Friday, 7 April 2017

ਸੰਕੀਰਨਤਾਵਾਦ ਵਿਰੁੱਧ ਪੂਰੀ ਤਾਕਤ ਝੋਕ ਦਿਓ!

ਮੰਗਤ ਰਾਮ ਪਾਸਲਾ 
ਪਹਿਲਾਂ ਭਾਜਪਾ ਨੇ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਨਾਲ ਆਰ.ਐਸ.ਐਸ. ਦੇ ਏਜੰਡੇ ਅਨੁਸਾਰ ਲੋਕਾਂ ਦਾ ਫਿਰਕੂ ਲੀਹਾਂ ਉਪਰ ਧਰੁਵੀਕਰਨ ਕਰਕੇ ਲੋਕ ਸਭਾ ਚੋਣਾਂ ਜਿੱਤੀਆਂ। ਫਿਰ ਰਾਜਪਾਲਾਂ, ਸੁਰੱਖਿਆ ਬਲਾਂ ਤੇ ਏਜੰਸੀਆਂ ਦੇ ਮੁਖੀਆਂ ਦੀਆਂ ਨਿਯੁਕਤੀਆਂ ਕੀਤੀਆਂ ਅਤੇ ਫਿਰ ਇਤਿਹਾਸ, ਕਲਾ ਤੇ ਵਿਦਿਆ ਨਾਲ ਸਬੰਧਤ ਮਹੱਤਵਪੂਰਨ ਸੰਸਥਾਵਾਂ ਅੰਦਰ ਸੰਘੀ ਵਿਚਾਰਧਾਰਾ ਨਾਲ ਪ੍ਰਣਾਏ ਲੋਕੀ ਨਾਮਜ਼ਦ ਕੀਤੇ ਗਏ ਤਾਂ ਕਿ ਸਮੁੱਚੇ ਵਿਦਿਅਕ ਸਲੇਬਸਾਂ ਅਤੇ ਇਤਿਹਾਸ ਦਾ ਮਿਥਿਹਾਸ ਬਣਾ ਕੇ ਲੋਕਾਂ ਦੀ ਜਮਹੂਰੀ ਤੇ ਧਰਮ ਨਿਰਪੱਖ ਸੋਚਣੀ ਨੂੰ ਪਲੀਤ ਕੀਤਾ ਜਾ ਸਕੇ। ਬਸ ਅੱਗੋਂ ਕੀ ਸੀ ..... ਸੰਘ ਪਰਿਵਾਰ ਨਾਲੋਂ ਵਿਚਾਰਧਾਰਕ ਮਤਭੇਦ ਰੱਖਣ ਵਾਲਿਆਂ ਨੂੰ ਦੇਸ਼ ਧ੍ਰੋਹੀ ਤੇ ਵਿਕਾਸ ਵਿਰੋਧੀ ਗਰਦਾਨਿਆ ਗਿਆ। ਮੁਸਲਮਾਨ ਭਾਈਚਾਰੇ ਅਤੇ ਉਨ੍ਹਾਂ ਦੇ ਹੱਕ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਵਿਅਕਤੀਆਂ ਨੂੰ ਪਾਕਿਸਤਾਨ ਭੇਜਣ ਦਾ ਡਰਾਵਾ ਦਿੱਤਾ ਗਿਆ ਅਤੇ ਅੱਤ ਦੀਆਂ ਭੜਕਾਊ ਟਿੱਪਣੀਆਂ ਕਰਕੇ ਭਾਰਤੀ ਤਹਿਜ਼ੀਬ ਨੂੰ ਲੀਰੋ ਲੀਰ ਕਰਨ ਦਾ ਯਤਨ ਕੀਤਾ ਗਿਆ। ਸਰਕਾਰ ਦੇ ਕਿਸੇ ਵੀ ਫ਼ੈਸਲੇ 'ਤੇ ਕਿੰਤੂ ਕਰਨ ਅਤੇ ਹਰ ਪੱਧਰ ਉਪਰ ਸਾਰੇ ਲੋਕਾਂ ਦੀ ਕਾਨੂੰਨ ਪ੍ਰਤੀ ਜੁਆਬਦੇਹੀ ਦੀ ਮੰਗ ਕਰਨ ਵਾਲੇ ਦੇਸ਼ ਦੇ ਗੱਦਾਰ ਕਰਾਰ ਦੇ ਦਿੱਤੇ ਗਏ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਰਗੇ ਉਚ ਪਾਏ ਦੇ ਸੰਸਾਰ ਪ੍ਰਸਿੱਧ ਵਿਦਿਅਕ ਅਦਾਰੇ ਨੂੰ ਇਸ ਕਰਕੇ ਸੰਘੀ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਇਸ ਵਿਚ ਵਿਗਿਆਨਕ ਲੀਹਾਂ ਉਪਰ ਸਮਾਜਿਕ, ਇਤਿਹਾਸਕ ਤੇ ਰਾਜਨੀਤਕ ਵਿਦਿਆ ਦਿੱਤੀ ਜਾਂਦੀ ਹੈ। ਇਲਜ਼ਾਮ ਇਹ ਲਾਇਆ ਗਿਆ ਕਿ ਇਹ ਸੰਸਥਾ ਖੱਬੇ ਪੱਖੀ ਰਾਜਨੀਤੀ ਦੇ ਕੇਂਦਰ ਵਜੋਂ ਵੱਡੀ ਪਹਿਚਾਣ ਰੱਖਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸਦੇ ਮੰਤਰੀ ਹਰ ਬਿਆਨ, ਭਾਸ਼ਣ ਤੇ ਰਾਜਨੀਤਕ ਕਾਰਵਾਈ ਇਸ ਢੰਗ ਨਾਲ ਕਰਦੇ ਹਨ ਜਿਸ ਵਿਚੋਂ ਪਿਛਾਖੜੀ ਹਿੰਦੂ ਫਿਰਕਾਪ੍ਰਸਤੀ ਦੇ ਸੰਕੇਤ ਮਿਲਦੇ ਹੋਣ ਤੇ ਆਮ ਲੋਕਾਂ ਨੂੰ ਇਹ ਅਹਿਸਾਸ ਹੋ ਜਾਵੇ ਕਿ ਇਹ ਦੇਸ਼ ਇਕ ਖਾਸ ਧਰਮ ਨਾਲ ਸੰਬੰਧਤ ਲੋਕਾਂ ਦੀ ਮਾਲਕੀ ਹੈ। ਮੋਦੀ ਦੇ ਅਕਸ ਨੂੰ ਦੇਸ਼ ਦੀ ਰਾਜਨੀਤੀ ਵਿਚ ਇਕੋ-ਇਕ ਪਾਕਿ, ਪਵਿੱਤਰ, ਸਮਰੱਥ, ਵਿਕਾਸ ਮੁਖੀ ਤੇ ਹਿੰਦੂ ਨੇਤਾ ਵਜੋਂ ਇਸ ਢੰਗ ਨਾਲ ਉਭਾਰਿਆ ਜਾ ਰਿਹਾ ਹੈ, ਜਿਵੇਂ ਕਿਸੇ ਸਮੇਂ ਜਰਮਨ ਦੇ ਤਾਨਾਸ਼ਾਹ ਹਿਟਲਰ ਨੂੰ ਉਭਾਰਿਆ ਗਿਆ ਸੀ। ਦੂਸਰੇ ਧਰਮਾਂ, ਵਿਚਾਰਾਂ, ਸੰਸਕਾਰਾਂ, ਰੀਤੀ ਰਿਵਾਜਾਂ ਤੇ ਵਿਸ਼ਵਾਸਾਂ ਦਾ ਮਜ਼ਾਕ ਉਡਾਉਣਾ ਸੰਘ ਪਰਿਵਾਰ ਦੇ ਮੁਢਲੇ ਅਸੂਲਾਂ ਵਿਚੋਂ ਇਕ ਹੈ। ਭਾਰਤ ਦੇ ਸੈਨਾ ਮੁਖੀ ਦੀ ਜੰਮੂ ਕਸ਼ਮੀਰ ਦੇ ਸੰਦਰਭ ਵਿਚ ਕੀਤੀ ਗਈ ਰਾਜਨੀਤਕ ਬਿਆਨਬਾਜ਼ੀ ਲੋਕ ਰਾਜੀ ਕਦਰਾਂ ਕੀਮਤਾਂ ਲਈ ਵੱਡੇ ਖਤਰਿਆਂ ਦੀ ਸੂਚਕ ਹੈ। ਮੋਦੀ ਸਰਕਾਰ ਦੁਆਰਾ ਸਾਮਰਾਜ ਨਾਲ ਪਾਈਆਂ ਯੁਧਨੀਤਕ ਸਾਂਝਾਂ ਦੇਸ਼ ਦੇ ਸਾਮਰਾਜ ਵਿਰੋਧ ਦੇ ਸ਼ਾਨਦਾਰ ਇਤਿਹਾਸ ਨੂੰ ਹੀ ਕਲੰਕਤ ਹੀ ਨਹੀਂ ਕਰ ਰਹੀਆਂ, ਸਗੋਂ ਸਾਡੀ ਰਾਜਨੀਤਕ ਆਜ਼ਾਦੀ ਨੂੰ ਸਾਮਰਾਜੀ ਗੁਲਾਮੀ ਵਿਚ ਵੀ ਬਦਲ ਰਹੀਆਂ ਹਨ।  ਸਹੀ ਅਰਥਾਂ ਵਿਚ ਇਹ ਹੀ ਇਕ ਦੇਸ਼ ਧ੍ਰੋਹੀ ਕਾਰਨਾਮਾ ਹੈ। .... ਤੇ ਹੁਣ ਭਾਜਪਾ ਵਲੋਂ ਯੋਗੀ ਅਦਿਤਿਆ ਨਾਥ ਵਰਗੇ ਫਿਰਕੂ ਜ਼ਹਿਰ ਉਗਲਣ ਵਾਲੇ ਅਤੇ ਧਰਮ ਅਧਾਰਤ 'ਹਿੰਦੂ ਰਾਸ਼ਟਰ' ਕਾਇਮ ਕਰਨ ਦੇ ਮੁਦੱਈ ਵਿਅਕਤੀ ਨੂੰ ਯੂ.ਪੀ. ਦਾ ਮੁੱਖ ਮੰਤਰੀ ਥਾਪਣਾ ਇਸ ਬਹੁਕੌਮੀ ਤੇ ਬਹੁ-ਧਰਮੀ ਦੇਸ਼ ਵਾਸਤੇ ਸਿਰੇ ਦਾ ਆਤਮਘਾਤੀ ਕਦਮ ਹੈ, ਜਿਸਦੇ ਭਵਿੱਖੀ ਨਤੀਜੇ ਸਾਰੇ ਦੇਸ਼ ਨੂੰ ਭੁਗਤਣੇ ਪੈ ਸਕਦੇ ਹਨ।
ਇਹ ਉਹੀ ਯੋਗੀ ਅਦਿਤਿਆ ਨਾਥ ਜੀ ਹਨ, ਜਿਨ੍ਹਾਂ ਨੇ 'ਲਵ ਜਿਹਾਦ', 'ਗਊ ਹੱਤਿਆ' ਅਤੇ 'ਜਬਰਦਸਤੀ ਧਰਮ ਪਰਿਵਰਤਨ' ਵਰਗੇ ਸੰਵੇਦਨਸ਼ੀਲ ਮੁਦਿਆਂ ਬਾਰੇ ਬਹੁਤ ਹੀ ਭੜਕਾਊ ਬਿਆਨ ਦਿੱਤੇ ਹਨ। ਇਹ ਸੱਜਣ ਇੱਥੇ ਹੀ ਨਹੀਂ ਰੁਕੇ। ਇਸਨੇ ਅਸੰਬਲੀ ਚੋਣਾੇਂ ਦੌਰਾਨ ਸਿਰਫ ਹਿੰਦੂ ਵੋਟਾਂ ਹਾਸਲ ਕਰਨ ਲਈ 'ਈਦ ਤੇ ਦਿਵਾਲੀ' ਵਰਗੇ ਪਵਿੱਤਰ ਤਿਉਹਾਰਾਂ ਸਮੇਂ ਬਿਜਲੀ ਦੀ ਵੰਡ ਨੂੰ ਅਤੇ ਮੁਰਦਿਆਂ ਨੂੰ ਦਫਨਾਉਣ ਲਈ ਕਬਰਸਤਾਨਾਂ ਤੇ ਸ਼ਮਸ਼ਾਨ ਘਾਟਾਂ ਲਈ ਜ਼ਮੀਨ ਅਲਾਟ ਕਰਨ ਦੇ ਮੁੱਦੇ ਨੂੰ ਵੀ ਅੱਤ ਦੀ ਘਟੀਆ ਫਿਰਕੂ ਸੋਚ ਵਿਚ ਜਕੜਨ ਦਾ ਯਤਨ ਕੀਤਾ। ਇਸ ਮੁੱਖ ਮੰਤਰੀ ਨੇ ਇਕ ਆਪਣੀ 'ਹਿੰਦੂ ਯੁਵਾ ਵਾਹਿਨੀ' ਨਾਮ ਦੀ ਸੈਨਾ ਕਾਇਮ ਕੀਤੀ ਹੋਈ ਹੈ, ਜੋ ਫਿਰਕੂ ਦੰਗੇ ਭੜਕਾਉਣ ਤੇ ਹੁੜਦੰਗ ਮਚਾਉਣ ਲਈ ਜਾਣੀ ਜਾਂਦੀ ਹੈ। 
ਹੁਣ ਅਜਿਹੇ ਵਿਅਕਤੀ ਨੂੰ ਯੂ.ਪੀ. ਦਾ ਮੁੱਖ ਮੰਤਰੀ ਬਣਾਉਣ ਨਾਲ, ਜਿੱਥੇ ਧਾਰਮਕ ਘੱਟ ਗਿਣਤੀ ਭਾਈਚਾਰਾ ਸਭ ਤੋਂ ਵੱਡੀ ਤਾਦਾਦ ਵਿਚ ਵਸਦਾ ਹੈ। ਇਕ ਵਾਰ ਫੇਰ ਸਿੱਧ ਹੋ ਗਿਆ ਹੈ ਕਿ ਭਾਜਪਾ ਸਰਕਾਰ ਅਤੇ ਆਰ.ਐਸ.ਐਸ. ਸਿਰਫ ਸਾਮਰਾਜ ਪੱਖੀ ਨਵ ਉਦਾਰਵਾਦੀ ਆਰਥਿਕ ਨੀਤੀਆਂ ਦੀਆਂ ਹੀ ਮੁਹਰੈਲੀ ਨਹੀਂ ਹਨ, ਬਲਕਿ ਸਿਰੇ ਦੀ ਫਿਰਕਾਪ੍ਰਸਤ, ਸੰਕੀਰਨਤਾਵਾਦੀ ਤੇ ਫਾਸ਼ੀਵਾਦੀ ਵਿਚਾਰਧਾਰਾ ਦੀਆਂ ਝੰਡਾ ਬਰਦਾਰ ਵੀ ਹਨ। ਜਿਸ ਢੰਗ ਨਾਲ ਗੋਆ ਤੇ ਮਨੀਪੁਰ ਵਿਚ ਸਾਰੇ ਸੰਵਿਧਾਨਕ ਤੇ ਜਮਹੂਰੀ ਪੈਮਾਨੇ ਛਿੱਕੇ ਟੰਗ ਕੇ ਭਾਜਪਾ ਸਰਕਾਰਾਂ ਨੂੰ ਲੋਕਾਂ ਉਪਰ ਥੋਪਿਆ ਗਿਆ ਹੈ, ਉਸ ਨਾਲ ਭਾਜਪਾ ਦਾ ਗੈਰ ਲੋਕਰਾਜੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ।
ਸੰਘ ਪਰਿਵਾਰ ਇਸ ਗੱਲੋਂ ਲੁੱਡੀਆਂ ਪਾ ਰਿਹਾ ਹੈ ਕਿ ਦੇਸ਼ ਦੇ ਲੋਕਾਂ ਦਾ ਇਕ ਹਿੱਸਾ ਰਾਜਨੀਤਕ ਚੇਤਨਤਾ ਤੋਂ ਸੱਖਣਾ ਹੋਣ ਕਾਰਨ ਮੋਦੀ ਦੇ ਤਰਕ ਰਹਿਤ ਤੇ ਜੁਮਲੇਬਾਜ਼ ਭਾਸ਼ਣਾਂ ਤੋਂ ਪ੍ਰਭਾਵਤ ਹੋ ਕੇ ਭਾਜਪਾ ਵੱਲ ਨੂੰ ਉਲਾਰ ਹੋ ਰਿਹਾ ਹੈ। ਪ੍ਰੰਤੂ ਇਹ ਵੀ ਇਕ ਹਕੀਕਤ ਹੈ ਕਿ ਚੰਦ ਕੱਟੜਪੰਥੀਆਂ ਤੋਂ ਬਿਨਾਂ ਇਹ ਹਿੱਸਾ ਮੋਦੀ ਸਰਕਾਰ ਦੀਆਂ ਮਹਿੰਗਾਈ, ਬੇਕਾਰੀ, ਭਰਿਸ਼ਟਾਚਾਰ, ਫਿਰਕੂ ਕਤਾਰਬੰਦੀ ਅਤੇ ਗੁੰਡਾ ਰਾਜ ਤੋਂ ਪ੍ਰੇਸ਼ਾਨ ਹੋ ਕੇ ਸਾਂਝੀ ਜਨਤਕ ਲਹਿਰ, ਜੋ ਧਰਮ ਨਿਰਪੱਖਤਾ ਤੇ ਲੋਕਰਾਜੀ ਕਦਰਾਂ ਕੀਮਤਾਂ ਨੂੰ ਪ੍ਰਣਾਈ ਹੋਈ ਹੈ, ਵਿਚ ਮੁੜ ਸ਼ਮੂਲੀਅਤ ਕਰੇਗਾ। ਦੇਸ਼ ਦੀ ਵਸੋਂ ਦਾ ਵੱਡਾ ਭਾਗ, ਧਾਰਮਕ ਘੱਟ ਗਿਣਤੀਆਂ ਦੇ ਲੋਕ, ਅਗਾਂਹਵਧੂ ਬੁਧੀਜੀਵੀ ਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਪ੍ਰਣਾਏ ਵਿਅਕਤੀ ਮੋਦੀ ਸਰਕਾਰ ਦੀਆਂ ਸਮੁੱਚੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ ਤੇ ਵੱਖ ਵੱਖ ਢੰਗਾਂ ਨਾਲ ਆਪਣੇ ਆਪਣੇ ਵਿਰੋਧ ਦਰਜ ਕਰਾ ਰਹੇ ਹਨ। ਪਰ ਇਹ ਵਿਰੋਧਕਾਫੀ ਨਹੀਂ ਹੈ। ਜੇਕਰ ਅਸੀਂ ਮੌਜੂਦਾ ਲੁੱਟ ਖਸੁੱਟ ਵਾਲੇ ਢਾਂਚੇ ਤੋਂ ਮੁਕਤੀ ਹਾਸਲ ਕਰਨ ਲਈ ਸਮਾਜਿਕ ਤਬਦੀਲੀ ਲਈ ਸਰਗਰਮ ਹਾਂ, ਤਦ ਭਾਜਪਾ ਤੇ ਆਰ.ਐਸ.ਐਸ. ਦੇ ਫਿਰਕੂ ਤੇ ਸੰਕੀਰਨ ਸੁਪਨਿਆਂ ਨੂੰ ਸਾਕਾਰ ਕਰਨ ਵਾਲੇ ਨਰਿੰਦਰ ਮੋਦੀ ਦੀ ਸਰਕਾਰ ਵਿਰੁੱਧ ਵਧੇਰੇ ਸਰਗਰਮੀ ਨਾਲ ਵਿਚਾਰਧਾਰਕ, ਰਾਜਨੀਤਕ ਤੇ ਆਰਥਿਕ ਘੋਲਾਂ ਨੂੰ ਵਿੱਢਣ ਤੇ ਮਜ਼ਬੂਤ ਕਰਨ ਲਈ ਸਾਨੂੰ ਪੂਰੀ ਤਾਕਤ ਝੋਕ ਦੇਣੀ ਹੋਵੇਗੀ। ਦੋ ਵਿਰੋਧੀ ਵਰਗਾਂ ਤੇ ਵਿਚਾਰਧਾਰਾਵਾਂ ਦੀ ਲੜਾਈ ਵਿਚ ਨਿਸ਼ਾਨਾ ਸਿਰਫ ਜਿੱਤਣਾ ਹੀ ਹੋਣਾ ਚਾਹੀਦਾ ਹੈ ਤੇ ਇੱਥੇ ਦੂਸਰੀ ਜਗ੍ਹਾ ਆਉਣ ਵਾਲੇ ਦੀ ਕੋਈ ਥਾਂ ਨਹੀਂ ਹੈ। ਫਿਰਕੂ ਤਾਕਤਾਂ ਵਿਰੁੱਧ ਇਹ ਜੰਗ ਜਿੱਤਣੀ ਅਵੱਸ਼ਕ ਹੈ, ਤਦ ਹੀ ਦੇਸ਼ ਦਾ ਧਰਮ ਨਿਰਪੱਖ, ਜਮਹੂਰੀ ਤੇ ਲੋਕਰਾਜੀ ਢਾਂਚਾ ਕਾਇਮ ਰਹਿ ਸਕੇਗਾ। ਇਸ ਤੋਂ ਅੱਗੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਵੱਲ ਸਾਬਤ ਕਦਮੀ ਨਾਲ ਵਧਿਆ ਜਾ ਸਕਦਾ ਹੈ।

No comments:

Post a Comment