ਕਹਾਣੀ
ਸ਼ਹੀਦ
- ਗੁਲਜ਼ਾਰ ਸਿੰਘ ਸੰਧੂ
ਸ਼ਹੀਦ
- ਗੁਲਜ਼ਾਰ ਸਿੰਘ ਸੰਧੂ
ਭਾਰਤ, ਹਿੰਦੋਸਤਾਨ ਤੇ ਪਾਕਿਸਤਾਨ, ਦੋ ਭਾਗਾਂ ਵਿਚ ਵੰਡਿਆ ਗਿਆ ਸੀ। ਭਾਵੇਂ ਉਦੋਂ ਤੱਕ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡਾਂ ਵਿਚ ਚੋਖੀ ਵੱਢ ਟੁੱਕ ਹੋ ਰਹੀ ਸੀ, ਪਰ ਸਾਡੇ ਇਲਾਕੇ ਵਿਚ ਹਾਲੀਂ ਸ਼ਾਂਤੀ ਸੀ। ਮੈਂ ਤੇ ਨੂਰਾ ਤਕੀਏ ਵਿਚ, ਅੰਬੀ ਦੇ ਬੂਟੇ ਥੱਲੇ ਬੈਠੇ, ਇਤਿਹਾਸ ਦਾ ਕੋਈ ਸਵਾਲ ਯਾਦ ਕਰ ਰਹੇ ਸਾਂ। ਨੂਰੇ ਦੀ ਭੈਣ ਰਹਿਮਤੇ ਸਾਡੇ ਸ਼ਹੀਦਾਂ ਵਾਲੇ ਖੇਤ ਵਿਚੋਂ ਚਰ੍ਹੀ ਵੱਢ ਰਹੀ ਸੀ। ਸ਼ਹੀਦਾਂ ਅਤੇ ਤਕੀਏ ਵਿਚਕਾਰ ਕੇਵਲ ਇਕ ਖੇਤ ਦੀ ਵਿੱਥ ਸੀ। ਪਰ ਮੈਨੂੰ ਉਦੋਂ ਤਕੀਏ ਦਾ ਏਨਾ ਭੈਅ ਨਹੀਂ ਸੀ ਜਿੰਨਾ ਸ਼ਹੀਦਾਂ ਦਾ। ਇਹ ਕਾਫ਼ੀ ਕਰਾਮਾਤ ਵਾਲੇ ਸਮਝੇ ਜਾਂਦੇ ਹਨ। ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਮੈਂ ਕੱਚਾ ਪੱਕਾ ਕੋਈ ਇਮਤਿਹਾਨ ਸ਼ਹੀਦਾਂ ਦਾ ਪ੍ਰਸ਼ਾਦ ਸੁੱਖਣ ਤੋਂ ਬਿਨ੍ਹਾਂ ਨਹੀਂ ਸੀ ਦਿੰਦਾ। ਤੇ ਮੇਰੇ ਬਾਬਾ ਜੀ ਦਾ ਕਹਿਣਾ ਸੀ ਕਿ ਇਸੇ ਕਾਰਨ ਮੈਂ ਕਦੀ ਫੇਲ੍ਹ ਨਹੀਂ ਹੋਇਆ।
ਨੂਰੇ ਦੀ ਭੈਣ ਰਹਿਮਤੇ ਮੈਨੂੰ ਬਹੁਤ ਹੀ ਚੰਗੀ ਲੱਗਦੀ ਸੀ ਤੇ ਅੱਜ ਇਸ ਗੱਲ ਦੀ ਪੁਸ਼ਟੀ ਕਰਵਾਉਣ ਲਈ ਮੈਂ ਨੂਰੇ ਨੂੰ ਪੁਛਿਆ, 'ਤੈਨੂੰ ਆਪਣੀਆਂ ਦੋਨਾਂ ਭੈਣਾਂ ਵਿਚੋਂ ਰਹਿਮਤੇ ਚੰਗੀ ਲੱਗਦੀ ਹੈ ਕਿ ਜੈਨਾ?'
'ਜੈਨਾ', ਨੂਰੇ ਨੇ ਆਪਣੀ ਵੱਡੀ ਭੈਣ ਦਾ ਨਾਂ ਲਿਆ, ਜਿਹੜੀ ਚਾਰ ਪੰਜ ਵਰ੍ਹੇ ਪਹਿਲਾਂ ਵਿਆਹੀ ਜਾ ਚੁੱਕੀ ਸੀ।
'ਤੈਨੂੰ ਰਹਿਮਤੇ ਕਿਉਂ ਨਹੀਂ ਚੰਗੀ ਲੱਗਦੀ?' ਮੇਰੇ ਮੂੰਹੋਂ ਅਭੋਲ ਹੀ ਨਿਕਲ ਗਿਆ, ਪਰ ਫੇਰ ਮੈਨੂੰ ਖਿਆਲ ਆਇਆ ਕਿ ਨੂਰਾ ਮੇਰੀ ਗੱਲ ਦਾ ਕੋਈ ਹੋਰ ਭਾਵ ਨਾ ਕੱਢ ਬੈਠੇ। ਮੈਂ ਸ਼ਰਮਿੰਦਾ ਜਿਹਾ ਹੋ ਗਿਆ।
'ਇਸ ਲਈ ਕਿ ਰਹਿਮਤੇ ਮੈਨੂੰ ਨਿੱਕੇ ਹੁੰਦੇ ਨੂੰ ਮਾਰਦੀ ਹੁੰਦੀ ਸੀ ਤੇ ਜੈਨਾ ਬੜੇ ਪਿਆਰ ਨਾਲ ਖਿਡਾਉਂਦੀ ਸੀ।' ਨੂਰੇ ਦਾ ਉੱਤਰ ਸੁਣ ਕੇ ਮੇਰੀ ਤਸੱਲੀ ਹੋਈ ਕਿ ਨੂਰੇ ਨੇ ਮੇਰੇ ਪ੍ਰਸ਼ਨ ਦਾ ਉਹੀਓ ਭਾਵ ਕੱਢਿਆ ਸੀ ਜਿਹੜਾ ਹੈ ਸੀ।
ਫੜ-ਫੜ ਕਰਦਾ, ਸ਼ਹੀਦਾਂ ਵਾਲੇ ਪਿੱਪਲ ਤੋਂ ਇਕ ਮੋਰ ਉਡਿਆ। ਉਸ ਦਾ ਨਵਾਂ ਨਕੋਰ ਖੰਭ ਹਵਾ ਵਿਚ ਡਿੱਕੋ-ਡੋਲੇ ਖਾਂਦਾ ਹੇਠਾਂ ਆ ਡਿੱਗਿਆ।
ਮੈਨੂੰ ਉਨ੍ਹਾਂ ਦਿਨਾਂ ਵਿਚ ਮੋਰ ਦੇ ਖੰਭ ਇਕੱਠੇ ਕਰਨ ਦਾ ਬੜਾ ਸ਼ੌਕ ਸੀ। ਕਿਤਾਬ ਨੂਰੇ ਨੂੰ ਫੜਾ ਕੇ ਜਦ ਭੱਜਿਆ-ਭੱਜਿਆ ਮੈਂ ਖੰਭ ਕੋਲ ਪੁੱਜਾ ਤਾ ਖੰਭ ਰਹਿਮਤੇ ਦੇ ਹੱਥ ਵਿਚ ਸੀ। ''ਇਹ ਖੰਭ ਤਾਂ ਮੈਂ ਚੁੱਕਣਾ ਸੀ'', ਮੈਂ ਨਿਰਾਸ਼ ਹੋ ਕੇ ਰਹਿਮਤੇ ਨੂੰ ਆਖਿਆ।
'ਪਰ ਹੁਣ ਤਾਂ ਮੈਂ ਚੁੱਕ ਬੈਠੀ ਹਾਂ।' ਰਹਿਮਤੇ ਨੇ ਉੱਤਰ ਦਿੱਤਾ।
'ਕੁਝ ਵੀ ਹੋਵੇ ਖੰਭ ਤਾਂ ਤੈਨੂੰ ਦੇਣਾ ਹੀ ਪਵੇਗਾ', ਮੈਂ ਜ਼ਿੱਦ ਕੀਤੀ।
'ਫੇਰ ਤਾਂ ਮੈਂ ਕਦੀ ਵੀ ਨਹੀਂ ਦਿੰਦੀ।' ਏਨਾ ਕਹਿ ਕੇ ਉਹ ਮੁਸਕਰਾ ਪਈ।
'ਖੰਭ ਤਾਂ ਤੂੰ ਦੇ ਹੀ ਦੇਵੇਂਗੀ, ਮੈਂ ਵੀ ਮੁਸਕਰਾ ਕੇ ਆਖਿਆ, 'ਹੋਰ ਤੈਨੂੰ ਭਾਵੇਂ ਮੈਂ ਕੁਝ ਨਹੀਂ ਕਹਿੰਦਾ।'
'ਚੁੱਕ ਲੈ ਆਪਣਾ ਖੰਭ।' ਉਸ ਨੇ ਘੂਰ ਕੇ ਤਕਦਿਆਂ ਕਿਹਾ।
ਖੰਭ ਸੁੱਟ ਤੇ ਭਰੀ ਚੁੱਕ ਕੇ, ਉਹ ਪਿੰਡ ਵੱਲ ਨੂੰ ਤੁਰ ਪਈ। ਦੂਰ ਤੱਕ ਮੈਨੂੰ ਉਸਦੀ ਪੀਲੀ ਚੁੰਨੀ ਵਿਖਾਈ ਦਿੰਦੀ ਰਹੀ, ਤੇ ਉਸ ਵੱਲ ਮੈਂ ਇੰਜ ਵੇਖਦਾ ਰਿਹਾ ਜਿਵੇਂ ਇਸ ਸਿੱਟੇ ਉੱਤੇ ਪੁੱਜਣਾ ਚਾਹੁੰਦਾ ਹੋਵਾਂ ਕਿ ਉਸ ਮੈਨੂੰ ਪਿਆਰ ਨਾਲ ਘੂਰਿਆ ਸੀ ਜਾਂ ਘ੍ਰਿਣਾਂ ਨਾਲ।
ਖੰਭ ਲੈ ਕੇ ਜਦ ਮੈਂ ਤਕੀਏ ਵਿਚ ਆਇਆ ਤਾਂ ਨੂਰੇ ਦਾ ਅੱਬਾ, ਬਦਰੂ ਸਾਈਂ, ਸੰਝਾਂ ਵੇਲੇ ਦੀ ਨਮਾਜ਼ ਪੜ੍ਹ ਰਿਹਾ ਸੀ। ਤੇ ਨੂਰਾ ਵੀ ਕੋਲ ਖੜ੍ਹਾ ਆਪਣੇ ਅੱਬਾ ਵਾਂਗ ਹੀ ਸ਼ਰਧਾ ਜਤਾ ਰਿਹਾ ਸੀ। ਨੂਰੇ ਦੇ ਗਲ ਵਿਚ ਵੀ ਪੀਲਾ ਪਟਕਾ ਸੀ ਤੇ ਉਸ ਦੇ ਅੱਬਾ ਦੇ ਗਲ ਵਿਚ ਵੀ।
ਪੀਲਾ ਪਟਕਾ? ਤੁਸੀਂ ਪੁੱਛੋਗੇ, ਉਹ ਕਿਉਂ। ਇਹ ਵੀ ਇਕ ਦਿਲਚਸਪ ਕਹਾਣੀ ਹੈ।
ਦੋ ਦਿਨ ਪਹਿਲਾਂ ਇਕ ਨਿਹੰਗ ਸਿੰਘ ਨੇ ਸਾਡੇ ਪਿੰਡਾਂ ਵਿਚ ਐਲਾਨ ਕਰ ਦਿੱਤਾ ਸੀ ਕਿ ਕੇਵਲ ਉਹੀਓ ਮੁਸਲਮਾਨ ਹਿੰਦੋਸਤਾਨ ਵਿਚ ਰਹਿ ਸਕਣਗੇ ਜਿਹੜੇ ਹਿੰਦੂ-ਸਿੱਖ ਬਣ ਜਾਣ ਅਤੇ ਬਾਕੀ ਸਭ ਪਾਕਿਸਤਾਨ ਪਹੁੰਚਾ ਦਿੱਤੇ ਜਾਣਗੇ। ਸਾਡੇ ਪਿੰਡ ਦੀ ਵਧੇਰੇ ਵਸੋਂ ਮੁਸਲਮਾਨਾਂ ਦੀ ਸੀ ਤੇ ਮੁਸਲਮਾਨ ਵੀ ਕੱਟੜ ਸੁੰਨੀ। ਪਰ ਕੀ ਕਰਦੇ ਵਿਚਾਰੇ। ਹੁਸ਼ਿਆਰਪੁਰ ਦੇ ਨੇੜੇ ਮੁਸਲਮਾਨਾਂ ਦੀਆਂ ਇਕੱਠੀਆਂ ਹੀ ਬਾਈ ਬੱਸੀਆਂ ਸਨ। ਸਾਡੇ ਪਿੰਡ ਦੇ ਮੁਸਲਮਾਨ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ।
ਐਲਾਨ ਤੋਂ ਦੂਜੇ ਹੀ ਦਿਨ ਸਾਡੇ ਬਾਬਾ ਜੀ ਨੇ ਪਿੰਡ ਦੀ ਧਰਮਸ਼ਾਲਾ ਵਿਚ ਸੌ ਡੇਢ ਸੌ ਕੜੇ ਮੰਗਵਾਏ, ਓਨੇ ਹੀ ਖੰਡੇ ਵਾਲੇ ਕੰਘੇ, ਓਨੀਆਂ ਹੀ ਕੱਛਾਂ ਤੇ ਓਨੇ ਹੀ ਪੀਲੇ ਰੰਗ ਦੇ ਪਟਕੇ। ਜਦ ਅੰਮ੍ਰਿਤ ਲਈ ਦੇਗ ਤਿਆਰ ਕਰਨ ਵਾਸਤੇ ਚਾਸ਼ਣੀ ਦੇ ਕੜਾਹੇ ਚੜ੍ਹਾਏ ਜਾਣ ਲੱਗੇ ਤਾਂ ਪਿਛਿਓ ਕਿਸੇ ਸਿਆਣੇ ਦੀ ਆਵਾਜ਼ ਆਈ, 'ਇਹੋ ਜਿਹੇ ਅੰਮ੍ਰਿਤ ਦਾ ਕੀ ਲਾਭ? ਇਨ੍ਹਾਂ ਮੁਸਲਿਆਂ ਦਾ ਕੀ ਭਰੋਸਾ ਹੈ ਕੱਲ੍ਹ ਨੂੰ ਕੜੇ-ਛੜੇ ਲਾਹ ਕੇ ਫੇਰ ਮੁਸਲੇ ਦੇ ਮੁਸਲੇ।' ਮੈਂ ਪਿੱਛੇ ਮੁੜ ਕੇ ਤੱਕਿਆ ਤਾਂ ਬਾਬਾ ਫੁੰਮਣ ਸਿੰਘ ਜੀ ਬੋਲ ਰਹੇ ਸਨ। ਏਨਾ ਕਹਿ ਕੇ ਉਨ੍ਹਾਂ ਨੇ ਆਪਣੀ ਅਫ਼ੀਮ ਦੀ ਡੱਬੀ ਵਿਚੋਂ ਇਕ ਗੋਲੀ ਕੱਢੀ ਤੇ ਮੂੰਹ ਵਿਚ ਸੁੱਟ ਕੇ ਪਾਣੀ ਦਾ ਘੁੱਟ ਭਰ ਲਿਆ।
'ਹੋਰ ਕਿੱਦਾਂ ਦਾ ਅੰਮ੍ਰਿਤ ਛਕਾਇਆ ਜਾਵੇ?' ਪਿੰਡ ਦੇ ਸਿਆਣਿਆਂ ਵਿਚੋਂ ਇਕ ਨੇ ਪੁੱਛਿਆ।
'ਝਟਕੇ ਵਾਲਾ', ਬਾਬਾ ਜੀ ਨੇ ਆਪਣੇ ਖੂੰਡੇ ਦੇ ਸਹਾਰੇ ਉਠਦਿਆਂ ਆਖਿਆ।
'ਬਿਲਕੁਲ ਠੀਕ।' ਸਭ ਸਿਆਣੇ ਰਜ਼ਾਮੰਦ ਹੋ ਗਏ।
'ਸਾਡੇ ਸਿੱਖ ਭਰਾਵਾਂ ਨੂੰ ਉਧਰ ਹਲਾਲ ਖਿਲਾਇਆ ਗਿਆ ਹੈ'। ਕਿਸੇ ਨੇ ਪਾਕਿਸਤਾਨ ਦੀਆਂ ਕਰਤੂਤਾਂ ਵੱਲ ਇਸ਼ਾਰਾ ਕੀਤਾ।
'ਤੇ ਉਹ ਵੀ ਗਊ ਦਾ।' ਕਿਸੇ ਹੋਰ ਨੇ ਤਾਕੀਦ ਕੀਤੀ।
ਮੁਸਲਮਾਨ ਵਿਚਾਰੇ ਚੁੱਪ ਚਾਪ ਸੁਣਦੇ ਰਹੇ। ਪਲੋ ਪਲੀ ਪੰਜ ਛੇ ਬੱਕਰੇ ਝਟਕਾ ਦਿੱਤੇ ਗਏ। ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ, ਜਿੱਥੇ ਵੀ ਮੁਸਲਮਾਨਾਂ ਨੂੰ ਸਿੱਖ ਬਣਾਇਆ ਸੀ, ਝਟਕੇ ਦੇ ਅੰਮ੍ਰਿਤ ਨਾਲ ਹੀ ਬਣਾਇਆ ਸੀ। ਪੱਦੀ, ਪੋਸੀ, ਕਿੱਤਣਾ, ਮਜ਼ਾਰਾ, ਬਿੱਝੋਂ, ਬਾਕੀ ਗੁਆਂਢੀ ਪਿੰਡਾਂ ਵਿਚ ਵੀ ਇਹੋ ਅਮਲ ਕਰਨਾ ਸੀ। ਮੁਸਲਮਾਨਾਂ ਦੇ ਦਿਲ ਵਿਚ ਇਕ ਚੜ੍ਹਦੀ ਸੀ ਤੇ ਇਕ ਉਤਰਦੀ ਸੀ, ਪਰ ਕਰ ਕੁਝ ਵੀ ਨਹੀਂ ਸੀ ਸਕਦੇ।
'ਗੁਰੂ ਜੀ ਨੇ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਦੁਆਰਾ ਹੀ ਅੰਮ੍ਰਿਤ ਛਕਾਇਆ ਸੀ', ਬਾਪੂ ਜੀ ਨੇ ਬਾਬੇ ਫੁੰਮਣ ਸਿੰਘ ਨੂੰ ਹੌਲੀ ਜਿਹੀ ਟੋਕਿਆ।
'ਚੁੱਪ ਰਿਹਾ ਕਰ ਉਏ ਮੁੰਡਿਆ। ਬਹੁਤੀਆਂ ਨਘੋਚਾਂ ਨ੍ਹੀਂ ਕੱਢੀਦੀਆਂ', ਬਾਬੇ ਹੁਰਾਂ ਬਾਪੂ ਨੂੰ ਚੁੱਪ ਕਰਾ ਦਿੱਤਾ ਤੇ ਫੇਰ ਖੂੰਡੇ ਦੇ ਸਹਾਰੇ ਝਟਕੇ ਦੇ ਬਲਟੋਹਿਆਂ ਦਾ ਮੁਆਇਨਾ ਕਰਨ ਲੱਗ ਪਏ। ਅੱਜ ਮੈਂ ਗਹੁ ਨਾਲ ਵੇਖਿਆ ਕਿ ਬਾਬਾ ਜੀ ਨੇ ਕਿਰਪਾਨ ਨਹੀਂ ਸੀ ਪਹਿਨੀ। ਕਿਰਪਾਨ ਦੀ ਥਾਂ ਉਹ ਖੂੰਡਾ ਹੀ ਰੱਖਦੇ ਸਨ। ਤੇ ਏਦਾਂ ਚਾਰ ਕੱਕੀਏ ਹੀ ਸਿੱਖ ਸਨ।
ਘੜੀ ਪਲ ਵਿਚ ਸਾਰੇ ਦੇ ਸਾਰੇ ਮੁਸਲਮਾਨਾਂ ਨੇ ਕੰਘੇ, ਕੜੇ, ਕੱਛੇ, ਕਿਰਪਾਨਾਂ ਪਹਿਨ ਲਈਆਂ ਤੇ ਬੋਟੀ ਬੋਟੀ ਕਰ ਕੇ ਝਟਕਾ ਮੂੰਹ ਵਿਚ ਪਾਉਣ ਲੱਗੇ। 'ਅਸੀਂ ਪਹਿਲਾਂ ਵੀ ਤਾਂ ਹਿੰਦੂ ਹੀ ਸਾਂ, ਸਹੁਰੇ ਔਰੰਗਜ਼ੇਬ ਨੇ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਸੀ', ਝਟਕੇ ਦੀ ਬੋਟੀ ਮੂੰਹ ਵਿਚ ਪਾਉਂਦੇ ਹੋਏ ਸੁੰਨੀ ਮੁਸਲਮਾਨ ਆਪਣੇ ਹਿੰਦੂ ਸਿੱਖ ਭਰਾਵਾਂ ਨਾਲ ਗੱਲਾਂ ਕਰ ਰਹੇ ਸਨ। ਬਾਬਾ ਫੁੰਮਣ ਸਿੰਘ ਜੀ ਤੇ ਹੋਰ ਸਿਆਣੇ ਵੀ ਆਪਣੇ ਸਰਦਾਰੀ ਠਾਠ ਵਿਚ ਬੈਠੇ ਕਦੀ ਅਫ਼ੀਮ ਤੇ ਕਦੀ ਝਟਕੇ ਦੀ ਬੋਟੀ ਮੂੰਹ ਵਿਚ ਪਾ ਲੈਂਦੇ।
ਬਾਬਾ ਜੀ ਆਪਣੇ ਆਪ ਨੂੰ ਆਮ ਜੱਟਾਂ ਨਾਲੋਂ ਵਖਰਿਆ ਕੇ ਪਿੰਡ ਦੇ ਬਾਕੀ ਬੰਦਿਆਂ ਨੂੰ ਆਪਣੇ ਸੰਧੂ ਹੋਣ ਦੀ ਵਿਸ਼ੇਸ਼ਤਾ ਸਮਝਾ ਰਹੇ ਸਨ। 'ਮਹਾਰਾਜੇ ਪਟਿਆਲੇ ਦਾ ਗੋਤ ਵੀ ਸਿੱਧੂ ਹੈ ਤੇ ਸਿੱਧੂ, ਸੰਧੂ ਇਕ ਬਰਾਬਰ ਹੀ ਹੁੰਦੇ ਹਨ। ਏਨੀ ਗੱਲ ਹੈ ਜ਼ਰਾ ਕਿ ਸਾਡੀ ਜਗੀਰ ਨਾਲ ਅਫ਼ੀਮ ਡੋਡੇ ਹੀ ਚਲਦੇ ਨੇ ਤੇ ਮਹਾਰਾਜੇ ਪਟਿਆਲੇ ਦਾ ਸ਼ਾਹੀ ਠਾਠ ਵੀ ਕਾਇਮ ਹੈ। ਸਿੱਖੀ ਵਿਚ ਉਹ ਵੀ ਪੱਕਾ ਹੈ ਤੇ ਅਸੀਂ ਵੀ। ਜੇ ਅਸੀਂ ਨਾ ਹੁੰਦੇ ਤਾਂ ਤੁਸੀਂ ਮੁਸਲਿਆਂ ਦਾ ਕੀ ਵਿਗਾੜ ਸਕਦੇ ਸੀ?'
ਸਾਰੇ ਮੁਸਲਮਾਨਾਂ ਨੇ ਅੰਮ੍ਰਿਤ ਛਕ ਲਿਆ। ਕੇਵਲ ਥੋੜ੍ਹੇ ਜਿਹੇ ਘਰ ਜਿਨ੍ਹਾਂ ਨੇ ਪਾਕਿਸਤਾਨ ਜਾਣ ਦਾ ਫ਼ੈਸਲਾ ਦੇ ਦਿੱਤਾ ਸੀ, ਰਹਿ ਗਏ ਸਨ। ਨੂਰੇ ਦੇ ਪਰਿਵਾਰ ਵਿਚੋਂ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ।
'ਨੂਰੇ ਹੁਰਾਂ ਨੇ ਨਹੀਂ ਅੰਮ੍ਰਿਤ ਛਕਣਾ?' ਮੈਂ ਬਾਪੂ ਜੀ ਨੂੰ ਪੁਛਿਆ।
'ਰੌਲਾ ਨਹੀਂ ਪਾਈਦਾ, ਮੱਲ। ਮੈਂ ਕੰਘੇ ਕੜੇ ਉਨ੍ਹਾਂ ਦੇ ਘਰ ਪਹੁੰਚਾ ਦਿੱਤੇ ਹਨ ਤੇ ਉਨ੍ਹਾਂ ਨੇ ਪਹਿਨ ਵੀ ਲਏ ਹਨ। ਨੂਰੇ ਦਾ ਅੱਬਾ ਵਿਚਾਰਾ ਸਾਈਂ ਲੋਕ ਹੈ। ਉਹ ਝਟਕਾ ਖਾਣ ਤੋਂ ਕਤਰਾਉਂਦਾ ਹੈ। ਖ਼ੈਰ, ਮੈਂ ਨਿਪਟ ਲਵਾਂਗਾ। ਵਿਚਾਰਾ ਬੜਾ ਮਾਣ ਕਰਦਾ ਹੈ ਆਪਣਾ। ਤੈਨੂੰ ਪਹਿਲੀਆਂ ਛੇ ਜਮਾਤਾਂ ਨੂਰੇ ਦੇ ਨਾਲ ਹੀ ਤਾਂ ਪਾਸ ਕਰਵਾ ਦਿੱਤੀਆਂ ਸਨ। ਤੇਰੇ ਹਾਣ ਦੇ ਹਾਲੀਂ ਚੌਥੀ ਵਿਚ ਧੱਕੇ ਖਾਂਦੇ ਫਿਰਦੇ ਨੇ, ਤੇ ਤੂੰ ਸੁੱਖ ਨਾਲ ਹੁਣ ਅੱਠਵੀਂ ਵਿਚ ਏਂ। ਇਹ ਸਭ ਬਦਰੂ ਸਾਈਂ ਦੀਆਂ ਹੀ ਮੇਹਰਬਾਨੀਆਂ ਨੇ।' ਬਾਪੂ ਜੀ ਨੇ ਸਾਰੀ ਗੱਲ ਮੇਰੇ ਕੰਨ ਵਿਚ ਹੀ ਸਮਝਾ ਦਿੱਤੀ ਤੇ ਆਪ ਆਪਣੇ ਕੰਮ ਵਿਚ ਮਗਨ ਹੋ ਗਏ।
ਜਦ ਬਾਪੂ ਜੀ ਤੋਂ ਬਦਰੂ ਸਾਈਂ ਦੇ ਅੰਮ੍ਰਿਤ ਛਕਣ ਬਾਰੇ ਪੁਛਿਆ ਗਿਆ ਤਾਂ ਬਾਪੂ ਜੀ ਨੇ ਏਧਰ ਉੱਧਰ ਦੀਆਂ ਕਈ ਗੱਲਾਂ ਜੋੜ ਕੇ ਪਿੰਡ ਦੀ ਪੰਚਾਇਤ ਨੂੰ ਯਕੀਨ ਦਵਾਇਆ ਕਿ ਬਦਰੂ ਸਾਈਂ ਨੇ ਉਨ੍ਹਾਂ ਦੇ ਸਾਹਮਣੇ ਝਟਕੇ ਦੀ ਬੋਟੀ ਮੂੰਹ ਵਿਚ ਪਾਈ ਸੀ। ਤੇ ਹਾਲੀਂ ਵੀ ਜਦ ਬਾਬਾ ਜੀ ਨੇ ਉਨ੍ਹਾਂ ਦੀ ਨੀਯਤ 'ਤੇ ਸ਼ੱਕ ਕੀਤਾ ਤਾਂ ਬਾਪੂ ਜੀ ਨੂੰ ਝੂਠੀ ਸਹੁੰ ਖਾ ਕੇ ਯਕੀਨ ਕਰਵਾਉਣਾ ਪਿਆ ਸੀ।
ਇਸ ਪ੍ਰਕਾਰ ਬਦਰੂ ਸਾਈਂ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ ਸੀ। ਇਸ ਵਿਚ ਝੂਠ ਵੀ ਕੀ ਸੀ। ਅੱਜ ਜਦ ਮੈਂ ਰਹਿਮਤੇ ਤੋਂ ਖੰਭ ਮੰਗਿਆ ਸੀ ਤਾਂ ਉਸ ਦੀ ਬਾਂਹ ਵਿਚ ਲੋਹੇ ਦਾ ਕੜਾ ਸੀ ਤੇ ਸਿਰ ਉੱਤੇ ਪੀਲੀ ਚੁੰਨੀ। ਇਹ ਗੱਲ ਵੱਖਰੀ ਹੈ ਕਿ ਪੀਲੀ ਚੁੰਨੀ ਨੇ ਰਹਿਮਤੇ ਦੇ ਹੁਸਨ ਦੀ ਆਬ ਨਹੀਂ ਸੀ ਛੱਡੀ। ਬਦਰੂ ਸਾਈਂ ਜਦ ਨਿਮਾਜ਼ ਪੜ੍ਹ ਰਿਹਾ ਸੀ ਤਾਂ ਉਸ ਦੇ ਹੱਥ ਵਿਚ ਕੜੇ ਤੋਂ ਇਲਾਵਾ ਉਸ ਦੇ ਗਲ ਵਿਚ ਵੀ ਪੀਲਾ ਪਟਕਾ ਸੀ ਤੇ ਨੂਰੇ ਦੇ ਗਲ ਵਿਚ ਵੀ।
ਹੁਣ ਉਹ ਨਿਮਾਜ਼ ਨਾ ਵੀ ਪੜ੍ਹਦੇ ਜੇ ਕੋਈ ਹੋਰ ਉਨ੍ਹਾਂ ਨੂੰ ਵੇਖਦਾ ਹੁੰਦਾ। ਇਸ ਵੇਲੇ ਤਾਂ ਉਨ੍ਹਾਂ ਕੋਲ ਕੇਵਲ ਮੈਂ ਹੀ ਸਾਂ ਨੂਰੇ ਦਾ ਹਮ ਜਮਾਤੀ ਤੇ ਬਦਰੂ ਸਾਈਂ ਦਾ ਪੁਰਾਣਾ ਵਿਦਿਆਰਥੀ। ਉਹ ਵਿਦਿਆਰਥੀ ਜਿਸ ਨੂੰ ਸਬਕ ਭੁੱਲਣ 'ਤੇ ਵੀ ਸਾਈਂ ਨੇ ਕਦੇ ਨਹੀਂ ਸੀ ਮਾਰਿਆ ਤੇ ਸਾਈਂ ਵੀ ਉਹ ਜਿਹੜਾ ਮਾਰਨ ਲੱਗਿਆ ਨੂਰੇ ਨਾਲ ਵੀ ਲਿਹਾਜ਼ ਨਹੀਂ ਸੀ ਕਰਦਾ। ਜੇ ਕਦੀ ਨੂਰਾ ਇਸ ਦਾ ਕਾਰਨ ਵੀ ਪੁੱਛਦਾ ਤਾਂ ਉਹ ਦਲੀਲ ਦਿੰਦਾ, 'ਇਹ ਤਾਂ ਵਿਚਾਰਾ ਮਾਪਿਆਂ ਦੇ ਘਰ ਇਕੱਲਾ ਹੀ ਪੁੱਤਰ ਹੈ। ਤੁਹਾਡਾ ਕੀ ਹੈ ਤੁਸੀਂ ਤਾਂ ਪੰਜ ਹੋ। ਇਕ ਅੱਧੇ ਨੂੰ ਕੁਝ ਹੋ ਵੀ ਜਾਵੇ ਤਾਂ ਕੁਝ ਨਹੀਂ ਵਿਗੜਦਾ।' ਤੇ ਏਨਾ ਕਹਿ ਕੇ ਸਾਈਂ ਇਕ ਚਪੇੜ ਨੂਰੇ ਦੇ ਹੋਰ ਜੜ ਦਿੰਦਾ।
ਸੱਤਵੀਂ ਵਿਚ ਮੈਂ ਤੇ ਨੂਰਾ ਮਾਹਿਲਪੁਰ ਜਾਣ ਲੱਗ ਪਏ ਸੀ। ਮਾਹਿਲਪੁਰ ਇਕੱਠੇ ਪੜ੍ਹਨ ਕਾਰਨ ਤਾਂ ਮੈਂ ਤੇ ਨੂਰਾ ਹੋਰ ਵੀ ਮਿੱਤਰ ਹੋ ਗਏ ਸਾਂ। ਉਂਜ ਵੀ ਬਾਪੂ ਜੀ ਨਾਲ ਸਾਈਂ ਹੁਰਾਂ ਦੇ ਬਹੁਤ ਚੰਗੇ ਸੰਬੰਧ ਸਨ। ਇਸ ਲਈ ਉਨ੍ਹਾਂ ਨੂੰ ਕੀ ਡਰ ਸੀ? ਮੈਂ ਕਿਹੜਾ ਪਿੰਡ ਦੇ ਕਿਸੇ ਬੰਦੇ ਨੂੰ ਦੱਸਣ ਲੱਗਿਆ ਸਾਂ ਕਿ ਨੂਰਾ ਤੇ ਨੂਰੇ ਦੇ ਅੱਬਾ ਨਿਮਾਜ ਪੜ੍ਹ ਰਹੇ ਹਨ।
ਮੈਂ ਓਦੋਂ ਤ੍ਹੇਰਵੇਂ ਵਰ੍ਹੇ 'ਚ ਸਾਂ। ਨੂਰਾ ਪੰਦਰਾਂ ਕੁ ਵਰ੍ਹੇ ਦਾ ਹੋਵੇਗਾ। ਰਹਿਮਤੇ ਨੂਰੇ ਨਾਲੋਂ ਵੀ ਡੇਢ ਦੋ ਵਰ੍ਹੇ ਵੱਡੀ ਸੀ। ਤੇ ਮੈਨੂੰੂ ਯਾਦ ਹੈ ਕਿ ਤੀਜੀ ਤੱਕ ਮੈਂ ਬਹੁਤ ਸਾਰੇ ਸਵਾਲ ਰਹਿਮਤੇ ਕੋਲੋਂ ਹੀ ਸਮਝਦਾ ਹੁੰਦਾ ਸੀ। ਤੇ ਹੁਣ ਉਹ ਚਰ੍ਹੀ ਦੀ ਭਰੀ ਚੁੱਕੀ ਜਾ ਰਹੀ ਸੀ। ਬਦਰੂ ਸਾਈਂ ਨਿਮਾਜ਼ ਪੜ੍ਹ ਰਿਹਾ ਸੀ। ਨੂਰਾ ਬੜੇ ਸ਼ਰਧਾ ਭਾਵ ਨਾਲ ਉਸ ਦੇ ਕੋਲ ਖੜ੍ਹਾ ਸੀ। ਸਾਈਂ ਦੀ ਨਸਵਾਰੀ ਰੰਗ ਦੀ ਦਾੜ੍ਹੀ ਧਰਤੀ ਨਾਲ ਲੱਗੀ ਹੋਈ ਸੀ ਤੇ ਕਲੀਆਂ ਵਾਲਾ ਕੁੜਤਾ ਭੋਇੰ ਵਿਚ ਲਿਬੜਿਆ ਹੋਇਆ ਸੀ ਕਿ ਪਿੱਠ ਪਿੱਛੋਂ 'ਬੋਲੇ ਸੋ ਨਿਹਾਲ... ਸਤਿ ਸ਼੍ਰੀ ਅਕਾਲ' ਦੇ ਜੈਕਾਰੇ ਸੁਣਾਈ ਦੇਣ ਲੱਗੇ।
ਕੋਈ ਚਾਰ ਕੁ ਵਜੇ ਦਾ ਸਮਾਂ ਹੋਵੇਗਾ। ਅਸੀਂ ਸਾਰੇ ਹੀ ਸੁਤ ਉਨੀਂਦਰੇ ਜਹੇ ਪਿੰਡ ਵੱਲ ਨੂੰ ਭੱਜ ਤੁਰੇ। ਨਿਮਾਜ਼ ਵੀ ਪੂਰੀ ਨਾ ਹੋ ਸਕੀ। ਮਾਰੇ ਭੈਅ ਦੇ ਚੰਗੀ ਤਰ੍ਹਾਂ ਕੋਈ ਵੀ ਨਹੀਂ ਸੀ ਭੱਜ ਸਕਦਾ। ਨੂਰਾ ਔਖੜ ਕੇ ਡਿੱਗ ਪਿਆ। ਇਕ ਚਿਲਕਦੀ ਹੋਈ ਬਰਛੀ ਨੂਰੇ ਦੇ ਢਿੱਡ ਵਿਚ ਖੁਭ ਗਈ। ਰੁਗ ਭਰ ਆਂਦਰਾਂ ਉਸ ਦੇ ਢਿੱਡ ਵਿਚੋਂ ਬਾਹਰ ਨਿਕਲ ਆਈਆਂ। ਮੈਂ ਭੈਅ-ਭੀਤ ਹੋ ਕੇ ਬਰਛੀ ਵਾਲੇ ਵੱਲ ਤੱਕਿਆ ਤਾਂ ਕੋਈ ਨੀਲੇ ਵਸਤਰਾਂ ਵਾਲਾ ਘੋੜ-ਸਵਾਰ ਸੀ। ਸਾਈਂ ਨੇ ਆਖਿਆ, 'ਸਰਦਾਰ ਜੀ ਅਸੀਂ ਸਿੰਘ ਸਜ ਗਏ ਹਾਂ। ਅਸੀਂ ਅੰਮ੍ਰਿਤ ਛਕ ਲਿਆ ਹੈ। ਅਹਿ ਵੇਖੋ ਪੀਲਾ ਪਟਕਾ ਤੇ ਕੜਾ....' ਤਾਂ ਇਕ ਮੁੱਛਾਂ ਵਾਲੇ ਰਾਜਪੂਤ ਨੇ ਆਪਣੀ ਤਲਵਾਰ ਦੇ ਇਕੋ ਵਾਰ ਨਾਲ ਉਸ ਕੜੇ ਵਾਲਾ ਹੱਥ ਕੱਟ ਦਿੱਤਾ। ਉਸ ਨੇ ਹੱਥ ਜੋੜ ਕੇ ਮਿੰਨਤ ਕਰਨ ਲਈ ਜਦ ਦੂਜਾ ਹੱਥ ਵੀ ਚੁੱਕਿਆ ਤਾਂ ਉਹ ਵੀ ਵੱਢ ਦਿੱਤਾ।
'ਇਹਨੂੰ ਵੀ ਘੱਲੋ ਪਾਕਿਸਤਾਨ' ਮੇਰੇ ਵੱਲ ਇਸ਼ਾਰਾ ਕਰ ਕੇ ਕਿਸੇ ਹੋਰ ਨੇ ਕਿਹਾ।
'ਇਹ ਤਾਂ ਸਿੰਘਾਂ ਦਾ ਭੁਝੰਗੀ ਐ, ਓਇ ਮੂਰਖੋ ਨੂਰੇ ਦੇ ਢਿੱਡ ਵਿਚ ਬਰਛੀ ਖੋਭਣ ਵਾਲੇ ਨਿਹੰਗ ਸਿੰਘ ਨੇ ਉਸ ਨੂੰ ਝਿੜਕਿਆ ਤੇ ਮੈਨੂੰ ਚੁੱਕ ਕੇ ਆਪਣੀ ਘੋੜੀ 'ਤੇ ਸੁੱਟ ਲਿਆ।
ਉਸ ਤੋਂ ਪਿਛੋਂ ਮੈਨੂੰ ਨਹੀਂ ਪਤਾ, ਕੀ ਹੋਇਆ ਜਾਂ ਕੀ ਨਾ ਹੋਇਆ। ਮੈਂ ਬੇਹੋਸ਼ ਹੋ ਗਿਆ ਸਾਂ।
ਦੂਜੇ ਦਿਨ ਜਦ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਬਰਾਂਡੇ ਵਿਚ ਪਿਆ ਸਾਂ। ਮੇਰੀ ਮਾਂ ਦੀਆਂ ਅੱਖਾਂ ਰੋ-ਰੋ ਕੇ ਲਾਲ ਹੋ ਚੁੱਕੀਆਂ ਸਨ।
'ਬਸ ਬਚ ਗਿਆ ਹੁਣ। ਫਿਕਰ ਨਾ ਕਰੋ। ਡਰ ਨਾਲ ਸਹਿਮ ਗਿਆ ਸੀ। ਹਾਲੀਂ ਜੁਆਕ ਹੀ ਤਾਂ ਹੈ ਵਿਚਾਰਾ।' ਅੰਦਰੋਂ ਅਵਾਜ਼ ਆਈ। ਮੈਂ ਬੋਲ ਪਛਾਣਿਆ ਤਾਂ ਬਾਬਾ ਜੀ ਦਾ ਸੀ।
'ਭਾਣਾ ਵਾਹਿਗੁਰੂ ਦਾ-ਪਰਲੋ ਹੀ ਆ ਗਈ ਸੀ' ਮਾਂ ਨੇ ਹੰਝੂਆਂ ਵਿਚੋਂ ਆਖਿਆ ਤੇ ਮੈਨੂੰ ਗੋਦ ਵਿਚ ਲੈ ਕੇ ਘੁਟਣ ਲੱਗ ਪਈ, 'ਤੂੰ ਡਰ ਗਿਆ ਸੀ ਪੁੱਤ? ਮੈਂ ਸਦਕੇ ਜਾਵਾਂ ਆਪਣੇ ਪੁੱਤ ਦੇ।' ਮਾਂ ਨੇ ਆਖਿਆ ਤੇ ਦੁਪੱਟੇ ਨਾਲ ਆਪਣੇ ਹੰਝੂ ਪੂੰਝ ਕੇ ਮੇਰਾ ਮੂੰਹ ਸਾਫ਼ ਕਰਨ ਲੱਗ ਪਈ।
'ਸਦਕੇ ਵਾਰੀ ਫੇਰ ਜਾਇਓ। ਪਹਿਲਾਂ ਸ਼ਹੀਦਾਂ ਦਾ ਪ੍ਰਸ਼ਾਦ ਚੜ੍ਹਾ ਲਵੋ, ਜਿਨ੍ਹਾਂ ਦੀ ਕਿਰਪਾ ਨਾਲ ਇਸਦੀ ਜਾਨ ਬਖ਼ਸ਼ੀ ਹੋਈ ਏ।' ਬਾਬਾ ਜੀ ਨੇ ਡਿਉੜ੍ਹੀ ਵਿਚੋਂ ਹੀ ਸਿਆਣੀ ਗੱਲ ਕੀਤੀ।
'ਬੀਬੀ ! ਨੂਰੇ ਦੇ ਢਿੱਡ 'ਚ ਮੇਰੇ ਸਾਹਮਣੇ ਬਰਛੀ ਵੱਜੀ ਸੀ' ਮੈਂ ਚੇਤਾ ਕਰ ਕੇ ਮਾਂ ਨੂੰ ਆਖਿਆ, 'ਤੇ ਰਹਿਮਤੇ ਕਿੱਥੇ ਹੈ' ਮੈਂ ਪੁੱਛਿਆ।
ਹੁਣ ਮੈਂ ਐਨ ਹੋਸ਼ ਵਿਚ ਸਾਂ।
ਮਾਂ ਨੇ ਰੋ-ਰੋ ਕੇ ਮੈਨੂੰ ਦੱਸਿਆ ਕਿ ਨੂਰੇ ਦੀਆਂ ਭੈਣਾਂ ਜੈਨਾਂ ਤੇ ਰਹਿਮਤੇ ਨੂੰ ਜੱਥੇ ਵਾਲੇ ਨਾਲ ਲੈ ਗਏ ਸਨ। ਸਾਈਂ ਦੇ ਦੋਵੇਂ ਹੱਥ ਤੇ ਇਕ ਲੱਤ ਵੱਢੀ ਗਈ ਸੀ। ਨੂਰੇ ਦੀ ਉੱਥੇ ਹੀ ਜਾਨ ਨਿਕਲ ਗਈ ਸੀ। ਸਾਡੇ ਪਿੰਡ ਦੇ ਇੱਕੀ ਤੇ ਪੋਸੀ ਦੇ ਕੋਈ ਪੰਜਤਾਲੀ ਮੁਸਲਮਾਨ ਵੱਢ ਦਿੱਤੇ ਸਨ। ਜਿਹੜਾ ਵੀ ਪੀਲੇ ਪਟਕੇ, ਕੜੇ ਜਾਂ ਨਵੇਂ ਕੱਛੇ ਵਾਲਾ ਵਿਖਾਈ ਦਿੱਤਾ, ਨਹੀਂ ਸੀ ਛੱਡਿਆ। ਗੱਲਾਂ ਕਰ ਰਹੀ ਮੇਰੀ ਮਾਂ ਦੀਆਂ ਅੱਖਾਂ ਪਥਰਾਉਂਦੀਆਂ ਜਾ ਰਹੀਆਂ ਸਨ।
ਸ਼ਾਮ ਨੂੰ ਜਦ ਅਸੀਂ ਸ਼ਹੀਦੀਂ ਪ੍ਰਸ਼ਾਦ ਚੜ੍ਹਾਉਣ ਚਲੇ ਤਾਂ ਸਾਰਿਆਂ ਦੇ ਚਿਹਰੇ 'ਤੇ ਇਕ ਦਹਿਸ਼ਤ ਜਿਹੀ ਛਾਈ ਹੋਈ ਸੀ। ਬਾਬਾ ਜੀ ਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ। ਕਿਸੇ ਨੇ ਦੱਸਿਆ ਕਿ ਬਾਬਾ ਜੀ ਦਾ ਪੋਸੀ ਵਾਲਾ ਲੰਗੋਟੀਆ ਮਿੱਤਰ ਘਣਸ਼ਾਮ ਦਾਸ ਆਪਣੇ ਕਿਸੇ ਮੁਸਲਮਾਨ ਸਾਥੀ ਨੂੰ ਪੀਲਾ ਪਟਕਾ ਦੇਣ ਚੱਲਿਆ ਸੀ। ਪਟਕੇ ਤੋਂ ਜੱਥੇ ਵਾਲਿਆਂ ਨੂੰ ਜਾਪਿਆ ਕਿ ਉਸ ਨੇ ਵੀ ਤਾਜ਼ਾ ਅੰਮ੍ਰਿਤ ਛੱਕਿਆ ਸੀ।
ਉਸ ਨੂੰ ਮੁਸਲਮਾਨ ਸਮਝ ਕੇ ਜੱਥੇ ਵਾਲਿਆਂ ਨੇ ਉਸ ਦੇ ਵੀ ਛੁਰਾ ਖੋਭ ਦਿੱਤਾ ਸੀ। ਉਨ੍ਹਾਂ ਕੋਲ ਏਨੀ 'ਵਿਹਲ' ਹੀ ਕਿੱਥੇ ਸੀ ਕਿ ਉਹ ਪੂਰਨ ਪੁੱਛ-ਗਿੱਛ ਕਰਦੇ। ਉਨ੍ਹਾਂ ਨੇ ਮਾਰ ਕਰਨੀ ਸੀ। ਸੂਨੀ ਵਰਗੇ ਨਿੱਕੇ ਜਿਹੇ ਪਿੰਡ ਵਿਚੋਂ ਪੰਜ ਛੇ ਸੌ ਬੰਦਿਆਂ ਦੇ ਜੱਥੇ ਜੋਗਾ ਧਨ ਮਾਲ ਕਿਵੇਂ ਪ੍ਰਾਪਤ ਹੋ ਸਕਦਾ ਸੀ?
ਬਾਬਾ ਜੀ ਨੂੰ ਘਣਸ਼ਾਮ ਦਾਸ ਦੀ ਮੌਤ ਦਾ ਏਨਾ ਸਦਮਾ ਸੀ ਕਿ ਸ਼ਹੀਦੀਂ ਪਹੁੰਚ ਕੇ ਅਰਦਾਸ ਕਰਦਿਆਂ ਵੀ ਉਨ੍ਹਾਂ ਦੇ ਕਦਮ ਡੋਲ ਰਹੇ ਸਨ। ਮਰਨੇ ਨੂੰ ਤਾਂ ਘਣਸ਼ਾਮ ਦਾਸ ਨੇ ਵੀ ਇਕ ਦਿਨ ਮਰਨਾ ਹੀ ਸੀ। ਬਾਬਾ ਜੀ ਨੇ ਆਪ ਕਿਹੜਾ ਬੈਠੇ ਰਹਿਣਾ ਸੀ। ਘਣਸ਼ਾਮ ਦਾਸ ਤਾਂ ਭਲਾ ਧੋਖੋ ਨਾਲ ਮਾਰਿਆ ਗਿਆ ਸੀ, ਪਰ ਉਹ ਕਿਹੜਾ ਬਚ ਰਹੇ ਸਨ ਜਿਨ੍ਹਾਂ ਨੇ ਅੰਮ੍ਰਿਤ ਛੱਕਣ ਤੋਂ ਦੋ ਕੁ ਦਿਨ ਪਿਛੋਂ ਹੀ ਗੱਲ ਗੱਲ ਉੱਤੇ 'ਤੋਬਾ ਤੋਬਾ' ਦੀ ਥਾਂ 'ਵਾਹਿਗੁਰੂ ਵਾਹਿਗੁਰੂ' ਤੇ 'ਰਾਮ ਰਾਮ' ਕਹਿਣਾ ਸਿਖ ਲਿਆ ਸੀ ਅਤੇ ਕੰਘੇ, ਕੱਛੇ, ਕੜੇ ਤੇ ਪਟਕੇ ਪਹਿਨ ਲਏ ਸਨ। ਇਸ ਦੇ ਉਲਟ ਉਹ ਮੁਸਲਮਾਨ, ਜਥੇ ਵਾਲਿਆਂ ਦੀ ਨਜ਼ਰ ਨਹੀਂ ਚੜ੍ਹ ਸਕੇ, ਜਿਨ੍ਹਾਂ ਨੇ ਪਿੰਡ ਛੱਡ ਕੇ ਪਾਕਿਸਤਾਨ ਜਾਣਾ ਤਾਂ ਪਰਵਾਨ ਕਰ ਲਿਆ ਸੀ, ਪਰ ਹਿੰਦੂ ਬਣਨਾ ਪ੍ਰਵਾਨ ਨਹੀਂ ਸੀ ਕੀਤਾ ਤੇ ਪੀਲੇ ਪਟਕੇ ਜਾਂ ਨਵੇਂ ਕੱਛੇ ਵੀ ਨਹੀਂ ਸਨ ਪਹਿਨੇ। 'ਚਾਰੇ ਸਹਿਬਜ਼ਾਦੇ, ਪੰਜ ਪਿਆਰੇ, ਤੇ ਚਾਲ੍ਹੀ ਮੁਕਤੇ' ਦੀ ਅਰਦਾਸ ਕਰਦਿਆਂ ਬਾਬਾ ਜੀ ਦੀ ਆਵਾਜ਼ ਨੂੰ ਪਤਾ ਨਹੀਂ ਕੀ ਹੁੰਦਾ ਜਾ ਰਿਹਾ ਸੀ। ਅੰਤ ਵਿਚ ਜਦ ਉਹ 'ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛੱਕਿਆ, ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਕੁਰਬਾ....' ਕਹਿਣ ਲੱਗੇ ਤਾਂ ਉਨ੍ਹਾਂ ਦੇ ਕਦਮ ਲੜਖੜਾ ਗਏ ਤੇ ਉਨ੍ਹਾਂ ਦੇ ਹੱਥ ਵਾਲਾ ਖੂੰਡਾ ਗਿਰ ਪਿਆ। ਬਾਕੀ ਅਰਦਾਸ ਵੀ ਬਾਪੂ ਜੀ ਨੇ ਹੀ ਸਮਾਪਤ ਕੀਤੀ।
ਫੇਰ ਬਾਪੂ ਜੀ ਦੇ ਕਹਿਣ ਅਨੁਸਾਰ ਮੈਂ ਸ਼ਹੀਦਾਂ ਦੀਆਂ ਪੰਜੇ ਸਮਾਧੀਆਂ 'ਤੇ ਭੋਰਾ-ਭੋਰਾ ਪ੍ਰਸ਼ਾਦ ਰੱਖ ਆਇਆ, ਜਿਸ ਨੂੰ ਮੇਰੇ ਵੇਖਦੇ ਵੇਖਦੇ ਹੀ ਸ਼ਹੀਦਾਂ ਵਾਲੇ ਪਿੱਪਲ ਦੇ ਕਾਂ ਛਕ ਗਏ।
ਬਾਕੀ ਸਾਰੇ ਸੰਸਕਾਰ ਸਮਾਪਤ ਕਰ ਕੇ ਜਦ ਬਾਪੂ ਜੀ ਸਾਨੂੰ ਵੀ ਪ੍ਰਸ਼ਾਦ ਵੰਡਣ ਲੱਗੇ ਤਾਂ ਬਾਬਾ ਜੀ ਨੇ ਰੋਕ ਦਿੱਤਾ।
'ਕੀ ਗੱਲ?' ਬਾਪੂ ਜੀ ਨੇ ਪੁਛਿਆ।
'ਕਾਕੇ ਨੂੰ ਪ੍ਰਸ਼ਾਦ ਦੇ ਦੇ ਭੋਰਾ ਕੁ' ਬਾਬਾ ਜੀ ਨੇ ਸੁਝਾਉ ਦਿੱਤਾ 'ਸਾਈਂ ਦੀ ਕਬਰ 'ਤੇ ਵੀ ਚੜ੍ਹਾ ਆਵੇ ਜਾ ਕੇ।' ਬਾਬਾ ਜੀ ਨੇ ਤਕੀਏ ਵੱਲ ਇਸ਼ਾਰਾ ਕਰ ਕੇ ਆਖਿਆ।
ਤਕੀਏ ਵੱਲ ਵੇਖ ਕੇ ਮੈਨੂੰ ਨੂਰਾ ਯਾਦ ਆ ਗਿਆ ਤੇ ਪਿੱਪਲ ਵੱਲ ਵੇਖ ਕੇ ਰਹਿਮਤੇ। ਰਹਿਮਤੇ ਨੇ ਮੈਨੂੰ ਇਸੇ ਪਿੱਪਲ ਹੇਠ ਘੂਰ ਕੇ ਤੱਕਿਆ ਸੀ। ਪਤਾ ਨਹੀਂ ਪਿਆਰ ਨਾਲ, ਪਤਾ ਨਹੀਂ ਘ੍ਰਿਣਾ ਨਾਲ। ਤੇ ਹੁਣ ਉਸਨੂੰ ਜੱਥੇ ਵਾਲੇ ਲੈ ਗਏ ਸਨ। ਪਤਾ ਨਹੀਂ ਕਿਉਂ?
'ਕੀ ਮਤਲਬ', ਬਾਪੂ ਜੀ ਨੇ ਕਬਰ 'ਤੇ ਪ੍ਰਸ਼ਾਦ ਚੜ੍ਹਾਉਣ ਦਾ ਕਾਰਨ ਪੁਛਿਆ।
'ਕੱਲ੍ਹ ਦਾ ਘਲੂਘਾਰਾ ਯਾਦ ਏ ਨਾ?' ਬਾਪੂ ਜੀ ਦੇ ਮੋਢੇ ਉੱਤੇ ਹੱਥ ਰੱਖ, ਉਨ੍ਹਾਂ ਨੂੰ ਸ਼ਹੀਦਾਂ ਦੀ ਹੱਦ ਤੋਂ ਬਾਹਰ ਲਿਜਾ ਕੇ ਬਾਬਾ ਜੀ ਨੇ ਉਨ੍ਹਾਂ ਦੇ ਕੰਨ ਵਿਚ ਆਖਿਆ। ਸ਼ਹੀਦਾਂ ਦੀ ਹੱਦ ਵਿਚ ਸ਼ਾਇਦ ਉਨ੍ਹਾਂ ਨੇ ਇਸ ਲਈ ਗੱਲ ਨਹੀਂ ਸੀ ਕੀਤੀ ਕਿ ਉਨ੍ਹਾਂ ਦੇ ਕੋਲ ਹੀ ਉਨ੍ਹਾਂ ਦੀ ਕਰਾਮਾਤ ਉੱਤੇ ਸ਼ੱਕ ਕਰਨ ਨਾਲ ਸਰਾਪ ਮਿਲ ਜਾਣ ਦਾ ਡਰ ਸੀ।
'ਯਾਦ ਹੈ' ਬਾਪੂ ਜੀ ਨੇ ਉੱਤਰ ਦਿੱਤਾ।
'ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਸੀ ਉਹ ਮਾਰੇ ਗਏ ਨਾ?' ਬਾਬਾ ਜੀ ਨੇ ਪ੍ਰਸ਼ਨ ਕੀਤਾ।
ਬਾਪੂ ਜੀ ਨੇ ਹਾਂ ਵਿਚ ਸਿਰ ਹਿਲਾਇਆ।
'ਜਿਹੜੇ ਸਾਈਂ ਦੀ ਕਬਰ ਨੂੰ ਪੂਜਦੇ ਰਹੇ, ਉਹ ਬਚ ਰਹੇ ਕਿ ਨਹੀਂ?' ਏਨਾ ਕਹਿ ਕੇ ਬਾਬਾ ਜੀ ਚੁੱਪ ਹੋ ਗਏ।
'ਮੈਂ ਸਮਝਿਆ ਨਹੀਂ' ਬਾਪੂ ਜੀ ਨੇ ਮੁੜ ਆਖਿਆ।
'ਨਹੀਂ ਸਮਝਿਆ ਤਾਂ ਨਾ ਸਮਝ' ਬਾਬਾ ਜੀ ਨੇ ਖਿੱਝ ਕੇ ਆਖਿਆ, 'ਕੱਲ੍ਹ ਬਾਰੇ ਕੌਣ ਜਾਣਦਾ ਹੈ। ਸਮਾਧੀਆਂ ਦੀ ਥਾਂ ਕਬਰਾਂ ਵਲੀ ਨਿਕਲ ਆਈਆਂ ਫੇਰ।' ਇਹ ਗੱਲ ਬਾਬਾ ਜੀ ਨੇ ਬਹੁਤ ਹੌਲੀ ਬਾਪੂ ਜੀ ਦੇ ਕੰਨ ਵਿਚ ਕਹੀ ਤਾਂ ਕਿ ਸ਼ਹੀਦ ਨਾ ਸੁਣ ਲੈਣ।
ਮੈਂ ਭੱਜ ਕੇ ਸਾਈਂ ਦੀ ਕਬਰ 'ਤੇ ਪ੍ਰਸ਼ਾਦ ਰੱਖ ਆਇਆ। ਤੇ ਬਾਪੂ ਜੀ ਨੇ ਵੀ ਕੋਈ ਇਤਰਾਜ਼ ਨਾ ਕੀਤਾ। ਪਤਾ ਨਹੀਂ ਉਨ੍ਹਾਂ ਨੂੰ ਬਾਬਾ ਜੀ ਦੀ ਗੱਲ ਸਮਝ ਪਈ ਸੀ ਕਿ ਨਹੀਂ।
ਗ਼ਜ਼ਲ
- ਮੱਖਣ ਕੁਹਾੜ
ਅਮਰੀਕਾ ਦੇ ਗੀਤ ਵੱਜਣਗੇ ਹੁਣ ਭਾਰਤ ਦੇ ਸਾਜਾਂ ਵਿੱਚ।
ਇਜ਼ਰਾਈਲ ਦੇ ਫੁੱਲ ਖਿੜਨਗੇ ਹੁਣ ਭਾਰਤ ਦੇ ਬਾਗਾਂ ਵਿੱਚ।
ਖ਼ਾਬ ਸਜਾਏ ਸਨ ਜੋ ਪੁਰਖਿਆਂ, ਸਾਡੇ ਲਈ ਆਜ਼ਾਦੀ ਦੇ,
ਜਿਉਂ ਦੇ ਤਿਉਂ ਉਹ ਸੱਜੇ ਹੋਏ, ਨੇ ਅੱਜ ਸਾਡੇ ਖਾਬਾਂ ਵਿੱਚ।
ਆਪਾਂ ਮੰਗੀ ਸੀ ਆਜ਼ਾਦੀ ਜ਼ਾਲਮ ਬੱਗੇ ਸ਼ੇਰਾਂ ਤੋਂ,
ਬਦਲ ਗਈ ਹੈ ਪਰ ਆਜ਼ਾਦੀ ਕਾਲੇ ਭੂਰੇ ਬਾਘਾਂ ਵਿੱਚ।
ਸਾਨੂੰ ਦੀਪ ਜਗਾਉਣ ਲਈ ਕਹਿ ਕੇ, ਵਾ' ਨੂੰ ਆਖਣ ਤੇਜ ਵਗੇ,
ਇਹ ਕਿਦਾਂ ਦੇ ਰਹਿਬਰ ਆਏ ਹਨ ਅੱਜ ਸਾਡੇ ਭਾਗਾਂ ਵਿੱਚ।
ਪੜ੍ਹ ਲਿਖ ਪੁੱਤਰ, ਅਫ਼ਸਰ ਬਣਕੇ, ਘਰ ਦੀ ਗੁਰਬਤ ਦੂਰ ਕਰੂ,
ਐਸੀ ਖਾਹਿਸ਼ ਤੋਂ ਡਰ ਲਗਦੈ, ਆ ਨਾ ਜਾਏ ਖਾਬਾਂ ਵਿੱਚ।
ਆਪਣਾ ਬਾਗ ਤਾਂ ਤਦ ਹੀ ਜਾਪੂ ਸਾਰੇ ਪੰਛੀ ਇਸਦੇ ਜਦ
ਆਪੋ ਆਪਣੇ ਗੀਤ ਗਾਉਣਗੇ, ਆਪੋ ਆਪਣੇ ਰਾਗਾਂ ਵਿਚ।
ਗੁੰਮ ਗਏ ਸਨ ਖੰਭ ਜੋ, ਬੁਲਬੁਲ, ਮੋਰਾਂ, ਹੰਸਾਂ, ਕੋਇਲਾਂ ਦੇ,
ਵੇਖ ਲਏ ਨੇ ਟੰਗੇ ਹੋਏ, ਲੋਕਾਂ ਰਾਜ ਦੇ ਤਾਜਾਂ ਵਿੱਚ।
ਕਵਿਤਾ
ਜਲ੍ਹਿਆਂ ਵਾਲੇ ਬਾਗ
- ਨਵਨੀਤ
ਰੋਜ਼ ਉਗ ਰਹੇ ਨੇ ਜਲ੍ਹਿਆਂ ਵਾਲੇ ਬਾਗ
ਨਵੇਂ-ਨਵੇਂ, ਥਾਂ-ਥਾਂ, ਹਰ ਮੋੜ ਗਲੀ,
ਹਰ ਸ਼ਹਿਰ, ਹਰ ਪਿੰਡ।
ਡੁੱਲ੍ਹ ਰਿਹਾ ਹੈ ਲਹੂ
'ਆਜ਼ਾਦੀ' ਦਾ ਹੱਕ ਮੰਗਦੇ
'ਰਾਮ ਮਹੁੰਮਦ ਸਿੰਘਾਂ' ਦਾ।
ਉਹੀ ਹੈ ਜਨਰਲ ਡਾਇਰ
ਉਨੀ ਸੌ ਉਨੀ ਵਾਲਾ
ਪਰ ਚੋਲਾ ਬਦਲਦਾ ਹੈ ਆਏ ਦਿਨ।
ਉਹੀ ਨੇ ਉਸ ਦੀਆਂ ਬੰਦੂਕਾਂ-ਤੋਪਾਂ
ਸਿਰਫ਼ ਕਲਪੁਰਜ਼ੇ ਬਦਲੇ ਗਏ ਨੇ।
'ਆਜ਼ਾਦੀ' ਦੇ ਰਾਖੇ ਵੀ ਉਹੀ ਨੇ
ਉਹੀ ਇਕੋ ਜਿਹੇ ਲਾਲ ਰੰਗ ਵਾਲੇ
ਸਾਰੇ ਧਰਮਾਂ, ਜਾਤਾਂ, ਮਜ਼੍ਹਬਾਂ ਦੇ ਸਾਂਝੇ।
ਨਵਾਂ ਡਾਇਰ ਲੋਚਦਾ ਹੈ
ਲੋਕਾਂ ਦੇ ਲਹੂ ਦੇ ਰੰਗ ਬਦਲਣਾ
ਤੇ ਲੋਚਦਾ ਹੈ ਬਣਾਉਣਾ ਐਸੀ ਬੰਦੂਕ,
ਜਿਸਦੀ ਗੋਲੀ
'ਖਾਸ' ਰੰਗ ਦੇ ਲਹੂ ਵਾਲਿਆਂ ਨੂੰ ਹੀ ਲੱਗੇ।
ਜਿਸ ਨੂੰ ਉਹ ਚਾਹਵੇ।
ਡਾਇਰ ਨਹੀਂ ਜਾਣਦਾ
ਕਦੇ ਨਹੀਂ ਬਦਲ ਸਕਦਾ
ਹੱਕ ਦੀ ਲੜਾਈ ਲੜਨ ਵਾਲੇ
ਲੋਕਾਂ ਦੇ ਲਹੂ ਦਾ ਰੰਗ
ਨਾ ਬਦਲ ਸਕਦੀ ਹੈ
ਰਲਕੇ ਲੜ ਮਰਨ ਦੀ ਚਾਹ।
ਲੜਨਾ ਸਿੱਖਾਂਗੇ
- ਰਮਨੀਕ ਸਿੰਘ ਹੁੰਦਲ
ਤੇਰੇ ਸਿਤਮਾਂ ਕੋਲੋਂ ਡਰਨਾ ਨਹੀਂ।
ਰਾਹ ਖੁਦਕੁਸ਼ੀਆਂ ਦਾ ਫੜਨਾ ਨਹੀਂ।
ਪਹਿਲਾਂ ਡੱਕਣਾ ਵਾਰ ਬਾਅਦ ਵਿਚ, ਕਰਨਾ ਸਿੱਖਾਂਗੇ।
ਨਾਲ ਹਲਾਤਾਂ ਦੇ ਹੁਣ ਆਪਾਂ, ਲੜਨਾ ਸਿੱਖਾਂਗੇ।
ਕਰਕੇ ਵਾਅਦੇ ਨਾਲ ਗਰੀਬਾਂ, ਜਿਹੜੇ ਮੁੱਕਰ ਜਾਂਦੇ।
ਗਿਰਗਟ ਵਾਂਗੂ ਰੰਗ ਉਹਨਾਂ ਦੇ , ਛੇਤੀ ਉੱਤਰ ਜਾਂਦੇ।
ਮਾੜੀਆਂ ਨੀਤਾਂ ਵਾਲਾ ਚਿਹਰਾ, ਪੜ੍ਹਨਾ ਸਿੱਖਾਂਗੇ।
ਨਾਲ ਹਲਾਤਾਂ ਦੇ ਹੁਣ ਆਪਾਂ, ਲੜਨਾ ਸਿੱਖਾਂਗੇ।
ਹੋ ਕੇ 'ਕੱਠੇ ਵਿੱਚ ਚੌਰਾਹੇ, ਨਾਅਰੇ ਲਾਵਾਂਗੇ।
ਰੋਜ ਹਾਕਮ ਦੇ ਬੂਹੇ ਅੱਗੇ, ਭੜਥੂ ਪਾਵਾਂਗੇ।
ਨਾਲ ਹੌਂਸਲੇ ਗਮਾਂ ਦਾ ਸਾਗਰ, ਤਰਨਾ ਸਿੱਖਾਂਗੇ।
ਨਾਲ ਹਲਾਤਾਂ ਦੇ ਹੁਣ ਆਪਾਂ, ਲੜਨਾ ਸਿੱਖਾਂਗੇ।
ਹੱਕ ਖੋਹ ਕੇ ਆਪਣਾ ਲੈਣਾ, ਕਿਸਮਤ 'ਤੇ ਨਹੀਂ ਛੱਡਣਾ,
ਜੋ ਕੁਝ ਕਰਨਾ ਰੱਬ ਨੇ ਕਰਨਾ, ਭਰਮ ਦਿਲਾਂ 'ਚੋਂ ਕੱਢਣਾ।
ਬਣ ਬੱਦਲ ਤੂਫਾਨਾਂ ਵਾਲੇ, ਵਰ੍ਹਨਾ ਸਿੱਖਾਂਗੇ।
ਮਸਲੇ ਹੱਲ ਨਹੀਂ ਹੋਣੇ ਹੁੰਦਲਾ, ਕੱੱਲੀ ਬਾਣੀ ਪੜ੍ਹਿਆਂ,
ਡਰ ਕੇ ਵੈਰੀ ਆਪੇ ਭੱਜੂ, ਵਿੱਚ ਮੈਦਾਨੇ ਖੜ੍ਹਿਆਂ।
ਸ਼ੀਸ਼ ਤਲੀ ਤੇ ਧਰ ਕੇ ਰੰਮੀ, ਮਰਨਾ ਸਿੱਖਾਂਗੇ।
ਨਾਲ ਹਲਾਤਾਂ ਦੇ ਹੁਣ ਆਪਾਂ, ਲੜਨਾ ਸਿੱਖਾਂਗੇ।
ਗ਼ਜ਼ਲ
ਹੁਕਮਰਾਨਾਂ ਦੀ ਜਮਾਤ
ਦਿਨ-ਬ-ਦਿਨ ਹਲਕਾਅ ਰਹੀ ਹੈ ਹੁਕਮਰਾਨਾਂ ਦੀ ਜਮਾਤ।
ਆਈ ਉਤੇ ਆ ਰਹੀ ਹੈ ਹੁਕਮਰਾਨਾਂ ਦੀ ਜਮਾਤ।
ਜਨ-ਸਾਧਾਰਨ ਜਿਸ ਦੇ ਨਾਂਅ 'ਤੇ, ਸੱਤਾ 'ਤੇ ਕਾਬਜ਼ ਹੈ ਇਹ,
ਉਸਨੂੰ ਹੀ ਧਮਕਾ ਰਹੀ ਹੈ ਹੁਕਮਰਾਨਾਂ ਦੀ ਜਮਾਤ।
ਮਹਿੰਗ ਜਾਂ ਬੇਕਾਰੀ ਹੋਵੇ ਜਾਂ ਕੁਰੱਪਸ਼ਨ ਦਾ ਸਵਾਲ,
ਹਉਮੈਂ ਸੰਗ ਠੁਕਰਾ ਰਹੀ ਹੈ ਹੁਕਮਰਾਨਾਂ ਦੀ ਜਮਾਤ।
ਵੋਟ ਲੈ ਕੇ ਕਹਿ ਰਹੀ ਹੈ 'ਹੱਥ ਵਢਾ ਕੇ ਲੈ ਲਏ',
ਲੋਕਾਂ 'ਤੇ ਗੁਰਰਾ ਰਹੀ ਹੈ ਹੁਕਮਰਾਨਾਂ ਦੀ ਜਮਾਤ।
ਪੈਸੇ ਤੇ ਸੱਤਾ ਵਿਚਾਲੇ ਗਰਕ ਹੈ ਹੰਕਾਰ ਵਿਚ,
ਅੱਤ ਨੂੰ ਹੱਥ ਲਾ ਰਹੀ ਹੈ ਹੁਕਮਰਾਨਾਂ ਦੀ ਜਮਾਤ।
ਰਾਵਣਾਂ ਤੋਂ ਭਾਲਦੇ ਹੋ ਆਪ ਕਿੱਦਾਂ ਰਾਮ ਰਾਜ?
ਖ਼ੌਫ਼ ਬਣਦੀ ਜਾ ਰਹੀ ਹੈ ਹੁਕਮਰਾਨਾਂ ਦੀ ਜਮਾਤ।
ਬੋਲਣਾ ਬਣਦਾ ਹੈ ਇਸ ਬਾਰੇ ਜ਼ਰੂਰੀ ਦੋਸਤੋ,
ਕਹਿਰ ਜੋ ਬਰਪਾ ਰਹੀ ਹੈ ਹੁਕਮਰਾਨਾਂ ਦੀ ਜਮਾਤ।
ਨਿਕਲ ਕੇ ਸੰਸਦ 'ਚੋਂ ਮਸਲ੍ਹਾ ਆ ਨਾ ਜਾਵੇ ਸੜਕਾਂ 'ਤੇ,
ਅੰਦਰੋਂ ਘਬਰਾ ਰਹੀ ਹੈ ਹੁਕਮਰਾਨਾਂ ਦੀ ਜਮਾਤ।
- ਸੁਭਾਸ਼ ਦੀਵਾਨਾ

No comments:
Post a Comment