Monday 8 December 2014

ਸੰਪਾਦਕੀ (ਸੰਗਰਾਮੀ ਲਹਿਰ-ਦਸੰਬਰ 2014)

ਆਪਸੀ ਇਕਜੁੱਟਤਾ ਖੱਬੀ ਧਿਰ ਦੀ ਇਤਿਹਾਸਕ ਜ਼ਿੰਮੇਵਾਰੀ
ਲਗਭਗ ਸਾਰੀਆਂ ਹੀ ਪ੍ਰਮੁੱਖ ਕਮਿਊਨਿਸਟ ਧਿਰਾਂ ਵਲੋਂ, ਆਪਾ ਪੜਚੋਲ ਰਾਹੀਂ, ਦੇਸ਼ ਅੰਦਰ ਖੱਬੀ ਲਹਿਰ ਦੇ ਕਮਜ਼ੋਰ ਹੋ ਜਾਣ ਦੇ ਕਾਰਨਾਂ ਦੀ ਘੋਖ ਕਰਨ ਦੇ ਗੰਭੀਰ ਯਤਨ ਅਰੰਭੇ ਗਏ ਹਨ। ਕਿਸੇ ਵੀ ਕਮਿਊਨਿਸਟ ਪਾਰਟੀ ਵਲੋਂ ਵੱਡੇ ਭਰਾਵਾਂ ਵਾਲੇ ਜਾਂ ਕਿਸੇ ਧਿਰ ਨੂੰ 'ਅਛੂਤ' ਸਮਝਣ ਵਾਲੇ ਵਤੀਰੇ ਨੂੰ ਤਿਆਗ ਕੇ, ਆਪਸੀ ਵਿਚਾਰ ਵਟਾਂਦਰੇ ਅਰੰਭ ਕਰਨ ਅਤੇ ਸਾਂਝੇ ਘੋਲਾਂ ਰਾਹੀਂ ਖੱਬੀ ਲਹਿਰ ਦੇ ਮੁੜ ਮਜ਼ਬੂਤ ਕਰਨ ਵੱਲ ਵਧਣ ਦੇ ਇਹ ਉਪਰਾਲੇ ਸ਼ਲਾਘਾਯੋਗ ਤੇ ਹੌਸਲਾ ਵਧਾਊ ਹਨ।
ਸਮੁੱਚੇ ਦੇਸ਼ ਵਿਚ, ਖਾਸਕਰ ਪੱਛਮੀ ਬੰਗਾਲ ਵਿਚ ਜੋ ਪਿਛਲੇ ਸਮਿਆਂ ਵਿਚ ਖੱਬੀ ਲਹਿਰ ਦਾ ਮਜ਼ਬੂਤ ਗੜ੍ਹ ਰਿਹਾ ਹੈ, ਖੱਬੇ ਪੱਖੀ ਪਾਰਟੀਆਂ ਨੂੰ ਵੱਜੀਆਂ ਪਛਾੜਾਂ, ਤ੍ਰਿਣਮੂਲ ਕਾਂਗਰਸ ਵਰਗੀ ਗੈਰ ਜਮਹੂਰੀ ਸਰਮਾਏਦਾਰ ਪਾਰਟੀ ਦਾ ਪ੍ਰਾਂਤ ਦੀ ਸੱਤਾ ਉਪਰ ਕਬਜ਼ਾ ਅਤੇ ਫਿਰਕੂ ਭਾਜਪਾ ਦਾ ਲੋਕਾਂ ਅੰਦਰ ਵੱਧ ਰਿਹਾ ਜਨ ਅਧਾਰ ਜਿਥੇ ਚਿੰਤਾ ਦੇ ਵਿਸ਼ੇ ਹਨ, ਉਥੇ ਸਾਰੇ ਖੱਬੇ ਪੱਖੀ ਦਲਾਂ ਦਾ ਸੰਘਰਸ਼ਾਂ ਦੇ ਖੇਤਰ ਵਿਚ ਵੱਧ ਰਿਹਾ ਸਹਿਯੋਗ ਅਜੋਕੇ ਘੁਪ ਹਨੇਰੇ ਵਿਚ ਚਾਨਣ ਦੀ ਲੀਕ ਬਣਦਾ ਦਿਖਾਈ ਦੇ ਰਿਹਾ ਹੈ। ਇਸ ਸੰਦਰਭ ਵਿਚ ਕੁਲ ਹਿੰਦ ਪੱਧਰ 'ਤੇ ਸੀ.ਪੀ.ਆਈ.(ਐਮ), ਸੀ.ਪੀ.ਆਈ., ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਤੇ ਹੋਰ ਖੱਬੇ ਪੱਖੀ ਦਲਾਂ ਵਲੋਂ ਦਸੰਬਰ ਵਿਚ ਫਿਰਕਾਪ੍ਰਸਤੀ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਉਲੀਕੀ ਗਈ ਸਾਂਝੀ ਜਨਤਕ ਲਾਮਬੰਦੀ  ਦੇਸ਼ ਦੀਆਂ ਲੋਕ ਪੱਖੀ ਤਾਕਤਾਂ ਵਿਚ ਵੱਧ ਰਹੇ ਸਹਿਯੋਗ ਦਾ ਪ੍ਰਤੀਕ ਹੈ। ਵੱਖ ਵੱਖ ਪ੍ਰਾਂਤਾਂ ਵਿਚ ਕਾਰਜਸ਼ੀਲ ਹੋਰ ਕਮਿਊਨਿਸਟ ਤੇ ਅਗਾਹਵਧੂ ਸੰਗਠਨ, ਜਨਤਕ  ਲਾਮਬੰਦੀ ਦੀਆਂ ਇਹਨਾਂ ਕਾਰਵਾਈਆਂ ਦੇ ਭਾਗੀਦਾਰ ਬਣ ਸਕਦੇ ਹਨ।
ਭਾਵੇਂ ਕਮਿਊਨਿਸਟ ਤੇ ਹੋਰ ਖੱਬੇ ਪੱਖੀ ਪਾਰਟੀਆਂ ਦਾ ਇਹ ਆਪਸੀ ਵਿਚਾਰ ਵਟਾਂਦਰਾ ਤੇ ਸਾਂਝੀਆਂ ਜਨਤਕ ਕਾਰਵਾਈਆਂ ਅਜੇ ਮੁਢਲੇ ਦੌਰ ਵਿਚ ਹੀ ਹਨ, ਪ੍ਰੰਤੂ ਇਸ ਵਿਚ ਵੀ ਖੱਬੀ ਲਹਿਰ ਦੇ ਕੌਮੀ ਪੱਧਰ 'ਤੇ ਮਜ਼ਬੂਤ ਅਤੇ ਭਰੋਸੇਯੋਗ ਇਨਕਲਾਬੀ ਧਿਰ ਵਜੋਂ ਉਭਰਨ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ, ਜਿਨ੍ਹਾਂ ਦੀ ਭਰਪੂਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਭਾਰਤੀ ਹਾਕਮਾਂ, ਖਾਸਕਰ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਮੌਜੂਦਾ ਕੇਂਦਰੀ ਸਰਕਾਰ ਵਲੋਂ, ਅਪਣਾਈਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਨ ਦੀਆਂ ਨਵਉਦਰਵਾਦੀ ਆਰਥਿਕ ਨੀਤੀਆਂ ਦੇ ਨਤੀਜੇ ਵਜੋਂ ਲਗਾਤਾਰ ਵੱਧ ਰਹੀ ਮਹਿੰਗਾਈ, ਬੇਕਾਰੀ, ਗਰੀਬੀ, ਕੁਪੋਸ਼ਨ, ਭਰਿਸ਼ਟਾਚਾਰ ਅਤੇ ਆਰ.ਐਸ.ਐਸ. ਦੀ ਛਤਰਛਾਇਆ ਹੇਠ ਤੇਜ਼ੀ ਨਾਲ ਲਾਗੂ ਕੀਤੇ ਜਾ ਰਹੇ ਫਿਰਕੂ ਏਜੰਡੇ ਦੇ ਮੱਦੇ ਨਜ਼ਰ ਖੱਬੀਆਂ ਸ਼ਕਤੀਆਂ ਦੀ ਏਕਤਾ ਅਤੇ ਸਾਂਝੇ ਸੰਘਰਸ਼ ਹੋਰ ਵੀ ਉਚੇਚੀ ਮਹੱਤਤਾ ਰੱਖਦੇ ਹਨ। ਇਨ੍ਹਾਂ ਘੋਲਾਂ ਸਦਕਾ ਹੀ ਇਹ ਧਿਰਾਂ ਨਾ ਸਿਰਫ ਆਪਣਾ ਖੁਸਿਆ ਹੋਇਆ ਜਨ ਅਧਾਰ ਤੇ ਵਕਾਰ ਹੀ ਮੁੜ ਬਹਾਲ ਕਰ ਸਕਣਗੀਆਂ, ਸਗੋਂ ਇਸ ਵਿਚ ਵੱਡਾ ਵਾਧਾ ਕਰਨ ਦੇ ਸਮਰੱਥ ਵੀ ਹੋ ਨਿਬੜਨਗੀਆਂ। ਹਾਕਮ ਧਿਰਾਂ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਵਲੋਂ ਲੋਕਾਂ ਉਪਰ ਕੀਤੇ ਜਾ ਰਹੇ ਦੋਧਾਰੇ, ਆਰਥਿਕ ਤੇ ਵਿਚਾਰਧਾਰਕ, ਹਮਲੇ ਦਾ ਟਾਕਰਾ ਕਰਨ ਦੇ ਪੂਰੀ ਤਰ੍ਹਾਂ ਅਸਮਰਥ ਹਨ। ਪਿਛਲੇ ਸਮੇਂ ਦੇ ਇਤਿਹਾਸ ਉਪਰ ਝਾਤ ਮਾਰਦਿਆਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਮਿਹਨਤਕਸ਼ ਲੋਕਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼, ਹੁਕਮਰਾਨ ਧਿਰਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਬੱਝਵਾਂ ਵਿਰੋਧ ਅਤੇ ਧਰਮ ਨਿਰਪੱਖ ਪੈਂਤੜੇ ਤੋਂ ਫਿਰਕੂ ਤਾਕਤਾਂ ਦਾ ਟਾਕਰਾ ਸਿਰਫ ਤੇ ਸਿਰਫ ਕਮਿਊਨਿਸਟ ਪਾਰਟੀਆਂ ਤੇ ਦੂਸਰੇ ਖੱਬੇ ਪੱਖੀ ਦਲਾਂ ਨੇ ਹੀ ਕੀਤਾ ਹੈ। ਭਵਿੱਖ ਵਿਚ ਵੀ ਇਹ ਜ਼ਿੰਮੇਵਾਰੀ ਖੱਬੇ ਪੱਖੀ ਇਨਕਲਾਬੀ ਧਿਰਾਂ ਨੂੰ ਹੀ ਦ੍ਰਿੜਤਾ ਤੇ ਸਪੱਸ਼ਟਤਾ ਨਾਲ ਨਿਭਾਉਣੀ ਹੋਵੇਗੀ। ਇਸ ਲਈ ਦੇਸ਼ ਦੇ ਮੌਜੂਦਾ ਨਾਜ਼ੁਕ ਸੰਕਟਮਈ ਦੌਰ ਵਿਚ ਦੇਸ਼ ਪੱਧਰ 'ਤੇ ਖੱਬੀਆਂ ਧਿਰਾਂ ਦਾ ਮਿਲ ਬੈਠ ਕੇ ਭਵਿੱਖੀ ਦਿਸ਼ਾ ਬਾਰੇ ਕੀਤਾ ਜਾ ਰਿਹਾ ਵਿਚਾਰ ਮੰਥਨ ਕਿਰਤੀ ਲੋਕਾਂ ਲਈ ਇਕ ਨਵੀਂ ਆਸ ਦੀ ਕਿਰਨ ਸਿੱਧ ਹੋ ਸਕਦਾ ਹੈ।
ਪੰਜਾਬ ਦੇ ਬਹਾਦਰ ਤੇ ਦੇਸ਼ ਭਗਤ ਲੋਕਾਂ ਨੇ ਜਿੱਥੇ ਦੇਸ਼ ਦੇ ਆਜ਼ਾਦੀ ਅੰਦੋਲਨ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ ਸੀ, ਉਥੇ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਦੇ ਸਾਲਾਂ ਵਿਚ ਵੀ ਲੋਕ ਹਿਤਾਂ ਖਾਤਰ, ਹਰ ਵੰਨਗੀ ਦੀਆਂ ਹਾਕਮ ਜਮਾਤਾਂ ਵਿਰੁੱਧ, ਫਸਵੀਆਂ ਜਨਤਕ ਲੜਾਈਆਂ ਨੂੰ ਜਨਮ ਦੇ ਕੇ ਅਨੇਕਾਂ ਮਹੱਤਵਪੂਰਨ ਜਿੱਤਾਂ ਹਾਸਲ ਕੀਤੀਆਂ ਹਨ। ਹੁਣ ਪ੍ਰਾਂਤ ਦੀਆਂ 4 ਖੱਬੇ ਪੱਖੀ ਪਾਰਟੀਆਂ ਸੀ.ਪੀ.ਆਈ.(ਐਮ), ਸੀ.ਪੀ.ਆਈ., ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਅਤੇ ਸੀ.ਪੀ.ਐਮ.ਪੰਜਾਬ ਨੇ ਆਪਸੀ ਸਹਿਮਤੀ ਨਾਲ ਸਾਂਝਾ ਮੰਚ ਬਣਾ ਕੇ ਲੋਕਾਂ ਦੀਆਂ ਭੱਖਦੀਆਂ ਮੰਗਾਂ ਦੀ ਪੂਰਤੀ ਲਈ, ਕੇਂਦਰ ਤੇ ਸੂਬਾਈ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੇ ਫਿਰਕਾਪ੍ਰਸਤੀ ਵਿਰੁੱਧ ਅਤੇ ਪੰਜਾਬ ਸਰਕਾਰ ਦੁਆਰਾ ਪਾਸ ਕੀਤੇ ਗਏ ''ਸਰਕਾਰੀ ਤੇ ਨਿੱਜੀ ਸੰਪਤੀ ਦੀ ਸੁਰੱਖਿਆ ਐਕਟ  2014'' ਵਰਗੇ ਕਾਲੇ ਕਾਨੂੰਨ ਦੀ ਵਾਪਸੀ ਲਈ ਸਾਂਝੀਆਂ ਜਨਤਕ ਸਰਗਰਮੀਆਂ ਅਰੰਭੀਆਂ ਹਨ। ਇਨ੍ਹਾਂ ਪਾਰਟੀਆਂ ਨੇ ਅਗਸਤ ਮਹੀਨੇ ਵਿਚ ਕੀਤੀ ਗਈ ਨੁੰਮਾਇਦਾ ਸੂਬਾਈ ਕਨਵੈਨਸ਼ਨ ਤੋਂ ਬਾਅਦ ਪ੍ਰਭਾਵਸ਼ਾਲੀ ਜ਼ਿਲ੍ਹਾ ਪੱਧਰੀ ਜਨਤਕ ਮੁਜ਼ਾਹਰੇ ਅਤੇ 4 ਇਤਿਹਾਸਕ ਸਥਾਨਾਂ-ਜਲ੍ਹਿਆਂਵਾਲਾ ਬਾਗ, ਖਟਕੜ ਕਲਾਂ, ਹੁਸੈਨੀਵਾਲਾ ਤੇ ਸੁਨਾਮ-ਤੋਂ ਸੂਬਾਈ ਆਗੂਆਂ ਦੀ ਅਗਵਾਈ ਵਿਚ ਚਲਾਏ ਗਏ ਚਾਰ ਜਥਿਆਂ ਵਲੋਂ ਪ੍ਰਾਂਤ ਦੇ ਵੱਖ ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਮਾਰਚ ਕਰਨ ਤੋਂ ਬਾਅਦ 28 ਨਵੰਬਰ ਨੂੰ ਲੁਧਿਆਣਾ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਭਰਵੀਂ ਜਨਤਕ ਰੈਲੀ ਕਰਕੇ ਪ੍ਰਾਂਤ ਵਿਚ ਇਕ ਭਰੋਸੇਯੋਗ ਲੋਕ ਪੱਖੀ ਰਾਜਨੀਤਕ ਧਿਰ ਖੜੀ ਕਰਨ ਲਈ ਪਹਿਲਕਦਮੀ ਕੀਤੀ ਹੈ।
ਦੇਸ਼ ਪੱਧਰ 'ਤੇ ਸਾਂਝੀਆਂ ਜਨਤਕ ਕਾਰਵਾਈਆਂ ਰਾਹੀਂ ਖੱਬੇ ਪੱਖੀ ਲਹਿਰ ਨੂੰ ਵਧਾਉਣ ਹਿੱਤ ਕਮਿਊਨਿਸਟ ਪਾਰਟੀਆਂ ਵਲੋਂ ਜਿਥੇ ਭਵਿੱਖੀ ਯੋਜਨਾਬੰਦੀ ਤਿਆਰ ਕੀਤੀ ਜਾ ਰਹੀ ਹੈ, ਉਥੇ ਇਹਨਾਂ ਪਾਰਟੀਆਂ ਵਲੋਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਲੋੜੀਂਦੇ ਕਦਮ ਪੁੱਟਣ ਵਾਸਤੇ ਆਪਣੇ ਅੰਦਰੂਨੀ ਫੋਰਮਾਂ 'ਤੇ ਵਿਚਾਰ ਕਰਨ ਤੇ ਢੁਕਵੇਂ ਫੈਸਲੇ ਲੈਣ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ। ਖੱਬੀ ਲਹਿਰ ਦੇ ਮੌਜੂਦਾ ਸਰੂਪ ਤੇ ਸ਼ਕਤੀ ਨਾਲ ਸਾਮਰਾਜੀ ਤੇ ਭਾਰਤੀ ਕਾਰਪੋਰੇਟ ਘਰਾਣਿਆਂ ਵਲੋਂ ਲੋਕਾਂ ਉਪਰ ਕੀਤੇ ਜਾ ਰਹੇ ਵੱਡੇ ਆਰਥਿਕ ਹੱਲਿਆਂ ਅਤੇ ਫਿਰਕੂ ਸ਼ਕਤੀਆਂ ਦੀਆਂ ਖਤਰਨਾਕ ਚਾਲਾਂ ਨੂੰ ਨਹੀਂ ਪਛਾੜਿਆ ਜਾ ਸਕਦਾ। ਇਸ ਵਾਸਤੇ ਖੱਬੇ ਪੱਖੀ ਇਨਕਲਾਬੀ ਲਹਿਰ ਦਾ ਨਵੇਂ ਖੇਤਰਾਂ ਵਿਚ ਪਸਾਰਾ ਕੀਤੇ ਜਾਣ ਦੀ ਵੱਡੀ ਲੋੜ ਹੈ।
ਨਿਰਸੰਦੇਹ ਕੁਲ ਹਿੰਦ ਪੱਧਰ ਅਤੇ ਪੰਜਾਬ ਅੰਦਰ ਕਮਿਊਨਿਸਟ ਪਾਰਟੀਆਂ ਅਤੇ ਹੋਰ ਖੱਬੇ ਪੱਖੀ ਦਲਾਂ ਦੀ ਉਸਰ ਰਹੀ ਏਕਤਾ ਤੇ ਸੰਘਰਸ਼ਾਂ ਦੀ ਨਵੀਂ ਕਾਂਗ ਦੇਸ਼ ਅੰਦਰ ਇਨਕਲਾਬੀ ਲਹਿਰ ਨੂੰ ਵੱਡਾ ਹੁਲਾਰਾ ਦੇਵੇਗੀ। ਸਾਮਰਾਜ ਤੇ ਭਾਰਤੀ ਲੁਟੇਰਿਆਂ ਦੇ ਚਹੇਤੇ, ਜਿਹੜੇ ਦੇਸ਼ ਅੰਦਰ ਖੱਬੀ ਲਹਿਰ ਨੂੰ ਮਾਰ ਮੁਕਾਉਣ ਦੀਆਂ ਵਿਉਂਤਾਂ ਗੁੰਦ ਰਹੇ ਹਨ, ਖੱਬੇ ਪੱਖੀਆਂ ਦੀ ਉਸਰ ਰਹੀ ਏਕਤਾ ਤੋਂ ਲਾਜ਼ਮੀ ਪ੍ਰੇਸ਼ਾਨ ਹਨ। ਕਮਿਊਨਿਸਟ ਲਹਿਰ ਦਾ ਮਜ਼ਬੂਤ ਹੋਣਾ ਅਜਿਹੇ ਤੱਤਾਂ ਨੂੰ ਕਦਾਚਿੱਤ ਨਹੀਂ ਭਾਉਂਦਾ। ਕਾਰਪੋਰੇਟ ਘਰਾਣਿਆਂ ਦਾ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ, ਜੋ ਖੱਬੀਆਂ ਤਾਕਤਾਂ ਨੂੰ ਪਾਣੀ ਪੀ ਪੀ ਕੇ ਕੋਸਣ ਤੋਂ ਇਕ ਪਲ ਵੀ ਨਹੀਂ ਖੁੰਝਦਾ, ਕਮਿਊਨਿਸਟ ਪਾਰਟੀਆਂ ਨੂੰ ਸਿਧਾਂਤਕ ਤੇ ਜਥੇਬੰਦਕ ਰੂਪ ਵਿਚ ਇਨਕਲਾਬੀ ਲੀਹਾਂ ਉਪਰ ਅੱਗੇ ਵਧਣ ਤੋਂ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਏਗਾ ਤਾਂਕਿ ਉਹ ਹਮੇਸ਼ਾ ਹੀ ਲੁਟੇਰੀਆਂ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਦੇ ਪਿੱਛਲੱਗੂ ਬਣੀਆਂ ਰਹਿਣ। ਕਮਿਊਨਿਸਟ ਲਹਿਰ ਦੀ ਸਿਧਾਂਤਕ ਪ੍ਰਪੱਕਤਾ ਤੇ ਠੀਕ ਸੇਧ ਧਾਰਨ ਦੀ ਥਾਂ ਲੋਟੂ ਟੋਲਾ ਇਸਨੂੰ 'ਉਲੂਸਿਧਾਵਾਦੀ' ਤੇ ਰਾਜਸੀ ਮੌਕਾਪ੍ਰਸਤ ਧਿਰ ਦੇ ਰੂਪ ਵਿਚ ਹੀ ਬਣੇ ਰਹਿਣਾ ਦੇਖਣਾ ਚਾਹੁੰਦਾ ਹੈ। ਖੱਬੇ ਪੱਖੀ ਰਾਜਸੀ ਦਲਾਂ ਤੇ ਸਮਾਜਿਕ ਪਰਿਵਰਤਨ ਵਾਸਤੇ ਸੰਘਰਸ਼ਸ਼ੀਲ ਕਮਿਊਨਿਸਟ ਪਾਰਟੀਆਂ ਦਾ ਹਕੀਕੀ ਰੂਪ ਵਿਚ ਜਨਤਕ ਲਹਿਰ ਖੜੀ ਕਰਨ ਦੇ ਰਾਹ ਤੋਂ ਭਟਕ ਕੇ ਸਿਰਫ ਮੌਕਾਪ੍ਰਸਤ ਚੋਣਾਵੀ ਦਾਅਪੇਚਾਂ 'ਚ ਘਿਰੇ ਰਹਿਣਾ ਹੀ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਜਮਾਤੀ ਹਿੱਤਾਂ ਦੇ ਅਨੁਕੂਲ ਬੈਠਦਾ ਹੈ। ਇਸ ਲਈ ਜਦੋਂ ਵੀ ਕਮਿਊਨਿਸਟ ਪਾਰਟੀਆਂ ਇਨਕਲਾਬੀ ਸਿਧਾਂਤ ਤੋਂ ਅਗਵਾਈ ਲੈਂਦਿਆਂ ਹੋਇਆਂ ਦਰੁਸਤ ਰਾਜਨੀਤਕ ਪੈਂਤੜੇ ਲੈਣ ਵਲ ਅੱਗੇ ਵਧਦੀਆਂ ਹਨ, ਸਰਮਾਏਦਾਰੀ ਦੇ ਝੋਲੀ ਚੁੱਕ ਤੁਰਤ ਹੀ ਕਮਿਊਨਿਸਟਾਂ ਉਪਰ 'ਜੜ੍ਹਭਰਥ' ਹੋਣ ਤੇ 'ਵੇਲਾ ਵਿਹਾ ਚੁੱਕੇ ਸਿਧਾਂਤ' ਨਾਲ ਚੁੰਬੜੇ ਰਹਿਣ ਵਰਗੇ ਘਟੀਆ ਤੇ ਤਰਕ ਰਹਿਤ ਦੋਸ਼ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਇਸ ਲਈ ਸੱਚੇ ਕਮਿਊਨਿਸਟਾਂ ਨੂੰ ਲੁਟੇਰੀਆਂ ਜਮਾਤਾਂ ਤੇ ਉਹਨਾਂ ਦੇ ਹਮਾਇਤੀ ਕਲਮ ਘਾੜਿਆਂ ਦੀ ਅਜਿਹੀ 'ਨੁਕਤਾਚੀਨੀ' ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਪੁਰਾਣੀਆਂ ਗਲਤੀਆਂ ਨੂੰ ਦਰੁਸਤ ਕਰਕੇ ਸਹੀ ਇਨਕਲਾਬੀ ਰਾਹ ਉਪਰ ਅੱਗੇ ਵੱਧਣ ਤੋਂ ਹਿਚਕਚਾਉਣਾ ਚਾਹੀਦਾ ਹੈ। ਵਿਰੋਧੀ ਹਾਕਮ ਜਮਾਤਾਂ ਤੇ ਉਹਨਾਂ ਸਮਰਥਕਾਂ ਦੀ ਲੁੱਟ ਖਸੁੱਟ ਤੋਂ ਲੋਕਾਂ ਨੂੰ ਨਿਜ਼ਾਤ ਦਵਾਉਣ ਵਾਲੀ ਇਨਕਲਾਬੀ ਲਹਿਰ ਨੂੰ ਲੁਟੇਰੀਆਂ ਜਮਾਤਾਂ ਦੇ ਆਗੂਆਂ ਤੋਂ ਕਿਸੇ ਹਮਦਰਦੀ ਰੱਖਣ ਦੀ ਆਸ ਵੀ ਨਹੀਂ ਕਰਨੀ ਚਾਹੀਦੀ। ਕਾਰਪੋਰੇਟ ਘਰਾਣਿਆਂ ਦੇ ਕੰਟਰੋਲ ਹੇਠਲਾ ਮੀਡੀਆ ਜੇਕਰ ਲੋਕ ਸੰਘਰਸ਼ਾਂ ਦੀਆਂ ਖਬਰਾਂ ਜਾਂ ਇਸਦੇ ਆਗੂਆਂ ਦੇ ਵਿਚਾਰਾਂ ਨੂੰ ਢੁਕਵੀਂ ਜਗ੍ਹਾ ਨਹੀਂ ਦਿੰਦਾ, ਤਦ ਵੀ ਲੋਕ ਹਿਤਾਂ ਲਈ ਜੂਝਣ ਵਾਲੇ ਨੇਤਾਵਾਂ ਨੂੰ ਇਸਦੀ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ ਤੇ ਇਨਕਲਾਬੀ ਸਿਧਾਂਤ ਤੋਂ ਉਖੜ ਕੇ ਅਖਬਾਰਾਂ ਤੇ ਟੀ.ਵੀ. ਉਪਰ ਸੁਰਖੀਆਂ ਵਿਚ ਬਣੇ ਰਹਿਣ ਦੀ ਨਿਕਬੁਰਜ਼ੁਆ ਆਦਤ ਤਿਆਗਣੀ ਚਾਹੀਦੀ ਹੈ। ਸਗੋਂ ਇਸਦੇ ਵਿਪਰੀਤ ਜੇਕਰ ਅਗਾਂਹਵਧੂ ਲਹਿਰ ਬਾਰੇ ਲੋਕਾਂ ਦੀਆਂ ਖੂਨ ਪੀਣੀਆਂ ਜੋਕਾਂ ਕੋਈ 'ਉਚੇਚੀ ਸਿਫਤ' ਕਰਦੀਆਂ ਹਨ, ਤਾਂ ਉਸ ਨੂੰ ਸੰਦੇਹ ਦੀ ਨਿਗਾਹ ਨਾਲ ਘੋਖਣਾ ਚਾਹੀਦਾ ਹੈ। ਵੱਖ ਵੱਖ ਵਿਰੋਧੀ ਜਮਾਤਾਂ ਦਾ ਹਰ ਖੇਤਰ ਵਿਚ ਟਕਰਾਅ ਅੱਜ ਤੱਕ ਦੇ ਮਨੁੱਖੀ ਇਤਿਹਾਸ ਦਾ ਕੇਂਦਰੀ ਮੁੱਦਾ ਬਣਿਆ ਆ ਰਿਹਾ ਹੈ। ਇਹ ਜਮਾਤੀ ਵਿਰੋਧ ਅੱਜ ਵੀ ਲਗਾਤਾਰ ਉਜਾਗਰ ਹੋ ਰਿਹਾ ਹੈ।
ਅਸੀਂ ਦੇਸ਼ ਤੇ ਪ੍ਰਾਂਤ ਦੀਆਂ ਕਮਿਊਨਿਸਟ ਤੇ ਖੱਬੇ ਪੱਖੀ ਧਿਰਾਂ ਦੀ ਆਪਸੀ ਸਹਿਮਤੀ ਨਾਲ ਉਸਰ ਰਹੀ ਏਕਤਾ ਤੇ ਸਾਂਝੇ ਸੰਘਰਸ਼ਾਂ ਦਾ ਪੁਰਜ਼ੋਰ ਸਵਾਗਤ ਕਰਦੇ ਹਾਂ ਤੇ ਸੀ.ਪੀ.ਐਮ.ਪੰਜਾਬ ਵਲੋਂ ਪੂਰਾ ਪੂਰਾ ਸਹਿਯੋਗ ਦੇਣ ਦਾ ਐਲਾਨ ਕਰਦੇ ਹਾਂ। ਪੰਜਾਬ ਅੰਦਰ ਚਾਰ ਖੱਬੇ ਪੱਖੀ ਪਾਰਟੀਆਂ ਦਾ ਸਾਂਝਾ ਮੰਚ ਆਪਸੀ ਸਹਿਮਤੀ ਨਾਲ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ। ਸਮੂਹ ਕਿਰਤੀ ਲੋਕਾਂ ਦੀ ਇਸ ਘੋਲ ਵਿਚ ਸ਼ਮੂਲੀਅਤ ਕਰਾਉਣ ਵਾਸਤੇ ਸੀ.ਪੀ.ਐਮ.ਪੰਜਾਬ ਆਪਣੀ ਪੂਰੀ ਵਾਹ ਲਾਏਗੀ ਤੇ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਲਈ ਹਰ ਕੁਰਬਾਨੀ ਕਰੇਗੀ। 
- ਮੰਗਤ ਰਾਮ ਪਾਸਲਾ (30.11.2014)

No comments:

Post a Comment