦੇਸ਼ ਵਿੱਚ ਇਸ ਤੋਂ ਕਿਤੇ ਜਿਆਦਾ ਡਰਾਉਣੀ ਹੈ। ''ਫ਼ਿਲਹਾਲ ਤਾਂ ਦੇਸ਼ ਆਗੇ ਬੜ੍ਹ ਰਿਹਾ ਹੈ।''

 

ਲਿੱਸਾ ਹੋਈ ਜਾ ਰਿਹੈ ਦੇਸ਼ ਪਰ.... 
ਨਵੇਂ ਜਨਮੇਂ ਬੱਚਿਆਂ ਦੀ ਮੌਤ ਦਰ ਦੇ ਪੱਖੋਂ ਭਾਰਤ ਦੀ ਸਥਿਤੀ ਅੱਜ ਅਫ਼ਗਾਨਿਸਤਾਨ ਅਤੇ ਸੋਮਾਲੀਆ ਵਰਗੇ ਅਤਿ ਪਛੜੇ ਤੇ ਖ਼ਤਰਨਾਕ ਹੱਦ ਤੱਕ ਗੜਬੜ ਗਰਸਤ ਦੇਸ਼ਾਂ ਨਾਲੋਂ ਵੀ ਨਿੱਘਰ ਗਈ ਹੈ। ਇਹ ਸਿੱਟਾ ਕੱਢਿਆ ਗਿਆ ਹੈ, ਬੀਮਾਰੀਆਂ ਦੇ ਸੰਸਾਰ ਵਿਆਪੀ ਦਬਾਅ'' (Global Burden of Decare GBD) ਨਾਮੀ ਅੰਤਰ ਰਾਸ਼ਟਰੀ ਸਰਵੇ ਵਲੋਂ। ਸਰਵੇ ਕੌਮਾਂਤਰੀ ਪ੍ਰਸਿਧੀ ਦੇ ਰਸਾਲੇ (Medical Journal) ਲਾਂਸੈਟ (Lancet) ਵੱਲੋਂ ਕਰਵਾਇਆ ਗਿਆ ਹੈ। ਇਹ ਸਰਵੇ 130 ਦੇਸ਼ਾਂ 'ਤੇ ਅਧਾਰਤ ਹੈ। ਸਰਵੇ 'ਚ ਇਹ ਵੀ ਰੇਖਾਂਕਿਤ ਕੀਤਾ ਗਿਆ ਹੈ ਕਿ ਭਾਰਤ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਖੇਤਰ ਵਿੱਚ ਦੁਨੀਆਂ ਦੇ 195 ਦੇਸ਼ਾਂ 'ਚ ਬਹੁਤ ਥੱਲੇ ਭਾਵ 154ਵੇਂ ਸਥਾਨ 'ਤੇ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਹਾਲੀਆ ਸਮੇਂ 'ਚ ਭਾਰਤ ਪਹਿਲਾਂ ਦੇ ਮੁਕਾਬਲੇ 11 ਸਥਾਨ ਹੋਰ ਥੱਲੇ ਖਿਸਕਿਆ ਹੈ।
ਹਾਕਮਾਂ ਲਈ ਅਤਿ ਸ਼ਰਮਨਾਕ (ਜੇ ਉਹ ਸ਼ਰਮ ਮੰਨਣ ਤਾਂ) ਗੱਲ ਇਹ ਹੈ ਕਿ ਭਾਰਤੀ ਉਪਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ''ਭਾਰਤ ਵਰਸ਼'' ਉਪਮਹਾਂਦੀਪ ਦੇ ਬਾਕੀ ਦੇਸ਼ਾਂ ਸ਼੍ਰੀਲੰਕਾ, ਬੰਗਲਾਦੇਸ਼, ਭੂਟਾਨ, ਨੇਪਾਲ ਆਦਿ ਤੋਂ ਵੀ ਸਿਹਤ ਸੇਵਾਵਾਂ ਦੇਣ ਦੇ ਮਾਮਲੇ ਵਿਚ ਪੱਛੜ ਗਿਆ ਹੈ।
ਸਰਵੇ ਵਲੋਂ 32 ਅਜਿਹੀਆਂ ਬਿਮਾਰੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜੋ ਕਿ ਲਾਇਲਾਜ ਨਹੀਂ ਹਨ ਪਰ ਮੌਤਾਂ ਹੋਣ ਦਾ ਕਾਰਣ ਸਮੇਂ ਸਿਰ ਚਿਕਿਤਸਾ ਸਹਾਇਤਾ ਨਾ ਮਿਲਣਾ ਜਾਂ ਉਕਾ ਹੀ ਨਾ ਮਿਲਣਾ ਦੱਸਿਆ ਗਿਆ ਹੈ।
ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੇ ਮਾਮਲੇ 'ਚ ਭਾਰਤੀ ਹਾਕਮਾਂ ਦੀ ਨਿਖੇਧੀ ਯੋਗ ਕਾਰਗੁਜ਼ਾਰੀ ਦੀ ਮੁਕੰਮਲ ਜਾਂਚ ਕਰਨ ਲਈ ਇਕ ਹੋਰ ਤੱਥ ਵੀ ਗੌਰ ਕਰਨਯੋਗ ਹੈ। ਭਾਰਤ 195 ਦੇਸ਼ਾਂ 'ਚੋਂ ਨਵਜੰਮੇ ਬੱਚਿਆਂ 'ਚ ਪੈਦਾ ਹੋਣ ਵਾਲੇ ਵਿਕਾਰਾਂ ਦੀ ਰੋਕਥਾਮ ਅਤੇ ਇਲਾਜ ਪੱਖੋਂ 185ਵੇਂ, ਗੁਰਦਾ ਰੋਗਾਂ ਦੇ ਇਲਾਜ 'ਚ 176ਵੇਂ, ਟੀਬੀ ਦੇ ਮਾਮਲੇ 'ਚ 166ਵੇਂ, ਵੱਖੋ ਵੱਖ ਕਿਸਮ ਦੇ ਸ਼ੂਗਰ ਰੋਗਾਂ ਕੇਸਾਂ 'ਚ 151ਵੇਂ ਅਤੇ ਗਲਘੋਟੂ ਦੇ ਕੇਸਾਂ 'ਚ 133ਵੇਂ ਦਰਜ਼ੇ 'ਤੇ ਸਾਹ ਬਰੋਲ ਰਿਹਾ ਹੈ।
ਪ੍ਰਾਈਵੇਟ ਹਸਪਤਾਲਾਂ 'ਚ ਅਤਿ ਮਹਿੰਗੇ ਇਲਾਜ ਕਰਵਾ ਕੇ ਲੁੱਟੇ ਪੁੱਟੇ ਗਏ ਅਤੇ ਸਰਕਾਰੀ ਸਿਹਤ ਅਦਾਰਿਆਂ 'ਚ ਇਲਾਜ ਖੁਣੋਂ ਖੱਜਲ ਖੁਆਰ ਹੁੰਦੇ ਲੋਕਾਂ ਦੀ ਤਰਸਯੋਗ ਸਥਿਤੀ ਉਪਰੋਕਤ ਅੰਕੜਿਆਂ ਦੀ ਚੀਖ ਚੀਖ ਕੇ ਪੁਸ਼ਟੀ ਕਰਦੀ ਹੈ। ਹਾਂ! ਮੋਦੀ ਅਤੇ ਉਸ ਦੇ ਬਗਲ ਬੱਚਿਆਂ ਦੇ ਸ਼ਬਦਾਂ 'ਚ, ''ਦੇਸ਼ ਆਗੇ ਬੜ੍ਹ ਰਹਾ ਹੈ!

No comments:

Post a Comment