Friday 2 June 2017

'ਸੰਗਰਾਮੀ ਲਹਿਰ' ਦੀ ਪੰਦਰਵੀਂ ਵਰ੍ਹੇਗੰਢ ਮੌਕੇ ਸੈਮੀਨਾਰ

ਲੋਕ ਪੱਖੀ ਰਾਜਨੀਤੀ ਦੇ ਪਹਿਰੇਦਾਰ ਅਤੇ ਮਾਰਕਸੀ ਲੈਨਿਨੀ ਸਿਧਾਂਤ ਦੇ ਆਲੰਬਰਦਾਰ ''ਸੰਗਰਾਮੀ ਲਹਿਰ'' ਦਾ ਪੰਦਰਵਾਂ ਸਥਾਪਨਾ ਦਿਵਸ ਅੱਠ ਮਈ ਨੂੰ ਵਿਸ਼ਣੂੰ ਗਣੇਸ਼ ਪਿੰਗਲੇ ਹਾਲ, ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਇਕ ਪ੍ਰਭਵਸ਼ਾਲੀ ਸੈਮੀਨਾਰ ਕੀਤਾ ਗਿਆ, ਜਿਸ ਵਿਚ, 'ਸੰਗਰਾਮੀ ਲਹਿਰ' ਦੇ ਸੰਪਾਦਕੀ ਬੋਰਡ ਦੇ ਮੈਂਬਰਾਂ, ਪਾਠਕਾਂ, ਸਨੇਹੀਆਂ, ਲੇਖਕਾਂ ਤੋਂ ਇਲਾਵਾ ਸਮਾਜ ਦੇ ਵੱਖੋ ਵੱਖ ਖੇਤਰਾਂ ਦੀਆਂ ਉਘੀਆਂ ਸ਼ਖਸ਼ੀਅਤਾਂ ਨੇ ਭਾਗ ਲਿਆ। ਪਰਚੇ ਦੇ ਸੰਸਥਾਪਕ, ਸੰਪਾਦਕ, ਸਾਥੀ ਹਰਕੰਵਲ ਸਿੰਘ, ਮੈਂਬਰ ਕੇਂਦਰੀ ਕਮੇਟੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਸੈਮੀਨਾਰ ਵਿਚ ''ਕਮਿਊਨਿਸਟ ਪੱਤਰਕਾਰੀ ਅਤੇ ਅਜੋਕੀਆਂ ਚੁਣੌਤੀਆਂ'' ਵਿਸ਼ੇ 'ਤੇ ਕੁੰਜੀਵਤ ਭਾਸ਼ਣ ਦਿੱਤਾ। ਪਰਚੇ ਦੇ ਸੰਪਾਦਕ ਸਾਥੀ ਮੰਗਤ ਰਾਮ ਪਾਸਲਾ, ਜਨਰਲ ਸਕੱਤਰ ਆਰ.ਐਮ.ਪੀ.ਆਈ. ਨੇ ਅਜੋਕੀ ਰਾਜਸੀ ਸਥਿਤੀ 'ਚ ''ਸੰਗਰਾਮੀ ਲਹਿਰ'' ਦੀ ਭੂਮਿਕਾ ਬਾਰੇ ਵਿਚਾਰ ਰੱਖੇ। ਸੈਮੀਨਾਰ ਦੀ ਪ੍ਰਧਾਨਗੀ ਉਘੇ ਸਾਹਿਤਕਾਰ ਅਤੇ ਆਲਮੀ ਪ੍ਰਸਿੱਧੀ ਪ੍ਰਾਪਤ ਕਵੀ ਸਾਥੀ ਹਰਭਜਨ ਸਿੰਘ ਹੁੰਦਲ ਨੇ ਕੀਤੀ।
''ਸੰਗਰਾਮੀ ਲਹਿਰ'' ਨੂੰ ਪੱਕੇ ਪੈਰੀਂ ਕਰਨ ਲਈ ਮਿਸਾਲੀ ਯੋਗਦਾਨ ਪਾਉਣ ਵਾਲੇ ਸਾਥੀ ਰਮੇਸ਼ ਚੰਦਰ ਸ਼ਰਮਾ (ਮੈਨੇਜਰ) ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਪਰੇਮ ਸ਼ਰਮਾ ਨੂੰ ਇਸ ਮੌਕੇ ਯਾਦ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਚ 'ਤੇ ਉਪਰੋਕਤ ਸਾਥੀਆਂ ਤੋਂ ਇਲਾਵਾ ਸੰਪਾਦਕੀ ਬੋਰਡ ਦੇ ਮੈਂਬਰ ਸਾਥੀ ਰਘੁਬੀਰ ਸਿੰਘ ਪਕੀਵਾਂ, ਸਾਥੀ ਰਵੀ ਕੰਵਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਤੇ ਖਜ਼ਾਨਚੀ ਕ੍ਰਮਵਾਰ ਸਾਥੀ ਗੁਰਮੀਤ ਤੇ ਭੈਣ ਰਘੁਬੀਰ ਕੌਰ ਵੀ ਸੁਸ਼ੋਭਤ ਸਨ। ਮੰਚ ਸੰਚਾਲਨ ਸਾਥੀ ਮਹੀਪਾਲ ਨੇ ਕੀਤਾ।
ਵਡੇਰੀ ਉਮਰ ਦੇ ਬਾਵਜੂਦ ''ਸੰਗਰਾਮੀ ਲਹਿਰ'' ਨੂੰ ਹਰ ਮਹੀਨੇ ਉਤਸ਼ਾਹਪੂਰਨ ਸੈਂਕੜੇ ਪਾਠਕਾਂ ਤੱਕ ਪੁੱਜਦਾ ਕਰਨ ਵਾਲੇ ਸਾਥੀਆਂ ਤੇਜਾ ਸਿੰਘ ਬੇਨੜਾ, ਗੱਜਣ ਸਿੰਘ ਦੁੱਗਾਂ, ਸੁਭਾਸ਼ ਸ਼ਰਮਾ ਪਠਾਨਕੋਟ, ਸੰਪੂਰਨ ਸਿੰਘ ਬਠਿੰਡਾ, ਗੁਰਮੇਜ ਸਿੰਘ ਤਿੰਮੋਵਾਲ ਅਤੇ ਅਨੇਕਾਂ ਹੋਰ ਸਭਨਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਾਥੀ ਤੇਜਾ ਸਿੰਘ ਬੇਨੜਾ ਦੇ ਮੋਢੇ 'ਤੇ ਸ਼ਾਨ ਨਾਲ ਝੁੱਲ ਰਿਹਾ ਵੱਡ ਅਕਾਰੀ ਲਾਲ ਝੰਡਾ ਸਾਰਿਆਂ 'ਚ ਉਤਸ਼ਾਹ ਦਾ ਸੰਚਾਰ ਕਰ ਰਿਹਾ ਸੀ। ਸੈਮੀਨਾਰ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੋਈ ਵੀ ਸਰੋਤਾ ਸ਼ੁਰੂਆਤ ਤੋਂ ਅੰਤ ਤੱਕ ਵਿਚਾਲਿਉਂ ਉਠ ਕੇ ਨਹੀਂ ਗਿਆ।
ਆਪਣੇ ਕੂੰਜੀਵਤ ਭਾਸ਼ਣ ਵਿਚ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਰਿਵਾਇਤੀ ਪੱਤਰਕਾਰੀ ਕੇਵਲ ਲੋਕਾਂ ਤੱਕ ਰਸਮੀ ਸੂਚਨਾਵਾਂ ਪੁੱਜਦੀਆਂ ਕਰਨ ਤੱਕ ਹੀ ਸੀਮਤ ਹੈ। ਜਦਕਿ ਕਮਿਊਨਿਸਟ ਪਰਚੇ ਉਕਤ ਮਕਸਦ ਤੋਂ ਕਿਤੇ ਅਗਾਂਹ ਜਾ ਕੇ ਲੋਕਾਂ ਨੂੰ ਹਰ ਬੇਇਨਸਾਫੀ ਖਿਲਾਫ ਜਥੇਬੰਦ ਹੋ ਕੇ ਸੰਘਰਸ਼ ਸਿਰਜਣ ਅਤੇ ਹਾਲਾਤ ਬਦਲਣ ਦੀ ਪ੍ਰੇਰਣਾ ਦਿੰਦੇ ਹਨ। ਇੰਜ ਲੈਨਿਨ ਮਹਾਨ ਦੇ ਕਥਨ ਅਨੁਸਾਰ ਕਮਿਊਨਿਸਟ ਪਰਚੇ ਐਜੀਟੇਟਰ, ਅਤੇ ਜਥੇਬੰਦਕ ਦੀ ਭੂਮਿਕਾ ਵੀ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਹਾਕਮ ਜਮਾਤਾਂ ਦੀ ਮਾਲਕੀ ਵਾਲੇ ਪ੍ਰਚਾਰ ਸਾਧਨ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠੀਆਂ ਜਾਣਕਾਰੀਆਂ ਪਰੋਸਦੇ ਹਨ। ਉਨ੍ਹਾਂ ਅੱਗੋਂ ਕਿਹਾ ਕਿ ਸਾਮਰਾਜੀ ਦੇਸ਼, ਉਥੋਂ ਦੇ ਵਿੱਤੀ ਅਦਾਰੇ ਅਤੇ ਉਨ੍ਹਾਂ ਦੇ ਸਥਾਨਕ ਭਾਈਵਾਲ ਕਾਰਪੋਰੇਟ ਘਰਾਣਿਆਂ ਵਲੋਂ ਸੰਸਾਰ ਦੇ ਕਿਰਤੀਆਂ ਅਤੇ ਆਲਮੀ ਕੁਦਰਤੀ ਵਸੀਲਿਆਂ ਦੀ ਅੰਨ੍ਹੀਂ ਲੁੱਟ ਰਾਹੀਂ ਬੇਬਹਾ ਮੁਨਾਫ਼ਾ ਕਮਾਉਣ ਦੀ ਲਾਲਸਾ ਅਧੀਨ ਹੀ ਉਕਤ ਝੂਠ-ਮੁਹਿੰਮ ਚਲਾਈ ਜਾਂਦੀ ਹੈ। ਲੋਕਾਂ ਵਲੋਂ ਆਪਣੇ ਖਿਲਾਫ ਚੇਤਨ ਅਤੇ ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਪੈਣੋਂ ਰੋਕਣ ਦੀ ਮਨਸ਼ਾ ਤਹਿਤ ਨਸਲੀ ਫਿਰਕੂ ਜਾਤੀਵਾਦੀ ਭਾਸ਼ਾਈ ਅਤੇ ਹੋਰ ਫੁੱਟਪਾਊ ਝਗੜੇ ਸਿਰਜੇ ਜਾਂਦੇ ਹਨ। ਪ੍ਰਗਤੀਵਾਦੀ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ, ਤਰਕਸ਼ੀਲ ਕਾਮਿਆਂ, ਸੰਘਰਸ਼ੀ ਧਿਰਾਂ ਦੇ ਆਗੂਆਂ 'ਤੇ ਹਮਲੇ ਉਕਤ ਮੁਹਿੰਮ ਦੀ ਅਗਲੀ ਕੜੀ ਹੈ। ਉਨ੍ਹਾਂ ਕਿਹਾ ਕਿ ਅਜੋਕੀਆਂ ਚੁਣੌਤੀਆਂ ਨੂੰ ਉਪਰੋਕਤ ਚੌਖਟੇ 'ਚ ਹੀ ਸਮਝਣਾ ਅਤੇ ਨਜਿੱਠਣਾ ਹੋਵੇਗਾ। ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ''ਸੰਗਰਾਮੀ ਲਹਿਰ'' ਨੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਪਾਠਕਾਂ ਨਾਲ ਪੰਦਰਾਂ ਵਰ੍ਹੇ ਸਾਂਝ ਨਿਭਾਈ ਹੈ ਅਤੇ ਪੂਰੇ ਯਤਨ ਕੀਤੇ ਜਾਣਗੇ ਕਿ ਇਹ ਸਾਂਝ ਸਦੀਵੀਂ ਬਣੇ।
ਸਾਥੀ ਮੰਗਤ ਰਾਮ ਪਾਸਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਧਰਮ ਨਿਰਪੰਖਤਾ, ਜਮਹੂਰੀਅਤ, ਸਮਾਜਵਾਦ ਦੇ ਉਦੇਸ਼ਾਂ ਦੀ ਪੂਰਤੀ ਲਈ ਸ਼ੁਰੂ ਕੀਤਾ ਗਿਆ ਇਹ ਪਰਚਾ ਆਪਣੇ ਮੁੱਖ ਨਿਸ਼ਾਨੇ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਅਡੋਲ ਸਾਬਤ ਕਦਮੀਂ ਤੁਰਿਆ ਹੈ। ਉਨ੍ਹਾਂ ਕਿਹਾ ਕਿ ਹਰ ਕਿਸਮ ਦੇ ਜਬਰ ਜ਼ੁਲਮ ਖਿਲਾਫ਼ ਕਿਰਤੀਆਂ ਦੇ ਸਾਰੇ ਭਾਗਾਂ ਦੇ ਰੋਜ਼ਾਨਾ ਦੇ ਮਸਲੇ ਉਭਾਰਨ ਪੱਖੋਂ, ਪਰਿਆਵਰਣ ਸਮੇਤ ਸਾਰੇ ਮਾਨਵਵਾਦੀ ਸਰੋਕਾਰਾਂ ਦੀ ਰਾਖੀ ਲਈ, ਪ੍ਰਗਤੀਵਾਦੀ ਵਿਚਾਰਾਂ ਨੂੰ ਅਗਾਂਹ ਵਧਾਉਣ ਲਈ, ਅਦੁੱਤੀ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੇ ਵਿਚਾਰਾਂ ਨੂੰ ਲੋਕ ਚੇਤਨਾ ਦਾ ਹਿੱਸਾ ਬਨਾਉਣ ਲਈ ਪਰਚੇ ਨੇ ਯਥਾਰਸ਼ਕਤੀ ਨਿੱਗਰ ਭੂਮਿਕਾ ਨਿਭਾਈ ਹੈ।
ਉਨ੍ਹਾਂ ਯਾਦ ਦਿਵਾਇਆ ਕਿ ਜਿਵੇਂ ਇਰਾਕ 'ਚ ਰਸਾਇਣਿਕ ਹਥਿਆਰ ਹੋਣ ਦਾ ਬਹਾਨਾ ਬਣਾ ਕੇ ਅਮਰੀਕੀ ਸਾਮਰਾਜ ਅਤੇ ਉਸਦੇ ਜੋਟੀਦਾਰਾਂ ਵਲੋਂ ਹਮਲਾ ਕਰਕੇ ਇਰਾਕ ਕਬਜ਼ਾ ਕੀਤਾ ਗਿਆ ਸੀ, ਠੀਕ ਉਹੋ ਜਿਹਾ ਹੀ ਪ੍ਰਚਾਰ ਅੱਜ ਉਤਰੀ ਕੋਰੀਆ ਖਿਲਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਆਪ ਨੂੰ ਨਿਰਪੱਖ ਪੱਤਰਕਾਰੀ ਦੀ ਸਭ ਤੋਂ ਵੱਡੀ ਮਿਸਾਲ ਵਜੋਂ ਪੇਸ਼ ਕਰਨ ਵਾਲੇ ਬੀ.ਬੀ.ਸੀ. ਨੇ ਮਹਾਨ ਮਾਓ ਜ਼ੇ ਤੁੰਗ ਦੀ ਮੌਤ ਦੀ ਝੂਠੀ ਖ਼ਬਰ ਪ੍ਰਕਾਸ਼ਤ ਕੀਤੀ ਸੀ ਅਤੇ ਅੱਜ ਤੱਕ ਵੀ ਉਸ ਕੂੜ ਲਈ ਮਾਫ਼ੀ ਨਹੀਂ ਮੰਗੀ। ਭਾਰਤ ਦੇ ਸੰਦਰਭ 'ਚ ਜੇ.ਐਨ.ਯੂ. ਨੂੰ ਤਬਾਹ ਕਰਨ ਲਈ ਜਿਵੇਂ ਝੂਠੇ ਦੇਸ਼ ਵਿਰੋਧੀ ਨਾਅਰਿਆਂ ਦੇ ਦੋਸ਼ ਹੇਠ ਪੁਲਸ ਦਾਖਲ ਕਰਕੇ ਵਿਦਿਆਰਥੀ ਆਗੂਆਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਅਤੇ ਮੀਡੀਆ ਦੇ ਇਕ ਹਿੱਸੇ ਨੂੰ ਹਕੂਮਤੀ ਸੈਨਤਾਂ 'ਤੇ ਨੱਚ ਕੇ ਜਿਵੇਂ ਝੂਠੇ ਪਰੋਸਿਆ, ਉਹ ਵੀ ਸਾਡੇ ਸਭ ਦੇ ਸਾਹਮਣੇ ਹੈ। ਅੱਜ ਕਮਿਊਨਿਸਟ ਪੱਤਰਕਾਰੀ ਨੇ ਇਸ ਹੱਲੇ ਦਾ ਟਾਕਰਾ ਕਰਨਾ ਹੈ ਅਤੇ 'ਸੰਗਰਾਮੀ ਲਹਿਰ' ਇਸ ਦਿਸ਼ਾ 'ਚ ਆਪਣੀ ਬਣਦੀ ਭੂਮਿਕਾ ਬੜੀ ਮਜ਼ਬੂਤੀ ਨਾਲ ਨਿਭਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਣ ਕਰਨ ਵਾਲੀ ਗੱਲ ਹੈ ਕਿ 'ਸੰਗਰਾਮੀ ਲਹਿਰ' ਤੇ ਚਲਦਾ ਰੱਖਣ 'ਚ ਮੁੱਖ ਯੋਗਦਾਨ ਇਸ ਦੇ ਪਾਠਕਾਂ ਦਾ ਹੈ।

No comments:

Post a Comment