Wednesday 20 September 2017

ਸੰਪਾਦਕੀ ਟਿੱਪਣੀ :ਧਰਮ ਤੇ ਸਿਆਸਤ ਦੇ ਰਲੇਵੇਂ ਦਾ ਨਤੀਜਾ ਹੈ ਡੇਰਾਵਾਦ ਦਾ ਘਿਨਾਉਣਾ ਚਿਹਰਾ

ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਲੋਂ 25 ਅਗਸਤ ਨੂੰ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰੇ ਦੀਆਂ ਹੀ ਦੋ ਸਾਧਵੀਆਂ ਨਾਲ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡੇਰੇ ਦੇ ਬੇਕਾਬੂ ਹੋਏ ਸ਼ਰਧਾਲੂਆਂ, ਜੋ ਆਪਣੇ ਆਪ ਨੂੰ ਪ੍ਰੇਮੀ ਅਖਵਾਉਣਾ ਪਸੰਦ ਕਰਦੇ ਹਨ, ਵਲੋਂ ਕੀਤੀ ਗਈ ਹਿੰਸਾ ਕਾਰਨ 36 ਜਾਨਾਂ ਚਲੀਆਂ ਗਈਆਂ ਹਨ। ਅਤੇ ਉਨ੍ਹਾਂ ਵਲੋਂ ਕੀਤੀ ਗਈ ਅੱਗਜ਼ਨੀ ਤੇ ਭੰਨਤੋੜ 'ਚ ਜਨਤਕ ਤੇ ਨਿੱਜੀ ਜਾਇਦਾਦਾਂ ਦਾ ਕਿੰਨਾਂ ਕੁ ਨੁਕਸਾਨ ਹੋਇਆ ਹੈ, ਇਸ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ।
ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਵਲੋਂ ਤਕਰੀਬਨ ਤਿੰਨ ਵਜੇ ਡੇਰਾਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਦੀ ਖਬਰ ਬਾਹਰ ਆਉਂਦੇ ਸਾਰ ਹੀ ਡੇਰਾ ਪ੍ਰੇਮੀ ਭੜਕ ਪਏ। ਉਹਨਾਂ ਪੁਲਸ 'ਤੇ ਪਥਰਾਅ ਕਰਨਾ ਸ਼ੁਰੂ ਕੀਤਾ, ਪੁਲਸ  ਦੀਆਂ ਗੱਡੀਆਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਤੇ ਇਸ ਭੰਨਤੋੜ ਤੇ ਸਾੜਫੂਕ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਤੇ ਉਨ੍ਹਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਹਿੰਸਾ ਸਿਰਫ ਪੰਚਕੂਲਾ ਤੱਕ ਹੀ ਮਹਿਦੂਦ ਨਹੀਂ ਰਹੀ। ਸਮੁੱਚੇ ਹਰਿਆਣਾ ਤੋਂ ਇਲਾਵਾ ਨਾਲ ਲੱਗਦੇ ਪੰਜਾਬ, ਦਿੱਲੀ, ਯੂ.ਪੀ. ਤੇ ਰਾਜਸਥਾਨ ਵੀ ਇਸਦੀ ਲਪੇਟ ਵਿਚ ਆ ਗਏ। ਪੰਜਾਬ 'ਚ ਡੇਰਾ ਪੈਰੋਕਾਰਾਂ ਨੇ ਮਾਲਵੇ 'ਚ ਟੈਲੀਫੋਨ ਐਕਸਚੇਜਾਂ, ਰੇਲਵੇ ਸਟੇਸ਼ਨਾਂ ਤੇ ਪੈਟਰੋਲ ਪੰਪਾਂ ਤੋਂ ਇਲਾਵਾ ਹੋਰ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ। ਬਿਜਲੀ ਗਰਿਡਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਹਾਲਾਤ ਨੂੰ ਭਾਂਪਦਿਆਂ ਸੰਗਰੂਰ, ਬਰਨਾਲਾ, ਮੁਹਾਲੀ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ ਤੇ ਮੋਗਾ ਜ਼ਿਲ੍ਹਿਆਂ 'ਚ ਕਰਫਿਊ ਲਾਗੂ ਕਰਨਾ ਪਿਆ। ਡੇਰੇ ਦੇ ਪੈਰੋਕਾਰਾਂ ਨੇ ਜਿੰਨੀ ਵੱਡੇ ਪੱਧਰ 'ਤੇ ਪੰਚਕੂਲਾ 'ਚ ਸਾੜਫੂਕ ਕੀਤੀ ਹੈ, ਉਸਦੀ ਦਹਿਸ਼ਤ ਪੰਚਕੂਲਾ ਦੇ ਲੋਕਾਂ ਦੇ ਮਨਾਂ 'ਚ ਦਹਾਕਿਆਂ ਤੱਕ ਰਹੇਗੀ। ਹਰ ਪਾਸੇ ਬਲਦੇ ਹੋਏ ਵਾਹਨ, ਸਰਕਾਰੀ ਦਫਤਰਾਂ, ਰੇਲਵੇ ਸਟੇਸ਼ਨਾਂ, ਟੈਲੀਫੋਨ ਐਕਸਚੇਂਜਾਂ, ਸਿਨਮਾਂ ਘਰਾਂ 'ਚੋਂ ਨਿਕਲ ਰਿਹਾ ਧੂੰਆਂ, ਇਕ ਜੰਗ ਦੇ ਮੈਦਾਨ ਨੂੰ ਰੂਪਮਾਨ ਕਰ ਰਿਹਾ ਸੀ। ਆਪਣੇ ਆਪ ਨੂੰ ਰੱਬ ਦੇ ਦੂਸਰੇ ਰੂਪ ਵਜੋਂ ਪੇਸ਼ ਕਰਨ ਵਾਲੇ ਡੇਰਾ ਮੁਖੀ ਦੇ ਪੈਰੋਕਾਰ, ਜੋ ਆਪਣੇ ਨਾਂਅ ਦੇ ਨਾਲ ਇੰਸਾਂ ਦਾ ਤਖੱਲਸ ਲਾਉਣਾ ਫਖ਼ਰ ਸਮਝਦੇ ਹਨ, ਵਲੋਂ ਦੇਸ਼ ਦੇ ਕਾਨੂੰਨ ਦੇ ਖਿਲਾਫ ਜਾ ਕੇ ਦੇਸ਼ ਦੇ ਇਕ ਹਿੱਸੇ ਨੂੰ ਬੰਧਕ ਬਣਾ ਲੈਣ ਤੋਂ ਨਿਘਰੀ ਤੇ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ?
ਜ਼ਿਕਰਯੋਗ ਹੈ ਕਿ ਸਾਲ 2002 'ਚ ਕਿਸੇ ਨੇ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਪੰਜਾਬ ਤੇ ਹਰਿਆਣਾ ਹਾਈਕੋਰਟ  ਅਤੇ ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜਾਂ ਨੂੰ ਚਿੱਠੀ ਲਿੱਖ ਕੇ ਡੇਰਾ ਮੁਖੀ 'ਤੇ ਸਾਧਵੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਸਨ ਤੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਹ ਚਿੱਠੀ ਸਾਧਵੀ ਦੇ ਭਰਾ ਤੇ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਨੇ ਲਿਖਵਾਈ ਸੀ, ਜਿਸਦਾ ਬਾਅਦ 'ਚ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਹੀ ਡੇਰੇ ਦੇ ਕੁਕਰਮਾਂ ਤੋਂ ਪਰਦਾ ਚੁੱਕਣ ਵਾਲੇ ਪੱਤਰਕਾਰ ਰਾਮ ਚੰਦਰ ਛੱਤਰਪਤੀ, ਜੋ ''ਪੂਰਾ ਸੱਚ'' ਅਖਬਾਰ ਦੇ ਸੰਪਾਦਕ ਸਨ, ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ ਗਿਆ, ਜਿਸ ਦੀ ਇਕ ਮਹੀਨੇ ਬਾਅਦ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਮੌਤ ਹੋ ਗਈ ਸੀ। ਇਹਨਾਂ ਕਤਲ ਕੇਸਾਂ ਦਾ ਫੈਸਲਾ ਅਜੇ ਬਾਕੀ ਹੈ।
ਜਦ ਵੀ ਕੋਈ ਅਜਿਹੀ ਵੱਡੀ ਘਟਨਾ ਵਾਪਰਦੀ ਹੈ ਤਾਂ ਇਨ੍ਹਾਂ ਡੇਰਿਆਂ ਦੀ ਹੋਂਦ 'ਤੇ ਸਵਾਲ ਉਠਦਾ ਹੈ, ਜੋ ਲਾਜ਼ਮੀ ਵੀ ਹੈ, ਵਾਰ ਵਾਰ ਇਕੋ ਸਵਾਲ ਦਾ ਉਠੀ ਜਾਣਾ, ਪਰ ਉਸ ਦਾ ਹੱਲ ਨਾ ਹੋਣਾ ਦੇਸ਼ ਦੀ ਸੱਤਾ ਦੀ ਮਨਸ਼ਾ 'ਤੇ ਹੀ ਸੁਆਲੀਆ ਚਿੰਨ੍ਹ ਲਾਉਂਦਾ ਹੈ। ਸੈਂਕੜੇ ਏਕੜ ਵਿਚ ਫੈਲਿਆ ਇਹ ਡੇਰਾ ਆਪਣੇ ਆਪ ਵਿਚ ਇਕ ਸਲਤਨਤ ਹੈ ਜਿਸ ਅੰਦਰ ਦਾਖਲ ਹੁੰਦਿਆਂ ਹੀ ਦੇਸ਼ ਦਾ ਕਾਨੂੰੂਨ ਆਪਣੀ ਪੂਛ ਦਬਾ ਲੈਂਦਾ ਹੈ। ਜੇ ਅਜਿਹਾ ਨਾ ਹੁੰਦਾ ਤਾਂ ਇਸ ਡੇਰੇ ਕਾਰਨ ਪੈਦਾ ਹੋਏ ਵਿਵਾਦ ਵਾਰ-ਵਾਰ ਸਾਹਮਣੇ ਨਾ ਆਉਂਦੇ। ਬਲਾਤਕਾਰ, ਕਤਲ, ਡੇਰੇ ਅੰਦਰਲੇ ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦੀਆਂ ਘਟਨਾਵਾਂ ਵਾਰ ਵਾਰ ਵੱਡੇ ਪੱਧਰ 'ਤੇ ਚਰਚਾ ਵਿਚ ਰਹੀਆਂ, ਪਰ ਕਾਨੂੰਨ ਦੀ ਦਿਸ਼ਾ ਤੈਅ ਕਰਨ ਵਾਲੀ ਮਸ਼ੀਨਰੀ ਵਾਰ ਵਾਰ ਇਨ੍ਹਾਂ ਵਿਵਾਦਾਂ ਨੂੰ ਘੱਟੇ ਮਿੱਟੀ ਰੋਲਦੀ ਰਹੀ।
ਦਰਅਸਲ ਇਹ ਡੇਰੇ ਅੰਧ ਵਿਸ਼ਵਾਸ ਤੇ ਖੜ੍ਹੀ ਲੋਕ ਮਾਨਸਿਕਤਾ, ਜਿਸ ਨੂੰ ਆਸਥਾ ਦੇ ਨਾਂਅ ਦਾ ਸੱਭਿਆਚਾਰਕ ਚੋਲਾ ਪਹਿਨਾ ਦਿੱਤਾ ਜਾਂਦਾ ਹੈ, ਦੀ ਅੰਨ੍ਹੀ ਤੇ ਨਜਾਇਜ਼ ਵਰਤੋਂ ਦੇ ਆਸਰੇ ਹੀ ਮੌਲਦੇ, ਵਿਗਸਦੇ ਇਕ ਸਲਤਨਤ ਦਾ ਰੂਪ ਧਾਰਨ ਕਰ ਜਾਂਦੇ ਹਨ ਤੇ ਇਸ ਦਾ ਸਭ ਤੋਂ ਦੁੱਖਦਾਈ ਪਹਿਲੂ ਹੀ ਇਹ ਹੈ ਕਿ ਇਹ ਡੇਰੇ ਆਪਣੇ ਪਾਲਣਹਾਰਾਂ, ਆਪਣੇ ਸ਼ਰਧਾਲੂਆਂ ਨੂੰ ਜ਼ਿਹਨੀ ਗੁਲਾਮ ਬਣਾ ਕੇ, ਉਹਨਾਂ ਰਾਹੀਂ ਬਾਕੀ ਸਮਾਜ 'ਤੇ ਵੀ ਰਾਜ ਕਰਨ ਦੀ ਇੱਛਾ ਪਾਲ ਲੈਂਦੇ ਹਨ। ਆਰਥਕ ਗੁਲਾਮੀ ਨਾਲੋਂ ਜ਼ਿਹਨੀ ਗੁਲਾਮੀ ਕਿਤੇ ਜ਼ਿਆਦਾ ਖਤਰਨਾਕ ਹੁੰਦੀ ਹੈ। ਇਹ ਵਿਅਕਤੀ ਕੋਲੋਂ ਉਸਦੀ ਸੋਚਣ ਸ਼ਕਤੀ, ਉਸਦਾ ਤਰਕ ਖੋਹ ਲੈਂਦੇ ਹਨ ਤੇ ਉਹ ਆਪਣੀ ਬੋਲੀ ਹੀ ਭੁੱਲ ਜਾਂਦਾ ਹੈ। ਉਹ ਕੇਵਲ ਡੇਰੇ ਦੀ ਭਾਸ਼ਾ ਹੀ ਬੋਲਦਾ ਹੈ। ਉਸ ਨੂੰ ਡੇਰੇ ਵਿਚਲਾ ਵਿਭਚਾਰ, ਅੱਤਿਆਚਾਰ ਤੇ ਹੋਰ ਕੁਕਰਮ ਨਜ਼ਰ ਹੀ ਨਹੀਂ ਆਉਂਦੇ। ਹਰਿਆਣੇ ਵਿਚਲਾ ਹੀ ਇਕ ਹੋਰ ਬਾਬਾ ਰਾਮਪਾਲ, ਨਿਰਮਲ ਬਾਬਾ, ਪਰਮਹੰਸ ਨਿਤਿਆਨੰਦ, ਪ੍ਰੇਮਾ ਨੰਦ ਤੇ ਆਸਾਰਾਮ ਬਾਪੂ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ।
ਹਨੇਰ ਬਿਰਤੀ ਫੈਲਾਉਣ ਵਾਲੇ ਡੇਰਿਆਂ ਦੀ ਇਹ ਫਸਲ ਬੁਰਜਵਾ ਪਾਰਟੀਆਂ ਦੀ ਛੱਤਰ ਛਾਇਆ ਤੋਂ ਬਿਨਾਂ ਨਹੀਂ ਪਲ ਸਕਦੀ। ਸੱਤਾਧਾਰੀ ਧਿਰ ਤੇ ਸੱਤਾ ਦੀਆਂ ਦਾਅਵੇਦਾਰ ਧਿਰਾਂ ਇਨ੍ਹਾਂ ਡੇਰਿਆਂ ਨੂੰ ਮੌਲਣ, ਵਿਗਸਣ ਵਿਚ ਪੂਰੀ ਮਦਦ ਕਰਦੀਆਂ ਹਨ ਤੇ ਇਨ੍ਹਾਂ ਡੇਰਿਆਂ ਦੇ ਪੈਰੋਕਾਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਇਨ੍ਹਾਂ ਡੇਰਿਆਂ ਦੇ ਮੁਖੀਆਂ ਅੱਗੇ ਨਤਮਸਤਕ ਹੋਣ 'ਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੀਆਂ। ਇਸ ਨੂੰ ਹੀ ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨਾ ਆਖਿਆ ਜਾਂਦਾ ਹੈ। ਜਦੋਂ ਵੀ ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨ ਦੀ ਖੇਡ ਖੇਡੀ ਗਈ ਹੈ, ਉਸਦੇ ਨਤੀਜੇ ਕਦੇ ਵੀ ਚੰਗੇ ਨਹੀਂ ਨਿਕਲੇ। ਇਹ ਗੱਲ ਪੰਜਾਬ ਤੋਂ ਵੱਧ ਹੋਰ ਕੌਣ ਮਹਿਸੂਸ ਕਰ ਸਕਦਾ ਹੈ, ਜੋ ਅਜਿਹੇ ਰਲੇਵੇਂ ਕਾਰਨ ਉਭਰੇ ਇਕ ਡੇਰੇ ਕਾਰਨ ਹੀ ਦੋ ਦਹਾਕੇ ਤੋਂ ਵੱਧ ਦਾ ਸੰਤਾਪ ਭੋਗ ਚੁੱਕਿਆ ਹੈ।
ਤਾਜ਼ਾ ਸੰਦਰਭ ਵਿਚ ਅਦਾਲਤ ਨੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਪੇਸ਼ਗੀ ਪ੍ਰਬੰਧ ਕਰਨ ਦਾ ਪੂਰਾ ਮੌਕਾ ਦਿੱਤਾ। ਉਸਨੇ ਹਰਿਆਣਾ ਪੁਲਸ ਦੇ ਮੁਖੀ ਨੂੰ ਬਰਖਾਸਤ ਕਰਨ ਤੱਕ ਦੀ ਚੇਤਾਵਨੀ ਦੇ ਦਿੱਤੀ। ਕੇਂਦਰ ਸਰਕਾਰ ਨੂੰ ਵੀ ਪੂਰੀ ਸਥਿਤੀ ਨਾਲ, ਇਹ ਆਖਦਿਆਂ ਕਿ ਕਾਨੂੰਨ ਵਿਵਸਥਾ ਰਾਜਾਂ ਦਾ ਵਿਸ਼ਾ ਆਖ ਕੇ ਤੁਸੀਂ ਜਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ, ਚੇਤਾਵਨੀ ਦਿੰਦਿਆਂ ਲੋੜੀਂਦੇ ਸੁਰੱਖਿਆ ਬਲ ਮੁਹੱਈਆ ਕਰਨ ਲਈ ਆਖਿਆ। ਡੇਰੇ ਵਾਲਿਆਂ ਨੂੰ ਵੀ ਕਿਹਾ ਕਿ ਆਪਣੇ ਪੈਰੋਕਾਰਾਂ ਨੂੰ ਘਰੋ-ਘਰੀ ਵਾਪਸ ਭੇਜੋ ਪਰ ਇਸ ਸਭ ਕੁੱਝ ਦੇ ਬਾਵਜੂਦ ਲੱਖਾਂ ਲੋਕ ਪੰਚਕੂਲਾ ਪਹੁੰਚ ਗਏ। ਉਹ ਵੀ ਉਸ ਵੇਲੇ ਜਦੋਂ ਦਫਾ 144 ਲੱਗੀ ਹੋਈ ਸੀ। ਖੱਟਰ ਸਰਕਾਰ ਪੇਸ਼ਗੀ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਭੁਲਾਕੇ ਡੇਰਾ ਮੁਖੀ ਨੂੰ ਮਨਾਉਣ ਤੇ ਰਿਝਾਉਣ ਵਿਚ ਹੀ ਲੱਗੀ ਰਹੀ। ਇੱਥੋਂ ਤੱਕ ਕਿ ਉਸਦੇ ਵਿਧਾਇਕ ਡੇਰਾ ਪੈਰੋਕਾਰਾਂ ਦੇ ਹਜ਼ੂਮ ਵਾਸਤੇ ਲੰਗਰ ਦਾ ਪ੍ਰਬੰਧ ਕਰਦੇ ਰਹੇ। ਕਟਹਿਰੇ 'ਚ ਖੜ੍ਹਾ ਹੋਣ ਲਈ ਅਦਾਲਤ ਤੱਕ ਪਹੁੰਚਣ ਵਾਸਤੇ ਉਸ ਨੂੰ 300 ਤੋਂ ਵੱਧ ਸ਼ਾਹੀ ਗੱਡੀਆਂ ਦਾ ਕਾਫ਼ਲਾ ਡੇਰੇ ਤੋਂ ਪੰਚਕੂਲਾ ਤੱਕ ਲਿਜਾਣ ਦੀ ਇਜਾਜ਼ਤ ਦਿੱਤੀ ਗਈ, ਜਿਵੇਂ ਉਹ ਕੋਈ ਮੁਲਜ਼ਮ ਨਾ ਹੋ ਕੇ, ਜੰਗ ਜਿੱਤ ਕੇ ਆਇਆ ਕੋਈ ਜਰਨੈਲ ਹੋਵੇ। ਦੋਸ਼ੀ ਕਰਾਰ ਦੇਣ ਦੇ ਬਾਵਜੂਦ ਰਾਮ ਰਹੀਮ ਦਾ ਸੂਟਕੇਸ ਚੁੱਕਣ ਲਈ ਹਰਿਆਣਾ ਦਾ ਐਡੀਸ਼ਨਲ ਐਡਵੋਕੇਟ ਜਨਰਲ ਵਿਸ਼ੇਸ਼ ਤੌਰ 'ਤੇ ਅੱਗੇ ਆਉਂਦਾ ਹੈ ਅਤੇ ਹੈਲੀਕਾਪਟਰ, ਜਿਸ ਰਾਹੀਂ ਉਸ ਨੂੰ ਜੇਲ੍ਹ ਲਿਜਾਇਆ ਗਿਆ, ਵਿਚ ਦੋਸ਼ੀ ਨੂੰ ਇਕੱਲਾ ਲਿਜਾਏ ਜਾਣ ਦੀ ਥਾਂ ਉਸ ਦੀ ਨਾਮ ਨਿਹਾਦ ਧੀ ਨੂੰ ਵੀ ਨਾਲ ਹੀ ਬਿਠਾਇਆ ਜਾਂਦਾ ਹੈ। ਅਜਿਹੀਆਂ ਖੁੱਲ੍ਹਾਂ ਹੀ ਹਜ਼ੂਮੀ ਮਾਨਸਿਕਤਾ ਨੂੰ ਹਵਾ ਦਿੰਦੀਆਂ ਹਨ। ਇਹ ਹਜ਼ੂਮ ਜਿੱਧਰ ਵੀ ਤੁਰਦਾ ਹੈ, ਤਬਾਹੀ ਹੀ ਮਚਾਉਂਦਾ ਹੈ। ਇਸ ਤਰ੍ਹਾਂ ਇਸ ਮਾਮਲੇ ਵਿਚ ਹੋਈ ਹਿੰਸਾ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਲਈ ਖੱਟਰ ਸਰਕਾਰ ਸਭ ਤੋਂ ਵੱਡੀ ਜ਼ਿੰਮੇਵਾਰ ਹੈ। ਧਰਮ ਤੇ ਸਿਆਸਤ ਦਾ ਰਲੇਵਾਂ ਸੰਘ ਪਰਿਵਾਰ, ਜਿਸ ਦੇ ਦਿਸ਼ਾ ਨਿਰਦੇਸ਼ਾਂ 'ਤੇ ਭਾਰਤੀ ਜਨਤਾ ਪਾਰਟੀ ਕੰਮ ਕਰਦੀ ਹੈ, ਦੀ ਰਣਨੀਤੀ ਦਾ ਪ੍ਰਮੁੱਖ ਪਹਿਲੂ ਹੈ। ਇਸ ਰਾਜਨੀਤੀ ਅਧੀਨ ਹਨੇਰ ਬਿਰਤੀ ਨਾਲ ਜੁੜੇ ਭਾਵਨਾਤਮਕ ਮੁੱਦੇ ਉਭਾਰ ਕੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਘੱਟੇ ਮਿੱਟੀ ਰੋਲਿਆ ਜਾ ਰਿਹਾ ਹੈ ਤੇ ਇਕ ਵਿਸ਼ੇਸ਼ ਧਰਮ ਤੇ ਅਧਾਰਤ ਰਾਜ ਪ੍ਰਬੰਧ ਸਥਾਪਤ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਰਾਮ ਰਹੀਮ ਦੇ ਮਾਮਲੇ ਵਿਚ ਹਾਈਕੋਰਟ ਵਲੋਂ ਦਿਖਾਈ ਗਈ ਸਰਗਰਮੀ ਤੇ ਵੇਲੇ ਸਿਰ ਦਿੱਤੇ ਦਖਲ ਦੀ ਸ਼ਲਾਘਾ ਕਰਨੀ ਬਣਦੀ ਹੈ। ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਹਰਿਆਣਾ ਸਰਕਾਰ, ਹਰਿਆਣਾ ਪੁਲਸ ਤੇ ਕੇਂਦਰ ਸਰਕਾਰ ਵਿਰੁੱਧ ਕੀਤੀਆਂ ਸਖਤ ਟਿੱਪਣੀਆਂ ਅਤੇ ਡੇਰੇ ਦੇ ਪੈਰੋਕਾਰਾਂ ਵਲੋਂ ਕੀਤੀ ਗਈ ਭੱਨਤੋੜ ਤੇ ਸਾੜਫੂਕ ਦੀਆਂ ਘਟਨਾਵਾਂ ਸਾਹਮਣੇ ਆਉਂਦਿਆਂ ਹੀ, ਇਨ੍ਹਾਂ ਘਟਨਾਵਾਂ ਵਿਚ ਹੋਏ ਨੁਕਸਾਨ ਦੀ ਭਰਪਾਈ ਲਈ ਡੇਰੇ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਪ੍ਰਸ਼ੰਸਾ ਦੇ ਪਾਤਰ ਹਨ। ਜੇ ਅਦਾਲਤ ਇਸ ਮੁਕਾਮ 'ਤੇ ਆ ਕੇ ਏਨੀ ਸਖਤੀ ਨਾਲ ਪਹਿਰਾ ਨਾ ਦਿੰਦੀ ਤਾਂ ਨੁਕਸਾਨ ਇਸ ਤੋਂ ਵੀ ਕਿਤੇ ਵੱਧ ਹੋ ਸਕਦਾ ਸੀ।
ਡੇਰਾਵਾਦ ਵਿਰੁੱਧ ਲੜਾਈ ਕੋਈ ਆਸਾਨ ਕੰਮ ਨਹੀਂ ਹੈ। ਇਸ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਗਿਆਨਕ ਵਿਚਾਰਾਂ ਦਾ ਤੇਜ਼ੀ ਨਾਲ ਪਸਾਰਾ ਬਹੁਤ ਲਾਜ਼ਮੀ ਹੈ। ਇਹ ਕਾਰਜ ਹੋਰ ਕਿਸੇ ਧਿਰ ਦੀ ਸਿਰਦਰਦੀ ਦਾ ਹਿੱਸਾ ਤਾਂ ਹੋ ਨਹੀਂ ਸਕਦਾ, ਖੱਬੀ ਤੇ ਜਮਹੂਰੀ ਲਹਿਰ ਨੂੰ ਹੀ ਇਹ ਆਪਣੇ ਹੱਥ ਲੈਣਾ ਪੈਣਾ ਹੈ ਤੇ ਇਸ ਦੀ ਸ਼ੁਰੂਆਤ ਵੀ ਆਪਣੇ ਘਰੋਂ ਹੀ ਕਰਨੀ ਪੈਣੀ ਹੈ।
- ਇ. ਚੁਗਾਵਾਂ

No comments:

Post a Comment