Saturday 5 April 2014

ਖ਼ਬਰਾਂ ਚੋਣ ਮੁਹਿੰਮ ਦੀਆਂ

ਸੀ.ਪੀ.ਐਮ. ਪੰਜਾਬ ਦੇ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਸਾਥੀ ਰਤਨ ਸਿੰਘ ਰੰਧਾਵਾ ਦੀ ਚੋਣ ਮੁਹਿੰਮ ਦਾ ਆਗਾਜ਼ 


ਲੋਕ ਸਭਾ ਚੋਣਾਂ ਅੰਦਰ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ (ਸੀ.ਪੀ.ਐਮ. ਪੰਜਾਬ) ਦੀ ਭੂਮਿਕਾ ਦੀ ਮਹੱਤਤਾ ਅਤੇ ਦੂਸਰੀਆਂ ਖੱਬੇ ਪੱਖੀ ਤੇ ਜਮਹੂਰੀ ਰਾਜਨੀਤਕ ਪਾਰਟੀਆਂ ਨਾਲ ਏਕਾ ਉਸਾਰ ਕੇ ਕੇਂਦਰ ਦੀ ਯੂ.ਪੀ.ਏ. ਸਰਕਾਰ ਤੇ ਪੰਜਾਬ 'ਚ ਕਾਂਗਰਸ-ਪੀ.ਪੀ.ਪੀ.ਗਠਜੋੜ ਅਤੇ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੀ.ਪੀ.ਐਮ. ਪੰਜਾਬ ਦੇ ਖੜੇ ਕੀਤੇ ਉਮੀਦਵਾਰ ਸਾਥੀ ਰਤਨ ਸਿੰਘ ਰੰਧਾਵਾ ਦੀ ਚੋਣ ਮੁਹਿੰਮ ਦੀ ਰਣਨੀਤੀ ਬਨਾਉਣ ਲਈ 19 ਮਾਰਚ ਨੂੰ ਕਾਮਰੇਡ ਫੌਜਾ ਸਿੰਘ ਭੁੱਲਰ ਯਾਦਗਾਰੀ ਟਰਸਟ ਅੰਮ੍ਰਿਤਸਰ ਵਿਖੇ ਇਕ ਮੀਟਿੰਗ ਕੀਤੀ ਗਈ ਇਸਦੀ ਪ੍ਰਧਾਨਗੀ ਸਰਵਸਾਥੀ ਕਾਮਰੇਡ ਜਗਤਾਰ ਸਿੰਘ ਕਰਮਪੁਰ ਸਕੱਤਰ ਸੀ.ਪੀ.ਐਮ.ਪੰਜਾਬ, ਅੰਮ੍ਰਿਤਸਰ ਸ਼ਹਿਰੀ, ਸਾਥੀ ਗੁਰਨਾਮ ਸਿੰਘ ਉਮਰਪੁਰਾ ਕਾਰਜਕਾਰੀ ਸਕੱਤਰ ਸੀ.ਪੀ.ਐਮ. ਅਜਨਾਲਾ ਤੇ ਸਾਥੀ ਰਾਜਬਲਬੀਰ ਸਿੰਘ ਵੀਰਮ ਸਕੱਤਰ ਪਾਰਟੀ ਅੰਮ੍ਰਿਤਸਰ ਦਿਹਾਤੀ ਨੇ ਸਾਂਝੇ ਰੂਪ ਵਿਚ ਕੀਤੀ। ਇਸ ਵਿਸਾਲ ਇਕੱਤਰਤਾ ਵਿਚ ਅੰਮ੍ਰਿਤਸਰ ਲੋਕ ਸਭਾ ਹਲਕੇ ਨਾਲ ਸਬੰਧਤ ਪਾਰਟੀ ਆਗੂ ਕਾਰਕੁੰਨ ਤੇ ਮੈਂਬਰ ਜੋਸ਼ੋ ਖ਼ਰੋਸ਼ ਨਾਲ ਸ਼ਾਮਲ ਹੋਏ। ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਕੇਂਦਰ ਤੇ ਸੂਬਾਈ ਸਰਕਾਰਾਂ ਵਲੋਂ ਲੋਕ ਵਿਰੋਧੀ ਨਿੱਜੀਕਰਨ ਦੀਆਂ ਨੀਤੀਆਂ ਨੂੰ ਦੇਸ਼ ਵਿਚ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਦੇਸ਼ ਅੰਦਰ ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ ਅਤੇ ਸਮਾਜਕ ਜਬਰ ਜਨਾਹ ਦੀਆਂ ਘਟਨਾਵਾਂ ਦਾ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਸਾਡੇ ਕੁਦਰਤੀ ਸੋਮੇ ਖਣਿਜ ਪਦਾਰਥ ਜਲ, ਜੰਗਲ, ਜਮੀਨ, ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਲੁਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਆਰਥਿਕ ਨੀਤੀਆਂ ਦੇ ਪੱਖ ਤੋਂ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਦੇਸ਼ ਦੀਆਂ ਹੋਰ ਇਲਾਕਾਈ ਪਾਰਟੀਆਂ ਵਿਚ ਕੋਈ ਅੰਤਰ ਨਹੀਂ ਹੈ। ਭਾਜਪਾ ਦੇਸ਼ ਅੰਦਰ ਫਿਰਕੂ ਅਧਾਰ 'ਤੇ ਧਰੁਵੀਕਰਨ ਕਰਕੇ ਨਰਿੰਦਰ ਮੋਦੀ ਜਿਸ ਨੇ ਗੁਜਰਾਤ ਦੰਗਿਆਂ 'ਚ ਹਜ਼ਾਰਾਂ ਘੱਟ ਗਿਣਤੀ ਲੋਕਾਂ ਦਾ ਕਤਲ ਕਰਵਾਇਆ ਨੂੰ ਰਾਜਸੱਤਾ 'ਤੇ ਬਿਠਾਉਣਾ ਚਾਹੁੰਦੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਖਜਾਨੇ ਨੂੰ ਦੋਹੀਂ ਹੱਥੀਂ ਲੁਟਾ ਰਹੀ ਹੈ। ਇਸ ਸੰਦਰਭ ਵਿਚ ਉਨ੍ਹਾਂ ਅੱਗੇ ਕਿਹਾ ਕਿ ਇਹਨਾਂ ਨੂੰ ਹਰਾਉਣ ਲਈ ਖੱਬੀਆਂ ਤੇ ਜਮਹੂਰੀ ਪਾਰਟੀਆਂ ਨੂੰ ਅੱਗੇ ਆਉਣਾ ਚਾਹੀਦਾ ਤੇ ਅਜਿਹਾ ਮੰਚ ਚੋਣਾਂ ਸਮੇਂ ਤੇ ਚੋਣਾਂ ਤੋਂ ਬਾਅਦ ਵੀ ਸਮਾਜਕ ਬਰਾਬਰਤਾ ਦੀ ਲੜਾਈ ਜਾਰੀ ਰੱਖੇ। ਉਨ੍ਹਾਂ ਦੱਸਿਆ ਕਿ ਸਾਡੀ ਪਾਰਟੀ ਸੀ.ਪੀ.ਐਮ. ਪੰਜਾਬ ਇਸ ਵਿਚਾਰਧਾਰਾ ਦੀ ਧਾਰਨੀ ਹੈ ਕਿ ਚੋਣਾਂ ਨੂੰ ਵੀ ਸੰਘਰਸ਼ ਦਾ ਹਿੱਸਾ ਸਮਝਦਿਆਂ ਲੋਕਾਂ ਦੀ ਲਾਮਬੰਦੀ ਕਰਕੇ ਆਉਣ ਵਾਲੇ ਸਮੇਂ 'ਚ ਬੱਝਵੇਂ ਤੇ  ਜਨਤਕ ਸੰਘਰਸ਼ ਜਾਰੀ ਰੱਖੇ ਜਾਣ। ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਸੀ.ਪੀ.ਐਮ.ਪੰਜਾਬ ਦੇ ਉਮੀਦਵਾਰ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੇਰੀ ਨਹੀਂ ਪਾਰਟੀ ਦੀ ਚੋਣ ਹੈ ਇਸ ਵਿਚ ਸਾਮਰਾਜ ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਹਨਾਂ ਅਪੀਲ ਕੀਤੀ ਕਿ ਇਸ ਲਈ ਜਨਤਕ ਰੂਪ ਵਿਚ ਚੋਣ ਫੰਡ ਇਕੱਠਾ ਕੀਤਾ ਜਾਵੇ, ਮੌਕੇ 'ਤੇ ਹੀ 3 ਲੱਖ ਰੁਪਏ ਇਕੱਤਰ ਹੋ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਸਕੱਤਰੇਤ ਮੈਂਬਰ ਨੇ ਕਿਹਾ ਕਿ ਚੋਣਾਂ 'ਚ ਰੰਧਾਵਾ ਦਾ ਪਲੜਾ ਭਾਰੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ ਇਸਦੇ ਨਾਲ ਹੀ ਖਡੂਰ ਸਾਹਿਬ ਹਲਕੇ ਦੇ ਉਮੀਦਵਾਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਵੀ ਹਰ ਸੰਭਵ ਮਦਦ ਕੀਤੀ ਜਾਵੇ। 


ਸੀ ਪੀ ਐੱਮ ਪੰਜਾਬ ਦੇ ਉਮੀਦਵਾਰ ਗੁਰਨਾਮ ਸਿੰਘ ਦਾਊਦ ਦੇ ਹੱਕ 'ਚ ਚੋਣ ਜਲਸਾ
ਸੀ ਪੀ ਐੱਮ ਪੰਜਾਬ ਦੇ ਉਮੀਦਵਾਰ ਕਾਮਰੇਡ ਗੁਰਨਾਮ ਸਿੰਘ ਦਾਊਦ ਦੇ ਹੱਕ ਵਿੱਚ 21 ਮਾਰਚ ਨੂੰ ਚੇਲਾ ਕਾਲੋਨੀ ਭਿੱਖੀਵਿੰਡ ਵਿਖੇ ਵਿਸ਼ਾਲ ਚੋਣ ਜਲਸਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਮਜ਼ਦੂਰ ਔਰਤਾਂ ਅਤੇ ਮਰਦਾਂ ਨੇ ਭਾਗ ਲਿਆ। ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਕਾਮਰੇਡ ਚਮਨ ਲਾਲ ਦਰਾਜਕੇ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਪਾਰਟੀ ਦੀਆਂ ਲੋਕ-ਮਾਰੂ ਨੀਤੀਆਂ ਦਾ ਖੁੱਲ੍ਹ ਕੇ ਖੁਲਾਸਾ ਕਰਦਿਆਂ ਮਿਹਨਤਕਸ਼ ਲੋਕਾਂ ਨੂੰ ਅਪੀਲ ਕੀਤੀ ਕਿ ਸੀ ਪੀ ਐੱਮ ਪੰਜਾਬ ਅਤੇ ਖੱਬੀਆਂ ਪਾਰਟੀਆਂ ਵੱਲੋਂ ਸਰਬ-ਸਾਂਝੇ ਉਮੀਦਵਾਰ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ, ਤਾਂ ਜੋ ਲੋਕ-ਮਾਰੂ ਨੀਤੀਆਂ ਦਾ ਮੁਕਾਬਲਾ ਕੀਤਾ ਜਾਵੇ। ਇਸ ਮੌਕੇ ਹਰਜਿੰਦਰ, ਸੰਤੋਖ ਸੋਖੀ, ਜਸਵੰਤ ਸਿੰਘ ਭਿੱਖੀਵਿੰਡ, ਬਾਜ ਸਿੰਘ ਜੇ ਈ, ਬਲਦੇਵ ਸਿੰਘ ਭਿੱਖੀਵਿੰਡ ਆਦਿ ਆਗੂ ਹਾਜ਼ਰ ਸਨ।

ਖਡੂਰ ਸਾਹਿਬ ਲੋਕ ਸਭਾ ਹਲਕੇ ਲਈ ਚੋਣ ਮੁਹਿੰਮ ਦਾ ਸਾਥੀ ਪਾਸਲਾ ਵਲੋਂ ਆਗਾਜ਼

ਤਰਨ ਤਾਰਨ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੀ ਜਨਰਲ ਬਾਡੀ ਦੀ ਮੀਟਿੰਗ 15 ਮਾਰਚ ਨੂੰ ਪਾਰਟੀ ਦੇ ਤਹਿਸੀਲ ਸਕੱਤਰਾਂ ਜਸਪਾਲ ਸਿੰਘ ਝਬਾਲ, ਮੁਖਤਿਆਰ ਸਿੰਘ ਮੱਲਾ ਤੇ ਦਲਜੀਤ ਸਿੰਘ ਦਿਆਲਪੁਰਾ ਦੀ ਪ੍ਰਧਾਨਗੀ ਹੇਠ ਸ਼ਹੀਦ ਦੀਪਕ ਧਵਨ ਯਾਦਗਾਰੀ ਟਰੱਸਟ ਤਰਨ ਤਾਰਨ ਵਿਖੇ ਹੋਈ। ਮੀਟਿੰਗ ਜਿਸ ਵਿੱਚ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਤ ਸੂਬਾ ਕਮੇਟੀ, ਜ਼ਿਲ੍ਹਾ ਕਮੇਟੀ, ਤਹਿਸੀਲ ਕਮੇਟੀਆਂ ਦੇ ਮੈਂਬਰ ਤੇ ਪਾਰਟੀ ਦੇ ਸਰਗਰਮ ਕਾਰਕੁਨ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਐਮ ਪੰਜਾਬ ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਅਕਾਲੀ-ਭਾਜਪਾ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ 'ਚ ਕੋਈ ਫ਼ਰਕ ਨਹੀਂ। ਅਜਿਹੀ ਅਵਸਥਾ 'ਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਦ ਦੇਸ਼ ਦੇ ਹਾਕਮਾਂ ਨੇ ਭਾਰਤੀ ਅਰਥਚਾਰੇ ਨੂੰ ਸਾਮਰਾਜੀ ਦੇਸ਼ਾਂ ਨਾਲ ਨੱਥੀ ਕਰ ਦਿੱਤਾ, ਜਿਸ ਨਾਲ ਭਾਰਤ ਦਾ ਵਿਕਾਸ ਰੁੱਕ ਗਿਆ ਹੈ। 
ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਅਜਿਹੀ ਅਵਸਥਾ 'ਚ ਇੱਕ ਪਾਸੇ ਜਿੱਥੇ ਗਰੀਬੀ, ਬੇਕਾਰੀ, ਅਨਪੜ੍ਹਤਾ, ਮਹਿੰਗਾਈ ਆਦਿ ਅਲਾਮਤਾਂ ਨੇ ਲੋਕਾਂ ਦੇ ਵੱਡੇ ਹਿੱਸੇ ਨੂੰ ਗਰੱਸਿਆ ਹੋਇਆ, ਉਥੇ ਦੂਜੇ ਬੰਨੇ ਹਾਕਮਾਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ, ਰਾਜਨੀਤਕ ਗਿਰਾਵਟ ਤੇ ਅਨੈਤਿਕ ਅਮਲਾਂ ਨੇ ਪ੍ਰਚਲਤ ਜਮਹੂਰੀ ਪ੍ਰਣਾਲੀ ਨੂੰ ਮਰਨਾਊ ਅਵੱਸਥਾ ਵਿੱਚ ਪਹੁੰਚਾ ਦਿੱਤਾ ਹੈ। ਪਾਸਲਾ ਨੇ ਕਿਹਾ ਕਿ ਮੌਜੂਦਾ ਸਥਿਤੀਆਂ ਵਿੱਚ ਲੋਕ ਸਭਾ ਚੋਣਾਂ ਨੂੰ ਵੀ ਸੰਘਰਸ਼ ਦਾ ਹਿੱਸਾ ਸਮਝਦਿਆਂ ਕਾਂਗਰਸ, ਭਾਜਪਾ ਦੇ ਦੂਸਰੇ ਲੁਟੇਰੇ ਰਾਜਸੀ ਦਲਾਂ ਦੇ ਗੱਠਜੋੜ ਨੂੰ ਭਾਂਜ ਦੇਣ ਲਈ ਸਮੂਹ ਖੱਬੇ ਪੱਖੀਆਂ ਨੂੰ ਏਕਤਾ ਬਣਾ ਕੇ ਅਤੇ 'ਆਪ' ਵਰਗੇ ਦੂਸਰੇ, ਭ੍ਰਿਸ਼ਟਾਚਾਰ ਤੇ ਫ਼ਿਰਕਾਪ੍ਰਸਤੀ ਵਿਰੋਧੀ, ਜਮਹੂਰੀ ਸੰਗਠਨਾਂ ਨਾਲ ਸਾਂਝ ਵਧਾ ਕੇ ਲੋਕ ਸਭਾ ਚੋਣਾਂ ਅੰਦਰ ਜਨ-ਸਮੂਹਾਂ ਨੂੰ ਨਵ-ਉਦਾਰਵਾਦੀ ਨੀਤੀਆਂ ਦੇ ਸਮਰਥਕਾਂ ਅਤੇ ਫ਼ਿਰਕੂ ਤੱਤਾਂ ਵਿਰੁੱਧ ਲਾਮਬੰਦੀ ਕਰਨੀ ਚਾਹੀਦੀ ਹੈ। ਇਸ ਸੰਦਰਭ ਵਿੱਚ ਇਸ ਵੇਰਾਂ ਖੱਬੇ ਪੱਖੀ ਪਾਰਟੀਆਂ ਦੀ ਏਕਤਾ ਲਈ ਕੀਤੇ ਜਾ ਰਹੇ ਯਤਨ ਇੱਕ ਸ਼ੁੱਭ ਸ਼ਗਨ ਹਨ, ਜਿਸ ਦੇ ਚੰਗੇ ਸਿੱਟੇ ਆਉਣ ਵਾਲੇ ਸਮੇਂ ਵਿੱਚ ਨਿਕਲਣਗੇ। ਚੋਣਾਂ ਤੋਂ ਬਾਅਦ ਵੀ ਇਨ੍ਹਾਂ ਯਤਨਾਂ ਨੂੰ ਅੱਗੇ ਵਧਾਉਂਦਿਆਂ ਜਨਤਕ ਸੰਘਰਸ਼ਾਂ ਦਾ ਪੱਲਾ ਫੜਿਆ ਜਾਵੇਗਾ। ਅਜਿਹੇ ਮੌਕੇ ਉਸਰੀ ਖੱਬੇ ਪੱਖੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਤਨਦੇਹੀ ਨਾਲ ਇਹਨਾਂ ਖੱਬੇ ਪੱਖੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਤੇ ਵੱਧ ਤੋਂ ਵੱਧ ਵੋਟਾਂ ਪਵਾਉਣ ਲਈ ਦਿਨ-ਰਾਤ ਇੱਕ ਕਰਨਾ ਚਾਹੀਦਾ ਹੈ। ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਅਵਾਜ਼ ਬੁਲੰਦ ਕਰਦਿਆਂ ਪਾਰਟੀ ਆਗੂਆਂ ਤੇ ਮੈਂਬਰਾਂ ਨੇ ਇਸ ਖੱਬੇ ਪੱਖੀ ਏਕਤਾ 'ਤੇ ਮੋਹਰ ਲਾਈ।
ਇਸ ਸਮੇਂ ਲੋਕ ਸਭਾ ਦੇ ਹਲਕਾ ਖਡੂਰ ਸਾਹਿਬ ਤੋਂ ਖੜੇ ਕੀਤੇ ਖੱਬੇ ਪੱਖੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਗੁਰਨਾਮ ਸਿੰਘ ਦਾਊਦ ਦੀ ਚੋਣ ਨੂੰ ਸਫ਼ਲ ਬਣਾਉਣ ਲਈ ਚੋਣ ਟੀਮਾਂ ਦਾ ਗਠਨ ਕੀਤਾ ਗਿਆ। ਕਾਰਜਾਂ ਦੀ ਵੰਡ ਕੀਤੀ ਗਈ। 
ਇਸ ਮੌਕੇ ਸਾਥੀਆਂ ਵੱਲੋਂ ਫ਼ੰਡ ਨੂੰ ਚੰਗਾ ਹੁੰਗਾਰਾ ਦਿੰਦਿਆਂ ਹਜ਼ਾਰਾਂ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ। ਹੋਰਨਾਂ ਤੋਂ ਇਲਾਵਾ ਇਸ ਚੋਣ ਇੱਕਤਰਤਾ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸੀ ਪੀ ਐਮ ਪੰਜਾਬ ਤੇ ਖੱਬੇ ਧੜੇ ਦੇ ਉਮੀਦਵਾਰ ਗੁਰਨਾਮ ਸਿੰਘ ਦਾਊਦ, ਸੀ ਪੀ ਐਮ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਸਕੱਤਰ ਰਤਨ ਸਿੰਘ ਰੰਧਾਵਾ, ਸੀ ਪੀ ਐਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰਾਂ ਪਰਗਟ ਸਿੰਘ ਜਾਮਾਰਾਏ ਤੇ ਡਾ. ਸਤਨਾਮ ਸਿੰਘ ਅਜਨਾਲਾ, ਸੀ ਪੀ ਐਮ ਆਗੂ ਅਰਸਾਲ ਸਿੰਘ ਸੰਧੂ, ਡਾ. ਸਤਨਾਮ ਸਿੰਘ ਦੇਊ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਕਾ. ਚਰਨਜੀਤ ਸਿੰਘ ਬਾਠ, ਸੁਲੱਖਣ ਸਿੰਘ ਤੁੜ, ਜਸਬੀਰ ਸਿੰਘ ਵੈਰੋਵਾਲ, ਜਰਨੈਲ ਸਿੰਘ ਦਿਆਲਪੁਰਾ, ਮਾ. ਸਰਦੂਲ ਸਿੰਘ ਉਸਮਾ, ਦਾਰਾ ਸਿੰਘ ਮੁੰਡਾ ਪਿੰਡ, ਮਨਜੀਤ ਸਿੰਘ ਕੋਟ ਮੁਹੰਮਦ ਖਾਂ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।


ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਟਾਕਰੇ ਲਈ ਇੱਕਮੁੱਠ ਹੋਣ ਦੀ ਲੋੜ

ਸੀ.ਪੀ.ਐਮ. ਪੰਜਾਬ ਦੇ ਬਲਾਕ ਨੌਸ਼ਹਿਰਾ ਪੰਨੂੰਆਂ ਦੀ ਭਰਵੀਂ ਜਨਰਲ ਬਾਡੀ ਮੀਟਿੰਗ ਸਾਥੀ ਸੁਲਖਣ ਸਿੰਘ ਤੁੜ ਅਤੇ ਮਨਜੀਤ ਸਿੰਘ ਬੱਗੂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਸੂਬਾ ਸਕੱਤਰੇਤ ਦੇ ਮੈਂਬਰ ਪ੍ਰਗਟ ਸਿੰਘ ਜਾਮਾਰਾਏ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਪ੍ਰੈੱਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਬਾਰੇ ਪਾਰਟੀ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ। 
ਇਸ ਮੌਕੇ ਸਾਥੀ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਸਾਡੇ ਦੇਸ਼ ਦੇ ਹਾਕਮਾਂ ਵਲੋਂ ਸਾਮਰਾਜੀ ਸੰਸਥਾਵਾਂ ਦੇ ਨਿਰਦੇਸ਼ ਹੇਠ ਜਿੱਥੇ ਅਪਣਾਈਆਂ ਗਈਆਂ ਨਵ-ਉਦਾਰਵਾਦੀ ਨੀਤੀਆਂ ਨੇ ਵਿਦੇਸ਼ੀ ਧਾੜਵੀਆਂ ਦੀ ਲੁੱਟ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਉਥੇ ਨਾਲ ਹੀ ਕਿਰਤੀ ਲੋਕਾਂ ਉਪਰ ਭਾਰੀ ਟੈਕਸਾਂ ਦਾ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਦੋਵੇਂ ਹੀ ਇਨ੍ਹਾਂ ਨੀਤੀਆਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰ ਰਹੀਆਂ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਨੇ ਦੇਸ਼ ਅੰਦਰ ਸਮਾਜਿਕ,ਆਰਥਿਕ,ਰਾਜਨੀਤਿਕ ਤੇ ਸੱਭਿਆਚਾਰ ਦੇ ਸਾਰੇ ਹੀ ਮਹੱਤਵਪੂਰ ਖੇਤਰਾਂ ਅੰਦਰ ਭਿਆਨਕ ਤਬਾਹੀ ਮਚਾਈ ਹੋਈ ਹੈ। ਲੋਕ ਚਾਹੁੰਦੇ ਹਨ ਕਿ ਦੇਸ਼ ਵਿੱਚ ਅਜਿਹੀ ਸਰਕਾਰ ਬਣੇ ਜਿਹੜੀ ਗਰੀਬ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੋਂ ਮੁਕਤੀ ਦਵਾ ਸਕੇ। ਸਾਰਿਆਂ ਲਈ ਯੋਗਤਾ ਅਨੁਸਾਰ ਸਥਾਈ ਰੁਜ਼ਗਾਰ ਦੀ ਗਾਰੰਟੀ ਕਰੇ। ਦੇਸ਼ ਵਿੱਚ ਕੈਂਸਰ ਵਾਂਗ ਫੈਲ ਚੁਕੇ ਭ੍ਰਿਸ਼ਟਾਚਾਰ ਨੂੰ ਖਤਮ ਕਰੇ ਅਤੇ ਹਰ ਵੰਨਗੀ ਦੇ ਜਬਰ ਤੋਂ ਲੋਕਾਂ ਨੂੰ ਸੁਰੱਖਿਅਤ ਕਰੇ। 
ਉਨ੍ਹਾਂ ਕਿਹਾ ਕਿ ਸਮਾਂ ਮੰਗ ਕਰ ਰਿਹਾ ਹੈ ਕਿ ਨਵ ਉਦਾਰਵਾਦੀ ਨੀਤੀਆਂ ਵਿਰੁੱਧ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਇਕਮੁੱਠ ਹੋ ਕੇ ਇਨ੍ਹਾਂ ਦਾ ਟਾਕਰਾ ਕਰਨ। ਇਸ ਮੌਕੇ ਸਾਥੀਆਂ ਨੂੰ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸਾਥੀ ਗੁਰਨਾਮ ਸਿੰਘ ਦਾਊਦ ਦੇ ਹੱਕ ਵਿਚ ਡਟਣ ਦੀ ਅਪੀਲ ਕੀਤੀ ਗਈ।


ਸਾਥੀ ਦਾਊਦ ਦੇ ਹੱਕ 'ਚ ਚੋਣ ਮੀਟਿੰਗ

ਖੱਬੀਆਂ ਪਾਰਟੀਆਂ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਝੇ ਉਮੀਦਵਾਰ ਕਾਮਰੇਡ ਗੁਰਨਾਮ ਸਿੰਘ ਦਾਊਦ ਦੇ ਹੱਕ ਵਿਚ ਦਾਣਾ ਮੰਡੀ ਭਿੱਖੀਵਿੰਡ ਵਿਖੇ 25 ਮਾਰਚ ਨੂੰ ਇਕ ਭਰਵੀਂ ਚੋਣ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਚੁੰਘ, ਗੁਰਦੇਵ ਸਿੰਘ ਮਨਿਹਾਲਾ ਅਤੇ ਭਗਵੰਤ ਸਿੰਘ ਸੁਰਸਿੰਘ ਨੇ ਕੀਤੀ। 
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਗਰੀਬ ਵਿਰੋਧੀ, ਮਹਿੰਗਾਈ ਅਤੇ ਬੇਰੁਜ਼ਗਾਰੀ ਵਧਾਉਣ ਵਾਲੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਲੋਕ ਵਿਰੋਧੀ ਅਤੇ ਗਰੀਬ ਵਿਰੋਧੀ ਦੱਸਦਿਆਂ ਤਿੱਖੇ ਹਮਲੇ ਕੀਤੇ। ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਦੇ ਮੈਬਰ ਸਾਥੀ ਪਰਗਟ ਸਿੰਘ ਜਾਮਾਰਾਏ ਤੇ ਸੀ.ਪੀ.ਆਈ.(ਐਮ) ਦੇ ਸੂਬਾ ਕਮੇਟੀ ਮੈਂਬਰ ਮੇਜਰ ਸਿੰਘ ਭਿੱਖੀਵਿੰਡ ਨੇ ਬੋਲਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਰੇਤਾ-ਬੱਜਰੀ ਅਤੇ ਹੋਰ ਕਾਰੋਬਾਰਾਂ 'ਤੇ ਪੂਰੀ ਤਰ੍ਹਾਂ ਆਪਣਾ ਕਬਜ਼ਾ ਕਰਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਰਾਹੀਂ ਤਬਾਹ ਕਰ ਦਿੱਤਾ ਹੈ। 
ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਪੁਲਸ ਜਬਰ ਵਧਾ ਦਿੱਤਾ ਹੈ, ਉਨ੍ਹਾਂ ਫਿਰਕਾਪ੍ਰਸਤ ਤਾਕਤਾਂ ਨੂੰ ਹਰਾਉਣ ਅਤੇ ਖੱਬੀਆਂ ਪਾਰਟੀਆਂ ਦੇ ਉਮੀਦਵਾਰ ਕਾਮਰੇਡ ਦਾਊਦ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦਾ ਸੱਦਾ ਦਿੱਤਾ। ਜ਼ਿਲ੍ਹਾ ਸਕੱਤਰੇਤ ਦੇ ਮੈਂਬਰ ਸਾਥੀ ਅਰਸਾਲ ਸਿੰਘ, ਤਹਿਸੀਲ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਹੱਕ ਮੰਗ ਰਹੇ ਨੌਜਵਾਨਾਂ ਅਤੇ ਕਿਸਾਨਾਂ ਦੀ ਕੁੱਟਮਾਰ ਕਰਨ ਵਾਲੇ ਹਾਕਮਾਂ ਨੂੰ ਵੱਡੀ ਹਾਰ ਦਿੱਤੀ ਜਾਵੇਗੀ। 


ਝਬਾਲ ਵਿਖੇ ਸਾਥੀ ਗੁਰਨਾਮ ਸਿੰਘ ਦਾਊਦ ਦੀ ਮੁਹਿੰਮ ਦੀ ਸ਼ੁਰੂਆਤ 

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਖੱਬੇ ਪੱਖੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਗੁਰਨਾਮ ਸਿੰਘ ਦਾਊਦ ਨੇ 25 ਮਾਰਚ ਨੂੰ ਕਸਬਾ ਝਬਾਲ ਵਿਖੇ ਮਾਤਾ ਭਾਗੋ, ਕਰਮ ਸਿੰਘ ਝਬਾਲ ਹਿਸਟੋਰੀਅਨ ਲਾਇਬ੍ਰੇਰੀ ਵਿਖੇ ਚੋਣ ਮੀਟਿੰਗ ਦੌਰਾਨ ਕਿਹਾ ਕਿ ਲੋਕ ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀ ਕੋਲੋਂ ਅੱਕ ਗਏ ਹਨ ਅਤੇ ਉਹ ਦੇਸ਼ ਦੇ ਵਿਕਾਸ ਤੇ ਗਰੀਬਾਂ ਦੇ ਹਿੱਤਾਂ ਦੀ ਰਾਖੀ ਲਈ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੀ.ਪੀ.ਐਮ.ਪੰਜਾਬ ਲੋਕ ਹਿੱਤਾਂ ਦੀ ਰਾਖੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਲੋਕ ਹਿੱਤਾਂ ਦੀ ਰਾਖੀ ਕਰਦਿਆਂ ਹੀ ਅੱਤਵਾਦ ਦੇ ਕਾਲੇ ਦੌਰ ਦੌਰਾਨ ਇਸ ਦੇ ਕਈ ਕਾਰਕੁੰਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਦੇਸ਼ ਦੇ ਵਿਕਾਸ ਤੇ ਹਰ ਨਾਗਰਿਕ ਨੂੰ ਬਰਾਬਰਤਾ ਦੇ ਹੱਕ ਲਈ ਲੋਕ ਪੱਖੀ ਬਦਲ ਦੀ ਲੋੜ ਹੈ। ਇਸ ਮੌਕੇ ਪਰਗਟ ਸਿੰਘ ਜਾਮਾਰਾਏ, ਸਤਨਾਮ ਸਿੰਘ ਰਸੂਲਪੁਰ, ਜਰਨੈਲ ਸਿੰਘ ਰਸੂਲਪੁਰ, ਲੱਖਾ ਸਿੰਘ ਮੰਨਨ, ਇਕਬਾਲ ਸਿੰਘ ਠੱਟਾ, ਸੰਦੀਪ ਸਿੰਘ ਰਸੂਲਪੁਰ, ਮਸਕੀਨ ਸਿੰਘ, ਲਖਵਿੰਦਰ ਕੌਰ ਝਬਾਲ, ਸਰਬਜੀਤ ਬਘਿਆੜੀ, ਦਿਲਬਾਗ ਸਿੰਘ ਕੋਟ ਧਰਮਚੰਦ ਆਦਿ ਵੀ ਹਾਜ਼ਰ ਸਨ। 

No comments:

Post a Comment