Friday 2 June 2017

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜੂਨ 2017)

ਦੇਹੜਕਾ ਦੇ ਸਕੂਲ ਦੀ ਅਪਗ੍ਰੇਡੇਸ਼ਨ ਰੱਦ ਕਰਨ ਵਿਰੁੱਧ ਸੰਘਰਸ਼  
ਸਿਆਸੀ ਸ਼ਰੀਕੇਬਾਜ਼ੀ ਕਾਰਨ ਪਿੰਡ ਦੇਹੜਕਾ ਦੇ ਸਕੂਲ ਦੀ ਅਪਗ੍ਰੇਡੇਸ਼ਨ ਰੱਦ ਕਰਨ ਵਿਰੁੱਧ ਸੰਘਰਸ਼ ਨਿਰੰਤਰ ਜਾਰੀ ਹੈ। ਇਸ ਮੁੱਦੇ ਨੂੰ ਲੈ ਕੇ ਲਗਾਤਾਰ ਧਰਨੇ 'ਤੇ ਐੱਸ.ਡੀ.ਐੱਮ. ਦਫ਼ਤਰ ਅੱਗੇ ਬੈਠੇ ਪਿੰਡ ਦੇ ਸੈਂਕੜੇ ਲੋਕਾਂ, ਜਿਨ੍ਹਾਂ 'ਚ ਔਰਤਾਂ ਤੇ ਸਕੂਲੀ ਬੱਚੇ ਵੀ ਸ਼ਾਮਿਲ ਸਨ, ਵੱਲੋਂ ਸ਼ਹਿਰ ਅੰਦਰ ਵਿਸ਼ਾਲ ਮਾਰਚ ਵੀ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਦੇ ਸਮੇਂ 12ਵੀਂ ਜਮਾਤ ਤੱਕ ਅਪਗਰੇਡ ਹੋਏ ਇਸ ਸਕੂਲ ਦੀ ਕੈਪਟਨ ਸਰਕਾਰ ਵੱਲੋਂ ਮਾਨਤਾ ਰੱਦ ਕਰ ਦਿੱਤੀ ਗਈ ਹੈ।
ਮਾਰਚ 'ਚ ਭਾਰਤੀ ਪੁੱਜੇ ਇਨਕਲਾਬੀ ਮਾਰਕਸੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕੈਪਟਨ ਸਰਕਾਰ ਨੇ ਅਜੇ ਤੱਕ ਅਕਾਲੀਆਂ ਦੇ ਕਿਸੇ ਲੋਕ ਵਿਰੋਧੀ ਫੈਸਲੇ ਨੂੰ ਤਾਂ ਰੱਦ ਕਰਨ ਦੀ ਜੁਅਰਤ ਨਹੀਂ ਦਿਖਾਈ, ਪਰ ਚੰਗਾ ਕੰਮ ਜ਼ਰੂਰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਪਗਰੇਡ ਸਕੂਲਾਂ ਨੂੰ ਰੱਦ ਕਰਕੇ ਕੈਪਟਨ ਸਰਕਾਰ ਆਮ ਲੋਕਾਂ ਪਾਸੋਂ ਵਿੱਦਿਆ ਦਾ ਹੱਕ ਖੋਹਣ ਦੇ ਰਾਹ ਤੁਰ ਪਈ ਹੈ, ਜੋ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨਵੀਂ ਆਸ ਦੀ ਕਿਰਨ ਦੇਖਣ ਲਈ ਲੋਕਾਂ ਵੱਲੋਂ ਦੋ ਮਹੀਨੇ ਪਹਿਲਾਂ ਹੀ ਚੁਣੀ ਸਰਕਾਰ ਦਾ ਇਹ ਤੋਹਫ਼ਾ ਹੈ ਲੋਕਾਂ ਲਈ। ਸਾਥੀ ਪਾਸਲਾ ਨੇ ਪਿੰਡ ਦੇਹੜਕਾ ਦੇ ਸੰਘਰਸ਼ੀ ਲੋਕਾਂ ਵੱਲੋਂ ਸਕੂਲ ਦੀ 12ਵੀਂ ਜਮਾਤ ਤੱਕ ਮਾਨਤਾ ਬਹਾਲ ਕਰਵਾਉਣ ਦੀ ਮੰਗ ਲੈ ਕੇ ਉਲੀਕੇ ਦਿਨ-ਰਾਤ ਦੇ ਸੰਘਰਸ਼ ਨੂੰ ਇਨਕਲਾਬੀ ਕਦਮ ਕਰਾਰ ਦਿੰਦਿਆਂ ਇਸ ਮੁੱਦੇ 'ਤੇ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ। ਸੰਘਰਸ਼ਕਾਰੀਆਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ, ਪ੍ਰੀਤਮ ਸਿੰਘ ਅਖਾੜਾ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਹਾਂਸ, ਬੀ.ਕੇ.ਯੂ. ਏਕਤਾ (ਡਕੌਂਦਾ) ਦੇ ਆਗੂ ਜਗਤ ਸਿੰਘ ਲੀਲਾ, ਅਧਿਆਪਕ ਆਗੂ ਜੋਗਿੰਦਰ ਆਜ਼ਾਦ ਅਤੇ ਮਲਕੀਤ ਸਿੰਘ ਨੇ ਵੀ ਸਕੂਲ ਦੀ ਮਾਨਤਾ ਰੱਦ ਕਰਨ ਦੇ ਮੁੱਦੇ 'ਤੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਿੰਡ ਦੇਹੜਕੇ ਦੇ ਸਕੂਲ ਦੀ 12ਵੀਂ ਜਮਾਤ ਦੀ ਮਾਨਤਾ ਤੁਰੰਤ ਬਹਾਲ ਕੀਤੀ ਜਾਵੇ। ਪਿੰਡ ਦੇ ਸਰਪੰਚ ਰਣਜੀਤ ਸਿੰਘ ਬੱਬੂ ਨੇ ਸਿੱਖਿਆ ਵਿਭਾਗ ਵੱਲੋਂ ਸਕੂਲ ਨੂੰ ਅਪਗਰੇਡ ਕਰਨ ਬਾਰੇ ਚਿੱਠੀ ਦਿਖਾਉਂਦਿਆਂ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਪਿੰਡ ਦੇ 36 ਬੱਚਿਆਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ, ਜੋ ਸਕੂਲ 'ਚ ਦਾਖਲਾ ਵੀ ਲੈ ਚੁੱਕੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੇ ਲੋਕਾਂ ਵੱਲੋਂ ਸਕੂਲ ਅਪਗਰੇਡ ਕਰਵਾਉਣ ਲਈ 18 ਲੱਖ ਰੁਪਏ ਖਰਚ ਕੇ ਪਹਿਲਾਂ ਇਮਾਰਤ ਵੀ ਬਣਾਈ ਹੈ। ਉਨ੍ਹਾਂ ਇਹ ਸੰਘਰਸ਼ ਬਹਾਲੀ ਤੱਕ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਬਿੰਨੀ, ਗੁਰਨਾਮ ਸਿੰਘ ਦਾਊਦ, ਗੁਰਦੇਵ ਸਿੰਘ ਰਸੂਲਪੁਰ, ਇੰਦਰਜੀਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਰੂਮੀ, ਸਰਪੰਚ ਰਣਜੀਤ ਸਿੰਘ ਬੱਬੂ, ਹੁਕਮਰਾਜ ਸਿੰਘ, ਪੰਚ ਕੇਵਲ ਸਿੰਘ, ਪੰਚ ਰਵਿੰਦਰ ਕੁਮਾਰ, ਪੰਚ ਅਸੰਖ ਸਿੰਘ, ਪੰਚ ਚਮਕੌਰ ਸਿੰਘ, ਪੰਚ ਅਵਤਾਰ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਹਰਜੀਤ ਕੌਰ, ਪੰਚ ਹਰਜਿੰਦਰ ਕੌਰ, ਪੰਚ ਕਿਰਨਜੀਤ ਕੌਰ, ਬਲਾਕ ਸੰਮਤੀ ਮੈਂਬਰ ਜਗਦੀਪ ਕੌਰ, ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡ ਦੇ ਲੋਕ ਦੇ ਵਿਦਿਆਰਥੀ ਸ਼ਾਮਿਲ ਸਨ।


ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਡੀ ਸੀ ਦਫਤਰ ਅੱਗੇ ਧਰਨਾ 
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਵੱਲੋਂ ਲੇਬਰ ਵਿਭਾਗ ਖਿਲਾਫ ਡੀ ਸੀ ਦਫਤਰ ਅੱਗੇ ਹਜ਼ਾਰਾਂ ਮਜ਼ਦੂਰਾਂ ਨੇ ਰੋਹ ਭਰਪੂਰ ਧਰਨਾ ਦਿੱਤਾ, ਜਿਸ ਦੀ ਪ੍ਰਧਾਨਗੀ ਤਿਲਕ ਰਾਜ ਸੈਣੀ ਅਤੇ ਰਾਮ ਬਿਲਾਸ ਨੇ ਕੀਤੀ। ਧਰਨਾਕਾਰੀਆਂ ਦਾ ਮੁੱਖ ਗੁੱਸਾ ਲੇਬਰ ਵਿਭਾਗ ਖਿਲਾਫ ਸੀ, ਕਿਉਂਕਿ ਇੱਕ ਸਾਲ ਤੋਂ ਰਜਿਸਟਰਡ ਕੀਤੇ ਲਾਭਪਾਤਰੀਆਂ ਦੀਆਂ ਸੁਜਾਨਪੁਰ ਕੈਂਪ, ਬਲਸੂਆ ਕੈਂਪ ਦੀਆਂ ਕਾਪੀਆਂ ਅਜੇ ਤੱਕ ਨਹੀਂ ਮਿਲੀਆਂ। ਇਸੇ ਤਰ੍ਹਾਂ 8 ਮਹੀਨੇ ਤੋਂ ਭੇਜੀਆਂ ਕਾਪੀਆਂ ਵੀ ਅਜੇ ਤੱਕ ਨਹੀਂ ਆਈਆਂ। ਨਿਰਮਾਣ ਮਜ਼ਦੂਰਾਂ ਦੇ ਬੱਚਿਆਂ ਨੂੰ ਮਿਲਣ ਵਾਲੇ ਵਜ਼ੀਫਿਆਂ ਦੀਆਂ ਦਸ ਹਜ਼ਾਰ ਦੇ ਕਰੀਬ ਅਰਜ਼ੀਆਂ ਨੂੰ ਵੀ ਅਣਦੇਖਿਆ ਕੀਤਾ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਨੈਸ਼ਨਲ ਸੈਂਪਲ ਆਫ ਸਰਵੇ 2011-2012 ਦੀ ਰਿਪੋਰਟ ਮੁਤਾਬਿਕ ਨਿਰਮਾਣ ਮਜ਼ਦੂਰਾਂ ਦੀ ਪੰਜਾਬ ਅੰਦਰ ਗਿਣਤੀ 13 ਲੱਖ 2 ਹਜ਼ਾਰ ਸੀ, ਜੋ ਹੁਣ 15 ਲੱਖ ਤੋਂ ਵੀ ਵਧ ਚੁੱਕੀ ਹੈ। ਅੱਠ ਸਾਲ ਬੀਤਣ ਬਾਅਦ ਵੀ 'ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ' ਵੱਲੋਂ 31 ਮਾਰਚ ਤੱਕ 5 ਲੱਖ 79 ਹਜ਼ਾਰ 763 ਮਜ਼ਦੂਰਾਂ ਨੂੰ ਹੀ ਪੰਜੀਕ੍ਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਕੋਲ ਲਗਭਗ 1200 ਕਰੋੜ ਪੈਸਾ ਇੱਕਠਾ ਹੋ ਚੁੱਕਿਆ ਹੈ, ਪਰ ਮਜ਼ਦੂਰਾਂ ਵਿੱਚ ਸਿਰਫ 150 ਕਰੋੜ ਹੀ ਵੰਡਿਆ ਗਿਆ ਹੈ। ਉਨ੍ਹਾਂ ਫੌਰੀ ਤੌਰ 'ਤੇ ਰਹਿੰਦੇ ਮਜ਼ਦੂਰਾਂ ਨੂੰ ਰਜਿਸਟਰਡ ਕਰਨ ਦੀ ਮੰਗ ਕੀਤੀ। ਸੀ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀ ਐੱਸ ਟੀ ਦੇ ਨਾਂਅ 'ਤੇ ਨਿਰਮਾਣ ਮਜ਼ਦੂਰਾਂ ਦੇ ਸੈਸ ਨੂੰ ਖਤਮ ਕਰਨਾ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਚੇਅਰਮੈਨ-ਕਮ-ਸੂਬਾਈ ਸਕੱਤਰ ਮਾਸਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਲੇਬਰ ਵਿਭਾਗ ਪਠਾਨਕੋਟ ਮਜਦੂਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਪਣਾ ਰਿਹਾ ਹੈ। ਨੰਦ ਲਾਲ ਮਹਿਰਾ ਨੇ ਕਿਹਾ ਕਿ ਸਿਹਤ, ਸਿੱਖਿਆ ਦੀਆਂ ਸਕੀਮਾਂ ਵਿੱਚ ਵਾਧਾ ਕਰੇ ਤੇ ਲੜਕੀ ਦੀ ਸ਼ਗਨ ਸਕੀਮ 51 ਹਜ਼ਾਰ ਕੀਤੀ ਜਾਵੇ, ਮਜ਼ਦੂਰਾਂ ਦੀ ਪੈਨਸ਼ਨ ਘੱਟੋ-ਘੱਟ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਗੈਰ-ਹੁਨਰਮੰਦ ਦੀ ਦਿਹਾੜੀ 600 ਰੁਪਏ ਕੀਤੀ ਜਾਵੇ। ਇਸ ਮੌਕੇ ਕਾਮਰੇਡ ਬਲਬੀਰ ਸਿੰਘ, ਸੁਰਿੰਦਰ ਕੁਮਾਰ, ਹਰਿੰਦਰ ਸਿੰਘ, ਬਲਕਾਰ ਚੰਦ, ਮਨੋਹਰ ਲਾਲ, ਬਲਦੇਵ ਰਾਜ, ਮੰਗਲ ਦਾਸ, ਪਿਆਰਾ ਸਿੰਘ, ਸੋਹਣ ਲਾਲ, ਦੇਵ ਰਾਜ, ਯਸ਼ਪਾਲ, ਮਦਨ ਲਾਲ, ਨਵੀਨ ਸਿੰਘ, ਪ੍ਰੀਤਮ ਲਾਲ, ਅਸ਼ਵਨੀ ਕੁਮਾਰ, ਜੋਗਿੰਦਰ ਪਾਲ, ਪ੍ਰਦੀਪ ਬਿੱਟਾ, ਰਾਕੇਸ਼ ਕੁਮਾਰ, ਅਜੀਤ ਕੁਮਾਰ, ਤਰਸੇਮ ਲਾਲ ਆਦਿ ਹਾਜ਼ਰ ਸਨ।


ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਵਲੋਂ ਡੀਸੀ ਦਫਤਰ ਅੱਗੇ ਮੁਜ਼ਾਹਰਾ 
ਪੰਜਾਬ ਘਰੇਲੂ ਮਜ਼ਦੂਰ ਯੂਨੀਅਨ (ਪੀ.ਜੀ.ਐਮ.ਯੂ) ਜ਼ਿਲ੍ਹਾ ਪਠਾਨਕੋਟ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਡੀ.ਸੀ ਦਫਤਰ ਸਾਹਮਣੇ ਤਰਿਪਤਾ ਦੀ ਪ੍ਰਧਾਨਗੀ ਹੇਠ ਧਰਨਾ ਦੇਣ ਉਪਰੰਤ ਡੀ.ਸੀ ਪਠਾਨਕੋਟ ਨੂੰ ਆਪਣਾ ਮੰਗ ਪੱਤਰ ਦੇ ਕੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ ਨੇ ਕਿਹਾ ਕਿ ਗੈਰ-ਜਥੇਬੰਦ ਮਜ਼ਦੂਰਾਂ ਵਾਸਤੇ ਪੰਜਾਬ ਅੰਦਰ ਅਜੇ ਤੱਕ ਕੋਈ ਨਵੀਂ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਮਾਏਦਾਰ ਪੱਖੀ ਸਰਕਾਰਾਂ ਗਰੀਬ ਮਜ਼ਦੂਰਾਂ ਵਾਸਤੇ ਨਹੀਂ ਸੋਚ ਰਹੀਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਨਹੀਂ ਹੁੰਦਾ, ਸਰਕਾਰ ਨੂੰ ਸੁਖ ਦੀ ਨੀਦ ਨਹੀਂ ਸੌਣ ਦਿੱਤਾ ਜਾਵੇਗਾ। ਇਸ ਮੌਕ ਘਰੇਲੂ ਮਜ਼ਦੂਰ ਯੂਨੀਅਨ ਦੇ ਚੇਅਰਮੈਨ ਮਾਸਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਗੈਰ-ਜਥੇਬੰਦ ਔਰਤਾਂ, ਮਰਦਾਂ ਵਾਸਤੇ ਸਮਾਜਿਕ ਸੁਰੱਖਿਆ ਕਾਨੂੰਨ 2008 ਤੇ ਸਮਾਜਿਕ ਸੁਰੱਖਿਆ ਰੂਲਜ਼ 2009 ਮਜ਼ਦੂਰ ਪਹਿਲਾਂ ਹੀ ਬਣਵਾ ਚੁੱਕੇ ਹਨ ਪ੍ਰੰਤੂ ਉਸ ਤੋਂ ਅੱਗੇ ਪੰਜਾਬ ਰਾਜ ਸਮਾਜਿਕ ਸੁਰੱਖਿਆ ਬਰੋਡ ਦਾ ਗਠਨ ਕਿਸੇ ਸਰਕਾਰ ਨੇ ਨਹੀਂ ਕੀਤਾ। ਜਦੋਂ ਤੱਕ ਉਪਰੋਕਤ ਬੋਰਡ ਦਾ ਗਠਨ ਨਹੀਂ ਹੁੰਦਾ ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਸਾਥੀ ਸ਼ਿਵ ਕੁਮਾਰ, ਨੀਲਮ ਘੁਮਾਣ, ਪ੍ਰੇਮ ਸਾਗਰ, ਜਨਕ ਰਾਜ, ਸੀਮਾ ਦੇਵੀ, ਨੀਲਮ ਸਿੰਘ, ਪਿੰਕੀ, ਸੁਸ਼ਮਾ, ਰਿਤੂ, ਸ਼ੀਲਾ ਦੇਵੀ, ਪ੍ਰੀਤੀ, ਕਮਲੀ, ਦਰਸ਼ਨਾ, ਆਸਾ, ਸਰੋਜ ਦੇਵੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡੀ.ਸੀ ਪਠਾਨਕੋਟ ਨੇ ਮੰਗ ਪੱਤਰ ਲੈਂਦੇ ਹੋਏ ਵਧੀਆ ਮਹੌਲ ਵਿੱਚ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਨੂੰ ਸਿਫਾਰਸ਼ ਸਹਿਤ ਭੇਜਣਗੇ।



ਸ਼ਹੀਦ ਸਰਾਭਾ ਦੇ ਜਨਮ ਦਿਨ 'ਤੇ ਜੋਧਾਂ ਤੇ ਸਰਾਭਾ 'ਚ ਮਾਰਚ ਤੇ ਰੈਲੀਆਂ 
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 121ਵਾਂ ਜਨਮ ਦਿਨ ਪਿੰਡ ਸਰਾਭਾ ਤੇ ਜੋਧਾਂ 'ਚ ਇਨਕਲਾਬੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ,ਸ਼ਹੀਦ ਭਗਤ ਸਿੰਘ ਯਾਦਗਾਰ ਕਮੇਟੀ, ਰਤਨ ਬਜ਼ਾਰ ਜੋਧਾਂ ਦੇ ਸਮੂਹ ਦੁਕਾਨਦਾਰਾਂ, ਪ੍ਰਵਾਸੀ ਭਾਰਤੀਆਂ, ਇਲਾਕੇ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਜੋਧਾਂ ਦੀ ਦਾਣਾ ਮੰਡੀ 'ਚ ਇਨਕਲਾਬੀ ਸੱਭਿਆਚਾਰਕ ਸਮਾਗਮ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਛੋਟੀ ਉਮਰੇ ਵੱਡੀ ਕੁਰਬਾਨੀ ਕਰਕੇ ਅੰਗਰੇਜ਼ ਸਾਮਰਾਜ ਨੂੰ ਤਾਂ ਦੇਸ਼ ਦੀਆਂ ਬਰੂਹਾਂ ਚੋ  ਤਾਂ ਬਾਹਰ ਕੱਢ ਦਿੱਤਾ ਪਰ ਸਾਡੇ ਦੇਸ਼ ਦੇ ਹਾਕਮਾਂ ਨੇ ਅਮਰੀਕਨ ਸਾਮਰਾਜ ਨਾਲ ਜੋਟੀ ਪਾ ਕੇ ਦੇਸ਼ 'ਚ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਿਸ ਕਾਰਨ ਦੇਸ਼ ਕੰਗਾਲੀ ਦੇ ਕਿਨਾਰੇ ਤੇ ਖੜਾ ਹੈ। ਦੇਸ਼ 'ਚ ਅਮਰੀਕਨ ਸਾਮਰਾਜ ਦੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੇ ਪੂੰਜੀਪਤੀ-ਜਗੀਰਦਾਰਾਂ ਖਿਲਾਫ਼ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀਆ ਦੀ ਵਿਚਾਰਧਾਰਾ ਨਾਲ ਲੈਸ ਹੋ ਕੇ ਅਜ਼ਾਦੀ ਦੀ ਇਕ ਹੋਰ ਲੜਾਈ ਲੜਨੀ ਪਵੇਗੀ। ਸ਼ਹੀਦ ਸਰਾਭਾ ਤੇ ਉਸਦੇ ਸਾਥੀਆਂ ਨੇ ਤਾਂ ਆਪਣੀ ਜਿਮੇਵਾਰੀ ਨਿਭਾ ਦਿੱਤੀ ਹੈ ਹੁਣ ਤਾਂ ਸਾਡੀ ਵਾਰੀ ਹੈ ਕਿ ਉਨ੍ਹਾਂ ਦੀ ਸੋਚ ਵਾਲਾ ਸਮਾਜ ਸਿਰਜਨ ਲਈ ਆਪਣੀ ਜਿਮੇੰਵਾਰੀ ਨਿਭਾਈਏ। ਇਸ ਸਮਾਗਮ ਤੋਂ ਪਹਿਲਾਂ ਇਲਾਕੇ 'ਚ ਵੱਡੀ ਗਿਣਤੀ 'ਚ ਨੌਜਵਾਨਾਂ, ਕਿਸਾਨਾਂ, ਮਜਦੂਰਾਂ, ਵਿਦਿਆਰਥੀਆਂ  ਤੇ ਹੋਰ ਮਿਹਨਤਕਸ਼ ਲੋਕਾਂ ਨੇ ਸਾਥੀ  ਪਾਸਲਾ ਦੀ ਅਗਵਾਈ 'ਚ ਜੋਸ਼ੀਲਾ ਰੋਹ ਭਰਿਆ ਮਾਰਚ ਕੀਤਾ ਤੇ ਸ਼ਹੀਦਾਂ ਦੇ ਬੁੱਤਾਂ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ ।ਇਸ ਸਮਾਗਮ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਦਿਹਾਤੀ ਮਜਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪ੍ਰੋ: ਜੈਪਾਲ ਸਿੰਘ, ਡਾ. ਸਰਬਜੀਤ ਸਿੰਘ ਨਾਰੰਗਵਾਲ, ਸ਼ਹੀਦ ਸਰਾਭਾ ਦੇ ਪਰਿਵਾਰ 'ਚੋਂ ਬੀਬੀ ਸੁਖਦੇਵ ਕੌਰ, ਜਗਤਾਰ ਸਿੰਘ ਚਕੋਹੀ, ਰਘੁਵੀਰ ਸਿੰਘ ਬੈਨੀਪਾਲ, ਚਰਨਜੀਤ ਸਿੰਘ ਹਿਮਾਯੂੰਪੁਰਾ, ਹਰਨੇਕ ਸਿੰਘ ਗੁੱਜਰਵਾਲ, ਹਰਬੰਸ ਸਿੰਘ ਲੋਹਟਬੱਦੀ, ਗੁਰਦੀਪ ਸਿੰਘ ਕਲਸੀ, ਨੈਸ਼ਨਲ ਹਾਕੀ ਖਿਡਾਰੀ ਬਲਜਿੰਦਰ ਸਿੰਘ ਜੱਗਾ ਕਿਲਾ ਰਾਏਪੁਰ, ਨੈਸਨਲ ਐਵਾਰਡੀ ਮਾ. ਕਰਮਜੀਤ ਸਿੰਘ ਲਲਤੋਂ, ਜਗਦੇਵ ਸਿੰਘ ਭੀਮਾ ਲਲਤੋਂ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਪੰਮਾ ਲਲਤੋਂ ਤੇ ਹੋਰ ਸਖ਼ਸ਼ੀਅਤਾਂ ਨੇ ਉਚੇਚੇ ਤੌਰਤੇ ਸਿਰਕਤ ਕੀਤੀ। ਉੱਘੇ ਲੋਕ ਗਾਇਕ ਜਗਸ਼ੀਰ ਜੀਦਾ, ਮੌਜੀ ਜੋਧਾਂ, ਨੀਟਾ ਜੋਧਾਂ, ਪੰਮਾ ਮਨਸੂਰਾਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮਾਸਟਰ ਕਰਮਜੀਤ ਲਲਤੋਂ ਦੀ ਨਿਰਦੇਸ਼ਨਾ ਹੇਠ ਖੇੜੀ ਝਮੇੜੀ ਦੇ ਬੱਚਿਆਂ ਨੇ ਕੋਰੋਗ੍ਰਾਫੀਆਂ ਪੇਸ਼ ਕੀਤੀਆਂ।

 
ਜਮਹੂਰੀ ਕਿਸਾਨ ਸਭਾ ਵੱਲੋਂ ਪਾਵਰਕਾਮ ਦਫ਼ਤਰ ਦਾ ਘਿਰਾਓ 
ਜਮਹੂਰੀ ਕਿਸਾਨ ਸਭਾ ਪੰਜਾਬ, ਇਕਾਈ ਮਨਸੂਰਾਂ ਵੱਲੋਂ ਖੇਤੀ ਮੋਟਰਾਂ ਨੂੰ ਪਾਵਰਕਾਮ ਦੇ ਨਾਕੁਸ ਪ੍ਰਬੰਧਾਂ ਕਾਰਨ ਪੂਰੀ ਬਿਜਲੀ ਨਾ ਮਿਲਣ ਵਿਰੁੱਧ ਐਕਸੀਅਨ ਪਾਵਰਕਾਮ ਦਫ਼ਤਰ ਅੱਗੇ ਜਬਰਦਸਤ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਰਘੁਬੀਰ ਸਿੰਘ ਬੈਨੀਪਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਪਾਵਰਕਾਮ ਵੱਲੋਂ ਕਿਸਾਨ ਨੂੰ ਪਹਿਲਾਂ ਹੀ 4 ਘੰਟੇ ਦੀ ਨਿਗੂਣੀ ਜਿਹੀ ਬਿਜਲੀ ਦੇਣ ਦਾ ਜੋ ਭਰੋਸਾ ਦਿੱਤਾ ਸੀ ਉਸਤੇ ਵੀ ਸਰਕਾਰ ਤੇ ਮਹਿਕਮਾ ਪੂਰਾ ਨਹੀ ਉਤਰ ਰਿਹਾ ਅਤੇ 4 ਘੰਟੇ ਦੀ ਸਪਲਾਈ 'ਚ ਵੀ ਅਣਐਲਾਨੇ ਕੱਟ ਲਗਾਏ ਜਾ ਰਹੇ ਹਨ। ਇੰਝ ਕਿਸਾਨਾਂ ਦੀਆਂ ਮੁਸ਼ਕਲਾਂ ਵਿਚ ਸਮੇ ਦੇ ਹਾਕਮਾਂ ਵੱਲੋਂ ਹੋਰ ਵਾਧਾ ਕੀਤਾ ਜਾ ਰਿਹਾ ਹੈ। ਕਣਕ ਦੀ ਰਹਿੰਦ ਖੂੰਹਦ (ਟੰਡਿਆ) ਨੂੰ ਗਾਲਣ ਲਈ ਤਾਂ ਪਾਣੀ ਦੀ ਹੋਰ ਵੀ ਜਰੂਰਤ ਹੁੰਦੀ ਹੈ ਪਰ ਸਰਕਾਰ ਨੇ ਕਿਸਾਨਾਂ ਲਈ ਹੋਰ ਖਰਚਾ ਖੜਾ ਕਰ ਦਿੱਤਾ ਹੈ। ਇਸ ਮੌਕੇ ਤੇ ਟਰੇਡ ਯੂਨੀਅਨ ਆਗੂ ਚਰਨਜੀਤ ਸਿੰਘ ਹਿਮਾਯੂੰਪੁਰਾ,ਜੋਧਾਂ ਏਰੀਏ ਦੇ ਕਨਵੀਨਰ ਅਮਰਜੀਤ ਸਿੰਘ ਸਹਿਜਾਦ,ਦਰਸਨ ਸਿੰਘ ਕੰਗਣਵਾਲ ਆਦਿ ਨੇ ਵੀ ਸੰਬੋਧਨ ਕੀਤਾ। ਇਸ ਸਮੇ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਐਕਸੀਅਨ ਦਫ਼ਤਰ ਵੱਲੋਂ ਤਰੁੰਤ ਟਰਾਂਸਫਰਮ ਬਦਲਣ, ਮਰੁਮੰਤ ਕਰਨ ਤੇ ਬਿਜਲੀ ਦੀਆਂ ਤਾਰਾਂ ਠੀਕ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਐਸ.ਡੀ.ਓ ਕੇਵਲ ਸਿੰਘ ਹੀਰਾ ਨੂੰ ਫੀਲਡ ਦਾ ਦੌਰਾ ਕਰਨ ਦੀ ਹਿਦਾਇਤ ਕੀਤੀ। ਇਸ ਮੌਕੇ ਤੇ ਪ੍ਰਧਾਨ ਬੂਟਾ ਸਿੰਘ ਗਰੇਵਾਲ, ਸਵਰਨਜੀਤ ਸਰਨੀ,ਬਲਵੀਰ ਸਿੰਘ ਮਨਸੂਰਾਂ, ਮਨਜੀਤ ਸਿੰਘ, ਸਾਬਕਾ ਚੈਅਰਮੈਂਨ ਜਗਜੀਤ ਸਿੰਘ, ਜਗਜੀਤ ਸਿੰਘ ਛੋਕਰਾਂ, ਪਵਿੱਤਰ ਸਿੰਘ ਛੋਕਰਾਂ, ਸੁੱਖੀ ਮਨਸੂਰਾਂ, ਰਾਣਾ ਮਨਸੂਰਾਂ, ਚਰਨਜੀਤ ਮਨਸੂਰਾਂ, ਹੈਪੀ ਮਨਸੂਰਾਂ, ਗੁਰਮੀਤ ਸਿੰਘ ਨੰਬਰਦਾਰ, ਪਾਲ ਛੋਕਰਾਂ, ਚਰਨਾਂ ਜੱਟਕਾ ਜੋਧਾ, ਗੁਰਮੀਤ ਪਮਾਲੀ, ਚਰਨਜੀਤ ਸਿੰਘ ਪਮਾਲੀ ਆਦਿ ਹਾਜ਼ਰ ਸਨ।

No comments:

Post a Comment