Wednesday 5 April 2017

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਪ੍ਰੈਲ 2017)

ਤਿੰਨ ਖੱਬੇ ਪੱਖੀ ਪਾਰਟੀਆਂ ਵਲੋਂ ਖਟਕੜ ਕਲਾਂ 'ਚ ਸ਼ਹੀਦੀ ਦਿਵਸ ਮੌਕੇ ਸਿਆਸੀ ਕਾਨਫਰੰਸ 
ਤਿੰਨ ਖੱਬੇ ਪੱਖੀ ਪਾਰਟੀਆਂ, ਸੀ ਪੀ ਆਈ, ਸੀ ਪੀ ਆਈ (ਐੱਮ) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾ ਦੇ ਸਾਥੀ ਸ਼ਹੀਦਾਂ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ-ਇ-ਆਜ਼ਮ ਦੇ ਜੱਦੀ ਪਿੰਡ ਖਟਕੜ ਕਲਾਂ 'ਚ ਇੱਕ ਪ੍ਰਭਾਵਸ਼ਾਲੀ ਸਿਆਸੀ ਕਾਨਫਰੰਸ ਕੀਤੀ ਗਈ। ਸਰਵਸਾਥੀ ਲਹਿੰਬਰ ਸਿੰਘ ਬੀਕਾ, ਬਲਬੀਰ ਸਿੰਘ ਜਾਡਲਾ ਤੇ ਸੋਹਣ ਸਿੰਘ ਸਲੇਮਪੁਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਕਾਨਫਰੰਸ ਨੂੰ ਹਰਦੇਵ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਬੰਤ ਬਰਾੜ, ਕੁਲਵੰਤ ਸਿੰਘ ਸੰਧੂ, ਵਿਜੈ ਮਿਸ਼ਰਾ ਤੇ ਰਘੁਨਾਥ ਸਿੰਘ ਨੇ ਸੰਬੋਧਨ ਕੀਤਾ।
ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਆਜ਼ਾਦੀ ਦੇ 70 ਸਾਲ ਬੀਤ ਜਾਣ ਬਾਅਦ ਵੀ ਇੱਕ ਸੁਪਨਾ ਹੀ ਬਣਿਆ ਹੋਇਆ ਹੈ। ਇਸ ਸੁਪਨੇ ਨੂੰ ਜ਼ਮੀਨ 'ਤੇ ਉਤਾਰਨ ਲਈ ਸਮੂਹ ਕਿਰਤੀ ਲੋਕਾਂ ਨੂੰ ਫਿਰਕੂ ਕੱਟੜਪੁਣੇ, ਅੰਧ ਰਾਸ਼ਟਰਵਾਦ ਅਤੇ ਕਾਰਪੋਰੇਟ ਜਗਤ ਨੂੰ ਦੇਸ਼ ਦੇ ਕੁਦਰਤੀ ਖਜ਼ਾਨਿਆਂ ਦੀ ਅੰਨ੍ਹੀ ਲੁੱਟ ਦੀ ਖੁੱਲ੍ਹ ਦੇਣ ਵਾਲੀਆਂ ਨੀਤੀਆਂ ਵਿਰੁੱਧ ਆਪਣੀ ਏਕਤਾ ਨੂੰ ਮਜ਼ਬੂਤ ਕਰਦਿਆਂ ਬੱਝਵੇਂ ਤੇ ਵਿਆਪਕ ਘੋਲਾਂ ਦੇ ਪਿੜ 'ਚ ਉਤਰਨਾ ਹੋਵੇਗਾ। 
ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ, ਅਜ਼ਾਦੀ ਤੋਂ ਸੱਤਰ ਸਾਲ ਬਾਅਦ ਵੀ ਨਹੀਂ ਬਣ ਸਕਿਆ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਦੇਸ਼ ਦੀ ਰਾਜ ਸੱਤਾ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੇ ਹੱਥਾਂ ਵਿੱਚ ਹੋਣ ਕਾਰਨ ਦੇਸ਼ ਦਾ ਗਰੀਬ ਤੇ ਮਿਹਨਤੀ ਵਰਗ ਮਜ਼ਦੂਰ, ਕਿਸਾਨ, ਛੋਟਾ ਦੁਕਾਨਦਾਰ, ਛੋਟਾ ਵਿਉਪਾਰੀ, ਮੁਲਾਜ਼ਮ ਅਤੇ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਲੁੱਟ ਨਿਰੰਤਰ ਜਾਰੀ ਹੈ। ਦੇਸ਼ ਦੀ ਪੈਦਾਵਾਰ ਦਾ ਮੁੱਖ ਹਿੱਸਾ ਕੁਝ ਇੱਕ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਕੇਂਦਰਤ ਹੋ ਚੁੱਕਾ ਹੈ। ਦੇਸ਼ ਦੇ ਗਰੀਬ ਲੋਕਾਂ ਨੂੰ ਲੁਭਾਉਣੇ ਲਾਰੇ ਲਾ ਕੇ ਹੁਣ ਤੱਕ ਦੀਆਂ ਸਰਕਾਰਾਂ ਨੇ ਉਨ੍ਹਾ ਦੀ ਅਸਲ ਜ਼ਿੰਦਗੀ ਨਾਲ ਖਿਲਵਾੜ ਹੀ ਕੀਤਾ ਹੈ। ਵਿਦੇਸ਼ੀ ਕੰਪਨੀਆਂ ਨੂੰ ਇਸ ਦੇਸ਼ ਦੇ ਕੁਦਰਤੀ ਸਾਧਨਾਂ ਦੀ ਲੁੱਟ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਨਤੀਜੇ ਵਜੋਂ ਦੇਸ਼ ਦੀ ਆਮ ਜਨਤਾ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ।
ਕਮਿਊਨਿਸਟ ਆਗੂਆਂ ਨੇ ਅੱਗੇ ਬੋਲਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਅੰਦਰ ਆਰ.ਐੱਸ.ਐੱਸ ਦਾ ਫਿਰਕੂ ਏਜੰਡਾ ਲਾਗੂ ਕਰਨ ਲਈ ਪੂਰੇ ਜ਼ੋਰ-ਸ਼ੋਰ ਨਾਲ ਲੱਗੀ ਹੋਈ ਹੈ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ। ਇਨ੍ਹਾਂ ਭੜਕਾਹਟਾਂ ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਗਿਆ ਹੈ। 
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਚੋਣਾਂ ਵਿੱਚ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਰਕਾਰ ਬਦਲ ਦਿੱਤੀ ਹੈ, ਪਰ ਸੱਤਾ 'ਚ ਆਈ ਕਾਂਗਰਸ ਸਰਕਾਰ ਤੋਂ ਬਹੁਤੀਆਂ ਉਮੀਦਾਂ ਨਹੀਂ ਰੱਖੀਆਂ ਜਾ ਸਕਦੀਆਂ। ਉਨ੍ਹਾ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਆਪਣੀ ਏਕਤਾ ਨੂੰ ਮਜ਼ਬੂਤ ਕਰਦਿਆਂ ਬੱਝਵੇਂ ਤੇ ਵਿਆਪਕ ਘੋਲਾਂ ਦਾ ਪਿੜ ਮੱਲਿਆ ਜਾਵੇ। ਇਹ ਕੰਮ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਦੀ ਅਗਵਾਈ ਹੇਠ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਬਲਰਾਮ ਸਿੰਘ ਮੱਲਪੁਰ, ਰਾਮ ਸਿੰਘ ਨੂਰਪੁਰੀ, ਬਲਵੀਰ ਸਿੰਘ ਜਾਡਲਾ, ਮਹਾਂ ਸਿੰਘ ਰੋੜੀ, ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਹਰਪਾਲ ਸਿੰਘ ਜਗਤਪੁਰ, ਪ੍ਰਿੰ. ਇਕਬਾਲ ਸਿੰਘ, ਸੁਤੰਤਰ ਕੁਮਾਰ, ਪਰਮਿੰਦਰ ਮੇਨਕਾ, ਰਾਮ ਲਾਲ ਚੱਕ ਗੁਰੂ, ਮੁਕੰਦ ਲਾਲ, ਨਰੰਜਨ ਦਾਸ ਮੇਹਲੀ, ਸਤਨਾਮ ਚਾਹਲ, ਬੀਬੀ ਸ਼ੀਲਾ ਸੰਘਾ, ਜਸਪਾਲ ਕੁਲਾਮ, ਬਿਮਲ ਕੁਮਾਰ, ਸੁਰਿੰਦਰ ਭੱਟੀ, ਜਰਨੈਲ ਸਿੰਘ, ਦਿਵਾਨ ਸਿੰਘ, ਸੋਮ ਲਾਲ, ਬਲਵਿੰਦਰ ਪਾਲ ਬੰਗਾ, ਕੁਲਦੀਪ ਝਿੰਗੜ, ਜੋਗਿੰਦਰ ਚਣਕੋਈ  ਆਦਿ ਵੀ ਹਾਜ਼ਰ ਸਨ।

ਆਰ.ਐਮ.ਪੀ.ਆਈ.ਦੇ ਸੱਦੇ 'ਤੇ ਮਨਾਇਆ ਲਲਕਾਰ ਦਿਵਸ  
ਭਿੱਖੀਵਿੰਡ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਦਾਣਾ ਮੰਡੀ ਭਿੱਖੀਵਿੰਡ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ 'ਲਲਕਾਰ ਦਿਵਸ' ਦੇ ਸੱਦੇ ਅਧੀਨ ਇਕ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਦੀ ਅਗਵਾਈ ਆਰ ਐੱਮ ਪੀ ਆਈ ਦੇ ਤਹਿਸੀਲ ਕਮੇਟੀ ਮੈਂਬਰ ਸੱਤਪਾਲ ਸ਼ਰਮਾ ਪੱਟੀ ਅਤੇ ਦਿਲਬਾਗ ਸਿੰਘ ਰਾਜੋਕੇ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਚਮਨ ਲਾਲ ਦਰਾਜਕੇ, ਅਰਸਾਲ ਸਿੰਘ ਆਸਲ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਲਾਸਾਨੀ  ਕੁਰਬਾਨੀ ਨੂੰ ਸਾਨੂੰ ਹਰ ਪਲ ਯਾਦ ਰੱਖਣਾ ਚਾਹੀਦਾ ਹੈ। ਅੱਜ ਲੋੜ ਹੈ ਮਿਹਨਤਕਸ਼ ਜਮਾਤ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ ਅਤੇ ਸਾਥੀਆਂ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਦੇਸ਼ ਅੰਦਰ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ। ਸਮਾਗਮ ਦੇ ਅੰਤ ਵਿੱਚ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਦਾਣਾ ਮੰਡੀ ਤੋਂ ਲੈ ਕੇ ਭਿੱਖੀਵਿੰਡ ਦੇ ਮੇਨ ਚੌਕ ਤੱਕ ਮਾਰਚ ਕੱਢਿਆ ਗਿਆ।
 
ਸਰਦੂਲਗੜ੍ਹ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ  (ਆਰ ਐਮ ਪੀ ਆਈ) ਦੇ ਸੱਦੇ 'ਤੇ 23 ਮਾਰਚ ਦੇ ਸ਼ਹੀਦਾਂ-ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ  ਸ਼ਹੀਦੀ ਦਿਹਾੜਾ ਲਲਕਾਰ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਪਾਰਟੀ ਦੀਆਂ ਬਠਿੰਡਾ-ਮਾਨਸਾ ਜ਼ਿਲਾ ਇਕਾਈਆਂ ਵਲੋਂ ਸਰਦੂਲਗੜ 'ਚ ਇਕ ਪਰਭਾਵਸ਼ਾਲੀ ਕਾਨਫਰੰਸ ਕੀਤੀ ਗਈ ।ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਡੇ ਇਨ੍ਹਾਂ ਮਹਾਨ ਸ਼ਹੀਦਾਂ ਤੇ ਹੋਰਨਾਂ ਕੌਮੀ ਪਰਵਾਨਿਆਂ ਨੇ ਸਿਰਫ ਬਰਤਾਨਵੀ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੀ ਜਾਨਾਂ ਕੁਰਬਾਨ ਨਹੀਂ ਕੀਤੀਆਂ ਸਨ। ਉਨਾਂ ਦਾ ਮਕਸਦ ਆਜ਼ਾਦੀ ਦੇ ਨਾਲ-ਨਾਲ ਮੁਲਕ ਅੰਦਰ ਇਕ ਅਜਿਹਾ ਨਿਜ਼ਾਮ ਸਥਾਪਿਤ ਕਰਨਾ ਵੀ ਸੀ ਜਿਹੜਾ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਤੋਂ ਮੁਕਤ ਹੋਵੇ, ਜਿਥੇ ਕਿਸੇ ਨਾਲ ਜਾਤ ਦੇ ਆਧਾਰ 'ਤੇ ਕੋਈ ਵਿਤਕਰਾ ਨਾ ਹੋਵੇ, ਜਿਥੇ ਹਰ ਇਕ ਲਈ ਕੁੱਲੀ-ਗੁੱਲੀ-ਜੁੱਲੀ ਦੇ ਨਾਲ ਨਾਲ ਸਿਹਤ ਤੇ ਸਿਖਿਆ ਦਾ ਬਰਾਬਰ ਤੇ ਯਕੀਨੀ ਪ੍ਰਬੰਧ ਹੋਵੇ ਅਤੇ ਜਿਥੇ ਕਿਸੇ 'ਤੇ ਵਿਚਾਰ-ਪ੍ਰਗਟਾਵੇ ਦੀਆਂ ਕੋਈ ਬੰਦਿਸ਼ਾਂ ਨਾ ਹੋਣ। ਕਾਮਰੇਡ ਪਾਸਲਾ ਨੇ ਕਿਹਾ ਕਿ ਬਦਕਿਸਮਤੀ ਇਹ ਹੈ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਸ਼ਹੀਦਾਂ ਦਾ ਸੁਪਨਾ ਇਕ ਸੁਪਨਾ ਹੀ ਬਣਿਆ ਹੋਇਆ ਹੈ, ਜ਼ਮੀਨ 'ਤੇ ਨਹੀਂ ਉਤਾਰਿਆ ਗਿਆ । ਸਾਡੇ ਹੁਕਮਰਾਨਾ ਵਲੋਂ ਅਪਣਾਈਆਂ ਗਈਆਂ ਨੀਤੀਆਂ ਨੇ ਸਮਾਜ ਅੰਦਰ ਅਸਾਂਵੇਪਣ ਨੂੰ ਮੇਟਣ ਦੀ ਥਾਂ ਵਧਾਇਆ ਹੀ ਹੈ । ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਸਿਹਤ, ਸਿਖਿਆ ਤੇ ਰੁਜ਼ਗਾਰ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ । ਜਿਸ ਸਾਮਰਾਜ ਵਿਰੁੱਧ ਦੇਸ਼ ਭਗਤਾਂ ਨੇ ਸ਼ਹਾਦਤਾਂ ਦਿਤੀਆਂ ਸਨ, ਉਸੇ ਸਾਮਰਾਜ ਨੂੰ ਅੱਜ ਫਿਰ ਖੁੱਲ੍ਹ ਖੇਡਣ ਲਈ ਜ਼ਮੀਨ ਮੁਹਈਆ ਕਰਵਾਈ ਜਾ ਰਹੀ ਹੈ ।
ਸਾਥੀ ਪਾਸਲਾ ਨੇ ਕਿਹਾ ਕਿ ਸਾਮਰਾਜੀ ਸੰਸਾਰੀਕਰਨ ਦੇ ਇਸ ਦੌਰ 'ਚ ਕੇਂਦਰ 'ਚ ਸੱਤਾ 'ਤੇ ਬਿਰਾਜਮਾਨ ਮੋਦੀ ਦੀ ਅਗਵਾਈ ਹੇਠ ਸੰਘ ਪਰਵਾਰ ਵਲੋਂ ਫਿਰਕਾਪ੍ਰਸਤੀ ਤੇ ਨਸਲਵਾਦ ਨੂੰ ਹਵਾ ਦੇ ਕੇ ਆਪਣਾ ਏਜੰਡਾ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ ।ਦੇਸ਼ ਦੀਆਂ ਯੂਨੀਵਰਸਿਟੀਆਂ ਵਰਗੇ ਧਰਮ ਨਿਰਪਖ ਅਦਾਰਿਆਂ 'ਚ ਵਿਚਾਰ ਪਰਗਟਾਵੇ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ।
ਮਹਿੰਗਾਈ, ਬੇਰੁਜ਼ਗਾਰੀ ਵਰਗੇ ਭਖਦੇ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਇਸ ਸਰਕਾਰ ਦੇ ਮੰਤਰੀ ਆਪਣੇ ਸੌੜੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਫਿਰਕੂ-ਧਰੁੱਵੀਕਰਨ ਦੀ ਨੀਤੀ 'ਤੇ ਚੱਲ ਰਹੇ ਹਨ। ਖੁਦ ਪ੍ਰਧਾਨ ਮੰਤਰੀ ਇਸ 'ਚ ਸ਼ਾਮਲ ਹਨ। ਸਾਥੀ ਪਾਸਲਾ ਨੇ ਕਿਹਾ ਕਿ ਅਜਿਹੀ ਹਾਲਤ ਵਿੱਚ ਦੇਸ਼ ਇਕ ਖਤਰਨਾਕ ਦੌਰ 'ਚੋਂ ਲੰਘ ਰਿਹਾ ਹੈ। ਇਸ ਸੰਕਟ ਦਾ ਟਾਕਰਾ ਕਰਨ ਲਈ ਮੈਦਾਨ ਮੱਲਣਾ ਹੀ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾ ਕਿਹਾ ਕਿ ਇਹ ਕੰਮ ਕੇਵਲ ਖੱਬੀਆਂ ਪਾਰਟੀਆਂ ਹੀ ਇਕਮੁੱਠ ਹੋ ਕੇ ਕਰ ਸਕਦੀਆਂ ਹਨ। ਇਸ ਮੌਕੇ ਬੋਲਦਿਆਂ ਜਨਵਾਦੀ ਇਸਤਰੀ ਸਭਾ ਦੀ ਸੂਬਾ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਇਸਤਰੀਆਂ ਉੱਪਰ ਹੋ ਰਹੇ ਸਮਾਜਿਕ ਜ਼ਬਰ ਅਤੇ ਲਿੰਗ ਆਧਾਰਿਤ ਵਿਤਕਰੇ ਤੇ ਹੋਰਨਾਂ ਸਮੱਸਿਆਵਾਂ ਬਾਰੇ ਦੱਸਦਿਆਂ ਕਿਹਾ ਕਿ ਔਰਤਾਂ ਨੂੰ ਬਰਾਬਰੀ ਦਾ ਦਰਜਾ ਹਾਸਲ ਕਰਨ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨਾ ਹੋਵੇਗਾ। ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਆਰ ਐਮ ਪੀ ਆਈ ਦੇ ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਆਤਮਾ ਰਾਮ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸਾਥੀ ਮਨਜੀਤ ਸਰਦੂਲਗੜ੍ਹ, ਪਾਰਟੀ ਦੇ ਤਹਿਸੀਲ ਸਕੱਤਰ ਸਾਥੀ ਅਮਰੀਕ ਸਿੰਘ ਫਫੜੇ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸਾਥੀ ਸੁਖਦੇਵ ਸਿੰਘ, ਆਰ ਐਮ ਪੀ ਆਈ ਹਰਿਆਣਾ ਦੇ ਸੂਬਾ ਸਕੱਤਰ ਸਾਥੀ ਤਜਿੰਦਰ ਸਿੰਘ ਥਿੰਦ ਤੋਂ ਇਲਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਅਤੇ ਸਾਥੀ ਦਲਜੀਤ ਸਿੰਘ ਮਾਨਸ਼ਾਹੀਆ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਜ਼ਿਲ੍ਹਾ ਸਕੱਤਰ ਸਾਥੀ ਲਾਲ ਚੰਦ ਨੇ ਨਿਭਾਏ। ਇਸ ਮੌਕੇ ਇਨਕਲਾਬੀ ਲੋਕ ਗਾਇਕ ਜਗਸੀਰ ਜੀਦਾ ਨੇ ਇਨਕਲਾਬੀ ਗੀਤ ਪੇਸ਼ ਕਰਕੇ ਸਮਾਂ ਬੰਨ੍ਹੀ ਰੱਖਿਆ।

ਸ਼ਹੀਦੀ ਦਿਵਸ ਨੂੰ ਸਾਮਰਾਜਵਾਦ, ਨਸਲਵਾਦ ਤੇ ਫਿਰਕਾਪ੍ਰਸਤੀ ਵਿਰੁੱਧ ਮਨਾਇਆ ਗਿਆ 
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਇਸ ਸਾਲ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਸਾਮਰਾਜਵਾਦ, ਨਸਲਵਾਦ ਅਤੇ ਫਿਰਕਾਪ੍ਰਤੀ ਖਿਲਾਫ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਮਨਾਇਆ ਗਿਆ। ਇਸ ਦੌਰਾਨ ਵੱਖ-ਵੱਖ ਸਿੱਖਿਆ ਸੰਸਥਾਵਾਂ ਅਤੇ ਇਕਾਈਆਂ 'ਚ ਮੀਟਿੰਗਾਂ, ਮਸ਼ਾਲ ਮਾਰਚ, ਨਾਟਕ ਮੇਲੇ ਆਦਿ ਕਰਵਾਏ ਗਏ। ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ 23 ਮਾਰਚ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧਣ ਦਾ ਦਾ ਹੋਕਾ ਦਿੱਤਾ ਗਿਆ। ਸੂਬਾ ਕੇਂਦਰ 'ਤੇ ਪ੍ਰਾਪਤ ਕੁੱਝ ਰਿਪੋਰਟਾਂ ਮੁਤਬਿਕ :
ਬਟਾਲਾ ਤਹਿਸੀਲ ਦੇ ਪਿੰਡ ਕਿਲਾ ਲਾਲ ਸਿੰਘ 'ਚ ਸਾਥੀ ਸੁਖਵਿੰਦਰ ਸਿੰਘ ਬਿੱਟੂ ਅਤੇ ਹਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਇਹ ਦਿਨ ਮਨਾਇਆ ਗਿਆ। ਇਸ ਇਕੱਠ ਨੂੰ ਸੂਬਾਈ ਆਗੂ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਸੰਬੋਧਨ ਕੀਤਾ। ਇਸ ਮੌਕੇ ਜਥੇਬੰਦੀ ਦੀ ਇਕਾਈ ਦੀ ਚੋਣ ਵੀ ਕੀਤੀ ਗਈ। ਜਿਸ 'ਚ ਰਛਪਾਲ ਨੂੰ ਪ੍ਰਧਾਨ, ਕਰਨਦੀਪ ਸਿੰਘ ਨੂੰ ਸਕੱਤਰ, ਹਰਪਾਲ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ।
 
ਪਿੰਡ ਖਾਨਫੱਤਾ 'ਚ ਸ਼ਹੀਦੀ ਦਿਨ ਮੌਕੇ ਕੀਤੀ ਮੀਟਿੰਗ ਦੀ ਪ੍ਰਧਾਨਗੀ ਵਿਰਗਟ ਮਸੀਹ (ਬੱਬਾ) ਨੇ ਕੀਤੀ। ਇਸ ਮੀਟਿੰਗ ਨੂੰ ਸੂਬਾਈ ਆਗੂ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਸੰਬੋਧਨ ਕੀਤਾ। ਇਸ ਮੌਕੇ ਕੀਤੀ ਚੋਣ 'ਚ ਸਟੀਫਨ ਮਸੀਹ ਨੂੰ ਪ੍ਰਧਾਨ, ਸੁਖ ਮਸੀਹ ਨੂੰ ਸਕੱਤਰ, ਪਲਵਿੰਦਰ ਨੂੰ ਕੈਸ਼ੀਅਰ, ਗਰੀਫਿਨ ਨੂੰ ਮੀਤ ਪ੍ਰਧਾਨ, ਸਤੀਸ਼ ਨੂੰ ਜੁਆਇੰਟ ਸਕੱਤਰ, ਵਿਰਗਟ ਮਸੀਹ ਨੂੰ ਜਥੇਬੰਦਕ ਸਕੱਤਰ ਚੁਣਿਆ ਗਿਆ।
 
ਪਿੰਡ ਕਟਾਰੂਚੱਕ 'ਚ ਕੀਤੀ ਇੱਕ ਜਨਰਲ ਬਾਡੀ ਮੀਟਿੰਗ ਦੀ ਪ੍ਰਧਾਨਗੀ ਸਾਥੀ ਸੁਰਜੀਤ ਕੁਮਾਰ ਅਤੇ ਸੰਜੀਵ ਕੁਮਾਰ ਨੇ ਕੀਤੀ। ਇਸ ਮੀਟਿੰਗ ਨੂੰ ਸੂਬਾਈ ਆਗੂ ਰਵੀ ਕੁਮਾਰ ਕਟਾਰੂਚੱਕ, ਅਤੇ ਜ਼ਿਲ੍ਹਾ ਆਗੂ ਪਵਨ ਕੁਮਾਰ ਨੇ ਸੰਬੋਧਨ ਕੀਤਾ। ਇਸ ਮੌਕੇ ਕੀਤੀ ਚੋਣ 'ਚ ਸੁਰਜੀਤ ਕੁਮਾਰ ਨੂੰ ਪ੍ਰਧਾਨ, ਮੋਹਿਤ ਕੁਮਾਰ ਨੂੰ ਸਕੱਤਰ, ਸੰਜੀਵ ਕੁਮਾਰ ਨੂੰ ਕੈਸ਼ੀਅਰ ਚੁਣਿਆ ਗਿਆ।
 
ਪਿੰਡ ਜੋਧਾ (ਲੁਧਿਆਣਾ) ਦੇ ਰਤਨਗੜ੍ਹ ਬਜਾਰ ਵਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਨ ਮਨਾਇਆ ਗਿਆ। ਜਿਸ 'ਚ ਪ੍ਰੋ. ਜੈਪਾਲ ਸਿੰਘ, ਡਾ. ਪ੍ਰਦੀਪ ਜੋਧਾ ਅਤੇ ਹਰਨੇਕ ਸਿੰਘ ਗੁਜ਼ਰਵਾਲ ਨੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਕੱਤਰ ਸਿੰਘ ਦੀ ਟੀਮ ਵਲੋਂ ਨਾਟਕ ਪੇਸ਼ ਕੀਤੇ ਗਏ। ਇਨ੍ਹਾਂ ਨਾਟਕਾਂ ਨੂੰ ਲੋਕਾਂ ਨੇ ਕਾਫੀ ਸਰਾਹਿਆ ਗਿਆ।
 
ਪੱਟੀ, ਖਡੂਰ ਸਾਹਿਬ ਅਤੇ ਤਰਨ ਤਾਰਨ ਤਹਿਸੀਲਾਂ 'ਚ ਤਹਿਸੀਲ ਪੱਧਰੀ ਮੀਟਿੰਗਾਂ ਅਯੋਜਿਤ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਨੂੰ ਸਭਾ ਦੇ ਸੂਬਾਈ ਆਗੂਆਂ ਬਲਦੇਵ ਸਿੰਘ ਪੰਡੋਰੀ, ਕਾਬਲ ਸਿੰਘ ਪਹਿਲਵਾਨਕੇ, ਮਨਜੀਤ ਸਿੰਘ ਮੱਲੂਨੰਗਲ, ਸੁਲੱਖਣ ਤੁੜ, ਗੁਰਜਿੰਦਰ ਸਿੰਘ ਰੰਧਾਵਾ ਆਦਿ ਨੇ ਸੰਬੋਧਨ ਕੀਤਾ।
 
ਫਿਲੌਰ 'ਚ ਤਹਿਸੀਲ ਪੱਧਰੀ ਇੱਕ ਮੀਟਿੰਗ ਅਯੋਜਿਤ ਕੀਤੀ ਗਈ, ਜਿਸ ਨੂੰ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਪੀਐਸਐਫ ਦੇ ਸੂਬਾ ਸਕੱਤਰ ਅਜੇ ਫਿਲੌਰ, ਸੂਬਾਈ ਆਗੂ ਮਨਜਿੰਦਰ ਢੇਸੀ, ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ।
 
ਕਾਹਨਾ ਢੇਸੀਆਂ (ਜਲੰਧਰ) ਇਕਾਈ ਵਲੋਂ ਪਿੰਡ 'ਚ ਮਸ਼ਾਲ ਮਾਰਚ ਕੀਤਾ ਗਿਆ। ਜਿਸ 'ਚ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।
 
ਅਜਨਾਲਾ 'ਚ ਤਹਿਸੀਲ ਪੱਧਰੀ ਜਨਰਲ ਬਾਡੀ ਮੀਟਿੰਗ ਕੀਤੀ ਗਈ, ਜਿਸ ਨੂੰ ਕੁਲਵੰਤ ਸਿੰਘ ਮੱਲੂ ਨੰਗਲ, ਸੁਰਜੀਤ ਸਿੰਘ ਦਦੇਹਰ ਆਦਿ ਆਗੂਆਂ ਨੇ ਸੰਬੋਧਨ ਕੀਤਾ।

No comments:

Post a Comment