Sunday 6 April 2014

ਕੋਸੋਵੋ ਤੇ ਕਰੀਮੀਆ : ਪੱਛਮ ਦੇ ਦੂਹਰੇ ਮਾਪਦੰਡ, ਮੌਕਾਪ੍ਰਸਤੀ, ਪਾਖੰਡ ਅਤੇ ਦੰਭ

ਡਾ. ਸਵਰਾਜ ਸਿੰਘ

ਅੱਜ-ਕੱਲ ਪੱਛਮੀ ਦੇਸ਼ ਰੂਸ ਵੱਲੋਂ ਕਰੀਮੀਆ ਨੂੰ ਆਪਣੇ ਨਾਲ ਰਲਾਉਣ ਅਤੇ ਯੂਕਰੇਨ ਦੀ ਖੁਦਮੁਖਤਿਆਰੀ ਅਤੇ ਸੁਤਤੰਰਤਾ ਨੂੰ ਉਲੰਘਣ ਬਾਰੇ ਬਹੁਤ ਰੌਲਾ ਪਾ ਰਹੇ ਹਨ। ਪੰਜਾਬੀ ਦੀ ਕਹਾਵਤ 'ਛੱਜ ਤਾਂ ਬੋਲੇ ਛਾਨਣੀ ਕੀ ਬੋਲੇ' ਉਨ੍ਹਾਂ 'ਤੇ ਲਾਗੂ ਹੁੰਦੀ ਹੈ, ਇਹ ਉਹੀ ਦੇਸ਼ ਹਨ ਜਿਨ੍ਹਾਂ ਨੇ ਯੂਗੋਸਲਾਵੀਆ 'ਤੇ ਹਮਲਾ ਕਰਕੇ ਕੋਸੋਵੋ ਨੂੰ ਸਰਬੀਆ ਨਾਲੋਂ ਵੱਖਰਾ ਕਰ ਦਿੱਤਾ ਸੀ। ਜਿੰਨੀ ਤਬਾਹੀ ਯੂਗੋਸਲਾਵੀਆ ਦੀ ਕੀਤੀ ਗਈ ਅਤੇ ਜਿੰਨਾ ਖੂਨ-ਖ਼ਰਾਬਾ ਕੋਸੋਵੋ ਅਤੇ ਯੂਗੋਸਲਾਵੀਆ ਵਿਚ ਹੋਇਆ, ਜੇ ਉਸ ਦੀ ਤੁਲਨਾ ਅਸੀਂ ਕਰੀਮੀਆ ਅਤੇ ਯੂਕਰੇਨ ਨਾਲ ਕਰੀਏ ਤਾਂ ਹੈਰਾਨੀ ਹੁੰਦੀ ਹੈ ਕਿ ਤੁਲਨਾਮਿਕ ਤੌਰ 'ਤੇ ਰੂਸੀ ਫੌਜਾਂ ਨੇ ਕਿੰਨਾ ਸੰਜਮ ਵਰਤਿਆ ਹੈ ਅਤੇ ਇੰਨੀ ਵੱਡੀ ਇਤਿਹਾਸਕ ਤਬਦੀਲੀ ਲਗਭਗ ਸ਼ਾਂਤੀਪੂਰਵਕ ਢੰਗ ਨਾਲ ਕਰ ਦਿੱਤੀ। ਇਹ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ, ਇਸ ਦੀ ਤੁਲਨਾ ਵਿਚ ਜੋ ਕੁਝ ਕੋਸੋਵੋ ਤੇ ਸਰਬੀਆ ਵਿਚ ਵਾਪਰਿਆ ਉਹ ਕਿੰਨਾ ਕੁ ਭਿਆਨਕ ਅਤੇ ਤਬਾਹਕੁੰਨ ਸੀ, ਸ਼ਾਇਦ ਉਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ। 
ਅਮਰੀਕਾ ਵਿਚ ਰਹਿੰਦਿਆਂ ਮੈਨੂੰ ਯੂਗੋਸਲਾਵੀਆ ਦੇ ਪਿਛੋਕੜ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਅਮਰੀਕਾ ਨੇ ਉਨ੍ਹਾਂ ਦੇ ਦੇਸ਼ 'ਤੇ ਹਮਲੇ ਕਰਕੇ ਲਗਭਗ ਪੂਰੀ ਤਰ੍ਹਾਂ ਉਸ ਨੂੰ ਤਬਾਹ ਕਰ ਦਿੱਤਾ ਹੈ। ਸੜਕਾਂ, ਪੁਲ ਅਤੇ ਇਮਾਰਤਾਂ ਢਾਹ ਦਿੱਤੀਆਂ ਹਨ। ਕੋਸੋਵੋ ਵਿਚ ਇੰਨਾ ਕਤਲੇਆਮ ਹੋਇਆ ਕਿ ਸਾਲਾਂ ਬਾਅਦ ਵੀ ਉਥੇ ਕਈ ਯੁਗਾਂ ਤੋਂ ਇਕੱਠੀਆਂ ਦੱਬੀਆਂ ਹੋਈਆਂ ਲਾਸ਼ਾਂ (ਜਨਤਕ ਕਬਰਾਂ) ਮਿਲਦੀਆਂ ਰਹੀਆਂ। ਇਨ੍ਹਾਂ ਦੇਸ਼ਾਂ ਨੇ ਕਿੰਨੀ ਕੁ ਦੂਜੇ ਦੇਸ਼ਾਂ ਦੀ ਸਿਰਮੌਰਤਾ ਅਤੇ ਸੁਤੰਤਰਤਾ ਦਾ ਸਤਿਕਾਰ ਕੀਤਾ ਹੈ, ਉਸ ਦਾ ਅੰਦਾਜ਼ਾ ਵੀਅਤਨਾਮ, ਲਾਉਸ, ਕੰਬੋਡੀਆ, ਇਰਾਕ, ਅਫਗਾਨਿਸਤਾਨ, ਸੁਮਾਲੀਆ, ਲਿਬੀਆ, ਸੀਰੀਆ, ਪਾਕਿਸਤਾਨ, ਮਿਸਰ ਅਤੇ ਲੈਬਨਾਨ ਵਰਗੇ ਕਈ ਹੋਰ ਦੇਸ਼ਾਂ ਤੋਂ ਲਾਇਆ ਜਾ ਸਕਦਾ ਹੈ। ਪੱਛਮੀ ਦੇਸ਼ ਆਪਣੇ ਆਪ ਨੂੰ ਇਸਾਈ ਸੱਭਿਅਤਾ ਦੀ ਪੈਦਾਵਾਰ ਦੱਸਦੇ ਹਨ। ਲਗਭਗ ਇਕ ਹਜ਼ਾਰ ਸਾਲ ਇਹ ਦੇਸ਼ ਜੇਰੂਸ਼ਲਮ ਵਿਚ ਮੁਸਲਮਾਨਾਂ ਨਾਲ ਲੜਦੇ ਰਹੇ ਜਿਸ ਨੂੰ ਅਸੀਂ ਕਰੂਸੇਡਸ ਕਹਿੰਦੇ ਹਾਂ। ਹੁਣ ਵੀ ਉਹ ਕਰੂਸੇਡ ਦਾ ਹਵਾਲਾ ਦੇਣੋਂ ਨਹੀਂ ਹਟਦੇ, 2003 ਵਿਚ ਪ੍ਰਧਾਨ ਬੁਸ਼ ਨੇ ਜਦੋਂ ਇਰਾਕ 'ਤੇ ਹਮਲਾ ਕੀਤਾ ਤਾਂ ਉਸ ਦੀ ਤੁਲਨਾ ਕਰੂਸੇਡ ਨਾਲ ਕੀਤੀ, ਪਰ ਕੀ ਸਚਮੁਚ ਪੱਛਮੀ ਦੇਸ਼ ਇਸਾਈ ਧਰਮ ਨੂੰ ਸਮਰਪਿਤ ਹਨ? 1853-1856 ਵਿਚ ਕਰੀਮੀਆ ਦੀ ਲੜਾਈ ਵਿਚ ਜਦੋਂ ਰੂਸ ਇਸਾਈਆਂ ਦੇ ਹੱਕਾਂ ਲਈ ਇਕ ਮੁਸਲਿਮ ਰਾਜ ਨਾਲ ਲੜ ਰਿਹਾ ਸੀ ਤਾਂ ਕਰੂਸੇਡਜ਼ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਦੇਸ਼ ਫਰਾਂਸ ਅਤੇ ਇੰਗਲੈਂਡ ਇਸਾਈਆਂ ਵਿਰੁੱਧ ਮੁਸਲਮਾਨ ਰਾਜ ਨਾਲ ਰਲਕੇ ਲੜ ਰਹੇ ਸਨ। ਕੋਸੋਵੋ ਮੁਸਲਿਮ ਬਹੁਗਿਣਤੀ ਵਾਲਾ ਯੂਗੋਸਲਾਵੀਆ ਦਾ ਹਿੱਸਾ ਸੀ। ਪੱਛਮੀ ਦੇਸ਼ਾਂ ਨੇ ਉਸ ਨੂੰ ਸਰਬੀਆ, ਜੋ ਕਿ ਇਸਾਈਆਂ ਦੀ ਬਹੁਗਿਣਤੀ ਵਾਲਾ ਹਿੱਸਾ ਸੀ, ਵਿਰੁੱਧ ਚੁੱਕਿਆ ਤੇ ਕਤਲੇਆਮ ਕਰਵਾਏ। ਹੁਣ ਵੀ ਇਨ੍ਹਾਂ ਦੇਸ਼ਾਂ ਨੇ ਕੱਟੜ ਤੇ ਜਨੂੰਨੀ ਮੁਸਲਮਾਨਾਂ ਕੋਲੋਂ ਸੀਰੀਆ ਤੇ ਮਿਸਰ ਵਿਚ ਬਹੁਤ ਸਾਰੇ ਗਿਰਜਿਆਂ 'ਤੇ ਹਮਲੇ ਕਰਵਾਏ, ਮਿਸਰ ਵਿਚ ਇਨ੍ਹਾਂ ਅਖੌਤੀ ਇਸਾਈ ਦੇਸ਼ਾਂ ਦੀ ਹੱਲਾਸ਼ੇਰੀ ਅਤੇ ਸਰਪ੍ਰਸਤੀ ਹੇਠ ਜਨੂੰਨੀ  ਮੁਸਲਮਾਨਾਂ ਨੇ 67 ਚਰਚ ਸਾੜ ਦਿੱਤੇ, ਸੀਰੀਆ ਵਿਚ ਪ੍ਰਧਾਨ ਅਸਦ ਅਤੇ ਰੂਸ ਨੇ ਚਰਚਾਂ ਦੀ ਰਾਖੀ ਕੀਤੀ। ਮਿਸਰ ਵਿਚ ਫੌਜ ਨੇ ਰੂਸ ਦੀ ਸਹਾਇਤਾ ਨਾਲ ਬਹੁਤ ਸਾਰੇ ਗਿਰਜਿਆਂ 'ਤੇ ਹਮਲਾ ਹੋਣ ਤੋਂ ਬਚਾਇਆ। ਭਾਰਤ ਵਿਚ ਤੇ ਖ਼ਾਸ ਕਰਕੇ ਪੰਜਾਬ ਵਿਚ ਜਿੱਥੇ ਪੱਛਮਪ੍ਰਸਤੀ ਅਤੇ ਗੁਲਾਮ ਮਾਨਸਿਕਤਾ ਭਾਰੂ ਹੈ, ਪੱਛਮੀ ਦੇਸ਼ਾਂ ਨੂੰ ਬਹੁਤ ਸੱਭਿਅਕ, ਕਾਨੂੰਨ ਵਿਵਸਥਾ ਦਾ ਸਤਿਕਾਰ ਕਰਨ ਵਾਲੇ, ਦੂਜੇ ਧਰਮਾਂ ਦਾ ਸਤਿਕਾਰ ਕਰਨ ਵਾਲੇ, ਮਨੁੱਖੀ ਅਧਿਕਾਰਾਂ ਦੇ ਰਾਖੇ ਅਤੇ ਗਰੀਬਾਂ ਮਜ਼ਲੂਮਾਂ ਦੀ ਸਹਾਇਤਾ ਕਰਨ ਵਾਲੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਪਰ ਇਤਿਹਾਸਕ ਤੱਥ ਅਜਿਹੇ ਪ੍ਰਭਾਵਾਂ ਦੀ ਪੁਸ਼ਟੀ ਨਹੀਂ ਕਰਦੇ ਅਤੇ ਅਜਿਹੀਆਂ ਗੱਲਾਂ ਕਰਨ ਵਾਲਿਆਂ ਜਾਂ ਲਿਖਣ ਵਾਲਿਆਂ ਦੇ ਭਰਮ ਭੁਲੇਖੇ ਤਾਂ ਗੁਲਾਮ ਮਾਨਸਿਕਤਾ ਦੇ ਹੀ ਪ੍ਰਤੀਕ ਹਨ। 
ਪੱਛਮੀ ਦੇਸ਼ਾਂ ਦਾ ਇਕੋ ਸਿਧਾਂਤ, ਇਕੋ ਧਰਮ ਅਤੇ ਇਕੋ ਉਦੇਸ਼ ਹੈ, ਮੁਨਾਫ਼ਾ ਅਰਥਾਤ ਪੈਸਾ ਬਣਾਉਣਾ। ਪੱਛਮੀ ਸਰਮਾਏਦਾਰ ਦੇਸ਼ਾਂ ਨੇ ਪਹਿਲਾਂ ਆਪਣੇ ਲੋਕਾਂ ਦੀ ਲੁੱਟ ਕੀਤੀ। ਫਿਰ ਬਸਤੀਵਾਦ ਅਤੇ ਸਾਮਰਾਜਵਾਦ ਦੇ ਰੂਪ ਵਿਚ ਬਾਹਰਲੇ ਦੇਸ਼ਾਂ ਦੀ ਲੁੱਟ ਕੀਤੀ। ਜਿਸ ਨੂੰ ਸਾਡੇ ਲੇਖਕ, ਚਿੰਤਕ ਅਤੇ ਅਖੌਤੀ ਬੁੱਧੀਜੀਵੀ ਉਨ੍ਹਾਂ ਵੱਲੋਂ ਆਪਣੇ ਲੋਕਾਂ ਨੂੰ ਦਿੱਤੀਆਂ ਸੁਖ-ਸਹੂਲਤਾਂ ਕਹਿ ਕੇ ਵਡਿਆਉਂਦੇ ਹਨ। ਅਸਲ ਵਿਚ ਉਹ ਪੱਛਮੀ ਸਾਮਰਾਜੀਆਂ ਵੱਲੋਂ ਤੀਸਰੇ ਦੇਸ਼ਾਂ ਦੇ ਕਰੋੜਾਂ ਲੋਕਾਂ ਦੀ ਲੁੱਟ ਅਤੇ ਨਿਚੋੜੇ ਲਹੂ ਵਿਚੋਂ ਕੁਝ-ਕੁ ਬੁਰਕੀਆਂ ਹਨ। ਜੇ ਕੋਈ ਇਨ੍ਹਾਂ ਦੇ ਸਰਮਾਏ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਜਾਂਦੀਆਂ ਸੁਖ-ਸਹੂਲਤਾਂ ਨੂੰ ਨਿਚੋੜ ਕੇ ਦੇਖੇ ਤਾਂ ਉਨ੍ਹਾਂ ਵਿਚੋਂ ਤੀਸਰੇ ਸੰਸਾਰ ਦੇ ਕਰੋੜਾਂ ਲੋਕਾਂ ਦਾ ਲਹੂ ਚੋਏਗਾ, ਜਿਵੇਂ ਕਿ ਕਿਸੇ ਵੇਲੇ ਮਲਕ ਭਾਗੋ ਦੇ ਪਕਵਾਨਾਂ ਵਿਚੋਂ ਚੋਇਆ ਸੀ। ਅੱਜ ਪੱਛਮੀ ਸਾਮਰਾਜੀ ਦੇਸ਼ਾਂ ਵਿਚ ਵਸਦੇ ਥੋੜ੍ਹੇ ਜਿਹੇ ਲੋਕਾਂ ਨੂੰ ਸੁਖ-ਸਹੂਲਤਾਂ ਦੇਣ ਲਈ ਤੀਸਰੇ ਸੰਸਾਰ ਵਿਚ ਵਸਣ ਵਾਲੀ ਬਹੁਗਿਣਤੀ ਨੂੰ ਮੁਢਲੀਆਂ ਲੋੜਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ, ਭਾਵੇਂ ਸਾਡੇ ਇਨ੍ਹਾਂ ਦੇਸ਼ਾਂ ਨੂੰ ਵਡਿਆਉਣ ਵਾਲੇ ਲੇਖਕ, ਚਿੰਤਕ ਅਤੇ ਅਖੌਤੀ ਬੁੱਧੀਜੀਵੀ ਇਨ੍ਹਾਂ ਦੇ ਜਿੰਨੇ ਵੀ ਸੋਹਲੇ ਗਾ ਲੈਣ ਅਤੇ ਇਨ੍ਹਾਂ ਦੀ ਲੰਮੀ ਉਮਰ ਦੀਆਂ ਜਿੰਨੀਆਂ ਮਰਜ਼ੀ ਦੁਆਵਾਂ ਦੇ ਲੈਣ ਪਰ ਕੌੜੀ ਸਚਾਈ ਇਹ ਹੈ ਕਿ ਇਨ੍ਹਾਂ ਦਾ ਸਮਾਂ ਹੁਣ ਪੁੱਗ ਗਿਆ ਹੈ। ਇਹ ਆਪਣੀ ਉਮਰ ਇਸ ਸਦੀ ਦੇ ਮੱਧ ਤੋਂ ਅੱਗੇ ਨਹੀਂ ਵਧਾ ਸਕਦੇ। ਹੁਣ ਤੱਕ ਇਹ ਦੂਜਿਆਂ ਨੂੰ ਝੂਠੇ ਦੋਸ਼ ਲਾ ਕੇ ਕਚਹਿਰੀਆਂ ਵਿਚ ਖੜ੍ਹੇ ਕਰਦੇ ਆਏ ਹਨ। ਇਹ ਕਦੇ ਇਰਾਕ, ਯੂਗੋਸਲਾਵੀਆ ਜਾਂ ਲਿਬੀਆ ਤੇ ਸੀਰੀਆ ਦੇ ਨੇਤਾਵਾਂ 'ਤੇ ਅੰਤਰਾਸ਼ਟਰਰੀ ਕਚਿਹਰੀਆਂ ਵਿਚ ਝੂਠੇ ਤੇ ਬੇਬੁਨਿਆਦ ਮੁਕੱਦਮੇ ਚਲਾਉਣ ਦੀਆਂ ਗੱਲਾਂ ਕਰਦੇ ਆਏ ਹਨ, ਹੁਣ ਸਮਾਂ ਆ ਗਿਆ ਹੈ ਕਿ ਅਸਲੀ ਦੋਸ਼ੀ, ਜਿਨ੍ਹਾਂ ਨੇ ਕਿ ਦੋ ਸਦੀਆਂ ਦੂਹਰੇ ਮਾਪਦੰਡ, ਮੌਕਾਪ੍ਰਸਤੀ, ਸਿਧਾਂਤਹੀਣਤਾ, ਪਾਖੰਡ ਅਤੇ ਦੰਭ ਵਰਤਦੇ ਹੋਏ ਕਈ ਦੇਸ਼ਾਂ ਦੇ ਕਰੋੜਾਂ ਲੋਕਾਂ 'ਤੇ ਘੋਰ ਅੱਤਿਆਚਾਰ ਕੀਤੇ ਹਨ, ਨੂੰ ਕਟਿਹਰੇ ਵਿਚ ਖੜ੍ਹਾ ਕੀਤੇ ਜਾਵੇ।

No comments:

Post a Comment