Thursday, 6 April 2017

ਲੋਕ ਮਸਲੇ : ਸੈਂਚੁਰੀ ਪਲਾਈਵੁੱਡ ਫੈਕਟਰੀ ਦੇ ਸੰਭਾਵੀ ਪ੍ਰਦੂਸ਼ਨ ਵਿਰੁੱਧ ਜੁਝਾਰੂ ਜਨਤਕ ਸੰਘਰਸ਼

ਪੰਜਾਬ ਦੇ ਨੀਮ ਪਹਾੜੀ ਇਲਾਕੇ ਦੇ ਸ਼ਹਿਰ ਹੁਸ਼ਿਆਰਪੁਰ ਦੇ ਆਲੇ ਦੁਆਲੇ ਦਾ ਲਗਭਗ 20 ਕਿਲੋਮੀਟਰ ਘੇਰੇ ਵਾਲਾ ਖੇਤਰ ਕਿਸੇ ਵੇਲੇ ਦੁਆਬੇ ਦੇ ਬੇਹੱਦ ਸੁਆਦਲੇ ਤੇ ਰਸੀਲੇ ਅੰਬਾਂ ਕਰਕੇ ਪ੍ਰਸਿੱਧ ਸੀ। ਇਸ ਇਲਾਕੇ ਉਪਰ ਹੁਣ ਸਰਮਾਏਦਾਰਾਂ ਦੀਆਂ ਐਸੀਆਂ ਮਨਹੂਸ ਨਜ਼ਰਾਂ ਪਈਆਂ ਹਨ ਕਿ ਇਸ ਦੇ ਬਾਗ ਬਗੀਚਿਆਂ ਦੀ ਖੂਬਸੂਰਤੀ ਤੇ ਫਲਾਂ-ਫੁੱਲਾਂ ਦੀ ਸੁਗੰਧੀ ਵੱਡੀ ਹੱਦ ਤੱਕ ਅਲੋਪ ਹੁੰਦੀ ਜਾ ਰਹੀ ਹੈ। ਸਮੇਂ ਦੀਆਂ ਸਰਕਾਰਾਂ ਨੇ ਇਸ ਖੇਤਰ ਦੀ ਕੁਦਰਤੀ ਸੁੰਦਰਤਾ ਅਤੇ ਸਾਫ ਸੁਥਰੇ ਪੌਣ ਪਾਣੀ ਨੂੰ ਸਾਂਭਣ ਦੀ ਬਜਾਏ ਇਹਨਾਂ ਸਰਮਾਏਦਾਰ ਲੁਟੇਰਿਆਂ ਨੂੰ ਇਲਾਕੇ ਅੰਦਰ ਹਰ ਤਰ੍ਹਾਂ ਦਾ ਪ੍ਰਦੂਸ਼ਣ ਫੈਲਾਉਣ ਵਾਸਤੇ ਖੁੱਲੇ ਲਾਇਸੈਂਸ ਦੇ ਰੱਖੇ ਹਨ।
ਪਿਛਲੀ ਬਾਦਲ ਸਰਕਾਰ ਦੇ ਅਜੇਹੇ ਗੈਰ-ਜ਼ੁੰਮੇਵਾਰਾਨਾ ਵਰਤਾਰੇ ਕਾਰਨ ਹੀ, ਹੁਸ਼ਿਆਰਪੁਰ-ਦਸੂਹਾ ਸੜਕ 'ਤੇ ਜਿਲ੍ਹਾ ਕੇਂਦਰਾਂ ਤੋਂ ਤਕਰੀਬਨ 8 ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਦੌਲੋਵਾਲ ਵਿਖੇ ਇਕ ਉਘੇ ਅਜਾਰੇਦਾਰ ਘਰਾਣੇ ਨੂੰ ਸੈਂਚੁਰੀ ਪਲਾਈਵੁੱਡ ਫੈਕਟਰੀ ਲਾਉਣ ਦੀ ਆਗਿਆ ਮਿਲੀ ਹੈ। ਬਹੁਪੱਖੀ ਪ੍ਰਦੂਸ਼ਣ ਦੇ ਇਸ ਵੱਡੇ ਸਰੋਤ ਨੂੰ ਸਥਾਪਤ ਕਰਨ ਵਾਸਤੇ ਇਸ ਘਰਾਣੇ ਦੇ ਕਾਰਿੰਦਿਆਂ ਨੇ ਪਿੰਡ ਦੌਲੋਵਾਲ (ਜਿਸਦੀ ਫਿਰਨੀ ਨਾਲ ਲੱਗਦੀ ਇਹ ਫੈਕਟਰੀ ਉਸਾਰੀ ਜਾ ਰਹੀ ਹੈ) ਦੇ ਸਰਪੰਚ ਅਤੇ ਪੰਚਾਇਤ ਦੀ ਧੋਖਾਧੜੀ ਨਾਲ ਰਜ਼ਾਮੰਦੀ ਪ੍ਰਾਪਤ ਕਰਨ ਵਾਸਤੇ 21 ਨਵੰਬਰ 2015 ਨੂੰ ਅੰਗਰੇਜੀ ਭਾਸ਼ਾ ਵਿਚ ਲਿਖੇ ਹੋਏ ਇਕ ਕਾਗਜ਼ ਉਪਰ ਦਸਖਤ ਕਰਾਉਣ ਦੇ ਯਤਨ ਕੀਤੇ। ਉਸ ਵੇਲੇ ਫੈਕਟਰੀ ਲਈ ਲੋੜੀਂਦੀ ਜ਼ਮੀਨ ਦੀ ਅਜੇ ਰਜਿਸਟਰੀ  ਵੀ ਨਹੀਂ ਸੀ ਹੋਈ, ਸਿਰਫ ਇਕ ਇਕਰਾਰਨਾਮਾ ਹੀ ਲਿਖਿਆ ਹੋਇਆ ਸੀ। ਇਸ ਘੁੱਗ ਵਸਦੇ ਇਲਾਕੇ ਨੂੰ ਪ੍ਰਦੂਸ਼ਨ ਰਾਹੀਂ ਬਰਬਾਦ ਕਰਨ ਦੀ ਇਸ ਘਿਨਾਉਣੀ ਯੋਜਨਾ ਵਿਰੁੱਧ  ਪਿੰਡ ਵਾਸੀਆਂ ਨੂੰ ਪਤਾ ਲੱਗਣ 'ਤੇ ਉਹਨਾਂ ਨੇ ਮਿਲਕੇ, ਵਿਸ਼ੇਸ਼ ਤੌਰ 'ਤੇ ਪਿੰਡ ਦੇ ਨੌਜਵਾਨਾਂ ਨੇ ਪਹਿਲਕਦਮੀ ਕਰਕੇ 10 ਦਸੰਬਰ 2015 ਨੂੰ ਹੀ ਇਲਾਕੇ ਦੇ ਤਹਿਸੀਲਦਾਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਾਰਿਆਂ ਨੂੰ ਦਰਖਾਸਤਾਂ ਭੇਜ ਦਿੱਤੀਆਂ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਹਰ ਪੱਧਰ ਦੇ ਪ੍ਰਸ਼ਾਸਨ ਨੇ ਪੇਂਡੂ ਗਰੀਬਾਂ ਦੀ ਇਸ ਸਾਂਝੀ ਆਵਾਜ਼ ਨੂੰ ਪੂਰੀ ਤਰ੍ਹਾਂ ਅਣਸੁਣਿਆ ਕਰ ਦਿੱਤਾ ਅਤੇ ਲੁਟੇਰੇ ਸਰਮਾਏਦਾਰਾਂ ਦਾ ਹੀ ਸਾਥ ਦਿੱਤਾ। ਜਿਸਦੇ ਸਿੱਟੇ ਵਜੋਂ ਉਹਨਾਂ ਨੇ ਫੈਕਟਰੀ ਵਾਸਤੇ ਨਾ ਸਿਰਫ ਉਪਜਾਊ ਜ਼ਮੀਨ ਦਾ ਇਕ ਵੱਡਾ ਟੱਕ ਖਰੀਦ ਲਿਆ ਬਲਕਿ ਗੈਰ ਕਾਨੂੰਨੀ ਢੰਗ ਨਾਲ ਫੈਕਟਰੀ ਦੀ ਉਸਾਰੀ ਕਰਨੀ ਵੀ ਸ਼ੁਰੂ ਕਰ ਦਿੱਤੀ।
ਇਸ ਫੈਕਟਰੀ ਤੋਂ ਅੱਧੇ ਪੌਣੇ ਕਿਲੋਮੀਟਰ ਦੇ ਘੇਰੇ ਵਿਚ ਵੱਸਦੇ ਪਿੰਡਾਂ-ਦੌਲੇਵਾਲ, ਆਸੀਪੁਰ, ਨਿਆਜ਼ੀਆਂ, ਮਹਿੰਦੀਪੁਰ, ਮਿੱਠੇਵਾਲ, ਗੋਬਿੰਦਪੁਰ-ਖੁਨਖੁਨ, ਮੁਰਾਦਪੁਰ ਗੁਰੂ, ਡੱਡਿਆਣਾਂ ਖੁਰਦ, ਕੋਟਲਾ ਨੌਧ ਸਿੰਘ (ਉਘੇ ਗਦਰੀ ਬਾਬੇ ਹਰਨਾਮ ਸਿੰਘ ਟੁੰਡੀਲਾਟ ਦਾ ਪਿੰਡ), ਬਾਗਪੁਰ, ਸਤੌਰ, ਭੀਖੋਵਾਲ, ਕੈਲੋਂ ਆਦਿ, ਜਿਹਨਾਂ ਦੀ ਆਪਸੀ ਦੂਰੀ ਵੀ ਅੱਧੇ ਕਿਲੋਮੀਟਰ ਤੋਂ ਘੱਟ ਹੈ, ਦੇ ਵਾਸੀਆਂ ਨੂੰ ਕੀ ਪਤਾ ਸੀ ਕਿ ਆਉਣ ਵਾਲੇ ਸਮੇਂ ਵਿਚ ਉਹਨਾਂ ਦੀਆਂ ਜਰਖੇਜ਼ ਜਮੀਨਾਂ, ਸ਼ੁੱਧ ਤਾਜੀ ਹਵਾ ਅਤੇ ਮਿੱਠੇ ਪਾਣੀ ਵਿਚ ਜ਼ਹਿਰਾਂ ਘੋਲੀਆਂ ਜਾ ਰਹੀਆਂ ਹਨ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਮੇਂ ਵਰਗੇ ਸਾਹ ਦੇ ਰੋਗਾਂ, ਚਮੜੀ ਦੇ ਰੋਗਾਂ, ਗੁਰਦਿਆਂ ਦੇ ਰੋਗਾਂ ਤੇ ਕੈਂਸਰ, ਪੀਲੀਆ ਆਦਿ ਵਰਗੀਆਂ ਮਾਰੂ ਬਿਮਾਰੀਆਂ ਦੀ ਭੇਂਟ ਚੜ੍ਹਾਇਆ ਜਾ ਰਿਹਾ ਹੈ। ਉਹਨਾਂ ਨੂੰ ਸਰਮਾਏਦਾਰਾਂ ਦੀ ਇਸ ਕੰਪਨੀ ਦੇ ਇਹਨਾ ਇਰਾਦਿਆਂ ਦੀ ਭਿਣਕ ਉਦੋਂ ਲੱਗੀ ਜਦੋਂ ਕੰਪਨੀ ਲਈ ਇਤਰਾਜਹੀਣਤਾ ਸਰਟੀਫਿਕੇਟ (NOC) ਪ੍ਰਾਪਤ ਕਰਨ ਵਾਸਤੇ ਇਲਾਕੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਪ੍ਰਫਾਰਮੇਂ ਭੇਜੇ ਗਏ। ਇਸ ਮੰਤਵ ਲਈ 21 ਅਕਤੂਬਰ 2016 ਨੂੰ ਡਿਪਟੀ ਕਮਿਸ਼ਨਰ ਵਲੋਂ ਯੂਨੀਵਰਸਲ ਧਰਮ ਕੰਡੇ 'ਤੇ ਸਰਪੰਚਾਂ ਦੀ ਇਕ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿਚ ਖੁਨਖੁਨ ਗੋਬਿੰਦਪੁਰ ਦੇ ਸਰਪੰਚ ਸਰਦਾਰ ਗੁਰਮੀਤ ਸਿੰਘ ਵਲੋਂ ਅਜੇਹੀ ਰਜ਼ਾਮੰਦੀ ਦੇਣ ਤੋਂ ਸਪੱਸ਼ਟ ਇਨਕਾਰ ਕਰ ਦੇਣ ਨਾਲ ਬਾਕੀ ਸਾਰੇ ਸਰਪੰਚਾਂ ਤੇ ਇਲਾਕੇ ਦੇ ਹੋਰ ਚੇਤਨ ਲੋਕਾਂ ਦੀਆਂ ਅੱਖਾਂ ਵੀ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਮਿਲਕੇ ਇਸ ਫੈਕਟਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਹ ਤੱਥ ਵੀ ਉਭਰਕੇ ਸਾਹਮਣੇ ਆ ਗਿਆ ਕਿ ਇਸ ਫੈਕਟਰੀ ਵਿਚ ਸਿਰਫ ਪਲਾਈਬੋਰਡ ਹੀ ਨਹੀਂ ਬਣਨਾ ਬਲਕਿ ਲੱਕੜ ਦੇ ਬੂਰੇ ਤੋਂ ਪਲਾਈਬੋਰਡ ਬਨਾਉਣ ਵਾਸਤੇ ਲੋੜੀਂਦੇ ਫਾਰਮੈਲੇਡੇਹਾਈਡ ਰੇਜ਼ਨ ਨੂੰ ਬਨਾਉਣ ਦਾ ਕੈਮੀਕਲ ਪਲਾਂਟ ਵੀ ਲਾਇਆ ਜਾ ਰਿਹਾ ਹੈ, ਜਿਸ ਨਾਲ ਇਲਾਕੇ ਅੰਦਰ ਦੂਰ-ਦੂਰ ਤੱਕ ਹਵਾ ਤੇ ਪਾਣੀ ਪ੍ਰਦੂਸ਼ਤ ਹੋਣਗੇ ਅਤੇ ਮਨੁੱਖੀ ਜਾਨਾਂ ਤੇ ਜਾਨਵਰ ਹੀ ਨਹੀਂ ਬਲਕਿ ਪੇੜ ਪੌਧੇ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ। ਇਸ ਲਈ ਸਰਪੰਚ ਸ. ਗੁਰਦੀਪ ਸਿੰਘ ਨੇ ਮੁਰਾਦਪੁਰ ਗੁਰੂ ਦੇ ਸਰਪੰਚ ਸ਼੍ਰੀ ਦਵਿੰਦਰ ਕੁਮਾਰ, ਨੰਬਰਦਾਰ ਜੁਗਿੰਦਰ ਸਿੰਘ ਅਤੇ ਇਲਾਕੇ ਦੇ ਸਾਰੇ ਸਰਪੰਚਾਂ ਅਤੇ ਹੋਰ ਸੁਹਿਰਦ ਸੱਜਣਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਫੈਕਟਰੀ ਵਿਰੁੱਧ ਜਨਤਕ ਅੰਦੋਲਨ ਆਰੰਭ ਕਰ ਦਿੱਤਾ। ਵੱਡੀ ਪੱਧਰ ਤੱਕ ਪ੍ਰਦੂਸ਼ਨ ਫੈਲਾਉਣ ਵਾਲੀ ਇਸ ਫੈਕਟਰੀ ਵਿਰੁੱਧ ਬਣਾਈ ਗਈ ਇਸ ਐਕਸ਼ਨ ਕਮੇਟੀ ਨੂੰ ਵਾਤਾਵਰਨ ਪ੍ਰੇਮੀ ਵੀਰ ਪ੍ਰਤਾਪ ਰਾਣਾ ਅਤੇ ਸੋਸ਼ਲਿਸਟ ਪਾਰਟੀ (ਭਾਰਤ) ਦੇ ਸਕੱਤਰ ਓਮ ਸਿੰਘ ਸਟਿਆਣਾ ਵਰਗੇ ਕਈ ਸਮਾਜ ਸੇਵੀਆਂ ਦਾ ਸਮਰਥਨ ਵੀ ਮਿਲ ਗਿਆ। ਜਿਹਨਾਂ ਨੇ ਮਿਲਕੇ ਪਿੰਡ-ਪਿੰਡ ਮੀਟਿੰਗਾਂ ਕਰਕੇ ਲੋਕਾਂ ਨੂੰ ਇਸ ਫੈਕਟਰੀ ਕਾਰਨ ਪੈਦਾ ਹੋਣ ਵਾਲੀਆਂ ਹਰ ਤਰ੍ਹਾਂ ਦੀਆਂ ਆਫਤਾਂ ਆਦਿ ਬਾਰੇ ਵੀ ਸੁਚੇਤ ਕੀਤਾ ਅਤੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੇ ਅਧਿਕਾਰੀਆਂ ਨੂੰ ਪ੍ਰਤੀਬੇਨਤੀਆਂ ਵੀ ਭੇਜੀਆਂ। ਏਥੋਂ ਤੱਕ ਕਿ ਇਸ ਕਮੇਟੀ ਨੇ ਨੈਸ਼ਨਲ ਗਰੀਨ ਟਰੀਬਿਊਨਲ ਤੱਕ ਵੀ ਪਹੁੰਚ ਕੀਤੀ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਦੇ ਇਕ ਵੱਡੇ ਤੇ ਮਾਲਦਾਰ ਘਰਾਣੇ ਦੀ ਇਸ ਕੰਪਨੀ ਵਿਰੁੱਧ ਇਲਾਕੇ ਦੇ ਲੋਕਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਫੈਕਟਰੀ ਦੀ ਉਸਾਰੀ ਧੜਾਧੜ ਜਾਰੀ ਰਹੀ। ਏਥੋਂ ਤੱਕ ਕਿ ਫੈਕਟਰੀ ਨੂੰ ਬਿਜਲੀ ਸਪਲਾਈ ਕਰਨ ਵਾਸਤੇ 66 ਕੇਵੀ ਦੀ ਲਾਈਨ ਦੇ ਵੱਡੇ-ਵੱਡੇ ਪਿੱਲਰ ਲੋਕਾਂ ਦੇ ਵਿਰੋਧ ਦੇ ਬਾਵਜੂਦ ਪੁਲਸ ਦੀ ਮਦਦ ਨਾਲ ਧੱਕੇ ਨਾਲ ਖੜ੍ਹੇ ਕੀਤੇ ਗਏ।
ਇਸ ਪਿਛੋਕੜ ਵਿਚ ਹੀ ਬੀਤੇ 6 ਮਾਰਚ ਨੂੰ ਸੰਘਰਸ਼ ਕਮੇਟੀ ਦੀ ਮੀਟਿੰਗ ਸੂਰਜ ਪੈਲਸ ਹਰਿਆਣਾ ਵਿਖੇ ਹੋਈ ਜਿੱਥੇ ਬਹੁਤ ਸਾਰੀਆਂ ਹੋਰ ਸੁਹਿਰਦ ਧਿਰਾਂ, ਜਥੇਬੰਦੀਆਂ ਤੇ ਲੋਕ ਪੱਖੀ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿੱਧ ਵੀ ਸ਼ਾਮਲ ਹੋਏ। ਇਸ ਮੀਟਿੰਗ ਵਿਚ 15 ਮਾਰਚ ਤੋਂ ਫੈਕਟਰੀ ਚੁਕਵਾਉਣ ਵਾਸਤੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ। ਜਿਸਨੂੰ ਦੇਖਦੇ ਹੋਏ ਪ੍ਰਸ਼ਾਸਨ ਦੀ ਸ਼ਹਿ 'ਤੇ ਪੰਜਾਬ ਰਾਜ ਬਿਜਲੀ ਸਪਲਾਈ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਬਿਜਲੀ ਦੀਆਂ ਤਾਰਾਂ ਪਾਉਣ ਦਾ ਕੰਮ ਹੋਰ ਤੇਜ਼ ਕਰ ਦਿੱਤਾ ਅਤੇ ਲੋਕਾਂ ਦੀਆਂ ਖੜੀਆਂ ਫਸਲਾਂ ਬਰਬਾਦ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਧੱਕੇਸ਼ਾਹੀ ਦਾ ਵਿਰੋਧ ਕਰਦਿਆਂ ਬੀਬੀ ਸਤਨਾਮ ਕੌਰ ਆਸੀਪੁਰ ਤੇ ਸਰਪੰਚ ਗੁਰਦੀਪ ਸਿੰਘ ਖੁਨਖੁਨ ਨੇ 25-30 ਔਰਤਾਂ ਤੇ ਸਥਾਨਕ ਨੌਜਵਾਨਾਂ ਨੂੰ ਨਾਲ ਲੈ ਕੇ 9 ਮਾਰਚ ਨੂੰ ਹੀ ਵਰ੍ਹਦੇ ਮੀਂਹ ਵਿਚ ਧਰਨਾ ਲਾ ਕੇ ਬਿਜਲੀ ਦੀਆਂ ਤਾਰਾ ਪਾਉਣ ਦਾ ਕੰਮ ਰੋਕ ਦਿੱਤਾ ਅਤੇ ਟੈਲੀਫੋਨਾਂ ਰਾਹੀਂ ਸਾਰੇ ਪਿੰਡਾਂ ਤੋਂ ਕਮੇਟੀ ਦੇ ਮੈਂਬਰਾਂ ਨੂੰ ਬੁਲਾਕੇ ਪੱਕਾ ਮੋਰਚਾ ਆਰੰਭ ਦਿੱਤਾ। ਆਰ.ਐਮ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮਹਿੰਦਰ ਸਿੰਘ ਖੈਰੜ ਵੀ ਉਸੇ ਦਿਨ ਤੋਂ ਮੋਰਚੇ ਵਿਚ ਸ਼ਾਮਲ ਹੋ ਗਏ ਸਨ। ਸਾਥੀ ਸ਼ੰਗਾਰਾ ਰਾਮ ਮਕੀਮਪੁਰ ਅਤੇ ਜਗਦੀਸ਼ ਰਾਏ ਹਰਿਆਣਾ ਅਤੇ ਕਈ ਹੋਰ ਸੁਹਿਰਦ ਸੱਜਣ ਵੀ ਲਗਭਗ ਰੋਜ਼ਾਨਾ ਹੀ ਹਾਜ਼ਰੀ ਭਰਦੇ ਹਨ।
ਇਹ ਮੋਰਚਾ ਹੁਣ ਤੱਕ ਇਕ ਵੱਡੀ ਜਨਤਕ ਲਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ। ਫੈਕਟਰੀ ਨੂੰ ਬਿਜਲੀ ਸਪਲਾਈ ਕਰਨ ਵਾਲੀ 66ਕੇਵੀ ਲਾਈਨ ਦੀਆਂ ਤਾਰਾਂ ਵਿਛਾਉਣ ਦੇ ਕੰਮ ਨੂੰ ਰੋਕਣ ਵਾਸਤੇ ਫੈਕਟਰੀ ਦੇ ਸਾਹਮਣੇ ਮਾਰੇ ਗਏ ਇਸ ਲਗਾਤਾਰ ਧਰਨੇ ਵਿਚ ਹਰ ਰੋਜ਼ ਦੋ ਪਿੰਡਾਂ ਦੇ ਮਰਦ ਤੇ ਔਰਤਾਂ ਵਾਰੋ ਵਾਰੀ ਆ ਰਹੇ ਹਨ। ਹਰ ਰੋਜ਼ ਇਕ ਪਿੰਡ ਤੋਂ ਲੰਗਰ ਬਣਕੇ ਆਉਂਦਾ ਹੈ। ਧਰਨੇ ਵਾਲੀ ਥਾਂ 'ਤੇ ਸ਼ਾਮਿਆਨੇ ਲਾ ਕੇ ਅਤੇ ਤਿੰਨ ਪੱਕੇ ਟੈਂਟ ਲਾ ਕੇ ਦਿਨ-ਰਾਤ ਦਾ ਪਹਿਰਾ ਦਿੱਤਾ ਜਾਂਦਾ ਹੈ। 15 ਮਾਰਚ ਤੋਂ ਹਰ ਰੋਜ਼ 1000-1200 ਲੋਕੀਂ ਇਸ ਜਨਤਕ ਪ੍ਰਤੀਰੋਧ ਵਿਚ ਸ਼ਮੂਲੀਅਤ ਕਰਦੇ ਹਨ। ਜਿਹਨਾਂ ਵਿਚ ਔਰਤਾਂ ਦੀ ਗਿਣਤੀ ਕਈ ਵਾਰ 70-80% ਤੱਕ ਵੀ ਚਲੀ ਜਾਂਦੀ ਹੈ। ਲੋਕਾਂ ਵਲੋਂ ਸੁੱਕਾ ਰਾਸ਼ਨ ਵੀ ਚੌਖੀ ਮਾਤਰਾ ਵਿਚ ਲਿਆਂਦਾ ਜਾਂਦਾ ਹੈ ਅਤੇ ਐਕਸ਼ਨ ਕਮੇਟੀ ਨੂੰ ਮਾਇਕ ਸਹਾਇਤਾ ਵੀ ਦਿਲ ਖੋਲਕੇ ਦਿੱਤੀ ਜਾ ਰਹੀ ਹੈ। ਹਰ ਇਕ ਹਵਾ ਤੇ ਪਾਣੀ ਦੇ ਵੱਧ ਰਹੇ ਪ੍ਰਦੂਸ਼ਨ ਤੋਂ ਸੁਰੱਖਿਅਤ ਰਹਿਣਾ ਲੋਚਦਾ ਹੈ ਅਤੇ ਕੁਦਰਤ ਦੀ ਰਾਖੀ ਲਈ ਲੜੇ ਜਾ ਰਹੇ ਇਸ ਪਵਿੱਤਰ ਸੰਘਰਸ਼ ਵਿਚ ਵੱਧ ਚੜ੍ਹਕੇ ਆਪਣਾ ਯੋਗਦਾਨ ਪਾ ਰਿਹਾ ਹੈ।
ਫੈਕਟਰੀ ਦੇ ਪ੍ਰਦੂਸ਼ਨ ਵਿਰੁੱਧ ਅਤੇ ਹੱਕ, ਸੱਚ ਤੇ ਇਨਸਾਫ ਲਈ ਚਲ ਰਹੇ ਇਸ ਮੋਰਚੇ ਦਾ 'ਆਮ ਆਦਮੀ ਪਾਰਟੀ' ਦੇ ਇਲਾਕੇ  ਦੇ ਉਮੀਦਵਾਰ ਡਾ. ਰਵਜੋਤ ਅਤੇ ਨਵੇਂ ਚੁਣੇ ਗਏ ਐਮ.ਐਲ.ਏ. ਸ਼੍ਰੀ ਪਵਨ ਆਦੀਆ ਵਲੋਂ ਵੀ ਭਰਪੂਰ ਸਮਰਥਨ ਕੀਤਾ ਗਿਆ ਹੈ। ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਕਮੇਟੀ ਮੈਂਬਰ ਮਾਸਟਰ ਹਰਕੰਵਲ ਸਿੰਘ ਜੋ ਕਿ ਪ੍ਰਭਾਵਤ ਪਿੰਡ ਮੁਰਾਦਪੁਰ ਗੁਰੂ ਦੇ ਜੰਮਪਲ ਹਨ, ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਪ੍ਰਿੰਸੀਪਲ ਪਿਆਰਾ ਸਿੰਘ, ਮਹਿੰਦਰ ਸਿੰਘ ਜੋਸ਼ ਅਤੇ ਹੋਰ ਬਹੁਤ ਸਾਰੇ ਜ਼ਿਲ੍ਹਾ ਕਮੇਟੀ ਮੈਂਬਰ ਇਸ ਜੁਝਾਰੂ ਐਕਸ਼ਨ ਵਿਚ ਸ਼ਮੂਲੀਅਤ ਕਰ ਚੁੱਕੇ ਹਨ। ਏਸੇ ਤਰ੍ਹਾਂ ਹੀ ਸੀ.ਪੀ.ਆਈ.(ਐਮ) ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਵਿਜੇ ਮਿਸ਼ਰਾ, ਜ਼ਿਲ੍ਹਾ ਸਕੱਤਰ ਸਾਥੀ ਦਰਸ਼ਨ ਸਿੰਘ ਮੱਟੂ ਅਤੇ ਸੂਬਾ ਸਕੱਤਰੇਤ ਮੈਂਬਰ ਸਾਥੀ ਗੁਰਮੇਸ਼ ਸਿੰਘ ਵੀ ਆਪਣੇ ਹੋਰ ਸਾਥੀਆਂ ਸਮੇਤ ਧਰਨੇ ਵਿਚ ਸ਼ਾਮਲ ਲੋਕਾਂ ਨੂੰ ਸੰਬੋਧਤ ਹੋਏ ਹਨ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਅਤੇ ਬਹੁਤ ਸਾਰੇ ਸਥਾਨਕ ਆਗੂਆਂ ਨੇ ਵੀ ਇਸ ਜਨਤਕ ਘੋਲ ਨੂੰ ਜ਼ੋਰਦਾਰ ਸਮਰਥਨ ਦਿੱਤਾ ਹੈ। ਹੋਰ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ, ਜਨਤਕ ਜਥੇਬੰਦੀਆਂ ਤੇ ਰਾਜਸੀ ਪਾਰਟੀਆਂ ਦੇ ਆਗੂ ਤੇ ਵਰਕਰ ਵੀ ਸਰਮਾਏਦਾਰ ਲੁਟੇਰਿਆਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਤੇ ਧੱਕੇਸ਼ਾਹੀਆਂ ਵਿਰੁੱਧ ਕੀਤੇ ਜਾ ਰਹੇ ਇਸ ਜਨਵਾਦੀ ਪ੍ਰਤੀਰੋਧ ਦੇ ਸਮਰਥਨ ਲਈ ਸ਼ਲਾਘਾਯੋਗ ਯੋਗਦਾਨ ਪਾ ਰਹੇ ਹਨ। ਪਿੰਡ ਰਾਜਪੁਰ ਭਾਈਆਂ ਦੇ ਸਾਬਕਾ ਸਰਪੰਚ ਸਾਥੀ ਹਰਪਾਲ ਸਿੰਘ ਵੀ ਆਪਣੇ ਸਾਥੀਆਂ ਸਮੇਤ ਧਰਨਾਕਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਆਏ ਅਤੇ ਆਪਣੇ ਨਾਲ ਦੋ ਟੀਨ ਰਿਫਾਈਂਡ ਤੇਲ ਦੇ ਲੈ ਕੇ ਆਏ। 20 ਮਾਰਚ ਨੂੰ ਇਲਾਕੇ ਦੇ 50 ਪਿੰਡਾਂ ਵਿਚ ਸਕੂਟਰਾਂ-ਮੋਟਰਸਾਇਕਲਾਂ 'ਤੇ ਇਕ ਪ੍ਰਭਾਵਸ਼ਾਲੀ ਜਥਾ ਮਾਰਚ ਕੀਤਾ ਗਿਆ, ਜਿਸਦਾ ਲੋਕਾਂ ਵਲੋਂ ਹੁਮਹੁਮਾਕੇ ਸਵਾਗਤ ਕੀਤਾ ਗਿਆ। ਐਕਸ਼ਨ ਕਮੇਟੀ ਦੇ ਆਗੂ ਹਰ ਰੋਜ਼ ਘੱਟੋ-ਘੱਟ ਦੋ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਫੈਕਟਰੀ ਮਾਲਕਾਂ ਦੇ ਕੂੜ ਪ੍ਰਚਾਰ ਤੋਂ ਜਾਣੂ ਕਰਾਉਂਦੇ ਹਨ ਅਤੇ ਉਹਨਾਂ ਨੂੰ ਲੰਬੀ ਲੜਾਈ ਲਈ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੰਦੇ ਹਨ। ਉਹ ਹਰ ਰੋਜ਼ ਆਪਣੀ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਤੈਅ ਕਰਦੇ ਹਨ। 23 ਮਾਰਚ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਸ਼ਹੀਦੀ ਦਿਵਸ ਵੀ ਧਰਨੇ ਵਾਲੀ ਥਾਂ 'ਤੇ ਹੀ ਮਨਾਇਆ ਗਿਆ ਅਤੇ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦੇ ਪ੍ਰਣ ਦਰਿੜ੍ਹਾਏ ਗਏ। ਏਸੇ ਤਰ੍ਹਾਂ ਅੱਗੋਂ 13 ਅਪ੍ਰੈਲ ਨੂੰ ਵਿਸਾਖੀ ਦੇ ਇਤਿਹਾਸਕ ਦਿਵਸ ਦੇ ਮੌਕੇ 'ਤੇ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਰਵਾਂ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਚੁੱਕਾ ਹੈ। 29 ਮਾਰਚ ਨੂੰ ਹੁਸ਼ਿਆਰਪੁਰ ਸ਼ਹਿਰ ਵਿਚ ਵੀ ਨੌਜਵਾਨਾਂ ਵਲੋਂ ਮੋਟਰਸਾਇਕਲਾਂ ਉਪਰ ਕਾਲੇ ਝੰਡੇ ਬੰਨ੍ਹਕੇ ਇਕ ਰੋਹ ਭਰਪੂਰ ਮਾਰਚ ਕੱਢਿਆ ਗਿਆ। ਲਗਭਗ ਸਾਰੀਆਂ ਹੀ ਅਖਬਾਰਾਂ ਦੇ ਪੱਤਰਕਾਰਾਂ ਵਲੋਂ ਵੀ ਲੋਕਾਂ ਦਾ ਪੱਖ ਸੁਣਨ ਅਤੇ ਉਸ ਨੂੰ ਮੀਡੀਏ ਵਿਚ ਬਣਦੀ ਥਾਂ ਦੇਣ ਵਾਸਤੇ ਆਪਣੀ ਬਣਦੀ ਯੋਗ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਜਨਤਕ ਸੰਘਰਸ਼ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਹਰ ਤਰ੍ਹਾਂ ਦੇ ਰਾਜਸੀ ਮੱਤਭੇਦਾਂ ਆਦਿ ਤੋਂ ਉਪਰ ਉਠਕੇ ਸੰਘਰਸ਼ ਕਮੇਟੀ ਦੇ ਮੈਂਬਰਾਂ ਵਲੋਂ ਮਿਲਕੇ ਪੂਰਨ ਸੁਹਿਰਦਤਾ ਸਹਿਤ ਅਗਵਾਈ ਦਿੱਤੀ ਜਾ ਰਹੀ ਹੈ ਅਤੇ ਸੰਘਰਸ਼ ਦਾ ਘੇਰਾ ਵੱਧ ਤੋਂ ਵੱਧ ਵਿਸ਼ਾਲ ਤੇ ਮਜ਼ਬੂਤ ਕਰਨ ਵਾਸਤੇ ਬੱਝਵੇਂ ਯਤਨ ਕੀਤੇ ਜਾ ਰਹੇ ਹਨ। ਲੋਕਾਂ ਵਲੋਂ ਲੰਗਰ ਲਈ ਰਸਦ ਵੀ ਪਹੁੰਚਾਈ ਜਾ ਰਹੀ ਹੈ, ਜਦੋਂਕਿ ਪਿੰਡਾਂ ਵਲੋਂ ਆਪਣੀ ਵਾਰੀ ਲਈ ਐਡਵਾਂਸ ਬੁਕਿੰਗ ਕੀਤੀ ਜਾ ਰਹੀ ਹੈ।
ਇਸ ਵਿਸ਼ਾਲ ਜਨਤਕ ਦਬਾਅ ਹੇਠ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਫੈਕਟਰੀ ਬਾਰੇ ਤੇ ਲੋਕਾਂ ਦੇ ਇਸ ਲਾਮਿਸਾਲ ਪ੍ਰਤੀਰੋਧ ਬਾਰੇ ਮੌਕੇ ਤੇ ਜਾ ਕੇ ਸਮੁੱਚੀ ਜਾਣਕਾਰੀ ਇਕੱਠੀ ਕਰਨ ਵਾਸਤੇ ਜ਼ਿਲ੍ਹੇ ਦੇ 8 ਅਧਿਕਾਰੀਆਂ 'ਤੇ ਅਧਾਰਤ ਇਕ ਕਮੇਟੀ 29 ਮਾਰਚ ਨੂੰ ਗਠਿਤ ਕੀਤੀ ਗਈ ਹੈ, ਜਿਸਨੂੰ 7 ਦਿਨਾਂ ਦੇ ਅੰਦਰ ਅੰਦਰ  ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਇਹ ਜੁਝਾਰੂ ਜਨਤਕ ਸੰਘਰਸ਼ ਪੂਰੀ ਤਰ੍ਹਾਂ ਪੁਰਅਮਨ ਰਹਿਕੇ ਚਲਾਇਆ ਜਾ ਰਿਹਾ ਹੈ। ਇਸ ਪੱਖੋਂ ਵੀ ਇਹ ਵਿਸ਼ਾਲ ਜਨਤਕ ਲਾਮਬੰਦੀ ਲਾਮਿਸਾਲ ਦਿਖਾਈ ਦੇ ਰਹੀ ਹੈ। ਇਸ ਜਨਤਕ ਘੋਲ ਦੀ ਅਗਵਾਈ ਕਰ ਰਹੀ ਸੰਘਰਸ਼ ਕਮੇਟੀ ਦੇ ਮੈਂਬਰਾਂ ਅਤੇ ਇਲਾਕੇ ਦੇ ਜੁਝਾਰੂ ਲੋਕਾਂ ਦਾ ਦਰਿੜ੍ਹ ਨਿਸ਼ਚਾ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਪੂੰਜੀਵਾਦੀ ਲੁੱਟ ਕਾਰਨ ਕੁਦਰਤੀ ਵਾਤਾਵਰਨ ਦੀ ਹੋ ਰਹੀ ਭਾਰੀ ਤਬਾਹੀ ਵਿਰੁੱਧ ਸ਼ੁਰੂ ਹੋਇਆ ਇਹ ਜਨਤਕ ਘੋਲ ਲਾਜ਼ਮੀ ਜੇਤੂ ਹੋ ਨਿਬੜੇਗਾ ਅਤੇ ਇਕ ਹੋਰ ਨਵਾਂ ਇਤਿਹਾਸ ਸਿਰਜੇਗਾ।
- ਦਵਿੰਦਰ ਸਿੰਘ ਕੱਕੋਂ

No comments:

Post a Comment