Sunday, 6 April 2014

ਤੁਸੀਂ 'ਗਲਤੀ' ਕਰ ਬੈਠੇ ਮਿਸਟਰ ਕੇਜਰੀਵਾਲ!

ਇੰਦਰਜੀਤ ਚੁਗਾਵਾਂ

ਬੀਤੇ ਸਾਲ ਦੇ ਆਖਰੀ ਦਿਨਾਂ 'ਚ ਜਲੰਧਰ 'ਚ ਕਾਫੀ ਦੇਰ ਕੰਮ ਕਰਦੇ ਰਹੇ ਪੱਤਰਕਾਰ ਸੁਰੇਸ਼ ਅਰੋੜਾ ਹੁਰਾਂ ਨਾਲ 'ਨਵਾਂ ਜਮਾਨਾ' ਦੇ ਦਫਤਰ 'ਚ ਮੇਲ ਹੋ ਗਿਆ। ਉਹ ਸਮਾਚਾਰ ਏਜੰਸੀ ਯੂ.ਐਨ.ਆਈ. ਦੇ ਮੁਖੀ ਵਜੋਂ ਜਲੰਧਰ 'ਚ ਲੰਮਾ ਸਮਾਂ ਕੰਮ ਕਰਦੇ ਰਹੇ ਤੇ ਫਿਰ ਉਹਨਾਂ ਦੀ ਬਦਲੀ ਚੰਡੀਗੜ੍ਹ ਦੀ ਹੋ ਗਈ। ਮੈਂ 'ਲੋਕ ਲਹਿਰ' ਵੇਲੇ ਤੋਂ ਅਰੋੜਾ ਹੁਰਾਂ ਦਾ ਵਾਕਿਫ਼ ਸੀ। ਉਹ ਸੁਹੇਲ ਹੁਰਾਂ ਦੇ ਮਿੱਤਰ ਸਨ। ਉਹ ਰਿਟਾਇਰ ਹੋਣ ਤੋਂ ਬਾਅਦ ਜਲੰਧਰ ਆਏ ਸਨ ਤੇ 'ਨਵਾਂ ਜ਼ਮਾਨਾ' ਨੇ ਉਹਨਾਂ ਦੇ ਮਾਣ 'ਚ ਇਕ ਛੋਟੀ ਜਿਹੀ ਚਾਹ ਪਾਰਟੀ ਦਾ ਪ੍ਰਬੰਧ ਕੀਤਾ ਸੀ। ਇਸ ਚਾਹ ਪਾਰਟੀ ਦੌਰਾਨ ਉਨ੍ਹਾਂ ਆਪਣੇ ਤਜ਼ਰਬੇ 'ਨਵਾਂ ਜ਼ਮਾਨਾ' ਦੇ ਸਮਾਚਾਰ ਡੈਸਕ ਦੇ ਸਾਥੀਆਂ ਨਾਲ ਸਾਂਝੇ ਕੀਤੇ। ਇਸ ਦੌਰਾਨ ਉਹਨਾਂ ਇਕ ਬਹੁਤ ਪਤੇ ਦੀ ਗੱਲ ਕਹੀ। ਗੱਲ ਪੱਤਰਕਾਰੀ 'ਚ ਈਮਾਨ ਦੀ ਚੱਲੀ ਸੀ। ਅਰੋੜਾ ਸਾਹਿਬ ਨੇ ਕਿਹਾ ਕਿ ਪੱਤਰਕਾਰਿਤਾ 'ਚ ਈਮਾਨਦਾਰ ਰਹਿਣਾ, ਅਸੂਲਪ੍ਰਸਤ ਰਹਿਣਾ  ਹੀ ਕੋਈ ਵੱਡੀ ਗੱਲ ਨਹੀਂ। ਵੱਡੀ ਗੱਲ ਤਾਂ ਇਹ ਹੈ ਕਿ ਤੁਸੀਂ ਈਮਾਨਦਾਰ, ਅਸੂਲਪ੍ਰਸਤ ਰਹੋ ਪਰ ਕਦੇ ਵੀ ਆਪਣੀ ਇਮਾਨਦਾਰੀ ਦਾ ਮੁਜ਼ਾਹਰਾ ਨਾ ਕਰੋ, ਢੰਡੋਰਾ ਨਾ ਪਿੱਟੋ। ਜੇ ਤੁਸੀਂ ਆਪਣੀ ਈਮਾਨਦਾਰੀ ਦੀ ਡੌਂਡੀ ਪਿਟੋਗੇ ਤੇ ਆਪਣੇ ਆਸ ਪਾਸ ਬੈਠੇ 10 ਹੋਰ ਬੇਇਮਾਨਾਂ ਵਿਰੁੱਧ ਬੋਲੋਗੇ ਤਾਂ ਤੁਸੀਂ ਆਪਣੇ ਵਿਰੁੱਧ ਦਸ ਬੇਇਮਾਨਾਂ ਦੀ ਫੌਜ ਖੜੀ ਕਰ ਲਵੋਗੇ। ਇਕ ਵੇਲੇ ਇਕ ਦੁਸ਼ਮਣ ਨਾਲ ਤਾਂ ਸਿੱਝਿਆ ਜਾ ਸਕਦਾ ਹੈ, ਦੁਸ਼ਮਣਾਂ ਦੀ ਫੌਜ ਨਾਲ ਨਹੀਂ, ਇਸ ਲਈ ਬਿਹਤਰ ਇਹੀ ਹੈ ਕਿ ਤੁਹਾਡਾ ਕਾਰ ਵਿਹਾਰ ਹੀ ਤੁਹਾਡੀ ਗੱਲ ਕਰੇ, ਉਸ ਤੋਂ ਹੀ ਲੋਕ ਤੁਹਾਡੇ ਬਾਰੇ ਰਾਇ ਬਨਾਉਣ, ਬੇਇਮਾਨ ਆਪਣੇ ਆਪ ਹੌਲੀ ਹੌਲੀ ਕਰਕੇ ਨੰਗੇ ਹੁੰਦੇ ਜਾਣਗੇ। 
ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਕ ਅਜਿਹੀ ਟਿੱਪਣੀ ਕਰ ਦਿੱਤੀ ਕਿ ਉਸ ਵਿਰੁੱਧ ਮੀਡੀਆ ਦੀ ਸਮੁੱਚੀ ਫੌਜ ਹੀ ਖੜ੍ਹੀ ਹੋ ਗਈ। ਕੇਜਰੀਵਾਲ ਨੇ ਮੀਡੀਆ ਦੇ ਰੋਲ ਬਾਰੇ ਬੋਲਦਿਆਂ ਆਖ ਦਿੱਤਾ ਕਿ ਮੀਡੀਆ ਵਿਕਾਊ ਹੋ ਗਿਆ ਹੈ। ਉਹ ਨਰਿੰਦਰ ਮੋਦੀ ਦੇ ਗੁਜਰਾਤ ਬਾਰੇ ਸੱਚ ਸਾਹਮਣੇ ਨਹੀਂ ਲਿਆ ਰਿਹਾ। ਗੁਜਰਾਤ 'ਚ ਅਸਾਵੇਂ ਵਿਕਾਸ, ਫਿਰਕੂ ਦੰਗਿਆਂ, ਕਿਸਾਨਾਂ ਵਲੋਂ ਕੀਤੀਆਂ ਖੁਦਕੁਸ਼ੀਆਂ ਦੀ ਸਹੀ ਤਸਵੀਰ ਲੋਕਾਂ ਅੱਗੇ ਪੇਸ਼ ਨਹੀਂ ਕੀਤੀ ਜਾ ਰਹੀ। ਮੁਕੇਸ਼ ਅੰਬਾਨੀ ਨੂੰ ਭੰਗ ਦੇ ਭਾਅ ਦਿੱਤੀ ਗਈ ਜ਼ਮੀਨ ਬਾਰੇ ਕੁੱਝ ਨਹੀਂ ਦਿਖਾਇਆ ਜਾ ਰਿਹਾ। ਅੰਬਾਨੀ ਨੂੰ ਗੈਸ ਦੀ ਕਈ ਗੁਣਾ ਵੱਧ ਦਿੱਤੀ ਜਾ ਰਹੀ ਕੀਮਤ ਬਾਰੇ ਵੀ ਮੀਡੀਆ ਚੁੱਪ ਹੈ। ਕੇਜਰੀਵਾਲ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਦੇਸ਼ ਭਰ 'ਚ ਲਗਭਗ ਸਾਰੇ ਹੀ ਚੈਨਲ, ਅਖਬਾਰ ਉਸ ਨੂੰ ਘੇਰਨ ਲਈ ਇਕਮੁੱਠ ਹੋ ਗਏ। ਅਖੀਰ ਕੇਜਰੀਵਾਲ ਨੂੰ ਇਹ ਕਹਿਣਾ ਪਿਆ ਕਿ ਉਸਨੇ ਸਮੁੱਚੇ ਮੀਡੀਆ ਨੂੰ ਨਹੀਂ, ਮੀਡੀਆ ਦੇ ਇਕ ਹਿੱਸੇ ਨੂੰ ਵਿਕਾਊ ਕਿਹਾ ਸੀ। 
'ਮੀਡੀਆ' ਲਫਜ਼ ਟੀ.ਵੀ.ਚੈਨਲਾਂ ਦੇ ਚੱਲਣ ਤੋਂ ਬਾਅਦ ਸਾਹਮਣੇ ਆਇਆ ਹੈ। ਪਹਿਲਾਂ 'ਪ੍ਰੈਸ' ਲਫ਼ਜ਼ ਪ੍ਰਚਲਤ ਸੀ ਜੋ ਅਖਬਾਰਾਂ ਦੇ ਛਪਣ ਢੰਗ ਤੋਂ ਹੋਂਦ ਵਿਚ ਆਇਆ ਸੀ। ਪ੍ਰੈਸ ਜਾਂ ਅਖਬਾਰਾਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਬਹੁਤ ਵੱਡਾ ਰੋਲ ਅਦਾ ਕੀਤਾ ਸੀ। ਅਖਬਾਰ 'ਗ਼ਦਰ' ਵਲੋਂ ਨਿਭਾਇਆ ਗਿਆ ਰੋਲ ਕੌਣ ਭੁੱਲ ਸਕਦਾ ਹੈ। ਆਜ਼ਾਦੀ ਤੋਂ ਬਾਅਦ ਵੀ ਬਹੁਗਿਣਤੀ ਅਖਬਾਰਾਂ ਦਾ ਰੋਲ ਕਾਫੀ ਵਧੀਆ ਰਿਹਾ। ਉਹ ਇਕ ਮਿਸ਼ਨਰੀ ਭਾਵਨਾ ਨਾਲ ਕੰਮ ਕਰਦੀਆਂ ਰਹੀਆਂ। ਇਹੀ ਕਾਰਨ ਸੀ ਕਿ 'ਪ੍ਰੈਸ' ਨੂੰ 'ਜਮਹੂਰੀਅਤ ਦਾ ਚੌਥਾ ਥੰਮ' ਹੋਣ ਦਾ ਮਾਣ ਹਾਸਲ ਹੋ ਗਿਆ। ਇਲੈਕਟ੍ਰਾਨਿਕ ਮੀਡੀਆ (ਟੀ.ਵੀ. ਚੈਨਲਾਂ, ਇੰਟਰਨੈਟ, ਮੋਬਾਇਲ ਫੋਨ) ਦੇ ਹੋਂਦ ਵਿਚ ਆਉਣ ਨਾਲ ਮੀਡੀਆ ਦੀ ਸਮਾਜ ਦੁਆਲੇ ਪਕੜ ਹੋਰ ਮਜ਼ਬੂਤ ਹੋ ਗਈ। ਸਧਾਰਨ ਬੰਦੇ ਤੱਕ ਇਸਦੀ ਪਹੁੰਚ ਵੀ ਸੁਖਾਲੀ ਹੋ ਗਈ। ਇਸ ਪਹੁੰਚ ਨੂੰ ਸਰਮਾਏਦਾਰੀ ਨੇ ਆਪਣੇ ਹਿੱਤ ਸਾਧਣ ਲਈ ਵਰਤਣਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਅਖਬਾਰਾਂ, ਟੀ.ਵੀ. ਚੈਨਲਾਂ 'ਤੇ ਉਸ ਨੇ ਆਪਣਾ ਮੁਕੰਮਲ ਗਲਬਾ ਕਾਇਮ ਕਰ ਲਿਆ। 
ਅਖਬਾਰਾਂ ਨੇ ਗਲੀ-ਮੁਹੱਲੇ 'ਚ ਆਪਣੇ ਪ੍ਰਤੀਨਿਧ ਬਿਠਾ ਦਿੱਤੇ। ਅਖਬਾਰਾਂ 'ਚ ਆਪਣਾ ਨਾਂਅ, ਫੋਟੋ ਛਪਵਾਉਣ ਦਾ ਝੱਸ ਲੋਕਾਂ 'ਚ ਪੈਦਾ ਕੀਤਾ ਗਿਆ। ਖਬਰਾਂ ਦੇ ਇਸ ਗਾੜ੍ਹ ਨੇ 'ਸਿਟੀ ਅਡੀਸ਼ਨ' ਹੋਂਦ 'ਚ ਲਿਆਂਦੇ। ਅੱਜ ਹਾਲ ਇਹ ਹੈ ਕਿ ਸ਼ਹਿਰ ਦੀ ਖਬਰ ਸ਼ਹਿਰ 'ਚ ਪੜ੍ਹੀ ਜਾਂਦੀ ਹੈ ਤੇ ਪਿੰਡ ਦੀ ਖਬਰ ਪਿੰਡ 'ਚ। 'ਅਡੀਸ਼ਨਾਂ ਦੇ ਇਸ ਪ੍ਰਚਲਨ ਦੀ ਸਭ ਤੋਂ ਵੱਧ ਮਾਰ ਕਿਰਤੀ ਲੋਕਾਂ ਨੂੰ ਪਈ ਹੈ। ਉਹਨਾਂ ਵਲੋਂ ਆਪਣੇ ਹੱਕਾਂ ਹਿੱਤਾਂ ਲਈ ਲੜੇ ਜਾਂਦੇ ਘੋਲਾਂ ਦੀ ਖਬਰ ਨੂੰ ਪਹਿਲੀ ਗੱਲ ਤਾਂ ਜਗ੍ਹਾ ਹੀ ਨਹੀਂ ਮਿਲਦੀ ਤੇ ਜੇ ਮਿਲਦੀ ਵੀ ਹੈ ਤਾਂ ਉਹ ਖ਼ਬਰ ਉਸੇ ਇਲਾਕੇ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ। ਇਸ ਤਰ੍ਹਾਂ ਜਮਹੂਰੀਅਤ ਦੇ ਚੌਥੇ ਥੰਮ ਨੂੰ ਜਮਹੂਰੀਅਤ ਦੀ ਮਜ਼ਬੂਤੀ ਦੀ ਥਾਂ ਜਮਹੂਰੀਅਤ ਦਾ ਗਲਾ ਘੁੱਟਣ ਲਈ ਵਰਤਿਆ ਜਾ ਰਿਹਾ ਹੈ। ਹੁਕਮਰਾਨਾਂ ਜਾਂ ਹਾਕਮ ਜਮਾਤਾਂ ਵਿਰੁੱਧ ਉਠੇ ਕਿਸੇ ਵੀ ਘੋਲ ਨੂੰ, ਕਿਸੇ ਆਵਾਜ਼ ਨੂੰ ਉਹ ਜਗ੍ਹਾ ਨਹੀਂ ਮਿਲਦੀ ਜਿਸ ਦੀ ਉਹ ਹੱਕਦਾਰ ਹੁੰਦੀ ਹੈ। ਪਿਛਲੇ ਸਮੇਂ 'ਚ ਟਰਾਈਡੈਂਟ ਕੰਪਨੀ ਨੂੰ ਬਰਨਾਲੇ ਦੇ ਪਿੰਡਾਂ ਧੌਲਾ, ਛੰਨਾ ਤੇ ਹੰਢਿਆਇਆ ਦੀ ਭੰਗ ਦੇ ਭਾਅ ਦਿੱਤੀ ਗਈ ਜ਼ਮੀਨ ਵਿਰੁੱਧ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਲੜੇ ਗਏ ਸੰਘਰਸ਼ਾਂ ਦੀਆਂ ਖਬਰਾਂ ਸਥਾਨਕ ਅਡੀਸ਼ਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ। ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਆਪਣੀਆਂ ਵਾਜਬ ਮੰਗਾਂ ਲਈ ਲੜੇ ਗਏ ਘੋਲ ਨੇ ਬਾਦਲ ਦਾ ਨੱਕ 'ਚ ਦਮ ਕਰ ਕੇ ਰੱਖ ਦਿੱਤਾ ਸੀ। ਂਿੲਨ੍ਹਾਂ ਜਥੇਬੰਦੀਆਂ ਵਲੋਂ ਬਿਆਸ ਵਾਲੇ ਪੁਲ 'ਤੇ ਲਾਏ ਗਏ ਨਿਰੰਤਰ ਜਾਮ ਨੇ ਪੰਜਾਬ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਦਿਹਾਤੀ ਮਜ਼ਦੂਰ ਸਭਾ ਵਲੋਂ ਪੰਜਾਬ 'ਚ ਚਾਰ ਥਾਵਾਂ 'ਤੇ ਲਾਏ ਗਏ ਪੱਕੇ ਮੋਰਚਿਆਂ ਨੇ ਵੀ ਸਰਕਾਰੀ ਤੰਤਰ ਹਲੂਣ ਕੇ ਰੱਖ ਦਿੱਤਾ ਸੀ। ਰਈਆ 'ਚ ਜੀ.ਟੀ.ਰੋਡ 'ਤੇ ਲਾਏ ਗਏ ਜਾਮ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਦਿਹਾਤੀ ਮਜ਼ਦੂਰ ਸਭਾ ਦੀ ਲੀਡਰਸ਼ਿਪ ਨੂੰ ਮੰਗਾਂ ਮੰਨਣ ਦਾ ਭਰੋਸਾ ਤੇ ਗੱਲਬਾਤ ਲਈ ਸਮਾਂ ਦੇਣ ਦਾ ਐਲਾਨ ਕੀਤਾ ਸੀ। ਐਪਰ, ਇਨ੍ਹਾਂ ਘੋਲਾਂ ਦੀਆਂ ਖਬਰਾਂ ਖੱਬੇ ਪੱਖੀ  ਅਖਬਾਰਾਂ ਨੂੰ ਛੱਡਕੇ ਦੂਸਰੀਆਂ ਅਖਬਾਰਾਂ 'ਚ ਸੀਮਤ ਇਲਾਕੇ 'ਚ ਹੀ ਪੜ੍ਹੀਆਂ ਜਾ ਸਕੀਆਂ। ਇਲੈਕਟਰਾਨਿਕ ਮੀਡੀਆ 'ਚ ਤਾਂ ਇਨ੍ਹਾਂ ਅੰਦੋਲਨਾਂ ਨੂੰ ਥਾਂ ਹੀ ਕੀ ਮਿਲਣੀ ਸੀ। ਉਸ ਉਪਰ ਤਾਂ ਹੈ ਹੀ  ਸੱਤਾਧਾਰੀ ਧਿਰ ਦਾ ਕਬਜ਼ਾ। ਪੰਜਾਬ ਦਾ ਕੋਈ ਵੀ ਟੀ.ਵੀ. ਚੈਨਲ, ਸੱਤਾਧਾਰੀ ਧਿਰ ਖਿਲਾਫ ਮੂੰਹ ਖੋਲ੍ਹਣ ਦੀ ਜੁਅਰਤ ਨਹੀਂ ਕਰ ਸਕਦਾ। ਜੇ ਕੋਈ ਕਰਦਾ ਹੈ ਤਾਂ ਉਸ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ। ਉਸ ਚੈਨਲ ਨੂੰ ਕੇਬਲ ਨੈਟਵਰਕ 'ਤੇ ਜਾਮ ਕਰ ਦਿੱਤਾ ਜਾਂਦਾ ਹੈ। ਸਰਕਾਰ ਨੇ ਖੁਦ ਇਸ਼ਤਿਹਾਰ ਤਾਂ ਕੀ ਦੇਣੇ, ਹੋਰ ਕਿਸੇ ਸੱਨਅਤੀ ਜਾਂ ਕਾਰੋਬਾਰੀ ਅਦਾਰੇ ਨੂੰ ਵੀ ਉਸ ਚੈਨਲ ਉਪਰ ਇਸ਼ਤਿਹਾਰ ਦੇਣੋਂ ਰੋਕ ਦਿੱਤਾ ਜਾਂਦਾ ਹੈ। ਮਿਸਾਲ ਵਜੋਂ ਰੇਤ ਮਾਫੀਆ ਦੀਆਂ ਧੱਕੇਸ਼ਾਹੀਆਂ ਤੋਂ ਪਰਦਾ ਚੁੱਕਣ ਵਾਲੇ 'ਡੇ ਐਡ ਨਾਈਟ' ਟੀਵੀ ਚੈਨਲ ਨੂੰ ਆਪਣਾ ਬੋਰੀਆ ਬਿਸਤਰਾ ਸਮੇਟਣ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ। ਇਸ ਨਾਲ ਸਬੰਧਤ ਅਗਾਂਹਵਧੂ ਪੱਤਰਕਾਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ। ਬਠਿੰਡਾ 'ਚ ਬੇਰੁਜ਼ਗਾਰ ਅਧਿਆਪਕਾਂ ਵਲੋਂ ਲਾਏ ਗਏ ਪੱਕੇ ਮੋਰਚੇ ਦੌਰਾਨ ਜਦ ਇਕ ਅਧਿਆਪਕ ਦੀ 11 ਮਹੀਨੇ ਦੀ ਧੀ ਠੰਡ ਨਾਲ ਦਮ ਤੋੜ ਗਈ ਤਾਂ ਇਹ ਖ਼ਬਰ ਕਿਸੇ ਵੀ ਟੀ.ਵੀ. ਚੈਨਲ 'ਤੇ ਪ੍ਰਸਾਰਤ ਨਹੀਂ ਹੋਣ ਦਿੱਤੀ ਗਈ। 
ਇਸੇ ਤਰ੍ਹਾਂ ਮੌੜ ਵਿਧਾਨ ਸਭਾ ਹਲਕੇ ਦੇ ਪਿੰਡ ਪਿੱਥੋ 'ਚ ਵਾਪਰੀ ਘਟਨਾ ਵੀ ਸਮੁੱਚੇ ਮੀਡੀਆ 'ਚੋਂ ਗਾਇਬ ਕਰ ਦਿੱਤੀ ਗਈ। ਇਹ ਪਿੰਡ ਬਠਿੰਡਾ ਲੋਕ ਸਭਾ ਹਲਕੇ ਦਾ ਹਿੱਸਾ ਹੈ। ਪਿਛਲੇ ਦਿਨੀਂ 18 ਮਾਰਚ ਨੂੰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਪਿੰਡ 'ਚ ਚੋਣ ਪ੍ਰਚਾਰ ਲਈ ਜਾਣਾ ਸੀ। ਭੁੱਲਰ ਭਾਈਚਾਰੇ ਦੀ ਵੱਡੀ ਬਹੁਗਿਣਤੀ ਵਾਲੇ ਇਸ ਪਿੰਡ ਨੇ ਇਹ ਫੈਸਲਾ ਕਰ ਲਿਆ ਕਿ ਬੀਬੀ ਹਰਸਿਮਰਤ ਨੂੰ ਪਿੰਡ 'ਚ ਨਹੀਂ ਵੜਨ ਦੇਣਾ। ਇਸ ਫੈਸਲੇ ਦੀ ਪਿੱਠ ਭੂਮੀ ਇਹ ਹੈ ਕਿ ਭੁੱਲਰ ਭਾਈਚਾਰੇ ਨਾਲ ਸਬੰਧਤ ਇਕ ਧਾਰਮਿਕ ਸਥਾਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਭੁੱਲਰ ਭਾਈਚਾਰਾ ਇਸ ਦੇ ਹੱਕ 'ਚ ਨਹੀਂ। ਇਸ ਦੇ ਉਲਟ ਸਿੱਖਿਆ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਕਮੇਟੀ ਦਾ ਪੱਖ ਪੂਰ ਰਿਹਾ ਹੈ। ਬੀਬੀ ਹਰਸਿਮਰਤ ਨੇ ਪਿੰਡ 'ਚ ਦਾਖ਼ਲ ਹੋਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਈ ਵਾਹਪੇਸ਼ ਨਹੀਂ ਗਈ। ਅਖੀਰ ਵੱਡੀ ਪੱਧਰ 'ਤੇ ਪੁਲਸ ਫੋਰਸ ਮੰਗਵਾ ਕੇ ਬੀਬੀ ਨੂੰ ਪਿੰਡ 'ਚ ਲਿਜਾਇਆ ਗਿਆ। ਇੰਨਾ ਕੁੱਝ ਹੋਣ ਦੇ ਬਾਵਜੂਦ ਲੋਕ-ਮੁਜਾਹਮਤ ਦੀ ਇਸ ਘਟਨਾ ਨੂੰ ਕਿਸੇ ਇਕ ਅਖਬਾਰ 'ਚ ਵੀ ਜਗ੍ਹਾ ਨਹੀਂ ਮਿਲੀ।  
ਕਿਸੇ ਅਖਬਾਰ ਵਲੋਂ ਇਕ ਖਾਸ ਵਿਚਾਰਧਾਰਾ ਵਾਲੀ ਪਾਰਟੀ ਦੇ ਹੱਕ 'ਚ ਖੜੋਣ ਦਾ ਵਰਤਾਰਾ ਕੋਈ ਨਵੀਂ ਗੱਲ ਨਹੀਂ ਹੈ। ਅਖਬਾਰ ਦੇ ਸੰਪਾਦਕੀ ਸਫੇ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਪਾਸੇ ਖੜਾ ਹੈ। ਪਰ ਹੁਣ ਕੁੱਝ ਵੀ ਪਤਾ ਨਹੀਂ ਲੱਗਦਾ। ਚੋਣਾਂ ਵਾਲੇ ਦਿਨਾਂ 'ਚ ਅਖਬਾਰ ਦਾ ਸੰਪਾਦਕੀ ਸਫਾ ਕੁੱਝ ਹੋਰ ਕਹਿ ਰਿਹਾ ਹੁੰਦਾ ਹੈ ਤੇ ਖਬਰਾਂ ਵਾਲੇ ਸਫੇ ਕੁੱਝ ਕਹਿ ਰਹੇ ਹੁੰਦੇ ਹਨ। 'ਮੁੱਲ ਦੀਆਂ ਖਬਰਾਂ' ਦੇ ਵਰਤਾਰੇ ਨੇ ਅਖਬਾਰਾਂ ਨੂੰ ਅਜਿਹਾ ਲਪੇਟ 'ਚ ਲਿਆ ਹੈ ਕਿ ਲੋਕਾਂ ਅੱਗੇ ਅਸਲ ਤਸਵੀਰ ਪੁੱਜਦੀ ਹੀ ਨਹੀਂ। ਪੰਜਾਬ 'ਚ ਇਹ ਵਰਤਾਰਾ ਖੁੱਲ੍ਹੇ ਰੂਪ 'ਚ 2004 ਦੀਆਂ ਆਮ ਚੋਣਾਂ ਵੇਲੇ ਸ਼ੁਰੂ ਹੋਇਆ ਸੀ। ਯੂ.ਪੀ. ਤੋਂ ਆਏ ਇਕ ਸੱਨਅਤਕਾਰ ਨੂੰ ਜਦ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਮੈਦਾਨ 'ਚ ਉਤਾਰਿਆ ਤਾਂ ਉਸਨੇ ਮੀਡੀਆ ਦਾ ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ। ਅਖਬਾਰ ਦਾ ਪੂਰੇ ਦਾ ਪੂਰਾ ਸਫਾ ਇਕ ਜਗ੍ਹਾ ਬੈਠ ਕੇ ਤਿਆਰ ਕੀਤਾ ਜਾਂਦਾ ਤੇ ਫਿਰ ਵੱਖ ਵੱਖ ਅਖਬਾਰਾਂ 'ਚ ਤੈਅ ਹੋਈ 'ਸਮਝਦਾਰੀ' ਅਨੁਸਾਰ ਪੁੱਜਦਾ ਕਰ ਦਿੱਤਾ ਜਾਂਦਾ। ਇੰਝ ਅਖਬਾਰਾਂ ਵੀ ਕਾਲੀ ਕਮਾਈ ਕਰਨ ਲੱਗ ਪਈਆਂ। ਇਸ਼ਤਿਹਾਰ ਦੇ ਪੈਸੇ ਤਾਂ ਆਮਦਨ 'ਚ ਗਿਣੇ ਜਾਂਦੇ ਹਨ ਪਰ ਖਬਰਾਂ ਵੀ ਕਮਾਈ ਦਾ ਸਾਧਨ ਹੋ ਸਕਦੀਆਂ ਹਨ, ਇਹ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਰਿਪੋਰਟਰਾਂ ਨੂੰ ਮੋਬਾਇਲ, ਮੋਟਰ ਸਾਈਕਲਾਂ ਨੇ ਮੀਡੀਆ ਦੇ ਇਕ ਵੱਡੇ ਹਿੱਸੇ ਦੀਆਂ ਅੱਖਾਂ ਬੰਦ ਕਰਕੇ ਰੱਖ ਦਿੱਤੀਆਂ। 
ਇਹ ਤਾਂ ਪੰਜਾਬ ਦੀ ਤਸਵੀਰ ਹੈ। ਬਾਕੀ ਭਾਰਤ ਕੋਈ ਵੱਖਰਾ ਤਾਂ ਹੈ ਨਹੀਂ। ਸੋਨੀਆਂ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਵਲੋਂ ਕੀਤੇ ਗਏ ਜ਼ਮੀਨ ਘੁਟਾਲਿਆਂ ਵੱਲ ਕਿਸੇ ਨੇ ਵੀ ਉਂਗਲ ਉਠਾਉਣ ਦੀ ਜ਼ੁਅਰਤ ਨਹੀਂ ਕੀਤੀ। ਉਸ ਬਾਰੇ ਖਬਰਾਂ 'ਯੂ ਟਿਊਬ' ਤੇ ਹੋਰਨਾਂ ਵੈਬਸਾਇਟਾਂ 'ਤੇ ਚਿਰਾਂ ਤੋਂ ਆ ਰਹੀਆਂ ਸਨ ਪਰ ਕਿਸੇ ਵੀ ਅਖਬਾਰ ਜਾਂ ਟੀ.ਵੀ. ਚੈਨਲ ਨੇ ਉਸ ਬਾਰੇ ਕੁੱਝ ਕਹਿਣ ਦਾ ਹੌਸਲਾ ਨਹੀਂ ਕੀਤਾ। ਹਰਿਆਣਾ ਦੇ ਆਈ.ਏ.ਐਸ. ਅਫਸਰ ਖੇਮਕਾ ਵਲੋਂ ਕੀਤੀ ਜੁਅਰਤ ਤੇ ਕੇਜਰੀਵਾਲ ਵਲੋਂ ਕੀਤੇ ਗਏ ਖੁਲਾਸਿਆਂ ਨਾਲ ਹੀ ਇਹ ਮਾਮਲਾ ਇਕ ਸੀਮਤ ਹੱਦ ਤੱਕ ਬਾਹਰ ਆ ਸਕਿਆ ਹੈ। ਖੇਮਕਾ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਹਰਿਆਣਾ ਸਰਕਾਰ ਉਸ ਵਿਰੁੱਧ ਕੋਈ ਨਾ ਕੋਈ ਮੁਕੱਦਮਾਂ ਖੜ੍ਹਾ ਹੀ ਰੱਖਦੀ ਹੈ। 
ਇਸੇ ਤਰ੍ਹਾਂ ਬਹੁਚਰਚਿਤ ਨੀਰਾ ਰਾਡੀਆ ਟੇਪ ਮਾਮਲੇ ਨੇ ਤਾਂ ਮੀਡੀਆ ਦੇ ਇਕ ਦੂਸਰੇ ਚਿਹਰੇ ਨੂੰ ਵੀ ਲੋਕਾਂ ਸਾਹਮਣੇ ਨੰਗਾ ਕਰਕੇ ਰੱਖ ਦਿੱਤਾ ਸੀ। ਕਿਸ ਤਰ੍ਹਾਂ ਮੀਡੀਆ, ਨਾਮੀ ਪੱਤਰਕਾਰ ਕਿਸੇ ਖਾਸ ਸੱਨਅਤੀ ਘਰਾਣੇ ਦੇ ਹੱਕ 'ਚ 'ਲਾਬਿੰਗ' ਕਰਦੇ ਹਨ, ਕਿਸ ਤਰ੍ਹਾਂ ਸਨਅਤੀ ਘਰਾਣੇ ਆਪਣੀ ਪਸੰਦ ਦੇ ਮੰਤਰੀ ਨਿਯੁਕਤ ਕਰਵਾਉਂਦੇ ਹਨ, ਇਹ ਸਭ ਇਨ੍ਹਾਂ ਟੇਪਾਂ ਤੋਂ ਹੀ ਸਾਹਮਣੇ ਆਇਆ ਸੀ। ਨੰਗੇ ਹੋਏ ਪੱਤਰਕਾਰਾਂ ਨੂੰ ਮੀਡੀਆ ਘਰਾਣਿਆਂ ਨੇ ਕੁੱਝ ਦੇਰ ਲਾਂਭੇ ਕਰ ਦਿੱਤਾ ਤੇ ਥੋੜ੍ਹੀ ਦੇਰ ਬਾਅਦ ਉਹੀ ਪੱਰਤਾਕਰ ਵੱਖੋ ਵੱਖਰੇ ਪ੍ਰੋਗਰਾਮ ਲੈ ਕੇ ਕਿਸੇ ਦੂਜੇ ਚੈਨਲ 'ਤੇ ਆਪਣੇ 'ਫਨ' ਦਾ ਮੁਜ਼ਾਹਰਾ ਕਰਦੇ ਨਜ਼ਰ ਆਉਣ ਲੱਗ ਪਏ ਸਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। 
ਕੇਜਰੀਵਾਲ ਦਾ ਗੁੱਸਾ ਜਾਇਜ਼ ਹੈ। ਜਦ ਤੱਕ ਉਹ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਲੈ ਕੇ ਜਨ ਲੋਕਪਾਲ ਲਈ ਮੁਹਿੰਮ ਦੀ ਅਗਵਾਈ ਕਰ ਰਹੇ  ਸਨ ਉਦੋਂ ਤੱਕ ਤਾਂ ਸਮੁੱਚੇ ਮੀਡੀਆ ਨੇ ਉਹਨਾਂ ਨੂੰ ਸਿਰ 'ਤੇ ਚੁੱਕੀ ਰੱਖਿਆ ਪਰ ਜਿਓਂ ਹੀ ਉਹਨਾਂ ਮੁਕੇਸ਼ ਅੰਬਾਨੀ ਦੇ ਭ੍ਰਿਸ਼ਟਾਚਾਰ ਨੂੰ ਹੱਥ ਪਾਇਆ ਤਾਂ ਮੀਡੀਆ ਦਾ ਇਕ ਵੱਡਾ ਹਿੱਸਾ ਉਹਨਾਂ ਵਿਰੁੱਧ ਉਠ ਖੜਾ ਹੋ ਗਿਆ। ਦਰਅਸਲ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਅੱਗੇ ਲੈ ਕੇ ਆਉਣਾ ਸਰਮਾਏਦਾਰੀ ਦੀ ਆਪਣੀ ਵੀ ਲੋੜ ਸੀ ਕਿਉਂਕਿ ਸੱਤਾਧਾਰੀ ਨਿਜ਼ਾਮ ਇਸ ਦਲਦਲ 'ਚ ਇਸ ਪੱਧਰ ਤੱਕ ਗ੍ਰਸ ਗਿਆ ਹੈ ਕਿ ਸਰਮਾਏਦਾਰ ਵੀ ਉਸ ਤੋਂ ਤੰਗ ਆਏ ਪਏ ਹਨ। ਜੇ ਗੱਲ ਇੱਥੇ ਤੱਕ ਹੀ ਸੀਮਤ ਰਹਿੰਦੀ ਤਾਂ ਠੀਕ ਸੀ ਪਰ ਕੇਜਰੀਵਾਲ ਨੇ ਤਾਂ ਮੁਕੇਸ਼ ਅੰਬਾਨੀ ਨੂੰ ਹੀ ਸਿੱਧਾ ਹੱਥ ਜਾ ਪਾਇਆ। ਉਸ ਵਿਰੁੱਧ ਮੁਕੱਦਮਾ ਤੱਕ ਦਰਜ ਕਰਵਾ ਦਿੱਤਾ। .... ਤੇ ਮੁਕੇਸ਼ ਅੰਬਾਨੀ ਕੌਣ ਹੈ ਭਲਾ?
ਮੁਕੇਸ਼ ਅੰਬਾਨੀ ਦਾ ਕਾਰੋਬਾਰ ਕੇਵਲ ਪੈਟਰੋਲੀਅਮ ਪਦਾਰਥਾਂ ਦੀ ਪੈਦਾਵਾਰ ਤੱਕ ਹੀ ਸੀਮਤ ਨਹੀਂ ਹੈ। ਉਹ ਬਹੁਤ ਵੱਡੇ ਟੀ.ਵੀ. ਨੈਟਵਰਕ, 'ਨੈਟਵਰਕ 18' ਅਤੇ 'ਟੀਵੀ 18' 'ਚ ਪ੍ਰਮੁੱਖ ਭਾਈਵਾਲ ਹੈ। ਇਹ ਨੈਟਵਰਕ ਦੇਸ਼ ਦੇ ਸਭ ਤੋਂ ਵੱਡੇ ਮੀਡੀਆ ਘਰਾਣਿਆਂ 'ਚੋਂ ਇਕ ਹੈ ਜਿਹੜਾ ਟੀ.ਵੀ., ਇਟਰਨੈਟ, ਫਿਲਮਾਂ, ਈ-ਕਾਮਰਸ, ਰਸਾਲੇ, ਮੋਬਾਇਲ ਸਮੱਗਰੀ ਤੇ ਹੋਰ ਸੰਬੰਧਤ ਕਾਰੋਬਾਰਾਂ 'ਚ ਲੱਗਾ ਹੋਇਆ ਹੈ। ਅੰਗਰੇਜ਼ੀ ਤੇ ਖੇਤਰੀ ਭਾਸ਼ਾਵਾਂ 'ਚ ਮਨੋਰੰਜਨ ਤੇ ਖਬਰਾਂ ਨਾਲ ਸਬੰਧਤ 30 ਚੈਨਲ ਇਸ ਨੈਟਵਰਕ ਦੀ ਮਾਲਕੀ ਹੇਠ ਆਉਂਦੇ ਹਨ ਜਿਨ੍ਹਾਂ 'ਚ ਆਈਬੀਐਨ-7, ਸੀ.ਐਨ.ਐਨ.-ਆਈ.ਬੀ.ਐਨ., ਸੀ.ਐਨ.ਬੀ. ਸੀ.-ਟੀਵੀ. 18 ਅਤੇ ਸੀ.ਐਨ.ਬੀ.ਸੀ.ਆਵਾਜ਼ ਵਰਗੇ ਮੁੱਖ ਚੈਨਲ ਸ਼ਾਮਲ ਸਨ। ਭਾਰਤ ਦੇ ਲਗਭਗ ਹਰ ਹਿੱਸੇ ਦੇ ਖੇਤਰੀ ਭਾਸ਼ਾਵਾਂ ਵਾਲੇ ਸਮਾਚਾਰ ਚੈਨਲ ਵੀ ਅੰਬਾਨੀ ਦੇ ਹੱਥਾਂ 'ਚ ਹਨ ਜਿਨ੍ਹਾਂ 'ਚ ਈਟੀਵੀ-ਉਤਰ ਪ੍ਰਦੇਸ਼, ਈ.ਟੀ.ਵੀ ਮੱਧ ਪ੍ਰਦੇਸ਼, ਈ.ਟੀ.ਵੀ. ਰਾਜਸਥਾਨ, ਈ.ਟੀ.ਵੀ. ਬਿਹਾਰ ਅਤੇ ਈ.ਟੀ.ਵੀ. ਉਰਦੂ ਸ਼ਾਮਲ ਹਨ। ਇਸ ਤੋਂ ਇਲਾਵਾ ਈਟੀਵੀ ਮਰਾਠੀ, ਈਟੀਵੀ ਕੰਨੜ, ਈ.ਟੀ.ਵੀ. ਬੰਗਲਾ, ਈ.ਟੀ.ਵੀ. ਗੁਜਰਾਤੀ ਅਤੇ ਈ.ਟੀ.ਵੀ. ਉੜੀਆ ਵਰਗੇ ਮਨੋਰੰਜਨ ਚੈਨਲ ਵੀ ਅੰਬਾਨੀ ਦੀ ਜਾਇਦਾਦ ਹਨ। 
ਇਹ ਤਾਂ ਸਿਰਫ ਇਕ ਸੱਨਅਤੀ ਘਰਾਣੇ ਦੇ ਖਬਰਾਂ ਅਤੇ ਮਨੋਰੰਜਨ ਜਗਤ ਉਪਰ ਗਲਬੇ ਦੀ ਹੀ ਇਕ ਝਲਕ ਹੈ। ਹੋਰ ਘਰਾਣੇ ਵੀ ਇਸ ਖੇਤਰ 'ਚ ਹਾਜ਼ਰ ਹਨ। ਇਹ ਸੱਨਅਤੀ ਘਰਾਣੇ ਹੀ ਫੈਸਲਾ ਕਰਦੇ ਹਨ ਕਿ ਤੁਹਾਨੂੰ ਕਿਹੜੀ ਖਬਰ, ਕਿਸ ਤਰ੍ਹਾਂ ਦਿਖਾਈ ਜਾਣੀ ਹੈ, ਤੁਹਾਡਾ ਮਨੋਰੰਜਨ ਕਿਸ ਪੱਧਰ ਦਾ ਹੋਣਾ ਚਾਹੀਦਾ ਹੈ। ਇਹ ਘਰਾਣੇ ਕਦੇ ਨਹੀਂ ਚਾਹੁੰਣਗੇ ਕਿ ਹੱਥੀਂ ਕਿਰਤ ਕਰਕੇ ਖਾਣ ਵਾਲੇ ਭਾਈ ਲਾਲੋਆਂ ਵਲੋਂ ਆਪਣੇ ਹੱਕਾਂ ਹਿੱਤਾਂ ਲਈ ਵਿੱਢਿਆ ਗਿਆ ਅੰਦੋਲਨ ਜ਼ੋਰ ਫੜ ਜਾਵੇ, ਉਹ ਨਹੀਂ ਚਾਹੁਣਗੇ ਕਿ ਉਹਨਾਂ ਵਿਰੁੱਧ ਜਾਂ ਹੁਕਮਰਾਨਾਂ ਵਿਰੁੱਧ ਲੋਕ-ਮੁਜ਼ਾਹਮਤ ਦੀ ਖਬਰ ਘਰ ਘਰ ਫੈਲੇ। ਉਹਨਾਂ ਦੀ ਮਾਲਕੀ ਵਾਲੇ ਚੈਨਲ ਜਾਂ ਅਖਬਾਰ ਤਾਂ ਉਹੀ ਕਰਨਗੇ ਜੋ ਉਹ ਕਹਿਣਗੇ।  ਅੱਜ ਜੇ ਬਹੁਗਿਣਤੀ ਟੀਵੀ ਚੈਨਲ ਤੇ ਅਖਬਾਰਾਂ 'ਨਮੋ-ਨਮੋ' (ਨਰਿੰਦਰ ਮੋਦੀ ਦੇ ਨਾਂਅ ਨੂੰ ਛੋਟਾ ਰੂਪ ਦੇ ਕੇ ਨਮੋ ਕਿਹਾ ਜਾਣ ਲੱਗਾ ਹੈ) ਦਾ ਜਾਪ ਕਰ ਰਹੇ ਹਨ ਤਾਂ ਇਹ ਕੋਈ ਵੱਡੀ ਗੱਲ ਨਹੀਂ ਸਗੋਂ ਦੇਸ਼ ਦੀ ਸਰਮਾਏਦਾਰੀ ਦੀ ਚਾਹਤ, ਉਸ ਦੇ ਰੌਂਅ ਦਾ ਇਕ ਪ੍ਰਗਟਾਵਾ ਹੀ ਹੈ।
ਇਸ ਲਈ ਤੁਸੀਂ ਬੇਸ਼ੱਕ ਗਲਤ ਨਹੀਂ ਓ, ਪਰ ਫਿਰ ਵੀ ਤੁਸੀਂ 'ਗਲਤੀ' ਕਰ ਬੈਠੇ ਮਿਸਟਰ ਕੇਜਰੀਵਾਲ! ਜਦ ਤੱਕ ਸਰਮਾਏਦਾਰੀ ਨੂੰ ਤੁਹਾਡੀ ਲੋੜ ਸੀ, ਉਹਨਾਂ ਤੁਹਾਨੂੰ ਵਰਤਿਆ। ਹੁਣ ਉਹਨਾਂ ਨੂੰ ਤੁਹਾਡੀ ਲੋੜ ਨਹੀਂ, ਕਿਉਂਕਿ ਤੁਸੀਂ ਉਹਨਾਂ ਦੇ ਗਿਰੇਬਾਨ ਨੂੰ ਹੱਥ ਪਾ ਲਿਆ ਹੈ। ਵੱਖ ਵੱਖ ਮੁੱਦਿਆਂ 'ਤੇ ਤੁਹਾਡੀ ਪਹੁੰਚ ਨਾਲ ਮਤਭੇਦ ਹੋ ਸਕਦੇ ਹਨ ਪਰ ਭ੍ਰਿਸ਼ਟਾਚਾਰ ਨੂੰ ਲੈ ਕੇ ਤੁਹਾਡੇ ਨਾਲ ਸਾਡਾ ਕੋਈ ਮੱਤਭੇਦ ਨਹੀਂ। ਇਹ ਚੋਰਾਂ ਦੀ ਉਹ ਫੌਜ ਹੈ ਜਿਸ ਦਾ ਸਾਰੇ ਅੰਬਰ 'ਤੇ ਕਬਜ਼ਾ ਹੈ। ਉਹ ਅੰਬਰ ਜਿਸ ਰਾਹੀਂ ਸੂਚਨਾ ਦਾ ਪ੍ਰਵਾਹ ਲੋਕਾਂ ਤੱਕ ਪਹੁੰਚਦਾ ਹੈ। ਕੂੜ ਦੇ ਇਸ ਅੰਬਰ ਦੀ ਚਾਦਰ ਨੂੰ ਪਾੜਨ ਲਈ ਇਕ ਜਬਰਦਸਤ ਦਹਾੜ ਦੀ ਲੋੜ ਹੈ, ਜਿਹੜੀ ਨਿੱਕੀਆਂ ਨਿੱਕੀਆਂ ਆਵਾਜ਼ਾਂ ਨੂੰ ਮਿਲਾਕੇ ਬਣੇਗੀ। ਆਸ ਕਰਨੀ ਬਣਦੀ ਹੈ ਕਿ ਕੂੜ ਦੀ ਇਹ ਚਾਦਰ ਫਟੇਗੀ ਤੇ ਇਕ ਸਾਫ ਸੁਥਰੇ ਅੰਬਰ ਦੀ ਸਥਾਪਨਾ ਦਾ ਮੁੱਢ ਬੱਝੇਗਾ। 

No comments:

Post a Comment