Monday 5 January 2015

ਸੰਪਾਦਕੀ (ਸੰਗਰਾਮੀ ਲਹਿਰ - ਜਨਵਰੀ 2015)


ਦੋ ਰਾਜਾਂ ਦੇ ਚੋਣ ਨਤੀਜੇ 
ਪਿਛਲੇ ਦਿਨੀਂ ਭਾਰਤ ਦੇ ਦੋ ਰਾਜਾਂ - ਝਾਰਖੰਡ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾਵਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਬਹੁਤੇ ਹੈਰਾਨੀਜਨਕ ਨਹੀਂ ਰਹੇ। ਇਹ ਰਾਜਸੀ ਸੂਝਬੂਝ ਰੱਖਣ ਵਾਲੇ, ਆਮ ਲੋਕਾਂ ਦੀਆਂ ਉਮੀਦਾਂ ਅਨੁਸਾਰ ਹੀ ਕਹੇ ਜਾ ਸਕਦੇ ਹਨ। ਭਾਜਪਾ ਦੇ ਜਿਹੜੇ ਆਗੂ ਇਹਨਾਂ ਚੋਣਾਂ ਤੋਂ ਵੀ ਵੱਡੀਆਂ ਆਸਾਂ ਲਾਈ ਬੈਠੇ ਸਨ, ਉਹਨਾਂ ਨੂੰ ਜ਼ਰੂਰ ਨਿਰਾਸ਼ਾ ਹੋਈ ਹੈ। 
ਉਂਝ, ਦੋਵਾਂ ਹੀ ਰਾਜਾਂ ਵਿਚ ਭਾਜਪਾ ਨੇ ਆਪਣੀ ਸਥਿਤੀ ਬੇਹਤਰ ਬਣਾਈ ਹੈ, ਜਦੋਂਕਿ ਕਾਂਗਰਸ ਪਾਰਟੀ ਨੂੰ ਦੋਵੀਂ ਥਾਈਂ ਇਕ ਵਾਰ ਫਿਰ, ਵੱਡਾ ਝਟਕਾ ਲੱਗਾ ਹੈ। ਝਾਰਖੰਡ ਵਿਚ ਭਾਜਪਾ ਨੇ, ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ, 81 ਮੈਂਬਰੀ ਹਾਊਸ ਵਿਚ 42 ਸੀਟਾਂ ਪ੍ਰਾਪਤ ਕਰਕੇ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਵਿਚ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਬਹੁਮੱਤ ਨਹੀਂ ਮਿਲਿਆ। ਏਥੇ ਵੀ, ਪੀ.ਡੀ.ਪੀ. ਦੀਆਂ 28 ਸੀਟਾਂ ਦੇ ਟਾਕਰੇ ਵਿਚ ਭਾਜਪਾ 25 ਸੀਟਾਂ ਜਿੱਤਕੇ ਦੂਜੀ ਵੱਡੀ ਪਾਰਟੀ ਬਣ ਗਈ ਹੈ। ਕਾਂਗਰਸ ਪਾਰਟੀ ਨੂੰ, ਬੇਰੁਜ਼ਗਾਰੀ, ਮਹਿੰਗਾਈ ਤੇ ਭਰਿਸ਼ਟਾਚਾਰ ਦੇ ਭੰਨੇ ਹੋਏ ਲੋਕਾਂ ਨੇ ਦੋਵਾਂ ਰਾਜਾਂ ਵਿਚ ਹੀ ਰੱਦ ਕਰ ਦਿੱਤਾ ਹੈ। ਲੋਕਾਂ ਦੇ ਮਨਾਂ ਅੰਦਰ ਇਹ ਗੱਲ ਪੂਰੀ ਤਰ੍ਹਾਂ ਘਰ ਕਰ ਚੁੱਕੀ ਹੈ ਕਿ ਉਹਨਾਂ ਦੀਆਂ ਅਜੇਹੀਆਂ ਸਾਰੀਆਂ ਹੀ ਮੁਸੀਬਤਾਂ ਲਈ ਕਾਂਗਰਸ ਪਾਰਟੀ ਤੇ ਉਸਦੇ ਸਹਿਯੋਗ ਨਾਲ ਬਣੀਆਂ ਸਰਕਾਰਾਂ ਜ਼ੁੰਮੇਵਾਰ ਹਨ। ਏਸੇ ਲਈ ਦੋਵਾਂ ਰਾਜਾਂ 'ਚ ਕਾਂਗਰਸ ਨਾਲ ਗਠਜੋੜ ਕਰਕੇ ਬਣੀਆਂ ਹੋਈਆਂ ਸਰਕਾਰਾਂ ਵੀ ਹਾਰੀਆਂ ਹਨ ਅਤੇ ਕਾਂਗਰਸ ਦੀ ਆਪਣੀ ਹਾਲਤ ਵੀ ਹੋਰ ਨਿਘਰੀ ਹੈ। ਦੋਵਾਂ ਰਾਜਾਂ ਵਿਚ ਇਹ ਚੌਥੇ ਸਥਾਨ ਤੇ ਪੁੱਜ ਗਈ ਹੈ। ਝਾਰਖੰਡ ਵਿਚ ਕਾਂਗਰਸੀ ਵਿਧਾਨਕਾਰਾਂ ਦੀ ਗਿਣਤੀ 14 ਤੋਂ ਘੱਟਕੇ 6 ਰਹਿ ਗਈ ਹੈ ਜਦੋਂਕਿ ਜੰਮੂ ਕਸ਼ਮੀਰ ਵਿਚ ਇਸਦੀਆਂ 5 ਸੀਟਾਂ ਘਟੀਆਂ ਹਨ ਅਤੇ ਇਹ ਹੁਣ 12 'ਤੇ ਪੁੱਜ ਗਈ ਹੈ। 
ਇਸ ਦੇ ਟਾਕਰੇ ਵਿਚ ਭਾਜਪਾ ਨੇ ਆਪਣੇ ਮੈਂਬਰਾਂ ਦੀ ਗਿਣਤੀ ਵਿਚ ਚੰਗਾ ਵਾਧਾ ਕੀਤਾ ਹੈ। ਪਿਛਲੇ ਹਾਊਸ ਦੇ ਮੁਕਾਬਲੇ ਵਿਚ, ਝਾਰਖੰਡ ਅੰਦਰ ਇਹ 19 ਤੋਂ ਵਧਾਕੇ 37 'ਤੇ ਅਤੇ  ਜੰਮੂ-ਕਸ਼ਮੀਰ ਵਿਚ 11 ਤੋਂ ਵੱਧਕੇ 25 ਤੱਕ ਪੁੱਜ ਗਈ ਹੈ। ਉਂਝ ਇਹ ਵੀ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਭਾਜਪਾ ਦੀਆਂ ਇਹ ਪ੍ਰਾਪਤੀਆਂ ਨਿਸ਼ਚੇ ਹੀ ਸੰਘ ਪਰਵਾਰ ਵਲੋਂ ਦੇਸ਼ ਭਰ ਵਿਚ ਪੂਰੇ ਜੋਰ ਸ਼ੋਰ ਨਾਲ ਕੀਤੇ ਜਾ ਰਹੇ ਫਿਰਕੂ  ਧਰੁਵੀਕਰਨ ਦੀ ਉਪਜ ਹੀ ਹਨ। ਏਸੇ ਆਧਾਰ 'ਤੇ ਜੰਮੂ ਖੇਤਰ ਵਿਚ ਤਾਂ ਉਹ 37 'ਚੋਂ 25 ਸੀਟਾਂ ਜਿੱਤ ਗਈ ਹੈ। ਪ੍ਰੰਤੂ ਵਾਦੀ ਅੰਦਰ ਉਸ ਨੂੰ ਇਕ ਵੀ ਸੀਟ ਨਹੀਂ ਮਿਲੀ। ਏਥੇ ਉਸ ਨੂੰ ਸਿਰਫ 3% ਵੋਟਾਂ ਹੀ ਮਿਲੀਆਂ। ਉਹਨਾਂ 'ਚੋਂ ਵੀ ਵਧੇਰੇ ਡਾਕ ਰਾਹੀਂ ਆਈਆਂ ਹੋਈਆਂ ਸਨ। ਅਤੇ, ਉਸਦੇ 33 ਚੋਂ 32 ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਹਨ। ਫਿਰਕੂ ਆਧਾਰ 'ਤੇ ਹੋ ਰਿਹਾ ਇਹ ਮਾਰੂ ਧਰੁਵੀਕਰਨ ਭਵਿੱਖ ਵਿਚ ਬਹੁਤ ਹੀ ਘਾਤਕ ਤੇ ਖਤਰਨਾਕ ਘਟਨਾਵਾਂ ਦਾ  ਰੂਪ ਧਾਰਨ ਕਰ ਸਕਦਾ ਹੈ। ਇਹ ਢਾਡੀ ਚਿੰਤਾ ਦਾ ਵਿਸ਼ਾ ਹੈ। 
ਇਸ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਸੱਤਾ ਪ੍ਰਾਪਤੀ ਤੋਂ ਬਾਅਦ ਵਿਕਾਸ ਮੁਖੀ ਪਹੁੰਚ ਅਪਨਾਉਣ ਦੇ ਕੀਤੇ ਜਾ ਰਹੇ ਥੋਥੇ ਦਾਅਵੇ ਅਤੇ ਸਰਕਾਰੀ ਤੇ ਕਾਰਪੋਰੇਟ ਮੀਡੀਏ ਰਾਹੀਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਜਾ ਰਹੀ ਸ਼ੋਰੀਲੀ ਬਿਆਨਬਾਜ਼ੀ ਲੋਕਾਂ ਨੂੰ ਪ੍ਰਭਾਵਤ ਕਰਨ ਵਿਚ ਵੱਡੀ ਹੱਦ ਤੱਕ ਅਸਫਲ ਸਿੱਧ ਹੋ ਰਹੀ ਹੈ। ਕਿਉਂਕਿ ਪਾਰਲੀਮਾਨੀ ਚੋਣਾਂ ਸਮੇਂ ਵੀ ਭਾਜਪਾ, ਫਿਰਕੂ ਪ੍ਰਚਾਰ ਦੇ ਬਲਬੂਤੇ, 31% ਵੋਟਾਂ ਪ੍ਰਾਪਤ ਕਰਕੇ ਬਹੁਮੱਤ ਲੈ ਗਈ ਸੀ ਅਤੇ ਇਹਨਾਂ ਦੋਵਾਂ  ਰਾਜਾਂ ਦੀਆਂ ਚੋਣਾਂ ਵਿਚ ਵੀ ਉਸਨੂੰ ਇਕ ਤਿਹਾਈ ਤੋਂ ਵੱਧ ਵੋਟਾਂ ਨਹੀਂ ਮਿਲਦੀਆਂ। ਝਾਰਖੰਡ ਵਿਚ ਭਾਜਪਾ ਨੂੰ 34% ਅਤੇ ਜੰਮੂ ਕਸ਼ਮੀਰ ਵਿਚ 23% ਦੇ ਕਰੀਬ ਵੋਟਾਂ ਹੀ ਮਿਲੀਆਂ ਹਨ।  ਇਹ ਸਿੱਧ ਕਰਦਾ ਹੈ ਕਿ ਦੇਸ਼ ਦਾ ਤੇਜ਼ੀ ਨਾਲ ਵਿਕਾਸ ਕਰਨ, ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਲਿਆਉਣ, ਅਤੇ ਲੋਕਾਂ ਲਈ ਚੰਗੇ ਦਿਨ ਲਿਆਉਣ ਦੇ ਮੋਦੀ ਸਰਕਾਰ ਦੇ ਦਾਅਵਿਆਂ ਤੋਂ ਲੋਕਾਂ ਦਾ ਛੇਤੀ ਹੀ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਲੋਕ ਤਾਂ ਰੁਜ਼ਗਾਰ ਚਾਹੁੰਦੇ ਹਨ, ਗਰੀਬੀ ਤੋਂ ਮੁਕਤੀ  ਚਾਹੁੰਦੇ ਹਨ ਅਤੇ ਵਿਆਪਕ ਰੂਪ ਵਿਚ ਫੈਲ ਚੁੱਕੀ ਰਿਸ਼ਵਤਖੋਰੀ ਅਤੇ ਹਰ ਤਰ੍ਹਾਂ ਦੇ ਜ਼ਬਰ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹਨ। ਇਸ ਵਾਸਤੇ ਹਰ ਚੋਣ ਸਮੇਂ ਵੀ ਉਹ ਅਕਸਰ ਹੀ ਕਿਸੇ ਲੋਕ ਪੱਖੀ ਬਦਲ ਵੱਲ ਝਾਕਦੇ ਹਨ। ਇਹਨਾਂ ਚੋਣਾਂ ਸਮੇਂ ਵੀ ਇਸ ਗੱਲ ਦਾ ਸਪੱਸ਼ਟ ਪ੍ਰਗਟਾਵਾ ਹੋਇਆ ਹੈ। ਕੌਮੀ ਪਾਰਟੀਆਂ ਦੇ ਟਾਕਰੇ ਵਿਚ, ਦੋਵਾਂ ਥਾਵਾਂ 'ਤੇ ਖੇਤਰੀ ਪਾਰਟੀਆਂ ਨੂੰ ਲੋਕਾਂ ਨੇ ਵੱਧ ਸਮਰਥਨ ਦਿੱਤਾ ਹੈ। ਜੰਮੂ-ਕਸ਼ਮੀਰ ਵਿਚ ਪੀ.ਡੀ.ਪੀ. ਨੇ ਭਾਜਪਾ ਦੇ ਬਰਾਬਰ ਹੀ 23% ਵੋਟਾਂ ਪ੍ਰਾਪਤ ਕੀਤੀਆਂ ਹਨ ਅਤੇ 28 ਸੀਟਾਂ ਜਿੱਤਕੇ ਉਹ ਸਰਕਾਰ ਬਨਾਉਣ ਲਈ ਸਭ ਤੋਂ ਵੱਡੀ ਦਾਅਵੇਦਾਰ ਹੈ। ਏਸੇ ਤਰ੍ਹਾਂ ਝਾਰਖੰਡ ਵਿਚ ਹੇਮੰਤ ਸੋਰੇਨ ਦੀ ਅਗਵਾਈ ਹੇਠ ਝਾਰਖੰਡ ਮੁਕਤੀ ਮੋਰਚੇ ਨੇ, ਕਾਂਗਰਸ ਪਾਰਟੀ ਤੇ ਉਸਦੇ ਹੋਰ ਸਹਿਯੋਗੀਆਂ ਨਾਲ ਮਿਲਕੇ ਬਣਾਈ ਹੋਈ ਪਿਛਲੀ ਕੁਲੀਸ਼ਨ ਸਰਕਾਰ ਦੀਆਂ ਨਾ-ਪੱਖੀ ਪ੍ਰਾਪਤੀਆਂ ਦਾ ਟਾਕਰਾ ਕਰਦਿਆਂ ਹੋਇਆਂ ਵੀ, ਇਕੱਲਿਆਂ ਚੋਣਾਂ ਲੜਕੇ ਆਪਣੇ ਜਨ ਆਧਾਰ ਨੂੰ ਨਾ ਸਿਰਫ ਕਾਇਮ ਰੱਖਿਆ ਹੈ ਬਲਕਿ ਇਕ ਸੀਟ ਵੀ ਵਧਾਈ ਹੈ ਅਤੇ ਕਾਂਗਰਸ ਤੇ ਉਸਦੇ ਆਰ.ਜੇ.ਡੀ. ਤੇ ਜਨਤਾ ਦਲ (ਯੂ) ਵਰਗੇ ਸਹਿਯੋਗੀਆਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਹੈ। 
ਇਹਨਾਂ ਚੋਣਾਂ ਦਾ ਇਕ ਸਵਾਗਤਯੋਗ ਪੱਖ ਇਹ ਵੀ ਹੈ ਕਿ ਬੁਰਜ਼ਵਾ ਪਾਰਟੀਆਂ ਵਲੋਂ ਕੀਤੇ ਜਾ ਰਹੇ ਅਤੀ ਮਹਿੰਗੇ ਤੇ ਸ਼ੋਰੀਲੇ ਚੋਣ ਪ੍ਰਚਾਰ ਤੇ ਲੋਕਾਂ ਨੂੰ ਦਿੱਤੇ ਜਾਂਦੇ ਲੋਭ ਲਾਲਚਾਂ ਦੇ ਬਾਵਜੂਦ ਝਾਰਖੰਡ ਵਿਚ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਉਮੀਦਵਾਰ ਸਾਥੀ ਰਾਜ ਕੁਮਾਰ ਯਾਦਵ ਨੇ ਧਨਵਾੜ ਹਲਕੇ ਤੋਂ 50634 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਸਨੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਨੂੰ ਉਸਦੇ ਜੱਦੀ ਹਲਕੇ ਤੋਂ 10712 ਵੋਟਾਂ ਦੇ ਫਰਕ ਨਾਲ ਹਰਾਇਆ। ਏਥੇ ਹੀ ਇਕ ਹੋਰ ਸੀਟ ਬਾਗੋਦਰ ਤੋਂ ਖੱਬੀ ਧਿਰ ਦੀ ਇਸ ਪਾਰਟੀ ਦੇ ਉਮੀਦਵਾਰ ਵਿਨੋਦ ਸਿੰਘ ਨੇ ਵੀ 70559 ਵੋਟਾਂ ਹਾਸਲ ਕੀਤੀਆਂ ਹਨ। ਏਸੇ ਸੀਟ ਤੋਂ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦਾ ਜੁਝਾਰੂ ਸਾਥੀ ਮਹਿੰਦਰ ਸਿੰਘ 1990 ਤੋਂ ਲਗਾਤਾਰ ਜਿੱਤਦਾ ਆਇਆ ਸੀ। ਉਸ ਨੂੰ 2004 ਵਿਚ ਸ਼ਹੀਦ ਕਰ ਦੇਣ ਉਪਰੰਤ ਇਸ ਵਾਰ ਪਾਰਟੀ ਨੇ ਪਿਛਲੀ ਚੋਣ ਦੇ ਮੁਕਾਬਲੇ ਵਿਚ 16000 ਵੱਧ ਵੋਟਾਂ ਹਾਸਲ ਕਰਨ ਦੇ ਬਾਵਜੂਦ ਇਹ ਸੀਟ ਸਿਰਫ 4339 ਵੋਟਾਂ ਦੇ ਫਰਕ ਨਾਲ ਹਾਰੀ ਹੈ। ਏਸੇ ਤਰ੍ਹਾਂ ਜੰਮੂ-ਕਸ਼ਮੀਰ ਵਿਚ ਵੀ ਕਸ਼ਮੀਰ ਵਾਦੀ ਅੰਦਰਲੀ ਕੁਲਗਾਮ ਸੀਟ ਤੋਂ ਸੀ.ਪੀ.ਆਈ.(ਐਮ) ਦੇ ਉਮੀਦਵਾਰ ਸਾਥੀ ਯੂਸਫ ਮੁਹੰਮਦ ਤਾਰੀਗਾਮੀ ਨੇ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ। 
ਇਹਨਾਂ ਚੋਣਾਂ ਨੇ ਇਕ ਵਾਰ ਫਿਰ ਇਸ ਤੱਥ ਨੂੰ ਸਥਾਪਤ ਕੀਤਾ ਹੈ ਕਿ ਬੁਰਜ਼ਵਾ ਪਾਰਟੀਆਂ ਆਮ ਤੌਰ 'ਤੇ ਚੋਣਾਂ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨਾਲ ਸਬੰਧਤ ਮੁੱਦਿਆਂ 'ਤੇ ਨਹੀਂ ਲੜਦੀਆਂ। ਚੋਣਾਂ ਜਿੱਤਣ ਲਈ ਉਹ ਧਾਰਮਿਕ, ਜਾਤੀਪਾਤੀ ਅਤੇ ਨਸਲੀ ਵੱਖਰੇਵਿਆਂ ਆਦਿ ਦੀ ਘੋਰ ਕੁਵਰਤੋਂ ਕਰਦੀਆਂ ਅਤੇ ਹੋਰ ਵੀ ਹਰ ਤਰ੍ਹਾਂ ਦੇ ਅਨੈਤਿਕ ਹਥਕੰਡੇ ਵਰਤਦੀਆਂ ਹਨ। ਪ੍ਰੰਤੂ ਲੋਕੀਂ ਤਾਂ ਆਪਣੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਮੁਸ਼ਕਲਾਂ ਦਾ ਹੱਲ ਚਾਹੁੰਦੇ ਹਨ। ਉਹ ਤਾਂ ਅਜੇਹੀ ਸਰਕਾਰ ਚਾਹੁੰਦੇ ਹਨ ਜਿਹੜੀ ਕਿ ਸਾਰਿਆਂ ਲਈ ਰੁਜ਼ਗਾਰ ਦੇ ਢੁਕਵੇਂ ਵਸੀਲੇ ਪੈਦਾ ਕਰੇ, ਉਹਨਾਂ ਨੂੰ ਗਰੀਬੀ ਤੇ ਤੰਗਦਸਤੀ ਤੋਂ ਮੁਕਤ ਕਰੇ, ਮਹਾਂਮਾਰੀਆਂ ਦੇ ਰੂਪ ਵਿਚ ਫੈਲ ਰਹੀਆਂ ਬਿਮਾਰੀਆਂ ਨੂੰ ਰੋਕੇ, ਸਸਤੀ ਤੇ ਮਿਆਰੀ ਵਿਦਿਆ ਦਾ ਅਤੇ ਸਸਤੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕਰੇ, ਭਰਿਸ਼ਟਾਚਾਰ ਨੂੰ ਨੱਥ ਪਾਵੇ ਅਤੇ ਗਰੀਬ ਦਲਿਤਾਂ ਤੇ ਔਰਤਾਂ ਉਪਰ ਵੱਧ ਰਹੇ ਅਤਿਆਚਾਰਾਂ ਤੋਂ ਉਹਨਾਂ ਨੂੰ ਸੁਰੱਖਿਅਤ ਕਰੇ। ਨਿਸ਼ਚੇ ਹੀ ਇਹ ਸਾਰੇ ਮਹਾਨ ਕਾਰਜ ਖੱਬੀਆਂ ਸ਼ਕਤੀਆਂ ਹੀ ਕਰ ਸਕਦੀਆਂ ਹਨ, ਜਿਹੜੀਆਂ ਕਿ ਬਦਲਵੀਆਂ, ਜਮਹੂਰੀ ਤੇ ਲੋਕ ਪੱਖੀ ਆਰਥਕ ਤੇ ਸਮਾਜਿਕ ਨੀਤੀਆਂ ਲਈ ਪ੍ਰਤੀਬੱਧ ਹਨ। ਲੋੜ ਇਸ ਗੱਲ ਦੀ ਹੈ ਕਿ ਆਮ ਲੋਕਾਂ ਨੂੰ ਇਹਨਾਂ ਨੀਤੀਆਂ ਨਾਲ ਜੋੜਨ ਵਾਸਤੇ, ਬਿਨਾਂ ਕੋਈ ਸਮਾਂ ਗੰਵਾਇਆਂ, ਹਾਕਮਾਂ ਦੀਆਂ ਸਰਮਾਏਦਾਰ ਪੱਖੀ ਤੇ ਤਬਾਹਕੁੰਨ ਨੀਤੀਆਂ ਵਿਰੁੱਧ ਅਤੇ ਲੋਕਾਂ ਦੇ ਭਖਦੇ ਸਾਂਝੇ ਮੁੱਦਿਆਂ ਉਪਰ ਵਿਸ਼ਾਲ ਜਨਤਕ ਘੋਲ ਲਾਮਬੰਦ ਕੀਤੇ ਜਾਣ। 
- ਹਰਕੰਵਲ ਸਿੰਘ (27.12.2014)

No comments:

Post a Comment