Friday 2 June 2017

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੂਨ 2017)

ਕਹਾਣੀ
ਕਹਾਣੀ ਦਾ ਪਾਸਪੋਰਟ
 
- ਅਫ਼ਜ਼ਲ ਤੌਸੀਫ਼ 
ਕਹਾਣੀ ਕੀ ਏ? ਹਰ ਥਾਂ ਲੱਭ ਜਾਂਦੀ ਹੈ। ਹਰ ਥਾਂ ਤੁਰੀ ਫਿਰਦੀ  ਏ। ਦੇਸ਼-ਪ੍ਰਦੇਸ਼, ਸਫਰ, ਸ਼ਹਿਰ, ਮਕਾਨਾਂ, ਬੰਦਾ 'ਤੇ ਬੰਦਾ, ਇੱਟ ਦੀ ਵੀ ਕਹਾਣੀ ਬਣ ਜਾਂਦੀ ਏ। ਆਹੋ! ਜੇ ਮੈਂ ਓਸ ਦਿਨ... ਓਸ ਖਾਸ ਦਿਨ ਜੋ ਆਪ ਵੀ ਕਹਾਣੀ ਬਣ ਚੁੱਕਾ ਏ। ਸਿੰਬਲੀ (ਪਿਛਲਾ ਪਿੰਡ) ਜਾ ਕੇ ਆਪਣੇ ਚੁਬਾਰੇ ਦੀ ਡਿੱਗੀ ਇਕ ਇੱਟ ਚੁਕ ਲਿਆਉਂਦੀ ਤਾਂ ਓਸ ਇੱਟ ਦੀ ਕਹਾਣੀ ਲਿਖਣ ਲਈ ਮੈਨੂੰ ਮੁਗ਼ਲਾਂ ਦੇ ਜ਼ਮਾਨੇ ਤਾਈਂ ਜਾਣਾ ਪੈਂਦਾ। ਮੈਂ ਇੱਟ ਨਹੀਂ ਚੁੱਕੀ, ਚੰਗਾ ਹੋਇਆ। ਪਰ ਕੀ ਚੰਗਾ? ਮੂਸਾ ਡਰਿਆ ਮੌਤ ਤੋਂ ਅੱਗੇ ਮੌਤ ਖੜ੍ਹੀ ਵਾਲੀ ਗੱਲ ਹੋਈ। ਕਹਾਣੀ ਨੇ ਮੇਰੇ ਸਿਰ ਚੜ੍ਹਨਾ ਹੀ ਸੀ, ਇੱਟ ਨਾ ਪੁੱਟੀ, ਅਖਬਾਰ ਪੜ੍ਹ ਲਿਆ। ਅਖਬਾਰ ਵਾਲੀ ਕਿਹੜੀ ਘੱਟ ਸੀ। ਉਹ ਮੈਨੂੰ ਲੈ ਤੁਰੀ, ਪਹਿਲਾਂ ਅਮਰੀਕਾ ਲੈ ਗਈ। ਅੱਜ ਦੇ ਅਮਰੀਕਾ ਵਿਚ ਕਈ ਥਾਂ ਫਿਰਾਉਂਦੀ ਹੋਈ, ਪਿੱਛੇ ਦੂਰ ਸੱਠ ਵਰ੍ਹੇ ਪਹਿਲਾਂ ਦੇ ਅਮਰੀਕਾ ਵਿਚ ਕੰਟਰੀ ਸਾਈਡ (ਪੇਂਡੂ ਇਲਾਕਾ) ਤੇ ਕਾਲਿਆਂ ਦੀ ਕਾਲੋਨੀ ਵੱਲ ਲੈ ਤੁਰੀ। ਅਣਜਾਣੇ ਮੁਲਕ ਦੇ ਅਣਜਾਣੇ ਜ਼ਮਾਨੇ। ਕਿੱਡੀ ਮੁਸ਼ਕਿਲ ਏ, ਮੇਰੇ ਵਰਗੇ ਬੰਦੇ ਲਈ, ਜੋ ਕਦੇ ਅਮਰੀਕਾ ਗਿਆ ਈ ਨਾ ਹੋਵੇ।
ਪਰ ਹੋਰ ਕੀ ਆਸਾਨ ਸੀ। ਓਸ ਕਹਾਣੀ ਦਾ ਧੰਨ ਜਿਗਰਾ। ਕਹਾਣੀ ਦੀ ਰਾਮ ਦੁਲਾਰੀ ਜੋ ਮੈਨੂੰ ਅਮਰੀਕਾ ਫਿਰਾ ਕੇ ਮੁੜ ਹਿੰਦੁਸਤਾਨ ਲੈ ਆਈ। ਭਾਰਤ ਨਹੀਂ ਉਹ ਹਿੰਦੁਸਤਾਨ ਦਾ ਪੰਜਾਬ ਸੀ, ਉਹ ਜ਼ਮਾਨਾ ਬ੍ਰਿਟਿਸ਼ ਰਾਜ ਦਾ ਸੀ। ਅੱਜ ਤੋਂ ਸੱਠ ਕੁ ਸਾਲ ਪਹਿਲਾਂ ਜਾਰਜ ਕਿ ਐਡਵਰਡ, ਸ਼ਿਸ਼ਮ ਕਿ ਹਫਤੰਮ (ਛੇਵਾਂ ਕਿ ਸੱਤਵਾਂ), ਮਲਕਾ ਵਿਕਟੋਰੀਆ ਦਾ ਕੋਈ ਪੋਤਾ ਸੀ ਤਖ਼ਤ ਉਤੇ। ਮੇਰਾ ਮਤਲਬ ਏ ਇੰਗਲਿਸਤਾਨ ਦੇ ਤਖਤ ਉਤੇ ਕੋਹੇਨੂਰ ਹੀਰੇ ਵਾਲਾ ਤਾਜ ਸਿਰ 'ਤੇ ਰੱਖੀ ਬੈਠਾ ਹਕੂਮਤ ਕਰ ਰਿਹਾ ਸੀ। ਬਰਤਾਨੀਆਂ ਦੀਆਂ ਫੌਜਾਂ ਤੇ ਸਮੁੰਦਰੀ ਬੇੜੇ ਯੂਰਪ ਤੋਂ ਲੈ ਕੇ ਏਸ਼ੀਆ ਤੋੜੀ ਯੂਨੀਅਨ ਜੈਕ ਦਾ ਝੰਡਾ ਲਹਿਰਾ ਕੇ ਦੁਨੀਆਂ ਦੀ ਸੁਪਰਪਾਵਰ ਦਾ ਡੰਕਾ ਵਜਾ ਰਿਹਾ ਸੀ। ਬਰਤਾਨੀਆ ਰਾਜ ਵਾਲੇ ਉਸ ਦੁਨੀਆਂ ਵਿਚ ਸੂਰਜ ਨੂੰ ਹੁਕਮ ਸੀ ਕਿ ਉਹ ਰਾਤ ਨੂੰ ਵੀ ਦਿਨ ਰੱਖੇ। ਓਸ ਜ਼ਮਾਨੇ ਹਿੰਦੁਸਤਾਨ ਵਿਚ ਬੜਾ ਹੀ ਹਨ੍ਹੇਰਾ ਸੀ। ਦਿਨ ਨੂੰ ਦਿਨ ਨਹੀਂ ਸੀ ਚੜ੍ਹਦਾ। ਪਰ ਇਹ ਗੱਲ ਸਿਰਫ ਲੋਕਾਂ ਵਾਸਤੇ ਹੀ ਸੱਚ ਸੀ। ਹਾਕਮਾਂ ਵਾਸਤੇ ਨਹੀਂ।
ਸੱਚ ਝੂਠ, ਹਨ੍ਹੇਰ ਚਾਨਣ। ਸਤਯੁੱਗ। ਕਲਯੁੱਗ ਦੇ ਓਸ ਹਿੰਦੁਸਤਾਨ ਵਿਚ ਇਕ ਪਾਸਪੋਰਟ ਬਣਿਆ। ਹਿੱਜ਼ ਮੈਜਸਟੀ ਦੀ ਕਿੰਗ ਦੀ ਤਸਵੀਰ ਵਾਲੇ ਕਾਗਜ਼, ਇਕ ਹੁਕਮਨਾਮਾ ਵਾਇਸਰਾਏ ਹਿੰਦ ਵਲੋਂ ਜਾਰੀ ਹੋਇਆ। 19 ਸਾਲ ਦੀ ਉਮਰ ਦਾ ਇਕ ਗੱਭਰੂ ਕਿਸਾਨ, ਪੰਦਰਾਂ ਕੁ ਸਾਲ ਦੀ ਵਹੁਟੀ ਲੈ ਕੇ ਅਮਰੀਕਾ ਜਾਣਾ ਚਾਹੁੰਦਾ ਸੀ। ਓਸ ਵੇਲੇ ਦੇ ਹਿਸਾਬ ਨਾਲ ਬਹੁਤੀ ਖਾਸ ਗੱਲ ਵੀ ਨਹੀਂ ਸੀ। ਕਿਉਂ ਜੇ ਉਸ ਦੀ ਥਾਂ ਪਹਿਲਾਂ ਓਸ ਮੁੰਡੇ ਦਾ ਤਾਇਆ ਤੇ ਦਾਦਾ ਅਮਰੀਕਾ ਜਾ ਚੁੱਕੇ ਸਨ। ਉਥੇ ਵਰਜੀਨੀਆ ਦੇ ਫਾਰਮਾਂ ਉਤੇ ਘੋੜਿਆਂ ਨਾਲ ਹਲ ਵਾਹੁੰਦੇ ਹੋਏ ਅੱਗੋਂ ਟਰੈਕਟਰ ਚਲਾਉਣਾ ਵੀ ਸਿੱਖ ਗਏ ਸੀ। ਉਹਨਾਂ ਦੀਆਂ ਚਿੱਠੀਆਂ ਪੱਤਰਾਂ ਤੋਂ ਪਤਾ ਲੱਗਦਾ ਸੀ ਬਈ ਮਿਹਨਤ ਭਾਵੇਂ ਬਹੁਤ ਸਖਤ ਏ, ਪਰ ਰੱਜਵੀਂ ਰੋਟੀ ਬੜੀ ਲੱਭਦੀ ਏ ਤੇ ਚੋਖੀ ਆਜ਼ਾਦੀ ਵੀ ਹੈ। ਕੋਈ ਮੁਜ਼ਾਰਾ ਕਰਜ਼ੇ ਥੱਲੇ ਦੱਬਿਆ ਹੋਇਆ ਨਹੀਂ। ਕਿਸੇ ਨੂੰ ਅਨਾਜ ਉਗਾ ਕੇ ਭੁੱਖਾ ਨਹੀਂ ਮਰਨਾ ਪੈਂਦਾ। ਮਾਲਕਾਂ ਵਲੋਂ ਵੀ ਕੋਈ ਤੰਗੀ ਨਹੀਂ ਦਿੱਤੀ ਜਾਂਦੀ। ਸਾਡੀ ਕਹਾਣੀ ਦੇ ਹੀਰੋ, ਹੀਰੋਇਨ ਅਮਰੀਕਾ ਵਿਚ ਸਾਰੀ ਜਵਾਨੀ, ਵਿਚਕਾਰਲੀ ਉਮਰ ਤੇ ਬੁਢੇਪਾ ਗੁਜ਼ਾਰ ਚੁੱਕੇ ਨੇ। ਉਹਨਾਂ ਨੂੰ ਕੱਖ ਪਤਾ ਨਹੀਂ ਪਿੱਛੇ ਹਿੰਦੁਸਤਾਨ ਵਿਚ ਕੀ ਹੋਇਆ ਤੇ ਕਿਸ ਤਰ੍ਹਾਂ ਹੋਇਆ। ਉਹਨਾਂ ਦਾ ਪਹਿਲਾ ਪੁੱਤਰ ਉਥੇ ਵਰਜੀਨੀਆ ਦੇ ਕਿਸੇ ਫਾਰਮ 'ਤੇ ਜੰਮਿਆ ਸੀ। ਪਿੱਛੇ ਕੋਈ ਰਿਸ਼ਤੇਦਾਰ ਬਚਿਆ ਨਹੀਂ ਸੀ। ਫੇਰ ਵੀ ਉਹ ਅਮਰੀਕੀ ਨਹੀਂ ਸਨ। ਹਿੰਦੂਸਤਾਨੀ ਟੱਕਰਾਂ ਹੀ ਰਹੀਆਂ। ਹੁਣ ਕੋਈ ਪੁੱਛੇ, ਸੱਠ ਸਾਲ ਅਮਰੀਕਾ ਵਿਚ ਰਹਿ ਕੇ ਕਦੇ ਵੀ ਪਿੱਛੇ ਦਾ ਪਤਾ ਨਾ ਕੀਤਾ, ਤੇ ਅਖੀਰ ਉਹਨਾਂ ਦੀ ਤਕਦੀਰ ਉਹੋ ਕਿਉਂ ਬਣੀ, ਜੋ ਹਿੰਦੁਸਤਾਨੀ ਸਮਾਜ ਦੇ ਗਰੀਬ ਬੁੱਢੇ ਬੁੱਢੀ ਦੀ ਹੁੰਦੀ ਏ। ਉਂਝ ਗਰੀਬ ਤਾਂ ਉਹ ਸੱਠ ਸਾਲ ਪਹਿਲਾਂ ਹੁੰਦੇ ਸੀ।
ਪਿੱਛੋਂ ਅਮਰੀਕਾ ਜਾ ਕੇ ਉਹਨਾਂ ਦੇ ਦਿਨ ਬਦਲ ਗਏ। ਦੱਬ ਕਮਾਈਆਂ ਕੀਤੀਆਂ। ਆਪਣਾ ਮਕਾਨ। ਕਈ ਮੁੰਡੇ ਕੁੜੀਆਂ ਜੰਮ ਪਏ। ਫੇਰ ਅੱਗੋਂ ਪੋਤੇ ਵੀ ਹੋ ਗਏ, ਹਿੰਦੂਸਤਾਨੀ ਸਮਾਜ ਵਿਚ ਦੌਲਤ-ਮੰਦੀ ਤੇ ਬਖਤਾਵਰੀ ਏਸੇ ਨੂੰ ਆਖਿਆ ਜਾਂਦਾ ਏ। ਨਹੀਂ?
ਪਰ ਇਕ ਦਿਨ ਅਚਾਨਕ ਉਹਨਾਂ ਨੂੰ ਲੱਗਾ ਕਿ ਉਹ ਲੁੱਟੇ ਗਏ ਨੇ। ਉਹਨਾਂ ਦਾ ਘਰ, ਫਾਰਮ, ਮਕਾਨ ਤੇ ਬੈਂਕ ਵਿਚਲੇ ਪੈਸੇ ਸਭ ਕੁੱਝ ਖੁਸ ਗਿਆ ਹੈ ਤੇ ਉਹ ਘਰੋਂ ਕੱਢੇ ਜਾ ਰਹੇ ਨੇ। ਘਰੋਂ ਨਿਕਲ ਕੇ ਜਾਣਾ ਕਿੱਥੇ? ਮੁੜ ਪਿੱਛੇ। ਬੁੱਢੜੀ ਨੇ ਖੌਰੇ ਕੰਧ ਕੋਲੋਂ ਪੁਛਿਆ ਕਿ ਤਕਦੀਰ ਕੋਲੋਂ। ਪਰ ਉਹਦੀ ਕੰਧ ਤੇ ਤਕਦੀਰ ਤਾਂ ਉਹੋ ਇਹ ਬੰਦਾ ਸੀ, ਜਿਹਦੇ ਲੜ ਲੱਗ ਕੇ, ਫੇਰੇ ਲੈ ਕੇ ਪਹਿਲਾਂ ਬਾਪ ਦੀ ਦਹਿਲੀਜ਼ ਟੱਪੀ ਸੀ। ਫੇਰ ਵਰ੍ਹੇ ਕੁ ਪਿੱਛੋਂ, ਪਿੱਛੇ-ਪਿੱਛੇ ਤੁਰਦੀ ਰੇਲ 'ਤੇ ਚੜ੍ਹ ਕੇ ਬੰਬਈ ਅੱਪੜੀ। ਸਮੁੰਦਰੀ ਜਹਾਜ਼ ਦੀਆਂ ਪੌੜੀਆਂ ਚੜ੍ਹਨ ਵੇਲੇ ਉਹ ਬਹੁਤ ਈ ਡਰ ਗਈ ਸੀ। ਏਸੇ ਕਰਕੇ ਪਹਿਲੀ ਵਾਰੀ ਉਹ ਦੁਨੀਆਂ ਦੇ ਸਾਹਮਣੇ ਆਪਣੇ ਪਤੀ ਦੀ ਬਾਂਹ ਨਾਲ ਜਾ ਲੱਗੀ। ਪਹਿਲੀ ਵਾਰ ਈ ਲਾਲਾ ਜੀ ਨੇ ਵੀ ਆਪਣੀ ਚਿੜੀ ਵਰਗੀ ਵਹੁਟੀ ਨੂੰ ਸਹਾਰਾ ਦੇ ਕੇ ਪੌੜੀਆਂ ਚੜ੍ਹਾਈਆਂ। ਏਸ ਥੀਂ ਪਿੱਛੋਂ ਫੇਰ ਸਾਰੇ ਜ਼ਮਾਨੇ ਅੱਗੇ-ਪਿੱਛੇ ਟੁਰਨੇ ਦੇ ਸੀ। ਮੂੰਹ ਤੇ ਘੁੰਢ। ਅੱਖਾਂ ਨੀਵੀਆਂ, ਪਤੀ ਕੋਲੋਂ ਦੋ ਕਦਮ ਪਿੱਛੇ ਰਹਿ ਕੇ ਉਹਦੇ ਮਗਰ ਮਗਰ ਟੁਰਦੀ ਨੂੰ ਇਹ ਦਿਨ ਆ ਗਿਆ। ਪਰ ਅੱਜ ਫਿਰ ਉਹਨੂੰ ਬੜਾ ਈ ਡਰ ਲੱਗਾ। ਅੱਜ ਉਹਦੇ ਸਾਹਮਣੇ ਕੋਈ ਜਹਾਜ਼ ਵੀ ਨਹੀਂ ਸੀ, ਜੋ ਕਿਸੇ ਨੂੰ ਨਵੀਂ ਦੁਨੀਆਂ ਵੱਲ ਲੈ ਜਾਊ। ਪੰਦਰਾਂ ਸਾਲਾਂ ਦੀ ਕੁੜੀ ਪੰਝੱਤਰਾਂ ਵਰ੍ਹਿਆਂ ਦੀ ਬੁੱਢੀ ਬਣ ਚੁੱਕੀ ਸੀ। ਪਰ ਅੰਦਰ ਡਰ ਕੇ ਕਾਂਬਾ ਉਸੇ ਬਾਲੜੀ ਵਰਗਾ ਸੀ। ਅੱਜ ਤਾਂ ਉਹ ਬਾਂਹ ਵੀ ਬੜੀ ਥੱਕੀ ਹੋਈ ਸੀ, ਜਿਹਨੂੂੰ ਫੜ ਕੇ ਉਹ ਪ੍ਰਦੇਸ ਦੀ ਰਾਹ 'ਤੇ ਟੁਰੀ ਸੀ।
ਅੱਸੀ ਕੁ ਸਾਲ ਦੇ ਕਿਸਾਨ ਨੇ ਅੱਖ ਚੁੱਕ ਕੇ ਵੇਖਿਆ, ਅੱਗੇ ਭਵਿੱਖ ਦੀ ਹਰਿਆਵਲ ਕੋਈ ਨਹੀਂ ਸੀ ਦਿਸਦੀ।
ਪਿੱਛੇ ਬੀਤੇ ਦੇ ਬੰਜਰ ਹੀ ਬੰਜਰ। ''ਇਹ ਤਾਂ ਬੜੀ ਬੇਇਨਸਾਫੀ ਏ ਭਾਈ।'' ਮੈਂ ਵੱਡੇ ਸ਼ਹਿਰ ਜਾਵਾਂਗਾ। ਗੋਰੇ ਸਦਰ ਕੋਲ ਫਰਿਆਦ ਕਰਾਂਗਾ। ਉਹਨੂੰ ਯਾਦ ਆਇਆ ਹਿੰਦੁਸਤਾਨ ਵਿਚ ਕਿਸ ਤਰ੍ਹਾਂ ਗੋਰਾ ਸਾਹਿਬ ਕਚਹਿਰੀ ਲਾ ਕੇ ਨਿੱਕੇ ਵੱਡੇ ਦਾ ਇਨਸਾਫ ਕਰਦਾ ਸੀ। ਕਿਸੇ ਦੀ ਮਜ਼ਾਲ ਨਹੀਂ ਕੋਈ ਡਾਢਾ ਮਾੜੇ ਨੂੰ ਘਰੋਂ ਕੱਢ ਦੇਵੇ। ਚੱਲ ਚੱਲੀਏ, ਭਲੀਏ ਲੋਕੇ, ਕਿਤੇ ਸ਼ਹਿਰ ਜਾ ਕੇ ਇਨਸਾਫ ਦਾ ਘਰ ਲੱਭੀਏ। ਖਾਵੰਦ ਨੇ ਸਲਾਹ ਕੀਤੀ। ਜ਼ਨਾਨੀ ਨੇ ਗੱਠੜੀ ਬੰਨ੍ਹ ਲਈ। ਆਪਣੀ ਟੂੰਬ ਟਾਕੀ ਪੈਸਿਆਂ ਦੀ ਗੁਥਲੀ ਤੇ ਇਕ ਹੋਰ ਗੁਥਲੀ ਟਰੰਕ ਵਿਚੋਂ ਕੱਢ ਕੇ ਨਾਲ ਰੱਖ ਲਈ।
ਵੱਡੇ ਅਮਰੀਕਾ ਦੇ ਵੱਡੇ ਸ਼ਹਿਰ ਦੀਆਂ ਚੌੜੀਆਂ ਸੜਕਾਂ ਤੇ ਉਚੀਆਂ ਇਮਾਰਤਾਂ ਵਿਚਕਾਰ ਉਹ ਦੋਵੇਂ ਬਹੁਤ ਹੀ ਨਿੱਕੇ ਨਿੱਕੇ, ਡਰੇ ਡਰੇ ਜਾਨਵਰ ਜਿਹੇ ਗੱਡੀਆਂ ਬੱਸਾਂ ਦੀ ਭੀੜ ਵਿਚ ਬੇਬੱਸ ਹੋ ਗਏ ਤਾਂ ਇਕ ਬੱਸ ਸਟਾਪ 'ਤੇ ਸਾਹ ਲੈਣ ਲਈ ਖਲੋ ਗਏ। ਲਾਲਾ ਜੀ ਨੂੰ ਅੰਗਰੇਜ਼ੀ ਗੁਜ਼ਾਰੇ ਲਾਇਕ ਆਉਂਦੀ ਸੀ। ਪਰ ਕੀਹਦੇ ਕੋਲੋਂ ਪੁੱਛਣ ਤੇ ਕੀ ਪੁੱਛਣ। ਹਰ ਕੋਈ ਰੁੱਝਿਆ, ਬਸ ਦੀ ਉਡੀਕ ਵਾਲੇ ਪੰਜ ਮਿੰਟ ਗੁਜ਼ਾਰਨ ਲਈ ਆਪਣੇ ਆਹਰੇ ਲੱਗੇ ਹੋਏ, ਕਿਸੇ ਦੀਆਂ ਅੱਖਾਂ ਅਖਬਾਰ 'ਤੇ ਗੱਡੀਆਂ ਹੋਈਆਂ। ਕਿਸੇ ਦੀਆਂ ਗਰਲ ਫਰੈਂਡ ਦੇ ਮੂੰਹ 'ਤੇ ਲੱਗੀਆਂ। ਕਿਸੇ ਨੇ ਬੁੱਲ੍ਹ ਸਿਗਰਟ ਨਾਲ ਸੀਤੇ ਹੋਏ, ਕਿਸੇ ਦੇ ਕੁੜੀ ਦੇ ਬੁੱਲਾਂ ਨਾਲ ਗੋਂਦੇ ਹੋਏ।
''ਪਾਣੀ ਪੀਣਾ ਏ।'' ਜ਼ਨਾਨੀ ਦੀ ਆਵਾਜ਼ ਸੁਣ ਕੇ ਲਾਲਾ ਜੀ ਨੂੰ ਲੱਗਾ, ਜਿਵੇਂ ਉਹ ਆਪ ਵੀ ਧੁਰ ਦਾ ਪਿਆਸਾ ਹੋਵੇ। ਚੰਗਾ ਤੂੰ ਇੱਥੇ ਖਲੋ, ਮੈਂ ਪਾਣੀ ਦੀ ਬੋਤਲ ਲਿਆਉਂਦਾ। ਪਾਣੀ ਦੀ ਥਾਂ ਲੱਭਦਾ ਲੱਭਦਾ ਵਿਚਾਰਾ ਪ੍ਰਦੇਸੀ, ਉਹ ਥਾਂ ਵੀ ਭੁੱਲ ਗਿਆ, ਜਿੱਥੇ ਜੀਵਨ ਸਾਥਣ ਨੂੰ ਛੱਡ ਕੇ ਗਿਆ ਸੀ। ਹੁਣ ਉਹਨਾਂ ਦੀ ਹਾਲਤ ਬਹੁਤ ਬੁਰੀ ਸੀ। ਕੱਲੇ ਕੱਲੇ ਪ੍ਰੇਸ਼ਾਨ ਇਕ ਦੂਜੇ ਨੂੰ ਲੱਭ ਰਹੇ ਸਨ। ਜ਼ਨਾਨੀ ਤਾਂ ਉਸੇ ਥਾਂ ਗੱਡੀ ਖੜ੍ਹੀ ਸੀ। ਅੱਖਾਂ ਵਿਚ ਅੱਥਰੂ, ਦਿਲ ਕੰਬ ਰਿਹਾ ਸੀ। ਮੁਸ਼ਕਿਲ ਨਾਲ ਆਵਾਜ਼ ਕੱਢਦੀ, ਲਾਲਾ ਜੀ, ਲਾਲਾ ਜੀ, ਫੇਰ ਆਸ ਪਾਸ ਵਾਲਿਆਂ ਦੀ ਮਿੰਨਤ ਕੀਤੀ। ਹੈਲਪ, ਹੈਲਪ, ਕਰੋ ਜੀ।
ਹੈਲਪ (ਸਹਾਇਤਾ) ਕਰਨ ਵਾਲੇ ਆ ਗਏ, ਤਾਂ ਅੱਗੋਂ ਵੀ ਮੁਸ਼ਕਿਲ। ਇਕ ਲਫ਼ਜ਼ ''ਹਸਬੈਂਡ ਲੋਸਟ'' (ਪਤੀ ਗਵਾਚ ਗਿਆ) ਹੋਰ ਕੰਮ ਆ ਗਿਆ। ਪਰ ਜਦੋਂ ਉਹਨਾਂ ਓਸ ਹਸਬੈਂਡ ਦਾ ਨਾਂ ਪੁੱਛਿਆ ਤਾਂ ਬੜੀ ਮੁਸ਼ਕਿਲ ਬਣੀ। ਹਿੰਦੂਸਤਾਨੀ ਔਰਤ ਪੁਰਾਣੇ ਵੇਲਿਆਂ ਦੀ। ਆਪਣੇ ਸਿਰਤਾਜ ਦਾ ਨਾਂ ਕਿਵੇਂ ਲੈ ਸਕਦੀ ਸੀ। ਏਸ ਗੱਲ ਨੂੰ ਗੋਰੇ ਸਮਝ ਵੀ ਨਹੀਂ ਸੀ ਸਕਦੇ। ਤਾਹੀਓਂ ਇਕ ਸਮਝਣ ਵਾਲਾ ਵੀ ਆ ਗਿਆ। ਕੋਈ ਹਿੰਦੁਸਤਾਨੀ ਸੀ ਜਾਂ ਪਾਕਿਸਤਾਨੀ ਸੀ। ਉਸਨੇ ਮਾਈ ਨੂੰ ਕਿਹਾ, ਕੋਈ ਕਾਗਜ਼ ਪੱਤਰ ਹੋਵੇ ਤਾਂ ਵਿਖਾ ਦਿਓ। ਨਾਂ ਵੀ ਪਤਾ ਹੋਵੇ ਤਾਂ ਬੰਦਾ ਲੱਭਣਾ ਆਸਾਨ ਹੋ ਜਾਊ।
ਹੁਣ ਮਾਈ ਨੇ ਆਪਣੇ ਕੰਬਦੇ ਹੱਥਾਂ ਨਾਲ ਪੁਰਾਣੇ ਵੇਲਿਆਂ ਦੀ ਅਟੈਚੀ ਖੋਲ੍ਹੀ। ਅੰਦਰੋਂ ਇਕ ਗੱਠੜੀ ਵਿਚੋਂ ਗੁਥਲੀ ਕੱਢ ਕੇ ਪਾਸਪੋਰਟ ਦਾ ਕਾਗਜ਼ ਖਿੱਚ ਲਿਆ। ਪਹਿਲਾਂ ਕਾਗਜ਼ ਹਿੱਜ਼ ਮੈਜਸਟੀ ਦੀ ਕਿੰਗ ਜਾਰਜ ਸ਼ਿਸ਼ਮ (ਛੇਵਾਂ) ਦੀ ਮੋਹਰ ਸੀ। ਇਕ ਗੱਭਰੂ ਜਵਾਨ ਪੇਂਡੂ ਜਿਹੇ ਬੰਦੇ ਦੀ ਤਸਵੀਰ। ਥੱਲੇ ਨਾਂ, ਪਿੰਡ ਦਾ ਨਾਂ, ਜਾਤ, ਗੋਤ, ਨਿਸ਼ਾਨ, ਗਵਾਹ, ਹਿਸਟਰੀ ਦਾ ਇਕ ਪੰਨਾ। ਅੱਜ ਕਿਸ ਤਰ੍ਹਾਂ ਦਾ ਸੀ। ਗਵਾਚੇ ਬੰਦੇ ਨੂੰ ਲੱਭਣ ਵਿਚ ਮਦਦ ਨਹੀਂ ਕਰ ਸਕਦਾ। ਅਮਰੀਕਾ ਵਿਚ ਗਵਾਚਿਆਂ ਨੂੰ ਲੱਭਣ ਦਾ ਚੰਗਾ ਸਿਸਟਮ ਹੈਗਾ ਏ। ਪਰ ਓਸ ਸਿਸਟਮ ਨੂੰ ਬਹੁਤ ਖੇਚਲ ਈ ਨਾ ਕਰਨੀ ਪਈ। ਰਾਮ ਰੱਖਾ ਦੇ ਹੁਲੀਏ ਦਾ ਇਕੋ ਈ ਤਾਂ ਬੰਦਾ ਸੀ ਓਸ ਇਲਾਕੇ ਵਿਚ। ਫੇਰ ਉਹ ਗਵਾਚਾ ਸੀ ਆਪਣੀ ਗਵਾਚੀ ਬੁੱਢੀ ਨੂੰ ਲੱਭਦਾ ਏਸ ਗੱਲ ਦਾ ਪੂਰਾ ਧਿਆਨ ਰੱਖ ਰਿਹਾ ਸੀ ਕਿ ਪਈ ਕਿਤੇ ਦੂਰ ਨਾਂ ਨਿਕਲ ਜਾਵੇ। ਉਧਰ ਸੀਤਾ ਦੇਵੀ ਲਛਮਣ ਰੇਖਾ 'ਤੇ ਜੰਮ ਕੇ ਖੜ੍ਹੀ ਸੀ। ਦਸਾਂ ਕੁ ਮਿੰਟਾਂ ਪਿਛੋਂ ਉਹ ਦੋਵੇਂ ਇਕ ਦੂਜੇ ਦੇ ਅੱਥਰੂ ਪੂੰਝ ਰਹੇ ਸੀ। ਅੱਧੇ ਘੰਟੇ ਦੀ ਜੁਦਾਈ ਸਦੀ ਬਰੋਬਰ ਲੱਗੀ। ਪਰ ਏਸ ਵਿਛੋੜੇ ਪਿਛੋਂ ਮਿਲਣ ਦਾ ਮੁੱਲ....! ਤੁਸੀਂ ਕਿਥੋਂ ਆਏ ਹੋ। ਕਿੱਥੇ ਜਾਣਾ ਏ। ਵਿਛੜ ਕਿਵੇਂ ਗਏ? ਅਮਰੀਕੀ ਵੈਲਫੇਅਰ ਸਿਸਟਮ ਦੀ ਮਦਦਗਾਰ ਇਨਕੁਆਰੀ ਸ਼ੁਰੂ ਹੋਈ ਤਾਂ ਉਹ ਕਹਾਣੀ ਨਿਕਲੀ ਜੋ ਨਿਊਯਾਰਕ ਨੇ ਛਾਪੀ, ਇੰਡੀਅਨ ਐਕਸਪ੍ਰੈਸ ਨੇ ਲਿਫਟ ਕੀਤੀ ਤੇ ਮੈਂ ਜਲੰਧਰ ਦੇ ਸਕਾਈਲਾਰਕ ਹੋਟਲ ਦੇ ਕਮਰੇ ਦੀ ਖਿੜਕੀ 'ਚੋਂ ਆਉਂਦੀ ਮਾਘ ਦੀ ਧੁੱਪ ਸੇਕਦੀ ਨੇ ਪੜ੍ਹੀ। ਅਜਬ ਅਹਿਸਾਸ ਬਣਿਆ। ਪ੍ਰਦੇਸੋਂ ਆਈ, ਦੇਸ਼ ਦੇ ਲੋਕਾਂ ਦੀ ਕਹਾਣੀ ਮੈਂ ਪ੍ਰਦੇਸ ਵਿਚ ਪੜ੍ਹੀ ਤਾਂ ਲੱਗਾ ਕਹਾਣੀ ਦੇ ਦੋਹਾਂ ਕਿਰਦਾਰਾਂ ਨਾਲ ਮੇਰਾ ਜੀਵਨ ਜਨਮ ਦਾ ਰਿਸ਼ਤਾ ਏ। ਜਿਹਨੇ ਕਹਾਣੀ ਬੁਣ ਦਿੱਤੀ। ਨਹੀਂ ਤਾਂ ਗੱਲ ਏਨੀ ਕੁ ਸੀ ਪਈ ਹਿੰਦੁਸਤਾਨ ਦੇ ਰਾਮ ਰੱਖਾ ਤੇ ਰਾਮ ਦੁਲਾਰੀ ਨੇ ਸੱਠ ਸਾਲ ਪਹਿਲਾਂ ਵਰਜੀਨੀਆ ਜਾ ਕੇ ਫਸਲਾਂ ਉਗਾਈਆਂ, ਬੱਚੇ ਜੰਮੇ, ਪਾਲੇ ਵਿਆਹੇ। ਕੰਮਾਂ ਕਾਰਾਂ 'ਤੇ ਲਾਏ, ਜੁਦੇ ਕਰ ਦਿੱਤੇ। ਫੇਰ ਜਦੋਂ ਪੋਤਿਆਂ ਦੀ ਨਸਲ ਜਵਾਨ ਹੋਈ ਤਾਂ ਇਕ ਪੋਤਾ ਬਹੁਤ ਹੀ ਪਿਆਰਾ ਹੋ ਗਿਆ। ਅਸਲ ਵਿਚ ਉਹਨੂੰ ਮਾਪਿਆਂ ਨੇ ਘਰੋਂ ਕੱਢ ਦਿੱਤਾ ਸੀ। ਦਾਦੇ ਦਾਦੀ ਨੂੰ ਦਇਆ ਆਈ। ਉਹਨਾਂ ਦਿਲਾਸਾ ਦਿੱਤਾ। ਆਪਣੇ ਕੋਲ ਜੋ ਕੁਝ ਸੀ, ਉਹ ਸਾਰਾ ਈ ਦੇ ਦਿੱਤਾ। ਮਤਾਂ ਮੁੰਡੇ ਦਾ ਦਿਲ ਹਲਕਾ ਨਾ ਹੋਵੇ। ਫਾਰਮ, ਮਕਾਨ ਤੇ ਬੈਂਕ ਦੀ ਕਾਪੀ ਸਭ ਕੁੱਝ ਦੇ ਕੇ ਆਖਿਆ, ''ਸਾਡਾ ਤਾਂ ਅਖੀਰਲਾ ਪਹਿਰਾ ਏ ਕਾਕਾ। ਬਸ ਦੋ ਰੋਟੀਆਂ ਚਾਹੀਦੀਆਂ ਨੇ। ਰਾਮ ਨਾਮ ਜਪਦਿਆਂ, ਵੇਲਾ ਬੀਤ ਜਾਵੇਗਾ। ਅੰਤ ਸਮੇਂ ਸਾਰਿਆਂ ਨੂੰ ਸੱਦੀਂ। ਅਖੀਰੀ ਰਸਮ ਕਰਵਾਈਂ।'' ਪਰ ਮੁੰਡੇ ਨੇ ਇਹ ਗੱਲ ਤਾਂ ਸੁਣੀ ਨਾ। ਆਪਣੇ ਖੇਲ੍ਹ ਲੱਗ ਗਿਆ।
ਥੋੜ੍ਹੇ ਦਿਨਾਂ ਪਿੱਛੋਂ ਅਮਰੀਕਨ ਕੁੜੀ ਵਿਆਹ ਲਿਆਇਆ। ਤੇਜ਼ ਤਰਾਰ ਸ਼ਹਿਰੀ? ਫਾਰਮ 'ਤੇ ਕਿਵੇਂ ਰਹਿੰਦੀ। ਨਿਊਯਾਰਕ ਦੇ ਮਜ਼ੇ ਕਿਉਂ ਨਾ ਲੈਂਦੀ? ਦਾਦੇ ਦਾਦੀ ਨੂੰ ਪਤਾ ਈ ਨਾ ਲੱਗਾ। ਫਾਰਮ ਵਿਕ ਗਿਆ। ਗੱਲ ਠੀਕ ਸੀਗੀ। ਹੁਣ ਉਹ ਮਾਲਕ ਨਹੀਂ ਸਨ, ਮਾਲਕ ਨੇ ਵੇਚ ਦਿੱਤਾ। ਓਸ ਵੇਲੇ ਜਦੋਂ ਦੋਹਾਂ ਬੁੱਢੜਿਆਂ ਨੂੰ ਫਾਰਮ ਹਾਊਸ ਖਾਲੀ ਕਰਨ ਦਾ ਨੋਟਿਸ ਮਿਲਿਆ। ਉਹਨਾਂ ਦਾ ਪੋਤਾ ਕਿਤੇ ਦੂਰ ਸ਼ਹਿਰ ਵਿਚ ਹੋਟਲ ਖਰੀਦ ਰਿਹਾ ਸੀ। ਏਥੋਂ ਹੋ ਸਕਦਾ ਤੁਹਾਨੂੰ ਲੱਗੇ ਗੱਲ ਮੁੱਕ ਗਈ। ਮੈਨੂੰ ਵੀ ਏਸ ਤਰ੍ਹਾਂ ਲੱਗਾ ਸੀ। ਪਰ ਨਹੀਂ ਕਹਾਣੀ ਪੰਧ ਅਜੇ ਰਹਿੰਦਾ ਏ। ਉਹ ਵੇਖੋ ਹੌਲੀ ਹੌਲੀ ਤੁਰੀ ਜਾ ਰਹੀ ਏ ਰਾਮ ਦੁਲਾਰੀ ਲਾਲਾ ਜੀ ਦੇ ਮਗਰ ਮਗਰ। ਕਿੱਥੇ ਜਾਵਾਂਗੇ ਦੋਵੇਂ? ਹੁਣ ਉਹਨਾਂ ਦੇ ਦੇਸ ਕੋਈ ਨਹੀਂ ਰਿਹਾ। ਲੋਕਾਂ ਨੇ ਚੰਗੀ ਤਰ੍ਹਾਂ ਸਮਝਾ ਦਿੱਤਾ। ਪਈ ਅਮਰੀਕਾ ਦਾ ਸਦਰ ਇਸ ਮਾਮਲੇ ਵਿਚ ਕੁਝ ਵੀ ਨਹੀਂ ਕਰ ਸਕਦਾ। ਅਮਰੀਕੀ ਸਮਾਜ ਵਿਚ ਏਸ ਤਰ੍ਹਾਂ ਦੇ ਪੁੱਤ ਪੋਤਿਆਂ ਨੂੰ ਲਾਹਣ-ਤਾਣ ਕਰਨ ਦਾ ਵੀ ਕੋਈ ਰਿਵਾਜ ਨਹੀਂ।
ਪਰ ਸਭ ਤੋਂ ਮਾੜੀ ਗੱਲ ਜੋ ਉਹਨਾਂ ਦੋਹਾਂ ਦੇ ਹੱਕ ਵਿਚ ਇੰਝ ਹੋ ਗੀ, ਉਹ ਇਹ ਪਤਾ ਲੱਗਣਾ ਏ ਪਈ ਉਹਨਾਂ ਦਾ ਪਾਸਪੋਰਟ ਆਊਟ ਡੇਟ ਹੋ ਗਿਆ ਏ। ਹਿਜ਼ ਮੇਜੈਸਟੀ ਦੀ ਕਿੰਗ ਜਾਰਜ ਸ਼ਿਸ਼ਮ (ਛੇਵੇਂ) ਦੀ ਤਸਵੀਰ ਵਾਲਾ ਕਾਗਜ਼ ਜ਼ੀਹਦੇ ਉਤੇ ਉਹਨਾਂ ਦੇ ਪਿੰਡ ਦਾ ਨਾਂ ਅਤੇ ਡਾਕਖਾਨਾ, ਤਹਿਸੀਲ ਜ਼ਿਲ੍ਹਾ ਸਮਝੋ ਸਭ ਕੁਝ ਦਰਜ ਏ, ਅਖੀਰੀ ਜਗੀਰ ਹੁਣ ਉਹਨਾਂ ਕੋਲੋਂ ਆਪ ਵਕਤ ਦੇ ਪੋਤੇ ਨੇ ਖੋਹ ਲਈ। ਵਕਤ ਜੋ ਬਦਲ ਕੇ ਵੀ ਬਦਲ ਗਿਆ ਸੀ।
ਹੁਣ ਬਿਨਾਂ ਪਾਸਪੋਰਟ ਕਹਾਣੀ ਨੇ ਜਾਣਾ ਵੀ ਕਿੱਥੇ ਏ? 




ਕਵਿਤਾ
- ਦੀਪ ਦੁਨੀਆਂ
 

ਤੁਹਾਨੂੰ ਦੇਸ਼ ਧਰੋਹੀਆਂ ਨਾਲ
ਨਫਰਤ ਹੈ
ਤੇ ਮੈਨੂੰ ਇਸ਼ਕ
    ਸਾਡੀ ਤਾਂ ਮਿੱਟੀ ਨੂੰ ਹੀ
    ਇਹ ਸਰਾਪ ਮਿਲਿਆ ਹੈ
    ਕਿ ਤੂੰ ਕਦੇ ਗਰਮਖਿਆਲੀ
    ਕਦੇ ਕਾਫਿਰ
    ਕਦੇ ਬਾਗੀ
    ਅਤੇ ਕਦੇ ਦੇਸ਼ਧਰੋਹੀ ਜੰਮੇਂਗੀ
ਜਦ ਵੀ ਕਿਧਰੇ ਜ਼ੁਲਮ ਹੋਏਗਾ
ਤੇਰੇ ਚੋਂ ਨਲੂਏ ਉਗਣਗੇ
ਕੋਈ ਬਾਲ ਨਿਆਣੀ ਉਮਰੇ
ਇਸ ਵਿਚ ਦਮੂੰਖਾਂ ਬੀਜੇਗਾ
ਤੇ ਫਿਰ
ਉਧਮ ਭਗਤ ਸਰਾਭਿਆਂ ਤੇ ਗਦਰੀ ਬਾਬਿਆਂ ਦੀ
ਭਰਪੂਰ ਫਸਲ ਹੋਏਗੀ
    ਨਾਨਕ
    ਰਾਜਿਆਂ ਨੂੰ ਸੀਂਹ
    ਤੇ ਮੁਕੱਦਮਾਂ ਨੂੰ ਕੁੱਤੇ ਕਹਿ ਕੇ ਵੰਗਾਰਨਗੇ
    ਗੋਬਿੰਦ ਤੁਹਾਡੇ ਬਾਜ਼ਾਂ ਨਾਲ ਲੜਨ ਲਈ
    ਚਿੜੀਆਂ ਦੀ ਫੌਜ ਤਿਆਰ ਕਰਨਗੇ
ਬੜੀ ਨਾਜ਼ੁਕ ਤੇ ਫੱਫੇਕੁਟਣੀ ਹੈ ਤੁਹਾਡੀ ਦੇਸ਼ਭਗਤੀ
ਜੋ ਕਿਸੇ ਕਿਸਾਨ ਦੀ
ਪੁੱਤਾਂ ਤੋਂ ਪਿਆਰੀ ਫਸਲ
ਉਜਾੜਨ ਵਾਲੀ ਗਾਂ ਨੂੰ
ਡੰਡਾ ਮਾਰ ਕੇ ਅਗਾਂਹ ਤੋਰਨ ਨਾਲ
ਕੁਮਲਾ ਜਾਂਦੀ ਹੈ...
ਜਿਸਦਾ
ਕਿਸੇ ਕਲਾਕਾਰ ਦੇ ਕਾਰਟੂਨ ਬਣਾਉਣ ਨਾਲ
ਜਾਂ ਕਿਸੇ ਫਿਲਮ ਸੀਰੀਅਲ ਵਿਚ ਕਿਰਦਾਰ ਨਿਭਾਉਣ ਨਾਲ
ਤੁਹਾਡੇ ਦੁਆਰਾ ਘੋਸ਼ਿਤ ਕਿਸੇ 'ਬਿਗਾਨੇ'
ਦੀ ਪ੍ਰੰਸ਼ਸਾ ਕਰਨ ਨਾਲ
ਕਿਨਾਰਾ ਭੁਰਨ ਲੱਗ ਜਾਂਦਾ ਹੈ
    ਜੋ ਕਿਸੇ ਅਦੀਬ ਦੁਆਰਾ
    ਸੱਚ ਦੀ ਆਵਾਜ਼ ਬੁਲੰਦ ਕਰਨ ਨਾਲ
    ਡੋਲ ਜਾਂਦੀ ਹੈ..
    ਜੋ ਗਰਬਾ ਨਾਚ ਵਿਚ
    ਕਿਸੇ ਮੁਸਲਮਾਨ ਦੇ ਨੱਚਣ ਨਾਲ
    ਕਿਸੇ ਸਿਰਫਿਰੇ ਦੇ ਜੈ ਭਾਰਤ ਮਾਤਾ ਦੀ
    ਨਾ ਕਹਿਣ ਨਾਲ
    ਜਾਂ ਯੋਗਾ ਕਰਨ ਤੋਂ ਜੁਆਬ ਦੇਣ ਨਾਲ
    ਪਿਘਲ ਜਾਂਦੀ ਹੈ
ਨਹੀਂ ਚਾਹੀਦੀ ਇਹ ਮੋਮ ਵਰਗੀ ਦੇਸ਼ਭਗਤੀ
ਤੇ ਮੈਂ ਵਾਰ ਵਾਰ ਹਿਮਾਕਤ ਕਰਾਂਗਾ
ਦੇਸ਼ਧਰੋਹੀ ਬਣਨ ਦੀ
ਕਦੇ ਰੋਹਿਤ ਬੇਮੁੱਲਾ ਬਣਕੇ
ਕਦੇ ਘਨਈਆ ਬਣ ਕੇ
ਕਦੇ ਗੁਰਮਿਹਰ ਬਣਕੇ
ਕਦੇ ਆਪਣੇ ਹੱਕਾਂ ਲਈ ਜੂਝਣ ਵਾਲਾ ਪਾੜ੍ਹਾ ਬਣਕੇ
ਕਦੇ ਆਪਣੇ ਸਮੇਂ ਸਥਾਨ ਤੇ ਹਾਲਾਤਾਂ ਵਾਂਗ
ਕੁਝ ਵੀ ਹੋਰ ਬਣਕੇ
ਉਦੋਂ ਤੱਕ
ਜਦ ਤੱਕ
ਤੁਹਾਡੀ ਇਸ ਦੇਸ਼ਭਗਤੀ ਦੇ
ਕਿੰਗਰੇ ਪੂਰੀ ਤਰ੍ਹਾਂ ਢਹਿ ਨਹੀਂ ਜਾਂਦੇ....


ਅਲਵਿਦਾ
- ਸਰਵਨ ਰਾਹੀ


ਤੁਸੀਂ ਝੂਠੀਆਂ ਖਸਮਾਂ ਖਾ ਕੇ
ਖ਼ੁਦਕੁਸ਼ੀਆਂ ਦੇ ਮੌਸਮ 'ਚ
ਜੇ ਜ਼ਿੰਦਗੀ ਜੀਣ ਤੋਂ ਇਨਕਾਰ ਕਰਦੇ ਹੋ
ਤਾਂ ਸਾਡੀ ਅਲਵਿਦਾ!

ਅਸੀਂ ਤੇ ਪੁਰਖ਼ਾਰ ਰਾਹਵਾਂ 'ਚ
ਸਿਰਾਂ ਦੀ ਬਲੀ ਦੇ ਕੇ
ਟੁਰਨ ਦੀ ਜਾਚ ਸਿੱਖੀ ਹੈ
ਤੁਸੀਂ ਸਾਨੂੰ ਸਲੀਬਾਂ 'ਤੇ ਲਟਕਦੇ ਤੱਕ ਕੇ
ਸਹਿਮ ਦੇ ਮਾਰੇ
ਜੇ ਪਿਛਾਂਹ ਵੱਲ ਪਰਤ ਆਉਣਾ ਹੈ
ਤਾਂ ਸਾਡੀ ਅਲਵਿਦਾ!

ਸਾਡੀਆਂ ਅੱਖੀਆਂ 'ਚ ਚਾਨਣ ਦਾ
ਜਿਹੜਾ ਸਫ਼ਰ ਤੁਰਿਆ ਹੈ
ਉਸਨੇ ਭਿਆਨਕ ਹਾਦਸਾ ਬਣਕੇ
ਖ਼ੂਨ ਦੇ ਦਰਿਆਵਾਂ 'ਚ
ਡੂੰਘੀ ਲੀਕ ਪਾਉਣੀ ਹੈ
ਬੁਰਜ਼ਆਜ਼ੀ ਦੀ ਸਦਾ ਲਈ ਅਲਖ ਮੁਕਾਉਣੀ ਹੈ।

ਅਸੀਂ ਬੜਾ ਹੀ ਚਿਰ ਤੁਹਾਡੇ ਰਹਿਮ 'ਤੇ
ਨ੍ਹੇਰਿਆਂ ਘਰਾਂ ਵਿਚ ਵਾਸ ਕੀਤਾ ਹੈ
ਤੇ ਆਪਣਾ ਖ਼ੂਨ ਪੀਤਾ ਹੈ
ਜਿੱਥੇ ਘਰੀਣਿਆਂ ਦੇ ਘਰਾਂ ਵਾਂਗੂੰ
ਅਸੀਂ ਅਪਣੇ ਜਿਸਮਾਂ ਦਾ ਗਾਰਾ ਮਿੱਟੀ
ਉਮਰਾਂ ਦੀ ਕੰਧ ਨੂੰ ਲਗਾਇਆ ਹੈ
ਜਿੱਥੇ ਰੌਸ਼ਨੀ ਦੀ ਕਿਰਨ ਲਈ
ਹਰ ਇਕ ਜੀਵ ਤ੍ਰਿਹਾਇਆ ਹੈ
ਅਸੀਂ ਉਮਰਾਂ ਦੇ ਨ੍ਹੇਰੇ ਨੂੰ
ਆਪਣੇ ਤਨ 'ਤੇ ਹੰਢਾਇਆ ਹੈ।
ਤੁਸੀਂ ਹੁਣ ਵੀ
ਜੇ ਸਾਨੂੰ ਨ੍ਹੇਰਿਆਂ ਵਿਚ ਕੈਦ ਕਰਨਾ ਸੋਚਦੇ ਹੋ
ਤਾਂ ਲੱਖ ਪਏ ਸੋਚੋ
ਤਹਾਡੀ ਬੇਵਕੂਫ਼ੀ ਹੈ।
ਕਿਉਂਕਿ
ਅਸੀਂ ਹੁਣ ਗੰਦਗੀ ਦੀ ਫੈਲੀ ਸੜਿਆਂਦ 'ਚ
ਜਾਂ ਜ਼ਿੰਦਗੀ ਦੀ ਸੁਲਗਦੀ ਹੋਈ ਜਲਣ 'ਚ
ਕੀੜਿਆਂ ਵਾਂਗੂੰ ਰੀਂਘਦੀ ਹੋਈ
ਜ਼ਿੰਦਗੀ ਨਹੀਂ ਜੀਣੀ
ਕਾਲਖ਼ ਦੀ ਜ਼ਹਿਰ ਨਹੀਂ ਪੀਣੀ।

ਤੁਹਾਡੇ ਰੌਂ ਦੀ ਪਾਰਖੂ ਹਵਾ
ਸਾਡੇ ਸਦੀਵੀਂ ਇਸ਼ਕ ਦਾ
ਜੋ ਇਨਾਮੀ ਮੁੱਲ ਰੱਖਦੀ ਹੈ
ਅਸੀਂ ਸਭ ਜਾਣਦੇ ਹਾਂ
ਸਮੇਂ ਦੀ ਕਹਿਰੀ ਅੱਖ ਨੂੰ ਪਹਿਚਾਣਦੇ ਹਾਂ।

ਤੁਸੀਂ ਬਾਰੂਦ ਦੀ ਨਾਲੀ 'ਚੋਂ
ਸਾਨੂੰ ਜੇ ਮੌਤ ਵਰਗੀ ਚੀਜ਼ ਬਖ਼ਸ਼ੀ ਹੈ
ਤਾਂ ਮੁਬਾਰਕ!

ਪਰ ਅਸੀਂ ਸੱਚ ਕਹਿੰਦੇ ਹਾਂ
ਅਸੀਂ ਨ੍ਹੇਰਿਆਂ ਘਰਾਂ ਵਿਚ ਟਿਕ ਨਹੀਂ ਸਕਦੇ
ਸਾਨੂੰ ਨ੍ਹੇਰਿਆਂ ਦੇ ਨਾਲ ਨਫ਼ਰਤ ਹੈ
ਤੁਹਾਡੀ ਬਜ਼ਮ ਵਿਚ ਚਲੇ ਆਉਣਾ
ਤਲੀ ਤੇ ਸੀਸ ਨੂੰ ਰੱਖਕੇ
ਸਾਡੀ ਮੁੱਢ ਤੋਂ ਫਿਤਰਤ ਹੈ।

ਤੁਸੀਂ ਝੂਠੀਆਂ ਕਸਮਾਂ ਖਾ ਕੇ
ਖ਼ੁਦਕੁਸ਼ੀਆਂ ਦੇ ਮੌਸਮ 'ਚ
ਜੇ ਜ਼ਿੰਦਗੀ ਜੀਣ ਤੋਂ ਇਨਕਾਰ ਕਰਦੇ ਹੋ
ਤਾਂ ਸਾਡੀ ਅਲਵਿਦਾ


 

ਗ਼ਜ਼ਲ
ਇਹ ਕੁੜੀਆਂ ਵੀ ਧੂਫ਼ਾਂ ਨੇ
- ਸੁਲੱਖਣ ਸਰਹੱਦੀ
 

ਇਹ ਕੁੜੀਆਂ ਵੀ ਧੂਫ਼ਾਂ ਨੇ, ਜੋ ਧੁਖ ਰਹੀਆਂ ਵੀ ਮਹਿਕਦੀਆਂ।
ਹਰ ਪਾਸੇ ਬਾਜ਼ਾਂ ਦੇ ਪਹਿਰੇ, ਫਿਰ ਵੀ ਚਿੜੀਆਂ ਚਹਿਕਦੀਆਂ।

ਕੁੱਖਾਂ ਅੰਦਰ ਨਸ਼ਤਰਾਂ ਦਾ ਭੈਅ, ਸੜਕਾਂ ਉਤੇ ਖੰਜ਼ਰਾਂ ਦਾ,
ਕਹਿਣ ਦੀ ਹੈ ਆਜ਼ਾਦੀ ਕੁੜੀਆਂ, ਇਕ ਇਕ ਸਾਹ ਨੂੰ ਸਹਿਕਦੀਆਂ।

ਦੁਰਯੋਧਨ ਦੇ ਹੱਥ ਹਕੂਮਤ, ਮੰਤਰੀ ਲੱਗਾ ਕ੍ਰਿਸ਼ਨ ਮੁਰਾਰ,
ਭੀਸ਼ਮਾ ਦੀ ਪਰਤਿੱਗਿਆ ਵਿਚ ਵੀ, ਨਾਰਾਂ ਰਹਿਣ ਤ੍ਰਹਿਕਦੀਆਂ।

ਚੰਡੀ ਹੀ ਜਾਵੋਗੇ ਜੇਕਰ, ਕੁੜੀਆਂ ਚੰਡੀ ਹੋ ਜਾਣਾ,
ਪਾਥੀਆਂ ਵਿਚ ਵੀ ਅੱਗ ਹੁੰਦੀ ਹੈ, ਵੇਖ ਲਿਉ ਕਿੰਜ ਦਹਿਕਦੀਆਂ।

ਮਹਿਲਾਂ ਵਾਲੀਆਂ ਵੀ ਕੁੜੀਆਂ ਨੇ, ਜਾਮ ਉਛਾਲਣ ਰੰਗਾਂ ਦੇ,
ਝੁੱਗੀਆਂ ਝੌਂਪੜੀਆਂ ਵਿਚ ਕੰਜਕਾਂ, ਚਾਹ ਦੇ ਕੱਪ ਨੂੰ ਸਹਿਕਦੀਆਂ।

ਹਾੜ੍ਹ ਦਾ ਸੂਰਜ ਅੱਗ ਵਰ੍ਹਾਉਂਦਾ, ਚਹੁੰ ਪਾਸੀਂ ਅੰਗਿਆਰ ਵਿਛੇ,
ਪਰ ਇਹ ਕਲੀਆਂ ਅੱਗ ਪੀ ਕੇ ਵੀ, ਸਿਖ਼ਰ ਦੁਪਹਿਰੇ ਟਹਿਕਦੀਆਂ।

ਉਹ ਸੀ ਜੋ ਦਿਲ ਵਿਚ ਲਹਿ ਜਾਂਦੀ, ਕਿੱਥੇ ਤੁਰ ਗਈ ਉਹ ਕੂ-ਹੂਕ?
ਗੌਣਾਂ ਦੇ ਬੇਸ਼ਰਮ ਅਖਾੜੇ, ਵੰਝਲੀਆਂ ਕੀ ਚਹਿਕਦੀਆਂ!

ਪਿਉ ਦਾ ਘਰ, ਫਿਰ ਸਹੁਰੇ ਦਾ ਘਰ, ਫੇਰ ਪਤੀ ਫਿਰ ਪੁੱਤਰ ਦਾ,
ਚਾਰੇ ਯੁਗ ਹੀ ਆਪਣੇ ਘਰ ਨੂੰ, ਔਰਤਾਂ ਰਹੀਆਂ ਸਹਿਕਦੀਆਂ।


 

ਗ਼ਜ਼ਲ
- ਬਲਕਾਰ ਔਲਖ
 

ਬਦਲੇ ਨਾ ਬਿਨ ਬਗ਼ਾਵਤ, ਜ਼ਾਲਮ ਨਿਜ਼ਾਮ ਦੇਖੇ,
ਅਜ ਵੀ *ਬਿਲਾਲ ਵਰਗੇ , ਲੱਖਾਂ  ਗ਼ੁਲਾਮ  ਦੇਖੇ।
    ਆਪਣਾ ਹਰੇਕ ਸੁਪਨਾ, ਜਿਸ ਕਰ ਲਿਆ ਹੈ ਪੂਰਾ,
    ਉਸਦੇ ਦਿਖਾਏ ਸੁਪਨੇ, ਅਜ ਤਕ  ਅਵਾਮ  ਦੇਖੇ।
ਉਹ ਤਾਂ ਨਹੀਂ ਰਿਹਾ ਪਰ, ਸਦੀਆਂ ਤੋਂ ਬਾਅਦ ਵੀ ਮੈਂ,
ਉਸਦੇ  ਵਿਚਾਰ  ਲੜਦੇ  , ਜ਼ਾਲਮ  ਬਨਾਮ  ਦੇਖੇ।
    ਤੈਨੂੰ ਇਹ ਬਹੁਤ ਪਿਆਰਾ, ਬੇਕਿਰਕ ਵਕਤ ਹੈ ਪਰ,
    ਸਮਿਆਂ ਦੇ ਨਾਲ਼  ਮਿਟਦੇ, ਕਿੰਨੇ ਹੀ  ਨਾਮ ਦੇਖੇ।
ਯਾਦਾਂ ਦਾ ਭਾਰ ਸਿਰ 'ਤੇ, ਹਿਜਰਾਂ ਦੀ ਵਾਟ ਮੀਲਾਂ,
ਗ਼ਮ ਤਾਂ ਮਿਲੇ ਮਣਾਂ ਮੂੰਹ ,  ਸੁਖ ਦੇ ਗਰਾਮ  ਦੇਖੇ।
    ਸਨਮਾਨ ਤੋਂ ਭਰੋਸਾ, ਉਸ ਪਲ ਹੀ ਉਠ ਗਿਆ ਸੀ,
    ਜਿਸ ਵਕਤ 'ਮਰ' ਗਿਆਂ ਨੂੰ, ਮਿਲਦੇ ਇਨਾਮ ਦੇਖੇ।

*ਬਿਲਾਲ : ਇਸਲਾਮੀ ਇਤਿਹਾਸ 'ਚ ਮੱਕੇ 'ਤੇ ਕਬਜ਼ੇ ਤੋਂ ਬਾਅਦ ਪਹਿਲੀ ਅਜ਼ਾਨ ਅਦਾ ਕਰਨ ਵਾਲਾ ਵਿਅਕਤੀ, ਜੋ ਇਕ ਇਕ ਗੁਲਾਮ ਸੀ। ਉਹ ਹਜ਼ਰਤ ਮੁਹੰਮਦ ਸਾਹਿਬ ਦੇ ਪਹਿਲੇ ਸਮਰਥਕਾਂ 'ਚੋਂ ਸੀ। ਉਹ ਹਕੂਮਤ ਤੋਂ ਬਾਗੀ ਹੋ ਕੇ ਹਜ਼ਰਤ ਮੁਹੰਮਦ ਸਾਹਿਬ ਨਾਲ ਮਿਲ ਗਿਆ ਸੀ ....ਜਿੱਤ ਤੋਂ ਬਾਅਦ ਪਹਿਲੀ ਅਜ਼ਾਨ ਉਸ ਤੋਂ ਹੀ ਅਦਾ ਕਰਵਾਈ ਗਈ ...


ਗ਼ਜ਼ਲ
- ਮੱਖਣ ਕੁਹਾੜ
 

ਬਾਬਰ, ਬਾਣੀ ਪੜ੍ਹ ਰਿਹਾ, ਰਾਵਣ ਪੜ੍ਹੇ ਰਮਾਇਣ।
ਇਹ ਵੀ ਦਿਨ ਸਨ ਵੇਖਣੇ, ਬਾਲ ਖਿਡਾਏ ਡਾਇਣ।

ਰੁੱਖਾਂ ਦੀ ਥਾਂ ਹਰ ਤਰਫ, ਖੰਭੇ ਉੱਗੀ ਜਾਣ,
ਸਹਿਮੇ ਪੰਛੀ ਸੋਚਦੇ ਕਿਥੇ ਕਰਨ ਪਲਾਇਣ।

ਥਾਂ-ਥਾਂ 'ਤੇ ਹਨ ਬਣ ਰਹੇ, ਜਲ੍ਹਿਆਂ ਵਾਲੇ ਬਾਗ,
ਹਾਕਮ ਕਰਦੇ ਡਾਇਰ ਦਾ ਮਜ਼ਲਸ ਲਾ ਗੁਣ ਗਾਇਣ।

ਜੋ ਕਹਿੰਦੇ ਸੀ ਜਗਾਂਗੇ, ਸੂਰਜ ਉਗਣ ਤੀਕ,
ਦੀਪ ਉਹ ਜਗਦਿਆਂ ਨੇਰ੍ਹ ਨਾਲ ਮੇਲਣ ਲੱਗ ਪਏ ਨਾਇਣ।

ਪਾਟਾ ਝੱਗਾ ਪਹਿਨ ਕੇ ਖੜੈ ਜੋ ਲੇਬਰ ਚੌਕ,
ਮਾਂ ਦਾ ਡਿਪਟੀ ਸੀ ਕਦੇ, ਪਿਉ ਦਾ ਸੀ ਲਫਟਾਇਣ,

ਆਪਾਂ ਹਰ ਇਕ ਰੋਗ ਦਾ ਬਣੀਏ ਦਾਰੂ ਆਪ,
ਬਣੀਏ ਸੋਏ, ਮੇਥਰੇ, ਜੀਰਾ, ਸੌਂਫ਼, ਅਜਵਾਇਣ।

ਲਾਰੇ ਦੇ ਆਟੇ ਦੀਆਂ ਚੁਟਕੀਆਂ ਦਊ ਖਲਾਰ,
ਪੰਜੀਂ ਸਾਲੀਂ ਪਹੁੰਚ ਕੇ, ਕੀੜੀਆਂ ਘਰੀਂ ਨਰਾਇਣ।

ਇਕ ਪਾਸੇ ਨੇ ਘੁੱਗੀਆਂ, ਦੂਜੇ ਸ਼ਿਕਰੇ-ਬਾਜ਼
ਦੋਹਾਂ ਵਿਚੋਂ ਇਕ ਦਾ ਕਰ 'ਮੱਖਣਾ' ਗੁਣ-ਗਾਇਣ।


 


उबुन्टु ... मैं हूं क्योंकि हम है!
कुछ अफ्रिकन आदिवासी बच्चों को एक मनोविज्ञानिक  ने एक खेल खेलने को कहा। उसने एक टोकरी में मिठाइयाँ और कैंडीज एक वृक्ष के पास रख दिए। बच्चों को वृक्ष से 100 मीटर दूर खड़े कर दिया। फिर उसने कहा कि, जो बच्चा सबसे पहले पहुँचेगा उसे टोकरी के सारे स्वीट्स मिलेंगे।
जैसे ही उसने, रेडी स्टेडी गो कहा..... तो जानते हैं उन छोटे बच्चों ने क्या किया ? सभी ने एक दुसरे का हाथ पकड़ा और एक साथ वृक्ष की ओर दौड़ गए। पास जाकर उन्होंने सारी मिठाइयाँ और कैंडीज आपस में बराबर बाँट लिए और मजे ले लेकर खाने लगे। जब मनोविज्ञानी ने पूछा कि, उन लोगों ने ऐसा क्यों किया ?
तो उन्होंने कहा--- उबुन्टु  जिसका मतलब है...
कोई एक व्यक्ति कैसे खुश रह सकता है जब, बाकी दूसरे सभी दुखी हों ?  उबुन्टु का उनकी भाषा में मतलब है,
मैं हूँ क्योंकि, हम हैं ! आइए उबुन्टु वाली जिंदगी जिएँ.....
मैं हूँ, क्योंकि, हम हैं....!!!
 



गज़़ल
- आदित्य कमल
 

तुम्हारे  वास्ते  तो  आजकल  मौसम  सुहाना  है
हमारी बस्तियाँ उजड़ीं ,  बिखरता आशियाना है ।

सुना है जब से तू आया है ‘अपना देश’ बदला है
हमारे घर में आखिऱ क्यूँ वही  किस्सा पुराना  है !

यूँ जी.डी.पी के बढ़ते ग्राफ में उलझा नहीं मुझको
मुझे  मालूम है कि  किस तरफ बढ़ता खजाना है ।

इधर  चौरास्ते पर रोज़ जमघट , भीड़ लगती है
है आँखों को तलाशी काम की , जो बे ठिकाना है ।

तुम्हारी ख़ून की होली-दीवाली , ईद नफऱत की
असल में आजकल ये ही  तेरा कौमी-तराना है ।

समूची दुनिया में कैसी मची ये अफरा-तफरी है
कहीं  बारूद  के  टीले , कहीं  पर  तोपखाना  है ।

तुम्हारी कथनी-करनी का फरक क्या शातिराना है
कि  तू तो जंग  में  भी  अम्न  का  लेता  बहाना  है !
                                
हमारा शहर अब जगता है हर दिन मातमी धुन पर
वही दस्तूर सब जालिम व क़ातिल, वहशियाना है ।

तू कितना ज़ुल्म कर सकता है , ये हम भी जऱा देखें
हमें  तू आजमा ,  हमको भी तुझको आजमाना है ।

No comments:

Post a Comment