Saturday 5 April 2014

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਪ੍ਰੈਲ 2014)

ਜਮਹੂਰੀ ਕਿਸਾਨ ਸਭਾ ਵਲੋਂ ਸੀਡ ਫਾਰਮ ਕੱਚਾ ਵਿਖੇ ਕਿਸਾਨ ਕਾਨਫਰੰਸ  

ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਫਾਜ਼ਿਲਕਾ ਵਲੋਂ ਸੀਡ ਫਾਰਮ ਕੱਚਾ ਵਿਖੇ ਸਾਥੀ ਜੈਮਲ ਰਾਮ ਜ਼ਿਲ੍ਹਾ ਪ੍ਰਧਾਨ, ਗੁਰਬਖਸ਼ ਸਿੰਘ ਸੀਡ ਫਾਰਮ, ਬਲਵੰਤ ਸਿੰਘ ਢਾਣੀ ਕੜਾਕਾ ਸਿੰਘ, ਜੱਗਾ ਸਿੰਘ ਸੀਫ ਫਾਰਮ ਦੀ ਪ੍ਰਧਾਨਗੀ ਹੇਠ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਦੇਸ਼ ਅੰਦਰ ਕਿਸਾਨਾਂ ਦੀ ਮੌਜੂਦਾ ਹਾਲਤ ਲਈ ਸਮੇਂ ਸਮੇਂ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਜੁੰਮੇਵਾਰ ਹਨ। 2-2 ਮੁਰੱਬਿਆਂ ਦੇ ਮਾਲਕ ਪਰਵਾਰ ਵੀ ਕਨਾਲਾਂ ਦੇ ਮਾਲਕ ਰਹਿ ਗਏ ਹਨ। ਉਨ੍ਹਾਂ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਕਿਸਾਨੀ ਸਿਰ ਚੜ੍ਹਿਆ ਕਰਜਾ ਮੁਆਫ ਕਰਨ ਅਤੇ ਸਵਾਮੀਨਾਥਨ ਕਮੀਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਤਾਂ ਕਿ ਕਿਸਾਨੀ ਦੀ ਪੈਦਾਵਾਰ ਨੂੰ ਲਾਗਤ ਖਰਚਿਆਂ ਨਾਲ ਜੋੜ ਕੇ ਇਸ ਨੂੰ ਲਾਹੇਵੰਦਾਂ ਧੰਦਾ ਬਣਾਇਆ ਜਾ ਸਕੇ। ਉਨ੍ਹਾਂ ਦੇਸ਼ ਦੀ ਆਜਾਦੀ ਦੇ 66 ਸਾਲ ਬਾਅਦ ਵੀ ਅਬਾਦਕਾਰਾਂ ਨੂੰ ਮਾਲਕੀ ਹੱਕ ਨਾ ਦੇਣ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ। ਡਾ. ਸਤਨਾਮ ਸਿੰਘ ਨੇ ਪਿਛਲੇ ਸਮੇਂ ਅੰਦਰ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਜ਼ਿਲ੍ਹਿਆਂ ਅੰਦਰ ਆਬਾਦਕਾਰਾਂ ਨੂੰ ਉਜਾੜਨ ਦੀਆਂ ਕੋਸ਼ਿਸ਼ਾਂ ਖਿਲਾਫ ਸੰਘਰਸ਼ ਕਰ ਕੇ ਉਜਾੜਾ ਰੋਕਣ ਵਿਚ ਪ੍ਰਾਪਤ ਕੀਤੀ ਸਫਲਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। 
ਇਸ ਮੌਕੇ ਜ਼ਿਲ੍ਹਾ ਸਕੱਤਰ ਕੁਲਵੰਤ ਸਿੰਘ ਕਿਰਤੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੀਡ ਫਾਰਮ ਦੇ ਆਬਾਦਕਾਰਾਂ ਦੀਆਂ ਗਿਰਦਾਵਰੀਆਂ ਮੌਕੇ ਤੇ ਕਾਸ਼ਤ ਕਰ ਰਹੇ ਵਾਰਸਾਂ ਦੇ ਨਾਂਅ ਨਾ ਕੀਤੀਆਂ ਗਈਆਂ ਤਾਂ ਪੱਕਾ ਮੋਰਚਾ ਲਾਇਆ ਜਾਵੇਗਾ। ਉਨ੍ਹਾਂ ਆਬਾਦਕਾਰਾਂ ਤੇ ਖਾਸਕਰ ਨੌਜਵਾਨਾਂ ਨੂੰ ਸੀਫ ਫਾਰਮ ਦੇ ਆਬਾਦਕਾਰਾਂ ਨੂੰ ਮਾਲਕੀ ਹੱਕਾਂ ਦੀ ਪ੍ਰਾਪਤੀ ਤੇ ਹੋਰ ਮੰਗਾਂ ਲਈ ਇਕਜੁਟ ਹੋਣ ਦੀ ਅਪੀਲ ਕੀਤੀ। ਕਾਨਫਰੰਸ ਨੂੰ ਕਿਸਾਨ ਆਗੂਆਂ ਕਾਮਰੇਡ ਸਤਨਾਮ  ਰਾਏ ਖੂਈਆਂ ਸਰਵਰ, ਕਾਮਰੇਡ ਸ਼ਕਤੀ ਫਾਜ਼ਿਲਕਾ, ਰਮੇਸ਼ ਵਡੇਰਾ ਫਾਜ਼ਿਲਕਾ, ਦਿਹਾਤੀ ਮਜ਼ਦੂਰ ਆਗੂ ਗੁਰਮੇਜ਼ ਗੇਜੀ, ਜੱਗਾ ਸਿੰਘ ਖੂਈਆਂ ਸਰਵਰ, ਰਾਮ ਕੁਮਾਰ ਵਰਮਾ, ਗੋਪਾਲ ਸਿੰਘ ਸੀਡ ਫਾਰਮ ਨੇ ਵੀ ਸੰਬੋਧਨ ਕੀਤਾ। ਪ੍ਰਧਾਨਗੀ ਮੰਡਲ ਵਲੋਂ ਜ਼ਿਲ੍ਹਾ ਪ੍ਰਧਾਨ ਸਾਥੀ ਜੈਮਲ ਰਾਮ ਖੂਈਆਂ ਸਰਵਰ ਨੇ ਸੰਬੋਧਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੀਲਿੰਗ ਕਾਨੂੰਨ ਦੀ ਪਾਲਣਾ ਕਰੇ ਤੇ ਵਾਧੂ ਜ਼ਮੀਨ ਬੇਜ਼ਮੀਨਿਆਂ ਵਿਚ ਵੰਡੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 17 ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨਾਲ ਹੋਏ ਸਮਝੌਤੇ ਨੂੰ ਅੱਖਰ ਅੱਖਰ ਅਮਲ ਵਿਚ ਲਿਆਂਦਾ ਜਾਵੇ। 


ਕੌਮਾਂਤਰੀ ਇਸਤਰੀ ਦਿਵਸ ਮਨਾਇਆ 

ਅਜਨਾਲਾ : ਸ਼ਹਿਰ ਵਿਚ ਜਨਵਾਦੀ ਇਸਤਰੀ ਸਭਾ ਵੱਲੋਂ ਅਜੀਤ ਕੌਰ ਕੋਟਰਜਾਦਾ, ਕੰਵਲਜੀਤ ਕੌਰ ਉਮਰਪੁਰਾ, ਹਰਜਿੰਦਰ ਕੌਰ ਡਿਆਲ ਭੱਟੀ, ਅਮਰਜੀਤ ਕੌਰ ਭੱਖੇ ਦੀ ਪ੍ਰਧਾਨਗੀ ਹੇਠ ਕੌਮਾਂਤਰੀ ਇਸਤਰੀ ਦਿਵਸ ਇਨਕਲਾਬੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਮਾਜ ਅੰਦਰ ਅੱਜ ਵੀ ਦਾਜ-ਦਹੇਜ, ਭਰੂਣ ਹੱਤਿਆ ਅਤੇ ਹੋਰ ਸਮਾਜਿਕ ਬੁਰਾਈਆਂ ਸਿਰ ਚੁੱਕੀ ਖੜੀਆਂ ਹਨ, ਜਿਨ੍ਹਾਂ ਦੇ ਖਾਤਮੇ ਲਈ ਅਤੇ ਔਰਤਾਂ ਲਈ ਹੋਰ ਉਸਾਰੂ ਸਮਾਜ ਸਿਰਜਣ ਲਈ ਖੁਦ ਔਰਤਾਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਹੋ ਰਹੇ ਜ਼ੁਲਮਾਂ ਦਾ ਅਸਲੀ ਕਾਰਨ ਮੌਜੂਦਾ ਸਰਮਾਏਦਾਰੀ (ਪੂੰਜੀਵਾਦੀ) ਪ੍ਰਬੰਧ ਹੈ, ਇਸ ਦਾ ਖਾਤਮਾ ਕਰਕੇ ਹੀ ਔਰਤਾਂ ਦੀ ਸੁਰੱਖਿਆ ਤੇ ਅਜ਼ਾਦੀ ਸੰਭਵ ਹੈ। ਉਨ੍ਹਾ ਕਿਹਾ ਕਿ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਥੇਬੰਦ ਹੋ ਕੇ ਬਝਵੇਂ ਸੰਘਰਸ਼ ਵਿੱਢਣਾ ਦੀ ਸਮੇਂ ਦੀ ਮੁੱਖ ਲੋੜ ਹੈ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਕਾਰਨ ਜੋ ਅਸਮਾਨੀ ਛੂੰਹਦੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਕੁਪੋਸ਼ਨ ਦਾ ਸਭ ਤੋਂ ਵੱਧ ਮਾਰੂ ਅਸਰ ਔਰਤਾਂ 'ਤੇ ਪੈ ਰਿਹਾ ਹੈ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੀ ਆਗੂ ਅਜੀਤ ਕੌਰ ਕੋਟਰਜਾਦਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਔਰਤਾਂ ਦੀਆਂ ਸਮੱਸਿਆਵਾਂ ਦਿਨ-ਬ-ਦਿਨ ਵੱਧ ਰਹੀਆਂ ਹਨ। 
ਇਸ ਮੌਕੇ ਹਰਭਜਨ ਸਿੰਘ ਦਰਦੀ, ਸੀਤਲ ਸਿੰਘ ਤਲਵੰਡੀ, ਗੁਰਨਾਮ ਸਿੰਘ ਉਮਰਪੁਰਾ, ਕੁਲਵੰਤ ਸਿੰਘ ਮੱਲੂਨੰਗਲ, ਬੀਬੀ ਜਗੀਰ ਕੌਰ, ਹਰਜਿੰਦਰ ਕੌਰ, ਇੰਦਰਜੀਤ ਕੌਰ, ਕੁਲਵੰਤ ਸਿੰਘ ਸੰਧੂ, ਵਿਰਸਾ ਸਿੰਘ ਟਪਿਆਲਾ, ਸਵਿੰਦਰ ਸਿੰਘ ਸੂਫੀਆ ਆਦਿ ਨੇ ਵੀ ਸੰਬੋਧਨ ਕੀਤਾ।


ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਸ਼ਹੀਦਾਂ ਨੂੰ ਸਮਰਪਤ ਕਨਵੈਨਸ਼ਨ

ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਸਦੇ ਸਾਥੀ ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਤ ''ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਉਸਾਰੀ ਮਜ਼ਦੂਰਾਂ ਦੀ ਵਿਸ਼ਾਲ ਕਨਵੈਨਸ਼ਨ 23 ਮਾਰਚ ਨੂੰ ਸੂਰਜ ਪੈਲਸ ਹਰਿਆਲ (ਪਠਾਨਕੋਟ) ਵਿਖੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸਾਂਝੇ ਰੂਪ ਵਿਚ ਸਾਥੀ ਤਿਲਕ ਰਾਜ ਤੇ ਸਾਥੀ ਰਾਮ ਵਿਲਾਸ ਨੇ ਕੀਤੀ। ਹਰਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ, ਸਾਥੀ ਨੱਥਾ ਸਿੰਘ ਜਨਰਲ ਸਕੱਤਰ ਸੀ.ਟੀ.ਯੂ. ਪੰਜਾਬ, ਸਾਥੀ ਲਾਲ ਚੰਦ ਕਟਾਰੂਚੱਕ ਸੂਬਾਈ ਆਗੂ ਦਿਹਾਤੀ ਮਜ਼ਦੂਰ ਸਭਾ, ਸਾਥੀ ਸ਼ਿਵ ਕੁਮਾਰ ਜਨਰਲ ਸਕੱਤਰ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ, ਮਾਸਟਰ ਸੁਭਾਸ਼ ਸ਼ਰਮਾ ਚੇਅਰਮੈਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪਠਾਨਕੋਟ, ਸਾਥੀ ਨੰਦ ਲਾਲ ਮਹਿਰਾ ਮੁੱਖ ਸਲਾਹਕਾਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪਠਾਨਕੋਟ, ਮਾਸਟਰ ਹਜਾਰੀ ਲਾਲ ਪ੍ਰਧਾਨ ਭੱਠਾ ਲੇਬਰ ਯੂਨੀਅਨ ਇਸ ਕੰਨਵੈਨਸ਼ਨ ਵਿਚ ਸ਼ਾਮਲ ਹੋਏ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ.ਪੰਜਾਬ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ ਨੇ ਕਿਹਾ ਕਿ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਸੁਪਨਿਆਂ ਅਨੁਸਾਰ ਆਜ਼ਾਦ ਭਾਰਤ ਵਿਚ ਰਾਜ ਸਥਾਪਤ ਨਹੀਂ ਹੋਇਆ। ਉਨ੍ਹਾਂ ਦੀ ਸੋਚ ਸੀ ਕਿ ਗਰੀਬ ਕਿਸਾਨ, ਮਜਦੂਰਾਂ ਦੀ ਬੰਦ ਖਲਾਸੀ ਹੋਵੇ, ਬੰਦੇ ਹੱਥੋਂ ਬੰਦੇ ਦੀ ਲੁੱਟ ਨਾ ਹੋਵੇ, ਸਭ ਨੂੰ ਰੁਜ਼ਗਾਰ, ਇਲਾਜ ਮਿਲੇ, ਜ਼ਰੂਰੀ ਲੋੜਾਂ ਪੂਰੀਆਂ ਹੋਣ, ਸਾਥੀ ਹਰਿੰਦਰ ਰੰਧਾਵਾ ਨੇ ਪੀਐਨਐਮਯੂ ਦੀ ਜਥੇਬੰਦੀ ਦੇ ਇਤਿਹਾਸ ਬਾਰੇ ਦੱਸਿਆ ਅਤੇ ਕੀਤੀਆਂ ਪ੍ਰਾਪਤੀਆਂ ਬਾਰੇ ਵੀ ਚਰਚਾ ਕੀਤੀ। ਆਉਣ ਵਾਲੇ ਸਮੇਂ ਵਿਚ ਸੰਘਰਸ਼ਸ਼ੀਲ ਰਹਿਣ ਦੀ ਪ੍ਰੇਰਣਾ ਕੀਤੀ। ਸਾਥੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਮਰਾਜੀ ਸ਼ਹਿ ਪ੍ਰਾਪਤ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਰਤੀ ਜਮਾਤ ਦੀ ਲੁੱਟ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਪਾਲਣਾ ਸ਼ੁਰੂ ਕੀਤਾ ਹੋਇਆ ਹੈ। ਅਸੀਂ ਕਿਰਤੀਆਂ ਦੀ ਬੰਦ ਖਲਾਸੀ ਵਾਸਤੇ ਲਗਾਤਾਰ ਸੰਘਰਸ਼ਸ਼ੀਲ ਰਹਿਣ ਦੀ ਗੱਲ ਕੀਤੀ। ਸਾਥੀ ਸ਼ਿਵ ਕੁਮਾਰ ਨੇ ਕਿਹਾ ਕਿ ਸਰਕਾਰਾਂ ਲੋਕਾਂ ਦੇ ਮਸਲਿਆਂ ਦੀ ਗੱਲ ਨਹੀਂ ਕਰਦੀਆਂ ਸਗੋਂ ਲੁੱਟ ਘਸੁੱਟ ਵਿਚ ਲੱਗੀਆਂ ਹੋਈਆਂ ਹਨ, ਸ਼ਹੀਦਾਂ ਦੀ ਸੋਚ ਅਨੁਸਾਰ ਦੇਸ਼ ਉਸਾਰਨ ਦੀ ਅੱਜ ਲੋੜ ਹੈ। 
ਇਨ੍ਹਾਂ ਤੋਂ ਇਲਾਵਾ ਮਾਸਟਰ ਹਜਾਰੀ ਲਾਲ, ਜਸਵੰਤ ਸਿੰਘ, ਮਾਸਟਰ ਸੁਭਾਸ਼ ਸ਼ਰਮਾ, ਨੰਦ ਲਾਲ ਮਹਿਰਾ, ਜਸਪਾਲ ਕਾਲਾ, ਰਾਜ ਕੁਮਾਰ ਬਮਿਆਲ, ਮੀਤ ਚੰਦ ਸੈਣੀ, ਮੰਗਾ ਰਾਮ, ਪਿਆਰਾ  ਸਿੰਘ, ਸੇਵਾ ਸਿੰਘ, ਸੁਖਦੇਵ ਕਟਾਰੂਚੱਕ, ਹੰਸ ਰਾਜ ਧੋਗੜਾ, ਮੰਗਲ ਦਾਸ ਗੁਰੂਪੁਰ, ਪ੍ਰਦੀਪ ਸਮਰਾਲਾ, ਅਜੀਤ ਰਾਮ ਨਵਾਂ ਪਿੰਡ, ਮੱਸਾ ਸਿੰਘ ਜੰਵੀ ਉਪਰਲੀ, ਅਸ਼ਵਨੀ ਬਮਿਆਲ, ਬਲਵਿੰਦਰ, ਮਦਨ ਲਾਲ ਰਾਜਪੁਰਾ, ਜਸਪਾਲ ਰਾਜਪੁਰਾ, ਅਸ਼ਵਨੀ ਸੁਜਾਨਪੁਰ, ਵਿਨੈ, ਰਘਬੀਰ ਸਿੰਘ ਭਦਰੋਆ, ਲਾਲ ਬਹਾਦਰ, ਦਿਨੇਸ਼ ਪਠਾਨਕੋਟ, ਰਾਜ ਕੁਮਾਰ ਸੈਣੀ, ਦੇਸ ਰਾਜ ਆਦਿ ਨੇ ਵੀ ਸੰਬੋਧਨ ਕੀਤਾ। 


23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ  ਸਮਾਗਮ 

ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਸੋਸ਼ਲ ਵੈੱਲਫੇਅਰ ਸੁਸਾਇਟੀ ਪਿੰਡ ਟੋਹਲੂ-ਭਟੇੜ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਪਰਾਜਿਤਾ ਇੰਟਰਨੈਸ਼ਨਲ ਸਕੂਲ, ਟੋਹਲੂ ਬਲਾਕ ਤਲਵਾੜਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਾਰਗਿਲ ਸ਼ਹੀਦ ਪਵਨ ਕੁਮਾਰ ਦੇ ਪਿਤਾ ਕਿਸ਼ਨ ਚੰਦ ਤੇ ਕਾਰਗਿਲ ਸ਼ਹੀਦ ਅਜੈ ਮਿਨਹਾਸ ਦੇ ਪਿਤਾ ਸੁਖਦੇਵ ਸਿੰਘ ਨੇ ਕੀਤੀ।
ਸਮਾਗਮ 'ਚ ਗਿਆਨ ਸਿੰਘ ਗੁਪਤਾ, ਪ੍ਰੋ.ਸੁਰਿੰਦਰ ਮੰਡ, ਪ੍ਰੋ. ਮੱਲੀ, ਮਾ. ਸ਼ਿਵ ਕੁਮਾਰ, ਜਸਵੀਰ ਤਲਵਾੜਾ, ਰਾਮਭਜਨ ਚੌਧਰੀ, ਵਰਿੰਦਰ ਵਿੱਕੀ, ਜੋਗਿੰਦਰ ਪਾਲ ਛਿੰਦਾ ਮੈਂਬਰ ਨਗਰ ਪੰਚਾਇਤ ਤਲਵਾੜਾ, ਦੀਪਕ ਜਰਿਆਲ, ਬਿਸ਼ਨ ਦਾਸ ਸੰਧੂ, ਕੇਸਰ ਸਿੰਘ ਬੰਸੀਆ, ਰੋਸ਼ਨ ਲਾਲ ਪਰਮਾਰ, ਸੁਰੇਸ਼ ਪਰਮਾਰ ਪ੍ਰਧਾਨ ਸ਼੍ਰੀ ਦੁਰਗਾ ਮਾਤਾ ਮੰਦਿਰ ਕਮੇਟੀ ਪਿੰਡ ਧਰਮਪੁਰ, ਤਰਸੇਮ ਲਾਲ, ਯੁਗਰਾਜ ਸਿੰਘ , ਸਾਬਕਾ ਸਰਪੰਚ ਰਾਮਪ੍ਰਸ਼ਾਦ, ਸਾਬਕਾ ਸਰਪੰਚ ਕਾ.ਬਲਦੇਵ ਸਿੰਘ ਭਵਨੌਰ ਆਦਿ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਇਆਂ ਆਜ਼ਾਦੀ ਤੋਂ ਬਾਅਦ ਦੇਸ਼ 'ਚ ਅਮਰ ਵੇਲ ਵਾਂਗ ਲਗਾਤਾਰ ਵੱਧ ਰਹੇ ਭ੍ਰਿਸ਼ਟਾਚਾਰ, ਬੇਰੁਜਗਾਰੀ, ਭੁੱਖਮਰੀ, ਅਮੀਰੀ-ਗਰੀਬੀ ਦੇ ਪਾੜੇ ਆਦਿ ਜਿਹੀਆਂ ਅਲਾਮਤਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਇਆਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਉਸਾਰਨ ਲਈ ਲੋਕਾਂ ਨੂੰ ਇੱਕਮੁੱਠ ਹੋ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ 'ਤੇ ਸਕੂਲੀ ਵਿਦਿਆਰਥਣਾਂ ਵੱਲੋਂ ਦੇਸ਼ ਭਗਤੀ ਨਾਲ ਲਬਰੇਜ਼ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। ਜਦਕਿ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਸੋਸ਼ਲ ਵੈੱਲਫੇਅਰ ਸੁਸਾਇਟੀ ਪਿੰਡ ਟੋਹਲੂ-ਭਟੇੜ ਦੇ ਸਰਪ੍ਰਸਤ ਗੁਰਦੇਵ ਦੱਤ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੇਨ ਨੰਦ ਕਿਸ਼ੋਰ ਸ਼ਰਮਾ ਨੇ ਆਏ ਲੋਕਾਂ ਦਾ ਧੰਨਵਾਦ ਕਰਦੇ ਹੋਇਆਂ ਇਹ ਸਮਾਗਮ ਹਰ ਵਰ੍ਹੇ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ 'ਤੇ ਕਾਰਗਿਲ ਸ਼ਹੀਦ ਪਵਨ ਕੁਮਾਰ ਤੇ ਅਜੇ ਮਿਨਹਾਸ ਦੇ ਪਰਿਵਾਰਕ ਮੈਂਬਰਾਂ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਵਿਦਿਆਰਥਣ ਇਸ਼ਤਾ ਤੇ ਪ੍ਰਿਅੰਕਾ ਨੇ ਸਮਾਗਮ 'ਚ ਮੰਚ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ। ਇਸ ਮੌਕੇ 'ਤੇ ਸੁਸਾਇਟੀ ਮੈਂਬਰ ਲਲਿਤਾ ਦੇਵੀ, ਧਰਮਵੀਰ ਸ਼ਰਮਾ, ਪੰਕਜ ਸ਼ਰਮਾ, ਅਨਿਲ ਕੁਮਾਰ, ਰਾਜੇਸ਼ ਕੁਮਾਰ ਸਰਪੰਚ ਭਟੇੜ, ਸੁਭਾਸ਼ ਕੁਮਾਰ, ਰਮੇਸ਼ ਚੰਦ, ਰਾਮ ਕੁਮਾਰ, ਬਲਦੇਵ ਰਾਜ ਟੋਹਲੂ, ਮੇਲਾ ਸਿੰਘ, ਮਾ.ਗੁਰਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ। 


ਦਿਹਾਤੀ ਮਜ਼ਦੂਰ ਸਭਾ ਵੱਲੋਂ ਰਿਹਾਇਸ਼ੀ ਪਲਾਟਾਂ ਲਈ ਵਿਸ਼ਾਲ ਰੋਸ ਰੈਲੀ

ਪਿੰਡ ਚੱਕ ਬੀੜ ਸਰਕਾਰ ਦੇ ਨਜ਼ਦੀਕ ਬੇਘਰੇ ਮਜ਼ਦੂਰਾਂ ਨੇ ਸਰਕਾਰੀ ਜ਼ਮੀਨ 'ਤੇ ਬੀਤੇ ਦਿਨੀਂ ਕਬਜ਼ੇ ਕਰ ਲਏ ਸਨ, ਕਿਉਂਕਿ ਪੰਜਾਬ ਸਰਕਾਰ ਵੱਲੋਂ ਬੇਘਰਿਆਂ ਨੂੰ ਪੰਜ-ਪੰਜ ਮਰਲੇ ਦੇ ਰਹਾਇਸ਼ੀ ਪਲਾਟ ਦੇਣ ਲਈ ਫੌਰੀ ਸਰਕੂਲਰ ਜਾਰੀ ਕਰ ਦਿੱਤਾ ਗਿਆ ਸੀ। ਚੋਣ ਜਾਬਤੇ ਕਾਰਨ ਹੁਣ ਸਰਕਾਰ ਨੇ ਚੋਣਾਂ ਤੋਂ ਬਾਅਦ ਕਬਜ਼ਾਕਾਰ ਮਜ਼ਦੂਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਦੀ ਗੱਲ ਕਹੀ ਹੈ। 8 ਕਨਾਲਾਂ ਦੀ ਸਰਕਾਰੀ ਜ਼ਮੀਨ ਵਿਚ ਪਿੰਡ ਚੱਕ ਬੀੜ ਸਰਕਾਰ ਤੇ ਸ਼ਹਿਰੀ ਬੇਘਰੇ ਮਜ਼ਦੂਰਾਂ, ਜਿਨ੍ਹਾਂ ਦੀ ਗਿਣਤੀ ਲੱਗਭੱਗ 150 ਤੋਂ ਉਪਰ ਹੈ, ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਪਲਾਟਾਂ ਵਾਲੀ ਜਗ੍ਹਾ ਉਤੇ ਹੀ 20 ਮਾਰਚ ਨੂੰ ਵਿਸ਼ਾਲ ਰੈਲੀ ਕੀਤੀ, ਜਿਸ ਵਿਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਤੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਸਪਨਾ ਟੇਲਰ, ਚੰਦ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੇਂਡੂ ਤੇ ਸ਼ਹਿਰੀ ਬੇਘਰੇ ਤੇ ਲੋੜਵੰਦ ਮਜ਼ਦੂਰਾਂ ਨੂੰ 5-5 ਮਰਲੇ ਦੇ ਰਹਾਇਸ਼ੀ ਪਲਾਟ ਦਿੱਤੇ ਜਾਣ, ਕਬਜ਼ਾਕਾਰ ਮਜ਼ਦੂਰਾਂ ਨੂੰ ਮਾਲਕੀ ਹੱਕ ਫੌਰੀ ਦਿੱਤੇ ਜਾਣ, ਮਕਾਨ ਬਣਾਉਣ ਲਈ ਢੁੱਕਵੀਆਂ ਗਰਾਂਟਾਂ ਫੌਰੀ ਜਾਰੀ ਕੀਤੀਆਂ ਜਾਣ। 
ਇਸ ਸਮੇਂ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਚੰਦ ਸਿੰਘ, ਭਿੰਦਰ ਸਿੰਘ ਸਪਨਾ ਟੇਲਰ, ਸੰਤੋਖ ਸਿੰਘ, ਬਾਲ ਕ੍ਰਿਸ਼ਨ, ਸੁਖਦੇਵ ਕੌਰ, ਸ਼ਾਂਤੀ, ਗੁਰਬਾਜ ਸਿੰਘ ਚੁਣੇ ਗਏ। ਉਪਰੋਕਤ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ।


ਨਰੇਗਾ ਮਜ਼ਦੂਰਾਂ ਵਲੋਂ ਡੀਸੀ ਦਫਤਰ ਅੱਗੇ ਧਰਨਾ

ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਭੋਲਾ ਸਿੰਘ ਕਲਾਲ ਮਾਜਰਾ, ਸਕੱਤਰ ਜਰਨੈਲ ਸੰਘ ਸਹਿਜੜਾ ਤੇ ਮੁੱਖ ਸਲਾਹਕਾਰ ਭਾਨ ਸਿੰਘ ਸੰਘੇੜਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਮਜ਼ਦੂਰ ਮਰਦ, ਔਰਤਾਂ ਨੇ ਕੀਤੇ ਨਰੇਗਾ ਕੰਮਾਂ ਦੀ ਬਕਾਇਆ ਮਜ਼ਦੂਰੀ ਤੇ ਹੋਰ ਮੰਗਾਂ ਦੀ ਪੂਰਤੀ ਲਈ ਡੀਸੀ ਦਫਤਰ ਬਰਨਾਲਾ ਅੱਗੇ ਧਰਨਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲਮਾਜਰਾ ਨੇ ਪੰਜਾਬ ਸਰਕਾਰ ਦੀ ਮਜ਼ਦੂਰਾਂ ਪ੍ਰਤੀ ਮਾੜੀ ਕਾਰਗੁਜਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ 8-9 ਮਹੀਨੇ ਪਹਿਲਾਂ ਜ਼ਿਲ੍ਹੇ ਅੰਦਰ ਮਨਰੇਗਾ ਮਜ਼ਦੂਰਾਂ ਪਾਸੋਂ ਵਣ ਵਿਭਾਗ ਵਿਚ ਪੌਧੇ ਲਗਾਉਣ, ਪੰਚਾਇਤ ਦੁਆਰਾ ਸੜਕਾਂ ਤੇ ਰਸਤਿਆਂ 'ਤੇ ਮਿੱਟੀ ਪਾਉਣ ਅਤੇ ਨਹਿਰੀ ਵਿਭਾਗ ਵੱਲੋਂ ਰਜਵਾਹਿਆਂ ਦੀ ਸਫਾਈ ਦਾ ਕੰਮ ਕਰਵਾਇਆ ਗਿਆ ਸੀ ਅਤੇ ਕਈ ਥਾਈਂ ਅਜੇ ਵੀ ਕਰਵਾਇਆ ਜਾ ਰਿਹਾ ਹੈ। ਪ੍ਰੰਤੂ ਅਜੇ ਤੱਕ ਕੀਤੇ ਕੰਮ ਦੀ ਉਜਰਤ ਦਾ ਧੇਲਾ ਵੀ ਮਜ਼ਦੂਰਾਂ ਨੂੰ ਨਹੀਂ ਦਿੱਤਾ ਗਿਆ। ਗੁਰਦੇਵ ਸਿੰਘ ਸਹਿਜੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕੌਮੀ ਨੈਸ਼ਨਲ ਫੂਡ ਸਕਿਊਰਟੀ ਐਕਟ ਦਾ ਸਿਆਸੀ ਲਾਹਾ ਲੈਣ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਕ ਰੁਪਏ ਪ੍ਰਤੀ ਕਿਲੋ ਕਣਕ ਤੇ 20 ਰੁਪਏ ਪ੍ਰਤੀ ਕਿਲੋ ਦਾਲ ਦੇਣ ਦਾ ਜੋ ਐਲਾਨ ਕੀਤਾ ਸੀ। ਉਹ ਤਾਂ ਕੀ ਦੇਣਾ ਸੀ ਸਗੋਂ ਰਾਸ਼ਨ ਡਿਪੂਆਂ ਰਾਹੀਂ ਪਹਿਲਾਂ ਮਿਲਦੇ ਰਾਸ਼ਨ ਨੂੰ ਵੀ ਬੰਦ ਕਰਕੇ ਮਜਦੂਰ ਪਰਵਾਰਾਂ ਨੂੰ ਭੁੱਖੇ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵੋਟਾਂ ਮੰਗਣ ਸਮੇਂ ਪਿੰਡਾਂ ਵਿਚ ਬਾਦਲ ਸਰਕਾਰ ਦੇ ਆਗੂਆਂ ਨੂੰ ਘੇਰਨ ਦਾ ਵੀ ਸੱਦਾ ਦਿੱਤਾ। ਆਗੂਆਂ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਸਮੇਂ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣ, ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨਾਂ ਵਿਚ ਵਾਧੇ ਦੇ ਵਾਅਦੇ ਤੋਂ ਭੱਜਣ ਦਾ ਦੋਸ਼ ਲਾਉਂਦਿਆਂ ਇਸ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ। 
ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਜੁਗਿੰਦਰ ਸਿੰਘ, ਗੁਰਪ੍ਰੀਤ ਸਿੰਘ ਰੁੜੇਕੇ ਸ਼ਾਮਲ ਸਨ। ਜਦੋਂਕਿ ਦਰਸ਼ਨ ਸਿੰਘ ਬਹਮਣੀਆਂ, ਰੂਪ ਸਿੰਘ, ਬਘੇਲ ਸਿੰਘ, ਜੁਗਿੰਦਰ ਸਿੰਘ ਸਹਿਜੜਾ, ਗੁਰਮੇਲ ਸਿੰਘ, ਜੇਠੂ ਸਿੰਘ ਤੇ ਮਿੱਠੂ ਸਿੰਘ ਸਹੋਰ ਆਦਿ ਵੀ ਹਾਜ਼ਰ ਸਨ। 


ਆਬਾਦਕਾਰਾਂ ਦੇ ਟਨਾਣਾਂ-ਘੋਗਾ ਵਿਖੇ ਚਲ ਰਹੇ ਪੱਕੇ ਧਰਨੇ ਦੇ 406ਵੇਂ ਦਿਨ ਰੈਲੀ

ਭਾਰਤ ਪਾਕ ਸੀਮਾਂ ਉਪਰ ਤੇ ਦਰਿਆ ਰਾਵੀ ਦੇ ਕੰਢੇ ਦੇ ਨਜ਼ਦੀਕ ਵੱਸਦੇ ਤੇ ਚਿਰਾਗ ਤਕਰੀਬਨ 44 ਪਿੰਡਾਂ ਦੇ ਗਰੀਬ ਆਬਾਦਕਾਰਾਂ ਨੇ ਬੇਅਬਾਦ ਨਿਕਾਸੀ ਜ਼ਮੀਨਾਂ ਨੂੰ ਆਪਣੀ ਲਹੂ ਪਸੀਨੇ ਦੀ ਮਿਹਨਤ ਤੇ ਕਮਾਈ ਲਾ ਕੇ ਆਬਾਦ ਕੀਤਾ ਅਤੇ ਉਹ ਅਜਿਹੀਆਂ ਜ਼ਮੀਨਾਂ ਤੇ ਪੀੜ੍ਹੀ ਦਰ ਪੀੜ੍ਹੀ ਲਗਭਗ 1947 ਤੋਂ ਕਾਸ਼ਤ ਕਰ ਰਹੇ ਹਨ। ਅਜਿਹੀਆਂ ਵਾਹੀਯੋਗ ਬਣੀਆਂ ਨਿਕਾਸੀ ਜ਼ਮੀਨਾਂ ਨੂੰ ਸਮੇਂ ਸਮੇਂ 'ਤੇ ਸਰਕਾਰਾਂ ਵਲੋਂ ਕਦੀ ਜੰਗਲਾਤ ਜਾਂ ਹੋਰ ਨਾਵਾਂ ਹੇਠ ਹਥਿਆਉਣ ਦੇ ਹੱਥਕੰਡੇ ਲਗਾਤਾਰ ਅਪਨਾਏ ਜਾ ਰਹੇ ਹਨ, ਜਿਸ ਦੇ ਸਤਾਏ ਹੋਏ ਪੀੜਤ ਆਬਾਦਕਾਰਾਂ ਨੇ ਟਨਾਣਾਂ ਘੋਗਾ ਵਿਖੇ 2 ਜੁਲਾਈ 2012 ਦਾ ਪੱਕਾ ਧਰਨਾ (ਮੋਰਚਾ) ਲਾਇਆ ਹੋਇਆ ਹੈ। 27 ਫਰਵਰੀ ਨੂੰ ਇਸ ਲਗਾਤਾਰ ਧਰਨੇ ਦੇ 406ਵੇਂ ਦਿਨ ਤੇ ਮਹਾਂ ਸ਼ਿਵਰਾਤਰੀ ਦੇ ਦਿਨ ਜਨਤਕ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਜਨਵਾਦੀ ਇਸਤਰੀ ਸਭਾ ਤੇ ਮੰਡ ਬੇਟ ਏਰੀਆ ਆਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਰੈਲੀ ਕੀਤੀ ਅਤੇ ਕੇਂਦਰ ਤੇ ਪੰਜਾਬ ਸਰਕਾਰਾਂ ਦੀ ਆਬਾਦਕਾਰ ਵਿਰੋਧੀ ਅਪਣਾਈ ਜਾ ਰਹੀ ਨੀਤੀ ਵਿਰੁੱਧ ਜੰਮ ਕੇ ਨਾਹਰੇਬਾਜੀ ਕੀਤੀ  ''ਬੱਚਾ-ਬੱਚਾ ਝੋਕ ਦਿਆਂਗੇ ਜ਼ਮੀਨਾਂ ਦਾ ਉਜਾੜਾ ਰੋਕ ਦਿਆਂਗੇ''।
ਆਬਾਦਕਾਰਾਂ ਦੀ ਰੈਲੀ ਨੂੰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਸ਼ੀਤਲ ਸਿੰਘ ਤਲਵੰਡੀ, ਪਰੇਮ ਸਿੰਘ ਟਨਾਣਾ, ਬੀਬੀ ਰਾਜ ਕੌਰ ਟਨਾਵਾਂ, ਪ੍ਰੀਤਮ ਸਿੰਘ, ਬਲਵੰਤ ਸਿੰਘ, ਸਾਬਕਾ ਸਰਪੰਚ ਬਿਸ਼ਨ ਸਿੰਘ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਬਾਦਕਾਰਾਂ ਦੇ ਦੇਸ਼ ਦੇ ਅੰਨ ਭੰਡਾਰ 'ਚ ਪਾਏ ਯੋਗਦਾਨ ਤੇ ਉਹਨਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਅਬਾਦਕਾਰਾਂ ਦੇ ਹੱਕਾਂ ਦੀ ਰਾਖੀ ਅਤੇ ਸਰਕਾਰਾਂ ਵਲੋਂ ਇਹਨਾਂ ਨੂੰ ਸਮੇਂ ਸਮੇਂ 'ਤੇ ਦਿੱਤੇ ਭਰੋਸੇ ਦੇ ਮੱਦੇਨਜ਼ਰ ਇਹਨਾਂ ਦੀਆਂ ਜ਼ਮੀਨਾਂ ਆਬਾਦਕਾਰਾਂ ਦੇ ਨਾਮ ਪੱਕੀਆਂ ਕੀਤੀਆਂ ਜਾਣ, ਇਹਨਾਂ ਦਾ ਉਜਾੜਾ ਰੋਕਿਆ ਜਾਵੇ ਅਤੇ ਇਹਨਾਂ ਵਿਰੁੱਧ ਸਮੇਂ ਸਮੇਂ 'ਤੇ ਬਣਾਏ ਪੁਲਸ ਤੇ ਅਦਾਲਤੀ ਕੇਸ ਵਾਪਸ ਲਏ ਜਾਣ ਜੇਕਰ ਅਜਿਹਾ ਨਾ ਕੀਤਾ ਤਾਂ ਪੰਜਾਬ ਭਰ 'ਚ ਆਬਾਦਕਾਰਾਂ ਦਾ ਚਲ ਰਿਹਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। 


ਜਮਹੂਰੀ ਕਿਸਾਨ ਸਭਾ ਨੇ ਪੁਤਲਾ ਫੂਕ ਕੇ ਥਾਣੇ ਅੱਗੇ ਕੀਤਾ ਰੋਸ ਪ੍ਰਦਰਸ਼ਨ

ਕਸਬਾ ਭਿੰਡੀ ਸੈਦਾਂ ਦੇ ਮੁੱਖ ਬਜ਼ਾਰ ਵਿਚ ਪੰਜਾਬ ਸਰਕਾਰ ਦੀਆਂ ਗਰੀਬ ਕਿਸਾਨਾਂ, ਮਜ਼ਦੂਰਾਂ ਦੀਆਂ ਗਲ-ਘੁੱਟਵੀਆਂ ਨੀਤੀਆਂ ਅਤੇ ਪੰਜਾਬ ਪੁਲਿਸ ਦੀਆਂ ਇੱਕ ਤਰਫਾ ਸੱਤਾਧਾਰੀਆਂ ਦੇ ਇਸ਼ਾਰੇ 'ਤੇ ਨਜਾਇਜ਼ ਧੜਾਧੜ ਕੀਤੇ ਜਾ ਰਹੇ ਪਰਚਿਆਂ ਖਿਲਾਫ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਅਜਨਾਲਾ ਦੇ ਕਾਰਕੁੰਨਾਂ ਵੱਲੋਂ ਸਥਾਨਕ ਆਗੂ  ਸ਼ੀਤਲ ਸਿੰਘ ਤਲਵੰਡੀ, ਕਾਬਲ ਸਿੰਘ ਸ਼ਾਹਲੀਵਾਲ ਅਤੇ ਜਸਬੀਰ ਸਿੰਘ ਜਸਰਾਊਰ ਦੀ ਅਗਵਾਈ ਹੇਠ 22 ਮਾਰਚ ਨੂੰ ਵਿਸ਼ਾਲ ਮਾਰਚ ਉਪਰੰਤ ਮੇਨ ਚੌਂਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਤੋਂ ਬਾਅਦ ਹੀ ਕੁੱਝ ਗਰੀਬ ਵਿਅਕਤੀਆਂ ਲੱਭਾ ਸਿੰਘ ਪੁੱਤਰ ਫਕੀਰ ਸਿੰਘ ਆਦਿ ਖਿਲਾਫ ਇੱਕ ਔਰਤ ਵੱਲੋਂ ਪਿੰਡ ਦੇ ਹੀ ਇੱਕ ਅਕਾਲੀ ਵਰਕਰ ਦੀ ਸ਼ਹਿ 'ਤੇ ਪੁਲਸ ਨੇ ਜੋ ਨਜਾਇਜ਼ ਪਰਚਾ ਕੀਤਾ ਸੀ, ਜਿਸ ਦੇ ਖਿਲਾਫ ਥਾਣੇ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਡੀ. ਐਸ. ਪੀ. ਜਗਤਪ੍ਰੀਤ ਸਿੰਘ ਰਾਜਾਸਾਂਸੀ ਵੱਲੋਂ ਫੋਨ 'ਤੇ ਇਸ ਕੇਸ ਬਾਰੇ ਮੁੜ ਜਾਂਚ ਕਰਨ ਦਾ ਭਰੋਸਾ ਦੇਣ 'ਤੇ ਧਰਨਾ ਚੁੱਕ ਦਿੱਤਾ ਗਿਆ। ਇਸ ਮੌਕੇ ਗੁਰਨਾਮ ਸਿੰਘ ਉਮਰਪੁਰਾ, ਹਰਜਿੰਦਰ ਸਿੰਘ ਸੋਹਲ, ਅਮਰਜੀਤ ਸਿੰਘ, ਕੁਲਦੀਪ ਸਿੰਘ ਮੋਹਲੇਕੇ, ਜਗੀਰ ਸਿੰਘ ਭਿੰਡੀਆਂ, ਸੁਰਜੀਤ ਸਿੰਘ, ਕਰਨੈਲ ਸਿੰਘ ਗਿੱਲ, ਸੁਖਦੇਵ ਸਿੰਘ ਬਹੀਕ, ਗੁਰਚਰਨ ਸਿੰਘ, ਅਜਾਇਬ ਸਿੰਘ, ਬਲਕਾਰ ਸਿੰਘ ਮੰਡ, ਬਲਕਾਰ ਸਿੰਘ ਨੰਬਰਦਾਰ, ਬਾਪੂ ਸ਼ਿਗਾਰਾ ਸਿੰਘ, ਜਾਗੀਰ ਸਿੰਘ ਲੀਡਰ ਸਾਰੰਗਦੇਵ ਅਤੇ ਹੋਰ ਆਗੂ ਹਾਜ਼ਰ ਸਨ।

No comments:

Post a Comment