Sunday 4 June 2017

ਵੱਧ ਰਿਹਾ ਸ਼ੋਰ ਪ੍ਰਦੂਸ਼ਣ



ਮੱਖਣ ਕੁਹਾੜ 
ਗਾਇਕ ਸੋਨੂੰ ਨਿਗਮ ਨੇ ਜੋ ਮੁੱਦਾ ਛੇੜਿਆ ਸੀ ਉਹ ਆਪ ਭਾਵੇਂ ਉਸ ਨੂੰ ਅੱਗੇ ਵਧਾਉਣ ਤੋਂ ਪਿੱਛੇ ਹਟ ਗਿਆ ਪਰ ਉਸ ਦੀ ਸ਼ੋਰ-ਪ੍ਰਦੂਸ਼ਣ ਬਾਰੇ ਕੀਤੀ ਗੱਲ ਨੂੰ ਸੰਜੀਦਗੀ ਨਾਲ ਅੱਗੇ ਵਧਾਉਣਾ ਚਾਹੀਦਾ ਹੈ। ਪ੍ਰਦੂਸ਼ਣ ਕਈ ਤਰ੍ਹਾਂ ਦਾ ਹੈ, ਹਵਾ  ਪ੍ਰਦੂਸ਼ਣ, ਜਲ ਪ੍ਰਦੂਸ਼ਣ, ਸਬਜੀਆਂ, ਫਲਾਂ, ਫ਼ਸਲਾਂ, ਤੇਲ, ਘਿਉ, ਮਸਾਲੇ, ਹਰ ਖਾਣ-ਹੰਢਾਉਣ, ਪਹਿਨਣ ਵਾਲੀ ਵਸਤੂ ਪ੍ਰਦੂਸ਼ਤ ਹੋ ਚੁੱਕੀ ਹੈ। ਬਾਜ਼ਾਰ 'ਚੋਂ ਕੁੱਝ ਵੀ ਖ਼ਰੀਦੋ-ਖਾਓ ਡਰ ਲਗਦਾ ਹੈ। ਫਲਾਂ, ਸਬਜ਼ੀਆਂ ਨੂੰ ਖਾਦਾਂ ਅਤੇ ਦਵਾਈਆਂ ਦਾ ਸਪ੍ਰੇਅ ਆਦਿ ਤਾਂ ਪਹਿਲਾਂ ਹੀ ਹੁੰਦਾ ਸੀ, ਹੁਣ ਟੀਕੇ ਵੀ ਲੱਗਣ ਲੱਗ ਪਏ ਹਨ। ਕੈਮੀਕਲਾਂ ਨਾਲ ਫਲ ਸਬਜ਼ੀਆਂ ਪਕਾਈਆਂ/ਚਮਕਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਦਾ ਸਾਈਜ਼ ਵਧਾਇਆ ਜਾਂਦਾ ਹੈ। ਦੁੱਧ ਅਤੇ ਉਸ ਤੋਂ ਬਣੀਆਂ ਸਭ ਵਸਤਾਂ ਜਿਵੇਂ ਪਨੀਰ ਖੋਆ, ਮੱਖਣ, ਕ੍ਰੀਮ, ਘਿਓ ਆਦਿ ਬਣਾਉਟੀ (ਸਿੰਥੈਟਿਕ) ਆਉਣ ਲਗੀਆਂ ਹਨ। ਗਾਂ-ਮੱਝ ਨੂੰ ਪਾਇਆ ਜਾਂਦਾ ਚਾਰਾ ਵੀ ਯੂਰੀਆ ਦੀ ਬਹੁਤਾਤ ਵਾਲਾ ਹੋਣ ਕਰ ਕੇ ਦੁੱਧ ਨੂੰ ਪ੍ਰਭਾਵਤ ਕਰਦਾ ਹੈ। ਭਾਰਤ ਦੀ ਸਾਰੀ ਧਰਤੀ, ਹਵਾ, ਪਾਣੀ ਅਤੇ ਸਮੁੱਚਾ ਵਾਤਾਵਰਨ ਹੀ ਜਿਵੇਂ ਪ੍ਰਦੂਸ਼ਤ ਹੋ ਚੁੱਕਾ ਹੈ। ਕੋਈ ਕੰਟਰੋਲ ਨਹੀਂ ਹੈ। ਲੋਕਾਂ ਨੇ ਤਾਂ ਇਸ ਨੂੰ ਇਕ 'ਰੱਬੀ ਭਾਣਾ' ਸਮਝ ਕੇ ਸਵੀਕਾਰ ਕਰ ਲਿਆ ਹੈ। ਸਰਕਾਰ ਇਸ ਬਾਰੇ ਉਕਾ ਹੀ ਸੰਜੀਦਾ ਨਹੀਂ। ਜਾਂ ਇੰਜ ਕਹਿ ਲਉ ਕਿ ਚੋਰਾਂ-ਜੋਰਾਵਰਾਂ ਨਾਲ ਸਰਕਾਰਾਂ ਰਲੀਆਂ ਹੋਈਆਂ ਹਨ ਅਤੇ ਲੋਕਾ ਨੇ ਵੀ ਜਿਵੇਂ ਇਸ ਨੂੰ ਸਵੀਕਾਰ ਕਰ ਲਿਆ ਹੈ।
ਇਨ੍ਹਾਂ ਪ੍ਰਦੂਸ਼ਣਾਂ ਤੋਂ ਇਲਾਵਾ ਇਕ ਹੋਰ ਪ੍ਰਦੂਸ਼ਣ ਵੀ ਹੈ, ਸ਼ੋਰ ਪ੍ਰਦੂਸ਼ਣ। ਇਹ ਪ੍ਰਦੂਸ਼ਣ ਬਹੁਤ ਹੀ ਮਾਰੂ ਹੈ, ਮਨੁੱਖ ਦੇ ਮਨ ਦੀ ਸ਼ਾਂਤੀ ਨੂੰ ਭੰਗ ਕਰਕੇ ਰੱਖ ਦੇਣ ਵਾਲੇ ਇਸ ਪ੍ਰਦੂਸ਼ਣ ਨੂੰ ਮਿੱਠੀ ਜ਼ਹਿਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਵੇਰੇ-ਸਵੇਰੇ ਸੈਰ ਕਰਨ ਨਿਕਲੋ ਜਾਂ ਘਰ ਵਿਚ ਹੀ ਆਰਾਮ ਕਰ ਰਹੇ ਹੋਵੋ, ਉਹ ਸ਼ਾਂਤਮਈ ਮਾਹੌਲ ਬਿਲਕੁਲ ਨਹੀਂ ਮਿਲਦਾ, ਜਿਸ ਦੀ ਡਾਢੀ ਲੋੜ ਹੁੰਦੀ ਹੈ। ਜਿਸ ਤਰ੍ਹਾਂ ਦਾ ਸ਼ਾਂਤ-ਚਿੱਤ ਵਾਤਾਵਰਣ ਖੇਤਾਂ, ਜੰਗਲਾਂ, ਪਹਾੜਾਂ ਵਿਚ ਹੁੰਦਾ ਹੈ; ਕੁਦਰਤੀ ਮਾਹੌਲ ਚੁਪਚਾਪ, ਮਨ ਟਿਕਾ ਕੇ ਕੁੱਝ ਸੋਚਣ ਦਾ ਵਾਤਾਵਰਣ, ਉਹ ਪਿੰਡਾਂ, ਸ਼ਹਿਰਾਂ ਵਿਚੋਂ ਗ਼ਾਇਬ ਹੋ ਗਿਆ ਹੈ। ਸਾਰੇ ਧਾਰਮਕ ਸਥਾਨ, ਚਾਹੇ ਉਹ ਗੁਰਦਵਾਰੇ ਹੋਣ, ਮੰਦਰ,  ਮਸਜਦਾਂ ਹੋਣ, ਚਰਚ ਜਾਂ ਹੋਰ ਡੇਰੇ ਸੱਭ ਉੱਚੀ ਉੱਚੀ ਕੰਨ ਪਾੜਵੀਂ ਆਵਾਜ਼ ਨਾਲ ਧਾਰਮਕ ਪ੍ਰਚਾਰ ਕਰ ਰਹੇ ਹੁੰਦੇ ਹਨ। ਧਾਰਮਕ ਸਥਾਨਾਂ ਦੇ ਉੱਪਰ ਉੱਚੇ ਤੋਂ ਉੱਚੇ ਕਰ ਕੇ ਵੱਡੇ ਸਪੀਕਰ/ਹਾਰਨ ਹਰ ਦਿਸ਼ਾ ਵਲ ਕਰਕੇ ਲਗਾਏ ਹੁੰਦੇ ਹਨ। ਧਰਮ ਹਰ ਵਿਅਕਤੀ ਦਾ ਜਾਤੀ ਮਸਲਾ ਹੈ। ਜਿਸ ਨੇ ਧਾਰਮਕ ਪੂਜਾ ਪਾਠ ਕਰਨਾ ਹੈ ਉਹ ਸਬੰਧਤ ਧਾਰਮਕ ਅਸਥਾਨ ਅੰਦਰ ਜਾ ਕੇ ਜਾਂ ਅਪਣੇ ਘਰ ਬੈਠ ਕੇ ਕਰ ਸਕਦਾ ਹੈ। ਪਰ ਇਸ ਦੀ ਆਵਾਜ਼ ਸਬੰਧਤ ਅਸਥਾਨ ਤੋਂ ਬਾਹਰ ਨਹੀਂ ਆਉਣੀ ਚਾਹੀਦੀ। ਉਂਝ ਵੀ ਧੀਮੀ ਸੁਰ ਵਿਚ ਕੀਤੀ ਗੱਲਬਾਤ ਜਾਂ ਪਾਠ-ਪੂਜਾ ਹਰ ਕਿਸੇ ਨੂੰ ਚੰਗੀ ਲਗਦੀ ਹੈ। ਧੀਮੀ ਸੁਰ ਵਿਚ ਬੋਲੇ ਵਧੀਆ ਬੋਲ ਵਾਤਾਵਰਣ ਵਿਚ ਮਿਸ਼ਰੀ ਘੋਲ ਜਾਂਦੇ ਹਨ, ਖ਼ਾਸ ਕਰ ਕੇ ਅੰਮ੍ਰਿਤ ਵੇਲੇ। ਪਰ ਇਥੇ ਤਾਂ ਦੂਰ-ਦੂਰ ਤਕ ਧਾਰਮਕ ਅਸਥਾਨਾਂ 'ਚੋਂ ਉੱਚੀ-ਉੱਚੀ ਆਉਂਦੀਆਂ ਆਵਾਜ਼ਾਂ ਨਾਲ ਕਿਸੇ ਦੇ ਵੀ ਪਿੜ ਪੱਲੇ ਕੁੱਝ ਨਹੀਂ ਪੈਂਦਾ। ਜੇ ਕੋਈ ਐਸੀ ਸ਼ਿਕਾਇਤ ਕਰੇ ਤਾਂ ਉਸ ਨੂੰ ਧਰਮ-ਵਿਰੋਧੀ ਗਰਦਾਨਿਆ ਜਾਂਦਾ ਹੈ। ਸ਼ੋਰ ਸਿਰਫ਼ ਧਾਰਮਕ ਅਦਾਰਿਆਂ ਕਾਰਨ ਹੀ ਨਹੀਂ ਹੈ, ਹੋਰ ਵੀ ਕਈ ਤਰ੍ਹਾਂ ਨਾਲ ਸ਼ੋਰ-ਪ੍ਰਦੂਸ਼ਣ ਫੈਲ ਰਿਹਾ ਹੈ। ਘਰਾਂ ਵਿਚ ਪੂਜਾ ਪਾਠ ਕਰਵਾਏ ਜਾਂਦੇ ਹਨ, ਤਾਂ ਵੀ ਸਪੀਕਰ ਉੱਚੀ ਆਵਾਜ਼ ਵਿਚ ਲਾਏ ਜਾਂਦੇ ਹਨ। ਜਗਰਾਤਿਆਂ ਵਾਲੀ ਰਾਤ ਆਂਢ-ਗੁਆਂਢ ਮੁਹੱਲੇ ਵਿਚ ਹੀ ਨਹੀਂ, ਦੂਰ-ਦੂਰ ਤਕ ਲੋਕ ਪ੍ਰੇਸ਼ਾਨ ਹੁੰਦੇ ਹਨ। ਲੋਕ 'ਦੜ ਵੱਟ ਜ਼ਮਾਨਾ ਕੱਟ-ਭਲੇ ਦਿਨ ਆਵਣਗੇ' ਕਹਿ ਕੇ ਦੰਦਾਂ ਹੇਠ ਜੀਭ ਲਈ ਸੱਭ ਕੁੱਝ ਜਰਦੇ ਰਹਿੰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਆਵਾਜ਼ ਉਸ ਘਰ ਤਕ ਹੀ ਸੀਮਤ ਰਹੇ ਜਿਥੇ ਸਮਾਗਮ ਹੈ।
ਬਾਜ਼ਾਰਾਂ ਵਿੱਚ ਰਿਕਸ਼ੇ ਦੇ ਦੋਹੀਂ ਪਾਸੀਂ ਲੱਗੇ ਸਪੀਕਰ ਕਿਸੇ ਨਵੀਂ ਖੁੱਲ੍ਹੀ ਦੁਕਾਨ, ਲੱਗੇ ਕੈਂਪ ਜਾਂ ਕੋਈ ਵੀ ਨਿਜੀ ਪ੍ਰਚਾਰ, ਕਿਸੇ ਸੂਚਨਾ ਦਾ ਸੁਨੇਹਾ ਦੇਂਦੇ ਸਾਰਾ ਸਾਰਾ ਦਿਨ ਕੰਨ ਪਾੜਵੀਂ ਆਵਾਜ਼ ਵਿਚ ਘੁੰਮਦੇ ਰਹਿੰਦੇ ਹਨ। ਜਦ ਕਿਧਰੇ ਕਿਸੇ 'ਮਹਾਂਪੁਰਸ਼' ਪ੍ਰਵਚਨ ਕਰਨ ਲਈ ਕਿਸੇ ਪ੍ਰੋਗਰਾਮ 'ਚ ਸੱਦਿਆ ਜਾਂਦਾ ਹੈ ਤਾਂ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿਚ ਦੂਰ ਤਕ ਸਪੀਕਰ ਲਗਾ ਕੇ ਲੋਕਾਂ ਨੂੰ ਇਹ ਸਭ ਕੁੱਝ ਸੁਣਨ 'ਤੇ ਮਜ਼ਬੂਰ ਕੀਤਾ ਜਾਂਦਾ ਹੈ।
ਵਿਆਹ-ਸ਼ਾਦੀਆਂ ਸਮੇਂ ਪੈਲਸਾਂ ਵਿਚ ਜੋ ਵਾਪਰਦਾ ਹੈ, ਉਹ ਵੀ ਹੱਦਾਂ ਟੱਪ ਗਿਆ ਹੈ। ਐਡੇ ਜ਼ੋਰ ਦੀ ਡੀ.ਜੇ. ਚਲਦਾ ਹੈ ਕਿ ਕਿਸੇ ਨੇ ਉਥੇ ਵਿਆਹ ਦਾ ਲੁਤਫ਼ ਤਾਂ ਕੀ ਲੈਣਾ ਹੈ ਉਲਟਾ ਕੰਨਾਂ, ਦਿਲ ਅਤੇ ਸਿਰ ਦੀਆਂ ਹੋਰ ਬੀਮਾਰੀਆਂ ਮਿਲ ਜਾਂਦੀਆਂ ਹਨ। ਗੀਤਾਂ ਦੀ ਲੱਚਰਤਾ ਦਾ ਮਸਲਾ ਤਾਂ ਵੱਖਰਾ ਹੈ। ਵਿਆਹ ਵਿਚ ਸ਼ਰੀਕ ਹੋਏ ਪ੍ਰਾਹੁਣੇ ਕੋਈ ਸਜ਼ਾ ਭੁਗਤ ਰਹੇ ਲਗਦੇ ਹਨ। ਆਪਸ ਵਿਚ ਗੱਲਬਾਤ ਵੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਬੱਸਾਂ ਟਰੱਕਾਂ ਅਤੇ ਹੋਰ ਵਾਹਨਾਂ ਦੇ ਹਾਰਨ ਬਹੁਤ ਪ੍ਰੇਸ਼ਾਨ ਕਰਦੇ ਹਨ। ਬੱਸਾਂ ਵਿਚ ਤਾਂ ਐਨੀ ਉੱਚੀ ਸੁਰ ਵਿਚ ਗੀਤ ਵਜਦੇ ਹਨ ਕਿ ਮੋਬਾਇਲ ਤੇ ਫ਼ੋਨ ਕਰਨਾ-ਸੁਣਨਾ ਅਸੰਭਵ ਹੋ ਜਾਂਦਾ ਹੈ। ਕੰਡਕਟਰ/ਡਰਾਈਵਰ ਨੂੰ ਆਵਾਜ਼ ਘੱਟ ਕਰਨ ਦੀ ਬੇਨਤੀ ਅਣਗੌਲੀ ਕੀਤੀ ਜਾਂਦੀ ਹੈ। ਬਹੁਤੀਆਂ ਨਿਜੀ ਬੱਸਾਂ ਵਾਲਿਆਂ ਦੇ ਪਾਲੇ ਗੁੰਡੇ ਬਹੁਤਾ ਇਤਰਾਜ਼ ਕਰਨ 'ਤੇ ਅਪਣੇ ਹੱਥਾਂ ਦੇ ਜੌਹਰ ਵਿਖਾਉਣ ਲਈ ਤਿਆਰ ਹੁੰਦੇ ਹਨ।
ਵਿਆਹਾਂ ਸ਼ਾਦੀਆਂ 'ਚ ਪੈਲੇਸਾਂ ਅਤੇ ਬਾਜ਼ਾਰਾਂ ਵਿਚ ਚਲਦੇ ਪਟਾਕਿਆਂ ਦਾ ਸ਼ੋਰ ਤਾਂ ਕਈ ਮੀਲਾਂ ਤਕ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ। ਇਹੋ ਵਰਤਾਰਾ ਧਾਰਮਕ ਤਿਉਹਾਰਾਂ, ਕ੍ਰਿਕਟ ਅਤੇ ਹੋਰ ਮੈਚਾਂ ਦੇ ਜਿੱਤ ਦੇ ਜਸ਼ਨਾਂ ਅਤੇ ਚੋਣਾਂ ਤੋਂ ਬਾਅਦ ਪਾਰਟੀ ਵਰਕਰਾਂ ਦੀਆਂ ਖ਼ੁਸ਼ੀਆਂ ਮਨਾਉਣ ਸਮੇਂ ਵਾਪਰਦਾ ਹੈ। ਨਵੇਂ ਸਾਲ ਅਤੇ ਹੋਰ ਜਸ਼ਨਾਂ ਸਮੇਂ ਇਹ ਇਕ ਆਮ ਗੱਲ ਹੈ। ਸਾਰੇ ਧਰਮਾਂ/ਡੇਰਿਆਂ ਦੇ ਧਾਰਮਕ ਸਥਾਨ ਵੀ ਹਰ ਗਲੀ ਮੁਹੱਲੇ 'ਚ ਮੌਜੂਦ ਹਨ। ਹਰ ਪਿੰਡ 'ਚ ਕਈ-ਕਈ ਧਾਰਮਕ ਇਮਾਰਤਾਂ ਹਨ ਫਿਰ ਐਨੇ ਸ਼ੋਰ ਪ੍ਰਦੂਸ਼ਣ ਵਿਚ ਲੋਕਾਂ ਦੇ ਦਿਲਾਂ ਦੀ ਧੜਕਣ ਸਥਾਈ ਤੌਰ ਤੇ ਵਧਣਾ ਅਤੇ ਕੰਨਾਂ ਦੇ ਬੋਲੇਪਨ ਵਿਚ ਵਾਧਾ ਹੋਣਾ ਕੁਦਰਤੀ ਹੈ। ਕੰਨਾਂ ਨੂੰ ਲਾਉਣ ਵਾਲੀਆਂ ਮਸ਼ੀਨਾਂ ਦੀ ਵਿਕਰੀ ਕਈ ਗੁਣਾ ਵਧ ਗਈ ਹੈ। ਬਾਜ਼ਾਰਾਂ-ਗਲੀਆਂ ਸੜਕਾਂ ਤੇ ਮੁੰਡੀਹਰ ਦੇ ਮੋਟਰਸਾਈਕਲ ਪਟਾਕੇ ਪਾਉਂਦੇ ਲੰਘਦੇ ਹਨ। ਬੱਚਿਆਂ ਦੀ ਪੜ੍ਹਾਈ ਤੇ ਰੋਗੀਆਂ ਦੀ ਪ੍ਰੇਸ਼ਾਨੀ ਆਦਿ ਦੀ ਕਿਸੇ ਨੂੰ ਚਿੰਤਾ ਨਹੀਂ ਹੁੰਦੀ। ਮਾਹਿਰ ਆਖਦੇ ਹਨ ਕਿ 45 ਡੈਸੀਬਲ ਸ਼ੋਰ ਤੇ ਬੰਦਾ ਸੌਂ ਨਹੀਂ ਸਕਦਾ। ਜਦਕਿ 85 ਡੈਸੀਬਲ ਨਾਲ ਕੰਨਾਂ ਦੀ ਖ਼ਰਾਬੀ ਸ਼ੁਰੂ ਹੋ ਜਾਂਦੀ ਹੈ। ਦੂਜੇ ਪਾਸੇ ਸਾਰੇ ਦੋ ਪਹੀਆ ਵਾਹਨਾਂ ਦਾ ਸ਼ੋਰ 75 ਡੈਸੀਬਲ ਹੁੰਦਾ ਹੈ ਅਤੇ ਕਾਰਾਂ, ਟਰੱਕਾਂ, ਬੱਸਾਂ ਦਾ 80 ਤੋਂ 85 ਡੈਸੀਬਲ। ਪਟਾਕੇ 125 ਡੀ.ਬੀ. ਤੋਂ ਵੀ ਵਧੇਰੇ ਆਵਾਜ਼ ਵਾਲੇ ਹੁੰਦੇ ਹਨ। ਲਾਊਡ ਸਪੀਕਰਾਂ ਦਾ ਸ਼ੋਰ ਇਸ ਤੋਂ ਕਿਤੇ ਵਧ ਹੁੰਦਾ ਹੈ!
ਸ਼ੋਰ ਪ੍ਰਦੂਸ਼ਣ ਰੋਕਣ ਲਈ ਸਾਡੇ ਦੇਸ਼ ਅੰਦਰ ਵੀ ਬਹੁਤ ਸਾਰੇ ਕਾਨੂੰਨ ਬਣੇ ਹੋਏ ਹਨ, ਪਰ ਇਹ ਕਿਧਰੇ ਵੀ ਲਾਗੂ ਨਹੀਂ ਹਨ। ਸੰਵਿਧਾਨ ਦੀ ਧਾਰਾ 21, 'ਜੀਵਨ ਦੇ ਹੱਕ' ਲੋਕਾਂ ਨੂੰ ਵਧੀਆ ਵਾਤਾਵਰਣ ਤੇ ਸ਼ਾਂਤਮਈ ਮਾਹੌਲ ਵਿੱਚ ਜਿਊਣ, ਸੌਣ, ਤੇ ਆਰਾਮ ਕਰਨ ਦੀ ਸਹੂਲਤ ਦੀ ਜ਼ਾਮਨੀ ਭਰਦੀ ਹੈ। 1996 ਦੀ 42ਵੀਂ ਸੰਵਿਧਾਨਕ ਸੋਧ ਰਾਹੀਂ ਧਾਰਾ 48ਏ ਤੇ 51 ਏ ਜੋੜ ਕੇ ਵਾਤਾਵਰਣ ਦੇ ਬਚਾਅ ਤਹਿਤ ਹੋਰ ਸੁਧਾਰਾਂ ਦੀ ਗੱਲ ਕੀਤੀ ਗਈ ਹੈ। ਸ਼ੋਰ ਪ੍ਰਦੂਸ਼ਣ ਰੋਕੂ ਕਾਨੂੰਨ ਸਨ 2000 ਮੁਤਾਬਕ ਵਸੋਂ ਵਿੱਚ ਦਿਨ ਵੇਲੇ ਹਰ ਹਾਲ 55 ਡੈਸੀਬਲ ਤੋਂ ਵੱਧ ਅਤੇ ਰਾਤ ਨੂੰ 45 ਡੈਸੀਬਲ ਤੋਂ ਵੱਧ ਆਵਾਜ ਕਰਨ 'ਤੇ ਸਖਤ ਪਾਬੰਦੀ ਹੈ। ਅਦਾਲਤਾਂ ਨੇ ਵੱਖ-ਵੱਖ ਸਮੇਂ ਇਸ ਬਾਰੇ ਸੇਧਾਂ ਜਾਰੀ ਕੀਤੀਆਂ ਹੋਈਆਂ ਹਨ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ।
ਪੰਜਾਬ ਇਨਸਟਰੂਮੈਂਟਸ ਨੋਇਜ਼ ਕੰਟਰੋਲ ਐਕਟ 1956 ਐਕਟ ਨੰਬਰ 36 ਆਫ 1956 ਜਿਸ ਨੂੰ ਪੰਜਾਬ ਵਿਚ (ਸ਼ੋਰ ਤੇ ਪਾਬੰਦੀ) ਐਕਟ 1956 ਕਿਹਾ ਗਿਆ ਹੈ, ਅਨੁਸਾਰ ਕੋਈ ਵੀ ਵਿਅਕਤੀ ਤਦ ਤੱਕ ਕਿਸੇ ਵੀ ਸਥਾਨ 'ਤੇ ਕੋਈ ਵੀ ਅਜਿਹੇ ਯੰਤਰ ਦਾ ਪ੍ਰਯੋਗ ਨਹੀਂ ਕਰੇਗਾ, ਜਿਸ ਦੀ ਆਵਾਜ਼ ਉਸ ਸਥਾਨ ਦੀ ਸੀਮਾ ਤੋਂ ਬਾਹਰ ਸੁਣੀ ਜਾ ਸਕੇ, ਜਦ ਤੱਕ ਉਹ ਜ਼ਿਲ੍ਹਾ ਮੈਜਿਸਟ੍ਰੇਟ ਅਥਵਾ ਉਸ ਦੁਆਰਾ ਨਿਯੁਕਤ ਅਫਸਰ ਤੋਂ ਇਸ ਸਬੰਧੀ ਲਿਖਤੀ ਆਗਿਆ ਪ੍ਰਾਪਤ ਨਾ ਕਰ ਲਏ। ਇਸ ਕਾਨੂੰਨ ਦੀ ਉਲੰਘਣਾ 'ਤੇ 6 ਮਹੀਨੇ ਦੀ ਕੈਦ ਅਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਤਜ਼ਵੀਜ਼ ਕੀਤੀ ਗਈ ਹੈ। ਇਹ ਨਾ ਸਿਰਫ ਧਾਰਮਕ ਸਥਾਨਾਂ 'ਤੇ ਸਗੋਂ ਮੈਰਿਜ ਪੈਲੇਸਾਂ ਦੇ ਡੀ.ਜੀ., ਤਿੱਖੇ ਪ੍ਰੈਸ਼ਰ ਹਾਰਨ ਅਤੇ ਹਰ ਤਰ੍ਹਾਂ ਦੇ ਹੋਰ ਮਸ਼ੀਨੀ ਸ਼ੋਰ ਆਦਿ 'ਤੇ ਲਾਗੂ ਹੈ। ਪਰੰਤੂ ਪੰਜਾਬ ਸਰਕਾਰ ਤੇ ਹੋਰ ਸੂਬਾਈ ਸਰਕਾਰਾਂ ਵੱਲੋਂ ਇਸ ਸਬੰਧੀ ਇਸ ਤਰ੍ਹਾਂ ਦੇ ਬਣਾਏ ਕਾਨੂੰਨ ਕਿਧਰੇ ਵੀ ਲਾਗੂ ਨਹੀਂ ਹਨ। ਅਨੇਕਾਂ ਹੋਰ ਬਣੇ ਲੋਕ-ਪੱਖੀ ਕਾਨੂੰਨਾਂ ਦੀ ਤਰ੍ਹਾਂ ਇਹ ਕਾਨੂੰਨ ਵੀ ਕਾਗਜ਼ਾਂ ਵਿੱਚ ਹੀ ਕੈਦ ਹੋ ਗਏ ਹਨ। ਹਾਲਾਂਕਿ ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਸੋਧਾਂ ਵੀ ਹੋ ਚੁੱਕੀਆਂ ਹਨ ਅਤੇ ਲੋਕ ਪੱਖੀ ਜਥੇਬੰਦੀਆਂ ਵੱਲੋਂ ਅਨੇਕਾਂ ਵਾਰ ਪ੍ਰਸ਼ਾਸ਼ਕੀ ਮਸ਼ੀਨਰੀ ਨੂੰ ਇਸ ਦਾ ਚੇਤਾ ਵੀ ਕਰਵਾਇਆ ਜਾਂਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੱਭ ਤੋਂ ਵੱਡੀ ਧਾਰਮਕ ਪਾਰਲੀਮੈਂਟ ਹੈ ਅਤੇ ਸੱਭ ਤੋਂ ਉੱਚਾ ਸ੍ਰੀ ਅਕਾਲੀ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਹੈ, ਜੋ ਕਿਸੇ ਵੀ ਸਿੱਖ ਨੂੰ ਹੁਕਮਾਂ ਦੀ ਅਵੱਗਿਆ 'ਤੇ 'ਤਨਖਾਹ' ਵੀ ਲਾ ਸਕਦਾ ਹੈ ਜਾਂ ਸਬੰਧਤ ਨਾਲ ਮੇਲ-ਜੋਲ ਬੰਦ ਵੀ ਕਰਾ ਸਕਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵੱਲੋਂ 23 ਨਵੰਬਰ 2005 ਨੂੰ ਆਪਣੇ ਮਤਾ ਨੰਬਰ 4 ਅਨੁਸਾਰ ਆਦੇਸ਼ ਦਿੱਤਾ ਹੋਇਆ ਹੈ ਕਿ 'ਸਿੱਖ ਸੰਗਤ ਨੂੰ ਕੀਰਤਨ, ਕਥਾ, ਗੁਰਬਾਣੀ ਸੁਣਾਏ ਜਾਣ ਲਈ ਗੁਰਦੁਆਰਾ ਸਾਹਿਬਾਨ ਵਿੱਚ ਲਗਾਏ ਗਏ ਲਾਊਡ ਸਪੀਕਰਾਂ ਦੀਆਂ ਉੱਚੀਆਂ ਆਵਾਜ਼ਾਂ ਬਾਰੇ ਵਿਦਿਆਰਥੀਆਂ, ਰੋਗੀਆਂ, ਮਨੋਵਿਗਿਆਨੀਆਂ, ਸਿਹਤ ਵਿਗਿਆਨੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਚਰ ਰਹੇ ਵਿਅਕਤੀਆਂ ਵੱਲੋਂ ਸ੍ਰੀ ਅਕਾਲ  ਤਖਤ ਸਾਹਿਬ ਵਿਖੇ ਪੁੱਜ ਰਹੀਆਂ ਪੱਤ੍ਰਿਕਾਵਾਂ ਦੇ ਮੱਦੇਨਜ਼ਰ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਗੁਰੂ-ਘਰਾਂ ਵਿੱਚ ਲਾਊਡ ਸਪੀਕਰਾਂ ਦੀ ਆਵਾਜ਼ ਸੀਮਾ ਨਿਰਧਾਰਤ ਕਰਨ। ਉਹ ਅਜਿਹੇ ਪ੍ਰਬੰਧ ਯਕੀਨੀ ਬਣਾਉਣ ਕਿ ਵਿਸ਼ੇਸ਼ ਦਿਹਾੜਿਆਂ ਅਤੇ ਗੁਰਮਤਿ ਸਮਾਗਮਾਂ ਤੋਂ ਇਲਾਵਾ ਸਪੀਕਰਾਂ ਦੀ ਆਵਾਜ਼ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਹੀ ਸੀਮਤ ਰਹੇ।' ਇਹ ਮਤਾ ਜੱਥੇਦਾਰ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਦੇ ਦਸਤਖਤਾਂ ਹੇਠ ਜਾਰੀ ਕੀਤਾ ਹੋਇਆ ਹੈ।
ਭਾਵੇਂ ਉਪਰੋਕਤ ਮਤੇ ਵਿੱਚ ਹੋਰ ਸੋਧਾਂ ਦੀ ਵੀ ਗੁੰਜਾਇਸ਼ ਹੈ, ਪਰੰਤੂ ਇਹ ਮਤਾ ਸ਼ਾਇਦ ਹੀ ਕਿਸੇ ਗੁਰਦੁਆਰੇ ਵਿੱਚ ਲਾਗੂ ਹੋਇਆ ਹੈ। ਜੇ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸੰਸਥਾ ਇਸ ਨੂੰ ਲਾਗੂ ਕਰਾਉਂਦੀ ਹੈ ਤਾਂ ਉਸੇ ਤਰਜ਼ 'ਤੇ ਹੋਰ ਧਰਮਾਂ ਦੇ ਧਾਰਮਕ ਆਗੂਆਂ ਨੂੰ ਵੀ ਐਸੇ ਆਦੇਸ਼-ਮਤੇ ਜਾਰੀ ਕਰਨ ਲਈ ਲੋਕ-ਬੇਨਤੀਆਂ ਕੀਤੀਆਂ ਜਾ ਸਕਦੀਆਂ ਹਨ। ਭਾਰਤ ਦਾ ਸੰਵਿਧਾਨ ਤੇ ਅਦਾਲਤਾਂ ਤਾਂ ਪਹਿਲਾਂ ਹੀ ਐਸੇ ਆਦੇਸ਼ ਦੇ ਚੁੱਕੀਆਂ ਹਨ। ਸਾਲ 2005 ਵਿੱਚ ਜਾਰੀ ਕੀਤੇ ਹੁਕਮਨਾਮੇ ਦੀ ਕਈ ਚਿਰ ਅਖਬਾਰਾਂ ਵਿੱਚ ਚਰਚਾ ਤੇ ਪ੍ਰਸ਼ੰਸਾ ਹੁੰਦੀ ਰਹੀ ਸੀ, ਪਰ ਇਹ ਲਾਗੂ ਕਿਉਂ ਨਹੀਂ ਹੋ ਸਕਿਆ ਇਸ ਦੇ ਕਾਰਨਾਂ ਦੀ ਪੜਤਾਲ ਜ਼ਰੂਰ ਲੋੜੀਂਦੀ ਹੈ।
ਮਾਹਿਰਾਂ ਅਨੁਸਾਰ ਸ਼ੋਰ-ਪ੍ਰਦੂਸ਼ਣ ਲੋਕਾਂ ਦੀ ਸਿਹਤ ਲਈ ਬਹੁਤ ਘਾਤਕ ਹੈ। ਇਸ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ, ਨਿੱਜੀ ਪਾਠ-ਪੂਜਾ, ਭਗਤੀ ਕਰਨ ਵਾਲਿਆਂ ਦਾ ਨੁਕਸਾਨ ਹੁੰਦਾ ਹੈ। ਬਿਮਾਰ ਮਰੀਜ਼ਾਂ ਦੀ ਹਾਲਤ ਹੋਰ ਵੀ ਮੰਦੀ ਹੋ ਜਾਂਦੀ ਹੈ। ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਬੋਲਾਪਨ, ਦਿਮਾਗ ਦੀਆਂ ਨਸਾਂ ਉੱਪਰ ਦਬਾਅ ਪੈਣਾ, ਰਾਤ ਨੀਂਦਰ ਨਾ ਆਉਣ ਦੀ ਬੀਮਾਰੀ, ਬਲੱਡ ਪ੍ਰੈਸ਼ਰ ਦਾ ਵਧਣਾ, ਦਿਲ ਦੀ ਧੜਕਣ ਦਾ ਵਧਣਾ, ਦਿਲ ਦੇ ਦੌਰੇ ਪੈਣਾ,   ਗਰਭਵਤੀ ਔਰਤਾਂ ਅਤੇ ਪੈਦਾ ਹੋਣ ਵਾਲੇ ਬੱਚਿਆਂ, ਅਧਰੰਗ ਦੇ ਮਰੀਜਾਂ ਆਦਿ 'ਤੇ ਉਲਟ ਪ੍ਰਭਾਵ ਪੈਂਦਾ ਹੈ। ਪਸ਼ੂ-ਪੰਛੀਆਂ ਨੂੰ ਵੀ ਉੱਚੀ ਆਵਾਜ਼ ਨਾਲ ਪ੍ਰੇਸ਼ਾਨੀ ਹੁੰਦੀ ਹੈ।
ਸ਼ੋਰ-ਪ੍ਰਦੂਸ਼ਣ ਦਾ ਵਧੇਰੇ ਵਾਧਾ ਭਾਰਤ ਵਰਗੇ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੀ ਹੈ। ਅਜਿਹਾ ਉੱਤਰੀ-ਦੱਖਣੀ ਅਮਰੀਕਾ, ਯੂਰੋਪੀਅਨ ਅਤੇ ਹੋਰ ਜਾਪਾਨ-ਚੀਨ ਵਰਗੇ ਮੁਲਕਾਂ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਕਿਸੇ ਵੀ ਧਾਰਮਕ ਸਥਾਨ 'ਚੋਂ ਸਪੀਕਰ ਦੀ ਆਵਾਜ਼ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਂਦੀ। ਵਿਦੇਸ਼ ਵਿੱਚ ਤਾਂ ਕੋਈ ਡਰਾਈਵਰ ਵਾਹਨ ਦਾ ਸਿਰਫ ਉਦੋਂ ਹੀ ਹਾਰਨ ਵਜਾਉਂਦਾ ਹੈ, ਜਦੋਂ ਕੋਈ ਬਹੁਤ ਹੀ ਖਾਸ ਕਾਰਨ ਹੋਵੇ। ਉੱਥੇ ਹਾਰਨ ਮਾਰਨ ਜਾਂ ਕਿਸੇ ਵੀ ਉੱਚੀ ਆਵਾਜ਼ ਜਾਂ ਪਟਾਕਿਆਂ ਆਦਿ ਦਾ ਕੋਈ ਵੀ ਸ਼ੋਰ-ਪ੍ਰਦੂਸ਼ਣ ਨਹੀਂ ਹੈ। ਅਗਰ ਉੱਥੇ ਕਿਸੇ ਧਰਮ ਨੂੰ ਕੋਈ ਖਤਰਾ ਨਹੀਂ ਹੈ ਤਾਂ ਭਾਰਤ ਜਿਹੇ ਹੋਰ ਮੁਲਕਾਂ ਵਿੱਚ ਹੀ ਕਿਉਂ ਹੈ। ਗੱਲ ਸਿਰਫ ਸੋਨੂੰ ਨਿਗਮ ਵੱਲੋਂ ਉਠਾਈ 'ਆਜ਼ਾਨ' ਖਿਲਾਫ ਆਵਾਜ਼ ਦੀ ਹੀ ਨਹੀਂ ਹੈ। ਲੋੜ ਹੈ, ਹਰ ਤਰ੍ਹਾਂ ਦੀਆਂ ਧਾਰਮਕ, ਸਿਆਸੀ, ਫ਼ਿਰਕੇਦਾਰਾਨਾ ਤੇ ਖੇਤਰੀ ਸੋਚਾਂ ਤੋਂ ਉੱਪਰ ਉੱਠ ਕੇ ਸ਼ੋਰ-ਪ੍ਰਦੂਸ਼ਣ ਰੋਕਣ ਦੇ ਉਪਰਾਲੇ ਕੀਤੇ ਜਾਣ, ਇਸ ਸੇਧ ਵਿਚ ਬਣੇ ਸਾਰੇ ਕਾਨੂੰਨ ਲਾਗੂ ਹੋਣ ਤੇ ਕਾਨੂੰਨਾਂ 'ਚ ਲੋੜੀਂਦੀਆਂ ਸੋਧਾਂ ਵੀ ਕੀਤੀਆਂ ਜਾਣ।   

No comments:

Post a Comment