Friday, 2 June 2017

ਸੰਪਾਦਕੀ ਟਿੱਪਣੀਆਂ (ਸੰਗਰਾਮੀ ਲਹਿਰ-ਜੂਨ 2017)

ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਵਿੱਤ ਮੰਤਰੀਆਂ 'ਤੇ ਅਧਾਰਤ ਜੀ.ਐਸ.ਟੀ. ਕੌਂਸਲ ਦੀ, ਪਿਛਲੇ ਦਿਨੀਂ, ਸ਼੍ਰੀਨਗਰ ਵਿਖੇ ਹੋਈ ਦੋ ਦਿਨਾਂ ਮੀਅਿੰਗ ਵਿਚ ''ਵਸਤੂ ਅਤੇ ਸੇਵਾ ਕਰ'' (GST) ਦੇ ਰੂਪ ਵਿਚ ਨਵਾਂ ਟੈਕਸ ਢਾਂਚਾ ਪ੍ਰਵਾਨ ਕਰ ਲਿਆ ਗਿਆ ਹੈ। ਇਸ ਅਨੁਸਾਰ 1211 ਵਸਤਾਂ ਅਤੇ ਲਗਭਗ 500 ਸੇਵਾਵਾਂ ਉਪਰ ਸਮੁੱਚੇ ਦੇਸ਼ ਅੰਦਰ ਇਕਸਾਰ ਟੈਕਸ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕੋ ਇਕ ਟੇਢੇ ਟੈਕਸਾਂ (Indirect Tax) ਦੀ ਇਹ ਨਵੀਂ ਪ੍ਰਣਾਲੀ ਏਸੇ ਸਾਲ ਪਹਿਲੀ ਜੁਲਾਈ ਤੋਂ ਲਾਗੂ ਹੋ ਜਾਵੇਗੀ।
ਇਸ ਪ੍ਰਣਾਲੀ ਅਨੁਸਾਰ ਕੁੱਝ ਇਕ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨੂੰ ਟੈਕਸ ਮੁਕਤ ਰੱਖਿਆ ਗਿਆ ਹੈ, ਇਹਨਾਂ ਵਿਚ ਅਨਾਜ, ਆਟਾ, ਫਲ, ਤਾਜਾ ਸਬਜੀਆਂ, ਦੁੱਧ ਦਹੀ, ਆਂਡੇ, ਗੁੜ, ਲੂਣ, ਸਿੱਖਿਆ ਤੇ ਸਿਹਤ ਸੇਵਾਵਾਂ ਆਦਿ ਸ਼ਾਮਲ ਹਨ। ਬਾਕੀ ਸਾਰੀਆਂ ਵਸਤਾਂ ਅਤੇ ਸੇਵਾਵਾਂ ਲਈ 5, 12, 18, ਅਤੇ 28 ਪ੍ਰਤੀਸ਼ਤ ਦੇ ਚਾਰ ਸਲੈਬ ਬਣਾਏ ਗਏ ਹਨ। ਇਸ ਤਰ੍ਹਾਂ ਕੁਲ 1211 ਵਸਤਾਂ 'ਚੋਂ 7% ਵਸਤਾਂ ਟੈਕਸ ਮੁਕਤ ਹੋਣਗੀਆਂ, ਜਦੋਂਕਿ 14% ਵਸਤਾਂ ਜਿਵੇਂ ਕਿ ਚਾਹ, ਕੌਫੀ, ਖੰਡ ਖਾਣ ਵਾਲੇ ਤੇਲ, ਬਰਾਂਡਿਡ ਅਨਾਜ, ਬਰਾਂਡਿਡ ਪਨੀਰ, ਕੋਲਾ, ਕੈਰੋਸੀਨ, ਰਸੋਈ ਗੈਸ, ਝਾੜੂ ਲੋਹਾ ਤੇ ਸਟੀਲ ਬਰਤਨ ਆਦਿ ਉਪਰ ਉਹਨਾਂ ਦੇ ਮੁੱਲ ਦੇ 5% ਦੇ ਬਰਾਬਰ ਟੇਕਸ ਲੱਗੇਗਾ। 17% ਵਸਤਾਂ ਜਿਵੇਂ ਕਿ ਸੁੱਕੇ ਮੇਵੇ, ਘਿਓ, ਮੱਖਣ, ਨਮਕੀਨ, ਦੁੱਧ ਤੋਂ ਬਣੀ ਲੱਸੀ, ਡੱਬਾ ਬੰਦ ਮੀਟ, ਮੋਬਾਇਲ, ਮੋਮਬੱਤੀਆਂ, ਅਗਰਬੱਤੀ, ਦੰਦ ਮੰਜਣ, ਐਨਕਾਂ ਦੇ ਸ਼ੀਸ਼ੇ, ਕੈਲੰਡਰ, ਟਰੈਕਟਰ, ਸਾਂਈਕਲ, ਖੇਡਾਂ ਦਾ ਸਮਾਨ ਆਦਿ 'ਤੇ 12 ਫੀਸਦੀ ਟੈਕਸ ਦੇਣਾ ਪਵੇਗਾ। 43% ਵਸਤਾਂ ਜਿਵੇਂ ਕਿ ਰਿਫਾਈਂਡ ਸ਼ੂਗਰ, ਕੰਡੈਨਸਡ ਮਿਲਕ, ਡੰਬਾ ਬੰਦ ਸਬਜ਼ੀਆਂ, ਵਾਲਾਂ ਦੇ ਤੇਲ, ਸਾਬਣ, ਜੈਮ, ਕੌਰਨਫਲੇਕੇਸ, ਸੌਸ-ਸੂਪ, ਆਈਸਕਰੀਮ ਆਦਿ ਉਪਰ 18% ਟੈਕਸ ਲੱਗੇਗਾ, ਅਤੇ 19% ਵਸਤਾਂ ਜਿਵੇਂ ਕਿ ਮੋਟਰ ਕਾਰ, ਮੋਟਰ ਸਾਈਕਲ, ਮਸ਼ੀਨਰੀ, ਘਰੇਲੂ ਹੰਡਣਸਾਰ ਵਸਤਾਂ, ਚਾਕਲੇਟ, ਕੋਕ, ਪਾਨ ਮਸਾਲਾ, ਮੇਕਅਪ ਦਾ ਸਮਾਨ, ਫਰਿਜ਼, ਪੇਂਟ, ਟੁਥਪੇਸਟ, ਸੇਵਿੰਗ ਕਰੀਮ, ਪਲਾਸਟਿਕ ਦਾ ਸਾਮਾਨ ਆਦਿ ਉਪਰ 28% ਦੀ ਦਰ ਨਾਲ ਟੇਕਸ ਲੱਗੇਗਾ। ਪੈਟਰੋਲ ਤੇ ਡੀਜ਼ਲ ਨੂੰ ਅਜੇ ਇਸ ਨਵੇਂ ਟੈਕਸ ਢਾਂਚੇ ਤੋਂ ਬਾਹਰ ਰੱਖਿਆ ਗਿਆ ਹੈ। ਸੋਨੇ ਉਪਰ ਟੈਕਸ ਦੀ ਦਰ ਨਿਸ਼ਚਿਤ ਕਰਨ ਬਾਰੇ ਵੀ ਅਜੇ ਫੈਸਲਾ ਕਰਨਾ ਬਾਕੀ ਹੈ। ਉਪਰੋਕਤ ਦਰਾਂ ਤੋਂ ਇਲਾਵਾ ਕੁਝ ਵਸਤਾਂ ਉਪਰ ਵਾਧੂ ਟੈਕਸ (Cess) ਵੀ ਜਾਰੀ ਰਹਿਣਗੇ।
ਕੇਂਦਰ ਸਰਕਾਰ ਵਲੋਂ ਪ੍ਰਭਾਵ ਤਾਂ ਇਹ ਦਿੱਤਾ ਜਾ ਰਿਹਾ ਹੈ ਕਿ ਇਸ ਨਾਲ ਦੇਸ਼ ਦੇ ਟੈਕਸ ਢਾਂਚੇ ਵਿਚ ਵੱਡੀ ਤਬਦੀਲੀ ਆਵੇਗੀ, ਟੈਕਸਾਂ ਦੀ ਉਗਰਾਹੀ ਵਧੇਗੀ, ਟੈਕਸਾਂ ਦੀ ਅਦਾਇਗੀ ਵਿਚ ਸਰਲਤਾ ਆਵੇਗੀ ਅਤੇ ਨਿਵੇਸ਼ਕਾਂ ਅੰਦਰ ਭਰੋਸਾ ਪੈਦਾ ਹੋਵੇਗਾ। ਜਿਸ ਨਾਲ ਸਮੁੱਚੇ ਰੂਪ ਵਿਚ ਦੇਸ਼ ਦੀ ਆਰਥਕਤਾ ਨੂੰ ਵੀ ਹੁਲਾਰਾ ਮਿਲੇਗਾ। ਐਪਰ, ਅਸਲ ਵਿਚ ਇਹ ਪ੍ਰਕਿਰਿਆ ਕੇਂਦਰ ਸਕਰਾਰ ਵਲੋਂ ਆਪਣੀ ਮਾਲੀ ਆਮਦਨ ਵਧਾਉਣ ਦਾ ਇਕ ਵੱਡਾ ਉਪਰਾਲਾ ਹੈ। ਇਸ ਪ੍ਰਣਾਲੀ ਰਾਹੀਂ ਮਾਲੀ ਸਾਧਨਾਂ ਉਪਰ ਕੇਂਦਰ ਸਰਕਾਰ ਦੀ ਪਕੜ ਤਾਂ ਲਾਜ਼ਮੀ ਮਜ਼ਬੂਤ ਹੋਵੇਗੀ, ਜਿਸ ਨਾਲ ਸੰਘੀ ਢਾਂਚਾ ਵੀ ਪ੍ਰਭਾਵਤ ਹੋਵੇਗਾ। ਏਸੇ ਲਈ ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਰਾਜ ਸਰਕਾਰਾਂ ਨੂੰ ਪੈਣ ਵਾਲੇ ਵਿੱਤੀ ਘਾਟੇ ਦੀ ਕੇਂਦਰ ਵਲੋਂ 5 ਸਾਲਾਂ ਤੱਕ ਪ੍ਰਤੀਪੂਰਤੀ ਕਰਨ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਦੌਰਾਨ ਰਾਜ ਸਰਕਾਰਾਂ ਆਪਣੇ ਖਰਚਿਆਂ ਖਾਤਰ ਆਮਦਨ ਦੇ ਨਵੇਂ ਵਸੀਲੇ ਪੈਦਾ ਕਰਨਗੀਆਂ।
ਸਮੁੱਚੇ ਰੂਪ ਵਿਚ ਇਸ ਨਵੀਂ ਟੈਕਸ ਪ੍ਰਣਾਲੀ ਨਾਲ ਆਮ ਲੋਕਾਂ ਉਪਰ ਟੈਕਸਾਂ ਦਾ ਭਾਰ ਹੋਰ ਵੱਧ ਜਾਵੇਗਾ, ਜਿਹੜਾ ਕਿ ਪਹਿਲਾਂ ਹੀ ਨਿਆਂਸੰਗਤ ਨਾ ਹੋਣ ਕਾਾਰਨ, ਆਮ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਜਾ ਚੁੱਕਾ ਹੈ। ਕੁਝ ਇਕ ਜ਼ਰੂਰੀ ਵਸਤਾਂ ਨੂੰ ਇਸ ਟੈਕਸ ਤੋਂ ਮੁਕਤ ਰੱਖਣ ਨਾਲ ਮਹਿੰਗਾਈ ਘੱਟ ਜਾਣ ਦੇ ਸਰਕਾਰੀ ਦਾਅਵੇ ਕਿਸੇ ਤਰ੍ਹਾਂ ਵੀ ਭਰੋਸੇ ਕਰਨ ਯੋਗ ਨਹੀਂ ਹਨ। ਕਿਉਂਕਿ ਲੋਕਾਂ ਦਾ ਇਹ ਇਕ ਤਲਖ ਤਜ਼ਰਬਾ ਹੈ ਕਿ ਵਪਾਰੀ ਵਰਗ ਤੇ ਕਾਰਖਾਨਿਆਂ ਦੇ ਮਾਲਕ ਟੈਕਸ ਦੀ ਦਰ ਵੱਧਣ ਉਪਰੰਤ ਉਸਦਾ ਭਾਰ ਖਪਤਕਾਰਾਂ ਤੇ ਤਾਂ ਪਾ ਦਿੰਦੇ ਹਨ (ਵਧੀ ਦਰ ਨਾਲੋਂ ਵੀ ਵੱਧ) ਪ੍ਰੰਤੂ ਟੈਕਸ ਦੀ ਦਰ ਵਿਚ ਕੀਤੀ ਗਈ ਕਟੌਤੀ ਦਾ ਲਾਭ ਖਪਤਕਾਰਾਂ ਤੱਕ ਨਹੀਂ ਜਾਣ ਦਿੰਦੇ, ਬਲਕਿ ਉਸ ਨੂੰ ਆਪਣੇ ਮੁਨਾਫੇ ਵਧਾਉਣ ਦਾ ਸਾਧਨ ਹੀ ਬਣਾਉਂਦੇ ਹਨ। ਇਸ ਲਈ ਚੋਰ ਬਾਜ਼ਾਰੀ ਤੇ ਮੁਨਾਫਾਖੋਰੀ 'ਤੇ ਰੋਕਾਂ ਲਾਏ ਬਗੈਰ ਇਸ ਛੋਟ ਦਾ ਆਮ ਖਪਤਕਾਰਾਂ ਨੂੰ ਕੋਈ ਲਾਭ ਨਹੀਂ ਮਿਲ ਸਕਦਾ। ਦੂਜੇ ਪਾਸੇ ਬਹੁਤ ਸਾਰੀਆਂ ਜ਼ਰੂਰੀ ਵਸਤਾਂ 'ਤੇ ਟੈਕਸ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਜਿਸ ਨਾਲ ਲਾਜ਼ਮੀ ਤੌਰ 'ਤੇ ਮਹਿੰਗਾਈ ਨੂੰ ਹੋਰ ਹੁਲਾਰਾ ਮਿਲੇਗਾ। ਟੈਕਸ ਪ੍ਰਣਾਲੀ ਨੂੰ ਨਿਆਂਸੰਗਤ ਬਨਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਮੌਜੂਦਾ ਰਾਜਤੰਤਰ ਤੋਂ ਵੱਸੋਂ ਦੇ ਜਿਹੜੇ ਹਿੱਸੇ ਵੱਧ ਲਾਭ ਲੈ ਕੇ ਆਪਣੀਆਂ ਅਮਾਦਨਾਂ ਵਧਾ ਰਹੇ ਹਨ ਵੁਹਨਾਂ ਉਪਰ ਸਿੱਧੇ ਟੈਕਸ ਵਧਾਏ ਜਾਣ ਅਤੇ ਆਮ ਲੋਕਾਂ ਤੇ ਭਾਰ ਬਣਦੇ ਟੇਢੇ ਟੈਕਸ ਘਟਾਏ ਜਾਣ। ਪ੍ਰੰਤੂ ਸਾਡੇ ਦੇਸ਼ ਅੰਦਰ ਸ਼ੁਰੂ ਤੋਂ ਹੀ ਇਸ ਦੇ ਉਲਟ ਟੈਕਸ ਨੀਤੀ ਅਪਣਾਈ ਗਈ ਹੈ। ਏਥੇ ਸਰਮਾਏਦਾਰਾਂ, ਵੱਡੇ ਵਪਾਰੀਆਂ ਅਤੇ ਵੱਡੇ ਭੂਮੀਪਤੀਆਂ ਨੂੰ ਟੈਕਸ ਛੋਟਾਂ ਦੇ ਕੇ ਹੋਰ ਵਧੇਰੇ ਵਧਣ ਫੁੱਲਣ ਦੇ ਮੌਕੇ ਲਗਾਤਾਰ ਦਿੱਤੇ ਜਾਂਦੇ ਰਹੇ ਹਨ, ਜਦੋਂਕਿ ਆਮ ਆਰਥਕ ਤੌਰ 'ਤੇ ਕਮਜ਼ੋਰ ਤੇ ਭੋਲੇ ਭਾਲੇ ਲੋਕਾਂ ਉਪਰ ਟੇਢੇ ਟੈਕਸਾਂ ਦਾ ਭਾਰ ਵਧਾਕੇ ਸਰਕਾਰੀ ਆਮਦਨਾਂ ਵਧਾਈਆਂ ਜਾ ਰਹੀਆਂ ਹਨ। ਇਹ ਨਵਾਂ ਟੈਕਸ ਢਾਂਚਾ ਵੀ ਏਸੇ ਸੇਧ ਵਿਚ ਸਿੱਟੇ ਕੱਢੇਗਾ। ਜਿਸ ਨਾਲ ਆਮ ਕਿਰਤੀ ਲੋਕਾਂ ਦੀਆਂ ਮੁਸ਼ਕਲਾਂ ਵਿਚ ਲਾਜ਼ਮੀ ਹੋਰ ਵਾਧਾ ਹੋਵੇਗਾ।
- ਹ.ਕ.ਸਿੰਘ

ਮਾਨਵਤਾ ਵਿਰੋਧੀ ਕਾਰਾ ਮੈਨਚੈਸਟਰ ਬੰਬ ਧਮਾਕਾ

 ਸੋਮਵਾਰ ਦੇਰ ਰਾਤ ਉੱਤਰੀ ਇੰਗਲੈਡ ਦੇ ਪ੍ਰਸਿੱਧ ਸ਼ਹਿਰ ਮੈਨਚੈਸਟਰ, ਜਿੱਥੇ ਭਾਰੀ ਗਿਣਤੀ ਭਾਰਤੀ ਅਤੇ ਪਾਕਿਸਤਾਨੀ ਵਸਦੇ ਹਨ, ਵਿਖੇ ਹੋਏ ਇੱਕ ਬੰਬ ਧਮਾਕੇ ਨੇ, ਨਾ ਕੇਵਲ ਇੰਗਲੈਡ ਅਤੇ ਯੂਰੋਪ, ਬਲਕਿ ਸੰਸਾਰ ਭਰ ਦੇ ਸੰਵੇਦਨਸ਼ੀਲ ਮਨੁੱਖਾਂ ਦੀਆਂ ਜਮੀਰਾਂ ਨੂੰ ਝੰਜੋੜ ਸਿੱਟਿਆ। ਇਸ ਘ੍ਰਿਣਤ ਤੇ ਮਨੁੱਖਤਾ ਵਿਰੋਧੀ ਕਾਰੇ ਨੇ 22 ਬੇਕਸੂਰਾਂ ਦੀ ਜਾਨ ਲੈ ਲਈ ਜਿਨ੍ਹਾਂ 'ਚੋਂ ਬਹੁਤੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸਨ ਅਤੇ ਸੱਭ ਤੋਂ ਛੋਟੀ ਬੱਚੀ ਕੇਵਲ ਅੱਠ ਸਾਲਾਂ ਦੀ ਹੈ। 59 ਲੋਕ ਹਸਪਤਾਲਾਂ 'ਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਕਤਲ ਕਰ ਦਿੱਤੇ ਗਏ ਮਾਸੂਮਾਂ 'ਚੋਂ ਕਈਆਂ ਦੀ ਉਸ ਦਿਨ ਸਾਲਗਰਿਹ ਸੀ। 21000 ਸੀਟਾਂ ਵਾਲਾ ਉਹ ਹਾਲ, ਜਿੱਥੇ ਇਹ ਮਨੁੱਖਤਾ ਮਾਰੂ ਬੰਬ ਧਮਾਕਾ ਕੀਤਾ ਗਿਆ, ਖਚਾਖਚ ਭਰਿਆ ਹੋਇਆ ਸੀ। ਉਸ ਵੇਲੇ ਇੱਥੇ ਕਿਸੇ ਅਮਰੀਕੀ ਮੂਲ ਦੇ ਗਾਇਕ ਦਾ ਪ੍ਰੋਗਰਾਮ ਚਲੱ ਰਿਹਾ ਸੀ। ਬੰਬ ਧਮਾਕੇ ਤੋਂ ਬਆਦ ਮਚੀ ਅਫ਼ਰਾ-ਤਫ਼ਰੀ ਨੇ ਸਥਿਤੀ ਬੜੀ ਭਿਆਨਕ ਬਣਾ ਦਿੱਤੀ।
ਪ੍ਰਮੁੱਖ ਅਖਬਾਰਾਂ 'ਚ ਛੱਪੀਆਂ ਖਬਰਾਂ ਦਸਦੀਆਂ ਹਨ ਕਿ ਜਖਮੀਆਂ ਅਤੇ ਗੁਆਚੇ ਬੱਚਿਆਂ ਦੇ ਮਾਪਿਆਂ ਨੂੰ ਸ਼ਹਿਰ ਵਿਚਲੇ ਗੁਰੂਦੁਆਰਾ ਸਾਹਿਬ 'ਚੋਂ ਬਹੁਮੰਤਵੀ ਮਦਦ ਹਾਸਲ ਹੋਈ।
8 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਰੁੱਝੀਆਂ ਇੰਗਲੈਂਡ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤੀ। ਡਾਊਨਿੰਗ ਸਟਰੀਟ (ਇੰਗਲੈਂਡ ਦੀ ਪਾਰਲੀਮੈਂਟ) ਵਿਖੇ ਮ੍ਰਿਤਕਾਂ ਦੇ ਸਤਿਕਾਰ ਵਜੋਂ ਦੇਸ਼ ਦਾ ਝੰਡਾ ਅਧੱਾ ਝੁਕਾ ਦਿੱਤਾ ਗਿਆ। ਖਦਸ਼ਾ ਹੈ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਜਖ਼ਮੀਆਂ 'ਚੋਂ ਕਈ ਬਹੁਤ ਗੰਭੀਰ ਹਨ ਅਤੇ ਅਨੇਕਾਂ ਲੋਕ ਅੱਜੇ ਤੱਕ ਆਪਣੇ ਬੱਚਿਆਂ ਨੂੰ ਲੱਭਦੇ ਮਾਰੇ-ਮਾਰੇ ਫ਼ਿਰ ਰਹੇ ਹਨ। ਮੁੱਢਲੇ ਹਾਲਾਤ ਅਤੇ ਹਾਸਲ ਸਬੂਤ ਇਹ ਦਸਦੇ ਹਨ ਕਿ ਇਹ ਬੰਬ ਧਮਾਕਾ ਕਿਸੇ ਮਨੁੱਖੀ ਬੰਬ ਰਾਹੀਂ ਕੀਤਾ ਗਿਆ ਹੈ। ਕਾਫ਼ੀ ਅਖਬਾਰਾਂ ਨੇ ਮਨੁੱਖੀ ਬੰਬ ਦਾ ਨਾਂ ਵੀ ਛਾਪ ਦਿੱਤਾ ਹੈ ਅਤੇ ਇਹ ਵੀ ਦੱਸ ਦਿੱਤਾ ਹੈ ਕਿ ਉਹ ਲੀਬੀਆਈ ਮੂਲ ਦਾ ਬ੍ਰਿਟਿਸ਼ ਨਾਗਰਿਕ ਹੈ। ਹਾਲੇ ਹੋਰ ਜਾਣਕਾਰੀਆਂ ਦੀ ਉੜੀਕ ਹੈ। ਬੰਬ ਧਮਾਕੇ ਦੀ ਜਿੰਮੇਂਵਾਰੀ ਆਪੇਣ ਆਪ ਨੂੰ ਇਸਲਾਮ ਦਾ ਪੈਰੋਕਾਰ ਦੱਸਣ ਵਾਲੇ ਅਤੱਵਾਦੀ ਸੰਗਠਨ ਇਸਲਾਮਿਕ ਸਟੇਟ (ISIS) ਨੇ ਲੈਂਦਿਆਂ ਕਿਹਾ ਕਿ 'ਹਜ਼ਰਤ ਮੁਹੰਮਦ ਦੇ ਪੈਰੋਕਾਰਾਂ ਦੀ ਫ਼ੌਜ ਦੇ ਜਾਂਬਾਜ਼ (?) ਸਿਪਾਹੀ' ਨੇ ਇਹ ''ਮੁਕਦੱਸ'' ਕਾਰਜ ਕੀਤਾ ਹੈ। ਇਸ ਤੋਂ ਵੱਡੀ ਬੇਇਨਸਾਫ਼ੀ ਹਜ਼ਰਤ ਮੁਹੰਮਦ ਨਾਲ ਹੋਰ ਨਹੀਂ ਹੋ ਸਕਦੀ। ਇਹ ਠੀਕ ਉਵੇਂ ਹੀ ਹੈ ਜਿਵੇਂ ਕੋਈ ਸਿਰਫਿਰਾ ਜਨੂੰਨੀਂ ਜੁਲਮ ਦੇ ਖਿਲਾਫ਼ ਲੜਦਿਆਂ ਆਪਣੇ ਚਾਰ ਪੁੱਤਰ ਸ਼ਹੀਦ ਕਰਾਉਣ ਵਾਲੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਕਿਸੇ ਦੇ ਮਾਸੂਮ ਬੱਚੇ ਕਤਲ ਕਰ ਦੇਵੇ। ਸਾਰੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵਲੋਂ ਇਸਲਾਮਿਕ ਸਟੇਟ ਦੇ ਬੁਲਾਰੇ ਨੂੰ ਸੁਆਲ ਕਰਨਾ ਬਣਦਾ ਹੈ ਕਿ, ਦੁਨੀਆਦਾਰੀ-ਰਾਜਨੀਤੀ ਅਤੇ ਹੋਰ ਵੱਡੇ ਸਰੋਕਾਰਾਂ ਤੋਂ ਅਨਜਾਣ ਮਾਸੂਮਾਂ ਨੂੰ ਜਿਬਾਹ ਕਰਕੇ ਉਹ ਇਸਲਾਮ ਦੀ ਕਿਹੜੀ ਸੇਵਾ ਕਰ ਰਹੇ ਹਨ? ਉਕਤ ਸਨਕੀ ਕਾਤਲ ਅਸਲ 'ਚ ਹਜ਼ਰਤ ਮੁਹੰਮਦ ਦੇ ਨਾਂ ਨੂੰ ਬੱਟਾ ਹੀ ਲਾ ਰਹੇ ਹਨ। ਇਸਲਾਮਿਕ ਸਟੇਟ ਦੇ ਅਤਵਾਦੀਆਂ ਵੱਲੋਂ ਪਹਿਲਾਂ ਵੀ ਇਹ ਗੁਮਰਾਹਕੁੰਨ ਬਿਆਨ ਆਉਂਦੇ ਰਹਿੰਦੇ ਹਨ ਕਿ ਅਜਿਹੀਆਂ ਵਾਰਦਾਤਾਂ (ਨਿਰਦੋਸ਼ਾਂ ਦੇ ਕਤਲੇਆਮ) ਉਹ ਅਮਰੀਕਾ ਅਤੇ ਹੋਰ ਪਛੱਮੀ ਦੇਸ਼ਾਂ ਨੂੰ ਉਨ੍ਹਾਂ ਦੀ ਇਸਲਾਮ ਵਿਰੋਧੀ ਪਹੁੰਚ ਅਤੇ ਕਾਰਵਾਈਆਂ ਦੇ ਜੁਆਬ ਵਜੋਂ ਕਰਦੇ ਹਨ। ਸੰਭਵ ਹੈ ਉਹ ਹੁਣ ਵੀ ਇਹੋ ਜਿਹਾ ਹੀ ਹੋਛਾ ਦਾਅਵਾ ਕਰਨ।
ਹਰ ਸੂਝਵਾਨ ਅਤੇ ਅਮਨ ਦੇ ਇਛੁੱਕ ਪ੍ਰਾਣੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਕਾਰਵਾਈਆਂ ਨਾਲ ਨਿਰਦਈ ਸਾਮਰਾਜੀ ਹਾਕਮਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਅਜਿਹੀਆਂ ਵਾਰਦਾਤਾਂ ਸਗੋਂ ਸਾਮਰਾਜੀ ਦੇਸ਼ਾਂ ਨੂੰ ਦੁਨੀਆਂ ਭਰ ਦੇ ਦੇਸ਼ਾਂ 'ਚ ਹੋਰ ਵਧੇਰੇ ਦਖਲ, ਇੱਥੋਂ ਤੱਕ ਕਿ ਫ਼ੌਜੀ ਕਾਰਵਾਈ ਜਾਂ ਕਬਜ਼ਾ ਤੱਕ ਜਮਾ ਲੈਣ ਦਾ ਮੌਕਾ ਮੁਹੱਈਆ ਕਰਵਾਉਂਦੀਆਂ ਹਨ। ਅਤੱਵਾਦੀ ਕਾਰਵਾਈਆਂ ਪ੍ਰਤੀ ਅੰਤਾਂ ਦੇ ਰੋਹ ਕਾਰਣ ਕਈ ਵਾਰ ਸਾਮਰਾਜੀ ਧੱਕੇਸ਼ਾਹੀਆਂ ਪ੍ਰਤੀ ਲੋਕ ਜਾਂ ਤਾਂ ਉਦਾਸੀਨ ਹੋ ਜਾਂਦੇ ਹਨ ਜਾਂ ਸਮਰਾਜੀ ਦਖਲ ਨੂੰ ਜਾਇਜ਼ ਵੀ ਸਮਝਣ ਲੱਗ ਪੈਂਦੇ ਹਨ। ਇਸ ਤਰ੍ਹਾਂ ਦੁਨੀਆਂ ਭਰ ਦੇ ਅਤੱਵਾਦੀ ਖਾਸ ਕਰ ਇਸਲਾਮਿਕ ਸਟੇਟ ਵਾਲੇ ਅਮਰੀਕਾ ਦੇ ਮਦਦਗਾਰ ਹੀ ਹੋ ਨਿਬੜਦੇ ਹਨ। ਵੈਸੇ ਵੀ ਸਿਆਸੀ ਵਿਸ਼ਲੇਸ਼ਕ ਇਸ ਹਕੀਕਤ ਤੋਂ ਅਣਜਾਣ ਨਹੀਂ ਕਿ ਦੁਨੀਆਂ ਭਰ ਦੇ ਅੱਤਵਾਦੀ ਨੈਟਵਰਕਾਂ ਦਾ ਜਨਮ ਦਾਤਾ ਅਤੇ ਪੁਸ਼ਤ ਪਨਾਹ ਸਾਮਰਾਜ ਖਾਸ ਕਰ ਅਮਰੀਕਣ ਸਾਮਰਾਜ ਹੀ ਹੈ।   ਸਾਡੀ ਜਾਚੇ ਸਾਮਰਾਜੀਆਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਵਲੋਂ ਲੁੱਟੇ ਪੁੱਟੇ ਜਾਂਦੇ ਸੰਸਾਰ ਭਰ ਦੇ ਕਿਰਤੀਆਂ ਦੀ ਜਮਹੂਰੀ ਲਹਿਰ ਹੀ ਸਾਮਰਾਜੀ ਧੱਕੇਸ਼ਾਹੀਆਂ ਦੇ ਖਾਤਮੇ ਦੀ ਗਰੰਟੀ ਹੋ ਸਕਦੀ। ਸੰਸਾਰ ਭਰ ਦੇ ਪ੍ਰਗਤੀਵਾਦੀ, ਅਮਨਪਸੰਦ, ਬਰਾਬਰੀ ਲਈ ਜੂਝ ਰਹੇ ਲੋਕਾਂ ਨੂੰ ਇਸ ਹਾਲਾਤ ਵਿੱਚ ਫ਼ੌਰੀ ਯੋਗ ਦਖਲ ਦੇਣਾ ਚਾਹੀਦਾ ਹੈ। ਇਨ੍ਹਾਂ ਭਾਵਨਾਵਾਂ ਨਾਲ ਅਸੀਂ ਬੰਬ ਧਮਾਕੇ 'ਚ ਮਾਰੇ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।                                  
 - ਮ.ਪ.

No comments:

Post a Comment