Monday 5 January 2015

ਚਾਰ ਖੱਬੀਆਂ ਪਾਰਟੀਆਂ ਦੀ ਮੀਟਿੰਗ ਦੇ ਫੈਸਲੇ

ਸਾਂਝੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ
ਬਜਟ ਸੈਸ਼ਨ ਦੌਰਾਨ ਅਸੈਂਬਲੀ ਵੱਲ ਹੋਵੇਗਾ ਵਿਸ਼ਾਲ ਜਨਤਕ ਮਾਰਚ
ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ - ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਐਮ.ਪੰਜਾਬ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸੂਬਾਈ ਆਗੂਆਂ ਦੀ ਮੀਟਿੰਗ 19 ਦਸੰਬਰ ਨੂੰ ਚੰਡੀਗੜ੍ਹ ਵਿਖੇ ਸੀ.ਪੀ.ਆਈ.ਦੇ ਦਫਤਰ  ਅਜੈ ਭਵਨ ਵਿਚ ਕਾਮਰੇਡ ਬੰਤ ਸਿਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸੀ.ਪੀ.ਆਈ. ਵਲੋਂ ਕਾਮਰੇਡ ਬੰਤ ਬਰਾੜ ਤੋਂ ਇਲਾਵਾ ਕਾਮਰੇਡ ਭੁਪਿੰਦਰ ਸਾਂਭਰ ਨੇ, ਸੀ.ਪੀ.ਆਈ. (ਐਮ) ਵਲੋਂ ਕਾਮਰੇਡ ਚਰਨ ਸਿੰਘ ਵਿਰਦੀ ਅਤੇ ਕਾਮਰੇਡ ਰਣਬੀਰ ਸਿੰਘ ਵਿਰਕ ਨੇ, ਸੀ.ਪੀ.ਐਮ.ਪੰਜਾਬ ਵਲੋਂ ਸਰਵਸਾਥੀ ਮੰਗਤ ਰਾਮ ਪਾਸਲਾ, ਕੁਲਵੰਤ ਸਿੰਘ ਸੰਧੂ, ਗੁਰਨਾਮ ਸਿੰਘ ਦਾਊਦ ਅਤੇ ਹਰਕੰਵਲ ਸਿੰਘ ਨੇ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਸਰਵਸਾਥੀ ਗੁਰਮੀਤ ਸਿੰਘ ਬਖਤਪੁਰ, ਰਾਜਵਿੰਦਰ ਸਿੰਘ ਰਾਣਾ ਅਤੇ ਰੁਲਦੂ ਸਿੰਘ ਮਾਨਸਾ ਨੇ ਸ਼ਮੂਲੀਅਤ ਕੀਤੀ। ਇਸ ਸਾਂਝੀ ਮੀਟਿੰਗ ਵਿਚ ਨਿਮਨ ਲਿਖਤ ਅਨੁਸਾਰ ਫੈਸਲੇ ਕੀਤੇ ਗਏ। 
1. ਚੌਹਾਂ ਪਾਰਟੀਆਂ ਵਲੋਂ 28 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਗਈ ਇਤਿਹਾਸਕ ਚਿਤਾਵਨੀ ਰੈਲੀ ਵਿਚ ਕਿਰਤੀ ਲੋਕਾਂ ਦੀ ਲਾਮਿਸਾਲ ਸ਼ਮੂਲੀਅਤ ਉਪਰ ਡੂੰਘੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੀਟਿੰਗ ਨੇ ਇਸ ਸਾਂਝੇ ਸੰਘਰਸ਼ ਨੂੰ ਹੋਰ ਵਧੇਰੇ ਵਿਸ਼ਾਲ ਤੇ ਤਿੱਖਾ ਕਰਨ ਅਤੇ ਜਨਤਕ ਲਾਮਬੰਦੀ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ। ਇਸ ਮੰਤਵ ਲਈ ਅਗਲੇ ਦੋ ਮਹੀਨਿਆਂ ਦੌਰਾਨ ਇਸ ਘੋਲ ਦਾ ਸੁਨੇਹਾ ਨਵੇਂ ਖੇਤਰਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਲੋਕ ਲਾਮਬੰਦੀ ਦੇ ਇਸ ਪੜ੍ਹਾਅ ਦੇ ਸਿਖਰ 'ਤੇ ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। 
ਇਸ ਸ਼ਕਤੀਸ਼ਾਲੀ ਜਨਤਕ ਐਕਸ਼ਨ ਦੀ ਤਿਆਰੀ ਲਈ ਪਹਿਲੀ ਤੋਂ 20 ਫਰਵਰੀ ਤੱਕ ਸਾਰੇ ਪ੍ਰਾਂਤ ਅੰਦਰ ਵਿਸ਼ਾਲ ਰਾਜਨੀਤਕ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ ਜਨਤਕ ਲਾਮਬੰਦੀ ਨੂੰ ਹੋਰ ਸਾਰੇ ਢੰਗਾਂ ਰਾਹੀਂ ਵੀ ਵਧਾਇਆ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਹਰ ਤਹਿਸੀਲ ਵਿਚ ਘੱਟ ਤੋਂ ਘੱਟ ਇਕ ਥਾਂ (ਪਿੰਡ ਜਾਂ ਕਸਬੇ ਵਿਚ) ਇਹ ਭਰਵੀਂ ਕਾਨਫਰੰਸ ਲਾਜ਼ਮੀ ਕੀਤੀ ਜਾਵੇਗੀ, ਜਿਸ ਵਿਚ ਘੱਟ ਤੋਂ ਘੱਟ 1000 ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। 
ਇਸ ਸਮੁੱਚੇ ਪ੍ਰੋਗਰਾਮ ਦੀ ਜ਼ਿਲ੍ਹਾ ਪੱਧਰ 'ਤੇ ਰੂਪ ਰੇਖਾ ਉਲੀਕਣ ਵਾਸਤੇ ਸਾਰੇ ਜਿਲ੍ਹਿਆਂ ਅੰਦਰ 20-21 ਜਨਵਰੀ ਨੂੰ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਵਿਆਪਕ ਪੱਧਰ 'ਤੇ ਕੀਤੀ ਜਾਣ ਵਾਲੀ ਇਸ ਤਿਆਰੀ ਦਾ ਜਾਇਜ਼ਾ ਲੈਣ ਲਈ ਸੂਬਾਈ ਆਗੂਆਂ ਦੀ ਅਗਲੀ ਮੀਟਿੰਗ 30 ਜਨਵਰੀ ਨੂੰ ਸੀ.ਪੀ.ਐਮ.ਪੰਜਾਬ ਦੇ ਜਲੰਧਰ ਦਫਤਰ ਵਿਚ ਹੋਵੇਗੀ। 
ਇਹ ਵੀ ਫੈਸਲਾ ਕੀਤਾ ਗਿਆ ਕਿ ਸਾਂਝੇ ਮੰਗ ਪੱਤਰ ਵਿਚ ਦਰਜ ਮੰਗਾਂ ਦੇ ਨਿਪਟਾਰੇ ਲਈ ਮੁੱਖ ਮੰਤਰੀ ਪੰਜਾਬ ਨੂੰ ਇਕ ਡੈਪੂਟੇਸ਼ਨ ਦੇ ਰੂਪ ਵਿਚ ਮਿਲਿਆ ਜਾਵੇ। ਇਸ ਮੰਤਵ ਲਈ ਜਨਵਰੀ 2015 ਦੇ ਪਹਿਲੇ ਹਫ਼ਤੇ ਵਿਚ ਢੁਕਵਾਂ ਸਮਾਂ ਦੇਣ ਵਾਸਤੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਜਾਵੇਗਾ। 
2. ਇਹ ਫੈਸਲਾ ਵੀ ਕੀਤਾ ਗਿਆ ਕਿ ਮਜ਼ਦੂਰਾਂ, ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ, ਔਰਤਾਂ ਤੇ ਹੋਰ ਕਿਰਤੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਸੰਘਰਸ਼ ਨੂੰ ਤਿੱਖਾ ਕਰਨ ਦੇ ਨਾਲ ਨਾਲ ਦੇਸ਼ ਅੰਦਰ ਫੈਡਰਲ ਢਾਂਚੇ ਨੂੰ ਮਜ਼ਬੂਤ ਬਨਾਉਣ ਵਾਸਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਅਤੇ ਪੰਜਾਬ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਜਿਵੇਂ ਕਿ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਸ਼ਾਮਲ ਕਰਨ, ਪੰਜਾਬ ਦੇ ਦਰਿਆਈ ਪਾਣੀਆਂ ਦੀ ਨਿਆਈਂ ਵੰਡ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਸ਼ਾਸਨ ਤੇ ਸਿੱਖਿਆ ਪ੍ਰਣਾਲੀ ਵਿਚ ਬਣਦਾ ਸਥਾਨ ਦੇਣ ਆਦਿ ਦੇ ਮੁੱਦੇ ਵੀ ਇਸ ਸਾਂਝੇ ਸੰਘਰਸ਼ ਵਿਚ ਸ਼ਾਮਲ ਕੀਤੇ ਜਾਣ। ਇਸ ਤਰ੍ਹਾਂ, ਇਸ ਸਮੁੱਚੀ ਮੰਗ ਨੂੰ ਸਾਂਝੇ ਮੰਗ ਪੱਤਰ ਦੀ 15ਵੀਂ ਮੰਗ ਵਜੋਂ ਸ਼ਾਮਲ ਕੀਤਾ ਗਿਆ। 
3. ਮੀਟਿੰਗ ਨੇ ਸੰਘ ਪਰਿਵਾਰ ਦੇ ਆਗੂਆਂ ਵਲੋਂ ਧਾਰਮਿਕ ਮਸਲਿਆਂ ਨੂੰ ਫਿਰਕੂ ਰੰਗ ਦੇਣ ਅਤੇ ''ਘਰ ਵਾਪਸੀ'' ਦੇ ਨਾਂਅ 'ਤੇ ਧਰਮ ਪਰਿਵਰਤਨ ਵਰਗੇ ਭੜਕਾਊ ਮੁੱਦੇ ਉਭਾਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਮੀਟਿੰਗ ਨੇ ਨੋਟ ਕੀਤਾ ਕਿ ਗਰੀਬ ਲੋਕਾਂ ਦੀਆਂ ਮਹਿੰਗਾਈ ਤੇ ਬੇਰੁਜ਼ਗਾਰੀ ਵਰਗੀਆਂ ਬੁਨਿਆਦੀ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਵਾਸਤੇ ਕੇਂਦਰੀ ਤੇ ਸੂਬਾਈ ਹਾਕਮ ਅਜੇਹੇ ਫਿਰਕੂ ਮੁੱਦੇ ਯੋਜਨਾਬੱਧ ਢੰਗ ਨਾਲ ਉਭਾਰਦੇ ਆ ਰਹੇ ਹਨ। ਹੁਣ ਸੰਘ ਪਰਿਵਾਰ ਧਰਮ ਆਧਾਰਤ ਰਾਜ ਸਥਾਪਤ ਕਰਨ ਦੇ ਆਪਣੇ ਪਿਛਾਖੜੀ ਅਜੰਡੇ ਨੂੰ ਅਗਾਂਹ ਵਧਾਉਣ ਲਈ ਫਿਰਕੂ ਫਾਸ਼ੀਵਾਦੀ ਪੁਜੀਸ਼ਨਾਂ ਲੈ ਰਿਹਾ ਹੈ ਅਤੇ ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਨੂੰ ਤਬਾਹ ਕਰਨ 'ਤੇ ਉਤਾਰੂ ਹੈ। ਇਸ ਲਈ ਹਾਕਮਾਂ ਦੀ ਇਸ ਲੋਕ ਮਾਰੂ ਸਾਜਿਸ਼ ਵਿਰੁੱਧ ਕਿਰਤੀ ਜਨਸਮੂਹਾਂ ਨੂੰ ਵਿਚਾਰਧਾਰਕ ਤੇ ਰਾਜਨੀਤਕ ਪੱਖ ਤੋਂ ਜਾਗਰੂਕ ਕਰਨਾ ਵੀ ਚੌਹਾਂ ਪਾਰਟੀਆਂ ਦੇ ਸਾਂਝੇ ਸੰਘਰਸ਼ ਦਾ ਇਕ ਅਹਿਮ ਉਦੇਸ਼ ਬਣਿਆ ਰਹਿਣਾ ਚਾਹੀਦਾ ਹੈ।
4. ਮੀਟਿੰਗ ਨੇ ਪੰਜਾਬ ਅੰਦਰ ਯੂਰੀਆ ਤੇ ਹੋਰ ਖਾਦਾਂ ਦੀ ਹੋ ਰਹੀ ਚੋਰ ਬਾਜ਼ਾਰੀ ਨੂੰ ਰੋਕਣ ਵਿਚ ਅਕਾਲੀ-ਭਾਜਪਾ ਸਰਕਾਰ ਦੀ ਘੋਰ ਅਸਫਲਤਾ ਅਤੇ ਮੁਲਾਜ਼ਮਾਂ, ਵਿਦਿਆਰਥੀਆਂ ਤੇ ਹੋਰ ਸੰਘਰਸ਼ਸ਼ੀਲ ਲੋਕਾਂ ਉਪਰ ਵੱਧਦੇ ਜਾ ਰਹੇ ਪੁਲਸ ਜਬਰ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਲੋਕਾਂ ਦੇ ਹੱਕੀ ਘੋਲਾਂ ਦਾ ਸਮਰਥਨ ਕੀਤਾ। 
5. ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਪ੍ਰਾਂਤ ਅੰਦਰ ਆ ਰਹੀਆਂ ਮਿਊਂਸੀਪਲ ਚੋਣਾਂ ਵਿਚ ਚਾਰੇ ਪਾਰਟੀਆਂ ਮਿਲਕੇ ਦਖਲ ਦੇਣਗੀਆਂ ਅਤੇ ਕਿਸੇ ਬੁਰਜ਼ਵਾ ਪਾਰਟੀ ਨਾਲ ਕੋਈ ਸਿਆਸੀ ਗਠਜੋੜ ਨਹੀਂ ਕੀਤਾ ਜਾਵੇਗਾ। ਹਰ ਥਾਂ ਸ਼ਹਿਰੀ ਵਿਕਾਸ ਅਤੇ ਸਿਵਲ ਸਹੂਲਤਾਂ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਸਾਂਝੇ ਮਨੋਰਥ ਪੱਧਰ ਤਿਆਰ ਕੀਤੇ ਜਾਣਗੇ ਅਤੇ ਇਸ ਸੇਧ ਵਿਚ ਸਥਾਨਕ ਪੱਧਰ ਦੇ ਸਾਫ ਸੁਥਰੇ ਇਮਾਨਦਾਰ ਤੇ ਇਨਸਾਫ ਪਸੰਦ ਅਨਸਰਾਂ ਦਾ ਸਮਰਥਨ ਹਾਸਲ ਕਰਨ ਦੇ ਯਤਨ ਵੀ ਕੀਤੇ ਜਾਣਗੇ। 
6. ਮੀਟਿੰਗ ਦੇ ਆਰੰਭ ਵਿਚ ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਵਿਚ ਦਹਿਸ਼ਤਗਰਦਾਂ ਵਲੋਂ ਆਰਮੀ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਦੇ ਕੀਤੇ ਗਏ ਵਹਿਸ਼ੀਆਨਾ ਕਤਲੇਆਮ ਉਪਰ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਮਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। 

No comments:

Post a Comment