Saturday 5 April 2014

16ਵੀਆਂ ਲੋਕ ਸਭਾ ਚੋਣਾਂ ਲਈ ਸੀ.ਪੀ.ਐਮ. ਪੰਜਾਬ ਦੇ ਉਮੀਦਵਾਰਾਂ ਨਾਲ ਜਾਣ-ਪਛਾਣ

ਖਡੂਰ ਸਾਹਿਬ ਤੋਂ ਸਾਥੀ ਗੁਰਨਾਮ ਸਿੰਘ ਦਾਊਦ 

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੀ.ਪੀ.ਐਮ. ਪੰਜਾਬ ਦੇ ਉਮੀਦਵਾਰ ਸਾਥੀ ਗੁਰਨਾਮ ਸਿੰਘ ਦਾਊਦ ਲੋਕ ਸੰਘਰਸ਼ਾਂ ਦੇ ਘੁਲਾਟੀਏ ਹਨ। ਉਨ੍ਹਾਂ ਦਾ ਜਨਮ ਸੰਨ 1954 ਵਿਚ ਇਕ ਬੇਜ਼ਮੀਨੇ ਪਰਿਵਾਰ ਵਿਚ ਅਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਦਾਊਦ ਵਿਖੇ ਹੋਇਆ। ਉਨ੍ਹਾਂ 1980 ਵਿਚ ਨੌਜਵਾਨ ਆਗੂ ਸ਼ਹੀਦ ਸਾਥੀ ਗੁਰਨਾਮ ਸਿੰਘ ਉਪਲ ਦੀ ਪ੍ਰੇਰਨਾ ਸਦਕਾ ਕਮਿਊਨਿਸਟ ਅੰਦੋਲਨ ਵਿਚ ਇਕ ਨੌਜਵਾਨ ਕਾਰਕੁੰਨ ਵਜੋਂ ਪੈਰ ਰੱਖਿਆ। ਉਹ ਛੇਤੀ ਹੀ ਖੇਤ ਮਜ਼ਦੂਰ ਅੰਦੋਲਨ ਵਿਚ ਸਰਗਰਮ ਹੋ ਗਏ ਅਤੇ 1996 ਵਿਚ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਪੰਜਾਬ ਇਕਾਈ ਦੇ ਸਕੱਤਰ ਚੁਣੇ ਗਏ। ਸੀ.ਪੀ.ਐਮ. ਪੰਜਾਬ ਦੇ ਗਠਨ ਸਮੇਂ 2001 ਵਿਚ ਉਹ ਸੂਬਾ ਕਮੇਟੀ ਮੈਂਬਰ ਬਣੇ। ਅੰਮ੍ਰਿਤਸਰ ਵਿਚ 2006 ਵਿਖੇ ਹੋਈ ਪਾਰਟੀ ਕਾਨਫਰੰਸ ਸਮੇਂ ਉਹ ਸੂਬਾ ਸਕੱਤਰੇਤ ਮੈਂਬਰ ਚੁਣ ਲਏ ਗਏ। 2001 'ਚ ਜਦੋਂ ਦਿਹਾਤੀ ਮਜਦੂਰ ਸਭਾ ਦਾ ਗਠਨ ਕੀਤਾ ਗਿਆ ਤਾਂ ਸਾਥੀ ਦਾਊਦ ਨੂੰ ਉਸਦਾ ਸੰਸਥਾਪਕ ਜਨਰਲ ਸਕੱਤਰ ਬਣਨ ਦਾ ਮਾਣ ਹਾਸਲ ਹੋਇਆ। ਉਹ ਇਹ ਜ਼ਿੰਮੇਵਾਰੀ ਲਗਾਤਾਰ ਨਿਭਾਉਂਦੇ ਆ ਰਹੇ ਹਨ। 
ਪਾਰਟੀ ਵਲੋਂ ਲੜੇ ਗਏ ਸੰਘਰਸ਼ਾਂ ਦੌਰਾਨ ਉਨ੍ਹਾਂ ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ। 17 ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਚਲਾਏ ਗਏ ਸਾਂਝੇ ਸੰਘਰਸ਼ ਸਮੇਂ ਉਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਇਕ ਆਗੂ ਵਜੋਂ ਭੂਮਿਕਾ ਨਿਭਾਈ। ਪੰਜਾਬ 
ਵਿਚ 1982 ਵਿਚ ਝੁੱਲੀ ਅੱਤਵਾਦ-ਵੱਖਵਾਦ ਦੀ ਹਨੇਰੀ ਵਿਰੁੱਧ ਉਨ੍ਹਾਂ ਪਾਰਟੀ ਦੀ ਅਗਵਾਈ ਵਿਚ ਬਹੁਤ ਹੀ ਬਹਾਦਰੀ ਨਾਲ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। 
ਸਾਥੀ ਗੁਰਨਾਮ ਸਿੰਘ ਦਾਊਦ ਅੱਜਕਲ ਪੇਂਡੂ ਮਜ਼ਦੂਰਾਂ ਦੀ ਸਿਰਮੌਰ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਹੋਣ ਦੇ ਨਾਲ ਨਾਲ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਵਜੋਂ ਵੀ ਆਪਣੀਆਂ ਜਿੰਮੇਵਾਰੀਆਂ ਨਿਭਾਅ ਰਹੇ ਹਨ। 


ਅੰਮ੍ਰਿਤਸਰ ਤੋਂ ਸਾਥੀ ਰਤਨ ਸਿੰਘ ਰੰਧਾਵਾ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੀ.ਪੀ.ਐਮ.ਪੰਜਾਬ ਦੇ ਉਮੀਦਵਾਰ ਸਾਥੀ ਰਤਨ ਸਿੰਘ ਰੰਧਾਵਾ ਦਾ ਜਨਮ ਤਰਨਤਾਰਨ  ਜ਼ਿਲ੍ਹੇ ਦੇ ਪਿੰਡ ਦੇਓ ਵਿਖੇ ਇਕ ਗਰੀਬ ਕਿਸਾਨ ਪਰਿਵਾਰ ਵਿਚ ਹੋਇਆ। 1972 ਵਿਚ ਉਹ ਕਮਿਊਨਿਸਟ ਅੰਦੋਲਨ ਵਿਚ ਇਕ ਨੌਜਵਾਨ ਕਾਰਕੁੰਨ ਵਜੋਂ ਸ਼ਾਮਲ ਹੋਏ। ਉਹ ਛੇਤੀ ਹੀ ਵਿਦਿਆਰਥੀ ਅੰਦੋਲਨ ਵਿਚ ਸਰਗਰਮ ਹੋ ਗਏ ਅਤੇ ਸ਼ਹੀਦ ਸਾਥੀ ਦੀਪਕ ਧਵਨ ਦੀ ਅਗਵਾਈ ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਜਥੇਬੰਦੀ ਖੜ੍ਹੀ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਉਹ 1980-81 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਵਿਦਿਆਰਥੀਆਂ ਨੇ ਸੰਘਰਸ਼ ਕਰਕੇ ਅਕਾਦਮਿਕ ਪਰਫਾਰਮੈਂਸ ਨੂੰ ਸੁਧਾਰਨ ਦੀ ਬਹੁਤ ਹੀ ਮਹੱਤਵਪੂਰਨ ਮੰਗ ਪ੍ਰਵਾਨ ਕਰਵਾਈ। ਉਹ ਸਮਾਜ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿਚ ਐਮ.ਏ. ਅਤੇ ਐਲ.ਐਲ.ਬੀ. ਹਨ। 
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਥੀ ਰੰਧਾਵਾ ਕਿਸਾਨ ਅੰਦੋਲਨ, ਵਿਸ਼ੇਸ਼ ਰੂਪ ਵਿਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ ਦੇ ਕਿਸਾਨਾਂ ਵਿਚ ਸਰਗਰਮ ਹੋ ਗਏ। ਉਹ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਹਨ। 
ਸਾਥੀ ਰੰਧਾਵਾ 1990 ਵਿਚ ਬਠਿੰਡਾ ਵਿਖੇ ਹੋਈ ਸੀ.ਪੀ.ਆਈ.(ਐਮ) ਦੀ ਸੂਬਾਈ ਕਾਨਫਰੰਸ ਸਮੇਂ ਸੂਬਾ ਕਮੇਟੀ ਮੈਂਬਰ ਚੁਣੇ ਗਏ ਸਨ ਅਤੇ 1998 ਵਿਚ ਉਹ ਅੰਮ੍ਰਿਤਸਰ ਜ਼ਿਲ੍ਹਾ ਕਮੇਟੀ ਦੇ ਸਕੱਤਰ ਬਣੇ। 2001 ਵਿਚ ਸੀ.ਪੀ.ਐਮ.ਪੰਜਾਬ ਦੇ ਗਠਨ ਸਮੇਂ ਉਹ ਸੂਬਾ ਸਕੱਤਰੇਤ ਦੇ ਮੈਂਬਰ ਚੁਣੇ ਗਏ।
ਪੰਜਾਬ ਵਿਚ 1980ਵਿਆਂ ਵਿਚ ਚੱਲੀ ਅੱਤਵਾਦ-ਵੱਖਵਾਦ ਦੀ ਹਨੇਰੀ ਸਮੇਂ ਉਨ੍ਹਾਂ ਪਾਰਟੀ ਦੀ ਅਗਵਾਈ ਵਿਚ ਦੇਸ਼ ਦੀ ਏਕਤਾ ਅਖੰਡਤਾ ਲਈ ਚੱਲੇ ਸੰਘਰਸ਼ ਵਿਚ ਸ਼ਾਨਦਾਰ ਭੂਮਿਕਾ ਨਿਭਾਈ। ਪਾਰਟੀ ਵਲੋਂ ਚਲਾਏ ਗਏ ਵੱਖ ਵੱਖ ਸੰਘਰਸ਼ਾਂ ਦੌਰਾਨ ਉਨ੍ਹਾਂ ਨੂੰ 7 ਵਾਰ ਜੇਲ੍ਹ ਵੀ ਜਾਣਾ ਪਿਆ।
ਅੱਜਕੱਲ੍ਹ ਸਾਥੀ ਰਤਨ ਸਿੰਘ ਰੰਧਾਵਾ ਜਮਹੂਰੀ ਕਿਸਾਨ ਸਭਾ ਦੇ ਉਪ ਪ੍ਰਧਾਨ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਹੋਏ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਕਿਸਾਨਾਂ ਦੇ ਸੰਘਰਸ਼ ਦੀ ਅਗਵਾਈ ਕਰ ਰਹੇ ਹਨ। ਇਸਦੇ ਨਾਲ ਨਾਲ ਸੀ.ਪੀ.ਐਮ.ਪੰਜਾਬ ਦੀ ਅੰਮ੍ਰਿਤਸਰ ਜ਼ਿਲ੍ਹਾ ਕਮੇਟੀ ਦੇ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਵਜੋਂ ਵੀ ਆਪਣੀ ਭੂਮਿਕਾ ਨਿਭਾਅ ਰਹੇ ਹਨ। 


ਜਲੰਧਰ ਤੋਂ ਸਾਥੀ ਦਰਸ਼ਨ ਨਾਹਰ

ਲੋਕ ਸਭਾ ਹਲਕਾ ਜਲੰਧਰ ਤੋਂ ਸੀ.ਪੀ.ਐਮ. ਪੰਜਾਬ ਵਲੋਂ ਚੋਣ ਲੜ ਰਹੇ ਖੱਬੀਆਂ ਪਾਰਟੀਆਂ ਦੇ ਉਮੀਦਵਾਰ ਸਾਥੀ ਦਰਸ਼ਨ ਨਾਹਰ ਸੰਘਰਸ਼ਾਂ ਦੇ ਜਾਏ ਹਨ। ਨਕੋਦਰ ਦੇ ਨਾਲ ਲੱਗਦੇ ਪਿੰਡ ਮਾਹੂੰਵਾਲ 'ਚ 1964 ਨੂੰ ਇਕ ਮਜ਼ਦੂਰ ਪਰਵਾਰ 'ਚ ਪੈਦਾ ਹੋਏ ਸਾਥੀ ਦਰਸ਼ਨ ਨਾਹਰ ਤੀਸਰੀ ਜਮਾਤ 'ਚ ਹੀ ਪੜ੍ਹਦੇ ਸੀ ਕਿ ਬਾਪ ਦੀ ਮੌਤ ਹੋ ਗਈ। ਨਿੱਕੀ ਉਮਰੇ ਮਾਂ ਨਾਲ ਜਿੰਮੀਦਾਰਾਂ ਦੇ ਘਰਾਂ 'ਚ ਜਾ ਕੇ ਕੰਮ ਵੀ ਕਰਵਾਉਣਾ ਤੇ ਪੜ੍ਹਨਾ ਵੀ। ਘਰ ਦੀ ਮਾਲੀ ਹਾਲਤ ਕਾਰਨ ਉਹ ਅੱਠਵੀਂ ਜਮਾਤ ਤੱਕ ਹੀ ਪੜ੍ਹ ਸਕੇ। 1978 'ਚ ਜਲੰਧਰ ਵਿਖੇ ਹੋਈ ਸੀ.ਪੀ.ਆਈ.(ਐਮ) ਦੀ ਦੱਸਵੀਂ ਪਾਰਟੀ ਕਾਂਗਰਸ ਦਰਸ਼ਨ ਨਾਹਰ ਦੀ ਜ਼ਿੰਦਗੀ ਨੂੰ ਫੈਸਲਾਕੁੰਨ ਮੋੜ ਦੇਣ ਵਾਲੀ ਸਾਬਤ ਹੋਈ। ਦਰਬਾਰਾ ਸਿੰਘ ਦੀ ਸਰਕਾਰ ਵੇਲੇ ਬਸ ਕਿਰਾਇਆਂ 'ਚ ਵਾਧੇ ਵਿਰੁੱਧ ਚੱਲੇ ਇਤਿਹਾਸਕ ਘੋਲ 'ਚ ਅਸੰਬਲੀ ਦੇ ਘੇਰਾਓ 'ਚ ਸਾਥੀ ਦਰਸਨ ਨਾਹਰ ਨੇ ਵੀ ਹਿੱਸਾ ਲਿਆ। ਇਸ ਤੋਂ ਬਾਅਦ ਉਹ ਪਾਰਟੀ ਦੇ ਮੈਂਬਰ ਬਣੇ। 1986 'ਚ ਉਹ ਡੀਵਾਈਐਫਆਈ ਦੇ ਤਹਿਸੀਲ ਸਕੱਤਰ ਚੁਣੇ ਗਏ ਤੇ ਬਾਅਦ 'ਚ ਸੂਬਾ ਕਮੇਟੀ ਮੈਂਬਰ ਵੀ ਬਣ ਗਏ। ਸੰਨ 2000 'ਚ ਉਨ੍ਹਾਂ ਨੂੰ ਸੀ.ਪੀ.ਆਈ.(ਐਮ) ਦੀ ਜ਼ਿਲ੍ਹਾ ਕਮੇਟੀ ਦਾ ਮੈਂਬਰ ਬਣਾ ਲਿਆ ਗਿਆ। ਪਾਰਟੀ ਵਲੋਂ ਹੜ੍ਹ ਪੀੜਤਾਂ ਲਈ ਲਾਏ ਗਏ ਮੋਰਚੇ ਦੌਰਾਨ ਅਤੇ ਸਿਵਲ ਨਾਫਰਮਾਨੀ ਅੰਦੋਲਨ ਦੌਰਾਨ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਦਿਹਾਤੀ ਮਜ਼ਦੂਰਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਹਮੇਸ਼ਾਂ ਸਰਗਰਮ ਰਹਿਣ ਵਾਲੇ ਸਾਥੀ ਦਰਸ਼ਨ ਲਾਲ ਨਾਹਰ ਸੰਨ 2006 ਤੋਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਦੀ ਜਿੰਮੇਵਾਰੀ ਨਿਭਾਅ ਰਹੇ ਹਨ। ਸੰਨ 2010 'ਚ ਨਕੋਦਰ ਵਿਖੇ ਹੋਏ ਸੀ.ਪੀ.ਐਮ.ਪੰਜਾਬ ਦੇ ਸੂਬਾਈ ਅਜਲਾਸ ਮੌਕੇ ਉਨ੍ਹਾਂ ਨੂੰ ਪਾਰਟੀ ਦੀ ਸੂਬਾ ਕਮੇਟੀ 'ਚ ਸ਼ਾਮਲ ਕੀਤਾ ਗਿਆ। ਭਾਈਚਾਰਕ ਸਾਂਝਾਂ ਦੇ ਪਹਿਰੇਦਾਰ ਸਾਥੀ ਦਰਸ਼ਨ ਨਾਹਰ ਨੇ ਅੱਤਵਾਦ-ਵੱਖਵਾਦ ਦੇ ਦੌਰ ਦੌਰਾਨ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਲੜੀ ਗਈ ਦੇਸ਼ ਭਗਤ ਜੰਗ 'ਚ ਵੀ ਆਪਣਾ ਰੋਲ ਬਾਖੂਬੀ ਨਿਭਾਇਆ।

No comments:

Post a Comment