Wednesday, 20 September 2017

ਪਾਇਨੀਅਰ ਇੰਡਸਟਰੀ ਦਾ ਮਜ਼ਦੂਰ ਸੰਘਰਸ਼

ਭਾਰਤ ਵਿਚ ਉਦਯੋਗਪਤੀ ਤੇ ਹੋਰ ਵੱਡੇ ਲੋਕ ਬੇਨਿਯਮੀਆਂ ਕਰਨ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ। ਜਿੰਨੇ ਵੱਡੇ ਲੋਕ ਉਤਨੀ ਵੱਡੀ ਬੇਈਮਾਨੀ! ਖਾਸ ਕਰਕੇ ਉਦਯੋਗਪਤੀਆਂ ਅਤੇ ਮਜ਼ਦੂਰਾਂ ਵਿਚ ਤਾਂ ਇਕ ਸਦੀਵੀ ਟੱਕਰ ਬਣ ਚੁੱਕੀ ਹੈ। ਹੁਣ ਤੱਕ ਜੋ ਵੀ ਕਾਇਦੇ ਕਾਨੂੰੂਨ ਮਜ਼ਦੂਰਾਂ ਦੇ ਹੱਕ ਵਿਚ ਬਣੇ ਹਨ ਸਭ ਮਜਦੂਰਾਂ ਦੀ ਸਾਂਝੀ ਜਦੋ ਜਹਿਦ ਨਾਲ ਸਮੂਹਿਕ ਸੌਦੇਬਾਜ਼ੀ ਦੇ ਬੁਨਿਆਦੀ ਅਧਿਕਾਰ ਪ੍ਰਾਪਤ ਕਰਨ ਤਹਿਤ ਹੀ ਮਿਲੇ ਹਨ। ਪ੍ਰੰਤੂ ਜਦ ਵੀ ਮਜ਼ਦੂਰਾਂ ਦਾ ਦਬਾਅ ਜਰਾ ਕੁ ਵੀ ਘਟਦਾ ਹੈ ਇਹ ਕਾਇਦੇ ਕਾਨੂੰਨ (ਲੇਬਰ ਲਾਅ) ਸਭ ਕੁਚਲੇ ਜਾਂਦੇ ਹਨ। ਅੱਜ ਦੇਸ਼ ਵਿਚ ਸ਼ਾਇਦ ਹੀ ਕੋਈ ਉਦਯੋਗ ਹੋਵੇਗਾ ਜਿੱਥੇ ਸਮੁੱਚੇ ਲੇਬਰ ਕਾਨੂੰਨ ਠੀਕ ਤਰ੍ਹਾਂ ਲਾਗੂ ਹੁੰਦੇ ਹੋਣ। ਖਾਸ ਕਰਕੇ ਵੱਧ ਤੋਂ ਵੱਧ 8 ਘੰਟੇ ਦੀ ਡਿਊਟੀ ਅਤੇ 1957 ਦੀ 15ਵੀਂ ਲੇਬਰ ਕਾਨਫਰੰਸ ਤਹਿਤ ਸਮੇਂ ਸਮੇਂ ਤਹਿ ਹੁੰਦੀ 'ਘੱਟੋ ਘੱਟ ਜਿਊਣ ਯੋਗ ਉਜਰਤ' ਦਾ ਨਿਯਮ ਸ਼ਾਇਦ ਹੀ ਕਿਧਰੇ ਲਾਗੂ ਹੁੰਦਾ ਹੋਵੇ। ਫੈਲੀ ਵਿਆਪਕ ਬੇਰੋਜ਼ਗਾਰੀ ਦੇ ਆਲਮ ਵਿਚ ਮਜਦੂਰਾਂ ਨੂੰ ਜਾਂ ਤਾਂ ਆਊਟ ਸੋਰਸਿੰਗ ਭਰਤੀ ਰਾਹੀਂ ਠੇਕੇ 'ਤੇ ਹੀ ਰੱਖਿਆ ਜਾਂਦਾ ਹੈ, ਜੇ ਪੱਕਾ ਰੱਖਣਾ ਵੀ ਪਵੇ ਤਾਂ ਵੀ ਜਿਊਣ ਯੋਗ  ਘੱਟ ਤੋਂ ਘੱਟ ਉਜਰਤ ਦਿੱਤੀ ਜਾਂਦੀ ਹੈ। ਆਮ ਤੌਰ 'ਤੇ ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ, ਆਰਾਮ ਘਰ, ਰਿਹਾਇਸ਼ੀ ਪ੍ਰਬੰਧ, ਸੁਰੱਖਿਅਤਾ, ਵਕਤ ਸਿਰ ਉਜਰਤ, ਸਾਫ ਕੰਟੀਨ, ਸੇਵਾ ਮੁਕਤੀ ਲਾਭ, ਪਖਾਨੇ, ਨਹਾਉਣ-ਧੌਣ ਲਈ ਸਮੁੱਚਾ ਪ੍ਰਬੰਧ, ਸਵੱਛ ਵਾਤਾਵਰਣ, ਪੀਣ ਲਈ ਸਾਫ ਪਾਣੀ ਦਾ ਵੀ ਮਜ਼ਦੂਰਾਂ ਲਈ ਪ੍ਰਬੰਧ ਨਹੀਂ ਕੀਤਾ ਜਾਂਦਾ। ਆਮ ਤੌਰ 'ਤੇ ਮਜ਼ਦੂਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਸਿਰਫ ਮਜ਼ਬੂਤ ਟ੍ਰੇਡ ਯੂਨੀਅਨਾਂ ਅਤੇ ਤਿੱਖੇ ਤੇ ਸਿਰੜੀ ਸੰਘਰਸ਼ਾਂ ਹੀ ਮਜ਼ਦੂਰਾਂ ਨੂੰ ਜਿੰਦਾ ਰੱਖ ਰਹੇ ਹਨ।
ਜੀਵਨ ਹਾਲਤਾਂ ਤੇ ਮਜ਼ਦੂਰ ਕਾਇਦਿਆਂ ਪੱਖੋਂ ਪਠਾਨਕੋਟ ਦੇ ਬਹੁਤ ਵੱਡੇ ਉਦਯੋਗਿਕ ਖੇਤਰ ਵਿਚ (ਇੰਡਸਟ੍ਰੀਅਲ ਏਰੀਏ) ਵਿਚ ਲੱਗੀ ਇਕੋ ਇਕ ਪਾਇਨੀਅਰ ਇੰਡਸਟਰੀ (ਲਿਮਟਿਡ), ਅਖਵਾਉਣਾ, ਪਠਾਨਕੋਟ, ਦੀ ਹਾਲਤ ਸ਼ਾਇਦ ਦੇਸ਼ ਭਰ 'ਚੋਂ ਸਭ ਤੋਂ ਭੈੜੀ ਹੈ। ਵਾਤਾਵਰਨ ਦੇ ਨਿਯਮਾਂ ਦੀ ਕੋਈ ਪਾਲਣਾ ਨਹੀਂ ਹੋ ਰਹੀ। ਇਸ ਕਾਰਖਾਨੇ ਨੂੰ ਸ਼ਰਾਬ ਦੀ ਫੈਕਟਰੀ ਕਰਕੇ ਹੀ ਜਾਣਿਆ ਜਾਂਦਾ ਹੈ ਭਾਵੇਂ ਕਿ ਇਸ ਵਿਚ ਗਲੂਟਨ ਪ੍ਰੋਟੀਨ, ਘਿਉ ਆਦਿ ਕਈ ਕੁਝ ਬਣਦਾ ਹੈ। ਇਸ ਦਾ ਮਾਲਕ ਜਗਤ ਮੋਹਨ ਅਗਰਵਾਲ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਖਾਨੇ ਦੇ ਮਾਲਕ ਨੂੰ 25-30 ਲੱਖ  ਮਹੀਨੇ ਦੀ ਆਮਦਨ ਹੁੰਦੀ ਹੈ। ਇਸ ਵਿਚ 300 ਦੇ ਕਰੀਬ ਮਜ਼ਦੂਰ ਕੰਮ ਕਰਦੇ ਹਨ। ਜਿਨ੍ਹਾਂ 'ਚੋਂ ਅੱਧੇ ਠੇਕੇ 'ਤੇ ਹੀ ਹਨ। ਲਗਭਗ 36 ਏਕੜ ਥਾਂ ਵਿਚ 2002 ਤੋਂ ਚਾਲੂ ਹੋਈ ਇਹ ਫੈਕਟਰੀ ਨਿਯਮਾਂ ਅਨੁਸਾਰ ਆਬਾਦੀ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਚਾਹੀਦੀ ਸੀ, ਪ੍ਰੰਤੂ ਇਹ ਐਨ ਆਬਾਦੀ ਦੇ ਵਿਚ ਹੈ। ਨਾਲ ਦੇ ਪਿੰਡਾਂ ਵਾਲੇ ਇਸ ਦੀਆਂ ਚਿਮਨੀਆਂ 'ਚੋਂ ਨਿਕਲੇ ਧੂੰਏ ਤੋਂ ਹਰ ਪਲ 'ਚ ਘਰਾਂ ਵਿਚ ਡਿਗਦੀ ਸਵਾਹ ਤੋਂ ਬੇਹੱਦ ਤੰਗ ਹਨ। ਇਸ ਫੈਕਟਰੀ ਨੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਫੈਕਟਰੀ ਦਾ ਕੈਮੀਕਲ ਯੁਕਤ ਅਤਿ ਗੰਦਾ ਪਾਣੀ ਲੋਕਾਂ ਦੇ ਸ਼ੁੱਧ ਪਾਣੀ ਦੇ ਸੁਪਨੇ ਨੂੰ ਚਕਨਾਚੂਰ ਕਰ ਰਿਹਾ ਹੈ। ਲੋਕ ਗੰਦਾ ਪਾਣੀ ਪੀ ਕੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਚਾਰ ਚੁਫੇਰੇ ਮੱਖੀਆਂ, ਮੱਛਰਾਂ ਤੇ ਹੋਰ ਸੱਪਾਂ, ਚੂਹਿਆਂ, ਕੀੜਿਆਂ ਮਕੌੜਿਆਂ ਦੀ ਭਰਮਾਰ ਹੈ, ਥਾਂ ਥਾਂ ਗੰਦਾ ਪਾਣੀ ਫੈਲਿਆ ਹੋਇਆ ਹੈ। ਸਿਹਤ ਪੱਖੋਂ ਫੈਕਟਰੀ ਵਿਚ ਵਧੀਆ ਡਿਸਪੈਂਸਰੀ ਦਾ ਹੋਣਾ ਤਾਂ ਦੂਰ ਦੀ ਗੱਲ ਉਥੇ ਫਸਟਏਡ ਜਿਹੀ ਵੀ ਕੋਈ ਸਹੂਲਤ ਨਹੀਂ ਮਿਲਦੀ। ਕੋਈ ਵਧੀਆ ਕੰਟੀਨ ਤੱਕ ਨਹੀਂ ਹੈ। ਮਜ਼ਦੂਰਾਂ ਲਈ ਪੀਣ ਵਾਲੇ ਸਾਫ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਆਮ ਤੌਰ 'ਤੇ ਮਜ਼ਦੂਰਾਂ ਤੋਂ 12-12 ਘੰਟੇ ਕੰਮ ਲਿਆ ਜਾਂਦਾ ਹੈ (ਤਨਖਾਹ 8 ਘੰਟੇ ਦੀ ਹੀ ਮਿਲਦੀ ਹੈ) ਭਾਵੇਂ ਕਿ ਕਹਿਣ ਨੂੰ ਤਿੰਨਾਂ ਸ਼ਿਫਟਾਂ ਵਿਚ ਕੰਮ ਚੱਲਦਾ ਹੈ। ਮਾਲਕਾਂ ਦੀ ਸੰਗਦਿਲੀ ਦੇਖੋ ਕਿਤੇ ਕੋਈ ਮਜ਼ਦੂਰ ਕੰਮ ਕਰਦਾ ਬੇਹੋਸ਼ ਜਾਂ ਬਿਮਾਰ ਹੋ ਜਾਂਦਾ ਹੈ ਤਾਂ ਉਹ ਐਸੀ ਲਾਸ਼ ਵਿਚ ਤਬਦੀਲ ਹੋ ਜਾਂਦਾ ਹੈ ਜੋ ਮੁੜ ਚੱਲਦੀ ਹੀ ਨਹੀਂ। ਉਂਝ ਸਾਰੇ ਮਜ਼ਦੂਰ ਜਿਊਂਦੀਆਂ ਲਾਸ਼ਾਂ ਹੀ ਦਿਸਦੇ ਹਨ। ਮਾਲਕਾਂ ਦੇ ਨਿਰਦਈ ਪੁਣੇ ਦੀ ਹਾਲਤ ਤਾਂ ਇੱਥੋਂ ਤੱਕ ਨਿਘਰ ਗਈ ਹੈ ਇਕ ਦਿਨ ਠੇਕੇਦਾਰ ਵਲੋਂ ਮੁਕੇਰੀਆਂ ਤੋਂ ਲਿਆ ਕੇ ਕੰਮ 'ਤੇ ਲਾਇਆ ਹੋਇਆ ਇਕ ਬਾਲ ਮਜ਼ਦੂਰ ਦੀਪਕ, ਬਾਇਲਰ ਤੋਂ ਡਿਗ ਕੇ ਬੇਹੋਸ਼ ਹੋ ਗਿਆ। ਮਜ਼ਦੂਰਾਂ ਦੀ ਮਦਦ ਨਾਲ ਉਸਨੂੰ ਰਾਜ ਹਸਪਤਾਲ ਪਠਾਨਕੋਟ ਦਾਖਲ ਤਾਂ ਕਰਾਇਆ ਪਰ ਜਦ ਉਸਦੀ ਖਬਰ ਲੈਣ ਗਏ ਤਾਂ ਪਤਾ ਹੀ ਨਹੀਂ ਲੱਗਾ ਕਿ ਉਹ ਕਿੱਥੇ ਗਾਇਬ ਕਰ ਦਿੱਤਾ ਗਿਆ। ਮਜ਼ਦੂਰ ਅਤੇ ਸਮਾਜ ਦੇ ਹੋਰ ਲੋਕ ਇਸ ਕਾਰਖਾਨੇ ਅਤੇ ਮਾਲਕ ਦੀਆਂ ਬੇਕਿਰਕ ਜ਼ਿਆਦਤੀਆਂ ਤੋਂ ਬਹੁਤ ਅੱਕੇ ਹੋਏ ਹਨ।
ਮੌਜੂਦਾ ਸੰਘਰਸ਼ ਦੀ ਸ਼ੁਰੂਆਤ 12 ਤੋਂ 24 ਘੰਟੇ ਤੱਕ ਪਲਾਂਟਾਂ ਵਿਚ ਇਕੱਠੇ ਕੰਮ ਕਰਦੇ ਅਤੇ ਤਨਖਾਹ ਸਿਰਫ 8 ਘੰਟੇ ਦੀ ਹੀ ਲੈਂਦੇ, ਵੱਖ ਵੱਖ ਪਲਾਂਟਾਂ ਵਿਚ 6-6 ਮਜ਼ਦੂਰਾਂ ਦੀ ਥਾਂ ਇਕੱਲੇ-ਇਕੱਲੇ ਹੀ ਕੰਮ ਕਰਦੇ ਕੁਝ ਮਜ਼ਦੂਰਾਂ ਵਲੋਂ 12-24 ਘੰਟੇ ਦੀ ਥਾਂ ਕੇਵਲ 8 ਘੰਟੇ ਕੰਮ ਦੀ ਮੰਗ ਨਾਲ ਸ਼ੁਰੂ ਹੋਇਆ। ਐਸੀ ਮੰਗ ਹੋਰ ਮਜਦੂਰਾਂ ਨੇ ਵੀ ਕਰਨ ਦਾ ਹੌਂਸਲਾ ਕੀਤਾ। ਸਿੱਟੇ ਵਜੋਂ ਮਾਲਕਾਂ ਦਾ ਮਜ਼ਦੂਰਾਂ ਨਾਲ 8 ਘੰਟੇ ਕੰਮ ਦਾ 23 ਮਈ 2017 ਨੂੰ ਸਮਝੌਤਾ ਹੋ ਗਿਆ। ਪ੍ਰੰਤੂ ਜਦ 7-7-2017 ਨੂੰ ਤਨਖਾਹਾਂ ਮਿਲੀਆਂ ਤਾਂ ਮਾਲਕ 23-5-2017 ਦੇ ਸਮਝੌਤੇ ਤੋਂ ਮੁੱਕਰ ਗਿਆ ਅਤੇ ਤਨਖਾਹਾਂ ਵਿਚ ਕੱਟ ਲਗਾ ਦਿੱਤਾ। ਜਦ ਮਜਦੂਰ ਆਗੂਆਂ ਨੇ ਇਸ ਬਾਰੇ ਡੀ.ਸੀ. ਪਠਾਨਕੋਟ ਤੱਕ ਪਹੁੰਚ ਕੀਤੀ ਤਾਂ 24-7-2017 ਨੂੰ 18 ਮਜ਼ਦੂਰਾਂ ਨੂੰ ਨੌਕਰੀ ਤੋਂ ਹਟਾ ਦਿੱਤਾ। 25-7-2017 ਨੂੰ ਤਿੱਖਾ ਸੰਘਰਸ਼ ਸ਼ੁਰੂ ਹੋ ਗਿਆ। ਪਹਿਲਾਂ ਪੁਲਸ ਮਜ਼ਦੂਰਾਂ ਨੂੰ ਮੌਜੂਦਾ ਫੈਕਟਰੀ ਤੋਂ 400 ਮੀਟਰ ਦੂਰ ਵੀ ਨਹੀਂ ਸੀ ਬੈਠਣ ਦਿੰਦੀ ਸੀ, ਪ੍ਰੰਤੂ ਜਦ ਮੌਜੂਦਾ ਸਰਪੰਚ ਜਗਨ ਨਾਥ ਅਤੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਅਤੇ ਸੀਟੀਯੂ ਪੰਜਾਬ ਤੇ ਨਿਰਮਾਣ ਮਜ਼ਦੂਰ ਯੂਨੀਅਨ, ਕੰਡੀ ਵਿਕਾਸ ਮੋਰਚਾ, ਜਮਹੂਰੀ ਕਿਸਾਨ ਸਭਾ, ਥੀਨ ਡੈਮ ਵਰਕਰਜ਼ ਯੂਨੀਅਨ ਆਦਿ ਤੇ ਹੋਰ ਜਥੇਬੰਦੀਆਂ ਦੇ ਆਗੂਆਂ 26.7.2017 ਨੂੰ ਸਰਵਸਾਥੀ ਨੱਥਾ ਸਿੰਘ, ਸ਼ਿਵ ਕੁਮਾਰ, ਸੁਭਾਸ ਸ਼ਰਮਾ, ਓਮ ਪ੍ਰਕਾਸ਼ ਮੱਘਰ, ਬਲਵੰਤ ਸਿੰਘ ਘੋਹ ਆਦਿ ਨੇ ਸੰਘਰਸ਼ ਦੀ ਅਗਵਾਈ ਸੰਭਾਲੀ ਤਾਂ 400 ਦੇ ਕਰੀਬ ਪੁਲਸਕਰਮੀਆਂ ਤੇ ਦਰਜ਼ਨਾਂ ਪੁਲਸ ਅਫਸਰਾਂ ਦੇ ਵਿਰੋਧ ਅਤੇ ਲਾਠੀਚਾਰਜ ਦੇ ਬਾਵਜੂਦ ਧਰਨਾਕਾਰੀ ਮਜ਼ਦੂਰ ਤੇ ਲੋਕ ਫੈਕਟਰੀ ਦੇ ਗੇਟ ਦੇ ਅੱਗੇ ਤੱਕ ਪੁੱਜ ਗਏ। ਲਗਾਤਾਰ ਧਰਨਾ ਚਾਲੂ ਕਰ ਦਿੱਤਾ ਗਿਆ। ਇਸ ਧਰਨੇ ਨੂੰ ਇਲਾਕੇ ਦੇ ਲੋਕਾਂ ਅਤੇ ਮਜਦੂਰਾਂ ਦਾ ਵਿਸ਼ਾਲ ਸਮੱਰਥਨ ਮਿਲਿਆ। ਇਸ ਦੌਰਾਨ ਐਸ.ਡੀ.ਐਮ. ਤੇ ਹੋਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰਾਂ ਨੇ ਸਮਝੌਤੇ ਦਾ ਯਤਨ ਕੀਤਾ ਪਰ ਫੈਕਟਰੀ ਮਾਲਕ ਹਾਜ਼ਰ ਹੀ ਨਹੀਂ ਹੋਏ। ਧਰਨੇ ਵਾਲੇ ਥਾਂ ਆਮ ਤੌਰ 'ਤੇ ਰੋਜ਼ ਪੈਂਦੀ ਬਾਰਸ਼ ਕਾਰਨ 2-3 ਫੁੱਟ ਤੱਕ ਪਾਣੀ ਭਰ ਜਾਂਦਾ ਹੈ, ਪਰ ਮਜਦੂਰਾਂ ਦਾ ਹੌਂਸਲਾ ਬਰਕਰਾਰ ਹੈ। ਲੋਕਾਂ ਦੇ ਸਹਿਯੋਗ ਨਾਲ 'ਅਟੁੱਟ' ਲੰਗਰ ਚਲ ਰਿਹਾ ਹੈ। 15 ਅਗਸਤ 2017 ਨੂੰ ਲੋਕਾਂ ਵਲੋਂ ਫੈਕਟਰੀ ਦੀ ਸਪਲਾਈ ਲਾਈਨ ਬੰਦ ਕਰ ਦੇਣ ਨਾਲ ਮਜ਼ਦੂਰਾਂ ਦਾ ਦਬਾਅ ਹੋਰ ਵੱਧ ਗਿਆ ਹੈ। ਤੜਕੇ ਲੋਕਾਂ ਨੇ ਭਾਰੀ ਪੁਲਸ ਫੋਰਸ ਦੇ ਵਿਰੋਧ ਦੇ ਬਾਵਜੂਦ ਫੈਕਟਰੀ ਦੀ ਸਪਲਾਈ ਲਾਈਨ ਹੀ ਬੰਦ ਰੱਖੀ। ਮਜ਼ਦੂਰਾਂ ਨੇ ਮੱਖੀਆਂ, ਮੱਛਰਾਂ, ਸੱਪਾਂ ਤੇ ਹੋਰ ਕੀੜੇ ਮਕੌੜਿਆਂ ਤੇ ਬਾਰਸ਼ਾਂ ਦੀ ਭਰਮਾਰ ਦੇ ਬਾਵਜੂਦ 25-7-2017 ਤੋਂ ਰਾਤ ਦਿਨ ਦਾ ਧਰਨਾ ਜਾਰੀ ਰੱਖਿਆ ਹੋਇਆ ਹੈ। ਭਾਵੇਂ ਮੁੱਖ ਮੰਗਾਂ-ਕੱਢੇ ਵਰਕਰ ਬਹਾਲ ਕਰਨ ਅਤੇ 23 ਮਈ ਦਾ ਸਮਝੌਤਾ ਲਾਗੂ ਕਰਨ ਦੀਆਂ ਹੀ ਹਨ ਪ੍ਰੰਤੂ ਹੁਣ ਲੋਕਾਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਬਣੀ ਫੈਕਟਰੀ ਬੰਦ ਕਰਾਉਣ ਦਾ ਤਹੱਈਆ ਕਰ ਲਿਆ ਗਿਆ ਹੈ।
27 ਅਗਸਤ ਨੂੰ ਗੱਲਬਾਤ ਤੋਂ ਬਾਅਦ ਮਾਲਕਾਂ ਨਾਲ ਸਮਝੌਤਾ ਹੋ ਗਿਆ ਹੈ। ਇਹ ਸਮਝੌਤਾ ਸਮੇਂ ਤੇ ਸਥਿਤੀ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ। ਜਿਸ ਅਨੁਸਾਰ 120 ਮਜ਼ਦੂਰਾਂ ਦਾ ਹਿਸਾਬ-ਕਿਤਾਬ ਕਰਦੇ ਹੋਏ ਉਨ੍ਹਾਂ ਨੂੰ ਬਣਦੇ ਕਾਨੂੰਨੀ ਮੁਆਵਜ਼ੇ ਤੋਂ ਬਿਨਾਂ ਸਾਢੇ ਚਾਰ ਮਹੀਨੇ ਤੋਂ ਲੈ ਕੇ ਸਾਢੇ ਛੇ ਮਹੀਨੇ ਤੱਕ ਦੀ ਤਨਖਾਹ ਵਾਧੂ ਮਿਲੇਗੀ।
ਏਥੇ ਇਕ ਗੱਲ ਜ਼ਰੂਰ ਨੋਟ ਕਰਨ ਵਾਲੀ ਹੈ ਕਿ ਸੁਜਾਨਪੁਰ, ਭੋਆ ਤੇ ਪਠਾਨਕੋਟ ਦੇ ਵਿਧਾਇਕਾਂ ਤੱਕ ਮਜ਼ਦੂਰਾਂ ਵਲੋਂ ਸਿੱਧੀ ਪਹੁੰਚ ਤੇ ਫਰਿਆਦ ਕਰਨ ਦੇ ਬਾਵਜੂਦ ਉਹ ਕੋਈ ਮਦਦ ਨਹੀਂ ਕਰ ਰਹੇ ਸਗੋਂ ਇਕ ਐਮ.ਐਲ.ਏ. ਤਾਂ ਮਜ਼ਦੂਰਾਂ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਿਹਾ ਹੈ। ਸਮੁੱਚਾ ਪ੍ਰਸ਼ਾਸ਼ਨ ਤੇ ਹੋਰ ਸਿਆਸੀ ਆਗੂ ਫੈਕਟਰੀ ਮਾਲਕ ਦਾ ਸਮਰਥਨ ਕਰ ਰਹੇ ਦਿਸਦੇ ਹਨ। ਸੱਚ ਹੈ ਕਿ ਬੇਕਿਰਕ ਫੈਕਟਰੀ ਮਾਲਕ ਦਾ ਜਮਾਤੀ ਖਾਸਾ ਬਦਲ ਨਹੀਂ ਸਕਦਾ। ਪ੍ਰੰਤੂ ਮਜ਼ਦੂਰ ਜਮਾਤ ਦੇ ਏਕੇ ਦੇ ਹੜ੍ਹ ਅੱਗੇ ਕਦੇ ਕੋਈ ਪਹਾੜ ਵੀ ਟਿਕ ਨਹੀਂ ਸਕਿਆ। ਜ਼ਾਲਮ ਦੇ ਜੁਲਮ ਦੀ ਤਾਂ ਸੀਮਾਂ ਹੋ ਸਕਦੀ ਹੈ ਪਰ ਮਜ਼ਦੂਰ ਜਮਾਤ ਦੇ ਸਿਰੜ੍ਹ ਦੀ ਕੋਈ ਸੀਮਾ ਨਹੀਂ ਹੁੰਦੀ।
- ਮੱਖਣ ਕੁਹਾੜ

No comments:

Post a Comment