Thursday 6 April 2017

ਰੈਵੋਲਿਉਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ (RMPI) ਦੀ ਕੇਂਦਰੀ ਕਮੇਟੀ ਦੀ ਮੀਟਿੰਗ ਦੇ ਫੈਸਲੇ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੀ ਕੇਂਦਰੀ ਕਮੇਟੀ ਦੀ ਦੂਜੀ ਮੀਟਿੰਗ 27-28 ਮਾਰਚ 2017 ਨੂੰ, ਮਹਾਰਾਸ਼ਟਰ ਵਿਚ ਮੁੰਬਈ ਦੇ ਨੇੜੇ ਬਣੇ ਹੋਏ ਇਕ ''ਬਲੰਗਵਾੜੀ ਫਾਰਮ'' ਨਾਂਅ ਦੇ ਰੀਜ਼ੋਰਟ ਵਿਚ ਹੋਈ। ਮੀਟਿੰਗ ਵਿਚ ਬਿਮਾਰੀ ਕਾਰਨ ਨਾ ਆ ਸਕਣ ਵਾਲੇ ਦੋ ਮੈਂਬਰਾਂ ਨੂੰ ਛੱਡਕੇ ਬਾਕੀ ਸਾਰੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਮਹਾਰਾਸ਼ਟਰ ਤੋਂ ਸਾਥੀ ਰਜਿੰਦਰਾ ਪਰਾਂਜਪੇ ਨੇ ਕੀਤੀ।
ਮੀਟਿੰਗ ਦੇ ਆਰੰਭ ਵਿਚ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਉਘੇ ਆਗੂ ਕਾਮਰੇਡ ਫੀਦਲ ਕਾਸਟਰੋ ਦੇ ਸਦੀਵੀਂ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਾ ਇਕ ਮਤਾ ਪ੍ਰਵਾਨ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੇ ਆਗੂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਅਜੋਕੀਆਂ ਕੌਮਾਂਤਰੀ ਤੇ ਕੌਮੀ ਰਾਜਸੀ ਅਵਸਥਾਵਾਂ ਉਪਰ ਇਕ ਲਿਖਤੀ  ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਵਿਚ ਨੋਟ ਕੀਤਾ ਗਿਆ ਸੀ ਕਿ ਕੌਮਾਂਤਰੀ ਆਰਥਕ ਮੰਦਵਾੜੇ ਨੂੰ ਮੋੜਾ ਨਹੀਂ ਪੈ ਰਿਹਾ ਅਤੇ ਇਸ ਦੇ ਅਸਰ ਹੇਠ ਹੀ ਅਮਰੀਕਾ ਤੇ ਯੂਰਪ ਦੇ ਕਈ ਮੁਲਕਾਂ ਅੰਦਰ ਰਾਜਸੀ ਖੇਤਰ ਵਿਚ ਵੀ ਪਿਛਾਖੜੀ ਦਿਸ਼ਾ ਵਿਚ ਤਬਦੀਲੀਆਂ ਉਭਰੀਆਂ ਹਨ, ਜਿਹਨਾਂ ਨਾਲ ਵਿਕਾਸਸ਼ੀਲ ਦੇਸ਼ਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋਵੇਗਾ। ਇਹ ਵੀ ਨੋਟ ਕੀਤਾ ਗਿਆ ਸੀ ਕਿ ਭਾਰਤੀ ਹਾਕਮ ਜਮਾਤਾਂ ਤੇ ਸਰਕਾਰ ਸਾਮਰਾਜੀ ਲੁਟੇਰਿਆਂ ਦੀਆਂ ਧੌਂਸਵਾਦੀ ਵਧੀਕੀਆਂ ਨਾਲ ਟੱਕਰ ਲੈਣ ਦੀ ਬਜਾਏ ਉਹਨਾਂ ਨਾਲ ਸਗੋਂ ਸਾਂਝਾਂ ਹੋਰ ਵਧਾ ਰਹੀ ਹੈ। ਜਿਸ ਨਾਲ ਸਾਡੇ ਦੇਸ਼ ਅੰਦਰ ਇਸ ਆਰਥਕ ਸੰਕਟ ਦੇ ਮਾਰੂ ਪ੍ਰਭਾਵ ਹੋਰ ਵਧੇਰੇ ਚਿੰਤਾਜਨਕ ਅਵਸਥਾਵਾਂ ਪੈਦਾ ਕਰ ਸਕਦੇ ਹਨ। ਕੌਮੀ ਹਾਲਤ ਵਿਚ ਭਾਜਪਾ ਦੀ ਸਰਕਾਰ ਵਲੋਂ ਫਿਰਕੂ ਲੀਹਾਂ 'ਤੇ ਪੈਦਾ ਕੀਤੇ ਜਾ ਰਹੇ ਤਣਾਅ ਨੂੰ ਨੋਟ ਕਰਨ ਦੇ ਨਾਲ ਨਾਲ ਇਸ ਸਰਕਾਰ ਵਲੋਂ ਆਰਥਕ ਖੇਤਰ ਵਿਚ ਨੋਟਬੰਦੀ ਵਰਗੇ ਅਪਣਾਏ ਗਏ ਨਾਕਸ ਕਦਮਾਂ ਦੀ ਵੀ ਪੁਣਛਾਣ ਕੀਤੀ ਗਈ। ਇਹ ਵੀ ਨੋਟ ਕੀਤਾ ਗਿਆ ਕਿ 5 ਰਾਜਾਂ ਦੀਆਂ ਚੋਣਾਂ ਦੇ ਨਤੀਜਿਆਂ ਉਪਰੰਤ ਮੋਦੀ ਸਰਕਾਰ ਦੇ ਫਿਰਕੂ ਹਮਲੇ ਵੀ ਤੇਜ਼ ਹੋਏ ਹਨ ਅਤੇ ਰਾਜ ਸਰਕਾਰਾਂ ਦੇ ਗਠਨ ਦੇ ਸੰਬੰਧ ਵਿਚ ਜਮਹੂਰੀ ਕਦਰਾਂ ਕੀਮਤਾਂ ਦੀ ਵੀ ਘੋਰ ਅਣਦੇਖੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ, ਕੇਰਲ, ਤਾਮਿਲਨਾਡੂ, ਹਰਿਆਣਾ, ਮਹਾਰਾਸ਼ਟਰਾ ਅਤੇ ਹਿਮਾਚਲ ਪ੍ਰਦੇਸ਼ ਆਦਿ ਪ੍ਰਾਂਤਾਂ ਵਿਚਲੀ ਰਾਜਨੀਤਕ ਅਵਸਥਾ ਦਾ ਵਿਸ਼ਲੇਸ਼ਣ ਕਰਕੇ ਫੌਰੀ ਅਮਲੀ ਕੰਮ ਵੀ ਸੁਝਾਏ ਗਏ ਸਨ।
ਇਸ ਰਿਪੋਰਟ ਉਪਰ ਸਾਰੇ ਹਾਜ਼ਰ ਮੈਂਬਰਾਂ ਨੇ ਭੱਖਵਾਂ ਬਹਿਸ ਵਟਾਂਦਰਾ ਕੀਤਾ ਅਤੇ ਕੁਝ ਸੋਧਾਂ ਸਹਿਤ ਰਾਜਨੀਤਕ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ ਗਈ।
 
ਪਾਰਟੀ ਦੀ ਜਥੇਬੰਦਕ ਉਸਾਰੀ  
27 ਮਾਰਚ ਨੂੰ ਬਾਅਦ ਦੁਪਹਿਰ ਸੈਸ਼ਨ ਵਿਚ ਪਾਰਟੀ ਦੀ ਇਨਕਲਾਬੀ ਲੀਹਾਂ ਤੇ ਉਸਾਰੀ ਕਰਨ ਨਾਲ ਸਬੰਧਤ ਮੁਢਲੇ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਪਾਰਟੀ ਦੀ ਮੈਂਬਰਸ਼ਿਪ ਦੇ ਨਵੀਨੀਕਰਨ ਦਾ ਅਹਿਮ ਕਾਰਜ ਇਸ ਵਾਰ, 31 ਮਈ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਬਰਾਂਚ ਕਮੇਟੀਆਂ ਦਾ ਬਾਕਾਇਦਾ ਗਠਨ ਕਰ ਦਿੱਤਾ ਜਾਵੇਗਾ। ਪ੍ਰਾਂਤਵਾਰ ਪਾਰਟੀ ਮੈਂਬਰਸ਼ਿਪ ਨਵਿਆਏ ਜਾਣ ਬਾਰੇ ਅਨੁਮਾਨਤ ਵੇਰਵਾ ਵੀ ਤਿਆਰ ਕੀਤਾ ਗਿਆ।
ਇਹ ਵੀ ਫੈਸਲਾ ਕੀਤਾ ਗਿਆ ਕਿ ਪਾਰਟੀ ਦੀ ਪਹਿਲੀ ਕੁਲਹਿੰਦ ਕਾਨਫਰੰਸ 23 ਤੋਂ 26 ਨਵੰਬਰ 2017 ਤੱਕ ਚੰਡੀਗੜ੍ਹ ਵਿਖੇ ਆਯੋਜਤ ਕੀਤੀ ਜਾਵੇਗੀ। ਇਸ ਕਾਨਫਰੰਸ ਤੋਂ ਪਹਿਲਾਂ ਹੇਠਲੇ ਪੱਧਰ ਦੀਆਂ ਕਮੇਟੀਆਂ ਦੀਆਂ ਕਾਨਫਰੰਸਾਂ ਨਿਮਨਲਿਖਤ ਮਿਤੀਆਂ ਅਨੁਸਾਰ ਮੁਕੰਮਲ ਕੀਤੀਆਂ ਜਾਣਗੀਆਂ।
 
    ਤਹਿਸੀਲਾਂ/ਇਲਾਕਾ ਕਮੇਟੀਆਂ ਦੀਆਂ ਕਾਨਫਰੰਸਾਂ         15 ਜੁਲਾਈ ਤੱਕ
    ਜ਼ਿਲ੍ਹਾ ਕਾਨਫਰੰਸਾਂ                                             31 ਅਗਸਤ ਤੱਕ
    ਰਾਜ ਪੱਧਰੀ ਕਾਨਫਰੰਸਾਂ                                      15 ਅਕਤੂਬਰ ਤੱਕ
 
ਇਹਨਾਂ ਸਾਰੀਆਂ ਕਾਨਫਰੰਸਾਂ ਵਿਚ ਵਿਚਾਰੀਆਂ ਜਾਣ ਵਾਲੀਆਂ ਪਾਰਟੀ ਪ੍ਰੋਗਰਾਮ ਤੇ ਰਾਜਨੀਤਕ ਪਹੁੰਚ ਨਾਲ ਸਬੰਧਤ ਰਿਪੋਰਟਾਂ ਪਾਰਟੀ ਦੇ ਹਰ ਪੱਧਰ 'ਤੇ ਬਣਾਏ ਜਾਣ ਵਾਲੇ ਜਥੇਬੰਦਕ ਢਾਂਚੇ, ਅਤੇ ਪਾਰਟੀ ਦੇ ਸੰਵਿਧਾਨ ਵਿਚ ਲੋੜੀਂਦੀਆਂ ਸੋਧਾਂ ਕਰਨ ਆਦਿ ਬਾਰੇ ਮਤੇ ਤਿਆਰ ਕਰਨ ਲਈ ਸਰਵਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਕੇ.ਐਸ. ਹਰੀਹਰਨ, ਰਾਜਿੰਦਰ ਪਰਾਂਜਪੇ ਅਤੇ ਕੇ. ਗੰਗਾਧਰਨ 'ਤੇ ਅਧਾਰਤ ਇਕ ਪੰਜ ਮੈਂਬਰੀ ਕਮਿਸ਼ਨ ਗਠਿਤ ਕੀਤਾ ਗਿਆ, ਜਿਹੜਾ 29-30 ਜੂਨ 2017 ਨੂੰ ਮੁੰਬਈ ਵਿਖੇ ਹੀ ਹੋਣ ਵਾਲੀ ਸੀ.ਸੀ. ਦੀ ਅਗਲੀ ਮੀਟਿੰਗ ਵਿਚ ਲੋੜੀਂਦੇ ਦਸਤਾਵੇਜ਼ ਪ੍ਰਵਾਨਗੀ ਲਈ ਪੇਸ਼ ਕਰੇਗਾ।
ਫੈਸਲਾ ਕੀਤਾ ਗਿਆ ਕਿ ਪਾਰਟੀ ਦੇ ਫੰਡਾਂ ਲਈ ਨਿਯਮਾਂ ਅਨੁਸਾਰ ਲੋੜੀਂਦਾ ਖਾਤਾ ਜਲੰਧਰ ਦੇ ਕਿਸੇ ਬੈਂਕ ਵਿਚ ਖੋਲ੍ਹਿਆ ਜਾਵੇਗਾ, ਜਿਸਨੂੰ ਸਰਵ ਸਾਥੀ ਮੰਗਤ ਰਾਮ ਪਾਸਲਾ, ਕੇ.ਐਸ. ਹਰੀਹਰਨ ਅਤੇ ਗੁਰਨਾਮ ਸਿੰਘ ਦਾਊਦ ਅਪਰੇਟ ਕਰਨਗੇ।
 
ਜਨਤਕ ਲਾਮਬੰਦੀ  
ਕੇਂਦਰੀ ਕਮੇਟੀ ਨੇ ਫੈਸਲਾ ਕੀਤਾ ਕਿ ਇਸ ਵਾਰ ਮਈ ਦਿਵਸ ਨੂੰ ਸਾਰੇ ਦੇਸ਼ ਵਿਚ ਫਿਰਕੂ-ਫਾਸ਼ੀਵਾਦ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ।
 
ਇਹ ਫੈਸਲਾ ਕੀਤਾ ਗਿਆ ਕਿ 21 ਅਪ੍ਰੈਲ ਤੋਂ 27 ਅਪ੍ਰੈਲ 2017 ਤੱਕ ਦੇ ਹਫਤੇ ਨੂੰ ਵੱਖ ਵੱਖ ਥਾਵਾਂ 'ਤੇ ਸੈਮੀਨਾਰ, ਜਲਸੇ ਤੇ ਮੁਜ਼ਾਹਰੇ ਕਰਕੇ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਰਾਸ਼ਟਰਵਾਦ ਦੀ ਰਾਖੀ ਲਈ ਸਪਤਾਹ ਵਜੋਂ ਮਨਾਇਆ ਜਾਵੇਗਾ।
 
ਜਨਤਕ ਜਥੇਬੰਦੀਆਂ ਦੀਆਂ ਸਰਗਰਮੀਆਂ ਨੂੰ ਸਹਿਯੋਗ ਤੇ ਅਗਵਾਈ ਦੇਣ ਬਾਰੇ ਵੀ ਗੰਭੀਰਤਾ ਸਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਟਰੇਡ ਯੂਨੀਅਨ ਫਰੰਟ 'ਤੇ ਕੰਮ ਕਰਦੇ ਚੁਣਵੇਂ ਸਾਥੀਆਂ ਦੀ ਇਕ ਵਿਸ਼ੇਸ਼ ਮੀਟਿੰਗ 28 ਜੂਨ 2017 ਨੂੰ ਮੁੰਬਈ ਵਿਖੇ ਆਯੋਜਤ ਕੀਤੀ ਜਾਵੇਗੀ।
 
ਕੁੱਝ ਮਤੇ 
ਮੀਟਿੰਗ ਵਿਚ ਪ੍ਰਵਾਨ ਕੀਤੇ ਗਏ ਇਕ ਮਤੇ ਰਾਹੀਂ ਤਾਮਿਲਨਾਡੂ ਦੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਜੰਤਰ ਮੰਤਰ ਨਵੀਂ ਦਿੱਲੀ ਵਿਚ ਲਗਾਏ ਗਏ
ਲਗਾਤਾਰ ਧਰਨੇ ਦਾ ਸਮਰਥਨ ਕੀਤਾ ਗਿਆ।
ਇਕ ਹੋਰ ਮਤੇ ਰਾਹੀਂ ਗੁੜਗਾਵਾਂ ਵਿਚਲੇ ਮਾਰੂਤੀ ਕਾਰਖਾਨੇ ਦੇ 19 ਮਜ਼ਦੂਰਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ ਗਿਆ ਅਤੇ ਇਸ ਫੈਸਲੇ ਉਪਰ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ।
ਮੀਟਿੰਗ ਨੇ ਕੇਰਲਾ ਅੰਦਰ ਸੀ.ਪੀ.ਆਈ.(ਐਮ) ਦੇ ਵਰਕਰਾਂ ਵਲੋਂ ਉੱਚੀਅਮ ਦੇ ਇਲਾਕੇ ਵਿਚ ਆਰ.ਐਮ.ਪੀ.ਆਈ. ਦੇ ਕਾਡਰਾਂ ਨੂੰ, ਵਿਸ਼ੇਸ਼ ਤੌਰ 'ਤੇ ਪਾਰਟੀ ਦੇ ਆਗੂ ਤੇ ਸੀ.ਸੀ. ਮੈਂਬਰ ਕਾਮਰੇਡ ਐਨ.ਵੇਨੂ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਨੂੰ ਗੰਭੀਰਤਾ ਸਹਿਤ ਨੋਟ ਕੀਤਾ ਅਤੇ ਸੀ.ਪੀ.ਆਈ.(ਐਮ) ਦੀ ਕੇਂਦਰੀ ਲੀਡਰਸ਼ਿਪ ਤੋਂ ਮੰਗ ਕੀਤੀ ਕਿ ਅਜੇਹੇ ਹਿੰਸਕ ਹਮਲੇ ਰੋਕਣ ਲਈ ਤੁਰੰਤ ਲੋੜੀਂਦੇ ਕਦਮ ਪੁੱਟੇ ਜਾਣ।
 
ਪਬਲਿਕ ਮੀਟਿੰਗ 
28 ਮਾਰਚ ਨੂੰ ਬਾਅਦ ਦੁਪਹਿਰ ਮੀਟਿੰਗ ਵਾਲੇ ਸਥਾਨ 'ਤੇ ਹੀ ਇਕ ਵਿਸ਼ਾਲ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਮਹਾਂਰਾਸ਼ਟਰ 'ਚ ਸਰਗਰਮ ਪਾਰਟੀ ਦੇ ਲਗਭਗ 700-800 ਵਰਕਰਾਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਜਿਹਨਾਂ ਵਿਚ ਔਰਤਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਬਹੁਤ ਹੀ ਉਤਸ਼ਾਹਜਨਕ ਸੀ। ਇਸ ਮੀਟਿੰਗ ਨੂੰ ਸਥਾਨਕ ਆਗੂਆਂ ਤੋਂ ਇਲਾਵਾ ਕੇਂਦਰੀ ਕਮੇਟੀ ਵਲੋਂ ਸਰਵਸਾਥੀ ਮੰਗਤ ਰਾਮ ਪਾਸਲਾ, ਕੇ.ਐਸ. ਹਰੀਹਰਨ, ਰਾਜਿੰਦਰ ਪਰਾਂਜਪੇ, ਅਤੇ ਸੰਜੋਤ ਰਾਊਤ ਨੇ ਸੰਬੋਧਨ ਕੀਤਾ।

No comments:

Post a Comment