Wednesday 20 September 2017

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਸਤੰਬਰ 2017)

ਰਵੀ ਕੰਵਰ
ਚਾਰਲੋਟਿਸਵਿਲੇ ਦੀ ਘਟਨਾ ਨੇ ਕੀਤਾ ਡੋਨਾਲਡ ਟਰੰਪ ਦੇ ਗੋਰੇ ਨਸਲਵਾਦੀ ਚਿਹਰੇ ਦਾ ਪਰਦਾਫਾਸ਼ 
ਅਮਰੀਕਾ ਦੇ ਵਿਰਜੀਨੀਆ ਪ੍ਰਾਂਤ ਦੇ ਕਸਬੇ ਚਾਰਲੋਟਿਸਵਿਲੇ ਵਿਚ ਵਾਪਰੀਆਂ 11-12 ਅਗਸਤ ਦੀਆਂ ਘਟਨਾਵਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਸਲਵਾਦੀ ਚਿਹਰੇ ਨੂੰ ਪੂਰੀ ਤਰ੍ਹਾਂ ਦੁਨੀਆਂ ਸਾਹਮਣੇ ਨੰਗਾ ਕਰਕੇ ਪੇਸ਼ ਕਰ ਦਿੱਤਾ ਹੈ।
ਵਿਰਜੀਨੀਆ ਯੂਨੀਵਰਸਿਟੀ ਦੇ ਦੁਆਲੇ ਵਸੇ ਇਸ ਕਸਬੇ ਦੀ ਆਬਾਦੀ ਸਿਰਫ 46,000 ਹੈ। ਇਸ ਯੂਨੀਵਰਸਿਟੀ ਵਿਚ 22000 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਇਸ ਵਿਚ ਸਥਿਤ ਪਾਰਕ ਵਿਚ ਕੁੱਝ ਬੁੱਤ ਲੱਗੇ ਹੋਏ ਹਨ। ਇਨ੍ਹਾਂ ਬੁੱਤਾਂ ਵਿਚ, ਕਨਫੈਡਰੇਸੀ ਦੇ ਪ੍ਰਮੁੱਖ ਫੌਜੀ ਜਨਰਲ ਰੋਬਰਟ ਈ. ਲੀ, ਇਕ ਹੋਰ ਕਨਫੈਡਰੇਸੀ ਜਨਰਲ ਸਟੋਨਵਾਲ ਜੈਕਸਨ ਅਤੇ ਵਿਅਤਨਾਮ ਦੇ ਯੁੱਧ ਨਾਲ ਸਬੰਧਤ ਫੌਜੀ ਜਨਰਲਾਂ ਦੇ ਬੁੱਤ ਸ਼ਾਮਲ ਹਨ। ਇਸ ਪਾਰਕ ਦਾ ਨਾਂਅ ਵੀ ਪਹਿਲਾਂ ਜਨਰਲ ਲੀ ਦੇ ਨਾਂਅ 'ਤੇ 'ਲੀ ਪਾਰਕ' ਸੀ, ਜਿਸਨੂੰ ਬਾਅਦ ਵਿਚ ਸਥਾਨਕ ਸਿਟੀ ਕੌਂਸਲ ਨੇ ਬਦਲਕੇ 'ਮੁਕਤੀ ਪਾਰਕ' ਕਰ ਦਿੱਤਾ ਸੀ। ਚਾਰਲੋਟਿਸਵਿਲੇ ਜਮਹੂਰੀ ਤੇ ਉਦਾਰਵਾਦੀ ਰੁਝਾਨ ਰੱਖਣ ਵਾਲੇ ਲੋਕਾਂ ਦਾ ਇਲਾਕਾ ਹੈ। ਇਸ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਭਾਵ ਵਾਲੇ ਖੇਤਰ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਪਿਛਲੇ ਸਮੇਂ ਵਿਚ ਸਥਾਨਕ ਲੋਕਾਂ ਵਲੋਂ ਚਲਾਈ ਗਈ ਇਕ ਮੁਹਿੰਮ ਦੇ ਸਿੱਟੇ ਵਜੋਂ ਹੀ ਇਸ ਪਾਰਕ ਦਾ ਨਾਂਅ ਬਦਲਿਆ ਗਿਆ ਸੀ ਅਤੇ ਉਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅਮਰੀਕਾ ਵਿਚ 19 ਵੀਂ ਸਦੀ ਵਿਚ ਗੁਲਾਮਦਾਰੀ ਪ੍ਰਥਾ ਨੂੰ ਖਤਮ ਕਰਨ ਦੇ ਵਿਰੁੱਧ ਚੱਲੇ ਅੰਦੋਲਨ, ਜਿਸਨੇ ਬਾਅਦ ਵਿਚ ਗ੍ਰਹਿ ਯੁੱਧ ਦਾ ਰੂਪ ਧਾਰਨ ਕਰ ਲਿਆ ਸੀ, ਦੇ ਪ੍ਰਤੀਕ ਜਨਰਲ ਰੋਬਰਟ ਈ.ਲੀ  ਦੇ ਬੁੱਤ ਨੂੰ ਹਟਾਉਣ ਲਈ ਮੁਹਿੰਮ ਚਲਾਈ ਗਈ ਸੀ। ਜਿਸਦੇ ਸਿੱਟੇ ਵਜੋਂ ਸਥਾਨਕ ਕੌਂਸਲ ਨੇ ਜਮਹੂਰੀ ਢੰਗ ਨਾਲ ਚੱਲੀ ਲੰਬੀ ਪ੍ਰਕਿਰਿਆ ਤੋਂ ਬਾਅਦ ਜਨਰਲ ਰਾਬਰਟ ਈ.ਲੀ ਦੇ ਬੁੱਤ ਨੂੰ ਹਟਾਉਣ ਜਾ ਫੈਸਲਾ ਕਰ ਲਿਆ ਸੀ।
ਇੱਥੇ ਇਹ ਵਰਨਣਯੋਗ ਹੋ ਕਿ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ ਲਿੰਕਨ 19ਵੀਂ ਸਦੀ ਵਿਚ, 1861 ਵਿਚ ਦੇਸ਼ ਦੇ 16ਵੇਂ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਨੇ ਗੁਲਾਮ ਪ੍ਰਥਾ ਨੂੰ ਖਤਮ ਕਰਦੇ ਹੋਏ ਕਾਨੂੰਨ ਪਾਸ ਕਰ ਦਿੱਤਾ ਸੀ। ਜਿਸਦੇ ਵਿਰੁੱਧ ਦੇਸ਼ ਦੇ ਦਖੱਣ ਵਿਚ ਸਥਿਤ 7 ਸੂਬੇ ਜਿਹੜੇ ਗੁਲਾਮ ਪ੍ਰਥਾ ਨੂੰ ਕਾਇਮ ਰੱਖਣ ਦੇ ਹਾਮੀ ਸਨ, ਨੂੰ 'ਕੰਨਫੈਡਰੇਟ ਸਟੇਟਸ ਆਫ ਅਮਰੀਕਾ' ਕਿਹਾ ਜਾਂਦਾ ਸੀ ਅਤੇ ਸੰਖੇਪ ਵਿਚ ਕੰਨਫੈਡਰੇਟ। ਅਸਲ ਵਿਚ ਕੰਨਫੈਡਰੇਸੀ ਫੌਜ ਭਾਵ ਗੁਲਾਮ ਪ੍ਰਥਾ ਨੂੰ ਖਤਮ ਕਰਨ ਦੇ ਅਗਾਂਹਵਧੂ ਨਿਰਣੇ ਵਿਰੁੱਧ ਲੜਨ ਵਾਲੀ ਸੱਜ-ਪਿਛਾਖੜੀ ਫੌਜ ਸੀ। ਜਿਸਦਾ ਮੁੱਖ ਆਧਾਰ ਗੋਰੇ ਨਸਲਵਾਦ ਦੀ ਪ੍ਰੋੜ੍ਹਤਾ ਕਰਨ ਅਤੇ ਅਫਰੀਕਾ ਤੋਂ ਲਿਆਂਦੇ ਗਏ ਕਾਲੇ ਅਫਰੀਕੀ ਲੋਕਾਂ ਨੂੰ ਗੁਲਾਮ ਬਣਾਕੇ ਰੱਖਣਾ ਸੀ। ਅਜਿਹੇ ਸੱਜ ਪਿਛਾਖੜੀ ਗੋਰੇ ਨਸਲਵਾਦ ਲਈ ਲੜਨ ਵਾਲੇ ਜਰਨੈਲਾਂ ਵਿਚੋਂ ਮੁੱਖ ਜਰਨੈਲ ਰਾਬਰਟ ਈ.ਲੀ ਸੀ।
ਇਸ ਬੁੱਤ ਨੂੰ ਹਟਾਉਣ ਦੇ ਫੈਸਲੇ ਨਾਲ ਜਿੱਥੇ ਸਥਾਨਕ ਲੋਕਾਂ ਵਿਚ ਖੁਸ਼ੀ ਸੀ, ਉੱਥੇ ਹੀ ਦੇਸ਼ ਵਿਚ ਗੋਰੇ ਨਸਲਵਾਦੀ ਇਸ ਨਾਲ ਭੜਕ ਉੱਠੇ ਸਨ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਨਣ ਤੋਂ ਬਾਅਦ ਇਸ ਲਹਿਰ ਨੂੰ ਹੋਰ ਵਧੇਰੇ ਬਲ ਮਿਲ ਗਿਆ ਹੈ। ਕਿਉਂਕਿ ਟਰੰਪ ਨੇ ਅਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਗੋਰੇ ਨਸਲਵਾਦ ਨੂੰ 'ਅਮਰੀਕਾ ਫਰਸਟ' ਦਾ ਨਾਅਰਾ ਦਿੰਦੇ ਹੋਏ ਮੁੱਦੇ ਦੇ ਰੂਪ ਵਿਚ ਉਭਾਰਿਆ ਸੀ। ਇਸਦਾ ਹੀ ਸਿੱਟਾ ਸੀ ਕਿ ਮਈ ਮਹੀਨੇ ਵਿਚ ਨਾਜੀਵਾਦੀ ਆਗੂ ਜੇਸਨ ਕੈਸਲਰ ਦੀ ਅਗਵਾਈ ਵਿਚ ਕੁੱਝ-ਕੁ ਫਾਸ਼ੀਵਾਦੀ ਕਾਰਕੂੰਨਾਂ ਨੇ ਚਾਰਲੋਟਿਸਵਿਲੇ ਵਿਚ ਜਨਰਲ ਰਾਬਰਟ ਈ.ਲੀ ਦੇ ਬੁੱਤ ਦੇ ਹੱਕ ਵਿਚ ਮਾਰਚ ਕੀਤਾ ਸੀ। ਇਸੇ ਤਰ੍ਹਾਂ ਬਦਨਾਮ ਨਾਜੀਵਾਦੀ ਗਰੁੱਪ ਕੂ-ਕਲਕਸ-ਕਲੈਨ ਨੇ ਵੀ ਜੁਲਾਈ ਮਹੀਨੇ ਵਿਚ ਇਕ ਰੈਲੀ ਕੀਤੀ ਸੀ, ਜਿਸ ਵਿਚ ਇਸ ਮੁੱਦੇ ਨੂੰ ਉਭਾਰਿਆ ਗਿਆ ਸੀ। ਇੱਥੇ ਇਹ ਨੋਟ ਕਰਨ ਯੋਗ ਹੈ ਕਿ ਕਈ ਦਹਾਕਿਆਂ ਬਾਅਦ ਟਰੰਪ ਦੇ ਰਾਸ਼ਟਰਪਤੀ ਬਨਣ ਤੋਂ ਬਾਅਦ ਇਸ ਧੁਰ ਨਾਜੀਵਾਦੀ ਗਰੁੱਪ ਨੇ ਮੁੜ ਅਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹਨ।
ਇਸ ਬੁੱਤ ਨੂੰ ਹਟਾਉਣ ਦੇ ਸਥਾਨਕ ਕੌਂਸਲ ਦੇ ਫੈਸਲੇ ਵਿਰੁੱਧ 11 ਅਗਸਤ ਨੂੰ ਵਿਰਜੀਨੀਆ ਯੂਨੀਵਰਸਿਟੀ ਵਿਚ ਆਕੇ ਗੋਰੇ ਨਸਲਵਾਦੀ ਨਾਜੀਵਾਦੀਆਂ ਨੇ ਇਕ ਮਸ਼ਾਲ ਜਲੂਸ ਕੱਢਿਆ ਸੀ, ਜਿਸ ਵਿਚ ਨਾਜੀਵਾਦੀ ਨਾਅਰਿਆਂ ਦੇ ਨਾਲ-ਨਾਲ ਪ੍ਰਵਾਸੀਆਂ ਵਿਰੁੱਧ ਵੀ 'ਵੰਨ ਪੀਪਲ, ਵੰਨ ਨੇਸ਼ਨ, ਸਟੋਪ ਇਮੀਗ੍ਰੇਸ਼ਨ' ਵਰਗੇ ਨਾਅਰੇ ਲਾਏ ਜਾ ਰਹੇ ਸਨ। 12 ਅਗਸਤ ਨੂੰ ਤਾਂ ਸਬੇਰੇ ਹੀ ਦਰਜਨਾਂ ਦੀ ਤਦਾਦ ਵਿਚ ਫਾਸ਼ੀਵਾਦੀ ਵਰਦੀਧਾਰੀ ਗਰੁਪਾਂ ਨੇ 50000 ਦੀ ਅਬਾਦੀ ਵਾਲੇ ਇਸ ਸ਼ਹਿਰ ਉੱਤੇ ਕਬਜਾ ਹੀ ਕਰ ਲਿਆ ਸੀ। ਸੈਂਕੜਿਆਂ ਦੀ ਗਿਣਤੀ ਵਿਚ ਬੰਦੂਕਾਂ, ਚਾਕੂਆਂ ਅਤੇ ਹੋਰ ਹਥਿਆਰਾਂ ਨਾਲ ਲੈਸ ਫਾਸ਼ੀਵਾਦੀ ਸ਼ਹਿਰ ਵਿਚ ਹਰਲ-ਹਰਲ ਫਿਰਦੇ ਹੋਏ ਸਥਾਨਕ ਲੋਕਾਂ ਨੂੰ ਲੱਭ-ਲੱਭਕੇ ਕੁੱਟਮਾਰ ਰਹੇ ਸਨ ਅਤੇ ਪੁਲਸ ਮੂਕ ਦਰਸ਼ਕ ਬਣਕੇ ਦੇਖ ਰਹੀ ਸੀ। ਉਹ ਬੁੱਤ ਨੂੰ ਹਟਾਉਣ ਦੇ ਹੱਕ ਵਿਚ ਇੱਕਠੇ ਹੋਏ ਸਥਾਨਕ ਲੋਕਾਂ ਨੂੰ ਕੁਟਮਾਰ ਰਹੇ ਸਨ। ਇਸੇ ਦੌਰਾਨ ਇਕ ਨਾਜੀਵਾਦੀ ਕਾਰਕੁੰਨ ਨੇ ਬੁੱਤ ਹਟਾਉਣ ਦੇ ਸਮਰਥਕਾਂ ਦੇ ਇੱਕਠ 'ਤੇ ਕਾਰ ਚੜ੍ਹਾਕੇ ਇਕ 32 ਸਾਲਾ ਕਾਰਕੁੰਨ ਹੀਥਰ ਡੀ ਹੇਅਰ ਨੂੰ ਦਰੜ ਕੇ ਮਾਰ ਦਿੱਤਾ ਸੀ ਅਤੇ 19 ਸਖਤ ਜਖ਼ਮੀ ਹੋਏ ਸਨ। ਇਸ ਕਾਰ ਦਾ ਚਾਲਕ ਹਿਟਲਰ ਪ੍ਰਸਤ ਜੇਮਜ ਫੀਲਡਜ ਜੂਨੀਅਰ ਸੀ ਜਿਹੜਾ ਮੌਮੀ ਤੋਂ ਨਾਜੀਆਂ ਦੇ ਇਸ ਇਕੱਠ ਵਿਚ ਭਾਗ ਲੈਣ ਆਇਆ ਸੀ। ਗੋਰੇ ਨਸਲਵਾਦੀਆਂ ਦੇ ਇਸ ਘਿਨੌਣੇ ਕਾਰੇ ਵਿਰੁੱਧ ਸਮੁੱਚੇ ਦੇਸ਼ ਵਿਚ ਰੋਸ ਫੈਲ ਗਿਆ ਹੈ।
ਰਾਸ਼ਟਰਪਤੀ ਟਰੰਪ ਨੇ 12 ਅਗਸਤ ਨੂੰ ਅਪਣੇ ਟਵਿਟਰ 'ਤੇ ਇਕ ਪੋਸਟ ਜਾਰੀ ਕਰਦੇ ਹੋਏ ਕਿਹਾ ਸੀ-''ਸਾਨੂੰ ਸਭ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਉਸ ਸਭ ਦੀ ਨਿੰਦਾ ਕਰਨੀ ਚਾਹੀਦੀ ਹੈ ਜਿਸ ਨਾਲ ਨਫਰਤ ਪੈਦਾ ਹੁੰਦੀ ਹੈ। ਅਮਰੀਕਾ ਵਿਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ। ਆਓ ਅਸੀਂ ਸਭ ਇਕ ਹੋ ਜਾਈਏ।'' ਪਰ ਬਾਅਦ ਵਿਚ ਆਮ ਜਨਤਾ ਅਤੇ ਖਾਸ ਕਰਕੇ ਕਾਰਪੋਰੇਟ ਖੇਤਰ ਦੇ ਕੁੱਝ ਪ੍ਰਤੀਨਿਧਾਂ ਦੇ ਅਸਤੀਫਿਆਂ ਤੋਂ ਬਾਅਦ ਗੋਰੇ ਨਸਲਵਾਦੀਆਂ ਦੀ, ਵਿਸ਼ੇਸ਼ ਕਰਕੇ ਨਿੰਦਾ ਕੀਤੀ ਸੀ। ਪਰੰਤੂ ਮੰਗਲਵਾਰ 14 ਅਗਸਤ ਨੂੰ ਉਹ ਅਪਣੇ ਅਸਲੀ ਰੰਗ ਵਿਚ  ਮੁੜ ਆ ਗਿਆ ਸੀ। ਉਸਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ-''ਉਹ ਸਾਰੇ ਲੋਕ ਨਵ-ਨਾਜ਼ੀ ਨਹੀਂ ਸਨ। ਉਹ ਸਾਰੇ ਲੋਕ ਗੋਰੇ ਨਸਲਪ੍ਰਸਤ ਵੀ ਨਹੀਂ ਸਨ। ਹਿੰਸਾ ਦਾ ਜਿੰਮਾ ਖੱਬੇ ਪੱਥੀਆਂ 'ਤੇ ਵੀ ਹੈ ਜਿਹੜੇ ਗੋਰੇ ਨਸਲਵਾਦੀਆਂ ਦਾ ਵਿਰੋਧ ਕਰ ਰਹੇ ਸਨ।'' ਉਸਨੇ ਅੱਗੇ ਕਿਹਾ-''ਇਸ ਮਾਮਲੇ ਵਿਚ ਇਕ ਹੋਰ ਧਿਰ ਵੀ ਹੈ।'', ''ਇਕ ਹੋਰ ਗਰੁੱਪ ਇਸ ਪਾਸੇ ਹੈ ਜਿਸਨੂੰ ਸਿਰਫ ਤੁਸੀਂ ਖੱਬੇ ਪੱਖੀ ਕਹਿੰਦੇ ਹੋ, ਉਹ ਹਿੰਸਕ ਰੂਪ ਵਿਚ ਆਏ ਅਤੇ ਉਨ੍ਹਾਂ ਦੇ ਦੂਜੇ ਗਰੁੱਪ (ਨਸਲਵਾਦੀਆਂ) 'ਤੇ ਹਮਲਾ ਕਰ ਦਿਤਾ।'' ਇਹ ਹੈ ਟਰੰਪ ਦਾ ਅਸਲੀ ਚਿਹਰਾ ਜਿਹੜਾ ਉਸਨੇ ਪੂਰੇ ਜੋਰ ਨਾਲ ਪੇਸ਼ ਕੀਤਾ।
ਟਰੰਪ ਨੇ ਉਹ ਸਭ ਕੁੱਝ ਦੇਖਣ ਤੋਂ ਸਾਫ ਇੰਨਕਾਰ ਕਰ ਦਿੱਤਾ ਜਿਹੜਾ ਸਮੁੱਚੀ ਦੁਨੀਆਂ ਦੇ ਲੋਕਾਂ ਨੇ ਅਪਣੇ ਟੀ.ਵੀ. ਸਕਰੀਨਾਂ 'ਤੇ ਦੇਖਿਆ-ਕਾਲਜ ਕੈਂਪਸ ਵਿਚ ਮਸ਼ਾਲਾਂ ਲੈ ਕੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਮਾਰਚ ਕਰਦੇ ਗੋਰੇ ਨਸਲਵਾਦੀ, ਅਗਲੇ ਦਿਨ ਇਨ੍ਹਾਂ ਹਿਟਲਰ ਦੇ ਸਮਰਥਕਾਂ ਵਲੋਂ ਕੀਤੀ ਗਈ ਰੈਲੀ ਅਤੇ ਨਾਜ਼ੀਪੱਖੀ ਨਾਅਰੇ, ਚਾਰਲੋਟਿਸਵਿਲੇ ਦੀਆਂ ਗਲੀਆਂ ਵਿਚ ਹਰਲ-ਹਰਲ ਕਰਦੇ ਘੁੰਮ ਰਹੇ ਇਨ੍ਹਾਂ ਨਸਲਪ੍ਰਸਤਾਂ ਦੇ ਹਥਿਆਰਬੰਦ ਟੋਲੇ ਜਿਹੜੇ ਉਨ੍ਹਾਂ ਦਾ ਅਮਨਪੂਰਵਕ ਵਿਰੋਧ ਕਰ ਰਹੇ ਮੁਜਾਹਰਾਕਾਰੀਆਂ ਨੂੰ ਕੁਟ-ਮਾਰ ਰਹੇ ਸਨ।
ਟਰੰਪ ਉਸ ਵੇਲੇ ਤਾਂ ਚਾਰਲੋਟਿਸਵਿਲੇ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਇਨ੍ਹਾਂ ਗੋਰੇ ਨਸਲਵਾਦੀਆਂ ਨਾਲ ਬਿਨਾਂ ਕਿਸੇ ਸੰਗ ਸ਼ਰਮ ਦੇ ਖਲੋ ਗਿਆ ਜਦੋਂ ਉਸਨੇ ਕਿਹਾ-''ਉਥੇ ਬਹੁਤ ਸਾਰੇ ਲੋਕ ਉਹ ਸਨ ਜਿਹੜੇ ਰਾਬਰਟ ਈ.ਲੀ. ਦੇ ਬੁੱਤ ਨੂੰ ਹਟਾਉਣ ਦੇ ਪੱਖ ਵਿਚ ਮੁਜਾਹਰਾ ਕਰ ਰਹੇ ਸਨ। ਇਸ ਹਫਤੇ, ਇਹ ਰਾਬਰਟ ਈ.ਲੀ ਦਾ ਬੁੱਤ ਹਟਾਉਣ ਦੀ ਮੰਗ ਕਰ ਰਹੇ ਹਨ, ਅਗਲੇ ਹਫਤੇ ਉਹ ਸਟੋਨਵਾਲ ਜੈਕਸਨ ਦਾ ਬੁੱਤ ਹਟਾਉਣ ਦੀ ਮੰਗ ਕਰਨਗੇ, ਅੱਗੇ ਉਹ ਜਾਰਜ ਵਸ਼ਿੰਗਟਨ ਦਾ? ਇਹ ਸਿਲਸਿਲਾ ਕਿੱਥੇ ਜਾਕੇ ਰੁਕੇਗਾ?'' ਇਸ ਤਰ੍ਹਾਂ ਟਰੰਪ ਖੁਦ ਵੀ ਗੋਰੇ ਨਸਲਪ੍ਰਸਤਾਂ ਦੇ ਨਾਲ ਭਾਵ 19 ਵੀਂ ਸਦੀ ਵਿਚ ਗੁਲਾਮ ਪ੍ਰਥਾ ਨੂੰ ਖਤਮ ਕਰਨ ਦਾ ਵਿਰੋਧ ਕਰਨ ਵਾਲੇ ਲੋਕਾਂ ਨਾਲ ਖਲ੍ਹੋ ਗਿਆ ਹੈ।
ਡੋਨਾਲਡ ਟਰੰਪ ਦੇ ਇਸ ਬਿਆਨ ਦਾ ਦੇਸ਼ ਭਰ ਵਿਚ ਬੜਾ ਜੋਰਦਾਰ ਵਿਰੋਧ ਹੋ ਰਿਹਾ ਹੈ। ਨਿਉਯਾਰਕ, ਸ਼ਿਕਾਗੋ, ਵਸ਼ਿੰਗਟਨ ਡੀ.ਸੀ,ਨਿਉ ਹਾਵੇਨ, ਡੈਟਰਾਇਟ, ਮਿਨੀਪੋਲਿਸ, ਮਿਆਮੀ, ਲਾਸ ਐਜੰਲਸ, ਸੀਏਟਲ, ਡਿਆਗੋ ਅਤੇ ਬੇਅ ਏਰੀਆ ਵਿਖੇ ਹਜਾਰਾਂ ਲੋਕਾਂ ਵਲੋਂ ਰੈਲੀਆਂ, ਮੁਜਾਹਰੇ ਤੇ ਮੋਮਬੱਤੀ ਮਾਰਚ ਕੀਤੇ ਗਏ। ਬੋਸਟਨ, ਫਿਲਾਡੈਲਫੀਆ, ਪੇਨਸਿਲਵਾਨੀਆ ਵਿਚ ਵੀ ਹਜਾਰਾਂ ਲੋਕਾਂ ਨੇ ਮੁਜਾਹਰੇ ਕੀਤੇ ਹਨ। ਨਿਊਯਾਰਕ ਵਿਚ ਟਰੰਪ ਟਾਵਰ ਦੇ ਸਾਹਮਣੇ ਲੋਕਾਂ ਨੇ ਮੁਜਾਹਰਾ ਕੀਤਾ। ਦੁਰਹਮ ਵਿਖੇ ਤਾਂ ਇਕ ਆਜ਼ਾਦੀ ਘੁਲਾਟੀਆ, ਤਾਕੀਆਹ ਥੋਮਪਸਨ, ਵਿਰੋਧ ਪ੍ਰਗਟ ਕਰਦਾ ਹੋਇਆ ਇਕ ਕੰਨਫੈਡਰੇਸੀ ਬੁੱਤ ਉੱਤੇ ਚੜ੍ਹ ਗਿਆ ਜਿਸਨੂੰ ਪੁਲਸ ਨੇ ਗਿਰਫਤਾਰ ਕਰ ਲਿਆ। ਇੱਥੇ ਇਹ ਵਰਨਣਯੋਗ ਹੈ ਕਿ ਗੁਲਾਮ ਪ੍ਰਥਾ ਨੂੰ ਖਤਮ ਕਰਨ ਦਾ ਵਿਰੋਧ ਕਰਨ ਵਾਲੇ ਸੱਜ ਪਿਛਾਖੜੀ ਫੌਜੀ ਅਫਸਰਾਂ ਦੇ 700 ਤੋਂ ਵੀ ਵਧੇਰੇ ਬੁੱਤ ਅਮਰੀਕਾ ਵਿਚ ਅਜੇ ਵੀ ਲੱਗੇ ਹੋਏ ਹਨ।
ਚਾਰਲੋਟਿਸਵਿਲੇ ਦੀਆਂ ਘਟਨਾਵਾਂ ਨਾਲ ਡੋਨਾਲਡ ਟਰੰਪ ਦਾ ਜਿਹੜਾ ਗੋਰਾ ਨਸਲਵਾਦੀ ਚਿਹਰਾ ਸਾਹਮਣੇ ਆਇਆ ਹੈ ਉਸਦੀ ਕੌਮਾਂਤਰੀ ਪਧੱਰ 'ਤੇ ਨਿਖੇਧੀ ਹੋਈ ਹੈ, ਖਾਸ ਕਰਕੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਇਸ ਉੱਤੇ ਕਿੰਤੂ ਕੀਤਾ ਹੈ। ਦੇਸ਼ ਦੇ ਕਾਰਪੋਰੇਟ ਖੇਤਰ ਵਿਚ ਵੀ ਇਸਦਾ ਜੋਰਦਾਰ ਵਿਰੋਧ ਹੋਇਆ ਹੈ। ਬਹੁਕੌਮੀ ਆਟੋ ਮੋਬਾਇਲ ਕੰਪਨੀ 'ਜਨਰਲ ਇਲੈਕਟ੍ਰਿਕ' ਦੇ ਸੀ.ਈ.ਓ. ਜੈਫ ਇਮੈਲਟ ਨੇ ਇਸਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਦੇ ਹੋਏ ਮੈਨੂੰਫੈਕਚਰਿੰਗ ਬਾਰੇ ਟਰੰਪ ਦੀ ਸਲਾਹਕਾਰ ਕੌਂਸਿਲ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਕਈ ਹੋਰ ਉੱਘੇ ਕਾਰੋਬਾਰੀਆਂ ਨੇ ਇਸ ਕੌਂਸਲ ਤੋਂ ਰੋਸ ਵਜੋਂ ਅਸਤੀਫੇ ਦੇ ਦਿੱਤੇ ਹਨ। ਇਸ ਚੌਤਰਫਾ ਵਿਰੋਧ ਕਰਕੇ ਦੇਸ਼ ਵਿਚ ਵੀ ਨਸਲਵਾਦ ਤੇ ਨਾਜ਼ੀਵਾਦ ਵਿਰੋਧੀ ਸੰਘਰਸ਼ ਨੂੰ ਨਵਾਂ ਬਲ ਮਿਲਿਆ ਹੈ ਅਤੇ ਇਹ ਲਾਜ਼ਮੀ ਹੀ ਦੇਸ਼ ਵਿਚ ਗੋਰੇ ਨਸਲਵਾਦ  ਤੇ ਗੁਲਾਮਦਾਰੀ ਪ੍ਰਥਾ ਨੂੰ ਜਾਰੀ ਰਖੱਣ ਦੇ 700 ਤੋਂ ਵਧੇਰੇ ਪ੍ਰਤੀਕਾਂ ਨੂੰ ਹਟਾਉਣ ਦੇ ਮੁੱਦੇ ਦੇ ਰੂਪ ਵਿਚ ਉਭਰੇਗੀ ਅਤੇ ਇਸਦੇ ਸਿੱਟੇ ਵਜੋਂ ਹੋਣ ਵਾਲੇ ਨਾਜੀਵਾਦੀ ਹਮਲਿਆਂ ਦਾ ਟਾਕਰਾ ਕਰਨ ਲਈ ਸਮੁੱਚੇ ਜਮਹੂਰੀਅਤ ਪਸੰਦ ਲੋਕਾਂ ਨੂੰ ਇਕੱਜੁਟ ਹੋਣਾ ਪਵੇਗਾ।
(22-8-2017)


ਮਿਸਰ ਦੇ ਟੈਕਸਟਾਇਲ ਕਾਮਿਆਂ ਦਾ ਸੰਘਰਸ਼ਮੱਦ-ਪੂਰਬ ਏਸ਼ੀਆ ਦੇ ਦੇਸ਼ ਮਿਸਰ ਦੇ ਪ੍ਰਮੁੱਖ ਸਨਅਤੀ ਸ਼ਹਿਰ ਮਹਾਲਾ ਵਿਖੇ ਸਥਿਤ ਮਿਸਰ ਸਪਿਨਿੰਗ ਐਂਡ ਵੀਵਿੰਗ ਕੰਪਨੀ ਦੇ ਕਾਮੇ 5 ਅਗਸਤ ਤੋਂ ਹੜਤਾਲ 'ਤੇ ਹਨ। ਉਨ੍ਹਾਂ ਵਲੋਂ ਇਹ ਹੜਤਾਲ ਵਾਅਦੇ ਮੁਤਾਬਕ ਬੋਨਸ ਭੁਗਤਾਨ ਕਰਨ ਅਤੇ ਤਨਖਾਹਾਂ ਤੇ ਭੱਤਿਆਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਕੀਤੀ ਗਈ ਹੈ। ਦੇਸ਼ ਦੇ ਵੱਡੇ ਜਨਤਕ ਅਦਾਰਿਆਂ ਵਿਚੋਂ ਇਕ, ਇਸ ਕੰਪਨੀ ਕੰਪਲੈਕਸ ਵਿਚ 25000 ਕਾਮੇ ਕੰਮ ਕਰਦੇ ਹਨ। ਲਗਭਗ ਇਹ ਸਾਰੇ ਹੀ ਅਣਮਿਥੇ ਸਮੇਂ ਦੀ ਹੜਤਾਲ 'ਤੇ ਹਨ। ਟੈਕਸਟਾਇਲ ਇਕਾਈ-ਮਿਸਰ ਸਪਿਨਿੰਗ ਐਂਡ ਵੀਵਿੰਗ ਕੰਪਨੀ ਦੇ ਸਾਰੇ 16000 ਕਾਮੇ ਅਪਣੀਆਂ ਡਿਯੂਟੀਆਂ 'ਤੇ ਸ਼ਿਫਟਾਂ ਮੁਤਾਬਕ ਆਉਂਦੇ ਹਨ, ਪਰੰਤੂ ਹੜਤਾਲ 'ਤੇ ਰਹਿੰਦੇ ਹਨ।
ਹੜਤਾਲ ਦਾ ਫੌਰੀ ਕਾਰਨ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਹੋਇਆ ਅਥਾਹ ਵਾਧਾ ਬਣਿਆ। ਸਰਕਾਰ ਨੇ ਈਂਧਣ ਦੀਆਂ ਕੀਮਤਾਂ ਵਿਚ 50% ਦਾ ਵਾਧਾ ਕਰ ਦਿੱਤਾ ਅਤੇ ਰਸੋਈ ਗੈਸ ਦੀ ਕੀਮਤਾਂ ਤਾਂ 100% ਹੀ ਵਧਾ ਦਿੱਤੀ ਹੈ। ਇਸੇ ਤਰ੍ਹਾਂ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵੀ ਚੋਖਾ ਵਾਧਾ ਹੋਇਆ ਹੈ। ਇਸਦੀ ਸ਼ਾਹਦੀ ਮਿਸਰ ਦੀ ਸਰਕਾਰ ਵਲੋਂ ਜਾਰੀ ਸਿੱਕੇ ਦੇ ਪਸਾਰੇ ਬਾਰੇ ਜਾਰੀ ਨਵੇਂ ਅੰਕੜੇ ਵੀ ਭਰਦੇ ਹਨ, ਜਿਨ੍ਹਾਂ ਅਨੁਸਾਰ ਇਕ ਮਹੀਨੇ ਅੰਦਰ ਹੀ ਇਹ 29.8 ਫੀਸਦੀ ਤੋਂ ਵੱਧਕੇ 33 ਫੀਸਦੀ ਹੋ ਗਈ ਹੈ। ਇਸਦਾ ਮੁਖ ਕਾਰਨ ਸਰਕਾਰ ਵਲੋਂ ਲਾਇਆ ਗਿਆ ਨਵਾਂ ਵੈਟ ਟੈਕਸ ਹੈ। ਜਿਸਦੇ ਸਿੱਟੇ ਵਜੋਂ ਮਹਿੰਗਾਈ ਵੱਧਣ ਕਰਕੇ ਆਮ ਲੋਕਾਂ ਦੇ ਜੀਵਨ ਪੱਧਰ 'ਤੇ ਕਾਫੀ ਸੱਟ ਵੱਜੀ ਹੈ।
ਇੱਥੇ ਵਰਨਣਯੋਗ ਹੈ ਕਿ ਫੌਜੀ ਤਾਨਾਸ਼ਾਹ ਅਲ-ਸੀਸੀ ਨੇ ਸੱਤਾ ਹਾਸਲ ਕਰਨ ਤੋਂ ਬਾਅਦ ਪਿਛਲੇ ਸਾਲ ਦੇ ਨਵੰਬਰ ਮਹੀਨੇ ਵਿਚ ਕੌਮਾਂਤਰੀ ਮੁਦਰਾ ਫੰਡ ਤੋਂ 9 ਬਿਲੀਅਨ ਪਾਊਂਡ ਦਾ ਕਰਜ਼ਾ ਲਿਆ ਸੀ। ਉਸ ਨਾਲ ਜੁੜੀਆਂ ਸ਼ਰਤਾਂ ਵਜੋਂ ਇਹ ਵੈਟ ਅਧਾਰਤ ਨਵਾਂ ਟੈਕਸ ਲਾਇਆ ਗਿਆ ਹੈ ਅਤੇ ਸਰਕਾਰ ਵਲੋਂ ਈਂਧਣ ਪੈਟਰੋਲ, ਡੀਜਲ ਤੇ ਰਸੋਈ ਗੈਸ ਆਦਿ ਦੀਆਂ ਪ੍ਰਬੰਧਕੀ ਕੀਮਤਾਂ ਵਿਚ ਅਥਾਹ ਵਾਧਾ ਕੀਤਾ ਹੈ। ਵਸਤਾਂ ਤੇ ਸੇਵਾਵਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਇਕ ਹੋਰ ਮਹੱਤਵਪੂਰਨ ਕਾਰਨ ਇਨ੍ਹਾਂ ਸ਼ਰਤਾਂ ਅਧੀਨ ਮਿਸਰ ਵਲੋਂ ਕੌਮਾਂਤਰੀ ਮੰਡੀ ਨਾਲ ਆਪਣਾ ਸਿੱਕਾ ਮਿਸਰੀ ਪਾਊਂਡ ਜੋੜਨਾ ਹੈ। ਇਸਦੇ ਜਾਰੀ ਕਰਦਿਆਂ ਹੀ ਮਿਸਰੀ ਪਾਊਂਡ ਦੀ ਅਸਲ ਕੀਮਤ ਅੱਧੀ ਰਹਿ ਗਈ ਅਤੇ ਇਹ ਪਿਛਲੇ ਦਿਸੰਬਰ ਵਿਚ 12 ਸਾਲ ਵਿਚ ਸਭ ਤੋਂ ਵਧੇਰੇ ਕੀਮਤਾਂ ਵਧੱਣ ਦਾ ਕਾਰਨ ਬਣਿਆ।
ਮਹਾਲਾ ਦੇ ਇਨ੍ਹਾਂ ਟੈਕਸਟਾਇਲ ਕਾਮਿਆਂ ਦੇ ਸੰਘਰਸ਼ਾਂ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। 2006 ਅਤੇ 2008 ਵਿਚ ਇਨ੍ਹਾਂ ਕਾਮਿਆਂ ਨੇ ਤਾਨਾਸ਼ਾਹ-ਹੋਸਨੀ ਮੁਬਾਰਕ ਦੇ ਕਾਰਜਕਾਲ ਦੌਰਾਨ ਸ਼ਾਨਦਾਰ ਸੰਘਰਸ਼ ਲੜੇ ਸਨ। 2011 ਦੀ ਅਰਬ-ਬਸੰਤ ਬਗਾਵਤ ਦੌਰਾਨ ਵੀ ਇਨ੍ਹਾਂ ਮਹਾਲਾ ਦੇ ਟੈਕਸਟਾਇਲ ਕਾਮਿਆਂ ਨੇ ਸ਼ਾਨਦਾਰ ਭੂਮਿਕਾ ਅਦਾ ਕੀਤੀ ਸੀ, ਜਿਸਦੇ ਸਿੱਟੇ ਵਜੋਂ ਹੋਸਨੀ-ਮੁਬਾਰਕ ਨੂੰ ਸੱਤਾ ਛੱਡਣੀ ਪਈ ਸੀ। ਮੁਸਲਿਮ ਬ੍ਰਦਰਹੁਡ, ਧਾਰਮਕ ਬੁਨਿਆਦਪ੍ਰਸਤ ਪਾਰਟੀ ਵਲੋਂ ਬਣੇ ਰਾਸ਼ਟਰਪਤੀ ਮੁਹੰਮਦ ਮੁਰਸੀ ਦੇ ਸੱਤਾਸੀਨ ਹੋਣ ਤੋਂ ਬਾਅਦ ਉਸਦੇ ਧਰਮ ਅਧਾਰਤ ਸ਼ਾਸਨ ਦਾ ਮਜ਼ਦੂਰ ਜਮਾਤ ਵਲੋਂ ਵਿਰੋਧ ਕੀਤੇ ਜਾਣ ਦੀ ਤਰਜਮਾਨੀ ਕਰਦੇ ਹੋਏ ਮਹਾਲਾ ਦੇ ਮਜਦੁੂਰਾਂ ਤੇ ਵਿਦਿਆਰਥੀਆਂ ਨੇ ਅਪਣੇ ਆਪ ਨੂੰ ''ਮੁਸਲਿਮ ਬ੍ਰਦਰਹੁਡ ਰਾਜ'' ਤੋਂ ਖੁਦਮੁਖਤਾਰ ਐਲਾਨ ਦਿੱਤਾ ਸੀ। ਜੁਲਾਈ 2013 ਵਿਚ ਫੌਜੀ ਜਨਰਲ ਅਲ-ਸੀਸੀ ਨੇ ਮੁਹੰਮਦ ਮੁਰਸੀ ਵਿਰੁੱਧ ਤਖਤਾ ਪਲਟ ਕਰਦੇ ਹੋਏ ਸੱਤਾ 'ਤੇ ਕਬਜਾ ਕਰ ਲਿਆ ਸੀ। ਇਹ ਫੌਜੀ ਤਾਨਾਸ਼ਾਹ ਵੀ ਮਜ਼ਦੂਰ ਜਮਾਤ 'ਤੇ ਅਪਣੇ ਹਮਲੇ ਨੂੰ ਹੋਰ ਵਧੇਰੇ ਤੇਜ ਕਰ ਰਿਹਾ ਹੈ। 22 ਮਈ ਨੂੰ ਤੌਰਾਹ ਸੀਮੈਂਟ ਕੰਪਨੀ ਦੇ ਕਾਹਿਰਾ ਵਿਚ ਸਥਿਤ ਕਾਰਖਾਨੇ ਵਿਚ ਹੜਤਾਲ ਨੂੰ ਸੁਰਖਿਆ ਬਲਾਂ ਵਲੋਂ ਹਿੰਸਕ ਹਮਲਾ ਕਰਕੇ ਤੋੜ ਦਿੱਤਾ ਗਿਆ ਸੀ ਅਤੇ 32 ਕਾਮਿਆਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਸੀ ।
ਮਹਾਲਾ ਦੇ ਟੈਕਸਟਾਇਲ ਮਜ਼ਦੂਰਾਂ ਦੀ ਇਹ ਹੜਤਾਲ ਜਿੱਥੇ  ਅਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਹੈ ਉੱਥੇ ਹੀ ਇਹ ਅਲ-ਸੀਸੀ ਦੀ ਫੌਜੀ ਤਾਨਾਸ਼ਾਹ ਸਰਕਾਰ ਵਿਰੁੱਧ ਵੀ ਸੰਘਰਸ਼ ਦਾ ਬਿਗਲ ਹੈ। ਕਾਮਿਆਂ ਵਲੋਂ ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ ਹੈ। ਇਨ੍ਹਾਂ ਕਿਰਤੀਆਂ ਦੇ ਆਗੂ ਫੈਸਲ ਲੋਕਸ਼ਾ ਵਲੋਂ 'ਅਰਹਾਮ ਆਨਲਾਇਨ' ਵੈਬ ਨਿਉਜ ਨੂੰ ਕਹੇ ਸ਼ਬਦਾਂ ਤੋਂ ਇਸਦੀ ਪੁਸ਼ਟੀ ਹੰਦੀ ਹੈ- ''ਅਸੀਂ ਪਿਛਲੇ ਇਕ ਹਫਤੇ ਫੈਕਟਰੀ ਦੇ ਅੰਦਰ ਛੋਟੀਆਂ-ਛੋਟੀਆਂ ਰੈਲੀਆਂ ਕੀਤੀਆਂ ਹਨ। ਇਸ ਦੇ ਬਾਵਜੂਦ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਇਸ ਤੋਂ ਬਾਅਦ ਅਸੀਂ ਹੜਤਾਲ 'ਤੇ ਜਾਣ ਦਾ ਇਹ ਫੈਸਲਾ ਲਿਆ ਹੈ। ਅਸੀਂ ਸ਼ਿਫਟਾਂ ਮੁਤਾਬਕ ਅਪਣੀਆਂ ਡਿਊਟੀਆਂ 'ਤੇ ਆਵਾਂਗੇ ਪਰੰਤੂ ਕੰਮ ਨਹੀਂ ਕਰਾਂਗੇ। ਇਹ ਤਾਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ।'' ਸਰਕਾਰ ਵਲੋਂ ਵੀ ਫੈਕਟਰੀ ਤੇ ਸਨਅਤੀ ਖੇਤਰ ਵਿਚ ਸੁਰੱਖਿਆ ਬਲ ਤੈਨਾਤ ਕੀਤੇ ਜਾ ਰਹੇ ਹਨ।
ਟੈਕਸਟਾਇਲ ਕਾਮਿਆਂ ਦੀ ਇਹ ਹੜਤਾਲ ਅਜੇ ਵੀ ਨਿਰੰਤਰ ਜਾਰੀ ਹੈ ਅਤੇ ਇਹ ਸੰਘਰਸ਼ਸ਼ੀਲ ਕਾਮੇ ਸਾਮਰਾਜੀ ਨਵਉਦਾਰਵਾਦੀ ਨੀਤੀਆਂ ਦੇ ਸਿੱਟੇ ਵਜੋਂ ਪੈਦਾ ਹੋਈਆਂ ਤੰਗੀਆਂ ਤੁਰਸ਼ੀਆਂ ਨੂੰ ਭਾਂਜ ਦੇਣ ਹਿੱਤ ਚਲਾਏ ਜਾਂ ਰਹੇ ਇਸ ਸੰਘਰਸ਼ ਨੂੰ ਜੇਤੂ ਰੂਪ ਦੇਣ ਵਿਚ ਸਫਲ ਹੋਣਗੇ।


ਪੈਰਾਗੁਏ ਦੇ ਛੋਟੇ ਕਿਸਾਨਾਂ ਦਾ ਜੇਤੂ ਕਰਜ਼ਾ ਮਾਫੀ ਸੰਘਰਸ਼ 
ਦੱਖਣੀ ਅਮਰੀਕਾ ਮਹਾਂਦੀਪ ਦੇ ਦੇਸ਼ ਪੈਰਾਗੁਏ ਦੇ ਛੋਟੇ ਕਿਸਾਨਾਂ ਨੂੰ ਉਸ ਵੇਲੇ ਮਹੱਤਵਪੂਰਨ ਜਿੱਤ ਪ੍ਰਾਪਤ ਹੋਈ ਜਦੋਂ   ਦੇਸ਼ ਦੀ ਸੰਸਦ ਨੇ 2 ਅਗਸਤ ਨੂੰ 'ਵਿੱਤੀ ਮੁੜ ਵਸੇਵਾ ਬਿਲ' (Financial Rehabilitation Bill ) ਪਾਸ ਕਰਦੇ ਹੋਏ ਉਨ੍ਹਾਂ ਦੇ ਕਰਜੇ ਮਾਫ ਕਰਨ ਦਾ ਫੈਸਲਾ ਕੀਤਾ। ਛੋਟੇ ਜਿਹੇ ਦੇਸ਼-ਰਿਪਬਲਿਕ ਆਫ ਪੈਰਾਗੁਏ, ਦੀ ਆਬਾਦੀ 67 ਲੱਖ ਹੈ ਅਤੇ ਰਕਬਾ ਸਾਡੇ ਸੂਬੇ ਪੰਜਾਬ ਨਾਲੋਂ ਤਿੰਨ ਗੁਣਾ ਤੋਂ ਵੀ ਵੱਧ ਹੈ। ਇਸਦੀ ਰਾਜਧਾਨੀ ਅਸੁਨਸਿਆਨ ਵਿਚ ਇਹ ਕਿਸਾਨ ਪਿੱਛਲੇ 3 ਹਫਤੇ ਤੋਂ ਨਿਰੰਤਰ ਮੁਜਾਹਰੇ, ਧਰਨੇ ਕਰ ਰਹੇ ਸਨ। ਉਨ੍ਹਾਂ ਵਲੋਂ ਰਾਜਧਾਨੀ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ ਸੀ।
ਪ੍ਰੋਗ੍ਰੇਸਿਵ ਗੁਆਸੂ ਫਰੰਟ, ਨਾਂਅ ਦੀ ਰਾਜਨੀਤਕ ਪਾਰਟੀ ਵਲੋਂ ਸੰਸਦ ਵਿਚ ਪੇਸ਼ ਕੀਤੇ ਗਏ ਇਸ ਬਿਲ ਨੂੰ ਦੇਸ਼ ਦੀ ਸੰਸਦ ਦੇ ਦੋਵੇਂ ਸਦਨਾਂ ਨੇ ਪਾਸ ਕਰ ਦਿੱਤਾ ਹੈ। ਇਸ ਨਾਲ 30 ਹੈਕਟੇਅਰ ਤੋਂ ਘੱਟ ਦੀ ਮਾਲਕੀ ਵਾਲੇ ਛੋਟੇ ਕਿਸਾਨਾਂ ਦਾ ਕਰਜ਼ਾ ਸਰਕਾਰ ਵਲੋਂ ਪ੍ਰਾਪਤ ਫੰਡ ਨਾਲ ਮਾਫ ਜਾਂ ਰਿਸਟਰਕਚਰ ਕੀਤਾ ਜਾਵੇਗਾ ਅਤੇ ਪ੍ਰਤੀ ਕਿਸਾਨ 10,000 ਅਮਰੀਕੀ ਡਾਲਰ ਤੱਕ ਦੀ ਸਬਸਿਡੀ ਸਰਕਾਰ ਨੂੰ ਦੇਣੀ ਪਵੇਗੀ। ਕੁੱਲ 17000 ਕਿਸਾਨਾਂ ਨੂੰ ਇਸਦਾ ਲਾਭ ਹੋਵੇਗਾ ਅਤੇ ਉਨ੍ਹਾਂ ਦਾ ਕੁੱਲ ਕਰਜਾ 340 ਲੱਖ ਅਮਰੀਕੀ  ਡਾਲਰ ਦੇ ਲਗਭਗ ਬਣਦਾ ਹੈ। ਇਥੇ ਇਹ ਵਰਨਣਯੋਗ ਹੈ ਕਿ ਦੱਖਣੀ ਅਮਰੀਕਾ ਮਹਾਂਦੀਪ ਵਿਚ ਪੈਰਾਗੁਏ ਇਕ ਅਜਿਹਾ ਦੇਸ਼ ਹੈ, ਜਿੱਥੇ ਸਭ ਤੋਂ ਵਧੇਰੇ ਛੋਟੇ ਕਿਸਾਨਾਂ ਦੀ ਆਬਾਦੀ ਹੈ। ਕੁੱਲ ਆਬਾਦੀ ਦਾ ਲਗਭਗ 35%, ਖੇਤੀ ਦੇ ਧੰਧੇ ਨਾਲ ਜੁੜਿਆ ਹੈ। ਪਰ 91.4% ਕਿਸਾਨਾਂ ਕੋਲ 20 ਹੈਕਟੇਅਰ ਤੋਂ ਵੀ ਘੱਟ ਜਮੀਨ ਹੈ ਅਤੇ ਉਹ ਕੁੱਲ ਖੇਤੀ ਯੋਗ ਜਮੀਨ ਦਾ ਸਿਰਫ 6% ਭਾਗ ਬਣਦੀ ਹੈ। ਜਦੋਂਕਿ 3% ਧਨਾਢ ਕਿਸਾਨਾਂ ਕੋਲ ਕੁੱਲ ਜਮੀਨ ਦਾ 85.5% ਹਿੱਸਾ ਹੈ।
ਦੇਸ਼ ਦੇ ਛੋਟੇ ਕਿਸਾਨ ਕਰਜਾ ਮਾਫੀ ਦੀ ਮੰਗ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਸਨ। ਦੇਸ਼ ਦੀ ਸੱਜ ਪਿਛਾਖੜੀ ਹਾਕਮ ਪਾਰਟੀ-ਕੋਲੋਰਾਡੋ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਜਨਤਕ ਰੂਪ ਵਿਚ ਇਨ੍ਹਾਂ ਕਰਜਿਆਂ ਨੂੰ ਸਰਕਾਰ ਵਲੋਂ ਮਾਫ ਕੀਤੇ ਜਾਣ ਤੋਂ ਟਾਲਮਟੋਲ ਤੇ ਬੇਬਸੀ ਜਾਹਿਰ ਕਰਦੀ ਰਹੀ ਸੀ। ਸਰਕਾਰ ਦੇ ਮੰਤਰੀ ਤਾਂ ਇਸ ਬਿਲ ਨੂੰ ਪਾਸ ਕਰਨ ਤੋਂ ਟਾਲਾ ਇਹ ਕਹਿਕੇ ਵੱਟ ਰਹੇ ਸਨ ਕਿ ਕਰਜਾ ਮਾਫ ਕਰਨ ਲਈ ਕੋਈ ਕਾਨੂੰਨ ਪਾਸ ਕਰਨ ਦੀ ਲੋੜ ਨਹੀਂ, ਇਹ ਤਾਂ ਇਸ ਤੋਂ ਬਿਨਾਂ ਹੀ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਵੀ 23 ਦਿਨਾਂ ਦੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਕਰਜਾ ਮਾਫ ਕਰਨ ਦਾ ਵਾਅਦਾ ਕੀਤਾ ਸੀ। ਪ੍ਰੰਤੂ, ਉਹ ਆਪਣਾ ਵਾਅਦਾ ਪੂਰਾ ਕਰਨ ਤੋਂ ਟਾਲਾ ਵੱਟ ਗਈ ਸੀ। ਛੋਟੇ ਕਿਸਾਨਾਂ ਨੇ ਮੁੜ ਅਪਣੇ ਸੰਘਰਸ਼ ਨੂੰ ਜਾਰੀ ਕਰਦੇ ਹੋਏ ਕਰਜਾ ਮਾਫੀ ਲਈ ਬਾਕਾਇਦਾ ਕਾਨੂੰਨ ਪਾਸ ਕਰਨ ਦੀ ਮੰਗ ਕੀਤੀ ਸੀ ।
ਪੈਰਾਗੁਏ ਦੇ ਛੋਟੇ ਕਿਸਾਨ ਜਿਹੜੇ ਕਿ ਪਹਿਲਾਂ ਮੁਜਾਰੇ-ਸਨ, ਨੇ ਬੜੇ ਖੂਨ-ਰੱਤੇ ਸੰਘਰਸ਼ਾਂ ਤੋਂ ਬਾਅਦ ਇਹ ਮਾਲਕੀ ਹਾਸਲ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਧਨਾਢ ਭੂਮੀ ਮਾਲਕਾਂ ਦਾ ਪੱਖ ਪੂਰਨ ਵਾਲੀਆਂ ਸਰਕਾਰਾਂ ਦੇ ਸਖਤ ਤਸ਼ਦੱਦ ਦਾ ਸਾਹਮਣਾ ਕਰਨਾ ਪਿਆ ਹੈ। ਮੌਜੂਦਾ ਕਰਜਾ ਮਾਫੀ ਲਈ ਸੰਸਦ ਵਿਚ ਕਾਨੂੰਨ ਪਾਸ ਹੋਣਾ, ਉਨ੍ਹਾਂ ਦੀ ਇਕ ਮਹੱਤਵਪੂਰਨ ਜਿੱਤ ਹੈ। ਜਿਸਨੂੰ ਲਾਗੂ ਕਰਵਾਉਣ ਲਈ ਵੀ ਅਜੇ ਉਨ੍ਹਾਂ ਨੂੰ ਹੋਰ ਸਖਤ ਯਤਨ ਕਰਨੇ ਪੈਣਗੇ।

No comments:

Post a Comment