Monday, 5 January 2015

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜਨਵਰੀ 2015)

ਕਹਾਣੀ

ਬਾਗ਼ੀ ਦੀ ਧੀ 
- ਗੁਰਮੁਖ ਸਿੰਘ ਮੁਸਾਫਿਰ
ਕਿਸ਼ਨ ਸਿੰਘ ਨੇ ਪੁਲਸ ਨੂੰ ਵੇਖਦਿਆਂ ਹੀ ਝੱਟ ਆਖ ਦਿੱਤਾ, ''ਲਓ ਖਾਲਸਾ ਤਿਆਰ ਬਰ ਤਿਆਰ ਹੈ।'' ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੌਖਲੇ ਨੂੰ ਲੁਕਾ ਨਾ ਸਕਿਆ। 
''ਜੇ ਦੇਰ ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਦੀ ਹਵਾਲਾਤ ਵਿਚ ਕੱਟਣੀ ਪਏਗੀ। ਜੇਲ੍ਹ ਅਤੇ ਥਾਣੇ ਦੀ ਹਵਾਲਾਤ ਦੇ ਫ਼ਰਕ ਤੋਂ ਤਾਂ ਤੁਸੀਂ ਜਾਣੂ ਹੀ ਹੋ।'' ਪੁਲਸ ਇੰਸਪੈਕਟਰ ਦੀ ਇਹ ਗੱਲ ਸੁਣ ਕੇ ਕਿਸ਼ਨ ਸਿੰਘ ਨੇ ਕਿਹਾ, ''ਮੇਰੇ ਲਈ ਗੱਲ ਇਕੋ ਹੈ। ਥਾਣਿਆਂ ਦੀਆਂ ਹਵਾਲਾਤਾਂ ਵਿਚ ਵੀ ਬਥੇਰੀਆਂ ਪੱਸਲੀਆਂ ਘਸਾਈਆਂ ਹਨ।''
''ਨਹੀਂ, ਨਹੀਂ, ਮੇਰਾ ਮਤਲਬ...!''
ਕਿਸ਼ਨ ਸਿੰਘ ਨੇ ਵਿਚੋਂ ਹੀ ਕਿਹਾ, ''ਤੁਹਾਡਾ ਮਤਲਬ ਛੇਤੀ ਤੋਂ ਹੈ ਨਾ? ਚੱਲੋ, ਮੇਰੇ ਵੱਲੋਂ ਕੋਈ ਢਿੱਲ ਨਹੀਂ।''
ਜ਼ਬਾਨ ਨਾਲ ਤਾਂ ਕਿਸ਼ਨ ਸਿੰਘ ਨੇ ਇਹ ਗੱਲਾਂ ਕੀਤੀਆਂ ਪਰ ਉਸ ਦਾ ਮਨ ਕਿਸੇ ਹੋਰ ਪਾਸੇ ਹੈ। ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਉਸ ਦੀ ਕੋਈ ਚੀਜ਼ ਗੁਆਚ ਗਈ ਹੈ। ਜੇਲ੍ਹ ਜਾਣ ਤੋਂ ਪਹਿਲਾਂ ਉਹ ਲੱਭ ਜਾਏ ਤਾਂ ਉਹ ਵਧੀਕ ਤਸੱਲੀ ਨਾਲ ਇਸ ਸਫ਼ਰ ਵਿਚ ਪੇਸ਼ ਆ ਸਕਦਾ ਹੈ। 
''ਸ਼ਰਨ!''
ਕਿਸ਼ਨ ਸਿੰਘ ਦੀ ਅਵਾਜ਼ ਸੁਣ ਕੇ ਉਸ ਦੀ ਭੈਣ ਵੀਰਾਂਵਾਲੀ ਨੇ ਅੰਦਰੋਂ ਕਿਹਾ, ''ਭਰਾ ਜੀ, ਭਰਜਾਈ ਤਾਂ ਮੀਟਿੰਗ ਵਿਚ ਗਈ ਹੋਈ ਹੈ। ''
ਇੰਸਪੈਕਟਰ ਦੇ ਕੰਨ ਖੜ੍ਹੇ ਹੋ ਗਏ। 
ਕਿਸ਼ਨ ਸਿੰਘ ਨੇ ਕਿਹਾ, ''ਵੀਰਾਂ ਲਾਜ ਦੇ ਬੁਖਾਰ ਵਾਲਾ ਕਾਗਜ਼ ਚੁੱਕ ਲਿਆ। 
ਵੀਰਾਂਵਾਲੀ ਨੇ ਕਾਗਜ਼ (ਚਾਰਟ) ਕਿਸ਼ਨ ਸਿੰਘ ਦੇ ਹੱਥ ਫੜਾਉਂਦਿਆਂ ਕਿਹਾ, ''ਭਰਜਾਈ ਜਾਣ ਲੱਗੀ ਆਖਦੀ ਸੀ ਕਿ ਇਸ ਵੇਲੇ 102 ਹੈ, ਜੇ ਵੱਧ ਜਾਏ ਤਾਂ ਬਰਫ਼ ਦੀ ਪੱਟੀ ਰੱਖਣੀ।'' 
ਕਿਸ਼ਨ ਸਿੰਘ ਪਹਿਲੀ ਵਾਰ ਜੇਲ੍ਹ ਨਹੀਂ ਜਾਣ ਲੱਗਾ। ਇੰਸਪੈਕਟਰ ਇਸ ਦੀ ਦ੍ਰਿੜ੍ਹਤਾ ਤੋਂ ਅਨਜਾਣ ਨਹੀਂ। ਇੰਸਪੈਕਟਰ ਨੂੰ ਕਿਸ਼ਨ ਸਿੰਘ ਦੀ ਥੋੜ੍ਹੀ ਜਿਹੀ ਪਰੇਸ਼ਾਨੀ ਦੇ ਕਾਰਨ ਦਾ ਵੀ ਹੁਣ ਪਤਾ ਲੱਗ ਗਿਆ ਹੈ। ਮੀਟਿੰਗ ਲਫ਼ਜ਼ ਇੰਸਪੈਕਟਰ ਦੇ ਕੰਨਾਂ ਵਿਚ ਕੱਚ ਦੇ ਟੁਕੜੇ ਵਾਂਗ ਰੜਕਿਆ। ਸਾਈਕਲ ਉਤੇ ਲੱਤ ਧਰਦਿਆਂ ਹੀ ਉਸ ਨੇ ਨਾਲ ਦੇ ਸਿਪਾਹੀਆਂ ਨੂੰ ਅੱਖ ਨਾਲ ਕੁਝ ਸਮਝਾਇਆ ਅਤੇ ਮੂੰਹ ਨਾਲ ਕਿਹਾ, ''ਸਰਦਾਰ ਜੀ, ਬੇਸ਼ੱਕ ਆਰਾਮ ਨਾਲ ਤਿਆਰੀ ਕਰ ਲਵੋ, ਮੈਂ ਆਉਂਦਾ ਹਾਂ।''
ਇੰਸਪੈਕਟਰ ਸੜਕੋਂ ਪਾਰ ਸਾਹਮਣੇ ਕਾਰਖਾਨੇ ਦੇ ਵੱਡੇ ਦਰਵਾਜਿਓਂ ਅੰਦਰ ਵੜ ਗਿਆ। ਬੈਠੇ ਸਿਪਾਹੀਆਂ ਵਿਚੋਂ ਇਕ ਨੇ ਕਿਹਾ, ਇੰਸਪੈਕਟਰ ਸਾਹਿਬ ਸ਼ਾਇਦ ਕਿਧਰੇ ਟੈਲੀਫੋਨ ਕਰਨ ਗਏ ਹਨ। 
ਵੀਰਾਂਵਾਲੀ ਦੀਆਂ ਅੱਖਾਂ ਦੇ ਸੋਮੇ ਫੁੱਟਣ ਹੀ ਵਾਲੇ ਸਨ। ਕਿਸ਼ਨ ਸਿੰਘ ਦੀ ਕੁੱਝ ਘੂਰ ਭਰੀ ਸੈਨਤ ਨੂੰ ਪਛਾਣ ਕੇ ਉਹ ਲਾਜ ਦੇ ਮੰਜੇ ਦੇ ਪਿਛਲੇ ਪਾਸੇ ਪਈ ਚੱਕੀ ਉਤੇ ਬੈਠ ਗਈ। ਕਿਸ਼ਨ ਸਿੰਘ ਨੇ ਆਪਣੀਆਂ ਉਂਗਲਾਂ ਨਾਲ ਲਾਜ ਦੇ ਕੇਸਾਂ ਨੂੰ ਸੰਵਾਰਦਿਆਂ ਕਿਹਾ, ''ਪੁੱਤਰ! ਹੁਣ ਤੂੰ ਠੀਕ ਹੈਂ। ਅੱਜ ਤਾਂ ਬੁਖ਼ਾਰ ਘੱਟ ਹੈ, ਕੱਲ੍ਹ  ਸ਼ਾਇਦ ਟੁੱਟ ਹੀ ਜਾਵੇ। ਜੇ ਤੈਨੂੰ ਬੁਖਾਰ ਨਾਂ ਹੁੰਦਾ ਤਾਂ ਮੈਂ ਹੁਣ ਤੱਕ ਜੇਲ੍ਹ ਚਲੇ ਜਾਣਾ ਸੀ। ਸਾਥੀ ਤਾਂ ਸਾਰੇ ਚਲ ਹੀ ਗਏ ਹਨ।''
ਲਾਡਲੀ ਲਾਜ ਨੇ ਮੱਧਮ ਜਿਹੀ ਅਵਾਜ਼ ਵਿਚ ਕਿਹਾ, ''ਮੈਂ ਤਾਂ ਫਿਰ ਮਾੜੀ ਕੁੜੀ ਹੋਈ, ਜਿਸ ਨੇ ਤੁਹਾਡੇ ਚੰਗੇ ਕੰਮ ਵਿਚ ਰੋਕ ਪਾਈ ਹੈ।''
''ਨਹੀਂ ਮੇਰੀ ਲਾਜ ਬੇਟੀ, ਤੇਰਾ ਇਸ ਵਿਚ ਕੀ ਕਸੂਰ ਹੈ! ਬੁਖ਼ਾਰ ਕੋਈ ਤੇਰੇ ਵਸ ਦੀ ਗੱਲ ਤਾਂ ਨਹੀਂ ਨਾ। ਤੈਨੂੰ ਇਸ ਤਰ੍ਹਾਂ ਛੱਡ ਕੇ ਜਾਣ ਦਾ ਤਾਂ ਮੇਰਾ ਪਹਿਲਾਂ ਹੌਸਲਾ ਹੀ ਨਹੀਂ ਪਿਆ। ਜਿਸ ਦਿਨ ਬੰਬਈ ਸਾਡੇ ਆਗੂ ਫੜੇ ਗਏ ਸਨ, ਉਸ ਦਿਨ ਮੈਂ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਮਤੇ ਉਤੇ ਪੰਜ ਮਿੰਟ ਬੋਲਿਆ ਸਾਂ। ਫਿਰ ਮੈਂ ਤੇਰੇ ਦਵਾਈ ਦਾਰੂ ਵਿਚ ਹੀ ਲੱਗਾ ਰਿਹਾ। ਕਿਤੇ ਬਾਹਰ ਜਾਣ ਦਾ ਸਮਾਂ ਹੀ ਨਹੀਂ ਮਿਲਿਆ। ਉਂਜ ਵੀ ਪਹਿਲਾਂ ਲੀਡਰਾਂ ਨੂੰ ਹੀ ਫੜਨਗੇ। ਅਸਾਂ ਸੇਵਾਦਾਰਾਂ ਦੀ ਵਾਰੀ ਪਿਛੋਂ ਹੀ ਆਉਣੀ ਹੈ। ਪਰ ਸਾਨੂੰ ਉਜਰ ਵੀ ਕੀ ਹੈ! ਭਾਵੇਂ ਹੁਣ ਫੜ ਲੈਣ।'' ਕਿਸ਼ਨ ਸਿੰਘ ਦੇ ਮੂੰਹੋਂ ਇਹ ਅਖੀਰਲਾ ਫਿਕਰਾ ਅਜੇ ਨਿਕਲਿਆ ਹੀ ਸੀ ਕਿ ਲਾਜ ਨੇ ਨਾਲ ਹੀ ਆਖ ਦਿੱਤਾ, ''ਬੇਸ਼ੱਕ ਫੜ ਲੈਣ!''
ਕਿਸ਼ਨ ਸਿੰਘ ਆਪਣੀ ਇਕਲੌਤੀ ਲਾਡਲੀ ਨਾਲ ਜਿਉਂ ਜਿਉਂ ਗੱਲਾਂ ਕਰਦਾ ਗਿਆ, ਉਸ ਦਾ ਮਨ ਹੌਲਾ ਹੁੰਦਾ ਗਿਆ। ਹੁਣ ਉਹ ਬੇਸਬਰੀ ਨਾਲ ਆਪਣੀ ਘਰਵਾਲੀ ਸ਼ਰਨ ਕੌਰ ਨੂੰ ਉਡੀਕ ਰਿਹਾ ਹੈ। ਬਰਾਡੇ ਵੱਲ ਵੇਖ ਕੇ ਉਹ ਤਸੱਲੀ ਕਰ ਲੈਂਦਾ ਹੈ ਕਿ ਇੰਸਪੈਕਟਰ ਵੀ ਅਜੇ ਨਹੀਂ ਪਰਤਿਆ। 
ਪਾਸ ਬੈਠੀ ਵੀਰਾਂਵਾਲੀ ਤਾਂ ਗਲੇਡੂ ਭਰ ਆਉਣ ਦੇ ਡਰ ਤੋਂ ਨਹੀਂ ਸੀ ਬੋਲਦੀ, ਪਰ ਹੁਣ ਉਸ ਨੂੰ ਵੀ ਕੁਝ ਹੌਂਸਲਾ ਜਿਹਾ ਹੋ ਗਿਆ। ਉਸ ਨੇ ਕਿਹਾ, ''ਲਾਜ ਤੇਰੇ ਪਿਤਾ ਜੀ ਫੜੇ ਗਏ ਤਾਂ ਤੇਰੀ ਦਵਾਈ ਕੌਣ ਕਰੇਗਾ? ਤੂੰ ਉਦਾਸ ਨਾ ਹੋ ਜਾਵੇਂਗੀ?''
''ਭੂਆ ਜੀ, ਦਵਾਈ ਦਾਰੂ ਲਈ ਤੁਸੀਂ ਜੋ ਮੇਰੇ ਪਾਸ ਹੋ, ਮਾਤਾ ਜੀ ਜੁ ਹਨ। ਬਾਕੀ ਰਹੀ ਉਦਾਸੀ ਦੀ ਗੱਲ, ਮੈਂ ਤਾਂ ਰਾਜੀ ਹੋ ਕੇ ਆਪ ਵੀ ਇਸ ਵੇਰਾਂ ਪਿਤਾ ਜੀ ਪਾਸ ਜੇਲ੍ਹ ਵਿਚ ਚਲੀ ਜਾਵਾਂਗੀ। 
ਲਾਜ ਦੀ ਗੱਲ ਸੁਣ ਕੇ ਵੀਰਾਂਵਾਲੀ ਦਾ ਬੇਇਖਤਿਆਰ ਹਾਸਾ ਨਿਕਲ ਗਿਆ। 
ਲਾਜ ਨੇ ਕਿਹਾ, ''ਨਹੀਂ ਭੂਆ ਜੀ ਹਾਸੇ ਵਾਲੀ ਗੱਲ ਨਹੀਂ। ਆਪਣੇ ਮੁਲਕ ਵਾਸਤੇ ਜੇਲ੍ਹ ਵਿਚ ਜਾਣਾ ਕੋਈ ਮਾੜੀ ਗੱਲ ਨਹੀਂ। ਮੈਂ ਇਸ ਵਾਰ ਜ਼ਰੂਰ ਜਾਣਾ ਹੈ।''
ਲਾਜ ਤੂੰ ਤਾ ਅਜੇ ਬਾਰਾ ਵਰ੍ਹਿਆਂ ਦੀ ਵੀ ਨਹੀਂ ਹੋਈ।
ਭੂਆਂ ਦੀਆਂ ਗੱਲਾਂ ਸੁਣ ਕੇ ਲਾਜ ਨੇ ਕਿਹਾ, ਪਿਤਾ ਜੀ ਸੁਣੋ ਭੂਆ ਜੀ ਦੀ ਗੱਲ। ਮਾਲੂਮ ਹੁੰਦਾ ਹੈ, ਭੂਆ ਜੀ ਕਦੇ ਗੁਰਦੁਆਰੇ ਨਹੀਂ ਗਏ। ਇਨ੍ਹਾਂ ਨੇ ਕਦੇ ਕਥਾ ਨਹੀਂ ਸੁਣੀ। ਪਿਤਾ ਜੀ ਭੂਆ ਜੀ ਨੂੰ ਦੱਸਣਾ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਸੀ। ਉਹ ਤਾਂ ਇਸ ਉਮਰ ਵਿਚ ਸ਼ਹੀਦ ਹੋ ਗਏ ਸਨ ਤੇ ਮੈਂ ਜੇਲ੍ਹ ਨਹੀਂ ਜਾ ਸਕਦੀ? 
ਵੀਰਾਂਵਾਲੀ ਦੀ ਤਾਂ ਗੱਲ ਹੀ ਕੀ, ਹੁਣ ਤਾਂ ਕਿਸ਼ਨ ਸਿੰਘ ਦੀਆਂ ਅੱਖਾਂ ਵੀ ਬੇਕਾਬੂ ਹੋ ਗਈਆਂ। ਇਹ ਤਸੱਲੀ ਭਰੀ ਖੁਸ਼ੀ ਦੇ ਅਥਰੂ ਸਨ।
ਕਿਸ਼ਨ ਸਿੰਘ ਨੇ ਲਾਜ ਦੇ ਸਿਰ੍ਹਾਣਿਓ ਚਾਬੀਆਂ ਚੁੱਕੀਆਂ। ਸਮਾਨ ਵਾਲੇ ਕਮਰੇ ਵਿਚ ਹੀ ਉਸ ਨੇ ਕੱਪੜੇ ਬਦਲੇ ਅਤੇ ਮੁੜ ਲਾਜ ਪਾਸ ਆ ਗਿਆ। ਲਾਜ ਦੇ ਇਸ ਸਵਾਲ ਨੇ ਕਿ ''ਪਿਤਾ ਜੀ, ਇਸ ਵੇਲੇ ਕਿਉਂ ਕੱਪੜੇ ਬਦਲੇ ਨੇ? ਕਿਧਰੇ ਚਲੇ ਹੋ?'' ਕਿਸ਼ਨ ਸਿੰਘ ਦਾ ਬਹੁਤ ਸਾਰਾ ਕੰਮ ਸੌਖਾ ਕਰ ਦਿੱਤਾ। ਕਿਸ਼ਨ ਸਿੰਘ ਨੂੰ ਹੁਣ ਇਹੋ ਸੋਚ ਸੀ ਕਿ ਆਪਣੇ ਹੁਣੇ ਗ੍ਰਿਫਤਾਰ ਹੋਣ ਦੀ ਖ਼ਬਰ ਬਿਮਾਰ ਲਾਜ ਨੂੰ ਕਿਹੜੇ ਲਫ਼ਜਾਂ ਵਿਚ ਦੱਸੇ। ਵੀਰਾਂਵਾਲੀ ਦੀ ਉਚੇਚੀ ਬੇਚੈਨੀ ਨੇ ਵੀ ਬਹੁਤ ਕੁਝ ਪ੍ਰਗਟ ਕਰ ਦਿੱਤਾ। ਕਿਸ਼ਨ ਸਿੰਘ ਨੈ ਸ਼ਬਦਾਰਥ ਦੀਆਂ ਪੋਥੀਆਂ ਅਤੇ ਨਿੱਤਨੇਮ ਦਾ ਗੁਟਕਾ ਲਾਜ ਦੇ ਕਮਰੇ ਦੀ ਅਲਮਾਰੀ ਵਿਚੋਂ ਕੱਢ ਕੇ ਆਪਣੇ ਨਿੱਕੇ ਜਿਹੇ ਬਕਸੇ ਵਿਚ ਪਾ ਲਏ। ਬਰਾਂਡੇ ਵਿਚ ਬੂਟਾਂ ਦਾ ਖੜਕਾਰ ਹੋਇਆ। ਕਿਸ਼ਨ ਸਿੰਘ ਨੇ ਤਾਪ ਨਾਲ ਭਖ ਰਹੇ ਲਾਜ ਦੇ ਮੱਥੇ ਨੂੰ ਚੁੰਮਿਆ। 'ਮੇਰੀ ਲਾਜ' ਦੇ ਭਾਵਪੂਰਤ ਸ਼ਬਦ ਉਸ ਦੇ ਮੂੰਹ ਵਿਚੋਂ ਨਿਕਲੇ। ਉਸ ਦੀਆਂ ਅੱਖਾਂ ਵਿਚ ਜੰਮੇ ਹੋਏ ਮੋਤੀ ਇਕ ਵੇਰ ਫੇਰ ਪਿਘਲ ਗਏ। 
ਅੰਙਾਣੀ ਲਾਜ ਨੇ ਬੜੀ ਸਿਆਣਪ ਭਰੀ ਆਵਾਜ਼ ਵਿਚ ਕਿਹਾ, ਪਿਤਾ ਜੀ, ਮੇਰਾ ਫ਼ਿਕਰ ਨਾ ਕਰੋ। 
ਘਰ ਦੇ ਗਲੀ ਵਾਲੇ ਦਰਵਾਜ਼ਿਓ ਇਕ ਨੌਜਵਾਨ ਅੰਦਰ ਵੜਿਆ ਅਤੇ ਪੁਲਸ ਦੀ ਅੱਖ ਬਚਾ ਕੇ ਉਸ ਨੇ ਕਿਸ਼ਨ ਸਿੰਘ ਦੇ ਕੰਨ ਵਿਚ ਕੋਈ ਗੱਲ ਕੀਤੀ। ਨੌਜਵਾਨ ਵਾਪਸ ਚਲਾ ਗਿਆ। ਕਿਸ਼ਨ ਸਿੰਘ ਦੇ ਚਿਹਰੇ ਉਤੇ ਫਿਰ ਡੂੰਘੀ ਗੰਭੀਰਤਾ ਛਾ ਗਈ। ਇਸੇ ਹਾਲਤ ਵਿਚ ਲਾਜ ਸਬੰਧੀ ਵੀਰਾਂਵਾਲੀ ਨੂੰ ਕੁਝ ਗੱਲਾਂ ਸਮਝਾ ਕੇ ਉਹ ਪੁਲਸ ਦੇ ਟਾਂਗੇ ਵਿਚ ਬੈਠ ਗਿਆ। 
ਸ਼ਹਿਰ ਦੀ ਕੁਤਵਾਲੀ ਵਿਚ ਟੈਲੀਫੋਨ ਦੀ ਘੰਟੀ ਖੜਕਣ ਨਾਲ ਹੀ ਗਾਰਦ ਨੂੰ ਤਿਆਰ ਹੋਣ ਦਾ ਹੁਕਮ ਤਾਂ ਹੋ ਗਿਆ, ਪਰ ਤੁਰਨ ਦਾ ਆਰਡਰ ਇਕ ਘੰਟੇ ਦੀ ਉਡੀਕ ਪਿਛੋਂ ਮਿਲਿਆ। ਛੋਟੇ ਬਜਾਰਾਂ ਦੇ ਨਾਲ ਲੱਗਦੀ ਪੁਰਾਣੀ ਹਵੇਲੀ ਨੂੰ ਪੁਲਿਸ ਦੇ ਘੇਰਾ ਪਾਉਣ ਦੀ ਢਿੱਲ ਸੀ ਕਿ ਹਵੇਲੀ ਦੀ ਖੱਬੀ ਨੁੱਕਰ ਵਾਲੇ ਕਮਰੇ ਦੇ ਗਲੀ ਵੱਲ ਖੁੱਲ੍ਹਣ ਵਾਲੇ ਦਰਵਾਜ਼ੇ ਵਿਚੋਂ ਇਕ ਖੱਦਰਪੋਸ਼ ਬੀਬੀ ਦੌੜ ਕੇ ਬਾਹਰ ਨਿਕਲੀ। ਇਸ ਦੇ ਹੱਥ ਵਿਚ ਇਕ ਕੌਮੀ ਝੰਡਾ ਅਤੇ ਗਾਤਰੇ ਕਿਰਪਾਨ ਹੈ। ਤੁਰਤ ਹੀ ਇਸ ਦੇ ਪਿੱਛੇ ਪਿੱਛੇ ਕੌਮੀ ਨਾਹਰੇ ਲਾਉਂਦੀਆਂ ਖੱਦਰ ਦੀਆਂ ਸਾੜ੍ਹੀਆਂ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨਿਕਲ ਆਈਆਂ। ਗਲੀ ਵਾਲੇ ਦਰਵਾਜ਼ੇ ਅੱਗੇ ਖੜ੍ਹਾ ਸਿਪਾਹੀ ਵੇਖਦਾ ਹੀ ਰਹਿ ਗਿਆ ਅਤੇ ਇਹ ਬੀਬੀਆਂ ਬਜਾਰ ਵਿਚ ਪੁੱਜ ਗਈਆਂ। ''ਭਾਰਤ ਮਾਤਾ ਦੀ ਜੈ!'' ਦੇ ਨਾਹਰਿਆਂ ਨਾਲ ਅਸਮਾਨ ਗੂੰਜਣ ਲੱਗਾ। ਥੋੜ੍ਹੇ ਚਿਰ ਵਿਚ ਇੰਨੀ ਭੀੜ ਹੋ ਗਈ ਕਿ ਛੋਟੇ ਬਜਾਰ ਦਾ ਰਸਤਾ ਹੀ ਬੰਦ ਹੋ ਗਿਆ। 
ਕੌਮੀ ਝੰਡੇ ਵਾਲੀ ਬੀਬੀ ਨੇ ਝੰਡਾ ਉਚਾ ਚੁੱਕ ਰੱਖਿਆ ਸੀ। ਇਕ ਪੁਲਸੀਏ ਨੇ ਅੱਗੇ ਵੱਧ ਕੇ ਝੰਡਾ ਖੋਹਣ ਦੀ ਕੋਸ਼ਿਸ਼ ਕੀਤੀ। ਝੰਡੇ ਵਾਲੀ ਬੀਬੀ ਅੱਗੇ ਵਧਦੀ ਜਾ ਰਹੀ ਸੀ। ਪੁਲਸ ਵਾਲੇ ਦਾ ਹੱਥ ਗਾਤਰੇ ਦੀ ਕਿਰਪਾਨ ਉਤੇ ਜਾ ਪਿਆ ਅਤੇ ਖਿੱਚਾ ਖਿਚੀ ਵਿਚ ਮਿਆਨ ਉਤਰ ਗਿਆ ਤੇ ਪੁਲਸੀਏ ਦੇ  ਹੱਥ ਨੂੰ ਝਰੀਟ ਆ ਗਈ। ਥੋੜ੍ਹਾ ਖੂਨ ਵੀ ਨਿਕਲ ਆਇਆ। ਪੁਲਸ ਨੇ ਘਬਰਾ ਕੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਬਹੁਤ ਸਾਰੀ ਭੀੜ ਖਿੰਡ ਪੁੰਡ ਗਈ ਅਤੇ ਝੰਡੇ ਵਾਲੀ ਬੀਬੀ ਨੇ ਕੌਮੀ ਝੰਡੇ ਨੂੰ ਦੋਹਾਂ ਹੱਥਾਂ ਨਾਲ ਘੁੱਟ ਕੇ ਫੜ ਲਿਆ ਤੇ ਉਹ ਇਕ ਦੁਕਾਨ ਦੇ ਸਾਹਮਣੇ ਫੱਟੇ ਉਤੇ ਧਰਨਾ ਮਾਰ ਕੇ ਬਹਿ ਗਈ। ਬਾਕੀ ਦੀਆਂ ਬੀਬੀਆਂ ਵੀ ਜ਼ਮੀਨ ਉਤੇ ਬਹਿ ਗਈਆਂ। ਬਹੁਤ ਸਾਰੀ ਭੀੜ ਖਿੰਡ ਪੁੰਡ ਜਾਣ ਮਗਰੋਂ ਪੁਲਿਸ ਦੀ ਗਾਰਦ ਇੰਚਾਰਜ ਨੇ ਪਹਿਲਾਂ ਬੜੇ ਰੋਹਬ ਨਾਲ, ਫਿਰ ਨਰਮੀ ਨਾਲ ਝੰਡੇ ਵਾਲੀ ਬੀਬੀ ਤੋਂ ਝੰਡਾ ਲੈਣ ਦੀ ਕੋਸ਼ਿਸ਼ ਕੀਤੀ। 
''ਇਹ ਝੰਡਾ ਸਾਡੀ ਜਾਨ ਦੇ ਨਾਲ ਹੀ ਜਾਵੇਗਾ।''
ਅਖੀਰ ਉਤੇ ਬੀਬੀਆਂ ਦੇ ਸਾਰੇ ਜਥੇ ਨੂੰ ਗ੍ਰਿਫਤਾਰ ਕਰ ਕੇ ਟਾਂਗਿਆਂ ਵਿਚ ਬਿਠਾ ਲਿਆ ਗਿਆ। ਜੇਲ੍ਹ ਦੇ ਦਰਵਾਜ਼ੇ ਅੱਗੇ ਜਾ ਕੇ ਫਿਰ ਝੰਡੇ ਦਾ ਝਗੜਾ ਛਿੜ ਪਿਆ। ਬੀਬੀਆਂ ਕਹਿੰਦੀਆਂ ਸਨ ਕਿ  ਅਸੀਂ ਜੇਲ੍ਹ ਦੀ ਬੈਰਕ ਉਤੇ ਕੌਮੀ ਝੰਡਾ ਲਾਉਣ ਲਈ ਅੰਦਰ ਲੈ ਜਾਵਾਂਗੀਆਂ। 
ਇਹ ਝਗੜਾ ਹੋ ਰਿਹਾ ਸੀ ਕਿ ਕਿਸ਼ਨ ਸਿੰਘ ਨੂੰ ਵੀ ਲੈ ਕੇ ਪੁਲਿਸ ਜੇਲ੍ਹ ਦੇ ਦਰਵਾਜੇ ਅੱਗੇ ਪਹੁੰਚ ਗਈ। ਬੀਬੀਆਂ ਦੇ ਜਥੇ ਅੰਦਰ ਝੰਡਾ ਹੱਥ ਵਿਚ ਫੜੀ ਬੈਠੀ ਆਪਣੀ ਸੁਪਤਨੀ ਸ਼ਰਨ ਕੌਰ ਨੂੰ ਵੇਖ ਕੇ ਕਿਸ਼ਨ ਸਿੰਘ ਨੂੰ ਕੋਈ ਹੈਰਾਨੀ ਨਾ ਹੋਈ। ਇਉਂ ਜਾਪਦਾ ਹੈ ਕਿ ਕਿਸ਼ਨ ਸਿੰਘ ਨੂੰ ਪਹਿਲਾਂ ਹੀ ਇਸ ਘਟਨਾ ਦਾ ਪਤਾ ਲੱਗ ਚੁੱਕਾ ਸੀ। ਕਿਸ਼ਨ ਸਿੰਘ ਨੇ ਬੀਬੀਆਂ ਨੂੰ ਸਮਝਾਇਆ, ''ਤੁਸੀਂ ਝੰਡੇ ਸਬੰਧੀ ਆਪਣਾ ਕਾਫੀ ਵਿਸ਼ਵਾਸ ਪ੍ਰਗਟ ਕਰ ਦਿੱਤਾ ਹੈ। ਖੁੱਲ੍ਹ ਦੀ ਹਾਲਤ ਵਿਚ ਤੁਸਾਂ ਇਸ ਦੀ ਬੇਅਦਬੀ ਨਹੀਂ ਹੋਣ ਦਿੱਤੀ। ਹੁਣ ਤੁਸੀਂ ਕੈਦ ਹੋ। ਜੇ ਇਕ ਵਾਰੀ ਤੁਸਾਂ ਬੈਰਕ ਉਤੇ ਝੰਡਾ ਲਾ ਵੀ ਲਿਆ ਤਾਂ ਜੇਲ੍ਹ ਕਰਮਚਾਰੀ ਤੁਹਾਨੂੰ ਬੈਰਕਾਂ ਦੇ ਅੰਦਰ ਬੰਦ ਕਰਕੇ ਝੰਡਾ ਪਾੜ ਦੇਣਗੇ। ਇਸ ਲਈ ਇਸ ਦਾ ਲਾਭ ਨਹੀਂ।
ਅਖ਼ੀਰ ਫ਼ੈਸਲਾ ਹੋਇਆ ਕਿ ਝੰਡਾ ਅਦਬ ਨਾਲ ਕਾਂਗਰਸ ਦੇ ਦਫਤਰ ਵਿਚ ਪਹੁੰਚਾ ਦਿੱਤਾ ਜਾਵੇ। ਜੇਲ੍ਹ ਦੇ ਅੰਦਰ ਦਾਖਲ ਹੋ ਕੇ ਸ਼ਰਨ ਕੌਰ ਨੇ ਆਪਣੇ ਪਤੀ ਤੋਂ ਲਾਜ ਬਾਬਤ ਪੁਛਿਆ, ਪਰ ਕੋਈ ਜਵਾਬ ਸੁਣਨ ਤੋਂ ਪਹਿਲਾਂ ਹੀ ਜਨਾਨਾ ਵਾਰਡ ਦਾ ਬੂਹਾ ਖੁੱਲ੍ਹ ਕੇ ਬੰਦ ਹੋ ਗਿਆ। 
ਵੱਡਾ ਤਾਪ ਅਤੇ ਮਾਤਾ-ਪਿਤਾ ਦਾ ਫੜਿਆ ਜਾਣਾ-ਸਾਰੇ ਦੁੱਖਾਂ ਦੇ ਬਾਵਜੂਦ ਦੇਸ ਸੇਵਾ ਲਈ ਜੇਲ੍ਹ ਦੀ ਜ਼ਬਰਦਸਤ ਇੱਛਾ ਪ੍ਰਬਲ ਹੋ ਆਈ। ਲਾਜ ਦਿਨਾਂ ਵਿਚ ਹੀ ਤੁਰਨ ਫਿਰਨ ਲੱਗ ਪਈ। ਭੂਆ ਨੇ ਲਾਜ ਦੀ ਸੇਵਾ ਵਿਚ ਕਸਰ ਨਾ ਰੱਖੀ। ਲਾਜ ਨੂੰ ਚੁਕਵਾ ਕੇ ਉਹ ਘਰ ਹੀ ਲੈ ਗਈ ਸੀ। ਵੀਰਾਂਵਾਲੀ ਦੇ ਘਰਵਾਲੇ ਜਮਾਂਦਾਰ ਹੁਸਨਾਕ ਸਿੰਘ ਨੂੰ ਆਪਣੇ ਸਾਲੇ ਅਤੇ ਸਾਲੇਹਾਰ ਦੇ ਫੜੇ ਜਾਣ ਦੀ ਖ਼ਬਰ ਗੱਡੀ ਵਿਚ ਕਿਸੇ ਵਾਕਫ ਤੋਂ ਉਦੋਂ ਮਿਲੀ ਜਦੋਂ ਉਹ ਘਰ ਛੁੱਟੀ ਆ ਰਿਹਾ ਸੀ। ਛਾਉਣੀ ਵਿਚ ਕੋਈ ਅਖਬਾਰ ਨਹੀਂ ਸੀ ਜਾਂਦਾ। 
ਹੁਸ਼ਨਾਕ ਸਿੰਘ ਦਾ ਟਾਂਗਾ ਜਦ ਬੂਹੇ ਅੱਗੇ ਪੁੱਜਾ ਤਾਂ ਲਾਜ ਦਰਵਾਜੇ ਵਿਚ ਖੜ੍ਹੀ ਸੀ। ਉਹਨੇ ਪਹਿਲਾਂ ਫੁੱਫੜ ਦੇ ਆਉਣ ਦੀ ਖ਼ਬਰ ਦੌੜ ਕੇ ਭੂਆ ਨੂੰ ਦੱਸੀ, ਫਿਰ ਪਰਤ ਕੇ ਟਾਂਗੇ ਵਿਚੋਂ ਉਤਰ ਰਹੇ ਫੁੱਫੜ ਦੇ ਗਲ ਆਣ ਲੱਗੀ। ਵੀਰਾਂਵਾਲੀ ਨੇ ਪਹਿਲਾਂ ਦਰਵਾਜੇ  ਅੱਗੇ ਆਣ ਕੇ ਆਪ ਪਤੀ ਨੂੰ ਸਤਿ ਸ਼੍ਰੀ ਅਕਾਲ ਆਖੀ, ਫਿਰ ਝੱਟ ਅੰਦਰ ਵੜ ਕੇ ਸ਼ੀਸ਼ੇ ਅੱਗੇ ਆਪਣੇ ਵਾਲ ਸੁਆਰੇ, ਦੁਪੱਟਾ ਬਦਲਿਆ ਅਤੇ ਮੁੜ ਚਾਈਂ-ਚਾਈਂ ਬਾਹਰ ਆਣ ਕੇ ਸਮਾਨ ਸੰਭਾਲਣ ਦੇ ਆਹਰ ਵਿਚ ਲੱਗ ਗਈ। ਲਾਜ ਵੀ ਨਿੱਕੀਆਂ ਨਿੱਕੀਆਂ ਚੀਜਾਂ ਸੰਭਾਲਣ ਵਿਚ ਆਪਣੀ ਭੂਆ ਨੂੰ ਮਦਦ ਦੇਣ ਲੱਗ ਪਈ। 
ਗੁਆਂਢ ਤੋਂ ਸੱਜਣ ਮਿੱਤਰ ਹੁਸ਼ਨਾਕ ਸਿੰਘ ਨੂੰ ਪੁੱਛਣ-ਭਾਲਣ ਆ ਗਏ। ਵੀਰਾਂਵਾਲੀ ਨੇ ਚੁੱਲ੍ਹੇ ਉਤੇ ਚਾਹ ਰੱਖ ਦਿੱਤੀ। ਗੁਆਂਢੀਆਂ ਦੇ ਚਲੇ ਜਾਣ ਮਗਰੋਂ ਚਾਹ ਪਿਆਉਣ ਲੱਗਿਆਂ ਹੀ ਵੀਰਾਂਵਾਲੀ ਨੂੰ ਆਪਣੇ ਪਤੀ ਪਾਸੋਂ ਸੁਖ-ਸਾਂਦ ਪੁੱਛਣ ਦਾ ਮੌਕਾ ਮਿਲਿਆ, ''ਜੀ, ਵੱਲ ਰਾਜੀ-ਬਾਜੀ ਰਹੇ ਹੋ?''
''ਅੱਗੇ ਤਾਂ ਵੱਲ ਹੀ ਰਹੇ ਹਾਂ ਪਰ ਮਾਲੂਮ ਹੁੰਦਾ ਹੈ ਤੂੰ ਵੱਲ ਰਹਿਣ ਨਹੀਂ ਦੇਣਾ।''
ਵੀਰਾਂਵਾਲੀ ਦੇ ਕੰਨਾਂ ਨੂੰ ਅਜਿਹੇ ਉੱਤਰ ਦੀ ਆਸ ਨਹੀਂ ਸੀ। ਉਹ ਆਪਣੇ ਪਤੀ ਦੇ ਚਿਹਰੇ ਤੋਂ ਉਸ ਦੇ ਮਨ ਦੀ ਅਵਸਥਾ ਨੂੰ ਤਾਂ ਪੜ੍ਹ ਚੁੱਕੀ ਸੀ ਪਰ ਨਰਾਜਗੀ ਦੇ ਕਾਰਨ ਦੀ ਪੂਰੀ ਸਮਝ ਉਸ ਨੂੰ ਅਜੇ ਨਹੀਂ ਸੀ ਆਈ। ਵੀਰਾਂਵਾਲੀ ਨੇ ਗੱਲ ਨੂੰ ਇੱਥੇ ਹੀ ਠੱਪ ਦਿੱਤਾ। ਹੁਸ਼ਨਾਕ ਸਿੰਘ ਦੇ ਨਾਂਹ-ਨੁੱਕਰ ਕਰਦਿਆਂ ਚਾਹ ਦੀ ਪਿਆਲੀ ਪੀ ਲਈ। ਰਾਤ ਦੀ ਰੋਟੀ ਤੱਕ ਵੀਰਾਂਵਾਲੀ ਨੇ ਕੋਈ ਗੱਲ ਛੇੜਨ ਦਾ ਮੌਕਾ ਨਾ ਦਿੱਤਾ। ਹੁਸ਼ਨਾਕ ਸਿੰਘ ਨੇ ਭਰਿਆ-ਪੀਤਿਆਂ ਹੀ ਦੋ ਰੋਟੀਆਂ ਸੰਘੇ ਹੇਠਾਂ ਉਤਾਰੀਆਂ। ਵੀਰਾਂਵਾਲੀ ਨੇ ਤਾਂ ਖਾਣਾ ਹੀ ਕੀ ਸੀ!
ਸੌਣ ਦੇ ਕੱਪੜੇ ਬਦਲ ਕੇ ਹੁਸ਼ਨਾਕ ਸਿੰਘ ਲੰਮਾ ਪੈ ਗਿਆ। ਵੀਰਾਂਵਾਲੀ ਲਾਜ ਨੂੰ ਰੋਟੀ ਖੁਆ ਕੇ ਭਾਂਡਾ-ਟਿੰਡਾ ਸਾਂਭਣ ਪਿਛੋਂ ਲੱਤਾਂ ਦੱਬਣ ਦੇ ਬਹਾਨੇ ਆਪਣੇ ਪਤੀ ਪਾਸ ਮੰਜੇ ਉਤੇ ਆਣ ਬੈਠੀ। ਦਸ-ਪੰਦਰਾਂ ਮਿੰਟ ਦੋਹਾਂ ਪਾਸਿਆਂ ਤੋਂ ਚੁੱਪ ਰਹੀ। ਹੁਸ਼ਨਾਕ ਸਿੰਘ ਨੇ ਪਾਸਾ ਪਰਤਦਿਆਂ ਇਉਂ ਉਬਾਸੀ ਲਈ ਜਿਵੇਂ ਉਹ ਪਹਿਲਾਂ ਸੋ ਗਿਆ ਸੀ ਅਤੇ ਹੁਣ ਹੀ ਉਸ ਨੂੰ ਵੀਰਾਂਵਾਲੀ ਦੇ ਪਾਸ ਬੈਠੇ ਹੋਣ ਦਾ ਪਤਾ ਲੱਗਾ ਹੈ। 
ਵੀਰਾਂਵਾਲੀ ਨੇ ਕਿਹਾ, ਜੀ ਇੱਧਰ ਮੂੰਹ ਤਾਂ ਕਰੋ। ਤੁਹਾਨੂੰ ਤਾਂ ਜੱਗ ਰੱਖਣਾ ਵੀ ਨਹੀਂ ਆਉਂਦਾ। ਉਡੀਕ ਉਡੀਕ  ਕੇ ਸਾਡੀਆਂ ਅੱਖਾਂ ਵੀ ਪੱਕ ਗਈਆਂ ਹਨ ਤੇ ਇਹ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ। ਛੁੱਟੀ ਕਿੰਨੀ ਮਿਲੀ ਜੇ?''
ਹੁਸ਼ਨਾਕ ਸਿੰਘ ਨੇ ਫਿਰ ਪਾਸਾ ਪਰਤਿਆ ਅਤੇ ਅੱਖਾਂ ਉਤੇ ਹੱਥ ਰੱਖ ਕੇ ਆਖਣ ਲੱਗਾ, ''ਤੂੰ ਲੰਮੀ ਛੁੱਟੀ ਹੀ ਸਮਝ। ਸੁੱਖ ਤੈਨੂੰ ਪਚਦਾ ਨਹੀਂ। ਹੁਣ ਹੀ ਤਰੱਕੀ ਦੇ ਦਿਨ ਸਨ ਪਰ ਤੂੰ ਮੈਨੂੰ ਕੁੱਝ ਨਹੀਂ ਬਣਨ ਦੇਣਾ।''
''ਜੀ ਗੱਲ ਤਾਂ ਦੱਸੋ?'
''ਗੱਲ ਕੀ ਦੱਸਾਂ। ਤੈਨੂੰ ਪਤਾ ਨਹੀਂ, ਅੱਜ-ਕੱਲ੍ਹ ਲੜਾਈ ਦੇ ਦਿਨ ਸਨ। ਕਿਸੇ ਫੌਜੀ ਦੇ ਬਾਗੀਆਂ ਨਾਲ ਮੇਲ ਜੋਲ ਨੂੰ ਸਰਕਾਰ ਪਸੰਦ ਨਹੀਂ ਕਰਦੀ। ਅੱਵਲ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਚਾਹੀਦਾ ਕਿ ਕੋਈ ਬਾਗੀ ਸਾਡੇ ਸੰਬੰਧੀ ਹਨ। ਜੇ ਪਤਾ ਲੱਗ ਹੀ ਜਾਵੇ ਤਾਂ ਅਸੀਂ ਆਖ ਵੀ ਸਕਦੇ ਹਾਂ ਕਿ ਉਹ ਸਾਡੇ ਆਖੇ ਤੋਂ ਬਾਹਰ ਹਨ। ਪਰ ਤੂੰ ਇਹ ਬਲਾ ਕਿਉਂ ਜਾਣਬੁੱਝ ਕੇ ਆਪ ਗੱਲ ਪਾ ਲਈ? ਬਾਗੀ ਦੀ ਧੀ ਰੱਖਣਾ ਤੂੰ ਨਹੀਂ ਜਾਣਦੀ ਕਿੰਨਾ ਜ਼ੁਰਮ ਹੈ?''
ਆਪਣੇ ਪਤੀ ਦੀ ਗੱਲ ਸੁਣ ਕੇ ਵੀਰਾਂਵਾਲੀ ਨੂੰ ਕੰਬਣੀ ਜਿਹੀ ਆ ਗਈ। ਉਸ ਨੂੰ ਇਹ ਖ਼ਿਆਲ ਨਹੀਂ ਸੀ ਕਿ ਲਾਜ ਨੂੰ ਇਸ ਹਾਲਤ ਵਿਚ ਇੱਥੇ ਲਿਆਉਣਾ ਪਤੀ ਲਈ ਕਿੰਨਾ ਜ਼ਿਆਦਾ ਦੁਖਦਾਈ ਹੋ ਸਕਦਾ ਹੈ। ਉਸ ਦੀ ਜਾਨ ਪਸੀਨਾ ਹੋ ਗਈ। 
ਹੁਸ਼ਨਾਕ ਸਿੰਘ ਨੇ ਫਿਰ ਦੰਦ ਕਰੀਚ ਕੇ ਕਿਹਾ, ''ਤੂੰ ਕੁੜੀ ਨੂੰ ਕਿਉਂ ਮੇਰੇ ਘਰ ਲਿਆਂਦਾ?''
ਵੀਰਾਂਵਾਲੀ ਨੇ ਭਰੇ ਗਲੇ ਨਾਲ ਸਾਰੀ ਵਿਥਿਆ ਇਸ ਤਰ੍ਹਾਂ ਸੁਣਾਈ ਜਿਵੇਂ ਕੋਈ ਪੁਜਾਰਨ ਦੇਵੀ ਪਾਸੋਂ ਕਿਸੇ ਮਨ-ਭਾਉਂਦੇ ਵਰ ਦਾ ਤਰਲਾ ਲੈ ਰਹੀ ਹੋਵੇ। ਪਰ ਤੁਰਤ ਹੀ ਉਸ ਨੂੰ ਅਨੁਭਵ ਹੋਇਆ ਕਿ ਪਤੀ ਦੇਵ ਤਾਂ ਪੱਥਰ ਦੀ ਮੂਰਤ ਹਨ। ਉਸ ਦੇ ਮਨ ਵਿਚ ਪਤੀ ਜੀ ਦੇ ਛੁੱਟੀ ਆਉਣ ਦੀਆਂ ਕਿੰਨੀਆਂ ਉਮੰਗਾਂ ਸਨ। ਉਸ ਦੇ ਸਾਰੇ ਵਲਵਲੇ ਅਤੇ ਦਾਅ ਖਿੰਡ ਪੁੰਡ ਕੇ ਉਸ ਦੀ ਅੱਖਾਂ ਸਾਹਮਣੇ ਪਰਛਾਵੇਂ ਜਿਹੇ ਬਣ ਕੇ ਖਿੱਲਰ ਗਏ। ਪੁਆਂਦੀ ਪਿਆਂ ਹੀ ਉਸ ਨੇ ਰਾਤ ਕੱਟ ਲਈ। ਹੰਝੂਆਂ ਦੇ ਕੀਮਤੀ ਮੋਤੀਆਂ ਦੀ ਭੇਟਾ ਨਾਲ ਵੀ ਪੱਥਰ ਦੀ ਮੂਰਤੀ ਵਿਚ ਕੋਈ ਅਨੁਭਵ ਨਹੀਂ ਸੀ। ਪਤੀ ਦੇ ਹੱਠ ਨੇ ਵੀਰਾਂਵਾਲੀ ਨੂੰ ਆਪਣੇ ਅਪਰਾਧੀ ਹੋਣ ਦਾ ਸ਼ੱਕ ਜਿਹਾ ਕਰਾ ਦਿੱਤਾ। 
ਘਬਰਾਇਆ ਹੋਇਆ ਆਦਮੀ ਆਪਣੀ ਘਬਰਾਹਟ ਦੇ ਕਾਰਨ ਨੂੰ ਲੁਕਾਉਣ ਲਈ ਸੌ ਸਾਧਨ ਵਰਤਦਾ ਹੈ, ਪਰ ਉਹ ਉਸ ਦੀ ਘਬਰਾਹਟ ਨੂੰ ਵਧੀਕ ਪ੍ਰਗਟਾਉਂਦੇ ਹਨ। ਸੱਜਣਾਂ-ਮਿੱਤਰਾਂ ਤੱਕ ਗੱਲ ਪੁੱਜ ਗਈ। ਸਿਆਣਿਆਂ ਦੀਆਂ ਦਲੀਲਾਂ ਅਤੇ ਮਿਸਾਲਾਂ ਹੁਸ਼ਨਾਕ ਸਿੰਘ ਨੂੰ ਕਾਇਲ ਨਾ ਕਰਵਾ ਸਕੀਆਂ ਕਿ ਤੇਰੇ ਸਾਲੇ ਅਤੇ ਸਾਲੇਹਾਰ ਦੀ ਜ਼ਿੰਮੇਵਾਰੀ ਕਿਸੇ ਤਰ੍ਹਾਂ ਵੀ ਤੇਰੇ ਉਤੇ ਨਹੀਂ ਆਉਂਦੀ। ਲਾਜ ਨੂੰ ਆਪਣੇ ਪਾਸ ਰੱਖਣਾ ਉਹ ਆਪਣੀਆਂ ਸਭ ਆਸਾਂ ਦੇ ਖਾਤਮੇ ਦਾ ਪਰਵਾਨਾ ਸਮਝਦਾ ਸੀ। ਵਧੀਕ ਨਹੀਂ ਤਾਂ ਸੂਬੇਦਾਰ ਮੇਜਰ ਤਾਂ ਉਸ ਇਸ ਜੰਗ ਵਿਚ ਹੀ ਬਣਨਾਂ ਹੈ। ਲਾਜ ਦੇ ਕੰਨਾਂ ਵਿਚ ਕੋਈ ਨਾਂ ਕੋਈ ਗੱਲ ਪੈ ਜਾਂਦੀ ਰਹੀ। ਛੁੱਟੀ ਪੂਰੀ ਹੋ ਗਈ। ਹੁਸ਼ਨਾਕ ਸਿੰਘ ਨੇ ਟਾਂਗਾ ਬੂਹੇ  ਅੱਗੇ ਲਿਆ ਖੜ੍ਹਾ ਕੀਤਾ। ਵੀਰਾਂਵਾਲੀ ਨੂੰ ਬਾਹੋਂ ਫੜ ਕੇ ਉਸ ਵਿਚ ਬਿਠਾਇਆ ਅਤੇ ਮਕਾਨ ਦੀਆਂ ਚਾਬੀਆਂ ਜੇਬ ਵਿਚ ਪਾ ਲਈਆਂ। ਬੂਹੇ ਅੱਗੇ ਕੁੜੀਆਂ ਨਾਲ ਖੇਡਦੀ ਲਾਜ ਟਾਂਗੇ ਵਿਚ ਬੈਠੀ ਬੇਵੱਸ ਭੂਆ ਵੱਲ ਹੰਝੂਆਂ-ਭਰੀਆਂ ਅੱਖਾਂ ਨਾਲ ਵੇਖ ਰਹੀ ਸੀ। ਟਾਂਗਾ ਉਹਲੇ ਹੋ ਗਿਆ। 
''ਭਰਾ ਜੀ ਲਾਜ ਦਾ ਕੀ ਬਣਿਆ?''
''ਵੀਰਾਂ, ਅਸੀਂ ਤਾਂ ਤੇਰੇ ਪਾਸ ਅਮਾਨਤ ਛੱਡ ਆਏ ਸਾਂ।''
ਇਕ ਸਾਲ ਅਤੇ ਦੋ ਮਹੀਨੇ ਗੁਜ਼ਰ ਜਾਣ ਪਿਛੋਂ ਸੈਂਟਰਲ ਜੇਲ੍ਹ ਮੁਲਤਾਨ ਦੇ ਮੁਲਾਕਾਤੀ ਕਮਰੇ ਵਿਚ ਭੈਣ ਵੀਰਾਂਵਾਲੀ ਦਾ ਇਹ ਸੁਆਲ ਤੇ ਭਰਾ ਕਿਸ਼ਨ ਸਿੰਘ ਦਾ ਇਹ ਇਕੋ ਜੁਆਬ ਬਸ ਦੋ ਗੱਲਾਂ ਸਨ ਜੋ ਉਨ੍ਹਾਂ ਇਕ ਘੰਟੇ ਦੀ ਮੁਲਾਕਾਤ ਵਿਚ ਜਬਾਨ ਨਾਲ ਕੀਤੀਆਂ। ਇਨ੍ਹਾਂ ਦੋਹਾਂ ਗੱਲਾਂ ਪਿਛੋਂ ਦੋਵੱਲੀ ਚੁੱਪ ਅਤੇ ਕਿਸੇ ਵੇਲੇ ਤਰ ਅੱਖਾਂ ਨਾਲ ਇਕ ਦੂਜੇ ਵੱਲ ਤੱਕਣਾ ਦਿਲ ਦੀਆਂ ਗੱਲਾਂ ਹਨ, ਜਿਨ੍ਹਾਂ ਨੂੰ ਬੇਜ਼ਬਾਨੀ ਦਾ ਕੋਈ ਪੰਡਤ ਹੀ ਦੱਸ ਸਕਦਾ ਹੈ। ਮੁਲਾਕਾਤ ਕਰਵਾਉਣ ਵਾਲੇ ਅਫਸਰ ਨੇ ਵਕਤ ਖਤਮ ਹੋ ਜਾਣ ਦੀ ਘੰਟੀ ਵਜਾਈ। ਦੋਵੇਂ ਭੈਣ-ਭਰਾ ਇਕ ਦੂਜੇ ਨੂੰ ਵੇਖਦੇ ਅੱਡ ਹੋ ਗਏ। ਮਾਂ-ਪਿਓ ਜਾਈ ਨਾਲ ਇਹ ਆਖ਼ਰੀ ਮਿਲਣੀ ਹੈ-ਕਿਸ਼ਨ ਸਿੰਘ ਨੂੰ ਇਸ ਗੱਲ ਦਾ ਕੀ ਪਤਾ ਸੀ। 
ਜੇਲ੍ਹਾਂ ਵਿਚ ਕੈਦੀਆਂ ਦੀ ਆਵਾਜਾਈ ਲਗੀ ਰਹਿੰਦੀ ਹੈ। ਕਿਸ਼ਨ ਸਿੰਘ ਨੂੰ ਇਹ ਤਾਂ ਪਤਾ ਲੱਗ ਚੁੱਕਾ ਹੈ ਕਿ ਲਾਜ ਹੁਣ ਲਾਹੌਰ ਤਪਦਿਕ ਦੇ ਹਸਪਤਾਲ ਵਿਚ ਹੈ। ਪਰ ਵੀਰਾਂਵਾਲੀ ਉਸ ਨਾਲੋਂ ਵੀ ਸਖਤ ਕੈਦ ਵਿਚ ਹੈ, ਕਿਸ਼ਨ ਸਿੰਘ ਨੂੰ ਇਹ ਗੱਲ ਕਿਸੇ ਨੇ ਨਹੀਂ ਸੀ ਦੱਸੀ। ਛਾਉਣੀ ਵਿਚ ਤਾਂ ਪੰਖੇਰੂ ਪਰ ਨਹੀ ਸੀ ਮਾਰ ਸਕਦਾ, ਬਾਗੀ ਭਰਾ ਭਰਜਾਈ ਅਤੇ ਬਾਗੀਆਂ ਦੀ ਧੀ ਬਾਬਤ ਵੀਰਾਂਵਾਲੀ ਨੂੰ ਕੌਣ ਖ਼ਬਰ ਦੱਸਦਾ। 
ਵੀਰਾਂਵਾਲੀ ਮੁਲਾਕਾਤ ਲਈ ਜੇਲ੍ਹ ਤੱਕ ਕਿਵੇਂ ਪੁੱਜ ਗਈ, ਇਸ ਭੇਦ ਦਾ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਉਸ ਨੇ ਆਪਣੀ ਜਾਨ ਖਤਰੇ ਵਿਚ ਪਾਈ। ਆਪਣੇ ਪਤੀ ਹੁਸ਼ਨਾਕ ਸਿੰਘ ਤੋਂ ਇਹ ਭੇਦ ਲੁਕਾਉਣ ਵਿਚ ਉਸ ਨੂੰ ਸਫਲਤਾ  ਹੋਈ, ਪਰ ਭਰਾ ਦੀ ਅਮਾਨਤ ਵਿਚ ਮਜ਼ਬੂਰੀ ਖਿਆਨਤ ਹੋ ਜਾਣ ਦਾ ਖ਼ਤਰਾ ਉਹ ਨਾ ਸਹਾਰ ਸਕੀ। ਹੁਸ਼ਨਾਕ ਸਿੰਘ ਨੇ ਅਸਲ  ਮਰਜ ਵੱਲ ਤਾਂ ਧਿਆਨ ਨਾ ਕੀਤਾ, ਹੋਰ ਦੁਆਈਆਂ ਨੇ ਕੀ ਸੁਆਰਨਾਂ ਸੀ। ਸ਼ਰਨ ਕੌਰ ਦੀ ਕੈਦ ਪੂਰੀ ਹੋ ਗਈ। ਵੀਰਾਂਵਾਲੀ ਨੇ ਅਮਾਨਤ ਵਿਚ ਖਿਆਨਤ ਕਰਨ ਦੀ ਦੋਸ਼ਣ ਹੋ ਕੇ ਭਰਜਾਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਸਦੀਵੀਂ ਰਿਹਾਈ ਪਾ ਲਈ। 
ਸ਼ਰਨ ਕੌਰ ਸਿੱਧੀ ਲਾਹੌਰ ਹਸਪਤਾਲ ਵਿਚ ਪੁੱਜੀ। ਵੱਡਾ ਦਰਵਾਜਾ ਬੰਦ ਸੀ। ਦਰਬਾਨ ਨੇ ਕਿਹਾ, ''ਮਰੀਜਾਂ ਦੇ ਅਰਾਮ ਕਰਨ ਦਾ ਵਕਤ ਹੈ।'' 
ਦਰਵਾਜ਼ੇ ਦੀ ਖੱਬੀ ਨੁੱਕਰ ਵਿਚ ਭੰਗੀਆਂ ਦਾ ਘਰ ਸੀ। ਓਪਰੀ ਖੱਦਰਪੋਸ਼ ਜਨਾਨੀ ਨੂੰ ਵੇਖ ਕੇ ਜ਼ਮਾਂਦਾਰਨੀ ਨੇੜੇ ਆ ਗਈ। ਉਸ ਨੇ ਪੁਛਿਆ, ''ਤੁਸੀਂ ਕਿਸ ਨੂੰ ਮਿਲਣਾ ਹੈ?''
ਸ਼ਰਨ ਕੌਰ ਨੇ ਕਿਹਾ, ''ਮੇਰੀ ਲੜਕੀ ਇੱਥੇ ਬਿਮਾਰ ਹੈ... ਲਾਜ।''
ਜਮਾਂਦਾਰਨੀ ਨੇ ਵਾਰਡ ਅਤੇ ਕਮਰੇ ਦਾ ਨੰਬਰ ਪੁੱਛਿਆ ਅਤੇ ਨਾਲ ਹੀ ਕਿਹਾ, ''ਅਸਾਂ ਤਾਂ ਇਸ ਨਾਂ ਦੀ ਕੋਈ ਬੀਮਾਰ ਨਹੀਂ ਸੁਣੀ। ਮੈਂ ਰੋਜ ਹਰ ਇਕ ਵਾਰਡ ਵਿਚ ਸਫਾਈ ਲਈ ਜਾਂਦੀ ਹਾਂ।''
ਸ਼ਰਨ ਕੌਰ ਨੇ ਕਿਹਾ, ''ਮੈਨੂੰ ਤਾਂ ਵਾਰਡ ਦਾ ਪਤਾ ਨਹੀਂ। ਨਾ ਹੀ ਕਮਰੇ ਦੇ ਨੰਬਰ ਦਾ ਪਤਾ ਹੈ। ਸੁਣਿਆ ਹੈ ਕਿ ਮੇਰੀ ਲਾਜ ਇਸ ਹਸਪਤਾਲ ਵਿਚ ਹੈ।''
''ਸੁਣਿਆ ਹੈ!'' ਜਮਾਂਦਾਰਨੀ ਨੇ ਹੈਰਾਨ ਹੋ ਕੇ ਪੁੱਛਿਆ, ''ਤੁਸਾਂ ਆਪ ਉਸ ਨੂੰ ਇੱਥੇ ਦਾਖ਼ਲ ਨਹੀਂ ਕਰਵਾਇਆ?''
''ਨਹੀਂ ਅਸੀਂ ਜੇਲ੍ਹ ਵਿਚ ਸਾਂ, ਪਿਛੋਂ ਹੀ ਉਹ ਬੀਮਾਰ ਹੋ ਗਈ।'' 
''ਉਹ ਬਾਗ਼ੀ ਦੀ ਧੀ ਹੋਵੇਗੀ, ਜੇਲ੍ਹ ਦਾ ਨਾ ਸੁਣ ਕੇ ਜਮਾਂਦਾਰਨੀ ਨੇ ਕਿਹਾ, ''ਇੱਥੇ ਉਸ ਦਾ ਨਾਂ ਕਿਸੇ ਨੂੰ ਵੀ ਪਤਾ ਨਹੀ। ਪਤਲੀ, ਗੋਰੀ ਜਿਹੀ, ਬਾਰਾਂ-ਤੇਰਾਂ ਸਾਲਾਂ ਦੀ ਕੁੜੀ ਹੈ। ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਹੈ। ਉਸ ਦੀਆਂ ਗੱਲਾਂ ਸੁਣ ਕੇ ਕਦੇ ਹਾਸਾ ਆ ਜਾਂਦਾ ਹੈ, ਕਦੇ ਰੌਣਾ। ਉਹ ਆਪਣੀ ਭੂਆ ਪਾਸ ਸੀ?'' 
ਸ਼ਰਨ ਕੌਰ ਨੇ ਹਾਂ ਵਿਚ ਸਿਰ ਹਿਲਾਇਆ।
''ਬਸ ਉਹੋ ਹੈ। ਜਦ ਉਹ ਪਹਿਲਾਂ ਇੱਥੇ ਆਈ ਤਾਂ ਉਸ ਨੇ ਕਿਸੇ ਕੁੜੀ ਤੋਂ ਪੁਛਿਆ, ਬਾਗੀ ਕਿਸ ਨੂੰ ਆਖਦੇ  ਹਨ ਤੇ ਫਿਰ ਆਪ ਹੀ ਦੱਸਿਆ ਕਿ ਮੇਰਾ ਫੁੱਫੜ ਮੇਰੀ ਭੂਆ ਨੂੰ ਆਖਦਾ ਸੀ ਕਿ ਤੂੰ ਬਾਗੀ ਦੀ ਧੀ ਨੂੰ ਘਰ ਕਿਉਂ ਲਿਆਂਦਾ। ਉਸ ਦਿਨ ਤੋਂ ਉਸਦਾ ਨਾਂ ਬਾਗੀ ਦੀ ਧੀ ਪੈ ਗਿਆ। ਜਦ ਵੀ ਡਾਕਟਰ ਆਉਂਦਾ ਏ, ਉਹ ਆਖਦੀ ਹੈ ਮੈਨੂੰ ਮੇਰੇ ਪਿਤਾ ਜੀ ਤੇ ਮਾਤਾ ਜੀ ਪਾਸ ਜੇਲ੍ਹ ਵਿਚ ਲੈ ਚੱਲੋ। ਡਾਕਟਰ ਹੱਸ ਛੱਡਦਾ ਹੈ।'' ਜਮਾਂਦਾਰਨੀ ਦੀ ਗੱਲ ਨੂੰ ਸ਼ਰਨ ਕੌਰ ਬੁੱਤ ਬਣੀ ਸੁਣਦੀ ਗਈ। 
ਜਮਾਂਦਾਰਨੀ ਨੇ ਕਿਹਾ, ''ਸਰਦਾਰ ਜੀ ਨਹੀਂ ਆਏ?''
''ਉਨ੍ਹਾਂ ਦੀ ਕੈਦ ਅਜੇ ਅੱਧੀ ਵੀ ਨਹੀ ਗੁਜ਼ਰੀ। ਉਨ੍ਹਾਂ ਨੂੰ ਤਿੰਨ ਸਾਲ ਦੀ ਕੈਦ ਮਿਲੀ ਸੀ।''
ਸ਼ਰਨ ਕੌਰ ਦੀ ਗੱਲ ਸੁਣ ਕੇ ਜਮਾਦਾਰਨੀ ਨੇ ਠੰਢਾ ਹੋਕਾ ਭਰਿਆ ਅਤੇ ਕਿਹਾ, ''ਕੁੜੀ ਬੜੀ ਸਿਆਣੀ ਹੈ। ਦੱਸਦੀ ਹੈ ਕਿ ਮੇਰ ਫੁੱਫੜ ਭੂਆ ਨੂੰ ਲੈ ਕੇ ਚਲਾ ਗਿਆ। ਮੈਂ ਬਾਹਰ ਬੂਹੇ ਅੱਗੇ ਬੈਠੀ ਸਰਦਲ ਉਤੇ ਹੀ ਸੌਂ ਗਈ। ਸਰਦੀ ਨਾਲ ਮੈਨੂੰ ਤਾਪ ਚੜ੍ਹ ਗਿਆ। ਫਿਰ ਮੇਰਾ ਪਿਤਾ ਜੀ ਦਾ ਇਕ ਦੋਸਤ ਮੈਨੂੰ ਆਪਣੇ ਘਰ ਲੈ ਗਿਆ। ਜਦ ਮੈਂ ਬਹੁਤ ਬੀਮਾਰ ਹੋ ਗਈ ਤਾਂ ਉਹ ਇੱਥੇ ਛੱਡ ਗਏ। ਮੈਂ ਬਥੇਰਾ ਕਿਹਾ ਮੈਨੂੰ ਜੇਲ੍ਹ ਲੈ ਚੱਲੋ, ਪਰ ਉਹ ਨਹੀਂ ਲੈ ਗਏ।'' ਇੰਨੀ ਗੱਲ ਦੱਸਣ ਪਿਛੋਂ ਜਮਾਂਦਾਰਨੀ ਨੇ ਕਿਹਾ, ''ਹੁਣ ਤਾਂ ਜੀ ਉਹ ਤੁਹਾਨੂੰ ਹੀ ਉਡੀਕਦੀ ਹੈ!''
ਜਮਾਂਦਾਰਨੀ ਦੇ ਆਖ਼ਰੀ ਫ਼ਿਕਰੇ ਦਾ ਭਾਵ ਸ਼ਰਨ ਕੌਰ ਸਮਝ ਗਈ ਸੀ। ਲਾਜ ਦੇ ਕਮਰੇ ਵਿਚ ਪੁੱਜਣ ਤੱਕ ਉਸ ਦੇ ਸਾਰੇ ਅੱਥਰੂ ਵਗ ਚੁੱਕੇ ਸਨ। ਆਪਣੀ ਮਾਤਾ ਨੂੰ ਵੇਖ ਕੇ ਲਾਜ ਦੀਆਂ ਅੱਖਾਂ ਅੱਡੀਆਂ ਗਈਆਂ। ਸਵੇਰ ਦੇ ਦੀਵੇ ਦੀ ਇਹ ਆਖ਼ਰੀ ਝਲਕ ਸੀ।

No comments:

Post a Comment