Friday, 5 December 2014

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ- ਦਸੰਬਰ 2014)

ਕਹਾਣੀ
ਖੱਬਲ 
- ਕੁਲਵੰਤ ਸਿੰਘ ਵਿਰਕ
ਇਹ ਕਹਾਣੀ ਪਾਕਿਸਤਾਨ ਦੀ ਹੈ। 
ਪਾਕਿਸਤਾਨ ਬਣੇ ਨੂੰ ਅਜੇ ਤਿੰਨ ਚਾਰ ਮਹੀਨੇ ਹੀ ਹੋਏ ਸਨ। ਇਥੇ ਹਰ ਸ਼ੈ ਉਖੜੀ ਉਖੜੀ ਲੱਗਦੀ ਸੀ। ਥਾਣਿਆਂ, ਚੌਕੀਆਂ ਵਿਚ ਸਾਮਾਨ ਦੇ ਢੇਰ ਲੱਗੇ ਹੋਏ ਸਨ। ਟਰੰਕ, ਪਲੰਘ, ਪੰਘੂੜੇ, ਮੇਜ਼, ਸੋਫਾ ਸੈਟ, ਤਸਵੀਰਾਂ ਸਭ ਆਪੋ ਆਪਣੀਆਂ ਥਾਵਾਂ ਤੋਂ ਉਖੜ ਕੇ ਥਾਣੇ ਆ ਗਈਆਂ ਸਨ। ਭਲਾ ਪੰਘੂੜਿਆਂ ਤੇ ਤਸਵੀਰਾਂ ਦਾ ਥਾਣਿਆਂ ਵਿਚ ਕੀ ਕੰਮ? ਕਦੀ ਇਹਨਾਂ ਦੀ ਘਰਾਂ ਵਿਚ ਕੋਈ ਖਾਸ ਥਾਂ ਹੋਣੀ ਏਂ। ਉਸ ਵੇਲੇ ਘਰ ਵਾਲਿਆਂ ਦਾ ਖ਼ਿਆਲ ਹੋਣਾ ਏਂ ਕਿ ਜੇ ਇਹ ਉਸ ਥਾਂ ਤੋਂ ਬਿਨਾਂ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੇ ਕੋਝੇ ਲੱਗਣ। ਪਰ ਇਸ ਵੇਲੇ ਇਹ ਇੱਥੇ ਇਕ ਢੇਰ ਵਿਚ ਪਏ ਹੋਏ ਸਨ। ਘਰਾਂ ਦੇ ਭਾਂਡੇ, ਅਲਮਾਰੀਆਂ, ਪੜਛੱਤੀਆਂ ਤੇ ਚੌਂਕਿਆਂ ਵਿਚੋਂ ਨਿਕਲ ਕੇ ਸਰਕਾਰੀ ਦਫਤਰਾਂ ਦੇ ਸਾਹਮਣੇ ਢੇਰ ਹੋਏ ਪਏ ਸਨ। ਇਹਨਾਂ ਨੂੰ ਹੁਣ ਕਦੀ ਕਿਸੇ ਮਾਂਜਿਆ ਨਹੀਂ, ਲਿਸ਼ਕਾਇਆ ਨਹੀਂ ਸੀ, ਗਿਣਿਆਂ ਨਹੀਂ ਸੀ। ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆਂ ਵੀ ਕਈ ਮਹੀਨੇ ਹੋ ਗਏ ਸਨ। 
ਪਾਕਿਸਤਾਨ ਵਿਚ ਹਰ ਸ਼ੈ ਉਖੜੀ ਉਖੜੀ ਸੀ। ਕਈਆਂ ਘਰਾਂ ਵਿਚ ਆਪਣੀਆਂ ਖੁਰਲੀਆਂ ਤੋਂ ਉਖੜੇ ਹੋਏ ਡੰਗਰ ਵੀ ਸਨ। ਤਰੁਠੀਆਂ ਹੋਈਆਂ ਅੱਖਾਂ ਨਾਲ ਉਹ ਦਵਾਲਿਉਂ ਵੇਖਦੇ ਤੇ ਓਪਰੀਆਂ ਥਾਵਾਂ 'ਤੇ ਡਰ ਡਰ ਕੇ ਪੈਰ ਧਰਦੇ। ਇਸ ਉਥਲ ਪੁਥਲ ਵਿਚ ਕੇਵਲ ਧਰਤੀ ਹੀ ਆਪਣੇ ਥਾਂ ਪੱਕੀ ਸੀ ਤੇ ਇਸ ਧਰਤੀ 'ਤੇ ਅਨੇਕਾਂ ਉਖੜੇ ਹੋਏ ਸ਼ਨਾਰਥੀ ਰਿੜ੍ਹਦੇ ਫਿਰਦੇ। ਵਾਹਗੇ ਦੇ ਵੱਡੇ ਕੈਂਪਾਂ ਤੋਂ ਇਹਨਾਂ ਨੂੰ ਅਗ੍ਹਾਂ ਠੇਲ੍ਹ ਦਿੱਤਾ ਜਾਂਦਾ ਤੇ ਫਿਰ ਇਹ ਸ਼ਰਨਾਰਥੀ ਜਿਲਿਉਂ ਜ਼ਿਲ੍ਹੇ ਤੇ ਪਿੰਡੋਂ ਪਿੰਡ ਪੈਦਲ ਜਾਂ ਗੱਡਿਆਂ ਵਿਚ ਜ਼ਮੀਨ ਦੀ ਭਾਲ ਵਿਚ ਭੌਣ ਲੱਗ ਪੈਂਦੇ। 
ਸ਼ਰਨਾਰਥੀ ਤੇ ਸ਼ਰਨਾਰਥੀ, ਪੁਰਾਣੇ ਲੋਕ ਵੀ ਉਖੜ ਗਏ ਸਨ। ਬਰਾਦਰੀ ਵਾਲਿਆਂ ਦੀਆਂ ਬਰਾਦਰੀਆਂ ਟੁਰ ਗਈਆਂ ਸਨ ਤੇ ਯਾਰਾਂ ਦੇ ਯਾਰ। ਮਜ਼ਦੂਰਾਂ ਦੇ ਮਿੱਲ ਮਾਲਿਕ ਚਲੇ ਗਏ ਸਨ ਤੇ ਮਿੱਲ ਵਾਲਿਆਂ ਦੇ ਮਜ਼ਦੂਰ ਤੇ ਇਹਨਾਂ ਸਾਰਿਆਂ ਦੀ ਥਾਂ ਨਵੇਂ ਲੋਕ ਆ ਗਏ ਸਨ। ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ, ਗੰਦੇ ਜਹੇ, ਬੌਂਤਰੇ ਹੋਏ! ਪੁਰਾਣੇ ਲੋਕਾਂ ਵਿਚ ਘੁਲ ਮਿਲ ਨਹੀਂ ਸਕਦੇ ਸਨ। ਸਲਾਮਾਲੈਕਮ ਆਖ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਕਰਦੇ ਸਨ ਸਗੋਂ ਬੂਹੇ ਵਿਚ ਖਲੋਕੇ ਝਾਕਦੇ ਰਹਿੰਦੇ। ਜੇ ਕਵਾਓ ਵੀ ਤਾਂ ਵੀ ਨਾ ਕੂੰਦੇ। ਇਹਨਾਂ ਲੋਕਾਂ ਨੇ ਤੇ ਪਿੰਡਾਂ ਦੀਆਂ ਜੜ੍ਹਾਂ ਹਲਾ ਦਿੱਤੀਆਂ ਸਨ। ਪੁਰਾਣੇ ਵਸਨੀਕਾਂ ਨੂੰ ਵੀ ਆਪਣੇ ਪਿੰਡ ਓਪਰੇ ਓਪਰੇ ਲਗਣ ਲੱਗ ਪਏ ਸਨ। ਕਿਉਂਕਿ ਉਹ ਉਸ ਤਰ੍ਹਾਂ ਦੇ ਪਿੰਡ ਨਹੀਂ ਰਹੇ ਸਨ ਜਿਨ੍ਹਾਂ ਵਿਚ ਉਹ ਜੰਮੇ ਪਲੇ ਸਨ। ਉਹਨਾਂ ਦੀਆਂ ਹਵੇਲੀਆਂ ਕੋਲੋਂ ਲੰਘਦੇ ਨਹਿਰਾਂ ਰਜਵਾਹ ਵੀ ਬਗਾਨੇ ਹੋ ਗਏ ਸਨ। ਉਹ ਉਥੋਂ ਹੁਣ ਵੁਜ਼ੂ ਨਹੀਂ ਕਰ ਸਕਦੇ ਸਨ। ਕਈ ਦਿਨ ਇਹਨਾਂ ਨਹਿਰਾਂ ਦਾ ਪਾਣੀ ਲਾਲ ਆਉਂਦਾ ਰਿਹਾ ਸੀ ਤੇ ਕਈ ਸਾਬਤ ਮੁਰਦੇ ਤੇ ਕਈਆਂ ਦੀਆਂ ਲੱਤਾਂ, ਬਾਹਾਂ ਰੁੜ੍ਹਦੀਆਂ ਆਉਂਦੀਆਂ ਰਹੀਆਂ ਸਨ। ਇਸ ਪਾਣੀ ਨਾਲ  ਹੁਣ ਵੁਜ਼ੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ। ਉਹ ਤੇ ਆਪਣੇ ਅੰਙਾਣਿਆਂ ਨੂੰ ਵੀ ਇਹਨਾਂ ਵਿਚ ਨਹਾਉਣ ਤੋਂ ਹਟਕ ਦੇਂਦੇ। ਅਸਲ ਵਿਚ ਹਰ ਸ਼ੈ ਉਲਟ ਪੁਲਟ ਹੋਈ ਹੋਈ ਸੀ ਤੇ ਆਪਣੀ ਪੁਰਾਣੀ ਹਾਲਤ ਵੱਲ ਆਉਣ ਦਾ ਚਾਰਾ ਕਰ ਰਹੀ ਸੀ। ਹਰ ਸ਼ੈਅ ਆਪਣੀ ਆਪਣੀ ਥਾਂ ਨੂੰ ਅੜਾਨ ਦੀ, ਪੈਰ ਜਮਾਨ ਦੀ ਕੋਸ਼ਿਸ਼ ਕਰ ਰਹੀ ਸੀ, ਹਰ ਚੀਜ਼ ਪੁਨਰ ਸਥਾਪਤ ਮੰਗਦੀ ਸੀ। 
''ਮੁਲਖ ਤੇ ਤਬਾਹ ਹੋ ਗਿਆ ਏ'', ਇਕ ਗੱਭਰੂ ਜੱਟ ਨੇ ਆਪਣੇ ਆਲੇ ਦੁਆਲੇ ਦੀ ਉਜਾੜ ਵੇਖ ਕੇ ਆਪਣੇ ਬੁੱਢੇ ਪਿਓ ਨੂੰ ਕਿਹਾ।
''ਹੋ ਤੇ ਹੱਕੀ ਗਿਆ ਏ, ਪਰ ਆਹ ਵੇਖਾਂ ਦੁਨੀਆਂ ਕਿਧਰੇ ਥਾਓਂ ਥਾਈਂ ਬਹਿ ਜਾਂਦੀ ਏ ਤੇ ਸਭ ਖੈਰ ਮਿਹਰ ਹੋ ਜਾਏਗੀ।''
''ਇਹ ਤੇ ਐਵੇਂ ਗੱਲਾਂ ਨੇ, ਬਹਿ ਇਹਨਾਂ ਵਿਚਾਰਿਆਂ ਕਿਥੇ ਜਾਣਾ ਏ, ਇਹ ਤੇ ਗਰਾਹੀ ਨਹੀਂ ਫੜ ਕੇ ਆਪਣੇ ਮੂੰਹ ਵਿਚ ਪਾਣ ਜੋਗੇ।''
''ਨਹੀਂ ਓਇ ਕਮਲਿਆ! ਐਵੇਂ ਜਾਪਦਾ ਈ ਏ। ਆਹ ਵੇਖਾਂ ਖੱਬਲ ਹੁੰਦਾ ਏ ਪੈਲੀ ਵਿਚ। ਜਦੋਂ ਵਾਹੀਦੀ ਏ ਕੋਈ ਫਰਕ ਤੇ ਨਹੀਂ ਨਾ ਕਰੀਦਾ ਉਹਦੇ ਨਾਲ? ਸਾਰਾ ਜੜ੍ਹੋਂ ਪੁੱਟ ਪੁੱਟ ਕੇ ਪੈਲੀਓਂ ਬਾਹਰ ਸੁੱਟੀ ਦਾ ਏ। ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਨਾ ਕੋਈ ਤਿੜ ਫੁੱਟ ਆਉਂਦੀ ਏ ਤੇ ਮਹੀਨੇ ਮਗਰੋਂ ਇਸ ਤਰ੍ਹਾਂ ਜਾਪਦਾ ਏ ਜਿਵੇਂ ਪੈਲੀ ਕਦੀ ਕਿਸੇ ਵਾਹੀ ਹੀ ਨਹੀਂ ਹੁੰਦੀ।'' 
ਅਸਲ ਵਿਚ ਕਿਧਰੇ ਕਿਧਰੇ ਇਸ ਬੁੱਢੇ ਦੀ ਗੱਲ ਵਿਚ ਸਚਾਈ ਦਿੱਸ ਰਹੀ ਸੀ। ਜਿਨ੍ਹਾਂ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਉਹ ਕੁਝ ਟਿਕ ਜਹੇ ਜਾਂਦੇ। ਕੱਚੀਆਂ ਅਲਾਟ ਹੋਈਆਂ ਪੈਲੀਆਂ ਉਹਨਾਂ ਦੀ ਰੂਹ ਨੂੰ ਧਰਵਾਸ ਦਿੰਦੀਆਂ। ਆਪਣੇ ਨਵਿਆਂ ਵਾੜਿਆਂ ਦੇ ਨੇੜੇ ਉਹ ਨਿਕੇ  ਨਿਕੇ ਟੋਏ ਪੁੱਟ ਕੇ ਉਹਨਾਂ ਵਿਚ ਗੋਹਿਆਂ ਦੀ ਅਗ ਧੁਖਾਈ ਰੱਖਦੇ ਤੇ ਜਦੋਂ ਜੀ ਕਰਦਾ ਹੁੱਕੇ ਤੇ ਰੱਖ ਕੇ ਇਕੱਠੇ ਬੈਠ ਕੇ ਪੀਂਦੇ। ਸਹਿਜੇ ਸਹਿਜੇ ਉਹਨਾਂ ਦੀਆਂ ਮੱਝੀਂ ਦਾ ਵੀ ਤ੍ਰੌਹ ਲਹਿ ਜਾਂਦਾ। ਵਾੜਿਆਂ ਦੇ ਅੰਦਰ ਉਹ ਵਣਾਂ ਦੀਆਂ ਟਾਹਣੀਆਂ ਨਾਲ ਆਪਣੇ ਸਿੰਙਾਂ ਪਿਛਲੇ ਥਾਂ ਨੂੰ ਖੁਰਕ ਕਰਦੀਆਂ ਤੇ ਕਦੀ ਮੌਜ ਵਿਚ ਆਈਆਂ ਆਪਣੇ ਪਿੰਡੇ ਨੂੰ ਵਾੜੇ ਦੀਆਂ ਕੰਧਾਂ ਨਾਲ ਘਸਰਦੀਆਂ। ਜਦੋਂ ਤਸੀਲਦਾਰ ਜਾਂ ਕੋਈ ਹੋਰ ਅਫ਼ਸਰ ਇਹਨਾਂ ਲੋਕਾਂ ਦੇ ਨਵੇਂ ਪਿੰਡ ਵਿਚ ਆਉਂਦਾ ਤਾਂ ਉਹਨਾਂ ਵਿਚੋਂ ਕਈ ਆਪਣੀ ਆਪ ਨੂੰ ਪੈਂਚ ਜਾਹਰ ਕਰਨ ਦੀ ਕੋਸ਼ਿਸ਼ ਕਰਦੇ। ਪਿੰਡ ਦੇ ਸਾਂਝੇ ਦੁੱਖ ਤਕਲੀਫਾਂ ਉਹ ਤਸੀਲਦਾਰ ਨੂੰ ਸੁਣਾਉਂਦੇ ਤੇ ਇਸ ਤਰ੍ਹਾਂ ਸਾਰੇ ਲੋਕਾਂ ਦੀ ਪ੍ਰਤੀਨਿੱਧਤਾ ਕਰ ਕੇ ਪਿੰਡ ਵਿਚ ਆਪਣੀ ਲੀਡਰੀ ਦਾ ਮੁੱਢ ਬੰਨ੍ਹਦੇ। ਸਾਧਾਰਨ ਜਿਹੀਆਂ ਗੱਲਾਂ ਨਾਲ ਜਿਵੇਂ ਲੋਕਾਂ ਨੂੰ ਪਿਛਾਂ ਬਿਠਾ ਕੇ, 'ਸਿਰਫ ਇਕ ਆਦਮੀ ਬੋਲੇ ਕਹਿ ਕੇ', ਅਫਸਰ ਨੂੰ ਹੁੱਕਾ ਪਾਣੀ ਪੁੱਛ ਕੇ ਉਹ ਉਸ ਦਾ ਧਿਆਨ ਆਪਣੇ ਵੱਲ ਖਿਚਦੇ। ਇਹ ਗੱਲਾਂ ਦੱਸਦੀਆਂ ਸਨ ਕਿ ਇਸ ਧੱਕੇ ਨੇ ਵੀ ਉਹਨਾਂ ਨੂੰ ਅਸਲੋਂ ਠੰਡਾ ਨਹੀਂ ਕੀਤਾ ਸੀ। 
ਇਹੋ ਜਿਹੇ ਉੱਜੜ ਰਹੇ, ਵਸ ਰਹੇ, ਪਾਕਿਸਤਾਨ ਵਿਚ ਮੈਂ ਭਾਰਤ ਸਰਕਾਰ ਵਲੋਂ ਲੇਜ਼ਾਨ ਅਫ਼ਸਰ ਮੁਕੱਰਰ ਹੋਇਆ। 
ਮੇਰਾ ਕੰਮ ਧੱਕੋ ਧੱਕੀ ਉਧਾਲੀਆਂ ਇਸਤਰੀਆਂ ਦੇ ਬਦੋ ਬਦੀ ਮੁਸਲਮਾਨ ਬਣਾਏ ਟੱਬਰਾਂ ਨੂੰ ਛੁਡਾ ਕੇ ਵਾਪਸ ਹਿੰਦੁਸਤਾਨ ਅਪੜਾਨਾ ਸੀ। ਹਿੰਦੁਸਤਾਨੀ ਫ਼ੌਜ ਦਾ ਇਕ ਦਸਤਾ ਤੇ ਪਾਕਿਸਤਾਨੀ ਸਪੈਸ਼ਲ ਪੁਲਸ ਦੇ ਕੁਝ ਸਿਪਾਹੀ ਮੇਰੀ ਸਹਾਇਤਾ ਲਈ ਸਨ। 
ਹੋਰ ਗੁੰਮ ਹੋਈਆਂ ਚੀਜ਼ਾਂ ਦੇ ਭਾਲਣ ਵਾਗੂੰ ਕੁੜੀਆਂ ਭਾਲਣ ਦਾ ਕੰਮ ਔਖਾ ਵੀ ਸੀ ਤੇ ਸੌਖਾ ਵੀ। ਕਦੀ ਕਦੀ ਤੇ ਕੋਈ ਕੁੜੀ ਥੋੜੀ ਜਿਹੀ ਮਿਹਨਤ ਨਾਲ ਹੀ ਮਿਲ ਜਾਂਦੀ ਤੇ ਕਈ ਵਾਰੀ ਕੋਈ ਕੁੜੀ ਬਹੁਤ ਭਾਲਣ ਤੇ ਵੀ ਹੱਥ ਨਾ ਆਉਂਦੀ। ਪਾਕਿਸਤਾਨ ਪੁਲਸ ਵਾਲੇ ਭਾਵੇਂ ਉਹਨਾਂ ਨੂੰ ਮੁੜਾਣ ਵਿਚ-ਉਹ ਇਸ ਨੂੰ ਬਰਾਮਦ ਕਰਨਾ ਆਖਦੇ ਸਨ-ਥੋੜ੍ਹੀ ਬਹੁਤ ਸਹਾਇਤਾ ਕਰ ਦਿੰਦੇ ਪਰ ਆਪ ਪਤਾ ਘੱਟ ਵੱਧ ਹੀ ਦਿੰਦੇ। ਫਿਰ ਵੀ ਜਦ ਕਦੀ ਉਹ ਦਿਲੋਂ ਹੋ ਕੇ ਨਾਲ ਟੁਰ ਪੈਂਦੇ ਤਾਂ ਕੰਮ ਅਸਲੋਂ ਹੀ ਸੌਖਾ ਹੋ ਜਾਂਦਾ। 
ਜਿਸ ਵੇਰ ਦੀ ਇਹ ਗੱਲ ਹੈ ਉਸ ਵੇਰ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਤੁਰਿਆ ਸਗੋਂ ਉਧਾਲੀ ਹੋਈ ਔਰਤ ਦਾ ਪਤਾ ਵੀ ਮੈਨੂੰ ਉਸੇ ਨੇ ਹੀ ਦੱਸਿਆ। ਉਸ ਇਹ ਵੀ ਦੱਸਿਆ ਕਿ ਔਰਤ ਉਸੇ ਥਾਣੇ ਦੇ ਇਕ ਪਿੰਡ ਦੇ ਨੰਬਰਦਾਰ ਦੀ ਨੂੰਹ ਸੀ। ਜਿਸ ਪਿੰਡ ਅਸਾਂ ਜਾਣਾ ਸੀ ਉਹ ਪਿੰਡ ਪੱਕੀ ਸੜਕ ਤੋਂ ਬੜੀ ਦੂਰ ਸੀ। ਢੇਰ ਚਿਰ ਅਸੀਂ ਕੱਚੀਆਂ ਸੜਕਾਂ ਤੇ ਪੈਹਾਂ  ਉਤੇ ਖੱਜਲ ਹੁੰਦੇ ਰਹੇ। 
ਜਦ ਅਸੀਂ ਪਿੰਡ ਅੱਪੜੇ ਤਾਂ ਪਿੰਡ ਦੇ ਚੌਧਰੀ ਥਾਣੇਦਾਰ ਦੇ ਸਵਾਗਤ ਲਈ ਇਕੱਠੇ ਹੋ ਗਏ। ਪਾਕਿਸਤਾਨ ਵਿਚ ਉਸ ਵੇਲੇ ਸਰਕਾਰ ਦਾ ਬੜਾ ਰੁਹਬ ਸੀ। ਥਾਣੇਦਾਰ ਨੇ ਉਸ ਔਰਤ ਦਾ ਪਤਾ ਪੁਛਿਆ ਤਾਂ ਉਹਨਾਂ ਚੌਧਰੀਆਂ ਨੇ ਝਟ ਉਸ ਨੂੰ ਇਕ ਕੋਠਾ ਵਖਾ ਦਿੱਤਾ। ਇਹ ਛੋਟਾ ਜਿਹਾ ਕੋਠਾ ਇਕ ਵੱਡੇ ਸਾਰੇ ਵਲਗਨ ਦੇ ਸਿਰੇ ਉਤੇ ਛੱਤਿਆ ਹੋਇਆ ਸੀ। ਥਾਣੇਦਾਰ ਤੇ ਹੋਰ ਲੋਕ ਬਾਹਰ ਹੀ ਰਹੇ ਤੇ ਮੈਂ ਇਕੱਲਾ ਅੰਦਰ ਚਲਾ ਗਿਆ। ਇਹ ਕੋਈ ਤਿੰਨ ਕੁ ਮੰਜੀਆਂ ਦਾ ਕੱਚਾ ਕੋਠਾ ਸੀ। ਇਕ ਪਾਸੇ ਲੱਕੜ ਦੀ ਇਕ ਪੜਛੱਤੀ ਤੇ ਥੋੜ੍ਹੇ ਜਿਹੇ ਗਲਾਸ ਕੌਲੀਆਂ ਥਾਲੀਆਂ ਪਈਆਂ ਹੋਈਆਂ ਸਨ। ਕਮਰੇ ਦੀ ਇਕ ਗੁੱਠੇ ਕੁਝ ਬਿਸਤਰੇ ਤੇ ਥੋੜ੍ਹਾ ਬਹੁਤ ਹੋਰ ਸਮਾਨ ਵੀ ਸੀ। 
ਉਹ ਤੀਵੀਂ ਮੰਜੀ ਤੇ ਪਈ ਹੋਈ ਸੀ। ਕਈਆਂ ਦਿਨਾਂ ਤੋਂ ਉਸ ਨੂੰ ਬੁਖ਼ਾਰ ਹੋ ਰਿਹਾ ਸੀ। ਉਸ ਦੇ ਇਕ ਹੱਥ 'ਤੇ ਪੱਟੀਆਂ ਬੱਝੀਆਂ ਹੋਈਆਂ ਸਨ। ਸ਼ਾਇਦ ਕੋਈ ਉਠਾ ਉਠਿਆ ਹੋਇਆ ਸੀ। ਉਸ ਵੇਲੇ ਉਹ ਡਾਹਢੀ ਨਿਢਾਲ ਜਾਪਦੀ ਸੀ ਤੇ ਅਸਲੋਂ ਹੌਲੀ ਹੌਲੀ ਬੋਲਦੀ ਸੀ। ਮੈਂ ਉਸ ਦੇ ਕੋਲ ਮੰਜੀ 'ਤੇ ਬੈਠ ਗਿਆ। 
''ਕੀ ਗੱਲ ਏ''? ਮੈਂ ਉਸ ਦਾ ਹਾਲ ਚਾਲ ਪੁੱਛਣ ਲਈ ਸਿੱਧਾ ਜਿਹਾ ਸਵਾਲ ਕੀਤਾ। 
''ਤਾਪ ਚੜ੍ਹਦਾ ਏ, ਚੌਥੇ ਪੰਜਵੇਂ ਦਿਨ ਦਾ।''
''ਏਥੇ ਤੇਰੇ ਕੋਲ ਕੋਈ ਜਨਾਨੀ ਨਹੀਂ?''
''ਨਹੀਂ ਨੇੜੇ ਤੇ ਕੋਈ ਨਹੀਂ।''
ਪਹਿਲੇ ਜੋ ਖੋਹੀਆਂ ਹੋਈਆਂ ਕੁੜੀਆਂ ਤੀਵੀਆਂ ਮੈਂ ਵੇਖੀਆਂ ਸਨ, ਉਹਨਾਂ ਨਾਲੋਂ ਇਸ ਦਾ ਚੌਗਿਰਦਾ ਬਿਲਕੁਲ ਵੱਖਰਾ ਸੀ। ਉਹਨਾਂ ਦੇ ਦੁਆਲੇ ਬੰਦੇ ਜਨਾਨੀਆਂ ਹੁੰਦੇ ਸਨ। ਉਹ ਕਿਸੇ ਦੀ ਨਜ਼ਰ ਹੇਠ, ਕਿਸੇ ਦੀ ਰਾਖੀ ਹੇਠ ਰਹਿੰਦੀਆਂ ਸਨ ਤੇ ਇਸ ਤਰ੍ਹਾਂ ਹੀ ਮੈਨੂੰ ਵਿਖਾਈਆਂ ਜਾਂਦੀਆਂ। ਮੈਨੂੰ ਇਸ ਤਰ੍ਹਾਂ ਪਰਤੀਤ ਹੋਇਆ ਜਿਵੇਂ ਇਸ ਕੋਠੇ ਵਿਚ ਉਹ ਇਕੱਲੀ ਹੀ ਰਹਿੰਦੀ ਸੀ, ਜਿਵੇਂ ਲੋਕਾਂ ਨੇ ਉਸ ਨੂੰ ਆਪਣੇ ਹਾਲ 'ਤੇ ਹੀ ਛੱਡ ਦਿੱਤਾ ਹੋਇਆ ਸੀ। ਸਗੋਂ ਇਸ ਤੋਂ ਵੀ ਵੱਧ, ਜਿਵੇਂ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ ਸੀ। ਉਸ ਦੇ ਪਿੰਡ ਤੇ ਘਰ ਵਾਲੇ ਕਿਸ ਤਰ੍ਹਾਂ ਖ਼ਤਮ ਹੋਏ ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸੀ। ਫਿਰ ਦੂਸਰੀ ਵੇਰ ਉਸ ਦੇ ਮੂੰਹੋਂ ਸੁਣਨ ਦਾ ਕੋਈ ਫਾਇਦਾ ਨਹੀਂ ਸੀ। ਮੈਨੂੰ ਵਧੇਰੇ ਦਿਲਚਸਪੀ ਉਸ ਦੀ ਮੌਜੂਦਾ ਹਾਲਤ ਵਿਚ ਸੀ। 
''ਇਥੇ ਰਹਿੰਦਿਆਂ ਤੈਨੂੰ ਕਿੰਨਾ ਚਿਰ ਹੋ ਗਿਆ ਏ?''
''ਜਿਸ ਦਿਨ ਦਾ ਪਿੰਡ ਉਜੜਿਆ ਏ ਉਸ ਦਿਨ ਤੋਂ ਇਥੇ ਈ ਆਂ।''
''ਇਹ ਭਾਂਡੇ ਤੇ ਕੱਪੜੇ ਤੈਨੂੰ ਕਿਸ ਦਿੱਤੇ ਨੇ?''
''ਤੁਸੀਂ ਤਾਂ ਅਸਲੋਂ ਕਮਲੇ ਓ।''
ਮੈਂ ਸਮਝ ਗਿਆ। ਉਹ ਇਕੱਲੀ ਨਹੀਂ ਰਹਿੰਦੀ ਸੀ ਤੇ ਨਾ ਹੀ ਇਥੇ ਪਿਆ ਸਾਮਾਨ ਉਸ ਦਾ ਆਪਣਾ ਸੀ। ਇਸ ਕੋਠੇ, ਸਾਮਾਨ ਤੇ ਉਸ ਦੇ ਜਿਸਮ ਦਾ ਮਾਲਕ ਕੇਵਲ ਅੱਖੀਂ ਨਹੀਂ ਦਿਸ ਰਿਹਾ ਸੀ। 
ਇਹ ਗੱਲ ਇਥੇ ਲਿਖਣ ਲੱਗਿਆਂ ਤੇ ਮੈਂ ਸਹਿਜੇ ਹੀ ਲਿਖ ਗਿਆ ਹਾਂ ਪਰ ਉਸ ਵੇਲੇ ਇਸ ਗਿਆਨ ਨੇ ਮੇਰੇ ਮਨ ਨੂੰ ਡਾਹਡਾ ਧੱਕਾ ਮਾਰਿਆ। ਪੁਲਸ ਤੇ ਲੋਕਾਂ ਦੀ ਸਹਾਇਤਾ ਕਰ ਕੇ ਜੋ ਚੰਗੇ ਖ਼ਿਆਲ ਮੇਰੇ ਮਨ ਵਿਚ ਦੁਨੀਆਂ ਤੇ ਦੁਨੀਆਂ ਦੇ ਲੋਕਾਂ ਬਾਰੇ ਸਾਰਾ ਦਿਨ ਆਉਂਦੇ ਰਹੇ ਸਨ, ਉਹ ਸਾਰੇ ਮੈਥੋਂ ਪੱਲਾ ਛੁਡਾ ਗਏ। ਮੇਰਾ ਮੱਥਾ ਕੌੜੀਆਂ ਅਸਲੀਅਤਾਂ ਨਾਲ ਲੱਗਾ ਹੋਇਆ ਸੀ। ਉਸ ਕੱਚੇ ਕੋਠੇ ਵਿਚ ਖੋਹੀ ਹੋਈ ਕਿਸੇ ਦੀ ਵਹੁਟੀ ਮੇਰੇ ਸਾਹਮਣੇ ਮੰਜੀ ਤੇ ਨਿਢਾਲ ਪਈ ਸੀ। ਮੇਰੀ ਨਜ਼ਰ ਵਿਚ ਇਨਸਾਨ ਉਤੇ ਇਨਸਾਨ ਦੇ ਜ਼ੁਲਮ ਦੀ ਉਹ ਸਭ ਤੋਂ ਘਿਨਾਉਣੀ ਤਸਵੀਰ ਸੀ। 
ਮਧੋਲੀ ਹੋਈ, ਖਵਾਰ ਕੀਤੀ ਹੋਈ, ਉਹ ਉਥੇ ਬਿਮਾਰ ਪਈ ਸੀ। ਉਸ ਦੀ ਜਾਤ, ਬਰਾਦਰੀ, ਪਿੰਡ, ਧਰਮ ਦਾ ਕੋਈ ਸਾਂਝੀਵਾਲ ਉਥੇ ਨਹੀਂ ਸੀ। ਉਸ ਨੂੰ ਕਦੀ ਕਿਸੇ ਇਹ ਨਹੀਂ ਦੱਸਿਆ ਸੀ ਕਿ ਉਹ ਵਿਛੜੇ ਹੋਏ ਆਪਣੇ ਸਾਕਾਂ ਅੰਗਾਂ ਨੂੰ ਫਿਰ ਵੀ ਮਿਲ ਸਕਦੀ ਹੈ। ਜੇ ਉਸ ਨੂੰ ਕੋਈ ਦੱਸਦਾ ਵੀ ਤਾਂ ਉਹ ਮੰਨਣੋਂ ਨਾਂਹ ਕਰ ਦਿੰਦੀ। ਆਖ਼ਰ ਇਡੇ ਵੱਡੇ ਤੇ ਤਕੜੇ ਪਾਕਿਸਤਾਨ ਵਿਚੋਂ ਉਸ ਨੂੰ ਕੋਈ ਕਿਸ ਤਰ੍ਹਾਂ ਕੱਢ ਕੇ ਲਿਜਾ ਸਕਦਾ ਸੀ। ਇਸ ਗੱਲ ਤੇ ਵਿਚਾਰ ਕਰਨਾ ਹੀ ਫਜ਼ੂਲ ਸੀ। 
ਉਸ ਨੂੰ ਉਸੇ ਵੇਲੇ ਵਾਪਸ ਲਿਜਾਣ ਦਾ ਕੋਈ ਸਵਾਲ ਨਹੀਂ ਸੀ। ਪੋਹ ਮਾਘ ਦੀ ਸਰਦੀ ਵਿਚ ਉਸ ਨੂੰ ਬੀਮਾਰੀ ਦੀ ਹਾਲਤ ਵਿਚ ਉਥੋਂ ਹਿਲਾਣਾ ਠੀਕ ਨਹੀਂ ਸੀ। ਉਹ ਲੋਕ ਹੁਣ ਉਸ ਨੂੰ ਗੁੰਮ ਨਹੀਂ ਕਰ ਸਕਦੇ ਸਨ ਕਿਉਂਕਿ ਅਸਾਂ ਉਸ ਨੂੰ ਵੇਖ ਲਿਆ ਸੀ ਤੇ ਉਹ ਲੋਕ ਜਾਣਦੇ ਸਨ ਕਿ ਅਸਾਂ ਵੇਖ ਲਿਆ ਹੈ। 
''ਚੰਗਾ ਬੀਬੀ ਮੈਂ ਫਿਰ ਕਿਸੇ ਦਿਨ ਆਵਾਂਗਾ।'' ਫਿਰ ਆਉਣ ਤੋਂ ਮੇਰਾ ਮਤਲਬ ਉਸ ਨੂੰ ਉਥੋਂ ਵਾਪਸ ਲੈ ਜਾਣ ਤੋਂ ਸੀ, ਪਰ ਇਹ ਗੱਲ ਸ਼ਾਇਦ ਉਸ ਦੇ ਸੁਫ਼ਨੇ ਵਿਚ ਵੀ ਸੰਭਵ ਨਹੀਂ ਸੀ।
''ਤੂੰ ਹੁਣ ਚੱਲਿਆਂ ਏਂ?''
''ਜ਼ਰਾ ਬਹਿ ਜਾ, ਮੇਰੀ ਇਕ ਗੱਲ ਸੁਣ ਜਾ।''
ਮੈਂ ਫਿਰ ਕੋਲ ਪਈ ਮੰਜੀ 'ਤੇ ਬੈਠ ਗਿਆ।
''ਮੇਰੀ ਤੇਰੇ ਅੱਗੇ ਇਕ ਅਰਜ਼ ਏ ਜੇ ਤੂੰ ਪੂਰੀ ਕਰੇਂ, ਇਕ ਕੰਮ ਏ ਤੇਰੇ ਗੋਚਰਾ।''
''ਕੀ ਕੰਮ?''
''ਤੂੰ ਮੇਰਾ ਸਿੱਖ ਭਰਾ ਏਂ, ਮੈਂ ਵੀ ਕਦੀ ਸਿੱਖ ਹੁੰਦੀ ਸਾਂ। ਹੁਣ ਤੇ ਮੈਂ ਮੁਸਲਮਾਨ ਹੋ ਗਈ ਹੋਈ ਆਂ। ਏਸ ਵੇਲੇ ਏਸ ਦੁਨੀਆਂ ਵਿਚ ਮੇਰਾ ਕੋਈ ਨਹੀਓਂ। ਮੈਂ ਬੜੀ ਔਖੀ ਆਂ, ਤੂੰ ਮੇਰੀ ਬਾਂਹ ਫੜ। ਮੇਰੀ ਇਕ ਨਨਾਣ ਏ ਨਿੱਕੀ। ਰੁੜ੍ਹ ਗਏ ਯਾਰਾਂ ਚੱਕ ਵਾਲੇ ਲੈ ਗਏ ਹੋਏ ਨੀ। ਉਸ ਦਿਨ ਹਮਲੇ ਵਿਚ ਸਭ ਤੋਂ ਵੱਡੀ ਧਾੜ ਉਹਨਾਂ ਦੀ ਹੀ ਸੀ, ਤੇ ਉਹ ਹੀ ਉਸ ਨੂੰ ਲੈ ਗਏ ਨੀ। ਤੇਰੀ ਐਸ ਵੇਲੇ ਮੈਨੂੰ ਬੜੀ ਚੌਧਰ ਜਾਪਦੀ ਏ। ਤੂੰ ਉਹਨੂੰ ਏਥੇ ਮੇਰੇ ਕੋਲ ਲਿਆ ਦੇ। ਸਾਰੇ ਤੇਰਾ ਲਿਹਾਜ਼ ਕਰਦੇ ਨੇ। ਪੁਲਸ ਵਾਲੇ ਵੀ ਤੇਰੀ ਮੰਨਦੇ ਨੇ। ਮੇਰੇ ਵਲੋਂ ਵੀ ਉਹਨਾਂ ਨੂੰ ਤਰਲਾ ਕਰੀਂ। ਮੈਂ ਉਹਦੀ ਵੱਡੀ ਭਰਜਾਈ ਆਂ। ਮੈਂ ਉਹਨੂੰ ਹੱਥੀਂ ਪਾਲਿਆ ਏ, ਮਾਂ ਬਰੋਬਰ ਆਂ। ਉਹ ਮੇਰੇ ਕੋਲ ਆਵੇਗੀ। ਮੈਂ ਆਪਣੀ ਹੱਥੀਂ ਉਹਨੂੰ ਕਿਸੇ ਦੇ ਲੜ ਲਾਂਗੀ। ਮੇਰੀ ਸਾਂਝ ਵਧੇਗੀ, ਮੇਰੀਆਂ ਬਾਹੀਂ ਬਨਣਗੀਆਂ। ਮੈਂ ਕਿਸੇ ਨੂੰ ਆਪਣਾ ਆਖਣ ਵਾਲੀ ਬਣਾਂਗੀ।''
ਉਸ ਬੁੱਢੇ ਜੱਟ ਦੀ ਗੱਲ ਮੇਰੇ ਦਿਮਾਗ ਵਿਚ ਚੱਕਰ ਲਾਣ ਲੱਗ ਪਈ। ''ਆਹ ਵੇਖਾਂ ਖੱਬਲ ਹੁੰਦਾ ਏ ਪੈਲੀ ਵਿਚ, ਜਦੋਂ ਵਾਹੀ ਦੀ ਏ ਕੋਈ ਕਸਰ ਨਾ ਛੱਡੀ ਦੀ ਉਹਦੇ ਨਾਲ। ਸਾਰਾ ਜੜ੍ਹੋਂ ਪੁੱਟ ਕੇ ਪੈਲੀਓਂ ਬਾਹਰ ਸੁੱਟ ਦੇਈ ਦਾ ਏ। ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਕੋਈ ਤਿੜ ਫੁੱਟ ਆਉਂਦੀ ਹੈ।''



ਗ਼ਜ਼ਲ- ਹਰਮਿੰਦਰ ਸਿੰਘ ਕੋਹਾਰਵਾਲਾ
(1)
ਬਸਤੀਆਂ ਵਿਚ ਚਾਂਗਰਾਂ ਤੇ ਸਿਸਕੀਆਂ।
ਇਹ ਸਿਆਸੀ ਹਰਕਤਾਂ ਨੇ ਕਿਸ  ਦੀਆਂ?
    ਦਾਤਿਆਂ ਨੇ ਨਿਹਮਤਾ ਉਹ ਬਖਸ਼ੀਆਂ,
    ਸੁੱਟੀਆਂ ਨਾ ਜਾਣ ਤੇ ਨਾ ਵਰਤੀਆਂ।
ਪੰਜ ਸਾਲੀਂ ਵਰਤੀਏ ਜੋ ਪਰਚੀਆਂ,
ਦਿੰਦੀਆਂ ਉਹ ਰਾਹਜਨਾਂ ਨੂੰ ਕੁਰਸੀਆਂ।
    ਧੁੱਸ ਦੇ ਕੇ ਵੜਦੀਆਂ ਜੋ ਇਸ ਘਰੇ,
    ਮੁਸ਼ਕਲਾਂ ਉਹ ਜਾਣ ਮੁਸ਼ਕਲ ਵਰਜੀਆਂ।
ਕੰਜਕਾਂ ਤਾਂ ਪੈਰ ਪੁੱਟਣ ਪੁੱਛ ਕੇ,
    ਕਰਨ ਕਾਕੇ ਪਰ ਅਵਾਰਾਗਰਦੀਆਂ।
    ਪਾਉਂਦੀਆਂ ਕੀ ਠੰਢ ਸਾਡੇ ਕਾਲਜੇ,
ਮਿਲਦੀਆਂ ਨੇ ਮੁੱਲ ਜੋ ਹਮਦਰਦੀਆਂ।
    ਜਦ ਸੁਨਹਿਰੀ ਧਾਤ ਮਹਿੰਗੀ ਹੋ ਗਈ,
    ਤੁੰਗਲਾਂ ਤੋਂ ਬਣਦੀਆਂ ਨੇ ਮੁਰਕੀਆਂ।
ਵਖ਼ਤ ਪਾਇਆ ਸ਼ਹਿਰ ਨੂੰ ਅਪਰਾਧ ਨੇ,
ਵਕਤ ਪੂਰਾ ਕਰਦੀਆਂ ਨੇ ਵਰਦੀਆਂ।
    ਕੌਣ ਪੁਛਦੈ ਖਾਕਸਾਰਾਂ ਦੀ ਰਜ਼ਾ,
    ਸਰਦੇ ਪੁੱਜਦੇ ਹੀ ਪੁਗਾਉਂਦੇ ਮਰਜ਼ੀਆਂ।

(2)
ਖੋਹੀਆਂ ਖੁਸ਼ੀਆਂ ਅਸਾਂ ਤੋਂ, ਪੈਣ ਕਿਵੇਂ ਨਾ ਹੌਲ।
ਹੱਸਣ ਮੌਲਣ ਵਾਸਤੇ, ਬਣਦਾ ਨਹੀਂ ਮਹੌਲ।

    ਤਦ ਭੋਰਾ ਮੂੰਹ ਖੋਲ੍ਹੀਏ, ਜਦੋਂ ਸਤਾਵੇ ਭੁੱਖ,
    ਪਰ ਕਰਦੇ ਮੂੰਹ ਬੰਦ ਉਹ, ਦੇ ਕੇ ਮੁੱਠ ਮੁੱਠ ਚੌਲ।

ਮਾਰਾਂ ਖਾ ਕੇ ਲੋਕ ਇਹ, ਕਰ ਲੈਂਦੇ ਇਤਬਾਰ,
ਇੱਥੇ ਪੁਗਦੀ ਜਿੰਨ੍ਹਾਂ ਦੀ, ਨਹੀਂ ਪੁਗਾਉਂਦੇ ਕੌਲ।

    ਰੰਗੇ ਹੱਥ ਧਨਾਢ ਨੇ, ਲੋਕਾਂ ਦਾ ਰੰਗ ਫੱਕ,
    ਹਰ ਥਾਂ ਘਪਲੇ ਹੋ ਰਹੇ, ਖੂਨ ਰਿਹਾ ਏ ਖੌਲ਼।

ਲੋਕ ਨਗਰ ਦੇ ਪੁਤਲੀਆਂ, ਹਿਲਦੇ ਤੁਣਕੇ ਨਾਲ਼।
ਹੱਥ ਅੱਡਣ ਨੂੰ ਛੁਰਲੀਆਂ, ਸਿਰ ਚੁੱਕਣ ਨੂੰ ਘੌਲ਼।

    ਨੱਪਣ ਡਾਂਗਾਂ ਲਹਿਰ ਨੂੰ, ਮੁੜ ਮੁੜ ਉਠਦੀ ਲਹਿਰ,
    ਜੇ ਹੋਵੇ ਇਨਸਾਫ ਤਾਂ, ਹੋਵੇ ਸ਼ਾਂਤ ਮਹੌਲ।

ਆਓ ਰਲ਼ ਕੇ ਬਦਲੀਏ, ਖ਼ੁਦ ਆਪਣੀ ਤਕਦੀਰ,
ਬਦਲਣ ਨਾ ਤਕਦੀਰ ਉਹ, ਬੇਸ਼ੱਕ ਬਦਲੇ ਰੌਲ਼।


ਸਮੁੰਦਰੋਂ ਆਰ-ਪਾਰ- ਨਵਤੇਜ ਗੜ੍ਹਦੀਵਾਲਾ
ਤੁਸੀਂ ਮੀਸਣੇ ਬਣ ਕੇ
ਸੱਚ ਦਬਾ ਲੈਂਦੇ ਹੋ
ਧੁਰ ਅੰਦਰ ਛੁਪਾ ਲੈਂਦੇ ਹੋ
ਮੇਰੀ ਹੋਂਦ ਦਾ ਪੌਦਾ
ਮੇਰੇ ਖ਼ਾਨਦਾਨ ਦੀ ਮਿੱਟੀ 'ਚੋਂ
ਝਟਕੇ ਨਾਲ ਪੁੱਟ ਲੈਂਦੇ ਹੋ
ਮੁੱਠੀ 'ਚ ਘੁੱਟ ਲੈਂਦੇ ਹੋ

    ਤੁਹਾਡੀ ਹਰ ਹਰਕਤ ਪਛਾਣਦਾ ਹਾਂ
    ਰਗ ਰਗ ਨੂੰ ਜਾਣਦਾ ਹਾਂ
    ਤੁਹਾਡਾ ਖ਼ਿਆਲ ਹੈ
    ਮੈਨੂੰ ਕੀ ਪਤਾ ਹੈ
    ਕਿ ਭਾਗੋ ਦੇ ਮਾਲ੍ਹ-ਪੂੜਿਆਂ 'ਚੋਂ
    ਨੁੱਚੜਦਾ ਲਹੂ ਕਿਸ ਦਾ ਸੀ
    ਉਸ ਦੀ ਚੱਕੀ 'ਚ ਕੌਣ ਕੌਣ ਪਿਸਦਾ ਸੀ

ਮੈਨੂੰ ਗੁੱਝੇ ਭੇਦਾਂ ਦਾ ਭੇਦ ਹੈ
ਸਾਡੀਆਂ ਹਿਕਾਂ 'ਚ ਹੀ ਕਿਉਂ ਪੈਂਦਾ ਛੇਦ ਹੈ
ਸਮੁੰਦਰੋਂ ਆਰ-ਪਾਰ
ਗੁਪਤ ਖ਼ਜਾਨੇ 'ਚ ਪਈਆਂ ਗਾਂਧੀ ਠੱਪੇ ਵਾਲੀਆਂ
ਸਿੱਲ੍ਹੀਆਂ ਲਾਲ ਪੰਡਾਂ 'ਚ ਕਿਸ ਦਾ ਭਾਗ ਹੈ
ਤੁਹਾਡੇ ਸਦਾ ਹਰਿਆਵਲ ਸੌਣ ਮਾਹ ਦੀ
ਕਿਉਂ ਸਾਡਾ ਹੀ ਸੁਕਿਆ ਬਾਗ਼ ਹੈ।
ਮੈਂ ਨਾ ਦਬਾਉਣਾ ਹੈ
ਨਾ ਲੁਕਾਉਣਾ ਹੈ
ਜੇ ਮੈਂ ਹੁਣ ਵੀ ਨਾ ਸੁਣਾਇਆ
ਤਾਂ ਸੱਚ ਕਦ ਸੁਣਾਉਣਾ ਹੈ
ਮਾਲ੍ਹ-ਪੂੜਿਆਂ 'ਚੋਂ
ਨੁੱਚੜਦਾ ਲਹੂ ਸਾਡਾ ਹੀ ਸੀ
ਗੁਪਤ ਪੰਡਾਂ 'ਚ ਰਚਿਆ ਲਹੂ
ਸਾਡੇ ਸਿਵਾਅ ਹੋਰ ਕਿਸ ਦਾ ਹੈ
ਇਹ ਸਾਫ਼-ਸਾਫ਼ ਤਾਂ ਦਿਸਦਾ ਹੈ

    ਹੁਸ਼ਿਆਰ ਰਹਿਣਾ
    ਤੁਹਾਡਾ ਕਿਲਾ ਤੋੜਾਂਗੇ
    ਪੰਡਾਂ ਨਿਚੋੜਾਂਗੇ
    ਸਾਡਾ ਕਹਿਣਾ ਸੱਚ ਕਹਿਣਾ ਹੈ
    ਆਪਣਾ ਲਹੂ ਵਾਪਸ ਲੈਣਾ ਹੈ।
(ਨਵੇਂ ਛਪੇ ਕਾਵਿ ਸੰਗ੍ਰਹਿ 'ਸੂਰਜ ਦਾ ਹਲਫ਼ੀਆ ਬਿਆਨ' ਵਿਚੋਂ) 



हमारा झंडा    - मजा
 शेर हैं चलते हैं दर्राते हुए
बादलों की तरह मंडलाते हुए
जिंदगी की रागनी गाते हुए
लाल झंडा है हमारे हाथ में
    हां ये सच है भूख से हैरान हैं
    पर ये मत समझो कि हम बेजान हैं
    इस बुरी हालत में भी तूफान हैं
    लाल झंडा है हमारे हाथ में
हम वो हैं जो बेरुखी करते नहीं
हम वो हैं जो मौत से डरते नहीं
हम वो हैं जो मरके भी मरते नहीं
लाल झंडा है हमारे हाथ में
    चैन से महलों में हम रहते नहीं
    ऐश की गंगा में हम बहते नहीं
    भेद दुश्मन से कभी कहते नहीं
    लाल झंडा है हमारे हाथ में
जानते हैं एक लश्कर आएगा 
तोप दिखलाकर हमें धमकाएगा
पर ये झंडा भी यूं ही लहराएगा
लाल झंडा है हमारे हाथ में
    कब भला धमकी से घबराते हैं हम
    दिल में जो होता है, कह जाते हैं हम
    आसमां हिलता है जब गाते हैं हम
    लाल झंडा है हमारे हाथ में
लाख लश्कर आएं कब हिलते हैं हम
आंधियों में जंग की खुलते हैं हम
मौत से हंसकर गले मिलते हैं हम
लाल झंडा है हमारे हाथ में
(कवि, 20वीं सदी के महान इंकलाबी शायर थे जिनका  1955 में देहांत हो गया था।)





ਸਾਡਾ ਬਾਲ ਦਿਹਾੜਾ - ਗੁਰਪ੍ਰੀਤ ਸਿੰਘ ਰੰਗੀਲਪੁਰ
ਲੰਬੜਾਂ ਦੇ ਘਰ ਪੋਚੇ ਲਾਉਂਦੈ,
ਸਰਪੰਚਾਂ ਦੇ ਪੱਠੇ ਪਾਉਂਦੈ,
ਜਾਂ ਸ਼ਾਹਾਂ ਦਾ ਕੂੜਾ ਢੋਂਦੈ
ਕੱਢਦੈ ਹਰ ਤਕੜੇ ਦਾ ਹਾੜਾ।
ਲੰਘ ਗਿਆ ਸਾਡਾ ਬਾਲ ਦਿਹਾੜਾ।
    ਵਿਚ ਫਿਰਨੀ ਦੇ ਪਾਥੀਆਂ ਪੱਥਦੈ,
    ਰੋਟੀਆਂ ਲਾਉਂਦੈ ਅੱਗ 'ਚ ਤੱਪਦੈ,
    ਖੇਤੀਂ ਸਿਰ ਸੱਪਾਂ ਦੇ ਨੱਪੀਦੈ,
    ਪੋਹ ਦਾ ਪਾਲਾ ਜੇਠ 'ਚ ਸਾੜਾ।
    ਲੰਘ ਗਿਆ ਸਾਡਾ ਬਾਲ ਦਿਹਾੜਾ
ਢਾਬਿਆਂ ਦੇ ਵਿਚ ਭਾਂਡੇ ਮਾਂਜਦੇ,
ਭੱਠਿਆਂ ਦੇ ਵਿਚ ਇੱਟਾਂ ਸਾਂਚਦੇ,
ਜਾਂ ਫਿਰ ਡੰਗਰ ਵੱਛਾ ਸਾਂਭਦੇ,
ਦਿਨ ਲੰਘ ਜਾਂਦੈ ਚੰਗਾ-ਮਾੜਾ
ਲੰਘ ਗਿਆ ਸਾਡਾ ਬਾਲ ਦਿਹਾੜਾ
    ਕੋਈ ਤਾਂ ਇਹ ਫਰਕ ਮਿਟਾਏ
    ਕਾਣੀ ਵੰਡ ਦੇ ਅਸੀਂ ਸਤਾਏ
    ਲੋਕ ਲਹਿਰ ਜੇਕਰ ਬਣ ਜਾਏ,
    ਲਾਲ ਰੰਗ ਜੇ ਹੋ ਜਾਏ ਗਾੜਾ।

No comments:

Post a Comment