Tuesday, 5 August 2014

ਕੌਮਾਂਤਰੀ ਪਿੜ (ਸੰਗਰਾਮੀ ਲਹਿਰ, ਅਗਸਤ 2014)

ਰਵੀ ਕੰਵਰ

ਇਜ਼ਰਾਇਲ ਦਾ ਗਾਜ਼ਾ ਪੱਟੀ ਉਤੇ ਵਹਿਸ਼ੀ ਫੌਜੀ ਹਮਲਾ
ਮੱਧ-ਪੂਰਬ ਇਕ ਵਾਰ ਫਿਰ ਜੰਗ ਦੀ ਭੱਠੀ ਵਿਚ ਸੜ ਰਿਹਾ ਹੈ। ਇਜ਼ਰਾਇਲ ਵਲੋਂ 8 ਜੁਲਾਈ ਤੋਂ ਫਲਸਤੀਨੀ ਅਥਾਰਟੀ ਦੇ ਅਧਿਕਾਰ ਹੇਠਲੇ ਇਲਾਕੇ ਗਾਜ਼ਾ ਪੱਟੀ ਉਤੇ ਹਵਾਈ  ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਹਿਸ਼ੀਆਨਾ ਹਮਲਿਆਂ ਨੇ 18 ਜੁਲਾਈ ਤੋਂ ਹੋਰ ਵੀ ਬਰਬਰ ਰੂਪ ਅਖਤਿਆਰ ਕਰ ਲਿਆ ਜਦੋਂ ਇਜ਼ਰਾਈਲ ਨੇ ਗਾਜ਼ਾ ਪੱਟੀ ਉਤੇ ਜ਼ਮੀਨੀ ਫੌਜੀ ਹਮਲਾ ਵੀ ਸ਼ੁਰੂ ਕਰ ਦਿੱਤਾ। 
ਹਮਾਸ ਫਲਸਨੀਤੀ ਗਰੁੱਪ ਵਲੋਂ ਗਾਜ਼ਾ ਪੱਟੀ ਤੋਂ ਇਜਰਾਈਲ ਉਤੇ ਕੀਤੇ ਜਾਂਦੇ ਰਾਕਟ ਹਮਲਿਆਂ ਦਾ ਜਵਾਬ ਦੇਣ ਅਤੇ ਇਨ੍ਹਾਂ ਨੂੰ ਬੰਦ ਕਰਵਾਉਣ ਦੇ ਬਹਾਨੇ ਹੇਠ ਇਜ਼ਰਾਈਲ ਦੀ ਫੌਜ ਵਲੋਂ 'ਅਪਰੇਸ਼ਨ ਪ੍ਰੋਟੈਕਟਿਵ ਐਜ' ਦੇ ਨਾਂਅ ਅਧੀਨ ਇਹ ਹਮਲਾ ਕੀਤਾ ਗਿਆ ਹੈ। ਫਲਸਤੀਨੀਆਂ ਦੇ ਨਰਸੰਘਾਰ ਦਾ ਰੂਪ ਅਖਤਿਆਰ ਕਰ ਚੁੱਕੇ ਇਸ ਹਮਲੇ ਦੇ 17ਵੇਂ ਦਿਨ 24 ਜੁਲਾਈ ਤੱਕ 777 ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ 5000 ਤੋਂ ਵੱਧ ਜਖ਼ਮੀ ਹੋਏ ਹਨ। ਜਿਨ੍ਹਾਂ ਵਿਚ ਤਿੰਨ ਚੌਥਾਈ ਨਿਰਦੋਸ਼ ਆਮ ਨਾਗਰਿਕ ਹਨ, 200 ਤੋਂ ਉਤੇ ਬੱਚੇ ਵੀ ਇਨ੍ਹਾਂ ਵਿਚ ਸ਼ਾਮਲ ਹਨ। ਜਦੋਂਕਿ ਇਜ਼ਰਾਇਲ ਦੇ ਹੁਣ ਤੱਕ ਸਿਰਫ 34 ਫੌਜੀ ਹੀ ਮਾਰੇ ਗਏ ਹਨ। ਇਨ੍ਹਾਂ ਵਿਚੋਂ ਵੀ 32 ਤਾਂ 18 ਜੁਲਾਈ ਤੋਂ ਇਜ਼ਰਾਇਲ ਵਲੋਂ ਸ਼ੁਰੂ ਕੀਤੇ ਗਏ ਜ਼ਮੀਨੀ ਹਮਲੇ ਤੋਂ ਬਾਅਦ ਮਰੇ ਹਨ। ਹਮਾਸ ਵਲੋਂ ਸੁੱਟੇ ਗਏ ਬਹੁਤੇ ਰਾਕਟ, ਇਜ਼ਰਾਇਲ ਦੇ ਰੇਗਿਸਤਾਨੀ ਦੂਰ ਦੁਰਾਡੇ ਖੇਤਰਾਂ ਵਿਚ ਡਿੱਗੇ ਹਨ, ਅਤੇ ਹੋਰ ਕਈ ਇਜ਼ਰਾਇਲ ਦੀ ਅਸਮਾਨ ਵਿਚ ਹੀ ਰਾਕਟ ਨਸ਼ਟ ਕਰਨ ਵਾਲੀ ਰੱਖਿਆ ਪ੍ਰਣਾਲੀ 'ਆਇਰਨ ਡੋਮ' ਦਾ ਸ਼ਿਕਾਰ ਬਣੇ ਹਨ। ਗਿਣਤੀ ਦੇ ਹੀ ਰਾਕਟ ਆਬਾਦੀ ਵਾਲੀਆਂ ਥਾਵਾਂ 'ਤੇ ਮਾਰ ਕਰਨ ਵਿਚ ਸਫਲ ਰਹੇ ਹਨ। ਇਜ਼ਰਾਇਲੀ ਫੌਜਾਂ ਦੇ ਹਮਲਿਆਂ ਨਾਲ ਹੁਣ ਤੱਕ 475 ਘਰ ਪੂਰੀ ਤਰ੍ਹਾਂ ਨਸ਼ਟ ਕੀਤੇ ਜਾ ਚੁੱਕੇ ਹਨ, 2644 ਨੂੰ ਵੱਡੀ ਪੱਧਰ 'ਤੇ ਨੁਕਸਾਨ ਪੁੱਜਾ ਹੈ, ਉਹ ਰਹਿਣ ਯੋਗ ਨਹੀਂ ਹਨ। 46 ਸਕੂਲ, 56 ਮਸਜਿਦਾਂ ਤੇ 7 ਹਸਪਤਾਲ ਤਬਾਹ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਵਲੋਂ ਚਲਾਏ ਜਾ ਰਹੇ ਇਕ ਸਕੂਲ ਉਤੇ ਇਜ਼ਰਾਇਲੀ ਫੌਜ ਦੀ ਗੋਲਾਬਾਰੀ ਨਾਲ 24 ਜੁਲਾਈ ਨੂੰ ਬੱਚਿਆਂ ਸਮੇਤ 15 ਲੋਕ ਮਰੇ ਹਨ ਅਤੇ ਵੱਡੀ ਗਿਣਤੀ ਵਿਚ ਜਖ਼ਮੀ ਹੋਏ ਹਨ।  
12 ਜੂਨ ਨੂੰ ਤਿੰਨ ਇਜ਼ਰਾਇਲੀ ਮੁੰਡਿਆਂ ਨੂੰ ਉਧਾਲ ਲਿਆ ਗਿਆ ਸੀ। ਜਿਨ੍ਹਾਂ ਦੀਆਂ ਲਾਸ਼ਾਂ 30 ਜੂਨ ਨੂੰ ਜਿਥੋਂ ਉਹ ਗੁਆਚੇ ਸੀ ਉਸਦੇ ਨੇੜਲੇ ਖੇਤਾਂ ਵਿਚੋਂ ਮਿਲੀਆਂ ਸਨ। ਇਜ਼ਰਾਇਲ ਨੇ ਇਨ੍ਹਾਂ ਦੇ ਉਧਾਲੇ ਅਤੇ ਕਤਲ ਲਈ 'ਹਮਾਸ' ਨੂੰ ਜਿੰਮੇਵਾਰ ਠਹਿਰਾਇਆ ਹੈ, ਜਦੋਂ ਕਿ ਹਮਾਸ ਇਸ ਤੋਂ ਸਾਫ ਇਨਕਾਰ ਕਰ ਰਿਹਾ ਹੈ। ਇਨ੍ਹਾਂ ਉਧਾਲੇ ਗਏ ਨੌਜਵਾਨਾਂ ਨੂੰ ਲੱਭਣ ਦੇ ਬਹਾਨੇ ਹੇਠ ਇਜ਼ਰਾਇਲ ਦੀ ਫੌਜ ਵਲੋਂ ਇਹ ਹਮਲਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੂੰ ਲੱਭਣ ਦੇ ਨਾਂਅ ਹੇਠ ਫੌਜ ਨੇ ਪੱਛਮੀ ਕੰਢੇ ਦੇ ਹਰ ਸ਼ਹਿਰ ਵਿਚ ਛਾਪੇ ਮਾਰੇ। ਸਵਿਟਜਰਲੈਂਡ ਦੇ ਮਨੁੱਖੀ ਅਧਿਕਾਰਾਂ ਬਾਰੇ ਗਰੁੱਪ 'ਯੂਰੋ ਮਿਡ ਆਬਰਜ਼ਵਰ' ਦੀ ਰਿਪੋਰਟ ਅਨੁਸਾਰ 24000 ਤੋਂ ਵੱਧ ਫੌਜੀ ਛਾਪੇ ਮਾਰੇ ਗਏ, ਘਰਾਂ ਦੇ ਬੂਹਿਆਂ ਨੂੰ ਭੰਨਿਆਂ ਗਿਆ। ਸਿੱਖਿਆ ਕੇਂਦਰ, ਸਿਵਲ ਸੰਸਥਾਵਾਂ ਅਤੇ ਰਿਹਾਇਸ਼ੀ ਖੇਤਰਾਂ ਵਿਚ ਦਮਨ ਦਾ ਤਾਂਡਵ ਨਾਚ ਕੀਤਾ ਗਿਆ। 600 ਦੇ ਲਗਭਗ ਫਲਸਤੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਨ੍ਹਾਂ ਛਾਪਿਆ ਦੌਰਾਨ 130 ਜ਼ਖਮੀ ਹੋਏ ਅਤੇ 7 ਫਲਸਤੀਨੀ ਨਾਗਰਿਕ ਮਾਰੇ ਗਏ। ਜਾਣਬੁੱਝਕੇ ਭੰਨ ਤੋੜ ਕੀਤੀ ਗਈ। ਕਈ ਘਰਾਂ ਨੂੰ ਫੌਜੀ ਚੌਕੀਆਂ ਵਿਚ ਬਦਲ ਦਿੱਤਾ ਗਿਆ। ਘਰਾਂ ਦੇ ਵਸਨੀਕਾਂ ਨਾਲ ਗਾਲੀ ਗਲੌਚ, ਠੁੱਡੇ ਮਾਰਨਾ ਅਤੇ ਬੰਦੂਕਾਂ ਦੇ ਬੱਟਾਂ ਨਾਲ ਕੁੱਟਣਾ ਆਮ ਗੱਲ ਸੀ। ਫਲਸਤੀਨੀ ਅਥਾਰਟੀ ਦੀਆਂ 23 ਸੰਸਥਾਵਾਂ ਵਿਚ ਭੰਨਤੋੜ ਕੀਤੀ ਗਈ ਜਿਨ੍ਹਾਂ ਵਿਚ ਮੈਡੀਕਲ ਕੇਂਦਰ, ਮੀਡੀਆ ਦਫਤਰ, ਸਕੂਲ, ਮਸਜਦਾਂ, ਯੂਨੀਵਰਸਿਟੀਆਂ ਅਤੇ ਕਰੰਸੀ ਐਕਸਚੇਂਜ ਸ਼ਾਮਲ ਸਨ। ਇਨ੍ਹਾਂ ਛਾਪਿਆਂ ਦੌਰਾਨ ਘਰਾਂ ਅਤੇ ਵਪਾਰਕ ਸੰਸਥਾਵਾਂ ਤੋਂ 2.9 ਮਿਲੀਅਨ ਡਾਲਰ ਦੇ ਬਰਾਬਰ ਸੰਪਤੀ ਲੁੱਟ ਲਈ ਗਈ। ਜਿਨ੍ਹਾਂ ਵਿਚ 3,70,000 ਡਾਲਰ ਨਕਦ ਅਤੇ 2.5 ਮਿਲੀਅਨ ਡਾਲਰ ਕੀਮਤ ਦੇ ਕੰਪਿਊਟਰ, ਫਰਨੀਚਰ, ਕਾਰਾਂ ਆਦਿ ਸ਼ਾਮਲ ਹਨ। ਐਨਾ ਹੀ ਨਹੀਂ ਲਾਸ਼ਾਂ ਮਿਲਣ ਤੋਂ ਬਾਅਦ, ਜਿਸ ਵਿਅਕਤੀ ਨੂੰ ਦੋਸ਼ੀ ਦਸਦੇ ਹੋਏ ਗ੍ਰਿਫਤਾਰ ਕੀਤਾ ਗਿਆ ਉਸਦਾ ਘਰ ਵੀ ਇਜ਼ਰਾਇਲੀ ਫੌਜਾਂ ਨੇ ਉਸੇ ਵੇਲੇ ਢਾਹ ਦਿੱਤਾ। 
ਇਸ ਤਰ੍ਹਾਂ ਇਜ਼ਰਾਇਲ ਨੇ ਨੰਗੇ ਚਿੱਟੇ ਵਹਿਸ਼ੀਆਨਾ ਦਮਨ ਨਾਲ ਇਸ ਫੌਜੀ ਹਮਲੇ ਦੀ ਸ਼ੁਰੂਆਤ ਕੀਤੀ ਸੀ। ਇਸ ਦਮਨ ਚੱਕਰ ਵਿਰੁੱਧ ਸਮੁੱਚੇ ਫਲਸਤੀਨੀ ਅਥਾਰਟੀ ਵਾਲੇ ਖੇਤਰਾਂ-ਪੱਛਮੀ ਕੰਢੇ ਅਤੇ ਗਾਜ਼ਾ ਪੱਟੀ ਵਿਚ ਹੀ ਨਹੀਂ ਬਲਕਿ ਇਜ਼ਰਾਇਲ ਵਿਚ ਵਸਦੇ ਫਲਸਤੀਨੀਆਂ ਵਿਚ ਵੀ ਰੋਹ ਫੈਲ ਗਿਆ ਅਤੇ ਥਾਂ-ਥਾਂ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ। 2 ਜੁਲਾਈ ਨੂੰ ਤਾਂ ਉਸ ਵੇਲੇ ਇਜ਼ਰਾਇਲੀਆਂ ਨੇ ਇਨਸਾਨੀਅਤ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਜੇਰੂਸ਼ਲਮ ਵਿਖੇ 6 ਇਜ਼ਰਾਇਲੀਆਂ ਦੇ ਇਕ ਗਰੁੱਪ ਨੇ ਬਦਲਾਖੋਰੀ ਅਧੀਨ ਮੁਹੰਮਦ ਅਬੂ ਖਾਦੇਰ ਨਾਂਅ ਦੇ ਫਲਸਤੀਨੀ ਮੁੰਡੇ ਨੂੰ ਜਬਰਦਸਤੀ ਕਾਰ ਵਿਚ ਬਿਠਾਕੇ ਉਧਾਲ ਲਿਆ ਅਤੇ ਬਾਅਦ ਵਿਚ ਉਸ ਨੂੰ ਅੱਗ ਲਾ ਕੇ ਮਾਰ ਦਿੱਤਾ। ਉਸਦੇ ਸਰੀਰ 'ਤੇ ਕੁੱਟਮਾਰ ਦੇ ਨਿਸ਼ਾਨ ਅਤੇ ਜਿਉਂਦੇ ਨੂੰ ਸਾੜਨ ਦੀ ਪੁਸ਼ਟੀ ਉਸਦੇ ਪੋਸਟਮਾਰਟਮ ਤੋਂ ਹੋਈ। ਇਸ ਨਾਲ ਫਲਸਤੀਨੀਆਂ ਵਿਚ ਰੋਹ ਹੋਰ ਪ੍ਰਚੰਡ ਹੋ ਗਿਆ ਅਤੇ ਰੋਸ ਮੁਜ਼ਾਹਰੇ ਸਮੁੱਚੇ ਫਲਸਤੀਨੀ ਖੇਤਰਾਂ ਵਿਚ ਹੀ ਨਹੀਂ ਬਲਕਿ ਸਮੁੱਚੀ ਦੁਨੀਆਂ ਵਿਚ ਹੋਏ। ਅਜਿਹੇ ਇਕ ਮੁਜ਼ਾਹਰੇ ਦੌਰਾਨ ਫਲਸਤੀਨ ਮੂਲ ਦੇ 15 ਕੁ ਸਾਲਾਂ ਦੇ ਅਮਰੀਕੀ ਮੁੰਡੇ ਤਾਰਕ ਅਬਦੁੱਲ ਖਾਦੇਰ, ਜਿਹੜਾ ਕਿ ਮੁਹੰਮਦ ਖਾਦੇਰ ਦਾ ਚਚੇਰਾ ਭਰਾ ਸੀ, ਦੀ ਇਜ਼ਰਾਇਲ ਪੁਲਸ ਨੇ ਜੇਰੂਸ਼ਲਮ ਵਿਖੇ  ਸਖਤ ਕੁਟਮਾਰ ਕੀਤੀ ਅਤੇ ਉਸਨੂੰ ਉਧਾਲ ਲਿਆ। 5 ਘੰਟੇ ਕੋਈ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ। ਬਾਅਦ ਵਿਚ ਉਸਨੂੰ ਛੱਡ ਦਿੱਤਾ ਗਿਆ। ਇਥੇ ਇਹ ਵਰਣਨ ਯੋਗ ਹੈ ਕਿ ਮੁਹੰਮਦ ਖਾਦੇਰ ਜਾਂ ਉਸਦੇ ਪਰਿਵਾਰ ਦਾ ਇਜ਼ਰਾਇਲੀ ਮੁੰਡਿਆਂ ਨੂੰ ਉਧਾਲਣ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਸੀ। ਇਹ ਉਸ ਇਜ਼ਰਾਇਲੀ ਸਰਕਾਰ ਵਲੋਂ ਤਿੰਨ ਮੁੰਡਿਆਂ ਦੇ ਉਧਾਲੇ ਵਿਰੁੱਧ ਕੀਤਾ ਜਾ ਰਿਹਾ ਸੀ ਜਿਸਦੀ ਨਿਗਰਾਨੀ ਹੇਠ ਪਿਛਲੇ 66 ਸਾਲਾਂ ਵਿਚ 1518 ਫਲਸਤੀਨੀ ਬੱਚਿਆਂ ਦਾ ਕਤਲ ਕੀਤਾ ਜਾ ਚੁੱਕਾ ਹੈ। ਪਿਛਲੇ 13 ਸਾਲਾਂ ਤੋਂ ਔਸਤਨ ਹਰ ਤਿੰਨਾਂ ਦਿਨਾਂ ਵਿਚ ਇਕ ਫਲਸਤੀਨੀ ਬੱਚਾ ਇਜ਼ਰਾਇਲੀ ਫੌਜੀਆਂ ਹੱਥੋਂ ਮਰ ਰਿਹਾ ਹੈ। 
ਇਜ਼ਰਾਇਲੀ ਸਰਕਾਰ ਨੇ 15 ਜੂਨ ਨੂੰ ਪ੍ਰੈਸ ਬਿਆਨ ਰਾਹੀਂ ਇਜ਼ਰਾਇਲੀ ਮੁੰਡਿਆਂ ਦੇ ਉਧਾਲੇ ਲਈ ਫਲਸਤੀਨੀ ਗਰੁੱਪ 'ਹਮਾਸ' ਨੂੰ ਜਿੰਮੇਵਾਰ ਠਹਿਰਾਇਆ ਸੀ, ਜਦੋਂਕਿ ਹਮਾਸ ਇਸ ਵਿਚ ਆਪਣਾ ਹੱਥ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ। ਇੱਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਇਸ ਬਾਰੇ ਇਜ਼ਰਾਇਲ ਕੋਈ ਠੋਸ ਸਬੂਤ ਨਹੀਂ ਪੇਸ਼ ਕਰ ਸਕਿਆ ਹੈ। 
ਇਜ਼ਰਾਇਲੀ ਫੌਜਾਂ ਵਲੋਂ ਪੱਛਮੀ ਕੰਢੇ ਵਿਚ ਚਲਾਏ ਗਏ ਦਮਨਚੱਕਰ ਦੇ ਪ੍ਰਤੀਰੋਧ ਵਜੋਂ 28 ਜੂਨ ਨੂੰ ਗਾਜ਼ਾ ਪੱਟੀ ਤੋਂ ਹਮਾਸ ਅਤੇ ਹੋਰ ਫਲਸਤੀਨੀ ਗਰੁੱਪਾਂ ਨੇ ਇਜ਼ਰਾਇਲ ਉਤੇ ਰਾਕਟ ਹਮਲੇ ਸ਼ੁਰੂ ਕਰ ਦਿੱਤੇ। ਜਿਨ੍ਹਾਂ ਵਿਚੋਂ ਬਹੁਤੇ ਰਾਕੇਟ ਜਾਂ ਤਾਂ ਇਜ਼ਰਾਇਲ ਦੇ ਦੂਰ ਦੁਰਾਡੇ ਰੇਗਿਸਤਾਨੀ ਖੇਤਰਾਂ ਵਿਚ ਡਿੱਗੇ ਹਨ ਅਤੇ ਬਾਕੀਆਂ ਵਿਚੋਂ ਵਧੇਰੇ ਇਜ਼ਰਾਇਲ ਦੇ ਰਾਕਟ ਡੇਗਣ ਦੀ ਪ੍ਰਣਾਲੀ 'ਆਇਰਨ ਡੋਮ' ਰਾਹੀਂ ਮਾਰ ਕਰਨ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤੇ ਗਏ ਹਨ। ਇਨ੍ਹਾਂ ਰਾਕਟ ਹਮਲਿਆਂ ਨੂੰ ਰੋਕਣ ਅਤੇ ਹਮਾਸ ਦੀ ਮਾਰਕ ਸ਼ਕਤੀ ਨੂੰ ਨਸ਼ਟ ਕਰਨ ਦੇ ਨਾਂਅ ਹੇਠ ਹੀ 8 ਜੁਲਾਈ ਤੋਂ ਇਜ਼ਰਾਇਲੀ ਫੌਜ ਵਲੋਂ ਗਾਜ਼ਾ ਪੱਟੀ 'ਤੇ 'ਆਪਰੇਸ਼ਨ ਪ੍ਰੋਟੈਕਟਿਵ ਐਜ' ਅਧੀਨ ਹਵਾਈ ਹਮਲੇ ਸ਼ੁਰੂ ਕੀਤੇ ਗਏ ਅਤੇ 18 ਜੁਲਾਈ ਤੋਂ ਜ਼ਮੀਨੀ ਹਮਲੇ ਵੀ ਸ਼ੁਰੂ ਕਰ ਦਿੱਤੇ। ਜਿਹੜੇ ਵਿਆਪਕ ਜਾਨੀ ਤੇ ਮਾਲੀ ਨੁਕਸਾਨ ਕਰ ਰਹੇ ਹਨ। 
ਇਜ਼ਰਾਇਲ ਵਲੋਂ ਇਸ ਫੌਜੀ ਆਪਰੇਸ਼ਨ ਲਈ ਤਿੰਨ ਇਜ਼ਰਾਇਲੀ ਮੁੰਡਿਆਂ ਦੇ ਉਧਾਲੇ ਅਤੇ ਕਤਲ ਨੂੰ ਤਾਂ ਬਹਾਨਾ ਹੀ ਬਣਾਇਆ ਗਿਆ ਹੈ। ਅਸਲ ਕਾਰਨ ਤਾਂ ਜੂਨ ਮਹੀਨੇ ਵਿਚ ਫਲਸਤੀਨੀਆਂ ਦੇ ਦੋਵੋਂ ਮੁੱਖ ਗਰੁੱਪਾਂ ਫਤਿਹ ਅਤੇ ਹਮਾਸ ਦਰਮਿਆਨ ਇਕ ਲੰਬੇ ਸਮੇਂ ਤੋਂ ਬਾਅਦ ਹੋਈ ਸੁਲਾਹ ਸਫਾਈ ਤੋਂ ਬਾਅਦ ਦੋਵਾਂ ਵਲੋਂ ਆਪਣੇ ਸਭ ਝਗੜੇ ਖਤਮ ਕਰਦੇ ਹੋਏ ਇਕ ਸਾਂਝੀ ਸਰਕਾਰ ਦਾ ਗਠਨ ਕੀਤਾ ਜਾਣਾ ਹੈ। ਜਿਸਨੂੰ ਇਜ਼ਰਾਇਲ ਨੇ ਉਸ ਵੇਲੇ ਹੀ ਰੱਦ ਕਰ ਦਿੱਤਾ ਸੀ ਅਤੇ ਫਲਸਤੀਨੀ ਅਥਾਰਟੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਹਮਾਸ ਨਾਲ ਸਮਝੌਤਾ ਜਾਂ ਇਜ਼ਰਾਈਲ ਨਾਲ ਸ਼ਾਂਤੀ ਦੋਵਾਂ ਵਿਚੋਂ ਇਕ ਨੂੰ ਚੁਣ ਲਵੇ। ਨਾਲ ਹੀ ਉਸਨੇ ਫਲਸਤੀਨੀ ਅਥਾਰਟੀ ਦੀ ਸਰਕਾਰ ਨਾਲ ਚੱਲ ਰਹੀਆਂ ਸ਼ਾਂਤੀ ਵਾਰਤਾਵਾਂ ਵੀ ਬੰਦ ਕਰ ਦਿੱਤੀਆਂ ਸਨ। 
2006 ਵਿਚ ਹਮਾਸ ਵਲੋਂ ਗਾਜ਼ਾ ਪੱਟੀ ਵਿਚ ਚੋਣਾਂ ਜਿੱਤ ਲੈਣ ਤੋਂ ਬਾਅਦ ਅਤੇ ਹਮਾਸ ਤੇ ਫਤਿਹ ਧੜਿਆਂ ਦਰਮਿਆਨ ਹਿੰਸਕ ਟਕਰਾਅ ਦੇ ਸਿੱਟੇ ਵਜੋਂ ਫਲਸਤੀਨੀਆਂ ਦਰਮਿਆਨ ਹੋਈ ਪਾਟੋ ਧਾੜ ਦਾ ਲਾਭ ਇਜ਼ਰਾਇਲ ਨੂੰ ਮਿਲਦਾ ਰਿਹਾ ਸੀ। ਹੁਣ ਸਮਝੌਤੇ ਤੋਂ ਬਾਅਦ ਉਨ੍ਹਾਂ ਦੀ ਬਣੀ ਇਕਜੁਟਤਾ ਨੂੰ ਇਜ਼ਰਾਇਲ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕਰ ਰਿਹਾ। 
ਸੰਯੁਕਤ ਰਾਸ਼ਟਰ ਸੰਘ ਦੇ ਇਕ ਮਤੇ ਨਾਲ ਹੋਂਦ ਵਿਚ ਆਉਣ ਵਾਲਾ ਇਜ਼ਰਾਇਲ ਆਪਣੇ ਜਨਮ ਦੇ ਸਮੇਂ ਤੋਂ ਹੀ ਫਲਸਤੀਨੀਆਂ ਨਾਲ ਧੱਕਾ ਕਰਦਾ ਰਿਹਾ ਹੈ। 1948 ਵਿਚ ਇਜ਼ਰਾਇਲੀ ਫੌਜੀ ਕਾਰਵਾਈਆਂ ਰਾਹੀਂ ਹਜ਼ਾਰਾਂ ਫਲਸਤੀਨੀ ਪਿੰਡਾਂ ਨੂੰ ਉਜਾੜਕੇ ਲੱਖਾਂ ਫਲਸਤੀਨੀਆਂ ਨੂੰ ਉਨ੍ਹਾਂ ਦੀ ਮਾਤਭੂਮੀ 'ਤੇ ਹੀ ਪਨਾਹਗੀਰ ਬਣਾ ਦਿੱਤਾ ਗਿਆ ਸੀ। ਉਸ ਵੇਲੇ ਤੋਂ ਹੀ ਫਲਸਤੀਨੀ ਇਜ਼ਰਾਇਲ ਦੀ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਦੇ ਮੈਦਾਨ ਵਿਚ ਹਨ। ਗਾਜ਼ਾ ਪੱਟੀ ਜਿਹੜੀ ਕਿ ਉਸ ਵੇਲੇ ਮਿਸਰ ਅਧੀਨ ਸੀ, ਉਤੇ 1967 ਦੀ ਅਰਬ ਇਜਰਾਇਲੀ ਜੰਗ ਤੋਂ ਬਾਅਦ ਇਜ਼ਰਾਇਲ ਨੇ ਕਬਜ਼ਾ ਕਰ ਲਿਆ ਸੀ। ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ ਦੀ ਅਗਵਾਈ ਵਿਚ ਫਲਸਤੀਨੀ ਬੜੀ ਬਹਾਦਰੀ ਨਾਲ ਇਜ਼ਰਾਇਲੀ ਧਾੜਵੀਆਂ ਵਿਰੁੱਧ ਜੂਝਦੇ ਰਹੇ ਹਨ। 1987 ਵਿਚ ਪੱਛਮੀ ਕੰਢੇ ਅਤੇ ਗਾਜ਼ਾ ਪੱਟੀ ਵਿਖੇ ਫਲਸਤੀਨੀ ਬਗਾਵਤ ਹੋਈ ਸੀ, ਜਿਸ ਵਿਚ 1 ਲੱਖ 20 ਹਜ਼ਾਰ ਫਲਸਤੀਨੀ ਇਜ਼ਰਾਇਲ ਵਲੋਂ ਕੈਦ ਕੀਤੇ ਗਏ, ਘੱਟੋ ਘੱਟ 1100 ਸ਼ਹੀਦ ਹੋਏ। ਇਸ ਬਗਾਵਤ ਨੇ ਸਥਿਤੀਆਂ ਨੂੰ ਮੋੜਾ ਦਿੱਤਾ ਅਤੇ ਪਹਿਲਾਂ ਸੰਘਰਸ਼ ਇਜ਼ਰਾਇਲ ਅਤੇ ਇਸਦੇ ਗੁਆਂਢੀ ਅਰਬ ਦੇਸ਼ਾਂ ਦਰਮਿਆਨ ਹੁੰਦਾ ਸੀ, ਹੁਣ ਇਹ ਇਜ਼ਰਾਇਲ ਅਤੇ ਉਸਦੇ ਕਬਜ਼ੇ ਹੇਠਲੇ ਖੇਤਰਾਂ ਦੇ ਲੋਕਾਂ ਭਾਵ ਫਲਸਤੀਨੀਆਂ ਦਰਮਿਆਨ ਬਣ ਗਿਆ। ਇਸ ਸੰਘਰਸ਼ ਨੂੰ ਕੌਮਾਂਤਰੀ ਪੱਧਰ 'ਤੇ ਵਿਆਪਕ ਸਮਰਥਨ ਹਾਸਲ ਹੋਇਆ ਅਤੇ ਸਿੱਟੇ ਵਜੋਂ 1993 ਵਿਚ ਓਸਲੋ ਸਮਝੌਤੇ ਰਾਹੀਂ ਫਲਸਤੀਨੀ ਦੇਸ਼, ਫਲਸਤੀਨੀ ਅਥਾਰਟੀ ਹੋਂਦ ਵਿਚ ਆਈ। 
ਇਜ਼ਰਾਇਲ ਵੀ ਫਲਸਤੀਨੀਆਂ ਨੂੰ ਕੁੱਚਲਣ ਲਈ ਵਹਿਸ਼ੀ ਦਮਨ ਚੱਕਰ ਜਾਰੀ ਰੱਖਦਾ ਰਿਹਾ ਹੈ। ਪਿਛਲੇ 7 ਸਾਲਾਂ ਵਿਚ ਹੀ ਇਜ਼ਰਾਇਲ ਦਾ ਇਹ ਫਲਸਤੀਨੀਆਂ ਵਿਰੁੱਧ ਤੀਜਾ ਫੌਜੀ ਹਮਲਾ ਹੈ। ਦਸੰਬਰ 2007 ਵਿਚ ਵੀ ਗਾਜ਼ਾ ਤੋਂ ਹੁੰਦੇ ਰਾਕਟ ਹਮਲਿਆਂ ਨੂੰ ਰੋਕਣ ਲਈ 'ਆਪਰੇਸ਼ਨ ਕਾਸਟ ਲੀਡ' ਚਲਾਇਆ ਗਿਆ ਸੀ। 22 ਦਿਨ ਚੱਲੀ ਇਸ ਫੌਜੀ ਕਾਰਵਾਈ ਵਿਚ 1300 ਤੋਂ ਵਧੇਰੇ ਫਲਸਤੀਨੀ ਮਾਰੇ ਗਏ ਸਨ ਜਦੋਂਕਿ ਸਿਰਫ 13 ਇਜ਼ਰਾਇਲੀ ਮਾਰੇ ਗਏ ਸਨ। ਇਸੇ ਤਰ੍ਹਾਂ 2012 ਵਿਚ ਇਸੇ ਬਹਾਨੇ ਹੇਠ 'ਆਪਰੇਸ਼ਨ ਪਿੱਲਰ ਡੀਫੈਂਸ' ਕੀਤਾ ਗਿਆ ਸੀ, ਜਿਸ ਵਿਚ ਹਮਾਸ ਦੇ ਇਕ ਕਮਾਂਡਰ ਅਹਿਮਦ ਜਬਾਰੀ ਨੂੰ ਮਾਰਨ ਦੇ ਨਾਲ ਨਾਲ ਲਗਭਗ 170 ਫਲਸਤੀਨੀ ਮਾਰੇ ਗਏ ਸੀ। ਇਸ 8 ਦਿਨਾਂ ਸੰਘਰਸ਼ ਵਿਚ ਸਿਰਫ 6 ਇਜ਼ਰਾਇਲੀ ਹਲਾਕ ਹੋਏ ਸਨ। 
ਇਜ਼ਰਾਇਲ ਵਲੋਂ ਚਲਾਈ ਜਾ ਰਹੀ ਮੌਜੂਦਾ ਫੌਜੀ ਕਾਰਵਾਈ ਦੌਰਾਨ ਵੀ ਫਲਸਤੀਨੀ ਲੋਕਾਂ ਉਤੇ ਉਹ ਵਹਿਸ਼ੀਆਨਾਂ ਜ਼ੁਲਮ ਢਾਹ ਰਿਹਾ ਹੈ। 200 ਵਰਗ ਮੀਲ ਦੀ ਗਾਜ਼ਾਪੱਟੀ ਜਿਸਦੀ ਅਬਾਦੀ 18 ਲੱਖ ਹੈ, ਵਿਖੇ 65000 ਤੋਂ ਵੱਧ ਫੌਜ ਇਸ ਅਪਰੇਸ਼ਨ ਲਈ ਲਾਈ ਗਈ ਹੈ। ਜਿਨ੍ਹਾਂ ਕੋਲ ਅੱਤ ਆਧੁਨਿਕ ਹਥਿਆਰ ਹਨ। ਹਸਪਤਾਲਾਂ ਉਤੇ ਵੀ ਹਵਾਈ ਹਮਲੇ ਕੀਤੇ ਜਾ ਰਹੇ ਹਨ। ਫਲਸਤੀਨੀ ਸਿਹਤ ਵਜਾਰਤ ਮੁਤਾਬਕ ਦਰਜ਼ਨਾਂ ਅਜਿਹੇ ਜ਼ਖ਼ਮੀ ਹਨ, ਜਿਨ੍ਹਾਂ ਵਿਰੁੱਧ ਜਹਿਰੀਲੀ ਗੈਸ ਵਰਤੀ ਗਈ ਹੈ। ਇਜ਼ਰਾਇਲੀ ਫੌਜ ਵਰਜਿਤ ਚਿੱਟੇ ਫਾਸਫੋਰਸ ਦੀ ਵਰਤੋਂ ਵੀ ਹਮਲਿਆਂ ਵਿਚ ਕਰ ਰਹੀ ਹੈ। ਹਮਾਸ ਦੇ ਲੜਾਕਿਆਂ ਵਿਰੁੱਧ ਕਾਰਵਾਈ ਦੇ ਨਾਂਅ ਅਧੀਨ ਕੀਤੇ ਜਾ ਰਹੇ ਇਨ੍ਹਾਂ ਹਮਲਿਆਂ ਦੀ ਅਸਲੀਅਤ ਸਮੁੱਚੀ ਦੁਨੀਆਂ ਸਾਹਮਣੇ ਉਸ ਵੇਲੇ ਨੰਗੀ ਹੋ ਗਈ ਜਦੋਂ 16 ਜੁਲਾਈ ਨੂੰ ਗਾਜ਼ਾ ਦੇ ਸਮੁੰਦਰੀ ਕੰਢੇ 'ਤੇ ਖੇਡ ਰਹੇ ਇਕੋ ਪਰਿਵਾਰ ਦੇ ਚਾਰ ਬੱਚੇ ਇਕ ਇਜ਼ਰਾਇਲੀ ਮਿਜਾਇਲ ਹਮਲੇ ਵਿਚ ਸ਼ਹੀਦ ਹੋ ਗਏ। ਗਾਜ਼ਾ ਦੇ ਬਾਰਡਰ ਦੇ ਵਸਨੀਕਾਂ ਨੂੰ ਅਤੰਕਿਤ ਕਰਨ ਲਈ ਉਨਾਂ ਨੂੰ ਸ਼ਹਿਰਾਂ ਨੂੰ ਖਾਲੀ ਕਰ ਦੇਣ ਦੀਆਂ ਹਿਦਾਇਤਾਂ ਵਾਲੇ ਪਰਚੇ ਹਵਾਈ ਜਹਾਜਾਂ ਰਾਹੀਂ ਸੁੱਟੇ ਜਾ ਰਹੇ ਹਨ। ਦੂਜੇ ਪਾਸੇ ਪੂਰੀ ਗਾਜ਼ਾ ਪੱਟੀ ਦੀ ਸਖਤ ਨਾਕਾਬੰਦੀ ਕਰ ਦਿੱਤੀ ਗਈ ਹੈ। ਉਤਰ ਅਤੇ ਪੂਰਬ ਤੋਂ ਇਜ਼ਰਾਇਲ ਜ਼ਮੀਨੀ ਹਮਲਾ ਕਰ ਰਿਹਾ ਹੈ। ਦੱਖਣ ਵਾਲੇ ਪਾਸੇ ਮਿਸਰ ਨੇ ਸੀਮਾ ਸੀਲ ਕੀਤੀ ਹੋਈ ਹੈ। ਜਦੋਂਕਿ ਚੌਥੇ ਪਾਸੇ ਸਮੁੰਦਰ ਵਿਚ ਇਜ਼ਰਾਇਲੀ ਫੌਜੀ ਸਮੁੰਦਰੀ ਜਹਾਜ ਤੈਨਾਤ ਹਨ। ਲੋਕਾਂ ਨੂੰ ਭੱਜਣ ਲਈ ਕੋਈ ਰਾਹ ਨਹੀਂ ਹੈ। ਇੱਥੇ ਇਹ ਵਰਣਨਯੋਗ ਹੈ ਕਿ ਇਜ਼ਰਾਇਲ ਨੇ ਪਹਿਲਾਂ ਹੀ ਆਪਣੇ ਨਾਲ ਲੱਗਦੀ ਸਰਹੱਦ ਦੇ ਵੱਡੇ ਹਿੱਸੇ ਉਤੇ ਉਚੀਆਂ ਉਚੀਆਂ ਕੰਕਰੀਟ ਦੀਆਂ ਕੰਧਾਂ ਕੀਤੀਆਂ ਹੋਈਆਂ ਹਨ ਜਦੋਂਕਿ ਮਿਸਰ ਨੇ ਆਪਣੇ ਨਾਲ ਲੱਗਦੀ ਸਰਹੱਦ ਉਤੇ ਤਾਰ ਦੀ ਬਾੜ ਕੀਤੀ ਹੋਈ ਹੈ। ਸੰਯੁਕਤ ਰਾਸ਼ਟਰ ਵਲੋਂ ਚਲਾਏ ਜਾ ਰਹੇ ਕੈਂਪਾਂ ਵਿਚ 61,000 ਤੋਂ ਵੱਧ ਲੋਕਾਂ ਨੇ ਪਨਾਹ ਲਈ ਹੈ। ਜਿੱਥੇ ਵਸੀਲਿਆਂ ਅਤੇ ਰਾਸ਼ਨ ਦੀ ਸਖਤ ਘਾਟ ਹੈ।
ਅਮਰੀਕੀ ਸਾਮਰਾਜ ਵੀ ਇਜ਼ਰਾਇਲ ਦੀ ਇਸ ਫੌਜੀ ਕਾਰਵਾਈ ਦਾ ਇਹ ਕਹਿਕੇ ਸਮਰਥਨ ਕਰ ਰਿਹਾ ਹੈ ਕਿ ਉਸਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਅਤੇ ਹੋ ਰਹੇ ਰਾਕਟ ਹਮਲਿਆਂ ਨੂੰ ਰੋਕਣ ਹਿੱਤ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ। ਸਿਰਫ ਉਹ ਇਹ ਧਿਆਨ ਰੱਖੇ ਕਿ ਮੌਤਾਂ ਘੱਟ ਤੋਂ ਘੱਟ ਹੋਣ। 
ਸਾਡੇ ਦੇਸ਼ ਦੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ. ਸਰਕਾਰ ਨੇ ਵੀ ਫਲਸਤੀਨੀਆਂ ਦੇ ਹੋ ਰਹੇ ਇਸ ਨਰਸੰਘਾਰ ਦੀ ਨਿੰਦਾ ਕਰਨ ਬਾਰੇ ਮਤਾ ਪਾਸ ਕਰਨ ਤੋਂ ਸੰਸਦ ਵਿਚ ਹੋਈ ਬਹਿਸ ਦੌਰਾਨ ਸਾਫ ਇਨਕਾਰ ਕਰ ਦਿੱਤਾ ਹੈ। ਉਸਨੇ ਫਲਸਤੀਨੀਆਂ ਅਤੇ ਇਜਰਾਇਲ ਦੋਵਾਂ ਬਾਰੇ ਸਮਾਨ ਵਤੀਰਾ ਅਖਤਿਆਰ ਕਰਨ ਦੀ ਸ਼ਰਮਨਾਕ ਗੱਲ ਕੀਤੀ ਹੈ। ਜਦੋਂਕਿ ਅਜੇ ਕੁੱਝ ਦਿਨ ਪਹਿਲਾਂ ਹੀ ਬ੍ਰਾਜ਼ੀਲ ਦੇ ਸ਼ਹਿਰ ਫੋਰਟਾਲੇਜ਼ਾ ਵਿਖੇ ਭਾਰਤ 'ਬ੍ਰਿਕਸ' ਦੀ ਮੀਟਿੰਗ ਵਿਚ ਉਸ ਮਤੇ ਨਾਲ ਸਹਿਮਤੀ ਪ੍ਰਗਟਾ ਕੇ ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਜ਼ਰਾਇਲ-ਫਲਸਤੀਨ ਟਕਰਾਅ ਨੂੰ ਖਤਮ ਕਰਨਾ ਜ਼ਰੂਰੀ ਹੈ। ਇਸਦੇ ਨਾਲ-ਨਾਲ ਜੋਰ ਦਿੱਤਾ ਗਿਆ ਹੈ ਕਿ ਦੋਵੇਂ ਧਿਰਾਂ ਗੱਲਬਾਤ ਸ਼ੁਰੂ ਕਰਨ ਜਿਹੜੀ 4 ਜੂਨ, 1967 ਨੂੰ ਸੰਯੁਕਤ ਰਾਸ਼ਟਰ ਵਲੋਂ ਪਾਸ ਮਤੇ ਦੀਆਂ ਲੀਹਾਂ 'ਤੇ ਹੋਵੇ। ਇਹ ਮਤਾ ਦੋ ਦੇਸ਼ਾਂ ਦੀ ਹੋਂਦ ਅਤੇ ਆਜ਼ਾਦ ਫਲਸਤੀਨ, ਜਿਸਦੀ ਰਾਜਧਾਨੀ ਪੂਰਬੀ ਯੇਰੂਸ਼ਲਮ ਵਿਖੇ ਹੋਵੇ 'ਤੇ ਅਧਾਰਤ ਹੈ। ਤਾਂਕਿ ਇਸ ਖਿੱਤੇ ਵਿਚ ਸਥਾਈ ਸ਼ਾਂਤੀ ਹੋ ਸਕੇ।  
ਫਲਸਤੀਨੀ ਬਹੁਤ ਹੀ ਬਹਾਦੁਰੀ ਨਾਲ ਇਜ਼ਰਾਇਲ ਦੇ ਇਸ ਵਹਿਸ਼ੀਆਨਾ ਫੌਜੀ ਹਮਲੇ ਦਾ ਟਾਕਰਾ ਕਰ ਰਹੇ ਹਨ। ਗਾਜ਼ਾ-ਪੱਟੀ, ਪੱਛਮੀ ਕੰਢੇ, ਇਜ਼ਰਾਇਲ ਤੋਂ ਲੈ ਕੇ ਸਮੁੱਚੀ ਦੁਨੀਆਂ ਵਿਚ ਫਲਸਤੀਨੀਆਂ ਵਲੋਂ  ਅਤੇ ਜਮਹੂਰੀਅਤ ਪਸੰਦ ਲੋਕਾਂ ਤੇ ਤਾਕਤਾਂ ਵਲੋਂ ਇਸ ਵਿਰੁੱਧ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। 'ਹਮਾਸ' ਅਤੇ ਹੋਰ ਫਲਸਤੀਨੀ ਗੁਟ ਬਹੁਤ ਹੀ ਅਸਾਂਵੇ ਵਸੀਲਿਆਂ ਨਾਲ ਫੌਜੀ ਰੂਪ ਵਿਚ ਵੀ ਇਸ ਹਮਲੇ ਦਾ ਟਾਕਰਾ ਕਰ ਰਹੇ ਹਨ। ਆਪਣੀ ਹੀ ਜਨਮਭੂਮੀ 'ਤੇ ਪਨਾਹਗੀਰ ਬਣਨ ਕਰਕੇ ਗੁੱਸੇ ਵਿਚ ਆਉਣਾ ਸੁਭਾਵਕ ਹੀ ਹੈ ਉਨ੍ਹਾਂ ਲਈ। ਇਸ ਗੁੱਸੇ ਨੂੰ 1956 ਵਿਚ ਉਸ ਵੇਲੇ ਦੇ ਇਜ਼ਰਾਇਲੀ ਫੌਜਾਂ ਦੇ ਮੁਖੀ ਮੋਸ਼ੇ ਦਿਆਨ ਨੇ ਜਾਇਜ਼ ਦੱਸਿਆ ਸੀ। ਉਨ੍ਹਾਂ ਫਲਸਤੀਨੀਆਂ ਹੱਥੋਂ ਹਿੰਸਕ ਟਕਰਾਅ ਵਿਚ ਮਾਰੇ ਗਏ ਇਕ ਇਜ਼ਰਾਇਲੀ ਦੀਆਂ ਅੰਤਮ ਰਸਮਾਂ ਮੌਕੇ ਭਾਸ਼ਨ ਵਿਚ ਕਿਹਾ ਸੀ -''ਸਾਨੂੰ ਉਨ੍ਹਾਂ (ਫਲਸਤੀਨੀਆਂ) ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਉਨ੍ਹਾਂ ਦੀ ਸਾਡੇ ਵਿਰੁੱੱਧ ਨਫਰਤ ਦੀ ਅੱਗ ਨੂੰ ਕਿਉਂ ਨਿੰਦੀਏ? ਉਹ ਅੱਠਾਂ ਸਾਲਾਂ ਤੋਂ ਗਾਜ਼ਾ ਦੇ ਰਿਫਊਜੀ ਕੈਂਪਾਂ ਵਿਚ ਬੈਠੇ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਨ, ਜਿਹੜੀਆਂ ਜ਼ਮੀਨਾਂ ਅਤੇ ਪਿੰਡਾਂ ਵਿਚ ਉਨ੍ਹਾਂ ਦੇ ਪੁਰਖੇ ਰਹਿੰਦੇ ਸਨ, ਅਸੀਂ ਉਨ੍ਹਾਂ 'ਤੇ ਕਬਜ਼ਾ ਕਰਕੇ ਆਪਣੀਆਂ ਕਲੋਨੀਆਂ ਬਣਾ ਰਹੇ ਹਾਂ।''
ਸਮੂਚੀ ਦੁਨੀਆਂ ਦੇ ਅਮਨਪਸੰਦ ਲੋਕਾਂ ਨੂੰ ਇਜ਼ਰਾਇਲੀ ਫੌਜੀ ਕਾਰਵਾਈ ਨੂੰ ਫੌਰੀ ਰੂਪ ਵਿਚ ਬੰਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਅਤੇ ਨਿਆਂਪੂਰਨ ਜਗਬੰਦੀ ਦੀ ਮੰਗ ਕਰਨੀ ਚਾਹੀਦੀ ਹੈ। ਕਿਉਂਕਿ ਮਿਸਰ ਵਲੋਂ ਪੇਸ਼ ਕੀਤੀ ਜਾ ਰਹੀ ਜੰਗਬੰਦੀ ਕੁਝ ਨਹੀਂ ਬਲਕਿ ਸਥਿਤੀ ਨੂੰ ਜਿਉਂ ਦਾ ਤਿਓਂ ਬਣਾਈ ਰੱਖਣ 'ਤੇ ਅਧਾਰਤ ਹੈ। ਹਮਾਸ ਦੇ ਮੰਤਰੀ ਮੌਫੀਦ ਅਲ ਹਸਾਈਨਾਹ ਦੀ ਇਸ ਜੰਗਬੰਦੀ ਬਾਰੇ ਟਿੱਪਣੀ ਸੀ - ''ਅਸੀਂ ਜੰਗਬੰਦੀ ਚਾਹੁੰਦੇ ਹਾਂ, ਅਸੀਂ ਜਾਨਵਰ ਨਹੀਂ ਹਾਂ। ਕਿਹੋ ਜਿਹੀ ਹੋਵੇਗੀ ਉਹ ਜੰਗਬੰਦੀ ਬਿਨਾਂ ਬਾਰਡਰਾਂ ਦੇ ਖੁਲ੍ਹਿਆਂ? ਬਿਨਾਂ ਤਨਖਾਹਾਂ ਤੋਂ? ਬਿਨਾਂ ਰੋਜ਼ਗਾਰ ਤੋਂ? ਜੰਗਬੰਦੀ ਲਈ ਹਮਾਸ ਦੀ ਸ਼ਰਤ ਹੈ ਕਿ ਗਾਜਾ ਪੱਟੀ ਦੀ ਨਾਕੇਬੰਦੀ ਖਤਮ ਕੀਤੀ ਜਾਵੇ। ਬਾਰਡਰ ਦੇ ਰਸਤੇ ਖੋਲੇ ਜਾਣ। ਇਕ ਹਵਾਈ ਅੱਡਾ ਅਤੇ ਇਕ ਬੰਦਰਗਾਹ ਕੌਮਾਂਤਰੀ ਨਿਗਰਾਨੀ ਹੇਠ ਖੋਲ੍ਹੀਆਂ ਜਾਣ। ਸਨਅਤੀ ਜੋਨ ਮੁੜ ਸਥਾਪਤ ਕੀਤੇ ਜਾਣ ਅਤੇ ਮੱਛੀਆਂ ਫੜਨ ਲਈ 6 ਮੀਲ ਦਾ 'ਫਿਸ਼ਿੰਗ ਜ਼ੋਨ' ਮੁੜ ਸਥਾਪਤ ਕੀਤਾ ਜਾਵੇ। ਦੁਨੀਆਂ ਭਰਦੇ ਅਮਨ ਪਸੰਦ ਲੋਕਾਂ ਵਲੋਂ ਅਜਿਹੀ ਜੰਗਬੰਦੀ ਲਈ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਫਲਸਤੀਨੀਆਂ ਨੂੰ ਗਾਜ਼ਾ ਪੱਟੀ ਵਿਚ ਤਾੜਕੇ ਉਨ੍ਹਾਂ ਦਾ ਗਲਾ ਨਾ ਘੁਟਿਆ ਜਾਵੇ ਬਲਕਿ ਉਨ੍ਹਾਂ ਨੂੰ ਆਰਥਕ ਅਤੇ ਸਮਾਜਕ ਵਸੀਲੇ ਪ੍ਰਦਾਨ ਕੀਤੇ ਜਾਣ ਜਿਸ ਨਾਲ ਉਹ ਸਨਮਾਨਜਨਕ ਜਿੰਦਗੀ ਜੀਅ ਸਕਣ। 
(24.7.2014)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ, ਅਗਸਤ 2014)

ਅੱਖਾਂ ਵਿਚ ਮਰ ਗਈ ਖੁਸ਼ੀ

- ਵਰਿਆਮ ਸਿੰਘ ਸੰਧੂ 
''ਸੁਣਾਓ ਮਾਸਟਰ ਸ਼ਾਮ ਸੁੰਦਰ ਜੀ! ਤੁਸੀਂ ਕਿਹੜੇ ਪਾਸੇ ਹੋ ਕੇ ਸਮਾਜਵਾਦ ਲਿਆਉਣ ਲਈ ਯਤਨ ਆਰੰਭ ਕਰੋਂਗੇ?'' 
ਮਾਸਟਰ ਸ਼ਾਮ ਸੁੰਦਰ ਨੇ ਡਾਕਟਰ ਧਰਮ ਸਿੰਘ ਦੇ ਬੋਲਾਂ ਦਾ ਕੋਈ ਉੱਤਰ ਦੇਣਾ ਉਚਿਤ ਨਾ ਸਮਝਿਆ। ਉਸ ਦੇ ਝੁਰੜੀਆਂ ਵਾਲੇ ਮੱਥੇ ਉਤੇ ਇਕ ਤਿਊੜੀ, ਨਵੀਂ ਝੁਰੜੀ ਬਣ ਕੇ ਉਭਰ ਆਈ। ਉਸ ਟੁੱਟੇ ਹੋਏ ਸਾਈਕਲ ਦੇ ਪਿੱਛੇ ਲੱਦੀ ਪੱਠਿਆਂ ਦੀ ਭਾਰੀ ਪੰਡ ਸੰਭਾਲਦੇ ਹੋਏ ਜ਼ੋਰ ਦੀ ਪੈਡਲ ਮਾਰਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਸਾਈਕਲ ਦਾ ਚੇਨ ਲੱਥ ਜਾਣ ਦੀ ਅਸਫਲਤਾ ਦਾ ਰੂਪ ਧਾਰ ਗਈ। ਉਹ ਡਿੱਗਦਾ-ਡਿੱਗਦਾ ਮਸੀਂ ਸੰਭਲਿਆ।
ਉਸ ਨੂੰ ਡਾਕਟਰ ਧਰਮ ਸਿੰਘ ਉਤੇ ਖ਼ਾਹ-ਮਖ਼ਾਹ ਫਿਰ ਗੁੱਸਾ ਆ ਗਿਆ। ਇਹ ਸਮਾਜਵਾਦ ਦਾ ਰੌਲਾ-ਰੱਪਾ ਜਿਹਾ ਉਹ ਕਈ ਚਿਰ ਤੋਂ ਸੁਣਦਾ ਆ ਰਿਹਾ ਸੀ। ਤੇ ਜਿਹੜੀ ਗੱਲ 'ਰੌਲਾ-ਰੱਪਾ' ਬਣ ਕੇ ਹੀ ਰਹਿੰਦੀ ਜਾ ਰਹੀ ਸੀ, ਉਸ ਬਾਰੇ ਸੁਣ ਕੇ ਉਹਦੇ ਮਨ ਦਾ ਸੁਆਦ ਹੋਰ ਵੀ ਖਰਾਬ ਹੋ ਗਿਆ। ਸਾਈਕਲ ਨੂੰ ਚੇਨ ਚੜ੍ਹਾ ਕੇ ਉਹ ਫਿਰ ਤੁਰ ਪਿਆ। ਕਮਜ਼ੋਰ ਬੁੱਢਾ ਸਰੀਰ ਮਸੀਂ ਪੱਠਿਆਂ ਦੀ ਪੰਡ ਸਾਇਕਲ ਤੇ ਧੂਹ ਰਿਹਾ ਸੀ। ਉਧਰੋਂ ਹਵਾ ਵੀ ਅੱਗੋਂ ਦੀ ਸੀ। ਸਾਈਕਲ ਵੀ ਉਸ ਦਾ ਉਮਰੋਂ ਹਾਣੀ ਲੱਗਦਾ ਸੀ। 
ਪਿੰਡ ਦੀ ਸੱਥ ਵਿਚ ਵੜਦਿਆਂ ਉਸ ਮੱਥੇ ਉਤੇ ਮੁੜਕਾ ਪੂੰਝਿਆ। ਡਾਕਟਰ ਧਰਮ ਸਿੰਘ ਉਤੇ ਕ੍ਰਿਝਦਾ ਉਹ ਆਪਣੇ ਨਾਲ ਔਖਾ ਹੋਣ ਲੱਗ ਪਿਆ। ਅਖੇ : ''ਸੁਣਾਓ ਮਾਸਟਰ ਸ਼ਾਮ ਸੁੰਦਰ ਜੀ!...''
ਉਸ ਨੂੰ ਡਾਕਟਰ ਵਲੋਂ ਆਪਣੇ ਉਤੇ ਕੀਤੇ ਗਏ ਵਿਅੰਗ ਨਾਲੋਂ ਬਹੁਤਾ ਗੁੱਸਾ ਇਸ ਗੱਲ ਦਾ ਆਇਆ ਕਿ ਉਸ ਨੇ ਉਹਨੂੰ ਮਾਸਟਰ ਸ਼ਾਮ ਸੁੰਦਰ ਜੀ!' ਕਿਉਂ ਕਿਹਾ ਸੀ!
'ਸ਼ਾਮ ਸੁੰਦਰ...' ਉਹ ਆਪ ਹੀ ਬੁੜਬੁੜਾਇਆ। ਆਪਣੇ ਨਾਂ ਬਾਰੇ ਸੋਚਦਿਆਂ ਉਸ ਨੂੰ ਕਦੀ ਵੀ 'ਸ਼ਾਮ ਮੁਰਾਰੀ ਕ੍ਰਿਸ਼ਨ ਭਗਵਾਨ' ਦੀ ਸੁੰਦਰਤਾ ਚੇਤੇ ਨਹੀਂ ਸੀ ਆਈ। ਸਗੋਂ ਡੁੱਬਦਾ ਹੋਇਆ ਸੂਰਜ ਚੇਤੇ ਆ ਜਾਂਦਾ ਸੀ। 'ਸ਼ਾਮ ਸੁੰਦਰ!' ਉਸ ਫਿਰ ਕਿਹਾ ਤੇ ਪੱਛਮ ਦੀ ਬੁੱਕਲ ਵਿਚ ਵੜਦੇ ਜਾਂਦੇ ਸੂਰਜ ਵੱਲ ਤੱਕਿਆ। ਇਹ ਪੈਂਦੀ ਜਾ ਰਹੀ 'ਸ਼ਾਮ' ਉਸ ਨੂੰ ਕਦੀ 'ਸੁੰਦਰ' ਨਹੀਂ ਸੀ ਲੱਗੀ। ਤੇ ਉਸ ਨੂੰ ਆਪ ਸਮਝ ਨਹੀਂ ਸੀ ਆਉਂਦੀ ਕਿ ਉਹ ਕਿਉਂ ਆਪਣੇ ਨਾਂ ਨੂੰ 'ਸ਼ਾਮ' ਨਾਲ ਤੁਲਨਾ ਦੇਂਦਾ ਸੀ। ਉਸ ਨੂੰ ਰਹਿ-ਰਹਿ ਕੇ ਐਵੇਂ ਹੀ ਕ੍ਰੋਧ ਆਉਂਦਾ ਕਿ ਉਸ ਦਾ ਇਹ ਨਾਂ ਕਿਉਂ ਹੈ। ਤੇ ਗੁੱਸੇ ਵਿਚ ਉਹ ਮੁਗਲ ਸ਼ਹਿਨਸ਼ਾਹ ਜਹਾਂਗੀਰ ਵਰਗੀਆਂ ਮੁੱਛਾਂ ਨੂੰ ਦੰਦ ਨਾਲ ਟੁੱਕਣ ਲੱਗ ਪੈਂਦਾ। 
ਹਰ 'ਸ਼ਾਮ' ਉਸ ਨੂੰ 'ਸੁੰਦਰ' ਨਹੀਂ ਭੱਦੀ ਲੱਗਦੀ ਸੀ। ਸਾਰੀ ਉਮਰ ਪਹਿਲਾਂ ਮਾਸਟਰੀ ਕੀਤੀ। ਹੁਣ ਕੌਮ ਤੇ ਉਸਰਈਏ ਨੇ ਸੌ ਸਿਫਾਰਸ਼ਾਂ ਪਾ ਕੇ, ਪੇਟ ਪਾਲਣ ਲਈ, ਪੰਜ ਮੀਲ ਦੂਰ ਇਕ ਬਰਾਂਚ ਦਾ ਡਾਕਖਾਨਾ ਲਿਆ ਸੀ। ਸਵੇਰੇ ਪੰਜ ਮੀਲ ਜਾਂਦਾ। ਤਿੰਨਾਂ ਪਿੰਡਾਂ ਦੀ ਡਾਕ ਘਰ-ਘਰ ਵੰਡਦਾ। ਸ਼ਾਮ ਨੂੰ ਗਾਂ ਤੇ ਵੱਛੇ ਜੋਗੇ ਰਾਹ ਵਿਚ ਮੁੱਲ ਲਏ ਪੱਠਿਆਂ ਦੀ ਪੰਡ ਟੁੱਟੇ ਸਾਈਕਲ ਉਤੇ ਪਿੰਡ ਲਿਆਉਂਦਾ। ਪਿੰਡ ਪਹੁੰਚਦਿਆਂ ਰਾਤ ਪੈ ਰਹੀ ਹੁੰਦੀ। ਉਹਦਾ ਬੁੱਢਾ ਕਮਜ਼ੋਰ ਸਰੀਰ ਥਕੇਵੇਂ ਨਾਲ ਚੂਰ ਹੋਇਆ ਹੁੰਦਾ। ਫਿਰ ਪੱਠੇ ਕੁਤਰ ਕੇ ਗਾਂ ਨੂੰ ਪਾਉਣੇ। ਇੰਜ ਉਸ ਦੀ ਸਾਰੀ ਦਿਹਾੜੀ ਰੁਝੇਵੇਂ ਵਿਚ ਲੰਘਦੀ ਤੇ ਸ਼ਾਮ ਪੈ ਜਾਂਦੀ। ਉਹ ਮਹਿਸੂਸ ਕਰਦਾ ਕਿ ਉਸ ਦੇ ਕਮਜ਼ੋਰ ਹੁੰਦੇ ਜਾ ਰਹੇ ਬੁੱਢੇ ਸਰੀਰ ਲਈ ਇਹ ਕੰਮ ਜ਼ਿਆਦਾ ਸੀ। ਆਪਸ ਵਿਚ ਦੋ-ਦੋ ਮੀਲਾਂ ਦੀ ਵਿੱਥ ਵਾਲੇ ਤਿੰਨਾਂ ਪਿੰਡਾਂ ਦੀ ਡਾਕ ਵੰਡਣੀ। ਸਾਰੀ ਦਿਹਾੜੀ ਕੇਵਲ ਚਾਲੀ ਰੁਪਈਆਂ ਪਿੱਛੇ ਸਈਕਲ ਚਲਾਉਂਦੇ ਰਹਿਣਾ। ਪਰ ਇਹ ਤਾਂ ਪੇਟ ਦਾ ਸੁਆਲ ਸੀ। ਜਿਸਦੇ ਜਵਾਬ ਵਿਚ ਉਸ ਦੇ ਬੁੱਢੜ ਸਰੀਰ ਨੂੰ ਇਹ ਔਖਿਆਈ ਝੱਲਣੀ ਹੀ ਪੈ ਰਹੀ ਸੀ। ਪਰ ਇੰਜ ਸ਼ਾਮ ਨੂੰ ਥਕੇਵੇਂ ਵਿਚ ਚੂਰ ਹੋਏ ਨੂੰ ਜਦੋਂ ਉਸ ਨੂੰ ਆਪਣਾ ਨਾਂ ਚੇਤੇ ਆ ਜਾਂਦਾ ਤਾਂ ਉਸ ਦਾ ਜੀਅ ਕਰਦਾ, ਉਹਦੀ ਮਾਂ ਕੋਲ ਹੋਵੇ ਤੇ ਉਹ ਉਸ ਨੂੰ ਪੁੱਛੇ ਕਿ ਉਸ ਨੇ ਕੀਹਦੇ ਕੋਲੋਂ ਪੁੱਛ ਕੇ ਉਹਦਾ ਇਹ ਨਾ ਰੱਖਿਆ ਸੀ। 
ਉਹ ਸਾਇਕਲ ਤੋਂ ਉਤਰਿਆ। ਖਲੋ ਕੇ ਲੱਕ ਨੂੰ ਸਿੱਧਾ ਕੀਤਾ ਤੇ ਅੰਗੜਾਈ ਭਰਨ ਦੀ ਕੋਸ਼ਿਸ਼ ਕੀਤੀ। ਲੱਕ ਵਿਚੋਂ ਚੀਸ ਨਿਕਲੀ ਤੇ ਉਹ ਸਾਰੇ ਦਾ ਸਾਰਾ ਜਿਵੇਂ ਇਕੱਠਾ ਹੋ ਗਿਆ। ਮੱਥੇ ਉਤੇ ਤਰੇਲੀ ਆ ਗਈ। ਉਸ ਦੀ  ਜ਼ਿੰਦਗੀ ਦੀ 'ਸ਼ਾਮ' ਵੀ ਕਿੰਨੀ 'ਸੁੰਦਰ' ਸੀ! ਤੇ ਐਵੇਂ ਉਸ ਨੂੰ ਆਪਣੇ ਨਾ ਨਾਲ ਫਿਰ ਗੁੱਸਾ ਆ ਗਿਆ। ਇਹ ਭਲਾ ਕੋਈ ਗੱਲ ਵੀ ਸੀ। 
ਉਸ ਦੂਰੋਂ ਵੇਖਿਆ, ਉਹਦੇ ਘਰ ਦੀ ਡਿਊਢੀ ਉਤੇ ਚਰਖੇ ਵਾਲਾ ਤਿਰੰਗਾ ਕਾਂਗਰਸੀ ਝੰਡਾ ਲਹਿਰਾ ਰਿਹਾ ਸੀ। ਉਸ ਨੂੰ ਰਾਹ ਵਿਚ ਮਿਲੇ ਡਾਕਟਰ ਧਰਮ ਸਿੰਘ ਦਾ ਵਿਅੰਗ ਚੇਤੇ ਆ ਗਿਆ। ਹੁਣੇ ਹੁਣੇ ਦੇਸ਼ ਦੀ ਹਾਕਮ ਪਾਰਟੀ ਵਿਚ ਦੋ ਧੜੇ ਬਣੇ ਸਨ। ਤੇ ਡਾਕਟਰ ਉਸ ਨੂੰ ਪੁੱਛ ਰਿਹਾ ਸੀ ਕਿ ਉਹ ਕਿਹੜੇ ਧੜੇ ਨਾਲ ਸ਼ਾਮਲ ਹੋ ਕੇ ਸਮਾਜਵਾਦ ਲਿਆਵੇਗਾ। ਉਸ ਨੇ ਆਪਣੇ ਘਸੇ ਹੋਏ ਕੱਪੜਿਆਂ, ਟੁੱਟੇ ਸਾਈਕਲ ਤੇ ਉਸ ਪਿੱਛੇ ਪੱਠਿਆਂ ਦੀ ਪੰਡ ਨੂੰ ਤੱਕਿਆ। ਉਮਰ ਦਾ ਬਾਹਠਵਾਂ ਸਾਲ ਚੇਤੇ ਆਇਆ। ਤੇ ਉਹ ਸਮਾਜਵਾਦ ਬਾਰੇ ਸੋਚ ਕੇ ਐਵੇਂ ਹੀ ਮੁਸਕਰਾ ਪਿਆ। ਡਿਊਢੀ ਉਤੇ ਤਿਰੰਗਾ ਝੁੱਲ ਰਿਹਾ ਸੀ। 
ਘਰ ਪਹੁੰਚ ਕੇ ਉਸ ਨੇ ਡਿਊਢੀ ਵਿਚ ਸਾਈਕਲ ਤੋਂ ਪੱਠਿਆਂ ਦੀ ਪੰਡ ਉਤਾਰੀ। ਸਾਈਕਲ ਕੰਧ ਨਾਲ ਲਾਇਆ। ਲੱਕ ਤੇ ਗੋਡਿਆਂ ਵਿਚੋਂ ਇਕੱਠੀ ਪੀੜ ਨਿਕਲੀ। ਉਸ ਹੱਥ ਲਾ ਕੇ ਵੇਖਿਆ, ਗੋਡੇ ਸੁੱਜੇ ਹੋਏ ਲੱਗਦੇ ਸਨ। ਇਕ ਛਿਣ ਲਈ ਉਸ ਦੇ ਮਨ ਵਿਚ ਮਰ ਜਾਣ ਦਾ ਵਿਚਾਰ ਆਇਆ, ''ਮਾੜੇ ਨੂੰ ਮੌਤ ਵੀ ਕਿੱਥੇ!'' ਉਸ ਆਪਣੇ ਆਪ ਨੂੰ ਕਿਹਾ 'ਇਹ ਵੀ ਸਾਲੇ ਤਗੜਿਆਂ ਨੂੰ ਫੱਟ ਦੇਣੀ ਆਉਂਦੀ ਏ। ਚਲੋ ਜੀ ਹਾਰਟ ਫੇਲ੍ਹ ਹੋ ਗਿਆ ਤੇ ਔਹ ਗਏ। ਸਾਡਾ ਹਾਰਟ ਵੀ ਖ਼ਬਰੇ ਕਾਹਦਾ ਏ ਜਿਹੜਾ ਫੇਲ੍ਹ ਨਹੀਂ ਹੁੰਦਾ। ਸੋਚਦਾ ਸੋਚਦਾ ਉਹ ਉਚੀ ਹੁੰਗਾਰ ਪਿਆ 'ਸਾਡੇ ਤਾਂ ਮੁੰਡੇ ਹੀ ਫੇਲ੍ਹ ਹੁੰਦੇ ਨੇ।' ਉਸ ਨੂੰ ਛੋਟੇ ਮੁੰਡੇ ਚਰਨ ਦਾਸ ਦਾ ਖਿਆਲ ਆ ਗਿਆ, ਜਿਹੜਾ ਤਿੰਨ ਵਾਰ ਦਸਵੀਂ 'ਚੋਂ ਫੇਲ੍ਹ ਹੋਇਆ ਸੀ ਤੇ ਹੁਣ ਬਿਜਲੀ ਦੇ ਮਹਿਕਮੇ ਵਿਚ ਖੰਭੇ ਗੱਡਣ ਵਿਚ 'ਭਰਤੀ' ਹੋ ਗਿਆ ਸੀ। 
ਵਿਹੜੇ ਵਿਚ ਦੀ ਹੁੰਦਾ ਉਹ ਸਿੱਧਾ ਅੰਦਰ ਲੰਘ ਗਿਆ। ਚੌਂਕੇ ਵਿਚ ਵੱਡੀ ਧੀ ਸੁਸ਼ਮਾ ਤੇ ਉਸ ਦੀ ਮਾਂ ਬੈਠੀਆਂ ਹੋਈਆਂ ਸਨ। ਵੱਡੇ ਲੜਕੇ ਧਰਮਪਾਲ ਦੀ ਵਿਧਵਾ ਨਲਕੇ ਲਾਗੇ ਬੈਠੀ ਕੋਈ ਕੱਪੜਾ ਧੋ ਰਹੀ ਸੀ। ਕਿਸੇ ਵੱਲ ਵੀ ਵੇਖ ਕੇ ਉਹਦੇ ਮਨ ਨੂੰ ਕੋਈ ਖੁਸ਼ੀ ਨਹੀਂ ਹੋਈ। ਕਮਰੇ ਅੰਦਰ ਵੜਦਿਆਂ ਹੀ ਉਹ ਮੰਜੇ ਉਤੇ 'ਧਹਿ' ਕਰਕੇ ਡਿੱਗ ਪਿਆ। ਦਰਵਾਜ਼ੇ ਵਿਚੋਂ ਵੇਖਿਆ, ਬਾਹਰ ਡਿਉਢੀ ਉਤੇ ਝੁੱਲਦਾ ਤਿਰੰਗਾ ਦਿਸ ਰਿਹਾ ਸੀ। ਉਧਰੋਂ ਧਿਆਨ ਪਰਤਾ ਕੇ ਉਸ ਨੇ ਅੰਗੀਠੀ ਵੱਲ ਤੱਕਿਆ, ਧਰਮਪਾਲ ਦੀ ਫੋਟੋ ਕੋਲ ਸ਼ਹੀਦ ਭਗਤ ਸਿੰਘ ਦੀ ਘਸਮੈਲੀ ਤਸਵੀਰ ਫਰੇਮ ਕੀਤੀ ਪਈ ਸੀ ਤੇ ਉਸ ਦੀਆਂ ਅੱਖਾਂ ਅੱਗੋਂ ਉਹ ਦ੍ਰਿਸ਼ ਗੁਜ਼ਰ ਗਿਆ। 
... ਉਸ ਨੂੰ ਚੰਗੀ ਤਰ੍ਹਾਂ ਚੇਤੇ ਸੀ। ਉਹ ਉਦੋਂ ਕਸੂਰ ਪੜ੍ਹਦੇ ਸਨ। ਅੰਗਰੇਜ਼ ਵਾਇਸਰਾਏ ਲਾਹੌਰ ਆ ਰਿਹਾ ਸੀ। ਹੋਰਨਾਂ ਸਕੂਲਾਂ ਵਾਂਗ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਵੀ ਸਕਾਊਟਾਂ ਦੇ ਰੂਪ ਵਿਚ ਵਾਇਸਰਾਏ ਦੇ ਸਵਾਗਤ ਲਈ ਲਾਹੌਰ ਗਏ ਸਨ। ਬੜਾ ਵੱਡਾ ਜਲੂਸ ਸੀ। ਵਿਦਿਆਰਥੀਆਂ ਨੇ ਹੱਥਾਂ ਵਿਚ 'ਯੂਨੀਅਨ ਜੈਕ' ਫੜੇ ਹੋਏ ਸਨ। ੳਹ ਬਾਦਸ਼ਾਹ ਸਲਾਮਤ ਦੀ ਬਾਦਸ਼ਾਹੀ ਵਧਣ-ਫੁੱਲਣ ਲਈ ਸੰਘ ਪਾੜ-ਪਾੜ ਕੇ ਨਾਹਰੇ ਲਾ ਰਹੇ ਸਨ। ਉਹ ਤੇ ਉਹਦਾ ਬੜਾ ਹੀ ਪਿਆਰਾ ਸਾਥੀ ਮਰ੍ਹਾਜਦੀਨ 'ਯੂਨੀਅਨ ਜੈਕ' ਫੜੀ ਵਿਦਿਆਰਥੀਆਂ ਦੇ ਅੱਗੇ ਅੱਗੇ ਸਨ। ਅਚਾਨਕ ਇਕ ਗਲੀ ਵਿਚੋਂ ਕੁਝ ਨੌਜਵਾਨ ਨਿਕਲੇ ਤੇ ਉਹਨਾਂ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। 
''ਅੱਪ! ਅੱਪ!! ਦੀ ਨੈਸ਼ਨਲ ਫ਼ਲੈਗ''
'ਡਾਊਨ! ਡਾਊਨ!! ਦੀ ਯੂਨੀਅਨ ਜੈਕ'
''ਇਨਕਲਾਬ! .... ਜ਼ਿੰਦਾਬਾਦ!!''
ਉਹਨਾਂ ਦੀ ਆਵਾਜ਼  ਵਿਚ ਗਰਜ ਸੀ। 'ਨੈਸ਼ਨਲ ਫ਼ਲੈਗ' ਕਿਧਰੇ ਨਹੀਂ ਸੀ ਦਿਸਦਾ। ਪਰ 'ਯੂਨੀਅਨ ਜੈਕ' ਸ਼ਾਮ ਸੁੰਦਰ ਤੇ ਮਰ੍ਹਾਜਦੀਨ ਨੇ ਆਪਣੇ ਹੱਥਾਂ ਵਿਚ ਘੁੱਟ ਕੇ ਫੜਿਆ ਹੋਇਆ ਸੀ। ਉਚਾ ਚੁੱਕਿਆ ਹੋਇਆ। 
'ਅੱਪ! ਅੱਪ!! ਦੀ ਨੈਸ਼ਨਲ ਫ਼ਲੈਗ'
''ਡਾਊਨ! ਡਾਊਨ!! ਦੀ ਯੂਨੀਅਨ ਜ਼ੈਕ''
ਨੌਜਵਾਨ ਨਾਹਰੇ  ਲਾ ਰਹੇ ਸਨ। ਸ਼ਾਮ ਸੁੰਦਰ ਨੇ ਉਹਨਾਂ ਵਿਚੋਂ  ਲੰਮੇ ਗੱਭਰੂ ਦੇ ਚਿਹਰੇ ਵੱਲ ਵੇਖਿਆ, ਜੋ ਜ਼ੋਰ ਜ਼ੋਰ ਦੀ ਨਾਹਰੇ ਲਾ ਰਿਹਾ ਸੀ। ਕਿੰਨਾ ਜਲਾਲ ਸੀ ਉਸ ਦੇ ਚਿਹਰੇ ਉਤੇ! ਕਿੰਨਾ ਜੋਸ਼ ਸੀ ਉਸ ਦੇ ਬੋਲਾਂ ਵਿਚ! .. ਤੇ ਸ਼ਾਮ ਸੁੰਦਰ ਦੀਆਂ ਆਪਣੀਆਂ ਅੱਖਾਂ ਅੱਗੇ ਜਲ੍ਹਿਆਂਵਾਲਾ ਬਾਗ ਵਿਚ ਚਲਦੀ ਗੋਲੀ ਦਾ ਦ੍ਰਿਸ਼ ਆ ਗਿਆ। ਜਿਥੇ ਉਸ ਦਾ ਪਿਤਾ ਗੁਲਾਮੀ ਦੀ ਛੱਟ ਉਤਾਰਨ ਤੇ ਸੱਚ ਦੀ ਆਵਾਜ਼ ਉਚੀ ਕਰਨ ਗਿਆ, ਗੋਲੀ ਦਾ ਨਿਸ਼ਾਨਾ ਬਣ ਗਿਆ ਸੀ।
ਨੌਜਵਾਨ ਨਾਹਰਾ ਲਾ ਰਿਹਾ ਸੀ...
'ਡਾਊਨ! ਡਾਊਨ!! ਦੀ ਯੂਨੀਅਨ ਜੈਕ''
ਸ਼ਾਮ ਸੁੰਦਰ ਨੇ ਮਰ੍ਹਾਜਦੀਨ ਵੱਲ ਵੇਖਿਆ। ਦੋਹਾਂ ਦੀਆਂ ਅੱਖਾਂ ਮਿਲੀਆਂ ਤੇ ਅੱਖਾਂ ਹੀ ਅੱਖਾਂ ਵਿਚ ਜਿਵੇਂ ਉਹਨਾਂ ਨੇ ਫੈਸਲਾ ਕਰ ਲਿਆ। ਉਹਨਾਂ ਨੇ ਹੱਥਾਂ ਵਿਚ ਫੜਿਆ ਹੋਇਆ ਯੂਨੀਅਨ ਜੈਕ ਮੂਧਾ ਕਰ ਦਿੱਤਾ।
ਸਕੂਲ ਜਾ ਕੇ ਉਹਨੂੰ ਤੇ ਮਰ੍ਹਾਜਦੀਨ ਨੂੰ ਅਧਿਆਪਕ ਕੋਲੋਂ ਅੰਤਾਂ ਦੀ ਮਾਰ ਖਾਣੀ ਪਈ ਸੀ। ਕਈ ਦਿਨਾਂ ਤੱਕ ਉਹਨਾਂ ਦੇ ਹੱਥ ਸੁੱਜੇ ਰਹੇ ਸਨ। ਪਰ ਉਹ ਖੁਸ਼ ਸਨ ਕਿ ਉਹਨਾਂ ਨੇ ਯੂਨੀਅਨ ਜੈਕ ਨੀਵਾਂ ਕਰ ਦਿੱਤਾ ਸੀ। ਤੇ ਪਿੱਛੇ ਜਦ ਉਸ ਨੂੰ ਪਤਾ ਲੱਗਾ ਕਿ ਉਹ ਨੌਜੁਆਨ ਸ. ਭਗਤ ਸਿੰਘ ਤੇ ਉਸ ਦੇ ਸਾਥੀ ਸਨ ਤਾਂ ਉਹਨੇ ਇਹ ਗੱਲ ਮਰ੍ਹਾਜਦੀਨ ਨੂੰ ਬੜੀ ਖੁਸ਼ੀ ਨਾਲ ਦੱਸੀ। ਤੇ ਬਾਅਦ ਵਿਚ ਜਦੋਂ ਭਗਤ ਸਿੰਘ ਕੌਮੀ ਹੀਰੋ ਬਣ ਗਿਆ ਸੀ ਤੇ ਉਹਦੀ ਸ਼ਹੀਦੀ ਨੇ ਜੁਆਨਾਂ ਦੇ ਦਿਲਾਂ ਵਿਚ ਨਵਾਂ ਰਾਂਗਲਾ ਉਤਸ਼ਾਹ ਭਰ ਦਿੱਤਾ ਸੀ-ਉਦੋਂ ਸ਼ਾਮ ਸੁੰਦਰ ਨੂੰ ਆਪਣੇ ਆਪ ਉਤੇ ਫ਼ਖਰ ਆਉਂਦਾ ਕਿ ਉਸ ਨੇ ਭਗਤ ਸਿੰਘ ਦੇ ਕਹੇ ਉਤੇ ਯੂਨੀਅਨ ਜੈਕ ਨੀਵਾਂ ਕਰ ਦਿੱਤਾ ਸੀ। ਉਸ ਅਤੇ ਮਰ੍ਹਾਜਦੀਨ ਦੋਹਾਂ ਨੇ ਭਗਤ ਸਿੰਘ ਦੀ ਇਕ ਇਕ ਫੋਟੇ ਅਖਬਾਰਾਂ ਵਿਚੋਂ ਕੱਟ ਕੇ ਰੱਖ ਲਈ ਸੀ। ਇਹ ਉਹ ਦਿਨ ਸਨ ਜਦੋਂ ਭਗਤ ਸਿੰਘ ਦੀ ਫੋਟੋ ਰੱਖਣਾ ਵੀ ਜ਼ੁਰਮ ਸਮਝਿਆ ਜਾਂਦਾ ਸੀ। ਤੇ ਉਹ ਫੋਟੋ ਅੱਜ ਉਹ ਅੰਗੀਠੀ ਉਤੇ ਪਈ ਵੇਖ ਰਿਹਾ ਸੀ। ਇਹ ਨਜ਼ਾਰਾ ਉਸ ਦੇ ਸਰੀਰ ਨੂੰ ਗਰਮਾ ਰਿਹਾ ਸੀ। ਉਸ ਨੇ ਤਸਵੀਰ ਵੱਲ ਵੇਖ ਕੇ ਮੁੜ ਤਿਰੰਗੇ ਵੱਲ ਤੱਕਿਆ। ਝੰਡਾ ਹਵਾ ਨੂੰ ਚੁੰਮਦਾ ਫਰਫਰਾ ਰਿਹਾ ਸੀ। ਪਰ ਉਸ ਦੇ ਮਨ ਨੂੰ ਉਹ ਖੁਸ਼ੀ ਨਾ ਹੋਈ, ਜੋ ਯੂਨੀਅਨ ਜੈਕ ਨੂੰ ਨੀਵਾਂ ਕਰਕੇ ਤੇ ਤਿਰੰਗੇ ਝੰਡੇ ਨੂੰ ਉੱਚਾ ਕੀਤਿਆਂ ਉਸ ਨੂੰ ਮਿਲਣੀ ਚਾਹੀਦੀ ਸੀ। 
ਕਈ ਸਾਲ ਉਸ ਨੂੰ ਨਿਰਾਸ਼ ਹੋਣਾ ਪਿਆ ਸੀ। ਪਰ ਅਜੇ ਵੀ ਉਸ ਨੂੰ ਆਸ ਸੀ ਕਿ ਇਹ ਖੁਸ਼ੀ ਉਸ ਨੂੰ ਜ਼ਰੂਰ ਪ੍ਰਾਪਤ ਹੋਵੇਗੀ। ਉਸ ਦੇ ਪਿਤਾ ਨੇ ਐਵੇਂ ਤਾਂ ਨਹੀਂ ਸੀ ਜਲ੍ਹਿਆਂਵਾਲੇ ਬਾਗ ਵਿਚ ਗੋਲੀ ਖਾਧੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਐਵੇਂ ਤਾਂ ਨਹੀਂ ਸੀ ਫਾਂਸੀ ਦਾ ਰੱਸਾ ਚੁੰਮਿਆ। ਉਹਨਾਂ ਆਪ ਐਵੇਂ ਤਾਂ ਨਹੀਂ ਸੀ ਯੂਨੀਅਨ ਜੈਕ ਨੂੰ ਨੀਵਾਂ ਕਰ ਕੇ ਬੈਂਤਾਂ ਦੀ ਮਾਰ ਖਾਧੀ। ਤੇ ਕਈ ਸਾਲ ਉਹ ਆਪਣੇ ਦਿਲ ਨੂੰ ਇਸ ਖੁਸ਼ੀ ਦੀ ਆਮਦ ਦੇ ਭੁਲੇਖੇ ਦਾ ਧੋਖਾ ਦਿੰਦਾ ਰਿਹਾ ਸੀ। ਕਈ ਸਾਲ ਤੋਂ ਚਰਖੇ ਵਾਲਾ ਤਿਰੰਗਾ ਉਸ ਦੀ ਉਡੀਕ ਉਤੇ ਝੁਲ ਰਿਹਾ ਸੀ। ਪਰ ਖੁਸ਼ੀ ਅਜੇ ਨਹੀਂ ਸੀ ਆਈ। ਖੁਸ਼ੀ ਖ਼ਬਰੇ ਭੁੱਲ ਕੇ ਕਿਹੜੇ ਮਹਿਲਾਂ ਵਿਚ ਜਾ ਵੜੀ ਸੀ।
''ਮੈਂ ਕਿਹਾ ਸਗੋਂ ਰਾਜ਼ੀ ਤੇ ਓ ਨਾ? ਗਾਂ ਨੂੰ ਪੱਠੇ ਨ੍ਹੀਂ ਕੁਤਰ ਕੇ ਪਾਉਣੇ?'' ਉਸ ਦੀ ਪਤਨੀ ਧੰਨ ਦੇਵੀ ਅੰਦਰ ਆਈ ਤੇ ਉਸ ਦੇ ਚਿਹਰੇ ਵੱਲ ਤੱਕਣ ਲੱਗੀ। ਉਹ ਇਕ ਟੱਕ ਝੰਡੇ ਵੱਲ ਵੇਖੀ ਜਾ ਰਿਹਾ ਸੀ, ਜਿਵੇਂ ਉਸ ਨੂੰ ਘੂਰ ਰਿਹਾ ਹੋਵੇ। ਧੰਨ ਦੇਵੀ ਖਾਮੋਸ਼ ਉਸ ਦਾ ਉੱਤਰ ਉਡੀਕ ਰਹੀ ਸੀ। ਪਰ ਕੋਈ ਉੱਤਰ ਨਾ ਆਇਆ। ਧੰਨ ਦੇਵੀ ਦੇ ਹੋਠ ਫ਼ਰਕ ਉਠੇ, ਜਿਵੇਂ ਉਹ ਕੁਝ ਹੋਰ ਕਹਿਣਾ ਚਾਹੁੰਦੀ ਹੋਵੇ! ਤੇ ਆਖ਼ਰ ਉਸ ਡਰਦੀ-ਡਰਦੀ ਨੇ ਪੁੱਛਣ ਦਾ ਹੌਂਸਲਾ ਕਰ ਹੀ ਲਿਆ। 
''ਸੁਣਾਓ! ਕੁੜੀ ਵਾਸਤੇ ਕੋਈ ਕੰਮ ਬਣਿਆ? ਕਈ ਦਿਨ ਵਿਚਾਰੀ ਨੂੰ ਆਈ ਨੂੰ ਹੋ ਗਏ ਨੇ।'' ਉਸ ਨੇ ਪਤੀ ਦੇ ਝੁਰੜੀਆਂ ਵਾਲੇ ਚਿਹਰੇ ਵੱਲ ਤੱਕਣਾ ਸ਼ੁਰੂ ਕੀਤਾ। ਉਹ ਓਸ ਦੇ ਚਿਹਰੇ ਤੋਂ ਕੁਝ ਲੱਭਣਾ ਚਾਹੁੰਦੀ ਸੀ। ਪਰ ਜਿਵੇਂ ਸਾਰਾ ਕੁੱਝ ਉਸ ਦੀਆਂ ਝੁਰੜੀਆਂ ਦੇ ਜੰਗਲ ਵਿਚ ਗਵਾਚ ਗਿਆ ਸੀ। 
''ਦੋਂਹ ਚੌਂਹ ਥਾਵਾਂ ਤੋਂ ਪੁੱਛਿਆ ਸੀ। ਵਿਆਜ ਦੇਣ ਬਾਰੇ ਵੀ ਮੈਂ ਤਾਂ ਆਖਿਆ ਸੀ। ਪਰ ਕੋਈ ਕੰਜਰ ਨੰਨਾਂ ਨ੍ਹੀਂ ਧਰਦਾ। ਤੂੰ ਸ਼ੁਸ਼ਮਾ ਨੂੰ ਆਪ ਕੁਝ ਨਾ ਕਹੀਂ, ਮੈਂ ਆਪੇ ਗੱਲ ਕਰ ਲਾਂਗਾ।'' ਉਹ  ਜਿਵੇਂ ਖੂਹ ਵਿਚੋਂ ਬੋਲ ਰਿਹਾ ਸੀ। ਛੋਟੀ ਕੁੜੀ ਬਿਮਲਾ ਉਂਜ ਗਰੀਬ ਘਰ ਵਿਆਹੀ ਸੀ ਤੇ ਸਦਾ ਕੁਝ ਨਾ ਕੁਝ ਮੰਗਦੀ ਹੀ ਰਹਿੰਦੀ ਸੀ। ਤੇ ਇਹ ਵੱਡੀ ਸ਼ੁਸ਼ਮਾ ਅਮੀਰ ਘਰ ਵਿਆਹੀ ਸੀ। ਪਰ ਇਹ ਅਮੀਰ, ਗਰੀਬਾਂ ਨਾਲੋਂ ਵੀ ਭੁੱਖੇ ਨਿਕਲੇ ਸਨ। ਦਾਜ ਘੱਟ ਲਿਜਾਣ ਕਰਕੇ ਉਸ ਦਾ ਸੱਸ ਸਹੁਰਾ ਸਦਾ ਹੀ ਸ਼ੁਸ਼ਮਾ ਨਾਲ ਨੱਕ ਮੂੰਹ ਵੱਟਦੇ ਰਹਿੇੰਦੇ ਸਨ। ਜ਼ਰਾ-ਜ਼ਰਾ ਜਿੰਨੀ ਗੱਲ ਉਤੇ ਸੱਸ ਉਸ ਨੂੰ ਝਿੜਕਦੀ ਝੰਬਦੀ ਰਹਿੰਦੀ ਸੀ। ਹੁਣ ਉਸ ਦੇ ਪਤੀ ਨੇ ਭੇਜਿਆ ਸੀ ਕਿ ਜਾ ਕੇ ਉਹ ਘੱਟੋ-ਘੱਟ ਪੰਜ ਸੌ ਰੁਪਈਆ ਪੇਕਿਆਂ ਤੋਂ ਲਿਆਵੇ, ਉਸ ਨੇ ਮੋਟਰਸਾਈਕਲ ਖਰੀਦਣਾ ਹੈ। ਰੁਪਏ ਨਹੀਂ ਲਿਆਉਣੇ ਤਾਂ ਉਸ ਕਿਹਾ ਸੀ ਏਥੇ ਆਉਣ ਦੀ ਵੀ ਕੋਈ ਲੋੜ ਨਹੀਂ। ਤੇ ਹੁਣ ਕਈ ਦਿਨਾਂ ਤੋਂ ਸੁਸ਼ਮਾਂ ਪੇਕੇ ਆਈ ਬੈਠੀ ਸੀ। ਪਰ ਅਜੇ ਤੱਕ ਪੈਸਿਆਂ ਦਾ ਕੋਈ ਪ੍ਰਬੰਧ ਨਹੀਂ ਸੀ ਹੋ ਸਕਿਆ। 
ਤੇ ਸ਼ਾਮ ਸੁੰਦਰ ਧੰਨ ਦੇਵੀ ਵੱਲ ਵੇਖਦਾ ਆਪਣੀਆਂ ਮੁੱਝਾਂ ਟੁੱਕਣ ਲੱਗ ਪਿਆ। 
''ਸ਼ੁਸ਼ਮਾਂ ਦੇ ਘਰ ਵਾਲੇ ਦਾ ਅੱਜ ਖ਼ਤ ਆਇਐ। ਉਟ ਪਟਾਂਗ ਲਿਖ ਮਾਰਿਆ ਸੂ। ਕੁੜੀ ਸਗੋਂ ਸਵੇਰ ਦੀ ਰੋ ਰੋ ਕੇ ਆਪਣਾ ਆਪ ਹੰਗਾਲ ਬੈਠੀ ਏ...।'' ਧੰਨ ਦੇਈ ਦੇ ਬੋਲ ਥਿੜਕ ਗਏ। ਉਸ ਦਾ ਗੱਚ ਭਰ ਆਇਆ। ਪਰ ਸ਼ਾਮ ਸੁੰਦਰ ਅੱਗੋਂ ਕੁਝ ਨਹੀਂ ਬੋਲਿਆ। ਉਹ ਉਂਜ ਦਾ ਉਂਜ ਝੰਡੇ ਨੂੰ ਘੂਰੀ ਜਾ ਰਿਹਾ ਸੀ। 
''ਧਰਮਪਾਲ ਦਾ ਮੁੰਡਾ ਵੀ ਰੌਂਦਾ ਸੀ। ਉਹਦੇ ਕੱਪੜੇ ਪਾਟੇ ਹੋਏ ਨੇ ਸਾਰੇ। ਬਸਤਾ ਤਾਂ ਕਿਤਾਬਾਂ ਪਾਉਣ ਵਾਲਾ ਸਾਰਾ ਹੀ ਔਂਤਰਾ ਪਾਟ ਗਿਆ।'' ਉਹ ਬੋਲਦੀ ਬੋਲਦੀ ਚੁੱਪ ਕਰ ਗਈ। ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਕੋਲ ਪਈ ਆਪਣੇ ਵੱਡੇ ਪੁੱਤਰ ਧਰਮਪਾਲ ਦੀ ਫੋਟੋ ਵੇਖਣ ਲੱਗ ਪਈ, ਜਿਹੜਾ ਪੁੱਤਰ ਭਾਰਤ-ਪਾਕਿਸਤਾਨ ਦੀ ਲੜਾਈ ਵਿਚ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ ਸੀ। ਸ਼ਾਮ ਸੁੰਦਰ ਦੀਆਂ ਨਜ਼ਰਾਂ ਵੀ ਧੰਨ ਦੇਈ ਨਾਲ ਹੀ ਫੋਟੋ ਵੱਲ ਮੁੜ ਪਈਆਂ। ਫੋਟੋ ਹੇਠਾਂ ਲਿਖਿਆ ਹੋਇਆ ਸੀ ਕਿ ਉਹ ਫ਼ਲਾਂ ਸੈਕਟਰ ਵਿਚ ਐਨੀ ਤਰੀਕ ਨੂੰ ਦੇਸ਼ ਦੀ ਰੱਖਿਆ ਕਰਦਾ 'ਸ਼ਹੀਦ' ਹੋ ਗਿਆ। 
'ਦੇਸ਼ ਦੀ ਰੱਖਿਆ!' ਉਹ ਬੁੜਬੁੜਾਇਆ। 'ਦੇਸ਼ ਦੀ ਰੱਖਿਆ' ਕਰਨ ਵਾਲੇ ਦੇ ਮਰ ਜਾਣ ਪਿਛੋਂ ਉਸ ਦੇ ਪਰਿਵਾਰ ਦੀ ਰੱਖਿਆ ਕਰਨਾ ਕਿਸ ਦਾ ਫ਼ਰਜ਼ ਬਣਦਾ ਹੈ!...'' ਉਸ ਸੋਚਿਆ ਤੇ ਫਿਰ ਭਗਤ ਸਿੰਘ ਦੀ ਤਸਵੀਰ ਵੱਲ ਵਿੰਹਦਿਆਂ ਖ਼ਬਰੇ ਉਸ ਨੂੰ ਕਿਵੇਂ ਮਰ੍ਹਾਜਦੀਨ ਦਾ ਚੇਤਾ ਆ ਗਿਆ। ਤੇ ਉਹ ਸੋਚਣ ਲੱਗਾ। ਉਹ ਤੇ ਮਰ੍ਹਾਜਦੀਨ ਆਪਸ ਵਿਚ ਕਿਵੇਂ ਲੜ ਸਕਦੇ ਹਨ! ਉਹਦਾ ਪੁੱਤਰ ਤੇ ਮਰ੍ਹਾਜਦੀਨ ਦਾ ਪੁੱਤਰ ਇਕ ਦੂਜੇ ਦੀ ਹਿੱਕ ਵਿਚ ਕਿਹੜੀ ਗੱਲੋਂ ਗੋਲੀ ਮਾਰ ਸਕਦੇ ਹਨ। ਉਹਨਾਂ ਨੂੰ ਇਕ ਦੂਜੇ ਤੋਂ ਰੱਖਿਆ ਕਰਨ ਦੀ ਲੋੜ ਕਿਵੇਂ ਭਾਸ ਸਕਦੀ ਹੈ!...
ਤੇ ਉਸ ਨੂੰ ਇਸ ਸਾਰੇ ਮਾਮਲੇ ਦੀ ਸਮਝ ਨਾ ਆਈ। ਉਹਦਾ ਜੀਅ ਕੀਤਾ ਉਹ ਉੱਚੀ ਸਾਰੀ ਚੀਕੇ। ਪਰ ਚੀਕ ਜਿਵੇਂ ਉਸ ਦੇ ਸੰਘ ਵਿਚ ਅੜ ਗਈ। ਧੰਨ ਦੇਵੀ ਚੁੱਪ ਕੀਤੀ ਦਰਵਾਜ਼ੇ 'ਚੋਂ ਬਾਹਰ ਨਿਕਲ ਗਈ। ਉਸੇ ਵੇਲੇ ਹੀ ਸ਼ਾਮ ਸੁੰਦਰ ਦਾ ਪੋਤਰਾ, ਧਰਮਪਾਲ ਦਾ ਮੁੰਡਾ, ਅੰਦਰ ਆਇਆ ਤੇ ਉਸ ਉਤੇ ਡਿੱਗਦਾ ਬੋਲਿਆ, ''ਬਾਊ ਜੀ! ਮੈਨੂੰ ਕੱਪੜੇ ਬਣਾ ਦਿਓ! ਸਾਰੇ ਪਾਟ ਗਏ ਨੇ, ਨਾਲੇ ਬਸਤਾ ਤਾਂ ਮੇਰਾ ਹੈ ਈ ਨਹੀਂ! ਬਾਊ ਜੀ!... ਪਰਸੋਂ ਦਾ ਕਿਤਾਬਾਂ ਵੀ ਹੱਥ 'ਚ ਫੜ ਕੇ ਲਿਜਾਂਦਾ। ਇੰਜ ਮੁੰਡੇ ਚੁੱਕ ਲੈਂਦੇ ਆ।... ਬਾਊ ਜੀ ਲੈ ਦਿਉ ਨਾ!''
ਉਸ ਨੇ ਤਰਲਾ ਕੀਤਾ। ਸ਼ਾਮ-ਸੁੰਦਰ ਨੇ ਉਸ ਦੀ ਪਿੱਠ ਉਤੇ ਹੱਥ ਫੇਰਿਆ। ਫੇਰ ਭਗਤ ਸਿੰਘ ਤੇ ਧਰਮਪਾਲ ਦੀਆਂ ਤਸਵੀਰਾਂ ਵੱਲ ਤੱਕਿਆ। ਪਤਾ ਨਹੀਂ ਉਸ ਦੇ ਚਿਹਰੇ ਉਤੇ ਕਿਹੋ ਜਿਹਾ ਅਜੀਬ ਪ੍ਰਭਾਵ ਸੀ। ਬੱਚਾ ਫੇਰ ਕੁਝ ਨਾ ਬੋਲਿਆ। ਸਾਹਮਣੇ ਵਿਹੜੇ ਵਿਚ ਸੁਸ਼ਮਾ ਕੋਈ ਕੰਮ ਕਰਨ ਲਈ ਦੋ ਵਾਰ ਇਧਰ ਉਧਰ ਗਈ। ਉਹ ਉਸ ਵੱਲ ਵੀ ਅੱਖਾਂ ਪਾੜ ਪਾੜ ਵੇਖਣ ਲੱਗਾ। ਉਸ ਦੇ ਮਨ ਵਿਚ ਕਈ ਵਿਚਾਰ ਇਕ ਦੂਜੇ ਨੂੰ ਦਬਾਉਂਦੇ ਗੁਜ਼ਰ ਰਹੇ ਸਨ। ਉਹ ਚੁੱਪ ਚਾਪ ਉਠਿਆ। ਵਿਹੜੇ ਵਿਚੋਂ ਹੁੰਦਾ ਹੋਇਆ ਉਹ ਡਿਊਢੀ ਦੀਆਂ ਪੌੜੀਆਂ ਚੜ੍ਹ ਗਿਆ। 
ਕੋਠੇ ਤੋਂ ਉਤਰ ਕੇ, ਉਸ ਨੇ ਰਸੋਈ ਵੱਲ ਹੁੰਦਿਆਂ.. ਜਿਥੇ ਸਾਰਾ ਪਰਿਵਾਰ ਬੈਠਾ ਸੀ, ਧੰਨ ਦੇਵੀ ਵੱਲ ਚਰਖੇ ਵਾਲਾ ਤਿਰੰਗਾ ਝੰਡਾ ਸੁੱਟਦਿਆਂ ਕਿਹਾ, ਲੈ ਇਹਨੂੰ ਪਾੜ ਕੇ ਮੁੰਡੇ ਨੂੰ ਬਸਤਾ ਤਾਂ ਬਣਾ ਕੇ ਦੇ ਤੇ ਬਾਕੀ ਫਿਰ...
ਸਾਰਾ ਪਰਿਵਾਰ ਹੈਰਾਨ ਹੋਇਆ ਉਸ ਦੇ ਚਿਹਰੇ ਵੱਲ ਵੇਖ ਰਿਹਾ ਸੀ। ਧੰਨ ਦੇਵੀ ਕੰਬਦੇ ਹੱਥਾਂ ਵਿਚ ਝੰਡੇ ਦਾ ਕੱਪੜਾ ਸੰਭਾਲ ਰਹੀ ਸੀ। ਸਾਰਿਆ ਦੀਆਂ ਅੱਖਾਂ ਵਿਚ ਪਾਣੀ ਸਿੰਮ ਆਇਆ। ਪਰ ਸ਼ਾਮ ਸੁੰਦਰ ਦੀਆਂ ਆਪਣੀਆਂ ਅੱਖਾਂ ਖੁਸ਼ਕ ਸਨ। ਉਸ ਨੂੰ ਮਹਿਸੂਸ ਹੋਇਆ ਜਿਵੇਂ ਸਾਰਿਆਂ ਦੀਆਂ ਅੱਖਾਂ ਵਿਚ ਉਹ ਖੁਸ਼ੀ ਮਰ ਗਈ ਸੀ-ਜਿਹੜੀ ਖੁਸ਼ੀ ਯੂਨੀਅਨ ਜੈਕ ਦੇ ਨੀਵੇਂ ਹੋਣ ਤੋਂ ਪਿਛੋਂ ਤਿਰੰਗੇ ਝੰਡੇ ਦੇ ਉਚੇ ਹੋਣ ਨਾਲ ਆਉਣੀ ਸੀ। ਜਿਸ ਨੂੰ ਉਹ ਕਈ ਸਾਲ ਉਡੀਕਦਾ ਰਿਹਾ ਸੀ। 
ਤੇ ਜਿਸ ਖੁਸ਼ੀ ਲਈ ਉਹਦੇ ਪਿਤਾ ਨੇ ਜਲ੍ਹਿਆਂਵਾਲੇ ਬਾਗ ਵਿਚ ਗੋਲੀ ਖਾਧੀ ਸੀ। ਜਿਸ ਖੁਸ਼ੀ ਲਈ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ। ਜਿਸ ਖੁਸ਼ੀ ਦੀ ਉਡੀਕ ਵਿਚ ਉਹਨੇ ਤੇ ਮਰ੍ਹਾਜਦੀਨ ਨੇ ਬੈਂਤਾਂ ਦੀ ਮਾਰ ਖਾਧੀ ਸੀ। ਤੇ ਸ਼ਾਇਦ! ਜਿਸ ਖੁਸ਼ੀ ਨੂੰ ਉਡੀਕਦਾ ਉਹਨਾਂ ਦਾ ਪੁੱਤਰ ਧਰਮਪਾਲ ਪਤਾ ਨਹੀਂ ਕੀਹਦੇ ਲਈ ਲੜਦਾ ਮਰ ਗਿਆ ਸੀ....! 
(1971 ਵਿਚ ਛਪੇ ਕਹਾਣੀ ਸੰਗ੍ਰਹਿ 'ਲੋਹੇ ਦੇ ਹੱਥ' ਵਿਚੋਂ)


ਗ਼ਜ਼ਲ 

- ਹਰਮਿੰਦਰ ਸਿੰਘ ਕੋਹਾਰਵਾਲਾ
ਕਿਵੇਂ ਉਹ ਪਾਉਣਗੇ ਮੰਜ਼ਲ, ਕਦੇ ਜੋ ਖਾਣ ਠੋਕਰ ਨਾ।
ਟਲ਼ੇ ਜੋ ਰਹਿਣ ਟੱਕਰ ਤੋਂ, ਕਦੇ ਬਣਦੇ ਸਿਕੰਦਰ ਨਾ। 

ਅਹਿੰਸਾ ਦਨਦਨਾਉਂਦੀ ਹੈ, ਸਿਆਸਤ ਮੁਸਕਰਾਉਂਦੀ ਹੈ,
ਲੁਟੇਰੇ ਜਾਂ ਲਗਾੜੇ ਨੂੰ, ਕਨੂੰਨਾਂ ਦਾ ਰਿਹਾ ਡਰ ਨਾ।

ਹਨੇਰੇ ਕੋਠਿਆਂ ਅੰਦਰ, ਜਿਨ੍ਹਾਂ ਨੇ ਤਾੜਿਆ ਵਿਹੜਾ,
ਚਲਾਵੀਂ ਦੇਣ ਜੋ ਰੋਟੀ, ਉਨ੍ਹਾਂ ਤੋਂ ਭਾਲ਼ ਆਦਰ ਨਾ।

ਲਹੇ ਨਾ ਗਲ਼ ਪਈ ਵਾਹੀ, ਬਣਾਏ ਏਸ ਨੇ ਘਾਹੀ,
ਕਿਵੇਂ ਇਹ ਮੋਰੀਆਂ ਮੁੰਦੇ, ਸਕੇ ਜੋ ਪੇਟ ਵੀ ਭਰ ਨਾ।

ਖਰਾਇਤ ਦੇਣ ਲੱਗੇ ਵੀ, ਸਦਾ ਔਕਾਤ ਉਹ ਵੇਖਣ,
ਪਸਾਰੇ ਪੈਰ ਨਾ ਕੋਈ, ਉਹ ਪੂਰੀ ਦੇਣ ਚਾਦਰ ਨਾ।

ਸਮੇਂ ਨੂੰ ਘੇਰਨਾ ਪੈਣਾ, ਧਨੀ ਨੂੰ ਘੂਰਨਾ ਪੈਣਾ,
ਬਚਾਈਏ ਲਾਡਲੇ ਸੁਪਨੇ, ਸ਼ਿਲੇ ਵਿਚ ਜਾਣ ਇਹ ਮਰ ਨਾ।

ਦੁਹਾਈਆਂ ਦੇ ਰਿਹਾ ਸ਼ਾਇਰ, ਬਚਾਈਏ ਡੁੱਬ ਰਿਹਾ ਜੋਬਨ,
ਮਿਲੇ ਨਾ ਭਾਲਿਆਂ ਪਿੰਡੋਂ, ਨਸ਼ੇ ਤੋਂ ਰਹਿਤ ਚੋਬਰ ਨਾ। 

ਰਹੋ ਨਾ ਘੁਰਨਿਆਂ ਅੰਦਰ, ਰਹੋ ਨਾ ਧਰਨਿਆਂ ਤੱਕ ਹੀ,
ਸਮਾਂ ਹੈ ਮੌਤ ਵਰਨੇ ਦਾ, ਦਏ ਇਹ ਜ਼ਿੰਦਗੀ ਵਰ ਨਾ। 


ਨਿਰਣਾਇਕ ਤੋਲ 

- ਪਿਆਰਾ ਸਿੰਘ ਪਰਖ
ਐਵੇਂ ਨਾ ਬਾਘੀਆਂ ਪਾਓ
ਮੁਸੀਬਤ ਆਉਣ ਵਾਲੀ ਹੈ
ਲੁਟੇਰੇ-ਭੇੜ ਵਿਚ ਇਕ ਧਿਰ ਨੇ
ਮੁੜ ਗੱਦੀ ਸੰਭਾਲੀ ਹੈ। 
ਤੁਸੀਂ ਤਾਂ ਪਰਖਿਆ ਪਹਿਲਾਂ
ਇਹਦੀ ਕਰਤੂਤ ਕਾਲੀ ਹੈ।
ਜੰਗਲ ਦਾ ਰਾਜ ਪਹਿਲਾਂ ਹੀ
ਉੱਲੂ ਹਰ ਡਾਲ ਡਾਲੀ ਹੈ। 
ਹਰ ਹਰ ਦੀ ਹਨੇਰੀ ਹੁਣ
ਨਵੇਂ ਕਈ ਚੰਦ ਚਾੜੇਗੀ।
ਤੋੜੂ ਸਾਂਝੀਆਂ ਤੰਦਾਂ
ਜੜੋਂ ਪਿਪਲ ਉਖਾੜੇਗੀ।
ਮਖੌਟਾ ਬਦਲਿਆਂ ਬਘਿਆੜ
ਲੇਲਾ ਨਹੀਂ ਕਹਾਏਗਾ।
ਘਾਹ ਬਘਿਆੜ ਨਹੀਂ ਖਾਣਾ
ਸਦਾ ਉਹ ਮਾਸ ਖਾਏਗਾ।
ਨਿਰਣਾਇਕ ਤੋਲ ਮਿਤਰੋ
ਲੋਕ ਘੋਲਾਂ ਵਿਚ ਹੀ ਬਣਦਾ ਹੈ
ਸੀਨਾ ਸੱਚ ਦੇ ਸੰਗਰਾਮ ਖੜੀਏ
ਤਾਂ ਹੀ ਤਣਦਾ ਹੈ। 
ਇਹ ਚਿਹਰੇ ਜੋ ਧੁਆਂਖੇ ਨੇ
ਇਹਨਾਂ 'ਤੇ ਨੂਰ ਆਏਗਾ। 
ਜਬਰ ਦਾ ਥੰਮ ਜਦ ਢੱਠਾ
ਤਾਂ ਜਾਬਰ ਡਗਮਗਾਏਗਾ। 
ਇਹ ਨੀਤੀ ਜੋੜਾਂ ਤੋੜਾਂ ਦੀ
ਕਿਰਤੀ ਨੂੰ ਰਾਸ ਨਹੀਂ ਆਉਣੀ।
ਪਰਚੰਡ ਕਰ ਲੋਕ ਚੇਤਨਤਾ
ਵਾਰ ਏਕੇ ਦੀ ਪਊ ਗਾਉਣੀ।
ਅਜੇ ਤਾਂ ਵਾਟ ਲੰਬੀ ਏ
ਤੇ ਮੰਜ਼ਿਲ ਵੀ ਦੁਰਾਡੀ ਏ।
ਫਰਜ਼ ਦੀ ਪੰਡ ਹੈ ਭਾਰੀ
ਡਿਊਟੀ ਵੀ ਅਸਾਡੀ ਏ।
ਭ੍ਰਿਸ਼ਟਾਚਾਰ ਬਦਅਮਨੀ
ਪਸਾਰੇ ਪੈਰ ਹਰ ਪਾਸੇ।
ਬਕਰੇ ਬੋਹਲ 'ਤੇ ਬੈਠੇ
ਲੁਟੇਰੇ ਦੇਸ਼ ਦੇ ਰਾਖੇ।
  ਏਥੇ ਲੋਕ ਤੰਤਰ ਨਹੀਂ
ਧੰਨਤੰਤਰ ਦਾ ਪਸਾਰਾ ਹੈ
ਮਿੱਠਾ ਜਲ ਚਸ਼ਮੇ ਝਰਨੇ ਦਾ
ਸਵਾਦੋਂ ਹੁਣ ਤਾਂ ਖਾਰਾ ਹੈ।
ਗਲਿਆ ਪ੍ਰਬੰਧ ਬਦਲਣ ਲਈ
ਸਮਾਜੀ ਗੰਦ ਹੂੰਝਣ ਲਈ
ਕਲੰਕ ਜੋ ਕੌਮ ਦੇ ਮੱਥੇ
ਤੇ ਧੱਬੇ ਦਾਗ ਪੂੰਝਣ ਲਈ
ਕੇਵਲ ਹਥਿਆਰ ਏਕੇ ਦਾ
ਤੇ ਚੱਪੂ ਸਿਦਕ ਦਾ ਫੜੀਏ
ਕਿਸ਼ਤੀ ਕਿਰਤ ਦੀ ਚੜ੍ਹਕੇ
ਕੰਨੀਂ ਕਿਰਤੀਆਂ ਖੜੀਏ। 
    (17.5.14)



ਗ਼ਜ਼ਲ

- ਜਸਵਿੰਦਰ 
ਜੇ ਦੂਰੋਂ ਆ ਰਹੀ ਹਰ ਲਹਿਰ ਤੋਂ ਡਰਦੇ ਰਹੋਗੇ। 
ਬਿਨਾਂ ਡੁੱਬਿਆਂ ਯਕੀਨਨ ਹੀ ਤੁਸੀਂ ਮਰਦੇ ਰਹੋਗੇ।

ਕਿਸੇ ਹੱਦ ਤੀਕ ਹੀ ਵਿਸਥਾਰ ਕਰ ਸਕਦੇ ਹੋ ਅਪਣਾ,
ਗੁਬਾਰੇ ਵਿਚ ਕਦੋਂ ਤੀਕਰ ਹਵਾ ਭਰਦੇ ਰਹੋਗੇ।

ਕਿਤੇ ਵੀ ਤਲ ਨਹੀਂ ਹੈ ਜ਼ਿੰਦਗੀ ਦੇ ਪਾਣੀਆਂ ਦਾ,
ਤੁਸੀਂ ਕਿੰਨਾ ਕੁ ਡੂੰਘਾ ਇਸ 'ਚ ਉਤਰਦੇ ਰਹੋਗੇ। 

ਪੜ੍ਹੋਗੇ ਕਿਸ ਤਰ੍ਹਾਂ ਇਕ ਕਿਰਨ  ਭਾਸ਼ਾ,
ਜੇ ਉਸਦੀ ਲਿਸ਼ਕ ਦਾ ਹੀ ਤਰਜਮਾ ਕਰਦੇ ਰਹੋਗੇ।

ਤੁਹਾਡੇ ਸਾਹਮਣੇ ਹੀ ਸ਼ਹਿਰ ਇਹ ਸੜਦਾ ਰਹੇਗਾ, 
ਤੁਸੀਂ ਪਾਣੀ ਦੀਆਂ ਪਿਚਕਾਰੀਆਂ ਭਰਦੇ ਰਹੋਗੇ। 

ਸਿਰਾਂ ਦੇ ਉਲਟ ਭੁਗਤਣਗੇ ਤੁਹਾਡੇ ਪੈਰ ਅਪਣੇ, 
ਜੇ ਇਉਂ ਹੀ ਰਸਤਿਆਂ ਦੇ ਨਾਂ ਕੁਨਾਂ ਧਰਦੇ ਰਹੋਗੇ। 



ਗਾਗਰ ਵਿਚ ਸਾਗਰ

- ਸੁਲੱਖਣ ਸਰਹੱਦੀ
ਸ਼ਬਦਾਂ ਵਿਚ ਤਾਂ ਗਿਰਧਰ ਲਿਖ ਜਾਂ ਠਾਕੁਰ ਲਿਖ।
ਅਰਥਾਂ ਵਿਚ ਪਰ ਹਰ ਪੱਥਰ ਨੂੰ ਪੱਥਰ ਲਿਖ॥
ਮੈਨੂੰ ਲਿਖ ਸਿਰ-ਫਿਰਿਆ ਭਾਵੇਂ ਕਾਫ਼ਰ ਲਿਖ।
ਐਪਰ ਓਸ ਲੁਟੇਰੇ ਨੂੰ ਨਾ ਰਹਿਬਰ ਲਿਖ॥
ਦੁਰਗਾ ਚੰਡੀ ਤੇ ਨਾ ਚੰਨ ਦੀ ਕਾਤਰ ਲਿਖ।
ਔਰਤ ਨੂੰ ਜੇ ਲਿਖਣੈ ਮਰਦ ਬਰਾਬਰ ਲਿਖ।
ਜਗਦੇ ਜ਼ਿਹਨ ਬਿਨਾਂ ਕੀ ਸਿਰ? ਕੀ ਸਿਰਦਾਰੀ??
ਬੁਝਿਆ ਦੀਪ ਤੇ ਮਿੱਟੀ ਇਕ ਬਰਾਬਰ ਲਿਖ।
ਇਸ 'ਤੇ ਚੜ੍ਹ ਗਿਆ ਧਰਮ ਦਾ ਪਾਣੀ ਫਿਰ ਕੀ ਹੈ? 
ਖੰਜਰ ਤਾਂ ਬਸ ਖੰਜਰ ਹੀ ਹੈ, ਖੰਜਰ ਲਿਖ।
ਔਰੰਗਜ਼ੇਬ ਬੜੇ ਹੀ ਜੰਮ ਪਏ ਦਿੱਲੀ ਵਿਚ, 
ਵਕਤ ਦੀ ਹਿੱਕ 'ਤੇ ਫਿਰ ਇਕ ਹਿੰਦ ਦੀ ਚਾਦਰ ਲਿਖ।
ਉਹ ਬੰਦਾ ਜੋ ਸ਼ਹਿਰੀ ਜੰਗਲ ਸਿਰਜ ਰਿਹੈ,
ਪੂਛ ਨਹੀਂ ਤਾਂ ਫਿਰ ਕੀ ਉਸ ਨੂੰ ਬਾਂਦਰ ਲਿਖ।
ਜ਼ੁਲਮ ਵਿਰੁੱਧ ਮਜ਼ਲੂਮ ਇਕਠੇ ਹੋ ਉਠਣ,
ਕੱਖਾਂ ਦੀ ਕਿਸਮਤ ਵਿਚ ਦਾਤਾ ਬਹੁਕਰ ਲਿਖ। 
ਪਾਣੀ ਵਿਚ ਮਧਾਣੀ ਲਿਖਣ ਦਾ ਕੀ ਫਾਇਦਾ?
ਐ ਸਰਹੱਦੀ ਗਾਗਰ ਦੇ ਵਿਚ ਸਾਗਰ ਲਿਖ। 



ਮੈਂ ਸ਼ਾਇਰ ਹਾਂ

- ਗੁਰਦਾਸ ਰਾਮ ਆਲਮ
ਮੈਂ ਸ਼ਾਇਰ ਹਾਂ ਇਕ ਸ਼ਰੇਣੀ ਦਾ, ਸੰਸਾਰ ਨੂੰ ਖੁਸ਼ ਨਹੀਂ ਕਰ ਸਕਦਾ।
ਮੈਂ ਲਿਖਦਾ ਹਾਂ ਮਜ਼ਦੂਰਾਂ ਲਈ, ਜ਼ਰਦਾਰ ਨੂੰ ਖੁਸ਼ ਨਹੀਂ ਕਰ ਸਕਦਾ।
ਸੱਚ ਝੂਠ ਦੇ ਦੁਸ਼ਮਣ ਦੋਸਤ ਨੂੰ, ਜਦ ਲੱਭ ਲਿਆ ਮੇਰੀਆਂ ਨਜ਼ਰਾਂ ਨੇ।
ਮੇਰੀ ਸੋਚ ਤੇ ਸੂਝ ਜਮਾਤੀ ਹੈ, ਗੁਨ੍ਹਾਗਾਰ ਨੂੰ ਖੁਸ਼ ਨਹੀਂ ਕਰ ਸਕਦਾ । (1)

ਜੋ ਸ਼ਾਇਰ ਕਹੇ ਨਿਰਪੱਖ ਹਾਂ ਮੈਂ, ਉਹ ਮਕਰੀ ਅਤੇ ਫਰੇਬੀ ਹੈ।
ਇਕ ਬੰਦਾ ਇਕ ਸਮੇਂ ਅੰਦਰ, ਹਰ ਯਾਰ ਨੂੰ ਖੁਸ਼ ਨਹੀਂ ਕਰ ਸਕਦਾ। (2)

ਸੱਚ ਕਹਿਣ ਦੀ ਮੇਰੀ ਆਦਤ ਹੈ, ਮੈਂ ਵਲ ਪਾ ਕੇ ਗੱਲ ਕਰਦਾ ਨਹੀਂ।
ਆਸ਼ਕ ਹਾਂ ਜੁਗ ਪਲਟਾਊ ਦਾ, ਗੱਦਾਰ ਨੂੰ ਖੁਸ਼ ਨਹੀਂ ਕਰ ਸਕਦਾ। (3)

ਅੱਗ ਪਾਣੀ ਮਾਲਕ ਨੌਕਰ ਦੇ, ਹਿੱਤ ਬਸਫ਼ ਸੁਭਾ ਤੱਕ ਰਲਦੇ ਨਹੀਂ।
ਇਕ ਮਾਲਕ ਕਹਿਕੇ ਸਭਨਾਂ ਦਾ, ਕਰਤਾਰ ਨੂੰ ਖੁਸ਼ ਨਹੀਂ ਕਰ ਸਕਦਾ। (4)

ਇਹ ਨਿਜ਼ਾਮ ਪੁਰਾਣਾ ਬਚਣਾ ਨਹੀਂ, ਸਿਰ ਫੇਰ ਸਿਆਣੇ ਕਹਿ ਗਏ ਨੇ।
ਜ਼ਿੰਦਗੀ ਦੇ ਲਾਰੇ ਲਾ ਕੇ ਮੈਂ, ਬੀਮਾਰ ਨੂੰ ਖੁਸ਼ ਨਹੀਂ ਕਰ ਸਕਦਾ। (5)

ਭੰਵਰਾਂ 'ਚੋਂ ਜ਼ਿੰਦਗੀ ਲੱਭਣੇ ਲਈ, ਲੜਦਾ ਹਾਂ ਨਾਲ ਤੁਫ਼ਾਨਾਂ ਦੇ।
ਮੇਰੇ ਤਰਨ ਦਾ ਢੰਗ ਵੀ ਵੱਖਰਾ ਹੈ, ਪਤਵਾਰ ਨੂੰ ਖੁਸ਼ ਨਹੀਂ ਕਰ ਸਕਦਾ। (6)

ਮੱਖੀ ਤਾਂ ਮੱਖ ਮਾਰ ਕੇ ਮੈਂ, ਉਪਮਾ ਨਹੀਂ ਮੰਗਦਾ 'ਆਲਮ' ਤੋਂ।
ਇਸ ਨਿੰਦਨ ਜੋਗ ਪੁਰਾਣੇ ਜਹੇ, ਵਿਚਾਰ ਨੂੰ ਖੁਸ਼ ਨਹੀਂ ਕਰ ਸਕਦਾ। (7)

ਨਾਰੀ ਮੰਚ ਦੀ ਰੋਹ ਭਰੀ ਆਵਾਜ਼ ਬੀਬੀ ਰਾਮ ਪਿਆਰੀ ਨਹੀਂ ਰਹੀ

ਸ਼ਰਧਾਂਜਲੀ

ਸਮਾਜ ਵਿੱਚ ਔਰਤਾਂ ਉੱਪਰ ਹੋ ਰਹੇ ਪਰਿਵਾਰਿਕ ਤੇ ਸਮਾਜਿਕ ਅੱਤਿਆਚਾਰਾਂ ਖਿਲਾਫ ਨਾਰੀ ਮੰਚ ਤੋਂ ਰੋਹ ਭਰੀ ਅਵਾਜ਼ ਬੁਲੰਦ ਕਰਨ ਵਾਲੀ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਪ੍ਰਧਾਨ, ਬੀਬੀ ਰਾਮ ਪਿਆਰੀ 6 ਜੁਲਾਈ ਨੂੰ ਸਦੀਵੀਂ ਵਿਛੋੜਾ ਦੇ ਗਏ। 
ਉਹਨਾਂ ਦਾ ਜਨਮ 1956 ਵਿਚ ਜ਼ਿਲ੍ਹਾ ਹੁਸਿਆਰਪੁਰ ਦੇ ਪਿੰਡ ਭਵਨਾਲ ਵਿਖੇ ਹੋਇਆ। ਸਧਾਰਨ ਕਿਸਾਨ ਪਰਵਾਰ ਦੀ ਜੰਮਪਲ ਬੀਬੀ ਰਾਮ ਪਿਆਰੀ ਨੇ 1990 ਵਿੱਚ, ਨੰਗਲ ਵਿਖੇ ਆਪਣੇ ਪਤੀ ਚੌਧਰੀ ਹਿੰਮਤ ਸਿੰਘ ਦੀ ਪ੍ਰੇਰਨਾ ਨਾਲ ਜਨਤਕ ਸੰਘਰਸ਼ਾਂ 'ਚ ਹਿੱਸਾ ਲੈਣਾ ਸ਼ੁਰੂ ਕੀਤਾ। ਛੇਤੀ ਹੀ ਉਹਨਾਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਨੰਗਲ ਇਕਾਈ ਵਿੱਚ ਸ਼ਾਮਲ ਹੋ ਕੇ ਜ਼ੋਰ ਸ਼ੋਰ ਨਾਲ ਕੰਮ ਕਰਨਾ ਸ਼ੁਰੂ ਕੀਤਾ ਤੇ ਫਿਰ ਕਦੀ ਪਿੱਛੇ ਮੁੜ ਕੇ ਨਾ ਵੇਖਿਆ।  ਮਾਮਲਾ ਭਾਵੇਂ ਔਰਤਾਂ 'ਤੇ  ਹੋ ਰਹੇ ਸਮਾਜਿਕ ਜਬਰ ਹੋਵੇ ਜਾਂ ਭਰੂਣ ਹੱਤਿਆ ਦਾ ਮਾਮਲਾ ਹੋਵੇ, ਦਾਜ ਦਹੇਜ ਦੀ ਪੀੜਤ ਕਿਸੇ ਲੜਕੀ ਦਾ ਹੋਵੇ ਜਾਂ ਕਿਸੇ ਹੋਰ ਕਿਸਮ ਦੇ ਜਿਸਮਾਨੀ ਉਤਪੀੜਨ ਦੀ ਘਟਨਾ ਹੋਵੇ,  ਰਾਮ ਪਿਆਰੀ ਹਮੇਸ਼ਾਂ ਸੰਘਰਸ਼ ਦੇ ਮੈਦਾਨ 'ਚ ਅੱਗੇ ਰਹੀ ।  ਸਭਾ ਦੇ ਸਨਮੁੱਖ ਆਈ ਹਰ ਸਮੱਸਿਆ ਨੂੰ ਬੜੀ ਹੀ ਸੂਝ ਤੇ ਸਿਆਣਪ ਨਾਲ ਸੁਲਝਾਉਣ ਵਾਸਤੇ ਬੀਬੀ ਰਾਮ ਪਿਆਰੀ ਹਮੇਸ਼ਾਂ ਹੀ ਤਤਪਰ ਰਹਿੰਦੇ ਸਨ।
ઠ ਦੱਬੇ-ਕੁਚਲਿਆਂ 'ਤੇ ਜ਼ੁਲਮ, ਸਮਾਜਿਕ ਜਬਰ ਜਾਂ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਉਪਜ ਮਹਿੰਗਾਈ, ਬੇਰੁਜ਼ਗਾਰੀ। ਭ੍ਰਿਸ਼ਟਾਚਾਰ, ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੀ ਵਿੱਦਿਆ, ਸਿਹਤ ਸੇਵਾਵਾਂ, ਬਿਜਲੀ, ਪਾਣੀ, ਤੇ ਪੁਲਸ ਅਤਿਅਚਾਰਾਂ ਖਿਲਾਫ ਸੰਘਰਸ਼ ਜੋ ਕਮਿਊਨਿਸਟ ਪਾਰਟੀ ਵੱਲੋਂ ਲਗਾਤਾਰ ਲੜੇ ਜਾ ਰਹੇ ਹਨ, ਤੋਂ ਪ੍ਰਭਾਵਤ ਹੋ ਕੇ ਉਹ 1997 ਵਿੱਚ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋ ਗਏ। ਸੀ ਪੀ ਐਮ ਪੰਜਾਬ 'ਚ ਉਹਨਾਂ ਮੋਹਰੀ ਰੋਲ ਅਦਾ ਕੀਤਾ। ਬੀਬੀ ਰਾਮ ਪਿਆਰੀ ਦੀ ਇਸ ਸਮਰਪਣ ਭਾਵਨਾ ਸਦਕਾ ਹੀ ਉਹ ਅੰਤਮ ਸਾਹਾਂ ਤੱਕ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾਈ ਪ੍ਰਧਾਨ ਅਤੇ ਸੀ ਪੀ ਐੱਮ ਪੰਜਾਬ ਦੀ ਜ਼ਿਲ੍ਹਾ ਰੂਪਨਗਰ ਇਕਾਈ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਸਨ । ਲੋਕ ਸੰਘਰਸ਼ ਖਾਸ ਕਰਕੇ ਔਰਤ ਵਰਗ ਦੇ ਅਧਿਕਾਰਾਂ ਦੀ ਲੜਾਈ ਵਿੱਚ ਇਸ ਉੱਚੇ ਮੁਕਾਮ 'ਤੇ ਪਹੁੰਚਣ ਲਈ ਉਨ੍ਹਾਂ ਦੇ ਪਤੀ ਚੌਧਰੀ ਹਿੰਮਤ ਸਿੰਘ, ਜੋ ਆਪ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਸਨ, ਅਤੇ ਖੱਬੀ ਲਹਿਰ ਦੇ ਹੋਰ ਆਗੂਆਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਜੋ ਬੀਬੀ ਰਾਮ ਪਿਆਰੀ ਨੂੰ ਲੋਕ ਲਹਿਰ ਦੀਆਂ ਬੁਲੰਦੀਆਂ ਤਕ ਲੈ ਗਿਆ ਤੇ ਉਹਨਾਂ ਨੂੰ ਜਿਲ੍ਹੇ ਅੰਦਰ ਹੀ ਨਹੀਂ ਬਲਕਿ ਪੰਜਾਬ ਭਰ ਵਿਚ ਹਰਮਨ ਪਿਆਰਾ ਬਣਾਇਆ । 
14 ਜੁਲਾਈ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਮਾਣਕਪੁਰ ਪੱਟੀ (ਨੇੜੇ ਨੰਗਲ) ਜ਼ਿਲ੍ਹਾ ਰੂਪਨਗਰ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਨੂੰ ਵੱਖ ਵੱਖ ਪਾਰਟੀਆਂ ਤੇ ਜਥੇਬੰਦੀਆਂ ਵਲੋਂ ਬੀਬੀ ਰਾਮ ਪਿਆਰੀ ਨੂੰ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਤੇ ਸੀ ਪੀ ਐਮ ਪੰਜਾਬ ਦੇ ਸਕੱਤਰ ਕਾ.ਮੰਗਤ ਰਾਮ ਪਾਸਲਾ ਨੇ ਜੁੜੇ ਵੱਡੇ ਇਕੱਠ 'ਚ ਬੋਲਦਿਆਂ ਕਿਹਾ ਕਿ ਬੀਬੀ ਰਾਮ ਪਿਆਰੀ ਇੱਕ ਨਿੜਧੱਕ ਆਗੂ ਸਨ । ਜਿਨ੍ਹਾ ਨੇ ਔਰਤਾਂ ਦੇ ਹੱਕਾਂ ਵਾਸਤੇ ਅਨੇਕਾਂ ਸ਼ੰਘਰਸ਼ ਲੜੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਉਨ੍ਹਾਂ ਨੇ ਕਿਹਾ ਬੀਬੀ ਜੀ ਦੀ ਮੌਤ ਨਾਲ ਪਰਵਾਰ ਨੂੰ ਹੀ ਘਾਟਾ ਨਹੀ ਪਿਆ ਸਗੋਂ ਸਮੁੱਚੀ ਕਮਿਉਨਿਸਟ ਲਹਿਰ ਇੱਕ ਸੂਝਵਾਨ ਤੇ ਨਿਧੜਕ ਆਗੂ ਤੋ ਵਾਂਝੀ ਹੋ ਗਈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇਸ ਪਤੀ ਪਤਨੀ ਦੀ ਜੋੜੀ ਨੇ ਇਕੱਠੇ ਹੋ ਕੇ ਸੰਘਰਸ਼ ਲੜੇ ਹਨ ਅਤੇ ਮਜ਼ਦੂਰ-ਮੁਲਾਜ਼ਮ ਲਹਿਰ ਦੀ ਸੇਵਾ ਕੀਤੀ ਹੈ, ਇਸ ਦੀ ਮਿਸਾਲ ਕਿਤੇ ਹੋਰ ਘੱਟ ਹੀ ਮਿਲਦੀ ਹੈ।  
ਇਸ ਮੌਕੇ ਤੇ ਸੀ ਪੀ ਐੱਮ ਪੰਜਾਬ ਦੇ ਜ਼ਿਲਾ ਸਕੱਤਰ ਕਾਮਰੇਡ ਤਰਲੋਚਨ ਸਿੰਘ ਰਾਣਾ, ਸੀ.ਪੀ.ਆਈ.(ਐੱਮ) ਦੇ ਜ਼ਿਲ੍ਹਾ ਸਕੱਤਰ  ਤਰਸੇਮ ਸਿੰਘ ਭੱਲੜੀ, ਸਾਥੀ ਬਲਵੀਰ ਸਿੰਘ ਨੰਗਲ, ਸਾਥੀ ਮੋਹਨ ਸਿੰਘ ਧਮਾਣਾ, ਸਾਥੀ ਵਿਜੈ ਕੁਮਾਰ ਨੰਗਲ, ਇਸਤਰੀ ਸਭਾ ਪੰਜਾਬ ਦੀ ਸਕੱਤਰ ਬੀਬੀ ਬਿਮਲਾ ਦੇਵੀ, ਸਾਥੀ ਸੁੱਚਾ ਸਿੰਘ ਖੱਟੜਾ, ਮੁਲਾਜ਼ਮ ਆਗੂ ਸਾਥੀ ਵੇਦ ਪ੍ਰਕਾਸ਼, ਸੀ.ਪੀ.ਆਈ. ਦੇ ਆਗੂ ਸੋਹਨ ਸਿੰਘ ਬੰਗਾ, ਗੁਰਦਿਆਲ ਸਿੰਘ, ਬੀਬੀ ਨੀਲਮ ਘੁਮਾਣ, ਡਾ ਜੀ ਐੱਸ ਜੰਮੂ, ਮਾਸਟਰ ਮਲਕੀਤ ਸਿੰਘ, ਬੀਬੀ ਦਰਸ਼ਨ ਕੌਰ ਆਦਿ ਆਗੂਆਂ ਨੇ  ਵੀ ਬੀਬੀ ਰਾਮ ਪਿਆਰੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਚੌਧਰੀ ਦੇ ਪਰਵਾਰ ਵੱਲੋਂ ਪਾਰਟੀ ਤੇ ਜਥੇਬੰਦੀਆਂ ਦੀ ਸਹਾਇਤਾ ਲਈ ਫੰਡ ਵੀ ਦਿੱਤਾ ਗਿਆ। 

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਗਸਤ 2014)

ਖੱਬੀਆਂ ਪਾਰਟੀਆਂ ਵੱਲੋਂ ਬੱਸ ਤੇ ਰੇਲ ਕਿਰਾਇਆਂ 'ਚ ਵਾਧੇ ਵਿਰੁੱਧ ਮੁਜ਼ਾਹਰਾ

ਮੁਕਤਸਰ ਦੇ ਮਲੋਟ ਰੋਡ ਸਥਿਤ ਬੱਸ ਸਟੈਂਡ ਵਿਖੇ ਦੋ ਖੱਬੇ ਪੱਖੀ ਪਾਰਟੀਆਂ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ ਪਹਿਲੀ ਜੁਲਾਈ ਨੂੰ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਰੋਹ ਭਰਪੂਰ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਤੋਂ ਪਹਿਲਾਂ ਕਾਮਰੇਡ ਹਰਜੀਤ ਸਿੰਘ ਮਦਰੱਸਾ ਤੇ ਕਾਮਰੇਡ ਹਰਵਿੰਦਰ ਸਿੰਘ ਕੁੱਤਿਆਂਵਾਲੀ ਦੀ ਪ੍ਰਧਾਨਗੀ ਹੇਠ ਸਥਾਨਕ ਬੱਸ ਸਟੈਂਡ 'ਤੇ ਰੋਸ ਰੈਲੀ ਵੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ ਪੰਜਾਬ ਤੇ ਸੀ.ਪੀ.ਆਈ (ਐਮ) ਦੇ ਜ਼ਿਲ੍ਹਾ ਆਗੂਆਂ ਕਾਮਰੇਡ ਹਰੀ ਰਾਮ ਚੱਕ ਸ਼ੇਰੇਵਾਲਾ ਤੇ ਕਾਮਰੇਡ ਜਗਜੀਤ ਸਿੰਘ ਜੱਸੇਆਣਾ ਨੇ ਪੰਜਾਬ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਸਿਹਤ ਸੇਵਾਵਾਂ ਦੀਆਂ ਦਰਾਂ 'ਚ ਕੀਤੇ ਭਾਰੀ ਵਾਧੇ ਦੀ ਨਿੰਦਿਆ ਕਰਦਿਆਂ ਇਸ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਮਰੀਜ਼ਾਂ ਦੀ ਪਰਚੀ 5 ਰੁਪਏ ਤੋਂ 10 ਰੁਪਏ, ਹਸਪਤਾਲਾਂ ਦੇ ਕਮਰਿਆਂ ਦੇ ਕਿਰਾਏ 'ਚ ਚਾਰ ਗੁਣਾਂ ਵਾਧਾ ਅਤੇ ਅਪ੍ਰੇਸ਼ਨ, ਐਂਬੂਲੈਂਸ, ਖੂਨ ਦੀਆਂ ਬੋਤਲਾਂ ਤੇ ਟੈਸਟਾਂ ਦੀਆਂ ਦਰਾਂ 'ਚ ਕੀਤਾ 100 ਪ੍ਰਤੀਸ਼ਤ ਵਾਧਾ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਆਮ ਜਨਤਾ ਉਪਰ ਆਰਥਿਕ ਬੋਝ ਲੱਦਣ ਲਈ ਕਿੰਨੀ ਬੇਤਰਸ ਹੋ ਸਕਦੀ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਨਿੱਤ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ 'ਚ ਹੋ ਰਿਹਾ ਭਾਰੀ ਵਾਧਾ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰੇਲ ਕਿਰਾਇਆ 'ਚ 14.2 ਫੀਸਦੀ ਕੀਤੇ ਗਏ ਵਾਧੇ ਰਾਹੀਂ ਪਾਏ ਗਏ ਆਰਥਿਕ ਬੋਝ ਹੇਠ 
ਜਿਥੇ ਆਮ ਲੋਕ ਤਰਾਹ-ਤਰਾਹ ਕਰ ਰਹੇ ਹਨ, ਉਥੇ 'ਰਾਜ ਨਹੀਂ ਸੇਵਾ' ਦਾ ਨਾਅਰਾ ਲਾਉਣ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ 'ਚ ਕੀਤੇ ਗਏ ਗਏ ਹੁਣ ਨਵੇਂ ਵਾਧੇ ਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। 
ਉਪਰੋਕਤ ਆਗੂਆਂ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਲਦ ਕਲਾਂ 'ਚ ਦਲਿਤਾਂ ਲਈ ਰਾਖਵੀਂ ਪੰਚਾਇਤੀ ਜ਼ਮੀਨ ਘੱਟ ਰੇਟਾਂ 'ਤੇ ਦਲਿਤਾਂ ਨੂੰ ਦੇਣ ਦੀ ਮੰਗ ਲਈ ਪੁਰ ਅਮਨ ਘੋਲ ਲੜ ਰਹੇ ਮਜ਼ਦੂਰ ਪਰਿਵਾਰਾਂ 'ਤੇ ਪੁਲਸ ਲਾਠੀਚਾਰਜ ਤੇ ਝੂਠੇ ਕੇਸ ਪਾਉਣ ਦੀ ਨਿੰਦਾ ਕੀਤੀ। ਇਸ ਉਪਰੰਤ ਸਥਾਨਕ ਬੱਸ ਸਟੈਂਡ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਅੰਤ ਵਿਚ ਆਗੂਆਂ ਨੇ ਪਿੰਡ ਸ਼ੇਰੇਵਾਲਾ ਦੇ ਮਜ਼ਦੂਰ ਆਗੂ ਤੋਤਾ ਸਿੰਘ ਚੱਕ ਸ਼ੇਰੇਵਾਲਾ 'ਤੇ ਕੀਤੇ ਜਾਨਲੇਵਾ ਹਮਲੇ ਦੀ ਨਿੰਦਾ ਵੀ ਕੀਤੀ। 


ਬਾਲਦ ਕਲਾਂ ਕਾਂਡ ਤੇ ਮਹਿੰਗਾਈ ਵਿਰੁੱਧ  ਦਿਹਾਤੀ ਮਜ਼ਦੂਰ ਸਭਾ ਵਲੋਂ ਮੁਜ਼ਾਹਰੇ
ਜਿਲ੍ਹਾ ਸੰਗਰੂਰ ਦੇ ਪਿੰਡ ਬਾਲਦ ਕਲਾਂ ਵਿਖੇ ਗਰੀਬ ਲੋਕਾਂ 'ਤੇ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਪੁਲਸ ਵੱਲੋਂ ਝੂਠੇ ਮਾਮਲੇ ਦਰਜ ਕਰਨ ਖਿਲਾਫ਼ ਦਿਹਾਤੀ ਮਜ਼ਦੂਰ ਸਭਾ ਵੱਲੋਂ ਮੁਕਤਸਰ ਜ਼ਿਲ੍ਹੇ ਦੇ 16 ਪਿੰਡਾਂ 'ਚ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਜਗਜੀਤ ਸਿੰਘ ਜੱਸੇਆਣਾ ਨੇ ਦੱਸਿਆ ਕਿ ਸਭਾ ਵੱਲੋਂ ਪਿੰਡ ਚੱਕ ਬੀੜ ਸਰਕਾਰ, ਕਰਮਪੁਰਾ ਬਸਤੀ, ਵੱਟੂ, ਬਾਜਾ ਮਰਾੜ, ਬਰਕੰਦੀ, ਹਰੀਕੇ ਕਲਾਂ, ਚੱਕ ਬਾਜਾ, ਜੰਮੂਆਣਾ, ਤਖਤ ਮੁਲਾਣਾ, ਜੰਡੋਕੇ, ਡੋਹਕ, ਕਾਨਿਆਂਵਾਲੀ, ਮਾਨ ਸਿੰਘ ਵਾਲਾ, ਵਧਾਈ, ਮਦਰੱਸਾ ਅਤੇ ਸਦਰਵਾਲਾ 'ਚ ਅਰਥੀ ਫੂਕ ਰੋਸ ਮੁਜ਼ਾਹਰੇ ਕੀਤੇ ਗਏ। ਵੱਖ-ਵੱਖ ਥਾਵਾਂ 'ਤੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਅਮੀਰਾਂ ਦੇ ਹਿੱਤ ਪੂਰਦੀ ਹੈ ਤੇ ਦਲਿਤ ਲੋਕਾਂ ਨੂੰ ਡੰਡੇ ਦੇ ਜ਼ੋਰ 'ਤੇ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਗਰੀਬ ਲੋਕਾਂ 'ਤੇ ਅੱਤਿਆਚਾਰ ਵਧਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਨਾ ਕੀਤੀ ਤੇ ਗਰੀਬਾਂ 'ਤੇ ਕੀਤੇ ਝੂਠੇ ਪਰਚੇ ਰੱਦ ਨਾ ਹੋਏ ਤਾਂ ਪੰਜਾਬ ਦੀਆਂ ਸਮੂਹ ਖੇਤ ਮਜ਼ਦੂਰ ਜਥੇਬੰਦੀਆਂ ਪੰਜਾਬ ਪੱਧਰ 'ਤੇ ਸਾਂਝਾ ਸੰਘਰਸ਼ ਵਿੱਢਣਗੀਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜਸਵਿੰਦਰ ਸਿੰਘ ਵੱਟੂ, ਚੰਦ ਸਿੰਘ ਬੀੜ ਸਰਕਾਰ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਬਰਨਾਲਾ  : ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਆਗੂ ਮਿੱਠੂ ਸਿੰਘ ਘੁੱਦਾ, ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲਮਾਜਰਾ, ਮੁੱਖ ਸਲਾਹਕਾਰ ਭਾਨ ਸਿੰਘ ਸੰਘੇੜਾ, ਭਜਨ ਸਿੰਘ ਮਹਿਲ ਖੁਰਦ ਦੀ ਅਗਵਾਈ ਵਿੱਚ ਪਿੰਡ ਸੰਘੇੜਾ ਦੇ ਮਜ਼ਦੂਰਾਂ ਨੇ 30 ਜੂਨ ਨੂੰ ਵਧੀ ਮਹਿੰਗਾਈ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਆਗੂਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਬਸਿਡੀਆਂ ਇੱਕ-ਇੱਕ ਕਰਕੇ ਖੋਹੀਆਂ ਜਾ ਰਹੀਆਂ ਹਨ। ਵਿੱਦਿਆ ਤੇ ਸਿਹਤ ਸਹੂਲਤਾਂ ਦੀਆਂ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਬੱਸਾਂ ਅਤੇ ਕੇਂਦਰ ਸਰਕਾਰ ਨੇ ਰੇਲਾਂ ਦੇ ਕਿਰਾਏ ਵਧਾ-ਵਧਾ ਕੇ ਗਰੀਬਾਂ 'ਤੇ ਕਰੋੜਾਂ ਰੁਪਏ ਦਾ ਵਾਧੂ ਬੋਝ ਪਾ ਦਿੱਤਾ ਹੈ। 
ਮੁਕਤਸਰ :  ਬੂੜਾ ਗੁੱਜ਼ਰ ਰੋਡ ਸਥਿਤ ਗਾਂਧੀ ਬਸਤੀ ਦੇ ਮਜ਼ਦੂਰਾਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ 'ਚ 9 ਜੁਲਾਈ ਨੂੰ ਰੋਹ ਭਰਪੂਰ ਰੈਲੀ ਕੀਤੀ ਗਈ। ਜਿਸ ਦੌਰਾਨ ਮਜ਼ਦੂਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਨੇ ਸਥਾਨਕ ਬਸਤੀ ਦੇ ਮਜ਼ਦੂਰਾਂ ਨੂੰ ਘਰ ਖਾਲੀ ਕਰਨ ਦੇ ਆਏ ਨੋਟਿਸਾਂ ਵਿਰੁੱਧ ਸਭਾ ਵੱਲੋਂ ਸੰਘਰਸ਼ ਵਿੱਢਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਇਸ ਬਸਤੀ ਦੇ ਦਲਿਤ ਪਰਵਾਰ ਜਿਨ੍ਹਾਂ ਦੀ ਗਿਣਤੀ 40-50 ਦੇ ਕਰੀਬ ਹੈ ਅਤੇ ਇਹ ਆਪਣੇ ਘਰ ਬਣਾ ਕੇ 40 ਸਾਲਾਂ ਤੋਂ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਘਰ ਸਰਕਾਰੀ ਬਿਜਲੀ ਮੀਟਰ, ਟੂਟੀਆਂ ਦੇ ਕੁਨੈਕਸ਼ਨ ਆਪਣੇ ਨਾਮ ਲਗਵਾਏ ਹੋਏ ਹਨ, ਜਦੋਂ ਕਿ ਸੰਮੇਵਾਲੀ ਦਾ ਇਕ ਵਿਅਕਤੀ ਮਾਲ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਇਹ ਜਗ੍ਹਾ ਆਪਣੇ ਨਾਮ ਕਰਵਾਉਣ ਦਾ ਦਾਅਵਾ ਕਰ ਰਿਹਾ ਹੈ। 
ਬਸਤੀ ਦੇ ਮਜ਼ਦੂਰਾਂ ਕਾਕਾ ਸਿੰਘ, ਸੁਖਦੇਵ ਸਿੰਘ, ਗੁਰਚਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਡ ਵਡੇਰੇ ਪਾਕਿਸਤਾਨ ਤੋਂ ਇਥੇ ਆ ਕੇ ਇਸ ਜਗ੍ਹਾ 'ਤੇ ਬੈਠੇ ਸਨ। ਉਦੋਂ ਤੋਂ ਇਹ ਜਗ੍ਹਾ ਸਰਕਾਰੀ ਤੌਰ 'ਤੇ ਸ਼ਾਮਲਾਟ ਭੱਟੀਆਂ ਭਾਰਤ ਸਰਕਾਰ ਦੀ ਬੋਲਦੀ ਹੈ। ਪਰ ਹੁਣ ਸੰਮੇਵਾਲੀ ਦੇ ਇਕ ਵਿਅਕਤੀ ਵੱਲੋਂ ਸੈਸ਼ਨ ਕੋਰਟ 'ਚ ਕੇਸ ਕਰ ਦਿੱਤਾ ਹੈ ਤੇ ਮਾਨਯੋਗ ਸੈਸ਼ਨ ਕੋਰਟ ਨੇ ਫੈਸਲਾ ਬਸਤੀ ਵਾਲਿਆਂ ਵਿਰੁੱਧ ਦੇ ਦਿੱਤਾ ਹੈ। ਦਿਹਾਤੀ ਮਜ਼ਦੂਰ ਸਭਾ ਦੇ ਉਪਰੋਕਤ ਆਗੂਆਂ ਨੇ ਇਸ ਜਗ੍ਹਾਂ ਦੇ ਮਾਲਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵੱਲੋਂ ਘਰ ਖਾਲੀ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਹੋਇਆ ਮਜ਼ਦੂਰਾਂ ਦੇ ਹੱਕ 'ਚ ਸ਼ੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਉਹ ਸੰਘਰਸ਼ ਨੂੰ ਜ਼ਿਲ੍ਹਾ ਪੱਧਰ 'ਤੇ ਲੈ ਕੇ ਜਾਣਗੇ ਅਤੇ ਮਜ਼ਦੂਰ ਪਰਵਾਰਾਂ ਦਾ ਉਜਾੜਾ ਨਹੀਂ ਹੋਣ ਦੇਣਗੇ। 


ਕਿਸਾਨਾਂ-ਮਜ਼ਦੂਰਾਂ ਵੱਲੋਂ ਤਹਿਸੀਲ ਦਫਤਰਾਂ ਅੱਗੇ ਧਰਨੇ
ਪਿਛਲੇ ਸਮੇਂ ਵਿੱਚ ਘਰੇਲੂ ਖਪਤਕਾਰਾਂ ਦੇ ਪੰਜਾਬ ਪਾਵਰਕਾਮ ਵੱਲੋਂ ਵਧਾਏ ਗਏ ਅਸਹਿ ਬਿਜਲੀ ਦੇ ਰੇਟਾਂ ਨੂੰ ਘਟਾ ਕੇ 2 ਰੁਪਏ ਪ੍ਰਤੀ ਯੂਨਿਟ ਕਰਨ, 12 ਪ੍ਰਤੀਸ਼ਤ ਬਿਜਲੀ ਰੇਟਾਂ ਵਿੱਚ ਕੀਤੇ ਜਾ ਰਹੇ ਸੰਭਾਵੀ ਵਾਧੇ ਨੂੰ ਰੁਕਵਾਉਣ, ਰੇਲ ਤੇ ਬੱਸਾਂ ਦੇ ਕਿਰਾਇਆਂ ਵਿੱਚ ਕੀਤਾ ਵਾਧਾ ਵਾਪਸ ਕਰਾਉਣ, ਹਸਪਤਾਲਾਂ ਦੀਆਂ ਫੀਸਾਂ ਵਿੱਚ ਵਾਧਾ ਵਾਪਸ ਕਰਾਉਣ, 700 ਕਰੋੜ ਰੁਪਏ ਦੇ ਲਾਏ ਜੁਰਮਾਨੇ ਵਾਪਸ ਕਰਾਉਣ, ਕਿਸਾਨਾਂ/ ਮਜ਼ਦੂਰਾਂ 'ਤੇ ਜੁਰਮਾਨਿਆਂ ਕਰਕੇ ਹਜ਼ਾਰਾਂ ਕਿਸਾਨਾਂ 'ਤੇ ਬਣਾਏ ਪੁਲਸ ਕੇਸ ਰੱਦ ਕਰਾਉਣ, ਖੇਤੀ ਲਈ ਮੋਟਰਾਂ ਵਾਸਤੇ 16 ਘੰਟੇ ਬਿਜਲੀ ਸਪਲਾਈ ਨਿਰੰਤਰ ਦੇਣ, ਮਜ਼ਦੂਰਾਂ-ਕਿਸਾਨਾਂ ਦੇ ਕਰਜ਼ੇ ਮਾਫ ਕਰਾਉਣ ਆਦਿ ਮੰਗਾਂ 'ਤੇ ਸਮੁੱਚੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਮਜ਼ਦੂਰ-ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਲੜੀ ਵਜੋਂ ਅੰਮ੍ਰਿਤਸਰ ਤਹਿਸੀਲ ਨਾਲ ਸੰਬੰਧਤ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ 30 ਜੂਨ ਨੂੰ 3 ਘੰਟੇ ਅੰਮ੍ਰਿਤਸਰ ਤਹਿਸੀਲ ਦੇ ਬਾਹਰ ਧਰਨਾ ਦਿੱਤਾ ਗਿਆ। 
ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰਾਂ-ਕਿਸਾਨਾਂ ਦੇ ਆਗੂਆਂ ਸਰਵਸਾਥੀ ਰਤਨ ਸਿੰਘ ਰੰਧਾਵਾ, ਜਗਤਾਰ ਸਿੰਘ ਕਰਮਪੁਰਾ, ਰਾਜਬਲਬੀਰ ਸਿੰਘ ਵੀਰਮ ਆਦਿ ਨੇ ਕੇਂਦਰ ਤੇ ਪ੍ਰਾਂਤ ਸਰਕਾਰ ਦੀਆਂ ਮਜ਼ਦੂਰ-ਕਿਸਾਨ ਮਾਰੂ ਨੀਤੀਆਂ ਦੀ ਜੰਮ ਕੇ ਨਿੰਦਾ ਕੀਤੀ। ਬੁਲਾਰਿਆਂ ਨੇ ਕੇਂਦਰ ਤੇ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਲਗਾਤਾਰ ਮਜ਼ਦੂਰਾਂ-ਕਿਸਾਨਾਂ ਨੂੰ ਲੁੱਟ ਰਹੀਆਂ ਹਨ ਅਤੇ ਘੋਰ ਗੁਰਬਤ ਤੇ ਬੇਰੁਜ਼ਗਾਰੀ ਵੱਲ ਧੱਕ ਰਹੀਆਂ ਹਨ। 
ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਬੂਟਾ ਸਿੰਘ ਮੋਦੇ, ਮਾਨ ਸਿੰਘ ਮੁਹਾਵਾ ਅਤੇ ਲੱਖਾ ਸਿੰਘ ਪੱਟੀ ਨੇ ਉਪਰੋਕਤ ਸਮੁੱਚੀਆਂ ਮੰਗਾਂ 'ਤੇ ਬੋਲਦਿਆਂ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਨੇ ਲੋਕਾਂ ਨੂੰ ਭਰਮ-ਭੁਲੇਖਿਆਂ ਵਿੱਚ ਪਾ ਕੇ ਚੰਗੇ ਦਿਨਾਂ ਦੀ ਆਸ ਨਾਲ ਵੋਟਾਂ ਬਟੋਰ ਲਈਆਂ, ਪ੍ਰੰਤੂ ਹੁਣੇ ਹੀ ਰੇਲ ਦੇ ਕਿਰਾਇਆਂ ਤੇ ਮਾਲ ਭਾੜੇ ਦੇ ਵਾਧੇ ਨੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਧਰਨੇ ਦੀ ਸਮਾਪਤੀ ਉਪਰੰਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਉਪਰੋਕਤ ਮੰਗਾਂ ਤੋਂ ਇਲਾਵਾ ਪਿੰਡ ਗੁਰਵਾਲੀ ਦੇ ਮਜ਼ਦੂਰਾਂ ਦੀ ਬਸਤੀ ਵਿੱਚ ਧੱਕੇ ਨਾਲ ਖੁਦਾਈ ਕਰਕੇ ਸਮੁੱਚੇ ਪਿੰਡ ਦਾ ਗੰਦਾ ਪਾਣੀ ਧਰਤੀ ਵਿੱਚ ਪਾਉਣ ਦੀ ਘੋਰ ਨਿਖੇਧੀ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਗਈ ਕਿ ਇਸ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਡਰੇਨ ਵਿੱਚ ਕੀਤਾ ਜਾਵੇ।  ਇਕੱਠ ਨੂੰ ਹਰਭਜਨ ਸਿੰਘ  ਟਰਪਈ, ਡਾਕਟਰ ਬਲਵਿੰਦਰ ਸਿੰਘ ਛੇਹਰਟਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। 
ਮਾਨਸਾ  : 10 ਕਿਸਾਨ ਜਥੇਬੰਦੀਆਂ ਵੱਲੋਂ ਸਾਰੇ ਪੰਜਾਬ ਵਿੱਚ ਐਮ.ਡੀ.ਐਮ ਦਫਤਰਾਂ ਅੱਗੇ  ਧਰਨਿਆਂ ਦੇ ਸੱਦੇ 'ਤੇ ਮਾਨਸਾ ਵਿਖੇ ਸੈਂਕੜੇ ਦੀ ਗਿਣਤੀ ਵਿੱਚ ਕਿਸਾਨਾਂ ਨੇ ਐੱਮ.ਡੀ.ਐੱਮ ਦਫਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਗੋਰਾ ਸਿੰਘ ਭੈਣੀ ਬਾਘਾ, ਪੰਜਾਬઠ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਸਮਾਓ ਅਤੇ ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ ਨੇ ਇੱਕ ਸੁਰ ਵਿੱਚ ਕਿਹਾ ਕਿ ਸਰਕਾਰઠ ਆਪਣੇ ਕੀਤੇ ਹੋਏ ਵਾਅਦੇ ਅਤੇ ਮੰਨੀਆਂ ਮੰਗਾਂ ਤੋਂ ਭੱਜ ਰਹੀ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ, ਖੇਤੀ ਮੋਟਰਾਂ ਨੂੰ ਦਿਨ ਵੇਲੇ ਅੱਠ ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇ, ਲੋਡ ਫੀਸ ਘਟਾ ਕੇ 1200 ਰੁਪਏ ਕੀਤੀ ਜਾਵੇ, ਪਿੰਡਾਂ ਨੂੰ ਬਿਜਲੀ 24 ਘੰਟੇ ਨਿਰਵਿਘਨ ਦਿੱਤੀ ਜਾਵੇ।  ਜ਼ਮੀਨਾਂ ਅਬਾਦ ਕਰਨ ਵਾਲੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ, ਬੈਂਕਾਂ ਵਲੋਂ ਡਿਫਾਲਟਰ ਕਿਸਾਨਾਂ ਨੂੰ ਕਰਜ਼ੇ ਬਦਲੇ ਜਲੀਲ ਕਰਨਾ ਬੰਦ ਕੀਤਾ ਜਾਵੇ, ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਬੱਸ ਅਤੇ ਰੇਲ ਕਿਰਾਏ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ। ਵੱਖ-ਵੱਖ ਘੋਲਾਂ ਦੌਰਾਨ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।  ਧਰਨੇ ਨੂੰ ਮਾਸਟਰ ਸੁਖਦੇਵ ਸਿੰਘ, ਡਕੋਂਦਾ ਗਰੁੱਪ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰ, ਕਰਨੈਲ ਸਿੰਘ ਪੰਜਾਬ ਕਿਸਾਨ ਯੂਨੀਅਨ ਇਕਬਾਲ ਸਿੰਘ ਮਾਨਸਾ, ਰਾਜ ਸਿੰਘ ਅਕਲੀਆ, ਗੁਰਜੰਟ ਸਿੰਘ ਅਲੀਸ਼ੇਰ, ਹਰਜਿੰਦਰ ਸਿੰਘ ਮਾਨਸ਼ਾਹੀਆ, ਬਖਤੌਰ ਸਿੰਘ ਦੂਲੋਵਾਲ ਜਮਹੂਰੀ ਕਿਸਾਨ ਸਭਾ ਆਦਿ ਨੇ ਸੰਬੋਧਨ ਕੀਤਾ।

ਬਰਨਾਲਾ  : ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਤਾਲਮੇਲ ਕਮੇਟੀ, ਪੰਜਾਬ ਦੇ ਸੱਦੇ ਉੱਪਰ ਸਮੁੱਚੇ ਪੰਜਾਬ ਅੰਦਰ ਐੱਸ.ਡੀ.ਐੱਮ ਦਫਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਵਜੋਂ ਬਰਨਾਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਕਿਸਾਨਾਂ ਮਜ਼ਦੂਰਾਂ ਦੇ ਇਸ ਵਿਸ਼ਾਲ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਮਲਕੀਤ ਸਿਘ ਵਜੀਦਕੇ, ਡਕੌਂਦਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਉੱਗੋਕੇ, ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਮਹਿਲਕਲਾਂ, ਜਮਹੂਰੀ ਕਿਸਾਨ ਸਭਾ ਦੇ ਨਿਹਾਲ ਸਿੰਘ ਅਮਰਜੀਤ ਕੁੱਕੂ, ਜਸਪਾਲ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਪਵਿੱਤਰ ਲਾਲੀ ਨੇ ਵੀ ਸੰਬੋਧਨ ਕੀਤਾ। 

ਤਰਨ ਤਾਰਨ : ਕਿਸਾਨੀ ਦੇ ਭਖਦੇ ਮਸਲਿਆਂ ਨੂੰ ਲੈ ਕੇ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ 'ਤੇ ਸੈਂਕੜੇ ਕਿਸਾਨਾਂ ਨੇ 30 ਜੂਨ ਨੂੰ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਐੱਸ ਡੀ ਐੱਮ ਦਫਤਰ ਤਰਨ ਤਾਰਨ ਅੱਗੇ ਵਿਸ਼ਾਲ ਧਰਨਾ ਦਿੱਤਾ। ਧਰਨਾਕਾਰੀਆਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਬਾਠ, ਲੱਖਾ ਸਿੰਘ ਮੰਨਣ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਦੇਵ ਸਿੰਘ ਕਾਲੇਸ਼ਾਹ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਦੇ ਆਗੂ ਸਤਨਾਮ ਸਿੰਘ ਦੇਊ, ਹਰਦੀਪ ਸਿੰਘ ਰਸੂਲਪੁਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪ੍ਰਸ਼ੋਤਮ ਸਿੰਘ ਗਰਿਹੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਜਸਪਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਡੇਰਾ ਬਾਬਾ ਨਾਨਕ : ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੂਬਾ ਪੱਧਰੀ ਸੱਦੇ ਅਨੁਸਾਰ ਡੇਰਾ ਬਾਬਾ ਨਾਨਕ ਤਹਿਸੀਲ ਦੇ ਕਿਸਾਨਾਂ ਨੇ 30 ਜੂਨ ਨੂੰ ਐੱਸ ਡੀ ਐੱਮ ਦਫਤਰ ਸਾਹਮਣੇ ਧਰਨਾ ਦਿੱਤਾ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਧਰਨੇ ਦੀ ਪ੍ਰਧਾਨਗੀ ਸਰਵ ਸਾਥੀ ਹਰਜਿੰਦਰ ਸਿੰਘ ਦਾਦੂਜੋਧ, ਪੁਸ਼ਪਿੰਦਰ ਸਿੰਘ ਸ਼ਾਹਪੁਰ ਜਾਜਨ, ਗੁਰਮੇਜ਼ ਸਿੰਘ ਖੋਦੇ ਬੇਟ ਅਤੇ ਕੁਲਵੰਤ ਸਿੰਘ ਰਾਮ ਦੀਵਾਲੀ ਨੇ ਕੀਤੀ। ਇਸ ਧਰਨੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਾਥੀ ਗੁਰਮੀਤ ਸਿੰਘ ਬਖਤਪੁਰਾ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਰਘਬੀਰ ਸਿੰਘ ਪਕੀਵਾਂ ਨੇ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਤਿੱਖੀ ਅਲੋਚਨਾ ਕੀਤੀ। ਉਹਨਾਂ ਕਿਹਾ ਕਿ ਸਰਕਾਰ ਵੱਖ-ਵੱਖ ਢੰਗਾਂ ਰਾਹੀਂ ਅਬਾਦਕਾਰ ਕਿਸਾਨਾਂ ਨੂੰ ਉਜਾੜ ਰਹੀ ਹੈ, ਜਿਸ ਦਾ ਟਾਕਰਾ ਕਰਨ ਲਈ ਕਿਸਾਨਾਂ ਨੂੰ ਵੱਡੀ ਪੱਧਰ 'ਤੇ ਲਾਮਬੰਦੀ ਕਰਨੀ ਚਾਹੀਦੀ ਹੈ।  

ਫਿਲੌਰ :  ਪੰਜਾਬ ਅੰਦਰ ਬਿਜਲੀ ਸੰਕਟ ਨੂੰ ਲੈ ਕੇ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ, ਬਿਜਲੀ ਕੱਟਾਂ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਵਲੋਂ ਪੂਰੇ ਪੰਜਾਬ ਅੰਦਰ ਤਹਿਸੀਲ ਹੈੱਡਕੁਆਰਟਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਗਏ। ਇਸੇ ਕੜੀ ਤਹਿਤ ਐੱਸ. ਡੀ. ਐੱਮ. ਦਫਤਰ ਫਿਲੌਰ ਵਿਖੇ ਵੀ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਕਾਮਰੇਡ ਦੇਵ ਫਿਲੌਰ ਅਤੇ ਮੇਲਾ ਸਿੰਘ ਰੁੜਕਾ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਤੋਖ ਸਿੰਘ ਬਿਲ਼ਗਾ, ਮੇਜਰ ਫਿਲੌਰ, ਕੁਲਦੀਪ ਬਿਲ਼ਗਾ ਆਦਿ ਨੇ ਵੀ ਸੰਬੋਧਨ ਕੀਤਾ।


ਨਾਕਸ ਬਿਜਲੀ ਸਪਲਾਈ ਵਿਰੁੱਧ ਜਮਹੂਰੀ ਕਿਸਾਨ ਸਭਾ ਵਲੋਂ ਧਰਨੇ
ਜਮਹੂਰੀ ਕਿਸਾਨ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਬਿਜਲੀ ਸਪਲਾਈ ਦੇ ਨਾਕਸ ਪ੍ਰਬੰਧ ਅਤੇ ਅਣ-ਐਲਾਨੇ ਕੱਟਾਂ ਵਿਰੁੱਧ 14 ਤੇ 15 ਜੁਲਾਈ ਨੂੰ  ਪੰਜਾਬ ਭਰ 'ਚ ਐੱਸ.ਡੀ.ਓ. ਦਫਤਰਾਂ ਸਾਹਮਣੇ ਧਰਨੇ ਦਿੱਤੇ ਗਏ। 
ਵੱਖ-ਵੱਖ ਥਾਵਾਂ 'ਤੇ ਜੁੜੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੋਕੇ ਵਰਗੇ ਹਾਲਾਤ  ਪੈਦਾ ਹੋ ਗਏ ਹਨ, ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਅਤੇ ਨਹਿਰੀ ਪਾਣੀ ਦੀ ਘਾਟ ਕਰਕੇ ਕਿਸਾਨਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ। 
ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਖੇਤੀ ਵਰਤੋਂ ਲਈ 8 ਘੰਟੇ ਨਿਰਵਿਘਨ ਸਪਲਾਈ ਦੇਣ ਵਿਚ ਨਾਕਾਮ ਰਹੀ ਹੈ ਅਤੇ ਘਰੇਲੂ ਸਪਲਾਈ ਵਿਚ ਅਣ-ਐਲਾਨੇ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਦੇ ਕੰਮਕਾਰ ਵੀ ਪ੍ਰਭਾਵਤ ਹੋ ਰਹੇ ਹਨ। ਵੱਖ-ਵੱਖ ਥਾਵਾਂ ਤੋਂ ਭੇਜੇ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਖੇਤੀ ਵਰਤੋਂ ਲਈ ਘੱਟੋ-ਘੱਟ 16 ਘੰਟੇ ਅਤੇ ਘਰੇਲੂ ਸਪਲਾਈ ਲਈ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਅਣ-ਐਲਾਨੇ ਕੱਟ ਬੰਦ ਕੀਤੇ ਜਾਣ, ਸੜੇ ਅਤੇ ਚੋਰੀ ਹੋਏ ਟਰਾਂਸਫਾਰਮਰ 24 ਘੰਟੇ ਵਿਚ ਬਦਲੇ ਜਾਣ। ਸਬ-ਡਵੀਜ਼ਨ ਪੱਧਰ 'ਤੇ ਮੋਬਾਇਲ ਟਰਾਂਸਫਾਰਮਰ ਰੱਖੇ ਜਾਣ, ਕਿਸਾਨਾਂ-ਮਜ਼ਦੂਰਾਂ ਨੂੰ ਲੋਡ ਚੈੱਕ ਕਰਨ ਦੇ ਨਾਂਅ ਉਪਰ ਪਾਏ ਜਾ ਰਹੇ ਨਜਾਇਜ਼ ਜੁਰਮਾਨੇ ਬੰਦ ਕੀਤੇ ਜਾਣ ਅਤੇ ਲੋਡ ਵਧਾਉਣ ਦਾ ਖਰਚਾ 1200 ਰੁਪਏ ਪ੍ਰਤੀ ਹਾਰਸ ਪਾਵਰ ਕੀਤਾ ਜਾਵੇ। ਧਰਨਾਕਾਰੀਆਂ ਨੂੰ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ, ਪਰਗਟ ਸਿੰਘ ਜਾਮਾਰਾਏ, ਗੁਰਨਾਮ ਸਿੰਘ ਸੰਘੇੜਾ, ਰਘਬੀਰ ਸਿੰਘ ਪਕੀਵਾਂ, ਮਨੋਹਰ ਸਿੰਘ ਗਿੱਲ, ਸਤਨਾਮ ਸਿੰਘ ਦੇਓ, ਕੁਲਦੀਪ ਸਿੰਘ ਫਿਲੌਰ, ਚਰਨਜੀਤ ਸਿੰਘ ਬਾਠ, ਬਲਵਿੰਦਰ ਸਿੰਘ, ਬਾਬਾ ਫਤਿਹ ਸਿੰਘ ਤੁੜ ਆਦਿ ਆਗੂਆਂ ਨੇ ਸੰਬੋਧਨ ਕੀਤਾ। 

ਫਿਲੌਰ :  ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਬਿਜਲੀ ਦੀ ਮਾੜੀ ਸਪਲਾਈ, ਮੋਟਰਾਂ ਦੀ ਬਿਜਲੀ 8 ਘੰਟੇ ਤੋਂ ਘਟਾ ਕੇ 6 ਘੰਟੇ ਕਰਨ ਅਤੇ ਘਰੇਲੂ ਬਿਜਲੀ ਦੀ ਮਾੜੀ ਸਪਲਾਈ ਖਿਲਾਫ ਫਿਲੌਰ ਬਿਜਲੀ ਦਫਤਰ ਅੰਦਰ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਜਤਿੰਦਰ ਸਿੰਘ ਸਰਪੰਚ, ਜਸਵੀਰ ਸਿੰਘ ਫਿਲੌਰ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਾਥੀ ਕੁਲਦੀਪ ਫਿਲੌਰ, ਜਸਵਿੰਦਰ ਢੇਸੀ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਮਰੀਕ ਸਿੰਘ, ਲਖਵੀਰ ਸਿੰਘ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਅਜੈ ਫਿਲੌਰ, ਮੱਖਣ ਫਿਲੌਰ, ਹਰਵਿੰਦਰ ਸਿੰਘ, ਕੁਲਜੀਤ ਸਿੰਘ, ਕੇਵਲ ਸਿੰਘ, ਹਰਪਾਲ ਸਿੰਘ, ਲਖਵੀਰ ਸਿੰਘ ਨੇ ਵੀ ਸੰਬੋਧਨ ਕੀਤਾ। 

ਅਟਾਰੀ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ 'ਤੇ ਬੂਟਾ ਸਿੰਘ ਅਤੇ ਬਾਬਾ ਅਰਜਨ ਸਿੰਘ ਹੁਸ਼ਿਆਰਨਗਰ ਦੀ ਪ੍ਰਧਾਨਗੀ ਹੇਠ ਖਾਸਾ ਅਤੇ ਅਟਾਰੀ ਬਿਜਲੀ ਦੇ ਦਫਤਰਾਂ ਅੱਗੇ 15 ਜੁਲਾਈ ਨੂੰ ਰੋਹ ਭਰੇ ਧਰਨੇ ਦਿੱਤੇ ਗਏ। ਪੰਜਾਬ ਦੇ ਸਮੂਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਦੇ ਨਾਕਸ ਸਪਲਾਈ ਪ੍ਰਬੰਧ ਅਤੇ ਬਿਜਲੀ ਪੂਰੀ ਨਾ ਦੇਣ ਕਰਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਮੰਗ ਕੀਤੀ ਕਿ ਖਾਸ ਕਰਕੇ ਬਾਰਡਰ ਏਰੀਏ ਵਿੱਚ ਕਿਸਾਨਾਂ ਦੀ ਹਾਲਤ ਤਰਸਯੋਗ ਹੈ। ਬਾਰਡਰ ਏਰੀਏ ਦੀਆਂ ਸੜਕਾਂ, ਸਕੂਲਾਂ, ਹਸਪਤਾਲਾਂ, ਗਲੀਆਂ-ਨਾਲੀਆਂ ਦਾ ਬੁਰਾ ਹਾਲ ਹੈ। ਕਿਸਾਨ ਆਗੂ ਬਲਵਿੰਦਰ ਸਿੰਘ ਝਬਾਲ ਨੇ ਮੰਗ ਕੀਤੀ ਕਿ ਫਸਲਾਂ ਤੇ ਡੰਗਰ ਮਾਲ ਦਾ ਬੀਮਾ ਕੀਤਾ ਜਾਵੇ। ਕੰਡਿਆਲੀ ਤਾਰ ਤੋਂ ਪਾਰ ਖਰਾਬ ਹੋਈ ਫਸਲ ਦਾ ਰਹਿੰਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਕਿਸਾਨਾਂ ਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ। ਝੋਨੇ ਵਾਸਤੇ ਨਹਿਰੀ ਪਾਣੀ ਨੂੰ ਧੁਰ ਤੱਕ ਟੇਲਾਂ 'ਤੇ ਪਹੁੰਚਾਇਆ ਜਾਵੇ। ਉਨ੍ਹਾ ਬਿਜਲੀ ਸਪਲਾਈ 8 ਘੰਟੇ ਨਾ ਦੇਣ ਦੀ ਨਿਖੇਧੀ ਕੀਤੀ। 

ਮੀਆਂਵਿੰਡ : ਜਮਹੂਰੀ ਕਿਸਾਨ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਐੱਸ ਡੀ ਓ ਦਫਤਰ ਪਾਵਰਕਾਮ ਨਾਗੋਕੇ ਵਿਖੇ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਅਜੀਤ ਸਿੰਘ ਢੋਟਾ, ਡਾ. ਅਜੈਬ ਸਿੰਘ ਜਹਾਂਗੀਰ, ਜਸਬੀਰ ਸਿੰਘ ਵੈਰੋਵਾਲ, ਬਲਦੇਵ ਸਿੰਘ, ਝਿਲਮਿਲ ਸਿੰਘ ਬਾਣੀਆਂ ਅਤੇ ਕਰਨੈਲ ਸਿੰਘ ਨੇ ਕੀਤੀ। ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕੀਤਾ। ਸਭਾ ਦੇ ਸੂਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਅਤੇ ਜ਼ਿਲ੍ਹਾ ਆਗੂ ਮੁਖਤਾਰ ਸਿੰਘ ਮੱਲ੍ਹਾ ਨੇ ਸੰਬੋਧਨ ਕੀਤਾ। ਇਸ ਮੌਕੇ ਐੱਸ ਡੀ ਓ ਨੂੰ ਮੰਗ ਪੱਤਰ ਵੀ ਦਿੱਤਾ ਗਿਆ। 

ਤਰਨਤਾਰਨ : ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਕੜਕਦੀ ਗਰਮੀ ਵਿਚ ਸੈਂਕੜੇ ਕਿਸਾਨਾਂ ਨੇ 14 ਜੁਲਾਈ ਨੂੰ ਐੱਸ ਡੀ ਓ ਨੌਸ਼ਹਿਰਾ ਪੰਨੂਆਂ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਐਕਸ਼ਨ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਵਿੰਦਰ ਸਿੰਘ ਫੈਲੋਕੇ, ਮਨਜੀਤ ਸਿੰਘ ਬੱਗੂ, ਬਲਦੇਵ ਸਿੰਘ ਕਾਹਲਵਾਂ, ਬਾਬਾ ਫਤਿਹ ਸਿੰਘ ਤੁੜ, ਸੁਖਦੇਵ ਸਿੰਘ ਜਵੰਦਾ ਨੇ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਪੰਡੋਰੀ, ਸੁਲਖਣ ਸਿੰਘ ਤੁੜ, ਜੰਗਬਹਾਦਰ ਸਿੰਘ ਤੁੜ, ਅਵਤਾਰ ਸਿੰਘ ਫੈਲੋਕੇ, ਸਵਿੰਦਰ ਸਿੰਘ ਖੱਬੇ, ਮੰਗਲ ਸਿੰਘ ਜਵੰਦਾ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। 


ਬਾਰਡਰ ਏਰੀਆ ਸੰਘਰਸ਼ ਕਮੇਟੀ ਵੱਲੋਂ ਡੀ ਸੀ ਦਫ਼ਤਰਾਂ ਅੱਗੇ ਧਰਨੇ
ਸਰਹੱਦੀ ਪੱਟੀ ਦੇ ਕਿਸਾਨਾਂ-ਮਜ਼ਦੂਰਾਂ ਤੇ ਬਾਰਡਰ 'ਤੇ ਵਸਦੇ ਲੋਕਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਜਥੇਬੰਦੀ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕੰਡਿਆਲੀ ਤਾਰ ਤੋਂ ਪਾਰ ਅਤੇ ਬਾਰਡਰ ਪੱਟੀ (8 ਕਿਲੋਮੀਟਰ) ਦੇ ਵੱਖ-ਵੱਖ ਵਰਗ ਦੇ ਲੋਕਾਂ ਨੂੰ ਦਰਪੇਸ਼ ਜੀਵਨ ਦੀਆਂ ਮੁੱਢਲੀਆਂ ਸਮੱਸਿਆਵਾਂ ਗੇਟਾਂ ਦਾ ਲਾਂਘਾ, ਸ਼ੁੱਧ ਪਾਣੀ, ਸਿੱਖਿਆ, ਸਿਹਤ, ਬਿਜਲੀ, ਆਵਾਜਾਈ ਅਤੇ ਬੇਰੁਜ਼ਗਾਰੀ ਆਦਿ ਦੇ ਸਥਾਈ ਹੱਲ ਲਈ ਕੇਂਦਰ ਤੇ ਪੰਜਾਬ ਸਰਕਾਰ 'ਤੇ ਦਬਾਅ ਪਾਉਣ ਲਈ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਡੀ ਸੀ ਦਫ਼ਤਰਾਂ ਸਾਹਮਣੇ ਰੋਸ ਧਰਨੇ ਦਿੱਤੇ ਗਏ। ਅੰਮ੍ਰਿਤਸਰ 'ਚ 22 ਜੁਲਾਈ ਨੂੰ ਦਿੱਤੇ ਗਏ ਧਰਨੇ ਦੀ ਪ੍ਰਧਾਨਗੀ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂਆਂ ਜੋਰਾ ਸਿੰਘ ਅਵਾਣ, ਮਾਨ ਸਿੰਘ ਮੁਹਾਵਾ, ਬਲਬੀਰ ਸਿੰਘ ਕੱਕੜ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਤੇ ਸਾਬਕਾ ਏ ਡੀ ਸੀ ਉੱਤਮ ਸਿੰਘ ਧਨੋਆ ਨੇ ਕੀਤੀ। 
ਧਰਨੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਪ੍ਰਧਾਨ ਅਰਸਾਲ ਸਿੰਘ ਸੰਧੂ ਤੇ ਸੂਬਾਈ ਜਨਰਲ ਸਕੱਤਰ ਰਤਨ ਸਿੰਘ ਰੰਧਾਵਾ ਨੇ ਪੁਰਜ਼ੋਰ ਮੰਗ ਕੀਤੀ ਕਿ ਬਾਰਡਰ ਏਰੀਆ ਦੇ ਸਮੁੱਚੇ ਵਿਕਾਸ ਲਈ ਬਾਰਡਰ ਏਰੀਆ ਵਿਕਾਸ ਬੋਰਡ ਬਣਾਇਆ ਜਾਵੇ ਤੇ ਇਸ ਰਾਹੀਂ ਕੇਂਦਰ ਤੇ ਸੂਬਾਈ ਸਰਕਾਰਾਂ ਵੱਲੋਂ ਬਾਰਡਰ ਪੱਟੀ ਲਈ ਆਏ ਫੰਡਾਂ ਦੀ ਵਰਤੋਂ ਕੀਤੀ ਜਾਵੇ ਅਤੇ ਬਾਰਡਰ ਪੱਟੀ ਦੀ ਵੱਧ ਤੋਂ ਵੱਧ ਹੱਦ 8 ਕਿਲੋਮੀਟਰ ਰੱਖੀ ਜਾਵੇ। ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨੀ ਬਹੁਤ ਔਖੀ ਹੈ। ਇਸ ਲਈ ਇਥੇ ਕਠਿਨ ਹਾਲਤਾਂ 'ਚ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 15 ਹਜ਼ਾਰ ਰੁਪਏ ਪ੍ਰਤੀ ਸਾਲ ਦੇਣੇ ਚਾਹੀਦੇ ਹਨ ਤੇ ਇਸ ਦੀ ਵਿਵਸਥਾ ਕੇਂਦਰ ਤੇ ਸੂਬਾਈ ਸਰਕਾਰ ਦੇ ਬੱਜਟ ਵਿੱਚ ਕੀਤੀ ਜਾਵੇ। 
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਤੇ ਕਿਸਾਨ ਸਭਾ ਦੇ ਆਗੂਆਂ ਬਲਦੇਵ ਸਿੰਘ ਸੈਦਪੁਰ, ਰਾਜਬੀਲਬੀਰ ਸਿੰਘ ਵੀਰਮ, ਸੁੱਚਾ ਸਿੰਘ ਠੱਠਾ ਤੇ ਸ਼ੀਤਲ ਸਿੰਘ ਤਲਵੰਡੀ ਨੇ ਜ਼ੋਰਦਾਰ ਮੰਗ ਕੀਤੀ ਕਿ ਤਾਰੋਂ ਪਾਰ ਕਿਸਾਨ ਹਿੱਤ 'ਚ ਗੰਨੇ ਦੀ ਫ਼ਸਲ ਛੱਡ ਕੇ ਬਾਕੀ ਸਾਰੀਆਂ ਫ਼ਸਲ ਬੀਜਣ 'ਤੇ ਬੇਲੋੜੀਆਂ ਰੋਕਾਂ ਬੰਦ ਕੀਤੀਆਂ ਜਾਣ। ਆਗੂਆਂ ਨੇ ਮੰਗ ਕੀਤੀ ਕਿ ਅਬਾਦਕਾਰਾਂ ਦੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣ ਤੇ ਉਨ੍ਹਾਂ ਦਾ ਉਜਾੜਾ ਬੰਦ ਕੀਤਾ ਜਾਵੇ ਅਤੇ ਭੌਂ ਮਾਫ਼ੀਏ ਨੂੰ ਨੱਥ ਪਾਈ ਜਾਵੇ। ਅਬਾਦਕਾਰਾਂ ਦੀਆਂ ਗਿਰਦਾਵਰੀਆਂ ਸ਼ੁਰੂ ਕੀਤੀਆਂ ਜਾਣ। ਜੇਕਰ ਇਹ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਉਹ ਸੂਬਾ ਪੱਧਰ 'ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਬੱਝਵਾਂ ਸੰਘਰਸ਼ ਲਾਮਬੰਦ ਕਰਨਗੇ। 
ਤਰਨ ਤਾਰਨ 'ਚ ਡੀ.ਸੀ. ਦਫਤਰ ਅੱਗੇ 24 ਜੁਲਾਈ ਨੂੰ ਧਰਨਾ ਦਿੱਤਾ ਗਿਆ ਜਿਸ ਦੀ ਪ੍ਰਧਾਨਗੀ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂਆਂ ਸਰਦੂਲ ਸਿੰਘ ਡਲ, ਪ੍ਰਗਟ ਸਿੰਘ ਬੱਗਾ ਖੇਮਕਰਨ, ਬਖਸ਼ੀਸ਼ ਸਿੰਘ ਮਹਿੰਦੀਪੁਰ, ਕਾਬਲ ਸਿੰਘ ਰਾਜੋਕੇ ਅਤੇ ਮੇਜਰ ਸਿੰਘ ਖਾਲੜਾ ਨੇ ਕੀਤੀ। ਇਸ ਵਿਸ਼ਾਲ ਧਰਨੇ ਨੂੰ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਅਰਸਾਲ ਸਿੰਘ ਸੰਧੂ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਵੀ ਸੰਬਧੋਨ ਕੀਤਾ। ਧਰਨੇ ਦੌਰਾਨ ਨਿੱਜੀ ਤੇ ਜਨਤਕ ਜਾਇਦਾਦ ਦੇ ਨੁਕਸਾਨ ਨੂੰ ਰੋਕਣ ਦੇ ਨਾਂਅ ਹੇਠ ਪੰਜਾਬ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨ ਦੀ ਨਿਖੇਧੀ ਕੀਤੀ ਗਈ। 


ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੀ.ਐਸ.ਐਫ. ਵਲੋਂ ਨਸ਼ਿਆਂ ਵਿਰੁੱਧ ਕਨਵੈਨਸ਼ਨ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਟਸ ਫੈਡਰੇਸ਼ਨ (ਪੀ.ਐਸ.ਐਫ.) ਵਲੋਂ 18 ਜੁਲਾਈ ਨੂੰ ਫਿਲੌਰ ਵਿਖੇ ਨਸ਼ਿਆਂ ਖ਼ਿਲਾਫ ਕੀਤੀ ਇੱਕ ਕਨਵੈਨਸ਼ਨ 'ਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਰਾਜਸੀ ਇੱਛਾ ਸ਼ਕਤੀ ਨਾਲ ਹੀ ਨਸ਼ਿਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਕਤ ਦੋਨੋਂ ਜਥੇਬੰਦੀਆਂ ਵਲੋਂ ਦੋਆਬਾ ਖੇਤਰ ਦੀ ਕਨਵੈਨਸ਼ਨ ਸਰਬਜੀਤ ਗੋਗਾ, ਗੁਰਦੀਪ ਬੇਗਮਪੁਰਾ, ਮੱਖਣ ਫਿਲੌਰ, ਗੁਰਚਰਨ ਮੱਲ੍ਹੀ ਅਤੇ ਸੋਢੀ ਹੰਸ ਦੀ ਪ੍ਰਧਾਨਗੀ ਹੇਠ ਇਥੋਂ ਦੇ ਕਮਿਊਨਿਟੀ ਹਾਲ 'ਚ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦੇ ਹੋਏ ਉੱਘੇ ਲੇਖਕ ਡਾ. ਤਜਿੰਦਰ ਵਿਰਲੀ ਨੇ ਕਿਹਾ ਕਿ ਹਾਕਮ ਧਿਰ ਦੀ ਸਹਿਮਤੀ ਤੋਂ ਬਿਨ੍ਹਾਂ ਨਾ ਤਾਂ ਨਸ਼ਿਆਂ ਦਾ ਕਾਰੋਬਾਰ ਹੋ ਸਕਦਾ ਹੈ ਅਤੇ ਨਾ ਹੀ ਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ। ਡਾ. ਵਿਰਲੀ ਨੇ ਮਨੁੱਖੀ ਮਨਾਂ 'ਤੇ ਨਸ਼ਿਆਂ ਦੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਦੱਸਦਿਆ ਕਿਹਾ ਕਿ ਇਸ ਨਾਲ ਮਨੁੱਖ ਮਨ ਪੱਖੋ ਕਮਜ਼ੋਰ ਵੀ ਹੋ ਜਾਂਦਾ ਹੈ ਅਤੇ ਉਹ ਚੰਗੇ ਮਾੜੇ ਦੀ ਪਛਾਣ ਕਰਨ ਤੋਂ ਵੀ ਅਸਮਰਥ ਹੋ ਜਾਂਦਾ ਹੈ। ਉਨ੍ਹਾ ਕਿਹਾ ਕਿ ਮਨੁੱਖੀ ਮਨ ਦੀ ਇਹ ਕਮਜ਼ੋਰੀ ਹੀ ਹਾਕਮ ਧਿਰਾਂ ਨੂੰ ਰਾਸ ਆਉਂਦੀ ਹੈ ਕਿ ਉਨ੍ਹਾਂ ਦੀਆਂ ਮਾੜੀਆਂ ਨੀਤੀਆਂ ਖਿਲਾਫ ਬੋਲਣ ਵਾਲੇ ਹੀ ਨਾ ਰਹਿਣ, ਜਿਸ ਕਾਰਨ ਉਹ ਸੱਤਾ ਦਾ ਸੁੱਖ ਲਗਾਤਾਰ ਮਾਣਦੇ ਰਹਿਣ। 
ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਪੱਤਰਕਾਰ ਅਤੇ ਲੇਖਕ ਸਰਬਜੀਤ ਗਿੱਲ ਨੇ ਕਿਹਾ ਕਿ ਨਸ਼ਿਆਂ ਕਾਰਨ ਹੋ ਰਹੀ ਬਰਬਾਦੀ ਦਾ ਜਿਸ ਢੰਗ ਨਾਲ ਹੱਲ ਕੀਤਾ ਜਾ ਰਿਹਾ, ਉਸ ਤੋਂ ਲਗਦਾ ਹੈ ਕਿ ਸਰਕਾਰ ਇਸ ਮਾਮਲੇ 'ਚ ਇਮਾਨਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਿਸ ਢੰਗ ਨਾਲ ਦਾਅਵੇ ਕੀਤੇ ਜਾ ਰਹੇ ਹਨ ਉਹ ਸਚਾਈ ਤੋਂ ਕੋਹਾਂ ਦੂਰ ਹਨ, ਜਿਸ ਦਾ ਸਬੂਤ ਪੰਜਾਬ ਸਰਕਾਰ ਦੇ ਬਜਟ ਤੋਂ ਵੀ ਮਿਲ ਰਿਹਾ ਹੈ। 
ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਅਤੇ ਸਭਾ ਦੇ ਸੂਬਾ ਸਕੱਤਰ ਮਨਦੀਪ ਰੱਤੀਆ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਰਾਜ ਅੰਦਰ ਨਸ਼ਿਆਂ ਖਿਲਾਫ਼ ਵੱਖ-ਵੱਖ ਖੇਤਰਾਂ 'ਚ ਕਨਵੈਨਸ਼ਨਾਂ ਕੀਤੀਆਂ ਜਾ ਰਹੀਆ ਹਨ ਤਾਂ ਜੋ ਨੌਜਵਾਨਾਂ ਦਾ ਘਾਣ ਕਰਨ ਵਾਲੀ ਸਮੱਸਿਆ ਤੋਂ ਆਮ ਨੌਜਵਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲੀਸ, ਸਿਆਸੀ ਅਤੇ ਸਮਗਲਰ ਗੱਠਜੋੜ ਨੇ ਨੌਜਵਾਨਾਂ ਦਾ ਭਵਿੱਖ ਤਬਾਹ ਕਰਕੇ ਰੱਖ ਦਿੱਤਾ ਹੈ। ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨਾਂ 'ਚ ਫੈਲੀ ਨਿਰਾਸ਼ਾਂ ਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ ਹੈ, ਜਿਸ ਕਾਰਨ ਪੰਜਾਬ ਦੀ ਜਵਾਨੀ ਤਬਾਹੀ ਦੇ ਕੰਢੇ ਪੁੱਜ ਗਈ ਹੈ। 
ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੇ ਫਿਲੌਰ ਨੇ ਕਿਹਾ ਕਿ ਨਸ਼ਿਆਂ ਕਾਰਨ ਅਤੇ ਵਿਦਿਆ ਦਿਨੋਂ ਦਿਨ ਮਹਿੰਗੀ ਹੋਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਵੀ ਖਤਰੇ 'ਚ ਪੁੱਜ ਗਿਆ ਹੈ। ਇਸ ਕਨਵੈਨਸ਼ਨ ਨੂੰ ਸੂਬਾ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ, ਹਰਿਆਣਾ ਸਟੂਡੈਂਟਸ ਯੂਨੀਅਨ ਦੇ ਆਗੂ ਨਿਰਭੈ ਸਿੰਘ ਰਤੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਾਸ ਕੀਤੇ ਵੱਖ-ਵੱਖ ਮਤਿਆਂ 'ਚ ਮੰਗ ਕੀਤੀ ਗਈ ਕਿ ਪੁਲੀਸ, ਸਿਆਸੀ ਅਤੇ ਸਮੱਗਲਰ ਗੱਠਜੋੜ ਨੂੰ ਨੱਥ ਪਾਈ ਜਾਵੇ ਅਤੇ ਨਸ਼ਿਆਂ ਤਹਿਤ ਫੜੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਭੇਜਣ ਦੀ ਥਾਂ ਉਨ੍ਹਾਂ ਦਾ ਯੋਗ ਇਲਾਜ ਕੀਤਾ ਜਾਵੇ। ਪਾਸ ਕੀਤੇ ਇੱਕ ਮਤੇ 'ਚ ਮੰਗ ਕੀਤੀ ਕਿ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਸਵੈ ਰੁਜ਼ਗਾਰ ਦੀਆਂ ਸਕੀਮਾਂ ਵੱਡੇ ਪੱਧਰ ਤੇ ਚਲਾਈਆਂ ਜਾਣ ਤਾਂ ਜੋ ਨਸ਼ਿਆਂ 'ਚ ਫਸੇ ਨੌਜਵਾਨ ਠੀਕ ਹੋਣ ਉਪਰੰਤ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। 
ਇੱਕ ਹੋਰ ਮਤੇ 'ਚ ਮੰਗ ਕੀਤੀ ਕਿ ਪੋਸਟ ਮੈਟਰਿਕ ਸਕੀਮ ਨੂੰ ਮੁੜ ਚਾਲੂ ਕੀਤਾ ਜਾਵੇ ਅਤੇ ਢਾਈ ਲੱਖ ਰੁਪਏ ਤੋਂ ਘੱਟ ਦੀ ਆਮਦਨ ਵਾਲੇ ਸਾਰੇ ਲੋਕਾਂ ਨੂੰ ਇਸ ਸਕੀਮ ਤਹਿਤ ਲਿਆਂਦਾ ਜਾਵੇ। ਬਸ ਪਾਸਾਂ ਸਬੰਧੀ ਪਾਸ ਕੀਤੇ ਮਤੇ 'ਚ ਮੰਗ ਕੀਤੀ ਗਈ ਕਿ ਹਰ ਵਿਦਿਅਕ ਅਦਾਰੇ ਅੱਗੇ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ ਅਤੇ ਸਰਕਾਰੀ, ਪ੍ਰਾਈਵੇਟ ਬੱਸਾਂ 'ਚ ਬੱਸ ਪਾਸ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਵਿਦਿਆ ਦਾ ਨਿੱਜੀਕਰਨ, ਵਪਾਰੀਕਰਨ ਬੰਦ ਕੀਤਾ ਜਾਵੇ ਅਤੇ ਵਿਦਿਅਕ ਸੰਸਥਾਵਾਂ ਦੇ ਦੋ ਕਿਲੋਮੀਟਰ ਦੇ ਘੇਰੇ 'ਚ ਨਸ਼ਿਆਂ ਦੀਆਂ ਦੁਕਾਨਾਂ ਬੰਦ ਕੀਤੀਆ ਜਾਣ। ਇੱਕ ਹੋਰ ਮਤੇ 'ਚ ਮੰਗ ਕੀਤੀ ਗਈ ਕਿ ਅਜਨਾਲਾ ਖੂਹ ਦੇ ਸ਼ਹੀਦਾਂ ਨੂੰ ਸ਼ਹੀਦਾਂ ਵਜੋਂ ਮਾਨਤਾ ਦਿੱਤੀ ਜਾਵੇ। ਅੰਤ 'ਚ ਨਸ਼ਿਆਂ ਦੇ ਵਿਰੋਧ 'ਚ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਮਾਰਚ ਵੀ ਕੀਤਾ ਗਿਆ।  


ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਮੁਜ਼ਾਹਰੇ
ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਦਲਿਤ ਵਿਦਿਆਰਥੀਆਂ ਕੋਲੋਂ ਫੀਸਾਂ ਉਗਰਾਹੁਣ ਦੇ ਨਵੇਂ ਫੈਸਲੇ ਖਿਲਾਫ  ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਫਿਲੌਰ ਸ਼ਹਿਰ ਅਤੇ ਪ੍ਰਤਾਪਪੁਰਾ ਵਿਖੇ ਮਾਰਚ ਕਰਨ ਉਪਰੰਤ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ, ਸਕੀਮ ਜੋ ਵਿਦਿਆਰਥੀ ਜਥੇਬੰਦੀਆਂ ਵਲੋਂ ਲੜੇ ਸੰਘਰਸ਼ਾਂ ਤੋਂ ਬਾਅਦ ਪ੍ਰਾਪਤ ਕੀਤੀ ਗਈ ਸੀ, ਨੂੰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਆਪਣੀ ਸੌੜੀ ਸੋਚ ਅਧੀਨ ਬੰਦ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਕਾਲਜਾਂ ਵਲੋਂ ਪਾਈ ਗਈ ਰਿੱਟ ਤੇ ਹੋਏ ਇਕਪਾਸੜ ਫੈਸਲੇ ਕਾਰਨ ਲੱਖਾਂ ਹੀ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਚਲਾ ਗਿਆ ਹੈ ਕਿਉਂਕਿ ਪ੍ਰਾਈਵੇਟ ਕਾਲਜਾਂ ਦੀਆਂ ਭਾਰੀਆਂ ਫੀਸਾਂ ਦਾ ਭੁਗਤਾਨ ਕਰਨਾ ਗਰੀਬ ਅਤੇ ਮੱਧ ਵਰਗ ਦੇ ਬੱਚਿਆਂ ਦੀ ਪਹੁੰਚ ਤੋਂ ਕਿਤੇ ਦੂਰ ਹੈ।  ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫੀਸਾਂ ਉਗਰਾਹੁਣ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਪ੍ਰਾਈਵੇਟ ਕਾਲਜਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।


ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਨਸ਼ਿਆਂ ਖ਼ਿਲਾਫ਼ ਕਨਵੈਨਸ਼ਨ 
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਤੇ ਨਸ਼ਿਆਂ ਖਿਲਾਫ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤੇ ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸਾਂਝੇ ਉਪਰਾਲੇ ਸਦਕਾ ਸਥਾਨਕ ਰਾਮ ਸਿੰਘ ਦੱਤ ਯਾਦਗਾਰੀ ਹਾਲ ਗੁਰਦਾਸਪੁਰ ਵਿਖੇ 15 ਜੁਲਾਈ ਨੂੰ ਇਕ ਕਨਵੈਨਸ਼ਨ ਕਰਵਾਈ ਗਈ। ਇਸ ਮੌਕੇ ਨੌਜਵਾਨਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਮੰਗ ਉਤੇ ਜ਼ੋਰ ਦਿੱਤਾ ਗਿਆ। 
ਕਨਵੈਨਸ਼ਨ ਦੀ ਪ੍ਰਧਾਨਗੀ ਸਭਾ ਦੇ ਆਗੂਆਂ ਨੀਲਮ ਘੁਮਾਣ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਨਰੈਣ ਦਾਸ ਬਲੌਰੀਆ, ਸੰਤੋਖ ਸਿੰਘ, ਰਵੀ ਕੁਮਾਰ ਕਟਾਰੂਚੱਕ, ਨਿਰਮਲ ਸਿੰਘ ਬਿੱਟੂ, ਖੁਸ਼ਦੀਪ ਸਿੰਘ ਅਤੇ ਰਣਜੀਤ ਸਿੰਘ ਮਾੜੀ ਬੁੱਚੀਆਂ ਨੇ ਕੀਤੀ। ਸਭਾ ਦੇ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਅਤੇ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੌਜਵਾਨਾਂ ਦਾ ਧਿਆਨ ਰੁਜਗਾਰ ਤੋਂ ਲਾਂਭੇ ਕਰਨ ਲਈ ਇਕ ਗਿਣੀ-ਮਿਥੀ ਸਾਜਿਸ਼ ਤਹਿਤ ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆਅ ਵਗਾ ਰਹੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਨਸ਼ਿਆਂ ਪ੍ਰਤੀ ਨੌਜਵਾਨ ਵਰਗ ਦਾ ਰੁਝਾਨ ਸਾਰੇ ਪੰਜਾਬ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਸ਼ੇੜੀ ਹੋ ਚੁੱਕੇ ਨੌਜਵਾਨਾਂ ਦੇ ਵਸੇਬੇ ਲਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਹੈ ਤਦ ਤੱਕ ਨੌਜਵਾਨ ਪੀੜੀ ਨਸ਼ਾ ਨਹੀਂ ਛੱਡ ਸਕਦੀ। 
ਕਨਵੈਨਸ਼ਨ ਦੌਰਾਨ  ਸਭਾ ਦੇ ਆਗੂਆਂ ਗੁਰਦਿਆਲ ਸਿੰਘ ਘੁਮਾਣ ਅਤੇ ਸ਼ਿੰਦਰਪਾਲ ਸ਼ਰਮਾ ਨੇ ਮੰਗ ਕੀਤੀ ਕਿ ਨਸ਼ਈ ਨੌਜਵਾਨਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿਖੇ ਬਿਲਕੁਲ ਮੁਫ਼ਤ ਇਲਾਜ਼ ਕਰਨ ਤੋਂ ਇਲਾਵਾ ਨਸ਼ੇ ਦੇ ਵੱਡੇ ਵਪਾਰੀਆਂ ਅਤੇ ਤਸਕਰਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਇਸ ਤੋਂ ਇਲਾਵਾ ਨੌਜਵਾਨਾਂ ਦੇ ਪੱਕੇ ਰੁਜ਼ਗਾਰ ਦੀ ਗਾਰੰਟੀ ਕੀਤੀ ਜਾਵੇ। ਕਨਵੈਨਸ਼ਨ ਉਪਰੰਤ ਸ਼ਹਿਰ ਅੰਦਰ ਨਸ਼ਿਆਂ ਖਿਲਾਫ ਹੱਥਾਂ ਵਿਚ ਬੈਨਰ ਫੜ ਕੇ ਨਾਅਰੇ ਲਾਉਂਦਿਆਂ ਮਾਰਚ ਕੀਤਾ ਗਿਆ। ਇਸ ਮੌਕੇ ਜਸਬੀਰ ਕੌਰ, ਲਖਵਿੰਦਰ ਧੰਦੋਈ, ਲਖਬੀਰ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ ਮੰਡ ਆਦਿ ਹਾਜ਼ਰ ਸਨ। 

ਮੰਡ-ਬੇਟ ਏਰੀਆ ਸੰਘਰਸ਼ ਕਮੇਟੀ ਵਲੋਂ ਕਨਵੈਨਸ਼ਨ 
ਮੰਡ-ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਵਲੋਂ 25 ਜੁਲਾਈ ਨੂੰ ਗੋਇੰਦਵਾਲ ਸਾਹਿਬ ਬੱਸ ਸਟੈਂਡ ਵਿਖੇ, ਮੰਡ ਏਰੀਏ ਦੀਆਂ ਸਮੱਅਿਾਵਾਂ ਨੂੰ ਲੈ ਕੇ ਭਰਵੀਂ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਨੰਬਰਦਾਰ ਅਜੀਤ ਸਿੰਘ, ਦਾਰਾ ਸਿੰਘ ਮੁੰਡਾ ਪਿੰਡ, ਮੁਖਤਾਰ ਸਿੰਘ ਜਲਾਲਾਬਾਦ, ਰੂਪ ਸਿੰਘ ਧੂੰਦਾ, ਜੋਗਿੰਦਰ ਸਿੰਘ ਬੋਤਲਕੀੜੀ, ਬਾਬਾ ਅਵਤਾਰ ਸਿੰਘ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। 
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਸੰਘੇੜਾ ਨੇ ਕਿਹਾ ਕਿ ਮੰਡ ਏਰੀਏ ਦੇ ਕਿਸਾਨਾਂ ਨੇ ਘਾਹ ਸਰਕੰਡੇ ਦੇ ਜੰਗਲ ਸਾਫ ਕਰਕੇ, ਸੇਮ ਅਤੇ ਦਲਦਲ ਮਾਰੀਆਂ ਜ਼ਮੀਨਾਂ ਨੂੰ ਖੂਨ ਪਸੀਨੇ ਵਹਾਕੇ ਖੇਤੀਯੋਗ ਬਣਾਇਆ। ਆਪਣੇ ਬੱਚੇ ਅਨਪੜ ਰੱਖਕੇ ਦੇਸ਼ ਦੇ ਅੰਨ ਉਤਪਾਦਨ ਵਿਚ ਵੱਡਾ ਯੋਗਦਾਨ ਪਾਇਆ। ਪ੍ਰੰਤੂ ਸਰਕਾਰ ਨੇ ਜ਼ਮੀਨਾਂ ਆਬਾਦ ਕਰਨ ਵਾਲੇ ਕਿਸਾਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ। ਸਰਕਾਰ ਆਨਿਆਂ-ਬਹਾਨਿਆਂ ਨਾਲ ਉਪਜਾਊ ਜ਼ਮੀਨਾਂ ਤੋਂ ਉਜਾੜਨ ਦੇ ਰਾਹ ਪਈ ਹੈ। ਭੂ ਮਾਫੀਆ, ਰੇਤ-ਮਾਫੀਆ ਜ਼ਮੀਨਾਂ ਹਥਿਆਉਣ ਲਈ ਤਰਲੋਮੱਛੀ ਹੋ ਰਿਹਾ ਹੈ। 
ਅਬਾਦਕਾਰ ਸੰਘਰਸ਼ ਕਮੇਟੀ ਦੇ ਸੂਬਾਈ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਵੀ ਕੰਨਵੈਨਸ਼ਨ ਨੂੰ ਸੰਬੋਧਨ ਕੀਤਾ। 
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਮੁਖਤਾਰ ਸਿੰਘ ਮੱਲ੍ਹਾ ਅਤੇ ਡਾ. ਸਤਿਨਾਮ ਸਿੰਘ ਦੇਓ ਵਲੋਂ ਪੇਸ਼ ਕੀਤੇ ਮਤਿਆਂ ਰਾਹੀਂ ਮੰਡ-ਬੇਟ ਆਬਾਦਕਾਰਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਣ ਸਿੰਘ ਗੋਇੰਦਵਾਲ ਸਾਹਿਬ, ਬਾਬਾ ਫਤਿਹ ਸਿੰਘ ਤੁੜ, ਨੌਜਵਾਨ ਆਗੂ ਗੁਰਜਿੰਦਰ ਸਿੰਘ ਰੰਧਾਵਾ, ਸੁਲੱਖਣ ਸਿੰਘ ਤੁੜ, ਸੁਮਨਜੀਤ ਸਿੰਘ, ਸਾਧੂ ਸਿੰਘ ਗੋਇੰਦਵਾਲ ਸਾਹਿਬ, ਅਜੀਤ ਸਿੰਘ, ਬਖਸ਼ੀਸ਼ ਖਿਜਰਪੁਰ ਨੇ ਵੀ ਸੰਬੋਧਨ ਕੀਤਾ। 

ਕੰਢੀ ਸੰਘਰਸ਼ ਕਮੇਟੀਆਂ ਨੇ ਬਣਾਇਆ ਸਾਂਝਾ ਮੋਰਚਾ 
ਕੰਢੀ ਇਲਾਕੇ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਦੇ ਖਿਲਾਫ 25 ਜੁਲਾਈ ਨੂੰ ਡਾ. ਭਾਗ ਸਿੰਘ ਹਾਲ ਗੜ੍ਹਸ਼ੰਕਰ ਵਿਖੇ ਕੰਢੀ ਸੰਘਰਸ਼ ਕਮੇਟੀ ਪੰਜਾਬ ਅਤੇ ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ ਦੀ ਸਾਂਝੀ ਮੀਟਿੰਗ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਕਾਮਰੇਡ ਮੋਹਣ ਸਿੰਘ ਧਮਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ।  ਜਿਸ ਵਿਚ ਕੰਢੀ ਖੇਤਰ ਵਿਚ ਆਉਂਦੇ ਪੰਜ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ ਅਤੇ ਮੋਹਾਲੀ ਦੇ 70 ਦੇ ਕਰੀਬ ਸਰਗਰਮ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ। 
  ਇਸ ਸਾਂਝੀ ਮੀਟਿੰਗ ਵਿਚ ਇਲਾਕੇ ਦੀਆਂ ਭੱਖਦੀਆਂ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਮੰਗ ਪੱਤਰ ਤਿਆਰ ਕੀਤਾ ਗਿਆ, ਜਿਸ 'ਤੇ 20 ਸਾਥੀਆਂ ਨੇ ਬਹਿਸ ਵਿਚ ਹਿੱਸਾ ਲਿਆ। ਸਰਵਸੰਮਤੀ ਨਾਲ ਤਿਆਰ ਕੀਤੇ ਗਏ ਮੰਗ ਪੱਤਰ 'ਤੇ ਸੰਘਰਸ਼ ਲਾਮਬੰਦ ਕਰਨ ਲਈ ਅਤੇ ਕੰਢੀ ਦੇ ਲੋਕਾਂ ਨੂੰ ਚੇਤਨ ਕਰਨ ਲਈ 25 ਜੁਲਾਈ ਤੋਂ 7 ਅਗਸਤ ਤੱਕ ਪਿੰਡ ਪਿੰਡ ਵਿਚ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਉਪਰੰਤ 11 ਅਗਸਤ ਨੂੰ ਬਲਾਚੌਰ, 18 ਅਗਸਤ ਨੂੰ ਢੋਲਵਾਹਾ, 19 ਅਗਸਤ ਨੂੰ ਨੂਰਪੁਰ ਬੇਦੀ, 20 ਅਗਸਤ ਨੂੰ ਤਲਵਾੜਾ, 25 ਅਗਸਤ ਨੂੰ ਫਤਿਹਪੁਰ ਭੰਗਾਲਾ ਅਤੇ 31 ਅਗਸਤ ਨੂੰ ਪਠਾਨਕੋਟ ਵਿਖੇ ਇਲਾਕਾਈ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਦੋਹਾਂ ਸੰਘਰਸ਼ ਕਮੇਟੀਆਂ ਦੀ ਅਗਲੀ ਮੀਟਿੰਗ ਕਰਕੇ ਸਬ-ਡਵੀਜ਼ਨਾਂ 'ਤੇ ਧਰਨੇ ਅਤੇ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਜਾਵੇਗਾ। ਸਾਂਝੀ ਕਮੇਟੀ ਦੇ ਸਾਥੀ ਦਰਸ਼ਨ ਸਿੰਘ ਮੱਟੂ ਤੇ ਸਾਥੀ ਮੋਹਣ ਸਿੰਘ ਧਮਾਣਾ ਕੋ-ਕਨਵੀਨਰ ਬਣਾਏ ਗਏ ਅਤੇ 15 ਮੈਂਬਰੀ ਕਮੇਟੀ ਬਣਾਈ ਗਈ।     
ਰਿਪੋਰਟ : ਮੋਹਨ ਸਿੰਘ ਧਮਾਣਾ



ਦਿਹਾਤੀ ਮਜ਼ਦੂਰ ਸਭਾ ਵਲੋਂ ਪਲਾਟਾਂ ਦੀ ਪ੍ਰਾਪਤੀ ਲਈ ਚਲਾਏ ਗਏ ਸੰਘਰਸ਼ ਦੀ ਜਿੱਤ
ਦਿਹਾਤੀ ਮਜ਼ਦੂਰ ਸਭਾ ਵੱਲੋਂ ਫਿਲੌਰ ਤਹਿਸੀਲ ਦੇ ਪਿੰਡ ਪੁਆਦੜਾ 'ਚ 1974 'ਚ ਮਜ਼ਦੂਰਾਂ ਲਈ ਅਲਾਟ ਕੀਤੇ ਪਲਾਟਾਂ ਦੀ ਪ੍ਰਾਪਤੀ ਲਈ ਬੀ ਡੀ ਪੀ ਓ ਦਫਤਰ ਨੂਰਮਹਿਲ ਅੱਗੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੱਕ ਦਿੱਤਾ ਗਿਆ ਧਰਨਾ ਸ਼ਾਨਦਾਰ ਜਿੱਤ ਨਾਲ ਸਮਾਪਤ ਹੋ ਗਿਆ। ਬੀ ਡੀ ਪੀ ਓ ਨੂਰਮਹਿਲ ਵਿਖੇ ਧਰਨੇ ਦੇ 35ਵੇਂ ਦਿਨ 9 ਜੁਲਾਈ ਨੂੰ ਹਜ਼ਾਰਾਂ ਮਜ਼ਦੂਰ ਮਰਦ ਅਤੇ ਔਰਤਾਂ ਨੇ ਇਕੱਠੇ ਹੋ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਪਿੰਡਾਂ 'ਚੋਂ ਆਏ ਧਰਨਾਕਾਰੀ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਆਰ-ਪਾਰ ਦੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਸਨ। ਜਿਸ ਸਮੇਂ ਆਗੂਆਂ ਨੇ ਸਟੇਜ ਤੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਘੰਟੇ ਵਿੱਚ ਨਿਸ਼ਾਨਦੇਹੀ ਬਾਰੇ ਫੈਸਲਾ ਨਾ ਲਿਆ ਤਾਂ ਧਰਨਾਕਾਰੀ ਤਿੱਖਾ ਐਕਸ਼ਨ ਕਰਨ ਲਈ ਮੰਜ਼ਲ ਵੱਲ ਵਧਣਗੇ ਤਾਂ ਮਜ਼ਦੂਰਾਂ ਦੇ ਰੋਹ ਨੂੰ ਦੇਖਦੇ ਹੋਏ ਬੀ ਡੀ ਪੀ ਓ ਨੇ ਸਟੇਜ ਤੋਂ ਤੁਰੰਤ ਹੀ ਨਿਸ਼ਾਨਦੇਹੀ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੇ ਉੱਤਰ 'ਚ ਆਗੂਆਂ ਨੇ ਐਲਾਨ ਕੀਤਾ ਕਿ ਤੁਰੰਤ ਨਿਸ਼ਾਨਦੇਹੀ ਕਰਕੇ ਨਜਾਇਜ਼ ਕਬਜ਼ਾਧਾਰੀ ਖਿਲਾਫ ਤੁਰੰਤ ਕਾਰਵਾਈ ਕਰਕੇ ਉਸ ਦੀਆਂ ਕਾਪੀਆਂ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਅਤੇ ਮਜ਼ਦੂਰਾਂ ਨੂੰ ਪਹਿਲਾਂ ਅਲਾਟ ਕੀਤੇ ਪਲਾਟਾਂ ਦਾ ਕਬਜ਼ਾ ਦਿਵਾਇਆ ਜਾਵੇ। ਸਰਕਾਰ ਦੀ ਨਵੀਂ ਸਕੀਮ ਤਹਿਤ ਬੇਜ਼ਮੀਨੇ ਮਜ਼ਦੂਰਾਂ ਨੂੰ ਪਲਾਟ ਦੇਣ ਲਈ ਪੰਚਾਇਤ ਤੋਂ ਮਤਾ ਪੁਆਇਆ ਜਾਵੇ। ਮੌਕੇ 'ਤੇ ਪੰਚਾਇਤ ਵਿਭਾਗ ਅਤੇ ਮਾਲ ਵਿਭਾਗ ਭਾਰੀ ਪੁਲਸ ਫੋਰਸ ਨੂੰ ਨਾਲ ਲੈ ਕੇ ਉਕਤ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਵਾਸਤੇ ਪੁਆਦੜਾ ਵਿਖੇ ਗਏ ਅਤੇ ਮਜ਼ਦੂਰਾਂ ਦੀ ਹਾਜ਼ਰੀ ਵਿੱਚ ਅਲਾਟ ਕੀਤੇ ਪਲਾਟਾਂ ਵਾਲੀ ਜਗ੍ਹਾ ਦੀ ਤਿੰਨ ਪਾਸਿਓਂ ਨਿਸ਼ਾਨਦੇਹੀ ਕੀਤੀ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨਿਸ਼ਾਨਦੇਹੀ ਕਰਨ ਗਏ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਦੇ ਚਿਹਰਿਆਂ 'ਤੇ ਹਾਕਮ ਧਿਰ ਦਾ ਦਬਾਅ ਸਾਫ ਝਲਕ ਰਿਹਾ ਸੀ। ਅੰਤ ਵਿੱਚ ਕਬਜ਼ਾਧਾਰੀ 'ਤੇ ਕਾਨੂੰਨੀ ਕਾਰਵਾਈ ਕਰਨ 'ਤੇ ਕੀਤੀ ਨਿਸ਼ਾਨਦੇਹੀ ਦੀਆਂ ਚਿੱਠੀਆਂ ਮਿਲਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਤੇ ਚੇਤਾਵਨੀ ਦਿੱਤੀ ਗਈ ਕਿ ਦਿੱਤੇ ਗਏ ਲਿਖਤੀ ਭਰੋਸਿਆਂ 'ਤੇ ਜੇ ਅਮਲ ਨਾ ਕੀਤਾ ਗਿਆ ਤਾਂ ਨੇੜ ਭਵਿੱਖ ਵਿੱਚ ਸੰਘਰਸ਼ ਦੁਬਾਰਾ ਸ਼ੁਰੂ ਕੀਤਾ ਜਾਵੇਗਾ। 
ਇਸ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਨਾਮ ਸਿੰਘ ਸੰਘੇੜਾ, ਮਨੋਹਰ ਸਿੰਘ ਗਿੱਲ, ਸੰਤੋਖ ਸਿੰਘ ਬਿਲਗਾ, ਮੇਲਾ ਸਿੰਘ ਰੁੜਕਾ, ਜਰਨੈਲ ਫਿਲੌਰ, ਮੇਜਰ ਫਿਲੌਰ, ਪਰਮਜੀਤ ਸਿੰਘ ਰੰਧਾਵਾ, ਹੰਸ ਰਾਜ ਪੱਬਵਾਂ, ਹਰਮੇਸ਼ ਮਾਲੜੀ, ਪ ਸ ਸ ਫ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੰਧੂ, ਮਾਸਟਰ ਸੁਲਿੰਦਰ ਸਿੰਘ ਜੌਹਲ, ਜਸਵਿੰਦਰ ਸਿੰਘ ਢੇਸੀ, ਨਿਰਮਲ ਮਲਸੀਆ, ਕਾਮਰੇਡ ਦੇਵ ਫਿਲੌਰ, ਲੋਕ ਰੱਖਿਆ ਕਮੇਟੀ ਨੂਰਮਹਿਲ ਦੇ ਆਗੂ ਪੱਤਰਕਾਰ ਬਾਲਕ੍ਰਿਸ਼ਨ ਬਾਲੀ ਤੇ ਅਜੈ ਫਿਲੌਰ ਨੇ ਸੰਬੋਧਨ ਕੀਤਾ। ਧਰਨੇ ਵਿੱਚ ਬਲਬੀਰ ਬੀਰੀ, ਦਰਸ਼ਨ ਬੁੰਡਾਲਾ, ਸੋਢੀ ਔਜਲਾ, ਬਨਾਰਸੀ ਘੁੜਕਾ, ਕਪਿਲ ਹੀਰ, ਬਲਦੇਵ ਮੱਟੂ, ਭਾਗ ਰਾਮ, ਜਨਕ ਰਾਜ, ਮੱਖਣ ਰਾਮ, ਪ ਸ ਸ ਫ ਦੇ ਆਗੂ ਕਰਨੈਲ ਫਿਲੌਰ, ਕੁਲਦੀਪ ਵਾਲੀਆ, ਕੁਲਦੀਪ ਕੌੜਾ ਤੇ ਅਕਲ ਚੰਦ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ।

ਕਾਲੇ ਕਾਨੂੰਨ ਵਿਰੁੱਧ ਮਜ਼ਬੂਤ ਹੋਈਆਂ ਸਾਂਝੇ ਸੰਘਰਸ਼ ਦੀਆਂ ਸੰਭਾਵਨਾਵਾਂ

ਸੰਪਾਦਕੀ ਟਿੱਪਣੀ
ਬਾਦਲ ਸਰਕਾਰ ਵਲੋਂ ''ਸਰਕਾਰੀ ਤੇ ਨਿੱਜੀ ਜਾਇਦਾਦ ਭੰਨ-ਤੋੜ ਵਿਰੋਧੀ ਐਕਟ 2014'' ਦੇ ਨਾਂਅ ਹੇਠ, 22 ਜੁਲਾਈ ਨੂੰ ਵਿਧਾਨ ਸਭਾ ਵਿਚ ਬਿਨਾਂ ਬਹਿਸ ਦੇ ਪਾਸ ਕਰਵਾਏ ਗਏ ਲੋਕ-ਰਾਜ ਵਿਰੋਧੀ ਕਾਲੇ ਕਾਨੂੰਨ ਦੇ ਖਿਲਾਫ ਪ੍ਰਾਂਤ ਅੰਦਰ ਜਨਤਕ ਪ੍ਰਤੀਰੋਧ ਦਿਨੋਂ ਦਿਨ ਪ੍ਰਚੰਡ ਹੁੰਦਾ ਜਾ ਰਿਹਾ ਹੈ। ਆਜ਼ਾਦੀ ਸੰਗਰਾਮ ਸਮੇਂ, ਅੰਗਰੇਜ਼ ਹਾਕਮਾਂ ਵਲੋਂ ਭਾਰਤੀ ਲੋਕਾਂ ਨੂੰ ਦਬਾਅ ਕੇ ਰੱਖਣ ਲਈ ਬਣਾਏ ਗਏ ਕਾਲੇ ਕਾਨੂੰਨਾਂ ਦੀ ਤਰਜ਼ 'ਤੇ, ਇਹਨਾਂ ਅਜੋਕੇ 'ਤਾਨਾਸ਼ਾਹਾਂ' ਨੇ ਵੀ ਇਹ ਕਾਨੂੰਨ ਸੰਘਰਸ਼ਸ਼ੀਲ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਲਈ ਬਣਾਇਆ ਹੈ, ਜਿਸ ਨੂੰ ਕਦਾਚਿਤ ਸਹਿਨ ਨਹੀਂ ਕੀਤਾ ਜਾ ਸਕਦਾ। ਇਹੋ ਕਾਰਨ ਹੈ ਕਿ ਸਾਰੀਆਂ ਲੋਕ-ਪੱਖੀ ਸਿਆਸੀ ਧਿਰਾਂ, ਜਮਹੂਰੀ ਸ਼ਕਤੀਆਂ ਅਤੇ ਇਨਸਾਫਪਸੰਦ ਵਿਅਕਤੀਆਂ ਵਲੋਂ ਇਸ ਕਾਲੇ ਕਾਨੂੰਨ ਦੀ ਵਿਆਪਕ ਰੂਪ ਵਿਚ ਨਿਖੇਧੀ ਕੀਤੀ ਜਾ ਰਹੀ ਹੈ। 
ਦੁੱਖ ਦੀ ਗੱਲ ਇਹ ਹੈ ਕਿ ਇਕ ਪਾਸੇ ਇਸ ਸਰਕਾਰ ਨੇ ਪ੍ਰਾਂਤ ਵਾਸੀਆਂ ਨੂੰ ਲੁਟੇਰੇ ਤੇ ਬੇਰਹਿਮ ਮਾਫੀਆ ਗਰੋਹਾਂ ਦੇ ਰਹਿਮੋਕਰਮ 'ਤੇ ਛੱਡ ਦਿੱਤਾ ਹੈ ਜਿਹੜੇ ਕਿ ਮਾਰੂ ਨਸ਼ਿਆਂ ਦੀ ਤਸਕਰੀ ਅਤੇ ਰੇਤ ਤੇ ਬੱਜਰੀ ਵਰਗੀਆਂ ਵਸਤਾਂ ਦੀ ਕਾਲਾਬਜਾਰੀ ਰਾਹੀਂ ਅਰਬਾਂ ਰੁਪਏ ਕਮਾ ਰਹੇ ਹਨ। ਜਦੋਂਕਿ ਮਹਿੰਗਾਈ ਨੂੰ ਨੱਥ ਪਾਉਣ ਵਿਚ ਸਰਕਾਰ ਦੀ ਘੋਰ ਅਸਫਲਤਾ ਕਾਰਨ ਆਮ ਲੋਕੀਂ ਬੁਰੀ ਤਰ੍ਹਾਂ ਹਾਲੋਂ ਬੇਹਾਲ ਹੋਏ ਪਏ ਹਨ। ਰੁਜ਼ਗਾਰ ਮੰਗਦੇ ਨੌਜਵਾਨ ਲੜਕੇ ਅਤੇ ਲੜਕੀਆਂ ਉਪਰ ਨਿੱਤ ਦਿਹਾੜੇ ਪੁਲਸ ਦੀਆਂ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ। ਸਰਕਾਰ ਦੀਆਂ ਸਰਮਾਏਦਾਰ ਪੱਖੀ ਨੀਤੀਆਂ ਕਾਰਨ ਮਿਆਰੀ ਤੇ ਉਚੇਰੀ ਸਿੱਖਿਆ, ਸਿਹਤ ਸਹੂਲਤਾਂ, ਬਿਜਲੀ, ਪਾਣੀ ਤੇ ਬਸ ਦੇ ਸਫਰ ਤੱਕ ਲਈ ਲੋਕਾਂ ਦੀਆਂ ਜੇਬਾਂ ਉਪਰ ਆਏ ਦਿਨ ਡਾਕੇ ਮਾਰੇ ਜਾ ਰਹੇ ਹਨ। ਇਸ ਸਰਕਾਰ ਨੇ ਨਾ ਸੰਕਟਗ੍ਰਸਤ ਕਿਸਾਨੀ ਦੀ ਬਾਂਹ ਫੜੀ ਹੈ ਅਤੇ ਨਾ ਹੀ ਗੰਭੀਰ ਤੰਗੀਆਂ ਦੇ ਸ਼ਿਕਾਰ ਬਣੇ ਹੋਏ ਪੇਂਡੂ ਤੇ ਸ਼ਹਿਰੀ ਮਜ਼ਦੂਰਾਂ ਨਾਲ ਵੋਟਾਂ ਬਟੋਰਨ ਸਮੇਂ ਕੀਤੇ ਗਏ ਵਾਅਦੇ ਹੀ ਪੂਰੇ ਕੀਤੇ ਗਏ ਹਨ। 
ਇਹਨਾਂ ਹਾਲਤਾਂ ਵਿਚ ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਮੁਸੀਬਤਾਂ ਮਾਰੇ ਲੋਕਾਂ ਪਾਸੋਂ ਪੁਰਅਮਨ ਢੰਗ ਨਾਲ ਆਪਣੀਆਂ ਹੱਕੀ ਮੰਗਾਂ ਉਭਾਰਨ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। ਇਸ ਨਵੇਂ ਕਾਲੇ ਕਾਨੂੰਨ ਰਾਹੀਂ ਤਾਂ ਕਿਸੇ ਧਰਨੇ ਮੁਜ਼ਾਹਰੇ ਕਾਰਨ ਟਰੈਫਿਕ ਜਾਮ ਹੋ ਜਾਣ ਨਾਲ ਵੀ ਧਰਨਾਕਾਰੀਆਂ ਤੇ ਉਹਨਾਂ ਦੇ ਆਗੂਆਂ ਨੂੰ ਇਕ ਇਕ ਸਾਲ ਦੀ ਸਜ਼ਾ ਤੇ ਇਕ ਲੱਖ ਰੁਪਏ ਤੱਕ ਜ਼ੁਰਮਾਨੇ ਦੀ ਵਿਵਸਥਾ ਕਰ ਦਿੱਤੀ ਗਈ ਹੈ। ਇਹ ਸਿੱਧੇ ਤੌਰ 'ਤੇ ਭਾਰਤੀ ਸੰਵਿਧਾਨ ਵਿਚਲੀ ਧਾਰਾ 19 ਅਧੀਨ ਦਰਜ ਮੁਢਲੇ ਸ਼ਹਿਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। 
ਇਹੋ ਕਾਰਨ ਹੈ ਕਿ ਇਸ ਕਾਲੇ ਕਾਨੂੰਨ ਵਿਰੁੱਧ ਲੋਕਾਂ, ਵਿਸ਼ੇਸ਼ ਤੌਰ 'ਤੇ ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਮਿਹਨਤਕਸ਼ ਲੋਕਾਂ ਦੇ ਹੋਰ ਜਥੇਬੰਦ ਭਾਗਾਂ ਅੰਦਰ ਤੁਰੰਤ ਹੀ ਰੋਹ ਦੀ ਜਵਾਲਾ ਭੜਕ ਉਠੀ ਹੈ ਤੇ ਕਾਲੇ ਕਾਨੂੰਨ ਦੇ ਜ਼ੋਰਦਾਰ ਵਿਰੋਧ ਦਾ ਪ੍ਰਗਟਾਵਾ ਕਰਦੇ ਜਨਤਕ ਐਕਸ਼ਨ ਹੋਣੇ ਵੀ ਸ਼ੁਰੂ ਹੋ ਗਏ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਪ੍ਰਾਂਤ ਅੰਦਰ ਕੰਮ ਕਰਦੀਆਂ 4 ਖੱਬੀਆਂ ਪਾਰਟੀਆਂ - ਸੀ.ਪੀ.ਆਈ, ਸੀ.ਪੀ.ਆਈ.(ਐਮ), ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਅਤੇ ਸੀ.ਪੀ.ਐਮ.ਪੰਜਾਬ ਦੇ ਆਗੂਆਂ ਨੇ ਤੁਰੰਤ ਹੀ, 25 ਜੁਲਾਈ ਨੂੰ ਚੰਡੀਗੜ੍ਹ ਵਿਖੇ ਇਕ ਮੀਟਿੰਗ ਕਰਕੇ ਇਸ ਲੋਕਮਾਰੂ ਕਾਨੂੰਨ ਨੂੰ ਭਾਂਜ ਦੇਣ ਲਈ ਸਾਂਝਾ ਸੰਘਰਸ਼ ਵਿੱਢ ਦਿੱਤਾ ਹੈ। ਉਹਨਾਂ ਵਲੋਂ ਇਸ ਕਾਨੂੰਨ ਦੀ ਨੋਟੀਫਿਕੇਸ਼ਨ ਨੂੰ ਰੁਕਵਾਉਣ ਵਾਸਤੇ 30 ਜੁਲਾਈ ਨੂੰ ਪ੍ਰਾਂਤ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਉਪਰੰਤ 4 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਵਿਸ਼ਾਲ ਸੂਬਾਈ ਕਨਵੈਨਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਇਸ ਸਾਂਝੇ ਸਿਆਸੀ ਸੰਘਰਸ਼ ਦੀ ਅਗਲੀ ਰੂਪ ਰੇਖਾ ਐਲਾਨੀ ਜਾਵੇਗੀ। 
ਇਸ ਦੇ ਨਾਲ ਹੀ ਪ੍ਰਾਂਤ ਦੀਆਂ 17 ਸੰਘਰਸ਼ਸ਼ੀਲ ਮਜ਼ਦੂਰ-ਕਿਸਾਨ ਜਥਬੰਦੀਆਂ ਦੇ ਸਾਂਝੇ ਮੋਰਚੇ ਦੀ ਪਹਿਲ ਕਦਮੀ ਤੇ ਅੱਜ ਜਲੰਧਰ ਵਿਖੇ ਜਮਹੂਰੀ ਅਧਿਕਾਰ ਸਭਾ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਤੇ ਹੋਰ ਮਿਹਨਤਕਸ਼ਾਂ ਦੀਆਂ ਤਿੰਨ ਦਰਜਨ ਤੋਂ ਵੱਧ ਜਥੇਬੰਦੀਆਂ ਦੇ ਲਗਭਗ 80 ਪ੍ਰਤੀਨਿੱਧਾਂ ਦੀ ਇਕ ਬਹੁਤ ਹੀ ਪ੍ਰਭਾਵਸ਼ਾਲੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਈ ਹੈ, ਜਿਸ ਨੇ ਕਾਲੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਬਣਾਕੇ ਇਸ ਕਾਨੂੰਨ ਨੂੰ ਭਾਂਜ ਦੇਣ ਵਾਸਤੇ ਜ਼ੋਰਦਾਰ 'ਤੇ ਬੱਝਵੇਂ ਜਨਤਕ ਘੋਲ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਅਨੁਸਾਰ 3 ਅਗਸਤ ਨੂੰ ਜ਼ਿਲ੍ਹਿਆਂ ਵਿਚ ਸਾਂਝੀਆਂ ਮੀਟਿੰਗਾਂ ਕਰਕੇ 5 ਤੋਂ 10 ਅਗਸਤ ਤੱਕ ਸਾਰੇ ਪ੍ਰਾਂਤ ਅੰਦਰ ਅਰਥੀ ਫੂਕ ਮੁਜ਼ਾਹਰੇ ਅਤੇ 11 ਅਗਸਤ ਨੂੰ ਸਾਰੇ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਮੁਜ਼ਾਹਰੇ ਕੀਤੇ ਜਾਣਗੇ। 17 ਅਗਸਤ ਨੂੰ ਦੁਬਾਰਾ ਮੀਟਿੰਗ ਕੀਤੀ ਜਾਵੇਗੀ ਤੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। 
ਇਸ ਤਰ੍ਹਾਂ, ਜਮਹੂਰੀ ਅਧਿਕਾਰਾਂ ਉਪਰ ਬਾਦਲ ਸਰਕਾਰ ਵਲੋਂ ਕੀਤੇ ਗਏ ਇਸ ਨਵੇਂ ਹਮਲੇ ਵਿਰੁੱਧ, ਪ੍ਰਾਂਤ ਅੰਦਰ ਇਕ ਸ਼ਕਤੀਸ਼ਾਲੀ ਜਨਤਕ ਸੰਘਰਸ਼ ਦੀਆਂ ਸੰਭਾਵਨਾਵਾਂ ਲਗਾਤਾਰ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ, ਜਿਹੜੀਆਂ ਕਿ ਲੋਕਾਂ ਦੇ ਸਾਂਝੇ ਸੰਘਰਸ਼ਾਂ ਦੀਆਂ ਜੇਤੂ ਰਵਾਇਤਾਂ ਨੂੰ ਨਿਸ਼ਚੇ ਹੀ ਹੋਰ ਅਗਾਂਹ ਵਧਾਉਣਗੀਆਂ। ਏਥੇ ਇਹ ਵੀ ਨੋਟ ਕਰਨਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ 2011 ਵਿਚ ਵੀ ਏਸੇ ਮੰਤਵ ਲਈ ਏਸੇ ਨਾਂਅ ਹੇਠ ਇਕ ਬਿੱਲ ਪਾਸ ਕੀਤਾ ਸੀ, ਪ੍ਰੰਤੂ ਜਨਤਕ ਜਥੇਬੰਦੀਆਂ ਦੇ ਵਿਆਪਕ ਤੇ ਲੜਾਕੂ ਪ੍ਰਤੀਰੋਧ ਦੇ ਦਬਾਅ ਹੇਠ ਉਸ ਨੂੰ ਉਹ ਬਿਲ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ ਸੀ। ਇਸ ਵਾਰ ਫਿਰ ਲਾਜ਼ਮੀ ਇਸ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਵਾਸਤੇ ਪ੍ਰਾਂਤ ਦੇ ਸਮੂਹ ਇਨਸਾਫ ਪਸੰਦ ਤੇ ਦੇਸ਼ ਭਗਤ ਲੋਕਾਂ ਨੂੰ ਇਸ ਲੋਕ ਲਾਮਬੰਦੀ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। 
- ਹ.ਕ.ਸਿੰਘ (26.7.2014)

Sunday, 6 July 2014

ਸੰਪਾਦਕੀ (ਸੰਗਰਾਮੀ ਲਹਿਰ-ਜੁਲਾਈ 2014)

ਬੇਨਕਾਬ ਹੋਇਆ ਮੋਦੀ ਸਰਕਾਰ ਦਾ ਲੋਕ ਮਾਰੂ ਚਿਹਰਾ

ਮੋਦੀ ਸਰਕਾਰ ਨੂੰ ਬਣਿਆਂ ਅਜੇ ਸਿਰਫ ਇਕ ਮਹੀਨਾ ਹੀ ਹੋਇਆ ਹੈ। ਐਪਰ, ਏਨੇ ਥੋੜੇ ਕੁ ਸਮੇਂ ਵਿਚ ਹੀ ਇਸ ਸਰਕਾਰ ਨੇ ਆਪਣਾ ਅਸਲੀ ਲੋਕ ਮਾਰੂ ਜਮਾਤੀ ਖਾਸਾ ਵੱਡੀ ਹੱਦ ਤੱਕ ਬੇਨਕਾਬ ਕਰ ਲਿਆ ਹੈ। ਸਰਕਾਰ ਦੇ ਮੰਤਰੀਆਂ ਵਲੋਂ ਰਸਮੀ ਸੌਂਹ ਚੁੱਕਣ ਸਮੇਂ ਕੀਤੀ ਗਈ ਬੇਲੋੜੀ ਆਡੰਬਰਬਾਜ਼ੀ, ਸੰਸਦ ਵਿਚ ਰਾਸ਼ਟਰਪਤੀ ਵਲੋਂ ਪੜ੍ਹੇ ਗਏ ਭਾਸ਼ਨ ਅਤੇ ਨਵੇਂ ਬਣੇ ਵਜ਼ੀਰਾਂ ਵਲੋਂ ਹੁਣ ਤੱਕ ਕੀਤੀ ਗਈ ਬਿਆਨਬਾਜ਼ੀ ਨੇ ਹੀ ''ਚੰਗੇ ਦਿਨ ਆ ਜਾਣ'' ਦੇ ਮੋਦੀ ਮਾਰਕਾ ਪ੍ਰਵਚਨ ਦੀ 'ਅਸਲੀਅਤ' ਸਪੱਸ਼ਟ ਕਰ ਦਿੱਤੀ ਸੀ। ਇਸ ਵਿਚ ਜੇਕਰ ਕੋਈ ਕਸਰ ਬਾਕੀ ਸੀ ਤਾਂ ਉਹ ਰੇਲ ਕਿਰਾਏ ਭਾੜੇ ਵਿਚ ਕੀਤੇ ਗਏ ਭਾਰੀ ਵਾਧੇ ਨੇ ਪੂਰੀ ਕਰ ਦਿੱਤੀ ਹੈ। ਸਰਕਾਰ ਦੇ ਇਸ 'ਮਾਅਰਕੇ' ਨਾਲ ਤਾਂ ਚਿੱਟੇ ਦਿਨ ਵਾਂਗ ਂਿੲਹ ਸਾਫ ਹੋ ਗਿਆ ਹੈ ਕਿ ਮੋਦੀ ਸਰਕਾਰ ਸਿਰਫ ਫਿਰਕੂ-ਫਾਸ਼ੀਵਾਦੀ ਹੀ ਨਹੀਂ, ਜਮਹੂਰੀਅਤ ਵਿਰੋਧੀ ਵੀ ਹੈ ਤੇ ਲੋਕਾਂ ਦੀ ਵੱਡੀ ਦੁਸ਼ਮਣ ਵੀ; ਜਿਸਦਾ ਮਹਿੰਗਾਈ ਤੇ ਬੇਰੋਜ਼ਗਾਰੀ ਵਰਗੀਆਂ ਆਮ ਆਦਮੀ ਦੀਆਂ ਬੁਨਿਆਦੀ ਤੇ ਗੰਭੀਰ ਸਮੱਸਿਆਵਾਂ ਨੂੰ ਦੂਰ ਕਰਨ ਨਾਲ ਉਕਾ ਹੀ ਕੋਈ ਸਰੋਕਾਰ ਨਹੀਂ ਹੈ। ਅਤੇ, ਨਾ ਹੀ ਇਸਦੀ ਲੋਕਾਂ ਪ੍ਰਤੀ ਕੋਈ ਜਵਾਬਦੇਹੀ ਹੈ ਅਤੇ ਨਾ ਹੀ ਉਹਨਾਂ ਨੂੰ ਭਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਦੇਣ ਦੀ ਕੋਈ ਚਿੰਤਾ। 
ਪਿਛਲੀਆਂ ਪਾਰਲੀਮਾਨੀ ਚੋਣਾਂ ਉਪਰੰਤ, ਬਹੁਤ ਸਾਰੇ ਦੇਸ਼ਵਾਸੀਆਂ ਨੂੰ ਇਸ ਸਰਕਾਰ ਤੋਂ ਬਹੁਤ ਵੱਡੀਆਂ ਉਮੀਦਾਂ ਸਨ। ਚੋਣਾਂ ਦੌਰਾਨ ਨਰਿੰਦਰ ਮੋਦੀ ਅਤੇ ਉਸਦੇ ਜੋਟੀਦਾਰਾਂ ਨੇ ਲੋਕਾਂ ਨੂੰ ਬੜੇ ਸਬਜ਼ ਬਾਗ ਦਿਖਾਏ ਸਨ। ਕੁੱਝ ਲੋਕਾਂ ਦੀ ਇਹ ਸਮਝਦਾਰੀ ਵੀ ਸੀ ਕਿ ਪਿਛਲੀ ਸਰਕਾਰ ਦੀ, ਲੋਕਾਂ ਦੀਆਂ ਸਮੱਸਿਆਵਾਂ ਦੀ ਅਣਦੇਖੀ ਕਰਨ ਕਾਰਨ  ਹੋਈ ਦੁਰਗਤੀ ਤੋਂ ਇਹ ਨਵੀਂ ਸਰਕਾਰ ਲਾਜ਼ਮੀ ਬਣਦੇ ਸਬਕ ਸਿੱਖੇਗੀ ਅਤੇ ਕੋਈ ਢੁਕਵੀਂ ਕਾਰਵਾਈ ਕਰਕੇ ਲੋਕਾਂ ਨੂੰ ਘੱਟੋ ਘੱਟ ਮਹਿੰਗਾਈ ਤੋਂ ਜ਼ਰੂਰ ਕੋਈ ਫੌਰੀ ਰਾਹਤ ਦੇਵੇਗੀ। ਪ੍ਰੰਤੂ ਰੇਲ ਕਿਰਾਏ ਵਿਚ 14.2% ਅਤੇ ਮਾਲ ਭਾੜੇ ਵਿਚ 6.5% ਦੇ ਇਕਸਾਰ ਤੇ ਭਾਰੀ ਵਾਧੇ ਕਰਕੇ ਇਸ ਸਰਕਾਰ ਨੇ ਲੋਕਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸਰਕਾਰ ਵਾਸਤੇ ਮਹਿੰਗਾਈ ਉਕਾ ਹੀ ਕੋਈ ਮੁੱਦਾ ਨਹੀਂ ਹੈ।  ਨਿਵੇਕਲੀ ਗੱਲ ਇਹ ਵੀ ਹੈ ਕਿ ਰੇਲ ਦੇ ਕਿਰਾਏ-ਭਾੜੇ ਵਿਚ ਕੀਤਾ ਗਿਆ ਇਹ ਵਾਧਾ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ, ਜਿਸ ਨਾਲ ਲੋਕਾਂ ਉਪਰ ਲਗਭਗ 8000 ਕਰੋੜ ਰੁਪਏ ਸਲਾਨਾ ਦਾ ਨਵਾਂ ਭਾਰ ਲੱਦਿਆ ਗਿਆ ਹੈ। ਇਹ ਵੀ ਸ਼ਾਇਦ ਪਹਿਲੀ ਵਾਰ ਹੀ ਹੋਇਆ ਕਿ ਮੁਸਾਫਰਾਂ ਦੇ ਹਰ ਵਰਗ ਲਈ ਰੇਲ ਕਿਰਾਏ ਵਿਚ ਅਤੇ ਹਰ ਵਸਤ ਲਈ ਮਾਲ ਭਾੜੇ ਵਿਚ ਇਕਸਾਰ ਵਾਧਾ ਕੀਤਾ ਗਿਆ। ਜਦੋਂਕਿ ਪਹਿਲਾਂ ਅਕਸਰ ਛੋਟੀ ਦੂਰੀ ਦੇ ਸਫਰ ਲਈ, ਸਾਧਾਰਨ ਡੱਬਿਆਂ ਵਿਚ ਸਫਰ ਕਰਨ ਵਾਲੇ ਮੁਸਾਫਰਾਂ ਲਈ ਅਤੇ ਜ਼ਰੂਰੀ ਵਰਤੋਂ ਦੀਆਂ ਵਸਤਾਂ ਲਈ ਕਿਰਾਏ-ਭਾੜੇ ਵਿਚ ਵਾਧੇ ਤੋਂ ਛੋਟਾਂ ਦਿੱਤੀਆਂ ਜਾਂਦੀਆਂ ਸਨ। ਜਦੋਂਕਿ ਇਸ ਸਰਕਾਰ ਨੇ, ਇਸ ਦੇ ਉਲਟ, ਰੋਜ਼ਾਨਾ ਸਫਰ ਕਰਨ ਵਾਲੇ ਸਾਰੇ ਪਾਸ-ਹੋਲਡਰ ਨੌਕਰੀ-ਪੇਸ਼ਾ ਮਜ਼ਦੂਰਾਂ-ਮੁਲਾਜ਼ਮਾਂ ਲਈ ਟਿਕਟ ਦੀ ਕੀਮਤ ਵਿਚ 100% ਦਾ ਵਾਧਾ ਕਰਕੇ ਮਾਸਿਕ ਕਿਰਾਇਆ ਦੁਗਣਾ ਕਰ ਦਿੱਤਾ ਸੀ। ਕਈ ਗੱਡੀਆਂ ਲਈ ਤਾਂ ਇਸ ਮਾਸਿਕ ਕਿਰਾਏ ਵਿਚ ਤਿੰਨ ਗੁਣਾ ਵਾਧਾ ਵੀ ਕੀਤਾ ਗਿਆ ਹੈ। ਮੋਦੀ ਸਰਕਾਰ ਦੀ ਇਸ ਨਾਦਰਸ਼ਾਹੀ ਵਿਰੁੱਧ ਦੇਸ਼ ਭਰ ਵਿਚ ਹੋ ਰਹੇ ਰੋਹ ਭਰਪੂਰ ਜਨਤਕ ਮੁਜ਼ਾਹਰਿਆਂ ਦੇ ਦਬਾਅ ਹੇਠ ਹੀ ਹੁਣ ਦੂਜੇ ਦਰਜ਼ੇ ਵਿਚ 80 ਕਿਲੋਮੀਟਰ ਤੱਕ ਸਫਰ ਕਰਨ ਵਾਲੇ ਮਾਸਕ ਟਿਕਟ ਧਾਰੀਆਂ ਨੂੰ ਇਸ ਦੁਗਣੇ ਵਾਧੇ ਤੋਂ ਛੋਟ ਦਿੱਤੀ ਗਈ ਹੈ। 
ਮਾਲ ਭਾੜੇ ਵਿਚ ਕੀਤੇ ਗਏ 6.5% ਦੇ ਇਕਸਾਰ ਵਾਧੇ ਅਤੇ ਪਸ਼ੂਆਂ ਦੇ ਚਾਰੇ ਵਰਗੀਆਂ ਕੁਝ ਜ਼ਰੂਰੀ ਵਸਤਾਂ ਨੂੰ ਪਹਿਲਾਂ ਦਿੱਤੀਆਂ ਹੋਈਆਂ ਛੋਟਾਂ ਖਤਮ ਕਰਨ ਨਾਲ ਕੁਦਰਤੀ ਤੌਰ 'ਤੇ ਰੇਲ ਰਾਹੀਂ ਢੋਈ ਜਾਂਦੀ ਹਰ ਵਸਤ ਦੀ ਕੀਮਤ ਵਧੇਗੀ। ਮਹਿੰਗਾਈ ਉਪਰ ਇਸਦਾ ਹੋਰ ਵਧੇਰੇ ਮਾੜਾ ਅਸਰ ਪਵੇਗਾ। ਉਦਾਹਰਣ ਵਜੋਂ, ਥਰਮਲ ਪਲਾਂਟਾਂ 'ਚ ਵਰਤੇ ਜਾਂਦੇ ਕੋਲੇ ਦੀ ਸਪਲਾਈ ਲਾਗਤ ਵਧੇਗੀ, ਜਿਸ ਨਾਲ ਅੱਗੋਂ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ। ਇਸ ਤਰ੍ਹਾਂ, ਮਹਿੰਗਾਈ ਦੀ ਮਾਰ ਹੇਠ ਨਪੀੜੇ ਜਾ ਰਹੇ ਲੋਕਾਂ ਦਾ ਹੋਰ ਵਧੇਰੇ ਕਚੂਮਰ ਨਿਕਲੇਗਾ। ਇਸ ਦੇ ਬਾਵਜੂਦ ਵੀ ਜੇਕਰ ਨਰਿੰਦਰ ਮੋਦੀ ਤੇ ਉਸਦੀ ਸਰਕਾਰ ਦੀਆਂ ਨਜ਼ਰਾਂ ਨੂੰ ਲੋਕਾਂ ਲਈ ''ਚੰਗੇ ਦਿਨਾਂ'' ਦੀ ਆਮਦ ਦਿਸ ਰਹੀ ਹੈ ਤਾਂ ਮੁਸੀਬਤਾਂ ਮਾਰੇ ਲੋਕਾਂ ਨਾਲ ਇਸ ਤੋਂ ਵੱਡਾ ਮਜ਼ਾਕ ਹੋਰ ਕੀ ਹੋ ਸਕਦਾ ਹੈ? 
ਇਸ ਸੰਦਰਭ ਵਿਚ ਇਸ ਸਰਕਾਰ ਦੇ ਕਰਤਿਆਂ-ਧਰਤਿਆਂ ਦੀ ਵੱਡੀ ਹਿਮਾਕਤ ਇਹ ਵੀ ਹੈ ਕਿ ਉਹ ਇਸ ਲੋਕਮਾਰੂ ਫੈਸਲੇ ਨੂੰ ਜਾਇਜ਼ ਠਹਿਰਾਉਣ ਲਈ ਬਹੁਤ ਹੀ ਸ਼ਰਮਨਾਕ, ਹਾਸੋਹੀਣੀ ਤੇ ਖੋਖਲੀ ਦਲੀਲਬਾਜ਼ੀ ਦਾ ਆਸਰਾ ਲੈ ਰਹੇ ਹਨ। ਰੇਲ ਮੰਤਰੀ, ਵਿੱਤ ਮੰਤਰੀ ਤੇ ਹੋਰ ਸਾਰਾ ਅਮਲਾ-ਫੈਲਾ ਕਹਿ ਰਿਹਾ ਹੈ ਕਿ ''ਇਹ ਫੈਸਲਾ ਤਾਂ ਪਿਛਲੀ ਸਰਕਾਰ ਦਾ ਸੀ; ਪ੍ਰੰਤੂ ਲੋਕਾਂ ਦੇ ਰੋਹ ਤੋਂ ਡਰਦਿਆਂ ਉਹ ਇਸ ਨੂੰ ਲਾਗੂ ਨਹੀਂ ਸੀ ਕਰ ਸਕੀ।'' ਇਸ ਦਾ ਸਪੱਸ਼ਟ ਅਰਥ ਹੈ ਕਿ ਯੂ.ਪੀ.ਏ. ਸਰਕਾਰ ਤਾਂ ਲੋਕਾਂ ਤੋਂ ਡਰਦੀ ਸੀ ਪ੍ਰੰਤੂ ਮੋਦੀ ਸਰਕਾਰ ਨੂੰ ਲੋਕਾਂ ਦੇ ਰੋਹ ਦੀ ਕੋਈ ਚਿੰਤਾ ਨਹੀਂ। ਅਜੇਹਾ ਥੋਥਾ ਬਹਾਨਾ ਇਸ ਸਰਕਾਰ ਦੀ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਸੰਵੇਦਨਹੀਣਤਾ ਦਾ ਹੀ ਨਹੀਂ ਇਸ ਦੇ ਅਹਿਮਕਾਨਾ ਹੰਕਾਰ ਦਾ ਵੀ ਸਪੱਸ਼ਟ ਪ੍ਰਗਟਾਵਾ ਕਰਦਾ ਹੈ। ਉਂਝ, ਇਸ ਨਾਲ ਇਕ ਵਾਰ ਫਿਰ ਸਾਡੀ ਇਸ ਸਮਝਦਾਰੀ ਦੀ ਪ੍ਰੋੜਤਾ ਹੋ ਜਾਂਦੀ ਹੈ ਕਿ ਆਮ ਲੋਕਾਂ ਨੂੰ ਤਬਾਹ ਕਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਨੂੰ ਅਪਨਾਉਣ ਅਤੇ ਲਾਗੂ ਕਰਨ ਦੇ ਪੱਖ ਤੋਂ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਕੋਈ ਅੰਤਰ ਨਹੀਂ ਹੈ। ਏਸੇ ਲਈ ਇਕ ਪਾਰਟੀ ਵਲੋਂ ਕੀਤੇ ਗਏ ਲੋਕਮਾਰੂ ਫੈਸਲੇ ਨੂੰ ਦੂਜੀ ਪਾਰਟੀ ਬੜੇ ਅਰਾਮ ਨਾਲ ਲਾਗੂ ਕਰਨ ਵਿਚ ਫ਼ਖ਼ਰ ਮਹਿਸੂਸ ਕਰ ਰਹੀ ਹੈ। ਏਥੇ, ਮੋਦੀ ਸਰਕਾਰ ਨੇ ਇਹ ਪ੍ਰਮਾਣ ਵੀ ਦੇ ਦਿੱਤਾ ਹੈ ਕਿ ਉਸ ਵਾਸਤੇ ਜਮਹੂਰੀਅਤ ਦੇ ਸਾਰੇ ਰਸਮੀ ਤਕਾਜ਼ੇ ਵੀ ਸਿਰਫ ਢੌਂਗ ਮਾਤਰ ਹੀ ਹਨ। ਨਹੀਂ ਤਾਂ ਬਜਟ ਸ਼ੈਸ਼ਨ ਤੋਂ ਕੁਝ ਦਿਨ ਪਹਿਲਾਂ, ਸੰਸਦ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਕੇ, ਲੋਕਾਂ ਨਾਲ ਏਨਾ ਵੱਡਾ ਕਹਿਰ ਕਮਾਉਣ ਦੀ ਕੀ ਤੁਕ ਹੈ? ਇਸ ਧੱਕੜਸ਼ਾਹੀ ਨੂੰ ਜਾਇਜ਼ ਠਹਿਰਾਉਣ ਵਾਸਤੇ ਵੀ ਭਾਜਪਾ ਦੇ ਬੁਲਾਰਿਆਂ ਵਲੋਂ ਪਿਛਲੀ ਸਰਕਾਰ ਵਲੋਂ ਸੰਸਦ ਨੂੰ ਅਣਡਿੱਠ ਕਰਨ ਦੀ ਪਾਈ ਗਈ ਪਿਰਤ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਪ੍ਰੰਤੂ ਸਾਨੂੰ ਪੂਰਨ ਆਸ ਹੈ ਕਿ ਲੋਕ-ਤਾਂਤਰਿਕ ਕਦਰਾਂ ਕੀਮਤਾਂ ਨੂੰ ਢਾਅ ਲਾਉਣ ਵਾਲੀਆਂ ਅਜੇਹੀਆਂ 'ਰਿਵਾਇਤਾਂ' ਨੂੰ ਲੋਕੀਂ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਨਗੇ। 
ਇਸ ਤੋਂ ਬਿਨਾਂ, ਆਪਣੇ ਸਾਮਰਾਜੀ ਪ੍ਰਭੂਆਂ ਦੇ ਨਿਰਦੇਸ਼ਾਂ ਅਨੁਸਾਰ, ਸਮੁੱਚੇ ਆਰਥਕ ਨਿਰਨੇ ਮੰਡੀ ਦੀਆਂ ਨਿਰਦਈ ਸ਼ਕਤੀਆਂ ਦੇ ਹਵਾਲੇ ਕਰਨ ਵਾਸਤੇ, ਮੋਦੀ ਸਰਕਾਰ ਨੇ ਪਿਛਲੀ ਸਰਕਾਰ ਵਾਲੀ ਉਸੇ ਤਬਾਹਕੁੰਨ ਪਹੁੰਚ ਨੂੰ ਅਗਾਂਹ ਵਧਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਪਹੁੰਚ ਨੇ ਨਿੱਤ ਵਰਤੋਂ ਦੀਆਂ ਸਾਰੀਆਂ ਵਸਤਾਂ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨੇ ਚਾੜ੍ਹੀਆਂ ਹੋਈਆਂ ਹਨ। ਏਸੇ ਪਹੁੰਚ ਅਧੀਨ ਗਰੀਬ ਲੋਕਾਂ ਨੂੰ ਮਿਲਦੀਆਂ ਨਿਗੂਣੀਆਂ ਸਬਸਿਡੀਆਂ ਵੀ ਹੌਲੀ ਹੌਲੀ ਖਤਮ ਕੀਤੀਆਂ ਜਾ ਰਹੀਆਂ ਹਨ। ਉਦਾਹਰਣ ਵਜੋਂ ਜੇਕਰ ਯੂ.ਪੀ.ਏ. ਸਰਕਾਰ ਨੇ ਡੀਜ਼ਲ ਦੀ ਕੀਮਤ ਵਿਚ ਹਰ ਮਹੀਨੇ 50 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰਕੇ, ਉਸ ਵੇਲੇ ਮਿਲਦੀ 14.50 ਰੁਪਏ ਪ੍ਰਤੀ ਲੀਟਰ ਦੀ ਸਬਸਿਡੀ ਖਤਮ ਕਰਨ ਦੀ ਪਹੁੰਚ ਅਪਣਾਈ ਸੀ ਤਾਂ ਹੁਣ ਮੋਦੀ ਸਰਕਾਰ ਵਲੋਂ ਵੀ ਰਸੋਈ ਗੈਸ ਦੇ ਸਲੰਡਰ ਦੀ ਕੀਮਤ ਵਿਚ ਹਰ ਮਹੀਨੇ 5 ਤੋਂ 10 ਰੁਪਏ ਦਾ ਅਤੇ ਮਿੱਟੀ ਦੇ ਤੇਲ ਦੀ ਕੀਮਤ ਵਿਚ ਹਰ ਮਹੀਨੇ ਇਕ ਰੁਪਇਆ ਪ੍ਰਤੀ ਲਿਟਰ ਦਾ ਵਾਧਾ ਕਰਦੇ ਜਾਣ ਵਾਲਾ ਉਹੀ ਫਾਰਮੂਲਾ ਅਪਣਾਇਆ ਜਾ ਰਿਹਾ ਹੈ ਜਿਸਨੂੰ ਸਰਕਾਰ ''ਡੀਜ਼ਲ ਫਾਰਮੂਲੇ'' ਦਾ ਨਾਂਅ ਦੇ ਰਹੀ ਹੈ। ਇਸ ਦੇ ਨਾਲ ਹੀ ਇਹ ਨੋਟ ਕਰਨਾ ਵੀ ਜ਼ਰੂਰੀ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਧਨਾਢ ਮੁਕੇਸ਼ ਅੰਬਾਨੀ ਦੇ ਕਬਜ਼ੇ ਹੇਠਲੇ ਤੇਲ ਦੇ ਖੂਹਾਂ ਚੋਂ ਕੱਢੀ ਜਾ ਰਹੀ ਕੁਦਰਤੀ ਗੈਸ ਦੀ ਕੀਮਤ ਵਿਚ 100% ਦਾ ਵਾਧਾ ਕਰਨ ਭਾਵ ਦੁਗਣੀ (4.2 ਡਾਲਰ ਤੋਂ ਵਧਾਕੇ 8.4 ਡਾਲਰ ਪ੍ਰਤੀ ਬੀ.ਟੀ.ਯੂ.) ਕਰਨ ਉਪਰ ਵੀ ਮੋਦੀ ਸਰਕਾਰ ਵਲੋਂ ਸਰਗਰਮੀ ਨਾਲ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਫੈਸਲੇ ਨਾਲ ਵੀ ਖਾਦਾਂ, ਬਿਜਲੀ, ਰਸੋਈ ਗੈਸ ਆਦਿ ਦੀਆਂ ਕੀਮਤਾਂ ਨੂੰ ਲਾਜ਼ਮੀ ਹੋਰ ਖੰਭ ਲੱਗਣਗੇ। 
ਇਹ ਗੱਲ ਬੇਹੱਦ ਹੈਰਾਨੀ ਜਨਕ ਵੀ ਹੈ ਤੇ ਦੁਖਦਾਈ ਵੀ ਕਿ ਮਹਿੰਗਾਈ (ਜਿਹੜੀ ਕਿ ਦੇਸ਼ ਦੇ ਸਮੁੱਚੇ ਕਿਰਤੀਆਂ ਲਈ ਹੀ ਨਹੀਂ ਬਲਕਿ ਮੱਧਵਰਗੀ ਲੋਕਾਂ ਵਾਸਤੇ ਵੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਹੈ) ਨੂੰ ਨੱਥ ਪਾਉਣ ਵਿਚ ਇਸ ਸਰਕਾਰ ਨੂੰ ਉਕਾ ਹੀ ਕੋਈ ਦਿਲਚਸਪੀ ਨਹੀਂ ਹੈ। ਏਸੇ ਲਈ ਦੇਸ਼ ਅੰਦਰ ਮੁਨਾਫਾਖੋਰ ਬਾਘੀਆਂ ਪਾ ਰਹੇ ਹਨ। ਅਤੇ, ਵੱਡੇ ਮਿਲ ਮਾਲਕਾਂ ਤੇ ਚੋਰ ਬਾਜ਼ਾਰੀ ਕਰਨ ਵਾਲੇ ਵਪਾਰੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ। ਇਸ ਸੰਦਰਭ ਵਿਚ ਮੋਦੀ ਸਰਕਾਰ ਦਾ ਇਕ ਹੋਰ 'ਕਰਿਸ਼ਮਾ' ਵੀ ਵੇਖਣ ਯੋਗ ਹੈ। ਇਸ ਦੇ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਵਲੋਂ, ਕੁਝ ਭਾਜਪਾਈ ਮੰਤਰੀਆਂ ਨਾਲ ਕੀਤੀ ਗਈ ਮੀਟਿੰਗ ਉਪਰੰਤ, ਕੀਤੇ ਗਏ ਐਲਾਨ ਰਾਹੀਂ ਖੰਡ ਉਦਯੋਗ ਬਾਰੇ 4 ਨੁਕਾਤੀ ਫੈਸਲਾ ਪ੍ਰੈਸ ਨੂੰ ਜਾਰੀ ਕੀਤਾ ਗਿਆ ਹੈ। ਜਿਸ ਨਾਲ ਖੰਡ ਦੀ ਕੀਮਤ ਵਿਚ ਮੁੜ ਤੇਜੀ ਆ ਗਈ ਹੈ। ਤੁਰੰਤ ਹੀ ਥੋਕ ਕੀਮਤਾਂ ਵਿਚ 2-3 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋ ਗਿਆ ਹੈ। ਪ੍ਰਚੂਨ ਕੀਮਤਾਂ ਵਿਚ ਲਾਜ਼ਮੀ ਹੋਰ ਵਧੇਰੇ ਤਿੱਖਾ ਵਾਧਾ ਹੋ ਜਾਵੇਗਾ ਕਿਉਂਕਿ ਇਸ ਫੈਸਲੇ ਨਾਲ ਜ਼ਖੀਰੇਬਾਜੀ ਨੂੰ ਸ਼ਹਿ ਮਿਲਣ ਕਰਕੇ ਮਾਰਕੀਟ ਵਿਚ ਖੰਡ ਦੀ ਆਮਦ ਤੇਜ਼ੀ ਨਾਲ ਘੱਟ ਗਈ ਹੈ। ਖੰਡ ਦੀ ਕੀਮਤ ਵਿਚ ਅਚਾਨਕ ਆਈ ਇਹ ਤੇਜ਼ੀ ਮੋਦੀ ਸਰਕਾਰ ਵਲੋਂ ਖੰਡ ਦੀ ਦਰਾਮਦ ਉਪਰ ਚੁੰਗੀ ਟੈਕਸ 15% ਤੋਂ ਵਧਾ ਕੇ 40% ਕਰ ਦੇਣ ਅਤੇ ਖੰਡ ਦੇ ਬਰਾਮਦਕਾਰਾਂ ਨੂੰ 330 ਰੁਪਏ ਪ੍ਰਤੀ ਕਵਿੰਟਲ ਦੀ ਦਰ ਨਾਲ ਦਿੱਤੀ ਜਾ ਰਹੀ ਸਬਸਿਡੀ ਆਉਂਦੇ ਸਿਤੰਬਰ ਤੱਕ ਜਾਰੀ ਰੱਖਣ ਦੇ ਕੀਤੇ ਗਏ ਇਹਨਾਂ ਐਲਾਨਾਂ ਦੀ ਉਪਜ ਹੈ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਹ ਫੈਸਲਾ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਖੜੇ 11000 ਕਰੋੜ ਰੁਪਏ ਦੇ ਬਕਾਇਆਂ ਦੀ ਅਦਾਇਗੀ ਨੂੰ ਆਧਾਰ ਬਨਾਉਣ ਵਾਸਤੇ ਕੀਤਾ ਗਿਆ ਹੈ। ਪ੍ਰੰਤੂ ਹਕੀਕਤ ਇਹ ਹੈ ਕਿ ਕੀਮਤ ਵਿਚ ਹੋ ਰਹੇ ਇਸ ਵਾਧੇ ਕਾਰਨ ਖਪਤਕਾਰਾਂ ਦੀ ਹੋਣ ਵਾਲੀ ਲੁੱਟ ਨਾਲ ਕੇਵਲ ਮਿਲ ਮਾਲਕ, ਜ਼ਖੀਰੇਬਾਜ ਵਪਾਰੀ ਤੇ ਸੱਟੇਬਾਜ਼ ਹੀ ਮਾਲਾਮਾਲ ਹੋਣਗੇ; ਬਕਾਇਆਂ ਦਾ ਭੁਗਤਾਨ ਤਾਂ ਕਿਸਾਨਾਂ ਦੇ ਸੰਘਰਸ਼ਾਂ ਰਾਹੀਂ ਬਣੇ ਜਨਤਕ ਦਬਾਅ ਦੇ ਸਿੱਧੇ ਅਨੁਪਾਤ ਵਿਚ ਹੀ ਹੋਵੇਗਾ। ਏਥੇ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਦੇਸ਼ ਅੰਦਰ ਖੰਡ ਦੀ ਇਹ ਕੀਮਤ ਉਦੋਂ ਵੱਧ ਰਹੀ ਹੈ ਜਦੋਂਕਿ ਖੰਡ ਲੋੜ ਨਾਲੋਂ ਵੱਧ ਪੈਦਾ ਹੋ ਚੁੱਕੀ ਹੈ। ਖੰਡ ਮਿੱਲ ਮਾਲਕਾਂ ਦੀ ਕੁਲ ਹਿੰਦ ਐਸੋਸੀਏਸ਼ਨ ਦੇ ਡਾਇਰੈਕਟਰ ਜਨਰਲ ਅਬਿਨਾਸ਼ ਵਰਮਾ ਦਾ ਬਿਆਨ ਹੈ ਕਿ ਦੇਸ਼ ਵਿਚ ''ਖੰਡ ਦੀ ਪੈਦਾਵਾਰ ਸਾਲਾਨਾ ਖਪਤ ਨਾਲੋਂ 20-25 ਲੱਖ ਟਨ ਵੱਧ ਹੋ ਚੁੱਕੀ ਹੈ।'' ਇਹ ਵੀ ਖੁੱਲ੍ਹੀ ਮੰਡੀ ਦੀਆਂ 'ਬਰਕਤਾਂ' ਦੀ ਇਕ ਝਲਕ ਹੀ ਸਮਝੀ ਜਾਣੀ ਚਾਹੀਦੀ ਹੈ! 
ਏਸੇ ਤਰ੍ਹਾਂ ਹੀ ਫਲਾਂ, ਸਬਜ਼ੀਆਂ, ਵਿਸ਼ੇਸ਼ ਤੌਰ ਤੇ ਪਿਆਜ਼ ਤੇ ਆਲੂ ਅਤੇ ਦਾਲਾਂ ਦੀਆਂ ਕੀਮਤਾਂ ਵੀ ਮੁੜ ਤੇਜ਼ੀ ਫੜ ਗਈਆਂ ਹਨ। ਪ੍ਰੰਤੂ ਇਸ ਪੱਖੋਂ ਵੀ ਮੋਦੀ ਸਰਕਾਰ ਪੂਰੀ ਤਰ੍ਹਾਂ ਨਿਸ਼ਚਿੰਤ ਹੈ। ਉਸਦਾ ਵਿੱਤ ਮੰਤਰੀ, ਅਰੁਣ ਜੇਤਲੀ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਇਹਨਾਂ ਵਸਤਾਂ ਦੀਆਂ ਕੀਮਤਾਂ ਵਿਚ ਹੋ ਰਹੇ ਤਿੱਖੇ ਵਾਧੇ ਲਈ ਬਨਾਉਟੀ ਥੁੜ੍ਹ ਪੈਦਾ ਕਰਨ ਵਾਲੇ ਜ਼ਖੀਰੇਬਾਜਾਂ ਨੂੰ ਜ਼ੁਮੇਵਾਰ ਤਾਂ ਠਹਿਰਾਅ ਰਿਹਾ ਹੈ, ਪ੍ਰੰਤੂ ਉਹਨਾਂ ਦੀ ਇਸ ਚੋਰਬਾਜ਼ਾਰੀ ਨੂੰ ਰੋਕਣ ਤੋਂ ਹੱਥ ਖੜ੍ਹੇ ਕਰ ਗਿਆ ਹੈ। ਉਸਦਾ ਕਹਿਣਾ ਹੈ ਕਿ ਇਹ ਕੰਮ ਰਾਜ ਸਰਕਾਰਾਂ ਦਾ ਹੈ, ਉਹ ਕਰਨ। ਇਹਨਾਂ ਆਦਮਖੋਰ ਜ਼ਖੀਰੇਬਾਜਾਂ ਨੂੰ ਨੱਥ ਪਾਉਣ ਬਾਰੇ, ਇਨਬਿਨ ਇਹੋ ਪਹੁੰਚ ਸੀ ਯੂ.ਪੀ.ਏ. ਸਰਕਾਰ ਦੀ। ਜਦੋਂਕਿ ਏਥੇ ਇਹ ਵੀ ਇਕ ਦਿਲਚਸਪ ਤੱਥ ਹੈ ਕਿ ਦੇਸ਼ ਅੰਦਰ ਪਿਆਜ਼ਾਂ ਦੀ ਪੈਦਾਵਾਰ ਵੀ ਪਿਛਲੇ ਸਾਲ ਨਾਲੋਂ 15% ਵੱਧ ਹੋਣ ਦੇ ਬਾਵਜੂਦ ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚੋਂ ਵਪਾਰੀਆਂ ਆਦਿ ਵਲੋਂ ਵੱਡੇ ਪੱਧਰ 'ਤੇ ਜ਼ਖੀਰੇਬਾਜ਼ੀ ਕਰਨ ਕਾਰਨ ਹੀ ਪਿਆਜ਼ ਦੀ ਕੀਮਤ ਵੱਧ ਰਹੀ ਹੈ। ਮੱਧ ਪ੍ਰਦੇਸ਼ ਵਿਚ ਤਾਂ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ  ਹੈ। ਫਿਰ ਉਥੇ ਅਰੁਣ ਜੇਤਲੀ ਸਾਹਿਬ ਇਸ ਚੋਰ ਬਾਜ਼ਾਰੀ ਨੂੰ ਬੇਪਰਦ ਕਰਨ ਤੇ ਖਤਮ ਕਰਨ ਦੀ ਖੇਚਲ ਕਿਉਂ ਨਹੀਂ ਕਰ ਰਹੇ? 
ਅਸਲ ਵਿਚ ਮਹਿੰਗਾਈ, ਜਮਾਂਖੋਰੀ ਤੇ ਚੋਰ ਬਾਜ਼ਾਰੀ ਨੂੰ ਰੋਕਣ ਦੀ ਜ਼ੁੰਮੇਵਾਰੀ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਦੋਵਾਂ ਦੀ ਹੈ।  ਇਸ ਦੌਰ ਦੀਆਂ ਇਹ ਵੱਡ-ਅਕਾਰੀ ਸਮੱਸਿਆਵਾਂ ਲੋਕਾਂ ਦੀਆਂ ਕਈ ਹੋਰ ਅਤੀ ਗੰਭੀਰ ਸਮਾਜਿਕ ਮੁਸ਼ਕਲਾਂ ਨੂੰ ਜਨਮ ਦੇ ਰਹੀਆਂ ਹਨ। ਇਸ ਲਈ ਮਹਿੰਗਾਈ ਨੂੰ ਨੱਥ ਪਾਉਣੀ ਦੋਵਾਂ ਸਰਕਾਰਾਂ ਦੀ ਸਰਵਪ੍ਰਥਮ ਜ਼ੁੰਮੇਵਾਰੀ ਹੈ। ਸੱਟੇਬਾਜ਼ੀ ਤੇ ਵਾਇਦਾ ਵਪਾਰ, ਜਿਹੜੇ ਕਿ ਇਸ ਅਜੋਕੀ ਮਹਿੰਗਾਈ ਲਈ ਵੱਡੀ ਹੱਦ ਤੱਕ ਜ਼ੁੰਮੇਵਾਰ ਹਨ, ਨੂੰ ਕਾਨੂੰਨੀ ਤੌਰ 'ਤੇ ਬੰਦ ਕਰਨਾ ਤੇ ਇਹਨਾਂ ਨੂੰ ਘੋਰ ਅਪਰਾਧ ਕਰਾਰ ਦੇਣਾ ਤਾਂ ਆਉਂਦਾ ਹੀ ਕੇਂਦਰ ਸਰਕਾਰ ਦੇ ਖੇਤਰ ਵਿਚ ਹੈ। ਪ੍ਰੰਤੂ ਦੁੱਖ ਦੀ ਗੱਲ ਤਾਂ ਇਹ ਹੈ ਕਿ ਲੁਟੇਰੇ ਧਨਕੁਬੇਰਾਂ ਦੀ ਚਾਕਰੀ ਕਰਨ ਵਾਲੇ ਇਹਨਾਂ ਬੁਰਜ਼ਵਾ ਸਿਆਸਤਦਾਨਾਂ ਨੂੰ ਆਪਣੀ ਇਹ ਜ਼ੁੰਮੇਵਾਰੀ ਅਜੇ ਦਿਖਾਈ ਹੀ ਨਹੀਂ ਦੇ ਰਹੀ। ਇਹਨਾਂ ਨੂੰ ਇਹ ਅਹਿਸਾਸ ਕਰਾਉਣ ਵਾਸਤੇ ਵੀ ਜਨਤਕ ਰੋਹ ਦੀ ਜਵਾਲਾ ਨੂੰ ਹੋਰ ਪ੍ਰਚੰਡ ਕਰਨਾ ਜ਼ਰੂਰੀ ਹੈ। 
ਮੋਦੀ ਸਰਕਾਰ ਦੇ ਇਸ ਥੋੜੇ ਜਹੇ ਕਾਰਜਕਾਲ ਵਿਚ ਹੀ ਇਹ ਵੀ ਭਲੀਭਾਂਤ ਸਥਾਪਤ ਹੋ ਗਿਆ ਹੈ ਕਿ ਮਹਿੰਗਾਈ ਦੇ ਮੁੱਦੇ ਤੋਂ ਇਲਾਵਾ ਹੋਰ ਸਾਰੇ ਭਖਵੇਂ ਰਾਜਸੀ ਤੇ ਆਰਥਿਕ ਮੁੱਦਿਆਂ ਤੇ ਵੀ ਪਿਛਲੀ ਸਰਕਾਰ ਅਤੇ ਇਸ ਸਰਕਾਰ ਦੀਆਂ ਪਹੁੰਚਾਂ ਵਿਚਕਾਰ ਕੋਈ ਵੱਡਾ ਫਰਕ ਨਹੀਂ ਹੈ। ਉਦਾਹਰਣ ਵਜੋਂ ਸੰਸਦ ਵਿਚ ਰਾਸ਼ਟਰਪਤੀ ਵਲੋਂ ਨਵੀਂ ਸਰਕਾਰ ਦੀਆਂ ਭਵਿੱਖੀ ਕਾਰਜ ਸੇਧਾਂ ਬਾਰੇ ਪੜ੍ਹੇ ਗਏ ਰਸਮੀ  ਭਾਸ਼ਨ ਵਿਚ ਦਰਜ਼ ਕੀਤਾ ਗਿਆ ਹੈ ਕਿ ਇਹ ਸਰਕਾਰ ਪਿਛਲੀ ਸਰਕਾਰ ਵਲੋਂ ਲੋਕਾਂ ਦੇ ਤੇ ਦੇਸ਼ ਦੇ ਹਿੱਤ ਵਿਚ ਆਰੰਭੇ ਗਏ ਕਾਰਜਾਂ ਨੂੰ ਜਾਰੀ ਰੱਖੇਗੀ। ਪ੍ਰੰਤੂ ਇਸ ਸੰਦਰਭ ਵਿਚ ਮਨਰੇਗਾ, ਖੁਰਾਕ ਸੁਰੱਖਿਆ ਐਕਟ ਜਾਂ ਸੂਚਨਾ ਦੇ ਅਧਿਕਾਰ ਆਦਿ ਵਰਗੀ ਕੋਈ ਚੰਗੀ ਉਦਾਹਰਣ ਦੇਣ ਦੀ ਬਜਾਏ ਜ਼ੋਰ ਇਸ ਗੱਲ 'ਤੇ ਦਿੱਤਾ ਗਿਆ ਹੈ ਕਿ ਪ੍ਰਮਾਣੂ ਸੰਧੀ ਉਪਰ ਅਮਲ ਨੂੰ ਯਕੀਨੀ ਬਣਾਇਆ ਜਾਵੇਗਾ। ਏਥੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਅਮਰੀਕਾ ਨਾਲ ਹੋਈ ਇਹ ਉਹੋ ਪ੍ਰਮਾਣੂ ਸੰਧੀ ਹੈ ਜਿਸ ਦਾ ਪਾਰਲੀਮੈਂਟ ਵਿਚ ਖੱਬੀ ਧਿਰ ਵਲੋਂ ਕੀਤੇ ਗਏ ਡਟਵੇਂ ਵਿਰੋਧ ਸਮੇਂ ਭਾਰਤੀ ਜਨਤਾ ਪਾਰਟੀ ਵੀ ਸਾਥ ਦੇ ਰਹੀ ਸੀ; ਅਤੇ, ਜਿਸ ਘਾਤਕ ਸੰਧੀ ਵਿਰੁੱਧ, ਇਸ ਤੋਂ ਫੌਰੀ ਤੌਰ 'ਤੇ ਪ੍ਰਭਾਵਤ ਹੋ ਰਹੇ ਲੋਕ ਖੱਬੀਆਂ ਸ਼ਕਤੀਆਂ ਨਾਲ ਮਿਲਕੇ ਜੈਤਾਪੁਰ (ਮਹਾਂਰਾਸ਼ਟਰ), ਗੋਰਖਪੁਰ (ਹਰਿਆਣਾ) ਅਤੇ ਕੁਡਾਕੁਲਮ (ਤਾਮਿਲਨਾਡੂ) ਵਿਖੇ ਲਗਾਤਾਰ ਤੇ ਲਹੂਵੀਟਵਾਂ ਸੰਘਰਸ਼ ਕਰਦੇ ਆ ਰਹੇ ਹਨ। ਹੁਣ ਤੱਕ ਤਾਂ ਇਹ ਵੀ ਪ੍ਰਮਾਣਿਤ ਹੋ ਚੁੱਕਾ ਹੈ ਕਿ 5-6 ਵਰ੍ਹੇ ਪਹਿਲਾਂ ਕੀਤੀ ਗਈ ਇਸ ਸੰਧੀ ਦਾ ਦੇਸ਼ ਦੇ ਫੌਰੀ ਜਾਂ ਵਡੇਰੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਸੀ, ਬਲਕਿ ਇਹ, ਮੁੱਖ ਤੌਰ 'ਤੇ, ਪਰਮਾਣੂ ਭੱਠੀਆਂ ਦਾ ਨਿਰਮਾਣ ਤੇ ਵਪਾਰ ਕਰਨ ਵਾਲੇ ਸਾਮਰਾਜੀ ਲੁਟੇਰਿਆਂ ਦੇ ਹਿੱਤਾਂ ਦੀ ਪੂਰਤੀ ਵੱਲ ਸੇਧਤ ਸੀ। ਇਸ ਦੇ ਬਾਵਜੂਦ ਮੋਦੀ ਸਰਕਾਰ ਆਪਣੇ ਸਾਮਰਾਜੀ ਪ੍ਰਭੂਆਂ ਦੇ ਹਿੱਤਾਂ ਨੂੰ ਸੁਰਖਿਅਤ ਕਰਨ ਲਈ ਹੁਣ ਇਸ ਸੰਧੀ ਬਾਰੇ ਸਭ ਤੋਂ ਵੱਧ ਫਿਕਰਮੰਦੀ ਦਾ ਪ੍ਰਗਟਾਵਾ ਕਰ ਰਹੀ ਹੈ। ਪ੍ਰੰਤੂ ਦੂਜੇ ਪਾਸੇ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੂੰ ਥੋੜੀ ਬਹੁਤ ਰਾਹਤ ਪਹੁੰਚਾਉਂਦੇ ਮਨਰੇਗਾ ਵਰਗੇ ਕਾਰਜਾਂ ਨੂੰ ਖੁਰਦ ਬੁਰਦ ਕਰਨ ਦੇ ਸੰਕੇਤ ਦੇ ਰਹੀ ਹੈ। ਇਹ, ਅਸਲ ਵਿਚ, ਪ੍ਰਮਾਣੂ ਸੰਧੀ ਵਿਰੁੱਧ ਚਲ ਰਹੇ ਜਨਤਕ ਪ੍ਰਤੀਰੋਧ ਨੂੰ ਜ਼ੋਰ ਜਬਰਦਸਤੀ ਨਾਲ ਦਬਾਉਣ ਦਾ ਸਾਮਰਾਜੀ ਸ਼ਕਤੀਆਂ ਨਾਲ ਸ਼ਰੇਆਮ ਕੀਤਾ ਜਾ ਰਿਹਾ ਵਾਅਦਾ ਹੈ। ਸਰਕਾਰ ਦੀ ਇਸ ਪਹੁੰਚ ਤੋਂ ਇਹ ਵੀ ਸਥਾਪਤ ਹੋ ਜਾਂਦਾ ਹੈ ਕਿ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਲਾਜ਼ਮੀ ਤੌਰ 'ਤੇ ਦੇਸੀ ਤੇ ਵਿਦੇਸ਼ੀ ਅਜਾਰੇਦਾਰਾਂ ਅਤੇ ਉਹਨਾਂ ਵਲੋਂ ਪ੍ਰਣਾਏ ਹੋਏ ਨਵਉਦਾਰਵਾਦ ਦੇ ਲੋਕ ਮਾਰੂ ਆਰਥਕ ਸਿਧਾਂਤ ਅਨੁਸਾਰ ਹੀ ਚੱਲਣਗੀਆਂ ਨਾਕਿ ਦੇਸ਼ ਤੇ ਦੇਸ਼ ਦੇ ਗਰੀਬਾਂ ਦੇ ਹਿੱਤਾਂ ਮੁਤਾਬਕ। 
ਦੇਸ਼ ਨੂੰ ਦਰਪੇਸ਼ ਹੋਰ ਸਮੱਸਿਆਵਾਂ, ਵਿਕਾਸ ਮੁਖੀ ਕਾਰਜਾਂ ਅਤੇ ਸਰਕਾਰ ਦੇ ਲਗਾਤਾਰ ਵਧਦੇ ਆ ਰਹੇ ਵਿੱਤੀ ਘਾਟੇ 'ਤੇ ਕਾਬੂ ਪਾਉਣ ਆਦਿ ਵਰਗੇ ਮਸਲਿਆਂ ਉਪਰ ਵੀ ਮੋਦੀ ਸਰਕਾਰ ਦੀ ਪਹੁੰਚ ਬੇਹੱਦ ਚਿੰਤਾਜਨਕ ਦਿਖਾਈ ਦੇ ਰਹੀ ਹੈ। ਸਰਕਾਰੀ ਬੁਲਾਰਿਆਂ ਵਲੋਂ ਰੇਲ ਕਿਰਾਏ-ਭਾੜੇ ਵਿਚ ਗੈਰਜਮਹੂਰੀ ਢੰਗ ਨਾਲ ਕੀਤੇ ਗਏ ਭਾਰੀ ਤੇ ਨਾਜਾਇਜ਼ ਵਾਧੇ ਨੂੰ ''ਲੜਖੜਾ ਰਹੀ ਆਰਥਕਤਾ ਵਾਸਤੇ ਲੋੜੀਂਦੀ ਕੌੜੀ ਗੋਲੀ'' ਕਰਾਰ ਦਿੱਤਾ ਜਾ ਰਿਹਾ ਹੈ, ਉਵੇਂ ਹੀ ਵਿੱਤੀ ਘਾਟੇ ਤੇ ਕਾਬੂ ਪਾਉਣ ਵਾਸਤੇ ਵੀ ਕੁਝ ਹੋਰ ''ਸਖ਼ਤ ਕਦਮ'' ਪੁੱਟੇ ਜਾਣ ਤੇ ਸੰਕੇਤ ਦਿੱਤੇ ਜਾ ਰਹੇ ਹਨ। ਇਸ ਪੱਖੋਂ ਮੁਕੰਮਲ ਤਸਵੀਰ ਤਾਂ ਇਸ ਸਰਕਾਰ ਦੀਆਂ ਅਗਲੇ ਮਹੀਨੇ ਆ ਰਹੀਆਂ ਬਜਟ ਤਜ਼ਵੀਜਾਂ ਤੋਂ ਹੀ ਸਪੱਸ਼ਟ ਹੋਵੇਗੀ, ਪ੍ਰੰਤੂ ਪ੍ਰਧਾਨ ਮੰਤਰੀ ਵਲੋਂ ਪਿਛਲੇ ਦਿਨੀਂ ਗੋਆ ਵਿਖੇ ਭਾਜਪਾ ਦੇ ਕਾਰਜਕਰਤਾਵਾਂ ਨੂੰ ਸੰਬੋਧਨ ਕਰਦਿਆਂ ਕਹੇ ਗਏ ਸ਼ਬਦ ਬੜੇ ਖਤਰਨਾਕ ਦਿਖਾਈ ਦਿੰਦੇ ਹਨ। ਉਹਨਾਂ ਕਿਹਾ ਸੀ : ''ਸਾਨੂੰ ਕਈ ਸਖਤ ਕਦਮ ਪੁੱਟਣੇ ਪੈਣਗੇ। ਜਿਹਨਾਂ ਨਾਲ ਲੋਕ ਨਾਰਾਜ਼ ਵੀ ਹੋ ਸਕਦੇ ਹਨ, ਪ੍ਰੰਤੂ ਦੇਸ਼ ਦੇ ਉਜਲੇ ਭਵਿੱਖ ਲਈ ਅਜੇਹੇ ਕਦਮ ਪੁੱਟਣੇ ਜ਼ਰੂਰੀ ਹੋਣਗੇ।'' ਇਹ ਤਾਂ ਸਪੱਸ਼ਟ ਹੀ ਹੈ ਕਿ ਵਿੱਤੀ ਘਾਟੇ 'ਤੇ ਕਾਬੂ ਪਾਉਣ ਵਾਸਤੇ ਇਹ ਸਰਕਾਰ ਨਾ ਆਪਣੀਆਂ ਫਜੂਲ ਖਰਚੀਆਂ ਘਟਾ ਸਕਦੀ ਹੈ ਅਤੇ ਨਾ ਹੀ ਸਰਕਾਰੀ ਆਮਦਨਾਂ ਵਿਚ ਵਾਧਾ ਕਰਨ ਵਾਸਤੇ ਟੈਕਸਾਂ ਦੀ ਚੋਰੀ ਕਰ ਰਹੇ ਵੱਡੇ ਵੱਡੇ ਪੂੰਜੀਪਤੀਆਂ ਨੂੰ ਹੱਥ ਪਾ ਸਕਦੀ ਹੈ। ਉਹਨਾਂ ਚੋਰਾਂ ਤੋਂ ਮਿਲੇ ਬੇਹਿਸਾਬੇ ਚੰਦੇ ਤੇ ਹੋਰ ਹਰ ਤਰ੍ਹਾਂ ਦੀ ਸਹਾਇਤਾ ਨਾਲ ਤਾਂ ਚੋਣਾਂ ਲੜੀਆਂ ਗਈਆਂ ਹਨ ਅਤੇ ਰਾਜਗੱਦੀ ਨਸੀਬ ਹੋਈ ਹੈ। ਇਸ ਲਈ ਸਰਕਾਰੀ ਆਮਦਨ ਵਧਾਉਣ ਵਾਸਤੇ ਇਹਨਾਂ ''ਸਖਤ ਕਦਮਾਂ'' ਅਧੀਨ ਲਾਜ਼ਮੀ, ਆਮ ਲੋਕਾਂ ਉਪਰ ਟੈਕਸਾਂ ਦਾ ਭਾਰ ਹੋਰ ਵਧੇਗਾ, ਸਬਸਿਡੀਆਂ ਵੱਧ ਤੋਂ ਵੱਧ ਘਟਾਈਆਂ ਜਾਣਗੀਆਂ ਅਤੇ ਸਮਾਜਿਕ ਸੇਵਾਵਾਂ ਉਪਰ ਕਟੌਤੀਆਂ ਦੀ ਕੈਂਚੀ ਵੀ ਵਧੇਰੇ ਤੇਜ਼ੀ ਨਾਲ ਚੱਲੇਗੀ। ਇਸ ਨਾਲ, ਕੁਦਤਰੀ ਤੌਰ 'ਤੇ, ਦੇਸ਼ ਭਰ ਵਿਚ ਮਹਿੰਗਾਈ ਦਾ ਡੰਗ ਹੋਰ ਤਿੱਖਾ ਹੋਵੇਗਾ। ਸੰਭਾਵਨਾ ਇਹ ਵੀ ਹੈ ਕਿ ਸਰਕਾਰੀ ਆਮਦਨਾਂ ਵਧਾਉਣ ਲਈ ਇਹ ਸਰਕਾਰ ਵੀ ਜਨਤਕ ਖੇਤਰ ਦੇ ਅਦਾਰਿਆਂ ਅਤੇ ਦੇਸ਼ ਦੇ ਬੇਸ਼ਕੀਮਤੀ ਕੁਦਰਤੀ ਖਜ਼ਾਨਿਆਂ ਨੂੰ ਹੋਰ ਵਧੇਰੇ ਘੱਟੇ ਕੌਡੀਆਂ ਰਲਾਉਣ ਦੀ ਮਨਮੋਹਨ ਸਿੰਘ ਮਾਰਕਾ ਖੇਡ ਜਾਰੀ ਰੱਖੇਗੀ। ਜਿਸ ਨਾਲ ਦੇਸ਼ ਦੇ ਪਰਿਆਵਰਨ ਦਾ ਅਤੇ ਦੇਸ਼ਵਾਸੀਆਂ ਦੀਆਂ ਭਵਿੱਖੀ ਪੀੜ੍ਹੀਆਂ ਦੇ ਹਿੱਤਾਂ ਦਾ ਨੁਕਸਾਨ ਹੋਣਾ ਬਦਸਤੂਰ ਜਾਰੀ ਰਹੇਗਾ। ਸੌਂਹ ਚੁੱਕ ਸਮਾਗਮ ਦੀ ਬੇਲੋੜੀ ਆਡੰਬਰਬਾਜ਼ੀ ਤੋਂ ਇਹ ਭਲੀਭਾਂਤ ਦਿਖਾਈ ਦਿੰਦਾ ਹੈ ਕਿ ਸਰਕਾਰੀ ਫਜੂਲਖਰਚੀਆਂ ਨੂੰ ਨੱਥ ਪਾਉਣਾ ਇਸ ਸਰਕਾਰ ਦੇ ਅਜੰਡੇ 'ਤੇ ਨਹੀਂ ਹੈ, ਅਤੇ ਨਾ ਹੀ ਕਾਲੇ ਧਨ ਨੂੰ ਜ਼ਬਤ ਕਰਨ ਸਬੰਧੀ ਕਿਸੇ ਸੰਜੀਦਾ ਪਹੁੰਚ ਦਾ ਕਿਧਰੇ ਪ੍ਰਗਟਾਵਾ ਹੋ ਰਿਹਾ ਹੈ। 
ਇਹ ਵੀ ਸੱਚ ਹੈ ਕਿ ਮੌਜੂਦਾ ਲੱਕ ਤੋੜ ਮਹਿੰਗਾਈ ਵਾਂਗ ਹੀ ਅੱਜ ਕੌੜੀ ਵੇਲ ਵਾਂਗ ਵੱਧਦੀ ਜਾ ਰਹੀ ਬੇਰੋਜ਼ਗਾਰੀ ਵੀ ਸਾਡੇ ਦੇਸ਼ ਦੀ ਇਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕੀ ਹੈ, ਜਿਹੜੀ ਕਿ ਇਕ ਤਰ੍ਹਾਂ ਨਾਲ ਵਿਸਫੋਟਕ ਰੂਪ ਧਾਰਨ ਕਰ ਚੁੱਕੀ ਹੈ ਅਤੇ ਕਈ ਹੋਰ ਖਤਰਨਾਕ ਸਮਾਜਿਕ ਤੇ ਅਮਨ ਕਨੂੰਨ ਨਾਲ ਸਬੰਧਤ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ। ਇਸ ਵੱਡੀ ਸਮੱਸਿਆ ਨੂੰ ਅਸਰਦਾਰ ਢੰਗ ਨਾਲ ਹੱਥ ਪਾਉਣ ਅਤੇ ਦੇਸ਼ ਅੰਦਰ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਕੋਈ ਗੰਭੀਰ ਵਿਚਾਰ ਚਰਚਾ ਆਰੰਭ ਕਰਨ ਜਾਂ ਕੋਈ ਪ੍ਰਭਾਵਸ਼ਾਲੀ ਪਹਿਲਕਦਮੀ ਕਰਨ ਦੀ ਬਜਾਏ ਮੋਦੀ ਸਰਕਾਰ ਨੇ ਵਿਦੇਸ਼ੀ ਵਿੱਤੀ ਪੂੰਜੀ (FDI) ਦੀ ਆਮਦ ਲਈ ਦੇਸ ਦੀ ਆਰਥਕਤਾ ਦੇ ਦਰਵਾਜ਼ੇ ਹੋਰ ਵਧੇਰੇ ਖੋਹਲ ਦੇਣ ਦੇ ਐਲਾਨ ਜ਼ਰੂਰ ਕੀਤੇ ਹਨ। ਸੁਰੱਖਿਆ ਉਤਪਾਦਨ ਦਾ ਖੇਤਰ, ਜਿਹੜਾ ਕਿ ਆਜ਼ਾਦੀ ਪ੍ਰਾਪਤੀ ਉਪਰੰਤ ਬਣਾਈ ਗਈ ਸਨਅਤੀ ਨੀਤੀ ਅਨੁਸਾਰ ਮੁਕੰਮਲ ਰੂਪ ਵਿਚ ਜਨਤਕ ਖੇਤਰ ਵਾਸਤੇ ਰਾਖਵਾਂ ਕੀਤਾ ਸੀ, ਮੋਦੀ ਸਰਕਾਰ ਹੁਣ ਪੂਰੀ ਤਰ੍ਹਾਂ ਵਿਦੇਸ਼ੀ ਪੂੰਜੀ ਲਈ ਖੋਹਲ ਰਹੀ ਹੈ। ਰੱਖਿਆ ਮੰਤਰਾਲੇ ਨਾਲ ਸਬੰਧਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਵਿੱਤ ਮੰਤਰੀ ਅਰੁਣ ਜੈਤਲੀ ਨੇ ਇਸ ਖੇਤਰ ਵਿਚ ਵੀ 100% ਵਿਦੇਸ਼ੀ ਪੂੰਜੀ ਨਿਵੇਸ਼ ਕਰਨ ਦੀ ਆਗਿਆ ਦੇਣ ਦੇ ਸੰਕੇਤ ਦੇ ਦਿੱਤੇ ਹਨ। ਏਸੇ ਤਰ੍ਹਾਂ ਬੀਮਾ ਅਤੇ ਏਥੋਂ ਤੱਕ ਕਿ ਰੇਲਵੇ ਅੰਦਰ ਵੀ 100% ਵਿਦੇਸ਼ੀ ਪੂੰਜੀ ਦੀ ਇਜਾਜ਼ਤ ਦੇਣ ਦੀਆਂ ਚਰਚਾਵਾਂ ਸ਼ੁਰੂ ਹਨ। ਇਸ ਨਾਲ ਨਾ ਸਿਰਫ ਦੇਸ਼ ਦੇ ਸੁਰੱਖਿਆ ਨਾਲ ਸਬੰਧਤ ਹਿੱਤਾਂ ਦਾ ਨੁਕਸਾਨ ਹੋਵੇਗਾ ਬਲਕਿ ਰੋਜ਼ਗਾਰ ਦੀ ਮੰਡੀ ਵੀ ਹੋਰ ਵਧੇਰੇ ਸੁੰਗੜ ਜਾਣੀ ਹੈ। 
ਅੰਤ ਵਿਚ ਅਸੀਂ, ਮੋਦੀ ਸਰਕਾਰ ਵਲੋਂ ਆਪਣੀ ਹਰ ਮੁਸ਼ਕਲ ਦੇ ਹੱਲ ਲਈ ਵਰਤੇ ਜਾਣ ਵਾਲੇ 'ਰਾਮ ਬਾਣ' ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਝਦੇ ਹਾਂ। ਆਰ.ਐਸ.ਐਸ. ਦੀ ਅਗਵਾਈ ਹੇਠ ਦੇਸ਼ ਅੰਦਰ ਕੀਤੇ ਗਏ ਫਿਰਕੂ ਧਰੁਵੀਕਰਨ ਰਾਹੀਂ ਸੱਤਾ ਸੰਭਾਲਦਿਆਂ ਹੀ ਇਸ ਸਰਕਾਰ ਨੇ ਦੇਸ਼ ਭਰ ਵਿਚ 'ਸੇਹ ਦੇ ਤਕਲੇ' ਗੱਡਣੇ ਸ਼ੁਰੂ ਕਰ ਦਿੱਤੇ ਹਨ। ਜੰਮੂ ਤੋਂ ਚੁਣੇ ਗਏ ਮੰਤਰੀ ਨੇ ਤਾਂ ਮੰਤਰੀ ਪਦ ਦੀ ਸੌਂਹ ਚੁਕਦਿਆਂ ਹੀ ਧਾਰਾ 370 ਦਾ ਬਿਖੇੜਾ  ਆਰੰਭ ਕਰ ਦਿੱਤਾ ਹੈ। ਭਾਵੇਂ ਕਿ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਇਸ ਮੁੱਦੇ 'ਤੇ ਥੋੜਾ ਨਰਮ ਰੁੱਖ ਅਖਤਿਆਰ ਕੀਤਾ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਵਲੋਂ ਰਾਸ਼ਟਰਪਤੀ ਦੇ ਧੰਨਵਾਦ ਦੇ ਮਤੇ 'ਤੇ ਬੋਲਦਿਆਂ ਤਾਂ ਇਕ ਐਸੀ ਗੁੱਝੀ ਚੁਆਤੀ ਲਾਈ ਹੈ ਜਿਸ ਨੂੰ ਕਦੇ ਵੀ ਭਾਂਬੜ ਦਾ ਰੂਪ ਦਿੱਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ, ਆਪਣੇ ਇਸ ਭਾਸ਼ਨ ਵਿਚ, ਦੇਸ਼ ਵਾਸੀਆਂ ਨੂੰ 1200 ਸਾਲਾਂ ਦੀ ਗੁਲਾਮੀ ਦੀ ਮਾਨਸਿਕਤਾ ਤਿਆਗਣ ਦਾ ਸੰਦੇਸ਼ ਦਿੱਤਾ ਹੈ, ਜਦੋਂਕਿ ਤੱਥ ਇਹ ਹੈ ਕਿ ਭਾਰਤ ਸਿਰਫ 200 ਸਾਲ ਲਈ ਅੰਗਰੇਜਾਂ ਦੀ ਬਸਤੀਵਾਦੀ ਗੁਲਾਮੀ ਦੀ ਜੂਲੇ ਹੇਠ ਰਿਹਾ ਹੈ। ਪਰ ਆਰ.ਐਸ.ਐਸ. ਦੀਆਂ ਨਜ਼ਰਾਂ ਵਿਚ ਉਸ ਤੋਂ ਪਹਿਲਾਂ ਦੇ 1000 ਸਾਲ ਵੀ ਗੁਲਾਮੀ ਦੇ ਹੀ ਸਨ। ਭਾਸ਼ਾ ਦੇ ਮੁੱਦੇ 'ਤੇ ਵੀ ਮੋਦੀ ਸਰਕਾਰ ਨੇ ਮੁੜ ਗੜ੍ਹੇ ਮੁਰਦੇ ਉਖਾੜਨ ਦਾ ਰਾਹ ਅਪਣਾਇਆ ਹੈ ਅਤੇ ਗੈਰ ਹਿੰਦੀ ਭਾਸ਼ੀ ਲੋਕਾਂ ਅੰਦਰ ਵੱਖਰੇਵੇਂ ਦੀ ਭਾਵਨਾ ਉਭਾਰਨ ਦੇ ਖਤਰਨਾਕ ਯਤਨ ਕੀਤੇ ਹਨ। ਏਨੇ ਕੁ ਸਮੇਂ ਦੌਰਾਨ ਸਰਕਾਰ ਵਲੋਂ ਪ੍ਰਾਪਤ ਹੋਏ ਇਹ ਸਾਰੇ ਸੰਕੇਤ ਆਉਣ ਵਾਲੇ ਸਮੇਂ ਵਿਚ ਉਭਰ ਸਕਦੇ ਨਵੇਂ ਖਤਰਿਆਂ ਦੇ ਹੀ ਸੂਚਕ ਹਨ। ਇਸ ਲਈ, ਇਸ ਸਰਕਾਰ ਵਲੋਂ ਦੇਸ਼ ਅੰਦਰ ਫਿਰਕੂ ਜ਼ਹਿਰ ਖਿਲਾਰਨ ਵਾਸਤੇ ਗਿਣਮਿਥਕੇ ਕੀਤੇ ਜਾ ਸਕਦੇ ਵੱਖ ਵੱਖ ਤਰ੍ਹਾਂ ਦੇ ਯਤਨਾਂ ਬਾਰੇ ਵੀ ਕਦਾਚਿੱਤ ਅਵੇਸਲੇ ਨਹੀਂ ਹੋਇਆ ਜਾ ਸਕਦਾ। ਇਸ ਗੱਲ ਦੀ ਵੀ ਭਾਰੀ ਸੰਭਾਵਨਾ ਹੈ ਕਿ ਸਰਕਾਰ ਵਲੋਂ ਅਪਣਾਈਆਂ ਗਈਆਂ ਪਿਛਲੀ ਸਰਕਾਰ ਵਾਲੀਆਂ ਹੀ ਸਾਮਰਾਜ ਨਿਰਦੇਸ਼ਤ ਆਰਥਕ ਨੀਤੀਆਂ ਕਾਰਨ ਪੈਦਾ ਹੋਣ ਵਾਲੀ ਬੇਚੈਨੀ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ਅਤੇ ਲੋਕ ਰੋਹ ਨੂੰ ਕੁਰਾਹੇ ਪਾਉਣ ਲਈ ਇਹ ਸਰਕਾਰ ਕਦੇ ਵੀ ਫਿਰਕੂ ਵੰਡੀਆਂ ਪਾਉਣ ਵਾਲੇ ਮੁੱਦਿਆਂ ਦੀ ਦੁਰਵਰਤੋਂ ਕਰ ਸਕਦੀ ਹੈ ਅਤੇ ਲੋਕਾਂ ਨੂੰ ਆਪੋ ਵਿਚ ਲੜਾ ਕੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਦੀ ਨੀਤੀ ਅਪਣਾ ਸਕਦੀ ਹੈ। 
ਇਸ ਲਈ ਸਰਕਾਰ ਦੇ ਅਜੇਹੇ ਲੋਕ ਮਾਰੂ, ਜਮਹੂਰੀਅਤ ਵਿਰੋਧੀ ਅਤੇ ਭਰਾਤਰੀ ਸਦਭਾਵਨਾ ਨੂੰ ਢਾਅ ਲਾਉਣ ਵਾਲੇ ਖਤਰਨਾਕ ਕਦਮਾਂ ਨੂੰ ਭਾਂਜ ਦੇਣ ਲਈ ਕਿਰਤੀ ਜਨਸਮੂਹਾਂ ਨੂੰ ਇਕਜੁਟ ਕਰਨਾ ਤੇ ਜਨਤਕ ਘੋਲਾਂ ਨੂੰ ਦਰਿੜਤਾ ਭਰਪੂਰ ਢੰਗ ਨਾਲ ਪ੍ਰਚੰਡ ਕਰਨਾ ਅੱਜ ਕਿਰਤੀ ਲੋਕਾਂ ਲਈ ਹੋਰ ਵੀ ਵਧੇਰੇ ਜ਼ਰੂਰੀ ਕਾਰਜ ਬਣ ਗਿਆ ਹੈ।  (25.6.2014)
- ਹਰਕੰਵਲ ਸਿੰਘ