Friday, 5 December 2014

ਔਰਤਾਂ ਦੇ ਸਵੈਮਾਣ ਦਾ ਪ੍ਰਤੀਕ ਹੈ ਰਿਹਾਨਾ ਜ਼ੁਬਾਰੀ ਦਾ ਬਲੀਦਾਨ

ਸਵਰਨ ਸਿੰਘ ਭੰਗੂ
ਇਸ ਧਰਤੀ ਉੱਤੇ ਕੁਦਰਤੀ ਅਤੇ ਗ਼ੈਰ-ਕੁਦਰਤੀ ਤੌਰ 'ਤੇ ਰੋਜ਼ਾਨਾ ਅਣਗਿਣਤ ਲੋਕ ਮਰਦੇ/ਮਾਰੇ ਜਾਂਦੇ ਹਨ। ਸਦੀਵੀ ਤੌਰ 'ਤੇ ਤੁਰ ਜਾਣ ਵਾਲਿਆਂ ਵਿੱਚ, ਜਿਹੜੇ ਲੋਕ ਵੱਡਾ ਖਲਾਅ ਪੈਦਾ ਕਰ ਜਾਂਦੇ ਹਨ, ਉਨ੍ਹਾਂ ਵਿੱਚ ਈਰਾਨੀ ਮੁਟਿਆਰ ਰਿਹਾਨਾ ਜ਼ੁਬਾਰੀ ਵੀ ਸ਼ਾਮਲ ਹੋ ਚੁੱਕੀ ਹੈ। ਵਿਸ਼ਵ ਨੇ ਇਹ ਨਿਰਛਲ ਚਿਹਰਾ 26 ਅਕਤੂਬਰ ਦੇ ਅਖ਼ਬਾਰਾਂ ਜਾਂ ਛੋਟੇ ਪਰਦੇ 'ਤੇ ਵੇਖਿਆ ਸੀ, ਕਿਉਂਕਿ 25 ਅਕਤੂਬਰ 2014 ਨੂੰ, ਈਰਾਨ ਦੀ ਰਾਜਧਾਨੀ ਤਹਿਰਾਨ ਦੇ ਨੇੜੇ ਗੋਹਾਰਦਸਤ ਜੇਲ੍ਹ ਵਿੱਚ, ਇਸ ਮੁਟਿਆਰ ਨੂੰ ਫਾਂਸੀ ਦੇ ਕੇ ਮਾਰ ਦਿੱਤਾ ਗਿਆ। 
ਇਮਾਰਤਾਂ ਅਤੇ ਦਫ਼ਤਰਾਂ ਦੀ ਅੰਦਰੂਨੀ ਸਜਾਵਟ ਦੀ ਮਾਹਿਰ ਇਸ ਕੁੜੀ ਦਾ ਕਸੂਰ ਇਹ ਸੀ ਕਿ ਉਸ ਨੇ ਆਤਮ-ਸਨਮਾਨ ਲਈ ਆਤਮ-ਰੱਖਿਆ ਵਜੋਂ ਈਰਾਨ ਦੇ ਗੁਪਤਚਰ ਵਿਭਾਗ ਦੇ ਇੱਕ ਸਾਬਕਾ ਅਧਿਕਾਰੀ, ਮੁਰਤਜਾ ਸਰਬੰਦੀ ਨੂੰ ਉਦੋਂ ਚਾਕੂ ਮਾਰ ਦਿੱਤਾ ਸੀ, ਜਦੋਂ ਉਸ ਨੇ, ਉਸ ਸਮੇਂ 19 ਵਰ੍ਹਿਆਂ ਦੀ ਇਸ ਨੌਜਵਾਨ ਲੜਕੀ ਨੂੰ, ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਚਾਕੂ ਦੇ ਵਾਰ ਨਾਲ ਹੋਏ ਜ਼ਖਮ ਵਿੱਚੋਂ ਵਧੇਰੇ ਖ਼ੂਨ ਨਿਕਲਣ ਕਰ ਕੇ ਇਸ ਅਧਿਕਾਰੀ ਦੀ ਮੌਤ ਹੋ ਗਈ ਸੀ ਅਤੇ ਰਿਹਾਨਾ ਨੂੰ ਕਤਲ ਦੇ ਦੋਸ਼ ਵਿੱਚ ਫੜ ਲਿਆ ਗਿਆ ਸੀ। ਰਿਹਾਨਾ ਦੇ ਮਾਪਿਆਂ ਨੂੰ ਵੀ ਉਸ ਸਮੇਂ ਉਸ ਦੀ ਇਹ ਕਾਰਵਾਈ ਚੰਗੀ ਨਹੀਂ ਸੀ ਲੱਗੀ, ਪਰ ਆਪਣੇ ਪੱਤਰ ਵਿੱਚ ਉਸ ਨੇ ਆਪਣੀ ਮਾਂ ਨੂੰ ਲਿਖੀਆਂ ਇਹ ਲਾਈਨਾਂ, ਇਸ ਮੁਟਿਆਰ ਦੀ, ਸਵੈ-ਮਾਣ ਲਈ ਸੰਜੀਦਾ ਪਹਿਰੇਦਾਰੀ ਦਾ ਪ੍ਰਗਟਾਵਾ ਕਰਦੀਆਂ ਹਨ : ''ਮੇਰੀ ਪਿਆਰੀ ਮਾਂ, ਮੇਰੀ ਮੌਤ ਤੋਂ ਬਾਅਦ ਤੈਨੂੰ ਮੇਰੀ ਲਾਸ਼ ਦੀ ਸ਼ਨਾਖ਼ਤ ਕਰਨ ਲਈ ਬੁਲਾਇਆ ਜਾਣਾ ਸੀ। ਤੇਰੇ ਲਈ ਇਹ ਸੁਣਨਾ ਕਿੰਨਾ ਔਖਾ ਹੋਣਾ ਸੀ, ਜਦੋਂ ਤੈਨੂੰ ਇਹ ਪਤਾ ਲੱਗਣਾ ਸੀ ਕਿ ਮਾਰਨ ਤੋਂ ਪਹਿਲਾਂ ਤੇਰੀ ਧੀ ਰਿਹਾਨਾ ਨਾਲ ਜਬਰ-ਜ਼ਨਾਹ ਵੀ ਕੀਤਾ ਗਿਆ ਸੀ।'' ਸਪੱਸ਼ਟ ਹੈ ਕਿ ਉਸ ਨੇ ਸਮਝੌਤਾ ਨਹੀਂ ਸੀ ਕੀਤਾ, ਸਗੋਂ ਇੱਕ ਦਰਿੰਦੇ ਨੂੰ ਵੰਗਾਰਿਆ ਸੀ, ਬੁਰੀ ਸੋਚਣੀ ਤੇ ਅਮਲ ਨੂੰ ਸਬਕ ਦਿੱਤਾ ਸੀ, ਮਿਸਾਲੀ ਕੰਮ ਕੀਤਾ ਸੀ।
ਇਹ ਘਟਨਾ 2007 ਦੀ ਹੈ ਅਤੇ ਉਹ ਮਰਨ ਸਮੇਂ ਤੱਕ 7 ਸਾਲ ਜੇਲ੍ਹ ਵਿੱਚ ਰਹੀ ਸੀ। ਤਹਿਰਾਨ ਦੀ ਅਦਾਲਤ ਨੇ ਉਸ ਨੂੰ 2009 ਵਿੱਚ, ਇਸ ਕਾਰਨ ਕਿ ਉਸ ਨੇ ਘਟਨਾ ਤੋਂ 2 ਦਿਨ ਪਹਿਲਾਂ ਹੀ ਚਾਕੂ ਖ਼ਰੀਦਿਆ ਸੀ, ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਉੱਚ ਅਦਾਲਤਾਂ ਵਲੋਂ ਵੀ ਉਸ ਦੀਆਂ ਅਪੀਲਾਂ ਰੱਦ ਕਰ ਦਿੱਤੀਆਂ ਗਈਆਂ। 
ਅਜਿਹਾ ਹੋਣ ਤੋਂ ਬਾਅਦ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ-ਐਮਨੈਸਟੀ ਇੰਟਰਨੈਸ਼ਨਲ, ਯੂਰਪੀਨ ਯੂਨੀਅਨ, ਗੇਟ ਸਟੋਨ ਇੰਸਟੀਚਿਊਟ, ਆਦਿ ਨੇ ਦੁਨੀਆ ਦੇ ਕਿੰਨੇ ਹੀ ਮਹਾਂ-ਨਗਰਾਂ ਵਿੱਚ, ਇਸ ਫਾਂਸੀ 'ਤੇ ਰੋਕ ਲਾਉਣ ਲਈ ਰੋਸ ਪ੍ਰਗਟਾਵੇ ਕੀਤੇ ਅਤੇ ਈਰਾਨ ਦੇ ਹੁਕਮਰਾਨਾਂ ਨੂੰ 20,000 ਤੋਂ ਵਧੇਰੇ ਦਸਤਖਤਾਂ ਵਾਲੀ ਅਪੀਲ ਸੌਂਪੀ ਸੀ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਰਿਹਾਨਾ ਜ਼ੁਬਾਰੀ ਨੂੰ ਫਾਹੇ ਨਾ ਲਾਇਆ ਜਾਵੇ। ਭਾਵੇਂ ਸੰਕੇਤ ਇਹ ਮਿਲ ਰਹੇ ਸਨ ਕਿ ਜ਼ੁਬਾਰੀ ਨੂੰ 29 ਸਤੰਬਰ ਤੱਕ ਫਾਂਸੀ ਦੇ ਦਿੱਤੀ ਜਾਵੇਗੀ, ਪਰ ਕੌਮਾਂਤਰੀ ਦਬਾਅ ਕਾਰਨ ਈਰਾਨ ਦੇ ਹੁਕਮਰਾਨਾਂ ਨੇ 1 ਅਕਤੂਬਰ ਨੂੰ ਇਹ ਬਿਆਨ ਦੇ ਦਿੱਤਾ ਕਿ ਹਾਲ ਦੀ ਘੜੀ ਰਿਹਾਨਾ ਦੀ ਫਾਂਸੀ ਰੋਕ ਦਿੱਤੀ ਗਈ ਹੈ। ਇੱਥੋਂ ਤੱਕ ਕਿ ਈਰਾਨ ਦੇ ਇੱਕ ਮੰਤਰੀ ਨੇ ਤਾਂ ਇਹ ਬਿਆਨ ਵੀ ਦੇ ਦਿੱਤਾ ਸੀ ਕਿ ਜ਼ੁਬਾਰੀ ਦੇ ਕੇਸ ਦਾ ਖ਼ੁਸ਼-ਨੁਮਾ ਅੰਤ ਹੋ ਸਕਦਾ ਹੈ।
ਦੂਸਰੇ ਪਾਸੇ ਈਰਾਨ ਦੀ ਸੁਪਰੀਮ ਕੋਰਟ ਨੇ ਇਸਲਾਮੀ ਕਾਨੂੰਨ ਦੇ ਆਧਾਰ 'ਤੇ ਇਹ ਆਖ਼ਰੀ ਹੁਕਮ ਕੀਤਾ ਸੀ ਕਿ ਹੁਣ ਬਲੱਡ ਮਨੀ (ਮ੍ਰਿਤਕ ਦੀ ਧਿਰ ਵੱਲੋਂ ਕਾਤਲ ਦੇ ਵਾਰਸਾਂ ਤੋਂ ਮੂੰਹ ਮੰਗੇ ਪੈਸੇ ਲੈ ਕੇ ਖਿਮਾਂ ਕਰਨ ਦੇ ਆਧਾਰ 'ਤੇ) ਅਦਾ ਕਰਨ ਉਪਰੰਤ ਹੀ ਰਿਹਾਨਾ ਦੀ ਜਾਨ ਬਚਾਈ ਜਾ ਸਕਦੀ ਹੈ। ਫਿਰ ਰਿਹਾਨਾ ਦੇ ਵਾਰਸਾਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨੇ ਆਖਰੀ ਹੰਭਲੇ ਵਜੋਂ, ਮ੍ਰਿਤਕ ਦੇ ਪਰਿਵਾਰ ਨੂੰ ਬਲੱਡ ਮਨੀ ਦੀ ਪੇਸ਼ਕਸ਼ ਕੀਤੀ, ਜੋ ਉਨ੍ਹਾਂ ਨੇ ਠੁਕਰਾ ਦਿੱਤੀ।੩...ਅਤੇ ਫਿਰ 26 ਅਕਤੂਬਰ ਨੂੰ ਇਹ ਮੰਦਭਾਗੀ ਖ਼ਬਰ ਆਈ ਕਿ ਇਸ ਮੁਟਿਆਰ ਨੂੰ ਫਾਹੇ ਲਾ ਦਿੱਤਾ ਗਿਆ ਹੈ।
ਅਜਿਹਾ ਹੋਣ ਉਪਰੰਤ ਰਿਹਾਨਾ ਨੂੰ ਬਚਾਉਣ ਦੀ ਚਾਰਾਜੋਈ ਕਰਨ ਵਾਲੀ ਧਿਰ ਮਾਯੂਸ ਹੋ ਕੇ ਰਹਿ ਗਈ। ਰਿਹਾਨਾ ਦੀ ਮਾਂ ਸੁਲੇਹ ਨੇ ਅੰਬਰਾਂ ਨੂੰ ਕੰਬਣੀ ਛੇੜ ਦੇਣ ਜਿਹਾ ਵਿਰਲਾਪ ਕੀਤਾ, ਪਰ ਅਣਹੋਣੀ ਵਾਪਰ ਚੁੱਕੀ ਸੀ। ਰਿਹਾਨਾ ਨੂੰ ਫਾਹੇ ਲਾਉਣ ਉਪਰੰਤ ਹੀ ਰਿਹਾਨਾ ਦਾ 1 ਅਪ੍ਰੈਲ 2014 ਨੂੰ ਲਿਖਿਆ ਖਤ ਜੱਗ-ਜ਼ਾਹਿਰ ਹੋਇਆ ਸੀ, ਜਿਸ ਵਿੱਚ ਉਸ ਦਾ ਸਵੈ-ਮਾਣ ਦੀ ਰਾਖੀ ਲਈ ਮਰ ਮਿਟਣਾ ਅਤੇ ਉਸ ਦੀ ਮਾਨਵਤਾ ਰੂਪਮਾਨ ਹੁੰਦੀ ਹੈ। ਉਸ ਲੰਮੇ ਖਤ ਦੇ ਕੁਝ ਅੰਸ਼ ਪੇਸ਼ ਹਨ : 
''ਮੇਰੀ ਪਿਆਰੀ ਮਾਂ,
ਮੈਂ ਜ਼ਿੰਦਗੀ ਦੀ ਪੁਸਤਕ ਦੇ ਆਖਰੀ ਪੰਨੇ 'ਤੇ ਪਹੁੰਚ ਚੁੱਕੀ ਹਾਂ।...ਮੈਂ ਤੁਹਾਡੇ ਹੱਥਾਂ ਨੂੰ ਚੁੰਮਣਾ ਚਾਹੁੰਦੀ ਹਾਂ। ਦੁਨੀਆ ਨੇ ਮੈਨੂੰ ਆਜ਼ਾਦੀ ਨਾਲ 19 ਸਾਲ ਜਿਊਣ ਦਾ ਮੌਕਾ ਦਿੱਤਾ ਹੈ। ਉਸ ਮੰਦ-ਭਾਗੀ ਘੜੀ ਮੇਰੀ ਮੌਤ ਵੀ ਹੋ ਸਕਦੀ ਸੀ। ਮੇਰੀ ਲਾਸ਼ ਨੂੰ ਸ਼ਹਿਰ ਦੀ ਕਿਸੇ ਨੁੱਕਰ ਵਿੱਚ ਸੁੱਟ ਦਿੱਤਾ ਜਾਣਾ ਸੀ। ਫਿਰ ਪੁਲਸ ਨੇ ਤੈਨੂੰ, ਮੇਰੀ ਲਾਸ਼ ਦੀ ਸ਼ਨਾਖ਼ਤ ਲਈ ਲੈ ਕੇ ਆਉਣਾ ਸੀ। ਲਾਸ਼ ਪਹਿਚਾਨਣ ਉਪਰੰਤ ਤੇਰੀ ਪੀੜ ਉਦੋਂ ਅਸਹਿ ਹੋ ਜਾਣੀ ਸੀ, ਜਦੋਂ ਤੈਨੂੰ ਇਹ ਪਤਾ ਲੱਗਣਾ ਸੀ ਕਿ ਮਾਰਨ ਤੋਂ ਪਹਿਲਾਂ ਤੇਰੀ ਧੀ ਨਾਲ ਜਬਰ-ਜ਼ਨਾਹ ਵੀ ਹੋਇਆ ਸੀ। ਕਿਉਂਕਿ ਮੈਨੂੰ ਅਪਮਾਨਿਤ ਕਰ ਕੇ ਮਾਰਨ ਵਾਲਾ ਇੱਕ ਰੁਤਬੇ ਵਾਲਾ ਅਤੇ ਧਨਾਢ ਵਿਅਕਤੀ ਹੋਣਾ ਸੀ, ਜਿਸ ਕਾਰਨ ਤੁਹਾਨੂੰ, ਭਰ-ਉਮਰ ਮੇਰੇ ਕਾਤਲ ਦਾ ਪਤਾ ਨਹੀਂ ਸੀ ਲੱਗ ਸਕਣਾ। ਤੁਸੀਂ ਇਸ ਮਾਨਸਿਕ ਪੀੜ ਨੂੰ ਸਹਿੰਦਿਆਂ ਖ਼ੁਦ ਅਗੇਤਿਆਂ ਹੀ ਮਰ ਜਾਣਾ ਸੀ।
ਮਾਂ, ਤੂੰ ਚੰਗੀ ਤਰ੍ਹਾਂ ਜਾਣਦੀ ਏਂ ਕਿ ਮੌਤ, ਜ਼ਿੰਦਗੀ ਦਾ ਅੰਤ ਨਹੀਂ ਹੁੰਦੀ। ਤੂੰ ਹੀ ਤਾਂ ਮੈਨੂੰ ਇਹ ਸਿੱਖਿਆ ਦਿੱਤੀ ਸੀ ਕਿ ਬੰਦੇ ਨੂੰ ਨੈਤਿਕ ਕਦਰਾਂ ਅਤੇ ਆਪਣੇ ਸਵੈ-ਮਾਣ ਦੀ ਰਾਖੀ ਲਈ ਮਰ ਮਿਟਣਾ ਚਾਹੀਦਾ ਹੈ।...ਮਾਂ ਜਦੋਂ ਮੈਨੂੰ ਅਦਾਲਤ ਵਿੱਚ ਹੱਤਿਆਰਣ ਦੇ ਤੌਰ 'ਤੇ ਪੇਸ਼ ਕੀਤਾ ਗਿਆ ਤਾਂ ਮੈਂ ਘਬਰਾਈ ਨਹੀਂ, ਨਾ ਮੈਂ ਅੱਥਰੂ ਵਹਾਏ ਤੇ ਨਾ ਹੀ ਮੈਂ ਜਿਊਣ ਲਈ ਭੀਖ ਮੰਗੀ।...ਮਾਂ, ਤੂੰ ਇਹ ਵੀ ਜਾਣਦੀ ਏਂ ਕਿ ਮੈਂ ਤਾਂ ਕਦੇ ਮੱਛਰ ਵੀ ਨਹੀਂ ਸੀ ਮਾਰਿਆ, ਕਾਕਰੋਚ ਨੂੰ ਵੀ ਮੁੱਛ ਤੋਂ ਫੜ ਕੇ ਪਰ੍ਹਾਂ ਵਗਾਹ ਮਾਰਦੀ ਸੀ,...ਪਰ ਹੁਣ ਮੈਨੂੰ ਅਪਰਾਧੀ ਦੱਸਿਆ ਜਾ ਰਿਹਾ ਹੈ। ਤੂੰ ਮੇਰੀ ਹੋਣੀ ਬਾਰੇ ਸੁਣ ਕੇ ਰੋਈਂ ਨਾ...ਵਿਚਾਰਾਂ, ਉਮੰਗਾਂ, ਸੁੰਦਰ ਲੇਖਣੀ, ਸਲੀਕਾ-ਬੱਧ ਬੋਲ-ਚਾਲ, ਸੁਹੱਪਣ, ਆਦਿ ਸਿਫਤਾਂ ਦੀ ਕਦਰ ਤਾਂ ਪੁਲਸ ਅਤੇ ਜੇਲ੍ਹਾਂ ਤੋਂ ਪਾਸੇ ਹੀ ਹੁੰਦੀ ਹੈ।
ਮਾਂ, ਮੈਂ ਬੜੀ ਬਦਲ ਚੁੱਕੀ ਹਾਂ, ਨਰਮ ਤੋਂ ਕਠੋਰ ਚਿੱਤ ਹੋ ਗਈ ਹਾਂ।...ਮੇਰੇ ਕੋਲ ਸ਼ਬਦਾਂ ਦਾ ਅੰਤ ਨਹੀਂ...ਹੋ ਸਕਦਾ ਹੈ, ਮੈਨੂੰ ਫਾਂਸੀ ਲਾਏ ਜਾਣ ਦਾ ਤੈਨੂੰ ਬਾਅਦ ਵਿੱਚ ਹੀ ਪਤਾ ਲੱਗੇ...ਮੈਂ ਇਹ ਤੇਰੇ ਲਈ ਲਿਖ ਰਹੀ ਹਾਂ...ਮੇਰੀ ਪਿਆਰੀ ਦੁਲਾਰੀ ਅੰਮੀ...ਤੇਰੀ ਦੁੱਧ-ਮੱਖਣਾਂ ਨਾਲ ਪਾਲੀ ਧੀ, ਮਿੱਟੀ ਵਿੱਚ ਸੜਨਾ ਨਹੀਂ ਚਾਹੁੰਦੀ। ਮੈਂ ਵਸੀਅਤ ਕਰਦੀ ਹਾਂ ਅਤੇ ਬੇਨਤੀ ਵੀ ਕਰਦੀ ਹਾਂ ਕਿ ਮੈਨੂੰ ਫਾਂਸੀ ਲਾਏ ਜਾਣ ਤੋਂ ਤੁਰੰਤ ਬਾਅਦ ਮੇਰਾ ਦਿਲ, ਮੇਰੇ ਗੁਰਦੇ, ਮੇਰੀਆਂ ਅੱਖਾਂ, ਹੱਡੀਆਂ ਅਤੇ ਮੇਰੇ ਸਰੀਰ ਦੇ ਜੋ ਵੀ ਅੰਗ, ਟਰਾਂਸਪਲਾਂਟ ਹੋ ਸਕਦੇ ਹੋਣ, ਉਹ ਮੇਰੇ ਸਰੀਰ ਵਿੱਚੋਂ ਕੱਢ ਕੇ, ਲੋੜਵੰਦ ਮਰੀਜ਼ਾਂ ਨੂੰ ਦਾਨ ਦੇ ਰੂਪ ਵਿੱਚ ਦੇ ਦਿੱਤੇ ਜਾਣ।...ਅਤੇ ਇਹ ਵੀ ਜ਼ਰੂਰੀ ਹੈ ਕਿ ਅੰਗ ਲੈਣ ਵਾਲੇ ਮਰੀਜ਼ਾਂ ਨੂੰ ਮੇਰੇ ਨਾਂਅ ਤੱਕ ਦਾ ਵੀ ਪਤਾ ਨਾ ਲੱਗ ਸਕੇ।
ਦਿਲੀ ਮੋਹ ਨਾਲ ਤੇਰੀ ਧੀ
ਰਿਹਾਨਾ ਜ਼ੁਬਾਰੀ''
ਬਿਨਾਂ ਕਿਸੇ ਰੋਕ-ਟੋਕ ਚੱਲਦਾ ਜ਼ਿੰਦਗੀ ਦਾ ਪਹੀਆ, ਜ਼ਿੰਦਗੀ ਦੀ ਰਿੱਦਮ ਭਰੀ ਰਵਾਨਗੀ ਹੁੰਦਾ ਹੈ। ਕੇਵਲ ਮਨੁੱਖੀ ਜੀਵਨ ਹੀ, ਜ਼ਿੰਦਗੀ ਵਿੱਚ ਮੜਕ ਨਾਲ ਜਿਊਣ ਦੀ ਜ਼ਾਮਨੀ ਨਹੀਂ ਬਣਦਾ, ਸਗੋਂ ਜ਼ਿੰਦਗੀ ਵਿੱਚ ਵਿਕਸਤ ਹੋਇਆ ਨਜ਼ਰੀਆ ਹੀ ਇੱਕ ਵਿਅਕਤੀ-ਵਿਸ਼ੇਸ਼ ਨੂੰ, ਜ਼ਿੰਦਗੀ ਦਾ ਸ਼ਾਹ-ਅਸਵਾਰ ਬਣਾਉਂਦਾ ਹੈ। ਜ਼ਿੰਦਗੀ, ਜਨਮ ਤੋਂ ਹੀ ਨਿੱਕੀਆਂ-ਨਿੱਕੀਆਂ ਪ੍ਰੀਖਿਆਵਾਂ ਪਾਸ ਕਰ ਕੇ ਅੱਗੇ ਵਧਣ ਦਾ ਨਾਂਅ ਹੈ, ਪਰ ਜ਼ਿੰਦਗੀ ਦੇ ਇਸ ਪੰਧ ਵਿੱਚ ਮਨੁੱਖ ਨੂੰ ਕਦੇ ਵੀ ਤੇ ਕਿਤੇ ਵੀ ਕਠੋਰ ਪ੍ਰੀਖਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਪ੍ਰੀਖਿਆ ਵਿੱਚੋਂ, ਰਿਹਾਨਾ ਜ਼ੁਬਾਰੀ ਪੂਰੇ ਅੰਕ ਲੈ ਕੇ ਮਿਸਾਲੀ ਕਾਬਲੀਅਤ ਹਾਸਲ ਕਰ  ਚੁੱਕੀ ਹੈ। ਇਸ ਦੇ ਉਲਟ ਜਿੱਥੇ ਜ਼ਿੰਦਗੀ ਵਿੱਚ ਨਜ਼ਰੀਆ ਵਿਕਸਤ ਨਹੀਂ ਹੁੰਦਾ, ਉੱਥੇ ਮਨੁੱਖ ਹੁੰਦਿਆਂ ਹੋਇਆਂ ਵੀ ਮਨੁੱਖੀ ਜੀਵਨ, ਮਾਨਵੀ ਕਦਰਾਂ ਤੋਂ ਖ਼ਾਲੀ, ਅਧੂਰਾ ਅਤੇ ਊਣਾ ਹੁੰਦਾ ਹੈ। ਅਜਿਹਾ ਜੀਵਨ ਸਮਝੌਤਾਵਾਦੀ ਹੋ ਜਾਂਦਾ ਹੈ, ਜਿਸ ਦੇ ਦਿਮਾਗ਼ ਅਤੇ ਸਰੀਰ 'ਤੇ, ਸਮਾਜ ਦੇ ਪਿੱਸੂ-ਨੁਮਾ ਸ਼ਾਤਰ ਲੋਕ ਸੌਖਿਆਂ ਹੀ ਨਾਜਾਇਜ਼ ਕਬਜ਼ਾ ਜਮਾ ਲੈਂਦੇ ਹਨ। ਬਿਲਕੁੱਲ ਇਸੇ ਤਰ੍ਹਾਂ ਅਸੀਂ ਆਪਣੇ ਦੁਆਲੇ, ਜ਼ਿੰਦਗੀ ਦਾ ਅਪਮਾਨ ਹੁੰਦਾ ਵੇਖਦੇ ਹਾਂ। ਹੱਥਲੇ ਲੇਖ ਦੇ ਵਿਸ਼ੇ ਅਤੇ ਘਟਨਾਕ੍ਰਮ ਵਿੱਚ, ਸਮੇਂ ਦੀ ਨਾਇਕਾ ਨੇ ਵਿਅਕਤੀਗਤ ਸੂਝ ਦਾ ਪ੍ਰਗਟਾਵਾ ਕੀਤਾ ਹੈ। ਉਹ ਅਨੰਤ ਵਜ਼ਨੀ ਹਸਤੀ ਵਜੋਂ ਨੋਟ ਹੋਈ ਹੈ।
ਬੀਤੇ ਸਮੇਂ ਨੇ ਸਾਡੀ ਜਾਣ-ਪਛਾਣ ਮਲਾਲਾ ਯੂਸਫਜ਼ਈ ਵਰਗੀ ਇੱਕ ਅਜਿਹੀ ਨਾਇਕਾ ਨਾਲ ਕਰਾਈ, ਜੋ ਗ਼ੈਰ-ਕਾਨੂੰਨੀ ਤਾਲਿਬਾਨ ਹੱਥੋਂ ਬਚ ਗਈ/ਬਚਾ ਲਈ ਗਈ ਸੀ, ਪਰ ਰਿਹਾਨਾ ਜ਼ੁਬਾਰੀ ਨੂੰ ਕਾਨੂੰਨੀ ਤਾਲਿਬਾਨ ਨੇ ਮਾਰ ਮੁਕਾਇਆ ਹੈ। ਬਿਨਾਂ ਸ਼ੱਕ ਰਿਹਾਨਾ ਜ਼ੁਬਾਰੀ ਔਰਤ ਵਰਗ ਦੇ ਸਵੈ-ਮਾਣ ਦਾ ਪ੍ਰਤੀਕ ਬਣ ਚੁੱਕੀ ਹੈ। ਰਹਿੰਦੀਆਂ ਪੁਸ਼ਤਾਂ ਵਿੱਚ ਇੱਜ਼ਤ/ਆਬਰੂ ਲਈ ਮਰ ਮਿਟਣ ਦੀ ਰੂਹ ਫੂਕਣ ਲਈ, ਇਸ ਨਾਇਕਾ ਨੂੰ ਮਨੁੱਖੀ ਸਮਾਜ ਅਤੇ ਖ਼ਾਸ ਤੌਰ 'ਤੇ ਔਰਤ ਵਰਗ ਵੱਲੋਂ, ਸਦਾ ਚਿਰ ਜਿਊਂਦਾ ਰੱਖਣ ਦੀ ਲੋੜ ਹੈ। ਜੇ ਅਜਿਹਾ ਨਹੀਂ ਹੋਵੇਗਾ, ਤਾਂ ਜ਼ੁਬਾਰੀ ਦੇ ਨਾਇਕ-ਨੁਮਾ ਨਿਰਛਲ ਚਿਹਰੇ ਨੂੰ, ਸਮੇਂ ਦੀ ਧੂੜ ਢੱਕ ਲਵੇਗੀ ਅਤੇ ਅਸੀਂ ਉਸ ਦਾ ਨਾਂਅ ਤੱਕ ਵੀ ਭੁੱਲ ਜਾਵਾਂਗੇ। 
ਬਹੁਤ ਜ਼ਰੂਰੀ ਹੈ ਕਿ ਇਸ ਚਿਹਰੇ ਨੂੰ ਸਵੈ-ਮਾਣ ਦੀ ਰਾਖੀ ਦੇ ਪ੍ਰਤੀਕ ਦੇ ਤੌਰ 'ਤੇ ਮਾਨਤਾ ਦਿੱਤੀ ਜਾਵੇ। 

No comments:

Post a Comment