Saturday 2 September 2017

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਸਤੰਬਰ 2017)

ਸਾਂਝੀਆਂ ਮਜ਼ਦੂਰ-ਕਿਸਾਨ ਰੈਲੀਆਂ ਨੂੰ ਮਿਲਿਆ ਭਰਪੂਰ ਸਮਰਥਨ 
ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੇ ਸਾਂਝੇ ਫੈਸਲੇ ਅਨੁਸਾਰ ਪੰਜਾਬ ਦੇ ਤਿੰਨਾਂ ਖਿੱਤਿਆਂ ਮਾਝਾ, ਮਾਲਵਾ ਤੇ ਦੁਆਬਾ 'ਚ ਸਾਂਝੀਆਂ ਮਜਦੂਰ-ਕਿਸਾਨ ਰੈਲੀਆਂ ਕੀਤੀਆਂ ਗਈਆਂ। ਦੁਆਬਾ ਖੇਤਰ ਦੀ ਰੈਲੀ 9 ਅਗਸਤ ਨੂੰ ਗੁਰਾਇਆ ਵਿਖੇ ਕੀਤੀ ਗਈ ਜਦਕਿ ਮਾਲਵਾ ਦੀ ਰੈਲੀ 10 ਅਗਸਤ ਨੂੰ ਬਰਨਾਲਾ ਅਤੇ ਮਾਝੇ ਦੀ ਰੈਲੀ 11 ਅਗਸਤ ਨੂੰ ਜੰਡਿਆਲਾ ਗੁਰੂ 'ਚ ਹੋਈ। ਇਹ ਰੈਲੀਆਂ ਕਰਜ਼ੇ ਮਾਰੇ ਮਜ਼ਦੂਰਾਂ-ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ, ਕਰਜ਼ਾ ਮੁਆਫੀ ਤੇ ਹੋਰ ਚੋਣ ਵਾਅਦਿਆਂ 'ਤੇ ਅਮਲ, ਬੇਘਰੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤੇ ਜਾਣ ਅਤੇ ਹੋਰਨਾਂ ਭੱਖਦੇ ਮਸਲਿਆਂ ਨੂੰ ਲੈ ਕੇ ਕੀਤੀਆਂ ਗਈਆਂ। ਜਿਨ੍ਹਾਂ ਨੂੰ ਭਰਪੂਰ ਜਨਸਮਰਥਨ ਮਿਲਿਆ। ਇਨ੍ਹਾਂ ਰੈਲੀਆਂ ਦੀਆਂ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ : 
ਗੁਰਾਇਆ : ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬੇ ਭਰ 'ਚ ਸ਼ੁਰੂ ਕੀਤੇ ਹੱਕੀ ਮੰਗਾਂ ਮਨਵਾਉਣ ਸੰਬੰਧੀ ਸੰਘਰਸ਼ ਦੀ ਕੜੀ ਵਜੋਂ ਗੁਰਾਇਆ ਦੀ ਦਾਣਾ ਮੰਡੀ 'ਚ ਦੁਆਬਾ ਜ਼ੋਨ ਦੀ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਸਾਥੀ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਅਤੇ ਸਾਥੀ ਦਰਸ਼ਨ ਨਾਹਰ ਸੂਬਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਅਤੇ ਹੋਰਾਂ ਨੇ ਕਿਹਾ ਕਿ ਦੇਸ਼ ਦਾ ਅਨਾਜ ਭੰਡਾਰ ਭਰਨ ਵਾਲੇ ਕਿਸਾਨ, ਮਜ਼ਦੂਰ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੁਲਕ ਅੰਦਰ ਕਈ ਰੰਗਾਂ ਦੀਆਂ ਸਰਕਾਰਾਂ ਹੋਂਦ ਵਿਚ ਆਈਆਂ, ਪਰ ਉਨ੍ਹਾਂ ਨੇ ਆਪਣੇ ਹੀ ਚਹੇਤਿਆਂ ਦੀ ਪੁਸ਼ਤ-ਪਨਾਹੀ ਕੀਤੀ, ਜਿਸ ਕਾਰਨ ਦੇਸ਼ ਦਾ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋਇਆ, ਸਾਥੀ ਸੰਧੂ ਤੇ ਸਾਥੀ ਨਾਹਰ ਨੇ ਕਿਹਾ ਕਿ ਦੇਸ਼ ਭਰ 'ਚ ਦਲਿਤਾਂ-ਔਰਤਾਂ ਤੇ ਘੱਟ ਗਿਣਤੀ ਲੋਕਾਂ 'ਤੇ ਜਬਰ-ਜ਼ੁਲਮ ਬੰਦ ਕੀਤਾ ਜਾਵੇ, ਦੇਸ਼ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ, ਕਿਸਾਨੀ ਕਿੱਤੇ 'ਚ ਆਉਣ ਵਾਲੀਆਂ ਲਾਗਤ ਕੀਮਤਾਂ ਨੂੰ ਘੱਟ ਕੀਤਾ ਜਾਵੇ, ਮਜ਼ਦੂਰਾਂ, ਕਿਸਾਨਾਂ ਸਿਰ ਚੜ੍ਹਿਆ ਹਰ ਤਰ੍ਹਾਂ ਦਾ ਕਰਜ਼ਾ ਤੁਰੰਤ ਮੁਆਫ ਕੀਤਾ ਜਾਵੇ ਅਤੇ ਕਰਜ਼ਾ ਮੁਆਫੀ ਵਿਚ ਮਜ਼ਦੂਰਾਂ ਨਾਲ ਵਿਤਕਰਾ ਬੰਦ ਕੀਤਾ ਜਾਵੇ, ਗਰੀਬ ਲੋਕਾਂ ਨੂੰ ਘਰ ਬਣਾਉਣ ਲਈ 10-10 ਮਰਲੇ ਦੇ ਪਲਾਟ ਦਿੱਤੇ ਜਾਣ ਤੇ ਮਕਾਨ ਬਣਾਉਣ ਲਈ ਘੱਟੋ-ਘੱਟ ਤਿੰਨ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ, ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ, ਕਿਸਾਨਾਂ ਦੀਆਂ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ ਅਤੇ ਜਿਨਸਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ, ਮਨਰੇਗਾ ਮਜ਼ਦੂਰਾਂ ਨੂੰ 500 ਰੁਪਏ ਦਿਹਾੜੀ ਦਿੱਤੀ ਜਾਵੇ ਅਤੇ ਪੰਚਾਇਤੀ ਜ਼ਮੀਨਾਂ 'ਚੋਂ ਮਜ਼ਦੂਰਾਂ ਨੂੰ ਤੀਜਾ ਹਿੱਸਾ ਆਮ ਠੇਕੇ ਦੇ ਤੀਜੇ ਹਿੱਸੇ 'ਤੇ ਦਿੱਤਾ ਜਾਵੇ। ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਲੋਕਾਂ ਦੀ ਪੈਨਸ਼ਨ ਘੱਟੋ-ਘੱਟ ਤਿੰਨ ਹਜ਼ਾਰ ਰੁਪਏ ਕੀਤੀ ਜਾਵੇ, ਮਜ਼ਦੂਰਾਂ-ਦਲਿਤਾਂ 'ਤੇ ਹੁੰਦਾ ਸਮਾਜਿਕ ਜਬਰ ਬੰਦ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਜੋ ਵਾਅਦੇ ਮਜ਼ਦੂਰਾਂ, ਕਿਸਾਨਾਂ ਤੇ ਆਮ ਲੋਕਾਂ ਨਾਲ ਕੀਤੇ ਸਨ, ਪੂਰੇ ਕੀਤੇ ਜਾਣ। ਸਾਥੀ ਸੰਧੂ ਤੇ ਸਾਥੀ ਨਾਹਰ ਨੇ ਕਿਹਾ ਕਿ ਜੇ ਸਰਕਾਰਾਂ ਨੇ ਸਾਡੇ ਇਨ੍ਹਾਂ ਭੱਖਦੇ ਮਸਲਿਆਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਲੋਕ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸਰਵਸਾਥੀ ਜਸਵਿੰਦਰ ਸਿੰਘ ਢੇਸੀ, ਪਰਮਜੀਤ ਰੰਧਾਵਾ, ਮਨੋਹਰ ਸਿੰਘ ਗਿੱਲ, ਬਲਦੇਵ ਸਿੰਘ, ਗੰਗਾ ਪ੍ਰਸ਼ਾਦ, ਮੋਹਣ ਸਿੰਘ ਧਮਾਣਾ, ਸੋਹਣ ਸਿੰਘ ਸਲੇਮਪੁਰੀ, ਸ਼ਿਵ ਕੁਮਾਰ ਤਿਵਾੜੀ, ਸਵਰਨ ਸਿੰਘ ਮੁਕੇਰੀਆਂ, ਨਿਰਮਲ ਸਿੰਘ ਮਲਸੀਆਂ ਆਦਿ ਨੇ ਸੰਬੋਧਨ ਕੀਤਾ।
ਇਸ ਮੌਕੇ ਸਾਥੀ ਸੰਤੋਖ ਸਿੰਘ ਬਿਲਗਾ ਨੇ ਸਟੇਜ ਸਕੱਤਰ ਦੇ ਫਰਜ਼ ਬਾਖ਼ੂਬੀ ਨਿਭਾਏ। ਰੈਲੀ ਤੋਂ ਬਾਅਦ ਜੀ ਟੀ ਰੋਡ 'ਤੇ ਦੋ ਘੰਟੇ ਲਈ ਜਾਮ ਵੀ ਲਗਾਇਆ ਗਿਆ।
ਬਰਨਾਲਾ : ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਥਾਨਕ ਅਨਾਜ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ, ਜਿਸ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਭਰਪੂਰ ਸਮੱਰਥਨ ਦਿੱਤਾ। ਰੈਲੀ ਦੀ ਪ੍ਰਧਾਨਗੀ ਭੋਲਾ ਸਿੰਘ ਕਲਾਲ ਮਾਜਰਾ, ਡਾ. ਕੁਲਵੰਤ ਰਾਏ ਪੰਡੋਰੀ ਅਤੇ ਯਸ਼ਪਾਲ ਸਿੰਘ ਮਹਿਲ ਕਲਾਂ ਵੱਲੋਂ ਕੀਤੀ ਗਈ। ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ, ਸਾਥੀ ਮਹੀਪਾਲ ਵਿੱਤ ਸਕੱਤਰ ਦਿਹਾਤੀ ਮਜ਼ਦੂਰ ਸਭਾ ਅਤੇ ਅਮਰਜੀਤ ਸਿੰਘ ਕੁੱਕੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਮੁੱਖ ਬੁਲਾਰਿਆਂ ਵਜੋਂ ਸੰਬੋਧਨ ਕੀਤਾ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਸਰਕਾਰ, ਖੇਤੀ ਕਿੱਤਾ ਘਾਟੇਵੰਦਾ ਹੋਣ ਕਰਕੇ, ਹਰ ਰੋਜ਼ ਹੋ ਰਹੀਆਂ ਮਜ਼ਦੂਰ ਕਿਸਾਨ ਖੁਦਕੁਸ਼ੀਆਂ ਪ੍ਰਤੀ ਪੂਰੀ ਤਰ੍ਹਾਂ ਗੈਰ ਸੰਵੇਦਨਸ਼ੀਲ ਅਤੇ ਲੋਕ ਦੋਖੀ ਪਹੁੰਚ 'ਤੇ ਚੱਲ ਰਹੀਆਂ ਹਨ। ਉਨ੍ਹਾ ਕਿਹਾ ਕਿ ਦੋਨੋਂ ਹਕੂਮਤਾਂ ਚੋਣਾਂ ਜਿੱਤਣ ਲਈ ਆਰ ਐੱਮ ਪੀ ਡਾਕਟਰਾਂ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਖੇਤ ਮਜ਼ਦੂਰਾਂ ਅਤੇ ਹੋਰਨਾਂ ਕਿਰਤੀ ਵਰਗਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਪੂਰੀ ਤਰ੍ਹਾਂ ਟਾਲਾ ਵੱਟੀ ਬੈਠੀਆਂ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ 2500 ਸਫਿਆਂ ਦੀ ਪੰਜ ਖੰਡਾਂ ਵਾਲੀ ਕਿਸਾਨਾਂ ਖੇਤੀ ਕਾਮਿਆਂ ਦੀ ਜੂਨ ਸੁਧਾਰਨ ਵਾਲੀਆਂ ਮੁੱਖ  9 ਸਿਫਾਰਸ਼ਾਂ 'ਤੇ ਅਧਾਰਤ ਰਿਪੋਰਟ ਇੰਨ-ਬਿੰਨ ਲਾਗੂ ਕੀਤੀ ਜਾਵੇ। ਉਨ੍ਹਾ ਇਹ ਵੀ ਮੰਗ ਕੀਤੀ ਕਿ ਇਸ ਰਿਪੋਰਟ ਦਾ ਬਿਨਾਂ ਦੇਰੀ ਪੰਜਾਬੀ ਸਮੇਤ ਸਾਰੀਆਂ ਖੇਤਰੀ ਭਾਸ਼ਾਵਾਂ 'ਚ ਉਲਥਾ ਕੀਤਾ ਜਾਵੇ। ਸੰਬੋਧਨ ਕਰਨ ਵਾਲੇ  ਆਗੂਆਂ ਨੇ ਦੋਸ਼ ਲਾਇਆ ਕਿ ਹਰ ਕਿਸਮ ਦੇ ਅਪਰਾਧੀ ਤੱਤਾਂ, ਨਸ਼ਾ ਸੌਦਾਗਰਾਂ, ਕੇਬਲ, ਰੇਤ, ਖਨਣ, ਟਰਾਂਸਪੋਰਟ ਮਾਫੀਆ ਕਿਸਮ ਦੇ ਭ੍ਰਿਸ਼ਟ ਅਨਸਰਾਂ ਨੂੰ ਨਵਂੀਂ ਕਾਂਗਰਸ ਸਰਕਾਰ ਦਾ ਵੀ ਪੂਰਾ ਥਾਪੜਾ ਹੈ ਅਤੇ ਇਸ ਪੱਖੋਂ ਦਸ ਸਾਲ ਲੋਕਾਂ ਨੂੰ ਰੱਜ ਕੇ ਲੁੱਟਣ-ਕੁਟਣ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਰਾਜ ਭਾਗ ਦੇ ਮੁਕਾਬਲੇ ਰੱਤੀ ਭਰ ਵੀ ਹਾਲਾਤ ਨਹੀਂ ਬਦਲੇ। ਆਗੂਆਂ ਨੇ ਮਨਰੇਗਾ ਅਧੀਨ ਸਮੁੱਚੇ ਬੇਜ਼ਮੀਨੇ ਪਰਵਾਰਾਂ ਨੂੰ ਪੂਰਾ ਸਾਲ ਘੱਟੋ-ਘੱਟ ਪੰਜ ਸੌ ਰੁਪਏ ਪ੍ਰਤੀ ਦਿਨ ਦੀ ਉਜਰਤ ਸਮੇਤ ਕੰਮ ਦੇਣਾ, ਰਿਹਾਇਸ਼ ਲਈ 10-10 ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ ਤਿੰਨ ਲੱਖ ਰੁਪਏ ਪ੍ਰਤੀ ਪਰਵਾਰ ਗ੍ਰਾਂਟ ਦੇਣ, ਸਮਾਜਿਕ ਸੁਰੱਖਿਆ ਪੈਨਸ਼ਨਾਂ ਦੀ ਰਕਮ ਘੱਟੋ-ਘੱਟ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੈਅ  ਕਰਨ, ਹਰ ਕਿਸਮ ਦਾ ਸਮਾਜਿਕ ਅਤੇ ਪੁਲਸ ਜਬਰ ਸਖਤੀ ਨਾਲ ਰੋਕੇ ਜਾਣ, ਕਿਸਾਨਾਂ-ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਪੂਰੀ ਤਰ੍ਹਾਂ ਮਾਫ ਕਰਨ, ਖੁਦਕੁਸ਼ੀ ਕਰਨ ਵਾਲੇ  ਮਜ਼ਦੂਰਾਂ-ਕਿਸਾਨਾਂ ਦੇ ਪਰਵਾਰਾਂ ਨੂੰ ਪੱਕਾ  ਰੁਜ਼ਗਾਰ ਅਤੇ ਮੁੜ ਵਸੇਬਾ ਮੁਆਵਜ਼ਾ ਦੇਣ, ਕਿਸਾਨੀ ਫਸਲਾਂ ਦੇ ਭਾਅ ਲਾਗਤ ਖਰਚਿਆਂ ਤੋਂ ਡੇਢ ਗੁਣਾ ਕਰਨ ਅਤੇ ਲਾਗਤ ਖਰਚਿਆਂ 'ਚ ਕਟੌਤੀ ਕਰਨ, ਬੰਗਾਲ ਪੈਟਰਨ 'ਤੇ ਆਰ ਐਮ ਪੀ ਡਾਕਟਰਾਂ ਨੂੰ ਪ੍ਰੈਕਟਿਸ ਕਰਨ ਦੇਣ ਦੀ ਮੰਗ ਕੀਤੀ। ਉਨ੍ਹਾ ਐਲਾਨ ਕੀਤਾ ਕਿ ਉਕਤ ਜ਼ੋਨਲ ਰੈਲੀ ਮੁਜ਼ਾਹਰਿਆਂ ਤੋਂ ਬਾਅਦ ਸੂਬਾ ਪੱਧਰ 'ਤੇ ਤਿੱਖਾ ਸੰਘਰਸ਼ ਛੇੜਿਆ  ਜਾਵੇਗਾ।
ਇੱਕ ਮਤੇ ਰਾਹੀਂ ਮੁਲਾਜ਼ਮ ਆਗੂ ਸਾਥੀ ਕਰਮਜੀਤ ਸਿੰਘ ਬੀਹਲਾ ਦੀ  ਰੰਜਿਸ਼ਨ ਕੀਤੀ ਗਈ ਬਦਲੀ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਇਹ ਬਦਲੀ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ ਦੀ ਮੁਕੰਮਲ ਹਮਾਇਤ ਦਾ ਐਲਾਨ ਕੀਤਾ ਗਿਆ। ਦੇਸ਼ ਭਰ 'ਚ ਦਲਿਤਾਂ, ਘੱਟ ਗਿਣਤੀਆਂ, ਔਰਤਾਂ ਅਤੇ ਹੋਰ ਕਮਜ਼ੋਰ ਤਬਕਿਆਂ 'ਤੇ ਵੱਧ ਰਹੇ ਜ਼ੁਲਮਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਗਈ। ਚੰਡੀਗੜ੍ਹ ਵਿਖੇ ਇੱਕ ਉੱਚ ਅਧਿਕਾਰੀ ਦੀ ਬੇਟੀ ਨਾਲ ਛੇੜਛਾੜ ਅਤੇ ਅਗਵਾ ਦਾ ਯਤਨ ਕਰਨ ਵਾਲੇ ਅਨਸਰਾਂ, ਜਿਨ੍ਹਾਂ ਦਾ ਸਰਗਣਾ ਹਰਿਆਣਾ ਬੀ ਜੇ ਪੀ ਪ੍ਰਧਾਨ ਦਾ ਮੁੰਡਾ ਹੈ, ਖਿਲਾਫ ਬਿਨਾਂ ਕਿਸੇ ਲੱਗ-ਲਪੇਟ ਦੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।  ਸਮੁੱਚੇ  ਪੰਜਾਬ ਖਾਸ ਕਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਾਇਨਿੰਗ ਮਾਫੀਆ ਵੱਲੋਂ ਸਰਕਾਰ ਦੀ ਸ਼ਹਿ 'ਤੇ ਕੀਤੀ ਜਾ ਰਹੀ ਬੁਰਛਾਗਰਦੀ ਵਿਰੁੱਧ ਸਖਤ ਤਾੜਨਾ ਕੀਤੀ ਗਈ।
ਸਾਥੀ ਮਲਕੀਤ ਸਿੰਘ ਵਜੀਦਕੇ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਕੱਤਰ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਤੋਂ ਫਸਲੀ ਉਜਾੜੇ ਸੜਕੀ ਹਾਦਸਿਆਂ ਅਤੇ ਜਾਨੀ-ਮਾਲੀ ਨੁਕਸਾਨ ਨੂੰ ਰੋਕਣ ਦੇ ਯੋਗ ਪ੍ਰਬੰਧ ਕੀਤੇ ਜਾਣ। ਫਸਲੀ ਰਹਿੰਦ-ਖੂੰਹਦ ਨੂੰ ਸਮੇਟਣ ਲਈ ਸਰਕਾਰ ਵੱਲੋਂ ਗ੍ਰਾਂਟ ਜਾਂ ਮੁਆਵਜ਼ਾ ਨਿਸ਼ਚਿਤ ਕੀਤਾ ਜਾਵੇ। ਉਕਤ ਆਗੂਆਂ ਤੋਂ ਬਿਨਾਂ ਸਾਥੀ ਭੀਮ ਸਿੰਘ ਆਲਮਪੁਰ, ਗੱਜਣ ਸਿੰਘ, ਛੱਜੂ ਰਾਮ ਰਿਸ਼ੀ, ਲਾਲ ਚੰਦ, ਅਮਰੀਕ ਸਿੰਘ, ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਜੱਗਾ ਸਿੰਘ ਅਬੋਹਰ, ਮਿੱਠੂ ਸਿੰਘ ਘੁੱਦਾ, ਰਘੁਵੀਰ ਬੈਨੀਪਾਲ, ਗੁਰਤੇਜ ਸਿੰਘ ਹਰੀਕੇ, ਨਿਹਾਲ ਸਿੰਘ ਦਸੌਂਧਾ ਸਿੰਘ ਵਾਲਾ,  ਭਾਨ ਸਿੰਘ ਸੰਘੇੜਾ ਨੇ ਵੀ ਆਪਣੇ ਵਿਚਾਰ ਰੱਖੇ। ਮੰਚ 'ਤੇ ਮਹਿੰਦਰ ਸਿੰਘ ਅੱਚਰਵਾਲ, ਕੁਲਵੰਤ ਸਿੰਘ ਕਿਰਤੀ,  ਗੁਰਮੇਜ ਸਿੰਘ ਗੇਜੀ, ਸੁਖਦੇਵ ਅਤਲਾ ਆਦਿ ਬਿਰਾਜਮਾਨ ਸਨ।
ਜੰਡਿਆਲਾ ਗੁਰੂ : ਪੰਜਾਬ ਸਮੇਤ ਦੇਸ਼ ਭਰ 'ਚ ਦਲਿਤਾਂ, ਔਰਤਾਂ ਤੇ ਗਰੀਬ ਲੋਕਾਂ 'ਤੇ ਹੋ ਰਹੇ ਸਮਾਜਿਕ ਤੇ ਸਰਕਾਰੀ ਜਬਰ ਬੰਦ ਕਰਾਉਣ ਲਈ ਕਰੋ ਜਾਂ ਮਰੋ ਦਾ ਪ੍ਰਣ ਲੈਂਦਿਆਂ ਅਤੇ ਕੇਂਦਰ ਤੇ ਪੰਜਾਬ ਸਰਕਾਰਾਂ ਦੇ ਚੋਣਾਵੀ ਵਾਅਦੇ ਪੂਰੇ ਕਰਵਾਉਣ ਤੇ ਹੋਰ ਭਖਦੀਆਂ ਮੰਗਾਂ ਦੇ ਹੱਲ ਲਈ ਇਨਕਲਾਬੀ ਜਨਤਕ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਮਾਝਾ ਪੱਧਰ 'ਤੇ ਸਾਂਝੇ ਤੌਰ 'ਤੇ ਹੱਲਾ ਬੋਲਦਿਆਂ ਜੰਡਿਆਲਾ ਗੁਰੂ ਵਿਖੇ ਰੋਹ ਭਰੀ ਠਾਠਾਂ ਮਾਰਦੀ ਵਿਸ਼ਾਲ ਰੈਲੀ ਕੀਤੀ ਅਤੇ ਰੈਲੀ ਵਿੱਚ ਸ਼ਾਮਲ ਹਜ਼ਾਰਾਂ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਨੇ ਆਪਣੇ ਹੱਥਾਂ ਵਿੱਚ ਝੰਡੇ ਤੇ ਮਾਟੋ ਫੜ ਕੇ ਸਰਕਾਰਾਂ ਵਿਰੁੱਧ ਨਾਹਰੇ ਮਾਰਦਿਆਂ ਮਾਝਾ ਖੇਤਰ ਦੇ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਨੇ ਕਾਫ਼ਲਿਆਂ ਦੇ ਰੂਪ 'ਚ ਸ਼ਮੂਲੀਅਤ ਕੀਤੀ। ਰੈਲੀ ਦੀ ਪ੍ਰਧਾਨਗੀ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਸਾਥੀ ਚਮਨ ਲਾਲ ਦਰਾਜਕੇ (ਤਰਨ ਤਾਰਨ), ਬਲਦੇਵ ਵਿੱਚ ਸੈਦਪੁਰ (ਅੰਮ੍ਰਿਤਸਰ), ਮਾਸਟਰ ਹਜ਼ਾਰੀ ਲਾਲ (ਪਠਾਨਕੋਟ) ਤੇ ਸੰਤੋਖ ਸਿੰਘ ਔਲਖ (ਗੁਰਦਾਸਪੁਰ) ਨੇ ਕੀਤੀ।
ਠਾਠਾਂ ਮਾਰਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਇਹਨਾਂ ਰਿਸ਼ਤਿਆਂ ਨੂੰ ਤੋੜਨ ਦਾ ਕੋਝਾ ਯਤਨ ਕਰਦੀਆਂ ਰਹਿੰਦੀਆਂ ਹਨ, ਜੋ ਕਦਾਚਿੱਤ ਸੰਭਵ ਨਹੀਂ ਹੋਣ ਦਿਆਂਗੇ। ਅੱਜ ਦਾ ਇਹ ਸਾਂਝਾ ਇਕੱਠ ਇਸ ਦੀ ਗਵਾਹੀ ਭਰ ਰਿਹਾ ਹੈ। ਉਕਤ ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰਾਂ 'ਤੇ ਵਰ੍ਹਦਿਆਂ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਇੱਕਵੀਂ ਸਦੀ 'ਚ ਸਿੱਖਿਆ ਤੇ ਵਿਗਿਆਨ ਦੇ ਦੌਰ ਵਿੱਚ ਵੀ ਸਰਕਾਰਾਂ ਦੀ ਸੂਚੀ ਵਿੱਚ ਦਿਹਾਤੀ ਮਜ਼ਦੂਰਾਂ ਦੀ ਹੋਂਦ ਗਾਇਬ ਹੈ ਅਤੇ ਮਨੂੰਵਾਦੀ ਪਹੁੰਚ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ, ਕਿਉਂਕਿ ਕਰਜ਼ਾ ਮੁਆਫ਼ੀ ਦੇ ਚੋਣ ਵਾਅਦਿਆਂ ਦੌਰਾਨ ਮਜ਼ਦੂਰਾਂ ਤੇ ਦਲਿਤਾਂ ਦਾ ਕਿਤੇ ਜ਼ਿਕਰ ਕਰਨਾ ਮੁਨਾਸਬ ਨਹੀਂ ਸਮਝਿਆ। ਇਸ ਤਰ੍ਹਾਂ ਕਿਸਾਨਾਂ ਨਾਲ ਵੀ ਜੋ ਚੋਣ ਵਾਅਦੇ ਕਰਜ਼ਾ ਮੁਆਫ਼ੀ ਦੇ ਕੀਤੇ ਗਏ ਸਨ, ਉਸ ਤੋਂ ਕੈਪਟਨ ਸਰਕਾਰ ਭੱਜ ਰਹੀ ਹੈ। ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਰਜ਼ਿਆਂ ਦੇ ਜਾਲ ਵਿੱਚ ਫਸੇ ਅਤੇ ਆਰਥਿਕ ਤੰਗੀਆਂ ਕਾਰਨ ਦਿਹਾਤੀ ਮਜ਼ਦੂਰ ਤੇ ਗ਼ਰੀਬ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਆਗੂ ਗੁਰਨਾਮ ਸਿੰਘ ਦਾਊਦ ਨੇ ਪੁਰਜ਼ੋਰ ਮੰਗ ਕੀਤੀ ਕਿ ਕਿਸਾਨਾਂ ਦੀ ਤਰ੍ਹਾਂ ਮਜ਼ਦੂਰਾਂ ਦੇ ਮੁੜ ਵਸੇਬੇ ਲਈ ਕੋਈ ਸਾਰਥਿਕ ਸਰਕਾਰੀ ਨੀਤੀ ਬਣਾਈ ਜਾਵੇ। ਡਾ. ਸਤਨਾਮ ਸਿੰਘ ਅਜਨਾਲਾ ਨੇ ਇਸ ਮੌਕੇ ਪੰਜਾਬ ਸਮੇਤ ਦੇਸ਼ ਵਿੱਚੋਂ ਗਰੀਬੀ ਦੇ ਖਾਤਰੀ ਅਤੇ ਕਿਰਸਾਨੀ ਨੂੰ ਬਣਾਉਣ ਲਈ ਤਿੱਖੇ ਜ਼ਮੀਨੀ ਸੁਧਾਰ ਕੀਤੇ ਜਾਣ ਤੇ ਵਾਧੂ ਐਲਾਨੀ ਜ਼ਮੀਨ ਬੇਜ਼ਮੀਨੇ ਦਿਹਾਤੀ ਮਜ਼ਦੂਰਾਂ ਤੇ ਗ਼ਰੀਬ ਕਿਸਾਨਾਂ ਵਿੱਚ ਵੰਡੀ ਜਾਵੇ।
ਖਚਾਖਚ ਭਰੇ ਇਕੱਠ ਵਿੱਚ ਬੋਲਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂਆਂ ਸਾਥੀ ਲਾਲ ਚੰਦ ਕਟਾਰੂਚੱਕ, ਅਮਰੀਕ ਸਿੰਘ ਦਾਊਦ ਤੇ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਲੋਕ ਵਿਰੋਧੀ ਸਾਮਰਾਜੀ ਨਿਰਦੇਸ਼ਿਤ ਨਵਉਦਾਰਵਾਦੀ ਨੀਤੀਆਂ ਅਪਨਾਉਣ ਨਾਲ ਮਹਿੰਗਾਈ ਅਸਮਾਨ ਛੋਹ ਰਹੀ ਹੈ ਤੇ ਵਿਆਪਕ ਬੇਰੁਜ਼ਗਾਰੀ ਕਾਰਨ ਗਰੀਬ ਤੇ ਦਲਿਤ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਹੋ ਰਹੇ ਹਨ। ਇਹਨਾਂ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਸਮਾਜਿਕ ਇਨਸਾਫ਼ ਲਈ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀ ਨੀਤੀ ਨੂੰ ਤਿਆਗਿਆ ਜਾਵੇ ਅਤੇ ਲੋਕ ਪੱਖੀ ਨੀਤੀਆਂ ਲਾਗੂ ਕਰਦਿਆਂ ਗਰੀਬਾਂ ਨੂੰ ਰਾਹਤ ਦਿੰਦਿਆਂ ਗਰੀਬਾਂ ਤੇ ਲੋੜਵੰਦਾਂ ਲਈ ਨਿੱਤ ਵਰਤੋਂ ਦੀਆਂ ਸਾਰੀਆਂ ਜ਼ਰੂਰੀ ਵਸਤਾਂ ਸਰਕਾਰੀ ਡਿਪੂਆਂ ਤੋਂ ਸਸਤੇ ਰੇਟਾਂ 'ਤੇ ਦਿੱਤੀਆਂ ਜਾਣ। ਬੁਢਾਪਾ ਤੇ ਹੋਰ ਵਰਗਾਂ ਲਈ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ, ਬੇਜ਼ਮੀਨੇ ਪਰਵਾਰਾਂ ਲਈ ਘਰ ਬਣਾਉਣ ਲਈ 10-10 ਮਰਲੇ ਦੇ ਪਲਾਟ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ। ਮਨਰੇਗਾ ਦੀ ਦਿਹਾੜੀ 500 ਰੁਪਏ ਕੀਤੀ ਜਾਵੇ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂਆਂ ਸਾਥੀ ਰਤਨ ਸਿੰਘ ਰੰਧਾਵਾ, ਰਘਬੀਰ ਸਿੰਘ ਪਕੀਵਾਂ ਤੇ ਪ੍ਰਗਟ ਸਿੰਘ ਜਾਮਾਰਾਏ ਨੇ ਰੈਲੀ ਵਿੱਚ ਸ਼ਾਮਲ ਹਜ਼ਾਰਾਂ ਮਜ਼ਦੂਰਾਂ ਕਿਸਾਨਾਂ ਦੀਆਂ ਇਨਕਲਾਬੀ ਸ਼ੁੱਭ ਇੱਛਾਵਾਂ ਕਬੂਲਦਿਆਂ ਜ਼ੋਰਦਾਰ ਅਵਾਜ਼ ਉਠਾਈ ਕਿ ਕਿਸਾਨੀ, ਜੁਆਨੀ ਤੇ ਪਾਣੀ ਬਚਾਉਣ ਲਈ ਸਮੂਹ ਖੇਤੀ ਜਿਣਸਾਂ ਸਮੇਤ ਦੁੱਧ ਆਦਿ ਦੇ ਘੱਟੋ-ਘੱਟ ਲਾਹੇਵੰਦ ਭਾਅ ਡਾ. ਸੁਆਮੀਨਾਥਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਨਿਸ਼ਚਿਤ ਕੀਤੇ ਜਾਣ ਤੇ ਇਹਨਾਂ ਦੀ ਸਰਕਾਰੀ ਖ਼ਰੀਦ ਯਕੀਨੀ ਬਣਾਈ ਜਾਵੇ, ਕਿਸਾਨੀ ਨੂੰ ਬਚਾਉਣ ਲਈ 10 ਏਕੜ ਤੱਕ ਦੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ ਤੇ ਇਸ ਵਿੱਚ ਮਜ਼ਦੂਰਾਂ ਦੇ ਕਰਜ਼ੇ ਵੀ ਸ਼ਾਮਲ ਕੀਤੇ ਜਾਣ ਅਤੇ ਅੱਗੇ ਤੋਂ ਬਿਨਾਂ ਵਿਆਜ ਲੰਮੀ ਮਿਆਦ ਦੇ ਕਰਜ਼ੇ ਦਿੱਤੇ ਜਾਣ। ਇਹਨਾਂ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਜ਼ਮੀਨਦੋਜ਼ ਪਾਣੀ ਨੂੰ ਬਚਾਉਣ ਲਈ ਦਰਿਆਵਾਂ ਦਾ ਨਹਿਰੀਕਰਨ ਤੇ ਬਾਰਸ਼ਾਂ ਦੇ ਪਾਣੀ ਨੂੰ ਰੁੜਣ ਤੋਂ ਬਚਾਇਆ ਜਾਵੇ। ਸਮੂਹ ਆਗੂਆਂ ਨੇ ਅਸਿੱਧੇ ਲੋਕਮਾਰੂ  ਟੈਕਸਾਂ ਦੀ ਮਾਂ ਜੀ ਐਸ ਟੀ ਨੂੰ ਦੇਸ਼ ਦੇ ਸੰਘੀ ਢਾਂਚੇ ਨੂੰ ਲੋਕ ਮਾਰੂ ਹਮਲਾ ਕਰਾਰ ਦਿੱਤਾ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਜਨਵਾਦੀ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਨੀਲਮ ਘੁਮਾਣ ਤੇ ਸੂਬਾਈ ਆਗੂ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਤਸਵੀਰ ਸਿੰਘ ਖਿਲਚੀਆਂ, ਮੀਤ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਤੇ ਜਨਰਲ ਸਕੱਤਰ ਸੁਰਜੀਤ ਸਿੰਘ ਦੁੱਧਰਾਏ ਨੇ ਮਜ਼ਦੂਰਾਂ-ਕਿਸਾਨਾਂ ਦੇ ਲੜੇ ਜਾ ਰਹੇ ਸੰਘਰਸ਼ਾਂ ਦੀ ਕਾਮਯਾਬੀ ਲਈ ਭਰਪੂਰ ਸਮੱਰਥਨ ਦਾ ਯਕੀਨ ਦਿਵਾਇਆ। ਹੋਰਨਾਂ ਤੋਂ ਇਲਾਵਾ ਮਾਝਾ ਰੈਲੀ ਨੂੰ ਗੁਰਨਾਮ ਸਿੰਘ ਉਮਰਪੁਰਾ, ਅਰਸਾਲ ਸਿੰਘ ਸੰਧੂ, ਨਿਰਮਲ ਸਿੰਘ ਛੱਜਲਵੱਢੀ, ਸ਼ੀਤਲ ਸਿੰਘ ਤਲਵੰਡੀ, ਅਜੀਤ ਰਾਮ ਗੰਦਲਾਵਾੜੀ, ਰਘਬੀਰ ਸਿੰਘ ਧਲੌਰੀਆ, ਜਸਬੀਰ ਸਿੰਘ ਜਸਰਾਉਰ, ਬਲਵਿੰਦਰ ਸਿੰਘ ਰਵਾਲ, ਪੰਡਿਤ ਸੁਦਰਸ਼ਨ ਕੁਮਾਰ, ਮਾਸਟਰ ਜਨਕ ਰਾਜ, ਗੁਰਦਿਆਲ ਸਿੰਘ ਘੁੰਮਾਣ ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਡਾ. ਗੁਰਮੇਜ ਸਿੰਘ ਤਿੰਮੋਵਾਲ, ਜਗਜੀਤ ਸਿੰਘ ਕਲਾਨੌਰ, ਮਾਸਟਰ ਸੱਤਪਾਲ ਪੱਟੀ, ਸਿੰਦਾ ਸਿੱਧ, ਵਿਰਸਾ ਸਿੰਘ ਟਪਿਆਲਾ, ਮੁਖਤਾਰ ਸਿੰਘ ਮੱਲਾ, ਬਲਦੇਵ ਭੈਲ ਆਦਿ ਨੇ ਵੀ ਸੰਬੋਧਨ ਕੀਤਾ। ਰੈਲੀ ਉਪਰੰਤ ਸਰਕਾਰਾਂ ਖ਼ਿਲਾਫ਼ ਨਾਅਰੇ ਮਾਰਦਿਆਂ ਲਾਮਿਸਾਲ ਪ੍ਰਦਰਸ਼ਨ ਕੀਤਾ ਤੇ ਗੁੱਸੇ ਵਿੱਚ ਸਰਕਾਰਾਂ ਦੇ ਲਾਰੇ ਲੱਪਿਆਂ ਖ਼ਿਲਾਫ਼ ਜੀ ਟੀ ਰੋਡ 'ਤੇ ਲੰਮਾ ਸਮਾਂ ਜਾਮ ਲਾਇਆ।


ਆਰ ਐੱਮ ਪੀ ਆਈ ਵੱਲੋਂ ਥਾਣੇ ਅੱਗੇ ਧਰਨਾ 
ਸਰਹਾਲੀ : ਮਜ਼ਦੂਰਾਂ, ਕਿਸਾਨਾਂ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਵੱਲੋਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਝੰਡੇ ਹੇਠ ਥਾਣਾ ਸਰਹਾਲੀ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਚਮਨ ਲਾਲ ਦਰਾਜਕੇ, ਜਮਹੂਰੀ  ਕਿਸਾਨ ਦੇ ਆਗੂ ਨਿਰਪਾਲ ਸਿੰਘ ਜੋਣੇਕੇ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ  ਦੇ ਸੁਲੱਖਣ ਸਿੰਘ ਤੁੜ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਪੰਡੋਰੀ, ਜਨਵਾਦੀ ਇਸਤਰੀ ਸਭਾ ਦੇ ਆਗੂ ਜਸਬੀਰ ਕੌਰ ਤਰਨ ਤਾਰਨ ਆਦਿ ਆਗੂਆਂ ਨੇ ਕੀਤੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਅਤੇ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਪੁਲਸ ਜ਼ਿਆਦਤੀਆਂ ਲਗਾਤਾਰ ਵਧ ਰਹੀਆਂ ਹਨ। ਪਿੰਡ ਢੋਟੀਆਂ ਦੀ ਅਗਵਾ ਕੀਤੀ ਗਈ ਨਾਬਾਲਗ ਲੜਕੀ ਨੂੰ ਪੁਲਸ ਦੀ ਹਾਜ਼ਰੀ ਵਿੱਚ ਛੱਡ ਕੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਬਲਕਿ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਲਾਏ ਜਾ ਰਹੇ ਧਰਨੇ ਦੀ ਤਿਆਰੀ ਕਰਦੇ ਆਗੂ ਬਲਵੰਤ ਸਿੰਘ ਜਣੋਕੇ ਨੂੰ ਮੋਟਰ ਸਾਈਕਲ ਸਵਾਰਾਂ ਵੱਲੋਂ ਅਗਵਾ ਕਰਕੇ ਡੇਰੇ 'ਤੇ ਲਿਜਾ ਕੇ ਕੁੱਟਮਾਰ ਕੀਤੀ ਗਈ, ਪਰ ਪੁਲਸ ਪੈਸੇ ਦੀ ਭੁੱਖ ਅਤੇ ਸਿਆਸੀ ਦਬਾਅ ਹੇਠ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਨਸਾਫ ਮਿਲਣ ਤੱਕ ਇਹ ਧਰਨਾ ਜਾਰੀ ਕਰੇਗਾ।


ਪਾਰਟੀ ਵਲੋਂ ਗੋਰਖਪੁਰ ਵਿਖੇ ਬੱਚਿਆਂ ਦੀਆਂ ਮੌਤਾਂ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ
 
ਗੋਰਖਪੁਰ ਦੇ ਬਾਬਾ ਰਾਘਵਦਾਸ (B.R.D.) ਮੈਡੀਕਲ ਕਾਲਜ ਵਿਚ ਜਪਾਨੀ ਬੁਖਾਰ ਨਾਲ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ ਪਿਛਲੇ ਇਕ ਹਫਤੇ 'ਚ 71 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਹਲਕੇ ਵਿਚ ਸੈਂਕੜੇ ਹੋਰ ਬੱਚਿਆਂ ਦੇ ਬਿਮਾਰ ਹੋਣ ਦੀਆਂ ਖ਼ਬਰਾਂ ਕੌਮੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਰਹੀਆਂ ਹਨ। ਜਿਸ ਨਾਲ ਸਮੁੱਚੇ ਭਾਰਤ ਵਿਚ ਮਨੁੱਖਤਾਵਾਦੀ, ਅਮਨ ਪਸੰਦ ਤੇ ਜਮਹੂਰੀ ਲੋਕਾਂ 'ਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ। ਜਿੱਥੇ ਯੂ.ਪੀ. ਸਰਕਾਰ, ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਯੂ.ਪੀ. ਦੇ ਸਿਹਤ ਮੰਤਰੀ ਵਲੋਂ ਇਨ੍ਹਾਂ ਮੌਤਾਂ ਨੂੰ ਆਮ ਵਰਤਾਰਾ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਜਦਕਿ ਇਹ ਵਾਕਿਆ ਮੁੱਖ ਮੰਤਰੀ ਦੇ ਹਲਕੇ ਗੋਰਖਪੁਰ 'ਚ ਹੋਇਆ ਹੈ ਜਿਹੜਾ ਕਿ ਸੂਬਾ ਸਰਕਾਰ ਦੀਆਂ ਸਿਹਤ ਸੇਵਾਵਾਂ ਪ੍ਰਤੀ ਘੋਰ ਲਾਪਰਵਾਹੀ ਦਾ ਸਿੱਟਾ ਹੈ ਤੇ ਕੇਂਦਰ ਤੇ ਯੂ.ਪੀ. ਸਰਕਾਰ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀਆਂ। ਅਜਿਹੇ ਸ਼ਬਦਾਂ ਦਾ ਪ੍ਰਗਟਾਵਾ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਅਗਵਾਈ 'ਚ ਮੋਦੀ ਤੇ ਯੋਗੀ ਅਦਿਤਿਆਨਾਥ ਦੇ ਪ੍ਰਤੀਕ ਪੁਤਲੇ ਅਜਨਾਲਾ ਵਿਖੇ ਸਾੜਨ ਸਮੇਂ ਸਮੂਹ ਬੁਲਾਰਿਆਂ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅਸਲ ਵਿਚ ਇਹ ਮੌਤਾਂ ਆਕਸੀਜਨ ਦੇ ਖਤਮ ਹੋ ਜਾਣ ਕਾਰਨ ਹੋਈਆਂ ਹਨ। ਕੇਂਦਰ ਸਰਕਾਰ ਦੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਲਾਗੂ ਹੋਣ ਨਾਲ ਸਰਕਾਰਾਂ ਨੇ ਸਿਹਤ ਸੇਵਾਵਾਂ ਤੋਂ ਆਪਣਾ ਪੱਲਾ ਝਾੜ ਲਿਆ ਹੈ। ਇਸਦੇ ਮੰਤਕੀ ਸਿੱਟੇ ਅਜਿਹੇ ਹੀ ਹੋਣਗੇ। ਦੇਸ਼ ਦੀ ਸਮੁੱਚੀ ਜੀਡੀਪੀ ਦਾ ਘੱਟੋ ਘੱਟ 6 ਫੀਸਦੀ ਸਿਹਤ ਸੇਵਾਵਾਂ 'ਤੇ ਖਰਚ ਹੋਣਾ ਚਾਹੀਦਾ ਹੈ। ਜਦੋਂਕਿ ਭਾਰਤ ਵਿਚ ਡੇਢ ਫੀਸਦੀ ਹੀ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਸਿਹਤ ਸੇਵਾਵਾਂ ਸਮੇਤ ਸਮਾਜਿਕ ਸੇਵਾਵਾਂ ਨੂੰ ਬਚਾਉਣ ਲਈ ਲੋਕਾਂ ਨੂੰੂ ਇਕਜੁੱਟ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿਚ ਕੁੱਦਣਾ ਪਵੇਗਾ। 

देहाती मजदूर सभा हरियाणा का पहला राज्य सम्मेलन  
देहाती मजदूर सभा हरियाणा का पहला राज्य डैलीगेट सम्मेलन साथी नत्थूराम चौबारा, बिचित्र सिंह जबवाली, जीत सिंह रतिया की अध्यक्षता में संपंन्न हुआ। मंच संचालन तजिन्द्र सिंह थिंद, सुखचैन सिंह सरपंच व मास्टर बृज लाल ने किया। झण्डे की रस्म अदा साथी तजिंद्र सिंह थिंद ने की। सर्वप्रथम बिछड़े साथियों के प्रति संवेदना प्रकट करते हुए 2 मिन्ट का मौन किया गया।
मुख्यवक्ता साथी महीपाल बठिंडा, देहाती मजदूर सभा पंजाब राज्य कोषाध्यक्ष ने सम्मेलन को सम्बोधित करते हुआ कहा कि आज देश व प्रदेश में मजदूरों की हालात काफी नाजुक स्थिति में है। 71 वर्ष की आजादी के बाद भी अमीर और अमीर हुआ है व गरीब और गरीब हुआ है। आज तक मजदूरों के लिए कोई राष्ट्रीय कानून नहीं बनाया गया। केंद्र में जब से भाजपा सरकार आई है तब से मजदूरों पर अत्याचार व उत्पीडऩ ज्यादा बढ़ा है। अच्छे दिनों का नारा देकर भाजपा ने गद्दी हथियाई है। लेकिन काबिज होते ही नोटबंदी, जाति धर्म के नाम पर दंगे, जी.एस.टी. लागू करना, मनरेगा में फेर बदल करना आदि नीतियां लागू करके जनता पर बोझ डाला जा रहा है। मजदूर-किसान की हालत दयनीय बनी हुई है। लोगों को धर्म-जात, गोरक्षा के नाम पर बांटा जा रहा है। उन्होंने कहा कि पूरे हरियाणा में मजदूरों-किसानों को लामबंद करके उनकी मांगों के प्रति एक मजबूत आन्दोलन चलाया जायेगा। साथी तेजिंद्र सिंह रतिया ने पिछले कार्यकाल की रिपोर्ट पेश की। रिपोर्ट पर 25 साथियों ने बहस में हिस्सा लिया। आने वाले समय के लिए मजदूरों की मांगों के लिए आन्दोलन की रुपरेखा तय की गई। सभा को मजबूत करने के लिए योजना बनाई गई। अत: में सर्वसम्मति से राज्य कमेटी का चुनाव किया गया। जिसके राज्य प्रधान लाल चंद, महासचिव तेजिंदर सिंह, अध्यक्ष सुखचैन, नत्थू राम उप प्रधान, बचित्र सिंह सह-सचिव, बृजपाल प्रचार प्रवक्ता, बस्ती राम चोरमार, हजारा सिंह, सुनीता हिसार 15 कमेटी मैंबर लिए गए। अंत में स्वागत समिति के चेरयमैन श्री सुभाष पुनिया ने राज्य भर से आए डैलीगेट साथियों का धन्यवाद किया व मजदूर आंदोलन को पूरे हरियाणा में तेज करने का आह्वान किया। 



ਝੂਠੇ ਕੇਸ ਦਰਜ ਕਰਨ ਵਿਰੁੱਧ ਪੁਲਸ ਵਿਰੁੱਧ ਸਫਲ ਧਰਨਾ 
ਪਿੱਛਲੇ ਬੀਤ ਚੁਕੇ 10 ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਵਲੋਂ ਪੁਲੀਸ ਰਾਹੀਂ ਆਪਣੇ ਰਾਜਨੀਤਕ ਵਿਰੋਧੀਆਂ ਅਤੇ ਗਰੀਬ ਲੋਕਾਂ ਉਤੇ ਝੂਠੇ ਕੇਸ ਪਾਉਣ ਅਤੇ ਹੋਰ ਕਈ ਪ੍ਰਕਾਰ ਦਾ ਜੁਲਮ ਢਾਹੁਣ ਦੀਆਂ ਕਹਾਣੀਆਂ ਅਜੇ ਲੋਕਾਂ ਦੇ ਚੇਤਿਆਂ ਵਿਚ ਮੌਜੂਦ ਹਨ। ਪਰ ਉਹਨਾਂ ਜੁਲਮਾਂ ਤੋਂ ਤੰਗ ਆ ਕੇ ਲੋਕਾਂ ਨੇ ਜਿਹੜੀ ਸਰਕਾਰ ਨੂੰ ਪੰਜਾਬ ਦੀ ਰਾਜਸੱਤਾ ਸੌਂਪੀ ਉਹ ਅਕਾਲੀ ਭਾਜਪਾ ਸਰਕਾਰ ਦੇ ਉਹਨਾਂ ਹੀ ਕਾਰਨਮਿਆਂ ਉਤੇ ਤੇਜੀ ਨਾਲ ਚੱਲ ਪਈ ਹੈ। ਜਿਸ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆ ਚੁਕੀਆਂ ਹਨ। ਇਸੇ ਤਰ੍ਹਾਂ ਦੀ ਇਕ ਘਟਨਾ ਵਾਪਰੀ ਤਰਨ ਤਾਰਨ ਜਿਲੇ ਦੇ ਪੱਟੀ ਤਹਿਸੀਲ ਦੇ ਭਿਖੀਵਿੰਡ ਪਿੰਡ ਵਿਚ। ਹੋਇਆ ਇੰਜ ਕਿ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਸਾਥੀ ਚਮਨ ਲਾਲ ਦਰਾਜਕੇ ਰਾਤ ਨੂੰ ਰੋਟੀ ਖਾਣ ਆਪਣੇ ਮਿੱਤਰਾਂ ਦੇ ਨਾਲ ਭਿਖੀਵਿੰਡ ਦੇ ਪੀ.ਆਰ. ਰੈਸਟੋਰੈਂਟ ਵਿਚ ਗਏ। ਯਾਦ ਰਹੇ ਕਿ ਇਹ ਰੈਸਟੋਰੈਂਟ ਇਕ ਮੰਨੇ ਪ੍ਰਮੰਨੇ ਕਾਂਗਰਸ ਦੇ ਲੋਕਲ ਲੀਡਰ ਦਾ ਹੈ। ਰੋਟੀ ਖਾਣ ਲਈ ਪਰੋਸੀ ਗਈ ਮੀਟ ਦੀ ਸ਼ਬਜੀ ਖਰਾਬ ਸੀ ਜਿਸ ਤੋਂ ਚਮਨ ਲਾਲ ਦੇ ਸਾਥੀਆਂ ਤੇ ਹੋਟਲ ਦੇ ਕਰਿੰਦਿਆਂ ਵਿਚ ਤਕਰਾਰ ਹੋ ਗਿਆ। ਬੱਸ ਫਿਰ ਕੀ ਸੀ ਮਿੰਟਾਂ ਵਿਚ ਹੀ 40-50 ਗੁੰਡੇ ਤੇ ਲਠਮਾਰ ਸੱਦ ਕੇ ਹੋਟਲ ਮਾਲਕਾਂ ਨੇ ਉਕਤ ਸਾਥੀਆਂ ਦੇ ਗਲ ਪਵਾ ਦਿੱਤੇ। ਗੱਡੀ ਭੰਨ ਦਿੱਤੀ ਗਈ। ਕੁਟਮਾਰ ਵੀ ਕੀਤੀ ਗਈ ਅਤੇ ਅਗਲੇ ਦਿਨ ਥਾਣਾ ਭਿਖੀਵਿੰਡ ਵਿਖੇ ਚਮਨ ਲਾਲ ਤੇ ਸਾਥੀਆਂ ਉਪਰ ਝੂਠਾ ਕੇਸ ਪਾ ਦਿੱਤਾ ਗਿਆ। ਹੋਰ ਧਾਰਾਵਾਂ ਦੇ ਨਾਲ ਧਾਰਾ 354 ਵੀ ਲਾਈ ਗਈ।
ਇਸ ਦੇ ਖਿਲਾਫ 11 ਅਗੱਸਤ ਨੂੰ ਡੀ. ਐਸ. ਪੀ. ਭਿੱਖੀਵਿੰਡ ਦੇ ਦਫਤਰ ਅੱਗੇ ਮਜ਼ਦੂਰਾਂ, ਕਿਸਾਨਾਂ ਤੇ ਔਰਤਾਂ ਦਾ ਬਹੁਤ ਹੀ ਵਿਸ਼ਾਲ ਇਕਠ ਕੀਤਾ ਗਿਆ। ਧਰਨਾ ਮਾਰਿਆ ਗਿਆ। ਸਾਥੀ ਚਮਨ ਲਾਲ ਤੇ ਸਾਥੀਆਂ 'ਤੇ ਪਾਇਆ ਝੂਠਾ ਕੇਸ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ ਗਈ। ਕਰੀਬ 5 ਘੰਟੇ ਚਲੇ ਧਰਨੇ ਤੋਂ ਬਾਅਦ ਡੀ. ਐਸ. ਪੀ. ਭਿੱਖੀਵਿੰਡ ਨੇ ਗੱਲਬਾਤ ਦਾ ਸੱਦਾ ਭੇਜਿਆ। ਗਲਬਾਤ ਦੌਰਾਨ ਹੋਏ ਫੈਸਲੇ ਅਨੁਸਾਰ ਡੀ. ਐਸ. ਪੀ. ਨੇ ਇੱਕਠ ਵਿਚ ਆ ਕੇ ਇਹ ਕੇਸ ਵਾਪਿਸ ਲੈਣ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਹੀ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ। ਇਸ ਧਰਨੇ ਵਿਚ ਗੁਰਨਾਮ ਸਿੰਘ ਦਾਊਦ, ਪਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ ਝਬਾਲ, ਦਲਜੀਤ ਸਿੰਘ, ਮਾਸਟਰ ਅਰਸਾਲ ਸਿੰਘ, ਭਜਨ ਸਿੰਘ, ਧਰਮ ਸਿੰਘ ਪੱਟੀ, ਬਲਦੇਵ ਸਿੰਘ ਪੰਡੋਰੀ, ਬਲਦੇਵ ਸਿੰਘ ਭੈਲ ਅਤੇ ਹੋਰ ਅਨੇਕਾਂ ਆਗੂ ਹਾਜ਼ਰ ਸਨ।



ਜਨਵਾਦੀ ਇਸਤਰੀ ਸਭਾ ਦੀਆਂ ਔਰਤਾਂ ਨੇ ਬਰਾਲਾ ਦਾ ਫੂਕਿਆ ਪੁਤਲਾ 
ਅਜਨਾਲਾ : ਬੀਤੇ ਦਿਨੀਂ ਵਿਕਾਸ ਬਰਾਲਾ, ਜੋ ਸੱਤਾਧਾਰੀ ਭਾਜਪਾ ਹਰਿਆਣਾ ਪ੍ਰਦੇਸ਼ ਦੇ ਪ੍ਰਧਾਨ ਤੇ ਵਿਧਾਇਕ ਦੇ ਪੁੱਤਰ ਵੀ ਹਨ, ਵੱਲੋਂ ਚੰਡੀਗੜ੍ਹ ਵਿਖੇ ਇੱਕ ਆਈ.ਏ.ਐਸ. ਅਧਿਕਾਰੀ ਦੀ ਲੜਕੀ ਨਾਲ ਕਥਿਤ ਛੇੜਛਾੜ ਕਰਕੇ ਤੰਗ ਪਰੇਸ਼ਾਨ ਕਰਨ ਦੇ ਦੋਸ਼ਾਂ ਵਿਚ ਘਿਰੇ ਭਾਜਪਾ ਆਗੂ ਵਿਰੁੱਧ ਸਥਾਨਕ ਸ਼ਹਿਰ ਵਿਚ ਬੀਬੀ ਅਜੀਤ ਕੌਰ ਕੋਟਰਜਾਦਾ ਪ੍ਰਧਾਨ ਜਨਵਾਦੀ ਇਸਤਰੀ ਸਭਾ ਤਹਿਸੀਲ ਅਜਨਾਲਾ ਨੇ ਆਪਣੀਆਂ ਭਰਾਤਰੀ ਇਨਕਲਾਬੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਕਾਸ ਬਰਾਲਾ ਦਾ ਪੁਤਲਾ ਫੂਕ ਮੁਜ਼ਾਹਰਾ ਕਰਦਿਆ ਪਿੱਟ ਸਿਆਪਾ ਕੀਤਾ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਹਰਿਆਣਾ 'ਚ ਭਾਜਪਾ ਦੀ ਅਗਵਾਈ 'ਚ ਕੌਮੀ ਪਧਰ 'ਤੇ ਵਿੱਢੀ ਗਈ 'ਬੇਟੀ ਬਚਾਓ ਤੇ ਬੇਟੀ ਪੜ੍ਹਾਓ' ਮੁਹਿੰਮ ਉਕਤ ਮੰਦਭਾਗੀ ਘਟਨਾ ਨਾਲ ਇਕ ਕੋਝਾ ਮਜਾਕ ਹੋ ਨਿਬੜੀ ਹੈ ਅਤੇ ਔਰਤਾਂ-ਲੜਕੀਆਂ ਦੇ ਸੁਰੱਖਿਅਤ ਹੋਣ ਦੇ ਭਾਜਪਾ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਵੀ ਫੂਕ ਨਿਕਲ ਗਈ ਹੈ, ਜਿਸਦਾ ਪ੍ਰਤੱਖ ਪ੍ਰਮਾਣ ਕਥਿਤ ਦੋਸ਼ੀ ਵਿਕਾਸ ਬਰਾਲਾ ਨੂੰ ਰੰਗੇ ਹੱਥੀ ਫੜਨ ਦੇ ਬਾਵਜੂਦ ਚੰਡੀਗੜ੍ਹ ਪੁਲਸ ਨੇ ਸੱਤਾਧਾਰੀ ਕੇਂਦਰੀ ਮੋਦੀ ਤੇ ਹਰਿਆਣਾ ਭਾਜਪਾ ਸਰਕਾਰ ਦੇ ਦਬਾਓ ਵਿਚ ਥਾਣੇ 'ਚ ਹੀ ਜਮਾਨਤ ਦੇ ਕੇ ਦੋਸ਼ੀ ਨੂੰ ਬਿਨਾਂ ਦੇਰੀ ਛੱਡ ਦਿੱਤਾ। ਮੁਜ਼ਾਹਰਾਕਾਰੀਆਂ ਨੇ ਕਥਿਤ ਦੋਸ਼ੀ ਵਿਕਾਸ ਬਰਾਲਾ ਨੂੰ  ਫੌਰੀ ਤੌਰ 'ਤੇ ਸਖਤ ਸਜ਼ਾ ਦਿੱਤੇ ਜਾਣ ਦੀ ਅਵਾਜ ਬੁਲੰਦ ਕੀਤੀ।

No comments:

Post a Comment