Saturday 5 April 2014

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਅਪ੍ਰੈਲ 2014)

- ਰਵੀ ਕੰਵਰ

ਵੈਨਜੁਏਲਾ 'ਚ ਸੱਜ ਪਿਛਾਖੜੀਆਂ ਵਲੋਂ ਤਖਤਾ ਪਲਟ ਕਰਨ ਦਾ ਨਾਕਾਮ ਯਤਨ 

ਵੈਨਜ਼ੁਏਲਾ, ਲਾਤੀਨੀ ਅਮਰੀਕਾ ਮਹਾਂਦੀਪ ਦਾ ਦੇਸ਼ ਮੁੜ ਇਕ ਵਾਰ ਚਰਚਾ ਦੇ ਕੇਂਦਰ ਵਿਚ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਯੂਰਪ ਦੇ ਦੇਸ਼ ਯੁਕਰੇਨ, ਏਸ਼ੀਆ ਦੇ ਦੇਸ਼ ਥਾਈਲੈਂਡ ਦੀ ਤਰ੍ਹਾਂ ਹੀ ਵੈਨਜ਼ੁਏਲਾ ਵਿਚ ਵੀ ਉਥੋਂ ਦੀ ਚੁਣੀ ਹੋਈ ਸਰਕਾਰ ਨੂੰ ਗੱਦੀਓ ਲਾਹੁਣ ਲਈ ਮੁਜ਼ਾਹਰੇ ਹੋਏ ਸਨ। ਯੁਕਰੇਨ ਵਿਚ ਚੁਣੀ ਹੋਈ ਸਰਕਾਰ ਹੋਣ ਤੋਂ ਬਾਵਜੁਦ, ਨਵਉਦਾਰਵਾਦੀ ਨੀਤੀਆਂ ਦੀ ਧਾਰਨੀ ਹੋਣ ਕਰਕੇ ਦੇਸ਼ ਦੇ ਲੋਕਾਂ ਵਿਚ ਉਸ ਪ੍ਰਤੀ ਗੁੱਸਾ ਤੇ ਬੇਚੈਨੀ ਸੀ, ਜਿਨ੍ਹਾਂ ਦਾઠਸਜਪਿਛਾਖੜੀ ਤਾਕਤਾਂ ਲਾਹਾ ਲੈਣ ਵਿਚ ਸਫਲ ਰਹੀਆਂ ਹਨ। ਇਨ੍ਹਾਂ ਸੱਜ ਪਿਛਾਖੜੀ ਫਾਸ਼ੀਵਾਦੀ ਸ਼ਕਤੀਆਂ ਦੀ ਸਾਮਰਾਜੀ ਸ਼ਕਤੀਆਂ ਨੇ ਪੂਰੀ ਹਿਮਾਇਤ ਕੀਤੀ ਹੈ ਅਤੇ ਸੱਤਾ ਸੰਭਾਲਣ ਤੋਂ ਬਾਅਦ ਇਨ੍ਹਾਂ ਵਲੋਂ ਹੋਰ ਵੀ ਤਿੱਖੇ ਰੂਪ ਵਿਚ ਨਵਉਦਾਰਵਾਦੀ ਆਰਥਕ ਤੇ ਸਮਾਜਕ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ, ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਘਾਤਕ ਰੂਪ ਅਖਤਿਆਰ ਕਰਦੀਆਂ ਜਾਣਗੀਆਂ। ਇਸੇ ਤਰ੍ਹਾਂ ਥਾਈਲੈਂਡ ਵਿਚ ਵੀ ਯਿੰਗਲੁਕ ਸ਼ਿਨਵਾਤਰਾ ਸਰਕਾਰ ਵਲੋਂ ਜਨਤਾ ਤੋਂ ਮੁੜ ਫਤਵਾ ਲੈ ਲੈਣ ਤੋਂ ਬਾਵਜੂਦ ਵੀ ਮੁਜ਼ਾਹਰੇ ਉਸਦਾ ਪਿੱਛਾ ਨਹੀਂ ਛੱਡ ਰਹੇ। ਸਰਕਾਰ ਦੀਆਂ ਨਵਉਦਾਰਵਾਦੀ ਆਰਥਕ ਤੇ ਸਮਾਜਕ ਨੀਤੀਆਂ ਦੇ ਨਿਕਲ ਰਹੇ ਲੋਕ ਵਿਰੋਧੀ ਸਿੱਟੇ ਵੱਡੀ ਗਿਣਤੀ ਵਿਚ ਦੇਸ਼ ਦੇ ਲੋਕਾਂ ਦੇ ਸਰਕਾਰ ਦੇ ਹੱਕ ਵਿਚ ਸਰਗਰਮ ਰੂਪ ਵਿਚ ਸੜਕਾਂ ਉਤੇ ਨਿੱਤਰਨ ਵਿਚ ਬਾਧਕ ਬਣ ਰਹੇ ਹਨ। 
ਪ੍ਰੰਤੂ, ਵੈਨਜੁਏਲਾ ਦੀ ਸਥਿਤੀ ਬਿਲਕੁਲ ਵੱਖਰੀ ਹੈ। ਵੈਨਜ਼ੁਏਲਾ ਇਕ ਅਜਿਹਾ ਦੇਸ਼ ਹੈ, ਜਿੱਥੇ 1998 ਵਿਚ ਚੋਣਾਂ ਰਾਹੀਂ ਸੱਤਾ ਵਿਚ ਆ ਕੇ ਮਰਹੂਮ ਸਾਥੀ ਹੂਗੋ ਸ਼ਾਵੇਜ ਨੇ ਸਾਮਰਾਜੀ ਸੰਸਾਰੀਕਰਨ ਤੋਂ ਪ੍ਰੇਰਤ ਨਵਉਦਾਰਵਾਦੀ ਨੀਤੀਆਂ ਨੂੰ ਰੱਦ ਕਰਕੇ ਲੋਕ ਪੱਖੀ ਆਰਥਕ ਤੇ ਸਮਾਜਕ ਨੀਤੀਆਂ ਲਾਗੂ ਕਰਦੇ ਹੋਏ ਸਾਮਰਾਜੀ ਬਹੁਕੌਮੀ ਕੰਪਨੀਆਂ ਨੂੰ ਚੁਣੌਤੀ ਦਿੱਤੀ ਸੀ। ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੂਰੋ, ਸਾਥੀ ਸ਼ਾਵੇਜ਼ ਦੀ ਪਾਰਟੀ ਪੀ.ਯੂ.ਐਸ.ਵੀ. ਦੇ ਹੀ ਉਮੀਦਵਾਰ ਵਜੋਂ ਅਪ੍ਰੈਲ 2013 ਵਿਚ ਸਾਥੀ ਸ਼ਾਵੇਜ਼ ਦੇ ਦੇਹਾਂਤ ਤੋਂ ਬਾਅਦ ਰਾਸ਼ਟਰਪਤੀ ਚੁਣੇ ਗਏ ਸਨ। ਸਾਥੀ ਮਾਦੂਰੋ ਉਨ੍ਹਾ ਦੀਆਂ ਨਵਉਦਾਰਵਾਦ ਵਿਰੋਧੀ ਆਰਥਕ ਤੇ ਸਮਾਜਕ ਨੀਤੀਆਂ ਨੂੰ ਅੱਗੇ ਵਧਾ ਰਹੇ ਹਨ। 
ਲਾਤੀਨੀ ਅਮਰੀਕਾ ਮਹਾਂਦੀਪ, ਅਮਰੀਕੀ ਸਾਮਰਾਜ ਦਾ ਬਿਲਕੁਲ ਗੁਆਂਢੀ ਮਹਾਂਦੀਪ ਹੈ। ਕੁਦਰਤੀ ਵੰਨ-ਸੁਵੰਨਤਾ ਅਤੇ ਕੁਦਰਤੀ ਖਣਿਜ ਖਜਾਨਿਆਂ ਨਾਲ ਭਰਪੂਰ ਇਸ ਮਹਾਂਦੀਪ ਦੇ ਦੇਸ਼ਾਂ ਨੂੰ ਸਾਮਰਾਜੀਆਂ ਤੇ ਉਨ੍ਹਾਂ ਦੀਆਂ ਬਹੁਕੌਮੀ ਕੰਪਨੀਆਂ ਨੇ ਲੁੱਟਣ ਵਿਚ ਕੋਈ ਕਸਰ ਨਹੀਂ ਛੱਡੀ। ਪਿਛਲੀ ਸਦੀ ਦੇ ਅਸੀਵਿਆਂ ਤੋਂ ਹੀ ਇਨ੍ਹਾਂ ਦੇਸ਼ਾਂ ਵਿਚ ਨਵਉਦਾਰਵਾਦੀ ਆਰਥਕ ਨੀਤੀਆਂ ਬਹੁਤ ਹੀ ਬੇਰਹਿਮੀ ਨਾਲ ਲਾਗੂ ਕੀਤੀਆਂ ਗਈਆਂ। ਬਹੁਕੌਮੀ ਕੰਪਨੀਆਂ ਨੇ ਇਥੋਂ ਦੇ ਕੁਦਰਤੀ ਤੇ ਮਨੁੱਖੀ ਵਸੀਲਿਆਂ ਦੀ ਅੰਨ੍ਹੀ ਲੁੱਟ ਕਰਕੇ ਆਮ ਲੋਕਾਂ ਨੂੰ ਭੁੱਖ ਤੇ ਕੰਗਾਲੀ ਦਾ ਸ਼ਿਕਾਰ ਬਣਾਇਆ। 1998 ਵਿਚ ਸਾਥੀ ਹੂਗੋ ਸ਼ਾਵੇਜ ਵਲੋਂ ਇਨ੍ਹਾਂ ਜਨਘਾਤਕ ਨੀਤੀਆਂ ਨੂੰ ਪੁੱਠਾ ਗੇੜਾ ਦਿੰਦੇ ਹੋਏ ਦੁਨੀਆਂ ਭਰ ਦੇ ਲੋਕਾਂ ਸਾਹਮਣੇ ਇਕ ਲੋਕ ਪੱਖੀ ਵਿਕਾਸ ਮਾਡਲ ਪੇਸ਼ ਕੀਤਾ ਗਿਆ ਸੀ, ਨਾਲ ਹੀ ਉਨ੍ਹਾਂ ਨੇ ਇਸ ਮਹਾਂਦੀਪ ਦੇ ਸਮਾਜਵਾਦੀ ਦੇਸ਼, ਕਿਊਬਾ ਜਿਸਨੂੰ ਅਮਰੀਕੀ ਸਾਮਰਾਜ ਨੇ ਅਲੱਗ ਥਲੱਗ ਕਰ ਦਿੱਤਾ ਸੀ ਅਤੇ ਉਹ ਸੋਵੀਅਤ ਯੂਨੀਅਨ ਦੇ ਢਹਿਣ ਬਾਅਦ ਬੜੀ ਮੁਸ਼ਕਲ ਵਿਚ ਫਸਿਆ ਸੀ, ਨਾਲ ਸਬੰਧ ਸਥਾਪਤ ਕਰਕੇ, ਇਸ ਮਹਾਂਦੀਪ ਵਿਚ ਸਾਮਰਾਜ ਨੂੰ ਚੁਣੌਤੀ ਦਿੱਤੀ। ਦੇਖਦਿਆਂ ਹੀ ਦੇਖਦਿਆਂ ਕਈ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਲੋਕ ਪੱਖੀ ਸਰਕਾਰਾਂ ਬਣੀਆਂ ਅਤੇ ਅੱਜ ਲਾਤੀਨੀ ਅਮਰੀਕੀ ਦੇਸ਼ਾਂ ਦੀਆਂ ਕਈ ਵਪਾਰਕ, ਆਰਥਕ ਤੇ ਸਮਾਜਕ ਸੰਸਥਾਵਾਂ ਅਮਰੀਕੀ ਸਾਮਰਾਜ ਦੀਆਂ ਇਸ ਮਹਾਂਦੀਪ ਵਿਚ ਲੋਕ ਵਿਰੋਧੀ ਚਾਲਾਂ ਨੂੰ ਭਾਂਜ ਦਿੰਦਿਆਂ ਹਨ। ਅਮਰੀਕੀ ਸਾਮਰਾਜ ਅਤੇ ਉਸਦੇ ਹੱਥਠੋਕੇ ਇਨ੍ਹਾਂ ਦੇਸ਼ਾਂ ਦੀਆਂ ਲੋਕ ਪੱਖੀ ਸਰਕਾਰਾਂ ਨੂੰ ਅਸਥਿਰ ਕਰਨ ਦਾ ਇਕ ਵੀ ਮੌਕਾ ਨਹੀਂ ਗੁਆਉਂਦੇ। ਅਮਰੀਕਾ ਦੀ ਲੋਕ ਪੱਖੀ ਕਾਰਕੁੰਨ ਈਵਾ ਗੋਲੀਂਗਰ ਮੁਤਾਬਕ ਅਮਰੀਕਾ ਵੈਨਜ਼ੁਏਲਾ ਦੀ ਸਰਕਾਰ ਨੂੰ ਅਸਥਿਰ ਕਰਨ ਹਿੱਤ ਆਪਣੇ ਹਥਠੋਕਿਆਂ ਨੂੰ 100 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਦੇ ਚੁੱਕਾ ਹੈ। 
ਵੈਨਜ਼ੁਏਲਾ ਵਿਚ 12 ਫਰਵਰੀ ਨੂੰ ਸ਼ੁਰੂ ਹੋਏ ਹਿੰਸਕ ਮੁਜ਼ਾਹਰੇ ਦੇਸ਼ ਦੀ ਲੋਕ ਪੱਖੀ ਸਰਕਾਰ ਦਾ ਤਖਤਾ ਪਲਟ ਕਰਨ ਵੱਲ ਇਕ ਕਦਮ ਸਨ। ਇਨ੍ਹਾਂ ਮੁਜਾਹਰਿਆਂ ਦੀ ਅਗਵਾਈ ਧੁਰ ਸੱਜ ਪਿਛਾਖੜੀ ਅਤੇ ਅਮਰੀਕੀ ਸਾਮਰਾਜ ਦੇ ਟਕਸਾਲੀ ਹਥਠੋਕੇ ਲਿਉਪੋਲਡੋ ਲੋਪੇਜ਼ ਅਤੇ ਮਾਰੀਆ ਕੋਰੀਨਾ ਮਾਕਾਡੋ ਕਰ ਰਹੇ ਸਨ। ਇਹ ਦੋਵੇਂ ਹੀ 2002 ਵਿਚ ਅਮਰੀਕੀ ਸਾਮਰਾਜ ਦੀ ਸਰਗਰਮ ਹਿਮਾਇਤ ਨਾਲ ਮਰਹੂਮ ਹੂਗੋ ਸ਼ਾਵੇਜ਼ ਦਾ ਤਖਤਾ ਪਲਟ ਕਰਨ ਵਾਲਿਆਂ ਵਿਚੋਂ ਸਨ, ਜਿਹੜਾ ਕਿ ਨਾਕਾਮ ਰਿਹਾ ਸੀ ਅਤੇ ਦੇਸ਼ ਦੀ ਜਨਤਾ ਦੇ ਵਿਸ਼ਾਲ ਦਬਾਅ ਕਰਕੇ ਕੁੱਝ ਘੰਟੇ ਹੀ ਬਾਅਦ ਸਾਥੀ ਸ਼ਾਵੇਜ਼ ਨੇ ਮੁੜ ਸੱਤਾ ਸਾਂਭ ਲਈ ਸੀ। ਇਹ ਮੁਜ਼ਾਹਰੇ ਮੁੱਖ ਰੂਪ ਵਿਚ ਰਾਜਧਾਨੀ ਦੀਆਂ ਧਨਾਢ ਅਬਾਦੀਆਂ ਅਲਤਾਮੀਰਾ ਆਦਿ ਤੱਕ ਜਾਂ ਫਿਰ ਤਾਰੀਚਾ ਤੇ ਮੇਰੀਡਾ ਵਰਗੇ ਰਾਜਾਂ ਤੱਕ ਸੀਮਤ ਸਨ, ਜਿਨ੍ਹਾਂ ਦੇ ਗਵਰਨਰ ਵਿਰੋਧੀ ਧਿਰ ਦੇ ਹਨ। ਪੂਰੇ ਦੇਸ਼ ਦੀਆਂ 300 ਤੋਂ ਵੱਧ ਮਿਊਨਿਸਪੈਲਟੀਜ਼ ਵਿਚੋਂ ਸਿਰਫ 18 ਹੀ ਇਨ੍ਹਾਂ ਮੁਜ਼ਾਹਰਿਆਂ ਤੋਂ ਪ੍ਰਭਾਵਤ ਸਨ ਅਤੇ ਇਨ੍ਹਾਂ ਸਭ ਦੇ ਹੀ ਮੇਅਰ ਵਿਰੋਧੀ ਧਿਰ ਨਾਲ ਸਬੰਧਤ ਹਨ। ਇਨ੍ਹਾਂ ਮੁਜ਼ਾਹਰਿਆਂ ਦੌਰਾਨ ਹਿੰਸਾ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਵੀ ਬਹੁਤੇ ਸਰਕਾਰ ਪੱਖੀ ਕਾਰਕੁੰਨ ਹਨ। ਇਸ ਹਿੰਸਾ ਦਾ ਸਭ ਤੋਂ ਪਹਿਲਾ ਸ਼ਿਕਾਰ ਪੀ.ਯੂ.ਐਸ.ਵੀ. ਪਾਰਟੀ ਦੇ ਕਾਰਕੁੰਨ ਜੁਆਨ ਮੋਨਤੋਇਆ ਸਨ। ਇਸੇ ਤਰ੍ਹਾਂ ਪੀ.ਯੂ.ਐਸ.ਵੀ. ਦੇ ਇਕ ਸੰਸਦ ਮੈਂਬਰ ਦੇ ਭਰਾ ਅਤੇ ਪੱਤਰਕਾਰ ਅਲੈਕਸਿਸ ਮਾਰਟੀਨੈਜ਼ ਦੀ ਵੀ ਮੁਜ਼ਾਹਰਾਕਾਰੀਆਂ ਵਲੋਂ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ। ਮੁਜ਼ਾਹਰਾਕਾਰੀਆਂ ਵਲੋਂ ਲਾਈਆਂ ਗਈਆਂ ਰੋਕਾਂ ਅਤੇ ਆਵਾਜਾਈ ਰੋਕਣ ਲਈ ਸੜਕਾਂ ਉਤੇ ਸੁੱਟੇ ਗਏ ਤਰਲ ਪਦਾਰਥਾਂ ਕਰਕੇ ਘੱਟੋ ਘੱਟ 6 ਲੋਕਾਂ ਨੂੰ ਆਪਣੀ ਜਾਨ ਤੋਂ  ਹੱਥ ਧੋਣਾ ਪਿਆ। ਇਨ੍ਹਾਂ ਮੁਜ਼ਾਹਰਿਆਂ ਦੌਰਾਨ ਹਥਿਆਰਬੰਦ ਟੋਲਿਆਂ ਨੇ ਹਸਪਤਾਲਾਂ, ਬਿਜਲੀ ਘਰਾਂ, ਸਕੂਲਾਂ, ਵਜਾਰਤਾਂ, ਜਨਤਕ ਅਦਾਰਿਆਂ, ਟੈਲੀਫੋਨ ਐਕਸਚੈਂਜਾਂ, ਇਨਕਲਾਬ ਪੱਖੀ ਪਾਰਟੀਆਂ ਦੇ ਦਫਤਰਾਂ, ਜਨਤਕ ਟਰਾਂਸਪੋਰਟ, ਪੁਲਸ ਸਟੇਸ਼ਨਾਂ, ਯੂਨੀਵਰਸਿਟੀਆਂ, ਹੋਟਲਾਂ ਤੇ ਸੁਪਰ ਮਾਰਕੀਟਾਂ 'ਤੇ ਹਮਲੇ ਕੀਤੇ। ਜਿਨ੍ਹਾਂ ਨਾਲ ਘੱਟੋ ਘੱਟ 10 ਮਿਲੀਅਨ ਬੋਲਵਾਰ ਦੇ ਕਰੀਬ ਨੁਕਸਾਨ ਹੋਇਆ। 25 ਫਰਵਰੀ ਨੂੰ ਕਰਵਾਏ ਗਏ ਇਕ ਸਰਵੇਖਣ ਮੁਤਾਬਕ 81.6 ਫੀਸਦੀ ਵੈਨਜੁਏਲਾ ਵਾਸੀ ਇਨ੍ਹਾਂ ਮੁਜ਼ਾਹਰਿਆਂ ਨੂੰ ਹਿੰਸਕ ਮੰਨਦੇ ਸਨ ਅਤੇ 85 ਫੀਸਦੀ ਲੋਕ ਇਨ੍ਹਾਂ ਵਿਰੁੱਧ ਸਨ। ਅਮਰੀਕੀ ਸਾਮਰਾਜ ਨੇ ਇਨ੍ਹਾਂ ਮੁਜ਼ਾਹਰਿਆਂ ਦੇ ਠੁੱਸ ਹੋਣ 'ਤੇ ਬਹੁਤ ਚੀਕ ਚਿਹਾੜਾ ਪਾਇਆ ਸੀ। ਉਸਦੇ ਵਿਦੇਸ਼ ਮੰਤਰੀ ਜਾਨ ਕੈਰੀ ਨੇ ਇਨ੍ਹਾਂ ਵਿਰੁੱਧ ਸਰਕਾਰ ਦੀ ਕਾਰਵਾਈ ਨੂੰ ''ਲੋਕਾਂ ਵਿਰੁੱਧ ਅੱਤਵਾਦੀ ਮੁਹਿੰਮ'' ਗਰਦਾਨਿਆ ਸੀ। ਇਸਦਾ ਢੁਕਵਾਂ ਜਵਾਬ ਤਾਂ ਕੌਮਾਂਤਰੀ ਪ੍ਰਸਿੱਧੀ ਵਾਲੇ ਅੰਗਰੇਜ਼ੀ ਅਖਬਾਰ 'ਦੀ ਗਾਰਡੀਅਨ' ਵਿਚ 20 ਮਾਰਚ ਨੂੰ ਲੇਖਕ ਮਾਰਕ ਵੀਸਵਰੋਟ ਦਾ ਇਸ ਬਾਰੇ ਲਿਖੇ ਲੇਖ ਦਾ ਸਿਰਲੇਖ ਹੀ ਹੈ ''ਦੀ ਟਰੁਥ ਅਬਾਉਟ ਵੈਨਜ਼ੁਏਲਾ : ਏ ਰੀਵੋਲਟ ਆਫ ਵੈਲ-ਆਫ, ਨੋਟ ਏ ਟੇਰਰ ਕੰਮਪੇਨ'' (ਵੈਨਜੁਏਲਾ ਬਾਰੇ ਸਚ : ਖਾਂਦੇ ਪੀਂਦੇ ਲੋਕਾਂ ਦੀ ਬਗਾਵਤ, ਨਾ ਕਿ ਆਤੰਕ ਮੁਹਿੰਮ)। 
ਹਿੰਸਕ ਮੁਜ਼ਾਹਰਿਆਂ ਨੂੰ ਨਜਿੱਠਣ ਸਮੇਂ ਮਨੁੱਖੀ ਅਧਿਕਾਰਾਂ ਦੀ ਅਖੌਤੀ ਉਲੰਘਣਾ ਦੇ ਜਿਹੜੇ ਦੋਸ਼ ਲਾਏ ਗਏ ਸਨ ਉਨ੍ਹਾਂ ਦੀ ਦੇਸ਼ ਦੇ ਅਟਾਰਨੀ ਜਨਰਲ ਵਲੋਂ ਕੀਤੀ ਗਈ ਪੜਤਾਲ ਬਾਅਦ, ਜਾਰੀ ਰਿਪੋਰਟ ਅਨੁਸਾਰ ਕੁੱਲ 31 ਲੋਕ ਇਸ ਦੌਰਾਨ ਮਾਰੇ ਗਏ ਹਨ। ਜਿਨ੍ਹਾਂ ਵਿਚ 6 ਸੁਰੱਖਿਆ ਬਲਾਂ ਦੇ ਜਵਾਨ ਸਨ। ਜਖਮੀ ਹੋਏ ਕੁਲ 461 ਲੋਕਾਂ ਵਿਚੋਂ 143 ਸੁਰਖਿਆ ਬਲਾਂ ਦੇ ਜਵਾਨ ਸਨ। ਇਸ ਰਿਪੋਰਟ ਅਨੁਸਾਰ ਇਹ ਵੈਨਜੁਏਲਾ 'ਤੇ ਵਿਉਂਤਬੱਧ ਕੌਮਾਂਤਰੀ ਹਮਲਾ ਸੀ। ਮੁਜਾਹਰਿਆਂ ਨੂੰ ਨਜਿੱਠਣ ਦੌਰਾਨ ਹੋਈਆਂ ਪੁਲਸ ਵਧੀਕੀਆਂ ਨੂੰ ਵੀ ਰਿਪੋਰਟ ਵਿਚ ਮੰਨਿਆ ਗਿਆ ਹੈ ਅਤੇ 15 ਅਧਿਕਾਰੀਆਂ ਨੂੰ ਸਜਾਵਾਂ ਦਿੱਤੀਆਂ ਗਈਆਂ ਹਨ। 
ਸਾਥੀ ਮਾਦੂਰੋ ਦੀ ਲੋਕ ਪੱਖੀ ਸਰਕਾਰ ਦਾ ਤਖਤਾ ਪਲਟ ਕਰਨ ਦੀ ਇਸ ਸਾਜਿਸ਼ ਦਾ ਜਵਾਬ ਢੁਕਵੇਂ ਰੂਪ ਵਿਚ ਦਿੰਦੇ ਹੋਏ ਜਨਤਕ ਲਾਮਬੰਦੀ ਕਰਕੇ ਇਨ੍ਹਾਂ ਸਾਮਰਾਜੀ ਹਥਠੋਕਿਆਂ ਵਿਰੁੱਧ ਆਮ ਲੋਕ ਸੜਕਾਂ ਉਤੇ ਆਏ। ਸਾਥੀ ਮਾਦੂਰੋ ਨੇ ਦੇਸ਼ ਦੀ ਰਾਜਧਾਨੀ ਵਿਚ ਹੋਏ ਇਕ ਅਜਿਹੇ ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਦੇਸ਼ ਵਿਰੋਧੀ ਤੱਤਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ''ਜੇਕਰ ਤੁਸੀਂ ਸਾਨੂੰ ਸੜਕਾਂ 'ਤੇ ਦੇਖਣਾ ਚਾਹੁੰਦੇ ਹੋ ਤਾਂ ਅਸੀਂ ਸੜਕਾਂ 'ਤੇ ਆਵਾਂਗੇ। ਅਸੀਂ ਫਾਸ਼ੀਵਾਦ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮੈਨੂੰ ਦੇਸ਼ ਦੇ ਲੋਕਾਂ ਨੇ ਚੁਣਿਆ ਹੈ, ਮੈਂ ਗੱਦੀ ਨਹੀਂ ਛੱਡਾਂਗਾ। ਕੋਈ ਵੀ ਮੈਨੂੰ ਮਰਹੂਮ ਕਮਾਂਤਰ ਸ਼ਾਵੇਜ਼ ਦੇ ਦੇਸ਼ ਵਿਚ ਬੋਲੀਵਾਰ ਇੰਨਕਲਾਬ ਉਸਾਰਨ ਦੇ ਨਿਸ਼ਾਨੇ ਤੋਂ ਰੋਕ ਨਹੀਂ ਸਕੇਗਾ।'' ਦੂਜੇ ਪਾਸੇ ਸਰਕਾਰ ਨੇ ਇਨ੍ਹਾਂ ਮੁਜ਼ਾਹਰਿਆਂ ਲਈ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਭੜਕਾਉਣ ਵਾਲੇ 3 ਅਮਰੀਕੀ ਕੂਟਨੀਤਕਾਂ ਨੂੰ ਦੇਸ਼ ਛੱਡਣ ਦੇ ਆਦੇਸ਼ ਦੇ ਦਿੱਤੇ। ਇਨ੍ਹਾਂ ਮੁਜ਼ਾਹਰਿਆਂ ਦੇ ਮੁੱਖ ਆਗੂ ਲਿਉਪੋਲਡੋ ਲੋਪੇਜ਼ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੁਮਰਾਹ ਹੋਣ ਵਾਲੇ ਮੁਜ਼ਾਹਰਾਕਾਰੀਆਂ ਪ੍ਰਤੀ ਨਰਮੀ ਦਰਸਾਉਂਦੇ ਹੋਏ 120 ਵਿਚੋਂ ਸਿਰਫ 12 ਉਤੇ ਹੀ ਕੇਸ ਦਾਇਰ ਕੀਤੇ ਗਏ ਬਾਕੀਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਸਾਥੀ ਹੂਗੋ ਸ਼ਾਵੇਜ਼ ਦੀ ਪਹਿਲੀ ਬਰਸੀ ਮੌਕੇ ਵੀ ਦੇਸ਼ ਦੀ ਰਾਜਧਾਨੀ ਸਮੇਤ ਸਾਰੇ ਦੇਸ਼ ਵਿਚ ਵਿਸ਼ਾਲ ਇਕੱਠ ਕਰਕੇ ਦੇਸ਼ ਦੀ ਲੋਕ ਪੱਖੀ ਸਰਕਾਰ ਦੀ ਰਾਖੀ ਕਰਨ ਦਾ ਲੋਕਾਂ ਨੇ ਅਹਿਦ ਕੀਤਾ। ਕਾਰਾਕਾਸ ਵਿਚ ਹੋਏ ਸਮਾਗਮ ਵਿਚ ਬੋਲੀਵੀਆ, ਕਿਉਬਾ ਆਦਿ ਹੋਰ ਲੋਕਪੱਖੀ ਸਰਕਾਰਾਂ ਵਾਲੇ ਦੇਸ਼ਾਂ ਦੇ ਆਗੂਆਂ ਨੇ ਵੀ ਭਾਗ ਲਿਆ ਅਤੇ ਵੈਨਜ਼ੁਏਲਾ ਸਰਕਾਰ ਨਾਲ ਇਕਮੁੱਠਤਾ ਪ੍ਰਗਟ ਕੀਤੀ। 
ਸਾਥੀ ਹੂਗੋ ਸ਼ਾਵੇਜ਼ ਦੇ 1998 ਵਿਚ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਤੋਂ ਹੀ ਅਮਰੀਕੀ ਸਾਮਰਾਜ ਆਪਣੇ ਹੱਥਠੋਕਿਆਂ ਰਾਹੀਂ ਵੈਨਜ਼ੁਏਲਾ ਵਿਚ ਕਾਇਮ ਹੋਏ ਲੋਕ ਪੱਖੀ ਨਿਜ਼ਾਮ ਨੂੰ ਖਤਮ ਕਰਨ ਲਈ ਹਰ ਹੱਥਕੰਡਾ ਵਰਤ ਰਿਹਾ ਹੈ। 2002 ਵਿਚ ਉਸਨੇ ਆਪਣੇ ਹੱਥਠੋਕਿਆਂ ਰਾਹੀਂ ਤਖਤਾ ਪਲਟ ਕਰਵਾ ਦਿੱਤਾ ਸੀ ਅਤੇ ਸਾਥੀ ਸ਼ਾਵੇਜ਼ ਨੂੰ ਗ੍ਰਿਫਤਾਰ ਕਰ ਲਿਆ ਸੀ। ਪ੍ਰੰਤੂ ਦੇਸ਼ ਦੀ ਜਨਤਾ ਦੇ ਵੱਡੀ ਤਦਾਦ ਵਿਚ ਪਹੁੰਚਕੇ ਰਾਸ਼ਟਰਪਤੀ ਮਹਿਲ ਦਾ ਘੇਰਾਓ ਕਰ ਲੈਣ ਨਾਲ ਇਹ ਤਖਤਾ ਪਲਟ ਨਾਕਾਮ ਹੋ ਗਿਆ ਸੀ। ਇਸ ਤੋਂ ਬਾਅਦ ਇਕ ਹੋਰ ਸਾਜਸ਼ ਕਰਦੇ ਹੋਏ 2002 ਦੇ ਅੰਤਲੇ ਅਤੇ 2003 ਦੇ ਪਹਿਲੇ ਮਹੀਨਿਆਂ ਵਿਚ ਦੇਸ਼ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਤੇਲ ਸਨਅਤ ਵਿਚ ਹੜਤਾਲ ਕਰਵਾ ਦਿੱਤੀ ਸੀ ਤਾਂਕਿ ਆਰਥਕ ਰੂਪ ਵਿਚ ਦਿਵਾਲੀਆ ਕਰਕੇ ਇਸ ਸਰਕਾਰ ਨੂੰ ਗੱਦੀਓਂ ਲਾਹਿਆ ਜਾ ਸਕੇ। ਪ੍ਰੰਤੂ ਇਸ ਵਿਚ ਵੀ ਬੁਰੀ ਤਰ੍ਹਾਂ ਉਹ ਨਾਕਾਮ ਰਿਹਾ। 2004 ਵਿਚ ਦੇਸ਼ ਭਰ ਵਿਚ ਹਿੰਸਕ ਮੁਜ਼ਾਹਰੇ ਕਰਵਾਏ ਗਏ ਜਿਨ੍ਹਾਂ ਵਿਚ 13 ਲੋਕ ਮਾਰੇ ਗਏ ਸਨ। ਉਸੇ ਸਾਲ ਰਾਸ਼ਟਰਪਤੀ ਸ਼ਾਵੇਜ਼ ਨੂੰ ਅਹੁਦੇ ਤੋਂ ਲਾਹੁਣ ਲਈ ਭਾਵ ਸੰਵਿਧਾਨ ਮੁਤਾਬਕ ਵਾਪਸ ਬੁਲਾਉਣ ਲਈ (ਞਜਪੀਵ ਵਰ ਞਕਫ਼;;) ਵਿਰੋਧੀ ਧਿਰ ਵਲੋਂ ਮਤਾ ਲਿਆਇਆ ਗਿਆ। ਜਿਸ ਉਤੇ ਹੋਈ ਰਾਏਸ਼ੁਮਾਰੀ ਵਿਚ ਸਾਥੀ ਸ਼ਾਵੇਜ਼ ਦੀ ਜਿੱਤ ਹੋਈ ਅਤੇ ਸਾਮਰਾਜੀ ਹਥਠੋਕਿਆਂ ਨੂੰ ਮੂੰਹ ਦੀ ਖਾਣੀ ਪਈ। ਆਪਣੇ ਕਾਰਜਕਾਲ ਦੌਰਾਨ ਸਾਥੀ ਸ਼ਾਵੇਜ਼ ਨੇ ਦਰਜ਼ਨਾਂ ਵਾਰ ਜਨਤਕ ਰਾਏਸ਼ੁਮਾਰੀਆਂ ਅਤੇ ਚੋਣਾਂ ਰਾਹੀਂ ਵਾਰ ਵਾਰ ਲੋਕਾਂ ਦਾ ਵਿਸ਼ਵਾਸ ਹਾਸਲ ਕਰਦੇ ਹੋਏ ਆਪਣੇ ਵਿਰੋਧੀਆਂ ਨੂੰ ਮਾਤ ਦਿੱਤੀ। 
ਮਾਰਚ 2013 ਦੇ ਸ਼ੁਰੂ ਵਿਚ ਸਾਥੀ ਹੂਗੋ ਸ਼ਾਵੇਜ਼ ਦਾ ਕੈਂਸਰ ਨਾਲ ਦਿਹਾਂਤ ਹੋ ਜਾਣ ਤੋਂ ਬਾਅਦ ਸਾਮਰਾਜ ਸਮਰਥਕ ਵਿਰੋਧੀ ਧਿਰਾਂ ਨੂੰ ਮੁੜ ਇਕ ਵਾਰ ਆਸ ਬੱਝੀ। ਉਨ੍ਹਾਂ ਲੋਕ ਪੱਖੀ ਸ਼ਕਤੀਆਂ ਨੂੰ ਭਾਂਜ ਦੇਣ ਦੀ ਆਪਣੀ ਮੁਹਿੰਮ ਇਕ ਵਾਰ ਫੇਰ ਤੇਜ ਕਰ ਦਿੱਤੀ। ਅਪ੍ਰੈਲ 2014 ਵਿਚ ਹੋਈ ਰਾਸ਼ਟਰਪਤੀ ਚੋਣ ਵਿਚ ਸਾਥੀ ਮਾਦੂਰੋ ਜਿੱਤ ਤਾਂ ਗਏ ਪ੍ਰੰਤੂ ਉਨ੍ਹਾਂ ਦੀ ਜਿੱਤ ਦਾ ਅੰਤਰ ਸਿਰਫ 1.5% ਹੀ ਰਹਿ ਗਿਆ। ਉਨ੍ਹਾਂ ਵਿਰੁੱਧ ਬਣੇ ਫਰੰਟ ਐਮ.ਯੂ.ਡੀ. ਦੇ ਉਮੀਦਵਾਰ ਹੈਨਰਿਕ ਕੈਪਰਿਲਜ ਨੇ ਇਨ੍ਹਾਂ ਚੋਣਾਂ ਨੂੰ ਪਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਦੇਸ਼ ਵਿਚ ਮੁਜ਼ਾਹਰੇ ਸ਼ੁਰੂ ਕਰ ਦਿੱਤੇ। ਚੋਣ ਕਮਿਸ਼ਨ ਵਲੋਂ ਮੁੜ ਪੜਤਾਲ ਕਰਨ ਤੋਂ ਬਾਅਦ ਵਿਰੋਧੀ ਧਿਰ ਦਾ ਦਾਅਵਾ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੇਸ਼ ਭਰ ਵਿਚ ਸਾਮਰਾਜ ਦੇ ਹੱਥਠੋਕੇ ਅਨਸਰਾਂ ਅਤੇ ਸਰਕਾਰ ਦੇ ਲੋਕਪੱਖੀ ਪੈਂਤੜੇ ਤੋਂ ਦੁਖੀ ਧਨਾਢਾਂ ਨੇ ਹਰ ਹੱਥਕੰਡਾ ਅਪਨਾਉਣਾ ਸ਼ੁਰੂ ਕਰ ਦਿੱਤਾ। ਮੀਡੀਆ, ਜਿਹੜਾ ਕਿ ਮੁਖ ਰੂਪ ਵਿਚ ਸਰਮਾਏਦਾਰਾਂ ਦੇ ਹੱਥਾਂ ਵਿਚ ਹੈ, ਵਲੋਂ ਜ਼ਹਿਰੀਲੀ ਮੁਹਿੰਮ ਦੇ ਨਾਲ ਨਾਲ ਵਪਾਰੀਆਂ ਤੇ ਸਨਅਤਕਾਰਾਂ ਦੇ ਇਕ ਹਿੱਸੇ ਵਲੋਂ ਜਮਾਖੋਰੀ ਕਰਕੇ ਵਸਤਾਂ ਦੀ ਬਨਾਉਟੀ ਥੁੜ ਪੈਦਾ ਕਰਦੇ ਕੀਮਤਾਂ ਵਧਾਉਣੀਆਂ, ਵਿਦੇਸ਼ੀ ਮੁਦਰਾ ਦੀ ਸੱਟਾਬਾਜਾਰੀ, ਇਥੋਂ ਤੱਕ ਕਿ ਬਿਜਲੀ ਪ੍ਰਬੰਧ ਵਿਚ ਅੜਿਕੇ ਖੜੇ ਕਰਕੇ ਬਲੈਕ ਆਊਟ ਵਰਗੀਆਂ ਘਿਰਣਤ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਇਨ੍ਹਾਂ ਨੂੰ ਨਜਿੱਠਣ ਲਈ ਸਖਤ ਕਾਨੂੰਨ ਲਿਆਉਂਦੇ ਹਨ। ਨਵੰਬਰ 2013 ਵਿਚ ਰਾਸ਼ਟਰਪਤੀ ਮਾਦੂਰੋ ਨੇ ਸੰਸਦ ਤੋਂ ਸ਼ਕਤੀਆਂ ਹਾਸਲ ਕਰਕੇ ਕੀਮਤਾਂ ਅੱਧੀਆਂ ਕਰਨ ਅਤੇ ਵਿਦੇਸ਼ੀ ਮੁਦਰਾ ਦੀ ਸੱਟੇਬਾਜਾਰੀ ਵਿਰੁੱਧ ਆਦੇਸ਼ ਜਾਰੀ ਕੀਤੇ। ਉਨ੍ਹਾਂ ਨਾਲ ਹੀ ਕੌਮੀ ਗਾਰਡ ਨੂੰ ਹਿਦਾਇਤਾਂ ਕਰਕੇ ਵੱਡੀ ਪੱਧਰ 'ਤੇ ਜਮਾਖੋਰੀ ਕਰਕੇ ਰੱਖੀਆਂ ਵਸਤਾਂ ਨੂੰ ਕਬਜ਼ੇ ਵਿਚ ਲੈ ਕੇ ਦੇਸ਼ ਦੇ ਆਮ ਲੋਕਾਂ ਨੂੰ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਅਤੇ ਇਸੇ ਤਰ੍ਹਾਂ ਵਿਦੇਸ਼ੀ ਮੁਦਰਾ ਦੀ ਸੱਟੇਬਾਜ਼ੀ 'ਤੇ ਵੀ ਰੋਕ ਲਾਈ ਇਸ ਤਰ੍ਹਾਂ ਕਾਫੀ ਹੱਦ ਤੱਕ ਉਹ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਿਚ ਸਫਲ ਰਹੇ।
ਦਸੰਬਰ 2013 ਵਿਚ ਦੇਸ਼ ਵਿਚ ਮਿਊਨਿਸਪਲ ਚੋਣਾਂ ਹੋਈਆਂ ਸਨ। ਵਿਰੋਧੀ ਧਿਰ ਵਲੋਂ ਇਨ੍ਹਾਂ ਚੋਣਾਂ ਨੂੰ ਰਾਏਸ਼ੁਮਾਰੀ ਕਹਿੰਦੇ ਹੋਏ ਸਾਥੀ ਮਾਦੂਰੋ ਨੂੰ ਚਣੌਤੀ ਦਿੱਤੀ ਸੀ। ਇਨ੍ਹਾਂ ਚੋਣਾਂ ਵਿਚ ਸਾਥੀ ਮਾਦੂਰੋ ਦੀ ਪਾਰਟੀ ਪੀ.ਯੂ.ਐਸ.ਵੀ. ਤੇ ਸਹਿਯੋਗੀਆਂ ਨੇ 242 ਮਿਊਨਿਸਪੈਲਟੀਆਂ ਵਿਚ ਜਿੱਤ ਹਾਸਲ ਕੀਤੀ ਜਦੋਂਕਿ ਵਿਰੋਧੀ ਪਾਰਟੀਆਂ ਦੇ ਮੋਰਚੇ ਐਮ.ਯੂ.ਡੀ. ਨੂੰ ਸਿਰਫ 75 ਮਿਊਨਿਸਪੈਲਟੀਆਂ 'ਤੇ ਹੀ ਜਿੱਤ ਹਾਸਲ ਹੋ ਸਕੀ। ਇਸ ਤਰ੍ਹਾਂ ਰਾਸ਼ਟਰਪਤੀ ਚੋਣ ਵਿਚ ਸਾਥੀ ਮਾਦੂਰੋ ਦੀ 1.5% ਦੀ ਬੜ੍ਹਤ ਇਨ੍ਹਾਂ ਚੋਣਾਂ ਵਿਚ ਵੱਧਕੇ 10% ਹੋ ਗਈ। ਵਿਰੋਧੀ ਧਿਰ ਵਲੋਂ ਹੀ ਰਾਏਸ਼ੁਮਾਰੀ ਗਰਦਾਨੀਆਂ ਗਈਆਂ ਇਨ੍ਹਾਂ ਚੋਣਾਂ ਵਿਚ ਸਾਮਰਾਜ ਪੱਖੀ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ। 
ਅਸਲ ਵਿਚ ਸਾਥੀ ਸ਼ਾਵੇਜ਼ ਵਲੋਂ 1998 ਵਿਚ ਸੱਤਾ ਸੰਭਾਲਣ ਤੋਂ ਪਹਿਲਾਂ ਲਗਾਤਾਰ 40 ਸਾਲਾਂ ਤੱਕ ਜਿੰਨੀਆਂ ਵੀ ਸਰਕਾਰਾਂ ਰਹੀਆਂ ਸਭ ਦੀ ਬਾਗਡੋਰ ਅਮਰੀਕਾ ਪੱਖੀ ਰਾਜਨੀਤੀਵਾਨਾਂ ਦੇ ਹੱਥ ਵਿਚ ਰਹੀ। ਜਿਨ੍ਹਾਂ ਆਪ ਵੀ ਰੱਜਕੇ ਭਰਿਸ਼ਟਾਚਾਰ ਕੀਤਾ ਅਤੇ ਕੁਦਰਤੀ ਵਸੀਲਿਆਂ ਨਾਲ ਜਰਖੇਜ਼ ਇਸ ਦੇਸ਼ ਨੂੰ ਲੁੱਟਣ ਦੀ ਸਾਮਰਾਜੀ ਦੇਸ਼ਾਂ ਦੀਆਂ ਬਹੁਕੌਮੀ ਕੰਪਨੀਆਂ ਨੂੰ ਵੀ ਖੁੱਲ੍ਹੀ ਛੁੱਟੀ ਦਿੱਤੀ। ਜਿਸ ਨਾਲ ਆਮ ਲੋਕਾਂ ਨੂੰ ਭੁੱਖ ਤੇ ਕੰਗਾਲੀ ਤੋਂ ਬਿਨਾਂ ਕੁੱਝ ਨਹੀਂ ਮਿਲਿਆ। ਸਾਥੀ ਸ਼ਾਵੇਜ਼ ਨੇ ਸੱਤਾ ਸੰਭਾਲਣ ਤੋਂ ਬਾਅਦ ਨਵਉਦਾਰਵਾਦੀ ਆਰਥਕ ਨੀਤੀਆਂ ਨੂੰ ਉਲਟਦੇ ਹੋਏ ਦੇਸ਼ ਦੇ ਤੇਲ ਦੇ ਜਖੀਰਿਆਂ ਤੋਂ ਹੋਣ ਵਾਲੀ ਆਮਦਨ ਨੂੰ ਲੋਕਾਂ ਦੇ ਕਲਿਆਣ ਲਈ ਖਰਚਣਾ ਸ਼ੁਰੂ ਕੀਤਾ। ਇਸ ਨਾਲ ਦੇਸ਼ ਦੇ ਲੋਕਾਂ ਦਾ ਕਾਇਆ ਕਲਪ ਹੋ ਗਿਆ। 1999-2012 ਦੇ ਦੌਰਾਨ ਹੀ ਗਰੀਬ ਪਰਿਵਾਰਾਂ ਦੀ ਗਿਣਤੀ 42.8 ਫੀਸਦੀ ਤੋਂ ਘਟਕੇ 26.7 ਫੀਸਦੀ ਰਹਿ ਗਈ ਭਾਵ 37.6 ਫੀਸਦੀ ਦੀ ਕਮੀ। ਅੱਤ ਦੇ ਗਰੀਬ ਟੱਬਰ 16.6% ਤੋਂ ਘੱਟਕੇ 7 ਫੀਸਦੀ ਰਹਿ ਗਏ ਭਾਵ 57.8 ਫੀਸਦੀ ਦੀ ਕਮੀ। ਇਸੇ ਤਰ੍ਹਾਂ ਸਿੱਖਿਆ, ਸਿਹਤ ਅਤੇ ਹੋਰ ਜਨਤਕ ਸਹੂਲਤਾਂ ਦੇ ਮਾਮਲੇ ਵਿਚ ਵਿਆਪਕ ਪੱਧਰ 'ਤੇ ਲੋਕ ਪੱਖੀ ਸੁਧਾਰ ਕੀਤੇ। ਇਸ ਨਾਲ ਲੋਕਾਂ ਦਾ ਸਰਕਾਰ ਵਿਚ ਭਰੋਸਾ ਪੈਦਾ ਹੋਇਆ ਅਤੇ ਸਰਕਾਰ ਤੇ ਪਾਰਟੀ ਨੇ ਧੁਰ ਥੱਲੇ ਤੱਕ ਭਾਈਚਾਰਕ ਕੌਂਸਲਾਂ, ਕਮਿਊਨਾਂ, ਭਾਈਚਾਰਕ ਮੀਡੀਆ, ਕੋਆਪਰੇਟਿਵਾਂ ਤੇ ਫੈਕਟਰੀਆਂ ਵਿਚ ਜਥੇਬੰਦੀਆਂ ਬਣਾਈਆਂ ਜਿਹੜੀਆਂ ਕਿ ਇਸ ਲੋਕ ਪੱਖੀ ਸਰਕਾਰ ਦੀ ਰੀੜ੍ਹ ਦੀ ਹੱਡੀ ਬਣੀਆਂ। 
ਅਮਰੀਕੀ ਸਾਮਰਾਜ ਅਤੇ ਇਸਦੇ ਹੱਥਠੋਕੇ ਰਾਜਨੀਤੀਵਾਨਾਂ ਨੂੰ ਲਗਭਗ ਪੱਕਾ ਲੱਗ ਰਿਹਾ ਹੈ ਕਿ ਉਹ ਜਮਹੂਰੀ ਢੰਗ ਨਾਲ ਇਸ ਲੋਕ ਪੱਖੀ ਸਰਕਾਰ ਨੂੰ ਭਾਂਜ ਨਹੀਂ ਦੇ ਸਕਦੇ। ਉਨ੍ਹਾਂ ਨੂੰ ਸਪੱਸ਼ਟ ਦਿਸ ਰਿਹਾ ਹੈ ਕਿ ਡੇਢ ਸਾਲ ਬਾਅਦ ਦੇਸ਼ ਦੀ ਸੰਸਦ ਲਈ ਚੋਣਾਂ ਹੋਣੀਆਂ ਹਨ। ਉਨ੍ਹਾਂ ਵਿਚ ਵੀ ਮੂੰਹ ਦੀ ਖਾਣੀ ਪਵੇਗੀ। ਇਸ ਲਈ ਆਪਣੀ ਰਣਨੀਤੀ ਤਬਦੀਲ ਕਰਦੇ ਹੋਏ ਵਿਰੋਧੀ ਧਿਰ ਦੀ ਅਗਵਾਈ ਹੇਨਰਿਕ ਕੈਪਰਿਲਜ ਵਰਗੇ ਨਰਮ ਪੱਖੀ ਆਗੂ ਤੋਂ ਖੋਹਕੇ 2002 ਦੇ ਤਖਤਾ ਪਲਟ ਦੇ ਸਮੇਂ ਅਮਰੀਕੀ ਸਾਮਰਾਜ ਦੇ ਚਹੇਤਿਆਂ ਲਿਓਪੋਲਡੋ ਲੋਪੇਜ਼ ਅਤੇ ਮਾਰੀਆ ਕੋਰੀਨਾ ਮਾਕਾਡੋ ਦੇ ਹੱਥ ਵਿਚ ਦਿੱਤੀ ਹੈ। 
ਵੈਨਜ਼ੁਏਲਾ ਦੀ ਨਿਕੋਲਸ ਮਾਦੂਰੋ ਸਰਕਾਰ ਕੌਮਾਂਤਰੀ ਪੱਧਰ 'ਤੇ ਵੀ ਅਮਰੀਕੀ ਸਾਮਰਾਜ ਵਲੋਂ ਇਸਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦੇ ਮੁੱਦੇ ਨੂੰ ਉਠਾ ਰਹੀ ਹੈ। ਲਾਤੀਨੀ ਅਮਰੀਕੀ ਦੇਸ਼ਾਂ ਦੀ ਜਥੇਬੰਦੀ 'ਯੁਨਾਸੁਰ' ਨੇ ਇਸਦੀ ਨਿੰਦਾ ਕੀਤੀ ਹੈ। ਅਮਰੀਕਾ ਦੀ ਪਹਿਲ ਉਤੇ ਬਣੀ ਸਹਿਯੋਗ ਜਥੇਬੰਦੀ 'ਆਰਗੇਨਾਇਜੇਸ਼ਨ ਆਫ ਅਮੇਰੀਕਨ ਸਟੇਟਸ' ਨੇ ਵੀ ਹਾਲੀਆ ਹਿੰਸਕ ਅੰਦੋਲਨ ਦੀ ਆਗੂ ਮਾਰੀਆ ਕੋਰੀਨਾ ਮਾਕਾਡੋ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਜਥੇਬੰਦੀ ਦੀ ਵਾਸ਼ਿੰਗਟਨ ਵਿਚ ਹੋਈ ਮੀਟਿੰਗ ਵਿਚ 22 ਦੇਸ਼ਾਂ ਨੇ ਮਾਕਾਡੋ ਨੂੰ ਸੁਣਨ ਵਿਰੁਧ ਵੋਟ ਪਾਇਆ, ਅਮਰੀਕਾ, ਕਨਾਡਾ ਤੇ ਪਨਾਮਾ ਨੇ ਹੱਕ ਵਿਚ ਅਤੇ 9 ਦੇਸ਼ ਗੈਰ ਹਾਜ਼ਰ ਰਹੇ। ਇਸ ਤਰ੍ਹਾਂ ਅਮਰੀਕੀ ਸਾਮਰਾਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 
ਵੈਨਜ਼ੁਏਲਾ ਦੇ ਧਨਾਢ ਅਤੇ ਅਮਰੀਕੀ ਸਾਮਰਾਜ ਦੇਸ਼ ਦੇ ਲੋਕਾਂ ਦੇ ਕਲਿਆਣ ਲਈ ਚੁੱਕੇ ਗਏ ਆਰਥਕ ਤੇ ਸਮਾਜਕ ਕਦਮਾਂ ਦਾ ਖੁਰਾ ਖੋਜ ਮਿਟਾਉਣ ਲਈ ਵਾਰ ਵਾਰ ਹਮਲੇ ਕਰਨਗੇ ਤਾਂਕਿ ਪੂੰਜੀਪਤੀਆਂ ਦੇ ਹੱਕਾਂ ਹਿੱਤਾਂ ਦੀ ਬਹਾਲੀ ਕੀਤੀ ਜਾ ਸਕੇ। ਕਿਉਂਕਿ ਸਾਥੀ ਸ਼ਾਵੇਜ਼ ਵਲੋਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਚੁਣੌਤੀ ਦੇ ਕੇ ਕਾਇਮ ਕੀਤਾ ਗਿਆ ਵਿਕਾਸ ਦਾ ਲੋਕਪੱਖੀ ਸਮਾਜਕ ਤੇ ਆਰਥਕ ਮਾਡਲ ਲਾਤੀਨੀ ਅਮਰੀਕਾ ਹੀ ਨਹੀਂ ਬਲਕਿ ਸਮੁੱਚੀ ਦੁਨੀਆਂ ਦੇ ਲੋਕਾਂ ਲਈ ਚਾਨਣ ਮੁਨਾਰਾ ਹੈ। ਇਸ ਲਈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠੇ ਹਰ ਲੋਕਪੱਖੀ ਜਮਹੂਰੀਅਤ ਦੇ ਅਲੰਬਰਦਾਰ ਦਾ ਫਰਜ ਬਣਦਾ ਹੈ ਕਿ ਉਹ ਅਮਰੀਕੀ ਸਾਮਰਾਜ ਦੀਆਂ ਇਨ੍ਹਾਂ ਚਾਲਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਵੈਨਜ਼ੁਏਲਾ ਵਿਚ ਆਰੰਭ ਕੀਤੇ ਗਏ ਬੋਲੀਵਾਰੀਅਨ ਇਨਕਲਾਬ ਦੀ ਰਾਖੀ ਕਰੇ। 
ਸਾਥੀ ਮਾਦੂਰੋ ਨੇ 26 ਮਾਰਚ ਨੂੰ ਲਾਤੀਨੀ ਅਮਰੀਕਾ ਦੇਸ਼ਾਂ ਦੇ ਆਗੂਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 25 ਮਾਰਚ ਨੂੰ ਦੇਸ਼ ਦੀ ਹਵਾਈ ਫੌਜ ਦੇ ਤਿੰਨ ਜਰਨੈਲਾਂ ਨੂੰ ਇਸ ਤਖਤਾ ਪਲਟ ਦੀ ਨਾਕਾਮ ਸਾਜਿਸ਼ ਵਿਚ ਸ਼ਾਮਲ ਹੋਣ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।          (28.3.2014)


ਏਲ-ਸਲਵਾਡੋਰ ਵਿਚ ਖੱਬੇ ਪੱਖੀ ਆਗੂ ਚੁਣੇ ਗਏ ਰਾਸ਼ਟਰਪਤੀ

ਲਾਤੀਨੀ ਅਮਰੀਕਾ ਮਹਾਂਦੀਪ ਦੇ ਦੇਸ਼ ਏਲ-ਸਲਵਾਡੋਰ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਖੱਬੇ ਪੱਖੀ ਸਾਬਕਾ ਗੱਰੀਲੇ ਸਲਵਾਡੋਰ ਸਾਂਚੇਜ ਕੇਰੇਨ ਨੇ ਆਪਣੇ ਵਿਰੋਧੀ ਸਜਪਿਛਾਖੜੀ ਪਾਰਟੀ ਨੈਸ਼ਨਲਿਸਟ ਰਿਪਬਲਿਕਨ ਅਲਾਇੰਸ ਪਾਰਟੀ ਦੇ ਉਮੀਦਵਾਰ ਨੋਰਮਨ ਕੁਈਜਾਨੋ ਨੂੰ ਹਰਾਇਆ। ਰਾਸ਼ਟਰਪਤੀ ਚੁਣੇ ਗਏ ਕੇਰੇਨ, ਫਾਰਾਬੰਡੋ ਨੈਸ਼ਨਲ ਲਿਬਰੇਸ਼ਨ ਫਰੰਟ (ਐਫ.ਐਮ.ਐਲ.ਐਨ.) ਦੇ ਉਮੀਦਵਾਰ ਸਨ। ਉਨ੍ਹਾਂ ਨੇ ਇਹ ਜਿੱਤ ਬਹੁਤ ਹੀ ਘੱਟ ਅੰਤਰ ਨਾਲ ਹਾਸਲ ਕੀਤੀ ਹੈ। ਉਨ੍ਹਾਂ ਨੂੰ ਕੁਲ ਪਏ 30 ਲੱਖ ਵੋਟਾਂ ਵਿਚੋਂ 50.1% ਅਤੇ ਵਿਰੋਧੀ ਨੂੰ 49.9%  ਵੋਟ ਪਏ ਹਨ। ਇਸ ਤੋਂ ਪਹਿਲਾਂ ਹੋਈ ਰਾਸ਼ਟਰਪਤੀ ਚੋਣ ਵਿਚ ਵੀ ਜਿੱਤੇ ਰਾਸ਼ਟਰਪਤੀ ਮੌਰੀਸਿਉ ਫੂਨਜ਼ ਇਕ ਪੱਤਰਕਾਰ ਸਨ ਅਤੇ ਉਨ੍ਹਾਂ ਨੂੰ ਐਫ.ਐਮ.ਐਨ.ਐਲ. ਦੀ ਹਿਮਾਇਤ ਹਾਸਲ ਸੀ। ਹੁਣ ਚੁਣੇ ਗਏ ਰਾਸ਼ਟਰਪਤੀ ਕੇਰੇਨ ਉਨ੍ਹਾਂ ਨਾਲ ਉਪ-ਰਾਸ਼ਟਰਪਤੀ ਸਨ। 

No comments:

Post a Comment