Wednesday, 20 September 2017

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਚੌਥੀ ਸੂਬਾਈ ਕਾਨਫਰੰਸ ਦਾ ਮਹੱਤਵ

16-17-18 ਸਤੰਬਰ 2017 ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਚੌਥੀ ਸੂਬਾਈ ਜਥੇਬੰਦਕ ਕਾਨਫਰੰਸ ਫਿਲੌਰ (ਜਲੰਧਰ) ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਹ ਕਾਨਫਰੰਸ ਉਸ ਵੇਲੇ ਆਯੋਜਿਤ ਕੀਤੀ ਜਾ ਰਹੀ ਹੈ, ਜਦੋਂ ਦੇਸ਼ ਅੰਦਰ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਖਿਲਾਫ ਡਰ, ਸਹਿਮ ਵਾਲਾ ਮਾਹੌਲ ਦੇਸ਼ ਦੇ ਹਾਕਮਾਂ ਨੇ ਪੈਦਾ ਕੀਤਾ ਹੋਇਆ ਹੈ। ਘੱਟ ਗਿਣਤੀਆਂ ਖਿਲਾਫ਼ ਆਰੰਭੀ ਸਾਜ਼ਿਸ਼ ਤਹਿਤ ਇਤਿਹਾਸਕ ਤੱਥਾਂ ਨੂੰ ਤਰੋੜ ਮਰੋੜ ਕੇ ਵੀ ਪੇਸ਼ ਕੀਤਾ ਜਾ ਰਿਹਾ ਹੈ। ਖਾਸ ਕਰ ਮੁਸਲਮਾਨਾਂ ਖਿਲਾਫ ਇਹ ਪ੍ਰਚਾਰ ਕੀਤਾ ਜਾ ਰਿਹੈ ਕਿ ਫਲਾਨੇ ਸ਼ਾਸਕ ਨੇ ਫਲਾਨੇ ਵੇਲੇ ਇਹ ਵਧੀਕੀ ਕੀਤੀ ਸੀ, ਜਿਵੇਂ ਉਹ ਮੁਸਲਮਾਨ ਧਰਮ ਵਲੋਂ ਕੀਤਾ ਗਿਆ ਕੋਈ ਫੈਸਲਾ ਹੋਵੇ। ਦੇਸ਼ 'ਚ ਮੁਗਲ ਸ਼ਾਸਕ ਲੰਬਾ ਸਮਾਂ ਰਾਜ-ਭਾਗ ਚਲਾਉਂਦੇ ਰਹੇ ਹਨ, ਉਸ ਵੇਲੇ ਉਨ੍ਹਾਂ ਦੀਆਂ ਕੀਤੀਆਂ ਵਧੀਕੀਆਂ ਨੂੰ ਮੁਸਲਮਾਨਾਂ ਵਲੋਂ ਕੀਤੀਆਂ ਵਧੀਕੀਆਂ ਕਹਿ ਕੇ ਪ੍ਰਚਾਰ ਕੀਤਾ ਜਾ ਰਿਹੈ। ਇਸ ਦੇ ਮੁਕਾਬਲੇ ਅੰਗਰੇਜ਼ ਸ਼ਾਸਕਾਂ ਦੀਆਂ ਵਧੀਕੀਆਂ ਬਾਰੇ ਇਨ੍ਹਾਂ ਪ੍ਰਚਾਰਕਾਂ ਨੇ ਚੁੱਪ ਸਾਧੀ ਹੋਈ ਹੈ। ਇਹ ਸਾਰਾ ਜੱਗ ਜਾਣਦਾ ਹੈ ਕਿ ਅੰਗਰੇਜ਼ਾਂ ਖਿਲਾਫ, ਆਜ਼ਾਦੀ ਦੀ ਲੜਾਈ ਦੌਰਾਨ ਇਨ੍ਹਾਂ ਕੱਟੜ ਹਿੰਦੂ ਫਿਰਕਾਪ੍ਰਸਤਾਂ ਨੇ ਚੀਚੀ ਨੂੰ ਵੀ ਖ਼ੂਨ ਨਹੀਂ ਲਵਾਇਆ। ਇਨ੍ਹਾਂ ਦਾ ਮੁਆਫੀਆਂ ਮੰਗਣ ਦਾ ਹੀ ਇਤਿਹਾਸ ਰਿਹਾ ਹੈ। ਅਜਿਹੀਆਂ ਧਿਰਾਂ ਵੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਸ਼ਹੀਦ ਭਗਤ ਸਿੰਘ ਦੇ ਨਾਂਅ ਦੀ ਵਰਤੋਂ ਕਰਦੀਆਂ ਹਨ ਅਤੇ ਆਪਣੇ ਨਾਲ ਜੋੜ ਕੇ ਮਗਰੋਂ ਫਿਰਕੂ ਆਧਾਰ 'ਤੇ 'ਟੀਕੇ' ਲਾਉਣ ਦਾ ਕੰਮ ਕੀਤਾ ਜਾਂਦਾ ਹੈ। ਉਸ ਵੇਲੇ ਨੌਜਵਾਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਹਿੰਦੂ ਧਰਮ ਨੂੰ ਖਤਰਾ ਹੀ ਬਹੁਤ ਹੈ। ਇਸ ਆਧਾਰ 'ਤੇ ਕੀਤੀ ਜਾ ਰਹੀ ਲਾਮਬੰਦੀ ਦੇਸ਼ ਲਈ ਖਤਰਾ ਖੜਾ ਕਰ ਰਹੀ ਹੈ। ਜਦੋਂ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ 1928 'ਚ ਗਠਿਤ ਕੀਤੀ ਨੌਜਵਾਨ ਸਭਾ 'ਚ ਬੁਨਿਆਦੀ ਤੌਰ 'ਤੇ ਢਾਂਚਾ ਧਰਮਨਿਰੱਪਖ ਰੱਖਿਆ ਗਿਆ ਸੀ। ਉਸ ਵੇਲੇ ਦੀ ਸਭਾ ਵਲੋਂ ਇਹ ਸਪੱਸ਼ਟ ਸੰਦੇਸ਼ ਸੀ ਕਿ ਧਾਰਮਿਕ ਵਿਤਕਰੇ ਤੋਂ ਬਿਨਾਂ ਦੇਸ਼ ਦੀ ਆਜ਼ਾਦੀ ਲਈ ਹਰ ਤਰ੍ਹਾਂ ਦੇ ਨੌਜਵਾਨ ਇਸ 'ਚ ਯੋਗਦਾਨ ਪਾਉਣ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਪਹਿਲਾ ਅਜਲਾਸ ਉਸ ਵੇਲੇ ਅਤੇ ਉਨ੍ਹਾਂ ਹੀ ਮਿਤੀਆਂ 'ਤੇ ਕੀਤਾ ਗਿਆ ਜਦੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਗਠਿਤ ਕੀਤੀ ਨੌਜਵਾਨ ਸਭਾ ਦੀ 75ਵੀਂ ਵਰੇਗੰਢ ਮਨਾਈ ਜਾ ਰਹੀ ਸੀ। ਇਸ ਤਰ੍ਹਾਂ ਇਤਿਹਾਸ ਦੀ ਲਗਾਤਾਰਤਾ ਵਜੋਂ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਬਣੀ ਨੌਜਵਾਨ ਸਭਾ ਦਾ ਪਹਿਲਾ ਅਜਲਾਸ ਅਮ੍ਰਿੰਤਸਰ 'ਚ ਅਪਰੈਲ ਮਹੀਨੇ 'ਚ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2002 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਥਾਪਨਾ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਦੇ ਆਸ਼ੀਰਵਾਦ ਭਾਸ਼ਣ ਨਾਲ ਕੀਤੀ ਗਈ ਸੀ। ਉਸ ਵੇਲੇ ਦੇ ਬਹੁਤੇ ਆਗੂ ਪਹਿਲਾ ਹੀ ਕਿਸੇ ਹੋਰ ਨੌਜਵਾਨ ਜਥੇਬੰਦੀ 'ਚ ਕੰਮ ਕਰਦੇ ਹੋਣ ਅਤੇ ਉਸ ਵੇਲੇ, ਉਸ ਜਥੇਬੰਦੀ ਵਲੋਂ ਜਮਾਤੀ ਭਿਆਲੀ ਪਾਕੇ ਦੁਸ਼ਮਣ ਜਮਾਤਾਂ ਨਾਲ ਸਾਂਝਾਂ ਪਾਈਆਂ ਜਾ ਰਹੀਆ ਸਨ। ਜਿਸ ਕਾਰਨ ਸ਼ਹੀਦ ਭਗਤ ਸਿੰਘ ਦੇ ਨਾਂਅ ਹੇਠ ਜਥੇਬੰਦੀ ਬਣਾਉਣ ਦੀ ਲੋੜ ਮਹਿਸੂਸ ਕੀਤੀ ਗਈ। ਜੰਡਿਆਲਾ ਮੰਜਕੀ 'ਚ ਕੀਤੀ ਦੂਜੀ ਕਾਨਫਰੰਸ ਮੌਕੇ ਇਸ ਦਾ ਬਾਕਾਇਦਾ ਐਲਾਨਨਾਮਾ ਅਤੇ ਵਿਧਾਨ ਪਾਸ ਕੀਤੇ ਗਏ। ਜਿਸ ਤਹਿਤ ਇਹ ਸਭਾ ਹੁਣ ਤੱਕ ਕੰਮ ਕਰ ਰਹੀ ਹੈ। ਰਤੀਆ (ਹਰਿਆਣਾ) 'ਚ ਇਸ ਜਥੇਬੰਦੀ ਦਾ ਤੀਜਾ ਅਜਲਾਸ ਆਯੋਜਿਤ ਕੀਤਾ ਗਿਆ ਸੀ ਅਤੇ ਹੁਣ ਫਿਲੌਰ 'ਚ ਇਸ ਦਾ ਚੌਥਾ ਅਜਲਾਸ ਆਯੋਜਿਤ ਕੀਤਾ ਜਾ ਰਿਹਾ ਹੈ।
ਦੇਸ਼ ਦੇ ਅਜੋਕੇ ਮਾਹੌਲ 'ਚ ਜਦੋਂ ਖਾਸ ਕਰ ਨੌਜਵਾਨਾਂ 'ਤੇ ਹਮਲੇ ਹੋ ਰਹੇ ਹੋਣ, ਉਸ ਵੇਲੇ ਇਸ ਅਜਲਾਸ ਦੀ ਮਹੱਤਤਾ ਹੋਰ ਵੀ ਵਧੇਰੇ ਹੋ ਜਾਂਦੀ ਹੈ। ਵੇਮੁਲਾ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨਾ, ਜੇਐਨਯੂ 'ਚ ਕਨ੍ਹਈਆ ਕੁਮਾਰ 'ਤੇ ਹਮਲੇ, ਨਜੀਬ ਦੀ ਗੁੰਮਸ਼ੁਦਗੀ, ਗੁਰਮੇਹਰ ਦੇ ਬੋਲਣ 'ਤੇ ਪਾਬੰਦੀ ਵਰਗੇ ਘਿਨਾਉਣੇ ਹਮਲੇ ਨੌਜਵਾਨਾਂ ਵੱਲ ਹੀ ਸੇਧਤ ਹਨ। ਗੁਜਰਾਤ 'ਚ ਮਰੇ ਹੋਏ ਪਸ਼ੂਆਂ ਦਾ ਚੰਮ ਲਾਹੁਣ ਦੇ ਦੋਸ਼ ਅਧੀਨ ਕਥਿਤ ਗਊ ਰਖਵਾਲਿਆਂ ਦੇ ਹਮਲੇ ਦਾ ਸ਼ਿਕਾਰ ਹੋਣ ਵਾਲੇ ਵੀ ਨੌਜਵਾਨ ਹੀ ਸਨ। ਨੌਜਵਾਨ ਹੀ ਹਨ, ਜਿਹੜੇ ਦੇਸ਼ ਦੇ ਹਾਕਮਾਂ ਨੂੰ ਲੋਕ ਵਿਰੋਧੀ ਫੈਸਲੇ ਕਰਨ ਤੋਂ ਰੋਕ ਸਕਦੇ ਹਨ। ਹਾਕਮਾਂ ਨੂੰ ਵੀ ਇਸ ਗੱਲ ਦਾ ਭਲੀ ਭਾਂਤ ਗਿਆਨ ਹੈ, ਅਤੇ ਇਸੀ ਕਰਕੇ ਉਹ ਲਗਾਤਾਰ ਨੌਜਵਾਨਾਂ 'ਤੇ ਹਮਲੇ ਕਰ ਰਹੇ ਹਨ।
ਇਸ ਅਰਸੇ ਦੌਰਾਨ ਦੇਸ਼ ਦੇ ਹੋਰਨਾ ਖੇਤਰਾਂ 'ਚ ਵੀ ਅਜਿਹੀਆਂ ਹੀ ਨੌਜਵਾਨ ਲਹਿਰਾਂ ਉਠ ਰਹੀਆਂ ਹਨ। ਅਜਿਹੀਆਂ ਲਹਿਰਾਂ ਨਾਲ ਵੀ ਸਾਡਾ ਸੰਪਰਕ ਹੈ ਅਤੇ ਇਨ੍ਹਾਂ 'ਚੋਂ ਕੁੱਝ ਕੁ ਦੇ ਕਾਰਕੁੰਨਾਂ ਨੂੰ ਫਿਲੌਰ ਦੇ ਅਜਲਾਸ 'ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ 'ਚ ਦੇਸ਼ ਭਰ ਦੇ ਨੌਜਵਾਨਾਂ ਦਾ ਇੱਕ ਪਲੇਟਫਾਰਮ ਹੋਂਦ 'ਚ ਆਉਣ ਦੀਆਂ ਅਸੀਮ ਸੰਭਾਵਨਾਵਾਂ ਹਨ। ਜਿਸ ਦੀ ਆਉਣ ਵਾਲੇ ਸਮੇਂ ਦੌਰਾਨ ਸਖਤ ਲੋੜ ਵੀ ਹੈ। ਇਹ ਨੌਜਵਾਨ ਸਭਾਵਾਂ ਇਕੱਠੀਆਂ ਹੋ ਕੇ ਆਪਣੀ ਅਗਲੀ ਦਿਸ਼ਾ ਵੀ ਤਹਿ ਕਰਨਗੀਆਂ ਪਰ ਬੁਨਿਆਦੀ ਸਵਾਲਾਂ 'ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਜਥੇਬੰਦੀ ਦਾ ਨਾਂਅ ਅਤੇ ਝੰਡੇ ਬਾਰੇ ਆਪਸੀ ਸਲਾਹ ਨਾਲ ਫੈਸਲੇ ਕੀਤੇ ਜਾਣਗੇ ਪਰ ਜਮਾਤੀ ਭਿਆਲੀ ਦੇ ਮਾਮਲੇ 'ਤੇ ਕੋਈ ਸਮਝੌਤਾ ਨਹੀਂ ਹੋਵੇਗਾ।
ਦੇਸ਼ ਦੇ ਹਾਕਮ ਚਾਹੇ ਉਹ ਕਿਸੇ ਵੀ ਰੰਗ ਰੂਪ ਦੇ ਕਿਉਂ ਨਾ ਹੋਣ ਇਨ੍ਹਾਂ ਦੀ ਜਮਾਤ ਇੱਕ ਹੈ। ਦੁਸ਼ਮਣ ਜਮਾਤ ਨਾਲ ਕੋਈ ਵੀ ਸਮਝੌਤਾ ਨਹੀਂ ਹੋ ਸਕਦਾ। ਕਿਉਂਕਿ ਨੌਜਵਾਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਇਨ੍ਹਾਂ ਦੁਸ਼ਮਣ ਜਮਾਤਾਂ ਦੀ ਹੀ ਦੇਣ ਹਨ। ਇਹ ਦਾਅਵਾ ਤਾਂ ਯੂਥ ਪਾਲਿਸੀ ਬਣਾਉਣ ਦਾ ਵੀ ਕਰਦੇ ਹਨ ਅਤੇ ਇਸ ਨੂੰ ਕੁੱਝ ਅਰਸੇ ਬਾਅਦ ਰੀਨਿਊ ਵੀ ਕਰਦੇ ਹਨ ਪਰ ਇਸ ਯੂਥ ਪਾਲਿਸੀ ਦਾ ਕਿਸੇ ਨੌਜਵਾਨ ਨੂੰ ਕੋਈ ਫਾਇਦਾ ਨਹੀਂ ਹੋਇਆ। ਇਹ ਖੇਡ ਨੀਤੀ ਵੀ ਬਣਾਉਂਦੇ ਹਨ ਪਰ ਇਸ ਨੀਤੀ ਨਾਲ ਖੇਡਾਂ 'ਚ ਮੈਡਲ ਗਿਣਤੀ ਦੇ ਹੀ ਰਹਿ ਜਾਂਦੇ ਹਨ। ਇਹ ਨਸ਼ੇ ਖਤਮ ਕਰਨ ਦਾ ਦਾਅਵਾ ਕਰਦੇ ਹਨ ਪਰ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਆਪਣਾ ਬਣਦਾ ਉੱਦਮ ਨਹੀਂ ਕਰਦੇ। ਇਹ ਬੇਰੁਜ਼ਗਾਰੀ ਖਤਮ ਕਰਨ ਦਾ ਦਾਅਵਾ ਕਰਦੇ ਹਨ ਪਰ ਬੇਰੁਜ਼ਗਾਰਾਂ ਦੀ ਕਤਾਰ ਹਰ ਸਾਲ ਹੋਰ ਲੰਬੀ ਹੁੰਦੀ ਜਾ ਰਹੀ ਹੈ। ਇਹ ਹਾਕਮ ਮੁਫਤ ਵਿਦਿਆ ਦੇਣ ਦਾ ਵਾਅਦਾ ਕਰਦੇ ਹਨ ਪਰ ਪ੍ਰਾਈਵੇਟ ਸੰਸਥਾਵਾਂ ਖੋਹਲਣ ਦੇ ਲਾਇਸੰਸ ਦੇਕੇ ਲੋਕਾਂ ਦੀ ਜੇਬ ਕੱਟਣ ਦਾ ਹੱਕ ਵੀ ਨਾਲ ਹੀ ਦੇ ਦਿੰਦੇ ਹਨ। ਇਹ ਹਾਕਮ ਵਾਤਾਵਰਣ ਦੇ ਫਿਕਰ ਦੀ ਦੁਹਾਈ ਦਿੰਦੇ ਹਨ ਪਰ ਵਾਤਾਵਰਣ ਨੂੰ ਛਿੱਕੇ ਟੰਗਣ ਵਾਲੀਆਂ ਨੀਤੀਆਂ ਵੀ ਨਾਲੋ ਨਾਲ ਅਪਣਾਉਂਦੇ ਹਨ। ਇਹ ਹਾਕਮ ਇਲਾਜ ਸਹੂਲਤਾਂ ਦੇਣ ਦਾ ਵਾਅਦਾ ਕਰਦੇ ਹਨ ਪਰ ਸਰਕਾਰੀ ਹਸਪਤਾਲਾਂ 'ਚ ਢੁਕਵੇਂ ਇਲਾਜ ਦੀ ਵਿਵਸਥਾ ਹੀ ਨਹੀਂ ਕਰਦੇ ਹਨ।
ਅਜਿਹੀ ਸਥਿਤੀ 'ਚ ਨੌਜਵਾਨਾਂ ਨੂੰ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਸਰਗਰਮੀ ਨਾਲ ਅੱਗੇ ਆਉਣਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ ਦੇ ਵਿਚਾਰ ਨਵੇਂ ਨੌਜਵਾਨਾਂ ਅਤੇ ਵਿਦਿਆਰਥੀਆਂ ਤੱਕ ਲੈ ਕੇ ਜਾਣੇ ਚਾਹੀਦੇ ਹਨ। ਨਸ਼ੇ ਦੇ ਬੁਨਿਆਦੀ ਕਾਰਨਾਂ ਬਾਰੇ ਲੋਕਾਂ ਨਾਲ ਚਰਚਾ ਕਰਨੀ ਚਾਹੀਦੀ ਹੈ। ਵਾਤਾਵਰਣ ਨੂੰ ਬਚਾਉਣ ਲਈ ਇਹ ਦੱਸਦੇ ਹੋਏ ਕਿ ਦੇਸ਼ ਦੇ ਹਾਕਮਾਂ ਨੇ ਮੁਨਾਫੇ ਦੀ ਅੰਨ੍ਹੀ ਦੌੜ 'ਚ ਸ਼ਾਮਲ ਹੋ ਕੇ ਮਨੁੱਖਤਾ ਨੂੰ ਹੀ ਸੂਲੀ 'ਤੇ ਟੰਗ ਦਿੱਤਾ ਹੈ। ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਕਿਸੇ ਯੂਨੀਵਰਸਿਟੀ 'ਚ ਚੇਅਰ ਸਥਾਪਤ ਕਰਵਾਉਣ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਹੋਰ ਵਧੇਰੇ ਡੂੰਘਾਈ ਨਾਲ ਅਧਿਐਨ ਹੋ ਸਕੇ ਅਤੇ ਇਨ੍ਹਾਂ ਨੂੰ ਹੋਰ ਵੀ ਜਾਣਿਆ ਜਾ ਸਕੇ। ਨੌਜਵਾਨਾਂ ਨੂੰ ਹੋਰ ਲੋਕ ਪੱਖੀ ਸਰਗਰਮੀਆਂ 'ਚ ਉਚੇਚ ਨਾਲ ਭਾਗ ਲੈਣ ਲਈ ਪ੍ਰੇਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਤੱਕ ਸ਼ਹੀਦ ਭਗਤ ਸਿੰਘ ਦਾ ਸੁਨੇਹਾ ਪੁੱਜਦਾ ਹੋ ਸਕੇ। ਨੌਜਵਾਨਾਂ ਨੂੰ ਅਧਿਐਨ ਕਰਨ ਲਈ ਪ੍ਰੇਰਨਾ ਚਾਹੀਦਾ ਹੈ ਤਾਂ ਜੋ ਉਹ ਕਿਸੇ ਵਿਰੋਧੀ ਦੀ ਦਲੀਲ ਨਾਲ ਜਵਾਬ ਦੇ ਕਾਬਲ ਹੋ ਸਕਣ। ਇਸ ਦਾ ਅਰਥ ਇਹ ਨਹੀਂ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਕਾਰਕੁੰਨ ਪਹਿਲਾਂ ਕੁੱਝ ਨਹੀਂ ਕਰ ਰਹੇ। ਸਗੋਂ ਪਹਿਲਾਂ ਦੇ ਮੁਕਾਬਲੇ ਹੋਰ ਵੀ ਤੇਜ਼ੀ ਨਾਲ, ਉੱਦਮ ਨਾਲ, ਪਹਿਲ ਕਦਮੀ ਨਾਲ ਉਕਤ ਕੰਮ ਕਰਨੇ ਹੋਣਗੇ ਤਾਂ ਹੀ ਚੌਥੀ ਕਾਨਫਰੰਸ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਇਆ ਜਾ ਸਕਦਾ ਹੈ ਅਤੇ ਸਿਰਫ ਪੰਜਾਬ-ਹਰਿਆਣਾ ਹੀ ਨਹੀਂ ਸਗੋਂ ਦੇਸ਼ ਭਰ 'ਚ ਨੌਜਵਾਨਾਂ ਦੀ ਇੱਕ ਵੱਡੀ ਲਹਿਰ ਖੜੀ ਹੋ ਸਕੇਗੀ। ਇਹ ਲਹਿਰ ਹੀ ਲੋਕ ਵਿਰੋਧੀ ਹਾਕਮ ਜਮਾਤਾਂ ਦਾ ਮੂੰਹ ਮੋੜਨ ਦੇ ਕਾਬਲ ਹੋਵੇਗੀ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਮੁਤਾਬਿਕ 'ਜੰਗ ਹਾਲੇ ਜਾਰੀ ਹੈ..' ਅਤੇ ਇਹ ਜੰਗ ਉਸ ਵੇਲੇ ਤੱਕ ਜਾਰੀ ਰਹੇਗੀ ਜਦੋਂ ਤੱਕ ਇਨਕਲਾਬ ਜਿੰਦਾਬਾਦ ਭਾਵ ਇਸ ਲੁੱਟ-ਖਸੁੱਟ ਅਧਾਰਤ ਸਮਾਜ ਨੂੰ ਬਦਲਕੇ ਇਕ ਸਮਾਨਤਾ ਅਧਾਰਤ ਤੇ ਸ਼ੋਸ਼ਣ ਮੁਕਤ ਸਮਾਜ ਨਹੀਂ ਸਿਰਜ ਲਿਆ ਜਾਂਦਾ ਅਤੇ ਸਾਮਰਾਜਵਾਦ ਮੁਰਦਾਬਾਦ ਭਾਵ ਸਾਮਰਾਜਵਾਦ ਦਾ ਅੰਤ ਨਹੀਂ ਹੋ ਜਾਂਦਾ।                          
- ਸਰਬਜੀਤ ਗਿੱਲ

No comments:

Post a Comment