ਇਕ ਮੁਲਾਕਾਤ
ਮੁਲਾਕਾਤੀ : ਮਹੀਪਾਲ
ਗੋਬਿੰਦਪੁਰਾ (ਜ਼ਿਲ੍ਹਾ ਮਾਨਸਾ) ਵਿਖੇ ਇਕ ਪ੍ਰਾਈਵੇਟ ਕੰਪਨੀ ਵਲੋਂ ਲਾਏ ਜਾਣ ਵਾਲੇ ਥਰਮਲ ਪਾਵਰ ਪ੍ਰਾਜੈਕਟ ਲਈ ਕਿਸਾਨਾਂ ਦੀ ਉਪਜਾਊ ਜ਼ਮੀਨ ਜਬਰੀ ਅਕੁਆਇਰ ਕੀਤੀ ਜਾਣ ਕਾਰਨ ਪੰਜਾਬ ਸਰਕਾਰ ਖਿਲਾਫ ਅੰਦੋਲਨ ਜੋਰਾਂ ਸ਼ੋਰਾਂ 'ਤੇ ਚਲ ਰਿਹਾ ਸੀ। ਮਜ਼ਦੂਰ-ਕਿਸਾਨ ਜਥੇਬੰਦੀਆਂ ਨੇ ਮਾਨਸਾ ਵਿਖੇ ਪੱਕਾ ਮੋਰਚਾ ਲਾਇਆ ਹੋਇਆ ਸੀ। ਇਕ ਦਿਨ ਸਵਖਤੇ ਜਦੋਂ ਬਹੁਗਿਣਤੀ ਅੰਦੋਲਨਕਾਰੀ ਜੰਗਲ ਪਾਣੀ ਨੂੰ ਗਏ ਹੋਏ ਸਨ ਤਾਂ ਟੈਂਟ ਵਿਚ ਬੈਠੇ ਮੁੱਠੀ ਭਰ ਕਾਰਕੁੰਨਾਂ 'ਤੇ ਵੱਡੀ ਗਿਣਤੀ ਪੁਲਸ ਟੁੱਟ ਕੇ ਪੈ ਗਈ ਅਤੇ ਬੇਤਹਾਸ਼ਾ ਲਾਠੀਚਾਰਜ ਕਰਦੀ ਹੋਈ ਲੰਗਰ ਦਾ ਰਾਸ਼ਨ, ਭਾਂਡੇ, ਬਾਲਣ ਆਦਿ ਚੁੱਕ ਕੇ ਲੈ ਗਈ। ਨਾਲ ਹੀ ਟੈਂਟ ਵੀ ਪੁੱਟ ਸੁੱਟਿਆ। ਇਸ ਪੁਲਸ ਜਬਰ ਮੁਹਰੇ ਚੱਟਾਨ ਵਾਂਗ ਅਡੋਲ ਖੜ੍ਹਾ ਇਕ 80-85 ਸਾਲਾ ਕਿਸਾਨ ਪੁਲਸ ਅਤੇ ਜਾਬਰ ਸਰਕਾਰਾਂ ਵਿਰੁੱਧ ਆਪਣਾ ਵੱਡੇ ਅਕਾਰ ਦਾ ਲਾਲ ਝੰਡਾ ਲਹਿਰਾ-ਲਹਿਰਾ ਕੇ ਜ਼ੋਰਦਾਰ ਨਾਅਰੇਬਾਜ਼ੀ ਕਰ ਰਿਹਾ ਸੀ। ਛੋਟੀ ਕੱਦਕਾਠੀ ਪਰ ਚਮਕਦੀਆਂ ਵਿਸ਼ਵਾਸ਼ ਭਰਪੂਰ ਅੱਖਾਂ ਵਾਲੇ ਇਸ ਸਾਥੀ ਨੇ ਵਰ੍ਹਦੀਆਂ ਡਾਗਾਂ ਦੀ ਪ੍ਰਵਾਹ ਕੀਤੇ ਬਿਨਾਂ, ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਤੋਂ ਖਿੱਝ ਕੇ ਇਕ ਪੁਲਸ ਅਧਿਕਾਰੀ ਨੇ ਚੀਕ ਕੇ ਆਪਣੇ ਮਾਤਿਹਤਾ ਨੂੰ ਕਿਹਾ ''ਉਏ ਭੈਣਦਿਓ....... ਪਹਿਲਾਂ ਇਸ ਬੁੜ੍ਹੇ ਨੂੰ ਕਾਬੂ ਕਰੋ।'' ਦੇਖਦਿਆਂ ਹੀ ਦੇਖਦਿਆਂ ਦਰਜਨਾਂ ਪੁਲਸ ਕਰਮੀਆਂ ਨੇ ਬਾਬੇ ਨੂੰ ਜਕੜ ਲਿਆ ਕਿਸੇ ਨੇ ਉਸ ਦਾ ਲਹਿਰਾਉਂਦਾ ਝੰਡਾ ਖੋਹ ਲਿਆ। ਬਾਬੇ ਦੀਆਂ ਜੁਤੀਆਂ ਥਾਏਂ ਰਹਿ ਗਈਆਂ। ਲਾਠੀਚਾਰਜ ਕਾਰਨ ਵੱਡੀਆਂ ਸੱਟਾਂ ਕਾਰਨ ਬਾਬੇ ਨੂੰ ਹਿਰਾਸਤ ਅਧੀਨ ਸਿਵਲ ਹਸਪਤਾਲ ਜਾ ਦਾਖਲ ਕਰਾਇਆ। ਲਾਠੀਚਾਰਜ ਅਤੇ ਟੈਂਟ ਉਖਾੜੇ ਜਾਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਥੋੜ੍ਹੇ ਜਿਹੇ ਚਿਰ ਪਿਛੋਂ ਹੀ ਉਥੇ ਲਾਮਿਸਾਲ ਇਕੱਠ ਹੋ ਗਿਆ ਅਤੇ ਧਰਨਾ ਦੋਬਾਰਾ ਲੱਗ ਗਿਆ। ਪ੍ਰਸ਼ਾਸਨ ਝੁਕ ਗਿਆ; ਗੱਲਬਾਤ ਦਾ ਸਮਾਂ ਤੈਅ ਹੋ ਗਿਆ ਅਤੇ ਧਰਨਾ ਥੋੜੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ, ਘਰ ਜਾਣ ਵੇਲੇ ਡਾਗਾਂ ਦਾ ਭੰਨਿਆ ਪਰ ਜਿੱਤ ਦੀ ਖੁਸ਼ੀ ਵਿਚ ਖੀਵਾ ਹੋਇਆ ਬਾਬਾ ਕਾਮਰੇਡ ਲਾਲ ਚੰਦ ਸਰਦੂਲਗੜ੍ਹ ਨੂੰ ਕਹਿਣ ਲੱਗਿਆ, ''ਲਾਲ ਚੰਦਾ ਮੈਂ ਨੰਗੇ ਪੈਰੀਂ ਪਿੰਡ ਜਾਂ ਵੜੂੰ ਪਰ ਮੋਢੇ 'ਤੇ ਲਾਲ ਝੰਡਾ ਲਏ ਬਿਨਾਂ ਨ੍ਹੀਂ ਮੈਥੋਂ ਪੁਲਾਂਘ ਪੁੱਟੀ ਜਾਣੀ।'' ਕਿਰਤੀਆਂ ਦੀ ਬੰਦਖਲਾਸੀ ਦੇ ਪ੍ਰਤੀਕ ਲਾਲ ਝੰਡੇ ਨੂੰ ਜਾਨ ਤੋਂ ਵੱਧ ਪਿਆਰ ਕਰਨ ਵਾਲਾ ਇਹ ਬਾਬਾ ਕੋਈ ਹੋਰ ਨਹੀਂ, ਅਨੇਕਾਂ ਕਮਿਊਨਿਸਟ ਕਾਰਕੁੰਨਾਂ ਲਈ ਪ੍ਰੇਰਣਾ ਸਰੋਤ ਕਾਮਰੇਡ ਤੇਜਾ ਸਿੰਘ ਬੇਨੜਾ (ਨੇੜੇ ਧੂਰੀ, ਜ਼ਿਲ੍ਹਾ ਸੰਗਰੂਰ) ਹੈ। ਇਸ ਸਮਰਪਿਤ ਕਮਿਊਨਿਸਟ ਆਗੂ ਦੇ ਪ੍ਰੇਰਣਾਮਈ ਜੀਵਨ ਸੰਘਰਸ਼ ਦੀਆਂ ਉਘੜਵੀਆਂ ਮਿਸਾਲਾਂ ਇਕ ਇੰਟਰਵਿਊ ਦੇ ਰੂਪ ਵਿਚ 'ਸੰਗਰਾਮੀ ਲਹਿਰ' ਦੇ ਪਾਠਕਾਂ ਨਾਲ ਸਾਂਝਾ ਕਰਨ ਲਈ ਜਦ ਮੈਂ ਉਨ੍ਹਾਂ ਦੇ ਘਰ ਪੁੱਜਾ ਤਾਂ ਮੇਰੀ ਹੈਰਾਨੀ ਭਰਪੂਰ ਖੁਸ਼ੀ ਦੀ ਹੱਦ ਹੀ ਨਾ ਰਹੀ। ਕਾਮਰੇਡ ਜੀ ਦੀ ਬੈਠਕ ਵਿਚ ਜਿਥੇ ਵੱਖੋ-ਵੱਖ ਫਰੰਟਾਂ ਦੇ ਸੈਂਕੜੇ ਝੰਡੇ ਅਤੇ ਦਰਜ਼ਨਾਂ ਬੈਨਰ ਸਜਾ ਕੇ ਰੱਖੇ ਹੋਏ ਸਨ ਉਥੇ ਪੋਸਟਰ ਲਾਉਣ ਲਈ ਦੋ ਛੋਟੇ ਅਕਾਰ ਦੀਆਂ ਪੌੜੀਆਂ ਵੀ ਪਈਆਂ ਸਨ ਜਿਨ੍ਹਾਂ 'ਚੋਂ ਇਕ ਲੋਹੇ ਦੀ ਪੌੜੀ ਨੂੰ ਕਾਮਰੇਡ ਜੀ ਨੇ ਬੜੇ ਹੀ ਸ਼ੌਂਕ ਨਾਲ ਲਾਲ ਰੰਗ ਵੀ ਕੀਤਾ ਹੋਇਆ ਹੈ। ਇੰਨਾਂ ਹੀ ਨਹੀਂ ਸਾਲਾਂ ਪੁਰਾਣੀਆਂ ਫੰਡ ਅਤੇ ਲੈਵੀ ਦੀਆਂ ਰਸੀਦਾਂ ਵਾਲੀ ਸਲੀਕੇਦਾਰ ਫਾਈਲ, ਰੋਜ਼ਾਨਾ ਦੀਆਂ ਸਰਗਰਮੀਆਂ ਦੀ ਆਪਣੀ ਪੋਤ ਨੂੰਹ ਦੀ ਮਦਦ ਨਾਲ ਤਿਆਰੀ ਕੀਤੀ ਹੋਈ ਡਾਇਰੀ ਅਤੇ ਰੀਕਾਰਡ ਦੇ ਤੌਰ 'ਤੇ ਹਰ ਐਕਸ਼ਨ ਦੇ ਪੋਸਟਰਾਂ ਅਤੇ ਪ੍ਰਚਾਰ ਸਮੱਗਰੀ ਦੀ ਇਕ ਇਕ ਕਾਪੀ ਵੀ ਸਾਂਭੀ ਹੋਈ ਹੈ। ਸਾਲਾਂ ਤੋਂ ਪਿੰਡ 'ਚੋਂ ਇਕੱਤਰ ਕੀਤੇ ਫੰਡ ਅਤੇ ਖਰਚ ਆਦਿ ਦਾ ਵੇਰਵਾ ਵੀ ਨਵਵਿਆਹੀ ਦੇ ਦਾਜ ਵਾਂਗੂੰ ਸਾਂਭਿਆ ਪਿਆ ਹੈ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਸੰਖੇਪ ਅੰਸ਼ :
ਸਵਾਲ : ਕਾਮਰੇਡ ਜੀ ਆਪਣੀ ਉਮਰ ਬਾਰੇ ਕੁੱਝ ਦੱਸੋ?
ਜਵਾਬ : ਸਾਥੀਆ ਪੱਕੀ ਤਰੀਕ-ਤੁਰੀਕ ਤਾਂ ਨ੍ਹੀ ਪਤਾ। 1947 ਦੀ ਵੱਢਾਟੁੱਕੀ ਵੇਲੇ ਮੈਂ 16 ਕੁ ਸਾਲਾਂ ਦਾ ਸੀ ਇਸ ਹਿਸਾਬ ਨਾਲ 83-84 ਸਾਲ ਬਣਦੀ ਹੈ।
ਸਵਾਲ : ਤੁਸੀਂ ਕਮਿਊਨਿਸਟ ਪਾਰਟੀ ਨਾਲ ਕਦੋਂ ਜੁੜੇ?
ਜਵਾਬ : ਸਾਡੇ ਪਿੰਡ ਕਾਮਰੇਡ ਨਿਰਭੈ ਸਿੰਘ ਧੰਦੀਵਾਲ ਦੇ ਸਹੁਰੇ ਸਨ ਉਹ ਇੱਥੇ ਹੀ ਰਹਿੰਦਾ ਸੀ, ਉਸ ਦੇ ਨਾਲ ਕਈ ਸਾਲ ਪਾਰਟੀ ਦੀਆਂ ਮੀਟਿੰਗਾਂ ਜਲਸਿਆਂ ਤੇ ਹੋਰ ਪ੍ਰੋਗਰਾਮਾਂ 'ਚ ਜਾਂਦਾ ਰਿਹਾ ਫਿਰ ਉਸੇ ਦੀ ਸਿਫਾਰਸ਼ 'ਤੇ 1954 'ਚ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਿਆ, ਫਿਰ ਚੱਲ ਸੋ ਚੱਲ ਸੱਠ ਸਾਲ ਹੋ ਗਏ।
ਸਵਾਲ : ਕਮਿਊਨਿਸਟ ਬਨਣ ਲਈ ਕਿਸ ਤੋਂ ਜ਼ਿਆਦਾ ਪ੍ਰਭਾਵਿਤ ਹੋਏ?
ਜਵਾਬ : ਮੁੱਢਲੀ ਜਾਣਕਾਰੀ ਤਾਂ ਕਾਮਰੇਡ ਨਿਰਭੈ ਨੇ ਹੀ ਦਿੱਤੀ। ਪਿਛੋਂ ਕਾਮਰੇਡ ਹਰਨਾਮ ਸਿੰਘ ਚਮਕ, ਮੱਲ ਸਿੰਘ ਦੁੱਗਾਂ, ਹਰਦਿੱਤ ਸਿੰਘ ਭੱਠਲ, ਵਿਦਿਆ ਦੇਵ ਲੌਂਗੋਵਾਲ ਆਦਿ ਦਾ ਵੀ ਬਹੁਤ ਅਸਰ ਪਿਆ।
ਸਵਾਲ : ਕਾਮਰੇਡ ਜੀ ਪੜ੍ਹੇ ਲਿਖੇ ਕਿੰਨੇ ਹੋ?
ਜਵਾਬ : ਸਕੂਲ-ਸਕਾਲ ਤਾਂ ਇਕ ਦਿਨ ਨ੍ਹੀਂ ਗਿਆ। ਪਾਰਟੀ ਮੀਟਿੰਗਾਂ-ਸਕੂਲਾਂ-ਐਜੀਟੇਸ਼ਨਾਂ, ਆਗੂਆਂ ਦੇ ਭਾਸ਼ਣਾਂ ਤੋਂ ਬਹੁਤ ਕੁੱਝ ਸਿੱਖਿਆ। 27 ਸਾਲ ਮੈਂਬਰ (ਪੰਚ) ਰਿਹਾ ਬਾਕੀ ਜੇਲ੍ਹਾਂ 'ਚ ਬਹੁਤ ਗਿਆਨ ਮਿਲਿਆ ਵੱਡੇ ਆਗੂਆਂ ਨਾਲ ਰਹਿ ਕੇ।
ਸਵਾਲ : ਕਿੰਨੇ ਵਾਰੀ ਜੇਲ੍ਹ ਗਏ?
ਜਵਾਬ : ਲੰਮੀਆਂ ਕੈਦਾਂ ਪੰਜ ਹਨ। ਊਂਝ ਨਿੱਕੀ ਮੋਟੀਆਂ ਤਾਂ ਯਾਦ ਹੀ ਨਹੀਂ। ਲਾਠੀਚਾਰਜ ਦੀ ਭਾਈ ਕੋਈ ਗਿਣਤੀ ਨ੍ਹੀ। ਸਾਰੇ ਇਕੋ ਜਿਹੇ ਸੀ ਇਕ ਦੂਜੇ ਤੋਂ ਮੂਹਰੇ ਹੋ ਹੋ ਕੇ ਕੁੱਟ ਖਾਂਦੇ।
ਸਵਾਲ : ਕਾਮਰੇਡ ਜੀ ਆਪਣੀਆਂ ਸਰਗਰਮੀਆਂ ਬਾਰੇ ਕੁੱਝ ਦੱਸੋ?
ਜਵਾਬ : ਉਮਰ ਹੋ ਗੀ ਮਹੀਂਪਾਲ ਹੁਣ ਕੰਮ ਥੋੜ੍ਹਾ ਹੁੰਦੈ। (ਥੋੜ੍ਹੇ ਕੰਮ ਦਾ ਵੇਰਵਾ ਵੇਖੋ) 40 ਤਾਂ ਪਰਚੇ ('ਸੰਗਰਾਮੀ ਲਹਿਰ') ਆਉਂਦੈ ਐ। ਸ਼ੈਂਕਲ (ਸਾਇਕਲ) 'ਤੇ ਵੰਡ ਕੇ ਆਉਣਾ ਧੁਰੀ ਤੇ ਬੇਨੜੇ ਆਏ ਮਹੀਨੇ। ਅਜੇ ਤਾਂ ਇਸ਼ਤਿਹਾਰ ਵੀ ਲਾ ਕੇ ਆਉਨਾ। ਐਂਤਕੀ ਲੁਧਿਆਣੇ ਰੈਲੀ ਦੇ ਇਸ਼ਤਿਹਾਰ ਲਾ ਕੇ ਆਇਆ ਧੂਰੀ, ਪੇਧਣੀ, ਰਾਜੋਮਾਜਰਾ, ਬੇਨੜਾ, ਕੱਕੜਵਾਲ, ਘਰਾਟ। ਫੰਡ ਨੂੰ ਵੀ ਸਾਰੇ ਪਿੰਡ ਦਾ ਗੇੜਾ ਲਾਉਣਾ। ਪੋਸਟਰਾਂ ਦਾ ਅਸਰ ਕਾਮਰੇਡ ਪ੍ਰੋਗਰਾਮ ਲੰਘੇ ਤੋਂ ਵੀ ਕਈ-ਕਈ ਮਹੀਨੇ ਰਹਿੰਦੈ।
ਸਵਾਲ : ਫੰਡ ਲੋਕ ਖੁਸ਼ੀ ਨਾਲ ਦਿੰਦੇ ਹਨ?
ਜਵਾਬ : ਹਿਸਾਬ-ਕਿਤਾਬ 'ਚ ਫਰਕ ਨਾ ਹੋਣ ਕਰਕੇ ਲੋਕ ਫੰਡ ਖੁਸ਼ੀ ਨਾਲ ਦਿੰਦੇ ਐ। ਊਂ ਤਾਂ ਪਿੰਡ 'ਚੋਂ ਕੋਈ ਵੀ ਨ੍ਹੀ ਜੁਆਬ ਦਿੰਦਾ। ਪਰ ਦਿਲੋਂ ਖੁਸ਼ ਹੋ ਕੇ ਫੰਡ ਮਜ਼ਦੂਰ ਦਿੰਦੈ। ਅਸੀਂ ਭਾਈ ਹਰੇਕ ਸਾਲ ਪਿੰਡ 'ਚ ਫੰਡ ਦਾ ਹਿਸਾਬ ਵੀ ਦਿੰਨੇ ਆਂ।
ਸਵਾਲ : ਲੋਕਾਂ ਦੇ ਕੰਮ ਧੰਦੇ (ਨਿਤਾਪ੍ਰਤੀ ਦੇ) ਬਾਰੇ ਤੁਹਾਡਾ ਕੀ ਤਜ਼ਰਬਾ ਹੈ?
ਜਵਾਬ : ਅਸੀਂ ਸਾਥੀਆ ਰੋਜ ਈ ਨ੍ਹੀਂ ਥਾਣੇ ਕਚੈਹਿਰੀਆਂ ਤੁਰੇ ਫਿਰਦੇ। ਇਲਾਕੇ ਦੇ ਸਾਰੇ ਪਿੰਡਾਂ ਦੀ ਮਹੀਨੇ ਦੇ ਪਹਿਲੇ ਸੋਮਵਾਰ ਰਾਮਬਾਗ ਧੂਰੀ ਮੀਟਿੰਗ ਕਰਦੇ ਹਾਂ। ਪਿੰਡ 'ਚ ਹੋਕਾ ਦਿਵਾ ਦਿੰਦੇ ਹਾਂ, ਵੀ ਜੇ ਕਿਸੇ ਦਾ ਜਾਇਜ਼ ਕੰਮ ਹੈ ਤਾਂ ਧੂਰੀ ਆਜੋ ਰਾਮਬਾਗ। ਜੇ ਕਿਸੇ ਦਾ ਕੰਮ ਸਾਂਝੇ ਵਫ਼ਦ ਨਾਲ ਹੋ ਜੇ ਤਾਂ ਠੀਕ ਨਹੀਂ ਤਾਂ ਫਿਰ ਮੋਰਚਾ ਲਾਈ ਦੈ। ਕੇਰਾਂ ਮੀਟਿੰਗ 'ਚ ਗੱਲ ਆਈ ਵੀ ਸਰਕਾਰੀ ਦਫਤਰਾਂ 'ਚ ਬੜੀ ਨੇਰ੍ਹਗਰਦੀ ਐ। ਅਸੀਂ ਧੂਰੀ ਜਨਤਕ ਕੱਠ ਕੀਤਾ ਫੈਸਲਾ ਕਰਕੇ। ਮੇਰੇ ਪਿਡੋਂ ਵੀ ਪੰਜ ਟਰਾਲੀਆਂ ਗਈਆਂ। ਵਾਰੀ ਵਾਰੀ ਸਿਰ ਇਕੋ ਦਿਨ ਸਰਕਾਰੀ ਹਸਪਤਾਲ, ਤਹਿਸੀਲ, ਗਰਿੱਡ ਤੇ ਬੀ.ਡੀ.ਓ. ਤੇ ਹੋਰ ਦਫਤਰ ਘੇਰ ਕੇ ਚਿਤਾਵਨੀ ਦਿੱਤੀ ਅਤੇ ਲਮਕਦੇ ਕੰਮਾਂ ਦੇ ਵੇਰਵੇ ਇਕੱਠੇ ਕਰਕੇ ਕੰਮ ਕਰਵਾਏ। ਸਾਰੇ ਇਲਾਕੇ 'ਚ ਕਮਿਊਨਿਸਟਾਂ ਦੀ ਬੱਲੇ ਬੱਲੇ ਹੋਗੀ। ਬਾਕੀ ਕਾਮਰੇਡ ਮੇਰਾ ਨੇਮ ਹੈ ਮੈਂ ਪਾਰਟੀ ਕੰਮ ਛੱਡ ਕੇ ਵਿਆਹ ਸ਼ਾਦੀ ਜਾਂ ਭੋਗ ਤੇ ਨ੍ਹੀ ਜਾਂਦਾ।
ਸਵਾਲ : ਕਮਿਊਨਿਸਟਾਂ ਦੇ ਘੱਟ ਰਹੇ ਪ੍ਰਭਾਵ ਤੋਂ ਦਿਲ 'ਤੇ ਅਸਰ ਨ੍ਹੀਂ ਪੈਂਦਾ?
ਜਵਾਬ : ਸਾਡੇ ਵੇਲੇ ਪਾਰਟੀ ਬਹੁਤ ਵੱਡੀ ਸੀ ਆਗੂ ਵੀ ਕੁਰਬਾਨੀ ਵਾਲੇ ਸੀ ਹੁਣ ਕੰਮ ਘਟਿਐ। ਅਸਰ ਤਾਂ ਪੈਂਦਾ ਹੈ ਪਰ ਲੋਕੀਂ ਥਾਂ-ਥਾਂ ਸਰਕਾਰਾਂ ਵਿਰੁੱਧ ਆਪ ਮੁਹਾਰੇ ਲੜ ਵੀ ਬਹੁਤ ਰਹੇ ਹਨ। ਨਾਲੇ ਜਦੋਂ ਤੱਕ ਲੁੱਟ ਹੈ ਸੰਘਰਸ਼ ਤਾਂ ਚੱਲੂਗਾ ਹੀ। ਫਿਰ ਹੀ ਲਾਲ ਝੰਡਾ ਵੀ ਮਜ਼ਬੂਤ ਹੋਊ। ਊਂ ਸ਼ੇਰਾ ਪਾਰਟੀ ਨੇ ਆਹ ਚਾਰ ਪਾਰਟੀਆਂ ਦੇ ਏਕੇ ਵਾਲਾ ਕੰਮ ਤਾਂ ਬਹੁਤ ਵਧੀਆ ਕੀਤਾ। ਲੁਧਿਆਣੇ ਕੱਠ ਵੀ ਬਹੁਤ ਸੀ। ਜੇ ਕੱਠੇ ਰਹੇ ਤਾਂ ਕੁੱਝ ਲੈ ਡਿੱਗਾਂਗੇ।
ਸਵਾਲ : ਵੱਧ ਰਹੇ ਫਿਰਕੂ ਮਾਹੌਲ ਬਾਰੇ ਕੀ ਕਹੋਗੇ?
ਜਵਾਬ : ਲੋਕਾਂ ਦੀ ਭਾਈਚਾਰਕ ਸਾਂਝ ਦਾ ਕੰਮ ਅਖੀਰ ਆਪਣੇ ਜਿੰਮੇ ਹੀ ਆਊ, ਸਭ ਭੱਜ ਜਾਣਗੇ। ਮਾੜੀ ਜਿਹੀ ਕੋਈ ਪਾਰਟੀ ਤਕੜੀ ਹੁੰਦੀ ਹੈ ਲੋਟੂ ਪਾਰਟੀਆਂ ਦੇ ਲੀਡਰ ਉਦਣ ਹੀ ਆਪਣੀ ਪਾਰਟੀ ਛੱਡ ਕੇ ਦੂਜੀ 'ਚ ਜਾ ਵੜਦੇ ਹਨ। ਕਮਿਊਨਿਸਟਾਂ ਤੋਂ ਬਿਨਾਂ ਲੋਕਾਂ ਦੀ ਏਕਤਾ ਵਾਸਤੇ ਕੋਈ ਨੀ ਖੜ੍ਹਦਾ। 47 'ਚ ਸਾਡੇ ਪਿੰਡ ਮੁਸਲਮਾਨ ਹੁੰਦਾ ਸੀ ਨੂਰੂ। ਪਿੰਡ ਨੇ ਉਸਦੀ ਰਾਖੀ ਕੀਤੀ। ਪਰ ਸਭਨਾਂ ਦੇ ਭਲੇ ਦੀਆਂ ਬਨੌਟੀ ਗੱਲਾਂ ਕਰਨ ਵਾਲੇ ਉਸ ਵੇਲੇ ਦੇ ਮੇਰੇ ਪਿੰਡ ਦੇ ਅਕਾਲੀ ਆਗੂਆਂ ਨੇ ਪੈਸੇ ਤੇ ਟੂੰਮਾਂ ਖਾਤਰ ਵਿਚਾਰਾ ਵੱਢਤਾ। ਸਾਡੇ ਗੁਆਂਢ, ਬੜਾਗ੍ਰਾਊਂ, ਪੂਰਾ ਮੁਸਲਮਾਨਾਂ ਦਾ ਪਿੰਡ ਸੀ। ਸਾਡੇ ਪਿੰਡ ਨਾਲ ਉਨ੍ਹਾਂ ਦੀ ਹਲਾਂ ਫਲ੍ਹਿਆਂ ਦੀ ਸਾਂਝ ਸੀ, ਵਿਆਹ, ਸ਼ਾਦੀ ਵੀ ਇਕ ਦੂਜੇ ਦੇ ਆਉਂਦੇ ਜਾਂਦੇ। ਹੱਲਿਆਂ (ਵੰਡ) ਵੇਲੇ ਉਹਨਾਂ ਨੇ ਪਿੰਡ ਦਾ ਇਕੱਠ ਕੀਤਾ 'ਤੇ ਸਾਰਾ ਪਿੰਡ ਇਕੋ ਸਾਹ ਕਹਿੰਦਾ ਬੇਨੜੇ ਵਾਲੇ ਨ੍ਹੀ ਆਪਣੀ ਬੁਰੀ ਕਰਦੇ। ਸਾਡੇ ਪਿੰਡ ਦੇ ਕਾਮਰੇਡਾਂ ਨੇ ਉਨ੍ਹਾਂ ਦੀ ਰੱਖਿਆ ਵੀ ਕੀਤੀ। ਪਰ ਇਕ ਵਾਰੀ ਫੇਰ ਅਖੌਤੀ ਧਾਰਮਕ ਆਗੂਆਂ ਨੇ ਇਲਾਕੇ ਦੇ ਗੁੰਡਿਆਂ ਲੁਟੇਰਿਆਂ ਨਾਲ ਮਿਲਕੇ ਵਿਚਾਰੇ ਵੱਢ 'ਤੇ। ਅੱਜ ਵੀ ਹਾਣੀਆਂ ਨੂੰ ਯਾਦ ਕਰਕੇ ਮਨ ਭਰ ਆਉਂਦੈ। ਜੇ ਲਾਲ ਝੰਡੇ ਵਾਲੇ ਇਕੱਠੇ ਹੋ ਜਾਣ ਤਾਂ ਅੱਜ ਵੀ ਲੋਕਾਂ ਦੇ ਮਨਾਂ 'ਚੋਂ ਫਿਰਕੂ ਜ਼ਹਿਰ ਕੱਢਿਆ ਜਾ ਸਕਦੈ।
ਸਵਾਲ : ਕਾਮਰੇਡ ਜੀ ਆਪਣੇ ਪਰਿਵਾਰ ਬਾਰੇ ਦੱਸੋ?
ਜਵਾਬ : ਭਾਈ ਘਰੋਂ ਤਾਂ ਮੇਰੇ ਗੁਜਰਗੀ। ਦੋ ਮੁੰਡੇ ਸੀ ਇਕ ਮੁੰਡਾ ਵੀ ਨ੍ਹੀਂ ਰਿਹਾ। ਕੁੜੀਆਂ ਆਵਦੇ ਘਰੇ ਸੁਖੀ ਐ। ਪਰਵਾਰ ਮੇਰਾ ਪਾਰਟੀ ਦਾ ਵਿਰੋਧੀ ਤਾਂ ਹੈ ਨ੍ਹੀ ਪਰ ਕੋਈ ਪਾਰਟੀ ਦਾ ਕੰਮ ਮੇਰੇ ਵਾਂਗੂ ਕਰਨ ਵਾਲਾ ਨ੍ਹੀ ਉਠਿਆ। ਮੇਰੀ ਪੋਤ ਨੂੰਹ ਮੇਰਾ ਤੇ ਪਾਰਟੀ ਸਾਥੀਆਂ ਦਾ ਬਹੁਤ ਖਿਆਲ ਰੱਖਦੀ ਹੈ। ਮੈਨੂੰ ਵੀ ਉਸਦਾ ਗੋਦੀ ਖਿਡਾਈਆਂ ਧੀਆਂ ਵਾਂਗੂ ਹੀ ਪਿਆਰ ਆਉਂਦੈ।
ਸਵਾਲ : ਪਾਰਟੀ ਅੰਦਰਲੇ ਮਤਭੇਦਾਂ ਜਾਂ ਵਿਚਾਰਾਂ ਦੇ ਟਕਰਾਅ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ : ਕਈ ਵੇਰੀ ਇਕੋ ਥਾਲੀ 'ਚ ਖਾਣ ਵਾਲਿਆਂ ਨਾਲ ਫਰਕ ਪੈ ਜਾਂਦਾ ਹੈ। ਪਰ ਅਸੂਲ ਤੋਂ ਡਿੱਗ ਕੇ ਲਿਹਾਜ ਨ੍ਹੀ ਰੱਖਣੀ ਚਾਹੀਦੀ ਤੇ ਵਿਰੋਧ ਘਟੀਆ ਪੱਧਰ ਦਾ ਨ੍ਹੀ ਹੋਣਾ ਚਾਹੀਦਾ। ਜਦੋਂ ਆਪਾਂ ਸੀ.ਪੀ.ਐਮ.ਪੰਜਾਬ ਬਣਾਈ ਉਦੋਂ ਮੈਨੂੰ ਪਾਰਟੀ 'ਚ ਲਿਆਉਣ ਵਾਲੇ ਕਾਮਰੇਡ ਨਿਰਭੈ ਸਿੰਘ ਧੰਦੀਵਾਲ ਦਾ ਜੁਆਈ ਮੇਰੇ ਕੋਲ ਆਇਆ। ਮੈਂ ਉਸ ਨੂੰ ਮਿੱਠੁਤ ਨਾਲ ਕਿਹਾ ਕਿ ਮੇਰੇ ਨਾਲ ਪਾਰਟੀ ਬਾਰੇ ਗੱਲ ਨਾ ਕਰੀਂ ਆਪਣਾ ਫਿੱਕ ਪੈ ਜੂ। ਉਹ ਸਮਝ ਗਿਆ।
ਸਵਾਲ : ਅੱਤਵਾਦ ਦੇ ਦੌਰ ਬਾਰੇ ਕੁੱਝ ਦੱਸੋ?
ਜਵਾਬ : ਕਾਮਰੇਡ ਸਭ ਸਾਕ ਸਕੀਰੀਆਂ ਵਾਲੇ ਖਹਿੜਾ ਛੱਡਗੇ ਸੀ। ਇਕ ਮੈਂ ਤੇ ਇਕ ਮੇਰੀ ਨਿੱਡਰ ਦੋਹਤੀ ਅਸੀਂ ਵਾਰੋ ਵਾਰੀ ਬੰਦੂਖ ਲੈ ਕੇ ਬਹਿੰਦੇ। ਪਾਰਟੀ ਦੇ ਅਸੀਂ ਚਾਰ ਸਾਥੀਆਂ, ਮੈਂ, ਜੋਗਿੰਦਰ ਸਿੰਘ, ਦਰਬਾਰਾ ਸਿੰਘ, ਜੋਗਿੰਦਰ ਫੌਜੀ ਨੇ ਪੂਰਾ ਲੋਹਾ ਲਿਆ। ਪਾਰਟੀ ਦੇ ਹੁਕਮ 'ਤੇ ਪਿੰਡ ਛੱਡਣ ਵਾਲੇ ਕਈ ਸਾਥੀਆਂ ਦੀਆਂ ਜ਼ਮੀਨਾਂ 'ਤੇ ਪਸ਼ੂ-ਡੰਗਰ ਵੀ ਸਾਂਭੇ। ਉਨ੍ਹਾਂ 'ਚੋਂ ਅੱਜ ਕੁੱਝ ਤਾਂ ਲਹਿਰ ਤੋਂ ਹੀ ਭਗੌੜੇ ਹੋ ਗਏ ਹਨ।
ਸਵਾਲ : ਕਮਿਊਨਿਸਟ ਲਹਿਰ ਦਾ ਕੀ ਭਵਿੱਖ ਹੈ ਕਾਮਰੇਡ ਜੀ?
ਜਵਾਬ : ਗੱਲ ਕੌੜੀ ਹੈ ਕਾਮਰੇਡ ਪਰ ਨਿਰੀਆਂ ਵੋਟਾਂ ਦੇ ਜਿਲ੍ਹਣ 'ਚੋਂ ਨਿਕਲਣਾ ਪਊ ਤੇ ਨਾ ਹੀ ਲੋਕਾਂ ਨੂੰ ਨਾਲ ਲਏ ਬਗੈਰ ਵੱਡੀਆਂ ਵੱਡੀਆਂ ਗੱਲਾਂ ਨਾਲ ਕੁੱਝ ਬਣਨਾ। ਕਮਿਊਨਿਸਟਾਂ ਨੂੰ ਇਕੱਠੇ ਹੋ ਕੇ ਲੋਕਾਂ ਦੇ ਮਸਲਿਆਂ 'ਤੇ ਲੰਮੀਆਂ ਲੜਾਈਆਂ ਲੜਨੀਆਂ ਪੈਣਗੀਆਂ ਤਾਂ ਹੀ ਗੱਲ ਬਣੂੰ।
ਸਵਾਲ : ਸੀ.ਪੀ.ਐਮ.ਪੰਜਾਬ ਦੇ ਵਾਧੇ ਲਈ ਸੁਝਾਅ...
ਜਵਾਬ : ਹੋਲਟੈਮਰ (ਹੋਲਟਾਈਮਰਜ਼) ਹੋਰ ਵਧਾਓ! ਸਾਥੀਓ! ਫੇਰ ਹੀ ਪਿੰਡ ਜੁੜਣਗੇ, ਨਾਲੇ ਗਰੀਬਾਂ 'ਚ ਕੰਮ ਵਧਾਓ।
No comments:
Post a Comment