Friday 2 June 2017

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਜੂਨ 2017)

ਚੀਨ ਦਾ 'ਵਨ ਬੈਲਟ, ਵਨ ਰੋਡ' ਪ੍ਰਾਜੈਕਟ


ਲੋਕ ਗਣਰਾਜ ਚੀਨ ਦੀ ਰਾਜਧਾਨੀ ਵਿਖੇ 14-15 ਮਈ ਨੂੰ ਹੋਏ 'ਬੈਲਟ ਤੇ ਰੋਡ ਫੋਰਮ' ਵਿਚ ਦੁਨੀਆਂ ਭਰ ਦੇ 130 ਦੇਸ਼ਾਂ ਨੇ ਭਾਗ ਲਿਆ ਹੈ। ਇਸ ਵਿਚ 28 ਦੇਸ਼ਾਂ ਦੇ ਮੁਖੀ ਸ਼ਾਮਲ ਸਨ। ਪਰ ਸਭ ਤੋਂ ਵਧੇਰੇ ਨੋਟ ਕਰਨ ਯੋਗ ਗੈਰ ਹਾਜਰੀ ਸੀ ਸਾਡੇ ਦੇਸ਼ ਭਾਰਤ ਦੀ, ਜਿਹੜਾ ਕਿ ਚੀਨ ਦਾ ਸਭ ਤੋਂ ਵੱਡਾ ਗੁਆਂਢੀ ਹੈ। ਦੱਖਣੀ ਏਸ਼ੀਆ ਦੇ ਦੋ ਦੇਸ਼ਾਂ ਭਾਰਤ ਅਤੇ ਭੂਟਾਨ ਨੂੰ ਛੱਡਕੇ ਬਾਕੀ ਲਗਭਗ ਸਾਰੇ ਹੀ ਦੇਸ਼ਾਂ ਦੀ ਪ੍ਰਤਿਨਿਧਤਾ ਉਨ੍ਹਾਂ ਦੇਸ਼ਾਂ ਦੇ ਮੁਖੀਆਂ ਜਾਂ ਅਹਿਮ ਆਗੂਆਂ ਨੇ ਕੀਤੀ ਸੀ।
ਇਹ 'ਬੈਲਟ ਤੇ ਰੋਡ ਫੋਰਮ'' ਚੀਨ ਦੇ ਰਾਸ਼ਟਰਪਤੀ ਵਲੋਂ 2013 ਵਿਚ ਐਲਾਨੇ ਗਏ 'ਵਨ ਬੈਲਟ, ਵਨ ਰੋਡ' ਪ੍ਰੋਜੈਕਟ ਨੂੰ ਸਫਲ ਬਨਾਉਣ ਦੇ ਮਕਸਦ ਨਾਲ ਆਯੋਜਤ ਕੀਤਾ ਗਿਆ ਸੀ। 'ਵਨ ਬੈਲਟ, ਵਨ ਰੋਡ, (ਇਕ ਪੱਟੀ, ਇਕ ਮਾਰਗ) ਦੁਨੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬੁਨਿਆਦੀ ਢਾਂਚਾ ਉਸਾਰਨ ਦਾ ਪ੍ਰੋਜੈਕਟ ਹੈ। ਜਿਸਦਾ ਕੇਂਦਰ ਬਿੰਦੂ ਏਸ਼ੀਆ, ਯੂਰਪ ਤੇ ਅਫਰੀਕਾ ਦੇ ਦੇਸ਼ਾਂ ਦਰਮਿਆਨ ਮੇਲ ਜੋਲ, ਸੰਪਰਕ ਸਾਧਨਾਂ ਤੇ ਸਹਿਯੋਗ ਨੂੰ ਵਧਾਉਣਾ ਹੈ, ਜਿਸ ਲਈ ਵੱਡੇ ਪੱਧਰ 'ਤੇ ਜਮੀਨੀ ਮਾਰਗਾਂ ਅਤੇ ਸਮੁੰਦਰੀ ਮਾਰਗਾਂ ਦਾ ਨਿਰਮਾਣ ਕਰਦੇ ਹੋਏ ਇਨ੍ਹਾਂ ਮਹਾਂਦੀਪਾਂ ਨੂੰ ਜੋੜਿਆ ਜਾਵੇਗਾ ਜਿਸ ਨਾਲ ਵੱਡੇ ਪੱਧਰ 'ਤੇ ਇਨ੍ਹਾਂ ਦੇਸ਼ਾਂ ਦੀਆਂ ਆਰਥਕਤਾਵਾਂ ਨੂੰ ਲਾਭ ਪੁੱਜੇਗਾ।
ਪੁਰਾਣੇ 'ਸਿਲਕ ਆਰਥਕ ਮਾਰਗ' ਅਤੇ 21ਵੀਂ ਸਦੀ ਦੇ 'ਸਮੁੰਦਰੀ ਸਿਲਕ ਮਾਰਗ' ਦੇ ਜ਼ਮੀਨੀ ਅਤੇ ਸਮੁੰਦਰੀ ਪ੍ਰਾਜੈਕਟਾਂ 'ਤੇ ਅਧਾਰਤ 'ਵਨ ਬੈਲਟ, ਵਨ ਰੋਡ' ਅਧੀਨ ਬਹੁਤ ਹੀ ਵਿਸ਼ਾਲ ਪੱਧਰ 'ਤੇ ਸੜਕਾਂ, ਪੁਲਾਂ, ਗੈਸ ਪਾਇਪ ਲਾਈਨਾਂ, ਬੰਦਰਗਾਹਾਂ, ਰੇਲਵੇ ਨੈਟਵਰਕਾਂ, ਦੂਰਸੰਚਾਰ-ਸੂਚਨਾ ਆਦਾਨ ਪ੍ਰਦਾਨ ਨੈਟਵਰਕਾਂ, ਅਤੇ ਪਾਵਰ ਪਲਾਂਟਾਂ ਦੀ ਉਸਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਯੋਜਨਾ ਮੁਤਾਬਕ ਚੀਨ ਸਮੇਤ 65 ਦੇਸ਼ਾਂ ਵਿਚ ਇਹ ਬੁਨਿਆਦੀ ਢਾਂਚਾ ਉਸਾਰੀਆਂ ਕੀਤੀਆਂ ਜਾਣਗੀਆਂ। ਭੂਗੋਲਿਕ ਰੂਪ ਵਿਚ ਇਹ ਪ੍ਰੋਜੈਕਟ 6 ਲਾਂਘਿਆਂ (ਕੋਰੀਡੋਰਜ) ਦੇ ਦੁਆਲੇ ਅਤੇ ਸਮੁੰਦਰੀ ਸਿਲਕ ਮਾਰਗ ਦੇ ਦੁਆਲੇ ਉਸਾਰੇ ਜਾਣਗੇ। 6 ਜਮੀਨੀ ਲਾਂਘੇ ਹੋਣਗੇ :
    ਨਵਾਂ ਯੂਰੇਸ਼ੀਆ ਜ਼ਮੀਨੀ ਲਾਂਘਾ, ਜਿਹੜਾ ਪੱਛਮੀ ਚੀਨ ਤੋਂ ਹੁੰਦਾ ਹੋਇਆ ਪੱਛਮੀ ਰੂਸ ਨੂੰ ਜੋੜੇਗਾ;
    ਚੀਨ-ਮੰਗੋਲੀਆ-ਰੂਸ ਲਾਂਘਾ, ਉਤਰੀ ਚੀਨ ਤੋਂ ਹੁੰਦਾ ਹੋਇਆ ਪੂਰਬੀ ਰੂਸ ਤੱਕ ਜਾਵੇਗਾ;
    ਚੀਨ-ਕੇਂਦਰੀ ਏਸ਼ੀਆ-ਪੱਛਮੀ ਏਸ਼ੀਆ ਲਾਂਘਾ, ਪੱਛਮੀ ਚੀਨ ਤੋਂ ਤੁਰਕੀ ਤੱਕ;
    ਚੀਨ-ਇੰਡੋ ਚੀਨ ਪ੍ਰਾਇਦੀਪ ਲਾਂਘਾ, ਦੱਖਣੀ ਚੀਨ ਤੋਂ ਸਿੰਗਾਪੁਰ ਤੱਕ;
    ਚੀਨ-ਪਾਕਿਸਤਾਨ ਲਾਂਘਾ, ਦੱਖਣੀ ਪੱਛਮੀ ਚੀਨ ਤੋਂ ਪਾਕਿਸਤਾਨ, ਅਰਬ ਸਾਗਰ ਤੱਕ;
    ਬੰਗਲਾਦੇਸ਼-ਚੀਨ-ਭਾਰਤ-ਮਿਆਂਮਾਰ (ਬਰਮਾ) ਲਾਂਘਾ, ਜਿਹੜਾ ਦੱਖਣੀ ਚੀਨ ਤੋਂ ਭਾਰਤ ਤੱਕ ਹੋਵੇਗਾ।
ਸਮੁੰਦਰੀ ਸਿਲਕ ਮਾਰਗ, ਸਮੁੰਦਰੀ ਮਾਰਗ ਚੀਨ ਦੇ ਸਮੁੰਦਰੀ ਤੱਟ ਤੋਂ ਸਿੰਗਾਪੁਰ ਤੇ ਭਾਰਤ ਤੋਂ ਹੁੰਦਾ ਹੋਇਆ ਭੂਮੱਧ ਸਾਗਰ ਨੂੰ ਜੋੜੇਗਾ।
ਇਨ੍ਹਾਂ ਜ਼ਮੀਨੀ ਤੇ ਸਮੁੰਦਰੀ ਮਾਰਗਾਂ ਦਾ ਹੀ ਨਿਰਮਾਣ ਨਹੀਂ ਕੀਤਾ ਜਾਵੇਗਾ ਬਲਕਿ ਇਨ੍ਹਾਂ ਦੇ ਨਾਲ ਨਾਲ ਗੈਸ-ਤੇਲ ਨੂੰ ਲਿਆਣ-ਲਿਜਾਣ ਲਈ ਪਾਈਪ ਲਾਈਨਾਂ, ਦੂਰਸੰਚਾਰ ਲਈ ਆਪਟੀਕਲ ਫਾਈਬਰ ਕੇਬਲਾਂ, ਉਪਗ੍ਰਹਿ ਸੰਚਾਰ ਲਈ ਸੁਵਿਧਾਵਾਂ, ਬਿਜਲੀ ਲਈ ਪਾਵਰ ਪਲਾਂਟਾਂ ਦੀ ਉਸਾਰੀ ਅਤੇ ਹੋਰ ਬਹੁਪੱਖੀ ਵਿਕਾਸ ਸੁਵਿਧਾਵਾਂ ਅਤੇ ਢਾਂਚਿਆਂ ਦਾ ਨਿਰਮਾਣ ਕੀਤਾ ਜਾਵੇਗਾ। ਇਨ੍ਹਾਂ ਲਾਂਘਾ ਪ੍ਰਾਜੈਕਟਾਂ ਦੀ ਉਸਾਰੀ ਉਤੇ ਹੀ 900 ਬਿਲੀਅਨ ਡਾਲਰ ਖਰਚ ਹੋਣੇ ਹਨ। ਇਨ੍ਹਾਂ ਦੇ ਪੂਰੇ ਹੋਣ ਨਾਲ 4.4 ਬਿਲੀਅਨ ਲੋਕਾਂ ਨੂੰ ਲਾਭ ਪੁੱਜੇਗਾ ਅਤੇ 2.5 ਟ੍ਰਿਲਿਅਨ ਡਾਲਰ ਦਾ ਵਪਾਰ ਪੈਦਾ ਹੋਵੇਗਾ।
ਚੀਨ ਨੇ ਇਸ ਪ੍ਰਾਜੈਕਟ ਨਾਲ ਸਬੰਧਤ ਕਾਗਜਾਂ ਅਤੇ ਸਮਝੌਤਿਆਂ ਜਾਂ ਸਹਿਮਤੀਆਂ ਦੀ ਕੋਈ ਤਾਜ਼ਾ ਸੂਚੀ ਤਾਂ ਅਜੇ ਪ੍ਰਕਾਸ਼ਤ ਨਹੀਂ ਕੀਤੀ ਹੈ। ਪ੍ਰੰਤੂ ਇਸ ਫੋਰਮ ਦੇ ਆਯੋਜਨ ਤੋਂ ਇਕਦਮ ਪਹਿਲਾਂ ਜ਼ਰੂਰ ਚੀਨ ਦੀ ਸਰਕਾਰ ਨੇ ਦੱਸਿਆ ਸੀ ਕਿ ਇਸਦੀਆਂ 50 ਦੇ ਲਗਭਗ ਸਰਕਾਰ ਦੀਆਂ ਮਾਲਕੀ ਵਾਲੀਆਂ ਕੰਪਨੀਆਂ ਨੇ 2013 ਤੋਂ ਹੁਣ ਤੱਕ 'ਵਨ ਬੈਲਟ, ਵਨ ਰੋਡ' ਪ੍ਰਾਜੈਕਟ ਨਾਲ ਸਬੰਧਤ 1700 ਪ੍ਰਾਜੈਕਟਾਂ ਵਿਚ ਨਿਵੇਸ਼ ਕੀਤਾ ਹੈ। ਪਹਿਲਾਂ ਚਲ ਰਹੇ ਪ੍ਰਾਜੈਕਟ ਹਨ, 46 ਬਿਲੀਅਨ ਡਾਲਰ ਦਾ ਚੀਨ-ਪਾਕਿਸਤਾਨ ਲਾਂਘਾ। ਚੀਨ ਤੇ ਸਿੰਗਾਪੁਰ ਨੂੰ ਜੋੜਨ ਵਾਲੀ 3000 ਕਿਲੋਮੀਟਰ ਲੰਬੀ  ਹਾਈ ਸਪੀਡ ਰੇਲਵੇ ਪਰਿਯੋਜਨਾ, ਕੇਂਦਰੀ ਏਸ਼ੀਆ ਦੇ ਆਰ ਪਾਰ ਵਿਛਾਈ ਜਾਣ ਵਾਲੀ ਗੈਸ ਪਾਇਪ ਲਾਈਨ।
ਐਡੇ ਵਿਸ਼ਾਲ ਪ੍ਰਾਜੈਕਟ ਲਈ ਪੂੰਜੀ ਕਿਥੋਂ ਆਵੇਗੀ?
ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ 'ਬੈਲਟ-ਰੋਡ ਫੋਰਮ' ਵਿਚ ਇਸ ਪ੍ਰੋਜੈਕਟ ਲਈ 113 ਬਿਲੀਅਨ ਡਾਲਰ ਹੋਰ ਵਧੇਰੇ ਮੁਹੱਈਆ ਕਰਨ ਦਾ ਵਾਅਦਾ ਕੀਤਾ ਹੈ। ਇਹ ਰਾਸ਼ੀ ਤਿੰਨ ਵੱਖ-ਵੱਖ ਸਰੋਤਾਂ ਰਾਹੀਂ ਮੁਹੱਈਆ ਕੀਤੀ ਜਾਵੇਗੀ। ਸਰਕਾਰ ਦੀ ਮਾਲਕੀ ਵਾਲਾ 'ਸਿਲਕ ਰੋਡ ਫੰਡ', ਜਿਹੜਾ 2015 ਵਿਚ 40 ਬਿਲੀਅਨ ਡਾਲਰ ਦੀ ਪੂੰਜੀ ਨਾਲ ਸ਼ੁਰੂ ਕੀਤਾ ਗਿਆ ਸੀ। ਦੋ ਹੋਰ ਚੀਨ ਦੇ ਨੀਤੀਗਤ ਬੈਂਕ, ਚੀਨ ਵਿਕਾਸ ਬੈਂਕ ਅਤੇ ਚੀਨ ਦਾ ਆਯਾਤ-ਨਿਰਯਾਤ ਬੈਂਕ ਬਾਕੀ ਪੂੰਜੀ ਉਪਲੱਭਧ ਕਰਨਗੇ। ਚੀਨ ਦੀ ਅਗਵਾਈ ਵਾਲੀਆਂ ਦੋ ਹੋਰ ਸੰਸਥਾਵਾਂ, ਏਸ਼ੀਆ ਇਨਫਰਾਸਟਰਕਚਰ ਨਿਵੇਸ਼ ਬੈਂਕ (AIIB), ਜਿਸਦੀ 100 ਬਿਲੀਅਨ ਡਾਲਰ ਦੀ ਰਜਿਸਟਰਡ ਪੂੰਜੀ ਹੈ ਅਤੇ ਨਿਊ ਡਿਵੈਲਪਮੈਂਟ ਬੈਂਕ, ਜਿਸਨੂੰ 50 ਬਿਲੀਅਨ ਡਾਲਰ ਪੂੰਜੀ ਨਾਲ ਸਥਾਪਤ ਕਰਵਾਉਣਗੇ। AIIB 2016 ਵਿਚ ਹੀ ਇਸ ਪ੍ਰਾਜੈਕਟ ਨਾਲ ਜੁੜੀਆਂ 9 ਯੋਜਨਾਵਾਂ ਲਈ 1.7 ਬਿਲੀਅਨ ਡਾਲਰ ਦੇ ਕਰਜ਼ੇ ਪ੍ਰਵਾਨ ਕਰ ਚੁੱਕਾ ਹੈ। ਫੋਰਮ ਦੌਰਾਨ ਚੀਨ ਦੇ ਕੇਂਦਰੀ ਬੈਂਕ ਦੇ ਗਵਰਨਰ ਨੇ ਵੀ ਆਪਣੇ ਭਾਸ਼ਣ ਦੌਰਾਨ ਦੇਸ਼ ਦੇ ਘਰੇਲੂ ਬੈਂਕਾਂ ਦੀ ਵੀ ਹੋਰ ਵਧੇਰੇ ਮਦਦ ਦੀ ਗੱਲ ਕੀਤੀ ਸੀ ਤਾਂਕਿ ਉਹ ਇਸ ਵਿਸ਼ਾਲ ਪ੍ਰੋਜੈਕਟ ਨਾਲ ਜੁੜੇ ਕਾਰਜਾਂ ਲਈ ਹੋਰ ਵਧੇਰੇ ਸਹਿਯੋਗ ਪ੍ਰਦਾਨ
ਕਰ ਸਕਣ।
'ਵਨ ਬੈਲਟ, ਵਨ ਰੋਡ', ਪ੍ਰਾਜੈਕਟ ਆਪਣੇ ਆਪ ਵਿਚ ਇਕ ਬਹੁਤ ਮਹੱਤਵਪੂਰਨ ਬੁਨਿਆਦੀ ਢਾਂਚਾ ਉਸਾਰੀ ਪ੍ਰਾਜੈਕਟ ਹੈ। ਫੇਰ ਵੀ ਇਸਦਾ ਬਹੁਤ ਔਖਾ ਹਿੱਸਾ ਹੈ, ਅਫਰੀਕਾ ਵਿਚ ਲੰਬੀਆਂ ਰੇਲ ਲਾਈਨਾਂ ਤੇ ਸੜਕਾਂ ਦੀ ਉਸਾਰੀ ਇਥੋਪੀਆ ਵਿਚ ਅਦਿਸ ਅਬਾਬਾ ਤੇ ਦਜੀਬੂਤੀ ਨੂੰ ਜੋੜਨ ਵਾਲੀ 750 ਕਿਲੋਮੀਟਰ ਲੰਮੀ ਰੇਲਵੇ ਲਾਈਨ, ਕੀਨੀਆ ਵਿਚ 480 ਕਿਲੋਮੀਟਰ ਲੰਮੀ ਮੋਮਬਾਸਾ-ਨੈਰੋਬੀ ਰੇਲਵੇ ਲਾਈਨ। ਇਸੇ ਤਰ੍ਹਾਂ ਏਸ਼ੀਆਈ ਦੇਸ਼ ਲਾਓਸ ਵਿਚ ਕੁਨਮਿੰਗ ਤੇ ਵਿਇਨਤਾਨ ਨੂੰ ਜੋੜਨ ਵਾਲੀ 414 ਕਿਲੋਮੀਟਰ ਲੰਮੀ ਰੇਲਵੇ ਲਾਈਨ। ਇਸ ਪ੍ਰੋਜੈਕਟ ਦਾ ਇਕ ਹੋਰ ਮੁੱਖ ਮਕਸਦ ਹੈ ਚੀਨ ਦੇ ਵੱਖ ਵੱਖ ਸ਼ਹਿਰਾਂ ਤੋਂ ਯੁਰਪ ਲਈ ਹਾਈ ਸਪੀਡ ਰੇਲਵੇ ਨੈਟਵਰਕ ਦੀ ਉਸਾਰੀ ਕਰਨੀ, ਜਿਸ ਵਿਚ ਕੇਂਦਰੀ ਏਸ਼ੀਆ ਕੂੰਜੀਵਤ ਜੰਕਸ਼ਨ ਬਣੇਗਾ। ਇਹ ਕੇਵਲ ਯੋਜਨਾਵਾਂ ਹੀ ਨਹੀਂ ਹਨ ਬਲਕਿ ਇਸ ਪਾਸੇ ਚੀਨ ਅਮਲੀ ਤੌਰ 'ਤੇ  ਵਧਿਆ ਵੀ ਹੈ। ਚੀਨ ਦੀਆਂ ਮਾਲ ਗੱਡੀਆਂ ਪਹਿਲਾਂ ਹੀ ਯੂਰਪੀ ਦੇਸ਼ਾਂ ਲਈ ਸਾਮਾਨ ਲਿਆ ਲਿਜਾ ਰਹੀਆਂ ਹਨ। ਸਭ ਤੋਂ ਪਹਿਲੀ ਅਜਿਹੀ ਮਾਲ ਗੱਡੀ 2008 ਵਿਚ ਚੀਨ ਦੇ ਦਰਜ਼ਨਾਂ ਸ਼ਹਿਰਾਂ 15 ਯੂਰਪੀ ਸ਼ਹਿਰਾਂ ਨਾਲ ਰੇਲ ਰਾਹੀਂ ਜੁੜ ਚੁੱਕੀਆਂ ਹਨ। 2016 ਵਿਚ ਚੀਨ ਦੀਆਂ ਰੇਲ ਗੱਡੀਆਂ ਨਵੀਆਂ ਉਸਾਰੀਆਂ ਰੇਲਵੇ ਲਾਈਨਾਂ ਰਾਹੀਂ ਈਰਾਨ ਦੀ ਰਾਜਧਾਨੀ ਤਹਿਰਾਨ ਅਤੇ ਮਜਾਰੇ ਸ਼ਰੀਫ ਤੱਕ ਪੁੱਜ ਚੁੱਕੀਆਂ ਹਨ।
ਇਸ ਪ੍ਰਾਜੈਕਟ ਅਧੀਨ ਹੁਣ ਚੀਨ ਵਲੋਂ ਕੇਂਦਰੀ ਏਸ਼ੀਆ ਤੋਂ ਤੇਲ ਤੇ ਗੈਸ ਲਿਆਉਣ ਲਈ ਚੌਥੀ ਪਾਇਪ ਲਾਈਨ 'ਤੇ ਤਾਂ ਕੰਮ ਸ਼ੁਰੂ ਕਰ ਹੀ ਲਿਆ ਹੈ, ਨਾਲ ਹੀ ਉਸਦੀ ਯੋਜਨਾ ਪਾਇਪਲਾਈਨਾਂ ਦੀ ਉਸਾਰੀ ਕਰਕੇ ਰੂਸ ਤੋਂ ਉਤਰੀ ਚੀਨ ਤੱਕ ਤੇਲ ਲਿਆਉਣ
ਦੀ ਹੈ।
ਇਸੇ ਤਰ੍ਹਾਂ ਸਮੁੰਦਰੀ ਸਿਲਕ ਰੋਡ ਪ੍ਰੋਜੈਕਟ ਅਧੀਨ ਭਾਰਤੀ ਮਹਾਸਾਗਰ ਵਿਚ ਬੰਦਰਗਾਹਾਂ ਦੀ ਲੜੀ ਉਸਾਰਨ ਦੀ ਯੋਜਨਾ ਹੈ, ਜਿਸ ਵਿਚ ਸ਼ਾਮਲ ਹਨ, ਮਿਆਂਮਾਰ ਵਿਚ ਕਿਆਕਪੂ, ਤੰਜਾਨੀਆ ਵਿਚ ਬਾਗਾਮਾਇਓ, ਕੀਨੀਆ ਵਿਚ ਸਾਮੂ, ਸ਼੍ਰੀ ਲੰਕਾ ਵਿਚ ਹਮਬਨਟੋਟਾ ਅਤੇ ਪਾਕਿਸਤਾਨ ਵਿਚ ਗਵਾਦਾਰ।
ਬੀਜਿੰਗ ਵਿਖੇ 14-15 ਮਈ ਨੂੰ ਹੋਏ 'ਬੈਲਟ ਰੋਡ ਫੋਰਮ' ਦਾ ਭਾਰਤ ਨੇ ਬਾਈਕਾਟ ਕੀਤਾ ਹੈ। ਭੂਟਾਨ ਵੀ ਇਸ ਵਿਚ ਸ਼ਾਮਲ ਨਹੀਂ ਹੋਇਆ, ਉਸਦੇ ਤਾਂ ਚੀਨ ਨਾਲ ਕੂਟਨੀਤਕ ਸੰਬੰਧ ਵੀ ਨਹੀਂ ਹਨ। ਭਾਰਤ ਨੇ ਇਸ ਬਾਈਕਾਟ ਦੇ ਤਿੰਨ ਕਾਰਨ ਦੱਸੇ ਹਨ। ਪਹਿਲਾ ਹੈ, 'ਵਨ ਬੈਲਟ, ਵਨ ਰੋਡ' ਦਾ ਇਕ ਮਹੱਤਵਪੂਰਨ ਹਿੱਸਾ ਚੀਨ ਪਾਕਿਸਤਾਨ ਆਰਥਕ ਲਾਂਘੇ ਦਾ ਹੋਣਾ, ਜਿਹੜਾ ਕਿ  ਗਿਲਗਿਟ ਬਾਲਟਿਸਤਾਨ ਖੇਤਰ ਵਿਚੋਂ ਲੰਘਦਾ ਹੈ। ਦੂਜਾ, ਭਾਰਤੀ ਹਾਕਮਾਂ ਦਾ ਕਹਿਣਾ ਹੈ ਕਿ ਇਸ ਬੁਨਿਆਦੀ ਢਾਂਚਾ ਪ੍ਰੋਜੈਕਟ ਵਿਚੋਂ ਚੀਨੀ ਨਵਬਸਤੀਵਾਦ ਦੀ ਬੂਅ ਆਉਂਦੀ ਅਤੇ ਇਹ ਭਾਈਚਾਰਿਆਂ 'ਤੇ ਨਾ ਸਹਿ ਸਕਣ ਯੋਗ ਕਰਜ਼ੇ ਦਾ ਭਾਰ ਲੱਦ ਸਕਦਾ ਹੈ, ਜਿਸ ਨਾਲ ਭਾਈਵਾਲ ਦੇਸ਼ਾਂ ਦੇ ਘਰੇਲੂ ਹਾਲਾਤ ਉਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਤੀਜਾ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਚੀਨ ਦੇ ਅਜੰਡੇ ਵਿਚ ਪਾਰਦਰਸ਼ਤਾ ਦੀ ਘਾਟ ਹੈ। ਭਾਵ ਚੀਨ ਇਸ ਤੋਂ ਰਾਜਨੀਤਕ ਲਾਹਾ ਲੈਣਾ ਚਾਹੁੰਦਾ ਹੈ। ਐਪਰ ਭਾਰਤ ਅਤੇ ਭੂਟਾਨ ਨੂੰ ਛੱਡਕੇ ਬਾਕੀ ਸਾਰੇ ਹੀ ਸਾਰਕ ਦੇਸ਼ ਇਸ ਪ੍ਰੋਜੈਕਟ ਦੇ ਸਰਗਰਮ ਭਾਈਵਾਲ ਬਣਕੇ ਚੀਨ ਨਾਲ ਸਮਝੌਤੇ ਜਾਂ ਸਹਿਮਤੀ ਪ੍ਰਗਟਾ ਚੁੱਕੇ ਹਨ। ਇਸ ਲਈ ਇਨ੍ਹਾਂ ਸਾਰਿਆਂ ਦੇਸ਼ਾਂ ਵਿਚ ਹੀ ਇਸ ਵਿਸ਼ਾਲ ਪ੍ਰਾਜੈਕਟ ਨਾਲ ਜੁੜੀਆਂ ਬੁਨਿਆਦੀ ਢਾਂਚਾ ਉਸਾਰੀਆਂ ਕੀਤੀਆਂ ਜਾਣਗੀਆਂ।

No comments:

Post a Comment