Sunday 6 April 2014

ਸ਼ਹੀਦਾਂ ਵਾਲੇ ਖੂਹ ਦੀਆਂ ਅਸਥੀਆਂ ਨੂੰ ਮਿਊਜ਼ੀਅਮ 'ਚ ਸਾਂਭਿਆ ਜਾਵੇ

ਮੱਖਣ ਕੁਹਾੜ

ਸ਼ਹੀਦਾਂ ਵਾਲੇ ਖੂਹ (ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ) ਵਿਚੋਂ ਮਿਲੀਆਂ 282 ਬਹਾਦਰ ਦੇਸ਼ ਭਗਤ ਸਿਪਾਹੀਆਂ ਦੀਆਂ ਅਸਥੀਆਂ ਨੇ ਸਮੁੱਚੇ ਭਾਰਤ ਵਾਸੀਆਂ ਨੂੰ ਝੰਜੋੜ ਦਿੱਤਾ ਹੈ। ਹਰ ਬੌਧਿਕ ਵਿਅਕਤੀ, ਦੇਸ਼ ਭਗਤੀ ਦਾ ਜਜ਼ਬਾ ਰੱਖਣ ਵਾਲਾ ਅਤੇ ਮਾਨਵ ਹਿਤੈਸ਼ੀ ਮੂੰਹ ਵਿਚ ਉਂਗਲਾਂ ਪਾ ਰਿਹਾ ਹੈ। ਹਰ ਕਿਸੇ ਦੇ ਸੁਣ ਕੇ ਲੂੰ ਕੰਡੇ ਖੜੇ ਹੁੰਦੇ ਹਨ। ਉਹ ਜਿਹੜੇ ਸਾਮਰਾਜ ਪ੍ਰਤੀ ਹਮਦਰਦੀ ਰੱਖਦੇ ਹਨ ਤੇ ਉਸ ਨੂੰ ਮਾਨਵਤਾ ਹਿਤੈਸ਼ੀ ਅਤੇ ਜਮਹੂਰੀਅਤ ਪਸੰਦ ਆਖਦੇ ਨਹੀਂ ਥੱਕਦੇ, ਉਹ ਇਸ ਘਟਨਾ ਬਾਅਦ ਕੀ ਕਹਿਣਗੇ? ਕਿਵੇਂ ਸਾਮਰਾਜੀ ਮੁਲਕਾਂ ਦਾ ਗ਼ਰੀਬ ਮੁਲਕਾਂ ਪ੍ਰਤੀ ਖਾਸਾ ਲੋਕ-ਪੱਖੀ ਦੱਸਣਗੇ?
13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਵਿਚ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੈਂਕੜੇ ਆਮ ਸ਼ਹਿਰੀ ਮੌਤ ਦੇ ਘਾਟ ਉਤਾਰ ਦਿੱਤੇ ਸਨ। ਇਸ ਘਟਨਾ ਦੀ ਸਾਰੇ ਸੰਸਾਰ ਭਰ ਵਿਚ ਥੂਹ-ਥੂਹ ਹੋਈ ਸੀ। ਅੰਗਰੇਜ਼ ਹਾਕਮਾਂ ਨੇ ਆਜ਼ਾਦੀ ਘੁਲਾਟੀਆਂ 'ਤੇ ਅੰਨ੍ਹਾ ਜੁਲਮ ਢਾਹਿਆ। ਅੰਗਰੇਜ਼ਾਂ ਨੇ 1857 ਦੇ ਗ਼ਦਰ ਵੇਲੇ ਹੋਰ ਵੀ ਬਹੁਤ ਜ਼ੁਲਮ ਕੀਤੇ। ਗ਼ਦਰੀ ਦੇਸ਼ ਭਗਤ ਸੂਰਮਿਆਂ ਨੂੰ ਵੀ ਵੱਡੀ ਪੱਧਰ 'ਤੇ ਫਾਂਸੀਆਂ ਚਾੜ੍ਹਿਆ/ ਗੋਲੀਆਂ ਨਾਲ ਭੁੰਨਿਆ। ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਹਜ਼ਾਰਾਂ ਦੇਸ਼ ਭਗਤਾਂ, ਆਜ਼ਾਦੀ ਪ੍ਰੇਮੀਆਂ ਨੂੰ ਡੱਕ ਦਿੱਤਾ ਗਿਆ। ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਇਸ ਦੀਆਂ ਸ਼ਾਖਸ਼ਾਤ ਗਵਾਹ ਹਨ।
ਅੱਜ ਤੋਂ 157 ਸਾਲ (1857-2014) ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅੰਗਰੇਜ਼ ਹਕੂਮਤ ਵਿਰੁੱਧ ਇਕ ਵਿਦਰੋਹ ਦੀ ਭਾਵਨਾ ਉਠ ਖੜੀ ਹੋਈ ਸੀ। ਸਾਰੇ ਹਿੰਦੁਸਤਾਨ ਵਿਚ ਬਗ਼ਾਵਤ ਹੋਈ। ਫ਼ੌਜੀ ਛਾਉਣੀਆਂ ਬਾਗ਼ੀ ਹੋ ਗਈਆਂ। ਬਹੁਤ ਸਾਰੀਆਂ ਭਾਰਤੀ ਰਿਆਸਤਾਂ ਨੂੰ ਜਬਰੀ ਆਪਣੇ ਅਧੀਨ ਕਰਨ 'ਤੇ ਰਿਆਸਤੀ ਰਾਜੇ ਤੇ ਪਰਜਾ ਅੰਗਰੇਜ਼ਾਂ ਵਿਰੁੱਧ ਉਠ ਖੜ੍ਹੇ ਹੋਏ। ਰਾਣੀ ਲਕਸ਼ਮੀ ਬਾਈ ਖ਼ੁਦ ਮੈਦਾਨ-ਏ-ਜੰਗ ਵਿਚ ਕੁੱਦੀ। ਇਸ ਤੋਂ ਪਹਿਲਾਂ 19ਵੀਂ ਸਦੀ ਦੇ ਪੰਜਵੇਂ ਦਹਾਕੇ ਵਿਚ ਜਦ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਅਧੀਨ ਕਰਨ ਲਈ ਫ਼ੌਜਾਂ ਚੜ੍ਹਾਈਆਂ ਤਦ ਮਹਾਰਾਣੀ ਜ਼ਿੰਦਾਂ ਦੀਆਂ ਫ਼ੌਜਾਂ ਨੇ ਡਟਵਾਂ ਮੁਕਾਬਲਾ ਕੀਤਾ ਪਰ ਹਾਰ ਗਈ ਤੇ 1849 ਵਿਚ ਅੰਗਰੇਜਾਂ ਨੇ ਪੰਜਾਬ ਨੂੰ ਵੀ ਆਪਣੇ ਅਧੀਨ ਕਰ ਲਿਆ। ਲੋਕਾਂ ਵਿਚ ਅੰਗਰੇਜ਼ ਹਾਕਮਾਂ ਵਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਘੋਰ ਬੇਇਨਸਾਫ਼ੀਆਂ ਵਿਰੁੱਧ ਗੁੱਸਾ ਆਪੇ ਤੋਂ ਬਾਹਰ ਹੋ ਰਿਹਾ ਸੀ। 1857 ਵਿਚ ਕਾਰਤੂਸਾਂ ਨੂੰ ਗਾਂ ਦੀ ਚਰਬੀ ਲਾਉਣ ਦੀ ਗੱਲ, ਇਸ ਬਗ਼ਾਵਤ ਦਾ ਤਤਕਾਲੀ ਕਾਰਨ ਸੀ। ਹਾਕਮਾਂ ਨੇ ਬੜੀ ਹੀ ਬੇਕਿਰਕੀ ਨਾਲ ਇਹ ਬਗ਼ਾਵਤ ਕੁਚਲ ਦਿੱਤੀ।
ਪਰੰਤੂ ਜਿਸ ਢੰਗ ਨਾਲ ਇਹ ਬਗ਼ਾਵਤ ਕੁਚਲੀ ਇਸ ਦੀ ਨਿਰਦੈਤਾ ਦੀ ਸਭ ਤੋਂ ਵੱਡੀ ਮਿਸਾਲ ਸ਼ਹੀਦਾਂ ਵਾਲੇ ਖੂਹ ਦੀ ਹੈ। ਇਤਿਹਾਸਕਾਰ ਸੁਰਿੰਦਰ ਕੋਛੜ ਨੇ ਇਸ ਦੀ ਖੋਜ ਭਰਪੂਰ ਜਾਣਕਾਰੀ ਇਕੱਤਰ ਕੀਤੀ ਅਤੇ ਇਸ ਜਾਣਕਾਰੀ ਨੂੰ ਲੋਕਾਂ ਤੀਕ ਪਹੁੰਚਾਇਆ। ਸਿੱਟੇ ਵਜੋਂ ਅਮਰਜੀਤ ਸਿੰਘ ਸਰਕਾਰੀਆ ਦੀ ਪ੍ਰਧਾਨਗੀ ਹੇਠ ਇਥੇ ਬਣੇ ਗੁਰਦੁਆਰਾ ਸ਼ਹੀਦ ਗੰਜ ਦੀ ਪ੍ਰਬੰਧਕੀ ਕਮੇਟੀ ਨੇ ਖੋਜ ਦੇ ਅਧਾਰ 'ਤੇ ਖੂਹ ਦੀ ਖ਼ੁਦਾਈ ਸ਼ੁਰੂ ਕੀਤੀ। ਸੁਰਿੰਦਰ ਕੋਛੜ ਦੇ ਤੱਥ ਸੱਚ ਸਾਬਤ ਹੋਏ। ਇਹ ਸਾਰਾ ਵਿਸਥਾਰ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋ ਚੁੱਕਾ ਹੈ ਕਿ ਕਿਸ ਤਰ੍ਹਾਂ ਲਾਹੌਰ ਵਿਖੇ ਮਿਲਟਰੀ ਦੀ 26 ਨੰਬਰ ਨੇਟਿਵ ਇਨਫ਼ੈਨਟਰੀ (ਐਨ.ਆਈ.) ਦੀ ਪਲਟਨ ਜਦ ਬਾਗੀ ਹੋ ਕੇ ਸਾਈਂ ਮੀਆਂ ਮੀਰ ਛਾਉਣੀ ਤੋਂ ਬਾਹਰ ਜਾ ਰਹੀ ਸੀ ਤਦ ਦੋ ਅੰਗਰੇਜ਼ ਅਫ਼ਸਰਾਂ ਮੇਜਰ ਸਪੈਂਸਰ ਅਤੇ ਇਕ ਹੋਰ ਸਾਰਜੈਂਟ ਮੇਜਰ ਨੇ ਰੋਕਣ ਦਾ ਯਤਨ ਕੀਤਾ। ਤਦ ਪ੍ਰਕਾਸ਼ ਸਿੰਘ ਉਰਫ਼ ਪ੍ਰਕਾਸ਼ ਪਾਂਡੇ ਜੋ ਬਾਗ਼ੀਆਂ ਦੀ ਅਗਵਾਈ ਕਰ ਰਿਹਾ ਸੀ, ਨੇ ਦੋਹਾਂ ਦਾ ਤਲਵਾਰ ਨਾਲ ਕਤਲ ਕਰ ਦਿੱਤਾ। ਕਤਲ ਬਾਅਦ 650 ਦੇ ਕਰੀਬ ਫ਼ੌਜੀ 30 ਜੁਲਾਈ 1857 ਨੂੰ ਬਾਗ਼ੀ ਹੋ ਕੇ ਗ਼ਦਰੀਆਂ ਵਲੋਂ ਪਹਿਲਾਂ ਦਿੱਤੇ ਪ੍ਰੋਗਰਾਮ ਮੁਤਾਬਕ ਦਿੱਲੀ ਤੇ ਮੇਰਠ ਨੂੰ ਹੋਰ ਬਾਗ਼ੀਆਂ ਕੋਲ ਪਹੁੰਚਣ ਲਈ ਲਾਹੌਰ ਤੋਂ ਪੈਦਲ ਹੀ ਤੁਰ ਪਏ। ਬਗ਼ਾਵਤ ਦੀ ਸੂਹ ਮਿਲਣ ਕਰ ਕੇ ਇਨ੍ਹਾਂ ਸਮੇਤ ਸਾਰੇ ਭਾਰਤੀ ਫ਼ੌਜੀਆਂ ਤੋਂ ਅੰਗਰੇਜ਼ਾਂ ਨੇ ਪਹਿਲਾਂ ਹੀ ਹਥਿਆਰ ਖੋਹ ਲਏ ਹੋਏ ਸਨ। ਅੰਮ੍ਰਿਤਸਰ ਦੇ ਰਾਹ ਨੂੰ ਆਉਂਦਿਆਂ ਰਾਵੀ ਪਾਰ ਕਰਦੇ ਸਮੇਂ ਅੰਗਰੇਜ਼ਾਂ ਦਾ ਘੇਰਾ ਪੈ ਗਿਆ। ਅੰਮ੍ਰਿਤਸਰ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਨੇ ਇਨ੍ਹਾਂ ਬੇ-ਹਥਿਆਰੇ, ਭੁੱਖ ਅਤੇ ਥਕਾਵਟ ਨਾਲ ਮਰ ਰਹੇ ਸਿਪਾਹੀਆਂ 'ਤੇ ਕੋਈ ਤਰਸ ਨਹੀਂ ਕੀਤਾ। ਡੇਢ ਸੌ ਫ਼ੌਜੀ ਡੀ.ਸੀ. ਕੂਪਰ ਦੇ ਹਥਿਆਰਬੰਦ ਸਿਪਾਹੀਆਂ ਦੀਆਂ ਗੋਲੀਆਂ ਨਾਲ ਜ਼ਖ਼ਮੀ ਹੋ ਕੇ ਦਰਿਆ ਰਾਵੀ ਵਿਚ ਹੀ ਰੁੜ੍ਹ ਗਏ। 180 ਫ਼ੌਜੀ ਪਹਿਲਾਂ ਹੀ ਰਾਵੀ ਦਰਿਆ ਨੂੰ ਪਾਰ ਕਰਦੇ ਸਮੇਂ ਤੇਜ਼ ਵਹਾਅ ਵਿਚ ਰੁੜ੍ਹ ਗਏ ਸਨ। ਉਸ ਦਿਨ ਵੀ ਭਾਰੀ ਬਾਰਸ਼ ਹੋ ਰਹੀ ਸੀ।  ਕੁਝ ਸੈਨਿਕ ਤਰ ਕੇ ਦਰਿਆ 'ਚ ਬਣੇ ਟਾਪੂ 'ਚ ਖੜੇ ਸਰਕੜਿਆਂ 'ਚ ਲੁਕ ਗਏ। ਜਾਲਮ ਅੰਗਰੇਜ਼ਾਂ ਦੇ 60 ਹਥਿਆਰਬੰਦ ਸਿਪਾਹੀਆਂ ਨੇ ਉਨ੍ਹਾਂ ਨੂੰ ਬੇੜੀਆਂ ਰਾਹੀਂ ਜਾ ਘੇਰਿਆ। ਉਨ੍ਹਾਂ ਗ੍ਰਿਫ਼ਤਾਰ ਹੋਣ ਲਈ ਹੱਥ ਖੜੇ ਕਰ ਦਿੱਤੇ। ਉਨ੍ਹਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਅਜਨਾਲੇ ਲੈ ਆਂਦਾ। ਕੁਲ 282 ਬਾਗ਼ੀ ਸਿਪਾਹੀ, ਡੀ.ਸੀ. ਕੂਪਰ ਨੇ ਰੱਸਿਆਂ ਨਾਲ ਨੂੜ ਦਿੱਤੇ। ਕੁਝ ਨੂੰ ਅਜਨਾਲੇ ਦੀ ਤਸਿਹੀਲ ਤੇ ਕੁਝ ਨੂੰ ਥਾਣੇ ਦੀ ਹਵਾਲਾਤ ਵਿਚ ਬੰਦ ਕਰ ਦਿੱਤਾ। ਅਗਲੇ ਦਿਨ ਇਕ ਅਗਸਤ 1857 ਨੂੰ 10-10 ਦੀ ਟੋਲੀ 'ਚ ਕੱਢ ਕੇ 237 ਸਿਪਾਹੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਭੁੰਨਣ ਵੇਲੇ ਇਕ ਸਾਜਸ਼ ਅਧੀਨ ਪੰਜਾਬੀ ਸਿੱਖ ਸਿਪਾਹੀਆਂ ਨੂੰ ਵਰਤਿਆ ਗਿਆ।  ਸਾਰੇ ਮਾਰੇ ਗਏ ਸਿਪਾਹੀਆਂ ਨੂੰ ਨਾਲ ਦੇ 'ਕਾਲਿਆਂ ਵਾਲੇ' ਖੂਹ ਵਿਚ ਸੁੱਟ ਦਿੱਤਾ। 45 ਸਿਪਾਹੀ ਜਿਨ੍ਹਾਂ ਨੂੰ ਗੁੰਬਦ ਵਿਚ ਬੰਦ ਕਰ ਦਿੱਤਾ ਸੀ, ਗਰਮੀ ਤੇ ਹੁੰਮਸ ਨਾਲ ਸਾਹ ਘੁਟਣ ਕਰ ਕੇ ਅਧਮੋਏ ਹੋ ਗਏ ਸਨ, ਉਨ੍ਹਾਂ ਅਧਮੋਇਆਂ ਨੂੰ ਜਿਉਂਦਿਆਂ ਹੀ ਉਸੇ ਖੂਹ ਵਿਚ ਸੁੱਟ ਦਿੱਤਾ। ਕੁਲ 282 ਬਹਾਦਰ ਸਿਪਾਹੀਆਂ ਨੂੰ ਬੜੀ ਹੀ ਬੇਰਹਿਮੀ ਨਾਲ ਸ਼ਹੀਦ ਕਰ ਕੇ ਖੂਹ ਵਿਚ ਸੁੱਟਿਆ ਗਿਆ। ਸੈਨਿਕਾਂ ਨੂੰ ਮਾਰਨ ਵੇਲੇ ਦਾ ਕਾਂਡ ਲੋਕ ਦੂਰ ਤੋਂ ਦੇਖ ਰਹੇ ਸਨ, ਪਰ ਬੇਵੱਸ ਸਨ।  
ਖੂਹ ਮਿੱਟੀ ਸੁਟਾ ਕੇ ਪੂਰ ਦਿੱਤਾ ਗਿਆ। ਡਾ. ਸੁਖਦੇਵ ਸਿੰਘ ਸੋਹਲ (ਲਹੂ ਭਿੱਜੀ ਦਾਸਤਾਂ, ਸੰ. ਭੁਪਿੰਦਰ ਸੰਧੂ) ਮੁਤਾਬਕ ਇਸ ਖੂਹ ਦਾ ਨਾਂਅ ਕਾਲਿਆਂ ਵਾਲਾ ਖੂਹ ਸੀ ਜੋ ਇਸ ਦੇ ਮਾਲਕ ਇਕ ਕਾਲਿਆਂ ਵਾਲਾ ਸਰਦਾਰ ਹੋਣ ਕਰ ਕੇ ਪਿਆ ਸੀ। ਇਹ ਸਾਰਾ ਸਾਕਾ ਪਹਿਲੀ ਅਗਸਤ 1857 ਬਕਰੀਦ ਵਾਲੇ ਦਿਨ ਡੀ.ਸੀ. ਕੂਪਰ ਨੇ ਕੀਤਾ। ਕੁਝ ਲੇਖਕਾਂ ਮੁਤਾਬਕ 100 ਦੇ ਕਰੀਬ ਪੰਜਾਬੀ ਸਿੱਖ ਨੌਜਵਾਨ ਵੀ ਇਨ੍ਹਾਂ ਬਾਗ਼ੀ ਸਿਪਾਹੀਆਂ ਨਾਲ ਆ ਰਲੇ ਸਨ। ਪਰ ਇਸ ਦੀ ਤਸਦੀਕ ਹੋਣੀ ਬਾਕੀ ਹੈ। ਜੋ 66 ਦੇ ਕਰੀਬ ਸਿਪਾਹੀ ਬਚ ਬਚਾਅ ਕੇ ਘੇਰੇ 'ਚੋਂ ਨਿਕਲ ਗਏ, ਉਨ੍ਹਾਂ ਨੂੰ ਪਿੰਡਾਂ 'ਚੋਂ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਜਾਇਆ ਗਿਆ ਅਤੇ ਤੋਪਾਂ ਅੱਗੇ ਬੰਨ ਕੇ ਉਡਾ ਦਿੱਤਾ। ਇਹ ਬਰਬਰਤਾ ਭਰਪੂਰ ਕਾਰਜ 24 ਘੰਟੇ ਵਿਚ ਹੀ ਤਮਾਮ ਕਰ ਦਿੱਤਾ ਗਿਆ।
ਨਾਜ਼ੀਆਂ ਨੂੰ ਏਸ ਗੱਲ ਤੇ ਸਾਮਰਾਜੀ ਲਗਾਤਾਰ ਭੰਡਦੇ ਹਨ, ਜੋ ਹੈ ਵੀ ਸੱਚ, ਕਿ ਹਿਟਲਰ ਨੇ ਯਹੂਦੀਆਂ 'ਤੇ ਬਹੁਤ ਜੁਲਮ ਕੀਤੇ ਅਤੇ ਯਹੂਦੀਆਂ ਨੂੰ ਜਿਉਂਦਿਆਂ ਹੀ ਚੈਂਬਰਾਂ ਵਿਚ ਸੁੱਟ ਸੁੱਟ ਕੇ ਮਾਰ ਦਿੱਤਾ ਸੀ। ਫਰਾਂਸ ਦੀ ਕ੍ਰਾਂਤੀ ਵੇਲੇ ਵੀ ਵਿਰੋਧੀਆਂ ਨੂੰ 'ਗਿਲੋਟੀਨ' ਰਾਹੀਂ ਮਾਰ ਮੁਕਾਇਆ ਜਾਂਦਾ ਸੀ। ਆਪਣੇ ਆਪ ਨੂੰ ਮਾਨਵਵਾਦੀ ਕਹਿਣ ਵਾਲਾ ਬਰਤਾਨਵੀ ਸਾਮਰਾਜ ਖ਼ੁਦ ਇਸ ਤੋਂ ਵੀ ਵੱਡੇ ਜ਼ੁਲਮ ਭਾਰਤ ਵਿਚ ਕਰਦਾ ਰਿਹਾ ਹੈ ਪਰ ਏਸ ਨੂੰ ਹੁਣ ਤੀਕ ਇਤਿਹਾਸ ਤੋਂ ਲੁਕਾ ਕੇ ਰੱਖਿਆ ਗਿਆ। ਹੁਣ ਤਾਂ ਇਹ ਜ਼ੁਲਮ ਪ੍ਰਤੱਖ ਹੋ ਗਿਆ ਹੈ। ਜਿਉਂਦਾ ਜਾਗਦਾ ਸਬੂਤ 282 ਸੈਨਿਕਾਂ ਦੀਆਂ ਖੂਹ 'ਚੋਂ ਮਿਲੀਆਂ ਹੱਡੀਆਂ ਤੇ ਪਿੰਜਰਾਂ ਨੇ ਦੇ ਦਿੱਤਾ ਹੈ। ਸਵਾਲ ਹੈ ਕਿ ਕੀ ਆਜ਼ਾਦੀ ਦੀ ਮੰਗ ਕਰਨਾ ਐਨਾ ਵੱਡਾ ਗੁਨਾਹ ਹੈ?
ਸਵਾਲਾਂ ਦਾ ਸਵਾਲ ਇਹ ਵੀ ਹੈ ਕਿ ਜਦ ਕਈ ਇਤਿਹਾਸਕਾਰ ਇਸ ਦਾ ਜ਼ਿਕਰ ਕਰ ਚੁੱਕੇ ਸਨ ਤਦ ਇਸ ਖੂਹ ਨੂੰ ਕੇਂਦਰ ਜਾਂ ਪੰਜਾਬ ਸਰਕਾਰ ਨੇ ਕਿਉਂ ਨਹੀਂ ਖੁਦਵਾਇਆ। ਖ਼ੁਦ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ, ਜਿਸ ਨੇ ਇਹ ਕਾਰਾ ਕਰ ਕੇ ਈਦ ਮਨਾਈ ਸੀ, ਨੇ ਆਪਣੀ ਪੁਸਤਕ 'ਕਰਾਈਸਜ਼ ਇਨ ਪੰਜਾਬ' (1858) ਵਿਚ ਹੀ ਇਸ ਦਾ ਜ਼ਿਕਰ ਕੀਤਾ ਹੋਇਆ ਹੈ। ਹੀਰਾ ਸਿੰਘ ਦਰਦ ਨੇ ਵੀ (1928) ਇਸ ਕਾਲਿਆਂ ਵਾਲੇ ਖੂਹ ਦੀ ਘਟਨਾ ਬਾਰੇ ਲਿਖਿਆ ਸੀ। ਕੀ ਸਾਡੀ ਸਰਕਾਰ ਨੇ ਆਜ਼ਾਦੀ ਮਿਲਣ ਬਾਅਦ ਅੰਗਰੇਜ਼ਾਂ ਦੇ ਸਾਰੇ ਹੀ ਜ਼ੁਲਮਾਂ ਦੀਆਂ ਨਿਸ਼ਾਨੀਆਂ ਖ਼ਤਮ ਕਰਨ ਲਈ ਅਜਿਹਾ ਜਾਣਬੁਝ ਕੇ ਏਸ ਲਈ ਤਾਂ ਨਹੀਂ ਕੀਤਾ, ਕਿ ਸਾਮਰਾਜੀਆਂ ਨਾਲ ਉਨ੍ਹਾਂ ਦੀ ਸਾਂਝ ਕਾਇਮ ਰਹਿ ਸਕੇ। ਕੀ ਜਲ੍ਹਿਆਂ ਵਾਲੇ ਬਾਗ਼ ਨੂੰ 'ਸੁੰਦਰ' ਬਣਾ ਕੇ ਉਸ ਨੂੰ 'ਪਾਰਕਿੰਗ' ਵਿਚ ਬਦਲਣ ਪਿੱਛੇ ਭਾਰਤੀ ਹਾਕਮਾਂ ਦੀ ਬਾਗ਼ ਦੇ ਖੂਹ ਅਤੇ ਗੋਲੀਆਂ ਦੇ ਨਿਸ਼ਾਨਾਂ ਨੂੰ ਖ਼ਤਮ ਕਰਨ ਦੀ ਸਾਜ਼ਸ਼ ਹੀ ਤਾਂ ਨਹੀਂ ਸੀ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਸੰਘਰਸ਼ ਰਾਹੀਂ ਨਾਕਾਮ ਕਰ ਦਿੱਤਾ ਸੀ?
ਸਿੱਖ ਧਾਰਮਕ ਆਗੂਆਂ ਅਤੇ ਫਿਰਕਾਪ੍ਰਸਤ ਇਤਿਹਾਸਕਾਰਾਂ ਦੀ ਸਾਮਰਾਜੀ ਜ਼ੁਲਮ ਦੇ ਕੁਕਰਮਾਂ ਨੂੰ ਛੁਪਾਉਣ ਦੀ ਸਾਜ਼ਸ਼ ਦੀ ਇਹ ਵੀ ਕੜੀ ਹੀ ਜਾਪਦੀ ਹੈ, ਜਿਸ ਤਹਿਤ ਉਹ ਇਨ੍ਹਾਂ ਬਹਾਦਰ ਦੇਸ਼ ਭਗਤਾਂ, ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਲਈ ਸਤਿਕਾਰ ਦੀ ਭਾਵਨਾ ਕਾਇਮ ਕਰਨ ਅਤੇ ਉਨ੍ਹਾਂ ਨੂੰ ਅਮਰ ਸ਼ਹੀਦ ਕਹਿਣ ਦੀ ਥਾਂ 'ਪੂਰਬੀਏ' ਅਤੇ ਖ਼ਾਲਸਾ ਫ਼ੌਜ ਵਿਰੁੱਧ ਅੰਗਰੇਜ਼ਾਂ ਵਲੋਂ ਲੜਨ ਵਾਲੇ ਕਿਹਾ ਜਾ ਰਿਹਾ ਹੈ। ਪਹਿਲੀ ਗੱਲ ਤਾਂ ਇਸ ਦਾ ਕੋਈ ਸਬੂਤ ਨਹੀਂ ਹੈ, ਦੂਜੀ ਜੇ ਉਹ ਲੜੇ ਵੀ ਹੋਣ ਤਾਂ ਉਸ ਵੇਲੇ ਤਾਂ ਉਹ ਅੰਗਰੇਜ਼ ਫ਼ੌਜ ਦਾ ਹਿੱਸਾ ਸਨ। ਅੰਗਰੇਜ਼ਾਂ ਦਾ ਹੁਕਮ ਮੰਨਣ ਬਿਨਾਂ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਸੀ। ਅੰਗਰੇਜ਼ਾਂ ਦੇ ਪੰਜਾਬ ਅਤੇ ਹੋਰ ਰਿਆਸਤਾਂ 'ਤੇ ਜਬਰੀ ਕਬਜ਼ਾ ਕਰਨ ਅਤੇ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਅਨੇਕਾਂ ਹੋਰ ਧੱਕੇਸ਼ਾਹੀਆਂ ਵਿਰੁੱਧ ਹੀ ਤਾਂ ਉਹ ਅੰਗਰੇਜ਼ਾਂ ਤੋਂ ਬਾਗ਼ੀ ਹੋਏ ਸਨ; ਆਪਣੇ ਦੇਸ਼ ਭਾਰਤ ਦੀ ਆਜ਼ਾਦੀ ਲਈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ 282 ਦੇਸ਼ ਭਗਤਾਂ ਨੂੰ ਸ਼ਹੀਦ ਕਰਾਉਣ ਲਈ ਵੀ ਪੰਜਾਬੀ ਸਿੱਖ ਸਿਪਾਹੀਆਂ ਦੀ ਵਰਤੋਂ ਕੀਤੀ ਗਈ ਅਤੇ ਇਨ੍ਹਾਂ ਬਾਗ਼ੀਆਂ ਨੂੰ ਫੜਨ ਲਈ ਵੀ ਇਕ ਸਿੱਖ ਆਗੂ ਅਤੇ ਅਜਨਾਲਾ ਦੇ ਤਹਿਸੀਲਦਾਰ ਪ੍ਰਾਣ ਨਾਥ ਤਤਕਾਲੀ ਡਿਪਟੀ ਕਮਿਸ਼ਨਰ ਕੂਪਰ ਨਾਲ 80 ਘੋੜ ਸਵਾਰ ਸੈਨਿਕ ਦਸਤੇ ਦੀ ਅਗਵਾਈ ਕਰ ਰਹੇ ਸਨ। ਇਹ ਫਿਰਕਾਪ੍ਰਸਤ ਲੋਕ ਫਿਰ ਉਨ੍ਹਾਂ ਨੂੰ 'ਗ਼ੱਦਾਰ' ਕਿਉਂ ਨਹੀਂ ਆਖਦੇ? ਜਨਰਲ ਡਾਇਰ ਨੂੰ ਐਸ.ਜੀ.ਪੀ.ਸੀ. ਤੇ ਅਕਾਲ ਤਖ਼ਤ ਵਲੋਂ ਸਨਮਾਨਣ ਵਾਲਿਆਂ ਨੂੰ ਅਜੇ ਤੀਕ ਵੀ ਇਨ੍ਹਾਂ ਵਲੋਂ ਗੱਦਾਰ ਕਿਉਂ ਨਹੀਂ ਕਿਹਾ ਗਿਆ। ਇਹ ਤਾਂ ਇਥੋਂ ਤੀਕ ਵੀ ਕਹਿਣ ਲੱਗੇ ਹੋਏ ਹਨ ਕਿ ਗ਼ਦਰੀ ਬਾਬੇ 'ਸਿੱਖ' ਸਨ। ਪਹਿਲਾਂ 100 ਸਾਲ ਤਾਂ ਅੰਗਰੇਜ਼ਾਂ ਵਿਰੁੱਧ ਲੜਨ ਵਾਲੇ ਇਨ੍ਹਾਂ ਗ਼ਦਰੀਆਂ ਦੀਆਂ ਸ਼ਹੀਦੀਆਂ ਨੂੰ ਗੌਲਿਆ ਤਕ ਨਹੀਂ ਗਿਆ। ਕੀ ਦੇਸ਼ ਲਈ ਲੜ ਕੇ ਜਾਨਾਂ ਵਾਰਨ ਵਾਲੇ ਜੇ ਸਿੱਖ ਹੋਣਗੇ ਤਦ ਹੀ ਸਾਡੇ ਧਾਰਮਕ ਆਗੂ ਉਨ੍ਹਾਂ ਨੂੰ ਸ਼ਹੀਦ ਆਖਣਗੇ? ਕੀ ਇਹ ਅਖੌਤੀ ਧਾਰਮਕ ਆਗੂ ਤੇ ਇਤਿਹਾਸਕਾਰ ਐਨਾ ਹੀ ਅੰਗਰੇਜ਼-ਪ੍ਰਸਤ ਤੇ ਸਾਮਰਾਜ ਦੇ ਹਮਾਇਤੀ ਹੋ ਗਏ ਹਨ ਕਿ ਦੇਸ਼ ਵਾਸਤੇ ਲੜ ਮਰਨ ਵਾਲੇ ਕਿਸੇ ਵੀ ਗ਼ੈਰ-ਸਿੱਖ ਨੂੰ ਸ਼ਹੀਦ ਨਹੀਂ ਮੰਨਣਗੇ।
ਇਹ ਅਸਥੀਆਂ ਜੋ ਖੂਹ 'ਚੋਂ ਨਿਕਲੀਆਂ ਹਨ ਇਨ੍ਹਾਂ ਨੂੰ ਉਹ ਏਸ ਕਰ ਕੇ 'ਦਾਹ ਸੰਸਕਾਰ' ਜਾਂ 'ਜਲ ਪ੍ਰਵਾਹ' ਕਰਨਾ ਲੋਚਦੇ ਹਨ ਤਾਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਖਸ਼ਾਤ ਰੂਪ ਵਿਚ ਦੱਸਣ ਲਈ ਕੁਝ ਵੀ ਨਾ ਬਚੇ ਅਤੇ ਸਾਮਰਾਜ ਪ੍ਰਤੀ ਲੋਕਾਂ ਦੇ ਮਨਾਂ ਵਿਚ ਨਫ਼ਰਤ ਨਾ ਪੈਦਾ ਹੋ ਜਾਵੇ। ਕੀ ਦੂਸਰੀ ਸੰਸਾਰ ਜੰਗ ਵੇਲੇ ਜੋ ਸਿੱਖ ਫ਼ੌਜੀ 'ਖ਼ਾਲਸਾ ਫ਼ੌਜ' ਵਿਰੁਧ ਲੜਨ ਵਾਲੇ ਅੰਗਰੇਜ਼ ਹਾਕਮਾਂ ਦੇ ਨਾਲ ਹੋ ਕੇ ਲੜੇ ਸਨ ਤੇ ਮਗਰੋਂ ਉਹੀ ਸੁਭਾਸ਼ ਚੰਦਰ ਬੌਸ ਅਤੇ ਜਨਰਲ ਮੋਹਨ ਸਿੰਘ ਦੀ ਅਗਵਾਈ ਵਿਚ 'ਆਜ਼ਾਦ ਹਿੰਦ ਫ਼ੌਜ' ਬਣਾ ਕੇ ਆਪਣੇ ਦੇਸ਼ ਭਾਰਤ ਨੂੰ ਆਜ਼ਾਦ ਕਰਾਉਣ ਲਈ ਅੰਗਰੇਜ਼ਾਂ ਦੇ ਵਿਰੁੱਧ ਲੜੇ ਸਨ, ਉਨ੍ਹਾਂ ਨੂੰ ਵੀ ਇਹ ਪੱਖਪਾਤੀ ਇਤਿਹਾਸਕਾਰ ਸ਼ਹੀਦ ਨਹੀਂ ਮੰਨਣਗੇ ਅਤੇ ਉਨ੍ਹਾਂ ਦੀਆਂ ਪੈਨਸ਼ਨਾਂ ਦਾ ਵਿਰੋਧ ਕਰਨਗੇ? ਇਹ ਕੈਸੀ 'ਦੇਸ਼ ਭਗਤੀ' ਤੇ 'ਸਿੱਖ ਭਗਤੀ' ਹੈ।  
ਕੀ ਇਹ 'ਸਿੱਖ ਇਤਿਹਾਸਕਾਰ' ਸਿੱਖ ਬੁਧੀਜੀਵੀ ਅਤੇ ਸਿੱਖ ਧਾਰਮਕ ਆਗੂ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੀ ਖ਼ਾਲਸਾ ਫ਼ੌਜ ਦੇ ਮੁੱਖ ਦੁਸ਼ਮਣ ਸਾਮਰਾਜ, ਵਿਰੁੱਧ ਲੜਨ ਵਾਲੇ ਗ਼ਦਰੀਆਂ, ਜੋ 1913 ਵਿਚ ਅਮਰੀਕਾ ਕਨੇਡਾ ਦੇ ਰੁਜ਼ਗਾਰ, ਸੁੱਖ ਤੇ ਜਾਇਦਾਦਾਂ ਛੱਡ ਕੇ ਭਾਰਤ ਆ ਗਏ ਸਨ ਤੇ ਇਨ੍ਹਾਂ ਮੁਤਾਬਕ ਉਹ ਕੇਵਲ 'ਸਿੱਖ ਗ਼ਦਰੀ' ਸਨ, ਉਨ੍ਹਾਂ ਅੰਗੇਰਜ਼ਾਂ ਨੂੰ ਸੂਹ ਦੇਣ ਵਾਲੇ ਸਿੱਖਾਂ ਨੂੰ (ਅੱਜ ਹੀ ਸਹੀ) 'ਗ਼ੱਦਾਰ ਸਿੱਖ' ਆਖਣਗੇ? ਜਨਰਲ ਡਾਇਰ ਜਿਹੇ ਅੰਗਰੇਜ਼ਾਂ ਨੂੰ ਸਿਰੋਪੇ ਭੇਟ ਕਰਨ ਵਾਲੇ ਅਤੇ ਅੰਗਰੇਜ਼ਾਂ ਦੇ ਹਮੇਸ਼ਾ ਵਫ਼ਾਦਾਰ ਰਹਿਣ ਵਾਲੇ ਅਨੇਕਾਂ ਸਿੱਖ ਜਗੀਰਦਾਰਾਂ, ਸਫ਼ੈਦਪੋਸ਼ਾਂ, ਲੰਬੜਦਾਰਾਂ ਅੰਗਰੇਜ਼ਾਂ ਦੀ ਵਫ਼ਾਦਾਰੀ ਕਰਦੇ ਰਹਿਣ ਵਾਲੇ ਸਾਰੇ ਸਿੱਖ ਰਿਆਸਤੀ ਰਾਜਿਆਂ ਨੂੰ  ਇਹ 'ਸਿੱਖ ਕੌਮ ਦੇ ਗ਼ੱਦਾਰ' ਕਹਿਣਗੇ?
ਇਸ ਸੱਚ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਸਾਮਰਾਜ ਆਪਣੀ ਹੋਂਦ ਨੂੰ ਵੰਗਾਰਨ ਵਾਲਿਆਂ ਪ੍ਰਤੀ ਬਹੁਤ-ਬਹੁਤ ਬੇਕਿਰਕੀ ਦਿਖਾਉਂਦਾ ਹੈ। ਬੜੇ -ਬੜੇ ਜੁਲਮ ਢਾਹੁੰਦਿਆਂ ਉਹ ਨੀਵਾਣਾਂ ਦੀ ਹਰ ਸੀਮਾ ਪਾਰ ਕਰੀ ਜਾਂਦਾ ਹੈ। ਉਹ ਚਾਹੇ ਵੀਅਤਨਾਮ ਹੋਵੇ, ਇਰਾਕ, ਅਫ਼ਗ਼ਾਨਿਸਤਾਨ ਜਾਂ ਸੋਵੀਅਤ ਯੂਨੀਅਨ; ਇਸ ਸਭ ਨੂੰ ਢਹਿ ਢੇਰੀ ਕਰਨ ਲਈ ਸਾਜ਼ਸ਼ਾਂ ਰਚਣ ਲਈ ਉਹ ਕਰੋੜਾਂ, ਅਰਬਾਂ, ਖ਼ਰਬਾਂ ਡਾਲਰ ਖਰਚ ਕਰ ਸਕਦਾ ਹੈ। ਸਾਮਰਾਜ ਦਾ ਅਸਲ  ਚਿਹਰਾ ਬੇਹੱਦ ਖੂੰਖਾਰ ਹੈ। ਸਾਮਰਾਜ ਚਾਹੇ ਬਰਤਾਨਵੀ ਹੋਵੇ, ਅਮਰੀਕੀ ਜਾਂ ਕੋਈ ਹੋਰ ਉਹ ਬੇਕਿਰਕ ਤੇ ਜ਼ਾਲਮ ਹੈ। ਗ਼ਰੀਬ ਮੁਲਕਾਂ ਪ੍ਰਤੀ ਉਸ ਦਾ ਨਜ਼ਰੀਆ ਹੋਰ ਹੁੰਦਾ ਹੈ ਤੇ ਅਮੀਰ ਮੁਲਕਾਂ ਪ੍ਰਤੀ ਹੋਰ। ਉਹ ਕਦੇ ਮਾਨਵੀ ਨਹੀਂ ਹੁੰਦਾ। ਉਸ ਦਾ ਮਾਨਵੀ ਮਖੌਟਾ ਸ਼ਹੀਦਾਂ ਵਾਲੇ ਖੂਹ 'ਚੋਂ ਨਿਕਲੇ 282 ਸੈਨਿਕਾਂ ਦੀਆਂ ਅਸਥੀਆਂ ਨੇ ਅਤੇ 650 ਦੇ ਕਰੀਬ ਨਿਹੱਥੇ ਭੁਖਣ-ਭਾਣੇ ਸੈਨਿਕਾਂ ਨੂੰ ਕੈਦ ਕਰਨ ਦੀ ਥਾਂ ਬੇਕਿਰਕੀ ਨਾਲ ਕਤਲ ਕਰਨ 
ਦੇ ਸੱਚ ਦੇ ਉਜਾਗਰ ਹੋਣ ਨਾਲ ਲੀਰੋ ਲੀਰੋ ਹੋ ਗਿਆ ਹੈ। ਉਸ ਨੂੰ ਫੇਰ ਵੀ ਨਫ਼ਰਤ ਨਾ ਕਰਨਾ ਤੇ ਉਸ ਦੇ ਜੁਲਮਾਂ ਦੇ ਸਬੂਤਾਂ ਨੂੰ ਬਰਬਾਦ ਕਰਨ ਬਾਰੇ ਸੋਚਣਾ ਤੇ ਦਲੀਲਾਂ ਦੇਣੀਆਂ ਘੋਰ ਪਾਪ ਹੈ; ਘੋਰ ਅਪਰਾਧ ਹੈ। 
ਸੱਚ ਤਾਂ ਇਹ ਹੈ ਕਿ ਜਿਵੇਂ ਜਾਲਮ ਦਾ ਕੋਈ ਧਰਮ, ਮਜ਼੍ਹਬ ਨਹੀਂ ਹੁੰਦਾ, ਉਸੇ ਤਰ੍ਹਾਂ ਜੁਲਮ ਦਾ ਟਾਕਰਾ ਕਰਨ ਵਾਲਿਆਂ ਨੂੰ ਵੀ ਕਿਸੇ ਧਰਮ, ਮਜ਼੍ਹਬ ਜਾਂ ਫਿਰਕੇ ਦੀਆਂ ਸੀਮਾਵਾਂ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਇਸ ਲਈ ਅਸਥੀਆਂ ਅਤੇ ਖੂਹ 'ਚੋਂ ਨਿਕਲੀਆਂ ਹੋਰ ਸਭ ਵਸਤਾਂ ਅਤੇ ਉਸ ਖੂਹ ਨੂੰ ਇਨਬਿਨ ਅਜਾਇਬ ਘਰ ਬਣਾ ਕੇ ਵਧੀਆ ਇਮਾਰਤ ਬਣਾ ਕੇ ਉਸ ਦੀ ਇਤਿਹਾਸਕ ਯਾਦਗਾਰ ਲਾਜ਼ਮੀ ਬਣਨੀ ਚਾਹੀਦੀ ਹੈ। ਬਰਤਾਨੀਆ ਅਤੇ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਮੀਆਂ ਮੀਰ ਛਾਉਣੀ ਦੇ ਦਸਤਾਵੇਜ਼ਾਂ ਵਿਚੋਂ ਇਨ੍ਹਾਂ ਬਹਾਦਰ ਸਿਪਾਹੀਆਂ ਦੀ ਸਮੁੱਚੀ ਸੂਚੀ ਪ੍ਰਾਪਤ ਕੀਤੀ ਜਾਵੇ ਅਤੇ ਇਸ ਯਾਦਗਾਰ ਵਿਚ ਸਾਰੇ ਨਾਮ ਸਿਰਨਾਵਿਆਂ ਸਮੇਤ ਸਾਂਭੇ ਤੇ ਉੱਕਰੇ ਜਾਣ। ਇਸ ਖ਼ੂਹ ਦਾ ਨਾਂਅ 'ਸ਼ਹੀਦੀ ਖੂਹ' ਰੱਖਿਆ ਜਾਵੇ।
ਪੰਜਾਬ ਦੀ ਅਕਾਲੀ ਸਰਕਾਰ ਅਤੇ ਐਸ.ਜੀ.ਪੀ.ਸੀ. ਲਈ ਇਹ ਇਤਿਹਾਸਕ ਮੌਕਾ ਹੈ ਕਿ 'ਸ਼ਹੀਦ' ਕਿਸ ਨੂੰ ਕਹਿਣਾ ਹੈ, ਇਸ ਬਾਰੇ ਫੇਰ ਤੋਂ ਵਿਚਾਰ ਕੀਤਾ ਜਾਵੇ ਅਤੇ ਅਖੌਤੀ ਇਤਿਹਾਸਕਾਰਾਂ ਤੋਂ ਖਹਿੜਾ ਛੁਡਾ ਕੇ ਖੋਜੀ ਤੇ ਯਥਾਰਥਕ ਇਤਿਹਾਸਕਾਰਾਂ ਦਾ ਪੱਲੂ ਫੜਿਆ ਜਾਵੇ। ਇਨ੍ਹਾਂ 650 ਦੇ ਕਰੀਬ ਬਾਗੀ ਸੈਨਿਕਾਂ ਨਾਲ ਪੰਜਾਬੀ ਨੌਜਵਾਨ ਵੀ ਦੱਸੀਦੇ ਹਨ (ਤਤਕਾਲੀ ਡੀ.ਸੀ. ਕੂਪਰ ਦੀ ਪੁਸਤਕ ਤੋਂ ਹੋਰ ਵੀ ਜਾਣਕਾਰੀ ਮਿਲ ਸਕਦੀ ਹੈ)। ਉਨ੍ਹਾਂ ਦੀ ਵਧੀਆ ਯਾਦਗਾਰ ਉਸਾਰਨ ਅਤੇ ਨਿਸ਼ਾਨੀਆਂ ਨੂੰ ਮੌਲਿਕ ਰੂਪ ਵਿਚ ਜਿਉਂ ਦੀਆਂ ਤਿਉਂ ਸਾਂਭਣ ਲਈ ਅੱਗੇ ਆਇਆ ਜਾਵੇ ਅਤੇ ਪੰਜਾਬ ਦਾ ਇਹ ਕਲੰਕ ਧੋਤਾ ਜਾਵੇ ਕਿ 1857 ਦੇ ਗ਼ਦਰ ਵਿਚ ਪੰਜਾਬੀਆਂ ਤੇ ਸਿੱਖਾਂ ਨੇ ਅੰਗਰੇਜ਼ਾਂ ਦਾ ਸਾਥ ਦੇ ਕੇ ਗੱਦਾਰੀ ਕੀਤੀ ਸੀ। ਦੇਸ਼ ਦੇ ਸ਼ਹੀਦ ਕਿਸੇ ਧਰਮ ਦੇ ਮੁਹਤਾਜ ਨਹੀਂ ਹੁੰਦੇ। ਉਥੇ ਗੁਰਦੁਆਰਾ, ਮੰਦਰ ਜਾਂ ਮਸਜਿਦ ਉਸਾਰਨ ਦੀ ਥਾਂ ਚੱਪੜ ਚਿੜੀ ਵਾਂਗ ਸ਼ਹੀਦੀ ਸਮਾਰਕ ਉਸਾਰਿਆ ਜਾਵੇ। ਸ਼ਹੀਦ ਹੋਏ 650 ਵਿਚ ਮੁਸਲਮਾਨ ਵੀ ਸਨ, ਹਿੰਦੂ ਵੀ ਤੇ ਸਿੱਖ ਵੀ। ਇਹ ਸਾਂਝਾ ਵਿਰਸਾ ਹੈ। ਇਥੋਂ ਨਿਕਲੀਆਂ ਨਿਸ਼ਾਨੀਆਂ ਨੂੰ ਜਿਉਂ ਦਾ ਤਿਉਂ ਸਾਂਭਿਆ ਜਾਵੇ।  ਇਤਿਹਾਸਕਾਰ ਸੁਰਿੰਦਰ ਕੌਛੜ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਅਮਰਜੀਤ ਸਿੰਘ ਸਰਕਾਰੀਆ, ਲਹੂ 'ਭਿੱਜੀ ਦਾਸਤਾਂ' ਦੇ ਸੰਪਾਦਕ ਭੁਪਿੰਦਰ ਤੇ ਹੋਰ ਲੋਕ, ਜਿਨ੍ਹਾਂ ਵੀ ਇਸ ਖੁਦਾਈ ਨੂੰ ਅੰਜਾਮ ਦੇਣ ਵਿਚ ਭੂਮਿਕਾ ਨਿਭਾਈ ਹੈ, ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਜਾਵੇ।  ਅਸੀਂ ਸਾਰੇ ਯਤਨ ਕਰੀਏ ਕਿ ਸਾਮਰਾਜ ਦਾ ਅਸਲ ਖੂੰਖਾਰ ਚਿਹਰਾ ਬੇਪਰਦ ਹੋ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਪ੍ਰਤੀ ਸੁਚੇਤ ਰਹਿਣ।

No comments:

Post a Comment