Thursday, 6 April 2017

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਪ੍ਰੈਲ 2017)

ਕਹਾਣੀ
 
ਪੁਰਸਲਾਤ

- ਸਾਧੂ ਸਿੰਘ
 
ਵਾਰਡ ਨੰਬਰ ਨੌ ਦਾ ਬੂਹਾ ਖੁਲਦਿਆਂ ਹੀ ਉਨ੍ਹਾਂ ਦਾ ਦਿਲ ਧੱਕ ਕਰ ਕੇ ਰਹਿ ਗਿਆ। ਚੱਠਾ ਸਾਹਿਬ ਦਾ ਬਿਸਤਰਾ ਖਾਲੀ ਸੀ ਤੇ ਸਾਈਡ ਟੇਬਲ ਤੇ ਉਨ੍ਹਾਂ ਦੀਆਂ ਚੀਜ਼ਾਂ ਖਿਲਰੀਆਂ ਪਈਆਂ ਸਨ। ਉਨ੍ਹਾਂ ਇਕ ਦੂਜੇ ਵੱਲ ਦੇਖਿਆ। ਅੱਖਾਂ ਵਿਚ ਅਨੇਕਾਂ ਸੁਆਲੀਆ ਨਿਸ਼ਾਨ ਸਹਿਮ ਤੇ ਸੰਸਿਆਂ ਦੀ ਭਰਮਾਰ। ਸੰਦੇਹ ਨਾਲ ਤਣਿਆ ਮਾਹੌਲ। ਅਜੇਹੀ ਸਥਿਤੀ ਕਿਸੇ ਵੀ ਮੰਦੀ ਤੋਂ ਮੰਦੀ ਹੋਣੀ ਵੀ ਸੂਚਕ ਹੋ ਸਕਦੀ ਸੀ।
ਚੱਠਾ ਸਾਹਿਬ ਪਿਛਲੇ ਹਫਤੇ ਤੋਂ ਇਸ ਹਸਪਤਾਲ ਵਿਚ ਦਾਖਲ ਸਨ। ਅੱਸੀਆਂ ਤੋਂ ਉਪਰ ਉਮਰ। ਉਖੜਿਆ ਸਾਹ। ਵਧਿਆ ਹੋਇਆ ਖੂਨ ਦਾ ਦਬਾਓ। ਦਿਲ ਦੀ ਤਸ਼ਵੀਸ਼ਨਾਕ ਹਾਲਤ। ਕੰਧੀ ਉਘੇ ਰੁੱਖੜੇ ਨੂੰ ਡਿੱਗਣ ਲਈ ਐਵੇਂ ਹਲਕੇ ਜਿਹੇ ਬੁੱਲੇ ਦਾ ਹੀ ਬਹਾਨਾ ਚਾਹੀਦਾ ਹੁੰਦਾ ਹੈ।
'ਕਿਤੇ ਗੁਸਲਖਾਨੇ ਜਾਣ ਦੀ ਕੋਸ਼ਿਸ਼ ਨਾ ਕੀਤੀ ਹੋਏ' ਸੁਰਿੰਦਰ ਨੇ ਡਿਗਦੇ ਮਨ ਨੂੰ ਤੀਲੇ ਦਾ ਸਹਾਰਾ ਦਿੰਦਿਆਂ ਆਖਿਆ। ''ਸ਼ਾਇਦ''। ਕੁੰਦਨ ਨੇ ਉਹਦੀ ਆਸ ਨੂੰ ਨਿਰਬਲ ਜਿਹਾ ਠੁੰਮਣਾ ਦਿੱਤਾ।
ਸੁਰਿੰਦਰ ਗੁਸਲਖਾਨੇ ਵਲ ਜਾਣ ਲਈ ਅਹੁਲਿਆ ਹੀ ਸੀ। ਬੈੱਡ ਨੰਬਰ 21 ਤੋਂ ਇਕ ਮੱਧਮ ਜੇਹੀ ਆਵਾਜ਼ ਆਈ ''ਮਿਸਟਰ ਸਿੰਘ''। ਉਹ ਦੋਨੋਂ ਉਸ ਬਿਰਧ ਦੀ ਪੁਆਂਦੀ ਜਾ ਖਲੋਏ। ਬਿਰਧ ਆਪਣੇ ਮੰਜੇ ਦੇ ਤਕੀਏ ਨਾਲ ਢਾਸਣਾ ਲਾ ਕੇ ਲੱਤਾਂ ੰ ਪਸਾਰੀ ਬੈਠਾ ਸੀ। ਨੱਕ ਦੀ ਘੋੜੀ ਤੇ ਐਨਕਾਂ ਥਾਂ-ਸਿਰ ਕਰਦਿਆਂ ਉਸ ਨੇ ਦੱਸਿਆ ਕਿ ਪੰਜ ਸੱਤ ਮਿੰਟ ਪਹਿਲਾਂ ਚੱਠਾ ਸਾਹਿਬ ਆਪਣੇ ਬਿਸਤਰੇ ਤੋਂ ਉੱਠੇ ਸਨ। ਖੌਰੇ ਵਾਸ਼-ਰੂਮ ਜਾਣਾ ਚਾਹੁੰਦੇ ਹੋਣ। ਧਰਤੀ ਤੇ ਪੈਰ ਲਾਉਂਦਿਆਂ ਹੀ ਉਹ ਘੁਮੇਟਣੀ ਖਾ ਕੇ ਧੜੰਮ ਦੇਣੀ ਭੁੰਜੇ ਡਿਗ ਪਏ ਸਨ। ਸ਼ਾਇਦ ਬੇਹੋਸ਼ ਹੋ ਗਏ ਸਨ। ਝੱਟ ਕੁ ਪਹਿਲਾਂ ਹੀ ਨਰਸਾਂ ਉਹਨਾਂ ਨੂੰ ਸਟ੍ਰੈਚਰ ਤੇ ਪਾ ਕੇ ਲੈ ਗਈਆਂ ਸਨ। ਸ਼ਾਇਦ ਇੰਟੈਸਿਵ ਕੇਅਰ ਵਿਚ ਹੋਣ। ''ਤੁਸੀਂ ਸਟਾਫ ਨਰਸ ਤੋਂ ਪਤਾ ਕਰੋ।'' ਬੋਲਦਾ ਬੋਲਦਾ ਮਰੀਜ਼ ਬਿਰਧ ਆਪ ਬੜਾ ਨਿਢਾਲ ਹੋ ਗਿਆ ਸੀ। ''ਥੈਕ ਯੂ ਸਰ''।
ਤੇ ਉਹ ਦੋਨੋ ਛੁਹਲੇ ਕਦਮ ਭਜਦੇ ਸਟਾਫ ਨਰਸ ਦੇ ਦਫਤਰ ਵਲ ਤੁਰ ਪਏ ਸਨ। ਉਨ੍ਹਾਂ ਨੂੰ ਦੇਖਣ ਸਾਰ ਹੀ ਸਟਾਫ ਨਰਸ ਨੇ ਆਪੇ ਦੱਸਣਾ ਸ਼ੁਰੂ ਕਰ ਦਿੱਤਾ ਸੀ ਕਿ ਚੱਠਾ ਸਾਹਿਬ ਡਿਗ ਕੇ ਬੇਹੋਸ਼ੀ ਦੀ ਹਾਲਤ ਵਿਚ ਲਿਆਂਦੇ ਗਏ ਸਨ। ਇੰਟੈਸਿਵ ਕੇਅਰ ਵਿਚ ਨੇ । ਕਿਸੇ ਵੀ ਪਲ ਕੁੱਝ ਵੀ ਹੋ ਸਕਦਾ ਸੀ।
''ਉਨ੍ਹਾਂ ਦੀ ਬੇਟੀ ਨੂੰ ਸੱਦੀਏ?''
''ਹਾਂ, ਇਕ ਦਮ, ਬਿਨਾਂ ਕਿਸੇ ਦੇਰੀ ਦੇ, ਜੇ ਠੀਕ ਸਮਝੋ ਤਾਂ ਆਪਣੇ ਪਾਦਰੀ ਨੂੰ ਵੀ।'' ਨਰਸ ਇਕੋ ਸਾਹੇ ਸਭ ਕੁਝ ਆਖ ਗਈ ਸੀ। ਉਹਦੇ ਬੋਲਾਂ ਵਿਚ ਬਹੁਤ ਕੁਝ ਅਣਕਿਹਾ ਵੀ ਸ਼ਾਮਿਲ ਸੀ।
ਸਰਦਾਰ ਕਰਤਾਰ ਸਿੰਘ ਚੱਠਾ ਹੋਰਾਂ ਦੀ ਇਕਲੌਤੀ ਬੇਟੀ ਕਮਲਜੀਤ ਨੇ ਉਨ੍ਹਾਂ ਦੀ ਸੇਵਾ ਸੰਭਾਲ ਵਿਚ ਆਪਣੇ ਵਲੋਂ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਜਿਸ ਦਿਨ ਤੋਂ ਹਸਪਤਾਲ ਵਿਚ ਦਾਖਲ ਹੋਏ ਸਨ, ਉਹ ਹਰ ਘੜੀ, ਉਨ੍ਹਾਂ ਦੇ ਪਰਛਾਵੇਂ ਵਾਂਗ ਅੰਗ ਸੰਗ ਸੀ । ਪੇਸ਼ੇ ਵਜੋਂ, ਉਹ ਖੁਦ ਨਰਸ ਸੀ। ਨਰਸ ਧੀ ਤੋਂ ਵੱਧ ਆਪਣੇ ਪਿਤਾ ਦੀ ਤੀਮਾਰਦਾਰੀ ਹੋਰ ਕੌਣ ਕਰ ਸਕਦਾ ਹੈ ਭਲਾ । ਚੱਠਾ ਸਾਹਿਬ ਆਪਣੀ ਧੀ ਦੇ ਸਮਰਪਿਤ ਸੇਵਾ-ਭਾਵ ਤੋਂ ਬੜੇ ਸੰਤੁਸ਼ਟ ਸਨ। ਜਦ ਕਦੇ ਵੀ ਉਸ ਵਲ ਵਿੰਹਦੇ, ਉਨ੍ਹਾਂ ਦੀਆਂ ਅੱਖਾਂ ਤਸੱਲੀ ਤੇ ਡੂੰਘੇ ਸ਼ੁਕਰਾਨੇ ਦੇ ਭਾਵਾਂ ਨਾਲ ਤਰਂਬ-ਤਰ ਹੁੰਦੀਆਂ ਸਨ।
ਕਈ ਰਾਤਾਂ ਦੀ ਖੜ੍ਹੇ-ਪੈਰ ਸੇਵਾ ਦੀ ਥਕਾਵਟ। ਅੱਖਾਂ ਵਿਚ ਕਈ ਰਾਤ ਜਾਗਿਆਂ ਦੀ ਰੜਕ। ਉਹਨੂੰ ਨ੍ਹਾਉਣ ਧੋਣ ਦੀ ਤਾਂ ਕੋਈ ਸੁਧ ਬੁਧ ਹੀ ਨਹੀਂ ਸੀ ਰਹੀ।
ਅੱਜ ਸਵੇਰੇ ਉਹਦੇ ਭਾਪਾ ਜੀ ਦੀ ਹਾਲਤ ਆਮ ਨਾਲੋਂ ਕਾਫੀ ਸਥਿਰ ਸੀ। ਸਾਹ ਟਿਕਵਾਂ ਸੀ ਤੇ ਉਹ ਡੂੰਘੀ ਨੀਂਦ ਵਿਚ ਸੁੱਤੇ ਪਏ ਸਨ।
''ਸੁਰਿੰਦਰ, ਤੁਸੀਂ ਘੰਟੇ ਕੁ ਲਈ ਹਸਪਤਾਲ ਆ ਜਾਇਓ। ਮੈਂ ਜ਼ਰਾ ਘਰ ਗੇੜਾ ਮਾਰ ਆਵਾਂਗੀ। ਭਾਪਾ ਜੀ ਅੱਜ ਕਾਫੀ ਠੀਕ ਲਗਦੇ ਨੇ।''
''ਤੂੰ ਹੁਣੇ ਤੁਰ ਪੈਨਾਂ ਮੈਂ ਕੁੰਦਨ ਨੂੰ ਨਾਲ ਲੈ ਕੇ ਆਉਨਾਂ। ਜ਼ਰਾ ਵਾਸ਼-ਰੂਮ ਗਿਆ।''
ਤੇ ਇਸ ਤਰ੍ਹਾਂ ਆਉਣ ਜਾਣ ਵਿਚ ਪੰਜ ਦਸ ਮਿੰਟ ਦੇ ਵਕਫੇ ਲਈ ਹੀ ਚੱਠਾ ਸਾਹਿਬ ਹਸਪਤਾਲ ਵਿਚ ਇਕੱਲੇ ਰਹੇ ਸਨ ਤੇ ਉੱਪਰੋਂ ਆਹ ਭਾਣਾ ਵਾਪਰ ਗਿਆ ਸੀ।
ਕਮਲਦੀਪ ਨੇ ਘਰ ਆ ਕੇ ਕਾਹਲੀ ਪਿੰਡੇ ਪਾਣੀ ਪਾਇਆ। ਕੱਪੜੇ ਬਦਲੇ। ਬੱਚੇ ਸਕੂਲ ਗਏ ਹੋਏ ਸਨ। ਪਤਾ ਨਹੀਂ ਕਈ ਦਿਨਾਂ ਤੋਂ ਚੱਜ ਹਾਲ ਨਾਲ ਕੁੱਝ ਖਾਧਾ ਵੀ ਹੋਏ ਕਿ ਨਾ। ਥੋੜ੍ਹੀ ਜੇਹੀ ਸਬਜ਼ੀ ਹੀ ਕਿਉਂ ਨਾ ਬਣਾ ਜਾਵਾਂ । ਗੋਭੀ ਚੀਰਨ ਲਈ ਉਸਨੇ ਚਾਕੂ ਹਾਲੇ ਚੁੱਕਿਆ ਹੀ ਸੀ ਕਿ ਟੈਲੀਫੋਨ ਦੀ ਘੰਟੀ ਖੜਕੀ।
''ਹੈਲੋ''
''ਹੈਲੋ, ਕਮਲਦੀਪ, ਜ਼ਰਾ ਭਾਪਾ ਜੀ ਦੀ ਹਾਲਤ ਠੀਕ ਨਹੀਂ, ਹੁਣੇ ਆ ਜਾ।''
ਸੱਭ ਕੁੱਝ ਵਿਚੇ ਛੱਡ ਕੇ ਉਹ ਹਸਪਤਾਲ ਪਹੁੰਚ ਗਈ ਸੀ। ਬੂਹਾ ਵੀ ਸ਼ਇਦ ਠੀਕ ਤਰ੍ਹਾਂ ਭੀੜਿਆ ਗਿਆ ਹੋਵੇ ਕਿ ਨਾ। ਉਹਦਾ ਪਰਸ ਵੀ ਘਰੇ ਰਹਿ ਗਿਆ ਸੀ। ਹਸਪਤਾਲ ਦੇ ਨਾਲ ਦਾ ਚੌਰਾਹਾ ਸ਼ਾਇਦ ਉਹ ਲਾਲ ਬੱਤੀ ਜਗਦਿਆਂ ਹੀ ਪਾਰ ਕਰ ਗਈ ਸੀ। ਇੱਕੋ ਵਾਰ ਕਈ ਕਾਰਾਂ ਦੇ ਹਾਰਨ ਹੌਂਕੇ ਸਨ। ਪਰ ਉਹਨੂੰ ਕੁਝ ਸੁਣਨ ਦੀ ਸੁਧ-ਬੁਧ ਹੀ ਨਹੀਂ ਸੀ ਜਾਪਦੀ। ਹਸਪਤਾਲ ਦੀ ਇਮਾਰਤ ਤੋਂ ਬਿਨਾਂ ਉਹਨੂੰ ਕੁਝ ਦਿਸਦਾ ਹੀ ਨਹੀਂ ਸੀ ਤੇ ਉਹਦੇ ਕੰਨ ਸੁਰਿੰਦਰ ਦੇ ਇਨ੍ਹਾਂ ਬੋਲਾਂ ਨੇ ਹੀ ਪੂਰੀ ਤਰਾਂ ਮੱਲੇ ਹੋਏ ਆ ਜਾ...।''
ਹਸਪਤਾਲ ਦੇ ਬਾਹਰਲੇ ਹਾਤੇ ਵਿਚ ਉਹਨੇ ਕਾਹਲੀ ਨਾਲ ਕਾਰ ਪਾਰਕ ਕੀਤੀ। ਬੂਹਾ ਵੜਦਿਆਂ ਹੀ, ਲਿਫਟ ਦਾ ਬਟਨ ਨੱਪਿਆ। ਬੂਹਾ ਖੁਲਦਿਆਂ ਹੀ ਉਹਨੇ ਅੱਠਵੀਂ ਮੰਜ਼ਿਲ ਦਾ ਬਟਨ ਦਬਾਇਆ। ਨਾਲ ਖੜ੍ਹੀ ਨਰਸ ਨੇ ਪੰਜਵੀਂ ਮੰਜ਼ਿਲ ਦਾ ਬਟਨ ਦਬਾ ਦਿੱਤਾ। ਉਹ ਉਸ ਵੱਲ ਘੂਰੀ। ਇਕ ਵਾਰ ਫਿਰ ਜ਼ੋਰ ਦੇ ਕੇ ਅੱਠਵੀਂ ਮੰਜ਼ਿਲ ਦਾ ਬਟਨ ਦਬਾਇਆ।
ਇਹ ਲਿਫਟ ਅੱਜ ਜੂੰ ਦੀ ਤੋਰੇ ਕਿਉਂ ਤੁਰ ਰਹੀ ਸੀ। ਮਸਾਂ-ਮਸਾਂ ਕਰਕੇ ਅੱਠਵੀਂ ਮੰਜ਼ਿਲ ਆਈ ਸੀ।
ਬੂਹਾ ਖੁੱਲ੍ਹਣ ਸਾਰ ਹੀ ਉਹ ਧਾ ਕੇ ਬਾਹਰ ਨਿਕਲੀ ਤੇ ਅੱਧ ਵਿਚਕਾਰ ਹੀ ਉਹਨੂੰ ਇਕ ਜਾਣੀ-ਪਛਾਣੀ ਨਰਸ ਨੇ ਆਪਣੀ ਬੁੱਕਲ ਵਿਚ ਬੋਚ ਲਿਆ। ਬੜੀ ਨਰਮੀ ਨਾਲ ਪਰਚਾਉਣੀ ਕਰਦਿਆਂ ਉਸ ਕਿਹਾ ਸੀ,
''ਕਮਲ ਸੰਭਲ ਜ਼ਰਾ। ਰੱਬ ਦਾ ਭਾਣਾ ਹੈ।''
''ਕੀ?''
ਕੀ ਉਹਦੇ ਆਉਣ ਤੋਂ ਪਹਿਲਾਂ ਹੀ ਭਾਣਾ ਵਰਤ ਗਿਆ ਸੀ? ਉਹ ਤਾਂ ਬੀਤਿਆ ਸਾਰਾ ਹਫਤਾ ਹੀ ਪੁਰਸਲਾਤ ਤੇ ਬੜਾ ਸੰਭਲ ਸੰਭਲ ਕੇ ਤੁਰੀ ਸੀ। ਬੱਸ ਥੋੜ੍ਹਾ ਜੇਹਾ ਹੀ ਅਵੇਸਲਾਪਣ। ਤੇ ਇਸ ਨਿੱਕੇ ਜੇਹੇ ਵਕਫੇ ਵਿਚ ਹੀ ਸੱਭ ਕੁੱਝ ਭਸਨਾ-ਭੂਸ ਹੋ ਗਿਆ ਸੀ। ਡਉਰ-ਭਉਰ ਹੋਈਆਂ ਉਸਦੀਆਂ ਅੱਖਾਂ ਸਾਹਮਣੇ ਭੰਬਰ ਤਾਰੇ ਨੱਚ ਰਹੇ ਸਨ।
ਸੁਰਿੰਦਰ ਨੇ ਉਹਨੂੰ ਨਰਸ ਦੀ ਬੁੱਕਲ ਚੋਂ ਸੰਭਾਲਿਆ। ਮੋਢੇ ਦਾ ਸਹਾਰਾ ਦੇ ਕੇ ਮਸੀਂ ਉਹਨੂੰ ਵੇਟਿੰਗ ਰੂਮ ਵਿਚ ਲਿਆਂਦਾ। ਸੁਰਿੰਦਰ ਦੇ ਮੋਢੇ ਤੇ ਸਿਰ ਸੁੱਟੀ ਢੇਰੀ ਹੋਈ ਕਮਲ ਦੀ ਜਿਵੇਂ ਸਾਰੀ ਦੇਹ ਮਿੱਟੀ ਹੋ ਗਈ ਹੋਵੇ। ਉਹਦਾ ਰੋਣ ਥੰਮ੍ਹਿਆ ਨਹੀਂ ਸੀ ਜਾਂਦਾ। ਕੋਈ ਤਿਫਲ ਤਸੱਲੀ ਉਹਦੇ ਬੇਰੋਕ ਹੰਝੂਆਂ ਹਟਕੋਰਿਆਂ ਨੂੰ ਬੰਨ੍ਹ ਨਹੀਂ ਸੀ ਮਾਰ ਸਕੀ। ਸੁਰਿੰਦਰ ਮੋਢੇ ਲੱਗੀ ਕਮਲ ਦਾ ਸਿਰ ਪਲੋਸਦਾ ਰਿਹਾ। 'ਬੱਸ ਕਮਲ ਬੱਸ', ਇਸ ਤੋਂ ਅਗਾਂਹ ਉਹ ਆਪ ਕੁਝ ਨਹੀਂ ਸੀ ਕਹਿ ਸਕਿਆ। ਉਹਦਾ ਆਪਣਾ ਗਲਾ ਰੁੰਧ ਗਿਆ ਜਾਪਦਾ ਸੀ।
ਕੋਲ ਬੈਠੇ ਉਹਦੇ ਦੋਸਤ ਨੂੰ ਕੋਈ ਸ਼ਬਦ ਨਹੀਂ ਸਨ ਔੜ ਰਹੇ। ਸੰਘਣੇ ਸੋਗ ਨਾਲ ਧੁੰਦਲਾਏ ਮਾਹੌਲ ਵਿਚ ਉਹ ਆਪਣੇ ਥਾਂ ਪੱਥਰ ਦਾ ਬੁੱਤ ਬਣਿਆਂ ਬੈਠਾ ਸੀ।
ਕਾਫੀ ਦੇਰ ਬਾਅਦ, ਹੰਝੂਆਂ ਦੇ ਸਿਲਸਿਲੇ ਵਿਚ ਰਤਾ ਮਾਸਾ ਢਿੱਲ ਪੈਣ ਮਗਰੋਂ ਕਮਲ ਜ਼ਰਾ ਸੰਭਾਲੀ।
''ਮੈਂ ਗਈ ਹੀ ਕਿਉਂ ਘਰ? ਅੱਗੇ ਏਨੇ ਦਿਨ ਨਹੀਂ ਸੀ ਗਈ ਤਾਂ ਸਰਦਾ ਹੀ ਪਿਆ ਸੀ।'' ਅੰਤਿਮ ਘੜੀ ਵੇਲੇ ਦੀ ਗੈਰ-ਹਾਜਰੀ ਉਹਦੇ ਦਿਲ ਨੂੰ ਸੱਲ੍ਹ ਰਹੀ ਸੀ। ''ਪਤਾ ਨਹੀਂ ਕੀ ਹੋਵੇ ਉਸ ਵੇਲੇ ਹਾਲਤ ਭਾਪਾ ਜੀ ਦੀ। ਸ਼ਾਇਦ ਉਹਨਾਂ ਮੈਨੂੰ ਕੁਝ ਕਹਿਣਾ ਹੀ ਹੋਵੇ। ਉਨ੍ਹਾਂ ਵਾਜਾਂ ਜ਼ਰੂਰ ਮਾਰੀਆਂ ਹੋਣੀਆਂ ਨੇ। ਤੇ ਅਖੀਰ ਵੇਲੇ ਮੈਂ ਹੁੰਘਾਰਾ ਦੇਣ ਲਈ ਵੀ ਹਾਜ਼ਿਰ ਨਹੀਂ ਸਾਂ।'' ਕਮਲ ਦੇ ਹੰਝੂਆਂ ਦੀ ਧਾਰਾ ਫੇਰ ਵੱਗ ਪਈ ਸੀ।
''ਨਾ ਕਮਲ, ਏਹ ਦੁੱਖ ਨਾ ਤੁੰ ਲਾ ਆਪਣੇ ਦਿਲ ਨੂੰ। ਉਹਨਾਂ ਦੀ ਸੰਭਾਲ ਵਿਚ ਤੂੰ ਕੋਈ ਕਸਰ ਨਹੀਂ ਛੱਡੀ। ਕੰਮ ਦੀ ਤੂੰ ਕੋਈ ਪਰਵਾਹ ਨਹੀਂ ਕੀਤੀ। ਰੀਫ੍ਰੈਸ਼ਰ ਕੋਰਸ ਤੂੰ ਅੱਧ-ਵਿਚਾਲੇ ਛੱਡ ਦਿੱਤਾ। ਤੇ ਅੰਤਿਮ ਘੜੀ ਦਾ ਕਿਹਨੂੰ ਅਨੁਮਾਨ ਹੁੰਦਾ ਹੈ? ਸ਼ਾਇਦ ਵਲੀਆਂ, ਅਉਲੀਆਂ ਨੂੰ ਵੀ ਨਹੀਂ। ਤੈਨੂੰ ਪਤਾ ਹੁੰਦਾ ਤੂੰ ਕਿਤੇ ਘਰ ਜਾਂਦੀ। ਮੌਤ ਦੀ ਘੜੀ ਦਾ ਕੋਈ ਪਤਾ ਹੀ ਤਾਂ ਨਹੀਂ ਹੁੰਦਾ। ਨਾਲੇ ਤੇਰੇ ਜਾਣ ਵੇਲੇ ਤਾਂ ਉਹ ਠੀਕ ਠਾਕ ਸਨ। ਕਿਸੇ ਨੂੰ ਕੀ ਪਤਾ ਸੀ ਕਿ ਮਗਰੋਂ ਆਹ ਭਾਣਾ ਵਰਤ ਜਾਣਾ ਹੈ।'' ਕੁੰਦਨ ਨੇ ਆਪਣੇ ਵਲੋਂ ਤਸੱਲੀ ਦੇਣ ਕਦੀ ਕੋਸ਼ਿਸ਼ ਕੀਤੀ।
ਕੁੰਦਨ ਦੇ ਬੋਲਾਂ ਦੀ ਤਾਸੀਰ ਕੁਝ ਕੂਲੇ ਫੈਹਿਆਂ ਵਾਂਗ ਠੰਢ ਪਾਉਣ ਵਾਲੀ ਸੀ ਤੇ ਉਹ ਉਸਨੇ ਉਚਾਰੇ ਹੀ ਦਿਲ ਦੇ ਕੁਝ ਉਸ ਡੂੰਘੇ ਤਲ 'ਚੋਂ ਸਨ, ਜਿਥੋਂ ਆਏ ਬੋਲ ਬੇਅਸਰ ਨਹੀਂ ਹੁੰਦੇ। ਕਮਲ ਦੀ ਕੁਝ ਢਾਰਸ ਬੱਝੀ ਤੇ ਉਹ ਕਿੰਨੀ ਦੇਰ ਆਪਣੇ ਪਿਤਾ ਦੇ ਹਸਪਤਾਲ ਵਿਚ ਬਿਤਾਏ ਅੰਤਿਮ ਦਿਨਾਂ ਬਾਰੇ ਬਾਲੜੀਆਂ ਵਾਂਗ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹੀ।
''ਉਦਾਂ ਭਾਪਾ ਜੀ ਪਿਛਲੇ ਦਿਨੀਂ ਸੀਗੇ ਪੂਰੀ ਤਸੱਲੀ ਵਿਚ। ਉਨ੍ਹਾਂ ਦੇ ਮਨ ਵਿਚ ਝੋਰਾ ਕੋਈ ਨਹੀਂ ਸੀ। ਪਰਸੋਂ ਮੇਰੇ ਹੱਥ ਪਲੋਸਦੇ ਕਹਿਣ ਲੱਗੇ-''ਤੂੰ ਤਾਂ ਮੇਰਾ ਪੁੱਤ ਹੈਂ ਕਮਲ, ਸਰਵਣ ਪੁੱਤ। ਜਿੱਦਾਂ ਤੂੰ ਮੇਰੀ ਵਹਿੰਗੀ ਢੋਈ ਆ, ਸਰਵਣ ਨੇ ਵੀ ਕੀ ਢੋਈ ਹੋਣੀ ਆਂ।''
ਇਹ ਕਹਿੰਦੇ ਹੀ ਉਹ ਅਚਾਨਕ ਉਦਾਸ ਹੋ ਗਏ ਸਨ। ਕਹਿੰਦੇ,
''ਓਦਾਂ ਰੱਬ ਹੁਣ ਚੱਕ ਹੀ ਲਏ ਤਾਂ ਚੰਗਾ। ਧੀ ਦਾ ਘਰ ਫੇਰ ਵੀ ਧੀ ਦਾ ਹੀ ਘਰ ਹੁੰਦਾ ਹੈ।''
ਕਮਲ ਇਹ ਕਹਿੰਦੀ ਆਪ ਬੜੀ ਉਦਾਸ ਹੋ ਗਈ ਸੀ। ਉਹਨੇ ਤਾਂ ਆਪਣੇ ਵਲੋਂ ਆਪਣੇ ਮਾਪਿਆਂ ਦਾ ਪੁੱਤ ਬਣਨ ਵਿਚ ਕੋਈ ਕਸਰ  ਬਾਕੀ ਨਹੀਂ ਸੀ ਛੱਡੀ। ਉਹ ਔਰਤ ਸੀ, ਤਾਂ ਇਸ ਵਿਚ ਉਹਦਾ ਕੀ ਦੋਸ਼?
''ਇਹ ਤਾਂ ਕਮਲ ਐਵੇਂ ਵਾਧੂ ਦੇ ਫਰਕ ਨੇ। ਕੀ ਫਰਕ ਰਹਿ ਗਿਆ ਅੱਜ ਕੱਲ ਧੀਆਂ ਪੁੱਤਰਾਂ ਵਿਚ। ਔਲਾਦ ਔਲਾਦ ਹੀ ਹੁੰਦੀ ਹੈ। ਧੀ  ਹੋਵੇ ਜਾਂ ਪੁੱਤ-ਬੱਸ ਨੇਕ ਹੋਵੇ। ਪੁੱਤ ਕਿਹੜੇ ਕਪੁੱਤ ਨਹੀਂ ਹੁੰਦੇ....।''
''ਪਰ ਨਹੀਂ ਭਾਅ ਜੀ, ਜਿਸ ਦਿਨ ਦੇ ਨਸੀਬ ਸਿੰਘ ਭਾਅ ਜੀ ਇੰਡੀਆ ਤੋਂ ਆਏ ਹਨ, ਭਾਪਾ ਜੀ ਕੁੱਝ ਇਹੋ ਜਿਹੀਆਂ ਗੱਲਾਂ ਵਧੇਰੇ ਹੀ ਕਰਨ ਲੱਗ ਪਏ ਸਨ। ਕਿਤੇ ਭਾਅ ਜੀ ਨੇ ਭਾਪਾ ਜੀ ਨੂੰ ਕੁਝ ਕਹਿ ਨਾ ਦਿੱਤਾ ਹੋਵੇ।''
''ਛੱਡ ਪਰੇ ਨਸੀਬ ਭਾਅ ਜੀ ਦੀ ਗੱਲ। ਉਹ ਕੋਈ ਸਾਥੋਂ ਗੁੱਝੇ ਨਹੀਂ, ਜਿਹੋ ਜਿਹੇ ਨੇ'', ਸੁਰਿੰਦਰ ਨੂੰ ਸ਼ਾਇਦ ਆਪਣੇ ਵੱਡੇ ਭਾਈ ਦੇ ਵਿਵਹਾਰ 'ਤੇ ਆਪ ਕੋਈ ਡੂੰਘਾ ਗਿਲ੍ਹਾ ਸੀ। ਪਰ ਇਹ ਵੇਲਾ ਗਿਲ੍ਹਿਆਂ ਨੂੰ ਨੋਲਣ ਗੌਲਣ ਦਾ ਨਹੀਂ ਸੀ। ਉਹਨੇ ਆਪਣੀ ਗੱਲ ਦਿਲ ਵਿਚ ਹੀ ਨੱਪੀ ਰੱਖਣੀ ਬੇਹਤਰ ਸਮਝੀ।
''ਨਸੀਬ ਸਿੰਘ ਨੇ ਕਿਹੜਾ ਸਾਡੇ ਕੋਲ ਡੇਰਾ ਲਾ ਰੱਖਣਾ। ਕੁਝ ਦਿਨਾਂ ਲਈ ਮਹਿਮਾਨ ਹੈ। ਆਪਾਂ ਕਿਸੇ ਨਾਲ ਬੋਲ-ਵਿਗਾੜ ਹੋ ਕੇ ਕੀ ਲੈਣਾ।''
''ਲੈਣਾ ਤਾਂ ਕੁਝ ਨਹੀਂ ਪਰ ਓਦਾਂ''
''ਛੱਡੋ ਪਰੇ ਇਹ ਗੱਲ। ਭੋਗ ਪਾਓ। ਆਪਾਂ ਭਾਪਾ ਜੀ ਦੀ ਦੇਹ ਸੰਭਾਲਣ ਦਾ ਕੁਝ ਕਰੀਏ। ਬੜੀ ਲੰਮੀ ਚੌੜੀ ਕਾਰਵਾਈ ਹੁੰਦੀ ਏ ਏਥੇ ਹਸਪਤਾਲਾਂ ਦੀ। ਆਪਾਂ ਪਤਾ ਕਰੀਏ।''
ਉਹ ਚਾਰੇ ਜਣੇ ਬਾਹਰ ਆਏ। ਕਮਲ ਨੇ ਸਟਾਫ ਨਰਸ ਨਾਲ ਚੱਠਾ ਸਾਹਿਬ ਦੀ ਡੈਡ ਬਾਡੀ ਬਾਰੇ ਗੱਲ ਛੇੜੀ।
''ਡੈਡ ਬਾਡੀ, ਹੂਜ਼ ਡੈੱਡ ਬਾਡੀ? ਮਿਸਟਰ ਚੱਠਾ ਇਜ਼ ਵੈਰੀ ਮੱਚ ਅਲਾਇਵ? ਹੀ ਇਜ਼ ਇਨ ਦਾ ਇੰਟੈਂਸਿਵ ਕੇਅਰ ਯੂਨਿਟ। ਦਾ ਡੋਕਟਰਜ਼ ਆਰ ਟੇਕਿੰਗ ਕੇਅਰ ਆਫ ਹਿਮ।''
ਹੈਂ। ਤੇ ਚੇੱਠਾ ਸਾਹਿਬ ਜ਼ਿੰਦਾ ਨੇ? ਤੇ ਫੇਰ ਓਸ ਨਰਸ ਨੇ 'ਭਾਣਾ ਮੰਨਣ' ਦੀ ਗੱਲ ਕੀਤੀ ਸੀ। ਇਹੋ ਜਿਹੀਆਂ ਗੱਲਾਂ ਤਾਂ ਹਸਪਤਾਲ ਦੀਆਂ ਨਰਸਾਂ ਤਾਂ ਕਿਸੇ ਦੇ ਟੁਰ ਜਾਣ ਤੇ ਕਰਦੀਆਂ ਹੁੰਦੀਆਂ ਨੇ। ਕਮਲ ਖੁਦ ਨਰਸ ਸੀ। ਸ਼ਾਇਦ ਉਹਨੂੰ ਕਹਿਣ ਜਾਂ ਕਮਲ ਨੂੰ ਸੁਣਨ ਸਮਝਣ ਵਿਚ ਕੋਈ ਟਪਲਾ ਲੱਗਾ ਹੋਵੇ। ਪਰ ਕਿੰਨਾ ਫਰਕ ਹੈ ਇਸ ਟਪਲੇ ਦੇ ਲੱਗਣ ਨਾ ਲੱਗਣ ਵਿਚ। ਜ਼ਿੰਦਗੀ ਤੇ ਮੌਤ ਜਿੰਨਾ ਫਰਕ।
ਸਟਾਫ ਨਰਸ ਨੇ ਉਹਨਾਂ ਨੂੰ ਦੱਸਿਆ ਸੀ ਕਿ ਡਿੱਗਣ ਸਾਰ ਮਿਸਟਰ ਚੱਠਾ ਦੇ ਸਾਹ ਤੇ ਹਿਰਦੇ ਦੀ ਗਤੀ ਜ਼ਰੂਰ ਬੰਦ ਹੋ ਗਈ ਸੀ। ਪਰ ਉਹਨਾਂ ਨੂੰ ਵੇਲੇ ਸਿਰ ਇੰਟੈਂਸਿਵ ਕੇਅਰ ਯੂਨਿਟ ਵਿਚ ਲਿਆ ਕੇ ਡਾਕਟਰਾਂ ਨੇ ਉਨ੍ਹਾਂ ਦਾ ਸਾਹ ਮੁੜ ਚਾਲੂ ਕਰ ਲਿਆ ਸੀ। ਉਹ ਹੁਣ ਲਾਈਫ ਸਪੋਰਟ 'ਤੇ ਨੇ। ਅੱਛਾ। ਤੇ ਭਾਪਾ ਜੀ ਹਾਲੇ ਜੀਉਂਦੇ ਨੇ।
ਪੁਲ-ਇ-ਸਰਾਤ ਤੋਂ ਉਨ੍ਹਾਂ ਦੀ ਰੂਹ ਮੁੜ ਜੀਵਨ-ਖੇਤਰ ਵਿਚ ਪਰਤ ਆਈ ਏ। ਕਮਲ ਦੇ ਮਨ ਤੋਂ ਮਣਾਂ ਮੂੰਹੀ ਭਾਰ ਲਹਿ ਗਿਆ ਸੀ। ਅੰਤਿਮ ਸੁਆਸਾਂ ਵੇਲੇ ਉਹ ਉਨ੍ਹਾਂ ਦੀ ਹਜ਼ੂਰੀ 'ਚੋਂ ਗੈਰ-ਹਾਜ਼ਿਰ ਹੋਣ ਦੇ ਗੁਨਾਹ ਤੋਂ ਬਚ ਰਹੀ ਸੀ। ਉਹ ਆਤਮ-ਤ੍ਰਿਸਕਾਰ ਦੀ ਨਰਕ ਅਗਨੀ ਵਿਚ ਡਿਗਣੋਂ ਬਚ ਗਈ ਸੀ। ਕਿਸੇ ਅਦਿੱਖ ਹੱਥ ਨੇ ਉਹਨੂੰ ਅੱਗ ਦੇ ਭਾਂਬੜਾਂ ਵਿਚ ਡਿੱਗਣ ਤੋਂ ਬਚਾ ਲਿਆ ਸੀ। ਉਹਦੇ ਹੱਥ ਕਿਸੇ ਅਕਹਿ ਸ਼ੁਕਰਾਨੇ ਵਿਚ ਜੁੜ ਪਏ ਸਨ ਤੇ ਨੈਣ ਅਰਦਾਸ ਵਿਚ ਮੀਟੇ ਗਏ।
''ਇੱਦਾਂ ਹੋ ਜਾਂਦਾ ਹੈ ਕਈ ਵਾਰ ਸੁਰਿੰਦਰ।'' ਉਹ ਆਪਣੇ ਤਜ਼ਰਬੇ ਵਿਚੋਂ ਬੋਲ ਰਹੀ ਸੀ। ਜੇ ਸਾਹ ਬੰਦ ਹੋਣ ਤੋਂ ਤਿੰਨਾਂ ਚਹੁੰ ਮਿੰਟਾਂ ਅੰਦਰ ਦਿਮਾਗ ਨੂੰ ਔਕਸੀਜਨ ਮਿਲ ਜਾਏ ਤਾਂ ਬੰਦਾ ਮੁੜ ਸਾਹ ਲੈਣ ਲੱਗ ਪੈਂਦਾ ਹੈ। ਇਹ ਮੁਅਜੱਜ਼ਾ ਕਈ ਵਾਰ ਮੈਂ ਆਪਣੇ ਹਸਪਤਾਲ ਵਿਚ ਹੁੰਦਾ ਵੇਖਿਆ ਹੈ।''
''ਮਿਸਟਰ ਚੱਠਾ ਠੀਕ ਠਾਕ ਨੇ।''ਇੰਟੈਂਸਿਵ ਕੇਅਰ ਯੂਨਿਟ ਦੇ ਅੰਦਰੋਂ ਪਰਤੀ ਨਰਸ ਨੇ ਆਖਿਆ।
ਉਹ ਸੱਭ ਜਿਵੇਂ ਕਿਸੇ ਡੂੰਘੀ ਨੀਂਦ ਦੇ ਵਚਿੱਤਰ ਖਾਬ ਤੋਂ ਜਾਗੇ ਹੋਣ।
''ਤੁਸੀਂ ਕੱਲੇ ਕੱਲੇ ਜਾ ਕੇ ਵਾਰੋ-ਵਾਰੀ ਉਨ੍ਹਾਂ ਨੂੰ ਥੋੜ੍ਹੇ-ਥੋੜ੍ਹੇ ਸਮੇਂ ਲਈ ਵੇਖ ਕੇ ਆ ਸਕਦੇ ਹੋ। ਦੂਰੋਂ ਹੀ। ਕੋਲ ਨਹੀਂ ਜਾਣਾ, ਛੂਹਣਾ ਤਾਂ ਬਿਲਕੁਲ ਨਹੀਂ।''
ਉਹ ਵਾਰੋ-ਵਾਰੀ ਅੰਦਰ ਗਏ। ਕਮਲਦੀਪ ਸਭ ਤੋਂ ਮਗਰੋਂ। ਉਹਨੂੰ ਆਪਣੇ ਆਪ ਵਿਚ ਆਉਣ ਲਈ ਕੁਝ ਸਮਾਂ ਚਾਹੀਦਾ ਸੀ।
ਅੰਦਰ ਜਾ ਕੇ ਉਸਨੇ ਆਪਣੇ ਧਰਮੀ ਬਾਬਲ ਦਾ ਮੂੰਹ ਦੇਖਿਆ। ਭਾਪਾ ਜੀ ਜਿਵੇਂ ਡੂੰਘੀ ਨੀਂਦ ਵਿਚ ਸੁੱਤੇ ਪਏ ਹੋਣ। ਸ਼ਾਇਦ ਦੂਆਈਆਂ ਦੇ ਅਸਰ ਕਰਕੇ। ਉਨ੍ਹਾਂ ਦਾ ਸਾਹ ਠੀਕ ਠਾਕ ਚੱਲ ਰਿਹਾ ਸੀ। ਛਾਤੀ ਦੇ ਉਠਦੇ ਲਹਿੰਦੇ ਉਭਾਰ ਉਨ੍ਹਾਂ ਅੰਦਰ ਧੜਕ ਰਹੀ ਜੀਵਨ ਰੋਂ ਦੇ ਸੂਚਕ ਸਨ।
ਉਨ੍ਹਾਂ ਦਾ ਸਰੀਰ ਕਈ ਤਰ੍ਹਾਂ ਦੀਆਂ ਨਲਪੀਆਂ ਤੇ ਤਾਰਾਂ ਨਾਲ ਵਿੰਨ੍ਹਿਆ ਪਿਆ ਸੀ। ਕਦੇ ਕਦੇ ਉਹਨਾਂ ਦੇ ਚੇਹਰੇ ਤੇ ਕਿਸੇ ਗਹਿਰੀ ਪੀੜ ਤੇ ਨਿਸ਼ਾਨ ਉੱਕਰੇ ਜਾਂਦੇ ਸਨ।
''ਇਹ ਇਕ ਵਾਰ ਫੇਰ ਆਮ ਵਾਂਗ ਠੀਕ ਠਾਕ ਹੋ ਜਾਣਗੇ'', ਡਾਕਟਰ ਨੇ ਉਹਦੇ ਮੋਢੇ ਤੇ ਤਸੱਲੀ ਭਰਿਆ ਹੱਥ ਰੱਖਦਿਆਂ ਕਿਹਾ।
''ਥੈਂਕ ਯੂ ਡਾਕਟਰ , ਰੀਅਲੀ ਥੈਂਕ ਯੂ ਵੈਰੀ ਮੱਚ।''
ਚਲੋ ਸ਼ਾਇਦ ਠੀਕ ਠਾਕ ਇਹ ਨਾ ਵੀ ਹੋਣ। ਉਹਦੇ ਧੁਰ ਅੰਦਰੋਂ ਕੋਈ ਆਵਾਜ਼ ਆਈ।
ਤਾਂ ਵੀ ਕੋਈ ਨਹੀਂ। ਇਕ ਦਿਨ ਤਾਂ ਆਖਰ ਸੱਭ ਨੇ ਇਹ ਭਰਿਆ ਮੇਲਾ ਛੱਡਕੇ ਜਾਣਾ ਹੀ ਹੈ।
ਪੁਰਸਲਾਤ ਤੋਂ ਹੇਠ ਡਿਗਣੋ ਤਾਂ ਬਚਾਅ ਹੋਇਆ। ਨਹੀ ਸਗੋਂ ਪੁਰਸਲਾਤ ਤੋਂ ਹੋਠ ਬਲਦੀ ਅੱਗ ਦਾ ਅਸਿਹ ਸੇਕ ਤਾਂ ਉਹਨੇ ਬੀਤੇ ਪਲਾਂ ਵਿਚ ਹੀ ਜਰ ਲਿਆ ਸੀ। ਉਹਨੇ ਆਪਣੇ ਪਿਤਾ ਦੀ ਮੌਤ ਦੇ ਸੋਗ ਦਾ ਕਹਿਰ ਆਪਣੇ ਤਨ ਮਨ ਦੀਆਂ ਸਭਨਾਂ ਤੈਹਾਂ 'ਤੇ ਪੂਰੀ ਸ਼ਿੱਦਤ ਨਾਲ ਹੰਢਾ ਲਿਆ ਸੀਂ ਜਿਵੇਂ ਮੌਤ ਨੂੰ ਉਹਨੇ ਆਪਣੇ ਹੱਥਾਂ ਨਾਲ ਛੂਹ ਕੇ ਦੇਖ ਲਿਆ ਹੋਵੇ। ਹੁਣ ਉਹਨੂੰ ਮੌਤ ਤੋਂ ਡਰ ਨਹੀਂ ਸੀ ਲੱਗਦਾ, ਅਸਲੋਂ ਹੀ ਨਹੀਂ।
ਉਹ ਕਮਰੇ ਚੋਂ ਬਾਹਰ ਆਈ ਤਾਂ ਪੂਰੀ ਤਰ੍ਹਾਂ ਸ਼ਾਂਤ ਸੀ। ਜਿਵੇਂ ਭਰਕੇ ਮੀਂਹ ਵਰ੍ਹਨ ਮਗਰੋਂ ਹੋਇਆ ਨਿਰਮਲ ਨੀਲਾ ਆਕਾਸ਼।
''ਚੰਗਾ ਤੁਸੀਂ ਜਾਓ ਸੁਰਿੰਦਰ , ਬੱਚੇ ਦੁਪਹਿਰ ਦਾ ਖਾਣਾ ਖਾਣ ਆਉਣ ਵਾਲੇ ਹੋਣੇ ਨੇ। ਮਗਰੋਂ ਤੁਸੀਂ ਕੰਮ 'ਤੇ ਵੀ ਜਾਣਾ ਹੋਊ।''
''ਮੈਂ ਛੁੱਟੀ ਲੈ ਲੈਨਾਂ।''
''ਨਹੀਂ, ਤੁਸੀਂ ਨਿਆਣਿਆਂ ਦਾ ਖਿਆਲ ਰੱਖਿਓ। ਸਵੇਰੇ ਫੇਰਾ ਮਾਰ ਜਾਇਓ। ਮੇਰੇ ਨ੍ਹਾਉਣ ਧੋਣ ਦੀਆਂ ਚੀਜ਼ਾਂ ਲੈ ਆਇਓ।''
ਅਗਲੇ ਕੁਝ  ਦਿਨਾਂ ਵਿਚ ਚੱਠਾ ਸਾਹਿਬ ਸੱਚਮੁੱਚ ਹੀ ਠੀਕ ਠਾਕ ਹੋ ਗਏ ਸਨ।
ਪਰਭਾਤ ਦਾ ਵੇਲਾ। ਕਮਲਦੀਪ ਆਪਣੇ ਪਿਤਾ ਦਾ ਹੱਥ ਆਪਣੇ ਹੱਥ ਵਿਚ ਫੜੀ ਉਹਨਾਂ ਦੇ ਚੇਹਰੇ ਨੂੰ ਬੜੇ ਧਿਆਨ ਨਾਲ ਨਿਹਾਰ ਰਹੀ ਸੀ। ਉਨ੍ਹਾਂ ਅਚਾਨਕ ਅੱਖਾਂ ਖੋਲ੍ਹੀਆਂ।
''ਕੁਛ ਨੀ ਹੋਇਆ। ਮੈ ਵਾਸ਼ਰੂਮ ਵਿਚ ਗਿਆ ਸੀ। ਫੇਰ ਪਤਾ ਨਹੀਂ ਕਦ ਨੀਂਦ ਆ ਗਈ। ਬੜੀ ਨੀਂਦ ਆਈ।'' ਉਹਨਾਂ ਆਲੇ ਦੁਆਲੇ ਨਜ਼ਰ ਮਾਰੀ। ਉਹਨਾਂ ਨੂੰ ਕਈ ਦਿਨਾਂ ਤੋਂ ਆਪਣੇ ਹਸਪਤਾਲ ਹੋਣ ਦਾ ਚੇਤਾ ਆਇਆ।
''ਤੂੰ ਘਰ ਨਹੀਂ ਗਈ, ਕਮਲਦੀਪ, ਏਨੇ ਦਿਨਾਂ ਦੀ ਏਥੇ ਹੀ ਏਂ।''
''ਗਈ ਸਾਂ ਭਾਪਾ ਜੀ, ਇਕ ਦਿਨ ਤੁਸੀਂ ਸੁੱਤੇ ਹੋਏ ਸੋ। ਹੁਣ ਆਪਾਂ ਕੱਠੇ ਹੀ ਚੱਲਾਂਗੇ ਘਰ।'' ਦੋ ਤਿੰਨ ਦਿਨਾਂ ਬਾਅਦ ਉਹ ਸੱਚੀ ਹੀ ਘਰ ਪਰਤ ਆਏ ਸਨ। ਚੱਠਾ ਸਾਹਿਬ ਉਂਝ ਤਾਂ ਠੀਕ ਠਾਕ ਸਨ ਪਰ ਲੰਮੀ ਬੀਮਾਰੀ ਤੇ ਬਿਰਧ ਅਵਸਥਾ ਕਾਰਨ ਉਨ੍ਹਾਂ ਦਾ ਸਰੀਰ ਬੜਾ ਨਿਢਾਲ ਹੋ ਗਿਆ ਸੀ। ਸਹਾਰੇ ਨਾਲ ਹੀ ਵਾਸ਼ਰੂਮ ਵਿਚ ਆ ਜਾ ਸਕਦੇ ਸਨ।
ਕਈ ਵਾਰੀ ਸੁੱਤ-ਉਣੀਂਦੇ ਜੇਹੇ ਵਿਚ ਹੀ ਬੁੜਬੜਾਉਂਦੇ। ''ਮੈਨੂੰ ਪਿੰਡ ਭੇਜ ਦੇ ਕਮਲ, ਮੈਂ ਆਪਣੇ ਬਸੀਮੇ ਵਾਲੇ ਖੇਤਾਂ ਵਿਚ ਸੰਧੂਰੀ ਅੰਬਾਂ ਦਾ ਬਾਗ ਲਾਉਣਾ।''
ਉਨ੍ਹਾਂ ਦੀ ਸੁਤਿਆ ਪਿੰਡ ਵਿਚ ਹੀ ਸੀ।
ਪਿਛਲੇਰੇ ਸਾਲ ਬੜੀ ਨਿਤਾਣੀ ਅਵਸਧਾ ਵਿਚ, ਉਹ ਆਪਣੇ ਪਿਤਾ ਨੂੰ ਏਥੇ ਆਪਣੇ ਕੋਲ ਲਿਆਈ ਸੀ। ਪਰ ਸਾਰਾ ਦਿਨ ਘਰੇ ਬੈਠਿਆਂ ਦਾ ਉਨ੍ਹਾਂ ਦਾ ਚਿੱਤ ਨਹੀਂ ਸੀ ਲੱਗਦਾ। ਵੱਡੇ ਕੰਮ ਤੇ ਚਲੇ ਜਾਂਦੇ ਸਨ ਤੇ ਬੱਚੇ ਸਕੂਲ।
ਇਕ ਦਿਨ ਉਨ੍ਹਾਂ ਨੇ ਬੱਚਿਆਂ ਵਾਂਗ ਹੀ ਰਿਹਾੜ ਸ਼ੁਰੂ ਕਰ ਦਿੱਤਾ ਸੀ। ਕਿਸੇ ਦੀ ਸੁਣਦੇ ਹੀ ਨਹੀਂ ਸਨ। ਬੱਸ ਇੱਕੋ ਗੱਲ ਮੈਨੂੰ ਪਿੰਡ ਛੱਡ ਕੇ ਆਓ। ਮੈ ਆਪਣੀ ਮਿੱਟੀ ਪਰਦੇਸੀਂ ਨਹੀਂ ਰੁਲਣ ਦੇਣੀ।
ਬੇਵੱਸ, ਕਮਲਦੀਪ ਵਾਪਸੀ ਟਿਕਟ ਲੈ ਕੇ ਉਹਨਾਂ ਨੂੰ ਦੇਸ ਲੈ ਵੀ ਗਈ ਸੀ। ਗਰਮੀਆਂ ਦੇ ਦਿਨ। ਸ਼ਹਿਰੋਂ ਦੂਰ ਪਿੰਡ। ਲੋੜ ਪੈਣ ਤੇ ਡਾਕਟਰੀ ਸੇਵਾਵਾਂ ਦੁਰਲੱਭ। ਉਹ ਉੱਥੇ ਵੀ ਛੇਤੀ ਹੀ ਅਕੱਲਕਾਂਦ ਹੋ ਗਏ ਸਨ। ਅੰਤਾਂ ਦੀ ਗਰਮੀ ਵਿਚ, ਬੀਮਾਰੀ ਠੁਮਾਰੀ ਵੇਲੇ, ਉਹਨਾਂ ਤੋਂ ਆਪਣੀ ਇਕਲੌਤੀ ਧੀ ਦੀ ਭੱਜ-ਨੱਸ ਦਾ ਦੁੱਖ ਜਰਿਆ ਨਹੀਂ ਸੀ ਜਾਂਦਾ। ਕੱਲੀ ਕਾਰੀ ਔਰਤ ਰਾਹਾਂ ਵਿਚ ਖੁਆਰ ਹੁੰਦੀ ਫਿਰਦੀ ਸੀ।
ਇਕ ਦਿਨ ਕਹਿੰਦੇ, ''ਕਮਲਦੀਪ ਇਸ ਜ਼ਮੀਨ ਨੂੰ ਗਹਿਣੇ ਰੱਖ ਪਰਾਂ। ਮਗਰੋਂ ਆਪੇ ਵੇਚਦੀ ਰਹੀਂ। ਪਿੱਛੇ ਨਿਆਣੇ ਅੱਡ ਦੁਖੀ ਹੋਏ ਨੇ। ਅਸਾਂ ਨੀਂ ਟੱਬਰ ਰੋਲਣਾ। ਚੱਲੀਏ ਵਾਪਸ ਕਨੇਡੇ।''
ਅਖੇ ਅੰਨ੍ਹਾ ਕੀ ਲੋੜੇ ਦੋ ਅੱਖਾਂ। ਕਮਲਦੀਪ ਕੁਝ ਦਿਨਾਂ ਵਿਚ ਹੀ ਆਪਣੀ ਜੱਦੀ ਪੁਸ਼ਤੀ ਜਾਇਦਾਦ ਦਾ ਕੰਮ ਸਮੇਟ ਕੇ ਉਨ੍ਹਾਂ ਨੂੰ ਵਾਪਿਸ ਘਰ ਲੈ ਆਈ ਸੀ।
ਦੇਸ਼ੋਂ ਪਰਤਕੇ ਉਨ੍ਹਾਂ ਦਾ ਜੀ ਵੀ ਵਾਹਵਾ ਪਰਚ ਗਿਆ ਸੀ। ਸਵੇਰੇ ਉੱਠਦੇ ਕਾਫੀ ਲੰਮਾ ਸਮਾਂ ਅਖਬਾਰ ਪੜ੍ਹਦੇ ਰਹਿੰਦੇ। ਚਿੱਤ ਕਰਦਾ ਟੀ.ਵੀ.ਲਾ ਲੈਦੇ। ਬੱਚੇ ਸਕੂਲੋਂ ਆਉੰਦੇ, ਉਨ੍ਹਾਂ ਨੂੰ ਨੱਕੀ ਪੂਰ ਦੀ ਖੇਡ ਵਿਚ ਲਾਈ ਰੱਖਦੇ। ਪਿਛਵਾੜੇ, ਉਨ੍ਹਾਂ ਸਬਜ਼ੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ, ''ਖੇਤੀ ਭਾਵੇਂ ਥੋੜ੍ਹੀ ਹੀ ਹੋਵੇ, ਜੀਅ ਬੜਾ ਲਾਉਂਦੀ ਆ।''
ਇਨ੍ਹਾਂ ਦਿਨਾਂ ਵਿਚ ਹੀ ਸੁਰਿੰਦਰ ਦਾ ਬੜਾ ਭਾਈ ਨਸੀਬ ਸਿੰਘ ਏਥੇ ਆਇਆ ਸੀ। ਉਹ ਭਾਪਾ ਜੀ ਨਾਲ ਅੰਦਰੋਂ ਅੰਦਰੀਂ ਕੁਝ ਵੱਟਿਆ ਵੱਟਿਆ ਰਹਿੰਦਾ ਸੀ।
ਗੱਲ ਵਿਚੋਂ ਸ਼ਾਇਦ ਇਹ ਸੀ ਕਿ ਪਹਿਲਾਂ ਤਾਂ ਉਹਨਾਂ ਦੀ ਜ਼ਮੀਨ ਦੀ ਅੱਧ ਭਾਉਲੀ ਦਾ ਹਿਸਾਬ ਉਸੇ ਕੋਲ ਸੀ। ਇਸ ਵਾਰ ਉਹ ਆਪਣੀ ਜ਼ਮੀਨ ਕਿਸੇ ਕੋਲ ਗਹਿਣੇ ਰੱਖ ਆਏ ਸਨ। ਉਹਨੂੰ ਅੰਦਰੇ ਅੰਦਰ ਇਸ ਗੱਲ ਦਾ ਬੜਾ ਹਿਰਖ ਸੀ ਪਰ ਬਾਭਰ ਕੇ ਉਹ ਗੱਲ ਨਹੀਂ ਸੀ ਕਰ ਸਕਦਾ।
ਘੁੱਟੇ ਵੱਟੇ ਮਾਹੌਲ ਵਿਚ ਭਾਪਾ ਜੀ ਦਾ ਮਨ ਬੜਾ ਉਚਾਟ ਰਹਿਣ ਲੱਗ ਪਿਆ ਸੀ। ਇਨ੍ਹੀ ਦਿਨੀਂ ਹੀ ਸਾਹ ਦੀ ਤਕਲੀਫ ਵੱਧਣ 'ਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਾਉਣਾ ਪੈ ਗਿਆ ਸੀ।
ਹਸਪਤਾਲੋਂ ਵਾਪਿਸ ਆ ਕੇ ਉਹ ਉਪਰੋਂ-ਉਪਰੋਂ ਤਾਂ ਕੁਝ ਚੰਗੇ ਭਲੇ ਹੀ ਜਾਪਦੇ ਸਨ ਪਰ ਅੰਦਰੋਂ ਕਾਫੀ ਬੁਝੇ-ਬੁਝੇ ਜੇਹੇ ਰਹਿਣ ਲੱਗ ਪਏ ਸਨ।
''ਮੈਂ ਨੀ ਏਥੇ ਰਹਿਣਾ, ਮੈਨੂੰ ਪਿੰਡ ਛੱਡ ਆਓ। ਭਾੜਾ ਮੈਂ ਆਪੇ ਦੇ ਦਊਂ ਉਥੋਂ ਜਾ ਕੇ।''
ਅਚਾਨਕ ਭਾਪਾ ਜੀ ਨੂੰ ਇਹ ਕੀ ਹੋ ਗਿਆ ਸੀ। ਕਮਲਦੀਪ ਹੈਰਾਨ, ਪਰੇਸ਼ਾਨ।
''ਭਾਪਾ ਜੀ ਪਿੰਡ ਵੀ ਆਪਾਂ ਜਾ ਕੇ ਵੇਖ ਆਏ ਹਾਂ। ਤੁਹਾਨੂੰ ਕੋਈ ਤਕਲੀਫ ਹੈ ਇੱਥੇ। ਕਿਸੇ ਨੇ ਕੁਝ ਕਿਹਾ ਤੁਹਾਨੂੰ।''
ਚੱਠਾ ਸਾਹਿਬ ਗੁੰਮ-ਸੁੰਮ ਆਪਣੀ ਧੀ ਦੇ ਚੇਹਰੇ ਵੱਲ ਦੇਖਦੇ ਰਹੇ।
''ਕੋਈ ਭਾਰ ਹੈ ਤੁਹਾਡੇ ਦਿਲ 'ਤੇ। ਤੁਸੀਂ ਕੁਝ ਕਹਿਣਾ?''
ਉਨ੍ਹਾਂ ਦੇ ਲਹਿਜੇ ਵਿਚ ਤਲਖ਼ੀ ਸੀ ਜਿਵੇਂ ਇਹ ਕਹਿਣਾ ਚਾਹੁੰਦੇ ਹੋਣ ਕਿ ਜੋ ਜੀ ਆਇਆ ਕਹੂੰ। ਕਿਸੇ ਦੀ ਡਰੀ ਨੀ ਮਾਰੀ ਹੋਈ।
'ਕਹੋ' ਕਮਲਦੀਪ ਹਰ ਹਿਰਖ ਨੂੰ ਆਪਣੇ ਪੱਲੇ ਪੁਆਉਣ ਲਈ ਤਿਆਰ ਖੜ੍ਹੀ ਸੀ, ਪੂਰੀ ਹਲੀਮੀ ਨਾਲ।
''ਇਹ ਨਸੀਬ ਸਿੰਘ ਬੜਾ ਕੁੱਤਾ ਆਦਮੀ ਆ।''
ਚੱਠਾ ਸਾਹਿਬ ਦੀਆਂ ਅੱਖਾਂ ਗੁੱਸੇ ਨਾਲ ਲਾਲ ਬਿੰਬ ਹੋ ਗਈਆਂ ਸਨ ਤੇ ਦੇਹ 'ਚੋਂ ਕੱਚੀਆਂ ਤ੍ਰੇਲੀਆਂ ਛੁੱਟਣੀਆਂ ਸ਼ੁਰੂ ਹੋ ਗਈਆਂ ਸਨ।
''ਸਾਲਾ ਮੈਨੂੰ ਕਹਿੰਦਾ ਆਪਣੀ ਧੀ ਦੇ ਘਰ ਤੂੰ ਬੁੱਢੇ ਬਾਰੇ....
''ਓਹ ਮੈਂ ਕੋਈ ਮੁਲੰਗ ਆਂ। ਸਾਰੀ ਉਮਰ ਠਾਠ ਨਾਲ ਨੌਕਰੀ ਕੀਤੀ। ਸਾਹਿਬੇ ਜ਼ਾਇਦਾਦ। ਇਲਾਕੇ ਵਿਚ ਮੰਨੀ ਦੰਨੀ ਸਰਦਾਰੀ। ਕੋਈ ਵੈਲ ਨਹੀਂ....
ਸਾਲਾ ਧੀ ਦੇ ਘਰ ਦਾ....
ਇਹ ਬੁਢੇਪਾ ਕਿਸ 'ਤੇ ਨੀਂ ਆਉਣਾ...
ਨਸੀਬ ਸਿੰਘ ਕੰਜਰ ਤੇ ਨੀ.....?''
ਸਰਦਾਰ ਕਰਤਾਰ ਸਿੰਘ ਦੀ ਤਣੀ ਦੇਹ ਇਕ ਦਮ ਢਿੱਲੀ ਪੈ ਗਈ।
ਕਮਲਦੀਪ ਨੇ ਇਕਦਮ ਐਂਬੂਲੈਂਸ ਸੱਦੀ। ਹਸਪਤਾਲ ਟੈਲੀਫੋਨ ਕੀਤਾ।
ਚੱਠਾ ਸਾਹਿਬ ਨੂੰ ਸਿੱਧਾ ਇੰਟੈਂਸਿਵ ਕੇਅਰ ਵਿਚ ਲਿਆਂਦਾ ਗਿਆ। ਉਨ੍ਹਾਂ ਦੀ ਨਬਜ਼ ਮੱਧਮ ਪੈਂਦੀ-ਪੈਂਦੀ ਇਕ ਦਮ ਰੁੱਕ ਗਈ।
ਕਮਲਦੀਪ ਉਨ੍ਹਾਂ ਦੇ ਸਿਰ੍ਹਾਣੇ ਖੜ੍ਹੀ ਸੀ। ਅਡੋਲ ਅਬੋਲ ਮੂਰਤੀ ਵਾਂਗ।
ਡਾਕਟਰਾਂ ਨੇ ਪਹਿਲਾਂ ਹੀ ਸਾਰਾ ਅੋਪ੍ਰੇਟਸ, ਟੈਲੀਫੋਨ ਮਿਲਣ ਸਾਰ ਹੀ ਤਿਆਰ ਕੀਤਾ ਹੋਇਆ ਸੀ।
''ਲਾਈਫ ਸਪੋਰਟ...।''
''ਨੋ, ਡਾਕਟਰ, ਨੋ ਲਾਈਫ ਸਪੋਰਟ...''
ਇਕ ਆਗ ਕਾ ਦਰਿਆ ਹੈ, ਬਸ ਡੂਬ ਕੇ ਜਾਨਾ ਹੈ। ਤੇ ਕਮਲਦੀਪ ਜਿਵੇਂ ਅੱਗ ਦੇ ਦਰਿਆ ਨੂੰ ਪਾਰ ਕਰਕੇ ਦੂਜੇ ਕਿਨਾਰੇ ਪਹੁੰਚ ਚੁੱਕੀ ਹੋਵੇ!
ਉਹਦਾ ਧਰਮੀ ਬਾਬਲ, ਇਸ ਵਾਰ ਪੁਰਸਲਾਤ ਤੋਂ ਪਰਲੇ ਪਾਰ ਜਾ ਰਿਹਾ ਸੀ। ਉਹ ਉਹਨੂੰ ਅੱਧ ਵਿਚਕਾਰੋਂ ਮੋੜ ਕੇ ਹੁਣ ਹੋਰ ਕਿਸੇ ਅਗਨੀ ਪ੍ਰੀਖਿਆ ਵਿਚ ਨਹੀਂ ਸੀ ਪਾਉਣਾ ਚਾਹੁੰਦੀ।
ਉਹ ਆਪਣੇ ਪਿਤਾ ਦੇ ਸ਼ਾਂਤ ਅਡੋਲ ਚੇਹਰੇ ਤੇ ਝੁਕੀ। ਦੋ ਅੱਥਰੂ ਉਹਦੀਆਂ ਅੱਖਾਂ ਵਿਚੋਂ ਕਿਰ ਕੇ ਚੱਠਾ ਸਾਹਿਬ ਦੀਅ ਖੁੱਲ੍ਹੀਆਂ ਸਫੇਦ ਅੱਖਾਂ ਵਿਚ ਡਿੱਗੇ। ਉਹਨੇ ਆਪਣੇ ਪਿਤਾ ਦੀਆਂ ਖੁੱਲ੍ਹੀਆਂ ਪਲਕਾਂ ਝਪਕਾਈਆਂ ਤੇ ਮੋਢਿਆਂ ਤੱਕ ਪਲਮੀ ਸਫੇਦ ਚਾਦਰ ਨਾਲ ਉਨ੍ਹਾਂ ਦਾ ਚੇਹਰਾ ਢੱਕ ਦਿੱਤਾ। 




ਕਵਿਤਾ
ਅੱਜ ਦਾ ਇਨਸਾਨ
                - ਸ਼ਿਵਨਾਥ
 

ਨਾ ਅੱਜ ਉਹ ਰਹਿਮ ਚਾਹੁੰਦਾ ਹੈ
ਤੇ ਨਾ ਹੱਥ ਅੱਡਦੈ, ਅੱਗੇ
ਉਹ ਬੰਦਾ ਹੈ ਤੇ ਬੰਦਿਆਂ ਵਾਂਗ, ਸਾਨੂੰ
ਵਿਚਰਦਾ ਲੱਗੇ।
    ਉਹਦੇ ਅੱਗੇ ਹੈ ਬਿਖੜਾ-ਪੰਧ
    ਜਾਂ ਫਿਰ ਘੁੱਪ-ਹਨੇਰਾ ਹੈ,
    ਮਗਰ ਉਸ ਕੋਲ ਸਾਹਸ ਹੈ
    ਬੜਾ ਮਜ਼ਬੂਤ ਜੇਰਾ ਹੈ।
ਉਹ ਹਰ ਔਕੜ ਨੂੰ ਠੋਕਰ ਮਾਰਕੇ
ਅੱਗੇ ਨੂੰ ਲੰਘੇਗਾ
ਤੇ ਅਪਣੇ ਦਿਲ-ਜਿਗਰ ਤੋਂ ਹਰ
ਕਿਸੇ ਦੀ ਖ਼ੈਰ ਮੰਗੇਗਾ।
    ਉਹ ਨਿਸ਼ਚਿਤ ਤੌਰ ਤੇ ਇਸ
    ਦੌਰ ਚੋਂ ਖੱਟੇ ਕਮਾਏਗਾ
    ਤੇ ਹਿੰਮਤ ਹਾਰ ਬੈਠੇ ਇਸ ਸਮੇਂ
    ਨੂੰ ਖੰਭ ਲਾਏਗਾ।
ਮੇਰਾ ਵਿਸ਼ਵਾਸ ਉਸ ਅੰਦਰ ਹੈ,
ਉਸਦੀ ਸੋਚਣੀ ਉਤੇ ,
ਰਹੇਗਾ ਜਾਗਦਾ ਉਹ ਹਰ ਘੜੀ,
ਹਰ ਵਕਤ, ਹਰ ਰੁੱਤੇ।


ਕਵਿਤਾ
ਔਰੰਗਜ਼ੇਬ ਤੋਂ ਮਾਫ਼ੀ ਸਹਿਤ
 

ਔਰੰਗਜ਼ੇਬ ਮੁਸਲਮਾਨ ਨਹੀਂ ਸੀ
ਔਰੰਗਜ਼ੇਬ ਹਿੰਦੂ ਨਹੀਂ ਹੈ
ਔਰੰਗਜ਼ੇਬ ਬੋਧੀ ਜੈਨੀ ਸਿੱਖ ਨਹੀਂ ਹੋਵੇਗਾ
ਔਰੰਗਜ਼ੇਬ ਦਾ ਕੋਈ ਮਜ਼ਹਬ ਨਹੀਂ ਹੁੰਦਾ
ਜਿਵੇਂ ਰੱਬ ਦਾ ਕੋਈ ਮਜ਼ਹਬ ਨਹੀਂ ਹੁੰਦਾ
ਪਰ ਵੱਖ-ਵੱਖ ਮਜ਼ਹਬਾਂ ਮੁਤਾਬਕ
ਉਸ ਦੇ ਅਣਗਿਣਤ ਨਾਂਅ ਹਨ
ਰੱਬ ਵਾਂਗ ਹੀ ਔਰੰਗਜ਼ੇਬ ਦਾ ਇਕ ਨਿਰਗੁਣ ਸਰੂਪ ਹੁੰਦਾ
ਜੋ ਸਰਬ ਵਿਆਪਕ ਹੋ
ਥੋੜ੍ਹਾ ਬਹੁਤ ਸਾਰੇ ਆਸਤਕਾਂ ਨਾਸਤਕਾਂ ਦੇ ਹਿਰਦੇ ਵੱਸਦਾ
ਹਜੂਮਾਂ ਤੋਂ ਸਾੜ ਫੂਕ, ਮਾਰਧਾੜ, ਦੰਗੇ, ਕਤਲੋ-ਗਾਰਤ ਕਰਾਉਂਦਾ
ਰੱਬ ਵਾਂਗ ਹੀ ਔਰੰਗਜ਼ੇਬ ਦਾ ਸਰਗੁਣ ਸਰੂਪ
ਸਮੇਂ ਸਮੇਂ ਅਵਤਾਰ ਧਾਰ
ਕਿਸੇ ਰਾਜੇ ਦਾ ਸਹਿਯੋਗੀ ਸਲਾਹਕਾਰ ਸਰਪਰਸਤ ਸਾਰਥੀ ਬਣਦਾ
ਜਾਂ ਕਿਸੇ ਦੇਸ਼ ਪ੍ਰਦੇਸ਼ ਦਾ ਰਾਜਾ ਬਣਦਾ
ਨਾਂਅ ਦੇ ਹਿਸਾਬ ਨਾਲ ਔਰੰਗਜ਼ੇਬ ਆਪਣੇ ਆਪ ਨੂੰ
ਤਖ਼ਤ ਦਾ ਸ਼ਿੰਗਾਰ ਅਖਵਾਉਂਦਾ
ਪਰ ਅਸਲ ਵਿਚ ਔਰੰਗਜ਼ੇਬ
ਕਿਸੇ ਉੱਚ ਅਹੁਦੇ 'ਤੇ ਲੱਗਿਆ ਕਲੰਕ ਹੁੰਦਾ
ਔਰੰਗਜ਼ੇਬ ਤਾਂ ਰਾਜ ਸੱਤਾ ਦਾ ਕੀੜਾ ਹੁੰਦਾ
ਜੋ ਸਕੇ ਪਿਉ ਦਾ ਵੀ ਸਕਾ ਨਹੀਂ ਹੁੰਦਾ
ਔਰੰਗਜ਼ੇਬ ਭਰਾਵਾਂ ਦੇ ਖ਼ੂਨ ਦਾ ਪਿਆਸਾ ਹੁੰਦਾ
ਔਰੰਗਜ਼ੇਬ ਇਲਮ ਅਦਬ ਹੁਨਰ ਦਾ ਵੈਰੀ ਹੁੰਦਾ
ਉਸ ਨੂੰ ਮੁਸਕਾਨ ਮੋਹ ਮੁਹੱਬਤ ਨਾਲ ਨਫ਼ਰਤ ਹੁੰਦੀ
ਦੇਖਣ ਨੂੰ ਜ਼ਿਆਦਾ ਮਜ਼ਹਬੀ ਦਿਸਦਾ ਔਰੰਗਜ਼ੇਬ
ਪਾ ਸਕਦਾ ਭੁਲੇਖਾ
ਸੰਤ ਸੂਫ਼ੀ ਸਾਈਂ ਸੁਆਮੀ ਸੰਨਿਆਸੀ ਹੋਣ ਦਾ
ਪਰ ਉਸ ਨੂੰ ਸੰਤਾਂ ਸੂਫ਼ੀਆਂ ਤੋਂ ਹਮੇਸ਼ਾ ਖਤਰਾ ਹੁੰਦਾ
ਚਲੋ ਪਹਿਲਾਂ ਆਪਣੇ ਅੰਦਰ ਵੱਸਦੇ
ਔਰੰਗਜ਼ੇਬ ਨੂੰ ਜਾਣੀਏ ਪਛਾਣੀਏ ਤੇ ਮਾਰੀਏ
ਫਿਰ ਬਾਹਰ ਭੂਤਰੇ ਫਿਰਦੇ ਔਰੰਗਜ਼ੇਬ ਦੇ ਅਵਤਾਰਾਂ ਨੂੰ
ਮੁਹੱਬਤ ਜ਼ਿੰਦਾਬਾਦ ਕਹਿ ਵੰਗਾਰੀਏ
-ਜਸਵੰਤ ਜ਼ਫ਼ਰ



ਗ਼ਜ਼ਲ
 - ਜਸਪਾਲ ਘਈ
 

ਘੁੱਗੀ ਦਾ ਭੇਸ ਧਾਰ, ਤੇ  ਨੀਅਤ  ਉਕਾਬ  ਰੱਖ ।
ਸਿਆਸਤ ਇਹੋ ਹੈ ਸੱਚ ਤੇ ਪਾ ਕੇ ਨਕਾਬ ਰੱਖ ।
    ਖ਼ਾਹਿਸ਼ ਨੂੰ ਚਲਦੇ ਰਹਿਣ ਲਈ ਦੇ ਦੇ ਬੈਸਾਖੀਆਂ
    ਭੁੱਖੇ ਦੇ ਅੱਗੇ ਰੋਟੀ ਨਈਂ, ਰੋਟੀ  ਦਾ  ਖ਼ਾਬ  ਰੱਖ ।
ਨਫ਼ਰਤ ਦੇ ਨਾਲ ਨਾਲ ਮੁਹੱਬਤ ਵੀ ਟੁਰਨ ਦੇ
ਖੰਜਰ ਹੈ ਸੱਜੇ ਹੱਥ, ਤਾਂ ਖੱਬੇ  ਗੁਲਾਬ  ਰੱਖ ।
    ਚਿਹਰੇ ਤੋਂ ਮਨ ਦੇ ਅਕਸ ਨੂੰ ਪੜ੍ਹਦਾ ਭਲਾ ਹੈ ਕੌਣ
    ਬੁੱਲ੍ਹਾਂ ਚੋਂ ਸ਼ਹਿਦ ਚੋਣ ਦੇ, ਦਿਲ ਵਿਚ ਤਿਜ਼ਾਬ ਰੱਖ।
ਵਿਦਵਾਨ ਬਣ ਨਾ ਬਣ , ਮਗਰ ਵਿਦਵਾਨ ਦਿਸ ਜ਼ਰੂਰ
ਦਾੜ੍ਹੀ  ਵਧਾ,  ਤੇ  ਹੱਥ  'ਚ  ਮੋਟੀ  ਕਿਤਾਬ  ਰੱਖ।

No comments:

Post a Comment