ਰਵੀ ਕੰਵਰ
ਇਜ਼ਰਾਇਲ ਦਾ ਗਾਜ਼ਾ ਪੱਟੀ ਉਤੇ ਵਹਿਸ਼ੀ ਫੌਜੀ ਹਮਲਾ
ਮੱਧ-ਪੂਰਬ ਇਕ ਵਾਰ ਫਿਰ ਜੰਗ ਦੀ ਭੱਠੀ ਵਿਚ ਸੜ ਰਿਹਾ ਹੈ। ਇਜ਼ਰਾਇਲ ਵਲੋਂ 8 ਜੁਲਾਈ ਤੋਂ ਫਲਸਤੀਨੀ ਅਥਾਰਟੀ ਦੇ ਅਧਿਕਾਰ ਹੇਠਲੇ ਇਲਾਕੇ ਗਾਜ਼ਾ ਪੱਟੀ ਉਤੇ ਹਵਾਈ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਹਿਸ਼ੀਆਨਾ ਹਮਲਿਆਂ ਨੇ 18 ਜੁਲਾਈ ਤੋਂ ਹੋਰ ਵੀ ਬਰਬਰ ਰੂਪ ਅਖਤਿਆਰ ਕਰ ਲਿਆ ਜਦੋਂ ਇਜ਼ਰਾਈਲ ਨੇ ਗਾਜ਼ਾ ਪੱਟੀ ਉਤੇ ਜ਼ਮੀਨੀ ਫੌਜੀ ਹਮਲਾ ਵੀ ਸ਼ੁਰੂ ਕਰ ਦਿੱਤਾ।
ਹਮਾਸ ਫਲਸਨੀਤੀ ਗਰੁੱਪ ਵਲੋਂ ਗਾਜ਼ਾ ਪੱਟੀ ਤੋਂ ਇਜਰਾਈਲ ਉਤੇ ਕੀਤੇ ਜਾਂਦੇ ਰਾਕਟ ਹਮਲਿਆਂ ਦਾ ਜਵਾਬ ਦੇਣ ਅਤੇ ਇਨ੍ਹਾਂ ਨੂੰ ਬੰਦ ਕਰਵਾਉਣ ਦੇ ਬਹਾਨੇ ਹੇਠ ਇਜ਼ਰਾਈਲ ਦੀ ਫੌਜ ਵਲੋਂ 'ਅਪਰੇਸ਼ਨ ਪ੍ਰੋਟੈਕਟਿਵ ਐਜ' ਦੇ ਨਾਂਅ ਅਧੀਨ ਇਹ ਹਮਲਾ ਕੀਤਾ ਗਿਆ ਹੈ। ਫਲਸਤੀਨੀਆਂ ਦੇ ਨਰਸੰਘਾਰ ਦਾ ਰੂਪ ਅਖਤਿਆਰ ਕਰ ਚੁੱਕੇ ਇਸ ਹਮਲੇ ਦੇ 17ਵੇਂ ਦਿਨ 24 ਜੁਲਾਈ ਤੱਕ 777 ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ 5000 ਤੋਂ ਵੱਧ ਜਖ਼ਮੀ ਹੋਏ ਹਨ। ਜਿਨ੍ਹਾਂ ਵਿਚ ਤਿੰਨ ਚੌਥਾਈ ਨਿਰਦੋਸ਼ ਆਮ ਨਾਗਰਿਕ ਹਨ, 200 ਤੋਂ ਉਤੇ ਬੱਚੇ ਵੀ ਇਨ੍ਹਾਂ ਵਿਚ ਸ਼ਾਮਲ ਹਨ। ਜਦੋਂਕਿ ਇਜ਼ਰਾਇਲ ਦੇ ਹੁਣ ਤੱਕ ਸਿਰਫ 34 ਫੌਜੀ ਹੀ ਮਾਰੇ ਗਏ ਹਨ। ਇਨ੍ਹਾਂ ਵਿਚੋਂ ਵੀ 32 ਤਾਂ 18 ਜੁਲਾਈ ਤੋਂ ਇਜ਼ਰਾਇਲ ਵਲੋਂ ਸ਼ੁਰੂ ਕੀਤੇ ਗਏ ਜ਼ਮੀਨੀ ਹਮਲੇ ਤੋਂ ਬਾਅਦ ਮਰੇ ਹਨ। ਹਮਾਸ ਵਲੋਂ ਸੁੱਟੇ ਗਏ ਬਹੁਤੇ ਰਾਕਟ, ਇਜ਼ਰਾਇਲ ਦੇ ਰੇਗਿਸਤਾਨੀ ਦੂਰ ਦੁਰਾਡੇ ਖੇਤਰਾਂ ਵਿਚ ਡਿੱਗੇ ਹਨ, ਅਤੇ ਹੋਰ ਕਈ ਇਜ਼ਰਾਇਲ ਦੀ ਅਸਮਾਨ ਵਿਚ ਹੀ ਰਾਕਟ ਨਸ਼ਟ ਕਰਨ ਵਾਲੀ ਰੱਖਿਆ ਪ੍ਰਣਾਲੀ 'ਆਇਰਨ ਡੋਮ' ਦਾ ਸ਼ਿਕਾਰ ਬਣੇ ਹਨ। ਗਿਣਤੀ ਦੇ ਹੀ ਰਾਕਟ ਆਬਾਦੀ ਵਾਲੀਆਂ ਥਾਵਾਂ 'ਤੇ ਮਾਰ ਕਰਨ ਵਿਚ ਸਫਲ ਰਹੇ ਹਨ। ਇਜ਼ਰਾਇਲੀ ਫੌਜਾਂ ਦੇ ਹਮਲਿਆਂ ਨਾਲ ਹੁਣ ਤੱਕ 475 ਘਰ ਪੂਰੀ ਤਰ੍ਹਾਂ ਨਸ਼ਟ ਕੀਤੇ ਜਾ ਚੁੱਕੇ ਹਨ, 2644 ਨੂੰ ਵੱਡੀ ਪੱਧਰ 'ਤੇ ਨੁਕਸਾਨ ਪੁੱਜਾ ਹੈ, ਉਹ ਰਹਿਣ ਯੋਗ ਨਹੀਂ ਹਨ। 46 ਸਕੂਲ, 56 ਮਸਜਿਦਾਂ ਤੇ 7 ਹਸਪਤਾਲ ਤਬਾਹ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਵਲੋਂ ਚਲਾਏ ਜਾ ਰਹੇ ਇਕ ਸਕੂਲ ਉਤੇ ਇਜ਼ਰਾਇਲੀ ਫੌਜ ਦੀ ਗੋਲਾਬਾਰੀ ਨਾਲ 24 ਜੁਲਾਈ ਨੂੰ ਬੱਚਿਆਂ ਸਮੇਤ 15 ਲੋਕ ਮਰੇ ਹਨ ਅਤੇ ਵੱਡੀ ਗਿਣਤੀ ਵਿਚ ਜਖ਼ਮੀ ਹੋਏ ਹਨ।
12 ਜੂਨ ਨੂੰ ਤਿੰਨ ਇਜ਼ਰਾਇਲੀ ਮੁੰਡਿਆਂ ਨੂੰ ਉਧਾਲ ਲਿਆ ਗਿਆ ਸੀ। ਜਿਨ੍ਹਾਂ ਦੀਆਂ ਲਾਸ਼ਾਂ 30 ਜੂਨ ਨੂੰ ਜਿਥੋਂ ਉਹ ਗੁਆਚੇ ਸੀ ਉਸਦੇ ਨੇੜਲੇ ਖੇਤਾਂ ਵਿਚੋਂ ਮਿਲੀਆਂ ਸਨ। ਇਜ਼ਰਾਇਲ ਨੇ ਇਨ੍ਹਾਂ ਦੇ ਉਧਾਲੇ ਅਤੇ ਕਤਲ ਲਈ 'ਹਮਾਸ' ਨੂੰ ਜਿੰਮੇਵਾਰ ਠਹਿਰਾਇਆ ਹੈ, ਜਦੋਂ ਕਿ ਹਮਾਸ ਇਸ ਤੋਂ ਸਾਫ ਇਨਕਾਰ ਕਰ ਰਿਹਾ ਹੈ। ਇਨ੍ਹਾਂ ਉਧਾਲੇ ਗਏ ਨੌਜਵਾਨਾਂ ਨੂੰ ਲੱਭਣ ਦੇ ਬਹਾਨੇ ਹੇਠ ਇਜ਼ਰਾਇਲ ਦੀ ਫੌਜ ਵਲੋਂ ਇਹ ਹਮਲਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੂੰ ਲੱਭਣ ਦੇ ਨਾਂਅ ਹੇਠ ਫੌਜ ਨੇ ਪੱਛਮੀ ਕੰਢੇ ਦੇ ਹਰ ਸ਼ਹਿਰ ਵਿਚ ਛਾਪੇ ਮਾਰੇ। ਸਵਿਟਜਰਲੈਂਡ ਦੇ ਮਨੁੱਖੀ ਅਧਿਕਾਰਾਂ ਬਾਰੇ ਗਰੁੱਪ 'ਯੂਰੋ ਮਿਡ ਆਬਰਜ਼ਵਰ' ਦੀ ਰਿਪੋਰਟ ਅਨੁਸਾਰ 24000 ਤੋਂ ਵੱਧ ਫੌਜੀ ਛਾਪੇ ਮਾਰੇ ਗਏ, ਘਰਾਂ ਦੇ ਬੂਹਿਆਂ ਨੂੰ ਭੰਨਿਆਂ ਗਿਆ। ਸਿੱਖਿਆ ਕੇਂਦਰ, ਸਿਵਲ ਸੰਸਥਾਵਾਂ ਅਤੇ ਰਿਹਾਇਸ਼ੀ ਖੇਤਰਾਂ ਵਿਚ ਦਮਨ ਦਾ ਤਾਂਡਵ ਨਾਚ ਕੀਤਾ ਗਿਆ। 600 ਦੇ ਲਗਭਗ ਫਲਸਤੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਨ੍ਹਾਂ ਛਾਪਿਆ ਦੌਰਾਨ 130 ਜ਼ਖਮੀ ਹੋਏ ਅਤੇ 7 ਫਲਸਤੀਨੀ ਨਾਗਰਿਕ ਮਾਰੇ ਗਏ। ਜਾਣਬੁੱਝਕੇ ਭੰਨ ਤੋੜ ਕੀਤੀ ਗਈ। ਕਈ ਘਰਾਂ ਨੂੰ ਫੌਜੀ ਚੌਕੀਆਂ ਵਿਚ ਬਦਲ ਦਿੱਤਾ ਗਿਆ। ਘਰਾਂ ਦੇ ਵਸਨੀਕਾਂ ਨਾਲ ਗਾਲੀ ਗਲੌਚ, ਠੁੱਡੇ ਮਾਰਨਾ ਅਤੇ ਬੰਦੂਕਾਂ ਦੇ ਬੱਟਾਂ ਨਾਲ ਕੁੱਟਣਾ ਆਮ ਗੱਲ ਸੀ। ਫਲਸਤੀਨੀ ਅਥਾਰਟੀ ਦੀਆਂ 23 ਸੰਸਥਾਵਾਂ ਵਿਚ ਭੰਨਤੋੜ ਕੀਤੀ ਗਈ ਜਿਨ੍ਹਾਂ ਵਿਚ ਮੈਡੀਕਲ ਕੇਂਦਰ, ਮੀਡੀਆ ਦਫਤਰ, ਸਕੂਲ, ਮਸਜਦਾਂ, ਯੂਨੀਵਰਸਿਟੀਆਂ ਅਤੇ ਕਰੰਸੀ ਐਕਸਚੇਂਜ ਸ਼ਾਮਲ ਸਨ। ਇਨ੍ਹਾਂ ਛਾਪਿਆਂ ਦੌਰਾਨ ਘਰਾਂ ਅਤੇ ਵਪਾਰਕ ਸੰਸਥਾਵਾਂ ਤੋਂ 2.9 ਮਿਲੀਅਨ ਡਾਲਰ ਦੇ ਬਰਾਬਰ ਸੰਪਤੀ ਲੁੱਟ ਲਈ ਗਈ। ਜਿਨ੍ਹਾਂ ਵਿਚ 3,70,000 ਡਾਲਰ ਨਕਦ ਅਤੇ 2.5 ਮਿਲੀਅਨ ਡਾਲਰ ਕੀਮਤ ਦੇ ਕੰਪਿਊਟਰ, ਫਰਨੀਚਰ, ਕਾਰਾਂ ਆਦਿ ਸ਼ਾਮਲ ਹਨ। ਐਨਾ ਹੀ ਨਹੀਂ ਲਾਸ਼ਾਂ ਮਿਲਣ ਤੋਂ ਬਾਅਦ, ਜਿਸ ਵਿਅਕਤੀ ਨੂੰ ਦੋਸ਼ੀ ਦਸਦੇ ਹੋਏ ਗ੍ਰਿਫਤਾਰ ਕੀਤਾ ਗਿਆ ਉਸਦਾ ਘਰ ਵੀ ਇਜ਼ਰਾਇਲੀ ਫੌਜਾਂ ਨੇ ਉਸੇ ਵੇਲੇ ਢਾਹ ਦਿੱਤਾ।
ਇਸ ਤਰ੍ਹਾਂ ਇਜ਼ਰਾਇਲ ਨੇ ਨੰਗੇ ਚਿੱਟੇ ਵਹਿਸ਼ੀਆਨਾ ਦਮਨ ਨਾਲ ਇਸ ਫੌਜੀ ਹਮਲੇ ਦੀ ਸ਼ੁਰੂਆਤ ਕੀਤੀ ਸੀ। ਇਸ ਦਮਨ ਚੱਕਰ ਵਿਰੁੱਧ ਸਮੁੱਚੇ ਫਲਸਤੀਨੀ ਅਥਾਰਟੀ ਵਾਲੇ ਖੇਤਰਾਂ-ਪੱਛਮੀ ਕੰਢੇ ਅਤੇ ਗਾਜ਼ਾ ਪੱਟੀ ਵਿਚ ਹੀ ਨਹੀਂ ਬਲਕਿ ਇਜ਼ਰਾਇਲ ਵਿਚ ਵਸਦੇ ਫਲਸਤੀਨੀਆਂ ਵਿਚ ਵੀ ਰੋਹ ਫੈਲ ਗਿਆ ਅਤੇ ਥਾਂ-ਥਾਂ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ। 2 ਜੁਲਾਈ ਨੂੰ ਤਾਂ ਉਸ ਵੇਲੇ ਇਜ਼ਰਾਇਲੀਆਂ ਨੇ ਇਨਸਾਨੀਅਤ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਜੇਰੂਸ਼ਲਮ ਵਿਖੇ 6 ਇਜ਼ਰਾਇਲੀਆਂ ਦੇ ਇਕ ਗਰੁੱਪ ਨੇ ਬਦਲਾਖੋਰੀ ਅਧੀਨ ਮੁਹੰਮਦ ਅਬੂ ਖਾਦੇਰ ਨਾਂਅ ਦੇ ਫਲਸਤੀਨੀ ਮੁੰਡੇ ਨੂੰ ਜਬਰਦਸਤੀ ਕਾਰ ਵਿਚ ਬਿਠਾਕੇ ਉਧਾਲ ਲਿਆ ਅਤੇ ਬਾਅਦ ਵਿਚ ਉਸ ਨੂੰ ਅੱਗ ਲਾ ਕੇ ਮਾਰ ਦਿੱਤਾ। ਉਸਦੇ ਸਰੀਰ 'ਤੇ ਕੁੱਟਮਾਰ ਦੇ ਨਿਸ਼ਾਨ ਅਤੇ ਜਿਉਂਦੇ ਨੂੰ ਸਾੜਨ ਦੀ ਪੁਸ਼ਟੀ ਉਸਦੇ ਪੋਸਟਮਾਰਟਮ ਤੋਂ ਹੋਈ। ਇਸ ਨਾਲ ਫਲਸਤੀਨੀਆਂ ਵਿਚ ਰੋਹ ਹੋਰ ਪ੍ਰਚੰਡ ਹੋ ਗਿਆ ਅਤੇ ਰੋਸ ਮੁਜ਼ਾਹਰੇ ਸਮੁੱਚੇ ਫਲਸਤੀਨੀ ਖੇਤਰਾਂ ਵਿਚ ਹੀ ਨਹੀਂ ਬਲਕਿ ਸਮੁੱਚੀ ਦੁਨੀਆਂ ਵਿਚ ਹੋਏ। ਅਜਿਹੇ ਇਕ ਮੁਜ਼ਾਹਰੇ ਦੌਰਾਨ ਫਲਸਤੀਨ ਮੂਲ ਦੇ 15 ਕੁ ਸਾਲਾਂ ਦੇ ਅਮਰੀਕੀ ਮੁੰਡੇ ਤਾਰਕ ਅਬਦੁੱਲ ਖਾਦੇਰ, ਜਿਹੜਾ ਕਿ ਮੁਹੰਮਦ ਖਾਦੇਰ ਦਾ ਚਚੇਰਾ ਭਰਾ ਸੀ, ਦੀ ਇਜ਼ਰਾਇਲ ਪੁਲਸ ਨੇ ਜੇਰੂਸ਼ਲਮ ਵਿਖੇ ਸਖਤ ਕੁਟਮਾਰ ਕੀਤੀ ਅਤੇ ਉਸਨੂੰ ਉਧਾਲ ਲਿਆ। 5 ਘੰਟੇ ਕੋਈ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ। ਬਾਅਦ ਵਿਚ ਉਸਨੂੰ ਛੱਡ ਦਿੱਤਾ ਗਿਆ। ਇਥੇ ਇਹ ਵਰਣਨ ਯੋਗ ਹੈ ਕਿ ਮੁਹੰਮਦ ਖਾਦੇਰ ਜਾਂ ਉਸਦੇ ਪਰਿਵਾਰ ਦਾ ਇਜ਼ਰਾਇਲੀ ਮੁੰਡਿਆਂ ਨੂੰ ਉਧਾਲਣ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਸੀ। ਇਹ ਉਸ ਇਜ਼ਰਾਇਲੀ ਸਰਕਾਰ ਵਲੋਂ ਤਿੰਨ ਮੁੰਡਿਆਂ ਦੇ ਉਧਾਲੇ ਵਿਰੁੱਧ ਕੀਤਾ ਜਾ ਰਿਹਾ ਸੀ ਜਿਸਦੀ ਨਿਗਰਾਨੀ ਹੇਠ ਪਿਛਲੇ 66 ਸਾਲਾਂ ਵਿਚ 1518 ਫਲਸਤੀਨੀ ਬੱਚਿਆਂ ਦਾ ਕਤਲ ਕੀਤਾ ਜਾ ਚੁੱਕਾ ਹੈ। ਪਿਛਲੇ 13 ਸਾਲਾਂ ਤੋਂ ਔਸਤਨ ਹਰ ਤਿੰਨਾਂ ਦਿਨਾਂ ਵਿਚ ਇਕ ਫਲਸਤੀਨੀ ਬੱਚਾ ਇਜ਼ਰਾਇਲੀ ਫੌਜੀਆਂ ਹੱਥੋਂ ਮਰ ਰਿਹਾ ਹੈ।
ਇਜ਼ਰਾਇਲੀ ਸਰਕਾਰ ਨੇ 15 ਜੂਨ ਨੂੰ ਪ੍ਰੈਸ ਬਿਆਨ ਰਾਹੀਂ ਇਜ਼ਰਾਇਲੀ ਮੁੰਡਿਆਂ ਦੇ ਉਧਾਲੇ ਲਈ ਫਲਸਤੀਨੀ ਗਰੁੱਪ 'ਹਮਾਸ' ਨੂੰ ਜਿੰਮੇਵਾਰ ਠਹਿਰਾਇਆ ਸੀ, ਜਦੋਂਕਿ ਹਮਾਸ ਇਸ ਵਿਚ ਆਪਣਾ ਹੱਥ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ। ਇੱਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਇਸ ਬਾਰੇ ਇਜ਼ਰਾਇਲ ਕੋਈ ਠੋਸ ਸਬੂਤ ਨਹੀਂ ਪੇਸ਼ ਕਰ ਸਕਿਆ ਹੈ।
ਇਜ਼ਰਾਇਲੀ ਫੌਜਾਂ ਵਲੋਂ ਪੱਛਮੀ ਕੰਢੇ ਵਿਚ ਚਲਾਏ ਗਏ ਦਮਨਚੱਕਰ ਦੇ ਪ੍ਰਤੀਰੋਧ ਵਜੋਂ 28 ਜੂਨ ਨੂੰ ਗਾਜ਼ਾ ਪੱਟੀ ਤੋਂ ਹਮਾਸ ਅਤੇ ਹੋਰ ਫਲਸਤੀਨੀ ਗਰੁੱਪਾਂ ਨੇ ਇਜ਼ਰਾਇਲ ਉਤੇ ਰਾਕਟ ਹਮਲੇ ਸ਼ੁਰੂ ਕਰ ਦਿੱਤੇ। ਜਿਨ੍ਹਾਂ ਵਿਚੋਂ ਬਹੁਤੇ ਰਾਕੇਟ ਜਾਂ ਤਾਂ ਇਜ਼ਰਾਇਲ ਦੇ ਦੂਰ ਦੁਰਾਡੇ ਰੇਗਿਸਤਾਨੀ ਖੇਤਰਾਂ ਵਿਚ ਡਿੱਗੇ ਹਨ ਅਤੇ ਬਾਕੀਆਂ ਵਿਚੋਂ ਵਧੇਰੇ ਇਜ਼ਰਾਇਲ ਦੇ ਰਾਕਟ ਡੇਗਣ ਦੀ ਪ੍ਰਣਾਲੀ 'ਆਇਰਨ ਡੋਮ' ਰਾਹੀਂ ਮਾਰ ਕਰਨ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤੇ ਗਏ ਹਨ। ਇਨ੍ਹਾਂ ਰਾਕਟ ਹਮਲਿਆਂ ਨੂੰ ਰੋਕਣ ਅਤੇ ਹਮਾਸ ਦੀ ਮਾਰਕ ਸ਼ਕਤੀ ਨੂੰ ਨਸ਼ਟ ਕਰਨ ਦੇ ਨਾਂਅ ਹੇਠ ਹੀ 8 ਜੁਲਾਈ ਤੋਂ ਇਜ਼ਰਾਇਲੀ ਫੌਜ ਵਲੋਂ ਗਾਜ਼ਾ ਪੱਟੀ 'ਤੇ 'ਆਪਰੇਸ਼ਨ ਪ੍ਰੋਟੈਕਟਿਵ ਐਜ' ਅਧੀਨ ਹਵਾਈ ਹਮਲੇ ਸ਼ੁਰੂ ਕੀਤੇ ਗਏ ਅਤੇ 18 ਜੁਲਾਈ ਤੋਂ ਜ਼ਮੀਨੀ ਹਮਲੇ ਵੀ ਸ਼ੁਰੂ ਕਰ ਦਿੱਤੇ। ਜਿਹੜੇ ਵਿਆਪਕ ਜਾਨੀ ਤੇ ਮਾਲੀ ਨੁਕਸਾਨ ਕਰ ਰਹੇ ਹਨ।
ਇਜ਼ਰਾਇਲ ਵਲੋਂ ਇਸ ਫੌਜੀ ਆਪਰੇਸ਼ਨ ਲਈ ਤਿੰਨ ਇਜ਼ਰਾਇਲੀ ਮੁੰਡਿਆਂ ਦੇ ਉਧਾਲੇ ਅਤੇ ਕਤਲ ਨੂੰ ਤਾਂ ਬਹਾਨਾ ਹੀ ਬਣਾਇਆ ਗਿਆ ਹੈ। ਅਸਲ ਕਾਰਨ ਤਾਂ ਜੂਨ ਮਹੀਨੇ ਵਿਚ ਫਲਸਤੀਨੀਆਂ ਦੇ ਦੋਵੋਂ ਮੁੱਖ ਗਰੁੱਪਾਂ ਫਤਿਹ ਅਤੇ ਹਮਾਸ ਦਰਮਿਆਨ ਇਕ ਲੰਬੇ ਸਮੇਂ ਤੋਂ ਬਾਅਦ ਹੋਈ ਸੁਲਾਹ ਸਫਾਈ ਤੋਂ ਬਾਅਦ ਦੋਵਾਂ ਵਲੋਂ ਆਪਣੇ ਸਭ ਝਗੜੇ ਖਤਮ ਕਰਦੇ ਹੋਏ ਇਕ ਸਾਂਝੀ ਸਰਕਾਰ ਦਾ ਗਠਨ ਕੀਤਾ ਜਾਣਾ ਹੈ। ਜਿਸਨੂੰ ਇਜ਼ਰਾਇਲ ਨੇ ਉਸ ਵੇਲੇ ਹੀ ਰੱਦ ਕਰ ਦਿੱਤਾ ਸੀ ਅਤੇ ਫਲਸਤੀਨੀ ਅਥਾਰਟੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਹਮਾਸ ਨਾਲ ਸਮਝੌਤਾ ਜਾਂ ਇਜ਼ਰਾਈਲ ਨਾਲ ਸ਼ਾਂਤੀ ਦੋਵਾਂ ਵਿਚੋਂ ਇਕ ਨੂੰ ਚੁਣ ਲਵੇ। ਨਾਲ ਹੀ ਉਸਨੇ ਫਲਸਤੀਨੀ ਅਥਾਰਟੀ ਦੀ ਸਰਕਾਰ ਨਾਲ ਚੱਲ ਰਹੀਆਂ ਸ਼ਾਂਤੀ ਵਾਰਤਾਵਾਂ ਵੀ ਬੰਦ ਕਰ ਦਿੱਤੀਆਂ ਸਨ।
2006 ਵਿਚ ਹਮਾਸ ਵਲੋਂ ਗਾਜ਼ਾ ਪੱਟੀ ਵਿਚ ਚੋਣਾਂ ਜਿੱਤ ਲੈਣ ਤੋਂ ਬਾਅਦ ਅਤੇ ਹਮਾਸ ਤੇ ਫਤਿਹ ਧੜਿਆਂ ਦਰਮਿਆਨ ਹਿੰਸਕ ਟਕਰਾਅ ਦੇ ਸਿੱਟੇ ਵਜੋਂ ਫਲਸਤੀਨੀਆਂ ਦਰਮਿਆਨ ਹੋਈ ਪਾਟੋ ਧਾੜ ਦਾ ਲਾਭ ਇਜ਼ਰਾਇਲ ਨੂੰ ਮਿਲਦਾ ਰਿਹਾ ਸੀ। ਹੁਣ ਸਮਝੌਤੇ ਤੋਂ ਬਾਅਦ ਉਨ੍ਹਾਂ ਦੀ ਬਣੀ ਇਕਜੁਟਤਾ ਨੂੰ ਇਜ਼ਰਾਇਲ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕਰ ਰਿਹਾ।
ਸੰਯੁਕਤ ਰਾਸ਼ਟਰ ਸੰਘ ਦੇ ਇਕ ਮਤੇ ਨਾਲ ਹੋਂਦ ਵਿਚ ਆਉਣ ਵਾਲਾ ਇਜ਼ਰਾਇਲ ਆਪਣੇ ਜਨਮ ਦੇ ਸਮੇਂ ਤੋਂ ਹੀ ਫਲਸਤੀਨੀਆਂ ਨਾਲ ਧੱਕਾ ਕਰਦਾ ਰਿਹਾ ਹੈ। 1948 ਵਿਚ ਇਜ਼ਰਾਇਲੀ ਫੌਜੀ ਕਾਰਵਾਈਆਂ ਰਾਹੀਂ ਹਜ਼ਾਰਾਂ ਫਲਸਤੀਨੀ ਪਿੰਡਾਂ ਨੂੰ ਉਜਾੜਕੇ ਲੱਖਾਂ ਫਲਸਤੀਨੀਆਂ ਨੂੰ ਉਨ੍ਹਾਂ ਦੀ ਮਾਤਭੂਮੀ 'ਤੇ ਹੀ ਪਨਾਹਗੀਰ ਬਣਾ ਦਿੱਤਾ ਗਿਆ ਸੀ। ਉਸ ਵੇਲੇ ਤੋਂ ਹੀ ਫਲਸਤੀਨੀ ਇਜ਼ਰਾਇਲ ਦੀ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਦੇ ਮੈਦਾਨ ਵਿਚ ਹਨ। ਗਾਜ਼ਾ ਪੱਟੀ ਜਿਹੜੀ ਕਿ ਉਸ ਵੇਲੇ ਮਿਸਰ ਅਧੀਨ ਸੀ, ਉਤੇ 1967 ਦੀ ਅਰਬ ਇਜਰਾਇਲੀ ਜੰਗ ਤੋਂ ਬਾਅਦ ਇਜ਼ਰਾਇਲ ਨੇ ਕਬਜ਼ਾ ਕਰ ਲਿਆ ਸੀ। ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ ਦੀ ਅਗਵਾਈ ਵਿਚ ਫਲਸਤੀਨੀ ਬੜੀ ਬਹਾਦਰੀ ਨਾਲ ਇਜ਼ਰਾਇਲੀ ਧਾੜਵੀਆਂ ਵਿਰੁੱਧ ਜੂਝਦੇ ਰਹੇ ਹਨ। 1987 ਵਿਚ ਪੱਛਮੀ ਕੰਢੇ ਅਤੇ ਗਾਜ਼ਾ ਪੱਟੀ ਵਿਖੇ ਫਲਸਤੀਨੀ ਬਗਾਵਤ ਹੋਈ ਸੀ, ਜਿਸ ਵਿਚ 1 ਲੱਖ 20 ਹਜ਼ਾਰ ਫਲਸਤੀਨੀ ਇਜ਼ਰਾਇਲ ਵਲੋਂ ਕੈਦ ਕੀਤੇ ਗਏ, ਘੱਟੋ ਘੱਟ 1100 ਸ਼ਹੀਦ ਹੋਏ। ਇਸ ਬਗਾਵਤ ਨੇ ਸਥਿਤੀਆਂ ਨੂੰ ਮੋੜਾ ਦਿੱਤਾ ਅਤੇ ਪਹਿਲਾਂ ਸੰਘਰਸ਼ ਇਜ਼ਰਾਇਲ ਅਤੇ ਇਸਦੇ ਗੁਆਂਢੀ ਅਰਬ ਦੇਸ਼ਾਂ ਦਰਮਿਆਨ ਹੁੰਦਾ ਸੀ, ਹੁਣ ਇਹ ਇਜ਼ਰਾਇਲ ਅਤੇ ਉਸਦੇ ਕਬਜ਼ੇ ਹੇਠਲੇ ਖੇਤਰਾਂ ਦੇ ਲੋਕਾਂ ਭਾਵ ਫਲਸਤੀਨੀਆਂ ਦਰਮਿਆਨ ਬਣ ਗਿਆ। ਇਸ ਸੰਘਰਸ਼ ਨੂੰ ਕੌਮਾਂਤਰੀ ਪੱਧਰ 'ਤੇ ਵਿਆਪਕ ਸਮਰਥਨ ਹਾਸਲ ਹੋਇਆ ਅਤੇ ਸਿੱਟੇ ਵਜੋਂ 1993 ਵਿਚ ਓਸਲੋ ਸਮਝੌਤੇ ਰਾਹੀਂ ਫਲਸਤੀਨੀ ਦੇਸ਼, ਫਲਸਤੀਨੀ ਅਥਾਰਟੀ ਹੋਂਦ ਵਿਚ ਆਈ।
ਇਜ਼ਰਾਇਲ ਵੀ ਫਲਸਤੀਨੀਆਂ ਨੂੰ ਕੁੱਚਲਣ ਲਈ ਵਹਿਸ਼ੀ ਦਮਨ ਚੱਕਰ ਜਾਰੀ ਰੱਖਦਾ ਰਿਹਾ ਹੈ। ਪਿਛਲੇ 7 ਸਾਲਾਂ ਵਿਚ ਹੀ ਇਜ਼ਰਾਇਲ ਦਾ ਇਹ ਫਲਸਤੀਨੀਆਂ ਵਿਰੁੱਧ ਤੀਜਾ ਫੌਜੀ ਹਮਲਾ ਹੈ। ਦਸੰਬਰ 2007 ਵਿਚ ਵੀ ਗਾਜ਼ਾ ਤੋਂ ਹੁੰਦੇ ਰਾਕਟ ਹਮਲਿਆਂ ਨੂੰ ਰੋਕਣ ਲਈ 'ਆਪਰੇਸ਼ਨ ਕਾਸਟ ਲੀਡ' ਚਲਾਇਆ ਗਿਆ ਸੀ। 22 ਦਿਨ ਚੱਲੀ ਇਸ ਫੌਜੀ ਕਾਰਵਾਈ ਵਿਚ 1300 ਤੋਂ ਵਧੇਰੇ ਫਲਸਤੀਨੀ ਮਾਰੇ ਗਏ ਸਨ ਜਦੋਂਕਿ ਸਿਰਫ 13 ਇਜ਼ਰਾਇਲੀ ਮਾਰੇ ਗਏ ਸਨ। ਇਸੇ ਤਰ੍ਹਾਂ 2012 ਵਿਚ ਇਸੇ ਬਹਾਨੇ ਹੇਠ 'ਆਪਰੇਸ਼ਨ ਪਿੱਲਰ ਡੀਫੈਂਸ' ਕੀਤਾ ਗਿਆ ਸੀ, ਜਿਸ ਵਿਚ ਹਮਾਸ ਦੇ ਇਕ ਕਮਾਂਡਰ ਅਹਿਮਦ ਜਬਾਰੀ ਨੂੰ ਮਾਰਨ ਦੇ ਨਾਲ ਨਾਲ ਲਗਭਗ 170 ਫਲਸਤੀਨੀ ਮਾਰੇ ਗਏ ਸੀ। ਇਸ 8 ਦਿਨਾਂ ਸੰਘਰਸ਼ ਵਿਚ ਸਿਰਫ 6 ਇਜ਼ਰਾਇਲੀ ਹਲਾਕ ਹੋਏ ਸਨ।
ਇਜ਼ਰਾਇਲ ਵਲੋਂ ਚਲਾਈ ਜਾ ਰਹੀ ਮੌਜੂਦਾ ਫੌਜੀ ਕਾਰਵਾਈ ਦੌਰਾਨ ਵੀ ਫਲਸਤੀਨੀ ਲੋਕਾਂ ਉਤੇ ਉਹ ਵਹਿਸ਼ੀਆਨਾਂ ਜ਼ੁਲਮ ਢਾਹ ਰਿਹਾ ਹੈ। 200 ਵਰਗ ਮੀਲ ਦੀ ਗਾਜ਼ਾਪੱਟੀ ਜਿਸਦੀ ਅਬਾਦੀ 18 ਲੱਖ ਹੈ, ਵਿਖੇ 65000 ਤੋਂ ਵੱਧ ਫੌਜ ਇਸ ਅਪਰੇਸ਼ਨ ਲਈ ਲਾਈ ਗਈ ਹੈ। ਜਿਨ੍ਹਾਂ ਕੋਲ ਅੱਤ ਆਧੁਨਿਕ ਹਥਿਆਰ ਹਨ। ਹਸਪਤਾਲਾਂ ਉਤੇ ਵੀ ਹਵਾਈ ਹਮਲੇ ਕੀਤੇ ਜਾ ਰਹੇ ਹਨ। ਫਲਸਤੀਨੀ ਸਿਹਤ ਵਜਾਰਤ ਮੁਤਾਬਕ ਦਰਜ਼ਨਾਂ ਅਜਿਹੇ ਜ਼ਖ਼ਮੀ ਹਨ, ਜਿਨ੍ਹਾਂ ਵਿਰੁੱਧ ਜਹਿਰੀਲੀ ਗੈਸ ਵਰਤੀ ਗਈ ਹੈ। ਇਜ਼ਰਾਇਲੀ ਫੌਜ ਵਰਜਿਤ ਚਿੱਟੇ ਫਾਸਫੋਰਸ ਦੀ ਵਰਤੋਂ ਵੀ ਹਮਲਿਆਂ ਵਿਚ ਕਰ ਰਹੀ ਹੈ। ਹਮਾਸ ਦੇ ਲੜਾਕਿਆਂ ਵਿਰੁੱਧ ਕਾਰਵਾਈ ਦੇ ਨਾਂਅ ਅਧੀਨ ਕੀਤੇ ਜਾ ਰਹੇ ਇਨ੍ਹਾਂ ਹਮਲਿਆਂ ਦੀ ਅਸਲੀਅਤ ਸਮੁੱਚੀ ਦੁਨੀਆਂ ਸਾਹਮਣੇ ਉਸ ਵੇਲੇ ਨੰਗੀ ਹੋ ਗਈ ਜਦੋਂ 16 ਜੁਲਾਈ ਨੂੰ ਗਾਜ਼ਾ ਦੇ ਸਮੁੰਦਰੀ ਕੰਢੇ 'ਤੇ ਖੇਡ ਰਹੇ ਇਕੋ ਪਰਿਵਾਰ ਦੇ ਚਾਰ ਬੱਚੇ ਇਕ ਇਜ਼ਰਾਇਲੀ ਮਿਜਾਇਲ ਹਮਲੇ ਵਿਚ ਸ਼ਹੀਦ ਹੋ ਗਏ। ਗਾਜ਼ਾ ਦੇ ਬਾਰਡਰ ਦੇ ਵਸਨੀਕਾਂ ਨੂੰ ਅਤੰਕਿਤ ਕਰਨ ਲਈ ਉਨਾਂ ਨੂੰ ਸ਼ਹਿਰਾਂ ਨੂੰ ਖਾਲੀ ਕਰ ਦੇਣ ਦੀਆਂ ਹਿਦਾਇਤਾਂ ਵਾਲੇ ਪਰਚੇ ਹਵਾਈ ਜਹਾਜਾਂ ਰਾਹੀਂ ਸੁੱਟੇ ਜਾ ਰਹੇ ਹਨ। ਦੂਜੇ ਪਾਸੇ ਪੂਰੀ ਗਾਜ਼ਾ ਪੱਟੀ ਦੀ ਸਖਤ ਨਾਕਾਬੰਦੀ ਕਰ ਦਿੱਤੀ ਗਈ ਹੈ। ਉਤਰ ਅਤੇ ਪੂਰਬ ਤੋਂ ਇਜ਼ਰਾਇਲ ਜ਼ਮੀਨੀ ਹਮਲਾ ਕਰ ਰਿਹਾ ਹੈ। ਦੱਖਣ ਵਾਲੇ ਪਾਸੇ ਮਿਸਰ ਨੇ ਸੀਮਾ ਸੀਲ ਕੀਤੀ ਹੋਈ ਹੈ। ਜਦੋਂਕਿ ਚੌਥੇ ਪਾਸੇ ਸਮੁੰਦਰ ਵਿਚ ਇਜ਼ਰਾਇਲੀ ਫੌਜੀ ਸਮੁੰਦਰੀ ਜਹਾਜ ਤੈਨਾਤ ਹਨ। ਲੋਕਾਂ ਨੂੰ ਭੱਜਣ ਲਈ ਕੋਈ ਰਾਹ ਨਹੀਂ ਹੈ। ਇੱਥੇ ਇਹ ਵਰਣਨਯੋਗ ਹੈ ਕਿ ਇਜ਼ਰਾਇਲ ਨੇ ਪਹਿਲਾਂ ਹੀ ਆਪਣੇ ਨਾਲ ਲੱਗਦੀ ਸਰਹੱਦ ਦੇ ਵੱਡੇ ਹਿੱਸੇ ਉਤੇ ਉਚੀਆਂ ਉਚੀਆਂ ਕੰਕਰੀਟ ਦੀਆਂ ਕੰਧਾਂ ਕੀਤੀਆਂ ਹੋਈਆਂ ਹਨ ਜਦੋਂਕਿ ਮਿਸਰ ਨੇ ਆਪਣੇ ਨਾਲ ਲੱਗਦੀ ਸਰਹੱਦ ਉਤੇ ਤਾਰ ਦੀ ਬਾੜ ਕੀਤੀ ਹੋਈ ਹੈ। ਸੰਯੁਕਤ ਰਾਸ਼ਟਰ ਵਲੋਂ ਚਲਾਏ ਜਾ ਰਹੇ ਕੈਂਪਾਂ ਵਿਚ 61,000 ਤੋਂ ਵੱਧ ਲੋਕਾਂ ਨੇ ਪਨਾਹ ਲਈ ਹੈ। ਜਿੱਥੇ ਵਸੀਲਿਆਂ ਅਤੇ ਰਾਸ਼ਨ ਦੀ ਸਖਤ ਘਾਟ ਹੈ।
ਅਮਰੀਕੀ ਸਾਮਰਾਜ ਵੀ ਇਜ਼ਰਾਇਲ ਦੀ ਇਸ ਫੌਜੀ ਕਾਰਵਾਈ ਦਾ ਇਹ ਕਹਿਕੇ ਸਮਰਥਨ ਕਰ ਰਿਹਾ ਹੈ ਕਿ ਉਸਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਅਤੇ ਹੋ ਰਹੇ ਰਾਕਟ ਹਮਲਿਆਂ ਨੂੰ ਰੋਕਣ ਹਿੱਤ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ। ਸਿਰਫ ਉਹ ਇਹ ਧਿਆਨ ਰੱਖੇ ਕਿ ਮੌਤਾਂ ਘੱਟ ਤੋਂ ਘੱਟ ਹੋਣ।
ਸਾਡੇ ਦੇਸ਼ ਦੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ. ਸਰਕਾਰ ਨੇ ਵੀ ਫਲਸਤੀਨੀਆਂ ਦੇ ਹੋ ਰਹੇ ਇਸ ਨਰਸੰਘਾਰ ਦੀ ਨਿੰਦਾ ਕਰਨ ਬਾਰੇ ਮਤਾ ਪਾਸ ਕਰਨ ਤੋਂ ਸੰਸਦ ਵਿਚ ਹੋਈ ਬਹਿਸ ਦੌਰਾਨ ਸਾਫ ਇਨਕਾਰ ਕਰ ਦਿੱਤਾ ਹੈ। ਉਸਨੇ ਫਲਸਤੀਨੀਆਂ ਅਤੇ ਇਜਰਾਇਲ ਦੋਵਾਂ ਬਾਰੇ ਸਮਾਨ ਵਤੀਰਾ ਅਖਤਿਆਰ ਕਰਨ ਦੀ ਸ਼ਰਮਨਾਕ ਗੱਲ ਕੀਤੀ ਹੈ। ਜਦੋਂਕਿ ਅਜੇ ਕੁੱਝ ਦਿਨ ਪਹਿਲਾਂ ਹੀ ਬ੍ਰਾਜ਼ੀਲ ਦੇ ਸ਼ਹਿਰ ਫੋਰਟਾਲੇਜ਼ਾ ਵਿਖੇ ਭਾਰਤ 'ਬ੍ਰਿਕਸ' ਦੀ ਮੀਟਿੰਗ ਵਿਚ ਉਸ ਮਤੇ ਨਾਲ ਸਹਿਮਤੀ ਪ੍ਰਗਟਾ ਕੇ ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਜ਼ਰਾਇਲ-ਫਲਸਤੀਨ ਟਕਰਾਅ ਨੂੰ ਖਤਮ ਕਰਨਾ ਜ਼ਰੂਰੀ ਹੈ। ਇਸਦੇ ਨਾਲ-ਨਾਲ ਜੋਰ ਦਿੱਤਾ ਗਿਆ ਹੈ ਕਿ ਦੋਵੇਂ ਧਿਰਾਂ ਗੱਲਬਾਤ ਸ਼ੁਰੂ ਕਰਨ ਜਿਹੜੀ 4 ਜੂਨ, 1967 ਨੂੰ ਸੰਯੁਕਤ ਰਾਸ਼ਟਰ ਵਲੋਂ ਪਾਸ ਮਤੇ ਦੀਆਂ ਲੀਹਾਂ 'ਤੇ ਹੋਵੇ। ਇਹ ਮਤਾ ਦੋ ਦੇਸ਼ਾਂ ਦੀ ਹੋਂਦ ਅਤੇ ਆਜ਼ਾਦ ਫਲਸਤੀਨ, ਜਿਸਦੀ ਰਾਜਧਾਨੀ ਪੂਰਬੀ ਯੇਰੂਸ਼ਲਮ ਵਿਖੇ ਹੋਵੇ 'ਤੇ ਅਧਾਰਤ ਹੈ। ਤਾਂਕਿ ਇਸ ਖਿੱਤੇ ਵਿਚ ਸਥਾਈ ਸ਼ਾਂਤੀ ਹੋ ਸਕੇ।
ਫਲਸਤੀਨੀ ਬਹੁਤ ਹੀ ਬਹਾਦੁਰੀ ਨਾਲ ਇਜ਼ਰਾਇਲ ਦੇ ਇਸ ਵਹਿਸ਼ੀਆਨਾ ਫੌਜੀ ਹਮਲੇ ਦਾ ਟਾਕਰਾ ਕਰ ਰਹੇ ਹਨ। ਗਾਜ਼ਾ-ਪੱਟੀ, ਪੱਛਮੀ ਕੰਢੇ, ਇਜ਼ਰਾਇਲ ਤੋਂ ਲੈ ਕੇ ਸਮੁੱਚੀ ਦੁਨੀਆਂ ਵਿਚ ਫਲਸਤੀਨੀਆਂ ਵਲੋਂ ਅਤੇ ਜਮਹੂਰੀਅਤ ਪਸੰਦ ਲੋਕਾਂ ਤੇ ਤਾਕਤਾਂ ਵਲੋਂ ਇਸ ਵਿਰੁੱਧ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। 'ਹਮਾਸ' ਅਤੇ ਹੋਰ ਫਲਸਤੀਨੀ ਗੁਟ ਬਹੁਤ ਹੀ ਅਸਾਂਵੇ ਵਸੀਲਿਆਂ ਨਾਲ ਫੌਜੀ ਰੂਪ ਵਿਚ ਵੀ ਇਸ ਹਮਲੇ ਦਾ ਟਾਕਰਾ ਕਰ ਰਹੇ ਹਨ। ਆਪਣੀ ਹੀ ਜਨਮਭੂਮੀ 'ਤੇ ਪਨਾਹਗੀਰ ਬਣਨ ਕਰਕੇ ਗੁੱਸੇ ਵਿਚ ਆਉਣਾ ਸੁਭਾਵਕ ਹੀ ਹੈ ਉਨ੍ਹਾਂ ਲਈ। ਇਸ ਗੁੱਸੇ ਨੂੰ 1956 ਵਿਚ ਉਸ ਵੇਲੇ ਦੇ ਇਜ਼ਰਾਇਲੀ ਫੌਜਾਂ ਦੇ ਮੁਖੀ ਮੋਸ਼ੇ ਦਿਆਨ ਨੇ ਜਾਇਜ਼ ਦੱਸਿਆ ਸੀ। ਉਨ੍ਹਾਂ ਫਲਸਤੀਨੀਆਂ ਹੱਥੋਂ ਹਿੰਸਕ ਟਕਰਾਅ ਵਿਚ ਮਾਰੇ ਗਏ ਇਕ ਇਜ਼ਰਾਇਲੀ ਦੀਆਂ ਅੰਤਮ ਰਸਮਾਂ ਮੌਕੇ ਭਾਸ਼ਨ ਵਿਚ ਕਿਹਾ ਸੀ -''ਸਾਨੂੰ ਉਨ੍ਹਾਂ (ਫਲਸਤੀਨੀਆਂ) ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਉਨ੍ਹਾਂ ਦੀ ਸਾਡੇ ਵਿਰੁੱੱਧ ਨਫਰਤ ਦੀ ਅੱਗ ਨੂੰ ਕਿਉਂ ਨਿੰਦੀਏ? ਉਹ ਅੱਠਾਂ ਸਾਲਾਂ ਤੋਂ ਗਾਜ਼ਾ ਦੇ ਰਿਫਊਜੀ ਕੈਂਪਾਂ ਵਿਚ ਬੈਠੇ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਨ, ਜਿਹੜੀਆਂ ਜ਼ਮੀਨਾਂ ਅਤੇ ਪਿੰਡਾਂ ਵਿਚ ਉਨ੍ਹਾਂ ਦੇ ਪੁਰਖੇ ਰਹਿੰਦੇ ਸਨ, ਅਸੀਂ ਉਨ੍ਹਾਂ 'ਤੇ ਕਬਜ਼ਾ ਕਰਕੇ ਆਪਣੀਆਂ ਕਲੋਨੀਆਂ ਬਣਾ ਰਹੇ ਹਾਂ।''
ਸਮੂਚੀ ਦੁਨੀਆਂ ਦੇ ਅਮਨਪਸੰਦ ਲੋਕਾਂ ਨੂੰ ਇਜ਼ਰਾਇਲੀ ਫੌਜੀ ਕਾਰਵਾਈ ਨੂੰ ਫੌਰੀ ਰੂਪ ਵਿਚ ਬੰਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਅਤੇ ਨਿਆਂਪੂਰਨ ਜਗਬੰਦੀ ਦੀ ਮੰਗ ਕਰਨੀ ਚਾਹੀਦੀ ਹੈ। ਕਿਉਂਕਿ ਮਿਸਰ ਵਲੋਂ ਪੇਸ਼ ਕੀਤੀ ਜਾ ਰਹੀ ਜੰਗਬੰਦੀ ਕੁਝ ਨਹੀਂ ਬਲਕਿ ਸਥਿਤੀ ਨੂੰ ਜਿਉਂ ਦਾ ਤਿਓਂ ਬਣਾਈ ਰੱਖਣ 'ਤੇ ਅਧਾਰਤ ਹੈ। ਹਮਾਸ ਦੇ ਮੰਤਰੀ ਮੌਫੀਦ ਅਲ ਹਸਾਈਨਾਹ ਦੀ ਇਸ ਜੰਗਬੰਦੀ ਬਾਰੇ ਟਿੱਪਣੀ ਸੀ - ''ਅਸੀਂ ਜੰਗਬੰਦੀ ਚਾਹੁੰਦੇ ਹਾਂ, ਅਸੀਂ ਜਾਨਵਰ ਨਹੀਂ ਹਾਂ। ਕਿਹੋ ਜਿਹੀ ਹੋਵੇਗੀ ਉਹ ਜੰਗਬੰਦੀ ਬਿਨਾਂ ਬਾਰਡਰਾਂ ਦੇ ਖੁਲ੍ਹਿਆਂ? ਬਿਨਾਂ ਤਨਖਾਹਾਂ ਤੋਂ? ਬਿਨਾਂ ਰੋਜ਼ਗਾਰ ਤੋਂ? ਜੰਗਬੰਦੀ ਲਈ ਹਮਾਸ ਦੀ ਸ਼ਰਤ ਹੈ ਕਿ ਗਾਜਾ ਪੱਟੀ ਦੀ ਨਾਕੇਬੰਦੀ ਖਤਮ ਕੀਤੀ ਜਾਵੇ। ਬਾਰਡਰ ਦੇ ਰਸਤੇ ਖੋਲੇ ਜਾਣ। ਇਕ ਹਵਾਈ ਅੱਡਾ ਅਤੇ ਇਕ ਬੰਦਰਗਾਹ ਕੌਮਾਂਤਰੀ ਨਿਗਰਾਨੀ ਹੇਠ ਖੋਲ੍ਹੀਆਂ ਜਾਣ। ਸਨਅਤੀ ਜੋਨ ਮੁੜ ਸਥਾਪਤ ਕੀਤੇ ਜਾਣ ਅਤੇ ਮੱਛੀਆਂ ਫੜਨ ਲਈ 6 ਮੀਲ ਦਾ 'ਫਿਸ਼ਿੰਗ ਜ਼ੋਨ' ਮੁੜ ਸਥਾਪਤ ਕੀਤਾ ਜਾਵੇ। ਦੁਨੀਆਂ ਭਰਦੇ ਅਮਨ ਪਸੰਦ ਲੋਕਾਂ ਵਲੋਂ ਅਜਿਹੀ ਜੰਗਬੰਦੀ ਲਈ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਫਲਸਤੀਨੀਆਂ ਨੂੰ ਗਾਜ਼ਾ ਪੱਟੀ ਵਿਚ ਤਾੜਕੇ ਉਨ੍ਹਾਂ ਦਾ ਗਲਾ ਨਾ ਘੁਟਿਆ ਜਾਵੇ ਬਲਕਿ ਉਨ੍ਹਾਂ ਨੂੰ ਆਰਥਕ ਅਤੇ ਸਮਾਜਕ ਵਸੀਲੇ ਪ੍ਰਦਾਨ ਕੀਤੇ ਜਾਣ ਜਿਸ ਨਾਲ ਉਹ ਸਨਮਾਨਜਨਕ ਜਿੰਦਗੀ ਜੀਅ ਸਕਣ।
(24.7.2014)
No comments:
Post a Comment