Saturday, 5 August 2017

ਸੰਪਾਦਕੀ : ਯਿਹ ਵੁਹ ਸੁਬਹ ਤੋ ਨਹੀਂ...

ਦੇਸ਼ ਆਉਂਦੀ 15 ਅਗਸਤ ਨੂੰ 70 ਵਾਂ ਆਜਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ। ਬਿਨਾਂ ਸ਼ਕ ਇਹ ਭਾਰਤੀ ਦੀ ਸਮੁਚੀ ਵਸੋਂ ਲਈ ਬੜਾ ਮਾਨਮੱਤਾ ਦਿਹਾੜਾ ਹੋਣਾ ਚਾਹੀਦਾ ਹੈ। ਅੱਜ ਤੋਂ 70 ਸਾਲ ਪਹਿਲਾਂ 15 ਅਗਸਤ 1947 ਨੂੰ ਭਾਰਤ ਨੇ ਬਰਤਾਨਵੀ ਸਾਮਰਾਜ ਦੀ ਗੁਲਾਮੀ ਤੋਂ ਮੁਕਤੀ ਪ੍ਰਾਪਤ ਕੀਤੀ ਸੀ। ਇਹ ਦਿਨ ਲਿਆਉਣ ਲਈ ਲੜੇ ਗਏ ਆਜਾਦੀ ਸੰਗਰਾਮ ਵਿੱਚ ਭਾਰਤ ਦੇ ਬਿਹਤਰੀਨ ਧੀਆਂ-ਪੁੱਤਾਂ ਨੇ ਆਪਣੀਆਂ ਜਾਨਾਂ ਵਾਰਨ ਤੋਂ ਇਲਾਵਾ ਹੋਰ ਹਰ ਤਰ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਦਿਤੀਆਂ। ਇਸ ਸੰਗਰਾਮ ਨੇ ਅਜਿਹੇ ਅਨੇਕਾਂ  ਸੂਰਮੇ ਪੈਦਾ ਕੀਤੇ ਜੋ ਭਵਿੱਖ ਦੀਆਂ, ਚੰਗੇਰੇ ਸਮਾਜ ਦੀ ਸਿਰਜਣਾ ਦੇ ਸੰਗਰਾਮ 'ਚ ਲੱਗੀਆਂ ਪੀੜ੍ਹੀਆਂ ਲਈ ਸਦੀਵੀਂ ਚਾਨਣ ਮੁਨਾਰੇ ਬਣੇ ਰਹਿਣਗੇ। ਇਨ੍ਹਾਂ ਯੋਧਿਆਂ ਨੇ ਮੌਤ ਨੂੰ ਮਖੌਲਾਂ ਕੀਤੀਆਂ ਅਤੇ ਵੇਲੇ ਦੀਆਂ, ਜ਼ਬਰ ਜ਼ਲੁਮ ਲਈ ਸੱਭ ਤੋਂ ਬਦਨਾਮ, ਕਾਲੇ ਪਾਣੀ ਵਰਗੀਆਂ ਜੇਲ੍ਹਾਂ ਦੇ 'ਸਖ਼ਤ' ਪ੍ਰਬੰਧਾਂ ਦਾ ਗੁਰੂਰ ਵੀ ਚਕਨਾ ਚੂਰ ਕੀਤਾ। ਕੌਮੀ ਏਕਤਾ ਦੇ ਲਾਮਿਸਾਲ ਤਰਾਣੇ ਸਿਰਜੇ ਗਏ। ਸੰਸਾਰ ਦੇ ਫ਼ੌਜੀ ਇਤਿਹਾਸ ਦੀ ਵਿੱਲਖਣ ਘਟਣਾ, ਜਿਸ ਵਿੱਚ ਹਿੰਦੂ ਧਰਮ ਨੂੰ ਮੰਨਣ ਵਾਲੇ ਫ਼ੌਜੀਆਂ ਨੇ ਆਪਣੇ ਹਮਵਤਨ ਮੁਸਲਮਾਨ ਭਰਾਵਾਂ, ਜੋ ਬਰਤਾਨਵੀ ਸਾਮਰਾਜ ਦੇ ਬਾਗੀ ਸਨ, 'ਤੇ ਗੋਲੀਆਂ ਚਲਾਉਣ ਤੋਂ ਇਨਕਾਰ ਕਰ ਦਿਤੱਾ, ਇਸ ਆਜਾਦੀ ਸੰਗਰਾਮ ਦੀ ਵਿਸ਼ੇਸ਼ ਨਿਸ਼ਾਨੀ ਹੈ। ਜਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ, ਕੂਕਿਆਂ (ਨਾਮਧਾਰੀਆਂ) ਵੱਲੋਂ ਬਰਤਾਨਵੀ ਤੋਪਾਂ ਸਾਹਮਣੇ ਡਾਹੀਆਂ ਗਈਆਂ ਹਿੱਕਾ ਦੀ ਗਾਥਾ, ਦੇਸ਼ ਭਰ ਦੇ ਹਰ ਫ਼ਿਰਕੇ-ਜਾਤ-ਭਾਸ਼ਾ-ਇਲਾਕੇ ਦੇ ਲੋਕਾਂ ਦੇ ਅਨੇਕਾਂ ਸ਼ਾਨਾਮੱਤੇ ਸੰਗਰਾਮ ਭਾਰਤੀ ਲੋਕਾਂ ਦੀ ਬਰਤਾਨਵੀ ਸਾਮਰਾਜ ਦੇ ਗੁਲਾਮੀ ਦੇ ਜੂਲੀ ਤੋਂ ਮੁਕਤੀ ਦੀ ਜਾਮਨੀ ਬਣੇ।
ਲੋਕ ਸੰਗਰਾਮਾਂ ਦੇ ਦਬਾਅ ਅਧੀਨ ਭਾਰਤ ਛੱਡ ਕੇ ਜਾਣ ਲਈ ਮਜਬੂਰ ਹੋਏ ਬਰਤਾਨਵੀ ਸਾਮਰਾਜੀਆਂ ਨੇ, ਮਨੁੱਖੀ ਇਤਿਹਾਸ ਦੇ ਸੱਭ ਤੋਂ ਦੁਖਦਾਈ ਵਰਤਾਰਿਆਂ 'ਚੋਂ ਇੱਕ, ਹਿੰਦੋਸਤਾਨ ਦੀ ਵੰਡ  ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਇਸ ਕਰੂਰ ਤਰਾਸਦੀ ਲਈ, ਬਰਤਾਨਵੀਆਂ ਦੇ ਜਾਣ ਤੋਂ ਬਾਅਦ ਭਾਰਤ ਦੀ ਰਾਜਸੱਤਾ 'ਤੇ ਕਾਬਜ਼ ਹੋਣ ਵਾਲੀਆਂ ਭਾਰਤ ਦੀਆਂ ਹਾਕਮ ਜਮਾਤਾਂ ਦੀ, ਉਨ੍ਹਾਂ ਦੇ ਜਮਾਤੀ ਕਿਰਦਾਰ 'ਚੋਂ ਉਪਜੀ ਮੌਕਾਪ੍ਰਸਤੀ ਵੀ, ਬਰਾਬਰ  ਦੀ ਦੋਸ਼ੀ ਹੈ। ਬਰਤਾਨਵੀ ਸਾਮਰਾਜੀਆਂ ਦਾ ਭਾਰਤ ਦੀ ਵੰਡ ਪਿੱਛੇ ਲੁਕਿਆ ਉਦੇਸ਼ ਇਹ ਸੀ ਕਿ ਉਹ ਇੱਥੋਂ ਜਾਣ ਦੇ ਬਾਵਜੂਦ ਵੀ ਦੇਸ਼ ਦੇ ਵੱਡਮੁੱਲੇ ਕੁਦਰਤੀ ਵਸੀਲਿਆਂ ਦੀ ਲੁੱਟ ਨੂੰ ਬਰਕਰਾਰ ਰੱਖਣਾ ਚਾਹੁੰਦੇ ਸਨ। ਜਦਕਿ ਭਾਰਤ ਦੇ ਨਵੇਂ ਹਾਕਮ ਇਸ ਗੱਲੋਂ ਡਰੇ ਹੋਏ ਸਨ ਕਿ ਕਿਧਰੇ ਆਜ਼ਾਦੀ ਸੰਗਰਾਮ ਦੀ ਕਮਾਨ ਸਾਡੇ ਹੱਥਾਂ 'ਚੋਂ ਨਿਕਲ ਕਿ ਕਿਰਤੀ ਕਿਸਾਨਾਂ ਦੀ ਹਕੀਕੀ ਨੁਮਾਇੰਦਾ ਧਿਰ ਦੇ ਹੱਥਾਂ 'ਚ ਨਾ ਚਲੀ ਜਾਵੇ। ਬਸਤੀਵਾਦੀ ਹਾਕਮਾਂ ਦੀ ਲਾਲਸਾ ਅਤੇ ਭਾਰਤ ਦੇ ਨਵੇਂ ਹਾਕਮਾਂ ਦੇ ਲੁੱਟ ਦੇ ਮਨਸੂਬਿਆਂ 'ਚੋਂ ਹੀ ਸਾਮਰਾਜ ਨਾਲ ਅਜੋਕੇ ਹਾਕਮਾਂ ਦੀ ਸਾਂਝ ਭਿਆਲੀ ਦਾ ਮੁੱਢ ਬੱਝਿਆ।
ਉਕਤ ਸੋਚ 'ਚੋਂ ਨਿਕਲੀ ਦੇਸ਼ ਵੰਡ ਦੀ ਘਟਨਾ ਨੇ ਕੇਵਲ ਦੋ ਦੇਸ਼ ਹੀ ਨਹੀਂ ਬਣਾਏ ਬਲਕਿ ਫਿਰਕੂ ਨਫ਼ਰਤ ਦੀ ਵਸੀਹ ਅੱਗ 'ਚ ਕਰੋੜਾਂ ਬੇਦੋਸ਼ਿਆਂ ਦੀਆਂ ਜਾਨਾਂ ਗਈਆਂ। ਸੰਸਾਰ 'ਚ ਖੁਸ਼ੀਆਂ, ਕਿਲਕਾਰੀਆਂ ਵੰਡਣ ਵਾਲੀਆਂ ਧੀਆਂ ਭੈਣਾਂ ਦੀਆਂ ਪੱਤਾਂ ਲੁੱਟੀਆਂ ਗਈਆਂ ਅਤੇ ਉਹ ਵਹਿਸ਼ੀਆਨਾ ਢੰਗਾਂ ਨਾਲ ਮਾਰ ਮੁਕਾਈਆਂ ਗਈਆਂ। ਦੋਹਾਂ ਨਵੇਂ ਬਣੇ ਦੇਸ਼ਾਂ, ਭਾਰਤ ਅਤੇ ਪਾਕਿਸਤਾਨ 'ਚੋਂ ਕਰੋੜਾਂ ਲੋਕਾਂ ਨੂੰ ਵੱਸਦੇ ਰਸਦੇ ਘਰ, ਉਪਜੀਵਕਾ ਦੇ ਸਾਧਨ ਜ਼ਮੀਨਾਂ ਅਤੇ ਹੋਰ ਕਾਰੋਬਾਰ, ਭਾਈਚਾਰਕ ਰਿਸ਼ਤੇ, ਵਰਤ-ਵਰਤਾਅ ਸਭ ਕੁੱਝ ਛੱਡ ਕੇ ਨਵੇਂ ਥਾਵਾਂ ਵੱਲ ਨੂੰ ਪਲਾਇਨ ਕਰਨਾ ਪਿਆ। ਇਹ ਪਲਾਇਨ ਕਰਨ ਵਾਲੇ ਬੇਕਸੂਰ ਮਨੁੱਖ ਅੱਜ ਵੀ ਭਾਰਤ 'ਚ ਰਿਫਿਊਜ਼ੀ ਅਤੇ ਪਾਕਿਸਤਾਨ ਵਿਚ ਮੁਹਾਜ਼ਿਰ ਸੱਦੇ ਜਾਂਦੇ ਹਨ। ਇੰਝ 15 ਅਗਸਤ 1947 ਨੂੰ ਲਾਮਿਸਾਲ ਸੰਗਰਾਮ ਸਦਕਾ ਪ੍ਰਾਪਤ ਹੋਈ ਆਜ਼ਾਦੀ ਦੀ ਸਦੀਵੀਂ ਯਾਦ ਨਾਲ, ਸੰਵੇਦਨਸ਼ੀਲ ਇਨਸਾਨਾਂ ਦੀ ਜਮੀਰ ਨੂੰ ਤਕਲੀਫ ਦੇਣ ਵਾਲੀ ਸਾਜਿਸ਼ੀ ਵੰਡ ਦੀਆਂ ਕੌੜੀਆਂ ਯਾਦਾਂ ਵੀ ਸਦਾ ਲਈ ਜੁੜ ਗਈਆਂ।
ਪਰ ਫਿਰ ਵੀ ਆਮ ਲੋਕਾਂ 'ਚ ਵੱਡੀ ਹੱਦ ਤੱਕ ਇਹ ਭਾਵਨਾ ਕਾਇਮ ਰਹੀ ਕਿ, ਬੇਕਿਰਕ ਬਦੇਸ਼ੀ ਲੁੱਟ ਤੋਂ ਮੁਕਤੀ ਪ੍ਰਾਪਤੀ ਤੋਂ ਪਿਛੋਂ ਕਾਇਮ ਹੋਈ ''ਆਪਣੀ'' ਸਰਕਾਰ ਲੋਕਾਂ ਦੀਆਂ ਚੰਗਾ ਜੀਵਨ ਜਿਉਣ ਦੀਆਂ ਆਸਾਂ ਉਮੰਗਾਂ ਦੀ ਪੂਰਤੀ ਲਈ ਸੁਹਿਰਦ ਯਤਨ ਕਰੇਗੀ। ਪਰ ਜਿਵੇਂ ਵੇਲੇ ਦੇ ਸਿਆਸੀ ਵਿਸ਼ਲੇਸ਼ਕਾਂ, ਖਾਸ ਕਰ ਕਮਿਊਨਿਸਟਾਂ ਨੇ, ਨਵੀਂ ਸਰਕਾਰ ਦੇ ਵਰਗ ਚਰਿੱਤਰ ਦੀ ਵਿਆਖਿਆ ਕਰਦਿਆਂ ਭਵਿੱਖਬਾਣੀਆਂ ਕੀਤੀਆਂ ਸਨ ਠੀਕ ਉਵੇਂ ਹੀ ਵਾਪਰਿਆ। ਆਜ਼ਾਦੀ ਪ੍ਰਾਪਤੀ ਦੇ ਸੱਤਰ ਸਾਲਾਂ ਬਾਅਦ ਵੀ ਲੋਕਾਂ ਦੀ ਅਮਨ-ਅਮਾਨ ਨਾਲ ਰਹਿਣ ਅਤੇ ਜੀਵਨ ਦੀਆਂ ਘੱਟੋ ਘੱਟ ਲੋੜਾਂ ਪੂਰੀਆਂ ਹੋਣ ਦੀਆਂ ਆਸਾਂ ਨੂੰ ਬੂਰ ਤਾਂ ਕੀ ਪੈਣਾ ਸੀ ਸਗੋਂ ਆਮ ਕਿਰਤੀ ਕਿਸਾਨਾਂ ਤੇ ਹੋਰ ਮਿਹਨਤੀ ਤਬਕਿਆਂ ਦੀਆਂ ਜੀਵਨ ਹਾਲਤਾਂ 'ਚ ਦਿਨੋਂ ਦਿਨ, ਵਧੇਰੇ ਤੋਂ ਵਧੇਰੇ ਨਿਘਾਰ ਹੀ ਆਉਂਦਾ ਜਾ ਰਿਹਾ ਹੈ।
 

ਵਿਸ਼ਾਲ ਬਹੁ ਗਿਣਤੀ ਵਸੋਂ ਦਾ ਬੇਰੁਜ਼ਗਾਰੀ ਅਤੇ ਅਰਧ ਬੇਰੁਜ਼ਗਾਰੀ, ਨਿਗੂਣੀਆਂ ਉਜਰਤ ਦਰਾਂ ਅਤੇ ਲੋਕ ਪੱਖੀ ਕਾਨੂੰਨਾਂ ਦੀ ਅਣਹੋਂਦ ਦੇ ਜ਼ਹਿਰੀਲੇ ਡੰਗ ਤੋਂ ਕਦੀ ਵੀ ਖਹਿੜਾ ਨਹੀਂ ਛੁੱਟਿਆ।
 

ਕੰਗਾਲੀ, ਭੁਖਮਰੀ, ਕੁਪੋਸ਼ਣ ਅਤੇ ਮੁਢਲੀ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਹੋਣ ਵਾਲੀਆਂ ਅਜਾਈਂ ਮੌਤਾਂ ਦੀ ਉਚੀ ਦਰ ਸੰਸਾਰ ਭਰ 'ਚ ਸਾਡੇ ਦੇਸ਼ ਪ੍ਰਤੀ ਨਾਂਹ ਪੱਖੀ ਚਰਚਾ ਦਾ ਕੇਂਦਰ ਬਿੰਦੂ ਚੱਲੀ ਆ ਰਹੀ ਹੈ।
 

ਬੇਘਰੇ ਲੋਕਾਂ ਵਲੋਂ ਵਸਾਈਆਂ ਝੌਂਪੜ ਪੱਟੀਆਂ ਦੀਆਂ ਕਤਾਰਾਂ ਆਪਣੇ ਆਪ 'ਚ ਹੀ ਬੇਘਰਿਆਂ ਦੀ ਵਿਸ਼ਾਲ ਵੱਸੋਂ (ਇਕ ਅੰਦਾਜ਼ੇ ਅਨੁਸਾਰ 15 ਕਰੋੜ ਤੋਂ ਵਧੇਰੇ) ਦੀ ਜਾਮਨੀ ਭਰਨ ਲਈ ਕਾਫੀ ਹਨ। ਉਂਝ ਇਹ ਵੀ ਧਿਆਨ 'ਚ ਰੱਖਣ ਵਾਲੀ ਗੱਲ ਹੈ ਕਿ ਕਰੋੜਾਂ ਲੋਕ ਜਿੰਨ੍ਹਾਂ ਕੋਲ ਘਰ ਹੈਨ ਵੀ ਉਹ ਵੀ ਮਨੁੱਖਾਂ ਦੇ ਰਹਿਣਯੋਗ ਘਰਾਂ ਵਿਚ ਕਿਵੇਂ ਵੀ ਗਿਣੇ ਨਹੀਂ ਜਾ ਸਕਦੇ।
 

ਸਕੂਲ ਨਾ ਜਾਣ ਵਾਲੇ ਅਤੇ ਅੱਧਵਾਟੇ ਪੜ੍ਹਾਈ ਛੱਡ ਜਾਣ ਵਾਲੇ ਬਾਲਾਂ ਦੀ ਗਿਣਤੀ ਘਟਣ ਦੀ ਥਾਂ ਸਗੋਂ ਵੱਧਦੀ ਜਾ ਰਹੀ ਹੈ।
 

ਜਣੇਪੇ ਦੌਰਾਨ ਜੱਚਾ-ਬੱਚਾ ਮੌਤਾਂ ਦੀ ਗਿਣਤੀ ਸੰਸਾਰ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਭਿਆਨਕਤਾ ਦੀ ਹੱਦ ਤੱਕ ਉਚੀ ਹੈ।
 

ਕੇਵਲ ਸੇਵਾ ਖੇਤਰ ਦੇ ਕਰਮਚਾਰੀਆਂ ਨੂੰ ਛੱਡ ਕੇ ਬਾਕੀ ਲਗਭਗ ਸਾਰੀ ਵੱਸੋਂ ਸਮਾਜਕ ਸੁਰੱਖਿਆ-ਸਹੂਲਤਾਂ ਤੋਂ ਵਾਂਝੀ ਹੈ।
 

ਇੱਥੋਂ ਤੱਕ ਕਿ ਵਸੋਂ ਦਾ ਬਹੁਤ ਵਿਸ਼ਾਲ ਭਾਗ ਪੀਣ ਵਾਲੇ ਸਵੱਛ ਪਾਣੀ, ਸ਼ੁਧ ਹਵਾ ਅਤੇ ਸਵੱਛ ਆਲੇ ਦੁਆਲੇ ਦੀ ਅਣਹੋਂਦ 'ਚੋਂ ਪੈਦਾ ਹੁੰਦੇ ਸਰੀਰਕ, ਮਾਨਸਿਕ ਅਤੇ ਪੀੜ੍ਹੀਗਤ ਵਿਗਾੜਾਂ ਦਾ ਸ਼ਿਕਾਰ ਹੋ ਰਿਹਾ ਹੈ।
 

ਰਹਿੰਦੀ ਕਸਰ ਚੁਫ਼ੇਰੇ ਫੈਲੇ ਭ੍ਰਿਸ਼ਟਾਚਾਰ, ਪੱਖਪਾਤੀ ਪ੍ਰਸ਼ਾਸਨਿਕ ਰਵੱਈਏ, ਲਾਕਾਨੂੰਨੀ ਅਤੇ ਭੈੜੀ ਤੋਂ ਭੈੜੀ ਕਿਸਮ ਦੇ ਨਿੱਤ ਵਾਪਰਦੇ ਅਤੇ ਪਲ-ਪਲ ਵੱਧਦੇ ਜਾ ਰਹੇ ਅਪਰਾਧਾਂ ਨੇ ਕੱਢ ਛੱਡੀ ਹੈ।
 

ਮਾੜੀਆਂ ਜਿਉਣ ਹਾਲਤਾਂ ਦੇ ਮੰਤਕੀ ਸਿੱਟੇ ਵਜੋਂ ਹਨੇਰ ਬਿਰਤੀਵਾਦ, ਪਿਛਾਂਹ ਖਿੱਚੂ ਸੋਚ ਅਤੇ ਅੰਧਵਿਸ਼ਵਾਸੀ ਧਾਰਨਾਵਾਂ ਦੀ ਬਹੁਤਾਤ ਬਾਰੇ ਤਾਂ ਜਿੰਨਾ ਲਿਖਿਆ-ਬੋਲਿਆ ਜਾਵੇ ਓਨਾ ਥੋੜ੍ਹਾ ਹੈ।
 

ਔਰਤਾਂ ਨੂੰ ਹਰ ਖੇਤਰ 'ਚ ਸਮਾਨ ਅਧਿਕਾਰਾਂ ਦਾ ਸਵਾਲ ਤਕਰੀਬਨ ਜਿਉਂ ਦਾ ਤਿਉਂ ਖੜ੍ਹਾ ਹੈ।
 

ਮਾਮੂਲੀ ਭੜਕਾਹਟਾਂ, ਜੋ ਅਕਸਰ ਸਾਜਿਸ਼ਾਂ ਤਹਿਤ ਸਿਰਜੀਆਂ ਜਾਂਦੀਆਂ ਹਨ, ਦੇ ਅਧਾਰ 'ਤੇ ਫ਼ਿਰਕੂ ਦੰਗੇ ਵੀ ਗਾਹੇ ਬਗਾਹੇ ਹੁੰਦੇ ਰਹੇ ਹਨ।
 

ਗੁਲਾਮਦਾਰੀ ਅਤੇ ਨਸਲ ਅਧਾਰਤ ਸ਼ਾਸਨ ਪ੍ਰਣਾਲੀ ਤੋਂ ਬਾਅਦ ਮਨੁੱਖੀ ਨਸਲ ਨੂੰ ਦਰਪੇੇਸ਼, ਸਭ ਤੋਂ ਭੱਦੀ ਪ੍ਰਥਾ, ਜਾਤਵਾਦੀ ਵਿਤਕਰੇ ਅਤੇ ਉੱਚ ਜਾਤੀ ਹੰਕਾਰ ਦੀ ਮੰਦੀ ਭਾਵਨਾਂ 'ਚੋਂ ਨਿਕੱਲੇ ਨਿਰਦਈ ਜੁਲਮਾਂ ਤੋਂ ਦੇਸ਼ ਦੇ ਕਰੋੜਾਂ ਅਨੁਸੂਚਿਤ ਜਾਤੀ ਪ੍ਰੀਵਾਰਾਂ ਦਾ ਖਹਿੜਾ ਕਦੀ ਵੀ ਨਹੀਂ ਛੁੱਟਿਆ । ਇਹ ਬੜੀ ਦੁਖ ਦੀ ਗੱਲ ਹੈ ਕਿ ਅਜਿਹੇ ਜੁਲਮਾਂ 'ਚ ਇਨਸਾਫ਼ ਦੇਣ ਲਈ ਗਠਿਤ ਕੀਤੀ ਗਈ ਸਰਕਾਰੀ ਮਸ਼ੀਨਰੀ ਵੀ ਗੁਣ ਦੋਸ਼ ਦੇ ਅਧਾਰ 'ਤੇ ਕਾਰਵਾਈ ਕਰਨ ਦੀ ਥਾਂ ਜਾਤੀਵਾਦੀ ਸਮਝਦਾਰੀ ਦੇ ਅਧਾਰ 'ਤੇ ਹੀ ਕੰਮ ਕਰਦੀ ਆ ਰਹੀ ਹੈ।
 

ਆਦਿਵਾਸੀਆਂ ਨੂੰ ਕਦੀ ਵੀ ਅਧੁਨਿਕ ਵਿਕਾਸ ਦਾ ਭਾਗੀ ਨਹੀਂ ਬਣਾਇਆ ਗਿਆ।
ਕੁੱਲ ਮਿਲਾ ਕੇ ਭਾਰਤ 'ਚ 1947 'ਚ ਕਾਇਮ ਹੋਏ ਨਵੇਂ ਸਵਦੇਸ਼ੀ (?) ਰਾਜ ਪ੍ਰਬੰਧ ਨੇ ਭਾਰਤ ਦੀ ਆਮ ਵਸੋਂ ਦੇ ਪੱਲੇ ਚੌਤਰਫਾ ਨਿਰਾਸ਼ਾ ਤੋਂ ਛੁੱਟ ਕੁੱਝ ਨਹੀਂ ਪਾਇਆ। ਭੁੱਖੇ ਢਿੱਡ ਅਤੇ ਵਿਗਿਆਨਕ ਵਿਚਾਰਾਂ ਤੋਂ ਸੱਖਣੀ ਜਿਹਨੀਅਤ ਮੌਜੂਦਾ ਨਿਜ਼ਾਮ ਦੀ ਸਭ ਤੋਂ ਵੱਡੀ ਦੇਣ ਹੈ।
ਹਰ 15 ਅਗਸਤ ਨੂੰ , ਲਾਲ ਕਿਲੇ ਦੀ ਫ਼ਸੀਲ ਤੋਂ, ਵੇਲੇ ਦੇ ਪ੍ਰਧਾਨ ਮੰਤਰੀਆਂ ਵੱਲੋਂ ਦਿੱਤੇ ਜਾਂਦੇ ਭਾਸ਼ਣਾਂ ਤੋਂ ਲੋਕ ਬੁਰੀ ਤਰ੍ਹਾਂ ਉਕਤਾ ਚੁੱਕੇ ਹਨ। ਇਸ ਦਿਨ ਹੋਣ ਵਾਲੇ ਸਰਕਾਰੀ ਅਜਾਦੀ ਜਸ਼ਨਾਂ ਪ੍ਰਤੀ ਲੋਕਾਂ ਦੀ  ਉਦਾਸੀਨਤਾ ਜਾਂ ਮਜਬੂਰੀਵਸ ਬੱਧੇ-ਰੁੱਧੇ ਸ਼ਾਮਲ ਹੋਣਾ 1947 ਤੋਂ ਬਾਅਦ ਕਾਇਮ ਹੁੰਦੀਆਂ ਰਹੀਆਂ ਸਰਕਾਰਾਂ ਦੀ ਨਾਕਾਮੀ ਦਾ ਹੀ ਲਾਜ਼ਮੀ ਸਿੱਟਾ ਹੈ।
ਅਸੀਂ ਇਹ ਸਾਫ਼-ਸਾਫ਼ ਕਹਿਣਾ ਚਾਹਾਂਗੇ ਕਿ ਲੋਕਾਂ ਦੀ ਉਪਰੋਕਤ ਪੱਖਾਂ ਤੋਂ ਚੱਲੀ ਆ ਰਹੀ ਤਰਸਯੋਗ ਹਾਲਤ ਅਤੇ ਉਪਰਾਮਤਾ ਦਾ ਕਾਰਨ 1947 ਤੋਂ ਭਾਰਤ 'ਚ ਚਲਿਆ ਆ ਰਿਹਾ ਪੱਖਪਾਤੀ ਰਾਜ ਪ੍ਰਬੰੇਧ ਹੈ। ਭਾਰਤ ਦੇ ਬੇਸ਼ਕੀਮਤੀ ਕੁਦਰਤੀ ਖਜਾਨੇ, ਜਿਨ੍ਹਾਂ 'ਤੇ ਭਾਰਤ ਦੇ ਸਾਰੇ ਧੀਆਂ-ਪੁੱਤਾਂ ਦਾ ਬਰਾਬਰ ਹੱਕ ਹੈ , ਦੀ ਕਾਣੀ ਵੰਡ ਰਾਹੀਂ, ਰਾਜ ਕਰ ਰਹੇ ਵਰਗਾਂ, ਅਜਾਦੇਦਾਰ ਪੂੰਜੀਪਤੀਆਂ ਅਤੇ ਉਨ੍ਹਾਂ ਦੇ ਭਾਈਵਾਲ ਭੂਮੀਪਤੀਆਂ ਦੇ ਖੂਬ ਵਾਰੇ ਨਿਆਰੇ ਹੋਏ ਹਨ। 1947 'ਚ ਅਦੁੱਤੀ ਕੁਰਬਾਨੀਆਂ ਰਾਹੀਂ ਇੱਥੋਂ ਕੱਢੇ  ਸਾਮਰਾਜੀਆਂ ਨੇ ਵੀ ਨਵੇਂ ਹਾਕਮਾਂ ਨਾਲ ਸਾਂਝ ਭਿਆਲੀ ਸਦਕਾ ਭਾਰਤੀਆਂ ਦੀ ਖੂਬ ਰੱਤ ਨਿਚੋੜੀ।
ਸਿੱਟੇ ਵਜੋਂ ਅਮੀਰੀ-ਗਰੀਬੀ ਦਾ ਖੱਪਾ ਦਿਨੋਂ ਦਿਨ ਵਧੇਰੇ ਚੌੜਾ ਹੁੰਦਾ ਗਿਆ। ਹਾਕਮਾਂ ਦੀ ਕ੍ਰਿਪਾ ਨਾਲ ਭ੍ਰਿਸ਼ਟ ਸਿਆਸਤਦਾਨਾਂ, ਅਫ਼ਸਰਸ਼ਾਹੀ ਅਤੇ ਤਰ੍ਹਾਂ-ਤਰ੍ਹਾਂ ਦੇ ਅਪਰਾਧੀ ਅਨਸਰਾਂ ਨੇ ਵੀ ਬੇਸ਼ੁਮਾਰ ਦੌਲਤ ਇੱਕਠੀ ਕਰ ਲਈ। ਹਾਕਮ ਜਮਾਤੀ ਸੱਭਿਆਚਾਰ ਦੀ ਪਹਿਰਾਬਰਦਾਰੀ ਕਰਨ ਵਾਲਾ ਇੱਕ ਨਵ ਧੱਨਾਢ ਵਰਗ ਵੀ ਚੌਖੀ ਗਿਣਤੀ  'ਚ ਕਾਇਮ ਹੋ ਗਿਆ।
ਇਸ ਦੌਰਾਨ ਇੱਕ ਹੋਰ ਘ੍ਰਿਣਾਯੋਗ ਵਰਤਾਰਾ ਵੀ ਬੜੀ ਤੇਜੀ ਨਾਲ ਵਧਿਆ ਫੁੱਲਿਆ। ਦੇਸ਼ ਦੇ ਅਜਾਦੀ ਸੰਗਰਾਮ ਦੌਰਾਨ ਆਪਣੇ ਜਮਾਤੀ ਖਾਸੇ ਅਨੁਸਾਰ ਅੰਗਰੇਜ ਸਾਮਰਾਜ ਦੇ ਪਿਛਲੱਗ ਰਹੇ ਰਾਜੇ-ਰਜਵਾੜਿਆਂ, ਦੇਸ਼ ਭਗਤਾਂ ਖਿਲਾਫ਼ ਮੁਰੱਬਿਆਂ ਤੇ ਹੋਰ ਲਾਲਚਾਂ ਕਰਕੇ ਗਵਾਹੀਆਂ ਦੇਣ ਵਾਲੇ ਟਾਊਟਾਂ ਅਤੇ ਅਜਿਹੇ ਹੋਰ ਲੋਕ ਮਨਾਂ 'ਚੋਂ ਛੇਕੇ ਹੋਏ ਅਨਸਰਾਂ ਨੂੰ ਲੋਕ ਇੱਕ ਖਾਸ ਸਮੇਂ ਤੱਕ ਨਫ਼ਰਤ ਦੀ ਨਿਗ੍ਹਾ ਨਾਲ ਦੇਖਦੇ ਸਨ। ਪਰ ਨਵੇਂ ਰਾਜ ਪ੍ਰਬੰਧ ਨੇ ਇਨ੍ਹਾਂ  ਅਣਚਾਹੇ ਤੱਤਾਂ ਨੂੰ ਰਾਜ ਭਾਗ ਦਾ ਭਾਈਵਾਲ ਬਣਾ ਕੇ ਇਨ੍ਹਾਂ ਨੂੰ ਸਨਮਾਨਯੋਗ ਵਿਅਕਤੀਆਂ ਵਜੋਂ ਪੇਸ਼ ਕਰ ਦਿੱਤਾ। ਬਦਕਿਸਮਤੀ ਨਾਲ ਅੱਜ ਇਹ ਘ੍ਰਿਣਾ ਯੋਗ ਅਨਸਰ ਜਨ ਸਧਾਰਨ ਦੇ ਸਿਆਸੀ ਆਗੂਆਂ ਵਜੋਂ ਸਥਾਧਤ ਹੋ ਗਏ ਹਨ।
ਇੱਕ ਹੋਰ ਨਿਘਾਰ ਵੀ ਬੜਾ ਚਿੰਤਾਜਨਕ ਹੈ। ਆਜ਼ਾਦੀ ਪ੍ਰਾਪਤੀ ਤੋਂ ਕਾਫ਼ੀ ਸਮਾਂ ਪਿੱਛੋਂ ਤੱਕ, ਅਮਨ ਸ਼ਾਂਤੀ ਨਾਲ ਰਹਿਣ ਦੀ ਇੱਛਾ ਦੇ ਲੋਕ ਮਨਾਂ 'ਚ ਭਾਰੂ ਹੋਣ ਸਦਕਾ, ਲੋਕਾਂ ਦੇ ਦੋ ਵੱਡੇ ਅਬਾਦੀ ਸਮੂਹਾਂ, ਹਿੰਦੂਆਂ ਅਦੇ ਮੁਸਲਮਾਨਾਂ ਦੀ ਵਿਸ਼ਾਲ ਬਹੁਗਿਣਤੀ ਵਸੋਂ ਨੇ ਦੋਹਾਂ ਫਿਰਕਿਆਂ ਵਿਚਲੇ ਕੱਟੜ ਪੰਥੀਆਂ ਨੂੰ ਆਪਣਾ ਅਸਲੀ ਆਗੂ ਨਹੀਂ ਮੰਨਿਆ। ਪਰ ਕੁੱਝ ਕਾਰਨਾਂ, ਜਿਨ੍ਹਾਂ ਦਾ ਜ਼ਿਕਰ ਅਸੀਂ ਅੱਗੇ ਜਾ ਕੇ ਕਰਾਂਗੇ, ਸਦਕਾ ਅੱਜ ਇਹ ਮਾਨਵਤਾ ਵਿਰੋਧੀ ਲੋਕ ਵੀ ਸਿਆਸੀ ਆਗੂਆਂ ਵਜੋੱ ਸਥਾਪਤ ਹੋ ਗਏ ਹਨ।
ਇਹ ਕਹਿਣਾ ਵੀ ਉਚਿਤ ਹੋਵੇਗਾ ਕਿ ਵਿਚਾਰਾਂ ਦਾ ਹਰ ਕਿਸਮ ਦਾ ਗੰਧਲਾਪਨ ਜਮਾਤੀ ਲੁੱਟ ਅਧਾਰਤ ਰਾਜ ਪ੍ਰਬੰਧ 'ਤੇ ਕਾਬਜ ਹਾਕਮ ਜਮਾਤਾਂ ਜਾਣ ਬੁੱਝ ਕੇ ਕਾਇਮ ਰਖੱਦੀਆਂ ਹਨ। ਕਿਉਂਕਿ ਇਹ ਭੰਬਲਭੂਸਾ ਉਨ੍ਹਾਂ ਵਲੋਂ ਮਚਾਈ ਲੁੱਟ ਖਿਲਾਫ਼ ਉਭਰਨ ਵਾਲੇ ਜਨਸੰਗਰਾਮਾਂ ਦੇ ਰਾਹ 'ਚ ਅੜਿੱਕੇ ਦਾ ਕੰਮ ਕਰਦਾ ਹੈ
ਭਾਰਤੀ ਹਾਕਮ ਜਮਾਤਾਂ ਦੀਆਂ ਪ੍ਰਤੀਨਿਧ ਰਾਜਸੀ ਪਾਰਟੀਆਂ ਨੇ ਆਪਣੇ ਦੁਰਪ੍ਰਬੰਧ ਬਾਰੇ ਲੋਕਾਂ 'ਚ ਭਰਮ ਭੁਲੇਖਾ ਕਾਇਮ ਰਖੱਣ ਲਈ ਤਰ੍ਹਾਂ-ਤਰ੍ਹਾਂ ਦੇ ਰੈਡੀਕਲ ਨਾਅਰੇ ਵੀ ਦਿੱਤੇ ਅਤੇ ਆਪਣੇ ਸਿਸਟਮ (ਰਾਜ ਪ੍ਰਬੰਧ) 'ਚ ਲੋਕਾਂ ਦਾ ਭਰੋਸਾ ਬਹਾਲ ਰੱਖਣ ਲਈ ਸੀਮਤ ਜਮਹੂਰੀ 'ਤੇ ਸੰਵਿਧਾਨਕ ਵਿਵਸਥਾਵਾਂ ਵੀ ਕਾਇਮ ਕੀਤੀਆਂ।
ਉਕਤ ਸੀਮਤ ਅਧਿਕਾਰਾਂ ਨੇ ਲੋਕਾਂ ਦੇ ਬੁਨਿਆਦੀ ਮਸਲੇ ਤਾਂ ਹਲ ਕਰਨੇ ਹੀ ਨਹੀਂ ਸਨ ਪਰ ਇਸ ਨਾਲ ਲੋਕਾਂ 'ਚ ਬਿਹਤਰ ਜੀਵਨ ਜਿਊਣ ਦੀ ਇੱਛਾ ਜ਼ਰੂਰ ਕਾਇਮ ਰਹੀ। ਆਮ ਲੋਕਾਂ ਵਲੋਂ ਅਦਾ ਕੀਤੇ ਟੈਕਸਾਂ ਅਤੇ ਉਸ ਵੇਲੇ ਦੇ ਸਮਾਜਵਾਦੀ ਦੇਸ਼ਾਂ ਦੀ ਮਦਦ ਨਾਲ ਉਸਾਰੇ ਗਏ ਵਿਸ਼ਾਲ ਜਨਤਕ ਖੇਤਰ ਨੇ ਲੋਕਾਂ ਦੇ ਇੱਕ ਹਿੱਸੇ ਨੂੰ ਰੋਜ਼ਗਾਰ ਵੀ ਦਿਤੱਾ ਅਤੇ ਖੁਦ ਦੇਸ਼ ਦੀ ਆਰਥਕ ਪਰਾਨਿਰਭਰਤਾ ਵੀ ਵੱਡੀ ਹੱਦ ਤੱਕ ਘਟੀ।
ਪਰ 1991 'ਚ ਲਾਗੂ ਕੀਤੀਆਂ ਗਈਆਂ ਨਵਉਦਾਰਵਾਦੀ ਨੀਤੀਆਂ, ਜਿਨ੍ਹਾਂ 'ਤੇ ਉਦੋਂ ਤੋਂ ਲੈ ਕੇ ਹੁਣ ਤੱਕ ਕਾਇਮ ਹੋਣ ਵਾਲੀ ਹਰੇਕ ਕੇਂਦਰੀ ਸਰਕਾਰ, ਹਰ ਪਿਛਲੀ ਸਰਕਾਰ ਨਾਲੋਂ ਵਧੇਰੇ ਤੇਜੀ ਨਾਲ ਅਮਲ ਕਰਦੀ ਰਹੀ ਹੈ, ਨੇ ਹੁਣ ਤੱਕ ਹਾਸਲ ਮਾਮੂਲੀ ਗੁਜਾਰਾ ਸਾਧਨ ਅਤੇ ਅਧਿਕਾਰ ਵੀ ਲੋਕਾਂ ਤੋਂ ਖੋਹ ਲਏ।
ਉਕਤ ਨੀਤੀਆਂ ਦੇ ਸਿੱਟੇ ਸੱਭ ਦੇ ਸਾਹਮਣੇ ਹਨ। ਬੇਰੁਜਗਾਰੀ-ਭੁਖਮਰੀ 'ਚ ਵਾਧਾ, ਇਲਾਜ ਦੀ ਅਣਹੋਂਦ 'ਚ ਮੌਤਾਂ, ਪੀਣ ਵਾਲਾ ਸਵਛੱ ਪਾਣੀ ਨਾ ਹੋਣ ਕਰਕੇ ਪੈਦਾ ਹੋ ਰਹੀਆਂ ਜਾਨਲੇਵਾ ਬੀਮਾਰੀਆਂ, ਸਰਕਾਰੀ ਸਿੱਖਿਆ ਤੰਤਰ ਨੂੰ ਜਾਣ ਬੁੱਝ ਕੇ ਫੇਲ੍ਹ ਕਰਨ ਦੇ ਸਿੱਟੇ ਵਜੋਂ ਵਧੱ ਰਹੀ ਅਨਪੜ੍ਹਤਾਂ, ਬੇਘਰੇ ਲੋਕਾਂ ਦੀ ਗਿਣਤੀ 'ਚ ਰੋਜ ਹੋ ਰਿਹਾ ਵਾਧਾ, ਖੇਤੀ ਕਿੱਤੇ 'ਚ ਲੱਗੇ ਕਿਸਾਨਾਂ-ਖੇਤ ਮਜਦੂਰਾਂ ਦੀਆਂ ਖੁਦਕੁਸ਼ੀਆਂ, ਆਦਿਵਾਸੀਆਂ ਅਤੇ ਕਿਸਾਨਾਂ ਦੀ ਜੰਗਲਾਂ ਅਤੇ ਵਾਹੀ ਯੋਗ ਜਮੀਨਾਂ 'ਚੋਂ ਬੇਦਖਲੀ, ਫ਼ਸਲਾਂ ਦਾ ਮੰਡੀਆਂ 'ਚ ਘੱਟੇ-ਕੋਡੀਆਂ ਰੁਲਣਾ, ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਆਪ ਮੁਹਾਰਾ ਪ੍ਰਵਾਸ ਵੱਡ-ਆਕਾਰੀ ਭ੍ਰਿਸ਼ਟਾਚਾਰ ਦੇ ਸਕੈਂਡਲ, ਗਲੀ-ਗਲੀ ਹੋ ਰਹੀਆਂ ਅਪਰਾਧਿਕ ਵਾਰਦਾਤਾਂ, ਅਤੇ ਅਜਿਹੀਆਂ ਹੋਰ ਅਨੇਕਾਂ ਅਲਾਮਤਾਂ  ਇਨ੍ਹਾਂ ਨੀਤੀਆਂ ਦੀ ਦੇਣ ਹਨ। ਇਨ੍ਹਾਂ ਅਲਾਮਤਾਂ ਖਿਲਾਫ਼ ਲੋਕ ਸੰਘਰਸ਼ਾਂ ਦੇ ਮੈਦਾਨਾਂ 'ਚ ਨਿੱਤਰ ਰਹੇ ਹਨ। ਉਕਤ ਸੰਘਰਸ਼ਾਂ ਦੀ ਸੰਘੀ ਘੁੱਟਣ ਲਈ ਪੁਲਸ, ਨੀਮ ਫ਼ੌਜੀ ਬਲਾਂ ਅਤੇ ਫ਼ੌਜ ਦੀ ਦੇਸ਼ ਭਰ 'ਚ ਦੁਰਵਰਤੋਂ ਕੀਤੀ ਜਾ ਰਹੀ ਹੈ। ਇੰਜ ਕਰਦਿਆਂ ਜਮਹੂਰੀਅਤ ਦੇ ਤਕਾਜ਼ਿਆਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਇਹ ਦੇਸ਼ ਦੀ ਤਰਾਸਦੀ ਹੀ ਕਹੀ ਜਾਵੇਗੀ ਕਿ ਉਕਤ ਸੁਥਿਤੀ 'ਚ ਲੋਕਾਂ ਨੂੰ ਲਾਮਬੰਦ ਕਰਦਿਆਂ, ਰੈਡੀਕਲ ਸੰਘਰਸ਼ਾਂ ਰਾਹੀਂ ਲੋਕ ਪੱਖੀ ਤਬਦੀਲੀ ਲਿਆਉਣ ਦਾ, ਆਪਣੇ ਜਿੰਮੇਂ ਲੱਗਿਆ ਇਤਿਹਾਸਕ ਕਾਰਜ, ਖੱਬੀਆਂ ਤੇ ਜਮਹੂਰੀ ਸ਼ਕਤੀਆਂ ਸਿਰੇ ਚਾੜ੍ਹਣ 'ਚ ਅਸਫ਼ਲ ਰਹੀਆਂ। ਜਿਵੇਂ ਸਮਾਜ ਵਿਗਿਆਨ ਦੇ ਜ਼ਹੀਨ ਉਸਤਾਦਾਂ ਨੇ ਕਿਹਾ ਸੀ ਕਿ ਜੇ ਮੁਸੀਬਤਾਂ ਮਾਰੇ ਲੋਕਾਂ ਦੀ ਅਗਵਾਈ ਸਮਾਜ ਨੂੰ ਉਚੇਰੇ ਪੜਾਅ 'ਤੇ ਲਿਜਾਣ ਦੀਆਂ ਚਾਹਵਾਨ ਸ਼ਕਤੀਆਂ ਨਹੀਂ ਕਰਦੀਆਂ ਤਾਂ ਲੋਕ ਭਰਮ ਭੁਲੇਖਿਆਂ 'ਚ ਫ਼ਸ ਕੇ ਅੱਤ ਦੀਆਂ ਪਿਛਾਂਹ ਖਿੱਚੂ 'ਤੇ ਅਰਾਜਕ ਸ਼ਕਤੀਆਂ ਦੇ ਢਹੇ ਚੜ੍ਹ ਜਾਂਦੇ ਹਨ। ਠੀਕ ਉਵੇਂ ਹੀ ਵਾਪਰਿਆ। ਇਹ ਕੋਈ ਸੰਜੋਗ ਮਾਤਰ ਹੀ ਨਾ ਸਮਝਿਆ ਜਾਵੇ ਕਿ ਭਾਰਤ ਵਿੱਚ ਨਵਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਦੀ ਪ੍ਰਕਿਰਿਆ ਅਤੇ ਕੱਟੜ ਹਿੰਦੂ ਫ਼ਿਰਕਾਪ੍ਰਸਤੀ ਦਾ ਤੇਜੀ ਨਾਲ ਉਭਾਰ ਲਗਭਗ ਇੱਕੋ ਸਮੇਂ ਸ਼ੁਰੂ ਹੋਇਆ। ਵੇਲੇ ਦੀ ਕੇਂਦਰੀ ਸਰਕਾਰ ਸਾਮਰਾਜ ਦੇ ਏਜੰਡੇ 'ਤੇ (ਨੀਤੀਆਂ ਪੱਖੋਂ) ਅਮਲ ਕਰ ਰਹੀ ਸੀ। ਸੜਕਾਂ 'ਤੇ ਭਾਰਤੀ ਲੋਕਾਂ ਦੀ ਏਕਤਾ ਨੂੰ ਫ਼ਿਰਕੂ ਕਤਾਰਬੰਦੀ ਦੇ ਅਧਾਰ 'ਤੇ ਸਦੀਵੀਂ ਤੌਰ 'ਤੇ ਲੀਰੋ-ਲੀਰ ਕਰਨ ਲਈ ਆਰ.ਐਸ.ਐਸ. ਦੀ ਅਗਵਾਈ 'ਚ ਫ਼ਿਰਕੂ ਖਰੂਦੀ ਨਫ਼ਰਤ ਦਾ ਨੰਗਾ ਨਾਚ ਨੱਚ ਰਹੇ ਸਨ। ਸਾਰਾ ਅਮਲ ਉਹ ਵੀ ਸਾਮਰਾਜ ਦੇ ਅਜੰਡੇ ਅਨੁਸਾਰ ਹੀ ਕਰ ਰਹੇ ਸਨ। ਰਾਜ ਭਾਗ 'ਤੇ ਕਾਬਜ਼ ਲੋਕ ਭਾਰਤੀ ਲੋਕਾਂ ਦੇ ਮੂੰਹੋਂ ਅੱਧੀ ਪਚੱਧੀ ਬੁਰਕੀ ਖੋਹਣ ਅਤੇ ਦੇਸ਼ ਦੀ ਸਵੈਨਿਰਭਰਤਾ ਨੂੰ ਸਾਮਰਾਜੀਆਂ ਕੋਲ ਗਹਿਣੇ ਕਰਨ ਦਾ ਕਾਰਜ ਨਿਭਾਅ ਰਹੇ ਸਨ। ਬਾਹਰ ਫ਼ਿਰਕੂ ਟੋਲੇ ਲੋਕਾਂ ਦਾ ਧਿਆਨ ਇਸ ਘੋਰ ਪਾਪ ਤੋਂ ਲਾਂਭੇ ਕਰਨ ਲਈ ਲੋਕਾਂ ਨੂੰ ਰਾਮ ਤੇ ਅੱਲ੍ਹਾ ਦੇ ਨਾਂਅ 'ਤੇ , ਬਾਬਰੀ ਮਸਜ਼ਿਦ ਤੇ ਰਾਮ ਮੰਦਰ ਦੇ ਨਾਂਅ 'ਤੇ ਲੜਾਅ ਰਹੇ ਸਨ। ਦੇਸ਼ ਦੀਆਂ ਨੀਹਾਂ ਖੋਖਲੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਲੋਕਾਂ ਦੀ ਬੁੱਧੀ ਕੇਂਦਰਿਤ ਕੀਤੀ ਜਾ ਰਹੀ ਸੀ ਰਾਮ ਦਾ ਨਾਂਅ ਲਿਖੀਆਂ ਇੱਟਾਂ ਉੱਪਰ। ਇੰਜ ਅਸੀਂ ਦੇਖਦੇ ਹਾਂ ਕਿ ਨਵੀਆਂ ਆਰਥਕ ਸਨੱਅਤੀ ਨੀਤੀਆਂ ਦੇ ਲਾਗੂ ਹੋਣ ਅਤੇ ਫ਼ਿਰਕਾਪ੍ਰਸਤੀ ਦੀ ਅੱਗ ਦੀਆਂ ਘ੍ਰਿਣਤ ਲਾਟਾਂ ਦਾ ਉੱਚੀਆਂ ਤੋਂ ਉਚੇਰੀਆਂ ਹੁੰਦੇ ਜਾਣਾ ਨਾਲੋ ਨਾਲ ਹੀ ਵਾਪਰਿਆ। ਮਕਸਦ ਦੋਹਾਂ ਵਰਤਾਰਿਆਂ ਦਾ ਇੱਕੋ ਹੀ ਸੀ, ਸਾਮਰਾਜ ਦੇ ਸੂਤ ਬੈਠਣ ਵਾਲਾ ਨੀਤੀ ਪੈਂਤੜਾ ਸਿਰੇ ਚਾੜ੍ਹਣਾ।
ਉਕਤ ਸਭ ਕੁੱਝ ਦੇ ਵਾਪਰਨ ਤੋਂ ਬਾਅਦ ਕਾਇਮ ਹੋਈ ਹੈ, ਅੰਗਰੇਜ ਸਾਮਰਾਜ ਦੇ ਸੱਭ ਤੋਂ ਵੱਡੇ ਚਾਕਰ ਵਜੋਂ ''ਚੋਖਾ'' ਨਾਮਣਾ ਖੱਟ ਚੁੱਕੇ ਆਰ.ਐਸ.ਐਸ., ਦੀਆਂ ਨੰਗੀਆਂ ਚਿੱਟੀਆਂ ਹਿਦਾਇਤਾਂ ਤਹਿਤ ਚੱਲ ਰਹੀ, ਅੱਜ ਤੱਕ ਦੀ ਸੱਭ ਤੋਂ ਵਧੇਰੇੇ ਪਿਛਾਂਹਖਿੱਚੂ 'ਤੇ ਲੋਕ ਵਿਰੋਧੀ ਮੋਦੀ ਸਰਕਾਰ।
70 ਸਾਲਾਂ ਤੋਂ ਲੋਕਾਂ ਦੀਆਂ ਅਧੂਰੀਆਂ ਸੱਧਰਾਂ 'ਤੇ ਤਾਂ ਨਵਉਦਾਰਵਾਦੀ ਨੀਤੀਆਂ ਦੀ ਹੁਣ ਤੱਕ ਦੀ ਸੱਭ ਤੋਂ ਵੱਡੀ ਪੈਰੋਕਾਰ ਮੋਦੀ ਹਕੂਮਤ ਪੋਚਾ ਫ਼ੇਰ ਹੀ ਚੁੱਕੀ ਹੈ। ਹੁਣ ਤੱਕ ਲੋਕਾਂ ਨੂੰ ਹਾਸਲ ਜਮਹੂਰੀ 'ਤੇ ਮਨੁੱਖੀ ਅਧਿਕਾਰਾਂ ਦਾ ਵੀ ਇਸ ਸਰਕਾਰ ਨੇ ਮਰ੍ਹਸੀਆ ਪੜ੍ਹ ਦਿੱਤਾ ਹੈ। ਆਜਾਦੀ ਪ੍ਰਾਪਤੀ ਤੋਂ ਬਾਅਦ ਹੁੰਦੀਆਂ ਰਹੀਆਂ ਹਿੰਸਕ ਮੰਦਭਾਗੀਆਂ ਫ਼ਿਰਕੂ ਝੜਪਾਂ ਦੇ ਬਾਵਜੂਦ ਵੀ ਚੱਲੀ ਆ ਰਹੀ ਦੇਸ਼ਵਾਸੀਆਂ ਦੀ ਸਾਂਝੀਵਾਲਤਾ ਦਾ ਮੁਕੰਮਲ ਖਾਤਮਾ ਇਸ ਸਰਕਾਰ ਦਾ ਸੱਭ ਤੋਂ ਵੱਡਾ ਨਿਸ਼ਾਨਾ ਹੈ।
ਅਸੀਂ ਇਸ ਪੱਕੀ ਰਾਏ ਦੇ ਹਾਂ ਕਿ ਜੇ ਉਪਰੋਕਤ ਨਵਉਦਾਰਵਾਦੀ ਨੀਤੀਆਂ ਜਾਰੀ ਰਹੀਆਂ ਅਤੇ ਫ਼ਿਰਕੂ ਸ਼ਕਤੀਆਂ ਨੂੰ ਲੋਕਾਂ 'ਚੋਂ ਪੂਰੀ ਤਰ੍ਹਾਂ ਨਾ ਨਿਖੇੜਿਆ ਗਿਆ ਤਾਂ 15 ਅਗਸਤ 1947 ਨੂੰ ਪ੍ਰਾਪਤ ਹੋਈ ਆਜਾਦੀ ਦਾ ਕੋਈ ਅਰਥ ਜਾਂ ਵਜ਼ੂਦ ਹੀ ਨਹੀਂ ਰਹਿਣਾ।
ਲੋਕਾਈ ਨੂੰ ਦੇਸ਼ ਦੀ ਆਜਾਦੀ, ਪ੍ਰਭੂਸਤਾ, ਭਾਈਚਾਰਕ ਏਕਤਾ, ਮਨੁੱਖੀ ਅਤੇ ਜਮਹੂਰੀ ਅਧਿਕਾਰਾਂ ਅਤੇ ਰੋਜੀ-ਰੋਟੀ ਦੀ ਰਾਖੀ ਦਾ ਵੱਡਾ ਸੰਗਰਾਮ ਲੜਨਾ ਪੈਣਾ ਹੈ। ਇਸ ਸੰਗਰਾਮ ਦੀ ਅਗਵਾਈ ਬਿਨਾਂ ਸ਼ਕ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ ਸਿਰਜਣ ਦੀਆਂ ਚਾਹਵਾਨ ਸ਼ਕਤੀਆਂ ਨੂੰ ਕਰਨੀ ਪਵੇਗੀ। ਹੋਰ ਕੋਈ ਵਿਚ-ਵਿਚਾਲੇ ਦਾ ਰਸਤਾ ਨਹੀਂ ਹੈ। ਸੱਧਰਾਂ ਦੇ ਕਾਤਲ ਸਾਮਰਾਜੀ ਅਜੰਡੇ ਵਿਰੁੱਧ ਉਚੇਰੇ ਪੜਾਅ ਵੱਲ ਸਮਾਜਕ ਤਬਦੀਲੀ ਦਾ ਮਾਨਵਵਾਦੀ ਅਜੰਡਾ ਹੀ ਭਾਰਤੀ ਲੋਕਾਂ ਸਾਹਵੇਂ ਇੱਕੋ-ਇੱਕ ਬਦਲ ਹੈ।                     
- ਮਹੀਪਾਲ

No comments:

Post a Comment