Wednesday 20 September 2017

ਅਜੋਕੇ ਸਮੇਂ 'ਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ

ਸਰਬਜੀਤ ਗਿੱਲ 
ਸ਼ਹੀਦ ਭਗਤ ਸਿੰਘ ਆਪਣੇ ਜੀਵਨ ਦੇ ਮਹਿਜ਼ 23 ਵਰ੍ਹਿਆਂ ਦੌਰਾਨ ਹੀ ਸਾਮਰਾਜ ਦੇ ਵਿਰੋਧ ਦੇ ਇੱਕ ਚਿੰਨ੍ਹ ਵਜੋਂ ਉੱਭਰ ਕੇ ਸਾਹਮਣੇ ਆਏ। ਛੋਟੀ ਜਿਹੀ ਉੱਮਰ 'ਚ ਹੀ ਆਪਣੇ ਆਪ ਨੂੰ ਉਸ ਲੁੱਟ ਖਸੁੱਟ ਦੇ ਖਿਲਾਫ ਸਥਾਪਤ ਕਰ ਲੈਣਾ, ਜਿਹੜੀ ਦੁਨੀਆਂ ਭਰ 'ਚ ਉਸ ਵੇਲੇ ਵੀ ਸਾਮਰਾਜ ਵਲੋਂ ਕੀਤੀ ਜਾਂਦੀ ਸੀ। ਇਸ ਉੱਮਰ 'ਚ ਸ਼ਹੀਦੀ ਜਾਮ ਪੀ ਲੈਣਾ, ਇਹ ਵੀ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਪਰ ਇਸ ਦੇ ਮੁਕਾਬਲੇ ਵਿਚਾਰਾਂ ਨੂੰ ਇਸ ਮੁਕਾਮ 'ਤੇ ਲੈ ਜਾਣਾ, ਜਿਥੇ ਜਾ ਕੇ ਇਹ ਕਿਹਾ ਜਾਵੇ ਕਿ ਅਧਿਐਨ ਕਰ, ਤਾਂ ਜੋ ਤੂੰ ਵਿਰੋਧੀਆਂ ਦੀ ਹਰ ਗੱਲ ਦਾ ਜਵਾਬ ਦਲੀਲ ਨਾਲ ਦੇ ਸਕੇਂ। ਸ਼ਹੀਦ ਭਗਤ ਸਿੰਘ ਵਲੋਂ ਇਹ ਕਿਹਾ ਜਾਣਾ ਕਿ ਜਦੋਂ ਤੱਕ ਇੱਕ ਕੌਮ ਵਲੋਂ ਦੂਜੀ ਕੌਮ ਦੀ ਲੁੱਟ ਜਾਰੀ ਰਹੇਗੀ, ਉਸ ਵੇਲੇ ਤੱਕ ਯੁੱਧ ਜਾਰੀ ਰਹੇਗਾ। ਅਜੋਕੇ ਦੌਰ 'ਚ ਇੰਨੀ ਉੱਮਰ ਦਾ ਨੌਜਵਾਨ ਬੁਨਿਆਦੀ ਸਮਝ ਤੋਂ ਵੀ ਕੋਰਾ ਰਹਿੰਦਾ ਹੈ ਅਤੇ ਬਹੁਤ ਹੀ ਘੱਟ ਨੌਜਵਾਨ ਹਨ, ਜਿਹੜੇ ਸਮਝਦਾਰੀ ਦਾ ਪੱਧਰ ਉਚਿਆ ਲੈਂਦੇ ਹਨ ਅਤੇ ਉਸ ਨੂੰ ਅਮਲ 'ਚ ਵੀ ਲਾਗੂ ਕਰਦੇ ਹਨ।
ਸਾਮਰਾਜ ਦੇ ਵਿਰੋਧ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ਮਨਾਏ ਜਾਣੇ ਚਾਹੀਦੇ ਹਨ। ਦੇਸ਼ ਦੇ ਹਾਕਮ ਇਨ੍ਹਾਂ ਦਿਨਾਂ 'ਤੇ 'ਨਾਟਕ' ਕਰਦੇ ਜ਼ਰੂਰ ਦੇਖੇ ਜਾ ਸਕਦੇ ਹਨ। ਉਹ ਸ਼ਹੀਦਾਂ ਦੇ ਬੁੱਤਾਂ 'ਤੇ ਹਾਰ ਪਾਉਂਦੇ ਤਾਂ ਦੇਖੇ ਜਾ ਸਕਦੇ ਹਨ ਪਰ ਉਨ੍ਹਾਂ ਦੇ ਵਿਚਾਰਾਂ 'ਤੇ ਪਹਿਰਾ ਦੇਣ, ਉਸਨੂੰ  ਹਕੀਕਤ 'ਚ ਲਾਗੂ ਕਰਨ ਤੋਂ ਕੋਹਾਂ ਦੂਰ ਰਹਿੰਦੇ ਹਨ। ਚੰਡੀਗੜ੍ਹ ਦੇ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਤੋਂ ਵੀ ਉਹ ਭੱਜਦੇ ਦੇਖੇ ਜਾ ਸਕਦੇ ਹਨ ਅਤੇ ਹਰ ਰੰਗ ਦੇ ਹਾਕਮ ਅਤੇ ਅਖੌਤੀ ਲੋਕ ਪੱਖੀ ਬੁਰਕੇ ਪਾਕੇ ਸਾਮਰਾਜ ਦੀ ਸੇਵਾ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ 'ਇਨਕਲਾਬ ਜਿੰਦਾਬਾਦ' ਦਾ ਨਾਅਰਾ ਤਾਂ ਲਗਾ ਦਿੰਦੀਆਂ ਹਨ ਪਰ 'ਸਾਮਰਾਜਵਾਦ ਮੁਰਦਾਬਾਦ' ਦਾ ਨਾਅਰਾ ਉਨ੍ਹਾਂ ਦੇ ਸੰਘ ਤੋਂ ਹੇਠਾ ਨਹੀਂ ਉਤਰਦਾ। ਅਜਿਹੀਆਂ ਧਿਰਾਂ ਵਲੋਂ ਸ਼ਹੀਦਾਂ ਦੇ ਸ਼ਹਾਦਤ ਦਿਵਸ ਅਤੇ ਜਨਮ ਦਿਨ, ਪੂਰੇ ਦੇਸ਼ 'ਚ ਮਨਾਇਆ ਜਾਂਦਾ ਹੈ। ਅਤੇ ਸ਼ਹੀਦਾਂ ਦੇ ਪਦਚਿੰਨ੍ਹਾਂ 'ਤੇ ਚੱਲਣ ਦਾ ਐਲਾਨ ਵੀ ਕੀਤਾ ਜਾਂਦਾ ਹੈ ਪਰ ਦਿਨ ਬੀਤਣ ਬਾਅਦ ਉਹਨਾਂ ਵਲੋਂ ਹੀ ਸਾਮਰਾਜੀਆਂ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ, ਜਿਨ੍ਹਾਂ ਦਾ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿਰੋਧ ਕੀਤਾ ਗਿਆ ਸੀ। ਇਹਨਾਂ ਹਾਕਮ ਜਮਾਤਾਂ ਦੀ ਕਿਸੇ ਵੀ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਦਾ ਨਾ ਤਾਂ ਪਹਿਲਾਂ ਕਦੇ ਐਲਾਨ ਕੀਤਾ ਗਿਆ ਸੀ ਅਤੇ ਨਾ ਹੀ ਅੱਗੋਂ ਕਰਨ ਦੀ ਆਸ ਕੀਤੀ ਜਾ ਸਕਦੀ ਹੈ, ਕਿਉਂਕਿ ਸਾਡੇ ਦੇਸ਼ ਦੇ ਹਾਕਮਾਂ ਨੂੰ ਲੋਕਾਂ ਦਾ ਫਿਕਰ ਘੱਟ ਅਤੇ ਸਾਮਰਾਜੀਆਂ ਦਾ ਫਿਕਰ ਵਧੇਰੇ ਰਹਿੰਦਾ ਹੈ।
ਦੇਸ਼ ਦੇ ਕੁਦਰਤੀ ਸਾਧਨ ਜਲ, ਜੰਗਲ ਅਤੇ ਜ਼ਮੀਨ 'ਤੇ ਹੌਲੀ ਹੌਲੀ ਸਾਮਰਾਜੀ ਕੰਪਨੀਆਂ ਕਾਬਜ਼ ਹੋ ਰਹੀਆਂ ਹਨ। ਜਿਸ ਦੇਸ਼ 'ਚੋਂ ਭਗਤ ਸਿੰਘ ਵਰਗੇ ਹਜ਼ਾਰਾਂ ਸੂਰਬੀਰਾਂ ਨੇ ਕੁਰਬਾਨੀ ਕਰਕੇ ਸਾਮਰਜੀਆਂ ਨੂੰ ਬਾਹਰ ਕੱਢਣ ਦਾ ਉੱਦਮ ਕੀਤਾ ਸੀ, ਉਸ ਦੇਸ਼ ਨੂੰ ਅਜੋਕੇ ਹਾਕਮ ਮੁੜ ਸਾਮਰਾਜੀ ਕੰਪਨੀਆਂ ਦੇ ਹਵਾਲੇ ਕਰਦੇ ਜਾ ਰਹੇ ਹਨ। ਸਾਮਰਾਜੀ ਦੇਸ਼ਾਂ ਨੇ ਸਾਡੇ ਦੇਸ਼ ਨੂੰ ਲੁੱਟਣ ਤੋਂ ਸਿਵਾ ਹੋਰ ਕੁੱਝ ਨਹੀਂ ਕਰਨਾ, ਮੁਨਾਫ਼ਾ ਹੀ ਇਨ੍ਹਾਂ ਸਾਮਰਾਜੀਆਂ ਦਾ ਉਦੇਸ਼ ਹੈ। ਮੁਨਾਫ਼ੇ ਲਈ ਇਨ੍ਹਾਂ ਨੂੰ ਮਨੁੱਖਤਾ ਦਾ ਘਾਣ ਵੀ ਕਰਨਾ ਪੈ ਜਾਵੇ ਤਾਂ ਇਹਨਾਂ ਲਈ ਇਹ ਬਹੁਤ ਹੀ ਛੋਟੀ ਜਿਹੀ ਗੱਲ ਹੈ।
ਸ਼ਹੀਦ ਭਗਤ ਸਿੰਘ ਨੇ ਮਹਿਜ਼ 23 ਸਾਲ ਦੀ ਉੱਮਰ 'ਚ ਹੀ ਸਾਮਰਾਜ ਦੀਆਂ ਕਰਤੂਤਾਂ ਨੂੰ ਜਾਣ ਲਿਆ ਸੀ। ਹੁਣ ਇਹ ਕਰਤੂਤਾਂ ਬਹੁਤ ਹੀ ਤਿੱਖੇ ਰੂਪ 'ਚ ਸਾਹਮਣੇ ਆ ਰਹੀਆਂ ਹਨ। ਸ਼ਹੀਦ ਭਗਤ ਸਿੰਘ ਨੇ ਸਿਰਫ 'ਇਨਕਲਾਬ ਜਿੰਦਾਬਾਦ' ਦਾ ਨਾਅਰਾ ਹੀ ਬੁਲੰਦ ਨਹੀਂ ਕੀਤਾ ਸਗੋਂ 'ਸਾਮਰਾਜਵਾਦ ਮੁਰਦਾਬਾਦ' ਦਾ ਨਾਅਰਾ ਵੀ ਨਾਲ ਹੀ ਬੁਲੰਦ ਕੀਤਾ ਸੀ। ਸਾਮਰਾਜ ਮੁਰਦਾਬਾਦ 'ਚੋਂ ਹੀ ਇਨਕਲਾਬ ਨੇ ਨਿਕਲਣਾ ਹੁੰਦੈ।ਸਾਮਰਾਜ ਦੇ ਦਫ਼ਨ ਕੀਤੇ ਬਿਨਾਂ ਆਏ ਇਨਕਲਾਬ ਦਾ ਸਰੂਪ ਸਮਾਜਵਾਦੀ ਨਹੀਂ ਹੋ ਸਕਦਾ। ਅਜਿਹੇ ਹਾਲਾਤ 'ਚ ਹੀ ਭਗਤ ਸਿੰਘ ਨੇ ਸਮਾਜਵਾਦ ਸ਼ਬਦ ਨੂੰ ਨਾਲ ਜੋੜਦਿਆਂ ਆਪਣੀ ਜਥੇਬੰਦੀ ਦੇ ਨਾਂਅ 'ਚ 'ਸਮਾਜਵਾਦੀ' ਸ਼ਬਦ ਨੂੰ ਸ਼ਾਮਲ ਕਰ ਦਿੱਤਾ ਸੀ। ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਦੇ ਦਸੰਬਰ 1929 ਨੂੰ ਹੋਏ ਲਾਹੌਰ ਸੈਸ਼ਨ 'ਚ ਵੰਡੇ ਗਏ ਮੈਨੀਫੈਸਟੋ 'ਚ ਸ਼ਹੀਦ ਭਗਤ ਸਿੰਘ ਦੇ ਸਾਥੀ ਭਗਵਤੀ ਚਰਨ ਵੋਹਰਾ ਲਿਖਦੇ ਹਨ-''ਭਾਰਤ ਸਾਮਰਾਜਵਾਦ ਦੇ ਜੂਲੇ ਹੇਠ ਪਿਸ ਰਿਹਾ ਹੈ। ਇਸ ਦੇ ਕਰੋੜਾਂ ਲੋਕ ਅੱਜ ਅਗਿਆਨਤਾ ਅਤੇ ਗਰੀਬੀ ਦੇ ਸ਼ਿਕਾਰ ਹੋ ਰਹੇ ਹਨ। ਭਾਰਤ ਦੀ ਬਹੁਤ ਵੱਡੀ ਗਿਣਤੀ, ਜੋ ਕਿਰਤੀਆਂ, ਕਿਸਾਨਾਂ ਦੀ ਹੈ, ਉਹਨਾਂ ਨੂੰ ਵਿਦੇਸ਼ੀ ਦਾਬੇ ਅਤੇ ਆਰਥਿਕ ਲੁੱਟ ਨੇ ਹੱਥਲ ਕਰ ਦਿੱਤਾ ਹੈ। ਭਾਰਤੀ ਕਿਰਤੀ ਵਰਗ ਦੀ ਹਾਲਤ ਅੱਜ ਅਤਿ ਗੰਭੀਰ ਹੈ। ਉਸ ਨੂੰ ਦੋਹਰੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ ਵਿਦੇਸ਼ੀ ਪੂੰਜੀਵਾਦ ਦਾ ਇੱਕ ਪਾਸੇ ਤੋਂ ਅਤੇ ਭਾਰਤੀ ਪੂੰਜੀਵਾਦ ਦੇ ਧੋਖੇ ਭਰੇ ਹਮਲੇ ਦਾ ਦੂਜੇ ਪਾਸੇ ਤੋਂ ਖਤਰਾ ਹੈ। ਭਾਰਤੀ ਪੂੰਜੀਵਾਦ, ਵਿਦੇਸ਼ੀ ਪੂੰਜੀਵਾਦ ਨਾਲ ਹਰ ਰੋਜ਼ ਵਧੇਰੇ ਗੱਠਜੋੜ ਕਰ ਰਿਹਾ ਹੈ।''
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ 'ਚ ਵੀ ਮਨੁੱਖਤਾ ਨੂੰ ਅਹਿਮ ਮੰਨਦੇ ਹੋਏ ਅੰਗਰੇਜ਼ ਸਾਮਰਾਜ ਦਾ ਡਟ ਕੇ ਵਿਰੋਧ ਕਰਦੇ ਹੋਏ ਲਿਖਦੇ ਹਨ ਕਿ-''ਸਾਡੇ ਵਿਚੋਂ ਵੀ ਕਈ ਅਜਿਹੇ ਹਨ ਜੋ ਆਪਣੇ ਆਲਸ ਤੇ ਨਿਕੰਮੇਪਣ ਨੂੰ ਅੰਤਰਰਾਸ਼ਟਰਵਾਦ ਦੇ ਬੁਰਕੇ 'ਚ ਛਪਾਉਂਦੇ ਹਨ। ਜੇ ਉਹਨਾਂ ਨੂੰ ਸੇਵਾ ਲਈ ਕਹੋ ਤਾਂ ਉਹ ਜਵਾਬ ਦੇਣਗੇ, 'ਜਨਾਬ, ਅਸੀਂ ਤਾਂ ਕੌਮਾਂਤਰੀਵਾਦੀ ਹਾਂ ਅਤੇ ਅਸੀਂ ਕੌਮਾਂਤਰੀ ਭਾਈਚਾਰੇ ਵਿਚ ਵਿਸ਼ਵਾਸ ਰੱਖਦੇ ਹਾਂ। ਇਸ ਤਰ੍ਹਾਂ ਅੰਗਰੇਜ਼ ਵੀ ਸਾਡੇ ਭਰਾ ਹਨ, ਫਿਰ ਉਹਨਾਂ ਨਾਲ ਲੜਾਈ ਕਾਹਦੀ?' ਕਿੱਡਾ ਨੇਕ ਖਿਆਲ ਹੈ ਤੇ ਕਿੰਨੀ ਖ਼ੂਬਸੂਰਤ ਗੱਲ ਹੈ! ਪਰ ਉਹ ਇਸ ਦੇ ਅਸਲੀ ਭਾਵ ਨੂੰ ਨਹੀਂ ਸਮਝਦੇ। ਮਨੁੱਖੀ ਭਾਈਚਾਰੇ ਦਾ ਅਸੂਲ ਮੰਗ ਕਰਦਾ ਹੈ ਕਿ ਇੱਕ ਆਦਮੀ ਦੇ ਹੱਥੋਂ ਦੂਜੇ ਆਦਮੀ ਅਤੇ ਇੱਕ ਕੌਮ ਹੱਥੋਂ ਦੂਜੀ ਕੌਮ ਦੀ ਲੁੱਟ ਖਸੁੱਟ ਦਾ ਅੰਤ ਕਰ ਦਿੱਤਾ ਜਾਵੇ। ਕਿਸੇ ਵੀ ਕਿਸਮ ਦੇ ਵਿਤਕਰੇ ਤੋਂ ਬਗੈਰ ਹਰ ਇੱਕ ਨੂੰ ਤਰੱਕੀ ਦੇ ਇਕੋ ਜਿਹੇ ਮੌਕੇ ਦਿੱਤੇ ਜਾਣ ਪਰ ਅੰਗਰੇਜ਼ ਰਾਜ ਇਹਨਾਂ ਸਾਰੀਆਂ ਚੀਜ਼ਾਂ ਦੇ ਉਲਟ ਕੰਮ ਕਰ ਰਿਹਾ ਹੈ ਅਤੇ ਇਹ ਸਾਡੇ ਕਿਸੇ ਕੰਮ ਦਾ ਨਹੀਂ ਹੈ।''
ਸਾਮਰਾਜ ਦੇ ਖਿਲਾਫ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਹਰ ਤਰ੍ਹਾਂ ਦੀ ਜੰਗ ਲੜ ਰਹੇ ਸਨ ਅਤੇ ਕੋਈ ਵੀ ਮੌਕਾ ਨਹੀਂ ਗਵਾ ਰਹੇ ਸਨ, ਜਿਸ ਦੀ ਮਿਸਾਲ 24 ਜਨਵਰੀ 1930 ਨੂੰ ਲੈਨਿਨ ਦਿਵਸ ਦੇ ਮੌਕੇ 'ਤੇ ਤੀਜੀ ਇੰਟਰਨੈਸ਼ਨਲ ਨੂੰ ਭੇਜੀ ਗਈ ਇੱਕ ਤਾਰ ਤੋਂ ਮਿਲਦੀ ਹੈ। ਜਿਸ ਬਾਰੇ ਪ੍ਰੋ. ਜਗਮੋਹਣ ਸਿੰਘ ਵਲੋਂ ਸੰਪਾਦਿਤ ਕਿਤਾਬ 'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ' 'ਚ ਲਿਖਿਆ ਗਿਆ ਹੈ-''ਇਸ ਦਿਨ ਲਾਹੌਰ ਸਾਜ਼ਿਸ਼ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਕਰਾਂਤੀਕਾਰੀ ਆਪਣੇ ਸਿਰਾਂ 'ਤੇ ਲਾਲ ਰੁਮਾਲ ਬੰਨ੍ਹ ਕੇ ਅਦਾਲਤ 'ਚ ਗਏ ਸਨ। ਉਹ ਕਾਕੋਰੀ ਦੇ ਗੀਤ ਗਾਉਂਦੇ ਰਹੇ। ਮੈਜਿਸਟਰੇਟ ਦੇ ਆਉਣ 'ਤੇ ਉਨ੍ਹਾਂ ਸਮਾਜਵਾਦੀ ਇਨਕਲਾਬ-ਜਿੰਦਾਬਾਦ, ਕਮਿਊਨਿਸਟ ਇੰਟਰਨੈਸ਼ਨਲ-ਜਿੰਦਾਬਾਦ, ਲੈਨਿਨ-ਜਿੰਦਾਬਾਦ, ਪਰੋਲਤਾਰੀ ਜਮਾਤ-ਜਿੰਦਾਬਾਦ ਅਤੇ ਸਾਮਰਾਜਵਾਦ-ਮੁਰਦਾਬਾਦ ਦੇ ਨਾਅਰੇ ਬੁਲੰਦ ਕੀਤੇ ਅਤੇ ਭੇਜੀ ਗਈ ਤਾਰ 'ਚ ਇਉਂ ਲਿਖਿਆ 'ਲੈਨਿਨ ਦਿਵਸ ਦੇ ਮੌਕੇ 'ਤੇ ਅਸੀਂ ਸੋਵੀਅਤ ਰੂਸ ਵਿਚ ਹੋ ਰਹੇ ਮਹਾਨ ਤਜ਼ਰਬੇ ਅਤੇ ਸਾਥੀ ਲੈਨਿਨ ਦੀ ਸਫਲਤਾ ਨੂੰ ਅੱਗੇ ਵਧਾਉਣ ਅਤੇ ਇਸ ਦੀ ਜਿੱਤ ਵਾਸਤੇ ਆਪਣੀਆਂ ਦਿਲੀ ਵਧਾਈਆਂ ਭੇਜਦੇ ਹਾਂ। ਸੰਸਾਰ ਇਨਕਲਾਬੀ ਲਹਿਰ ਨਾਲ ਅਸੀਂ ਆਪਣੇ ਆਪ ਨੂੰ ਜੋੜਨਾ ਚਾਹੁੰਦੇ ਹਾਂ। ਮਜ਼ਦੂਰਾਂ ਦੇ ਰਾਜ ਦੀ ਜੈ ਹੋਵੇ, ਸਰਮਾਏਦਾਰੀ ਦੀ ਖੈਹ ਹੋਵੇ, ਸਾਮਰਾਜਵਾਦ ਮੁਰਦਾਬਾਦ।''
ਸ਼ਹੀਦ ਭਗਤ ਸਿੰਘ ਦਾ ਬਿੰਬ ਕੁੱਝ ਲੋਕ ਧਾਰਮਿਕ ਅਤੇ ਕੁੱਝ ਲੋਕ ਬੰਬਾਂ, ਪਿਸਤੌਲਾਂ ਵਾਲਾ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਨ। ਧਾਰਮਿਕ ਬਿੰਬ ਬਣਾਉਣ ਵਾਲਿਆਂ ਨੂੰ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਜ਼ਰੂਰ ਪੜ੍ਹ ਲੈਣੀਆਂ ਚਾਹੀਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਸ਼ਖਸੀਅਤ ਨੂੰ ਉਸ ਨਜ਼ਰੀਏ ਨਾਲ ਹੀ ਵਾਚਣਾ ਚਾਹੀਦਾ ਹੈ, ਜਿਹੜੀ ਉਸ ਦੀ ਕਰਮ ਭੂਮੀ ਹੋਵੇ। ਸ਼ਹੀਦ ਭਗਤ ਸਿੰਘ ਦੀ ਕਰਮ ਭੂਮੀ ਧਾਰਮਿਕ ਨਹੀਂ ਸੀ ਸਗੋਂ ਰਾਜਨੀਤਕ ਸੀ। ਇਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੀ ਰਾਜਨੀਤੀ ਹੀ ਉਹਨਾਂ ਦੀ ਕੇਂਦਰੀ ਰਾਜਨੀਤੀ ਸੀ। ਇਸ ਦੇ ਬਾਵਜੂਦ ਵੀ ਭਗਤ ਸਿੰਘ ਨੇ ਦੂਜੀਆਂ ਲਹਿਰਾਂ ਦੀਆਂ ਚੰਗੀਆਂ ਗੱਲਾਂ ਦਾ ਪ੍ਰਭਾਵ ਜਰੂਰ ਕਬੂਲਿਆਂ ਸੀ।ਪਰ ਉਹਨਾਂ ਨੇ ਆਪਣੀ ਲੋਕ ਪੱਖੀ ਅਤੇ ਮਨੁੱਖਤਾਵਾਦੀ ਰਾਜਨੀਤੀ ਨੂੰ ਹੀ ਕੇਂਦਰ 'ਚ ਰੱਖਿਆ। ਬੰਬਾਂ, ਪਿਸਤੌਲਾਂ ਦੇ ਸਬੰਧ 'ਚ ਵੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਬੀ.ਕੇ. ਦੱਤ ਨੇ ਇਨਕਲਾਬ ਦੇ ਸ਼ਬਦ ਬਾਰੇ ਲਿਖਦਿਆਂ ਕਿਹਾ ਕਿ ''ਇਸ ਲਫਜ਼ ਦਾ ਇੱਕ ਸ਼ਬਦ-ਕੋਸ਼ ਵਾਲਾ ਮਤਲਬ ਵੀ ਹੈ ਪਰ ਇਸ ਦੇ ਸਿਰਫ ਸ਼ਬਦ-ਕੋਸ਼ ਵਾਲੇ ਅਰਥ ਨੂੰ ਲੈਣਾ ਹੀ ਕਾਫੀ ਨਹੀਂ, ਇਸ ਲਫਜ਼ ਨਾਲ ਉਹਨਾਂ ਲੋਕਾਂ ਦੀਆਂ ਜਿਹੜੇ ਇਸ ਨੂੰ ਪੇਸ਼ ਕਰਦੇ ਹਨ, ਕੁੱਝ ਖਾਸ ਹਕੀਕਤਾਂ ਸਬੰਧਤ ਹੁੰਦੀਆਂ ਹਨ। ਸਾਡੀਆਂ, ਇਨਕਲਾਬ ਪਸੰਦਾਂ ਦੀਆਂ, ਨਜ਼ਰਾਂ 'ਚ ਇਹ ਇੱਕ ਪਾਕ ਅਤੇ ਇੱਜ਼ਤਯੋਗ ਲਫਜ਼ ਹੈ। ਅਸੀਂ ਅਦਾਲਤ ਦੇ ਸਾਹਮਣੇ ਜਿਹੜਾ ਬਿਆਨ ਦਿੱਤਾ ਸੀ, ਉਸ ਨੇ ਪਾਕ ਲਫਜ਼ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਸੀ। ਤੁਸੀਂ ਉਸ ਬਿਆਨ ਨੂੰ ਪੜ੍ਹੋ ਤੇ ਫਿਰ ਦੇਖੋ ਕਿ ਅਸੀਂ ਕੀ ਕਿਹਾ ਸੀ। ਅਸੀਂ ਇਨਕਲਾਬ ਨੂੰ ਸਦਾ ਅਤੇ ਹਰ ਮੌਕੇ 'ਤੇ ਹਥਿਆਰਬੰਦ ਇਨਕਲਾਬ ਦੇ ਮਤਲਬ ਨਾਲ ਨਹੀਂ ਜੋੜਦੇ। ਇਨਕਲਾਬ ਸਿਰਫ ਬੰਬਾਂ ਪਿਸਤੌਲਾਂ ਨਾਲ ਹੀ ਅਕੀਦਤ ਨਹੀਂ ਰੱਖਦਾ ਬਲਕਿ ਇਹ ਬੰਬ ਤੇ ਪਿਸਤੌਲਾਂ ਤਾਂ ਕਦੀ ਕਦਾਈਂ ਇਸ ਇਨਕਲਾਬ ਦੇ ਵੱਖ-ਵੱਖ ਹਿੱਸਿਆਂ ਦੀ ਪੂਰਤੀ ਲਈ ਇਕ ਸਾਧਨ ਬਣ ਜਾਂਦੇ ਹਨ ਪਰ ਮੁਕੰਮਲ ਇਨਕਲਾਬ ਨਹੀਂ ਕਹਿਲਾ ਸਕਦੇ''।
'ਇਨਕਲਾਬ' ਨੂੰ ਹੋਰ ਸਪਸ਼ਟ ਕਰਦਿਆਂ ਲਿਖਿਆ ਹੈ ਕਿ ''ਇਨਕਲਾਬ ਤੋਂ ਸਾਡਾ ਭਾਵ ਸਪਸ਼ਟ ਹੈ। ਇਸ ਸਦੀ ਵਿਚ ਇਸ ਦੇ ਸਿਰਫ ਇਕ ਹੀ ਮਤਲਬ ਹੋ ਸਕਦੇ ਹਨ : ਜਨਤਾ ਲਈ, ਜਨਤਾ ਦਾ ਰਾਜਨੀਤਕ ਤਾਕਤ 'ਤੇ ਕਬਜ਼ਾ। ਅਸਲ ਵਿਚ ਇਹ ਹੈ 'ਇਨਕਲਾਬ'। ਬਾਕੀ ਸਭ ਬਗ਼ਾਵਤਾਂ ਤਾਂ ਸਿਰਫ ਮਾਲਕਾਂ ਦੀ ਤਬਦੀਲੀ ਕਰਕੇ ਪੂੰਜੀਵਾਦੀ ਸੜਿਆਂਧ ਨੂੰ ਹੀ ਅੱਗੇ ਤੋਰਦੀਆਂ ਹਨ। ਕਿਸੇ ਵੀ ਹੱਦ ਤੱਕ ਲੋਕਾਂ ਨਾਲ ਜਾਂ ਉਹਨਾਂ ਦੇ ਉਦੇਸ਼ ਲਈ ਦਿਖਾਈ ਹਮਦਰਦੀ, ਜਨਤਾ ਤੋਂ ਅਸਲੀਅਤ ਨੂੰ ਛੁਪਾ ਨਹੀਂ ਸਕਦੀ, ਉਹ ਛਲਾਵੇ ਨੂੰ ਪਛਾਣਦੇ ਹਨ। ਭਾਰਤ ਵਿਚ ਵੀ, ਅਸੀਂ ਭਾਰਤੀ ਕਿਰਤੀਆਂ ਦੇ ਰਾਜ ਤੋਂ ਘੱਟ, ਕੁੱਝ ਨਹੀਂ ਚਾਹੁੰਦੇ ਹਾਂ। ਭਾਰਤੀ ਕਿਰਤੀ ਨੇ, ਭਾਰਤ ਅੰਦਰ ਸਾਮਰਾਜਵਾਦ ਅਤੇ ਉਹਨਾਂ ਦੇ ਮਦਦਗਾਰ ਨੂੰ, ਜੋ ਕਿ ਉਸ ਆਰਥਿਕ ਸਿਸਟਮ, ਜਿਸ ਦੀਆਂ ਜੜ੍ਹਾਂ ਲੁੱਟ 'ਤੇ ਅਧਾਰਿਤ ਹਨ, ਦੇ ਪੈਰੋਕਾਰ ਹਨ, ਹਟਾ ਕੇ ਅੱਗੇ ਆਉਣਾ ਹੈ। ਅਸੀਂ ਚਿੱਟੀ ਬੁਰਾਈ ਦੀ ਥਾਂ ਕਾਲੀ ਬੁਰਾਈ ਨੂੰ ਲਿਆ ਕੇ ਕਸ਼ਟ ਨਹੀਂ ਝੱਲਣਾ ਚਾਹੁੰਦੇ। ਬੁਰਾਈਆਂ, ਇੱਕ ਹਿਤ ਦੇ ਸਮੂਹ ਵਾਂਗ ਹਨ, ਜੋ ਇੱਕ ਦੂਜੇ ਦੀ ਥਾਂ ਲੈਣ ਨੂੰ ਤਿਆਰ ਹਨ।''
ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸਾਨੂੰ ਅਜੋਕੇ ਸਮੇਂ ਦੌਰਾਨ ਸੇਧ ਲੈ ਕੇ ਅੱਗੇ ਵੱਧਣਾ ਚਾਹੀਦਾ ਹੈ ਕਿਉਂਕਿ ਅੱਜ ਵੀ ਦੇਸ਼ ਨੂੰ ਸਾਮਰਾਜੀਆਂ ਤੋਂ ਓਨਾ ਹੀ ਖਤਰਾ ਹੈ, ਜਿੰਨਾ ਦੇਸ਼ ਦੀ ਆਜ਼ਾਦੀ ਵੇਲੇ ਸੀ। ਸਗੋਂ ਅਜੋਕੇ ਸਮੇਂ ਦੌਰਾਨ ਇਹ ਖ਼ਤਰੇ ਹੋਰ ਵੀ ਵਧੇ ਹਨ। ਦੇਸ਼ 'ਚ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵਲੋਂ ਚਿਹਰੇ ਬਦਲਣ ਦੀਆਂ ਕਵਾਇਦਾਂ ਆਰੰਭ ਕਰ ਦਿੱਤੀਆਂ ਜਾਂਦੀਆਂ ਹਨ ਪਰ ਕਿਸੇ ਨੇ ਨੀਤੀਆਂ ਬਦਲਣ ਦੀ ਕਦੇ ਗੱਲ ਨਹੀਂ ਕੀਤੀ। ਸਾਮਰਾਜੀ ਦੇਸ਼ਾਂ ਵਲੋਂ ਸੰਚਾਲਿਤ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਦੇ ਯਤਨ ਪਹਿਲਾਂ ਵੀ ਅਤੇ ਹੁਣ ਵੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਦੇਸ਼ ਅੰਦਰ ਫੈਲ ਰਿਹਾ ਫਿਰਕੂ ਤਣਾਅ ਹੋਰ ਵੀ ਜਿਆਦਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਬਾਰੇ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰ ਜਰੂਰ ਜਾਨਣੇ ਚਾਹੀਦੇ ਹਨ। ਸ਼ਹੀਦ ਭਗਤ ਸਿੰਘ ਦੀ ਉਸ ਵੇਲੇ ਦੀ ਕੀਤੀ ਹੋਈ ਫਿਕਰਮੰਦੀ ਸਾਨੂੰ ਅੱਜ ਵੀ ਯਾਦ ਰਹਿਣੀ ਚਾਹੀਦੀ ਹੈ। ਸ਼ਹੀਦ ਭਗਤ ਸਿੰਘ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਉਸ ਵੇਲੇ ਹੋਏ ਦੰਗਿਆਂ 'ਤੇ ਵੀ ਆਪਣੀ ਚਿੰਤਾ ਜਾਹਿਰ ਕੀਤੀ ਸੀ।
ਵੋਟਾਂ ਲੈਣ ਖਾਤਰ ਬੁਰਜ਼ੂਆ ਪਾਰਟੀਆਂ ਦਾ ਕਿਰਦਾਰ ਪਹਿਲਾਂ ਵੀ ਅਤੇ ਹੁਣ ਵੀ ਕਈ ਵਾਰ ਆਪਸ 'ਚ ਇਕੱਠੇ ਹੋਣ ਦਾ ਰਿਹਾ ਹੈ। ਲੋੜ ਪੈਣ 'ਤੇ ਇਹ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਧਰਮ ਨਿਰਪੱਖ ਅਖਵਾਉਣ ਵਾਲੀਆਂ ਪਾਰਟੀਆਂ ਵੀ ਆਪਣਾ ਦਾਅ ਲਾਉਣ ਲਈ ਧਰਮ ਦਾ ਏਜੰਡਾ ਵਰਤਣ ਤੋਂ ਗੁਰੇਜ਼ ਨਹੀਂ ਕਰਦੀਆਂ। ਇਸ ਦੇ ਮੁਕਾਬਲੇ ਲੋਕਾਂ ਨੂੰ ਇਕੱਠੇ ਹੋ ਕੇ ਸਾਮਰਾਜੀ ਨੀਤੀਆਂ ਨੂੰ ਲਾਗੂ ਕਰਨ ਵਾਲੀਆਂ ਪਾਰਟੀਆਂ ਖਿਲਾਫ ਲੜਨਾ ਹੀ ਪੈਣਾ ਹੈ। ਇਹ ਲੜਾਈ ਉਸ ਵੇਲੇ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਬੰਦ ਨਹੀਂ ਹੋ ਜਾਂਦੀ। ਸ਼ਹੀਦ ਭਗਤ ਸਿੰਘ ਨੇ ਆਪਣਾ ਸਾਮਰਾਜ ਵਿਰੋਧੀ ਨਿਸ਼ਾਨਾ ਮਿਥ ਕੇ ਸ਼ਹੀਦੀ ਤੋਂ ਪਹਿਲਾ ਕਿਹਾ ਸੀ-''ਮੇਰੀ ਦਲੇਰੀ ਭਰੇ ਢੰਗ ਨਾਲ ਹੱਸਦਿਆਂ-ਹੱਸਦਿਆਂ ਫ਼ਾਂਸੀ ਚੜ੍ਹਨ ਦੀ ਸੂਰਤ 'ਚ ਹਿੰਦੋਸਤਾਨੀ ਮਾਵਾਂ ਆਪਣਿਆਂ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਆਰਜ਼ੂ ਕਰਿਆ ਕਰਨਗੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵੱਧ ਜਾਏਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸਭ ਸ਼ੈਤਾਨ ਤਾਕਤਾਂ ਦੇ ਵਸ ਦੀ ਗੱਲ ਨਹੀਂ ਰਹੇਗੀ।'' ਇਸ ਦੇ ਨਾਲ ਹੀ ਦੇਸ਼ 'ਚ ਫਿਰਕੂ ਇਕਸੁਰਤਾ ਦਾ ਰਾਖੀ ਕਰਦਿਆਂ ਇਸ ਨੂੰ ਲਾਂਬੂ ਲਾਉਣ ਵਾਲੇ ਯਤਨਾਂ ਦਾ ਵੀ ਵਿਰੋਧ ਕਰਨਾ ਪਵੇਗਾ, ਜਿਸ ਦੀ ਸੇਧ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਮਿਲਦੀ ਹੈ।
ਆਓ, ਦੇਸ਼ ਦੇ ਖਣਿਜ ਪਦਾਰਥਾਂ, ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣ ਅਤੇ ਦੇਸ਼ ਨੂੰ ਬਚਾਉਣ ਲਈ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰਾਂ 'ਤੇ ਪਹਿਰਾ ਦਿੰਦੇ ਹੋਏ ਸਾਮਰਾਜਵਾਦ ਵਿਰੋਧੀ ਜੰਗ ਨੂੰ ਹੋਰ ਤੇਜ਼ ਕਰੀਏ।

No comments:

Post a Comment