Sunday, 6 April 2014

23 ਮਾਰਚ ਦਾ ਸ਼ਹੀਦੀ ਸਮਾਗਮ ਖੱਬੀਆਂ ਪਾਰਟੀਆਂ ਵਲੋਂ ਸਾਂਝੀ ਸਟੇਜ ਤੋਂ ਸ਼ਰਧਾਂਜਲੀਆਂ

23 ਮਾਰਚ ਦਾ ਦਿਨ ਸਾਰੇ ਭਾਰਤ ਖਾਸਕਰ ਪੰਜਾਬੀਆਂ ਲਈ ਬਹੁਤ ਅਹਿਮੀਅਤ ਰੱਖਦਾ ਹੈ। 23 ਮਾਰਚ ਆਉਂਦਿਆਂ ਹੀ ਤਿੰਨ ਮਤਵਾਲਿਆਂ ਦੀਆਂ ਤਸਵੀਰਾਂ ਸਾਹਮਣੇ ਆ ਖੜ੍ਹਦੀਆਂ ਹਨ, ਸ਼ਹੀਦ-ਇ-ਆਜ਼ਮ ਭਗਤ ਸਿੰਘ, ਉਨ੍ਹਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ। ਤਿੰਨਾਂ ਨੂੰ ਬਰਤਾਨਵੀ ਸਾਮਰਾਜ ਦੀ ਹਕੂਮਤ ਨੇ 23 ਮਾਰਚ 1931 ਨੂੰ ਫਾਂਸੀ 'ਤੇ ਲਟਕਾ ਦਿੱਤਾ ਸੀ ਤੇ ਹੁਸੈਨੀਵਾਲਾ ਦੇ ਕੋਲ ਸਤਲੁਜ ਦੇ ਕੰਢੇ ਲਾਸ਼ਾਂ ਦੇ ਸੰਸਕਾਰ ਦੀ ਰਸਮ ਨਿਭਾ ਕੇ ਸ਼ਹੀਦਾਂ ਦਾ ਖੁਰਾਖੋਜ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦਿਨ ਸ਼ਹੀਦ-ਇ-ਆਜ਼ਮ ਦਾ ਜੱਦੀ ਪਿੰਡ ਖਟਕੜ ਕਲਾਂ ਅਤੇ ਹੁਸੈਨੀਵਾਲਾ (ਫਿਰੋਜ਼ਪੁਰ) ਸਮੁੱਚੇ ਭਾਰਤ ਵਾਸੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਜਾਂਦੇ ਹਨ। ਖਟਕੜ ਕਲਾਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਹੋਣ ਕਾਰਨ ਹਮੇਸ਼ਾਂ ਹੀ ਖਿੱਚ ਦਾ ਕੇਂਦਰ ਰਿਹਾ ਹੈ ਹਰ 23 ਮਾਰਚ ਨੂੰ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ। ਵੱਖ ਵੱਖ ਪਾਰਟੀਆਂ, ਜਥੇਬੰਦੀਆਂ ਆਪੋ ਆਪਣੀਆਂ ਸਟੇਜਾਂ ਤੋਂ ਸ਼ਹੀਦਾਂ ਨੂੰ ਆਪੋ ਆਪਣੇ ਢੰਗ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਇਹ ਮੇਲਾ ਇਸ ਸਾਲ ਵੀ ਲੱਗਿਆ ਪਰ ਇਸ ਸਾਲ ਇਹ ਮੇਲਾ ਇਕ ਵੱਖਰਾ ਮੁਕਾਮ ਹਾਸਲ ਕਰ ਗਿਆ। ਇਸ ਵਾਰ ਇਹ ਪਹਿਲੀ ਵਾਰ ਹੋਇਆ ਕਿ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ(ਐਮ), ਸੀ.ਪੀ.ਆਈ., ਸੀ.ਪੀ.ਐਮ. ਪੰਜਾਬ ਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨੇ ਇਕ ਹੀ ਸਟੇਜ ਤੋਂ ਸ਼ਹੀਦ-ਇ-ਆਜ਼ਮ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਖੱਬੀ ਲਹਿਰ ਦੇ ਸਮਰਥਕਾਂ ਦੀ ਚਿਰਾਂ ਤੋਂ ਇਹ ਦਿਲੀ ਇੱਛਾ ਹੈ ਕਿ ਖੱਬੀਆਂ ਪਾਰਟੀਆਂ ਆਪਣੇ ਵਿਚਾਰਧਾਰਕ ਮਤਭੇਦਾਂ ਨੂੰ ਕਾਇਮ ਰੱਖਦਿਆਂ ਇਕ ਘੱਟੋ ਘੱਟ ਸਾਂਝੇ ਪ੍ਰੋਗਰਾਮ 'ਤੇ ਜ਼ਰੂਰ ਇਕੱਠੀਆਂ ਹੋਣ। ਖੱਬੇ ਪੱਖੀ ਹਲਕਿਆਂ ਵਿਚ ਖਟਕੜ ਕਲਾਂ ਦੀ ਇਸ ਸ਼ਹੀਦੀ ਰੈਲੀ ਨੂੰ ਇਕ ਸ਼ੁਭ ਸ਼ਗੁਨ ਮੰਨਿਆ ਗਿਆ ਹੈ। 
ਸਰਵਸਾਥੀ ਕਪੂਰ ਸਿੰਘ ਜਾਡਲੀ (ਸੀ.ਪੀ.ਆਈ.), ਸੋਹਣ ਸਿੰਘ ਸਲੇਮਪੁਰੀ (ਸੀ.ਪੀ.ਐਮ. ਪੰਜਾਬ) ਅਤੇ ਬਲਬੀਰ ਸਿੰਘ ਜਾਡਲਾ (ਸੀ.ਪੀ.ਆਈ.ਐਮ.) ਦੇ ਪ੍ਰਧਾਨਗੀ ਮੰਡਲ ਦੀ ਦੇਖ ਰੇਖ ਹੇਠ ਹੋਈ ਇਸ ਰੈਲੀ ਨੂੰ ਹੁੰਗਾਰਾ ਵੀ ਜਬਰਦਸਤ ਮਿਲਿਆ। ਦੂਰ ਦੂਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਆਏ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ ਤੇ ਮੁਲਾਜ਼ਮਾਂ ਨੇ ਇਸ ਰੈਲੀ ਵਿਚ ਹਿੱਸਾ ਲਿਆ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਜਾਤ-ਪਾਤ ਦੇ ਵਿਤਕਰੇ ਅਤੇ ਜਮਾਤਾਂ ਤੋਂ ਰਹਿਤ ਇਕ ਨਵੇਂ ਨਿਜ਼ਾਮ ਵਾਲੇ ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਅਹਿਦ ਵੀ ਲਿਆ। 
ਇਸ ਵਿਸ਼ਾਲ ਰੈਲੀ ਨੂੰ ਸੀ.ਪੀ.ਆਈ.(ਐਮ) ਦੀ ਪੋਲਿਟ ਬਿਊਰੋ ਮੈਂਬਰ ਵਰਿੰਦਾ ਕਰਾਤ, ਸੂਬਾ ਸਕੱਤਰੇਤ ਮੈਂਬਰ ਸਾਥੀ ਰਘੂਨਾਥ ਸਿੰਘ, ਸੀ.ਪੀ.ਆਈ. ਦੇ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ, ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਸਕੱਤਰੇਤ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਤੋਂ ਇਲਾਵਾ ਸੀ.ਪੀ.ਆਈ.(ਐਮ) ਦੇ ਬਲਬੀਰ ਸਿੰਘ ਜਾਡਲਾ ਨੇ ਵੀ ਸੰਬੋਧਨ ਕੀਤਾ। 
ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ਕਿ ਆਜ਼ਾਦੀ ਦੇ 67 ਸਾਲ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਅਜੇ ਅਧੂਰੇ ਹਨ। ਦੇਸ਼ ਦੀ 70ਫੀਸਦੀ ਆਬਾਦੀ ਵੀਹ ਰੁਪਏ ਦਿਹਾੜੀ 'ਤੇ ਦਿਨ ਕਟੀ ਕਰਨ ਲਈ ਮਜ਼ਬੂਰ ਹੈ। ਸਿੱਖਿਆ, ਸਿਹਤ ਤੇ ਇਲਾਜ ਵਰਗੀਆਂ ਬੁਨਿਆਦੀ ਸਹੂਲਤਾਂ ਸਧਾਰਨ ਆਦਮੀ ਦੀ ਪਹੁੰਚ ਤੋਂ ਬਾਹਰ ਚਲੀਆਂ ਗਈਆਂ ਹਨ। ਲੋਕ ਪੀਣ ਵਾਲੇ ਸਾਫ ਪਾਣੀ ਤੱਕ ਲਈ ਤਰਸ ਰਹੇ ਹਨ। ਦੇਸ਼ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬ ਕੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਕਾਰਖਾਨਿਆਂ 'ਚ ਕਿਰਤ ਕਾਨੂੰਨਾਂ ਦੀ ਸਰੇਆਮ ਉਲੰਘਣਾ ਹੋ ਰਹੀ ਹੈ ਪਰ ਪੁੱਛਣ ਵਾਲਾ ਕੋਈ ਨਹੀਂ। ਪੜ੍ਹਲਿਖ ਕੇ ਰੁਜ਼ਗਾਰ ਦੀ ਮੰਗ ਕਰਦੇ ਨੌਜਵਾਨਾਂ ਨੂੰ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਹਨਾਂ ਬਹੁਕੌਮੀ ਕੰਪਨੀਆਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਸਨ, ਅੱਜ ਉਹਨਾਂ ਕੰਪਨੀਆਂ ਨੂੰ ਹੀ ਦੇਸ਼ ਦੇ ਹੁਕਮਰਾਨਾਂ ਵਲੋਂ ਖੁੱਲ੍ਹ ਖੇਡਣ ਲਈ ਸੱਦੇ ਦਿੱਤੇ ਜਾ ਰਹੇ ਹਨ। ਭ੍ਰਿਸ਼ਟਾਚਾਰ ਦੀ ਗੱਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਘਪਲਿਆਂ ਦਾ ਇਤਿਹਾਸ ਸਿਰਜ ਕੇ ਰੱਖ ਦਿੱਤਾ ਹੈ। ਜਿੰਨੇ ਸਕੈਂਡਲ ਇਸ ਸਰਕਾਰ ਦੇ ਰਾਜ ਦੌਰਾਨ ਹੋਏ ਹਨ, ਉਨੇ ਕਦੇ ਨਹੀਂ ਸਨ ਹੋਏ। 
ਬੁਲਾਰਿਆਂ ਨੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੇ ਫਿਰਕੂ ਗਠਜੋੜ ਐਨ.ਡੀ.ਏ. ਦੀਆਂ ਨੀਤੀਆਂ ਵੀ ਘੱਟ ਖਤਰਨਾਕ ਨਹੀਂ ਹਨ। ਇਸ ਗਠਜੋੜ ਵਲੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸ਼ਿੰਗਾਰ ਕੇ ਦੇਸ਼ ਭਰ 'ਚ ਘੁਮਾਇਆ ਜਾ ਰਿਹਾ ਹੈ ਜਿਸ ਦੇ ਹੱਥ ਗੁਜਰਾਤ 'ਚ ਹੋਏ ਫਿਰਕੂ ਦੰਗਿਆਂ ਦੌਰਾਨ ਮਾਰੇ ਗਏ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਬੁਲਾਰਿਆਂ ਨੇ ਕਿਹਾ ਕਿ ਦੋਹਾਂ ਹੀ ਗਠਜੋੜਾਂ ਵਲੋਂ ਗੈਰ ਮੁੱਦਿਆਂ 'ਤੇ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਉਸ ਵਿਚ ਉਲਝਾਇਆ ਜਾ ਰਿਹਾ ਹੈ। ਲੋਕਾਂ ਦੇ ਅਸਲ ਮੁੱਦਿਆਂ ਦੀ ਉਨ੍ਹਾਂ ਦੀਆਂ ਮੁਸ਼ਕਲਾਂ ਦੀ ਗੱਲ ਨਹੀਂ ਕੀਤੀ ਜਾ ਰਹੀ। ਬੁਲਾਰਿਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 30 ਅਪ੍ਰੈਲ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 'ਚ ਇਹਨਾਂ ਦੋਹਾਂ ਗਠਜੋੜਾਂ ਦੇ ਉਮੀਦਵਾਰਾਂ ਨੂੰ ਨਕਾਰਦਿਆਂ ਖੱਬੀਆਂ ਧਿਰਾਂ ਦੇ ਉਮੀਦਵਾਰਾਂ ਨੂੰ ਜਿਤਾਉਣ ਕਿਉਂਕਿ ਕਿਰਤੀ ਜਮਾਤ ਦਾ ਭਵਿੱਖ ਤਦ ਹੀ ਸੁਰੱਖਿਅਤ ਹੋ ਸਕੇਗਾ ਜੇ ਉਸ ਦੀ ਬਾਂਹ ਫੜਨ ਵਾਲੀਆਂ ਖੱਬੀਆਂ ਪਾਰਟੀਆਂ ਦੇ ਉਮੀਦਵਾਰ ਜਿੱਤ ਕੇ ਲੋਕ ਸਭਾ 'ਚ ਜਾਣਗੇ। 

No comments:

Post a Comment