Monday 5 January 2015

ਸ਼ਰਧਾਂਜਲੀ

ਸਾਥੀ ਰਤਨ ਚੰਦ ਦੀਨਾ ਨਗਰ ਨਹੀਂ ਰਹੇ

ਸੀ.ਪੀ.ਐਮ.ਪੰਜਾਬ ਦੀ ਗੁਰਦਾਸਪੁਰ ਜ਼ਿਲ੍ਹਾ ਕਮੇਟੀ ਦੇ ਮੈਂਬਰ ਅਤੇ ਮਜ਼ਦੂਰਾਂ-ਮੁਲਾਜ਼ਮਾਂ ਤੇ ਹੋਰ ਕਿਰਤੀ ਲੋਕਾਂ ਦੇ ਸਮਰਪਤ ਆਗੂ ਸਾਥੀ ਰਤਨ ਚੰਦ ਦੀਨਾਨਗਰ 17 ਦਸੰਬਰ 2014 ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹਨਾਂ ਦੇ ਵਿਛੋੜੇ ਨਾਲ ਉਹਨਾਂ ਦੇ ਪਰਿਵਾਰ, ਸਨੇਹੀਆਂ ਅਤੇ ਸਮੁੱਚੀ ਖੱਬੀ ਲਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਸਾਥੀ ਰਤਨ ਚੰਦ ਅੰਦਰ ਸਮਾਜਿਕ ਤਬਦੀਲੀ ਦੀ ਪ੍ਰਬਲ ਲਗਨ ਬਚਪਨ ਵਿਚ ਹੀ ਜਾਗ ਪਈ ਸੀ। ਉਹਨਾਂ ਦੇ ਜੱਦੀ ਪਿੰਡ ਭਰਥ ਕਾਜੀ ਚੱਕ ਅਤੇ ਆਲੇ ਦੁਆਲੇ ਵਿਚ ਜਗੀਰਦਾਰਾਂ ਵਲੋਂ ਪੇਂਡੂ ਖੇਤ ਮਜ਼ਦੂਰਾਂ ਵਿਰੁੱਧ ਹੁੰਦੇ ਧੱਕਿਆਂ ਨੇ ਉਹਨਾਂ ਨੂੰ ਇਸ ਮਹਾਨ ਕਾਰਜ ਨਾਲ ਜੋੜਿਆ। ਕਾਮਰੇਡ ਸੁਰਜੀਤ ਕੁਮਾਰੀ ਨਾਲ ਸ਼ਾਦੀ ਹੋ ਜਾਣ 'ਤੇ ਉਹਨਾਂ ਅੰਦਰ ਲੜਾਕੂ ਸਮਰਥਾ ਹੋਰ ਮਜ਼ਬੂਤ ਹੋ ਗਈ। ਦੋਵਾਂ ਨੇ ਸਾਰਾ ਜੀਵਨ ਮੋਢੇ ਨਾਲ ਮੋਢਾ ਜੋੜਕੇ ਆਪਣੇ ਬੱਚਿਆਂ ਦੀ ਸੁਚੱਜੀ ਪਾਲਣਾ ਵੀ ਕੀਤੀ ਅਤੇ ਸਮਾਜਕ ਅਤੇ ਰਾਜਨੀਤਕ ਮੰਤਵ ਦੀ ਪੂਰਤੀ ਵੀ ਸੱਚੇ ਲੋਕ ਸੇਵਕਾਂ ਵਾਂਗ ਕੀਤੀ। ਆਰਥਕ ਤੰਗੀਆਂ ਤੁਰਸ਼ੀਆਂ ਦਾ ਮੁਕਾਬਲਾ ਕਰਦੇ ਹੋਏ ਦੋਵੇਂ ਜੀਅ ਮਜ਼ਦੂਰਾਂ, ਮੁਲਾਜ਼ਮਾਂ ਤੇ ਔਰਤਾਂ ਦੀਆਂ ਜਥੇਬੰਦੀਆਂ ਅਤੇ ਪਾਰਟੀ ਵਲੋਂ ਲੱਗੀ ਹਰ ਜੁੰਮੇਵਾਰੀ ਨੂੰ ਖਰਾਬ ਸਿਹਤ ਦੇ ਬਾਵਜੂਦ ਇਕ ਦੂਜੇ ਦੇ ਸਹਿਯੋਗ ਨਾਲ ਨਿਰੰਤਰ ਨਿਭਾਉਂਦੇ ਰਹੇ। 
ਸਾਥੀ ਰਤਨ ਚੰਦ ਦਾ ਜੀਵਨ ਹਰ ਪੱਖ ਤੋਂ ਮਿਸਾਲੀ ਸੀ। ਉਸਨੇ ਵੱਡੀਆਂ ਆਰਥਕ ਤੰਗੀਆਂ ਕਟਕੇ ਵੀ ਆਪਣੀਆਂ ਤਿੰਨਾਂ ਬੇਟੀਆਂ ਅਤੇ ਬੇਟੇ ਨੂੰ ਕੇਵਲ ਉਚ ਵਿੱਦਿਆ ਹੀ ਨਹੀਂ ਦੁਆਈ ਬਲਕਿ ਉਹਨਾਂ ਨੂੰ ਖੱਬੀ ਲਹਿਰ ਦੇ ਹਮਦਰਦਾਂ ਵਜੋਂ ਵੀ ਵਿਕਸਤ ਕੀਤਾ। ਇਸੇ ਕਰਕੇ ਹੀ ਉਹ ਉਚੇ ਅਹੁਦਿਆਂ ਤੇ ਪੁੱਜ ਕੇ ਵੀ ਕਿਰਤੀ ਲੋਕਾਂ ਦੇ ਹਮਦਰਦ ਹਨ ਅਤੇ ਆਪਣੀ ਸਮਰਥਾ ਅਨੁਸਾਰ ਇਸਦੀ ਸਹਾਇਤਾ ਵੀ ਕਰਦੇ ਹਨ। 
ਕਾਮਰੇਡ ਰਤਨ ਚੰਦ ਨੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੁਹਿਰਦ ਆਗੂ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਉਪਰੰਤ ਉਹ ਪੇਂਡੂ ਮਜ਼ਦੂਰਾਂ ਦੀ ਲਹਿਰ ਵਿਚ ਸਰਗਰਮ ਹੋ ਗਏ ਅਤੇ ਦਿਹਾਤੀ ਮਜ਼ਦੂਰ ਸਭਾ ਦੀਆਂ ਬੁਨਿਆਦਾਂ ਰੱਖਣ ਵਾਲੀ ਟੀਮ ਵਿਚ ਵੀ ਉਹਨਾਂ ਦਾ ਵੱਡਾ ਸਥਾਨ ਰਿਹਾ। ਉਹ ਇਸ ਦੇ ਪਹਿਲੇ ਵਿੱਤ ਸਕੱਤਰ ਚੁਣੇ ਗਏ। ਉਹ ਸੀ.ਪੀ.ਐਮ.ਪੰਜਾਬ ਦੇ ਸਮਰਪਤ ਸਿਪਾਹੀ ਸਨ ਅਤੇ ਪਾਰਟੀ ਫੈਸਲਿਆਂ ਨੂੰ ਪੂਰੀ ਨਿਸ਼ਠਾ ਨਾਲ ਲਾਗੂ ਕਰਦੇ ਸਨ। 
21 ਦਸੰਬਰ 2014 ਨੂੰ ਸਾਥੀ ਰਤਨ ਚੰਦ ਦੇ ਸ਼ਰਧਾਂਜਲੀ ਸਮਾਗਮ ਵਿਚ ਕਿਰਤੀ ਲੋਕਾਂ ਅਤੇ ਖੱਬੀਆਂ ਪਾਰਟੀਆਂ ਦੇ ਕਾਰਕੁੰਨਾਂ ਦੀ ਵੱਡੀ ਸ਼ਮੂਲੀਅਤ ਲੋਕਾਂ ਦੇ ਉਨਹਾਂ ਪ੍ਰਤੀ ਪਿਆਰ ਅਤੇ ਸਤਕਾਰ ਦਾ ਸ਼ਾਨਦਾਰ ਪ੍ਰਤੀਕ ਸੀ। ਇਸ ਸਭ ਨੂੰ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰਾਂ ਸਰਵਸਾਥੀ ਹਰਕੰਵਲ ਸਿੰਘ, ਰਘਬੀਰ ਸਿੰਘ ਅਤੇ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਸੀ.ਪੀ.ਆਈ.(ਐਮ) ਵਲੋਂ ਸਾਥੀ ਕੇਵਲ ਕ੍ਰਿਸ਼ਨ ਕਾਲੀਆ, ਸੁਭਾਸ਼ ਕੈਰੇ ਸੀ.ਪੀ.ਆਈ., ਮੁਲਾਜ਼ਮ ਆਗੂ ਮੰਗਤ ਚੰਚਲ, ਪਾਰਟੀ ਜ਼ਿਲ੍ਹਾ ਕਮੇਟੀ ਦੇ ਆਗੂ ਦਲਬੀਰ ਸਿੰਘ ਤੇ ਅਜੀਤ ਸਿੰਘ ਸਿੱਧਵਾਂ ਅਤੇ ਹੋਰ ਪਤਵੰਤੇ ਲੋਕਾਂ ਨੇ ਸੰਬੋਧਨ ਕੀਤਾ। ਉਹਨਾਂ ਦੀ ਬੇਟੀ ਸ਼ਸ਼ੀ ਨੇ ਪਰਵਾਰ ਵਲੋਂ ਬੋਲਦੇ ਹੋਏ ਆਪਣੇ ਪਿਤਾ ਦੇ ਵਿਚਾਰਾਂ ਨੂੰ ਸਲਾਮ ਆਖੀ ਅਤੇ ਉਹਨਾਂ ਦੇ ਆਦਰਸ਼ਾਂ ਲਈ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦਿੰਦੇ ਰਹਿਣ ਦਾ ਪ੍ਰਣ ਕੀਤਾ। 


ਕਾਮਰੇਡ ਦਲੀਪ ਸਿੰਘ ਟਪਿਆਲਾ ਤੇ ਹੋਰਨਾਂ ਦੇਸ਼ ਭਗਤਾਂ ਨੂੰ ਸ਼ਰਧਾਂਜਲੀਆਂ 
ਸੀ ਪੀ ਐੱਮ ਪੰਜਾਬ ਵੱਲੋਂ ਟਕਸਾਲੀ ਕਮਿਊਨਿਸਟ ਆਗੂ, ਦੇਸ਼ ਭਗਤ ਅਤੇ ਕਿਸਾਨੀ ਘੋਲਾਂ ਦੇ ਮਹਾਂਨਾਇਕ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ 22ਵੀਂ ਬਰਸੀ ਮੌਕੇ 25 ਦਸੰਬਰ ਨੂੰ ਉਨ੍ਹਾ ਦੇ ਜੱਦੀ ਪਿੰਡ ਟਪਿਆਲਾ (ਤਹਿਸੀਲ ਅਜਨਾਲਾ) ਵਿਖੇ ਸੂਬਾ ਪੱਧਰੀ ਰਾਜਸੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮਾਰਕਸੀ ਵਿਚਾਰਧਾਰਾ ਹੀ ਮਨੁੱਖਤਾ ਦੀ ਜੀਵਨ ਧਾਰਾ ਹੈ ਅਤੇ ਦਲੀਪ ਸਿੰਘ ਟਪਿਆਲਾ ਸਮੇਤ ਉਨ੍ਹਾ ਦੇ ਯੁੱਧ ਸਾਥੀਆਂ ਫੌਜਾ ਸਿੰਘ ਭੁੱਲਰ, ਸੋਹਣ ਸਿੰਘ ਜੋਸ਼, ਅੱਛਰ ਸਿੰਘ ਛੀਨਾ, ਹਜ਼ਾਰਾ ਸਿੰਘ ਜੱਸੜ, ਗੁਰਦਿਆਲ ਸਿੰਘ ਟਪਿਆਲਾ, ਚੰਨਣ ਸਿੰਘ ਭਿੱਟੇਵੱਡ, ਰਤਨ ਸਿੰਘ ਚੋਗਾਵਾਂ, ਸੁਰਜਨ ਸਿੰਘ ਤੇ ਰਾਜੇਸ਼ਵਰ ਸਿੰਘ ਚਮਿਆਰੀ ਨੇ ਇਸ ਵਿਚਾਰਧਾਰਾ 'ਤੇ ਚੱਲਦਿਆਂ ਸਮੁੱਚਾ ਜੀਵਨ ਭਾਈ ਲਾਲੋਆਂ ਦੇ ਹੱਕਾਂ, ਹਿੱਤਾਂ ਦੀ ਰਾਖੀ ਹਿੱਤ ਲਾ ਦਿੱਤਾ। ਉਨ੍ਹਾ ਕਿਹਾ ਕਿ ਇਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹਾਸਲ ਹੋਈ ਆਜ਼ਾਦੀ ਨੂੰ ਦੇਸ਼ ਦੇ ਹਾਕਮ ਸਾਮਰਾਜ ਨਿਰਦੇਸ਼ਤ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ 'ਤੇ ਚੱਲ ਕੇ ਗਹਿਣੇ ਪਾਉਣ 'ਤੇ ਤੁਲੇ ਹੋਏ ਹਨ। ਇਸ ਅਜ਼ਾਦੀ ਨੂੰ ਬਚਾਉਣ ਲਈ ਖੱਬੀਆਂ ਪਾਰਟੀਆਂ ਦੇ ਏਕੇ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ, ਤਾਂ ਜੋ ਕੇਂਦਰ ਤੇ ਸੂਬਾਈ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕਾਲੇ ਕਾਨੂੰਨਾਂ ਵਿਰੁੱਧ ਗੁੱਸੇ 'ਚ ਭਰੇ ਪੀਤੇ ਸੜਕਾਂ 'ਤੇ ਉਤਰੇ ਕਿਸਾਨਾਂ, ਮਜ਼ਦੂਰਾਂ, ਅਬਾਦਕਾਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਛੋਟੇ ਕਾਰੋਬਾਰੀਆਂ ਤੇ ਹੋਰ ਮਿਹਨਤਕਸ਼ਾਂ ਦੇ ਸੰਘਰਸ਼ਾਂ ਨੂੰ ਰਾਜਸੀ ਸ਼ਕਤੀ ਵਿੱਚ ਤਬਦੀਲ ਕੀਤਾ ਜਾ ਸਕੇ। 
ਇਸ ਰਾਜਸੀ ਕਾਨਫਰੰਸ ਦੀ ਪ੍ਰਧਾਨਗੀ ਸੀ ਪੀ ਐੱਮ ਪੰਜਾਬ ਦੇ ਆਗੂ ਕਾਮਰੇਡ ਜੋਗਿੰਦਰ ਸ਼ਹੂਰਾ, ਨਵਰੂਪ ਸਿੰਘ, ਵਿਰਸਾ ਸਿੰਘ ਟਪਿਆਲਾ, ਕਾਮਰੇਡ ਅਮਰਜੀਤ ਸਿੰਘ ਭੀਲੋਵਾਲ, ਸੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ ਦੁੱਧਾਰਾਏ ਤੇ ਬੀਬੀ ਅਜੀਤ ਕੌਰ ਕੋਟ ਰਜ਼ਾਦਾ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰਾਂ ਸਾਥੀ ਰਘਬੀਰ ਸਿੰਘ ਪਕੀਵਾਂ ਤੇ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੀਆਂ ਕਾਂਗਰਸੀ ਤੇ ਹੁਣ ਦੀ ਮੋਦੀ ਸਰਕਾਰ ਨੇ ਖੁੱਲ੍ਹੀ ਮੰਡੀ ਦੀ ਨੀਤੀ ਅਧੀਨ ਬਹੁ-ਕੌਮੀ ਵਿਦੇਸ਼ੀ ਤੇ ਦੇਸੀ ਕੰਪਨੀਆਂ ਨੂੰ ਬੇਗਲਾਮ ਖੁੱਲ੍ਹ ਦੇ ਕੇ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ ਦੇ ਫੈਲੇ ਤੰਦੂਏ ਜਾਲ ਨਾਲ ਲੋਕਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ ਤੇ ਕਿਸਾਨੀ ਦਾ ਵੀ ਕਚੂੰਮਰ ਨਿਕਲਿਆ ਪਿਆ ਹੈ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਮਜ਼ਦੂਰਾਂ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਹੁਣ ਤੱਕ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਨੀਤੀਆਂ ਮਜ਼ਦੂਰਾਂ ਦੇ ਗਲੇ ਦਾ ਫੰਦਾ ਬਣ ਗਈਆਂ ਹਨ ਅਤੇ ਸਰਕਾਰਾਂ ਦੀਆਂ ਗਰੀਬ-ਮਾਰੂ ਨੀਤੀਆਂ ਦੇ ਵਿਰੁੱਧ ਸੜਕਾਂ 'ਤੇ ਉਤਰੇ ਦਿਹਾਤੀ ਮਜ਼ਦੂਰ ਆਪਣੇ ਭਖਦੇ ਮਸਲੇ ਹੱਲ ਕਰਾ ਕੇ ਦਮ ਲੈਣਗੇ। 
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਸਾਨੀ ਨੂੰ ਸੱਦਾ ਦਿੱਤਾ ਕਿ ਕਾਮਰੇਡ ਟਪਿਆਲਾ ਤੇ ਉਨ੍ਹਾ ਦੇ ਯੁੱਧ ਸਾਥੀਆਂ ਤੋਂ ਇਲਾਵਾ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਦਰਸਾਏ ਗਏ ਕਿਸਾਨੀ ਘੋਲਾਂ ਦੇ ਮਾਰਗ 'ਤੇ ਚੱਲ ਕੇ ਹੀ ਡਾ. ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਜਿਣਸਾਂ ਦੀਆਂ ਲਾਹੇਵੰਦ ਕੀਮਤਾਂ, ਮਿਲਦੀਆਂ ਰਹੀਆਂ ਸਬਸਿਡੀਆਂ ਦੀ ਬਹਾਲੀ, ਕਰਜ਼ੇ ਰੱਦ ਕਰਵਾਉਣ, ਛੋਟੇ ਕਿਸਾਨ ਲਈ ਮੁਫਤ ਸਰਕਾਰੀ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਵਾਉਣ, ਸਮੁੱਚੇ ਅਬਾਦਕਾਰਾਂ ਨੂੰ ਕਬਜ਼ੇ ਅਧਾਰਤ ਜ਼ਮੀਨੀ ਮਾਲਕੀ ਹੱਕ ਆਦਿ ਦੀ ਪ੍ਰਾਪਤੀ ਕਰਕੇ ਆਰਥਕ ਹਾਲਤ ਬਿਹਤਰ ਕੀਤੀ ਜਾ ਸਕਦੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੰਯੁਕਤ ਸਕੱਤਰ ਪਰਗਟ ਸਿੰਘ ਜਾਮਾਰਾਏ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕੁਲਵੰਤ ਸਿੰਘ ਮੱਲੂਨੰਗਲ ਨੇ ਇਸ ਮੌਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ ਮੁਕਤ ਹੋਣ ਲਈ ਦੇਸ਼ ਭਗਤਾਂ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਵੇਗਾ ਅਤੇ ਨਸ਼ਾ ਫੈਲਾਉਣ ਵਾਲੇ ਰਾਜਸੀ, ਪੁਲਸ ਤੇ ਪ੍ਰਸ਼ਾਸਨ ਦੇ ਨਾਪਾਕ ਗੱਠਜੋੜ ਦਾ ਭਾਂਡਾ ਭੰਨਣ ਲਈ ਅੱਗੇ ਆਉਣਾ ਪਵੇਗਾ। ਨਾਮਵਰ ਆਰਥਕ ਵਿਗਿਆਨੀ ਪ੍ਰੋਫੈਸਰ ਸਰਬਜੀਤ ਸਿੰਘ ਛੀਨਾ ਨੇ ਕੇਂਦਰ ਤੇ ਸੂਬਾਈ ਸਰਕਾਰਾਂ ਵੱਲੋਂ ਸਮਾਜਵਾਦੀ ਨੀਤੀਆਂ ਨੂੰ ਤਿਲਾਂਜਲੀ  ਦੇ ਕੇ ਅਪਣਾਈਆਂ ਗਈਆਂ ਨਵ-ਆਰਥਕ ਉਦਾਰੀਕਰਨ ਨੀਤੀਆਂ ਦਾ ਤੱਥਾਂ 'ਤੇ ਅਧਾਰਤ ਵਿਸ਼ਲੇਸ਼ਨ ਪੇਸ਼ ਕੀਤਾ ਅਤੇ ਇਸ ਦੇ ਬਦਲ ਵਜੋਂ ਸਮਾਜਵਾਦੀ ਢਾਂਚੇ ਦੀ ਸੁਰਜੀਤੀ ਦੀ ਲੋੜ 'ਤੇ ਜ਼ੋਰ ਦਿੱਤਾ। ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਬੀਬੀ ਕੰਵਲਜੀਤ ਕੌਰ ਰਸੂਲਪੁਰ ਤੇ ਬੀਬੀ ਕੰਵਲਜੀਤ ਕੌਰ ਉਮਰਪੁਰਾ ਨੇ ਦੇਸ਼ ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਔਰਤ ਦੇ ਹੋ ਰਹੇ ਸਮਾਜਿਕ ਜੁਰਮ ਤੇ ਯੋਨ ਸ਼ੋਸ਼ਣ ਨੂੰ ਰੋਕਣ ਲਈ ਮੌਜੂਦਾ ਸਰਮਾਏਦਾਰੀ ਢਾਂਚਾ ਤੋੜ ਕੇ ਇਸ ਦੀ ਜਗ੍ਹਾ ਸਮਾਜਿਕ ਇਨਸਾਫ ਵਾਲਾ ਰਾਜ ਪ੍ਰਬੰਧ ਖੜਾ ਕਰਕੇ ਔਰਤ ਨੂੰ ਬਰਾਬਰਤਾ ਦਾ ਰੁਤਬਾ ਮਿਲ ਸਕਦਾ ਹੈ। ਇਸ ਲਈ ਔਰਤ ਨੂੰ ਅੱਗੇ ਆਉਣ ਦੀ ਲੋੜ ਹੈ। ਕਾਨਫਰੰਸ ਵਿੱਚ ਉਘੇ ਦੇਸ਼ ਭਗਤ ਤੇ ਕਿਸਾਨੀ ਘੋਲਾਂ ਦੇ ਨਾਇਕ ਕਾਮਰੇਡ ਨਾਜਰ ਸਿੰਘ ਸੈਦਪੁਰ ਅਤੇ ਉਘੇ ਸਮਾਜ ਸੇਵਕ ਤੇ ਕਿਸਾਨ ਆਗੂ ਸ੍ਰੀ ਉੱਤਮ ਸਿੰਘ ਧਨੋਆ ਸਾਬਕਾ ਏ ਡੀ ਸੀ ਨੂੰ ਉਮਰ ਭਰ ਦੀਆਂ ਸਮਾਜਿਕ ਤੇ ਕਿਸਾਨ ਘੋਲਾਂ 'ਚ ਪਾਏ ਅਹਿਮ ਯੋਗਦਾਨ ਦੇ ਇਵਜ਼ ਵਿੱਚ ਯਾਦਗਾਰੀ ਚਿੰਨ੍ਹ ਤੇ ਦੁਸ਼ਾਲੇ ਭੇਟ ਕਰਕੇ ਨਾਅਰਿਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ। 



ਕਾਮਰੇਡ ਦਰਸ਼ਨ ਸਿੰਘ ਝਬਾਲ ਤੇ ਹੋਰਨਾਂ ਦੇਸ਼ ਭਗਤਾਂ ਨੂੰ ਸ਼ਰਧਾਂਜਲੀਆਂ
ਉਘੇ ਕਮਿਊਨਿਸਟ ਆਗੂਆਂ ਤੇ ਦੇਸ਼ ਭਗਤਾਂ; ਸਾਬਕਾ ਵਿਧਾਇਕ ਮਰਹੂਮ ਕਾਮਰੇਡ ਦਰਸ਼ਨ ਸਿੰਘ ਝਬਾਲ, ਮੋਹਣ ਸਿੰਘ ਮੁਹਾਵਾ, ਮੋਹਨ ਸਿੰਘ ਜੰਡਿਆਲਾ, ਕੁੰਨਣ ਸਿੰਘ ਰਸੂਲਪੁਰ, ਮੋਤਾ ਸਿੰਘ ਝਬਾਲ ਅਤੇ ਸਾਥੀਆਂ ਦੀ ਸਾਂਝੀ ਬਰਸੀ ਝਬਾਲ 'ਚ 28 ਦਸੰਬਰ ਨੂੰ ਮਨਾਈ ਗਈ। ਮੁਖਤਾਰ ਸਿੰਘ ਮੱਲ੍ਹਾ, ਜਸਪਾਲ ਸਿੰਘ ਢਿੱਲੋਂ ਝਬਾਲ, ਅਰਸਾਲ ਸਿੰਘ ਆਸਲ, ਬਲਬੀਰ ਸੂਦ ਅਤੇ ਚਮਨ ਲਾਲ ਦਰਾਜਕੇ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਮੌਕੇ ਹਾਜ਼ਰ ਸੈਂਕੜਿਆਂ ਦੀ ਗਿਣਤੀ ਵਿਚ ਸਾਥੀ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਭਗਤਾਂ ਨੇ ਦੇਸ਼ ਨੂੰ ਸਾਮਰਾਜ ਤੋਂ ਮੁਕਤੀ ਦਿਵਾਉਣ ਅਤੇ ਮਜ਼ਦੂਰਾਂ, ਕਿਸਾਨਾਂ ਦੇ ਭਲੇ ਲਈ ਇਨਕਲਾਬ ਦਾ ਜੋ ਸੁਫਨਾ ਲਿਆ ਸੀ, ਉਹ ਸੁਫਨਾ ਅੱਜ ਤੱਕ ਵੀ ਪੂਰਾ ਨਹੀਂ ਹੋ ਸਕਿਆ, ਕਿਉਂਕਿ ਦੇਸ਼ ਦੇ ਹਾਕਮਾਂ ਵੱਲੋਂ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਸਾਮਰਾਜੀਆਂ ਦੇ ਹਵਾਲੇ ਕਰਨ ਅਤੇ ਦੇਸ਼ ਦੇ ਵੱਡੇ-ਵੱਡੇ ਸਰਮਾਏਦਾਰਾਂ ਦੇ ਹੱਕ ਪਾਲ ਕੇ ਉਨ੍ਹਾਂ ਦੀ ਰਖੇਲ ਵਜੋਂ ਭੂਮਿਕਾ ਨਿਭਾਈ ਜਾ ਰਹੀ ਹੈ।  
ਕਾਮਰੇਡ ਪਾਸਲਾ ਨੇ ਇਸ ਮੌਕੇ ਸੂਬਾ ਸਰਕਾਰ ਉਪਰ ਪੰਜਾਬ ਦੇ 70 ਫੀਸਦੀ ਨੌਜਵਾਨ ਵਰਗ ਨੂੰ ਨਸ਼ਿਆਂ ਵਿਚ ਧੱਕ ਕੇ ਬਰਬਾਦ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਦੀ ਨਲਾਇਕੀ ਕਾਰਨ ਸੂਬੇ ਦੇ ਕਰੀਬ 45 ਲੱਖ ਉਚ ਸਿੱਖਿਆ ਹਾਸਲ ਬੱਚੀਆਂ-ਬੱਚੇ ਵਿਹਲੇ ਸੜਕਾਂ 'ਤੇ ਧੱਕੇ ਖਾ ਰਹੇ ਹਨ, ਜਦੋਂਕਿ ਸਰਕਾਰ ਦੇ ਕਈ ਅਦਾਰਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੋਸਟਾਂ ਖਾਲੀ ਪਈਆਂ ਹਨ। 
ਉਨ੍ਹਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ 'ਲਾਲ ਝੰਡੇ' ਵਾਲੀਆਂ ਸਾਰੀਆਂ ਪਾਰਟੀਆਂ ਨੂੰ ਇੱਕਮੁੱਠ ਹੋਣ ਦਾ ਸੱਦਾ ਦਿਦਿਆਂ ਕਿਹਾ ਕਿ ਫਰਵਰੀ 2015 ਵਿਚ ਚਾਰੇ ਖੱਬੀਆਂ ਪਾਰਟੀਆਂ ਵੱਲੋਂ ਇਕੱਠੀਆਂ ਵੱਡੀਆਂ ਕਾਨਫਰੰਸਾਂ ਕਰਨ ਦਾ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ 2 ਲੱਖ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੇ ਮਨਸੂਬਿਆਂ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਚ 2015 ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਇਨ੍ਹਾਂ ਪਾਰਟੀਆਂ ਵੱਲੋਂ ਅਗਲੇਰੀ ਰਣਨੀਤੀ ਤੈਅ ਕਰਕੇ ਸਰਕਾਰਾਂ ਨੂੰ ਹਲੂਣਾ ਦੇਣ ਲਈ ਚੰਡੀਗੜ੍ਹ ਵਿਧਾਨ ਸਭਾ ਵੱਲ ਨੂੰ ਕੂਚ ਕੀਤਾ ਜਾਵੇਗਾ। 
ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਦਾਉਦ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੀ ਪੀ ਆਈ ਦੇ ਕੇਂਦਰੀ ਕੌਂਸਲ ਦੇ ਮੈਂਬਰ ਹਰਭਜਨ ਸਿੰਘ, ਜਮਹੂਰੀ ਕਿਸਾਨ ਸਭਾ ਦੇ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਬਲਦੇਵ ਸਿੰਘ ਭੈਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਆਗੂ ਬਲਦੇਵ ਸਿੰਘ ਪੰਡੋਰੀ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ, ਜਦੋ ਕਿ ਇਸ ਮੌਕੇ ਸੀ ਪੀ ਆਈ ਦੇ ਸੂਬਾ ਕਮੇਟੀ ਆਗੂ ਕਾਮਰੇਡ ਦਵਿੰਦਰ ਕੁਮਾਰ ਸੋਹਲ, ਹਰਦੀਪ ਸਿੰਘ ਰਸੂਲਪੁਰ, ਕਾਮਰੇਡ ਅਸ਼ੋਕ ਕੁਮਾਰ ਸੋਹਲ, ਅੰਮ੍ਰਿਤ ਸ਼ੇਰ ਮੰਨਣ, ਕਾਮਰੇਡ ਦਰਸ਼ਨ ਸਿੰਘ ਦੇ ਪੋਤਰੇ ਗੁਰਬਿੰਦਰ ਸਿੰਘ ਝਬਾਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਮਿਊਨਿਸਟ ਆਗੂ ਤੇ ਵਰਕਰ ਹਾਜ਼ਰ ਸਨ।


ਇਕ ਸ਼ਰਧਾਂਜਲੀ 
ਪੇਸ਼ਾਵਰ ਦੇ ਇਕ ਸੈਨਿਕ ਸਕੂਲ 'ਚ ਤਾਲਿਬਾਨੀ ਦਹਿਸ਼ਤਗਰਦਾਂ ਵਲੋਂ ਮਾਸੂਮ ਬੱਚਿਆਂ ਤੇ ਉਹਨਾਂ ਦੇ ਅਧਿਆਪਕਾਂ ਦੇ ਕੀਤੇ ਗਏ ਕਤਲੇਆਮ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਂਝ ਤਾਂ ਕਿਸੇ ਵੀ ਅੱਤਵਾਦੀ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਇਹ ਕਤਲੇਆਮ ਤਾਂ ਮਨੁੱਖਤਾ ਦੇ ਇਤਿਹਾਸ 'ਚ ਨੀਚਤਾ ਦੀਆਂ ਸਾਰੀਆਂ ਨਿਵਾਣਾਂ ਨੂੰ ਹੀ ਪਾਰ ਕਰ ਗਿਆ ਹੈ। ਨਿੱਕ ਨਿੱਕੇ ਬੱਚਿਆਂ ਦਾ ਸਿਰਫ ਇਸ ਕਰਕੇ ਸਫਾਇਆ ਕਰ ਦਿੱਤਾ ਗਿਆ ਕਿ ਉਹਨਾਂ ਦੇ ਬਾਪ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਫੌਜ ਦੀ ਨੌਕਰੀ ਕਰਦੇ ਹਨ। ਇਸ ਸਿਰੇ ਦੇ ਵਹਿਸ਼ੀ ਕਾਰੇ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅੱਤਵਾਦ ਦੇ ਸਿਰਜਕ ਵੀ ਇਕ ਨਾ ਇਕ ਦਿਨ ਉਸਦੀ ਲਪੇਟ 'ਚ ਜ਼ਰੂਰ ਆਉਂਦੇ ਹਨ। ਤਾਲਿਬਾਨ ਦਹਿਸ਼ਤਗਰਦ ਅਮਰੀਕੀ ਸਾਮਰਾਜ ਤੇ ਪਾਕਿਸਤਾਨੀ ਨਿਜਾਮ ਦੀ ਹੀ ਪੈਦਾਵਾਰ ਹਨ। ਇਸ ਤਰ੍ਹਾਂ ਇਹਨਾਂ ਮਾਸੂਮਾਂ ਦੇ ਕਤਲੇਆਮ ਲਈ ਅਮਰੀਕੀ ਸਾਮਰਾਜ ਤੇ ਪਾਕਿਸਤਾਨੀ ਨਿਜਾਮ ਬਰਾਬਰ ਦਾ ਦੋਸ਼ੀ ਹੈ। 
ਅਦਾਰਾ 'ਸੰਗਰਾਮੀ ਲਹਿਰ' ਇਹਨਾਂ ਮਾਸੂਮਾਂ ਦੇ ਕਤਲੇਆਮ 'ਤੇ ਡੂੰਘੇ ਸਦਮੇਂ ਦਾ ਇਜ਼ਹਾਰ ਕਰਦਿਆਂ ਪੀੜਤ ਪਰਵਾਰਾਂ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ। ਸਾਡਾ ਇਹ ਦਰਿੜ ਵਿਸ਼ਵਾਸ ਹੈ ਕਿ ਇਸ ਵਹਿਸ਼ੀ ਕਾਰੇ ਵਿਰੁੱਧ ਉਠਿਆ ਲੋਕ ਰੋਹ ਦੁਨੀਆਂ ਭਰ ਦੇ ਜਮਹੂਰੀਅਤ ਪਸੰਦ ਲੋਕਾਂ ਦੇ ਇਕ ਜ਼ਬਰਦਸਤ ਅੰਦੋਲਨ ਦੀ ਸ਼ਕਲ ਅਖਤਿਆਰ ਕਰੇਗਾ, ਜਿਹੜਾ ਹਰ ਕਿਸਮ ਦੇ ਅੱਤਵਾਦ, ਕੱਟੜਵਾਦ ਤੇ ਫਿਰਕਾਪ੍ਰਸਤੀ ਦੇ ਸਿਰਜਕਾਂ ਦੇ ਖਾਤਮੇਂ ਦਾ ਮੁੱਢ ਬੰਨ੍ਹੇਗਾ। 

- ਸੰਪਾਦਕੀ ਮੰਡਲ

No comments:

Post a Comment