Monday 5 January 2015

ਖੱਬੀ ਧਿਰ ਦੇ ਵਿਕਾਸ ਲਈ ਕੁੱਝ ਜ਼ਰੂਰੀ ਮੁੱਦੇ

ਮੰਗਤ ਰਾਮ ਪਾਸਲਾ

ਦੇਸ਼ ਦੇ ਮੌਜੂਦਾ ਸੰਕਟਮਈ ਦੌਰ ਵਿਚ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਸਾਮਰਾਜੀ ਹਿਤਾਂ ਦੇ ਅਨੁਕੂਲ 'ਵਿਕਾਸ ਮਾਡਲ' ਨੂੰ ਅੱਗੇ ਵਧਾਉਣ ਲਈ ਪੱਬਾਂ ਭਾਰ ਹੋਈ ਪਈ ਹੈ ਅਤੇ ਮਿਹਨਤਕਸ਼ ਲੋਕਾਂ ਨੂੰ ਫਿਰਕੂ ਅਧਾਰ 'ਤੇ ਵੰਡ ਕੇ ਸਾਮਰਾਜੀਆਂ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਖਸੁੱਟ ਵਿਰੁੱਧ ਉਠ ਰਹੀ ਲੋਕ ਲਹਿਰ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੀ ਹੈ, ਉਸ ਸਮੇਂ ਦੇਸ਼ ਅੰਦਰ ਇਕ ਮਜ਼ਬੂਤ ਤੇ ਵਿਸ਼ਾਲ ਖੱਬੀ ਲਹਿਰ ਅਤੀ ਲੋੜੀਂਦੀ ਹੈ। ਇਸ ਲਹਿਰ ਦੀ ਅਹਿਮੀਅਤ ਉਦੋਂ ਹੋਰ ਵੀ ਵੱਧ ਜਾਂਦੀ ਹੈ, ਜਦੋਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਹਿਤਾਂ ਦੀ ਰਖਵਾਲੀ ਕਰ ਰਹੀਆਂ ਸਾਰੀਆਂ ਹੀ ਹੁਕਮਰਾਨ ਤੇ ਵਿਰੋਧੀ ਧਿਰ ਵਿਚ ਬੈਠੀਆਂ ਰਾਜਨੀਤਕ ਪਾਰਟੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਹੱਕ ਵਿਚ ਖਲੋ ਗਈਆਂ ਹਨ। ਸਾਡੇ ਦੇਸ਼ ਦੀਆਂ ਹਾਕਮ ਜਮਾਤਾਂ ਨੇ ਆਪਣੇ ਹਿੱਤਾਂ ਨੂੰ ਸਾਮਰਾਜੀ ਸ਼ਕਤੀਆਂ ਨਾਲ ਵੱਡੀ ਹੱਦ ਤੱਕ ਆਤਮਸਾਤ ਕਰ ਲਿਆ ਹੈ। ਇਹ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਬਰਾਬਰ ਹੈ। 
ਪਿਛਲੇ ਸਮਿਆਂ ਵਿਚ ਦੇਸ਼ ਦੀਆਂ ਸੰਘਰਸ਼ਸ਼ੀਲ ਖੱਬੀਆਂ ਧਿਰਾਂ ਨੇ ਹਾਕਮ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ, ਕਿਰਤੀ ਜਨ ਸਮੂਹਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਧਰਮ ਨਿਰਪੱਖਤਾ ਤੇ ਜਮਹੂਰੀਅਤ ਦੀ ਰਾਖੀ ਲਈ ਡਟਵੇਂ ਸੰਘਰਸ਼ ਕੀਤੇ ਹਨ ਤੇ ਅਨੇਕਾਂ ਮਹੱਤਵਪੂਰਨ ਪ੍ਰਾਪਤੀਆਂ ਵੀ ਕੀਤੀਆਂ ਹਨ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਵਾਸਤੇ ਫਿਰਕੂ ਤੇ ਵੰਡਵਾਦੀ ਤਾਕਤਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਕੀਤੀਆਂ ਗਈਆਂ ਕੁਰਬਾਨੀਆਂ ਦੇ ਇਤਿਹਾਸ ਰਚਣ ਦਾ ਸਿਹਰਾ ਵੀ ਖੱਬੀਆਂ ਧਿਰਾਂ ਨਾਲ ਨੇੜੇ ਤੋਂ ਜੁੜਿਆ ਹੋਇਆ ਹੈ। ਪ੍ਰੰਤੂ ਇਸ ਹਕੀਕਤ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ ਇਹ ਸਾਰਾ ਕੁੱਝ ਕਰਨ ਦੇ ਬਾਵਜੂਦ ਅੱਜ ਦੇਸ਼ ਦੇ ਰਾਜਸੀ ਮੰਚ ਉਪਰ ਖੱਬੀਆਂ ਸ਼ਕਤੀਆਂ ਕਾਫੀ ਕਮਜ਼ੋਰ ਨਜ਼ਰ ਆ ਰਹੀਆਂ ਹਨ। ਤੇ ਪਿਛਲੇ ਸਮੇਂ ਵਿਚ ਇਹ ਚਿੰਤਾਜਨਕ ਪ੍ਰਕਿਰਿਆ ਹੋਰ ਵੀ ਤੇਜ਼ ਹੋਈ ਹੈ। ਅਜਿਹਾ ਵਾਪਰਨ ਪਿਛੇ ਲਾਜ਼ਮੀ ਤੌਰ 'ਤੇ ਇਨਕਲਾਬੀ ਸਿਧਾਂਤ 'ਤੇ ਤੁਰਨ ਵਾਲੀ ਅਤੇ ਲੋਕ ਸੰਘਰਸ਼ਾਂ ਦੇ ਪਿੜ ਵਿਚ ਜਾਨਾਂ ਵਾਰਨ ਵਾਲੀ ਖੱਬੀ ਧਿਰ ਵਲੋਂ ਕੀਤੀਆਂ ਗਈਆਂ ਸਿਧਾਂਤਕ ਤੇ ਰਾਜਸੀ ਗਲਤੀਆਂ ਦੀ ਵੱਡੀ ਭੂਮਿਕਾ ਹੈ। 
ਇਹ ਵੀ ਪ੍ਰਤੱਖ ਦਿਖਾਈ ਦਿੰਦਾ ਹੈ ਕਿ ਹਾਲਾਤ ਦੀ ਮਜ਼ਬੂਰੀ ਵੱਸ, ਹਰ ਕਮਿਊਨਿਸਟ ਪਾਰਟੀ/ਧੜਾ ਅੱਜ ਆਪਣੇ ਅਤੀਤ ਦੀਆਂ ਭੁੱਲਾਂ ਬਾਰੇ ਆਪੋ ਆਪਣੇ ਨਜ਼ਰੀਏ ਨਾਲ ਅੰਦਰੂਨੀ ਬਹਿਸਾਂ ਰਾਹੀਂ ਕਿਸੇ ਯੋਗ ਸਿਟੇ ਉਪਰ ਪੁੱਜਣ ਲਈ ਯਤਨਸ਼ੀਲ ਦਿਖਾਈ ਦੇ ਰਿਹਾ ਹੈ। ਇਹ ਵੀ ਇਕ ਅਟੱਲ ਸਚਾਈ ਹੈ ਕਿ ਜਦੋਂ ਦੇਸ਼ ਦੀਆਂ ਬਾਹਰਮੁਖੀ ਅਵਸਥਾਵਾਂ ਅਤੇ ਵਸੋਂ ਦੇ ਵੱਡੇ ਹਿੱਸੇ ਵਲੋਂ ਹੰਢਾਈ ਜਾ ਰਹੀ ਕੰਗਾਲੀ ਭਰੀ ਜਿੰਦਗੀ ਦੇ ਮੱਦੇਨਜ਼ਰ ਖੱਬੀ ਲਹਿਰ ਦੇ ਵਾਧੇ ਦੀਆਂ ਭਰਪੂਰ ਸੰਭਾਵਨਾਵਾਂ ਹਨ, ਉਦੋਂ ਜੇਕਰ ਕਮਿਊਨਿਸਟ ਪਾਰਟੀਆਂ ਸਿਰਜੋੜ ਕੇ ਬੈਠਣ ਅਤੇ ਆਪਸੀ ਸਹਿਮਤੀ ਵਾਲੇ ਮੁੱਦਿਆਂ ਉਪਰ ਅਧਾਰਤ ਸਾਂਝੀ ਜਨਤਕ ਲਹਿਰ ਉਸਾਰਨ ਲਈ ਹੰਭਲਾ ਮਾਰਨ ਤਾਂ ਨਿਰਸੰਦੇਹ ਦੇਸ਼ ਦੀ ਇਨਕਲਾਬੀ ਲਹਿਰ ਇਕ ਸ਼ਕਤੀਸ਼ਾਲੀ ਮੁਤਬਾਦਲ ਦੇ ਤੌਰ 'ਤੇ ਜ਼ਰੂਰ ਉਭਰ ਸਕਦੀ ਹੈ। ਇਸ ਲਈ ਜਿਥੇ ਵੱਖ-ਵੱਖ ਕਮਿਊਨਿਸਟ ਸੰਗਠਨਾਂ ਵਲੋਂ ਆਪਣੀਆਂ ਕਮਜ਼ੋਰੀਆਂ ਉਪਰ ਕਾਬੂ ਪਾਉਣ ਲਈ ਗੰਭੀਰਤਾ ਸਹਿਤ ਨਿਰੰਤਰ ਯਤਨ ਕਰਨਾ ਸਲਾਹੁਣਯੋਗ ਹੈ, ਉਥੇ ਇਕ ਮਜ਼ਬੂਤ ਕਮਿਊਨਿਸਟ ਅੰਦੋਲਨ ਉਸਾਰਨ ਵਾਸਤੇ ਹੇਠਾਂ ਲਿਖੇ ਕੁਝ ਸੁਝਾਵਾਂ ਨੂੰ ਧਿਆਨਗੋਚਰੇ ਰੱਖਣਾ ਵੀ ਲਾਹੇਵੰਦਾ ਸਿੱਧ ਹੋ ਸਕਦਾ ਹੈ। ਇਨ੍ਹਾਂ ਮੁੱਦਿਆਂ ਨੂੰ ਸਾਰੀਆਂ ਹੀ ਕਮਿਊਨਿਸਟ ਪਾਰਟੀਆਂ ਵੱਖ-ਵੱਖ ਮੌਕਿਆਂ 'ਤੇ ਆਪਣੀ ਪਾਰਟੀ ਅੰਦਰ ਵਿਚਾਰ ਗੋਚਰੇ ਲਿਆਉਂਦੀਆਂ ਰਹਿੰਦੀਆਂ ਹਨ, ਪ੍ਰੰਤੂ ਇਨ੍ਹਾਂ ਬਿੰਦੂਆਂ ਵੱਲ ਲੋੜੀਂਦੀ ਮਾਤਰਾ ਵਿਚ ਬਣਦਾ ਤੇ ਬੱਝਵਾਂ ਧਿਆਨ ਨਹੀਂ ਦਿੱਤਾ ਜਾ ਰਿਹਾ, ਜੋ ਬਹੁਤ ਜ਼ਰੂਰੀ ਹੈ। 

(ੳ) ਸਮਾਜਿਕ ਉਤਪੀੜਨ ਦਾ ਮੁੱਦਾ 
ਭਾਰਤੀ ਸਮਾਜ ਨੂੰ ਸੰਸਾਰ ਦੇ ਬਾਕੀ ਦੇਸ਼ਾਂ ਨਾਲੋਂ ਇਕ ਬਿਲਕੁਲ ਵੱਖਰਾ ਸਵਾਲ ਦਰਪੇਸ਼ ਹੈ-ਜਾਤਪਾਤ ਦਾ। ਮਨੂੰਵਾਦੀ ਵਿਵਸਥਾ ਅਨੁਸਾਰ ਅੱਜ ਵੀ ਸਮਾਜ ਉੱਚੀਆਂ ਤੇ ਨੀਵੀਆਂ ਜਾਤਾਂ ਵਿਚ ਵੰਡਿਆ ਹੋਇਆ ਹੈ, ਜਿਥੇ ਕਿਸੇ ਵਿਅਕਤੀ ਦਾ ਸਮਾਜਕ ਸਥਾਨ ਉਸਦੀ ਯੋਗਤਾ ਜਾਂ ਕਾਰਜ ਸਮਰੱਥਾ ਉਪਰ ਅਧਾਰਤ ਨਾ ਹੋ ਕੇ ਉਸ ਜਾਤ ਰਾਹੀਂ ਨਿਰਧਾਰਤ ਕੀਤਾ ਜਾਂਦਾ ਹੈ, ਜਿਸ ਵਿਚ ਉਹ ਪੈਦਾ ਹੋਇਆ ਹੈ। ਸਦੀਆਂ ਤੋਂ ਇਸ ਸਮਾਜਕ ਜਬਰ ਦਾ ਦਰਦ ਹੰਢਾ ਰਹੇ ਵਸੋਂ ਦੇ 30ਫੀਸਦੀ ਤੋਂ ਵਧੇਰੇ ਹਿੱਸੇ ਨਾਲ ਸਮਾਜਕ, ਰਾਜਨੀਤਕ, ਆਰਥਿਕ, ਧਾਰਮਿਕ ਭਾਵ ਹਰ ਖੇਤਰ ਵਿਚ ਭਾਰੀ ਵਿਤਕਰਾ ਕੀਤਾ  ਜਾਂਦਾ ਹੈ। ਇਸ ਨਿਰਾਦਰ ਭਰੀ ਜ਼ਿੰਦਗੀ ਤੋਂ, ਜਗੀਰੂ ਸਮਾਜ ਤੋਂ ਵਿਕਸਤ ਹੋਏ ਅਗਲੇ ਪੜਾਅ, ਪੂੰਜੀਵਾਦੀ ਵਿਵਸਥਾ ਵਿਚ ਵੀ ਛੁਟਕਾਰਾ ਹਾਸਲ ਨਹੀਂ ਕੀਤਾ ਜਾ ਸਕਿਆ। 
ਰਿਜਰਵੇਸ਼ਨ ਅਤੇ ਹੋਰ ਨਿਗੂਣੀਆਂ ਸਹੂਲਤਾਂ ਦੇਣ ਦੇ ਨਾਂਅ ਉਪਰ ਹਾਕਮ ਧਿਰਾਂ ਨੇ ਸਮਾਜ ਦੇ ਇਸ ਕਥਿਤ ਅਛੂਤ ਸਮਝੇ ਜਾਂਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਉਂਝ ਅਜੇਹੀਆਂ ਸੁਵਿਧਾਵਾਂ ਦਾ ਇਸਤੇਮਾਲ ਕਰਕੇ ਦਲਿਤ ਭਾਈਚਾਰੇ ਨਾਲ ਸਬੰਧਤ ਮੁੱਠੀ ਭਰ ਲੋਕਾਂ ਨੇ ਜ਼ਰੂਰ ਲਾਹਾ ਲੈ ਕੇ ਸਮਾਜ ਦੇ ਉਪਰਲੇ ਹਿੱਸਿਆਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ, ਪ੍ਰੰਤੂ ਵਿਸ਼ਾਲ ਵਸੋਂ ਅਜੇ ਵੀ ਗੁਲਾਮੀ ਵਾਲੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੈ। ਜਾਤਪਾਤ ਅਧਾਰਤ ਰਾਜਨੀਤਕ ਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਨੇ ਵੀ ਇਸ ਵਰਗ ਦੇ ਲੋਕਾਂ ਦੀਆਂ ਜਖ਼ਮੀ ਭਾਵਨਾਵਾਂ ਦਾ ਦੁਰਪਯੋਗ ਕਰਕੇ ਆਪਣੇ ਸਵਾਰਥੀ ਹਿਤਾਂ ਦੀ ਹੀ ਬੜੌਤਰੀ ਕੀਤੀ ਹੈ। ਮੌਜੂਦਾ ਸਥਾਪਤੀ ਦਾ ਅੰਗ ਬਣਕੇ ਉਹਨਾਂ ਨੇ ਸਮਾਜਿਕ ਪਛੜੇਵੇਂ ਦਾ ਸ਼ਿਕਾਰ ਜਨ ਸਮੂਹਾਂ ਦੇ ਸੰਤਾਪ ਦੀ ਉਮਰ ਨੂੰ ਹੋਰ ਲੰਬੇਰਾ ਕੀਤਾ ਹੈ। ਕਮਿਊਨਿਸਟ ਪਾਰਟੀਆਂ ਲਈ ਜ਼ਰੂਰੀ ਹੈ ਕਿ ਉਹ ਵਰਗ ਸੰਘਰਸ਼ ਦੇ ਨਾਲ ਨਾਲ ਜਾਤ ਪਾਤ ਅਧਾਰਤ ਹੋ ਰਹੇ ਵਿਤਕਰਿਆਂ ਤੇ ਵਧੀਕੀਆਂ ਨੂੰ ਵੀ ਆਪਣੇ ਸੰਘਰਸ਼ ਦਾ ਅਨਿੱਖੜਵਾਂ ਅੰਗ ਬਣਾਉਣ ਤੇ ਕਿਰਤੀ ਵਰਗ ਦੇ ਇਸ ਸਭ ਤੋਂ ਵੱਧ ਪੀੜਤ ਹਿੱਸੇ ਨੂੰ ਆਪਣੇ ਸੰਗ ਜੋੜਨ ਲਈ ਵਿਸ਼ੇਸ਼ ਉਦਮ ਜੁਟਾਉਣ। ਸਮਾਜਿਕ ਜਬਰ ਦੇ ਮੁੱਦੇ ਬਾਰੇ ਜਿਥੇ  ਸਮਾਜ ਦੇ ਅਖੌਤੀ ਉਚ ਵਰਗਾਂ ਤੇ ਦੂਸਰੇ ਸੰਪਨ ਲੋਕਾਂ ਦੇ ਇਕ ਵੱਡੇ ਭਾਗ ਵਲੋਂ ਵਿਰੋਧਤਾ ਕਰਨਾ ਸੁਭਾਵਕ ਹੈ, ਉਥੇ ਖੱਬੀ ਲਹਿਰ ਵਿਚਲੇ ਕੁਝ ਹਿੱਸਿਆਂ ਵਲੋਂ ਵੀ ਸੁਚੇਤ ਜਾਂ ਅਚੇਤ ਰੂਪ ਵਿਚ ਇਸ ਸਵਾਲ ਦੀ ਅਣਦੇਖੀ ਕੀਤੀ ਜਾ ਰਹੀ ਹੈ ਜਾਂ ਕਈ ਵਾਰ ਵਿਰੋਧਤਾ ਵੀ ਕੀਤੀ ਜਾਂਦੀ ਹੈ। ਇਸ ਘਾਟ ਉਪਰ ਖੱਬੀ ਲਹਿਰ ਦੇ ਆਗੂਆਂ ਨੂੰ ਵਿਗਿਆਨਕ ਨਜ਼ਰੀਏ ਅਨੁਸਾਰ ਕਾਬੂ ਪਾਉਣਾ ਹੋਵੇਗਾ। ਇਹ ਵੀ ਅਸਲੀਅਤ ਹੈ ਕਿ ਹੋਰ ਕਿਸੇ ਵੀ ਰਾਜਨੀਤਕ ਸੰਗਠਨ ਨਾਲੋਂ ਜਮਾਤੀ ਪੱਖ ਤੋਂ ਵੱਖਰੀ ਪਹਿਚਾਣ ਰੱਖਦੀਆਂ ਕਮਿਊਨਿਸਟ ਧਿਰਾਂ ਜਾਤੀਪਾਤੀ ਉਤਪੀੜਨ ਦਾ ਸ਼ਿਕਾਰ ਜਨ ਸਮੂਹਾਂ ਦੀ ਬੰਦ ਖਲਾਸੀ ਲਈ ਵਧੇਰੇ ਸੰਘਰਸ਼ਸ਼ੀਲ ਤੇ ਫਿਕਰਮੰਦ ਹਨ।

(ਅ) ਇਨਕਲਾਬੀ ਲਹਿਰ ਦਾ ਮੂਲ ਅਧਾਰ ਕੀ ਹੋਵੇ?
ਉਪਰਲੇ ਭਾਗਾਂ ਦੇ ਮੁੱਠੀ ਭਰ ਲੋਕਾਂ ਤੋਂ ਬਿਨਾਂ ਸਮੁੱਚੀ ਮਿਹਨਤਕਸ਼ ਜਨਤਾ ਮੌਜੂਦਾ ਪੂੰਜੀਵਾਦੀ ਪ੍ਰਬੰਧ ਤੋਂ ਪੀੜਤ ਹੈ। ਗਰੀਬੀ, ਮਹਿੰਗਾਈ, ਬੇਕਾਰੀ, ਕੁਪੋਸ਼ਨ, ਬਦਤਰ ਜੀਵਨ ਹਾਲਤਾਂ, ਸਿਹਤ ਤੇ ਵਿਦਿਅਕ ਸਹੂਲਤਾਂ ਦੀ ਘਾਟ ਇਤਿਆਦਿ ਤੋਂ ਸਮਾਜ ਦਾ ਵੱਡਾ ਹਿੱਸਾ ਡਾਢਾ ਪ੍ਰੇਸ਼ਾਨ ਹੈ। ਕਮਿਊਨਿਸਟ ਲਹਿਰ ਤਦ ਹੀ ਠੋਸ ਵਿਕਾਸ ਕਰ ਸਕਦੀ ਹੈ ਜਦੋਂ ਇਸਦੀਆਂ ਸਫ਼ਾਂ ਵਿਚ ਸਭ ਤੋਂ ਵੱਧ ਲੁਟੇ ਪੁੱਟੇ ਜਾ ਰਹੇ ਕਿਰਤੀ ਲੋਕ ਵੱਡੀ ਤੇ ਫੈਸਲਾਕੁੰਨ ਮਾਤਰਾ ਵਿਚ ਸ਼ਾਮਿਲ ਹੋਣ। ਇਸ ਲਈ ਵੱਖ ਵੱਖ ਸਨਅਤਾਂ ਵਿਚ ਕੰਮ ਕਰਦੇ ਸੰਗਠਤ ਤੇ ਗੈਰ ਸੰਗਠਤ ਮਜ਼ਦੂਰ, ਬੇਜ਼ਮੀਨੇ ਤੇ ਗਰੀਬ ਕਿਸਾਨ ਅਤੇ ਦਿਹਾਤੀ ਮਜ਼ਦੂਰ ਸਾਡੀ ਲਹਿਰ ਦੀ ਰੀੜ੍ਹ ਦੀ ਹੱਡੀ ਹਨ। ਬਿਨਾਂ ਸ਼ੱਕ ਦਰਮਿਆਨੇ ਤੇ ਧਨੀ ਕਿਸਾਨ, ਛੋਟੇ ਕਾਰੋਬਾਰੀ ਤੇ ਮੱਧ ਵਰਗੀ ਲੋਕ ਸਾਡੇ ਮਿੱਤਰਾਂ ਦੀ ਕਤਾਰ ਵਿਚ ਆਉਂਦੇ ਹਨ, ਪ੍ਰੰਤੂ ਸਿਰਫ ਇਨ੍ਹਾਂ ਹਿੱਸਿਆਂ ਉਪਰ ਅਧਾਰਤ ਲਹਿਰ ਜੋ ਹੇਠਲੇ ਵਰਗਾਂ ਦੀ ਅਣਦੇਖੀ ਕਰੇ, ਕਦੀ ਵੀ ਸਥਾਈ ਤੇ ਠੋਸ ਨਹੀਂ ਹੋ ਸਕਦੀ। ਆਰਥਿਕ ਤੌਰ ਤੇ ਸਭ ਤੋਂ ਵੱਧ ਪੀੜਤ ਲੋਕਾਂ ਦੀ ਹਿੱਸੇਦਾਰੀ ਸੰਘਰਸ਼ਾਂ ਦੇ ਨਾਲ ਨਾਲ ਪਾਰਟੀ ਜਥੇਬੰਦੀਆਂ ਵਿਚ ਵੀ ਉਜਾਗਰ ਹੋਣੀ ਚਾਹੀਦੀ ਹੈ। ਸੰਸਾਰੀਕਰਨ ਦੇ ਅਜੋਕੇ ਦੌਰ ਵਿਚ ਚੋਖੀ ਸੰਖਿਆ ਵਿਚ ਦਰਮਿਆਨੀ ਜਮਾਤ ਵੀ ਉਭਰੀ ਹੈ, ਜਿਸਨੂੰ ਪੂੰਜੀਵਾਦੀ ਵਿਕਾਸ ਨਾਲ ਚੋਖਾ ਲਾਭ ਪੁੱਜਿਆ ਹੈ। ਇਸ ਜਮਾਤ ਦੀਆਂ ਹਮੇਸ਼ਾਂ ਹੀ ਹਰ ਖੇਤਰ ਵਿਚ ਉਪਰ ਵੱਲ ਨੂੰ ਝਾਕਣ ਦੀਆਂ ਇਛਾਵਾਂ ਕਾਇਮ ਰਹਿੰਦੀਆਂ ਹਨ। ਪ੍ਰੰਤੂ ਜਿਉਂ ਜਿਉਂ ਪੂੰਜੀਵਾਦੀ ਪ੍ਰਬੰਧ ਸੰਕਟ ਵਿਚ ਧਸਦਾ ਜਾਵੇਗਾ, ਤਿਵੇਂ ਤਿਵੇਂ ਇਸ ਜਮਾਤ ਦੇ ਵੱਡੇ ਹਿੱਸੇ ਦੀਆਂ ਸੁਪਨਈ ਆਸਾਂ ਉਪਰ ਵੀ ਪਾਣੀ ਫਿਰਦਾ ਜਾਵੇਗਾ। ਇਸ ਲਈ ਜਿਥੇ ਦਰਮਿਆਨੀ ਜਮਾਤ ਨੂੰ ਉਨ੍ਹਾਂ ਦੀਆਂ ਇਛਾਵਾਂ ਦੀ ਪੂਰਤੀ ਕਰਨ ਵਾਲੀਆਂ ਮੰਗਾਂ ਦੁਆਲੇ ਜਥੇਬੰਦ ਕਰਨਾ ਹੋਵੇਗਾ ਤੇ ਮੇਚਵੇਂ ਸੰਘਰਸ਼ ਲਾਮਬੰਦ ਕਰਨੇ ਹੋਣਗੇ, ਜੋ ਲਾਜ਼ਮੀ ਤੌਰ 'ਤੇ ਦੂਸਰੀ ਮਿਹਨਤਕਸ਼ ਜਨਤਾ ਤੋਂ ਕਈ ਪੱਖਾਂ ਤੋਂ ਭਿੰਨ ਹੋਣਗੇ, ਉਥੇ ਨਾਲ ਨਾਲ ਯੋਗਤਾ ਅਨੁਸਾਰ ਕੰਮ ਤੇ ਤਨਖਾਹ ਦਾ ਅਸਾਵਾਂਪਨ ਅਤੇ ਜੀਵਨ ਦੀਆਂ ਹੋਰ ਲੋੜਾਂ ਦੀ ਪੂਰਤੀ ਲਈ ਵਧੀਆਂ ਹੋਈਆਂ ਲਾਗਤਾਂ ਤੋਂ ਪ੍ਰੇਸ਼ਾਨ ਮੱਧ ਵਰਗੀ ਜਨਤਾ ਨੂੰ ਸਮੁੱਚੀ ਜਮਹੂਰੀ ਲਹਿਰ ਦਾ ਅੰਗ ਬਣਾਉਣ ਲਈ ਵੀ ਨਵੇਂ ਤੇ ਕਾਰਗਰ ਤਰੀਕਿਆਂ ਦੀ ਭਾਲ ਕਰਨੀ ਹੋਵੇਗੀ। 
ਇਸ ਤੱਥ ਨੂੰ ਕਦੀ ਵੀ ਅਣਗੌਲਿਆ ਨਹੀਂ ਕਰਨਾ ਚਾਹੀਦਾ ਕਿ ਮਜ਼ਬੂਤ ਇਨਕਲਾਬੀ ਲਹਿਰ ਦਾ ਅਧਾਰ ਆਰਥਿਕ ਪੱਖ ਤੋਂ ਸਭ ਤੋਂ ਵੱਧ ਪੀੜਤ ਭਾਗ ਬਣਨ ਨਾਲ ਹੀ ਸਮਾਜਿਕ ਕਰਾਂਤੀ ਦੀ ਸਫਲਤਾ ਦੀ ਗਰੰਟੀ ਕੀਤੀ ਜਾ ਸਕਦੀ ਹੈ। ਉਂਝ ਦਰਮਿਆਨੀ ਤੇ ਉਤਲੀਆਂ ਜਮਾਤਾਂ ਵਿਚੋਂ ਪੜ੍ਹੇ ਲਿਖੇ ਬੁੱਧੀਜੀਵੀ ਤੇ ਅਗਾਂਗਵਧੂ ਸੋਚਣੀ ਦੇ ਧਾਰਨੀ ਲੋਕ ਵਿਚਾਰਧਾਰਕ ਤੌਰ ਤੇ ਚੇਤਨ ਹੋ ਕੇ ਇਨਕਲਾਬੀ ਲਹਿਰ ਦੀ ਉਸਾਰੀ ਵਿਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ ਤੇ ਉਨ੍ਹਾਂ ਦੀਆਂ ਬਹੁਮੁੱਲੀਆਂ ਸੇਵਾਵਾਂ ਦੀ ਸੁਯੋਗ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ। 
ਜਨਤਕ ਲਹਿਰ ਦੇ ਅੰਗ ਵਜੋਂ ਵੀ ਦਰਮਿਆਨੀਆਂ ਜਮਾਤਾਂ ਦੀ ਮਹੱਤਵਪੂਰਨ ਭੁਮਿਕਾ ਹੈ। ਪ੍ਰੰਤੂ ਅਜੋਕੇ ਪੈਦਾਵਾਰੀ ਸੰਬੰਧਾਂ ਤੇ ਪੂੰਜੀਵਾਦੀ ਵਿਕਾਸ ਦੇ ਮੌਜੂਦਾ ਦੌਰ ਵਿਚ ਹੇਠਲੀ ਪੱਧਰ ਦੀਆਂ ਦੱਬੀਆਂ ਕੁਚਲੀਆਂ ਜਮਾਤਾਂ ਦੀ ਇਨਕਲਾਬੀ ਲਹਿਰ ਵਿਚ ਕੁੰਜੀਵਤ ਤੇ ਆਗੂ ਭੂਮਿਕਾ ਬਨਣੀ ਚਾਹੀਦੀ ਹੈ। 

(ੲ) ਵੱਖ ਵੱਖ ਕੌਮੀਅਤਾਂ, ਬੋਲੀਆਂ, ਸਭਿਆਚਾਰਕ ਵਿਭਿੰਨਤਾਵਾਂ ਅਤੇ ਆਪੋ ਆਪਣੇ ਇਤਿਹਾਸ ਪ੍ਰਤੀ ਸੰਵੇਦਨਸ਼ੀਲਤਾ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। 
ਦੇਸ਼ ਅੰਦਰ ਵੱਖ ਵੱਖ ਕੌਮੀਅਤਾਂ, ਸਭਿਆਚਾਰਾਂ, ਖਿੱਤਿਆਂ ਤੇ ਬੋਲੀਆਂ ਦਾ ਵੱਖਰੇਵਾਂ ਹੋਣ ਦੇ ਬਾਵਜੂਦ ਲੋਕਾਂ ਦੀ ਏਕਤਾ ਸਾਡੇ ਕੌਮੀ ਆਜ਼ਾਦੀ ਅੰਦੋਲਨ ਦੀ ਵਿਲੱਖਣਤਾ ਵੀ ਹੈ ਤੇ ਵੱਡਮੁੱਲਾ ਸਰਮਾਇਆ ਵੀ। ਲੋਕਾਂ ਦੇ ਮਨਾਂ ਅੰਦਰ ਆਪੋ ਆਪਣੇ ਇਤਿਹਾਸ ਬਾਰੇ ਮਾਣ ਕਰਨ ਦਾ ਅਹਿਸਾਸ ਤੇ ਦੂਸਰੇ ਲੋਕਾਂ ਨਾਲੋਂ ਵੱਖ-ਵੱਖ ਭਿੰਨਤਾਵਾਂ ਪ੍ਰਤੀ ਸਨੇਹ ਤੇ ਸੰਵੇਦਨਸ਼ੀਲਤਾ ਬਾਰੇ ਖੱਬੀ ਲਹਿਰ ਨੇ ਬਹੁਤੀ ਵਾਰ ਬੇਧਿਆਨੀ, ਲਾਪਰਵਾਹੀ ਤੇ ਅਸੰਬੰਧਤਾ ਵਾਲਾ ਵਤੀਰਾ ਧਾਰਨ ਕਰੀ ਰੱਖਿਆ ਹੈ। ਸਾਡੀ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਵੱਖਵਾਦੀ ਤੇ ਸੰਕੀਰਨਵਾਦੀ ਤੱਤ ਜਨ ਸਮੂਹਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ। ਸਮਾਜਿਕ ਤਬਦੀਲੀ ਦੀ ਕੋਈ ਵੀ ਲਹਿਰ ਆਪਣੇ ਇਤਿਹਾਸ ਤੇ ਸਭਿਆਚਾਰ ਨਾਲੋਂ ਤੋੜਕੇ ਨਹੀਂ ਉਸਾਰੀ ਜਾ ਸਕਦੀ। ਇਤਿਹਾਸ ਵਿਚ ਸਾਰਾ ਕੁਝ ਮਾਣ ਕਰਨਯੋਗ ਨਹੀਂ ਹੈ ਪ੍ਰੰਤੂ ਇਸ ਵਿਸ਼ਾਲ ਸਾਗਰ ਵਿਚ ਅਣਮੁੱਲੇ ਹੀਰੇ ਜਵਾਹਰਾਤ ਵੀ ਛੁਪੇ ਹੋਏ ਹਨ ਜਿਹਨਾਂ ਦੀ ਚਮਕ ਸਾਡਾ ਭਵਿੱਖੀ ਰਾਹ ਰੁਸ਼ਨਾਉਣ ਵਿਚ ਸਹਾਈ ਸਿੱਧ ਹੋ ਸਕਦੀ ਹੈ। ਲੋਕਾਂ ਦੀਆਂ ਉਪਰੋਕਤ ਵਿਸ਼ਿਆਂ ਪ੍ਰਤੀ ਉਪਜੀਆਂ ਜਮਹੂਰੀ ਉਮੰਗਾਂ ਤੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਚੇਸ਼ਟਾ ਨੂੰ ਖੱਬੀ ਲਹਿਰ ਦੇ ਏਜੰਡੇ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਇਸਦੀ ਪ੍ਰਾਪਤੀ ਲਈ ਢੁਕਵੇਂ ਯਤਨ ਕਰਨੇ ਹੋਣਗੇ। 
ਪੰਜਾਬ ਦੀ ਖੱਬੀ ਲਹਿਰ ਨੂੰ ਪ੍ਰਾਂਤ ਨਾਲ ਸਬੰਧਤ ਪਾਣੀ, ਬੋਲੀ, ਵਾਤਾਵਰਣ ਤੇ ਰੁਜ਼ਗਾਰ ਵਰਗੇ ਮੁਦਿਆਂ ਨੂੰ ਪਹਿਲ ਦੇ ਆਧਾਰ ਉਪਰ ਉਠਾਉਣਾ ਤੇ ਇਸਦੀ ਪ੍ਰਾਪਤੀ ਲਈ ਢੁਕਵੇਂ ਸੰਘਰਸ਼ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਸ ਖਿੱਤੇ ਵਿਚ ਜੁਝਾਰੂ ਲੋਕਾਂ ਦੇ ਮਨਾਂ ਅੰਦਰ ਇਨਕਲਾਬੀ ਲਹਿਰ ਇਕ ਭਰੋਸੇਯੋਗ ਰਾਜਸੀ ਧਿਰ ਵਜੋਂ ਉਭਰ ਸਕੇ।  ਅਹਿਜਾ ਨਾ ਕਰਨ ਦੀ ਸੂਰਤ ਵਿਚ ਸਮਾਜਿਕ ਵਿਕਾਸ ਦੀਆਂ ਵਿਰੋਧੀ ਸ਼ਕਤੀਆਂ ਸਧਾਰਣ ਲੋਕਾਂ ਨੂੰ ਗੁੰਮਰਾਹ ਕਰਕੇ ਇਨ੍ਹਾਂ ਮੁੱਦਿਆਂ ਉਪਰ ਲਾਮਬੰਦੀ ਕਰਕੇ ਸਮਾਜਿਕ ਪਰਿਵਰਤਨ ਵੱਲ ਸੇਧਤ ਸਮੁੱਚੀ ਜਮਹੂਰੀ ਲਹਿਰ ਦਾ ਵੱਡਾ ਨੁਕਸਾਨ ਪਹਿਲਾਂ ਵੀ ਕਰਦੀਆਂ ਆ ਰਹੀਆਂ ਹਨ ਤੇ ਭਵਿੱਖ ਵਿਚ ਵੀ ਇਸਦੀ ਸੰਭਾਵਨਾ ਬਣੀ ਰਹੇਗੀ। ਅਜਿਹਾ ਮੁੜ ਵਾਪਰਨ ਤੋਂ ਬਚਿਆ ਜਾਣਾ ਚਾਹੀਦਾ ਹੈ। 

(ਸ) ਧਰਮ ਨਿਰਪੱਖਤਾ ਪ੍ਰਤੀ ਠੀਕ ਪਹੁੰਚ ਦੀ ਲੋੜ 
ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਰਾਜਸੀ ਪਾਰਟੀਆਂ ਵਲੋ ਹਮੇਸ਼ਾ ਹੀ ਧਰਮ ਨਿਰਪੱਖਤਾ ਸ਼ਬਦ ਦੇ ਅਨਰਥ ਕੀਤੇ ਗਏ ਹਨ। ਉਨ੍ਹਾਂ ਅਨੁਸਾਰ ਸਰਕਾਰਾਂ ਨੂੰ ਹਰ ਧਰਮ ਵਿਚ ਦਖਲ ਦੇਣ, ਧਰਮ ਦਾ ਰਾਜਸੀ ਮਨੋਰਥਾਂ ਲਈ ਇਸਤੇਮਾਲ ਕਰਨ ਭਾਵ ਧਰਮ ਤੇ ਰਾਜਨੀਤੀ ਦਾ ਏਕੀਕਰਨ ਅਤੇ ਧਰਮ ਦੇ ਪਰਦੇ ਹੇਠਾਂ ਹਰ ਤਰ੍ਹਾਂ ਦੇ ਹਨੇਰ-ਵਿਰਤੀ ਵਾਲੇ ਤੇ ਪਿਛਾਖੜੀ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਹੀ ਧਰਮ ਨਿਰਪੱਖਤਾ ਹੈ। ਅਸਲ ਵਿਚ ਧਰਮ ਨਿਰਪੱਖਤਾ ਦਾ ਸਹੀ ਮਤਲਬ ਹੈ ਧਰਮ ਤੇ ਰਾਜਨੀਤੀ ਨੂੰ ਰਲਗਡ ਨਾ ਕਰਨਾ, ਸਰਕਾਰ ਵਲੋਂ ਕਿਸੇ ਵੀ ਧਰਮ ਵਿਚ ਦਖਲ ਅੰਦਾਜ਼ੀ ਨਾ ਕਰਨਾ, ਹਰ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਪੂਰਨ ਆਜ਼ਾਦੀ ਦੇਣਾ ਅਤੇ ਆਪਣੀ ਆਸਥਾ ਮੁਤਾਬਕ ਕਿਸੇ ਵੀ ਧਾਰਮਕ ਕਿਰਿਆ-ਕਰਮ ਦਾ ਇਸ ਢੰਗ ਨਾਲ ਸੰਚਾਲਨ ਕਰਨਾ ਕਿ ਦੂਸਰੇ ਧਰਮਾਂ ਦੇ ਅਨੁਆਈਆਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਠੇਸ ਨਾ ਲੱਗੇ। ਇਸਦੇ ਨਾਲ ਹੀ ਅੰਧ ਵਿਸ਼ਵਾਸਾਂ, ਫਿਰਕੂ ਜਨੂੰਨ ਤੇ ਹਨੇਰ ਵਿਰਤੀਵਾਦੀ ਪਖੰਡਾਂ ਦਾ ਖੰਡਨ ਕਰਨ ਲਈ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਤੇ ਫੈਲਾਅ ਕਰਨ ਦੇ ਅਧਿਕਾਰ ਦੀ ਰਾਖੀ ਕਰਨਾ ਵੀ ਧਰਮ ਨਿਰਪੱਖਤਾ ਹੀ ਕਿਹਾ ਜਾ ਸਕਦਾ ਹੈ। ਪ੍ਰੰਤੂ ਇਹ ਤ੍ਰਾਸਦੀ ਹੀ ਹੈ ਕਿ ਆਜ਼ਾਦੀ ਦੇ 67 ਸਾਲਾਂ ਬਾਅਦ ਵੀ ਵਿਗਿਆਨ ਤੇ ਤਕਨੀਕ ਪੱਖੋਂ ਹੋਈ ਭਾਰੀ ਪ੍ਰਗਤੀ ਦੇ ਬਾਵਜੂਦ ਲੋਕਾਂ ਦੇ ਮਨਾਂ ਅੰਦਰ ਵੇਲਾ ਵਿਹਾਅ ਚੁੱਕੇ ਪਿਛਾਖੜੀ ਵਿਚਾਰਾਂ, ਅੰਧ ਵਿਸ਼ਵਾਸਾਂ, ਪਾਖੰਡਾਂ ਤੇ ਅਣਹੋਣੇ ਚਮਤਕਾਰਾਂ ਵਿਚ ਆਸਥਾ ਹੋਰ ਪੀਡੀ ਹੋਈ ਹੈ। ਇਸ ਨਾਂਹ-ਪੱਖੀ ਵਰਤਾਰੇ ਵਿਚ ਲਗਾਤਾਰ ਹੋਰ ਵਾਧਾ ਹੋ ਰਿਹਾ ਹੈ। ਅਤੇ ਵਿਚਾਰਧਾਰਕ ਤੇ ਰਾਜਨੀਤਕ ਪਛੜੇਵੇਂ ਕਾਰਨ ਜ਼ਿਆਦਾਤਰ ਮਿਹਨਤਕਸ਼ ਲੋਕ ਅੰਧਕਾਰ ਫੈਲਾਅ ਰਹੇ ਡੇਰਿਆਂ ਤੇ ਨਾਮ ਨਿਹਾਦ ਸਾਧਾਂ ਦੇ ਮੱਕੜਜਾਲ ਵਿਚ ਫਸਦੇ ਜਾ ਰਹੇ ਹਨ। ਅਜਿਹਾ ਉਹ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਤੋਂ ਕੁੱਝ ਪਲਾਂ ਲਈ ਛੁਟਕਾਰਾ ਹਾਸਲ ਕਰਨ ਹਿੱਤ ਕਰਦੇ ਹਨ, ਜਦਕਿ ਜੀਵਨ ਦੀ ਗੁਰਬਤ ਭਰੀ ਦਾਸਤਾਂ ਦਾ ਅੰਤ ਕਿਸੇ ਅੰਨ੍ਹੀ ਧਾਰਮਕ ਆਸਥਾ ਰਾਹੀਂ ਸੰਭਵ ਨਹੀਂ ਹੋ ਸਕਦਾ। ਜਿਹੜੇ ਕਿਰਤੀ ਲੋਕ ਅਗਿਆਨਤਾ ਕਾਰਨ ਜਾਂ ਥੋੜ ਸਮੇਂ ਦੀ ਆਤਮਕ ਸ਼ਾਂਤੀ ਦੀ ਪ੍ਰਾਪਤੀ ਵਾਸਤੇ ਵੱਖ ਵੱਖ ਧਾਰਮਿਕ ਡੇਰਿਆਂ ਜਾਂ ਧਰਮ ਗੁਰੂਆਂ ਦੇ ਅਨੁਆਈ ਬਣੀ ਬੈਠੇ ਹਨ, ਉਹ ਸਾਰੇ ਜਮਹੂਰੀ ਲਹਿਰ ਨਾਲ ਜੁੜਨੇ ਚਾਹੀਦੇ ਹਨ। ਇਸ ਲਈ ਜਿਥੇ ਅਸੀਂ ਜਨ ਸਮੂਹਾਂ ਦੀਆਂ ਆਰਥਿਕ ਤੇ ਜਮਹੂਰੀ ਮੰਗਾਂ ਦੀਆਂ ਲੜਾਈਆਂ ਲੜਨੀਆਂ ਹਨ, ਉਸਦੇ ਨਾਲ ਹੀ ਉਹਨਾਂ ਨੂੰ ਇਕ ਸਿਹਤਮੰਦ ਤੇ ਤਰਕ ਸੰਗਤ ਸਭਿਆਚਾਰ ਰਾਹੀਂ ਵਿਵੇਕਸ਼ੀਲ ਵੀ ਬਣਾਉਣਾ ਹੈ ਤਾਂ ਕਿ ਉਹ ਅੰਧ ਵਿਸ਼ਵਾਸ਼ ਤੋਂ ਮੁਕਤੀ ਹਾਸਲ ਕਰਕੇ ਹਕੀਕੀ ਸ਼ਾਂਤੀ ਪ੍ਰਾਪਤ ਕਰ ਸਕਣ। ਅਜਿਹਾ ਨਾਂ ਤਾਂ ਧਰਮਾਂ ਦੀ ਅੰਨ੍ਹੀ ਵਿਰੋਧਤਾ, ਜੋ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੀ ਹੋਵੇ, ਕਰਕੇ ਹੀ ਹੋ ਸਕਦਾ ਹੈ ਅਤੇ ਨਾ ਹੀ ਵਿਗਿਆਨ ਦਾ ਪੱਲਾ ਛੱਡ ਕੇ ਆਪ ਪਿਛਾਖੜੀ ਤੇ ਹਨੇਰਵਿਰਤੀਵਾਦੀ ਵਿਚਾਰਾਂ ਦੇ ਧਾਰਨੀ  ਬਣਕੇ। ਅਤੇ ਨਾ ਹੀ ਬਾਕੀ ਲੋਕਾਂ ਦੀ ਤਰ੍ਹਾਂ ਖੁੰਬਾਂ ਵਾਂਗ ਪਨਪ ਰਹੇ ਧਾਰਮਿਕ ਡੇਰਿਆਂ ਦੇ ਸ਼ਰਧਾਲੂ ਬਣਨਾ ਹੋਵੇਗਾ। 
ਇਸ ਵਾਸਤੇ ਧਰਮ ਨਿਰਪੱਖਤਾ ਦੀ ਪਰਿਭਾਸ਼ਾ ਨੂੰ ਸਹੀ ਅਰਥਾਂ ਤੇ ਭਾਵਨਾ ਵਿਚ ਸਮਝਣ ਦੀ ਲੋੜ ਹੈ ਤਾਂ ਕਿ ਵੱਡੀ ਗਿਣਤੀ ਵਿਚ ਜਨ ਸਮੂਹਾਂ ਨੂੂੰ ਗੈਰ ਵਿਗਿਆਨਕ ਰਾਹ ਤੋਂ ਮੋੜ ਕੇ ਤਰਕਸ਼ੀਲਤਾ ਦੇ ਰਸਤੇ ਤੋਰਿਆ ਜਾ ਸਕੇ। ਲੋਕਾਂ ਦੀ ਧਾਰਮਕ ਆਸਥਾ ਤੇ ਫਿਰਕਾਪ੍ਰਸਤੀ ਵਿਚਕਾਰ ਵੀ ਸਪੱਸ਼ਟ ਲਕੀਰ ਖਿੱਚਣ ਦੀ ਜ਼ਰੂਰਤ ਹੈ। ਇਹ ਇਕ ਬਹੁਤ ਹੀ ਮੁਸ਼ਕਲ ਤੇ ਸੰਵੇਦਨਸ਼ੀਲ ਵਿਸ਼ਾ ਹੈ, ਪ੍ਰੰਤੂ ਇਸ ਬਾਰੇ ਯੋਗ ਪੈਂਤੜਾ ਲੈ ਕੇ ਹੀ ਯੋਗ ਹੱਲ ਕੱਢਿਆ ਜਾ ਸਕਦਾ ਹੈ। ਇਕ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਤੇ ਉਸਾਰੀ ਲਈ ਇਹ ਜ਼ਰੂਰੀ ਹੈ ਕਿ ਉਸਦੇ ਤਮਾਮ ਆਗੂ ਤੇ ਮੈਂਬਰ ਲੋਕਾਂ ਦੀਆਂ ਆਸਥਾਵਾਂ ਦਾ ਧਿਆਨ ਰੱਖਦਿਆਂ ਹੋਇਆਂ ਪਿਛਾਖੜੀ ਤੇ ਹਨੇਰਵਿਰਤੀਵਾਦੀ ਵਿਚਾਰਾਂ ਦਾ ਖੰਡਨ ਕਰਕੇ ਕਿਰਤੀ ਲੋਕਾਂ ਦੀ ਵਿਸ਼ਾਲ ਗਿਣਤੀ ਨੂੰ ਜਮਹੂਰੀ ਲਹਿਰ ਨਾਲ ਜੋੜਨ ਦੀ ਮੁਹਾਰਤ ਰੱਖਦੇ ਹੋਣ। 

(ਹ) ਔਰਤਾਂ ਪ੍ਰਤੀ ਵਿਸ਼ੇਸ਼ ਧਿਆਨ ਦੀ ਜ਼ਰੂਰਤ 
ਭਾਵੇਂ ਸਾਡਿਆਂ ਘੋਲਾਂ ਅੰਦਰ ਔਰਤਾਂ ਕਾਫੀ ਗਿਣਤੀ ਵਿਚ ਸ਼ਾਮਲ ਹੁੰਦੀਆਂ ਹਨ ਤੇ ਆਪਣੀਆਂ ਮੰਗਾਂ ਲਈ ਵੀ  ਵੱਖ ਵੱਖ ਵਰਗਾਂ ਨਾਲ ਸਬੰਧਤ ਇਸਤਰੀਆਂ ਜਦੋਜਹਿਦ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। ਪ੍ਰੰਤੂ ਇਹ ਇਕ ਤਲਖ ਹਕੀਕਤ ਹੈ ਕਿ ਵਸੋਂ ਦੇ ਇਸ ਅੱਧੇ ਹਿਸੇ ਵੱਲ, ਜੋ ਆਰਥਿਕ ਨਪੀੜਨ ਦੇ ਨਾਲ ਨਾਲ ਹੋਰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ, ਖੱਬੀ ਲਹਿਰ ਨੇ ਬਣਦਾ ਧਿਆਨ ਨਹੀਂ ਦਿੱਤਾ। ਸਾਡੇ ਨਜ਼ਰੀਏ ਵਿਚ ਜਗੀਰੂ ਤੇ ਮਰਦ ਪ੍ਰਧਾਨ ਸੋਚ ਅਜੇ ਵੀ ਭਾਰੂ ਹੈ। ਇਸੇ ਕਰਕੇ ਸਮੁੱਚੀ ਕਮਿਊਨਿਸਟ ਲਹਿਰ ਤੇ ਲੀਡਰਸ਼ਿਪ ਵਿਚ ਵਸੋਂ ਦੇ ਅਨੁਪਾਤ ਅਨੁਸਾਰ ਔਰਤਾਂ ਦੀ ਸ਼ਮੂਲੀਅਤ ਬਹੁਤ ਹੀ ਨਿਗੂਣੀ ਤੇ ਨਾਕਾਫੀ ਹੈ। ਸਾਡਾ ਔਰਤਾਂ ਪ੍ਰਤੀ ਵਤੀਰਾ ਵੀ ਵਧੇਰੇ ਕਰਕੇ ਕਮਿਊਨਿਸਟ ਕਸਵੱਟੀ ਉਤੇ ਪੂਰਾ ਨਹੀਂ ਉਤਰਦਾ। ਇਸ ਕਮਜ਼ੋਰੀ ਵੱਲ ਬਣਦਾ ਧਿਆਨ ਦੇਣ ਦੀ ਜ਼ਰੂਰਤ ਹੈ। ਨਹੀਂ ਤਾਂ ਅਸੀਂ ਕੁਲ ਕਿਰਤੀ ਵਸੋਂ ਦੇ ਅੱਧੇ ਹਿੱਸੇ ਨਾਲੋਂ ਅਲੱਗ ਥਲੱਗ ਪੈ ਕੇ ਵੱਡਾ ਘਾਟੇਵੰਦਾ ਸੌਦਾ ਕਰ ਰਹੇ ਹੋਵਾਂਗੇ। 

(ਕ) ਭਾਸ਼ਾਈ ਤੇ ਧਾਰਮਿਕ ਘੱਟ ਗਿਣਤੀਆਂ ਦੇ ਹਿੱਤਾਂ ਬਾਰੇ  ਵੀ ਚਿੰਤਾਤੁਰ ਹੋਣ ਦੀ ਜ਼ਰੂਰਤ ਹੈ 
ਬਾਕੀ ਦੇਸ਼ ਵਾਂਗ ਪੰਜਾਬ ਅੰਦਰ ਵੀ ਗੈਰ ਪੰਜਾਬੀ ਵਸੋਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦੂਸਰੇ ਪ੍ਰਾਂਤਾਂ ਤੋਂ ਰੋਟੀ ਰੋਜ਼ੀ ਦੀ ਤਲਾਸ਼ ਵਿਚ ਕਿਰਤੀ ਲੋਕ ਪੰਜਾਬ ਵੱਲ ਵਹੀਰਾਂ ਘੱਤ ਰਹੇ ਹਨ। ਉਹਨਾਂ ਦੀ ਬੋਲੀ, ਧਾਰਮਕ ਆਸਥਾ ਤੇ ਸਭਿਆਚਾਰ ਸਾਡੇ ਤੋਂ ਭਿੰਨ ਹੈ। ਪੰਜਾਬੀ ਵਸੋਂ ਦਾ ਇਕ ਹਿੱਸਾ, ਜੋ ਆਪ ਤਾਂ ਪੰਜਾਬੋਂ ਬਾਹਰ ਘੱਟ ਗਿਣਤੀ ਹੋਣ ਨਾਤੇ ਵਿਸ਼ੇਸ਼ ਅਧਿਕਾਰਾਂ ਤੇ ਸੁਰੱਖਿਆ ਦੀ ਮੰਗ ਕਰਦਾ ਹੈ, ਪ੍ਰੰਤੂ ਆਪ ਪੰਜਾਬ ਵਿਚਲੀਆਂ ਧਾਰਮਿਕ ਤੇ ਸਭਿਆਚਾਰਕ ਘੱਟ ਗਿਣਤੀਆਂ ਤੇ ਗੈਰ ਪੰਜਾਬੀ ਬੋਲਦੇ ਲੋਕਾਂ ਪ੍ਰਤੀ ਬਹੁਤ ਹੀ ਘਟੀਆ ਤੇ ਅਪਮਾਨਜਨਕ ਵਤੀਰਾ ਧਾਰਨ ਕਰੀ ਬੈਠਾ ਹੈ। ਪ੍ਰਾਂਤ ਦੀ ਖੱਬੀ ਲਹਿਰ ਨੇ ਪੰਜਾਬ ਵਿਚਲੀਆਂ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਕਰਨ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ,  ਸਿੱਟੇ ਵਜੋਂ ਇਹ ਜਮਹੂਰੀ ਲਹਿਰ ਦੀ ਵਲਗਣ ਤੋਂ ਬਾਹਰ ਬੈਠੇ ਹਨ। ਜਮਹੂਰੀ ਤੇ ਵਿਗਿਆਨਕ ਸੋਚ ਦੀ ਘਾਟ ਕਾਰਨ ਹੀ ਪੰਜਾਬ ਵਿਚ ਵਸਦੇ ਗੈਰ ਪੰਜਾਬੀ ਅਤੇ ਬਹੁ ਗਿਣਤੀ ਲੋਕਾਂ ਦੁਆਰਾ ਅਪਣਾਏ ਸਿੱਖ ਧਰਮ ਨਾਲੋਂ ਵੱਖਰੇਵਾਂ ਰੱਖਣ ਵਾਲੀਆਂ ਹੋਰ ਧਾਰਮਕ ਸੰਪਰਦਾਵਾਂ ਨਾਲ ਸਬੰਧਤ ਲੋਕ ਅਜੇ ਤੱਕ ਫਿਰਕੂ ਤੇ ਪਿਛਾਖੜੀ ਤੱਤਾਂ ਦੇ ਮਾਰੂ ਪ੍ਰਭਾਵ ਤੋਂ ਮੁਕਤ ਨਹੀਂ ਹੋ ਰਹੇ। ਇਹ ਜ਼ਿੰਮੇਵਾਰੀ ਖੱਬੀ ਲਹਿਰ ਸਿਰ ਬੱਝਦੀ ਹੈ ਕਿ ਉਹ ਧਰਮ ਨਿਰਪੱਖਤਾ ਤੇ ਵਿਗਿਆਨਕ ਨਜ਼ਰੀਏ ਉਤੇ ਪਹਿਰਾ ਦਿੰਦੀ ਹੋਈ ਸਮਾਜ ਵਿਚ ਵੱਡੀ ਗਿਣਤੀ ਵਿਚ ਵਸਦੇ ਇਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜੇ। ਇਸ ਘਾਟ ਉਪਰ ਵੀ ਕਾਬੂ ਪਾਉਣ ਦੀ ਲੋੜ ਹੈ। 
ਇਸਤੋਂ ਬਿਨਾਂ ਹੋਰ ਵੀ ਅਨੇਕਾਂ ਰਾਜਨੀਤਕ, ਵਿਚਾਰਧਾਰਕ ਤੇ ਜਥੇਬੰਦਕ ਸਵਾਲ ਹਨ, ਜਿਨ੍ਹਾਂ ਬਾਰੇ ਕਮਿਊਨਿਸਟ ਧਿਰਾਂ ਨੂੰ ਪਿਛਲੀਆਂ ਘਾਟਾਂ ਤੇ ਭਟਕਾਵਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਦੇਸ਼ ਦੇ ਮੌਜੂਦਾ ਹਾਲਾਤ ਖੱਬੀ ਲਹਿਰ ਦੇ ਵਾਧੇ ਲਈ ਬਹੁਤ ਸਾਜ਼ਗਾਰ ਹਨ, ਬੇਸ਼ਰਤ ਕਿ ਖੱਬੀ ਲਹਿਰ ਦੇ ਆਗੂ ਆਪਣੀਆਂ ਪੁਰਾਣੀਆਂ ਕਮਜ਼ੋਰੀਆਂ 'ਤੇ ਕਾਬੂ ਪਾ ਕੇ ਦਰੁਸਤ ਦਿਸ਼ਾ ਤੈਅ ਕਰ ਲੈਣ। 

No comments:

Post a Comment