Friday 7 April 2017

ਚੋਣ ਮੁਹਿੰਮ ਦੇ ਕੁੱਝ ਉੱਘੜਵੇਂ ਪੱਖ

ਪੰਜਾਬ ਵਿਧਾਨ ਸਭਾ ਦੀਆਂ ਇਸੇ ਵਰ੍ਹੇ ਫਰਵਰੀ ਮਹੀਨੇ ਹੋਈਆਂ ਚੋਣਾਂ 'ਚ ਖੱਬੇ ਪੱਖੀ ਦਲ ਕੋਈ ਸੀਟ ਨਹੀਂ ਜਿੱਤ ਸਕੇ ਅਤੇ ਵੋਟਾਂ ਲੈਣ ਦੇ ਪੱਖੋਂ ਵੀ ਕੋਈ ਬਹੁਤੀ ਨਿੱਗਰ ਪ੍ਰਾਪਤੀ ਨਹੀਂ ਕਰ ਸਕੇ। ਬਿਨਾ ਸ਼ੱਕ ਖੱਬੇ  ਪੱਖੀਆਂ ਦੇ ਜਮਾਤੀ ਤੇ ਵਿਚਾਰਧਾਰਕ ਵਿਰੋਧੀ ਇਸ ਗੱਲੋਂ ਕੱਛਾਂ ਵਜਾ ਰਹੇ ਹੋਣਗੇ। ਉਂਝ ਅਸੀਂ ਇਸ ਪਰਪੱਕ ਰਾਇ ਦੇ ਹਾਂ ਕਿ ਬੀਤੇ ਸਮਿਆਂ ਦੌਰਾਨ, ਥੋੜ ਚਿਰੇ ਚੋਣ ਲਾਭਾਂ ਦੀ ਪ੍ਰਾਪਤੀ ਲਈ, ਕੀਤੇ ਗਏ ਗੈਰ ਸਿਧਾਂਤਕ, ਜਮਾਤੀ ਸੂਝ ਤੋਂ ਕੋਰੇ ਚੋਣ ਗਠਜੋੜ ਖੱਬੇ ਪੱਖ ਦੀ ਅਜੋਕੀ ਕਾਰਗੁਜਾਰੀ ਲਈ ਜ਼ਿੰਮੇਵਾਰ ਹਨ। ਪਰ ਸਾਡੀ ਚਿੰਤਾ ਇਸ ਗੱਲੋਂ ਹੈ ਕਿ ਖੱਬੇ ਪੱਖੀ ਕਾਰਕੁੰਨਾਂ ਅਤੇ ਸਮਰਥਕਾਂ 'ਚ ਇਸ ਕਰਕੇ ਪੈਦਾ ਹੋਈ ਵਕਤੀ ਨਿਰਾਸ਼ਤਾ ਤੋਂ ਪਾਰ ਪਾਇਆ ਜਾਵੇ ਅਤੇ ਭਵਿੱਖ ਲਈ ਨਿੱਗਰ ਸਬਕ ਹਾਸਲ ਕੀਤੇ ਜਾਣ। ਇਨ੍ਹਾਂ ਚੋਣਾਂ ਦੌਰਾਨ ਖੱਬੀ ਪੱਖੀਆਂ ਵਲੋਂ ਲੜੀ ਗਈ ਚੋਣ ਦੇ ਕੁੱਝ ਹਾਂ ਪੱਖੀ ਪਹਿਲੂਆਂ ਅਤੇ ਅੱਜ ਭਾਵੇਂ ਛੋਟੀਆਂ ਪਰ ਭਵਿੱਖ ਦੀਆਂ ਵੱਡੀਆਂ ਪ੍ਰਾਪਤੀਆਂ ਦੀ ਨਜ਼ਰਸਾਨੀ ਕਰਨੀ ਕਾਫੀ ਲਾਹੇਵੰਦੀ ਰਹੇਗੀ। ਪਰ ਹੱਥਲੇ ਲੇਖ 'ਚ ਵਿਚਾਰੇ ਜਾਣ ਵਾਲੇ ਬਹੁਤੇ ਹਾਂ ਪੱਖੀ ਪਹਿਲੂਆਂ ਦਾ ਸਬੰਧ ਮੁੱਖ ਤੌਰ 'ਤੇ ਵਿਧਾਨ ਸਭਾ ਹਲਕਾ ਭੋਆ ਅਤੇ ਸੁਜਾਨਪੁਰ ਨਾਲ ਹੀ ਰਹੇਗਾ।
ਬਹੁਤ ਲੰਮੇ ਅਰਸੇ ਬਾਅਦ ਹਾਲੀਆ ਚੋਣਾਂ 'ਚ ਇਹ ਭਵਿੱਖ ਲਈ ਸੁਖਾਵੀਂ ਸਥਿਤੀ ਬਣੀ ਕਿ ਖੱਬੀਆਂ ਪਾਰਟੀਆਂ ਨੇ ਵਿਧਾਨ ਸਭਾ ਚੋਣਾਂ ਲੋਟੂ ਵਰਗਾਂ ਦੀਆਂ ਰਾਜਸੀ ਪਾਰਟੀਆਂ ਨਾਲ ਗਠਜੋੜ ਤੋਂ ਬਿਨਾਂ ਲੜੀਆਂ। ਇਸੇ ਕਰਕੇ ਖੱਬਾ ਪੱਖ ਇਕ ਸਾਂਝੇ ਚੋਣ ਮਨੋਰਥ ਪੱਤਰ ਅਧੀਨ ਚੋਣਾਂ 'ਚ ਨਿਤਰਿਆ। ਇਹ ਚੋਣ ਮਨੋਰਥ ਆਪਣੇ ਆਪ 'ਚ ਇਹ ਤੱਥ ਸਥਾਪਤ ਕਰਨ ਲਈ ਸੁਯੋਗ ਸੀ ਕਿ ਪੂੰਜੀਪਤੀ ਵਰਗਾਂ ਦੀਆਂ ਸਾਰੀਆਂ ਪਾਰਟੀਆਂ ਚੋਣਾਂ 'ਚ ਵਾਅਦੇ 'ਤੇ ਐਲਾਨ (ਫ਼ਰਜ਼ੀ) ਤਾਂ ਜਿੰਨੇ ਮਰਜ਼ੀ ਕਰੀ ਜਾਣ, ਪਰ ਉਹ ਜਿਨ੍ਹਾਂ ਲੋਕ ਮਾਰੂ ਨੀਤੀਆਂ ਦੀ ਸੇਧ 'ਚ ਸ਼ਾਸਨ ਤੰਤਰ ਚਲਾਉਂਦੀਆਂ ਹਨ ਉਹ ਨੀਤੀਆਂ ਸੌ ਕਰੋੜ ਤੋਂ ਵਧੇਰੇ ਭਾਰਤੀਆਂ ਅਤੇ ਪੰਜਾਬੀਆਂ ਦੀਆਂ ਬੁਨਿਆਦੀ ਦਿੱਕਤਾਂ ਦਾ ਕੋਈ ਹੱਲ ਕਦੀ ਵੀ ਨਹੀਂ ਕਰ ਸਕਦੀਆਂ। ਹਾਂ ਮੁੱਠੀ ਭਰ ਧਨਕੁਬੇਰਾਂ ਦੇ ਪਹਿਲਾਂ ਹੀ ਨੱਕੋ-ਨੱਕ ਭਰੇ ਖਜਾਨਿਆਂ 'ਚ ਹੋਰ ਵਾਧਾ ਜ਼ਰੂਰ ਕਰ ਸਕਦੀਆਂ ਹਨ। ਸਾਡੀ ਜਾਚੇ ਲੋਟੂ ਜਮਾਤਾਂ ਨਾਲ ਚੋਣ ਸਮਝੌਤੇ (ਖੁੱਲੇ ਜਾਂ ਲੁਕਵੇਂ) ਕਰਕੇ ਨਾ ਤਾਂ ਇਹ ਸਪੱਸ਼ਟ ਬਿਆਨੀ ਸੰਭਵ ਹੈ ਅਤੇ ਨਾ ਹੀ ਲੋਕ ਇਸ ਤਰ੍ਹਾਂ ਦੇ ਚੋਣ ਸਮਝੌਤਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ। ਪਰ ਇਸ ਵਾਰ ਇਹ ਵੱਡਾ ਰਾਜਸੀ ਅੜਿੱਕਾ ਦੂਰ ਹੋਣ ਨਾਲ ਖੱਬੇ ਪੱਖ ਦਾ ਲੋਕਾਂ 'ਚ ਭਰੋਸਾ ਮੁੜ ਬਹਾਲ ਕਰਨ ਦੀ ਦਿਸ਼ਾ ਵਿਚ ਨਿੱਗਰ ਕਦਮ ਪੁੱਟਿਆ ਗਿਆ ਅਤੇ ਪੰਜਾਬ ਦੇ ਤਕਰੀਬਨ ਹਰ ਜ਼ਿਲ੍ਹੇ ਵਿਚ ਖੱਬੇ ਪੱਖ ਦੀ ਆਜ਼ਾਦਾਨਾ ਬਦਲਵੇਂ ਲੋਕ ਪੱਖੀ ਚੋਣ ਪ੍ਰੋਗਰਾਮ ਅਧਾਰਤ ਸਾਂਝੀ ਚੋਣ ਮੁਹਿੰਮ ਚੱਲੀ।
ਆਸ ਅਨੁਸਾਰ ਇਸ ਸਾਂਝੀ ਖੱਬੀ ਮੁਹਿੰਮ ਦੇ ਸਭ ਤੋਂ ਵੱਡੇ ਕੇਂਦਰ ਵਿਧਾਨ ਸਭਾ ਹਲਕਾ ਭੋਆ ਅਤੇ ਸੁਜਾਨਪੁਰ ਰਹੇ। ਇੱਥੇ ਹੋਈਆਂ ਵੱਡੀਆਂ ਚੋਣ ਸਭਾਵਾਂ ਨੂੰ ਖੱਬੇ ਪੱਖੀ ਦਲਾਂ ਦੇ ਸਿਰਮੌਰ ਆਗੂਆਂ ਨੇ ਸੰਬੋਧਨ ਕੀਤਾ। ਖੱਬੇ ਪੱਖ ਦੇ ਸਭ ਤੋਂ ਵਿਸ਼ਾਲ ਜਨ ਭਾਗੀਦਾਰੀ ਵਾਲੇ ਰੋਡ ਸ਼ੋਅ ਵੀ ਇਨ੍ਹਾਂ ਦੋਹਾਂ ਹਲਕਿਆਂ 'ਚ ਹੀ ਕੀਤੇ ਗਏ। ਇਸ ਮੁਹਿੰਮ ਦਾ ਪੰਜਾਬ ਦੀ ਲਗਭਗ ਸਮੁੱਚੀ ਪ੍ਰੈਸ ਨੇ ਵੀ ਬਣਦਾ ਨੋਟਿਸ ਲਿਆ। ਸਭ ਤੋਂ ਵੱਡੀ ਗੱਲ ਰਹੀ ਸਰਗਰਮੀ ਨਾਲ ਕੰਮ ਕਰਨ ਵਾਲੇ ਆਗੂਆਂ ਅਤੇ ਕਾਰਕੁੰਨਾਂ ਦਾ ਅਖੀਰ ਤੱਕ ਕਾਇਮ ਰਿਹਾ ਉਤਸ਼ਾਹ। ਇਕ ਖਾਸ ਪੱਖ ਇਹ ਵੀ ਵਿਚਾਰ ਗੋਚਰਾ ਹੈ ਕਿ ਲੋਟੂ ਜਮਾਤਾਂ ਦੀਆਂ ਪਾਰਟੀਆਂ ਦੇ ਭਰਮ ਉਪਜਾਊ ਪ੍ਰਚਾਰ ਦਾ ਟਾਕਰਾ ਕਰਨ ਲਈ ਅਨੇਕਾਂ ਵੰਨਗੀਆਂ ਦੀ ਪ੍ਰਚਾਰ ਸਮੱਗਰੀ ਵੀ ਬਹੁਤ ਵੱਡੀ ਮਾਤਰਾ 'ਚ ਵੋਟਰਾਂ ਦੇ ਬਹੁਗਿਣਤੀ ਭਾਗਾਂ ਤੱਕ ਪੁੱਜਦੀ ਕੀਤੀ ਗਈ। ਸਭ ਤੋਂ ਵੱਡੀ ਗੱਲ ਇਸ ਚੋਣ ਦੀ ਇਹ ਰਹੀ ਕਿ ਇਹ ਚੋਣ ਖੁਦ ਵੋਟਰਾਂ ਵਲੋਂ ਲੜੀ ਗਈ ਤੇ ਉਹ ਵੀ ਬੁਨਿਆਦੀ ਜਮਾਤਾਂ ਨਾਲ ਸਬੰਧਤ ਵੋਟਰਾਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਲੜੀ ਗਈ। ਅਨੇਕਾਂ ਪਿੰਡਾਂ 'ਚ ਕਿਰਤੀਆਂ ਦੇ ਟੋਲੇ ਰਿਵਾਇਤੀ ਸਥਾਪਤ ਤੇ ਧਨਾਢ ਪਰਿਵਾਰਾਂ ਦੇ ਘਰਾਂ 'ਚ ਜਾ ਕੇ ''ਇਸ ਵਾਰ ਖੱਬੇ ਪੱਖੀਆਂ ਨੂੰ ਵੋਟ ਪਾਉਣ'' ਦੀ ਅਪੀਲ ਕਰਨ ਜਾਂਦੇ ਰਹੇ। ਪਤਵੰਤਿਆਂ ਵਲੋਂ ਚੋਣਾਂ ਦੀ ਸਦਾ ਕੀਤੀ ਜਾਂਦੀ ਅਗਵਾਈ ਨਾਲੋਂ ਇਹ ਵੱਖਰਾ ਹੀ ਨਜ਼ਾਰਾ ਸੀ।
ਬਾਕੀ ਪੱਖਾਂ ਵੱਲ ਅੱਗੇ ਵੱਧਣ ਤੋਂ ਪਹਿਲਾਂ ਇਕ ਤੱਥ ਸਾਂਝਾ ਕਰਨਾ ਬਹੁਤ ਲਾਭਦਾਈ ਹੋਵੇਗਾ। ਵਿਧਾਨ ਸਭਾ ਹਲਕਾ ਭੋਆ ਪੰਜਾਬ ਦਾ ਇਕੱਲਾ ਹਲਕਾ ਹੈ ਜਿੱਥੋਂ ਆਰ.ਐਮ.ਪੀ.ਆਈ. ਅਤੇ ਖੱਬੇ ਪੱਖ ਦੇ ਸਾਂਝੇ ਉਮੀਦਵਾਰ ਸਾਥੀ ਲਾਲ ਚੰਦ ਕਟਾਰੂਚੱਕ ਨੂੰ ਮਿਲਣ ਵਾਲੀਆਂ ਵੋਟਾਂ ਤੋਂ ਇਕ ਵੀ ਬੂਥ ਸੱਖਣਾ ਨਹੀਂ। ਉਂਝ ਇੱਥੇ ਛੇ ਬੂਥਾਂ ਤੋਂ ਖੱਬੇ ਪੱਖੀਆਂ ਨੂੰ ਬੜ੍ਹਤ (ਲੀਡ) ਹਾਸਲ ਹੋਈ ਹੈ ਅਤੇ ਕਰੀਬ ਡੇਢ ਦਰਜਨ ਬੂਥਾਂ 'ਤੇ ਦੂਜੀ ਪੁਜੀਸ਼ਨ ਆਈ ਹੈ। ਅਸੀਂ ਲੱਗਦੇ ਹੱਥ ਇਹ ਤੱਥ ਵੀ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ ਕਿ ਸਮੁੱਚੇ ਵਿਧਾਨ ਸਭਾ ਹਲਕੇ 'ਚ ਕਮਿਊਨਿਸਟ ਪਾਰਟੀਆਂ (ਚੋਣ ਲੜ ਰਹੀਆਂ) ਦੀ ਮੈਂਬਰਸ਼ਿਪ ਇਕ ਅੱਧ ਸੈਂਕੜੇ ਤੋਂ ਵਧੀਕ ਨਹੀਂ ਪਰ ਇੱਥੋਂ ਉਮੀਦਵਾਰ ਨੇ ਵੋਟ ਤੇਰਾਂ ਹਜ਼ਾਰ ਤੋਂ ਵੱਧ ਹਾਸਲ ਕੀਤੀ ਹੈ। ਕਮਿਊਨਿਸਟ ਕਾਡਰ ਦੇ ਲੋਕਾਂ 'ਤੇ ਵਿਆਪਕ ਪ੍ਰਭਾਵ ਦੀ ਹਾਲੀਆ ਸਮਿਆਂ 'ਚ ਇਸ ਤੋਂ ਢੁਕਵੀਂ 'ਤੇ ਉਤਸ਼ਾਹੀ ਮਿਸਾਲ ਮਿਲਣੀ ਬਹੁਤ ਔਖੀ ਹੈ। ਲਗਭਗ ਇਸ ਦੇ ਨੇੜੇ-ਤੇੜੇ ਹੀ ਇਸ ਪੱਖ ਤੋਂ ਹਲਕਾ ਸੁਜਾਨਪੁਰ ਵੀ ਰਿਹਾ ਹੈ।
ਅਗਲਾ ਹਾਂ ਪੱਖੀ ਨੁਕਤਾ ਹੈ ਜਮਾਤੀ ਕਤਾਰਬੰਦੀ ਦਾ। ਭੋਆ ਅਤੇ ਸੁਜਾਨਪੁਰ ਵਿਖੇ ਅਬਾਦੀ ਦੇ ਤਿੰਨ ਮਹੱਤਵਪੂਰਨ ਭਾਗ ਖੱਬਿਆਂ ਦੀ ਚੋਣ ਮੁੱਖ ਦਾ ਮੁੱਖ ਅਧਾਰ ਬਣੇ ਰਹੇ। ਇਨ੍ਹਾਂ 'ਚੋਂ ਪ੍ਰਮੁੱਖ ਸਨ (i) ਮਜ਼ਦੂਰ (ii) ਘੱਟ ਗਿਣਤੀਆਂ (iii) ਔਰਤਾਂ ਅਤੇ ਬੁਨਿਆਦੀ ਜਮਾਤਾਂ ਨਾਲ ਸਬੰਧਤ ਨੌਜਵਾਨੀ। ਅਸੀਂ ਇਹ ਤੱਥ ਬੜੇ ਮਾਨ ਨਾਲ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ ਕਿ ਹਰ ਵੰਨਗੀ ਦੀ ਇਕੱਤਰਤਾ ਅਤੇ ਲਾਮਬੰਦੀ 'ਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵਧਰੇ ਰਹਿੰਦੀ ਰਹੀ ਅਤੇ ਉਹ ਵੀ ਕਿਰਤੀ ਵਰਗ ਨਾਲ ਸਬੰਧਤ ਬੀਬੀਆਂ ਦੀ। ਉਸ ਤੋਂ ਅਗਲਾ ਨੰਬਰ ਰਿਹਾ ਗੈਰ ਜਥੇਬੰਦ ਖੇਤਰ ਦੇ ਮਜ਼ਦੂਰਾਂ ਖਾਸ ਕਰ ਨਿਰਮਾਣ ਮਜ਼ਦੂਰਾਂ ਦਾ। ਨਿਰਮਾਣ ਮਜ਼ਦੂਰਾਂ ਦੇ ਕਾਫੀ ਚੰਗੇ ਭਾਗ ਨੇ ਖੱਬੇ ਪੱਖੀਆਂ ਦੀ ਮੁਹਿੰਮ 'ਚ ਸਰਵਵਿਆਪੀ ਯੋਗਦਾਨ ਪਾਇਆ। ਯਥਾ ਸ਼ਕਤੀ ਚੰਦੇ ਤੋਂ ਲੈ ਕੇ ਵੋਟ ਖੁਦ ਪਾਉਣ ਅਤੇ ਹੋਰਨਾਂ ਦੀ ਭੁਗਤਾਉਣ ਤੱਕ। ਪਿੰਡਾਂ ਵਿਚ ਜਿਸ ਤਰ੍ਹਾਂ ਉਨ੍ਹਾਂ ਨੇ ਸਥਾਪਤ ਘੜ੍ਹੰਮ ਚੌਧਰੀਆਂ ਦਾ ਅੱਖਾਂ 'ਚ ਅੱਖਾਂ ਪਾ ਕੇ ਸਾਹਮਣਾ ਕੀਤਾ, ਉਹ ਆਪਣੇ ਆਪ 'ਚ ਹੀ ਨਵੀਆਂ ਪਿਰਤਾਂ ਪਾਉਣ ਦੀ ਦਾਸਤਾਨ ਹੈ।
ਹਲਕਾ ਭੋਆ ਦੇ ਰਾਵੀ ਤੋਂ ਉਰਲੇ ਪਾਰ ਦੇ ਪਿੰਡਾਂ 'ਚ ਘੱਟ ਗਿਣਤੀ (ਗੁੱਜਰ) ਭਾਈਚਾਰੇ ਦੇ ਲੋਕ ਪੱਕੇ ਵਸਨੀਕ ਬਣ ਚੁੱਕੇ ਹਨ। ਇਹ ਆਪਣੀਆਂ ਸਮੂਹਿਕ ਰਿਹਾਇਸ਼ਗਾਹਾਂ ਨੂੰ ਡੇਰੇ ਸੱਦਦੇ ਹਨ। ਇਹ ਪਹਿਲੀ ਵਾਰ ਸੰਭਵ ਹੋਇਆ ਕਿ ਖੱਬੇ ਪੱਖੀ ਕਾਰਕੁੰਨਾਂ ਅਤੇ ਉਚ ਆਗੂਆਂ ਨੇ ਕਰੀਬ-ਕਰੀਬ ਹਰ ਡੇਰੇ 'ਚ ਇਸ ਮਿਹਨਤੀ ਭਾਈਚਾਰੇ ਨਾਲ ਸਿੱਧਾ ਸੰਵਾਦ ਰਚਾਇਆ। ਅਨੇਕਾਂ ਭਰਮ ਭੁਲੇਖੇ, ਜੋ ਕਮਿਊਨਿਸਟਾਂ ਬਾਰੇ ਇਸ ਬਿਰਾਦਰੀ ਦੇ ਆਪੂੰ ਬਣੇ ਆਗੂਆਂ ਨੇ ਜੁੱਗਾਂ ਤੋਂ ਲੋਕਾਂ ਦੇ ਮਨਾਂ 'ਚ ਸਿਰਜ ਰੱਖੇ ਹਨ, ਦੂਰ ਕਰਨ ਦੀ ਪਹਿਲੀ ਵਾਰ ਨਿੱਗਰ ਸ਼ੁਰੂਆਤ ਹੋਈ ਹੈ। ਸਭ ਤੋਂ ਨਿੱਗਰ ਪੱਖ ਹੈ ਨੌਜਵਾਨਾਂ ਦੀ ਸਮੁੱਚੀ ਚੋਣ ਮੁਹਿੰਮ 'ਚ ਕੀਤੀ ਗਈ ਸਰਵਪੱਖੀ ਉਤਸ਼ਾਹਪੂਰਨ ਸਰਗਰਮੀ। ਜ਼ਿਕਰ ਕਰਨਾ ਵਾਜਬ ਹੋਵੇਗਾ ਕਿ ਜਿਵੇਂ ਸਾਰੇ ਪੰਜਾਬ 'ਚ ਨੌਜਵਾਨ ਆਮ ਆਦਮੀ ਪਾਰਟੀ ਲਈ ਸਰਗਰਮ ਸਨ ਉਵੇਂ ਹੀ ਇਕ ਵਿਸ਼ੇਸ਼ ਹੱਦ ਤੱਕ ਭੋਆ ਵਿਖੇ ਖੱਬੇ ਪੱਖੀ ਉਮੀਦਵਾਰ ਦੇ ਹੱਕ ਵਿਚ ਵੀ ਨੌਜਵਾਨ ਡਟੇ ਹੋਏ ਸਨ।
ਇਕ ਹੋਰ ਪੱਖ ਵੀ ਧਿਆਨ 'ਚ ਰੱਖਣਾ ਭਵਿੱਖ ਲਈ ਫਾਇਦੇਮੰਦ ਹੋਵੇਗਾ। ਭੋਆ ਵਿਧਾਨ ਸਭਾ ਹਲਕੇ ਦੇ ਰਾਵੀ ਪਾਰਲੇ ਬਹੱਤਰ ਪਿੰਡ ਕਿਸੇ ਸਮੇਂ ਕਥਲੋਰ ਦੇ ਚੌਧਰੀਆਂ (ਰਾਜਪੂਤਾਂ) ਦੀ ਮਾਲਕੀ ਅਧੀਨ ਸਨ। ਇੱਥੇ ਜ਼ਿਲ੍ਹੇ ਦੇ ਬੜੇ ਹੀ ਮਕਬੂਲ ਕਿਸਾਨ ਆਗੂ ਰਾਮ ਸਿੰਘ ਦੱਤ (ਜੋ ਮੰਦੇਭਾਗੀਂ ਪਿੱਛੋਂ ਕਾਂਗਰਸ ਵਿਚ ਚਲੇ ਗਏ ਸਨ) ਦੀ ਅਗਵਾਈ ਵਿਚ ਲੜੇ ਗਏ ਲਹੂ ਵੀਟਵੇਂ ਸੰਗਰਾਮ ਸਦਕਾ, ਮੁਜਾਰਿਆਂ ਨੂੰ ਮਾਲਕੀ ਦੇ ਹੱਕ ਮਿਲੇ ਸਨ। ਮੁਜਾਰਿਆਂ ਤੋਂ ਮਾਲਕ ਬਣੇ ਕਿਸਾਨਾਂ ਦਾ ਚੋਖਾ ਹਿੱਸਾ ਇਸ ਗੱਲ ਨੂੰ ਮਾਣ ਨਾਲ ਯਾਦ ਵੀ ਕਰਦਾ ਹੈ ਅਤੇ ਅਨੇਕਾਂ ਮੁਜਾਰੇ ਪਰਿਵਾਰਾਂ ਦੇ ਮੌਜੂਦਾ ਮੈਂਬਰਾਂ ਨੇ ਕਮਿਊਨਿਸਟ ਉਮੀਦਵਾਰ ਦੀ ਹਰ ਪੱਖੋਂ ਇਮਦਾਦ ਵੀ ਕੀਤੀ।
ਉਪਰੋਕਤ ਸਾਰੇ ਪੱਖ ਹੀ ਹਨ, ਜਿਨ੍ਹਾਂ ਸਦਕਾ, ਵਿਧਾਨ ਸਭਾ ਹਲਕਾ ਭੋਆ ਅਤੇ ਸੁਜਾਨਪੁਰ ਦੀ ਖੱਬੇ ਪੱਖੀ ਅੰਦੋਲਨ ਦੇ ਨਵੇਂ ਕਿਲਿਆਂ ਵਜੋਂ ਉਭਰਨ ਦੀਆਂ ਸੰਭਾਵਨਾਵਾਂ ਵਾਲੇ ਇਲਾਕਿਆਂ ਦੇ ਤੌਰ 'ਤੇ ਨਿਸ਼ਾਨਦੇਹੀ ਹੋਈ ਹੈ।
ਇਸ ਤੋਂ ਵੀ ਅੱਗੇ ਇਹ ਦੋਹੇਂ ਹਲਕੇ ਹੀ ਹਨ, ਜਿਨ੍ਹਾਂ ਤੋਂ ਪ੍ਰਾਪਤ ਹੋਈਆਂ ਵੋਟਾਂ ਸਦਕਾ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਖੱਬੇ ਪੱਖ ਦੇ ਬਾਕੀ ਸਾਰੇ ਰਾਜਸੀ ਦਲਾਂ ਤੋਂ ਬਿਹਤਰ ਦਿਖ ਬਨਾਉਣ 'ਚ ਸਫਲ ਹੋਈ ਹੈ। ਕੁੱਲ ਮਿਲਾ ਕੇ ਇਸ ਨਰੋਈ ਦਿੱਖ ਵਾਲੀ ਸੰਘਣੀ ਮੁਹਿੰਮ ਤੋਂ ਕਾਫੀ ਉਚੀਆਂ ਉਮੀਦਾਂ ਨਾਲ ਲਬਰੇਜ਼ ਮਾਹੌਲ ਬਣਿਆ ਸੀ।
ਸਾਡੀ ਜਾਚੇ ਪਾਰਟੀ ਦੇ ਆਕਾਰ, ਪ੍ਰਭਾਵ, ਉਮੀਦਵਾਰਾਂ ਦੀ ਬੇਦਾਗ ਦਿੱਖ, ਲੜੇ ਗਏ ਅਨੇਕਾਂ ਸੰਗਰਾਮਾਂ, ਬਿਨਾਂ ਕਿਸੇ ਲਾਲਚ ਤੋਂ ਦੁਆਏ ਗਏ ਵਿਭਾਗੀ ਯੋਜਨਾਵਾਂ ਦੇ ਆਰਥਿਕ ਲਾਭਾਂ ਆਦਿ ਤੋਂ ਬਣੇ ਪ੍ਰਭਾਵ ਸਦਕਾ ਇੰਨੀਆਂ ਵੋਟਾਂ ਪ੍ਰਾਪਤ ਹੋ ਸਕੀਆਂ ਹਨ। ਜਿੱਤ ਤੱਕ ਪੁੱਜਣ ਲਈ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ, ਜਿਸ ਦੀ ਚਰਚਾ ਅਸੀਂ ਅਗਲੇ ਅੰਕਾਂ ਵਿਚ ਛੇਤੀ ਹੀ ਕਰਾਂਗੇ। ਪਰ ਇਕ ਗੱਲ ਪੱਕੀ ਹੈ ਕਿ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ ਜਦਕਿ ਡੂੰਘੀ ਘੋਖ ਪੜਤਾਲ ਦੇ ਦਰਜ਼ਨਾਂ ਨਹੀਂ, ਸੈਂਕੜੇ ਕਾਰਨ ਹਨ। ਉਂਝ ਅਸੀਂ ਬੜੀ ਹਲੀਮੀ ਨਾਲ ਇਹ ਤੱਥ ਵੀ ਸਾਂਝਾ ਕਰਨਾ ਚਾਹਾਂਗੇ ਕਿ ਚੋਣਾਂ ਵਿਚ ਬਾਬਾ ਸੋਹਣ ਸਿੰਘ ਭਕਨਾ, ਪੰਡਤ ਕਿਸ਼ੋਰੀ ਲਾਲ, ਜੰਗੀਰ ਸਿੰਘ ਜੋਗਾ ਵਰਗੇ ਪਹਾੜ ਕੱਦ, ਸੰਸਥਾਵਾਂ ਰੂਪੀ ਆਗੂ ਵੀ ਕਈ ਵਾਰ ਹਾਰਦੇ ਰਹੇ ਹਨ।
ਅੰਤ 'ਚ ਅਸੀਂ ਇਹੋ ਹੀ ਕਹਿਣਾ ਦਰੁਸਤ ਸਮਝਦੇ ਹਾਂ ਕਿ ਭੋਆ ਅਤੇ ਸੁਜਾਨਪੁਰ ਵਿਖੇ ਹਾਲੇ ਬੜਾ ਕੁੱਝ ਕਰਨ ਦੀ ਲੋੜ ਹੈ, ਪਰ ਬਾਕੀ ਦੇ ਹਲਕੇ ਚੋਣਾਂ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਹਾਲ ਦੀ ਘੜੀ ਭੋਆ ਅਤੇ ਸੁਜਾਨਪੁਰ ਨੂੰ ਆਪਣਾ ਆਦਰਸ਼ (ਮਾਡਲ) ਮੰਨ ਸਕਦੇ ਹਨ।                 
- ਮਹੀਪਾਲ

No comments:

Post a Comment