Sunday 6 April 2014

ਭਰਿਸ਼ਟ ਕਾਂਗਰਸ ਅਤੇ ਭਰਿਸ਼ਟ ਤੇ ਫਿਰਕਾਪ੍ਰਸਤ ਭਾਜਪਾ ਦੋਹਾਂ ਨੂੰ ਹੀ ਹਰਾਉਣਾ ਜ਼ਰੂਰੀ ਹੈ

ਮੰਗਤ ਰਾਮ ਪਾਸਲਾ

ਜਿਉਂ ਜਿਉਂ ਲੋਕ ਸਭਾ ਚੋਣਾਂ ਦਾ ਮੈਦਾਨ ਭਖਣਾ ਤੇਜ਼ ਹੋਇਆ ਹੈ, ਭਾਜਪਾ ਵਲੋਂ ਪ੍ਰਧਾਨ ਮੰਤਰੀ ਦੇ ਪਦ ਵਾਸਤੇ ਐਲਾਨੇ ਉਮੀਦਵਾਰ ਨਰਿੰਦਰ ਮੋਦੀ ਦਾ ਅੰਦਰਲਾ ਸੱਚ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ, ਜਿਸਨੂੰ ਉਹ ਤੇ ਉਸਦੀ ਪਾਰਟੀ, ਭਾਜਪਾ, ਲੋਕਾਂ ਤੋਂ ਛੁਪਾਉਣਾ ਚਾਹੁੰਦੀ ਹੈ। ਕਾਰਪੋਰੇਟ ਘਰਾਣਿਆਂ ਦੀਆਂ ਹਦਾਇਤਾਂ ਅਨੁਸਾਰ ਚੱਲਣ ਵਾਲਾ ਮੀਡੀਆ, ਖਾਸਕਰ ਇਲੈਕਟਰਾਨਿਕ ਮੀਡੀਆ, ਇਕ ਯੋਜਨਾਬੱਧ ਪ੍ਰਚਾਰ ਰਾਹੀਂ ਲੋਕਾਂ ਸਾਹਮਣੇ ਇਕ ਯੋਗ, ਸਾਹਸੀ, ਵਿਕਾਸਮੁਖੀ ਤੇ ਚੋਣਾਂ ਅੰਦਰ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦੇਣ ਦੇ ਸਮਰੱਥ ਇਕੋ ਇਕ ਉਮੀਦਵਾਰ ਵਜੋਂ ਨਰਿੰਦਰ ਮੋਦੀ ਦੇ ਨਾਮ ਨੂੰ ਉਭਾਰ ਰਿਹਾ ਹੈ। ਬਹੁਤੀ ਵਾਰ ਉਸ ਵਲੋਂ ਕੀਤੀ ਜਾਂਦੀ ਕਿਸੇ ਬੇਤਰਤੀਬੀ, ਤੱਥਾਂ ਰਹਿਤ ਤੇ ਆਪਾ ਵਿਰੋਧੀ ਤਕਰੀਰ ਨੂੰ ਵੀ ਟੀ.ਵੀ. 'ਤੇ ਨਾਲੋ ਨਾਲ ਪ੍ਰਸਾਰਤ ਕੀਤਾ ਜਾਂਦਾ ਹੈ ਜਿਸ ਵਿਚ ਉਸ ਵਲੋਂ ਉਭਾਰੇ ਗਏ ਕਿਸੇ ਵੀ ਨੁਕਤੇ ਨੂੰ ਲੰਬੀਆਂ ਬਹਿਸਾਂ ਦਾ ਮੁੱਦਾ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਜਿਸ ਨਾਲ ਅੰਤਮ ਰੂਪ ਵਿਚ ਸਮੁੱਚਾ ਪ੍ਰਭਾਵ ਭਾਜਪਾ ਦੇ ਹੱਕ ਵਿਚ ਜਾਵੇ। ਜ਼ਰਾ ਧਿਆਨ ਨਾਲ ਦੇਖਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਨਰਿੰਦਰ ਮੋਦੀ ਦੇਸ਼ ਦੇ ਬਹੁ-ਗਿਣਤੀ ਲੋਕਾਂ ਨੂੰ ਦਰਪੇਸ਼ ਕਿਸੇ ਵੀ ਬੁਨਿਆਦੀ ਸਮੱਸਿਆ ਦਾ ਜ਼ਿਕਰ ਸਿਰਫ ਮੌਜੂਦਾ ਕੇਂਦਰੀ ਸਰਕਾਰ ਨੂੰ ਕੋਸਣ ਤੱਕ ਹੀ ਸੀਮਤ ਰੱਖਕੇ ਝੱਟ ਹੀ ਅਗਾਂਹ ਕਿਸੇ ਦੂਸਰੇ ਵਿਸ਼ੇ ਉਪਰ ਟਪੂਸੀ ਮਾਰ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਕਿਸੇ ਯੋਗ ਹੱਲ ਲਈ ਅਜੇ ਤੱਕ ਉਸ ਦੀ ਜ਼ੁਬਾਨ 'ਚੋਂ ਕਦੀ ਕੋਈ ਠੋਸ ਨੀਤੀਗਤ ਬਿਆਨ ਨਾਂ ਸੁਣਿਆ ਹੈ ਤੇ ਨਾਂ ਹੀ ਪੜ੍ਹਿਆ ਹੈ। ਇਸ ਵਤੀਰੇ ਪ੍ਰਤੀ ਜ਼ਿਆਦਾ ਖਬਰਦਾਰ ਰਹਿਣ ਦੀ ਜ਼ਰੂਰਤ ਇਸ ਕਰਕੇ ਹੈ ਕਿ ਮੋਦੀ ਵਲੋਂ ਜਿਸ ਤਰ੍ਹਾਂ ਦੇ 'ਹੋਣ' ਦਾ ਦਾਅਵਾ ਕੀਤਾ ਜਾ ਰਿਹਾ ਹੈ ਉਸਤੋਂ ਬਿਲਕੁਲ ਵਿਪਰੀਤ ਹੈ ਉਸ ਦੀ ਅਸਲੀਅਤ, ਜਿਸਦੇ ਬੇਤੁਕੇ ਭਾਸ਼ਨਾਂ ਵਿਚ ਨਾਂ ਸੱਚ ਹੈ ਤੇ ਨਾਂ ਹੀ ਯਥਾਰਥ।
ਉਦਾਹਰਣ ਵਜੋਂ ਨਰਿੰਦਰ ਮੋਦੀ ਵਲੋਂ ਯਤਨ ਕੀਤਾ ਜਾ ਰਿਹਾ ਹੈ ਕਿ ਲੋਕ ਭਰੋਸਾ ਕਰ ਲੈਣ ਕਿ ਉਹ ਹੁਣ ਫਿਰਕਾਪ੍ਰਸਤੀ ਦੇ ਦਾਇਰੇ ਵਿਚੋਂ ਬਾਹਰ ਨਿਕਲ ਕੇ ਸਭ ਆਸਥਾਵਾਂ ਅਤੇ ਧਰਮਾਂ ਦਾ ਸੁਮੇਲ ਬਣ ਗਿਆ ਹੈ ਤੇ ਪ੍ਰਧਾਨ ਮੰਤਰੀ ਵਜੋਂ ਉਸਦੇ ਰਾਜ ਭਾਗ ਵਿਚ ਸਭ ਘੱਟ ਗਿਣਤੀਆਂ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੀਆਂ। ਅਸਲ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੋਦੀ ਦੇ ਨਾਮ ਉਤੇ ਭਾਜਪਾ ਦੀ ਮੋਹਰ ਲਗਾਉਣ ਲਈ ਸਭ ਤੋਂ ਜ਼ਿਆਦਾ 'ਉਦਮ' ਆਰ.ਐਸ.ਐਸ. ਨੇ ਕੀਤਾ ਹੈ ਜੋ ਭਾਰਤ ਨੂੰ ਇਕ 'ਹਿੰਦੂ ਰਾਸ਼ਟਰ' ਬਣਾਉਣ ਦੇ ਨਿਸ਼ਾਨੇ ਲਈ ਵਚਨਬੱਧ ਹੈ ਜਿਸ ਵਿਚ ਦੂਸਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਜਾਂ ਤਾਂ ਹਿੰਦੂ ਧਰਮ ਗ੍ਰਹਿਣ ਕਰਨ ਲਈ ਮਜ਼ਬੂਰ ਹੋਣਗੇ ਤੇ ਜਾਂ ਦੂਸਰੇ ਦਰਜੇ ਦੇ ਸ਼ਹਿਰੀਆਂ ਵਾਂਗ ਜ਼ਿੰਦਗੀ ਬਤੀਤ ਕਰਨਗੇ। ਇਹ ਦੱਸਣ ਦੀ ਲੋੜ ਨਹੀਂ ਹੈ ਕਿ ਆਰ.ਐਸ. ਐਸ. ਦੀਆਂ ਸ਼ਾਖਾਵਾਂ ਵਿਚ ਕਿਸ ਤਰ੍ਹਾਂ 'ਰਾਸ਼ਟਰਵਾਦ' ਦੇ ਨਾਂਅ ਹੇਠਾਂ ਫਿਰਕਾਪ੍ਰਸਤੀ ਦੀ ਜ਼ਹਿਰ ਦੇ ਟੀਕੇ ਲਗਾਏ ਜਾਂਦੇ ਹਨ? ਬੀਤੇ ਦੌਰਾਨ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਹੋਏ ਫਿਰਕੂ ਹਿੰਸਕ ਦੰਗਿਆਂ ਤੋਂ ਲੈ ਕੇ ਬਾਬਰੀ ਮਸਜਿਦ ਦੇ ਢਾਹੇ ਜਾਣ ਤੱਕ ਸੰਘ ਪਰਿਵਾਰ ਦੀ ਭੂਮਿਕਾ ਹਮੇਸ਼ਾ ਸ਼ੱਕ ਦੇ ਘੇਰੇ ਵਿਚ ਰਹੀ ਹੈ। ਕੁੱਝ ਦਿਨ ਪਹਿਲਾਂ ਹੀ ਨਰਿੰਦਰ ਮੋਦੀ ਨੇ ਉਤਰ ਪੂਰਬੀ ਰਾਜਾਂ ਦੇ ਦੌਰੇ ਸਮੇਂ, ਜਿਥੇ ਸਰਹੱਦੋਂ ਪਾਰ ਬੰਗਲਾ ਦੇਸ਼ 'ਚੋਂ ਆਏ ਰੀਫਿਊਜ਼ੀਆਂ ਦੀ ਵੱਡੀ ਗਿਣਤੀ ਹੈ, ਸਿਰਫ ਹਿੰਦੂ ਰੀਫਿਊਜ਼ੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਕਾਲਤ ਕੀਤੀ ਹੈ, ਜਦਕਿ ਉਨ੍ਹਾਂ ਵਿਚ ਮੁਸਲਮਾਨ ਵੀ ਵੱਡੀ ਸੰਖਿਆ ਅੰਦਰ ਮੌਜੂਦ ਹਨ। ਇਸ ਸੋਚ ਤੋਂ ਸਪੱਸ਼ਟ ਹੈ ਕਿ 'ਹਿੰਦੂ ਰਾਸ਼ਟਰ' ਦੇ ਖਤਰਨਾਕ ਸੁਪਨੇ ਨੂੰ ਹਕੀਕਤ ਵਿਚ ਬਦਲਣ ਤੋਂ ਪਹਿਲਾਂ ਵੀ ਮੋਦੀ ਗੈਰ-ਹਿੰਦੂਆਂ ਪ੍ਰਤੀ ਫਿਰਕਾਪ੍ਰਸਤੀ ਦੀ ਕਿਸ ਹੱਦ ਤੱਕ ਜਾ ਸਕਦਾ ਹੈ? ਨਰਿੰਦਰ ਮੋਦੀ ਵਲੋਂ ਇਕ ਵਾਰ ਗੁਜਰਾਤ ਵਿਚ ਫਿਰਕੂ ਦੰਗਿਆਂ ਵਿਚ ਮਾਰੇ ਗਏ ਬੇਗੁਨਾਹ ਮੁਸਲਮਾਨਾਂ ਨੂੰ 'ਕੀੜੇ ਮਕੌੜਿਆਂ' ਨਾਲ ਤੁਲਨਾ ਦੇਣਾ ਵੀ ਇਸੇ ਸੰਕੀਰਨ ਸੋਚ ਦਾ ਪ੍ਰਗਟਾਵਾ ਹੈ। ਮੁਸਲਿਮ ਘੱਟ ਗਿਣਤੀ ਭਾਈਚਾਰੇ ਵਿਚੋਂ ਦੋ ਚਾਰ ਹੱਥਠੋਕਿਆਂ ਨੂੰ ਭਾਜਪਾ ਦੇ ਬੁਲਾਰੇ ਬਣਾਉਣ, ਜੰਮੂ ਕਸ਼ਮੀਰ ਵਿਚ ਧਾਰਾ 370 ਨੂੰ ਹਟਾਉਣ ਦੀ ਮੰਗ ਨੂੰ ਥੋੜਾ ਪਿਛਾਂਹ ਰੱਖਣ ਤਾਂ ਕਿ ਮੁਸਲਮਾਨਾਂ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਣ, 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਮਗਰਮੱਛ ਦੇ ਹੰਝੂ ਵਹਾਉਣ ਅਤੇ ਭਾਜਪਾ ਪ੍ਰਧਾਨ ਰਾਜਨਾਥ ਜੀ ਵਲੋਂ ਕਿਸੇ ਗਲਤੀ (ਭਾਵ ਗੁਜਰਾਤ ਦੰਗਿਆਂ ਵਿਚ ਨਰਿੰਦਰ ਮੋਦੀ ਦੀ ਸ਼ੱਕੀ ਭੂਮਿਕਾ) ਲਈ ਮੁਆਫੀ ਮੰਗਣ ਦੇ ਡਰਾਮੇ ਨਾਲ ਭਾਜਪਾ  ਤੇ ਨਰਿੰਦਰ ਮੋਦੀ ਆਪਣੇ ਅਸਲ ਨਿਸ਼ਾਨਿਆਂ ਤੇ ਫਿਰਕੂ ਵਿਚਾਰਧਾਰਾ ਨੂੰ ਛੁਪਾ ਨਹੀਂ ਸਕਦੇ। 
ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਪ੍ਰਤੀ ਅੰਨ੍ਹੀ ਭਗਤੀ-ਭਾਵਨਾ ਨੂੰ ਪਹਿਲਾਂ ਵੀ ਮੋਦੀ ਤੇ ਭਾਜਪਾ ਆਪਣੇ ਅਮਲਾਂ ਰਾਹੀਂ ਸਿੱਧ ਕਰ ਚੁੱਕੇ ਹਨ। ਪੱਛਮੀ ਵਿਕਸਤ ਪੂੰਜੀਵਾਦੀ ਦੇਸ਼ਾਂ ਤੇ ਅਮਰੀਕਾ ਦੀਆਂ ਨਜ਼ਰਾਂ ਵਿਚ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਵਲੋਂ ਨਿਭਾਈ ਜਾਣ ਵਾਲੀ ਅਣਦੇਖੀ ਭਵਿੱਖੀ ਭੂਮਿਕਾ ਪਹਿਲਾਂ ਹੀ ਪ੍ਰਵਾਨ ਚੜ੍ਹ ਚੁੱਕੀ ਹੈ। ਹੁਣ ਵਿਉਪਾਰੀਆਂ ਦੇ ਸੰਮੇਲਨ ਵਿਚ ਪ੍ਰਚੂਣ ਖੇਤਰ ਵਿਚ ਸਿੱਧੀ ਵਿਦੇਸ਼ੀ ਪੂੰਜੀ ਦੀ ਆਮਦ (FDI) ਦਾ ਵਿਰੋਧ ਕਰਨ ਦੀ ਥਾਂ ਵਿਉਪਾਰੀਆਂ ਨੂੰ ਵਿਦੇਸ਼ੀ ਨਿਵੇਸ਼ਕਾਂ ਦਾ ਦਲੇਰੀ ਨਾਲ ਮੁਕਾਬਲਾ ਕਰਨ ਦੀ ਸਲਾਹ ਦੇ ਕੇ ਨਰਿੰਦਰ ਮੋਦੀ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ 'ਭਾਜਪਾ' ਦਾ ਪ੍ਰਚੂਨ ਵਿਉਪਾਰ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦਾ ਵਿਰੋਧ ਸਿਰਫ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਮਾਤਰ ਹੀ ਹੈ। ਅਸਲ ਵਿਚ ਸੰਘ ਪਰਿਵਾਰ ਸਾਮਰਾਜੀ ਪੂੰਜੀ ਨਿਵੇਸ਼ ਦਾ ਮੂਲ ਰੂਪ ਵਿਚ ਹੀ ਵਿਰੋਧੀ ਨਹੀਂ ਹੈ ਤੇ ਉਹ ਸਿਰਫ ਇਸ ਕਾਰਜ ਨੂੰ ਕਾਂਗਰਸ ਦੀ ਥਾਂ ਆਪਣੇ ਹੱਥਾਂ ਰਾਹੀਂ ਸਿਰੇ ਚਾੜ੍ਹਨ ਦਾ ਇੱਛਾਵਾਨ ਹੈ। ਫੌਜੀਆਂ ਦੇ ਹਿੱਤਾਂ ਦੇ ਪਹਿਰੇਦਾਰੀ ਕਰਨ ਦਾ ਦਾਅਵਾ ਕਰਨ ਵਾਲਾ ਮੋਦੀ ਵਿਉਪਾਰੀਆਂ ਨੂੰ ਫੌਜੀਆਂ ਤੋਂ ਵੀ ਵਧੇਰੇ ਸਾਹਸੀ ਹੋਣ ਦਾ ਪ੍ਰਮਾਣ ਪੱਤਰ ਦੇ ਗਿਆ ਹੈ। ਇਸ ਪਿੱਛੇ ਵਿਦੇਸ਼ੀ ਪੂੰਜੀ ਦੇ ਬਘਿਆੜਾਂ ਸਾਹਮਣੇ ਭਾਰਤੀ ਵਿਉਪਾਰੀਆਂ ਨੂੰ 'ਲੇਲੇ' ਬਣਾ ਕੇ ਕੁਰਬਾਨ ਹੋਣ ਲਈ ਸ਼ਿਸ਼ਕਾਰਨ ਦੀ ਨੀਤੀ ਜਾਪਦੀ ਹੈ।
ਰਹੀ ਗੱਲ ਮੋਦੀ ਵਲੋਂ ਭਰਿਸ਼ਟਾਚਾਰ ਮੁਕਤ ਚੰਗਾ ਪ੍ਰਸ਼ਾਸਨ ਦੇਣ ਦੀ ਹੁੰਕਾਰ। ਭਰਿਸ਼ਟਾਚਾਰ ਬਾਰੇ ਤਾਂ ਭਾਜਪਾ ਦੀ ਅਗਵਾਈ ਹੇਠ ਚਲ ਰਹੀਆਂ ਪ੍ਰਾਂਤਕ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਹੀ ਪੈਮਾਨਾ ਮਿਥਿਆ ਜਾ ਸਕਦਾ ਹੈ, ਜਿਨ੍ਹਾਂ ਅੰਦਰ ਭਾਜਪਾ ਮੰਤਰੀ ਤੇ ਹੋਰ ਆਗੂ ਕੁਦਰਤੀ ਸਾਧਨਾਂ ਅਤੇ ਸਧਾਰਣ ਜਨਤਾ ਦੀ ਗਾੜ੍ਹੀ ਪਸੀਨੇ ਦੀ ਕਮਾਈ ਨੂੰ ਦੋਨਾਂ ਹੱਥਾਂ ਨਾਲ ਲੁੱਟੀ ਜਾ ਰਹੇ ਹਨ। ਜੇਕਰ ਲੋਕ ਰਾਇ ਦੀ ਮਜ਼ਬੂਰੀਵਸ ਕਿਸੇ ਭਰਿਸ਼ਟ ਤੱਤ ਨੂੰ ਪਹਿਲਾਂ ਭਾਜਪਾ 'ਚੋਂ ਕੱਢਿਆ ਵੀ ਗਿਆ ਹੈ, ਹੁਣ ਮੋਦੀ ਦੇ ਸਿਰ ਉਪਰ ਤਾਜ ਦੇਖਣ ਵਾਸਤੇ ਉਨ੍ਹਾਂ ਸਾਰੇ ਭਰਿਸ਼ਟ ਤੱਤਾਂ ਨੂੰ ਮੁੜ ਭਾਜਪਾ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। ਕਰਨਾਟਕਾ ਵਿਚ ਇਹ ਵਰਤਾਰਾ ਵਧੇਰੇ ਤੇਜ਼ ਹੈ। ਬਾਹੂਬਲੀਆਂ ਤੇ ਅਪਰਾਧਿਕ ਤੱਤਾਂ ਦੀ ਪਹਿਲਾਂ ਵੀ ਭਾਜਪਾ ਸਾਂਸਦਾਂ ਦੇ ਰੂਪ ਵਿਚ ਮੌਜੂਦਗੀ ਚੋਖੀ ਹੈ, ਜਿਨ੍ਹਾਂ ਉਪਰ ਕਤਲਾਂ, ਡਾਕਿਆਂ, ਫਿਰੌਤੀਆਂ ਤੇ ਬਲਾਤਕਾਰ ਕਰਨ ਦੇ ਸੰਗੀਨ ਆਰੋਪ ਤੈਅ ਹਨ। ਹੁਣ ਰਹਿੰਦੀ ਕਸਰ ਚੋਣਾਂ ਜਿੱਤਣ ਦੇ ਨਜ਼ਰੀਏ ਨਾਲ ਲੋਕ ਸਭਾ ਉਮੀਦਵਾਰਾਂ ਦੀ ਟਿਕਟਾਂ ਦੀ ਵੰਡ ਸਮੇਂ ਅਤੇ ਬਿਹਾਰ ਵਿਚ ਰਾਮ ਬਿਲਾਸ ਪਾਸਵਾਨ ਦੀ 'ਲੋਜਪਾ' ਵਰਗੇ ਦਲਾਂ ਨਾਲ ਗਠਬੰਧਨ ਬਣਾਉਣ ਸਮੇਂ ਕੱਢ ਲਈ ਜਾਵੇਗੀ। ਅਜਿਹੇ ਖਰੂਦੀ ਅਨਸਰਾਂ ਦੇ ਸਹਾਰੇ ਮੋਦੀ ਦੇ ਚੰਗੇ  ਪ੍ਰਸ਼ਾਸਨ ਦੇਣ ਦੇ ਦਾਅਵੇ ਤੇ ਭਰੋਸੇ ਪੂਰੀ ਤਰ੍ਹਾਂ ਨਕਾਰਨਯੋਗ ਹਨ। ਭਾਜਪਾ ਦੇ ਕੁਸ਼ਾਸਨ ਦੀ ਤਸਵੀਰ ਮੋਦੀ ਦੇ ਗੁਜਰਾਤ ਤੇ ਅਕਾਲੀ ਦਲ-ਭਾਜਪਾ ਦੀ ਪੰਜਾਬ ਵਿਚਲੀ ਸਾਂਝੀ ਸਰਕਾਰ ਦੇ ਅਮਲਾਂ ਤੇ ਨੀਤੀਆਂ ਵਿਚੋਂ ਸਾਫ ਦਿਖਾਈ ਦੇ ਰਹੀ ਹੈ। ਨਵਉਦਾਰਵਾਦੀ ਨੀਤੀਆਂ ਦੀ ਹਮਾਇਤੀ ਅਤੇ ਫਿਰਕਾਪ੍ਰਸਤੀ ਦੀ ਗੰਗੋਤਰੀ, ਭਾਜਪਾ ਤੋਂ ਭਰਿਸ਼ਟਾਚਾਰ ਮੁਕਤ ਚੰਗੇ ਜਮਹੂਰੀ ਸ਼ਾਸਨ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?
ਇਸ ਲਈ ਦੇਸ਼ ਦੇ ਭਲੇ ਲਈ ਜਿੱਥੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਤੋਂ ਛੁਟਕਾਰਾ ਜ਼ਰੂਰੀ ਹੈ ਉਥੇ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣਨ ਵਾਲੀ ਕਿਸੇ ਕੇਂਦਰੀ ਸਰਕਾਰ ਦਾ ਗਠਨ ਵੀ ਓਨਾ ਹੀ ਵਿਨਾਸ਼ਕਾਰੀ ਤੇ ਆਤਮਘਾਤੀ ਹੋਵੇਗਾ, ਜਿਸਤੋਂ ਹਰ ਕੀਮਤ 'ਤੇ ਬਚਿਆ ਜਾਣਾ ਚਾਹੀਦਾ ਹੈ। ਭਾਜਪਾ ਵਰਗੀ ਫਿਰਕੂ ਤੇ ਨਵਉਦਾਰਵਾਦੀ ਨੀਤੀਆਂ ਦੀ ਅਲੰਬਰਦਾਰ ਰਾਜਨੀਤਕ ਪਾਰਟੀ ਦੇ ਨੇਤਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੰਭਾਵੀ ਕੇਂਦਰੀ ਸਰਕਾਰ ਦੀ ਕਾਇਮੀ ਨਾਲ ਦੇਸ਼ ਦਾ ਧਰਮ ਨਿਰਪੱਖ ਤਾਣਾ ਬਾਣਾ, ਜਮਹੂਰੀਅਤ ਅਤੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ ਬੀਤੇ ਸਮੇਂ ਦੀਆਂ ਕਹਾਣੀਆਂ ਬਣ ਜਾਣਗੇ। ਮੋਦੀ ਵਰਗੇ ਨੇਤਾ ਨੂੰ ਸੱਤਾ ਦੀ ਵਾਗਡੋਰ ਸੰਭਾਲ ਕੇ ਦੇਸ਼ ਨੂੰ ਨੀਤੀ ਦੇ ਪੱਖ ਤੋਂ ਹੋਰ ਸੱਜੀ ਦਿਸ਼ਾ ਵੱਲ ਮੋੜਨ ਦੀ ਹਰ ਕੋਸ਼ਿਸ਼ ਨੂੰ ਪੂਰੀ ਸ਼ਕਤੀ ਨਾਲ ਅਸਫਲ ਕਰਨ ਦੀ ਜ਼ਰੂਰਤ ਹੈ। 

No comments:

Post a Comment