Wednesday 20 September 2017

ਭਾਜਪਾ ਦੀਆਂ ਹਰ ਹੀਲੇ ਚੋਣਾਂ ਜਿੱਤਣ ਦੀਆਂ ਅਨੈਤਿਕ ਕਾਰਵਾਈਆਂ ਨੂੰ ਭਾਂਜ ਦੇਣਾ ਜ਼ਰੂਰੀ

ਮੰਗਤ ਰਾਮ ਪਾਸਲਾ 
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਅੰਦਰ ਇਕੱਲੀ ਭਾਜਪਾ ਵਲੋਂ 380 ਪਾਰਲੀਮਾਨੀ ਸੀਟਾਂ ਜਿੱਤਣ ਦਾ ਟੀਚਾ ਇਸ ਤਰ੍ਹਾਂ ਮਿਥਿਆ ਹੈ ਜਿਵੇਂ ਕਿਸੇ ਜੇਬ ਕਤਰੇ ਨੂੰੂ ਸ਼ਾਮ ਤੱਕ ਹਰ ਹਾਲਤ 'ਚ ਰੁਪਇਆਂ ਦੀ ਇਕ ਨੀਯਤ ਰਾਸ਼ੀ ਲਿਆਉਣ ਦਾ ਜ਼ਿੰਮਾ ਦੇ ਦਿੱਤਾ ਜਾਵੇ। ਇਸ ਕੰਮ ਲਈ ਕਿਸੇ ਵੀ ਅਨੈਤਿਕ ਕਾਰਵਾਈ ਦੀ ਕੋਈ ਹੱਦ ਨਹੀਂ ਮਿੱਥੀ ਜਾ ਸਕਦੀ। ਭਾਜਪਾ ਪ੍ਰਧਾਨ ਨੇ ਇਸ ਯੋਜਨਾ ਦਾ ਐਲਾਨ ਵੀ ਉਸੇ ਦਿਨ ਕੀਤਾ ਹੈ, ਜਿਸ ਦਿਨ ਭਾਰਤ ਦੇ ਇਲੈਕਸ਼ਨ ਕਮਿਸ਼ਨ ਦੇ ਇਕ ਮੈਂਬਰ ਨੇ ਰਾਜਨੀਤਕ ਪਾਰਟੀਆਂ ਵਲੋਂ ''ਹਰ ਹੀਲੇ'' ਚੋਣਾਂ ਜਿੱਤਣ ਦੀ ਨੀਤੀ ਨੂੰ ਭਾਰਤ ਦੀ ਰਾਜਨੀਤੀ ਵਿਚ ਇਕ ਲਾਹਨਤ ਦੱਸਿਆ। ਇਹ ਅਜੋਕੀਆਂ ਲੁਟੇਰੀਆਂ ਜਮਾਤਾਂ ਦੀ ਰਾਜਨੀਤੀ ਬਾਰੇ 'ਸਿਧਾਂਤ ਤੇ ਅਮਲ' ਦੇ ਸੁਮੇਲ ਦਾ ਬਿਹਤਰੀਨ ਤੇ ਸਮੇਂ ਸਿਰ ਕੀਤਾ ਢੁਕਵਾਂ ਖੁਲਾਸਾ ਹੈ।
ਅਮਿਤ ਸ਼ਾਹ ਦੀ ਗੁਜਰਾਤ ਅੰਦਰ 2008 ਵਿਚ ਹੋਏ ਫਿਰਕੂ ਦੰਗਿਆਂ ਦੌਰਾਨ ਅੱਤ ਦੀ ਸ਼ੱਕੀ ਭੂਮਿਕਾ ਰਹੀ ਹੈ, ਜਿਸ ਤੋਂ ਮੁਕਤ ਕਰਨ ਲਈ ਪਿਛਲੇ ਦਿਨੀਂ ਸੀ.ਬੀ.ਆਈ. ਰੂਪੀ 'ਪਿੰਜਰੇ ਦੇ ਤੋਤੇ' ਵਲੋਂ ਆਪਣੇ ਮਾਲਕ ਦੀ ਹਦਾਇਤ ਅਨੁਸਾਰ ਨਿਭਾਈ ਗਈ ਭੂਮਿਕਾ ਜਗ ਜਾਹਿਰ ਹੋਈ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਤੇ ਇਸਦੇ ਇਤਿਹਾਦੀਆਂ ਦੀ ਜਿੱਤ ਪਿੱਛੇ ਯੂ.ਪੀ.ਏ. ਸਰਕਾਰ ਦੀਆਂ ਲੋਕ ਮਾਰੂ ਨਵਉਦਾਰਵਾਦੀ ਆਰਥਿਕ ਨੀਤੀਆਂ, ਇਸਦੇ ਆਗੂਆਂ ਵਲੋਂ ਕੀਤੇ ਅਨੰਤ ਭਰਿਸ਼ਟਾਚਾਰ ਤੇ ਲੋਕ ਹਿੱਤਾਂ ਦੀ ਪੂਰੀ ਤਰ੍ਹਾਂ ਕੀਤੀ ਗਈ ਅਣਦੇਖੀ ਵੱਡਾ ਕਾਰਨ ਰਿਹਾ ਹੈ। ਪ੍ਰੰਤੂ ਭਾਜਪਾ ਦੇ ਉਚ ਆਗੂਆਂ, ਆਰ.ਐਸ.ਐਸ. ਨਾਲ ਸਬੰਧਤ ਵੱਖ ਵੱਖ ਸ਼ਾਖਾਵਾਂ ਤੇ ਕਾਰਪੋਰੇਟ ਘਰਾਣਿਆਂ ਦੀ ਭਾਜਪਾ ਨੂੰ ਦਿੱਤੀ ਖੁੱਲ੍ਹੀ ਹਮਾਇਤ ਅਤੇ ਇਸਦੇ ਆਗੂਆਂ ਦੇ ਸੱਤਾ ਹਾਸਲ ਕਰਨ ਲਈ ਜਨਸਮੂਹਾਂ ਦੀ ਫਿਰਕੂ ਅਧਾਰ ਉਪਰ ਵੰਡ ਕਰਨ ਲਈ ਕੀਤੇ ਜ਼ਹਿਰੀਲੇ ਭਾਸ਼ਣਾਂ ਦੇ ਮੀਡੀਏ ਵਿਚ ਸਿੱਧੇ ਪ੍ਰਚਾਰ ਨੇ ਵੀ ਇਸ ਜਿੱਤ ਵਿਚ ਫੈਸਲਾਕੁੰਨ ਰੋਲ ਅਦਾ ਕੀਤਾ ਹੈ।
ਬਾਅਦ ਵਿਚ ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ, ਜਿਸ ਤਰ੍ਹਾਂ ਅਮਿਤ ਸ਼ਾਹ ਵਰਗੇ ਆਗੂਆਂ ਦੇ ਟੋਲੇ ਨੇ ਇਕ ਗਿਣੀ ਮਿੱਥੀ ਯੋਜਨਾ ਤਹਿਤ ਖੁੱਲ੍ਹੇ ਤੌਰ 'ਤੇ ਦੰਗੇ ਕਰਾਉਣ ਲਈ ਫਿਰਕੂ ਪੱਤਾ ਖੇਡਿਆ ਤੇ ਵਿਸ਼ੇਸ਼ ਧਾਰਮਿਕ ਗਿਣਤੀ ਵਿਰੁੱਧ ਘਟੀਆ ਬਿਆਨਬਾਜ਼ੀ ਰਾਹੀਂ ਸਮਾਜ ਦਾ ਧਰੁਵੀਕਰਨ ਕਰਕੇ ਅਨੈਤਿਕ ਖੇਡ ਖੇਡੀ, ਉਸਨੇ ਸਿੱਧ ਕਰ ਦਿੱਤਾ ਹੈ ਕਿ ਸੰਘ ਪਰਿਵਾਰ ਭਾਰਤੀ ਸੱਤਾ ਉਪਰ ਕਬਜ਼ਾ ਜਾਰੀ ਰੱਖਣ ਲਈ ਕਿਸੇ ਵੀ ਗਿਰਾਵਟ ਦੀ ਹੱਦ ਤੱਕ ਜਾ ਸਕਦਾ ਹੈ। ਹੁਣ ਯੂ.ਪੀ. ਵਿਚਲੀ ਯੋਗੀ ਸਰਕਾਰ ਜਿਸ ਤਰ੍ਹਾਂ ਮਨੂੰਵਾਦੀ ਤੇ ਸੰਕੀਰਨ ਸੋਚ ਅਧੀਨ ਦਲਿਤਾਂ ਤੇ ਮੁਸਲਮਾਨਾਂ ਵਿਰੁੱਧ ਹੋ ਰਹੀਆਂ ਹਿੰਸਕ ਕਾਰਵਾਈਆਂ ਨੂੰ ਉਤਸ਼ਾਹਤ ਕਰ ਰਹੀ ਹੈ, ਉਸਨੇ ਹਰ ਸੰਵੇਦਨਸ਼ੀਲ ਵਿਅਕਤੀ ਦੇ ਲੂੰ ਕੰਡੇ ਖੜ੍ਹੇ ਕਰ ਦਿੱਤੇ ਹਨ। ਹਰ ਦਿਨ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਉਪਰ ਵੱਧ ਰਹੇ ਅੱਤਿਆਚਾਰ ਅਤੇ ਸਹਿਮ ਤੇ ਅਸਹਿਨਸ਼ੀਲਤਾ ਦਾ ਮਾਹੌਲ ਗਰਮਾ ਰਿਹਾ ਹੈ, ਇਸ ਨਾਲ ਭਾਜਪਾ ਦੇ ਅਸਲ ਇਰਾਦਿਆਂ ਤੇ ਚਾਲ ਚਰਿੱਤਰ ਦਾ ਅਸਲੀ ਰੂਪ ਸਾਹਮਣੇ ਆ ਗਿਆ ਹੈ। ਉਂਝ ਤਾਂ ਸਾਰੇ ਦੇਸ਼ ਅੰਦਰ ਹੀ ਮੋਦੀ ਸਰਕਾਰ ਤੇ ਸੰਘ ਪਵਿਰਾਰ ਨੇ ਜੁੜਵੇਂ ਰੂਪ ਵਿਚ ਜਿਸ ਤਰ੍ਹਾਂ ਧਰਮ ਨਿਰਪੱਖਤਾ, ਜਮਹੂਰੀਅਤ ਤੇ ਬਰਾਬਰਤਾ ਦੇ ਅਸੂਲਾਂ ਉਪਰ ਤਿੱਖੇ ਵਾਰ ਕਰਕੇ ਇਸ ਦੇਸ਼ ਨੂੰ ਇਕ ਕੱਟੜਵਾਦੀ ਧਾਰਮਿਕ ਦੇਸ਼ (ਹਿੰਦੂ ਰਾਸ਼ਟਰ) ਦਾ ਰੂਪ ਦੇਣ ਦੀਆਂ ਖਤਰਨਾਕ ਕਾਰਵਾਈਆਂ ਅਰੰਭੀਆਂ ਹੋਈਆਂ ਹਨ, ਉਸਨੇ ਇਸ ਦੇਸ਼ ਦੀ ਆਜ਼ਾਦੀ ਤੇ ਅਖੰਡਤਾ ਨੂੰ ਵੱਡੇ ਖਤਰੇ ਪੇਸ਼ ਕਰ ਦਿੱਤੇ ਹਨ।
ਇਨ੍ਹਾਂ ਸਥਿਤੀਆਂ ਵਿਚ, ਜਦੋਂ ਸਾਡਾ ਦੇਸ਼ ਇਕ ਪਾਸੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਸਦਕਾ ਅੱਤ ਦੀ ਮਹਿੰਗਾਈ, ਬੇਕਾਰੀ, ਭੁੱਖਮਰੀ, ਕੁਪੋਸ਼ਨ, ਅਨਪੜ੍ਹਤਾ, ਸਰਕਾਰੀ ਜ਼ੁਲਮ ਤੇ ਸਮਾਜਿਕ ਉਤਪੀੜਨ ਦਾ ਦਰਦ ਹੰਡਾਅ ਰਿਹਾ ਹੈ ਤੇ ਦੂਜੇ ਪਾਸੇ ਸੰਘ ਪਰਿਵਾਰ ਫਿਰਕੂ ਰੂਪੀ ਜ਼ਹਿਰ ਨਾਲ ਸਾਡੀ ਸਦੀਆਂ ਪੁਰਾਣੀ ਆਪਸੀ ਭਾਈਚਾਰਕ ਸਾਂਝ, ਗੁਰੂਆਂ, ਪੀਰਾਂ, ਫਕੀਰਾਂ, ਸੂਫੀਆਂ, ਹੋਰ ਮਹਾਨ ਵਿਅਕਤੀਆਂ, ਗਦਰੀ ਬਾਬਿਆਂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਮਦਨ ਲਾਲ ਢੀਂਗਰਾ ਹੁਰਾਂ ਦੀ ਸ਼ਾਨਾਮੱਤੀ ਵਿਰਾਸਤ ਨੂੰ ਕਲੰਕਤ ਕਰਕੇ ਇਸ ਬਹੁਲਤਾਵਾਦੀ ਸਮਾਜ ਵਿਚਲੇ ਮਹਿਕਦੇ ਚਮਨ ਨੂੰ ਲਾਂਬੂ ਲਾ ਕੇ ਸੁਆਹ ਕਰਨਾ ਚਾਹੁੰਦਾ ਹੈ। ਅਮਿਤ ਸ਼ਾਹ ਵਰਗੇ ਆਗੂ 2019 ਦੀਆਂ ਪਾਰਲੀਮੈਂਟ ਚੋਣਾਂ ਵਿਚ ਸੰਕੀਰਨਵਾਦੀ ਭਾਜਪਾ ਨੂੰ ਪੂਰਨ ਬਹੁਮੱਤ ਦੁਆ ਕੇ ਲੋਕਾਂ ਨਾਲ ਕੀਤੇ ਵਿਸ਼ਵਾਸਘਾਤ ਉਪਰ ਫਿਰ ਮੁੜ ਤੋਂ ਮੋਹਰ ਲਗਾਉਣ ਦਾ ਛਡਯੰਤਰ ਰਚ ਰਹੇ ਹਨ।
ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਮੋਦੀ ਸਰਕਾਰ ਨੇ ਆਉਂਦੇ ਦੋ ਸਾਲਾਂ ਦੌਰਾਨ ਕਿਸੇ ਲੋਕ ਪੱਖੀ ਕਦਮਾਂ ਨਾਲ ਆਮ ਲੋਕਾਂ ਦਾ ਵਿਸ਼ਵਾਸ ਜਿੱਤਕੇ ਕੋਈ ਚਮਤਕਾਰ ਨਹੀਂ ਕਰ ਸਕਣਾ। ਪਹਿਲਾਂ ਹੀ ਪਿਛਲੀਆਂ ਚੋਣਾਂ ਵਿਚ ਕੀਤੇ ਬੇਸ਼ੁਮਾਰ ਵਾਅਦਿਆਂ ਜਿਵੇਂ ਵਿਦੇਸ਼ਾਂ ਵਿਚ ਛੁਪਾਏ ਕਾਲੇ ਧਨ ਨੂੰ ਦੇਸ਼ ਅੰਦਰ ਲਿਆ ਕੇ ਹਰ ਨਾਗਰਿਕ ਦੇ ਖਾਤੇ ਵਿਚ 15 ਲੱਖ ਰੁਪਏ ਜਮਾਂ ਕਰਨਾ, ਭਰਿਸ਼ਟਾਚਾਰ ਖਤਮ ਕਰਨਾ, ਕਰੋੜਾਂ ਬੇਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣਾ, ਮਹਿੰਗਾਈ 'ਤੇ ਕਾਬੂ ਪਾਉਣਾ ਅਤੇ ਸਭ ਤੋਂ ਵੱਧ ''ਸਭ ਕਾ ਸਾਥ, ਸਭ ਕਾ ਵਿਕਾਸ'' ਦੇ ਨਾਅਰਿਆਂ ਦਾ ਚੀਰਹਰਣ ਕੀਤਾ ਗਿਆ ਹੈ। ਆਉਂਦੇ ਦੋ ਸਾਲਾਂ ਦੌਰਾਨ ਭਾਜਪਾ ਆਗੂਆਂ ਵਲੋਂ ਇਸ ਨਾਲੋਂ ਵੀ ਵਧੇਰੇ ਝੂਠ ਬੋਲ ਕੇ ਜਨਤਾ ਨੂੰ ਧੋਖਾ ਦੇਣ, ਸਮਾਜਿਕ ਜਬਰ ਤੇਜ਼ ਕਰਨ, ਲੋਕ ਹਿੱਤਾਂ ਨਾਲ ਖਿਲਵਾੜ ਕਰਨ ਤੇ ਜਨ ਸਧਾਰਣ ਦੀ ਲੁੱਟ ਖਸੁੱਟ ਤੇਜ਼ ਕਰਨ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ। ਚੁਟਕਲੇ ਸੁਣਾ ਕੇ ਨਾ ਤਾਂ ਬਹੁਗਿਣਤੀ ਪੀੜਤ ਲੋਕਾਂ ਦੀਆਂ ਮੁਸੀਬਤਾਂ ਨੂੰ ਹਾਸਿਆਂ ਵਿਚ ਬਦਲਿਆ ਜਾ ਸਕਦਾ ਹੈ ਤੇ ਨਾ ਹੀ ਝੂਠੇ ਤੱਥਾਂ ਨਾਲ ਦੇਸ਼ ਦੇ ਵਿਕਾਸ ਦੀਆਂ ਥੋਥੀਆਂ ਦਲੀਲਾਂ ਦੇ ਕੇ ਗੋਰਖਪੁਰ ਦੇ ਹਸਪਤਾਲ ਵਿਚ ਆਕਸੀਜਨ ਦੀ ਘਾਟ ਕਾਰਨ ਫੁੱਲਾਂ ਵਰਗੀਆਂ ਮਾਸੂਮ ਜਿੰਦਾਂ ਨੂੰ ਮੌਤ ਦੇ ਮੂੰਹ ਪੈਣ ਦੀ ਘਟਨਾ  ਨਾਲ ਯੋਗੀ ਸਰਕਾਰ ਦੇ ਮੂੰਹ 'ਤੇ ਲੱਗੇ ਕਾਲੇ ਦਾਗ ਨੂੰ ਹੀ ਧੋਇਆ ਜਾ ਸਕਦਾ ਹੈ।
ਪਰ ਫਿਰ ਕਿਹੜਾ ਐਸਾ ਨੁਸਖਾ ਹੈ, ਜਿਸ ਦੇ ਆਸਰੇ ਅਮਿਤ ਸ਼ਾਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਇਕੱਲੀ ਭਾਜਪਾ ਨੂੰ ਬਹੁਮੱਤ ਮਿਲਣ ਦੇ ਦਾਅਵੇ ਕਰ ਰਿਹਾ ਹੈ? ਪਿਛਲੇ ਸਮਿਆਂ ਵਾਂਗ ਇਸ ਕਾਰਜ ਨੂੰ ਸਿਰੇ ਚਾੜ੍ਹਨ ਦਾ ਇਕ ਤਾਂ ਵੱਡਾ ਢੰਗ ਭਾਜਪਾ ਵਲੋਂ ਕਾਰਪੋਰੇਟ ਘਰਾਣਿਆਂ ਤੋਂ ਅਤੇ ਹੋਰ ਗੈਰ ਕਾਨੂੰਨੀ ਢੰਗਾਂ ਨਾਲ ਇਕੱਠਾ ਕੀਤਾ ਗਿਆ ਧਨ ਦਾ ਭੰਡਾਰ ਹੈ। ਇਸ ਧਨ ਦੀ ਵਰਤੋਂ ਵੱਡੇ ਪੈਮਾਨੇ 'ਤੇ ਵੋਟਰਾਂ ਨੂੰ ਭਰਮਾਉਣ, ਅੰਧਾਧੁੰਦ ਪ੍ਰਚਾਰ ਕਰਨ ਅਤੇ ਹਰ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇਜ਼ ਕਰਨ ਲਈ ਕੀਤੀ ਜਾ ਸਕਦੀ ਹੈ। ਦੂਸਰਾ ਸੰਘ ਪਰਿਵਾਰ ਕੋਲ ਇਕ ਪ੍ਰੰਪਰਾਗਤ ਕਾਰਗਰ ਹਥਿਆਰ ਹੈ, ਸਮਾਜ ਦਾ ਫਿਰਕੂ ਲੀਹਾਂ ਉਪਰ ਧਰੁਵੀਕਰਨ ਕਰਨ ਦਾ। ਇਸ ਮੰਤਵ ਲਈ ਪਹਿਲਾਂ ਹੀ ਗਊ ਰੱਖਿਆ, ਗਊ ਮਾਸ ਦੀ ਵਰਤੋਂ, ਰਾਮ ਮੰਦਰ ਦੀ ਉਸਾਰੀ, ਦਹਿਸ਼ਤਗਰਦੀ, ਅੰਨ੍ਹਾ ਕੌਮਵਾਦ ਅਤੇ ਅਣਵਿਗਿਆਨਕ ਮਿਥਿਹਾਸ ਨੂੰ ਲੋਕਾਂ ਸਾਹਮਣੇ ਖਾਸਕਰ ਵਿਦਿਆਰਥੀਆਂ, ਨੌਜਵਾਨਾਂ, ਦਰਮਿਆਨੇ ਵਰਗਾਂ ਤੇ ਔਰਤਾਂ ਸਾਹਮਣੇ ਪਰੋਸ ਕੇ ਉਨ੍ਹਾਂ ਦੇ ਮਨਾਂ ਵਿਚ ਰੂੜੀਵਾਦੀ, ਫਿਰਕੂ ਤੇ ਨਫਰਤ ਭਰੀ ਵਿਚਾਰਧਾਰਾ ਦਾ ਪਸਾਰਾ ਕਰਨ ਦਾ ਕੰਮ ਅਰੰਭ ਕੀਤਾ ਜਾ ਚੁੱਕਾ ਹੈ। ਸਰਕਾਰੀ ਤੇ ਕਾਰਪੋਰੇਟ ਘਰਾਣਿਆਂ ਦੇ ਕੰਟਰੋਲ ਹੇਠਲਾ ਮੀਡੀਆ, ਸੰਘ ਵਲੋਂ ਵੱਖ ਵੱਖ ਨਾਵਾਂ ਹੇਠ ਚਲਾਈਆਂ ਜਾ ਰਹੀਆਂ ਸੰਸਥਾਵਾਂ ਤੇ ਸੈਨਾਵਾਂ, ਕੇਂਦਰੀ ਤੇ ਸੂਬਾਈ ਭਾਜਪਾ ਮੰਤਰੀਆਂ ਤੇ ਦੂਸਰੇ ਆਗੂਆਂ ਵਲੋਂ ਹਰ ਸਵਾਲ ਨੂੰ ਫਿਰਕੂ ਰੰਗਤ ਦੇ ਕੇ ਬਹੁਗਿਣਤੀ ਹਿੰਦੂ ਵਸੋਂ ਨੂੰ ਆਪਣੇ ਵੱਲ ਜਿੱਤਣ ਦਾ ਯਤਨ ਕੀਤਾ ਜਾ ਰਿਹਾ ਹੈ। ਆਰ.ਐਸ.ਐਸ. ਨੂੰ ਬਿਨਾਂ ਕਿਸੇ ਜ਼ਿੰਮੇਵਾਰੀ ਜਾਂ ਵਿਧਾਨਕ ਅਧਿਕਾਰ ਦੇ ਸਰਕਾਰੀ ਮਾਨਤਾ ਦੇ ਦਿੱਤੀ ਗਈ ਹੈ। ਅਮਿਤ ਸ਼ਾਹ ਦੀ ਯੋਜਨਾ ਨੂੰ ਸਿਰੇ ਚਾੜ੍ਹਨ ਲਈ ਕਿਸੇ ਵੀ ਢੰਗ ਨਾਲ ਫਿਰਕੂ ਭਾਵਨਾਵਾਂ ਭੜਕਾਉਣਾ ਤੇ ਫਿਰਕੂ ਦੰਗਿਆਂ ਨੂੰ ਆਯੋਜਤ ਕਰਨ ਦੀ ਸੰਘੀ ਆਗੂਆਂ ਨੂੰ ਮੁਹਾਰਤ ਹਾਸਲ ਹੈ। ਬਹੁਤ ਹੀ ਸੂਖਮ ਢੰਗ ਨਾਲ ਅੰਨ੍ਹੇ ਰਾਸ਼ਟਰਵਾਦ ਨੂੰ ਹਵਾ ਦੇਣਾ ਤੇ ਜੰਗ ਵਰਗਾ ਮਾਹੌਲ  ਸਿਰਜਣਾ ਭਾਜਪਾ ਲਈ ਖੱਬੇ ਹੱਥ ਦੀ ਖੇਲ੍ਹ ਹੈ। ਇਸ ਤਰ੍ਹਾਂ ਦੇ ਵਾਤਾਵਰਣ ਵਿਚ ਗੁੰਡਾ ਤੱਤਾਂ ਤੇ ਵੱਖ ਵੱਖ ਸੈਨਾਵਾਂ ਵਿਚਲੇ ਗੈਰ ਸਮਾਜੀ ਤੱਤਾਂ ਦੀ ਦੁਰਵਰਤੋਂ ਕਰਨੀ ਬਹੁਤ ਹੀ ਆਸਾਨ ਹੈ। ਅਮਿਤ ਸ਼ਾਹ ਕੋਲ ਹੋਰ ਕੋਈ ਲੋਕ ਕਲਿਆਣ ਜਾਂ ਦੇਸ਼ ਸੇਵਾ ਦਾ ਨਵਾਂ  ਫਾਰਮੂਲਾ ਨਹੀਂ ਹੈ, ਜਿਸ ਨਾਲ ਹਰ ਦਿਨ ਵੱਖ ਵੱਖ ਕਾਰਨਾਂ ਕਰਕੇ ਭਾਜਪਾ ਰਾਜ ਵਿਰੁੱਧ ਸਧਾਰਣ ਲੋਕਾਂ ਦੀਆਂ ਵੱਧ ਰਹੀਆਂ ਭਾਵਨਾਵਾਂ ਦੇ ਬਾਵਜੂਦ ਉਹ ਇਕੱਲੇ ਭਾਜਪਾ ਨੂੰ ਲੋਕ ਸਭਾ ਵਿਚ ਦੋ ਤਿਹਾਈ ਸੀਟਾਂ ਦਾ ਜੁਗਾੜ ਬਣਾ ਸਕਦਾ ਹੈ।
ਇਸ ਸ਼ਾਤਰਾਨਾ ਤੇ ਖਤਰਨਾਕ ਚਾਲ ਨੂੰ ਅਸਫਲ ਬਣਾਉਣ ਲਈ ਦੇਸ਼ ਅੰਦਰ ਧਰਮ ਨਿਰਪੱਖ, ਦੇਸ਼ ਭਗਤ, ਜਮਹੂਰੀ ਤੇ ਅਗਾਂਹਵਧੂ ਤਾਕਤਾਂ ਭਾਰੀ ਗਿਣਤੀ ਵਿਚ ਮੌਜੂਦ ਹਨ। ਸਾਰੇ ਸਮਾਜ ਨੂੰ ਚਲਾਉਣ ਵਾਲੇ ਧਰਤੀ ਹੇਠਲੇ ਬਲਦ, ਦਲਿਤ ਤੇ ਹੋਰ ਕਥਿਤ ਨੀਵੀਆਂ ਜਾਤੀਆਂ ਦੇ ਕਰੋੜਾਂ ਕਿਰਤੀਆਂ ਦੇ ਸੂਰਬੀਰ, ਭਗਵੇਂ ਬਰਗੇਡ ਨੂੰ ਠੱਲ੍ਹਣ ਲਈ ਅਜਿੱਤ ਸ਼ਕਤੀ ਮੌਜੂਦ ਹੈ। ਦੇਸ਼ ਭਰ ਵਿਚ ਖੇਤੀਬਾੜੀ ਸੰਕਟ ਤੋਂ ਪੈਦਾ ਹੋਈ ਵਿਸ਼ਾਲ ਕਿਸਾਨ-ਮਜ਼ਦੂਰ ਲਾਮਬੰਦੀ, ਦਲਿਤ ਤੇ ਹੋਰ ਪੱਛੜੇ ਸਮਾਜ ਵਿਚ ਸਮਾਜਿਕ ਜਬਰ ਵਿਰੁੱਧ ਅਤੇ ਆਪਣੇ ਅਧਿਕਾਰਾਂ ਪ੍ਰਤੀ ਉਭਰੀ ਨਵੀਂ ਚੇਤਨਾ ਅਤੇ ਔਰਤਾਂ ਵਿਚ ਉਨ੍ਹਾਂ ਨਾਲ ਹੋ ਰਹੇ ਅਨਿਆਂ ਤੇ ਵਿਤਕਰਿਆਂ ਖਿਲਾਫ਼ ਪੈਦਾ ਹੋਇਆ ਅਹਿਸਾਸ ਅਤੇ ਸੰਗਰਾਮ ਕਰਨ ਲਈ ਤੀਵਰ ਇੱਛਾ ਸ਼ਕਤੀ ਭਾਜਪਾ ਦੇ ਫਿਰਕੂ ਰੱਥ ਨੂੰ ਰੋਕਣ ਦੇ ਕਾਰਗਰ ਹਥਿਆਰ ਹਨ। ਘੱਟ ਗਿਣਤੀਆਂ ਇਸ ਵਿਸ਼ਾਲ ਲੋਕ ਰਾਜੀ ਤੇ ਧਰਮ ਨਿਰਪੱਖ ਮੋਰਚੇ ਦੀਆਂ ਭਰੋਸੇਯੋਗ ਸਹਿਯੋਗੀ ਬਣ ਸਕਦੀਆਂ ਹਨ। ਹਿੰਦੂ ਬਹੁਗਿਣਤੀ ਵਸੋਂ, ਜੋ ਸੰਘ ਦੀ ਸੰਕੀਰਨ ਫਿਰਕੂ ਸੋਚ ਦੇ ਵਿਰੋਧ ਵਿਚ ਖੜ੍ਹੀ ਹੈ, ਨੂੰ ਭਾਈਚਾਰਕ ਏਕਤਾ ਤੇ ਧਰਮ ਨਿਰਪੱਖ ਦੇ ਬਿੰਦੂ ਉਪਰ ਖੜ੍ਹੇ ਕਰਕੇ ਅਮਿਤ ਸ਼ਾਹ ਦੀ ਸ਼ਤਰੰਜੀ ਚਾਲ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਦੇਸ਼ ਦੀਆਂ ਖੱਬੀਆਂ ਸ਼ਕਤੀਆਂ ਨੂੰ, ਜੋ ਲੋਕਾਂ ਦੀ ਰੋਟੀ ਰੋਜ਼ੀ ਲਈ ਤੇ ਸਰਕਾਰੀ ਨੀਤੀਆਂ ਵਿਰੁੱਧ ਲਗਾਤਾਰ ਸੰਘਰਸ਼ਾਂ ਦੇ ਮੈਦਾਨ ਵਿਚ ਜੂਝਦੀਆਂ ਆ ਰਹੀਆਂ ਨੂੰ, ਇਨ੍ਹਾਂ ਭਾਜਪਾ ਵਿਰੋਧੀ ਤੇ ਸਾਮਰਾਜੀ ਨਿਰਦੇਸ਼ਤ ਆਰਥਿਕ ਨੀਤੀਆਂ ਦੇ ਖਿਲਾਫ ਲੜ ਰਹੀਆਂ ਤਾਕਤਾਂ ਨੂੰ ਇਕ ਮੰਚ ਉਪਰ ਲਿਆਉਣ ਲਈ ਵੱਡੀ ਭੂਮਿਕਾ ਅਦਾ ਕਰਨੀ ਹੋਵੇਗੀ। ਜਿਸ ਤਰ੍ਹਾਂ ਫਾਸ਼ੀ ਹਿਟਲਰ ਦੇ ਸਾਬਕਾ ਸੋਵੀਅਤ ਯੂਨੀਅਨ ਫਤਿਹ ਕਰਕੇ ਲੈਨਿਨਗਰਾਦ ਦੇ ਇਕ ਹੋਟਲ ਵਿਚ ਸੰਭਾਵਿਤ ਵੱਡੀ ਦਾਅਵਤ ਅਯੋਜਤ ਕਰਨ ਦੇ ਸੁਪਨੇ ਨੂੰ ਸੋਵੀਅਤ ਲੋਕਾਂ ਤੇ ਲਾਲ ਫੌਜ ਦੇ ਇਤਿਹਾਦੀਆਂ ਨੇ ਚਕਨਾਚੂਰ ਕਰ ਦਿੱਤਾ ਸੀ, ਤੇ ਫਾਸ਼ੀਵਾਦ ਨੂੰ ਲੱਕ ਤੋੜਵੀਂ ਹਾਰ ਦਿੱਤੀ ਸੀ, ਉਸੇ ਤਰ੍ਹਾਂ 2019 ਅੰਦਰ ਹੋਣ ਵਾਲੀਆਂ ਲੋਕ ਸਭਾਈ ਚੋਣਾਂ ਵਿਚ ਭਾਜਪਾ ਵਲੋਂ ਦੋ ਤਿਹਾਈ ਬਹੁਮਤ ਹਾਸਲ ਕਰਨ ਦੇ ਪ੍ਰਯੋਜਨ ਨੂੰ ਵੀ ਭਾਰਤੀ ਲੋਕ ਤਾਰ-ਤਾਰ ਕਰਨ ਦੀ ਸਮਰੱਥਾ ਰੱਖਦੇ ਹਨ।

No comments:

Post a Comment