Monday 5 January 2015

ਰਾਸ਼ਟਰੀ ਝਰੋਖੇ 'ਚੋਂ (ਸੰਗਰਾਮੀ ਲਹਿਰ-ਜਨਵਰੀ 2015)

ਆਸਾਮ : ਦਹਿਸ਼ਤਗਰਦਾਂ ਦਾ ਅਣਮਨੁੱਖੀ ਕਾਰਾ, 81 ਨਿਰਦੋਸ਼ਾਂ ਦਾ ਕਤਲ
ਆਸਾਮ ਦੇ ਕੋਕਰਾਝਾਰ ਜ਼ਿਲ੍ਹੇ 'ਚ ਆਦਿਵਾਸੀ ਬਹੁਗਿਣਤੀ ਵਾਲੇ ਪਿੰਡਾਂ 'ਤੇ 23 ਦਸੰਬਰ ਦੀ ਰਾਤ ਨੂੰ ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਫ ਬੋਡੋਲੈਂਡ (ਸਾਂਗਬਿਜਿਤ) ਦੇ ਦਹਿਸ਼ਤਗਰਦਾਂ ਵਲੋਂ ਕੀਤੇ ਗਏ ਹਮਲੇ 'ਚ 75 ਆਦਿਵਾਸੀ ਮਾਰੇ ਗਏ ਹਨ ਜਿਨ੍ਹਾਂ ਵਿਚ ਨਿੱਕੇ ਨਿੱਕੇ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ। ਜਵਾਬੀ ਕਾਰਵਾਈ 'ਚ ਆਦਿਵਾਸੀਆਂ ਵਲੋਂ ਬੋਡੋ ਲੋਕਾਂ 'ਤੇ ਕੀਤੇ ਗਏ ਹਮਲਿਆਂ 'ਚ 6 ਲੋਕ ਮਾਰੇ ਗਏ ਹਨ। 
ਐਨ.ਡੀ.ਐਫ.ਬੀ.(ਐਸ) ਦੇ ਦਹਿਸ਼ਤਗਰਦਾਂ ਦੇ ਹਮਲੇ ਕਾਰਨ ਪੈਦਾ ਹੋਏ ਹਾਲਾਤ ਨੇ ਲੋਕਾਂ 'ਚ ਅਜਿਹਾ ਸਹਿਮ ਪੈਦਾ ਕੀਤਾ ਹੈ ਕਿ ਬੋਡੋ ਤੇ ਆਦਿਵਾਸੀ ਲੋਕ ਵੱਡੇ ਪੱਧਰ 'ਤੇ ਪਿੰਡਾਂ 'ਚੋਂ ਹਿਜਰਤ ਕਰਨ ਲੱਗ ਪਏ ਹਨ। ਕੋਕਰਾਝਾਰ ਜ਼ਿਲ੍ਹੇ ਦੇ 77 ਰਾਹਤ ਕੈਂਪਾਂ 'ਚ 75 ਹਜ਼ਾਰ ਲੋਕਾਂ ਨੇ ਪਨਾਹ ਲਈ ਹੋਈ ਹੈ। ਚਿਰਾਗ ਜ਼ਿਲ੍ਹੇ  'ਚ 11 ਰਾਹਤ ਕੈਂਪਾਂ ਅੰਦਰ 15 ਹਜ਼ਾਰ ਸ਼ਰਨਾਰਥੀਆਂ ਨੇ, ਸੋਨਿਤਪੁਰ ਜ਼ਿਲ੍ਹੇ ਦੇ 9 ਕੈਂਪਾਂ 'ਚ 10 ਹਜ਼ਾਰ ਅਤੇ ਉਡਲਗਿਰੀ ਦੇ 5 ਰਾਹਤ ਕੈਂਪਾਂ 'ਚ 8 ਹਜ਼ਾਰ ਤੋਂ ਵੱਧ ਲੋਕਾਂ ਨੇ ਪਨਾਹ ਲਈ ਹੋਈ ਹੈ। 
ਕੇਂਦਰ ਨੇ ਅੱਤਵਾਦੀਆਂ ਨਾਲ ਕਿਸੇ ਵੀ ਗੱਲਬਾਤ ਤੋਂ ਇਨਕਾਰ ਕਰਦਿਆਂ ਵੱਡੇ ਪੱਧਰ 'ਤੇ ਫੌਜ ਤਾਇਨਾਤ ਕਰ ਦਿੱਤੀ ਹੈ। ਐਨ.ਡੀ.ਐਫ.ਬੀ.(ਐਸ) ਦੇ ਅੱਤਵਾਦੀਆਂ ਦੀ ਭਾਲ ਲਈ 9  ਹਜ਼ਾਰ ਫੌਜੀ ਜਵਾਨ ਲਾ ਦਿੱਤੇ ਗਏ ਹਨ ਅਤੇ ਫੌਜ ਇਸ ਕਾਰਵਾਈ ਲਈ ਹੈਲੀਕਾਪਟਰਾਂ ਦੀ ਵਰਤੋਂ ਵੀ ਕਰ ਰਹੀ ਹੈ। 
ਐਨ.ਡੀ.ਐਫ.ਬੀ.(ਐਸ) ਇਕ ਵੱਖਵਾਦੀ ਦਹਿਸ਼ਤਗਰਦ ਗਰੁੱਪ ਹੈ ਜੋ ਅਸਾਮ 'ਚ ਇਕ ਵੱਖਰੇ ਬੋਡੋਲੈਂਡ ਲਈ ਹਥਿਆਰਬੰਦ ਅੰਦੋਲਨ ਚਲਾ ਰਿਹਾ ਹੈ। ਇਹ ਵੱਖਵਾਦੀ ਅੰਦੋਲਨ 1986 'ਚ ਬੋਡੋ ਸਕਿਊਰਟੀ ਫੋਰਸ ਨਾਂਅ ਦੇ ਅੱਤਵਾਦੀ ਗਰੁੱਪ ਦੀ ਸਥਾਪਨਾ ਨਾਲ ਸ਼ੁਰੂ ਹੋਇਆ ਸੀ ਤੇ ਇਸ ਦਾ ਮੌਜੂਦਾ ਨਾਂਅ 1994 'ਚ ਉਸ ਵੇਲੇ ਸਾਹਮਣੇ ਆਇਆ ਸੀ ਜਦ ਇਸ ਧੜ੍ਹੇ ਨੇ ਏਬੀਐਸਯੂ ਤੇ ਬੀਪੀਏਸੀ ਅਤੇ ਭਾਰਤ ਸਰਕਾਰ ਵਿਚਕਾਰ ਹੋਏ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ। ਇਹ ਗਰੁੱਪ ਸੁਰੱਖਿਆ ਬਲਾਂ ਦੇ ਨਾਲ ਨਾਲ ਗੈਰ ਬੋਡੋ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਉਂਦਾ ਤੁਰਿਆ ਆ ਰਿਹਾ ਹੈ। ਸੰਥਾਲ, ਮੁੰਡਾ ਤੇ ਓਰਾਓਂ ਆਦਿਵਾਸੀ (ਕਬਾਇਲੀ) ਲੋਕ, ਜਿਨ੍ਹਾਂ ਦੇ ਪੁਰਖਿਆਂ ਨੂੰ ਬਰਤਾਨਵੀ ਰਾਜ ਦੌਰਾਨ ਚਾਹ ਬਾਗਾਂ 'ਚ ਕੰਮ ਕਰਨ ਲਈ ਲਿਆਂਦਾ ਗਿਆ ਸੀ, ਇਸ ਦੇ ਖਾਸ ਨਿਸ਼ਾਨੇ 'ਤੇ ਹਨ। ਇਹ ਦਹਿਸ਼ਤਗਰਦ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਆਸਾਮ ਦੇ ਨਾਲ ਲੱਗਦੇ ਭੂਟਾਨ ਜਾ ਵੜਦੇ ਹਨ। 
ਰਾਜਸੀ ਨਿਸ਼ਾਨਿਆਂ ਦੀ ਪੂਰਤੀ ਲਈ ਹਥਿਆਰਬੰਦ ਅੰਦੋਲਨ ਸਮੇਂ ਸਮੇਂ 'ਤੇ ਹੁੰਦੇ ਆਏ ਹਨ। ਇਸ ਪ੍ਰਕਾਰ ਦੇ ਅੰਦੋਲਨਾਂ ਦੀ ਵਾਜਬੀਅਤ ਇਕ ਬਹਿਸ ਦਾ ਮੁੱਦਾ ਤਾਂ ਹੋ ਸਕਦੀ ਹੈ ਪਰ ਇਨ੍ਹਾਂ ਮਨੋਰਥਾਂ ਦੀ ਪੂਰਤੀ ਲਈ ਭੋਲੇ ਭਾਲੇ ਲੋਕਾਂ ਦੇ ਕਤਲੇਆਮ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਤੋਂ ਵੱਧ ਨੀਚਤਾ ਕੀ ਹੋ ਸਕਦੀ ਹੈ ਕਿ ਇਕ ਸੱਤ ਸਾਲ ਦੇ ਬੱਚੇ ਨੂੰ ਸੱਤ ਥਾਵਾਂ 'ਤੇ ਗੋਲੀ ਮਾਰੀ ਗਈ। ਇਕ ਜਮਹੂਰੀ ਰਾਜ ਦੌਰਾਨ ਜਾਤ, ਨਸਲ, ਫਿਰਕੇ, ਭਾਸ਼ਾ ਦੇ ਅਧਾਰ 'ਤੇ ਵਿਤਕਰੇ, ਹਿੰਸਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 
ਬੋਡੋ ਸਮੱਸਿਆ ਦੀ ਜੜ੍ਹ ਵਿਕਾਸ ਦੇ ਅਸਾਵੇਂਪਣ 'ਚ ਹੈ। ਸਮੁੱਚੇ ਉਤਰ-ਪੂਰਬੀ ਖਿੱਤੇ ਨੂੰ ਦੇਸ਼ ਦੇ ਹੁਕਮਰਾਨਾਂ ਵਲੋਂ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਉਸ ਖਿਤੇ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਸਮਝਦਿਆਂ ਹੋਇਆਂ ਉਥੋਂ ਦੇ ਕੁਦਰਤੀ ਵਸੀਲਿਆਂ ਦੀ ਸੁਯੋਗ ਵਰਤੋਂ ਰਾਹੀਂ ਕੀਤਾ ਗਿਆ ਵਿਕਾਸ ਹੀ ਅਜਿਹੇ ਵੱਖਵਾਦੀ ਰੁਝਾਨਾਂ ਨੂੰ ਖਤਮ ਕਰ ਸਕਦਾ ਹੈ, ਫੌਜ ਦੀ ਵਰਤੋਂ ਕਰਕੇ ਨਹੀਂ। ਫੌਜ ਦੀ ਵਰਤੋਂ ਜਿਥੇ ਵੀ ਕੀਤੀ ਗਈ ਹੈ, ਉਸ ਦੇ ਨਤੀਜੇ ਚੰਗੇ ਨਹੀਂ ਰਹੇ। ਇਸ ਗੱਲ ਦੀ ਕੀ ਗਰੰਟੀ ਹੈ ਕਿ ਫੌਜ ਐਨ.ਡੀ.ਐਫ.ਬੀ.(ਐਸ) ਦੇ ਅੱਤਵਾਦੀਆਂ ਵਿਰੁੱਧ ਹੀ ਕਾਰਵਾਈ ਕਰੇਗੀ? ਅਜਿਹੀਆਂ ਕਾਰਵਾਈਆਂ ਲਈ ਅਕਸਰ ਹਥਿਆਰਬੰਦ ਬਲਾਂ ਲਈ ਵਿਸ਼ੇਸ਼ ਸ਼ਕਤੀਆਂ ਵਾਲੇ ਕਾਨੂੰਨ (ਆਫਸਪਾ) ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿਰੁੱਧ ਇਥੋਂ ਦੇ ਲੋਕਾਂ 'ਚ ਬਹੁਤ ਰੋਸ ਹੈ। ਮਨੀਪੁਰ ਦੀ ਈਰੋਮ ਸ਼ਰਮੀਲਾ ਇਸ ਲੋਕ ਰੋਹ ਦੀ ਪ੍ਰਤੀਕ ਬਣ ਚੁੱਕੀ ਹੈ। 
ਇਸ ਲਈ, ਜਿਥੇ ਬੋਡੋ ਦਹਿਸ਼ਤਗਰਦਾਂ ਵਲੋਂ ਮਾਸੂਮ ਲੋਕਾਂ ਦੇ ਕੀਤੇ ਗਏ ਕਤਲੇਆਮ ਦੀ ਸਖਤ ਤੋਂ ਸਖਤ ਲਫ਼ਜ਼ਾਂ 'ਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ, ਉਥੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵਸਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੇ ਮੱਦੇਨਜ਼ਰ ਵਿਕਾਸ ਕਾਰਜ ਕਰਨ ਦੀ ਥਾਂ ਹਥਿਆਰਬੰਦ ਬਲਾਂ ਦੀ ਵਰਤੋਂ ਕਰਕੇ ਅਜਿਹੇ ਅੰਦੋਲਨਾਂ ਨਾਲ ਨਜਿੱਠਣ ਦੀ ਨੀਤੀ ਦੀ ਵੀ ਨਿੰਦਾ ਕਰਨੀ ਬਣਦੀ ਹੈ। 


ਵਿਧਾਨ ਸਭਾ ਚੋਣ ਨਤੀਜੇ

ਝਾਰਖੰਡ (ਕੁੱਲ ਸੀਟਾਂ 81)

ਬੀ.ਜੇ.ਪੀ.   -        37
ਆਲ ਝਾਰਖੰਡ ਸਟੁਡੈਂਟਸ ਯੂਨੀਅਨ - 5
ਝਾਰਖੰਡ ਮੁਕਤੀ ਮੋਰਚਾ -       19
ਇੰਡੀਅਨ ਨੈਸ਼ਨਲ ਕਾਂਗਰਸ - 6
ਝਾਰਖੰਡ ਵਿਕਾਸ ਮੋਰਚਾ - 8
ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ 1
ਬਹੁਜਨ ਸਮਾਜ ਪਾਰਟੀ -         1
ਮਾਰਕਸਿਸਟ ਕੋਆਰਡੀਨੇਸ਼ਨ 1
ਹੋਰ ਤੇ ਆਜ਼ਾਦ             3


ਜੰਮੂ-ਕਸ਼ਮੀਰ (ਕੁਲ ਸੀਟਾਂ 87)
ਪੀ.ਡੀ.ਪੀ.               28
ਬੀ.ਜੇ.ਪੀ.       25
ਨੈਸ਼ਨਲ ਕਾਨਫਰੰਸ       15
ਕਾਂਗਰਸ       12
ਸੀ.ਪੀ.ਆਈ.(ਐਮ)         1
ਪੀਪਲਜ ਕਾਨਫਰੰਸ         2
ਪੀ.ਡੀ.ਐਫ.(ਐਸ) 1
ਆਜ਼ਾਦ         3 

No comments:

Post a Comment