Friday 7 April 2017

ਅਜੋਕੇ ਸੰਦਰਭ 'ਚ ਵਿਸਾਖੀ ਦੇ ਤਿਉਹਾਰ ਦੀ ਅਹਿਮੀਅਤ

ਮਹੀਪਾਲ 
ਹਰ ਸਾਲ ਵਾਂਗੂੰ, ਇਸ ਸਾਲ ਵੀ ਵਿਸਾਖੀ ਦਾ ਤਿਉਹਾਰ, 13 ਅਪ੍ਰੈਲ ਨੂੰ ਵੱਡੇ ਪੈਮਾਨੇ 'ਤੇ ਮਨਾਇਆ ਜਾਵੇਗਾ। ਪੰਜਾਬ ਅਤੇ ਭਾਰਤ ਵਿਚ ਹੀ ਨਹੀਂ, ਬਲਕਿ ਸੰਸਾਰ 'ਚ ਕਿਧਰੇ ਵੀ ਰਹਿੰਦੇ ਪੰਜਾਬੀ ਇਸ ਤਿਉਹਾਰ ਨੂੰ ਬੜੀ ਹੀ ਦਿਲੀ ਭਾਵਨਾ ਨਾਲ ਮਨਾਉਂਦੇ ਹਨ। ਨਵੀਂ ਫਸਲ, ਨਵੇਂ ਸੁਪਨਿਆਂ ਅਤੇ ਨਵੀਆਂ ਉਮੰਗਾਂ ਦਾ ਤਿਉਹਾਰ ਸਮਝੀ ਜਾਂਦੀ ਹੈ ਵਿਸਾਖੀ, ਭਾਵ ਸਾਲ ਦੇ ਵਿਸਾਖ ਮਹੀਨੇ ਦਾ ਪਹਿਲਾ ਦਿਨ। ਇਸ ਦਿਨ ਦੇਸ਼ ਵਿਦੇਸ਼ ਵਿਚ ਲੱਗਣ ਵਾਲੇ ਮੇਲਿਆਂ ਵਾਲੀਆਂ ਥਾਵਾਂ ਦੀ ਗਿਣਤੀ ਕਰਨੀ ਉਕਾ ਹੀ ਅਸੰਭਵ ਕਾਰਜ ਜਾਪਦੀ ਹੈ। ਅਤੀਤ 'ਚ ਸਾਡੇ ਰਹਿਬਰਾਂ ਨੇ ਬੜੇ ਹੀ ਖਾਸ ਵਰਤਾਰਿਆਂ ਨੂੰ ਅੰਜਾਮ ਦੇਣ ਹਿੱਤ ਵਿਚਾਰ ਵਟਾਂਦਰੇ ਲਈ ਉਕਤ ਦਿਹਾੜੇ ਦੀ ਚੋਣ ਕੀਤੀ ਹੈ। ਅਸੀਂ ਇਸ ਦਿਨ ਨਾਲ ਸਬੰਧਤ ਇਤਿਹਾਸਕ ਅਤੇ ਮਨੁੱਖਤਾ ਦੀ ਹੋਣੀ ਨੂੰ ਸਦੀਵੀਂ ਹਾਂ ਪੱਖੀ ਮੋੜਾ ਦੇਣ ਵਾਲੇ ਕੇਵਲ ਦੋ ਯੁਗ ਪਲਟਾਊ ਵਰਤਾਰਿਆਂ ਤੱਕ ਆਪਣੀ ਮੌਜੂਦਾ ਵਿਚਾਰ ਚਰਚਾ ਨੂੰ ਸੀਮਤ ਰੱਖਾਂਗੇ। ਸਿੱਖਾਂ ਦੇ ਦੱਸਵੇਂ ਗੁਰੂ, ਵੇਲੇ ਦੀ ਹਕੂਮਤ ਖਿਲਾਫ ਜੂਝਦਿਆਂ ਸਰਬੰਸ ਵਾਰਨ ਦੀ ਪ੍ਰੇਰਨਾਮਈ ਮਿਸਾਲ ਕਾਇਮ ਕਰਨ ਵਾਲੇ, ਸਾਹਿਬ-ਇ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਸੰਨ 1699 ਦੀ ਵਿਸਾਖੀ, ਯਾਨਿ ਵਿਸਾਖ ਮਹੀਨੇ ਦੀ ਪਹਿਲੀ ਤਿੱਥ ਨੂੰ, ਖਾਲਸਾ ਪੰਥ ਦੀ ਸਾਜਨਾ ਕੀਤੇ ਜਾਣ ਦੀ ਮਹਾਨ ਘਟਣਾ ਦੀ ਚਰਚਾ ਅਸੀਂ ਪਹਿਲਾਂ ਕਰਨੀ ਚਾਹਾਂਗੇ। ਇਸ ਵਡੇਰੇ ਮਹੱਤਵ ਵਾਲੀ ਘਟਨਾ ਦੇ ਸਾਰੇ ਪੱਖ ਭਾਵੇਂ ਅਸੀਂ ਇਸ ਛੋਟੇ ਲੇਖ ਵਿਚ ਸਾਂਝੇ ਨਹੀਂ ਕਰ ਸਕਾਂਗੇ ਪਰ ਕੁੱਝ ਅਤੀ ਜ਼ਰੂਰੀ ਨੁਕਤੇ ਜ਼ਰੂਰ ਵਿਚਾਰਨਯੋਗ ਹਨ।
ਪ੍ਰਥਮ ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋਈ ਮਾੜੇ ਜਾਂ ਗਲਤ ਦੀ ਨਿਸ਼ਾਨਦੇਹੀ ਕਰਨ, ਉਸ 'ਤੇ ਬੇਬਾਕ ਟਿੱਪਣੀ ਕਰਨ ਅਤੇ ਅੱਗੋਂ ਇਨ੍ਹਾਂ ਮਾੜੀਆਂ ਰਿਵਾਇਤਾਂ ਦਾ ਦਿਲੇਰੀ-ਸੂਝਬੂਝ 'ਤੇ ਦਲੀਲ ਨਾਲ ਟਾਕਰਾ ਕਰਨ ਦੀ ਅਮੀਰ ਪ੍ਰੰਪਰਾ। ਵਕਤ ਦੇ ਬੜੇ ਬੜੇ ਹਾਕਮਾਂ ਨੂੰ ਵੰਗਾਰਾਂ ਪਾਉਣੀਆਂ ਇਸ ਮਾਨਵਵਾਦੀ ਪ੍ਰੰਪਰਾ ਦਾ ਅੱਗੋਂ ਹੋਰ ਵਿਸਤਾਰ ਸੀ।  ਦਸ਼ਮ ਗੁਰੂ ਨੇ ਉਕਤ ਸਾਰੇ ਲੋਕ ਦੋਖੀ ਵਿਚਾਰਾਂ ਦਾ ਜਥੇਬੰਦਕ ਸ਼ਕਤੀ ਨਾਲ ਟਾਕਰਾ ਕਰਨ ਦਾ ਨਿਰਣਾ ਲਿਆ। ਜਥੇਬੰਦ ਸ਼ਕਤੀ ਦਾ ਮੂਲ ਸਰੋਤ ਮਿਥਿਆ ਗਿਆ ਪੀੜਤ ਵਰਗਾਂ ਦੇ ਬਿਹਤਰੀਨ ਚੁਨੀਂਦਾ ਜੰਗਜੂ ਯਾਨਿ ਧਰਤੀ ਪੁੱਤਰ। ਆਨੰਦਪੁਰ ਦੀ ਧਰਤੀ 'ਤੇ ਜਾਤ, ਗੋਤ, ਭਾਸ਼ਾ, ਇਲਾਕਿਆਂ ਦੀਆਂ ਸਾਰੀਆਂ ਮਨੁੱਖਤਾ ਵਿਰੋਧੀ ਦੀਵਾਰਾਂ ਢਾਹੁੰਦੇ ਹੋਏ ਸਿਰਲੱਥ ਯੋਧਿਆਂ ਦੀ ਫ਼ੌਜ ਤਿਆਰ ਕੀਤੀ ਗਈ ਜਿਸ ਨੂੰ ਨਾਂਅ ਦਿੱਤਾ ਗਿਆ ''ਖਾਲਸਾ''। ''ਖਾਲਸਾ'' ਯਾਨਿ ਖਾਲਿਸ ਜਾਂ ਸ਼ੁੱਧ। ਹਾਕਮਾਨਾ ਕੁਕਰਮਾਂ ਤੋਂ ਨਿਤਾਣਿਆਂ ਦੀ ਰਾਖੀ ਕਰਦਿਆਂ ਸੀਸ ਵਾਰ ਦੇਣ ਵਾਲਾ। ਅਜਿਹੇ ਆਪਾਵਾਰੂ ਜੰਗਜੂ ਜਾਤੀ, ਧਰਮ, ਭਾਸ਼ਾ, ਇਲਾਕੇ ਆਦਿ ਦੇ ਦੁਰਭਾਵ ਮਨ 'ਚ ਰੱਖਣ ਵਾਲੇ ਕਦੀ ਬਣ ਵੀ ਨਹੀਂ ਸਕਦੇ। ਨਵੇਂ ਨਾਅਰੇ ਹੋਂਦ 'ਚ ਆਏ; ਚਿੜੀਓਂ ਸੇ ਮੈਂ ਬਾਜ਼ ਤੁੜਾਊਂ, ਖਾਲਸਾ ਮੇਰੇ ਰੂਪ ਹੈ ਖਾਸ, ਆਪੇ ਗੁਰੂ ਚੇਲਾ। ਇਹ ਸਾਰੇ ਨਾਅਰੇ (ਵਾਚਵਰਡ) ਅਮਲ 'ਚ ਲਾਗੂ ਹੋਏ ਅਤੇ ਉਸ ਵੇਲੇ ਦੀਆਂ ਅਨੇਕਾਂ ਘ੍ਰਿਣਤ ਰਿਵਾਇਤਾਂ ਨੂੰ ਤੋੜਣ ਦੇ ਕਾਰਗਰ ਹਥਿਆਰ ਬਣੇ। ਮਾਨਵਵਾਦੀ ਅਜਿਹੇ ਕਿ ਦੁਸ਼ਮਣ ਦੇ ਫ਼ੌਜੀਆਂ ਦੀ ਆਪਣਿਆਂ ਤੋਂ ਪਹਿਲਾਂ ਮਰਹਮ-ਪੱਟੀ ਕਰਨ ਦੀਆਂ ਰਿਵਾਇਤਾਂ ਕਾਇਮ ਕਰ ਦਿੱਤੀਆਂ। ਜਿੰਨਾਂ ਦੀ ਹਵਾ ਆਇਆਂ ਵੀ ਉਚ ਕੁੱਲ ਦੇ ਲੋਕ ਭ੍ਰਿਸ਼ਟ ਹੋ ਜਾਂਦੇ ਸਨ, ਉਹ ''ਰੰਘਰੇਟੇ'' ਗੁਰੂ ਕੇ ਬੇਟੇ ਬਣ ਗਏ। ਸੰਗਤ-ਪੰਗਤ, ਮੀਰੀ-ਪੀਰੀ, ਕਿੰਨੀਆਂ ਹੀ ਨਵੀਆਂ ਲੋਕ ਹਿਤੂ ਪ੍ਰੀਭਾਸ਼ਾਵਾਂ ਨੇ ਜਨਮ ਲਿਆ। ਜਿੱਥੇ ਖੁਦ ਦਸ਼ਮ ਗੁਰੂ ਨੇ ਸਰਬੰਸ ਵਾਰਿਆ, ਉਥੇ ਉਨ੍ਹਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਹਜ਼ਾਰਾਂ ਜਰਨੈਲ ਪੈਦਾ ਹੋਏ ਜਿਨ੍ਹਾਂ ਨੇ ਅਦੁੱਤੀ ਕੁਰਬਾਨੀਆਂ ਦਿੱਤੀਆਂ। ਬੜੇ-ਬੜੇ ਜਾਲਮ ਰਾਜ ਪ੍ਰਬੰਧਾਂ ਨੂੰ ਕੰਬਣੀਆਂ ਛਿੜ ਗਈਆਂ। ਤਖਤਾਂ ਵਾਲਿਆਂ ਨੂੰ ਹਾਰਾਂ ਨਸੀਬ ਹੋਈਆਂ। ਸਮਾਨਤਾ ਦੀਆਂ ਭਾਵਨਾਵਾਂ ਵੱਧ ਚੜ੍ਹ ਕੇ ਪ੍ਰਫੁਲਤ ਹੋਈਆਂ। ਜੇ ਇਸ ਅਦੁੱਤੀ ਘਟਨਾ ਤੋਂ ਬਾਅਦ ਦੀਆਂ ਕੁਰਬਾਨੀਆਂ ਦੀਆਂ ਗਾਥਾਵਾਂ ਲਿਖਣੀਆਂ ਹੋਣ ਤਾਂ ਟਨਾਂ ਦੇ ਟਨਾਂ ਕਾਗਜ਼ਾਂ ਦੀ ਲੋੜ ਪਵੇਗੀ।
ਪਰ ਅਜੋਕੇ ਦੌਰ ਦੀ ਈਮਾਨਦਾਰਾਨਾ ਨਜ਼ਰਸਾਨੀ ਕਰਦਿਆਂ ਇਹ ਦੁੱਖਦਾਈ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਜਿਨ੍ਹਾਂ ਮਾਨਵੀ 'ਤੇ ਜੁਝਾਰੂ ਰਿਵਾਇਤਾਂ ਦਾ ਸੁਪਨਾ ਲਿਆ ਸੀ ਅਤੇ ਜੋ ਇਕ ਖਾਸ ਪੜਾਅ ਤੱਕ ਰੱਜ ਕੇ ਪ੍ਰਵਾਨ ਵੀ ਚੜ੍ਹੀਆਂ ਅੱਜ ਉਹ ਲਗਭਗ ਵਿਸਾਰ ਦਿੱਤੀਆਂ ਗਈਆਂ ਹਨ। ਅਸੀਂ ਸਮੂਹ ਪੰਜਾਬੀਆਂ, ਵਿਸ਼ੇਸ਼ ਕਰਕੇ ਆਮ ਸਿੱਖ ਜਨਸਮੂਹਾਂ ਨੂੰ ਸੁਹਿਰਦਤਾ ਨਾਲ ਅਪੀਲ ਕਰਦੇ ਹਾਂ ਕਿ ਇਸ ਵਿਸਾਖੀ ਨੂੰ ਆਪਾ ਪੜਚੋਲ ਦਿਵਸ ਦੇ ਤੌਰ 'ਤੇ ਮਨਾਇਆ ਜਾਵੇ। ਇਹ ਗੱਲ ਅਤੀ ਤਕਲੀਫਦੇਹ ਹੈ ਕਿ ਸਿੱਖੀ ਦੇ ਧੁਰ ਵਿਰੋਧੀ ਨਾ ਸਿਰਫ ਸਿੱਖੀ ਵਿਚ ਘੁਸਪੈਠ ਕਰ ਗਏ ਹਨ ਬਲਕਿ ਮਾਲਕ ਬਣ ਬੈਠੇ ਹਨ।
ਦੂਜੀ ਮਹਾਨ ਘਟਨਾ ਸੀ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲਾ ਬਾਗ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਜਲਸੇ ਵਿਚ ਅੰਗਰੇਜ਼ ਹਕੂਮਤ ਦੇ ਘ੍ਰਿਣਾ ਦੇ ਮੁਜੱਸਮੇ ਜਨਰਲ ਡਾਇਰ ਦੇ ਹੁਕਮ 'ਤੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ। ਇਸ ਵਿਚ ਭਾਰੀ ਗਿਣਤੀ ਲੋਕ ਹਲਾਕ ਕਰ ਦਿੱਤੇ ਗਏ। ਇਸਤਰੀਆਂ ਅਤੇ ਬੱਚਿਆਂ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ। ਹਰ ਧਰਮ, ਉਮਰ ਦੇ ਲੋਕ ਇਸ ਜਾਲਿਮ ਹਾਕਮੀ ਹੱਲੇ ਦੇ ਕਹਿਰ ਦਾ ਸ਼ਿਕਾਰ ਹੋਏ। ਕੌਮੀ ਆਜ਼ਾਦੀ ਦੀ ਲਹਿਰ ਦੇ ਆਗੂਆਂ ਦੀ ਗ੍ਰਿਫਤਾਰੀ ਵਿਰੁੱਧ ਹੋ ਰਹੇ ਜਲਸੇ 'ਤੇ ਇਹ ਕਾਤਲਾਨਾ ਹੱਲਾ ਹਿੰਦ ਦੇ ਲੋਕਾਂ ਨੂੰ ਸਬਕ ਸਿਖਾਉਣ ਲਈ ਅਤੇ ਵਿਦੇਸ਼ੀ ਸ਼ਾਸਨ ਦਾ ਵਿਰੋਧ ਕਰਨ ਤੋਂ ਡਰਾਉਣ ਲਈ ਕੀਤਾ ਗਿਆ ਸੀ। ਪਰ ਇਸ ਘਟਨਾ ਕਰਕੇ ਸਗੋਂ ਲੋਕਾਂ 'ਚ ਅੰਗਰੇਜ਼ ਸਾਮਰਾਜ ਵਿਰੁੱਧ ਹੋਰ ਵਧੇਰੇ ਨਫਰਤ ਅਤੇ ਰੋਹ ਪ੍ਰਚੰਡ ਹੋਇਆ। ਥਾਂ ਥਾਂ ਇਸ ਦਾ ਭੰਡੀ ਪ੍ਰਚਾਰ ਹੋਇਆ। ਇਸ ਘਟਨਾ ਦੀ ਸਭ ਤੋਂ ਵੱਡੀ ਛਾਪ ਇਹੀ ਸੀ ਕਿ ਕੌਮੀ ਯਕਜਹਿਤੀ ਦੀ ਸ਼ਾਨਾਮੱਤੀ ਭਾਵਨਾ ਲੋਕ ਮਨਾਂ 'ਚ ਹੋਰ ਬਲਵਤੀ ਹੋਈ। ਹਜ਼ਾਰਾਂ ਨਵੇਂ ਕੌਮੀ ਪਰਵਾਨੇ ਪ੍ਰਵਾਨ ਚੜ੍ਹੇ ਜਿਨ੍ਹਾਂ 'ਚ ਸ਼ਹੀਦ-ਇ-ਆਜ਼ਮ ਭਗਤ ਸਿੰਘ ਅਤੇ ਲੰਡਨ ਜਾ ਕੇ ਡਾਇਰ ਦੀ ਅਲਖ ਮੁਕਾਉਣ ਵਾਲਾ ਯੋਧਾ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਪ੍ਰਮੁੱਖ  ਹਨ। ਸਾਡੇ ਜਾਚੇ ਜਲ੍ਹਿਆਂਵਾਲਾ ਬਾਗ ਦਾ ਸਾਕਾ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹਾਦਤ ਅਤੇ ਜਹਾਜੀਆਂ ਦੀ ਬਗਾਵਤ ਤਿੰਨ ਪ੍ਰਮੁੱਖ ਘਟਨਾਵਾਂ ਹਨ ਜਿਨ੍ਹਾਂ ਨੇ ਵਿਦੇਸ਼ੀ ਹਕੂਮਤ ਦੇ ਖਾਤਮੇਂ ਦੀਆਂ ਲੋਕ ਇੱਛਾਵਾਂ ਪ੍ਰਬਲ ਕਰਨ 'ਚ ਪ੍ਰਮੁੱਖ ਯੋਗਦਾਨ ਪਾਇਆ। ਪਰ ਅੱਜ ਦੇ ਦੌਰ 'ਚ, ਜਲ੍ਹਿਆਂਵਾਲਾ ਬਾਗ ਦੇ ਸਾਕੇ ਵੱਲੋਂ ਸਥਾਪਤ ਕੀਤੀਆਂ ਮਾਨਵ ਹਿਤੂ ਰਵਾਇਤਾਂ ਦੀ ਬੜੀ ਤੇਜ਼ੀ ਨਾਲ ਤਬਾਹੀ ਕੀਤੀ ਜਾ ਰਹੀ ਹੈ। ਸਾਮਰਾਜ ਉਹੀ ਹੈ। ਭਾਰਤ ਦੀ ਬੇਬਹਾ ਲੁੱਟ ਦੀ ਉਸ ਦੀ ਕੁਲਹਿਣੀ ਮਨਸ਼ਾ ਵੀ ਉਹੀ ਹੈ। ਪਰ ਅੱਜ ਦਾ ਸਭ ਤੋਂ ਵੱਡਾ ਫ਼ਰਕ ਇਹ ਹੈ ਕਿ ਵੇਲੇ ਦੇ ਭਾਰਤੀ ਹਾਕਮ ਉਸ ਨਾਲ ''ਘਿਉ-ਖਿਚੜੀ'' ਹਨ। ਜਲ੍ਹਿਆਂ ਵਾਲਾ ਬਾਗ ਦੇ ਸਾਕੇ ਦੀ ਘਟਨਾ 'ਚੋਂ ਉਪਜੀ ਅਤੇ ਪ੍ਰਵਾਨ ਚੜ੍ਹੀ ਕੌਮੀ ਇਕਜੁਟਤਾ 'ਤੇ ਫਿਰਕੂ ਇਕਸੁਰਤਾ, 1947 ਦੀ ਫਿਰਕੂ ਅਧਾਰ 'ਤੇ ਕੀਤੀ ਗਈ ਦੇਸ਼ ਵੰਡ ਤੋਂ ਬਾਅਦ ਅੱਜ ਸਭ ਤੋਂ ਵਧੇਰੇ ਦਾਅ ਤੇ ਹੈ। ਹਾਕਮਾਂ ਦੇ ਚੌਤਰਫਾ ਯਤਨਾਂ ਸਦਕਾ ਸਾਮਰਾਜ ਖਿਲਾਫ਼ ਨਫ਼ਰਤ ਚਿੰਤਾਜਨਕ ਹੱਦ ਤੱਕ ਥੱਲੇ ਨੂੰ ਗਈ ਹੈ। ਸਾਮਰਾਜ ਦੀ ਦਲਾਲੀ ਕਰਨ ਵਾਲੇ ਸਮਾਜ ਦੇ ਹਰ ਖੇਤਰ 'ਚ ਉਚੀਆਂ ਪੱਦਵੀਆਂ 'ਤੇ ਬਿਰਾਜਮਾਨ ਹਨ। ਲੋਕਾਂ ਨੂੰ ਉਨ੍ਹਾਂ 'ਚੋਂ ਗੱਦਾਰੀ ਦੀ ''ਬੂ'' ਆਉਣੋਂ ਹਟਦੀ ਜਾਂਦੀ ਹੈ। ਜਿੱਥੇ ਸਾਡੇ ਸਭਨਾਂ ਲਈ ਇਹ ਆਤਮ ਵਿਸ਼ਲੇਸ਼ਣ ਦਾ ਵਿਸ਼ਾ ਹੋਣਾ ਚਾਹੀਦਾ ਹੈ, ਉਥੇ ਖੱਬੀਆਂ ਤੇ ਜਮਹੂਰੀ ਧਿਰਾਂ ਦੀ ਇਹ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਬੀਤੇ 'ਚ ਸਾਡੇ ਵਡੇਰਿਆਂ ਵਲੋਂ ਸਿਰਜੀਆਂ ਗਈਆਂ ਅਮੀਰ ਰਿਵਾਇਤਾਂ ਦੀ ਨਾ ਕੇਵਲ ਰਾਖੀ ਕੀਤੀ ਜਾਵੇ ਬਲਕਿ ਉਨ੍ਹਾਂ ਨੂੰ ਅੱਗੇ ਵਧਾਇਆ ਜਾਵੇ।

No comments:

Post a Comment