Friday, 2 June 2017

ਸ਼ਰਧਾਂਜਲੀਆਂ :

ਸ਼ਹੀਦ ਦੀਪਕ ਧਵਨ ਤੇ ਸਾਥੀਆਂ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ  
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਪੰਜਾਬ ਵਿੱਚ ਚੱਲੀ ਅੱਤਵਾਦ ਦੀ ਕਾਲੀ ਹਨੇਰੀ ਦੌਰਾਨ ਫਿਰਕਾਪ੍ਰਸਤੀ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਕਮਿਊਨਿਸਟ ਆਗੂ ਕਾਮਰੇਡ ਦੀਪਕ ਧਵਨ ਅਤੇ ਸਾਥੀਆਂ ਦੀ ਸਾਂਝੀ ਬਰਸੀ ਪਾਲਕਾ ਬਜ਼ਾਰ ਤਰਨ ਤਾਰਨ ਵਿਖੇ ਮਨਾਈ ਗਈ। ਸ਼ਹੀਦਾਂ ਅਤੇ ਵਿਛੜ ਚੁੱਕੇ ਸਾਥੀਆਂ ਨੂੰ ਸ਼ਹੀਦੀ ਮੀਨਾਰ 'ਤੇ ਫੁੱਲ ਮਲਾਵਾਂ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਬਲਬੀਰ ਸੂਦ, ਮੁਖਤਾਰ ਸਿੰਘ ਮੱਲ੍ਹਾ, ਮਾਸਟਰ ਅਰਸਾਲ ਸਿੰਘ ਸੰਧੂ, ਜਸਪਾਲ ਸਿੰਘ ਢਿੱਲੋਂ, ਬਲਦੇਵ ਸਿੰਘ ਪੰਡੋਰੀ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ । ਸ਼ਹੀਦਾਂ ਦੀ ਯਾਦ ਵਿੱਚ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐੱਮ  ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੀਪਕ ਧਵਨ ਅਤੇ ਸਾਥੀਆਂ ਨੇ ਧਰਮ ਦੇ ਨਾਂਅ ਉਪਰ ਲੋਕਾਂ ਨੂੰ ਵੰਡਣ ਅਤੇ ਕਤਲ ਕਰਨ ਦੀ ਫਿਰਕੂ ਵਿਚਾਰਧਾਰਾ ਵਿਰੁੱਧ ਸ਼ਹਾਦਤਾਂ ਦਿੱਤੀਆਂ ਅਤੇ ਦੇਸ਼ ਦੀ ਏਕਤਾ ਦੀ ਰਾਖੀ ਕੀਤੀ। ਸਾਥੀ ਪਾਸਲਾ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਸਾਮਰਾਜ ਅਤੇ ਦੇਸ਼ ਦੇ ਵੱਡੇ ਪੂੰਜੀਪਤੀਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ, ਪੈਸਾ ਕੁਝ ਹੱਥਾਂ ਵਿੱਚ ਇਕੱਠਾ ਹੋ ਰਿਹਾ ਹੈ। ਕਿਸਾਨ, ਮਜ਼ਦੂਰ ਕਰਜ਼ੇ ਦੇ ਭਾਰ ਹੇਠ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਆਰ ਐੱਸ ਐੱਸ ਦੀ ਅਗਵਾਈ ਹੇਠ ਫਿਰਕੂ ਸੰਗਠਨ ਘੱਟ ਗਿਣਤੀਆਂ ਅਤੇ ਦਲਿਤਾਂ ਉਪਰ ਹਮਲੇ ਕਰਕੇ ਦਹਿਸ਼ਤ ਦਾ ਮਹੌਲ ਸਿਰਜ ਰਹੇ ਹਨ।  ਉਹਨਾ ਪੰਜਾਬ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਮਨਮੋਹਨ ਸਿੰਘ ਦੀਆਂ ਨੀਤੀਆਂ 'ਤੇ ਅਮਲ ਕਰਕੇ ਲੋਕਾਂ ਅਤੇ ਦੇਸ਼ ਦਾ ਭਲਾ ਨਹੀਂ ਕੀਤਾ ਜਾ ਸਕਦਾ । ਮੋਦੀ ਅਤੇ ਕੈਪਟਨ ਇਕੋ ਆਰਥਕ ਨੀਤੀ 'ਤੇ ਕੰਮ ਕਰ ਰਹੇ ਹਨ। ਉਨ੍ਹਾ ਕਿਹਾ ਕਿ ਕਾਂਗਰਸ  ਦੀਆਂ ਇਹਨਾਂ ਨੀਤੀਆਂ ਨਾਲ ਪਨਪੇ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ ਦੇ ਸਤਾਏ ਲੋਕਾਂ ਨੇ ਕਾਂਗਰਸ ਹਰਾ ਕੇ  ਭਾਜਪਾ ਦੀ ਸਰਕਾਰ ਬਣਾਈ। ਉਨ੍ਹਾ ਖੱਬੀਆਂ ਧਿਰਾਂ ਨੂੰ ਨੀਤੀਗਤ ਬਦਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਾਰਟੀ ਦੇ ਸੂਬਾਈ ਆਗੂਆਂ ਸਰਵਸਾਥੀ ਗੁਰਨਾਮ ਸਿੰਘ ਦਾਊਦ, ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਤੇ ਭੱਖਦੇ ਮਸਲਿਆਂ ਦੇ ਹੱਲ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਚਮਨ ਲਾਲ ਦਰਾਜਕੇ, ਦਲਜੀਤ ਸਿੰਘ ਦਿਆਲਪੁਰ, ਸੁਲੱਖਣ ਸਿੰਘ ਤੁੜ, ਦਾਰਾ ਸਿੰਘ ਮੁੰਡਾ ਪਿੰਡ, ਕਰਮ ਸਿੰਘ ਫਤਿਆਬਾਦ, ਮਨਜੀਤ ਸਿੰਘ ਬੱਗੂ, ਅਜੈਬ ਸਿੰਘ ਜਹਾਂਗੀਰ, ਚਰਨਜੀਤ ਸਿੰਘ ਬਾਠ, ਸਤਪਾਲ ਸ਼ਰਮਾ, ਜਸਬੀਰ ਸਿੰਘ ਵੈਰੋਵਾਲ, ਨਰਿੰਦਰ ਕੌਰ ਪੱਟੀ, ਕੰਵਲਜੀਤ ਕੌਰ ਰੰਧਾਵਾ, ਜਸਬੀਰ ਕੌਰ ਤਰਨ ਤਾਰਨ, ਵਿਆਪਕ ਧਵਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਪਾਰਟੀ ਦੇ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਬਾਖੂਬੀ ਨਿਭਾਏ ।

 

ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਪੰਜਵੀਂ ਬਰਸੀ ਇਨਕਲਾਬੀ ਜੋਸ਼ ਨਾਲ ਮਨਾਈ ਗਈ 
ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.) ਕੇਰਲਾ ਦੇ ਸੰਸਥਾਪਕ ਜਨਰਲ ਸਕੱਤਰ ਸ਼ਹੀਦ ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਪੰਜਵੀਂ ਬਰਸੀ ਚਾਰ ਮਈ ਨੂੰ ਕੋਝੀਕੋਡ (ਕੇਰਲਾ) ਵਿਖੇ ਇਨਕਲਾਬੀ ਜੋਸ਼ ਨਾਲ ਮਨਾਈ ਗਈ।
ਸਾਥੀ ਚੰਦਰਸ਼ੇਖਰਨ ਦੀ ਸਦੀਵੀਂ ਯਾਦ ਅਤੇ ਅਦੁੱਤੀ ਕੁਰਬਾਨੀ ਨੂੰ ਸ਼ਰਧਾਂਜਲੀ ਵਜੋਂ ਹੋਂਦ 'ਚ ਆਈ ਕੁਲ ਹਿੰਦ ਪਾਰਟੀ, ਭਾਰਤੀ  ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ  ਬਰਸੀ ਸਮਾਗਮਾਂ ਵਿਚ ਉਚੇਚੇ ਤੌਰ 'ਤੇ ਪੁੱਜੇ।
ਚਾਰ ਮਈ ਦੀ ਸਭਾ ਸੂਬੇ ਦੇ ਕੋਨੇ ਕੋਨੇ ਤੋਂ ਪੁੱਜੇ ਪਾਰਟੀ ਕਾਰਕੁੰਨ ਸ਼ਹੀਦ ਦੀ ਰਿਹਾਇਸ਼ ਵਿਖੇ ਸਥਾਪਿਤ ਉਨ੍ਹਾਂ ਦੇ ਬੁੱਤ ਕੋਲ ਇਕੱਤਰ ਹੋਏ ਅਤੇ ਜੋਸ਼ ਭਰਪੂਰ ਨਾਅਰਿਆਂ ਦੀ ਗੂੰਜ 'ਚ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਅਧੂਰੇ ਕਾਜ ਪੂਰੇ ਕਰਣ ਦਾ ਪ੍ਰਣ ਦ੍ਰਿੜ੍ਹਾਇਆ।
ਸ਼ਾਮ ਨੂੰ ਉਨ੍ਹਾਂ ਦੇ ਸ਼ਹੀਦੀ ਸਥਾਨ ''ਵਾਲੀਕਾਡ'' ਤੋਂ ਵਿਸ਼ਾਲ ਮਾਰਚ ਸ਼ੁਰੂ ਹੋਇਆ ਜਿਸ ਦੀ ਅਗਵਾਈ ਸਾਥੀ ਮੰਗਤ ਰਾਮ ਪਾਸਲਾ ਤੋਂ ਇਲਾਵਾ ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰਾਨ ਸਰਵ ਸਾਥੀ ਟੀ.ਐਲ. ਸੰਤੋਸ਼, ਐਨ ਵੇਣੂੰ, ਕੇ.ਕੇ. ਰੇਮਾ (ਧਰਮ ਪਤਨੀ ਸ਼ਹੀਦ ਟੀ.ਪੀ.ਚੰਦਰਸ਼ੇਖਰਨ) ਅਤੇ ਕੇ.ਕੇ. ਹਰੀਹਰਨ ਨੇ ਕੀਤੀ।
ਮਾਰਚ ਦੇ ਨਾਲ ਲਾਲ ਵਰਦੀਧਾਰੀ ਵਲੰਟੀਅਰਾਂ ਦੀ ਅਨੁਸ਼ਾਸ਼ਤ ਪਰੇਡ ਦੇਖਣਯੋਗ ਸੀ। ਮਾਰਚ ਵਿਚ ਸ਼ਾਮਲ ਸਭਨਾਂ ਦੇ ਚਿਹਰੇ 'ਤੇ ਦ੍ਰਿੜ੍ਹਤਾ ਅਤੇ ਅੱਖਾਂ 'ਚੋਂ ਸਾਥੀ ਚੰਦਰਸ਼ੇਖਰਨ ਦਾ ਸਮਾਜਵਾਦ ਦੀ ਕਾਇਮੀ ਦਾ ਹਕੀਕੀ ਸੁਪਨਾ ਝਲਕਾਰੇ ਮਾਰ ਰਿਹਾ ਸੀ। ਇਨਕਲਾਬੀ ਧੁੰਨਾ ਵਜਾਉਂਦਾ ਬੈਂਡ ਸਮੁੱਚੇ ਰਸਤੇ 'ਤੇ ਮਾਰਚ ਦੇ ਨਾਲ ਨਾਲ ਰਿਹਾ। ਹਜ਼ਾਰਾਂ ਲੋਕਾਂ ਨੇ ਇਸ ਅਨੋਖੇ ਮਾਰਚ ਨੂੰ ਦੇਖਿਆ।
ਮਾਰਚ ਤੋਂ ਬਾਅਦ ਓਰਕੈਟਾਰੀ ਮੈਦਾਨ 'ਚ ਵਿਸ਼ਾਲ ਜਨ ਸਭਾ ਹੋਈ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਸਾਥੀ ਟੀ.ਪੀ. ਚੰਦਰਸ਼ੇਖਰਨ ਨੂੰ ਸੂਹਾ ਸਲਾਮ ਪੇਸ਼ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਆਰ.ਐਮ.ਪੀ.ਆਈ. ਸਾਥੀ ਟੀ.ਪੀ. ਚੰਦਰਸ਼ੇਖਰਨ ਦੇ ਹਕੀਕੀ ਇਨਕਲਾਬੀ ਪਾਰਟੀ ਉਸਾਰਨ ਅਤੇ ਸਮਾਜਕ ਤਬਦੀਲੀ ਸਫ਼ਲ ਕਰਨ ਦੇ ਕਾਜ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੂਰਾ ਤਾਣ ਲਾਏਗੀ।
ਉਨ੍ਹਾਂ ਕਿਹਾ ਕਿ ਟੀ.ਪੀ.ਚੰਦਰਸ਼ੇਖਰਨ ਅਜਿਹਾ ਬੇਮਿਸਾਲ ਸ਼ਹੀਦ ਹੈ ਜਿਸ ਨੇ ਕਮਿਊਨਿਸਟ ਸਦਾਚਾਰ ਦਾ ਝੰਡਾ ਬੁਲੰਦ ਰੱਖਣ, ਸਿਧਾਂਤ 'ਚ ਖੋਟ ਰਲਾਉਣ ਵਿਰੁੱਧ ਅਤੇ ਕਮਿਊਨਿਸਟ ਜਥੇਬੰਦੀ ਦੇ ਲੈਨਿਨਵਾਦੀ ਅਸੂਲਾਂ ਦੀ ਰਾਖੀ ਲਈ ਲੜੇ ਜਾ ਰਹੇ ਸੰਗਰਾਮ 'ਚ ਸ਼ਹਾਦਤ ਦਿੱਤੀ।
ਉਨ੍ਹਾਂ ਕਿਹਾ ਕਿ ਸਾਮਰਾਜੀ ਦੇਸ਼ਾਂ, ਉਨ੍ਹਾਂ ਦੀਆਂ ਵਿੱਤੀ ਸੰਸਥਾਵਾਂ ਅਤੇ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਲੁੱਟ ਹੀ ਭਾਰਤ ਅਤੇ ਸੰਸਾਰ ਭਰ ਦੇ ਕਿਤੀਆਂ ਦੀਆਂ ਸਾਰੀਆਂ ਮੁਸੀਬਤਾਂ ਲਈ ਜ਼ਿੰਮੇਵਾਰ ਹੈ। ਫਿਰਕੂ, ਨਸਲਵਾਦੀ, ਜਾਤੀਵਾਦੀ ਅਤੇ ਹੋਰ ਹਰ ਤਰ੍ਹਾਂ ਦੇ ਫੁਟਪਾਊ ਅਨਸਰਾਂ ਨੂੰ ਉਪਰੋਕਤ ਲੁੱਟ ਵਿਰੁੱਧ ਸੰਗਰਾਮਾਂ ਤੋਂ ਦੂਰ ਰੱਖਣ ਲਈ ਲੋਕ ਖੇਰੂੰ ਖੇਰੂੰ ਕਰਨ ਦੇ ਯਤਨਾਂ 'ਚ ਪੂਰੀ ਤਾਕਤ ਨਾਲ ਲੱਗੇ ਹੋਏ ਹਨ। ਇਸ ਲਈ ਦੇਸੀ ਬਦੇਸ਼ੀ ਧਨਾਢਾਂ ਦੀ ਲੁੱਟ ਅਤੇ ਫਿਰਕਾਪਸ੍ਰਤੀ ਵਿਰੁੱਧ ਲੜਾਈ ਇਕ ਦੂਜੀ ਤੋਂ ਨਿੱਖੜਵੀਆਂ ਨਹੀਂ। ਇਸ ਲਈ ਦੋਹਾਂ 'ਚੋਂ ਕਿਸੇ ਇਕ ਨਾਲ ਵੀ ਸੰਗਰਾਮਾਂ 'ਚ ਕੋਈ ਨਰਮੀ ਨਹੀਂ ਕੀਤੀ ਜਾਣੀ ਚਾਹੀਦੀ।
ਉਨ੍ਹਾਂ ਯਾਦ ਦਿਵਾਇਆ ਕਿ ਭਾਰਤ ਵਿਚ ਕਮਿਊਨਿਸਟ ਪਾਰਟੀ ਦੀ ਪਲੇਠੀ ਕਾਂਗਰਸ ਦੇ ਡੈਲੀਗੇਟ ਰਹੇ ਕਾਮਰੇਡ ਬਰਲਿਨ ਦਾ ਸਾਥੀ ਟੀ.ਪੀ. ਚੰਦਰਸ਼ੇਖਰਨ ਦੇ ਪਹਿਲੇ ਸ਼ਹੀਦੀ ਸਮਾਗਮ 'ਚ ਸ਼ਾਮਲ ਹੋਣਾ ਇਹ ਦੱਸਦਾ ਹੈ ਕਿ ਸਾਥੀ ਟੀ.ਪੀ. ਦਾ ਕੇਰਲਾ ਦੀ ਜਮਹੂਰੀ ਲਹਿਰ ਵਿਚ ਕਿੰਨਾਂ ਉਚਾ ਰੁਤਬਾ ਹੈ।
ਉਨ੍ਹਾਂ ਕੇਰਲਾ ਦੀ ਮੌਜੂਦਾ ਸਰਕਾਰ ਵਲੋਂ ਸਾਥੀ ਟੀ.ਪੀ.ਚੰਦਰਸ਼ੇਖਰਨ ਦੇ ਕਾਤਲਾਂ ਨੂੰ ਬਚਾਉਣ ਦੇ ਕੋਝੇ ਯਤਨਾਂ, ਜਿਸ ਦਾ ਸਭ ਤੋਂ ਵੱਡਾ ਸਬੂਤ ਸੂਬੇ ਦੇ ਗਵਰਨਰ ਨੂੰ ਅਦਾਲਤੀ ਸਜ਼ਾ ਮਾਫੀ ਦੀ ਲਿਖੀ ਗਈ ਚਿੱਠੀ ਤੋਂ ਉਜਾਗਰ ਹੁੰਦਾ ਹੈ, ਦੀ ਨਿਖੇਧੀ ਕਰਦਿਆਂ ਪ੍ਰਾਂਤ ਵਾਸੀਆਂ ਅਤੇ ਦੇਸ਼ ਦੇ ਸਾਂਵੀਂ ਸੋਚਣੀ ਵਾਲਿਆਂ ਨੂੰ ਇਸ ਸਾਜਿਸ਼ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਸਾਥੀ ਚੰਦਰਸ਼ੇਖਰਨ ਦੀ ਧਰਮ ਪਤਨੀ ਕਾਮਰੇਡ ਕੇ.ਕੇ. ਰੇਮਾ ਨੇ ਜਿੱਥੇ ਸ਼ਹੀਦ ਦਾ ਅਧੂਰਾ ਕਾਜ ਪੂਰਾ ਕਰਨ ਲਈ ਜੀਵਨ ਲੇਖੇ ਲਾਉਣ ਦਾ ਸੰਕਲਪ ਦੁਹਰਾਇਆ, ਉਥੇ ਨਾਲ ਹੀ ਸਵਾਲ ਕੀਤਾ ਕਿ ਕੇਰਲਾ 'ਚ ਰਾਜ ਕਰ ਰਹੀ ਪਾਰਟੀ ਸਾਥੀ ਟੀ.ਪੀ. ਦੇ ਕਾਤਲਾਂ ਨੂੰ ਬਚਾਉਣ ਲਈ ਤਰਲੋਮੱਛੀ ਹੋ ਰਹੀ ਹੈ ਅਤੇ ਉਹੀ ਪਾਰਟੀ ਆਪਣੇ ਕਾਡਰਾਂ 'ਤੇ ਹੋ ਰਹੇ ਹਮਲਿਆਂ ਦੀ ਦੁਹਾਈ ਕਿਸ ਮੂੰਹ ਨਾਲ ਪਾ ਰਹੀ ਹੈ?
ਚੱਲਦੀ ਜਨ ਸਭਾ ਦੇ ਐਨ ਵਿਚਕਾਰ, ਰਾਤ ਦੇ ਠੀਕ ਉਸ ਸਮੇਂ ਜਦੋਂ ਅੱਜ ਤੋਂ ਪੰਜ ਸਾਲ ਪਹਿਲਾਂ 4 ਮਈ, 2012 ਵਿਚ ਸਾਥੀ ਟੀ.ਪੀ.ਚੰਦਰਸ਼ੇਖਰਨ ਨੂੰ ਕਤਲ ਕੀਤਾ ਗਿਆ ਸੀ, ਸਮੁੱਚੀਆਂ ਲਾਈਟਾਂ ਬੁਝਾ ਦਿੱਤੀਆਂ ਗਈਆਂ ਅਤੇ ਸੂਹੇ ਸੰਗਰਾਮ ਦੇ ਸ਼ਹੀਦਾਂ ਦੀ ਯਾਦ ਵਿਚ ਇਨਕਲਾਬੀ ਧੁਨਾਂ ਦੇ ਪ੍ਰੇਰਣਾਮਈ ਸੰਗੀਤ ਨਾਲ ਵਾਤਾਵਰਣ ਐਨਾ ਗੰਭੀਰ ਹੋ ਗਿਆ ਕਿ ਸਭਾ 'ਚ ਹਾਜ਼ਰ ਹਜ਼ਾਰਾਂ ਲੋਕਾਂ 'ਚੋਂ ਕਿਸੇ ਦੀ ਵੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਅਚਾਨਕ ਥਾਂ ਥਾਂ 'ਤੇ ਹਜ਼ਾਰਾਂ ਹੱਥਾਂ 'ਚੋਂ ਮਸ਼ਾਲਾ ਦਾ ਚਾਨਣ ਹੋ ਗਿਆ ਅਤੇ ਕਾਲਖ ਦੇ ਪੈਰੋਕਾਰਾਂ ਨੂੰ, 'ਚਾਨਣ ਹੋ ਕੇ ਰਹੇਗਾ' ਦਾ ਸ਼ਕਤੀਸ਼ਾਲੀ ਸੰਦੇਸ਼ ਭੇਜ ਦਿੱਤਾ ਗਿਆ। 

 
ਸਾਥੀ ਬਖਤੌਰ ਸਿੰਘ ਦੂਲੋਵਾਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ 
''ਸਾਥੀ ਬਖਤੌਰ ਸਿੰਘ ਦੂਲੋਵਾਲ ਦਾ ਮਿਸਾਲੀ ਜੀਵਨ ਸਾਡੇ ਸਾਰਿਆਂ ਲਈ, ਕਿਰਤੀਆਂ ਦੀ ਲੁੱਟ ਦੇ ਨਿਜਾਮ ਤੋਂ ਬੰਦ ਖਲਾਸੀ ਅਤੇ ਸਮਾਜਵਾਦ ਦੀ ਕਾਇਮੀ ਦੇ ਲੋਕ ਪੱਖੀ ਸੰਗਰਾਮ 'ਚ ਅਡੋਲ ਤੁਰਦੇ ਜਾਣ ਵਾਸਤੇ ਸਦੀਵੀਂ ਪ੍ਰੇਰਣਾ ਬਣਿਆ ਰਹੇਗਾ।'' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਾਥੀ ਬਖਤੌਰ ਸਿੰਘ ਦੂਲੋਵਲ ਨਮਿੱਤ ਉਨ੍ਰਾਂ ਦੇ ਜੱਦੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਗਮ ਵਿਚ ਬੋਲਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੀਤਾ। ਜ਼ਿਕਰਯੋਗ ਹੈ ਕਿ ਸਾਥੀ ਬਖਤੌਰ ਸਿੰਘ ਦੂਲੋਵਾਲ ਆਰ.ਐਮ.ਪੀ.ਆਈ. ਦੀ ਬਠਿੰਡਾ ਮਾਨਸਾ ਜਿਲ੍ਹਾ ਕਮੇਟੀ ਦੇ ਮੈਂਬਰ ਸਨ। ਉਹ ਮਰਹੂਮ ਸਾਥੀ ਗੁਰਚਰਨ ਸਿੰਘ ਰੰਧਾਵਾ ਅਤੇ ਹਰਨੇਕ ਸਿੰਘ ਦੂਲੋਵਾਲ ਦੀ ਪ੍ਰੇਰਣਾ ਸਦਕਾ ਅਣਵੰਡੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ ਅਤੇ ਉਮਰ ਭਰ ਮਾਰਕਸੀ ਲੈਨਿਨੀ ਅਸੂਲਾਂ ਦੇ ਧਾਰਣੀ ਰਹੇ। ਸਾਥੀ ਬਖਤੌਰ ਸਿੰਘ ਅਜਿਹੇ ਕੁਰਬਾਨੀ ਦੇ ਪੁੰਜ ਸਨ ਜਿਨ੍ਹਾਂ ਨੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਹਿਤਾਂ ਦੀ ਰਾਖੀ ਲਈ ਚਲੇ ਸਭਨਾਂ ਮਾਣ ਕਰਨਯੋਗ ਸੰਗਰਾਮਾਂ 'ਚ ਜੇਲ੍ਹ ਯਾਤਰਾ ਕੀਤੀ।
ਸਾਥੀ ਪਾਸਲਾ ਨੇ ਕਿਹਾ ਕਿ ਅੱਜ ਬੇਸ਼ੱਕ ਲੋਕ ਨਿੱਜੀ ਲਾਲਸਾਵਾਂ ਅਧੀਨ ਸੁਭਾ ਸ਼ਾਮ ਪਾਰਟੀਆਂ ਬਦਲ ਲੈਂਦੇ ਹਨ, ਪਰ ਸਾਥੀ ਬਖਤੌਰ ਸਿੰਘ ਦਾ ਛੇ ਦਹਾਕੇ ਲਾਲ ਝੰਡੇ ਦੀ ਵਿਚਾਰਧਾਰਾ 'ਤੇ ਔਕੜਾਂ ਦੇ ਬਾਵਜੂਦ ਪਹਿਰਾ ਦੇਣਾ ਭਵਿੱਖ ਦੀਆਂ ਪੀੜ੍ਹੀਆਂ ਨੂੰ ਲਾਜ਼ਮੀ ਸੇਧ ਦੇਵੇਗਾ।
ਉਨ੍ਹਾ ਕਿਹਾ ਕਿ ਸਾਥੀ ਬਖਤੌਰ ਸਿੰਘ ਵਰਗੇ ਬੇਦਾਗ਼ ਜੁਝਾਰੂ ਸਾਥੀ, ਜੋ ਅਸਲ ਅਰਥਾਂ ਵਿਚ ਸਾਡੀ ਅਤੇ ਸਾਥੋਂ ਅਗਲੀ ਪੀੜ੍ਹੀ ਦੇ ਮਾਰਗ ਦਰਸ਼ਕ ਹਨ, ਦਾ ਵਿਛੋੜਾ ਨਾ ਕੇਵਲ ਆਰ.ਐਮ.ਪੀ.ਆਈ. ਲਈ ਬਲਕਿ ਸਮੁੱਚੀ ਖੱਬੀ ਲਹਿਰ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਸਾਥੀ ਪਾਸਲਾ ਨੇ ਯਾਦ ਕੀਤਾ ਕਿ ਸਾਥੀ ਬਖਤੌਰ ਸਿੰਘ ਅਕਸਰ ਦੱਸਿਆ ਕਰਦੇ ਸਨ ਕਿ ਸਾਡੇ ਪਿੰਡ ਵਿੱਚ ਕਿਸੇ ਸਮੇਂ ਕੇਵਲ ਕਾਂਗਰਸ ਅਤੇ ਕਮਿਊਨਿਸਟ ਦੋ ਹੀ ਪਾਰਟੀਆਂ ਸਨ। ਪਿਛੋਂ ਜਾ ਕੇ ਜਦੋਂ ਕਮਿਊਨਿਸਟਾਂ ਨੇ ਅਕਾਲੀਆਂ ਨਾਲ ਚੋਣ ਸਮਝੋਤਾ ਕੀਤਾ ਤਾਂ ਪਿੰਡ 'ਚ ਅਕਾਲੀ ਦਲ ਵੀ ਕਾਇਮ ਹੋ ਗਿਆ। ਉਨ੍ਹਾਂ ਵਲੋਂ ਸਹਿਜ ਭਾਅ ਕਹੀ ਗਈ ਇਹ ਗੱਲ ਸਿੱਧ ਕਰਦੀ ਹੈ ਕਿ ਕਿਵੇਂ ਕਮਿਊਨਿਸਟਾਂ ਨੇ ਲੋਟੂ ਵਰਗਾਂ ਦੀਆਂ ਪਾਰਟੀਆਂ ਨਾਲ ਬੇਅਸੂਲੇ ਸਮਝੌਤੇ ਕਰਕੇ ਆਪਣੇ ਜਨ ਅਧਾਰ ਨੂੰ ਖੋਰਾ ਲਾਇਆ।
ਸਾਥੀ ਪਾਸਲਾ ਨੇ ਇਲਾਕਾ ਤੇ ਪਿੰਡ ਵਾਸੀਆਂ ਅਤੇ ਪ੍ਰੀਵਾਰ ਨੂੰ ਅਪੀਲ ਕੀਤੀ ਕਿ ਸਾਥੀ ਬਖਤੌਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਵਜੋਂ ਕਮਿਊਨਿਸਟ ਲਹਿਰ ਅਤੇ ਉਨਾਂ ਦੀ ਜਾਨ ਤੋਂ ਪਿਆਰੀ ਪਾਰਟੀ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾਵੇ।
ਉਨ੍ਹਾ ਬੜੇ ਅਦਬ ਨਾਲ ਪਿੰਡ ਦੇ ਵਿਛੋੜਾ ਦੇ ਗਏ ਸਾਥੀਆਂ ਹਰਨੇਕ ਸਿੰਘ ਦੂਲੋਵਾਲ, ਮੋਦਨ ਸਿੰਘ ਦੂਲੋਵਾਲ ਅਤੇ ਹੋਰਨਾਂ ਨੂੰ ਵੀ ਯਾਦ ਕੀਤਾ।
ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਰੁਲਦੂ ਸਿੰਘ ਮਾਨਸਾ, ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਸੀ.ਪੀ.ਆਈ.(ਐਮ.) ਦੇ ਜਿਲ੍ਹਾ ਆਗੂ ਸਾਥੀ ਜਸਵੰਤ ਸਿੰਘ ਦਲਿਉ, ਸੰਗਰਾਮੀ ਲਹਿਰ ਵਲੋਂ ਸਾਥੀ ਗੁਰਦਰਸ਼ਨ ਸਿੰਘ ਬੀਕਾ, ਦਿਹਾਤੀ ਮਜਦੂਰ ਸਭਾ ਵਲੋਂ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਮੱਖਣ ਸਿੰਘ ਤਲਵੰਡੀ ਜਮਹੂਰੀ ਕਿਸਾਨ ਸਭਾ ਵਲੋਂ ਅਮਰੀਕ ਫ਼ਫੜੇ, ਸੁਖਦੇਵ ਸਿੰਘ ਅਤਲਾ ਅਤੇ    ਮੇਜਰ ਸਿੰਘ ਦੂਲੋਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਮਨਦੀਪ ਸਿੰਘ ਅਤੇ ਬੰਸੀ ਲਾਲ, ਆਰ.ਐਮ.ਪੀ.ਆਈ. ਜ਼ਿਲ੍ਹਾ ਕਮੇਟੀ ਬਠਿੰਡਾ-ਮਾਨਸਾ ਦੇ ਮੈਂਬਰਾਨ ਸੰਪੂਰਨ ਸਿੰਘ, ਸੁਖਦੇਵ  ਸਿੰਘ ਅਤੇ ਦਰਸ਼ਨ ਸਿੰਘ ਫੂਲੋਮਿੱਠੀ, ਗੁਰਦੇਵ ਸਿੰਘ ਲੋਹਗੜ੍ਹ ਵੀ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿਚ ਸ਼ਾਮਲ ਸਨ।
ਪਿੰਡ ਦੀ ਪੰਚਾਇਤ, ਖੇਡ ਕਲੱਬਾਂ ਅਤੇ ਸਿਆਸੀ ਪਾਰਟੀਆਂ ਦੇ ਮੈਂਬਰਾਨ ਤੇ ਅਹੁਦੇਦਾਰ ਵੀ ਹਾਜ਼ਰ ਸਨ। ਸਟੇਜ ਸਕੱਤਰ ਦੇ ਫਰਜ਼ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਨਿਭਾਏ। ਸਾਥੀ ਮਹੀਪਾਲ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।

No comments:

Post a Comment