Saturday, 5 April 2014

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਪ੍ਰੈਲ 2014)

ਸੁੰਨੀਆਂ ਟਾਹਣਾਂ ਦਾ ਹਉਕਾ             

-  ਗੁਰਪਾਲ ਸਿੰਘ ਲਿੱਟ

ਔਹ ਜਿਹੜਾ ਮਕਾਨ ਹੈ ਨਾ। ਉਹੀ ਰਾਹ ਉਪਰਲਾ। ਹਾਂ, ਲੋਹੇ ਦੀਆਂ ਪੱਤੀਆਂ ਦੇ ਗੇਟ ਵਾਲਾ ਹੀ। ਇਹ ਉਸੇ ਵਿਚਲੀ ਕਹਾਣੀ ਹੈ। ਗੇਟ ਬੰਦ ਹੈ। ਬੰਦ ਹੀ ਰਹਿੰਦਾ ਹੈ। ਸਾਲਾਂ ਤੋਂ। ਹੁਣ ਤਾਂ ਉਸ ਦੀਆਂ ਪੱਤੀਆਂ ਵੀ ਜੰਗਾਲੀਆਂ ਗਈਆਂ ਨੇ। ਜੇ ਦੋਵੇਂ ਪੱਲਿਆਂ ਨੂੰ ਧੱਕ ਕੇ ਵੀ ਖੋਲ੍ਹਣਾ ਚਾਹੋ ਤਾਂ ਵੀ ਬੜੀ ਔਖ ਨਾਲ ਖੁੱਲ੍ਹੇਗਾ। ਏਨੇ ਵਰ੍ਹਿਆਂ ਤੋਂ ਕਿਸੇ ਨੇ ਖੋਲ੍ਹਿਆ ਹੀ ਨਹੀਂ ਹੈ ਨਾ। ਆਹ ਰਸਤੇ ਦੇ ਨਾਲ ਨਾਲ ਜਿਹੜੀ ਦੀਵਾਰ ਬਣੀ ਹੋਈ ਹੈ, ਇਸ ਦੇ ਸਿਰੇ ਉਤੇ ਰਾਹ ਹੈ, ਅੰਦਰ ਜਾਣ ਲਈ। ਵਿਹੜਾ ਵੇਖ ਰਹੇ ਹੋ? ਕਿੱਡਾ ਵਿਸ਼ਾਲ ਵਿਹੜਾ ਹੈ। ਸਾਮ੍ਹਣੀ ਕੰਧ ਨਾਲ ਨਾਲ ਜਿਹੜੀ ਖੁਰਲੀ ਬਣੀ ਹੋਈ ਹੈ, ਹੁਣ ਤਾਂ ਅਧ-ਢਹੀ ਹੋ ਚੁੱਕੀ ਹੈ, ੳਸ ਵਿਚ ਸੁੱਕੇ ਪੱਤੇ ਵਿਖਰੇ ਪਏ ਨੇ, ਬਸ। ਖੁਰਲੀ ਦੇਖ ਕੇ ਲੱਗ ਨਹੀਂ ਰਿਹਾ ਤੁਹਾਨੂੰ ਕਿ ਕਦੀ ਇਥੇ ਦਸ ਪੰਦਰਾਂ ਡੰਗਰ ਬੰਨ੍ਹੇ ਜਾਂਦੇ ਹੋਣਗੇ? ਪਰ ਹੁਣ ਕਿਵੇਂ ਸੁੰਨੀ ਪਈ ਹੈ, ਵਿਧਵਾ ਦੀ ਮਾਂਗ ਵਾਂਗ। ਸਾਰਾ ਵਿਹੜਾ ਹੀ ਕਿਵੇਂ ਸੁੰਨਾ-ਸੁੰਨਾ ਲੱਗ ਰਿਹਾ ਹੈ। ਇਕਦਮ ਵੀਰਾਨ ਜਿਹਾ। ਜਿੱਡਾ ਵਿਸ਼ਾਲ ਵਿਹੜਾ ਹੈ, ਉਨੀ ਹੀ ਡੂੰਘੀ ਚੁੱਪ ਪਸਰੀ ਪਈ ਹੈ। 
ਕਦੀ ਇਹ ਵਿਹੜਾ ਵੀ ਧੜਕਦਾ ਸੀ। ਜਿੰਦਗੀ ਸੀ ਇੱਥੇ। ਚਹਿਲ-ਪਹਿਲ, ਹੱਸਣਾ-ਰੁੱਸਣਾ, ਸ਼ਹਿਨਾਈਆਂ ਦਾ ਸ਼ੋਰ, ਬੱਚਿਆਂ ਦੀਆਂ ਕਿਲਕਾਰੀਆਂ, ਉਚੀ ਹਾਕਾਂ ਮਾਰ ਕੇ ਇਕ ਦੂਜੇ ਨੂੰ ਬੁਲਾਉਣਾ, ਸਾਰਾ ਕੁੱਝ ਹੀ ਤਾਂ ਸੀ। 
ਹੁਣ ਤਾਂ ਉਹ ਸਭ ਕੁੱਝ 'ਉਹਨਾਂ ਦੋਵਾਂ' ਦੇ ਚੇਤਿਆਂ ਵਿਚ ਹੀ ਬਾਕੀ ਰਹਿ ਗਿਆ ਹੈ ਬਸ। 
ਉਹਨਾਂ ਦੋਵਾਂ ਦੇ? 
ਹਾਂ, ਉਹਨਾਂ ਦੋਵਾਂ ਵਿਚ ਕੋਈ ਵੀ ਵਿਖਾਈ ਨਹੀਂ ਦੇ ਰਿਹਾ। ਅਜੇ ਹਨੇਰਾ ਏਨਾਂ ਸੰਘਣਾ ਤਾਂ ਨਹੀਂ ਹੋਇਆ ਕਿ ਵਿਹੜੇ ਵਿਚ ਘੁੰਮ-ਫਿਰ ਰਿਹਾ ਬੰਦਾ ਵਿਖਾਈ ਵੀ ਨਾ ਦੇਵੇ। ਏਡੀ ਕੋਠੀ ਦੇ ਸਿਰਫ ਇਕ ਕਮਰੇ ਵਿਚ ਰੌਸ਼ਨੀ ਹੈ। ਜਾਂ ਫਿਰ ਰਸੋਈ ਵਿਚ। ਉਥੇ ਹੀ ਹੋਣਗੇ ਦੋਵੇਂ। ਹੋ ਸਕਦਾ ਹੈ ਦੋਵੇਂ ਰਸੋਈ ਵਿਚ ਹੋਣ ਜਾਂ ਫਿਰ ਕਮਰੇ ਵਿਚ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਵਿਚੋਂ ਇਕ ਕਮਰੇ ਵਿਚ ਹੋਵੇ, ਦੂਜਾ ਰਸੋਈ ਵਿਚ। 
ਰਸੋਈ ਦੀ ਬੱਤੀ ਬੁੱਝੀ ਹੈ। ਸ਼ਾਇਦ ਹੁਣ ਕੋਈ ਬਾਹਰ ਆਵੇ। ਵੇਖਿਆ, ਅੰਦਾਜ਼ਾ ਕਿੰਨਾ ਠੀਕ ਨਿਕਲਿਆ। ਔਹ ਜਿਹੜੀ ਝੁਕੀ-ਝੁਕੀ ਜਿਹੀ ਬਿਰਧ ਮਾਈ ਸਾਗ ਦੀ ਟੋਕਰੀ ਚੁੱਕੀ ਰਸੋਈ ਵਿਚੋਂ ਨਿਕਲ ਕੇ ਕਮਰੇ ਵੱਲ ਵਧ ਰਹੀ ਹੈ, ਉਹ 'ਅੰਮੀ' ਨੇ, ਕਹਾਣੀ ਦੇ ਇਕ ਪਾਤਰ। 'ਆਪਾ' ਕਹਾਣੀ ਦੇ ਦੂਜੇ ਪਾਤਰ, ਸ਼ਾਇਦ ਕਮਰੇ ਵਿਚ ਹੋਣ। 
ਵਧਦੀ ਉਮਰ ਨੇ ਅੰਮੀਂ ਨੂੰ ਕਿਵੇਂ ਝੁਕ ਝੁਕ ਕੇ ਤੁਰਨ ਲਈ ਮਜ਼ਬੂਰ ਕਰ ਦਿੱਤਾ ਹੈ। ਸ਼ਾਇਦ ਸਾਗ ਦੀ ਟੋਕਰੀ ਦੇ ਬੋਝ ਦਾ ਵੀ ਕੁੱਝ ਅਸਰ ਹੈ। ਟੋਕਰੀ ਦੇ ਉਪਰ ਤੱਕ ਭਰੀ ਹੋਣ ਵਿਚ ਵੀ ਆਪਣੀ ਕਹਾਣੀ ਦਾ ਇਕ ਭੇਤ ਛੁਪਿਆ ਹੈ। ਭੇਤ ਦੀ ਇਕ ਹੋਰ ਗੱਲ ਦੱਸਾਂ? ਜੇ ਥੋੜ੍ਹਾ ਜਿਹਾ ਨੇੜੇ ਹੋ ਕੇ ਵੇਖੀਏ ਤਾਂ ਅੰਮੀ ਦੇ ਚਿਹਰੇ ਉਤੇ ਅੱਜ ਇਕ ਹੁਲਾਸ ਵਿਖਾਈ ਦੇਵੇਗਾ। ਉਂਝ ਇਹ ਹੁਲਾਸ ਨਹੀਂ ਹੁੰਦਾ। ਬਸ ਇਕ ਥਕਾਵਟ ਜਿਹੀ ਝੁਰੜੀਆਂ ਵਿਚ ਬੈਠੀ ਰਹਿੰਦੀ ਹੈ ਸਦਾ। ਅੰਮੀ ਦੇ ਵੀ ਅਤੇ ਆਪਾ ਦੇ ਵੀ। 
ਜੀ ਹਾਂ, ਸਰਹਾਣਿਆਂ ਦੇ ਸਹਾਰੇ ਜਿਹੜੇ ਬਜ਼ੁਰਗ ਬੈਠੇ ਨੇ, ਉਹ 'ਆਪਾ' ਹੀ ਨੇ। ਬੱਚੇ ਇਹਨਾਂ ਨੂੰ ਆਪਾ ਹੀ ਕਹਿੰਦੇ ਸਨ। ਹੁਣ ਵੀ, ਜਦੋਂ ਕਦੇ ਵੀ ਪਿੰਡ ਆਉਣ ਤਾਂ ਆਪਾ ਕਹਿ ਕੇ ਹੀ ਬੁਲਾਉਂਦੇ ਨੇ। ਅੰਮੀ ਉਹਨਾਂ ਨੂੰ 'ਏ ਜੀ' ਕਹਿੰਦੇ ਨੇ ਜਾਂ 'ਜੀਤ ਦੇ ਬਾਪੂ' ਜਾਂ 'ਮੈਂਖਿਆ' ਆਪਾ ਵੀ ਅੰਮੀ ਨੂੰ ਇਸੇ ਤਰ੍ਹਾਂ ਬੁਲਾਉਂਦੇ ਨੇ -'ਦੇਵ ਦੀ ਮਾਂ' ਜਾਂ 'ਸੁਣ' ਜਾਂ 'ਬੋਲੀਏ' ਜਾਂ ਇਸੇ ਤਰ੍ਹਾਂ ਦਾ ਕੋਈ ਹੋਰ ਸੰਬੋਧਨ। 
ਅੰਮੀ ਟੋਕਰੀ ਹੇਠਾਂ ਰੱਖ ਕੇ ਬੈਠ ਗਏ ਨੇ। ਕੁਝ ਚਿਰ ਚੁੱਪਚਾਪ ਬੈਠੇ ਰਹਿੰਦੇ ਨੇ, ਜਿਵੇਂ ਉਖੜੇ ਹੋਏ ਸਾਹਾਂ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਫਿਰ ਦਾਤੀ ਖੱਬੇ ਪੈਰ ਦੇ ਹੇਠਾਂ ਦੱਬ ਲੈਂਦੇ ਨੇ - 'ਅੱਜ ਦਿਨ ਸਾਡੇ ਵਾਂਗ ਬੁੱਢਾ ਹੋ ਗਿਆ ਲੱਗਦਾ ਹੈ। ਮੁੱਕਣ ਵਿਚ ਹੀ ਨਹੀਂ ਆਉਂਦਾ।''
ਆਪਾ ਕੋਈ ਉਤਰ ਨਹੀਂ ਦਿੰਦੇ, ਗੁਟਕਾ ਪੜ੍ਹਦੇ ਰਹਿੰਦੇ ਨੇ। 
''ਮੈਂਖਿਆਂ, ਤੈਨੂੰ ਨ੍ਹੀਂ ਲੱਗਦਾ?''
''ਕੀ?''
''ਦਿਨ ਜਿਵੇਂ ਮੁੱਕਣ ਵਿਚ ਨ੍ਹੀਂ ਆਉਂਦਾ।''
ਆਪਾ ਹੱਸ ਪਏ ਨੇ, ''ਦਿਨ ਤਾਂ ਪਹਿਲਾਂ ਵਾਂਗ ਹੀ ਲੰਘ ਰਿਹਾ ਹੈ। ਤੇਰਾ ਮਨ ਹੀ ਕਾਹਲਾ ਪੈ ਗਿਆ ਲੱਗਦੈ। ਦੇਬ ਜੇ ਆਇਆ ਵੀ ਤਾਂ ਨੌ ਵਜੇ ਤੋਂ ਪਹਿਲਾਂ ਨ੍ਹੀਂ ਆਉਂਦਾ। ਸਾਢੇ ਸੱਤ ਤਾਂ ਗੱਡੀ ਹੀ ਲੁਧਿਆਣੇ ਆ ਕੇ ਲੱਗਦੀ ਐ।''
''ਆਊਗਾ ਵੀ?''
''ਆਉਣਾ ਤਾਂ  ਚਾਹੀਦੈ। ਮੈਂ ਜ਼ੋਰ ਦੇ ਕੇ ਲਿਖਿਆ ਤਾਂ ਸੀ ਬਈ ਬੱਚਿਆਂ ਨੂੰ ਵੀ ਨਾਲ ਲੈ ਕੇ ਆਵੇ। ਉਸ ਦਾ ਸਨਮਾਨ ਤਾਂ ਯੂਨੀਵਰਸਿਟੀ ਵਿਚ ਕੱਲ੍ਹ ਕੀਤਾ ਜਾਣੈ। ਮੈਂ ਲਿਖ ਦਿੱਤਾ ਸੀ ਬਈ ਪਹਿਲਾਂ  ਪਿੰਡ ਹੀ ਆ ਜਾਵੇ।''
ਅੰਮੀਂ ਸਾਗ ਕੱਟਣ ਵਿਚ ਰੁੱਝ ਗਏ ਨੇ। ਆਪਾ ਗੁਟਕੇ ਵਿਚ ਧਿਆਨ ਗੱਡ ਦਿੰਦੇ ਨੇ। ਆਪਾ ਦੀ ਆਦਤ ਜਿਹੀ ਬਣ ਗਈ ਹੈ, ਗੁਟਕੇ ਵਿਚ ਧਿਆਨ ਵੀ ਗੱਡੀ ਰੱਖਦੇ ਨੇ, ਨਾਲ ਨਾਲ ਗੱਲਾਂ ਵੀ ਕਰੀ ਜਾਂਦੇ ਨੇ। ਜਿਵੇਂ ਧਿਆਨ ਗੱਡੀ ਰੱਖਣ ਲਈ ਗੁਟਕਾ ਕੇਵਲ ਇਕ ਸਹਾਰਾ ਹੋਵੇ।
''ਬੱਚੇ ਨਿਰਮੋਹੇ ਕਿਉਂ ਹੋ ਗਏ ਨੇ?''
''ਕੀ?''
''ਬੱਚੇ ਏਨੇ ਨਿਰਮੋਹੇ ਕਿਉਂ ਹੋ ਗਏ ਨੇ? ਕਿੰਨੇ ਕਿੰਨੇ ਚਿਰ ਤੱਕ ਕੋਈ ਵੀ ਮਿਲਣ ਨਹੀਂ ਆਉਂਦਾ।''
''ਆਪਣੇ-ਆਪਣੇ ਕੰਮਾਂ ਵਿਚ ਫਸੇ ਹੋਏ ਨੇ। ਪਰਿਵਾਰਕ ਖਲਜਗਨ ਵਿਚੋਂ ਨਿਕਲਣਾ ਸੌਖਾ ਥੋੜ੍ਹਾ ਹੁੰਦਾ ਹੈ।''
''ਏਨਾ ਵੀ ਕੀ ਬਈ ਮਾਂ ਨੂੰ ਮਿਲਣ ਲਈ ਵੀ ਚਿੱਤ ਨਾ ਕਰੇ।''
''ਚਿੱਤ ਕਰਨ ਉਤੇ ਹੀ ਮਿਲਣ ਥੋੜ੍ਹਾ ਆਇਆ ਜਾ ਸਕਦੈ।''
ਪਲ ਭਰ ਲਈ ਖਾਮੋਸ਼ੀ ਛਾ ਜਾਂਦੀ ਹੈ। 
''ਏ ਜੀ ਥੋਨੂੰ ਨ੍ਹੀਂ ਲੱਗਦਾ?''
''ਕੀ?''
''ਤਿੰਨ ਮੁੰਡੇ, ਤਿੰਨ ਕੁੜੀਆਂ ਦੇ ਮਾਂ-ਬਾਪ ਹੋ ਕੇ ਵੀ ਆਪਾਂ ਜਿਵੇਂ ਕੱਲੇ ਰਹਿ ਗਏ ਹਾਂ।''
''ਸੁੱਖ ਬੋਲਿਆ ਕਰ ਮੂੰਹੋਂ, ਜਿਥੇ ਵੀ ਰਹਿਣ, ਹਸਦੇ-ਵਸਦੇ ਰਹਿਣ।''
ਚੁੱਪੀ ਛਾ ਗਈ ਹੈ। ਅੰਮੀ ਸਾਗ ਕੱਟਣ ਲੱਗ ਪਏ ਨੇ। ਆਪਾ ਦੇ ਹੱਥ ਵਿਚ ਉਹੀ ਗੁਟਕਾ ਹੈ। ਚੁੱਪ ਕਾਫੀ ਲੰਮੀ ਹੋ ਗਈ ਹੈ। 
''ਦੇਵ ਅੱਜ ਜ਼ਰੂਰ ਆਊਗਾ, ਜੀਤ ਦੇ ਬਾਪੂ।,''
''ਏਨੀ ਯਕੀਨ ਨਾਲ ਕਿਵੇਂ ਕਹਿ ਸਕਦੀ ਹੈਂ? ਉਹਦੀ ਕਿਹੜੀ ਚਿੱਠੀ ਆਈ ਆ।''
''ਨਾ ਆਈ ਹੋਵੇ ਚਿੱਠੀ ਬੱਸ ਮੈਨੂੰ ਪਤੇ, ਉਹ ਜ਼ਰੂਰ ਆਊਗਾ।''
''ਤੈਨੂੰ ਕਿਵੇਂ ਪਤੈ?''
''ਆਹ ਮੋਰ ਜੋ ਬੋਲ ਰਿਹਾ ਹੈ। ਚੰਗਾ ਸ਼ਗਨ ਹੈ।''
''ਕਿੱਥੇ ਬੋਲ ਰਿਹੈ ਮੋਰ? ਆਪਣੇ ਤਿੰਨ-ਚਾਰ ਪਿੰਡਾਂ ਵਿਚ ਮੋਰ ਬਚੇ ਹੀ ਕਿੱਥੇ ਨੇ ਹੁਣ?''
''ਫੇਰ ਦੂਰ ਬੋਲ ਰਿਹਾ ਹੋਊ। ਆਹ ਹੁਣ ਤਾਂ ਸਹੀ।''
''ਰਸੋਈ ਵਿਚ ਬੈਠੀ ਨੂੰ ਮੇਰੀ ਹਾਕ ਤਾਂ ਤੈਨੂੰ ਸੁਣਦੀ ਨ੍ਹੀਂ, ਬੋਲੀਏ। ਤੇ ਦੂਰ ਬੋਲਦਾ ਮੋਰ ਸੁਣਾਈ ਦੇ ਰਿਹੈ।''
''ਬੋਲ ਜਿਹਾ ਤਾਂ ਰਿਹੈ ਜਿਵੇਂ।''
''ਬੋਲੀਏ, ਤੇਰੇ ਕੰਨ ਬੋਲਦੇ ਨੇ।''
ਅੰਮੀ ਕੁੱਝ ਦੇਰ ਕੰਨ ਲਾ ਕੇ ਆਵਾਜ਼ ਫੜਨ ਦੀ ਕੋਸ਼ਿਸ਼ ਕਰਦੇ ਨੇ। ਫਿਰ ਹੌਲੀ ਜਿਹੀ ਕਹਿੰਦੇ ਨੇ, ਜਿਵੇਂ ਆਪਣੇ ਆਪ ਨੂੰ ਕਹਿ ਰਹੇ ਹੋਣ, ''ਮੋਰ ਜਿਵੇਂ ਬੋਲ ਵੀ ਰਿਹਾ ਹੁੰਦੈ, ਨਹੀਂ ਵੀ ਬੋਲ ਰਿਹਾ ਹੁੰਦਾ।'' 
ਆਪ ਇਕ-ਟੱਕ ਅੰਮੀ ਵੱਲ ਵੇਖ ਰਹੇ ਨੇ। 
''ਤੈਂ ਅੱਜ ਸ਼ਾਲ ਨੀਂ ਲਿਆ ਉਤੇ?''
''ਧੋਤਾ ਸੀ। ਸੁੱਕਿਆ ਨੀ ਅਜੇ।''
ਦੂਜਾ ਕੱਢ ਲੈਂਦੀ। ਜੇ ਠੰਢ ਲੱਗ ਗੀ, ਫੇਰ?''
''ਬੜਾ ਧਿਆਨ ਐ ਮੇਰਾ!'' ਅੰਮੀ ਅੱਖਾਂ ਵਿਚ ਮੋਹ ਭਰ ਕੇ ਵੇਖਦੇ ਨੇ, ''ਤੂੰ ਵੀ ਤਾਂ ਓਵੇਂ ਬੈਠਾ ਐਂ। ਕੰਬਲ ਕਿਉਂ ਨ੍ਹੀਂ ਲਿਆ ਦੁਆਲੇ?''
''ਲਭਿਆ ਈ ਨ੍ਹੀਂ। ਪਤਾ ਨ੍ਹੀਂ ਕਿੱਥੇ ਰੱਖ ਦਿੰਨੀ ਐਂ ਤੂੰ!''
'ਅਲਮਾਰੀ ਵਿਚ ਸਾਮ੍ਹਣੇ ਈ ਤਾਂ ਪਿਆ ਐ।''
''ਮੈਨੂੰ ਤਾਂ ਦਿਸਿਆ ਨ੍ਹੀਂ।''
''ਤੈਨੂੰ ਕੋਈ ਚੀਜ਼ ਲੱਭੀ ਵੀ ਐ ਕਦੇ! ਜਦ ਤੱਕ ਚੱਕ ਕੇ ਹੱਥਾਂ ਵਿਚ ਨਾ ਫੜਾ ਦਮਾਂ। ਸੱਚੀਂ, ਜੁਆਕਾਂ ਨਾਲੋਂ ਵੀ ਟੱਪ ਗਿਐਂ ਹੁਣ ਤਾਂ!''
ਅੰਮੀ ਉਠਦੇ ਨੇ। ਅਲਮਾਰੀ ਵਿਚੋਂ ਕੰਬਲ ਕੱਢ ਕੇ ਆਪਾ ਦੇ ਚਾਰੇ ਪਾਸੇ ਲਪੇਟ ਦਿੰਦੇ ਨੇ। ਪਰਤਣ ਲੱਗੇ ਅਚਾਨਕ ਰੁਕ ਜਾਂਦੇ ਨੇ, ''ਤੈਂ ਦਵਾਈ ਲੈ ਲਈ ਸੀ ਭਲਾ?''
''ਉਹ ਹੋ! ਮੈਂ ਤਾਂ ਭੁਲ ਈ ਗਿਆ।''
''ਕਿਹਾ ਸੀ ਨਾਂ, ਬੱਚਿਆਂ ਤੋਂ ਵੀ ਉਤੇ ਹੋ ਗਿਆ ਹੈਂ।''
ਅੰਮੀ ਦਵਾਈ ਦੀ ਗੋਲੀ ਆਪਾ ਨੂੰ ਦਿੰਦੇ ਨੇ। ਪਾਣੀ ਦਾ ਗਲਾਸ ਵਾਪਸ ਰੱਖਦੇ ਨੇ। ਕੰਬਲ ਆਪਾ ਦੇ ਮੋਢਿਆਂ ਉਤੇ ਠੀਕ ਕਰਦੇ ਨੇ। ਆਪਣੀ ਥਾਂ ਉਤੇ ਆ ਬੈਠਦੇ ਨੇ। 
''ਦੇਖੀਂ ਤਾਂ, ਨੌ ਬੱਜਗੇ ਨੇ?''
''ਨੌ?'' ਆਪਾ ਹੱਸ ਪੈਂਦੇ ਨੇ। ਅਜੇ ਅੱਠ ਵੀ ਨ੍ਹੀਂ ਹੋਏ। ਬੈਠੀ ਰਹਿ ਘੰਟਾ-ਭਰ ਚੁੱਪ ਕਰ ਕੇ। 
''ਮੈਂਖਿਆ, ਥੋੜ੍ਹਾ ਜਿਹਾ ਚਾਰਾ ਹੀ ਲੈ ਆਇਆ ਕਰ ਖੇਤਾਂ ਤੋਂ।''
''ਕਿਉਂ? ਤੈਂ ਖਾਣਾ ਹੁੰਦੈ?''
''ਪੁੱਠਾ ਹੀ ਬੋਲਦੇ। ਪਤੈ ਕੀ ਹੋਇਆ ਅੱਜ?''
''ਕੀ ਹੋਇਆ?''
''ਕਿਸੇ ਦੀ ਵੱਛੀ ਆ ਵੜੀ ਵਿਹੜੇ ਦੇ ਵਿਚ। ਖੁਰਲੀ ਨੂੰ ਸੁੰਘਦੀ-ਸੁੰਘਦੀ  ਇਕ ਸਿਰੇ ਤੋਂ ਦੂਜੇ ਸਿਰੇ ਪਹੁੰਚਣੀ। ਵਿਹੜਾ ਜਿਵੇਂ ਜਿਉਂਦਾ-ਜਿਉਂਦਾ ਜਿਹਾ ਲੱਗਣ ਲੱਗ ਪਿਆ। ਚੰਗਾ-ਚੰਗਾ ਲੱਗਿਆ। ਮੈਂ ਤੇਜ਼ੀ ਨਾਲ ਰਸੋਈ ਵਿਚ ਨੂੰ ਗਈ, ਬਈ ਰੋਟੀ ਚੱਕ ਲਿਆਵਾਂ। ਸੋਚਿਆ, ਰੋਟੀ ਪਾ ਦੂੰਗੀ ਤਾਂ ਵੱਛੀ ਕੁਝ ਚਿਰ ਰੁਕੀ ਰਹੂ। ਪਰ ਮੇਰੇ ਰਸੋਈ ਤੋਂ ਮੁੜਨ ਤੱਕ ਉਹ ਪੂਛ ਚੁੱਕ ਕੇ ਬਾਹਰ ਵੱਲ ਭੱਜ ਗਈ।''
''ਰੋਜ਼-ਰੋਜ਼ ਥੋੜ੍ਹਾ ਹੀ ਆਊਗਾ ਡੰਗਰ।''
''ਸ਼ਾਇਦ ਆ ਈ ਜਾਏ ਕਦੇ।''
''ਕਿਉਂ ਇਹਨਾਂ ਗੱਲਾਂ ਨਾਲ ਮਨ ਨੂੰ ਜੋੜਦੀ ਐਂ ਦੇਵ ਦੀ ਮਾਂ! ਕਿਸੇ ਕੋਲੋਂ ਕੀ ਆਸ ਰੱਖਦੀ ਐਂ? ਆਪਣੀਆਂ ਧੀਆਂ ਵੱਲ ਹੀ ਦੇਖ ਲਾ । ਆਉਂਦੀਆਂ ਨੇ ਤਾਂ ਕੋਈ ਇਕ ਰਾਤ ਤੋਂ ਵੱਧ ਨ੍ਹੀਂ ਰੁਕਦੀ। ਖਾਲੀ ਕਮਰੇ ਉਹਨਾਂ ਨੂੰ ਖਾਣ ਨੂੰ ਪੈਂਦੇ ਨੇ। ਕਹਿੰਦੀਆਂ, ਬੋਰ ਹੋ ਜਾਂਦੀਆਂ ਹਾਂ।''
''ਤੇ ਅਸੀਂ! ਅਸੀਂ, ਜੀਤ ਦੇ ਬਾਪੂ? ਜਿਹੜੇ ਸਦਾ ਇੱਥੇ ਹੀ ਰਹਿੰਦੇ ਹਾਂ। ਇਕੱਲੇ।''
''ਆਪਣਾ ਕੀ ਆ ਦੇਵ ਦੀ ਮਾਂ। ਆਪਣਾ ਕੀ ਆ।''
ਬੜਾ ਡੂੰਘਿਉਂ ਇਕ ਠੰਢਾ ਸਾਹ ਨਿਕਲਦਾ ਹੈ। ਉਸ ਗਹਿਰਾਈ ਵਿਚ ਦੋਵੋਂ ਡੁੱਬ ਜਿਹੇ ਜਾਂਦੇ ਨੇ। ਦੋਵੇਂ ਚੁੱਪ ਨੇ। ਕੀ ਸੱਚਮੁੱਚ ਚੁੱਪ ਨੇ? ਆਪਣੇ-ਆਪਣੇ ਅੰਦਰ ਦੇ ਸ਼ੋਰ ਨੂੰ ਤਾਂ ਸੁਣ ਹੀ ਰਹੇ ਹੋਣੇ ਨੇ ਦੋਵੇਂ। 
''ਦੇਵ ਦੀ ਮਾਂ, ਅੱਜ ਤੈਂ ਫੇਰ ਡਰਾਇੰਗ ਰੂਮ ਖੋਲ੍ਹਿਆ ਸੀ?''
''ਹਾਂ।''
''ਕਿਉਂ ਖੋਲ੍ਹਿਆ ਸੀ?''
''ਮਨ ਜਿਵੇਂ ਟਿਕ ਜਿਹਾ ਨਹੀਂ ਸੀ ਰਿਹਾ।''
''ਤੈਨੂੰ ਕਿੰਨੀ ਵਾਰ ਕਿਹੈ ਕਿ ਉਹ ਬੈਠਕ ਨਾ ਖੋਲ੍ਹਿਆ ਕਰ।''
''ਰੋਕ-ਰੋਕ ਕੇ ਤਾਂ ਰੱਖਦੀ ਆਂ ਆਪਣੇ ਆਪ ਨੂੰ। ਪਰ ਮਨ ਜਦੋਂ ਬੇਕਾਬੂ ਹੋ ਉਠਦੈ ਤਾਂ ਆਪਣੇ ਆਪ ਨੂੰ ਰੋਕ ਨਹੀਂ ਹੁੰਦਾ। ਤੈਂ ਵੀ ਤਾਂ ਸਾਰਿਆਂ ਦੀਆਂ ਫੋਟੋਆਂ ਉਸੇ ਕਮਰੇ ਵਿਚ ਲਾ ਰੱਖੀਆਂ ਨੇ। ਉਸ ਕਮਰੇ ਵਿਚ ਜਾਨੀ ਆਂ ਤਾਂ ਐਂ ਲੱਗਦੈ ਜਿਵੇਂ ਬੱਚੇ ਤਸਵੀਰਾਂ ਵਿਚੋਂ ਨਿਕਲ ਕੇ ਗਲ ਵਿਚ ਬਾਹਾਂ ਪਾਉਣ ਲੱਗ ਪਏ ਹੋਣ।''
''ਤੂੰ ਉਹ ਬੈਠਕ ਨਾ ਖੋਲ੍ਹਿਆ ਕਰ, ਦੇਵ ਦੀ ਮਾਂ। ਇਕ ਵਾਰ ਖੋਲ੍ਹ ਲੈਨੀ ਐਂ ਤਾਂ ਪਿੱਛੋਂ ਕਿੰਨੇ ਹੀ ਦਿਨਾਂ ਤੱਕ ਉਖੜੀ ਉਖੜੀ ਫਿਰਦੀ ਰਹਿਨੀ ਐਂ। ਬਹਾਨੇ ਲੱਭ-ਲੱਭ ਰੋਂਦੀ ਰਹਿਨੀ ਐਂ। ਮਨ ਨੂੰ ਪਹਿਲਾਂ ਹੀ ਸਾਂਭ ਕੇ ਰੱਖਿਆ ਕਰ।''
ਅੰਮੀ ਬੋਲਦੇ ਨਹੀਂ। ਨੀਵੀਂ ਪਾ ਲੈਂਦੇ ਨੇ। ਸਾਗ ਚੀਰਨ ਲੱਗ ਪੈਂਦੇ ਨੇ।
''ਹੰਝੂ ਪੂੰਝ ਲੈ ਦੇਵ ਦੀ ਮਾਂ। ਮੇਰੇ ਕੋਲੋਂ ਲੁਕਾ-ਲੁਕਾ ਕੇ ਏਕਣ ਕਿਉਂ ਰੋ ਰਹੀ ਹੈਂ?''
ਅੰਮੀ ਸੱਚਮੁੱਚ ਚੁੰਨੀ ਨਾਲ ਅੱਖਾਂ ਪੂੰਝ ਲੈਂਦੇ ਨੇ। 
''ਨੌ ਤਾਂ ਬੱਜ ਗਏ ਦੇਵ ਦੀ ਮਾਂ।''
''ਉਹ ਤਾਂ ਆਏ ਨ੍ਹੀਂ।''
''ਸ਼ਾਇਦ ਨਾ ਹੀ ਆਉਣ।''
''ਹਾਂ, ਸ਼ਾਇਦ।''
''ਏ ਜੀ।''
''ਹੁੰ।''
''ਪੱਪੂ ਤਾਂ ਹੁਣ ਤੱਕ ਤੁਰਨਾ ਵੀ ਸਿੱਖ ਗਿਆ ਹੋਊ।''
''ਤੁਰਨਾ? ਪਿਛਲੇ ਸਾਲ ਹੀ ਕਿਵੇਂ ਭੱਜਿਆ ਫਿਰਦਾ ਸੀ।''
''ਲੈ ਹਾਂ, ਅੱਗ ਲੱਗਣਾ ਚੇਤਾ। ਊਂ! ਸ਼ਰਾਰਤੀ ਕਿੰਨਾ ਸੀ।''
''ਹਾਂ, ਮੇਰੇ ਨਾਲ ਕਿਵੇਂ ਘੁਲ-ਮਿਲ ਗਿਆ ਸੀ।''
''ਤੇਰੇ ਨਾਲੋਂ ਵੱਧ ਮੇਰੇ ਨਾਲ ਰਚਿਆ ਸੀ, ਜੀਤ ਦੇ ਬਾਪੂ।''
''ਨਹੀਂ ਮੇਰੇ ਨਾਲ।''
''ਮੈਂ ਕਹਿਨੀ ਆਂ, ਮੇਰੇ ਨਾਲ।''
''ਮੇਰੇ ਨਾਲ, ਬੋਲੀਏ। ਪਤਾ ਐ ਕਿਵੇਂ ਪਟਾਕ ਕੇ ਮਾਂ ਦੀ ਗਾਲ ਕੱਢ ਦਿੰਦਾ ਸੀ।''
''ਮੈਨੂੰ ਵੀ ਤਾਂ ਕਿੰਨੀਆਂ ਗਾਲਾਂ ਦਿੰਦਾ ਸੀ, ਲਾਂਬੜ, ਤੰਦਲੀ।''
''ਮੇਰੀ ਦਾੜ੍ਹੀ ਫੜ ਕੇ ਛੱਡਦਾ ਨ੍ਹੀਂ ਸੀ।''
''ਮੇਰੀ ਬਾਲੀਓ ਖਿੱਚ ਕੇ ਲੈ ਗਿਆ ਸੀ।''
''ਮੇਰੇ ਢਿੱਡ ਉਤੇ ਬਹਿ ਕੇ ਰੋਜ਼ ਬਾਤ ਸੁਣਿਆ ਕਰਦਾ ਸੀ।''
''ਸਾਰੀ ਸਾਰੀ ਰਾਤ ਤਾਂ ਮੇਰੇ ਨਾਲ ਚਿੰਬੜਿਆ ਪਿਆ ਰਹਿੰਦਾ ਸੀ। ਮਨੋਂ ਤਾਂ ਮੇਰੇ ਨਾਲ ਪਿਆਰ ਕਰਦਾ ਸੀ।''
''ਨਹੀਂ, ਮੇਰੇ ਨਾਲ ਕਰਦਾ ਸੀ।''
''ਮੈਂ ਕਹਿਨੀਂ ਆਂ ਮੇਰੇ ਨਾਲ।''
''ਨਹੀਂ ਮੇਰੇ ਨਾਲ, ਬੋਲੀਏ।''
''ਮੇਰੇ ਨਾਲ। ਉਂਈ....ਈ...'', ਅੰਮੀ ਦੀ ਉਂਗਲ ਨੂੰ ਚੀਰਾ ਆ ਜਾਂਦਾ ਹੈ। ਸਾਗ ਇਕ ਪਾਸੇ ਰੱਖ ਊਂਗਲ ਮੂੰਹ ਵਿਚ ਪਾ ਲੈਂਦੇ ਨੇ। ਬੇਚਾਰਾ ਜਿਹਾ ਮੂੰਹ ਬਣਾ ਲੈਂਦੇ ਨੇ, ''ਪੱਪੂ ਨੂੰ ਮੇਰੇ ਨਾਲ ਹੀ ਜ਼ਿਆਦਾ ਪਿਆਰ ਸੀ ਨਾ ਜੀਤ ਦੇ ਬਾਪੂ?''
''ਅੱਛਾ, ਚੱਲੋਂ ਤੇਰੇ ਨਾਲ ਸੀ।''
ਦੋਵੇਂ ਚੁੱਪ ਹੋ ਗਏ ਨੇ। ਆਪਾ ਸਾਮ੍ਹਣੇ ਕੱਧ ਵੱਲ ਵੇਖਣ ਲੱਗ ਪਏ ਨੇ। ਸੋਚਦੇ ਰਹਿੰਦੇ ਨੇ, ਜਿਵੇਂ ਕੁਝ ਯਾਦ ਕਰਨ ਦੀ ਕੋਸ਼ਿਸ਼ ਵਿਚ ਹੋਣ। 
''ਬੋਲੀਏ, ਸੁਣ!''
''ਕੀ?''
''ਤੂੰ ਭੁੱਲਦੀ ਐਂ।''
''ਕੀ?'
''ਪੱਪੂ ਨੂੰ ਜ਼ਿਆਦਾ ਪਿਆਰ ਮੇਰੇ ਨਾਲ ਸੀ।''
''ਕਿੰਨੇ ਵੱਜਣਗੇ ਜੀਤੇ ਦੇ ਬਾਪੂ?''
''ਦਸ ਹੋਣ ਨੂੰ ਨੇ।''
''ਆਉਣਗੇ ਵੀ?''
ਕੋਈ ਉਤਰ ਨਹੀਂ।
''ਮੈਂ ਤੇਰੇ ਪਲੰਗ ਉਤੇ ਆ ਜਾਂ। ... ਤੇਰਾ ਸਿਰ ਘੁੱਟੂੰਗੀ''
''ਆ ਜਾ ਚੱਲ, ਮੈਨੂੰ ਵੀ ਸਿਰ ਭਾਰੀ-ਭਾਰੀ ਜਿਹਾ ਲੱਗਣ ਲੱਗ ਪਿਆ ਹੈ।''
''ਸੌ ਗਏ?''
''ਨਹੀਂ ਤਾਂ। ਕਿਉਂ?''
''ਮੈਂ ਕਿਹਾ, ਥੋੜ੍ਹੇ ਦਿਨਾਂ ਲਈ ਕਿਸੇ ਮੁੰਡੇ ਕੋਲੇ ਨਾ ਜਾ ਆਈਏ?''
''ਕੀਹਦੇ ਕੋਲ ਜਾਮਾਂਗੇ? ਛੋਟਾ ਕਨੇਡਾ ਬੈਠੇ, ਵੱਡਾ ਦੇਵ ਊਂ ਵੀ ਬਹੁਤ ਦੂਰ ਆ। ਤੇ ਆਪਣੇ ਲਾਡਲੇ ਪੁੱਤ ਜੀਤ ਕੋਲ ਤਾਂ ਰਹਿ ਕੇ ਤੂੰ ਦੇਖ ਈ ਚੁੱਕੀ ਐਂ।''
''ਮੇਰੇ ਜਖ਼ਮਾਂ ਉਤੇ ਲੂਣ ਛਿੜਕਾ ਕੇ ਸੁਖ ਮਿਲਦੈ ਤੈਨੂੰ।''
''ਨਹੀਂ, ਤੈਨੂੰ ਕੁਝ ਜਾਦਾ ਈ ਹੇਜ ਜਾਗਿਆ ਸੀ ਉਹਦਾ। ਹਫਤਾ ਵੀ ਨ੍ਹੀਂ ਸੀ ਟਿਕ ਸਕੀ ਉਥੇ।''
'ਉਹ ਤਾਂ ਉਸੇ ਚੁੜੇਲ ਦਾ ਸੁਭਾਅ...''
''ਆ ਕੇ ਤਾਂ ਆਪਣੇ ਲਾਡਲੇ ਨੂੰ ਕੋਸਦੀ ਰਹੀ ਸੀ ਮਹੀਨਾ ਭਰ।''
''ਮੁੰਡੇ ਉਤੇ ਕਾਹਦਾ ਗੁੱਸਾ, ਜਦੋਂ ਉਸੇ ਨੇ ਸਿੱਧਰੇ ਨੂੂੰ ਮੁੱਠੀ ਵਿਚ...''
''ਸੱਚੀਂ, ਮੁੰਡੇ ਉਤੇ ਕੋਈ ਗੁੱਸਾ ਨ੍ਹੀਂ ਸੀ ਤੈਨੂੰ?''
''ਸੱਚ।''
''ਸੱਚੀ, ਬੋਲੀਏ?''
''ਹਾਂ, ਸੱਚੀ।''
''ਤਾਂ ਫਿਰ ਮੇਰਾ ਸਿਰ ਘੁਟਦੇ ਤੇਰੇ ਹੱਥ ਇਕਦਮ ਏਨੇ ਤੇਜ਼ ਕਿਉਂ ਹੋ ਗਏ ਨੇ? 
ਅੰਮੀ ਦੇ ਹੱਥ ਪਲ-ਭਰ ਲਈ ਠਿਠਕ ਕੇ ਰੁਕ ਜਾਂਦੇ ਨੇ। ਫਿਰ ਹੌਲੀ ਹੌਲੀ ਚੱਲਣ ਲੱਗ ਪੈਂਦੇ ਨੇ। 
'ਬੱਸ ਕਰ ਹੁਣ ਥੱਕ ਜੇਂਗੀ।''
''ਕਿੰਨੇ ਵੱਜ ਗਏ ਨੇ ਭਲਾ?''
''ਸਾਢੇ ਦਸ।''
''ਹੁਣ ਤਾਂ ਨ੍ਹੀਂ ਆਉਂਦੇ?''
''ਹੁਣ ਕੀ ਆਉਣਗੇ। ਤੂੰ ਸੌ ਜਾ।''
''ਨੀਂਦ ਕਿਥੇ ਆਉਂਦੀ ਹੈ।''
ਆਪਾ ਅਚਾਨਕ ਚੌਂਕ ਉਠਦੇ ਨੇ। ਉਠ ਕੇ ਬੈਠ ਜਾਂਦੇ ਨੇ। ਕੁਝ ਸੁਨਣ ਦੀ ਕੋਸ਼ਿਸ਼ ਕਰਦੇ ਨੇ। 
''ਕੀ ਗੱਲ ਹੈ, ਜੀਤ ਦੇ ਬਾਪੂ?''
''ਤੈਨੂੰ ਕੁੱਝ ਸੁਣਾਈ ਦਿੱਤਾ?''
''ਕੀ?''
''ਕਾਰ ਜਿਵੇਂ ਪੁਲ ਉਤੋਂ ਆਪਣੇ ਪਿੰਡ ਵੱਲ ਨੂੰ ਮੁੜੀ ਹੈ। ਆਵਾਜ਼ ਸੁਣ ਰਹੀ ਹੈ?''
''ਨਹੀਂ ਤਾਂ।''
''ਸੁਣ ਤਾਂ ਸਹੀ, ਆਵਾਜ਼ ਤਾਂ ਜਮਾਂ ਈ ਸਾਫ਼ ਆ। ਗੁਰਦੁਵਾਰੇ ਵਲੋਂ ਆ ਰਹੀ ਆ।''
''ਹਾਂ, ਕੁਛ ਕੁਛ ਤਾਂ...''
''ਕੁਛ-ਕੁਛ ਕਿਉਂ! ਸਾਫ ਤਾਂ ਸੁਣ ਰਹੀ ਆ। ਸੁਣ, ਕਾਰ ਜਿਵੇਂ ਗੁਰਦੁਵਾਰੇ ਦਾ ਮੌੜ ਮੁੜੀ ਹੁੰਦੀ ਆ। ਆਹ ਸੁਣ ਤਾਂ ਸਹੀ।''
''ਹਾਂ, ਹੁਣ ਤਾਂ ਇਕਦਮ ਸਾਫ਼....''
''ਉਠੀ ਕੇਰਾਂ, ਮੇਰੀ ਖੁੰਡੀ ਫੜਾਈ। ਛੇਤੀ। ਕਾਰ ਤਾਂ ਬਾਹਰ ਵਾਲੇ ਗੇਟ ਉਤੇ ਆ ਖੜ੍ਹੀ ਹੋਈ ਆ। ਤੈਨੂੰ ਕਿਹਾ ਸੀ ਨਾ, ਦੇਵ ਮੇਰਾ ਪੁੱਤ ਜ਼ਰੂਰ ਆਏਗਾ। ਮੇਰੀ ਖੁੰਡੀ ਤਾਂ ਦੇਹ।''
''ਕਾਹਲਾ ਕਿਉਂ ਪੈਨਾ ਐਂ। ਪਹਿਲਾਂ ਹੀ ਦਿਲ ਦਾ ਮਰੀਜ਼ ਐਂ। ਠਹਿਰ, ਮੈਂ ਸਹਾਰਾ ਦਿੰਨੀ ਆਂ। ਹਾਂ, ਹੌਲੀ, ਸੰਭਲ ਕੇ।''
''ਵਿਹੜਾ ਬਹੁਤ ਲੰਮਾ ਐ। ਮੇਰੇ ਕੋਲੋਂ ਏਨਾ ਤੇਜ਼ ਤੁਰਿਆ ਨੀਂ ਜਾਣਾ। ਤੂੰ ਕੱਲੀ ਓ ਚਲੀ ਜਾਹ। ਏਨਾ ਚਿਰ ਕਿਵੇਂ ਖੜ੍ਹਨਗੇ! ਦੇਖੀ, ਡਿੱਗ ਨਾ ਪਈ। ਹੌਲੀ। ਮੈਂ ਬਾਹਰ ਵਾਲੀ ਬੱਤੀ ਜਗਾਉਂਦਾ ਹਾਂ। ਸੰਭਲ ਕੇ। ਵੇਖੀਂ ਕਿਤੇ ਕੀਲੇ ਨਾਲ ਨਾ ਅੜ੍ਹਕ ਜੀ।'' 
ਕੁਝ ਚਿਰ ਉਡੀਕਣ ਪਿਛੋਂ ਆਪਾਂ ਦੀ ਆਵਾਜ਼ ਇਕਦਮ ਉਚੀ ਹੋ ਜਾਂਦੀ ਹੈ। 
''ਆ ਜੋ ਹੁਣ। ਡਰਾਇਵਰ ਨੂੰ ਕਹੋ, ਸਾਮਾਨ ਅੰਦਰ ਤੱਕ ਚੁੱਕ ਲਿਆਵੇ। ਪੱਪੂ ਜੇ ਸੌ ਗਿਆ ਤਾਂ ਜਗਾਇਓ ਨਾ। ਮੋਢੇ ਲਾ ਕੇ ਲੈ ਆਓ।''
ਕਾਰ ਚੱਲਣ ਦੀ ਆਵਾਜ ਨਾਲ ਆਪਾ ਪਲ ਭਰ ਲਈ ਰੁਕ ਜਾਂਦੇ ਨੇ। ਫਿਰ ਉਚੀ ਆਵਾਜ਼ ਵਿਚ ਬੋਲਣ ਲੱਗਦੇ ਨੇ, ''ਆ ਵੀ ਜਾਓ ਹੁਣ। ਬਾਹਰ ਖੜ੍ਹੇ-ਖੜ੍ਹੇ ਕੀ ਕਰ ਰਹੇ ਓ। ਕਾਰ ਵਾਲੇ ਨੂੰ ਕਹਿਣਾ ਸੀ, ਸਾਮਾਨ ਨਾਲ ਮਿਲ ਕੇ...''
ਅਚਾਨਕ ਆਪਾ ਚੁੱਪ ਕਰ ਜਾਂਦੇ ਨੇ। ਅੰਮੀ ਇਕੱਲੇ ਹੀ ਤੁਰੇ ਆ ਰਹੇ ਨੇ, ਬੇਜਾਨ ਜਿਹੀ ਚਾਲ ਤੁਰਦੇ ਹੋਏ। 
''ਕੀ ਗੱਲ, ਤੂੰ ਕੱਲੀ ਓ ਈ?''
''ਕੀਹਨੂੰ ਲਿਆਉਂਦੀ? ਕੋਈ ਆਉਂਦਾ, ਤਾਂ ਨਹੀਂ ਨਾ!''
''ਤਾਂ ਫਿਰ ਉਹ ਕਾਰ?''
''ਉਹ ਤਾਂ ਗਵਾਂਢੀਆਂ ਦਾ ਜਮਾਈ ਸ਼ਹਿਰ ਕੁਝ ਜ਼ਿਆਦਾ ਹੀ ਸ਼ਰਾਬੀ ਹੋ ਗਿਆ ਸੀ। ਕਾਰ ਵਾਲਾ ਵਾਕਫ਼ ਸੀ। ਛੱਡਣ ਆ ਗਿਆ।''
ਆਪਾ ਪਲ ਭਰ ਲਈ ਅੰਮੀ ਵੱਲ ਵੇਖਦੇ ਨੇ। ਫਿਰ ਅਚਾਨਕ ਭਾਵੁਕ ਹੋ ਉਠਦੇ ਨੇ। ਬੜੀ ਤੇਜੀ ਨਾਲ ਬੋਲਣ ਲੱਗ ਪੈਂਦੇ ਨੇ, ''ਤਾਂ ਕੀ ਹੋਇਆ ਫੇਰ, ਦੇਵ ਨਹੀਂ ਆਇਆ ਤਾਂ, ਕੰਮ ਵੀ ਤਾਂ ਨਿਕਲ ਸਕਦਾ ਹੈ ਕੋਈ। ਜ਼ਰੂਰ ਕੋਈ ਕੰਮ ਹੀ ਨਿਕਲ ਆਇਆ ਹੋਣੈ। ਤੂੰ ਫਿਕਰ ਕਿਉਂ ਕਰਦੀ ਐਂ। ਬਹੁਤ ਪਿਆਰ ਆ ਦੇਵ ਨੂੰ ਤੇਰੇ ਨਾਲ। ਪੱਪੂ ਨੂੰ ਵੀ। ਪੱਪੂ ਤੈਨੂੰ ਹੀ ਜ਼ਿਆਦਾ ਪਿਆਰ ਕਰਦੇ। ਸੱਚੀ, ਮੇਰੇ ਨਾਲੋਂ ਜ਼ਿਆਦਾ ਤੈਨੂੰ ਹੀ ਕਰਦੈ। ਹਾਂ ਤੈਨੂੰ ਹੀ ਕਰਦੈ ਜ਼ਿਆਦਾ ਪਿਆਰ...''
''ਦੇਵ ਦੇ ਬਾਪੂ।''
ਆਪਾ ਅਚਾਨਕ ਚੁੱਪ ਕਰ ਜਾਂਦੇ ਨੇ, ਜਿਵੇਂ ਗੁਬਾਰੇ ਵਿਚੋਂ ਇਕਦਮ ਹਵਾ ਨਿਕਲ ਗਈ ਹੋਵੇ। 
''ਤੂੰ ਦਿਲ ਦਾ ਮਰੀਜ਼ ਹੈਂ, ਦੇਵ ਦੇ ਬਾਪੂ।''
ਆਪਾ ਚੁੱਪ ਰਹਿੰਦੇ ਨੇ। ਅੰਮੀ ਦਾ ਸਹਾਰਾ ਲਈ ਪਲੰਘ ਤੱਕ ਆ ਜਾਂਦੇ ਨੇ। ਤੇਜ਼ੀ ਨਾਲ ਬੱਤੀ ਬੁਝਾ ਦਿੰਦੇ ਨੇ। ਬੁੱਲ੍ਹ ਦੰਦਾਂ ਵਿਚ ਦੱਬੇ ਜਾਂਦੇ ਨੇ। 
''ਸੌਂ ਜਾ, ਦੇਵ ਦੀ ਮਾਂ, ਸੌਂ ਜਾ। ਜਾਦਾ ਸੁਪਨੇ ਦਾ ਦੇਖਿਆ ਕਰ। ਖੰਡਰਾਂ ਵਿਚ ਕੌਣ ਆਉਂਦਾ ਹੈ, ਦੇਵ ਦੀ ਮਾਂ। ਖੰਡਰਾਂ ਵਿਚ ਕੋਈ ਨ੍ਹੀਂ ਆਇਆ ਕਰਦਾ।''



ਭਾਰਤ-ਪਾਕਿ ਦੋਸਤੀ ਦੇ ਨਾਂਅ

- ਹਰਭਜਨ ਸਿੰਘ ਹੁੰਦਲ
ਚੜ੍ਹੇ ਨੇ ਘਿਰਣਾ ਦੇ ਪਾਣੀ, ਪੁਲ ਬਣਾਈਏ ਦੋਸਤੋ।
ਕਿਉਂ ਤੁਸਾਂ ਹੈ ਚੁੱਪ ਤਾਣੀ, ਪੁਲ ਬਣਾਈਏ ਦੋਸਤੋ। 
ਦੋਸਤੀ ਦੇ ਪੁਲਾਂ ਬਾਝੋਂ, ਆਰ ਦੇ, ਨਾ ਪਾਰ ਦੇ, 
ਕੀ ਕਰੇ ਕਵਿਤਾ ਨਿਮਾਣੀ, ਪੁਲ ਬਣਾਈਏ ਦੋਸਤੋ। 
ਜਦ ਕਦੇ ਅਸਮਾਨ ਉਤੇ, ਗਿਰਝ ਭੋਂਦੀ ਵੇਖਦੀ, 
ਸਹਿਮ ਜਾਂਦੀ ਧੀ-ਧਿਆਣੀ, ਪੁਲ ਬਣਾਈਏ ਦੋਸਤੋ। 
ਉਮਰ ਤੋਂ ਹੋਈ ਵਡੇਰੀ, ਦੁਸ਼ਮਣੀ ਦੀ ਇਹ ਕਥਾ,
ਹੋਰ ਕਿਥੋਂ ਤੀਕ ਜਾਣੀ, ਪੁਲ ਬਣਾਈਏ ਦੋਸਤੋ। 
ਕੀ ਕਲਾ ਜਾਦੂ ਵਿਖਾਵੇ, ਕੀ ਸੁਖਨ ਦੀ ਦਿਲਕਸ਼ੀ,
ਪੀੜ ਨਾ ਜੇਕਰ ਪਛਾਣੀ, ਪੁਲ ਬਣਾਈਏ ਦੋਸਤੋ। 
ਤੁੱਖਣਾ ਦਿੰਦੀ, ਲੜਾਉਂਦੀ ਤੇ ਸਤਾਉਂਦੀ ਰਾਤ ਦਿਨ,
ਜ਼ਹਿਰ ਭਿੱਜੀ, ਬੋਲ-ਬਾਣੀ, ਪੁਲ ਬਣਾਈਏ ਦੋਸਤੋ। 
ਕਿਸ ਤਰ੍ਹਾਂ ਦੇ ਜ਼ਖਮ ਨੇ ਕਿ ਠੀਕ ਜੋ ਹੁੰਦੇ ਨਹੀਂ, 
ਕਸਕ ਹੈ ਕਿੰਨੀ ਪੁਰਾਣੀ, ਪੁਲ ਬਣਾਈਏ ਦੋਸਤੋ। 
ਪੁਲ ਬਣੇ ਤਾਂ ਇਕ ਦੂਜੇ ਦੀ ਖ਼ੈਰੀਅਤ ਪੁੱਛੀਏ, 
ਮਿਲ ਬਹੇ ਯਾਰਾਂ ਦੀ ਢਾਣੀ, ਪੁਲ ਬਣਾਈਏ ਦੋਸਤੋ।
ਮੈਂ ਕਦੋਂ ਕਹਿਨਾਂ; ਇਕੱਲਾ ਮੈਂ ਉਸਾਰੀ ਕਰਾਂਗਾ
ਛੇੜ ਦਿੱਤੀ ਹੈ ਕਹਾਣੀ, ਪੁਲ ਬਣਾਈਏ ਦੋਸਤੋ। 



ਸਹਿਮੇ ਹੋਏ ਮਿਰਗ ਦਾ ਬਿਆਨ 

- ਮਦਨ ਵੀਰਾ
ਮੇਰੇ ਯਾਰ-ਮੈਂ ਇਸ ਨਵੇਂ ਭਾਰਤ ਨੂੰ 
ਨਹੀਂ ਇੰਡੀਆ ਨੂੰ
ਚੌੜੀਆਂ ਛੇ ਮਾਰਗੀ ਸੜਕਾਂ ਤੋਂ ਪਛਾਣਾਂ
ਜਾਂ ਉਜਾੜੇ ਜਾ ਰਹੇ ਪਿੰਡਾਂ ਦੀ
ਹਿੱਕ 'ਤੇ ਉੱਸਰੇ
ਬਹੁਮੰਜ਼ਲੀ ਪਲਾਜ਼ਿਆਂ ਦੀਆਂ
ਗੋਲਾਈਦਾਰ ਪੌੜੀਆਂ ਤੋਂ ਜਾਣਾਂ
ਯਾਰ-ਪਿੰਡ ਦੇ ਕਿੰਨੇ ਕੱਚੇ ਪਹੇ
ਕਿੰਨੀਆਂ ਪਗਡੰਡੀਆਂ
ਇਹ ਨਵਾਂ ਸੁਪਨ ਸੰਸਾਰ
ਉੱਨਤੀ ਤੇ ਉਸਾਰੀ ਦੇ ਨਾਂ 'ਤੇ
ਡਕਾਰ ਗਿਆ ਹੈ
ਕਿਹੜਾ ਅੰਕੜਾ ਸ਼ਾਸਤਰੀ
ਸਾਨੂੰ ਆ ਕੇ ਦੱਸੇਗਾ
ਕਿ ਇਹ ਕਿੰਨੇ ਜਿਊਂਦਿਆਂ ਨੂੰ
ਮਰਨ ਜੋਗਾ ਕਰ ਗਿਆ ਹੈ
'ਤੇ ਕਿੰਨਿਆਂ ਨੂੰ ਅੰਦਰੋਂ-ਅੰਦਰੀ
ਮਾਰ ਗਿਆ ਹੈ
ਮਿੱਤਰੋ-ਸੱਚ ਜਾਣਿਓ
ਮੈਂ ਤਾਂ ਇਸ ਅੰਨ੍ਹੇ ਜਲੌਅ 'ਚ
ਪਿਆਸੇ ਤੇ ਹਰਾਸੇ
ਮਿਰਗ ਵਰਗਾ ਹਾਂ
ਜੋ ਕਿਸੇ ਸ਼ੋਅ ਕੇਸ 'ਚ
ਮੜ੍ਹੇ ਜਾਂ ਤਾੜੇ ਜਾਣ ਤੋਂ
ਡਰਦਾ ਹੈ
ਪਰ ਜੰਗਲ ਵੱਲ ਜਾਣ ਦਾ
ਹਰ ਰਸਤਾ-ਹਰ ਪੈਂਡਾ
ਕਿਸੇ 'ਸ਼ਾਹੀ ਹਵੇਲੀ' ਜਾਂ
'ਫਾਰਮ ਹਾਊਸ' ਦਾ ਰੁੱਖ ਕਰਦਾ ਹੈ
ਤੇ ਸੁਰੱਖਿਆ ਦੇ ਨਾਂ 'ਤੇ
ਸ਼ਿਕਾਰੀਆਂ ਦਾ ਦਸਤਾ 
ਮੇਰੇ ਸੁਪਨਿਆਂ ਵਿਚ ਵੀ 
ਮੇਰਾ ਪਿੱਛਾ ਕਰਦਾ ਹੈ। 

No comments:

Post a Comment