Wednesday 20 September 2017

ਵਰਣਿਕਾ ਕਾਂਡ; ਹੈ ਫ਼ਿਜ਼ਾ ਬੇਆਬਰੂ, ਏਥੇ ਨਜ਼ਰ ਨਾਪਾਕ ਹੈ!

ਇੰਦਰਜੀਤ ਚੁਗਾਵਾਂ 
ਅਗਸਤ, 2017 ਦੇ ਪਹਿਲੇ ਹਫਤੇ ਇਕ ਬਹੁਤ ਹੀ ਕਾਲੀ ਤਸਵੀਰ ਉਕਰੀ ਗਈ ਜਿਸਨੇ ਆਉਣ ਵਾਲੇ ਸਮੇਂ ਦੀ ਇਕ ਬਹੁਤ ਹੀ ਸਪੱਸ਼ਟ ਝਲਕ ਲੋਕਾਂ ਅੱਗੇ ਪੇਸ਼ ਕੀਤੀ ਹੈ। ਇਸ ਪਹਿਲੂ ਨੂੰ ਖੁਸ਼ਕਿਸਮਤੀ (ਮੁਆਫੀ ਚਾਹੁੰਦੇ ਹਾਂ) ਹੀ ਕਿਹਾ ਜਾ ਸਕਦਾ ਹੈ ਕਿ ਇਹ ਤਸਵੀਰ ਦੋ ਸੂਬਿਆਂ, ਪੰਜਾਬ ਤੇ ਹਰਿਆਣਾ, ਦੀ ਸਾਂਝੀ ਰਾਜਧਾਨੀ ਤੇ ਕੇਂਦਰ ਪ੍ਰਸ਼ਾਸਿਤ ਇਲਾਕੇ (ਯੂਟੀ) ਚੰਡੀਗੜ੍ਹ 'ਚ ਚਿੱਤਰੀ ਗਈ। ਜੇ ਇਹੋ ਤਸਵੀਰ ਕਿਸੇ ਦੂਰ ਦੁਰਾਡੇ ਦੇ ਇਲਾਕੇ 'ਚ ਉਕਰਦੀ ਤਾਂ ਉਸ ਦਾ ਅਸਰ ਏਨਾ ਨਹੀਂ ਸੀ ਹੋਣਾ ਜਾਂ ਅਸਲੋਂ ਹੀ ਨਹੀਂ ਹੋਣਾ ਸੀ।
ਹਰਿਆਣਾ ਦੇ ਇਕ ਸੀਨੀਅਰ ਆਈ.ਏ.ਐਸ. ਅਫਸਰ ਵਰਿੰਦਰ ਸਿੰਘ ਕੁੰਡੂ ਦੀ ਬੇਟੀ ਵਰਣਿਕਾ ਨਾਲ 5 ਅਗਸਤ ਦੀ ਰਾਤ ਨੂੰ ਚੰਡੀਗੜ੍ਹ 'ਚ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਲੜਕੇ ਵਿਕਾਸ ਬਰਾਲਾ ਨੇ ਆਪਣੇ ਇਕ ਦੋਸਤ ਨਾਲ ਮਿਲਕੇ ਬਦਤਮੀਜ਼ੀ ਕੀਤੀ। ਸੱਤ ਕਿਲੋਮੀਟਰ ਤੱਕ ਵਰਣਿਕਾ ਦਾ ਪਿੱਛਾ ਕੀਤਾ ਗਿਆ, ਉਸ ਦਾ ਰਾਹ ਰੋਕ ਕੇ ਹੱਥ ਪਾਉਣ ਦੀ ਵਾਰ ਵਾਰ ਕੋਸ਼ਿਸ਼ ਕੀਤੀ ਗਈ। ਵਰਣਿਕਾ ਇਕ ਆਮ ਲੜਕੀ ਨਹੀਂ ਸੀ, ਉਹ ਡਰ ਜ਼ਰੂਰ ਗਈ ਪਰ ਉਸ ਨੇ ਹੌਂਸਲਾ ਨਹੀਂ ਛੱਡਿਆ ਤੇ ਗੱਡੀ ਚਲਾਉਂਦੇ ਵਕਤ ਹੀ ਉਸ ਨੇ ਪੁਲਸ ਨੂੰ ਫੋਨ ਕਰ ਦਿੱਤਾ। ਫੋਨ ਇਕ ਆਈ.ਏ.ਐਸ. ਅਫਸਰ ਦੀ ਧੀ ਦਾ ਸੀ, ਇਸ ਲਈ ਪੁਲਸ ਵੀ ਫੁਰਤੀ ਨਾਲ ਆ ਗਈ ਤੇ ਪਿੱਛਾ ਕਰਨ ਵਾਲੇ ਦੋਵੇਂ ਬਦਮਾਸ਼ ਮੌਕੇ 'ਤੇ ਫੜ ਲਏ ਗਏ। ਪੁਲਸ ਨੂੰ ਇਹ ਬਾਅਦ 'ਚ ਪਤਾ ਲੱਗਾ ਕਿ ਉਹ ਦੋਵੇਂ ਬਦਮਾਸ਼ ਅਸਲ 'ਚ 'ਸ਼ਰੀਫਜ਼ਾਦੇ' ਹਨ। ਜਦ  ਵਰਣਿਕਾ ਰਾਤ ਦੋ ਵਜੇ ਆਪਣੇ ਪਿਤਾ ਨੂੰ ਲੈ ਕੇ 26 ਸੈਕਟਰ ਦੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਪਹੁੰਚੀ ਤਾਂ ਉਥੇ ਭਾਜਪਾ ਦੇ ਆਗੂ ਪਹਿਲਾਂ ਹੀ ਪਹੁੰਚ ਚੁੱਕੇ ਸਨ। ਜਦ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 354-ਡੀ (ਗਲਤ ਇਰਾਦੇ ਨਾਲ ਪਿੱਛਾ ਕਰਨਾ) ਅਤੇ ਮੋਟਰ ਐਕਟ ਦੀ ਧਾਰਾ 185 (ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣਾ) ਦੇ ਨਾਲ ਨਾਲ 341, 365 ਅਤੇ 511 ਅਧੀਨ ਪਰਚਾ ਦਰਜ ਕੀਤਾ ਗਿਆ ਪਰ ਬਾਅਦ 'ਚ ਇਹ ਧਾਰਾਵਾਂ ਹਟਾ ਲਈਆਂ ਗਈਆਂ, ਜਿਸ ਤੋਂ ਬਾਅਦ ਦੋਹਾਂ ਨੂੰ ਜਮਾਨਤ ਦੇ ਦਿੱਤੀ ਗਈ।
ਵਿਕਾਸ ਬਰਾਲਾ ਸੱਤਾਧਾਰੀ ਧਿਰ ਦੀ ਪਾਰਟੀ ਦੇ ਸੂਬਾ ਮੁਖੀ ਦਾ ਪੁੱਤਰ ਹੋਣ ਕਾਰਨ ਸਮੁੱਚਾ ਤਾਣਾਬਾਣਾ ਉਸ ਨੂੰ ਬਚਾਉਣ ਲਈ ਹਰਕਤ ਵਿਚ ਆ ਗਿਆ। ਘਟਨਾ ਵਾਲੀ ਰਾਤ ਤੋਂ ਹੀ ਇਹ ਗੱਲ ਸਾਹਮਣੇ ਆ ਗਈ ਕਿ ਇਸ ਮਾਮਲੇ ਦੀ ਬਰਾਲਾ ਪਰਵਾਰ ਵਲੋਂ ਬਰਾਲਾ ਦੀ ਪਾਰਟੀ ਭਾਜਪਾ ਤੇ ਉਸਦੀ ਸਰਕਾਰ ਨੂੰ ਜ਼ਿਆਦਾ ਚਿੰਤਾ ਹੈ। ਇਹੀ ਕਾਰਨ ਸੀ ਕਿ ਉਸਦੀ ਤੇ ਉਸਦੇ ਦੋਸਤ ਦੀ ਜਮਾਨਤ ਪੰਚਕੂਲਾ 'ਚ ਭਾਜਪਾ ਦੇ ਇਕ ਤਰਜਮਾਨ ਕ੍ਰਿਸ਼ਨ ਕੁਮਾਰ ਢੱਲ ਨੇ ਪੰਜਾਹ ਹਜ਼ਾਰ ਰੁਪਏ ਜਮਾਂ ਕਰਵਾ ਕੇ ਕਰਵਾਈ। ਸਮੁੱਚੇ ਪ੍ਰਸ਼ਾਸਨ 'ਤੇ ਕਿੰਨਾ ਕੁ ਦਬਾਅ ਹੋਵੇਗਾ, ਇਸ ਗੱਲ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਵੱਡੀ ਬਹੁਗਿਣਤੀ ਅਫਸਰਾਂ ਨੇ ਆਪਣੇ ਫੋਨ ਬੰਦ ਕਰ ਦਿੱਤੇ ਜਾਂ ਮੂਕ ਕਰ ਦਿੱਤੇ। ਚੰਡੀਗੜ੍ਹ ਪੁਲਸ ਨੇ ਸੱਤ ਅਗਸਤ ਨੂੰ ਦੱਸਿਆ ਕਿ ਸ਼ਿਕਾਇਤ ਅਨੁਸਾਰ ਜਿਸ ਰੂਟ 'ਤੇ ਵਰਣਿਕਾ ਦਾ ਪਿੱਛਾ ਕੀਤਾ ਗਿਆ ਸੀ, ਉਸ ਰੂਟ 'ਤੇ 9 ਸੀਸੀਟੀਵੀ ਕੈਮਰੇ ਸਨ ਪਰ ਉਨ੍ਹਾਂ 'ਚੋਂ 5 ਕੰਮ ਨਹੀਂ ਕਰ ਰਹੇ ਸਨ। ਬਾਕੀ ਚਾਰ ਵਿਚ ਜਿਹੜੀ ਫੁਟੇਜ਼ ਹੈ, ਉਸ ਤੋਂ ਕੁੱਝ ਸਾਫ ਨਹੀਂ ਪਤਾ ਲੱਗਦਾ। ਇਹ ਗੱਲ ਡੀ.ਐਸ.ਪੀ. ਸਤੀਸ਼ ਕੁਮਾਰ ਨੇ ਕਹੀ ਸੀ। ਬਾਅਦ 'ਚ ਜਦ ਚੁਫੇਰਿਓਂ ਹਮਲੇ ਹੋਣ ਲੱਗ ਪਏ ਤਾਂ ਚੰਡੀਗੜ੍ਹ ਪੁਲਸ ਨੂੰ ਇਹ ਕਹਿਣਾ ਪਿਆ ਕਿ ਸੀਸੀਟੀਵੀ ਫੁਟੇਜ ਗਾਇਬ ਨਹੀਂ ਹੋਈ, ਮਿਲ ਗਈ ਹੈ।
ਦਬਾਅ ਸਿਰਫ ਪੁਲਸ ਰਾਹੀਂ ਨਹੀਂ ਸੀ, ਸੋਸ਼ਲ ਮੀਡੀਆ ਰਾਹੀਂ ਵੀ ਵਰਣਿਕਾ ਤੇ ਉਸ ਦੇ ਪਰਵਾਰ ਦੇ ਹੌਂਸਲੇਪਸਤ ਕਰਨ ਲਈ ਉਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ। ਵਰਣਿਕਾ ਨੇ ਆਪਣੇ ਨਾਲ ਹੋਈ ਬੀਤੀ ਦੀ ਸਾਰੀ ਕਹਾਣੀ ਫੇਸਬੁੁੱਕ 'ਤੇ ਪਾ ਦਿੱਤੀ ਸੀ। ਬਰਾਲਾ ਪਰਵਾਰ ਦੇ ਕੁਲਦੀਪ ਬਰਾਲਾ ਨਾਂਅ ਦੇ ਸ਼ਖ਼ਸ ਨੇ ਦੋ ਲੜਕਿਆਂ ਨਾਲ ਖੜ੍ਹੀ ਵਰਣਿਕਾ ਦੀ ਇਕ ਤਸਵੀਰ ਸ਼ੇਅਰ ਕਰਦਿਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਘਟਨਾ ਸਮੇਂ ਤਾਂ ਵਰਣਿਕਾ ਖੁਦ ਨਸ਼ੇ ਵਿਚ ਸੀ। ਕੁਲਦੀਪ ਬਰਾਲਾ ਵੀ ਭਾਜਪਾ ਦਾ ਆਗੂ ਦੱਸਿਆ ਜਾਂਦਾ ਹੈ। ਬਾਅਦ ਵਿਚ ਉਸਨੇ ਇਹ ਪੋਸਟ ਮਿਟਾ ਦਿੱਤੀ। ਇਸ ਤੋਂ ਬਾਅਦ ਉਸਨੇ ਇਕ ਹੋਰ ਪੋਸਟ 'ਚ ਵਰਣਿਕਾ ਦੇ ਹੱਥ 'ਚ ਸ਼ਰਾਬ ਦੇ ਗਿਲਾਸ ਵਾਲੀ ਤਸਵੀਰ ਸ਼ੇਅਰ ਕਰਦਿਆਂ ਉਸ ਦੇ ਚਰਿੱਤਰ 'ਤੇ ਸੁਆਲ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਦਾਅਵਾ ਕਰ ਦਿੱਤਾ ਕਿ ਭਾਜਪਾ ਆਗੂ ਦਾ ਅਕਸ ਖਰਾਬ ਕਰਨ ਲਈ ਵਿਰੋਧੀ ਧਿਰ ਮੁੱਦੇ ਨੂੰ ਹਵਾ ਦੇ ਰਹੀ ਹੈ। ਜੇ ਗੱਲ ਇੱਥੋਂ ਤੱਕ ਹੀ ਸੀਮਤ ਰਹਿ ਜਾਂਦੀ ਤਾਂ ਫਿਰ ਵੀ ਕੋਈ ਵੱਡੀ ਗੱਲ ਨਹੀਂ ਸੀ। ਹੱਦ ਤਾਂ ਉਦੋਂ ਹੋ ਗਈ ਜਦ ਭਾਜਪਾ ਦੇ ਸੀਨੀਅਰ ਆਗੂਆਂ ਨੇ ਹੱਦਾਂ ਉਲੰਘਣੀਆਂ ਸ਼ੁਰੂ ਕਰ ਦਿੱਤੀਆਂ। ਇਕ ਟੀਵੀ ਚੈਨਲ 'ਤੇ ਬਹਿਸ ਦੌਰਾਨ ਹਰਿਆਣਾ ਭਾਜਪਾ ਦੇ ਉਪ ਪ੍ਰਧਾਨ ਰਾਮਵੀਰ ਭੱਟੀ ਨੇ ਕਿਹਾ, ''ਲੜਕੀ ਨੂੰ ਦੇਰ ਰਾਤ ਬਾਹਰ ਰਹਿਣ ਦੀ ਜ਼ਰੂਰਤ ਹੀ ਕੀ ਸੀ।'' ਭਾਜਪਾ ਦੀ ਮਹਿਲਾ ਤਰਜਮਾਨ ਸ਼ਾਈਨਾ ਐਨਸੀ ਤਾਂ ਇਸ ਤੋਂ ਵੀ ਅੱਗੇ ਚਲੀ ਗਈ। ਉਸ ਨੇ ਵਰਣਿਕਾ ਦੀ ਵਿਕਾਸ ਬਰਾਲਾ ਨਾਲ ਇਕ ਪੁਰਾਣੀ ਤਸਵੀਰ ਟਵਿਟਰ 'ਤੇ ਸ਼ੇਅਰ ਕਰਦਿਆਂ ਉਸਨੂੰ 'ਅਖੌਤੀ ਪੀੜਤ ਬੇਟੀ' ਤੱਕ ਆਖ ਦਿੱਤਾ ਤੇ ਕਿਹਾ ਕਿ ਸੁਭਾਸ਼ ਬਰਾਲਾ ਦੇ ਬੇਟੇ ਨਾਲ ਇਨਸਾਫ ਹੋਣਾ ਚਾਹੀਦਾ ਹੈ। ਇਸ ਪੋਸਟ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਸੱਤ ਲੋਕਾਂ ਨੂੰ ਟੈਗ ਕੀਤਾ ਗਿਆ ਸੀ। ਬਾਅਦ 'ਚ ਸ਼ਾਈਨਾ ਨੇ ਇਹ ਆਖ ਦਿੱਤਾ ਕਿ ਮੇਰਾ ਤਾਂ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ।
ਵਰਣਿਕਾ ਦੇ ਆਈ.ਏ.ਐਸ. ਅਫਸਰ ਪਿਤਾ 'ਤੇ ਕਿੰਨਾ ਕੁ ਦਬਾਅ ਹੋਵੇਗਾ, ਇਸ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਵੀ ਫੇਸਬੁੱਕ 'ਤੇ ਜਾਣਾ ਪਿਆ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ ਹੈ, ''ਜਿਵੇਂ ਕਿ ਉਮੀਦ ਸੀ, ਉਹ ਗੁੰਡੇ ਰਸੂਖਦਾਰ ਪਰਵਾਰ ਦੇ ਹਨ। ਅਸੀਂ ਸਭ ਜਾਣਦੇ ਹਾਂ ਕਿ ਇਸ ਤਰ੍ਹਾਂ ਸ਼ੋਸ਼ਣ ਦੇ ਮਾਮਲੇ 'ਚ ਅਕਸਰ ਸਜ਼ਾ ਨਹੀਂ ਹੁੰਦੀ ਅਤੇ ਕਈ ਵਾਰ ਤਾਂ ਇਨ੍ਹਾਂ ਬਾਰੇ ਰਿਪੋਰਟ ਵੀ ਨਹੀਂ ਕੀਤੀ ਜਾਂਦੀ। ਰਸੂਖਦਾਰ ਪਰਵਾਰਾਂ ਦੇ ਗੁੰਡਿਆਂ ਨਾਲ ਕੋਈ ਉਲਝਣ ਦੀ ਹਿੰਮਤ ਵੀ ਨਹੀਂ ਕਰ ਪਾਉਂਦਾ। ਮੈਨੂੰ ਲੱਗਦਾ ਹੈ ਕਿ ਜੇ ਸਾਡੇ ਵਰਗੇ ਲੋਕ, ਜਿਨ੍ਹਾਂ ਨੂੰ ਥੋੜੀ ਬਹੁਤ ਸਹੂਲਤ ਮਿਲੀ ਹੋਈ ਹੈ, ਇਸ ਤਰ੍ਹਾਂ ਦੇ ਅਪਰਾਧੀਆਂ ਖਿਲਾਫ਼ ਨਹੀਂ ਖੜ੍ਹੇ ਹੋਵਾਂਗੇ ਤਾਂ ਦੇਸ਼ 'ਚ ਕੋਈ ਨਹੀਂ ਖੜ੍ਹਾ ਹੋ ਸਕੇਗਾ। ਇਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਆ ਕੇ ਵਰਣਿਕਾ ਦੇ ਪਿਤਾ ਦਾ ਸਮਰਥਨ ਮੰਗਣਾ ਦਿਖਾਉਂਦਾ ਹੈ ਕਿ ਇਨਸਾਫ ਦੀ ਲੜਾਈ ਲਈ ਵਰਣਿਕਾ ਦੇ ਰਾਹ 'ਚ ਕਿੰਨੀਆਂ ਵੱਡੀਆਂ ਮੁਸ਼ਕਿਲਾਂ ਹਨ।
ਰਸੂਖਦਾਰ ਪਰਵਾਰ ਵਲੋਂ ਕੀਤੇ ਜਾਣ ਵਾਲੇ ਅਪਰਾਧਾਂ ਨੂੰ ਨੇੜਿਓਂ ਜਾਣਨ ਵਾਲੇ ਇਕ ਵਕੀਲ ਨੇ ਕਿਹਾ ਕਿ ਜਿਸ ਤਰ੍ਹਾਂ ਬਰਾਲਾ ਪਰਵਾਰ ਅਤੇ ਭਾਜਪਾ ਦੇ ਆਗੂਆਂ ਨੇ ਇਸ ਲੜਕੀ ਖਿਲਾਫ ਸੋਸ਼ਲ ਮੀਡੀਆ 'ਤੇ ਮੁਹਿੰਮ ਵਿੱਢੀ ਹੈ, ਇਸ ਦੇ ਨਾਲ ਹੀ ਜਿਸ ਤਰ੍ਹਾਂ ਸੂਬੇ ਦੀ ਆਈਏਐਸ ਐਸੋਸੀਏਸ਼ਨ ਅਤੇ ਮੁੱਖ ਸਕੱਤਰ ਨੇ ਆਪਣੇ ਕਿਸੇ ਸਹਿਯੋਗੀ ਤੇ ਉਨ੍ਹਾਂ ਦੀ ਬੇਟੀ ਨਾਲ ਇਸ ਘਟਨਾਕ੍ਰਮ ਤੋਂ ਦੂਰੀ ਬਣਾ ਰੱਖੀ ਹੈ, ਉਹ ਉਸ ਖੇਡ ਦੀ ਸ਼ੁਰੂਆਤੀ ਚੇਤਾਵਨੀ ਹੈ, ਜਿਹੜੀ ਹਰ ਵਾਰ ਖੇਡੀ ਜਾਂਦੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇਸ ਸਮੁੱਚੇ ਮਾਮਲੇ 'ਚ ਰੁਖ਼ ਸਭ ਕੁਝ ਸਾਫ ਕਰ ਦਿੰਦਾ ਹੈ। ਉਹ ਆਪਣੇ ਆਗੂ ਸੁਭਾਸ਼ ਬਰਾਲਾ ਦਾ ਬਚਾਅ ਕਰਦਿਆਂ ਆਖਦੇ ਹਨ ਕਿ ਬੇਟੇ ਦੇ ਕੀਤੇ ਲਈ ਪਿਤਾ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਮੀਡੀਆ ਨਾਲ ਗੱਲ ਕਰਦਿਆਂ ਉਹ ਆਖਦੇ ਹਨ, ''ਮੈਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਹੈ। ਚੰਡੀਗੜ੍ਹ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਉਹ ਯੋਗ ਕਾਰਵਾਈ ਵੀ ਕਰਨਗੇ। ਇਹ ਸੁਭਾਸ਼ ਬਰਾਲਾ ਨਹੀਂ ਬਲਕਿ ਇਕ ਹੋਰ ਵਿਅਕਤੀ ਨਾਲ ਜੁੜਿਆ ਮਾਮਲਾ ਹੈ, ਇਸ ਲਈ ਉਨ੍ਹਾਂ ਦੇ ਬੇਟੇ  ਖਿਲਾਫ਼ ਕਾਰਵਾਈ ਕੀਤੀ ਜਾਵੇਗੀ।''
ਹਰਿਆਣਾ ਦੀ ਕੈਬਨਿਟ ਦੀ 8 ਅਗਸਤ ਨੂੰ ਹੋਈ ਮੀਟਿੰਗ 'ਚ ਇਸ ਮਾਮਲੇ 'ਤੇ ਵਿਵਾਦ ਹੋਇਆ। ਉਹ ਸੁਭਾਸ਼ ਬਰਾਲਾ ਦੇ ਨਾਲ  ਖੜੀ ਹੈ। ਉਹ ਇਸ ਗੱਲ ਤੋਂ ਹੀ ਸੰਤੁਸ਼ਟ ਹਨ ਕਿ ਸੁਭਾਸ਼ ਬਰਾਲਾ ਨੇ ਵਰਣਿਕਾ ਨੂੰ ਆਪਣੀ ਬੇਟੀ ਕਿਹਾ ਹੈ।
ਸਮੁੱਚੇ ਵਰਤਾਰੇ ਨੂੰ ਜੇ ਗਹੁ ਨਾਲ ਵਾਚਿਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਔਰਤਾਂ ਵਿਰੁੱਧ ਅਪਰਾਧ ਇਸ ਸਿਸਟਮ ਦੀਆਂ ਤਰਜੀਹਾਂ ਵਿਚ ਨਹੀਂ ਹੈ। ਜੇ ਅਜਿਹਾ ਨਾ ਹੁੰਦਾ ਤਾਂ ਜਿੰਮੇਵਾਰ ਮੰਤਰੀਆਂ ਤੇ ਆਗੂਆਂ ਦੇ ਅਜਿਹੇ ਸਤਹੀ ਬਿਆਨ ਨਾ ਆਉਂਦੇ। ਭਾਜਪਾ ਤੇ ਉਸਦੀ ਸਰਪ੍ਰਸਤ ਆਰ.ਐਸ.ਐਸ. ਤਾਂ ਹੈ ਹੀ ਮੱਧਯੁਗੀ ਮਾਨਸਿਕਤਾ ਵਾਲੀ ਜੋ ਔਰਤ ਨੂੰ ਪੈਰ ਦੀ ਜੁੱਤੀ ਤੋਂ ਜ਼ਿਆਦਾ ਅਹਿਮੀਅਤ ਨਹੀਂ ਦਿੰਦੀ। ਇਸ ਮਾਨਸਿਕਤਾ ਦਾ ਖੁੱਲ੍ਹੇਆਮ ਪ੍ਰਗਟਾਵਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੀ ਅਸੰਬਲੀ ਚੋਣ ਮੁਹਿੰਮ ਦੌਰਾਨ ਕਰ ਚੁੱਕੇ ਹਨ। ਔਰਤਾਂ ਦੀ ਸੁਰੱਖਿਆ ਦਾ ਸਵਾਲ ਉਠਣ 'ਤੇ ਉਹ ਉਨ੍ਹਾਂ ਦੇ ਡ੍ਰੈਸ ਕੋਡ (ਪੁਸ਼ਾਕ ਜਾਬਤਾ) ਦੀ ਗੱਲ ਕਰਦੇ ਰਹੇ ਹਨ। ਕਰਨਾਲ ਹਲਕੇ ਤੋਂ ਚੋਣ ਲੜਦੇ ਸਮੇਂ ਉਨ੍ਹਾਂ ਇਥੋਂ ਤੱਕ ਆਖ ਦਿੱਤਾ ਸੀ ਕਿ ਔਰਤਾਂ ਜੇ ਏਨੀ ਹੀ ਆਜ਼ਾਦੀ ਚਾਹੁੰਦੀਆਂ ਹਨ ਤਾਂ ਉਹ ਸੜਕਾਂ 'ਤੇ ਨੰਗੀਆਂ ਹੋ ਕੇ ਕਿਉਂ ਨਹੀਂ  ਘੁੰਮਦੀਆਂ? ਜੇ ਤੁਸੀਂ ਇੰਟਰਨੈਟ 'ਤੇ 10 ਅਕਤੂਬਰ 2014 ਦੇ ਉਨ੍ਹਾਂ ਦੇ ਇਸ ਬਿਆਨ ਨੂੰ ਲੱਭੋਗੇ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ।
ਹਰਿਆਣਾ ਦੇ ਭਾਜਪਾ ਆਗੂਆਂ ਵਲੋਂ ਆਪਣੀ ਸਰਕਾਰ ਦਾ ਇਹ ਕਹਿਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਹਰਿਆਣਾ ਦੀ ਨਹੀਂ ਹੈ, ਚੰਡੀਗੜ੍ਹ ਦੀ ਹੈ ਜੋ ਕਿ ਕੇਂਦਰ ਸ਼ਾਸਤ ਇਲਾਕਾ (ਯੂ.ਟੀ.) ਹੈ ਅਤੇ ਪੁਲਸ ਜਾਂਚ ਕਰ ਰਹੀ ਹੈ, ਕਾਨੂੰੂਨ ਆਪਣਾ ਕੰਮ ਕਰੇਗਾ। ਇਹ ਗੱਲ ਸਹੀ ਹੈ ਕਿ ਚੰਡੀਗੜ੍ਹ ਕੇਂਦਰ ਸ਼ਾਸ਼ਤ ਇਲਾਕਾ ਹੈ, ਪਰ ਕੇਂਦਰ ਵਿਚ ਸਰਕਾਰ ਕਿਸਦੀ ਹੈ? ਉਸ ਭਾਜਪਾ ਦੀ ਜਿਸ ਦਾ ਆਗੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਬੇਟੀ ਪੜ੍ਹਾਓ, ਬੇਟੀ ਬਚਾਓ' ਮੁਹਿੰਮ ਦਾ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਿਹਾ ਹੈ ਤੇ ਉਸ ਦੇ ਸਿੱਧੇ ਕੰਟਰੋਲ ਹੇਠਲੇ ਇਸ ਸ਼ਹਿਰ ਵਿਚ ਆਜ਼ਾਦੀ ਦਿਵਸ ਵਾਲੇ ਦਿਨ ਹੀ ਆਜ਼ਾਦੀ ਦਿਵਸ ਸਮਾਰੋਹ 'ਚ ਹਿੱਸਾ ਲੈ ਕੇ ਪਰਤ ਰਹੀ ਇਕ 12 ਸਾਲ ਦੀ ਬੱਚੀ ਨਾਲ ਦਿਨ ਦਿਹਾੜੇ ਬਲਾਤਕਾਰ ਹੋ ਜਾਂਦਾ ਹੈ।
ਇਸ ਨੂੰ ਇਕ ਮੌਕਾ ਮੇਲ ਹੀ ਕਿਹਾ ਜਾ ਸਕਦਾ ਹੈ ਕਿ ਵਰਣਿਕਾ ਨਾਲ ਵਾਪਰੇ ਭਾਣੇ ਤੋਂ ਚਾਰ ਦਿਨ ਪਹਿਲਾਂ ਪਹਿਲੀ ਅਗਸਤ ਨੂੰ ਲੜਕੀਆਂ ਨਾਲ ਛੇੜਛਾੜ ਦਾ ਮੁੱਦਾ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਲੋਕ ਸਭਾ 'ਚ ਉਠਾਇਆ ਸੀ। ਸਿਫਰ ਕਾਲ ਦੌਰਾਨ ਉਸ ਨੇ ਸਰਕਾਰ 'ਤੇ ਜ਼ੋਰ ਦਿੱਤਾ ਸੀ ਕਿ ਔਰਤਾਂ ਦਾ ਪਿੱਛਾ ਕਰਨ ਦੀ ਘਟਨਾ ਨੂੰ ''ਔਰਤਾਂ ਵਿਰੁੱਧ ਹਿੰਸਾ'' ਵਜੋਂ ਲਿਆ ਜਾਵੇ। ਉਨ੍ਹਾਂ ਬੋਲਦਿਆਂ ਕਿਹਾ ਸੀ, ''ਕੀ ਤੁਸੀਂ ਪਿੱਛਾ ਕਰਨ ਵਾਲੇ ਨੂੰ, ਉਸਦੇ ਕਾਤਲ ਬਣਨ ਤੋਂ ਪਹਿਲਾਂ ਸਜ਼ਾ ਨਹੀਂ ਦੇ ਸਕਦੇ? ਕੀ ਅਸੀਂ ਉਦੋਂ ਹੀ ਨੋਟਿਸ ਲੈਂਦੇ ਹਾਂ ਜਦੋਂ ਅਪਰਾਧ ਸੰਗੀਨ ਹੋ ਜਾਂਦਾ ਹੈ, ਵਿਦਿਆਰਥਣਾਂ ਦਾ ਕਾਲਜਾਂ ਦੇ ਬਾਹਰ ਪਿੱਛਾ ਕੀਤਾ ਜਾਂਦਾ ਹੈ, ਕੰਮਕਾਜ਼ੀ ਔਰਤਾਂ ਦਾ ਕੰਮ ਤੋਂ ਬਾਅਦ ਪਿੱਛਾ ਕੀਤਾ ਜਾਂਦਾ ਹੈ। ਸਭਨੂੰ ਪਿੱਛਾ ਕੀਤੇ ਜਾਣ ਨੂੰ ਹਮਲੇ ਵਜੋਂ ਦੇਖਣ ਦੀ ਲੋੜ ਹੈ। ਇਸ ਨੂੰ ਔਰਤਾਂ ਵਿਰੁੱਧ ਹਿੰਸਾ ਵਜੋਂ ਲਿਆ ਜਾਣਾ ਚਾਹੀਦਾ ਹੈ।'' ਬਾਅਦ ਵਿਚ ਵਰਣਿਕਾ ਕੇਸ 'ਤੇ ਟਿੱਪਣੀ ਕਰਦਿਆਂ ਕਿਰਨ ਖੇਰ ਨੇ ਕਿਹਾ, ''ਜਦ ਲੜਕੀਆਂ ਦਿਨ ਵੇਲੇ ਘਰੋਂ ਬਾਹਰ ਜਾਂਦੀਆਂ ਹਨ ਤਾਂ ਸਭ ਠੀਕ ਹੁੰਦਾ ਹੈ ਪਰ ਉਹੀ ਲੜਕੀ ਰਾਤ ਨੂੰ ਘਰੋਂ ਬਾਹਰ ਜਾਵੇ ਤਾਂ ਉਹ ਖ਼ਤਰੇ ਵਿਚ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਲੜਕਿਆਂ ਨੂੰ ਰਾਤ ਨੂੰ ਕੁੱਝ ਹੋ ਜਾਂਦਾ ਹੈ। ਇਸ ਲਈ ਲੜਕਿਆਂ ਨੂੰ ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ।'' ਇਸ ਤਰ੍ਹਾਂ ਭਾਜਪਾ ਵਾਲੇ ਪਾਸਿਓ ਕਿਰਨ ਖੇਰ ਹੀ ਸੀ ਜੋ ਵਰਣਿਕਾ ਦੇ ਜਾਂ ਔਰਤਾਂ ਦੇ ਹੱਕ 'ਚ ਨਿੱਤਰੀ। ਇਹ ਉਨ੍ਹਾਂ ਦੀ ਸਿਆਸੀ ਮਜ਼ਬੂਰੀ ਹੋ ਸਕਦੀ ਹੈ ਕਿ ਉਹ ਇਹ ਮੰਨਣ ਲਈ ਤਿਆਰ ਨਹੀਂ ਕਿ ਚੰਡੀਗੜ੍ਹ ਪੁਲਸ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਅਕਸਰ ਹੀ ਅਜਿਹੇ ਮੌਕਿਆਂ 'ਤੇ ਦਿੱਤੇ ਜਾਂਦੇ ਬਿਆਨ ਇਸ ਵਾਰ ਵੀ ਦਿੱਤੇ ਜਾ ਰਹੇ ਹਨ ਕਿ ਕਾਨੂੰਨ ਆਪਣਾ ਰਾਹ ਖੁਦ ਅਖਤਿਆਰ ਕਰੇਗਾ। ਜੇ ਕਾਨੂੰਨ ਏਨਾ ਹੀ ਸਿਆਣਾ ਹੁੰਦਾ ਤਾਂ ਇਹ ਗੱਲ ਕਹਿਣ ਦੀ ਲੋੜ ਹੀ ਨਹੀਂ ਪੈਣੀ ਸੀ ਕਿ ਕਾਨੂੰਨ ਆਖਣਾ ਰਾਹ ਖੁਦ ਅਖਤਿਆਰ ਕਰੇਗਾ। ਇਸ ਦਾ ਮਤਲਬ ਇਹੀ ਹੈ ਕਿ ਕਾਨੂੰਨ ਭੁਲੱਕੜ ਹੈ, ਉਹ ਆਪਣੇ ਰਾਹ ਨਹੀਂ ਚਲ ਰਿਹਾ। ਕਾਨੂੰਨ ਦੀ ਦਿਸ਼ਾ ਤੈਅ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਲਈ ਕਾਨੂੰਨ ਆਪਣੇ ਰਾਹ ਤੁਰ ਪਿਆ, ਪਰ 2-ਜੀ ਘੁਟਾਲੇ, ਸਿੱਖ ਵਿਰੋਧੀ ਦੰਗਿਆਂ ਅਤੇ ਗੁਜਰਾਤ ਦੇ ਦੰਗਿਆਂ ਦੇ ਮਾਮਲੇ ਵਿਚ ਉਹ ਰਾਹ ਭੁੱਲ ਗਿਆ ਹੈ।
ਅਜਿਹਾ ਨਹੀਂ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਕੇਵਲ ਭਾਜਪਾ ਹੀ ਦਾਗੀ ਹੈ। ਬੁਰਜ਼ਵਾ ਪਾਰਟੀਆਂ, ਜਿਹੜੀਆਂ ਸੱਤਾ ਹਾਸਲ ਕਰਨ ਲਈ ਕੁੱਝ ਵੀ ਕਰ ਸਕਦੀਆਂ ਹਨ, ਦੇ ਕਿਰਦਾਰ ਵਿਚ ਕੋਈ ਵੀ ਫਰਕ ਦੇਖਣ ਨੂੰ ਨਹੀਂ ਮਿਲਦਾ। ਤੁਹਾਨੂੰ ਯਾਦ ਹੋਵੇਗਾ 1994 'ਚ ਚੰਡੀਗੜ੍ਹ 'ਚ ਹੀ ਫਰੈਂਚ ਲੜਕੀ ਕਾਤੀਆ ਨਾਲ ਵਾਪਰੀ ਘਟਨਾ। ਉਸ ਨੂੰ ਅਗਵਾ ਕੀਤਾ ਗਿਆ, ਬਦਤਮੀਜ਼ੀ ਕੀਤੀ ਗਈ ਤੇ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ। ਇਸ ਮਾਮਲੇ ਵਿਚ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਗੁਰਕੀਰਤ ਸਿੰਘ, ਜੋ ਇਸ ਸਮੇਂ ਵਿਧਾਇਕ ਹੈ, ਸ਼ਾਮਲ ਸੀ। ਕਾਤੀਆ ਏਨੀ ਦਹਿਸ਼ਤਜ਼ਦਾ ਹੋ ਗਈ ਕਿ ਉਹ ਆਪਣੇ ਕੇਸ ਵਿਚ ਗਵਾਹੀ ਦੇਣ ਵੀ ਨਹੀਂ ਆਈ ਤੇ ਸਿੱਟੇ ਵਜੋਂ ਇਸ ਕੇਸ ਦੇ ਸੱਤ ਮੁਲਜ਼ਮ ਅਦਾਲਤ 'ਚੋਂ ਬਰੀ ਹੋ ਗਏ ਸਨ। ਵਰਣਿਕਾ ਨਾਲ ਵਾਪਰੀ ਘਟਨਾ ਤੋਂ ਬਾਅਦ ਕਾਤੀਆ ਨੇ ਟਿਪਣੀ ਕੀਤੀ ਹੈ ਕਿ ਉਹ ਸੋਚਦੀ ਸੀ ਕਿ ਦੋ ਦਹਾਕਿਆਂ ਬਾਅਦ ਹਾਲਾਤ ਸੁਧਰ ਗਏ ਹੋਣਗੇ। 23 ਸਾਲ ਬਾਅਦ ਮੈਂ ਦੇਖਦੀ ਹਾਂ ਕਿ ਕੋਈ ਬਹੁਤਾ ਫਰਕ ਨਹੀਂ ਪਿਆ। ਸੱਤਾ ਦੀ ਆੜ ਵਿਚ ਲੜਕੀਆਂ ਨਾਲ ਬੇਇਨਸਾਫੀ ਜਾਰੀ ਹੈ।
ਪੰਜਾਬ 'ਚ ਅਕਾਲੀ-ਭਾਜਪਾ ਰਾਜ ਦੌਰਾਨ 2012 'ਚ ਫਰੀਦਕੋਟ ਦੀ ਇਕ ਬਦਕਿਸਮਤ ਲੜਕੀ ਸ਼ਰੂਤੀ ਨਾਲ ਹੋਈ ਵਾਪਰੀ ਕਿਸੇ ਨੂੰ ਭੁੱਲੀ ਨਹੀਂ। ਨਿਸ਼ਾਨ ਸਿੰਘ ਨਾਂਅ ਦਾ ਬਦਮਾਸ਼, ਜਿਸ ਦੀ ਵੇਲੇ ਦੇ ਚੋਟੀ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਪੂਰੀ ਨੇੜਤਾ ਸੀ, ਨੇ ਪਹਿਲਾਂ ਉਸ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਤੇ ਉਹ ਕਿਸੇ ਤਰ੍ਹਾਂ ਬਚਕੇ ਭੱਜ ਆਈ। ਉਸ ਬਦਮਾਸ਼ 'ਤੇ ਅਗਵਾ ਤੇ ਬਲਾਤਕਾਰ ਦਾ ਕੇਸ ਦਰਜ ਹੋਣ ਦੇ ਬਾਵਜੂਦ ਉਹ ਸ਼ਰੇੇਆਮ ਘੁੰਮਦਾ ਰਿਹਾ। ਬਾਅਦ 'ਚ ਉਹ ਸ਼ਰੂਤੀ ਦੇ ਘਰ ਜਾ ਕੇ ਉਸ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਕੇ ਲੈ ਗਿਆ। ਇਸ ਸਮੁੱਚੇ ਮਾਮਲੇ ਵਿਚ ਪੰਜਾਬ ਪੁਲਸ ਨੇ ਇਸ ਬਦਮਾਸ਼ ਦਾ ਸਾਥ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਤਾਂ ਮੀਡੀਆ ਦਾ ਜਬਰਦਸਤ ਦਬਾਅ ਸੀ ਕਿ ਉਸ ਬਦਮਾਸ਼ ਵਿਰੁੱਧ ਕਾਰਵਾਈ ਕਰਨੀ ਪਈ। ਉਹ ਲੜਕੀ ਵੀ ਕਿਸੇ ਸਧਾਰਨ ਪਰਵਾਰ 'ਚੋਂ ਨਹੀਂ ਸੀ।
ਵਰਣਿਕਾ ਦੇ ਮਾਮਲੇ 'ਚ ਵਰਣਿਕਾ ਦੀ ਹੀ ਟਿੱਪਣੀ ਬਹੁਤ ਢੁਕਵੀਂ ਹੈ। ਉਸਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਕਿਸੇ ਸਧਾਰਨ ਆਦਮੀ ਦੀ ਬੇਟੀ ਨਹੀਂ ਸੀ ਤੇ ਅਜਿਹਾ ਹੁੰਦਾ ਤਾਂ ਮੇਰੇ ਨਾਲ ਬਲਾਤਕਾਰ ਹੋ ਗਿਆ ਹੁੰਦਾ ਤੇ ਮੇਰੀ ਲਾਸ਼ ਕਿਸੇ ਟੋਏ 'ਚ ਪਈ ਮਿਲਦੀ।
ਦਿੱਲੀ 'ਚ ਵਾਪਰੇ ਨਿਰਭਿਆ ਕਾਂਡ ਤੋਂ ਬਾਅਦ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਹੁਣ ਹਾਲਾਤ ਉਹ ਨਹੀਂ ਰਹਿਣਗੇ। ਔਰਤਾਂ ਦੀ ਸੁਰੱਖਿਆ ਨੂੰ ਪਰਮ ਅਗੇਤ ਦਿੱਤੀ ਜਾਵੇਗੀ ਪਰ ਤੱਲਖ ਹਕੀਕਤ ਇਹ ਹੈ ਕਿ ਕੁੱਝ ਵੀ ਨਹੀਂ ਬਦਲਿਆ। ਜੇ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਵੀ ਅੱਜ ਔਰਤ ਸੁਰੱਖਿਅਤ ਨਹੀਂ ਤਾਂ ਹੋਰ ਕਿਥੇ ਹੋਵੇਗੀ?
ਇਸ ਸਬੰਧ ਵਿਚ ਇਸ ਅਦਾਕਾਰਾ ਨੇ ਬਹੁਤ ਹੀ ਦਿਲ ਟੁੰਬਵੀਂ ਟਿੱਪਣੀ ਕੀਤੀ ਹੈ ਕਿ ਹੁਣ ਮੈਨੂੰ ਧੀ ਨੂੰ ਜਨਮ ਦਿੰਦਿਆਂ ਡਰ ਲੱਗਦਾ ਹੈ।
ਜਮੀਨੀ ਪੱਧਰ 'ਤੇ ਹਾਲਾਤ ਬਦਲਣ ਲਈ ਦਰਅਸਲ ਬਹੁਤ ਹੀ ਵੱਡੇ ਹੰਭਲੇ ਦੀ ਲੋੜ ਹੈ। ਇਸ ਮਕਸਦ ਲਈ ਖੱਬੀ ਤੇ ਜਮਹੂਰੀ ਲਹਿਰ ਨੂੰ ਔਰਤਾਂ ਲਈ ਬਰਾਬਰੀ ਦੇ ਹੱਕਾਂ ਦੇ ਸਵਾਲ ਨੂੰ ਆਪਣੀਆਂ ਪ੍ਰਮੁੱਖ ਤਰਜੀਹਾਂ ਵਿਚ ਸ਼ਾਮਲ ਕਰਨਾ ਹੋਵੇਗਾ। ਇਸੇ ਸੇਧ ਵਿਚ ਔਰਤਾਂ ਦਾ ਵਿਗਿਆਨਕ ਪ੍ਰਗਤੀਵਾਦੀ ਲੀਹਾਂ 'ਤੇ ਜਥੇਬੰਦ ਹੋਣਾ ਵੀ ਲਾਜ਼ਮੀ ਹੈ। ਫਿਰ ਹੀ ਅਜਿਹੀ ਫਿਜ਼ਾ ਸਿਰਜੀ ਜਾ ਸਕੇਗੀ ਜਿਹੜੀ ਅਜਿਹੀਆਂ ਕਾਲੀਆਂ ਤਸਵੀਰਾਂ ਤੋਂ ਮੁਕਤ ਹੋਵੇ। ਫਿਰ ਹੀ ਬੱਚੀਆਂ, ਮੁਟਿਆਰਾਂ ਨੂੰ ਉਚੀਆਂ ਉਡਾਰੀਆਂ ਲਈ ਖੁੱਲ੍ਹਾ ਅੰਬਰ ਮਿਲ ਸਕੇਗਾ। ਫਿਲਹਾਲ ਹਾਲਾਤ ਤਾਂ ਇਹ ਹਨ ਕਿ ਅਸੀਂ ਔਰਤ ਨੂੰ ਇਕ ਵਿਅਕਤੀ ਦੇ ਤੌਰ 'ਤੇ ਮਾਨਤਾ ਹੀ ਨਹੀਂ ਦਿੰਦੇ। ਅਸੀਂ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਔਰਤਾਂ ਦੀ ਵੀ ਇਕ ਆਪਣੀ ਆਜ਼ਾਦ ਹਸਤੀ ਹੈ। ੳਸਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਊਣ, ਖਾਣ-ਪੀਣ, ਪਹਿਨਣ ਤੇ ਸਮਾਜ 'ਚ ਵਿਚਰਨ ਦਾ ਅਧਿਕਾਰ ਹੈ। ਅੱਜ ਦੇ ਹਾਲਾਤ ਨੂੰ ਉਘੇ ਕਵੀ ਕਵਿੰਦਰ ਚਾਂਦ ਦਾ ਇਹ ਸ਼ਿਅਰ ਪੂਰੀ ਤਰ੍ਹਾਂ ਰੂਪਮਾਨ ਕਰਦਾ ਹੈ ;
ਹੈ ਫਿਜ਼ਾ ਬੇਆਬਰੂ, ਏਥੇ ਨਜ਼ਰ ਨਾਪਾਕ ਹੈ
ਕੰਜਕੋ ਮਰਜਾਣੀਓਂ ਮੁਟਿਆਰ ਨਾ ਬਣਨਾ ਕਦੇ।

No comments:

Post a Comment