Friday 5 December 2014

ਚਾਰ ਖੱਬੀਆਂ ਪਾਰਟੀਆਂ ਦੀ ਇਤਿਹਾਸਕ ਰੈਲੀ

ਵਿਸ਼ੇਸ਼ ਰਿਪੋਰਟ

ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ. (ਐੱਮ), ਸੀ.ਪੀ.ਐੱਮ. ਪੰਜਾਬ ਅਤੇ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਸੱਦੇ 'ਤੇ 28 ਨਵੰਬਰ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਦੀ ਦਾਣਾ ਮੰਡੀ 'ਚ ਹੋਏ ਵਿਸ਼ਾਲ ਇਕੱਠ ਨੇ ਇਹ ਜ਼ਬਰਦਸਤ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਲਾਲ ਝੰਡੇ ਨੂੰ ਕਿਸੇ ਵੀ ਸੂਰਤ ਵਿੱਚ ਮਨਫੀ ਨਹੀਂ ਕੀਤਾ ਜਾ ਸਕਦਾ। 
50 ਹਜ਼ਾਰ ਤੋਂ ਵੀ ਵੱਧ ਲੋਕਾਂ ਦੇ ਇਸ ਜੋਸ਼ੀਲੇ ਇਕੱਠ ਨੇ ਇਹ ਵੰਗਾਰ ਵੀ ਦਿੱਤੀ ਹੈ ਕਿ ਭਗਤ, ਸਰਾਭੇ ਦੀ ਧਰਤੀ 'ਤੇ ਮਾਫੀਆ ਰਾਜ ਹੁਣ ਹੋਰ ਨਹੀਂ ਬਰਦਾਸ਼ਤ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ ਗਏ ਜਮਹੂਰੀਅਤ ਦਾ ਘਾਣ ਕਰਨ ਵਾਲੇ ਕਾਲੇ ਕਾਨੂੰਨ 'ਪੰਜਾਬ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ 2014' ਨੂੰ ਰੱਦ ਕਰਵਾਉਣ ਦੀ ਮੰਗ ਸਮੇਤ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀਆਂ ਭਖਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਹੋਈ ਇਸ ਇਤਿਹਾਸਕ ਰੈਲੀ ਲਈ ਲੋਕਾਂ 'ਚ ਏਨਾ ਜ਼ਬਰਦਸਤ ਉਤਸ਼ਾਹ ਸੀ ਕਿ ਲੋਕ ਦੂਰ-ਦੁਰਾਡੇ ਤੋਂ ਕਈ ਘੰਟਿਆਂ ਦਾ ਸਫਰ ਕਰਕੇ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਾਣਾ ਮੰਡੀ 'ਚ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਚਾਰ ਵਜੇ ਤੱਕ ਰੈਲੀ ਦੇ ਖਾਤਮੇ ਤੋਂ ਬਾਅਦ ਵੀ ਕਈ ਜਥੇ ਅਜੇ ਰੈਲੀ ਵਾਲੀ ਥਾਂ ਵੱਲ ਆਈ ਜਾ ਰਹੇ ਸਨ। ਰੈਲੀ ਦੇ ਜਥੇਬੰਦਕਾਂ ਦੇ ਕਿਆਫਿਆਂ ਦੇ ਉਲਟ ਇਕੱਠ ਏਨਾ ਹੋ ਗਿਆ ਕਿ ਬੈਠਣ ਲਈ ਜਗ੍ਹਾ ਹੀ ਨਾ ਬਚੀ ਤੇ ਲੋਕ ਆਪੋ-ਆਪਣੇ ਵਾਹਨਾਂ ਦੀਆਂ ਛੱਤਾਂ 'ਤੇ ਬੈਠ ਕੇ ਬੁਲਾਰਿਆਂ ਨੂੰ ਪੂਰੀ ਇਕਾਗਰਤਾ ਨਾਲ ਸੁਣਦੇ ਰਹੇ। ਇਸ ਰੈਲੀ ਰਾਹੀਂ ਬਾਦਲ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਗਈ ਕਿ ਉਹ ਜਾਂ ਤਾਂ ਮੰਗਾਂ ਮੰਨੇ ਜਾਂ ਫਿਰ ਹੋਰ ਤਿੱਖੇ ਸੰਘਰਸ਼, ਜਿਸ 'ਚ ਸੱਤਿਆਗ੍ਰਹਿ ਤੱਕ ਸ਼ਾਮਲ ਹੈ, ਦਾ ਸਾਹਮਣਾ ਕਰਨ ਲਈ ਤਿਆਰ ਰਹੇ। 
ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਏ.ਬੀ. ਬਰਧਨ ਨੇ ਕਿਹਾ ਕਿ ਲੋਕਾਂ ਦਾ ਇਹ ਵਿਸ਼ਾਲ ਇਕੱਠ ਉਨ੍ਹਾਂ ਸ਼ਕਤੀਆਂ ਦੇ ਸੱਦੇ 'ਤੇ ਹੋਇਆ ਹੈ, ਜਿਹੜੀਆਂ ਕਿਰਤੀ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਮੈਦਾਨ 'ਚ ਰਹਿੰਦੀਆਂ ਹਨ। ਉਨ੍ਹਾ ਇਸ ਵਿਸ਼ਾਲ ਇਕੱਠ ਲਈ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀਆਂ ਦੀਆਂ ਰਗਾਂ ਵਿੱਚ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਦਾ ਖੂਨ ਹੈ ਤੇ ਇਹ ਅਣਖੀ ਲੋਕ ਪੰਜਾਬ ਵਿੱਚ ਅਕਾਲੀ-ਭਾਜਪਾ ਦੇ ਮਾਫੀਆ ਰਾਜ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। 
ਕਾਮਰੇਡ ਬਰਧਨ ਨੇ ਕਿਹਾ ਕਿ ਮੋਦੀ ਨੇ ਨਾਅਰਾ ਦਿੱਤਾ ਸੀ ਕਿ ਭਾਰਤ ਨੂੰ ਕਾਂਗਰਸ ਤੋਂ ਮੁਕਤ ਕਰੋ, ਪਰ ਤੁਸੀਂ ਅੱਜ ਇਸ ਰੈਲੀ ਤੋਂ ਇਹ ਸੁਨੇਹਾ ਲੈ ਕੇ ਜਾਓ ਕਿ ਪੰਜਾਬ ਨੂੰ ਮਾਫੀਆ ਤੋਂ ਮੁਕਤ ਕਰਵਾਉਣਾ ਹੈ, ਜਿਸ ਮਾਫੀਆ ਨੇ ਜ਼ਮੀਨ, ਟਰਾਂਸਪੋਰਟ, ਰੇਤ-ਬੱਜਰੀ 'ਤੇ ਕਬਜ਼ਾ ਕੀਤਾ ਹੋਇਆ ਹੈ। ਦੇਸ਼ ਦੇ ਹਾਲਾਤ ਬਾਰੇ ਗੱਲ ਕਰਦਿਆਂ ਕਾਮਰੇਡ ਬਰਧਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਸਭ ਹੱਦਾਂ ਤੋੜਨ ਵਾਲੀ ਕਾਂਗਰਸ ਦੀ ਦੇਸ਼ ਦੇ ਲੋਕਾਂ ਨੇ ਛੁੱਟੀ ਕਰ ਦਿੱਤੀ, ਪਰ ਉਸ ਦੀ ਥਾਂ 'ਤੇ ਉਸੇ ਰਾਹ 'ਤੇ ਚੱਲਣ ਵਾਲਾ ਭੂਤ (ਮੋਦੀ ਦੀ ਅਗਵਾਈ ਵਾਲੀ ਭਾਜਪਾ) ਆ ਗਿਆ ਹੈ। ਉਨ੍ਹਾ ਮੋਦੀ ਦੀ 'ਇੱਕ ਕਰੇਲਾ, ਦੂਜਾ ਨਿੰਮ ਚੜ੍ਹਿਆ' ਵਾਲੀ ਕਹਾਵਤ ਨਾਲ ਤੁਲਨਾ ਕੀਤੀ। ਉਨ੍ਹਾ ਕਿਹਾ ਕਿ ਮੋਦੀ ਸਮਝਦਾ ਹੈ ਕਿ ਉਸ ਕੋਲ ਬਹੁਮਤ ਹੈ ਤੇ ਹੁਣ ਦੁਨੀਆ ਹੀ ਉਨ੍ਹਾ ਦੀ ਹੈ। 
ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ.(ਐੰੱਮ) ਦੇ ਜਨਰਲ ਸਕੱਤਰ ਸਾਥੀ ਪ੍ਰਕਾਸ਼ ਕਰਤ ਨੇ ਇਸ ਵੱਡੀ ਰੈਲੀ ਲਈ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ, ਵਿਆਪਕ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਖਿਲਾਫ ਇੱਕ ਜ਼ਬਰਦਸਤ ਸਾਂਝਾ ਅੰਦੋਲਨ ਸ਼ੁਰੂ ਕੀਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਅੰਦੋਲਨ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਬਣਾਉਣ ਦੀ ਲੋੜ ਹੈ। 
ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਸਾਥੀ ਕਰਤ ਨੇ ਕਿਹਾ ਕਿ ਚੋਣ ਮੁਹਿੰਮ ਦੌਰਾਨ ਮੋਦੀ ਚੰਗੇ ਦਿਨ ਆਉਣ ਦੀਆਂ ਗੱਲਾਂ ਕਰਦਾ ਸੀ, ਪਰ 6 ਮਹੀਨਿਆਂ ਦੇ ਰਾਜ ਵਿੱਚ ਹੀ ਪਤਾ ਲੱਗ ਗਿਆ ਕਿ ਇਹ ਚੰਗੇ ਦਿਨ ਕੁਝ ਇੱਕ ਲੋਕਾਂ ਲਈ ਹੀ ਆਏ ਹਨ, ਜਿਨ੍ਹਾਂ ਵਿੱਚੋਂ ਗੁਜਰਾਤ ਦਾ ਗੌਤਮ ਅਦਾਨੀ ਵੀ ਇੱਕ ਹੈ। ਉਨ੍ਹਾ ਕਿਹਾ ਕਿ ਇਸ ਅਦਾਨੀ ਨੂੰ ਸਟੇਟ ਬੈਂਕ ਵੱਲੋਂ 6200 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾ ਰਿਹਾ ਹੈ। ਇੰਨਾ ਵੱਡਾ ਕਰਜ਼ਾ ਕਦੇ ਵੀ ਕਿਸੇ ਕੰਪਨੀ ਨੂੰ ਅੱਜ ਤੱਕ ਨਹੀਂ ਮਿਲਿਆ। ਇਸ ਲਈ ਚੰਗੇ ਦਿਨ ਅਦਾਨੀ ਲਈ ਹੀ ਆਏ ਹਨ ਜਾਂ ਅਮਰੀਕੀ ਕੰਪਨੀਆਂ ਲਈ, ਜਿਨ੍ਹਾਂ ਨੂੰ ਮੋਦੀ ਖੁੱਲ੍ਹੇਆਮ ਸੱਦਾ ਦੇ ਰਿਹਾ ਹੈ, ਪਰ ਦੂਜੇ ਪਾਸੇ ਬੁਰੇ ਦਿਨ ਮਿਹਨਤੀ ਲੋਕਾਂ ਲਈ ਆਏ ਹਨ, ਕਰਤ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਨਾਂ ਵਰਗਾਂ 'ਤੇ ਹਮਲੇ ਤੇਜ਼ ਹੋਣ ਵਾਲੇ ਹਨ, ਜਿਨ੍ਹਾਂ ਨੂੰ ਰੋਕਣ ਲਈ ਇੱਕ ਜ਼ਬਰਦਸਤ ਪ੍ਰਤੀਰੋਧ ਖੜਾ ਕਰਨਾ ਪਵੇਗਾ। ਕਰਤ ਨੇ ਕਿਹਾ ਕਿ ਪੰਜਾਬ ਵੱਲੋਂ ਇਸ ਸੇਧ ਵਿੱਚ ਕੀਤੀ ਗਈ ਸ਼ੁਰੂਆਤ ਪੂਰੇ ਦੇਸ਼ ਨੂੰ ਰਾਹ ਦਿਖਾਏਗੀ। 
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਐੱਮ. ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਲਾਲ ਝੰਡੇ ਵਾਲਿਆਂ ਦਾ ਇਹ ਇਤਿਹਾਸਕ ਇਕੱਠ ਇੱਕ ਵੱਡੀ ਲੜਾਈ ਵਿੱਢਣ ਲਈ ਹੋਇਆ ਇਕੱਠ ਹੈ ਤੇ ਇਹ ਇਕੱਠ ਉਸ ਸਮੇਂ ਹੋਇਆ ਹੈ, ਜਦੋਂ ਮੋਦੀ ਆਖ ਰਿਹਾ ਹੈ ਕਿ ਅਮਰੀਕਾ ਸਾਡਾ ਯੁੱਧਨੀਤਕ ਭਾਈਵਾਲ ਹੈ। ਇਹੋ ਅਮਰੀਕਾ ਭਾਰਤ ਦੀ ਵਿਸ਼ਾਲ ਮੰਡੀ 'ਤੇ ਕਾਬਜ਼ ਹੋਣਾ ਚਾਹੁੰਦਾ ਹੈ, ਤੇ ਮੋਦੀ ਉਸ ਨੂੰ ਸੱਦਾ ਦੇ ਕੇ ਆਇਆ ਹੈ ਕਿ ਸਾਡੀ ਕਿਰਤ ਬਹੁਤ ਸਸਤੀ ਹੈ, ਤੁਸੀਂ ਆ ਕੇ ਸਾਡੇ ਦੇਸ਼ ਵਿੱਚ ਮਾਲ ਤਿਆਰ ਕਰੋ। ਉਸ ਨੇ ਕਿਰਤ ਕਾਨੂੰਨਾਂ ਨੂੰ ਬਦਲਣ ਦਾ ਭਰੋਸਾ ਵੀ ਦੇ ਦਿੱਤਾ ਹੈ। ਪਾਸਲਾ ਨੇ ਕਿਹਾ ਕਿ ਇਹ ਉਹੀ ਅਮਰੀਕਾ ਹੈ, ਜਿਸ ਨੇ ਇਰਾਕ, ਈਰਾਨ ਤੇ ਫਲਸਤੀਨ ਦੇ ਲੋਕਾਂ 'ਤੇ ਜਬਰ ਢਾਹਿਆ ਹੈ, ਪਰ ਮੋਦੀ ਇਸ ਸਭ ਕੁਝ ਨੂੰ ਨਜ਼ਰ-ਅੰਦਾਜ਼ ਕਰਕੇ ਉਸੇ ਅਮਰੀਕਾ ਨੂੰ ਸੱਦੇ ਦੇ ਰਿਹਾ ਹੈ। 
ਉਨ੍ਹਾ ਅੱਗੇ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਆਰ ਐੱਸ ਐੱੰਸ ਦੇਸ਼ ਵਿੱਚ ਧਰਮ ਅਧਾਰਤ ਰਾਜ ਕਾਇਮ ਕਰਨਾ ਚਾਹੁੰਦੀ ਹੈ, ਜੋ ਕਿ ਖੱਬੀਆਂ ਧਰਮ ਨਿਰਪੱਖ ਤੇ ਜਮਹੂਰੀ ਤਾਕਤਾਂ ਲਈ ਇੱਕ ਵੱਡੀ ਚੁਣੌਤੀ ਹੈ ਤੇ ਅੱਜ ਦਾ ਇਹ ਇਕੱਠ ਮੋਦੀ ਦੀ ਇਸ ਚੁਣੌਤੀ ਨੂੰ ਕਬੂਲ ਕਰਨ ਲਈ ਹੋਇਆ ਹੈ। ਕਾਂਗਰਸ 'ਤੇ ਹਮਲਾ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਗੱਠਜੋੜ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਹਰ ਪਾਸੇ ਲੁੱਟ ਮਚਾਈ ਹੋਈ ਸੀ, ਭ੍ਰਿਸ਼ਟਾਚਾਰ ਦਾ ਇੱਕ ਤੋਂ ਇਕ ਵੱਧ ਕੇ ਨਿੱਤ ਨਵਾਂ ਸਕੈਂਡਲ ਸਾਹਮਣੇ ਆ ਰਿਹਾ ਸੀ। ਉਸ ਦੇ ਇਨ੍ਹਾਂ  ਕਾਲੇ ਕਾਰਨਾਮਿਆਂ ਤੋਂ ਅੱਕ ਕੇ ਲੋਕਾਂ ਨੇ ਫਿਰਕਾਪ੍ਰਸਤਾਂ ਨੂੰ ਕੇਂਦਰ ਵਿੱਚ ਰਾਜ ਗੱਦੀ 'ਤੇ ਬਿਠਾਇਆ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਪੁਖਤਾ ਬਦਲ ਹੀ ਨਹੀਂ ਸੀ। 
ਸਾਥੀ ਪਾਸਲਾ ਨੇ ਕਿਹਾ ਕਿ ਪੰਜਾਬ ਵਿੱਚ ਬਾਦਲ ਲੋਕਾਂ ਨੂੰ 'ਰਾਜ ਨਹੀਂ ਸੇਵਾ' ਦੇ ਨਾਂਅ 'ਤੇ ਲੁੱਟ ਰਿਹਾ ਹੈ। ਉਨ੍ਹਾ ਕਿਹਾ ਕਿ ਸੇਵਾ ਲੋਕਾਂ ਦੀ ਨਹੀਂ, ਟਰਾਂਸਪੋਰਟ, ਜ਼ਮੀਨ, ਰੇਤ-ਬੱਜਰੀ ਅਤੇ ਨਸ਼ੇ ਵੇਚਣ ਵਾਲਿਆਂ ਦੀ ਕੀਤੀ ਜਾ ਰਹੀ ਹੈ। ਕਿਸਾਨੀ ਦਾ ਕਰਜ਼ਾ ਲਾਹੁਣ ਦੀ ਥਾਂ ਉਨ੍ਹਾਂ ਦੀਆਂ ਵੇਚੀਆਂ ਗਈਆਂ ਫਸਲਾਂ ਦੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ। ਨਿਰਮਾਣ ਕਾਮੇ ਚੌਕਾਂ ਵਿੱਚ ਖੜੇ ਹੋ ਕੇ ਵਾਪਸ ਚਲੇ ਜਾਂਦੇ ਹਨ, ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਨੌਜਵਾਨਾਂ ਨੂੰ ਕੰਮ ਦੇਣ ਦੀ ਥਾਂ ਉਨ੍ਹਾਂ ਦੇ ਵੱਡੇ ਹਿਸੇ ਨੂੰ ਨਸ਼ਈ ਬਣਾ ਦਿੱਤਾ ਗਿਆ ਹੈ। ਉਹ ਕੰਮ ਮੰਗਣ ਦੀ ਥਾਂ ਲੁੱਟਾਂ-ਖੋਹਾਂ 'ਚ ਲੱਗ ਗਏ ਹਨ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਅੱਜ ਬਾਦਲ ਤੋਂ ਹਿਸਾਬ ਮੰਗਣ ਆਏ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਬਰਬਾਦੀ ਦਾ ਜ਼ਿੰਮੇਵਾਰ ਕੌਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੇ ਸਾਰੇ ਕੁਕਰਮਾਂ, ਕਿਰਸਾਨੀ ਸਿਰ ਚੜ੍ਹੇ ਕਰਜ਼ੇ ਅਤੇ ਨਸ਼ਿਆਂ ਦੇ ਕਾਰੋਬਾਰ ਲਈ ਅਕਾਲੀ ਤੇ ਭਾਜਪਾ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾ ਕਿਹਾ ਕਿ ਨਵਜੋਤ ਸਿੱਧੂ ਦੇ ਅਸ਼ਲੀਲ ਲਤੀਫੇ ਭਾਜਪਾ ਨੂੰ ਬਰੀ ਨਹੀਂ ਕਰ ਸਕਦੇ। 
ਉਨ੍ਹਾਂ ਸਵਾਲ ਕੀਤਾ ਕਿ ਪਾਣੀਆਂ ਦੇ ਨਾਂਅ 'ਤੇ ਬਣੇ ਪੰਜਾਬ ਦਾ ਪਾਣੀ ਪੀਣ ਵਾਲਾ ਕਿਉਂ ਨਹੀਂ ਰਿਹਾ? ਪੰਜਾਬ ਦੇ ਹੁਕਮਰਾਨਾਂ ਨੇ ਹੀ ਸਾਡੇ ਅੰਮ੍ਰਿਤ ਵਰਗੇ ਪਾਣੀ ਨੂੰ ਜ਼ਹਿਰੀਲਾ ਕਰਕੇ ਰੱਖ ਦਿੱਤਾ ਹੈ। ਸਿੱਟੇ ਵਜੋਂ ਮਾਲਵੇ ਦਾ ਵੱਡਾ ਇਲਾਕਾ ਕੈਂਸਰ ਦਾ ਗੜ੍ਹ ਬਣ ਕੇ ਰਹਿ ਗਿਆ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਕਦੇ ਉਹ ਇਹ ਮੁਕਾਬਲਾ ਕਰਕੇ ਦੇਖਣ ਕਿ ਜਦੋਂ ਬਾਦਲ ਜਾਂ ਕੈਪਟਨ ਅਮਰਿੰਦਰ ਸੱਤਾ ਵਿੱਚ ਆਏ ਸਨ ਤਾਂ ਉਨ੍ਹਾਂ ਕੋਲ ਕਿੰਨੀ ਜਾਇਦਾਦ ਸੀ ਤੇ ਅੱਜ ਉਨ੍ਹਾਂ ਕੋਲ ਕਿੰਨੀ ਜਾਇਦਾਦ ਹੈ ਅਤੇ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਸਿਆਸਤ ਵਿਚ ਆ ਕੇ ਕਿੰਨੀ ਜਾਇਦਾਦ ਬਣਾਈ ਹੈ। ਖੱਬੀਆਂ ਧਿਰਾਂ ਦੇ ਆਗੂਆਂ ਲਈ ਰਾਜਨੀਤੀ ਕਿਰਤੀ ਜਮਾਤ ਦੀ ਸੇਵਾ ਦਾ ਹਥਿਆਰ ਹੈ ਜਦਕਿ ਸੱਤਾਧਾਰੀ ਆਗੂਆਂ ਨੇ ਰਾਜਨੀਤੀ ਨੂੰ ਸੇਵਾ ਦੀ ਥਾਂ ਧੰਦਾ ਬਣਾ ਲਿਆ ਹੈ।  
ਸਾਥੀ ਪਾਸਲਾ ਨੇ ਐਲਾਨ ਕੀਤਾ ਕਿ ਲਾਲ ਝੰਡੇ ਵਾਲੀਆਂ ਪਾਰਟੀਆਂ ਇਨ੍ਹਾਂ ਲੋਕ ਮਾਰੂ ਤੇ ਫਿਰਕਾਪ੍ਰਸਤ ਨੀਤੀਆਂ ਦੇ ਵਿਰੋਧ ਵਿੱਚ ਇੱਕ ਲੋਕ ਪੱਖੀ ਬਦਲ ਕਾਇਮ ਕਰਨਗੀਆਂ। ਉਨ੍ਹਾ ਇਕੱਠੇ ਹੋਏ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਰੈਲੀ ਵਿੱਚੋਂ ਇਹ ਸੁਨੇਹਾ ਲੈ ਕੇ ਹਰ ਗਲੀ, ਮੁਹੱਲੇ, ਪਿੰਡ-ਪਿੰਡ ਜਾਣ ਕਿ ਉਹ ਆਰ ਐੱਸ ਐੱਸ ਨੂੰ ਪੰਜਾਬ ਵਿੱਚ ਪੈਰ ਨਹੀਂ ਧਰਨ ਦੇਣਗੇ ਅਤੇ ਕਿਸੇ ਵੀ ਕੀਮਤ 'ਤੇ ਆਪਣੀਆਂ ਭਾਈਚਾਰਕ ਸਾਂਝਾਂ ਨੂੰ ਟੁੱਟਣ ਨਹੀਂ ਦੇਣਗੇ। 
ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਦੀਪਾਂਕਰ ਭੱਟਾਚਾਰੀਆ, ਜਨਰਲ ਸਕੱਤਰ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ ਇਰਾਕ 'ਚ ਫਸੇ ਹੋਏ 49 ਭਾਰਤੀ ਮਜ਼ਦੂਰਾਂ ਦਾ ਮਸਲਾ ਉਠਾਇਆ ਤੇ ਮੰਗ ਕੀਤੀ ਕਿ ਭਾਰਤ ਸਰਕਾਰ ਇਨ੍ਹਾਂ ਭਾਰਤੀ ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਦੀ ਗਰੰਟੀ ਦੇਵੇ। ਖੱਬੀਆਂ ਪਾਰਟੀਆਂ ਵੱਲੋਂ ਕੀਤੀ ਗਈ ਇਸ ਸ਼ਾਨਦਾਰ ਪਹਿਲ ਦਾ ਸਵਾਗਤ ਕਰਦਿਆਂ ਉਨ੍ਹਾ ਕਿਹਾ ਕਿ ਖੱਬੀਆਂ ਧਿਰਾਂ ਦੀ ਏਕਤਾ ਇਸ ਸਮੇਂ ਦੀ ਇਤਿਹਾਸਕ ਜ਼ਰੂਰਤ ਹੈ ਤੇ ਇਹ ਏਕਤਾ ਹੁਣ ਮਜ਼ਬੂਤ ਹੋ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਇਸ ਮਹਾਨ ਇਕੱਠ ਲਈ ਵਧਾਈ ਦਿੰਦਿਆਂ ਸਾਥੀ ਦੀਪਾਂਕਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਸ ਸਮੇਂ ਵੀ ਸੂਬੇ 'ਚੋਂ ਭਾਜਪਾ ਨੂੰ ਬਹੁਮਤ ਨਹੀਂ ਲਿਜਾਣ ਦਿੱਤਾ, ਜਿਸ ਸਮੇਂ ਪੂਰੇ ਦੇਸ਼ 'ਚ ਮੋਦੀ ਦੀ ਲਹਿਰ ਚੱਲ ਰਹੀ ਸੀ। ਉਨ੍ਹਾ ਕਿਹਾ ਕਿ ਪੰਜਾਬੀਆਂ ਨੂੰ ਇੱਕ ਬਦਲ ਦੀ ਲੋੜ ਸੀ ਤੇ ਉਨ੍ਹਾ ਇਹ ਬਦਲ ਨਵੀਂ ਪਾਰਟੀ 'ਆਮ ਆਦਮੀ ਪਾਰਟੀ' (ਆਪ) ਨੂੰ ਵੋਟਾਂ ਪਾ ਕੇ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਨਵੀਂ ਪਾਰਟੀ ਨੂੰ ਵੋਟਾਂ ਅਕਾਲੀ-ਭਾਜਪਾ ਤੇ ਕਾਂਗਰਸ ਦੇ ਬਦਲ ਦੀ ਭਾਲ ਵਾਸਤੇ ਲੋਕਾਂ ਦੀ ਭੁੱਖ 'ਚੋਂ ਹੀ ਪਈਆਂ ਹਨ ਅਤੇ ਲਾਲ ਝੰਡੇ ਵਾਲੀਆਂ ਤਾਕਤਾਂ ਨੇ ਲੋਕਾਂ ਦੀ ਇਸ ਭੁੱਖ ਦਾ ਸਥਾਈ ਹੱਲ ਲੱਭਣਾ ਹੈ। 
ਪੰਜਾਬ ਸੀ.ਪੀ.ਆਈ. ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਆਪਣੇ ਭਾਸ਼ਨ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੂੰਜੀਪਤੀਆਂ ਦੀਆਂ ਸਰਕਾਰਾਂ ਵਲੋਂ ਮਚਾਈ ਉਧੜਧੁੱਮੀ ਵਿਰੁੱਧ ਇਕੱਠੇ ਹੋ ਕੇ ਲੜਨ ਦੀ ਇਤਿਹਾਸਕ ਲੋੜ ਹੈ ਅਤੇ ਪੰਜਾਬ ਨੂੰ ਇਸ ਸੇਧ ਵਿਚ ਪਹਿਲਕਦਮੀ ਕਰਨ ਦਾ ਮਾਣ ਹੈ। ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ 'ਚ ਖੱਬੀਆਂ ਪਾਰਟੀਆਂ ਦੀ ਇਹ ਏਕਤਾ ਬਣੀ ਹੀ ਨਹੀਂ ਰਹੇਗੀ, ਸਗੋਂ ਹੋਰ ਮਜ਼ਬੂਤ ਹੋਵੇਗੀ। 
ਸੀ.ਪੀ.ਆਈ.(ਐਮ), ਪੰਜਾਬ ਦੇ ਸਕੱਤਰ ਸਾਥੀ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਚੇਤਾਵਨੀ ਰੈਲੀ ਦੀ ਇਹ ਵਿਸ਼ਾਲ ਲਾਮਬੰਦੀ ਇਸ ਗੱਲ ਦਾ ਸਬੂਤ ਹੈ ਕਿ ਲੋਕ ਅਕਾਲੀ-ਭਾਜਪਾ ਗਠਜੋੜ ਦੇ ਰਾਜ ਅਤੇ ਕਾਂਗਰਸ ਤੋਂ ਅੱਕ ਚੁੱਕੇ ਹਨ ਤੇ ਲੜਨ-ਮਰਨ ਲਈ ਤਿਆਰ ਬੈਠੇ ਹਨ। ਉਨ੍ਹਾਂ ਪੰਜਾਬ ਅਸੰਬਲੀ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੂੰ ਇਹ ਗਲਤ ਫਹਿਮੀ ਹੈ ਕਿ ਉਹ ਲੋਕਾਂ ਦੀ ਆਵਾਜ਼ ਨੂੰ ਦਬਾਅ ਲੈਣਗੇ ਪਰ ਪੰਜਾਬ ਦੇ ਲੋਕ ਕਦੇ ਵੀ ਝੁਕੇ ਨਹੀਂ।
ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਨ 'ਚ ਕਿਹਾ ਕਿ ਇਹ ਚੇਤਾਵਨੀ ਰੈਲੀ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੇ ਲੋਕਾਂ 'ਚ ਉਪਜਿਆ ਰੋਹ ਇਕ ਦਿਨ  ਅਜਿਹੇ ਤੂਫਾਨ ਦਾ ਰੂਪ ਧਾਰਨ ਕਰੇਗਾ ਜੋ ਅਕਾਲੀ-ਭਾਜਪਾ ਗਠਜੋੜ ਦੇ ਮਾਫੀਆ ਰਾਜ ਦਾ ਖਾਤਮਾ ਕਰ ਦੇਵੇਗਾ। ਇਹ ਕਿਰਤੀ ਲੋਕ, ਇਹ ਦੱਸਣ ਲਈ ਆਏ ਹਨ ਕਿ ਪੰਜਾਬ ਦੇ ਲੋਕ ਉਹਨਾਂ ਨੀਤੀਆਂ ਦਾ ਸਫਾਇਆ ਕਰਕੇ ਰੱਖ ਦੇਣਗੇ ਜਿਹੜੀਆਂ ਅਮਰੀਕਾ ਤੋਂ ਤੁਰਦੀਆਂ ਹਨ ਤੇ ਇਸ ਇਕੱਠ ਨੇ ਉਹਨਾਂ ਲੋਕਾਂ ਦੀਆਂ ਅੱਖਾਂ ਵੀ ਖੋਲ੍ਹਕੇ ਰੱਖ ਦਿੱਤੀਆਂ ਹਨ ਜਿਹੜੇ ਕਹਿੰਦੇ ਫਿਰ ਰਹੇ ਹਨ ਕਿ ਕਮਿਊਨਿਸਟਾਂ ਦਾ ਸਫਾਇਆ ਹੋ ਗਿਆ ਹੈ। ਉਹਨਾਂ ਕਿਹਾ ਕਿ ਸ਼ਹਿਰ ਜਾਮ ਕਰਨੇ, ਸੜਕਾਂ ਰੋਕਣਾ ਸਾਡਾ ਸ਼ੌਕ ਨਹੀਂ। ਮਹਿੰਗਾਈ ਰੁਕਣ ਦਾ ਨਾਂਅ ਨਹੀਂ ਲੈ ਰਹੀ, ਟੈਕਸਾਂ ਦਾ ਬੋਝ ਦਿਨ-ਬ-ਦਿਨ ਵੱਧ ਰਿਹਾ ਹੈ, ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਕੁਟਾਪਾ ਚਾੜ੍ਹਿਆ ਜਾ ਰਿਹਾ ਹੈ, ਅਜਿਹੀ ਹਾਲਤ ਵਿਚ ਜਾਮ ਹੀ ਇਕੋ ਇਕ ਹਥਿਆਰ ਰਹਿ ਜਾਂਦਾ ਹੈ ਜਿਸ ਰਾਹੀਂ ਆਪਣੀ ਗੱਲ ਸੁਣਨ ਲਈ ਹਾਕਮਾਂ ਨੂੰ ਮਜ਼ਬੂਰ ਕੀਤਾ ਜਾ ਸਕੇ। ਸਾਥੀ ਹਰਕੰਵਲ ਸਿੰਘ ਨੇ ਅੱਗੇ ਕਿਹਾ  ਕਿ ਜਿਸ ਢੰਗ ਨਾਲ ਕਿਰਤੀਆਂ-ਕਿਰਸਾਨਾਂ 'ਤੇ ਹਮਲੇ ਤਿੱਖੇ ਹੋ ਰਹੇ ਹਨ, ਉਨ੍ਹਾਂ ਦੇ ਟਾਕਰੇ ਲਈ ਲਾਲ ਝੰਡੇ ਦੇ ਸਮਰਥਕਾਂ ਦਾ ਘੇਰਾ ਹੋਰ ਵਿਸ਼ਾਲ ਕਰਨਾ ਸਮੇਂ ਦੀ ਪ੍ਰਮੁੱਖ ਲੋੜ ਹੈ। ਉਹਨਾਂ ਆਸ ਪ੍ਰਗਟਾਈ ਕਿ ਇਹ ਇਤਿਹਾਸਕ ਚੇਤਾਵਨੀ ਰੈਲੀ ਪੰਜਾਬ ਹੀ ਨਹੀਂ ਭਾਰਤ ਦੇ ਇਤਿਹਾਸ 'ਚ ਇਕ ਰੌਸ਼ਨ ਮਿਨਾਰ ਸਾਬਤ ਹੋਵੇਗੀ। 
ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਦਾ ਰਾਜ ਨਹੀਂ ਰਿਹਾ। ਮਜ਼ਦੂਰਾਂ ਨੂੰ ਕੰਮ ਨਹੀਂ ਮਿਲਦਾ, ਕਿਸਾਨਾਂ ਦੀ ਜਿਣਸ ਮੰਡੀਆਂ 'ਚ ਰੁਲ ਰਹੀ ਹੈ, ਗਰੀਬਾਂ  ਕੋਲੋਂ ਸਿੱਖਿਆ ਦੂਰ ਹੋ ਗਈ ਹੈ ਤੇ ਬਾਦਲ ਰਾਜ ਤੇ ਪਰਿਵਾਰ ਲੋਕਾਂ ਦੇ ਦੁੱਖ ਸੁਣਨ ਦੀ ਥਾਂ ਭੁੱਕੀ ਤੇ ਸਮੈਕ ਵੇਚ ਰਿਹਾ ਹੈ, ਸ਼ਰਾਬ ਦੇ ਗੈਰ ਕਾਨੂੰਨੀ ਠੇਕੇ ਚਲਾਉਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਕਿਹੋ ਜਿਹਾ ਰਾਜ ਹੈ ਜਿਥੇ ਸਕੂਲ ਬੰਦ ਹੋ ਰਹੇ ਹਨ ਪਰ ਸ਼ਰਾਬ ਦੇ 22 ਕਾਰਖਾਨੇ ਲਾ ਦਿੱਤੇ ਗਏ ਹਨ। 'ਰਾਜ ਨਹੀਂ, ਸੇਵਾ' ਦੇ ਨਾਅਰੇ ਨੂੰ ਸਿਰ ਪਰਨੇ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਫੈਸਲਾ ਕਰਨਗੇ ਕਿ ਰਾਜ ਕਿਸ ਤਰ੍ਹਾਂ ਦਾ ਹੋਵੇ। ਸਾਥੀ ਬਖਤਪੁਰਾ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਖੱਬੀਆਂ ਪਾਰਟੀਆਂ ਦੀ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਹਨ ਤੇ ਅਜਿਹੀਆਂ ਤਾਕਤਾਂ ਦੀ ਸ਼ਨਾਖਤ ਕਰਕੇ ਅਸੀਂ ਉਨ੍ਹਾਂ ਨੂੰ ਨਾਕਾਮ ਕਰਨਾ ਹੈ। 
ਸੀ.ਪੀ.ਆਈ. ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ. ਜੁਗਿੰਦਰ ਦਿਆਲ ਨੇ ਕਿਹਾ ਕਿ ਚਿਤਾਵਨੀ ਰੈਲੀ 'ਚ ਲੋਕਾਂ ਦੀ ਵਿਸ਼ਾਲ ਗਿਣਤੀ ਪਿੱਛੇ ਪੰਜਾਬ ਦੇ ਲੋਕਾਂ ਦੀ ਇਹ ਭਾਵਨਾ ਹੈ ਕਿ ਖੱਬੀਆਂ ਧਿਰਾਂ 'ਚ ਏਕਤਾ ਹੋਣੀ ਚਾਹੀਦੀ ਹੈ। ਕੇਂਦਰ 'ਚ ਮੋਦੀ ਦੇ ਸੱਤਾ 'ਚ ਆਉਣ ਕਾਰਨ ਪੈਦਾ ਹੋਏ ਫਿਰਕਾਪ੍ਰਸਤੀ ਦੇ ਖਤਰੇ ਬਾਰੇ ਚੌਕਸ ਕਰਦਿਆਂ ਡਾਕਟਰ ਦਿਆਲ ਨੇ ਕਿਹਾ ਕਿ ਆਰ.ਐਸ.ਐਸ. ਦੀਆਂ ਸ਼ਾਖਾਵਾਂ ਹੁਣ ਪਿੰਡਾਂ 'ਚ ਵੀ ਲੱਗਣ ਲੱਗ ਪਈਆਂ ਹਨ, ਨੰਗੀਆਂ ਤਲਵਾਰਾਂ ਨਾਲ ਮਾਰਚ ਹੋ ਰਹੇ ਹਨ। ਇਸ ਹਾਲਾਤ ਦਾ ਟਾਕਰਾ ਕੇਵਲ ਖੱਬੀ ਧਿਰ ਹੀ ਕਰ ਸਕਦੀ ਹੈ। 
ਸੀਪੀਆਈ(ਐਮ) ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਰਘੂਨਾਥ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮਨਮੋਹਨ ਦੇ ਨਾਂਅ 'ਤੇ ਕਾਂਗਰਸ ਦੀ ਅਗਵਾਈ ਵਾਲਾ ਮੋਰਚਾ ਤੇ ਉਸ ਤੋਂ ਬਾਅਦ ਮੋਦੀ-ਬਾਦਲ ਦਾ ਮੋਰਚਾ ਲੁਟੇਰਿਆਂ ਦਾ ਮੋਰਚਾ ਹੈ ਜਦਕਿ ਇਹ ਰੈਲੀ ਕਰਨ ਵਾਲਾ ਮੋਰਚਾ ਲੋਕਾਂ ਦਾ ਮੋਰਚਾ ਹੈ ਤੇ ਇਹ ਮੋਰਚਾ ਜੋ ਵੀ ਸੱਦਾ ਦੇਵੇਗਾ, ਅਸੀਂ ਉਸ ਸੱਦੇ ਨੂੰ ਪਿੰਡ ਪਿੰਡ ਲੈ ਕੇ ਜਾਵਾਂਗੇ। 
ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਆਪਣੇ ਸੰਬੋਧਨ 'ਚ ਖੱਬੀਆਂ ਪਾਰਟੀਆਂ ਦੇ 14 ਨੁਕਾਤੀ ਮੰਗ ਪੱਤਰ ਦੀ ਵਿਆਖਿਆ ਕਰਦਿਆਂ ਕਿਹਾ ਕਿ ਇਕ ਪਾਸੇ ਅਨਾਜ ਗੁਦਾਮਾਂ 'ਚ ਪਿਆ ਸੜ ਰਿਹਾ ਹੈ ਤੇ ਦੂਜੇ ਪਾਸੇ ਲੋਕ ਭੁੱਖ ਨਾਲ ਮਰ ਰਹੇ ਹਨ, ਲੰਮੇ ਸੰਘਰਸ਼ ਬਾਅਦ ਬਣਿਆ ਮਨਰੇਗਾ ਖਤਮ ਕੀਤਾ ਜਾ ਰਿਹਾ ਹੈ, ਖੇਤਾਂ 'ਚ ਮਜ਼ਦੂਰੀ ਕਰਨ ਵਾਲੀਆਂ ਔਰਤਾਂ ਦੀ ਹਾਲਤ ਤਰਸਯੋਗ ਹੈ ਤੇ ਇਸ ਦੇ ਨਾਲ ਹੀ ਲੋਕਾਂ 'ਚ ਫਿਰਕੂ ਵੰਡੀਆਂ ਪਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਹਨਾਂ ਵਿਸ਼ਾਲ ਇਕੱਠ ਨੂੰ ਵੰਗਾਰਿਆ ਕਿ ਇਸ ਰੈਲੀ 'ਚੋਂ ਇਹ ਅਹਿਦ ਲੈ ਕੇ ਜਾਓ ਕਿ ਅਸੀਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਆਰਥਕ ਮੋਰਚੇ ਦੇ ਨਾਲ ਨਾਲ ਫਿਰਕਾਪ੍ਰਸਤ ਤਾਕਤਾਂ ਵਿਰੁੱੱਧ ਵੀ ਲਾਮਬੰਦ ਕਰਾਂਗੇ। 
ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸੂਬਾ ਆਗੂ ਸਾਥੀ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕੇਂਦਰ ਤੇ ਸੂਬੇ ਦੇ ਹੁਕਮਰਾਨਾਂ ਦੀਆਂ ਲੋਕ ਦੋਖੀ ਨੀਤੀਆਂ ਦਾ ਬਦਲ ਲਾਲ ਝੰਡੇ ਕੋਲ ਹੀ ਹੈ। ਕਿਸਾਨਾਂ ਦਾ ਆਗੂ ਕਹਾਉਣ ਵਾਲੇ ਪਰਕਾਸ਼ ਸਿੰਘ ਬਾਦਲ 'ਤੇ ਹਮਲਾ ਬੋਲਦਿਆਂ ਸਾਥੀ ਰਾਣਾ ਨੇ ਕਿਹਾ ਕਿ ਗੁਜਰਾਤ 'ਚ ਜਿਥੇ ਪਹਿਲਾਂ ਨਰਿੰਦਰ ਮੋਦੀ ਮੁੱਖ ਮੰਤਰੀ ਸੀ ਤੇ ਹੁਣ ਵੀ ਉਸੇ ਦੀ ਪਾਰਟੀ ਭਾਜਪਾ ਦੀ ਹਕੂਮਤ, ਦਹਾਕਿਆਂ ਪਹਿਲਾਂ ਜਾ ਕੇ ਵਸੇ ਪੰਜਾਬੀ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ ਪਰ ਬਾਦਲ ਚੁੱਪ ਹੀ ਨਹੀਂ ਹਨ ਸਗੋਂ ਮੋਦੀ ਤੇ ਉਨ੍ਹਾਂ ਦੀ ਪਾਰਟੀ ਨਾਲ ਯਾਰੀਆਂ ਪਾਲ ਰਹੇ ਹਨ। 
ਸੀ.ਪੀ.ਆਈ. ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸ ਨੂੰ ਪਸੰਦ ਨਹੀਂ ਕਰਦੇ, ਇਸੇ ਕਰਕੇ ਉਸਨੂੰ ਲਾਂਭੇ ਕਰ ਦਿੱਤਾ ਪਰ ਉਸ ਦੀ ਥਾਂ ਉਹਨਾਂ ਦੀਆਂ ਨੀਤੀਆਂ 'ਤੇ ਸਗੋਂ ਤੇਜ਼ੀ ਨਾਲ ਚੱਲਣ ਵਾਲੀ ਮੋਦੀ ਹਕੂਮਤ ਨੇ ਲੈ ਲਈ। ਪੰਜਾਬ 'ਚ ਵੀ ਲੋਕ ਅਕਾਲੀ-ਭਾਜਪਾ ਹਕੂਮਤ ਨੂੰ ਪਸੰਦ ਨਹੀਂ ਕਰਦੇ, ਉਸ ਤੋਂ ਅੱਕੇ ਪਏ ਹਨ। ਉਹਨਾਂ ਨੂੰ ਇਕ ਪੁਖਤਾ ਬਦਲ ਚਾਹੀਦਾ ਹੈ, ਜੋ ਅਸੀਂ ਖੱਬੀ ਧਿਰ ਦੇ ਲੋਕਾਂ ਨੇ ਪੇਸ਼ ਕਰਨਾ ਹੈ। ਸੀ.ਪੀ.ਆਈ. ਦੇ ਸਾਬਕਾ ਸੂਬਾ ਸਕੱਤਰ ਸਾਥੀ ਨਿਰਮਲ ਸਿੰਘ ਧਾਲੀਵਾਲ ਨੇ ਚਿਤਾਵਨੀ ਰੈਲੀ ਨੂੰ ਇਤਿਹਾਸਕ ਬਨਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟਾਈ ਕਿ ਖੱਬੀ ਧਿਰ ਦੀ ਏਕਤਾ ਹੋਰ ਵਿਸ਼ਾਲ ਤੇ ਮਜ਼ਬੂਤ ਹੋਵੇਗੀ। ਇਸ ਰੈਲੀ ਦੀ ਪ੍ਰਧਾਨਗੀ ਸਰਬ ਸਾਥੀ ਹਰਦੇਵ ਅਰਸ਼ੀ, ਸਾਥੀ ਵਿਜੈ ਮਿਸ਼ਰਾ, ਕੁਲਵੰਤ ਸਿੰਘ ਸੰਧੂ ਅਤੇ ਭਗਵੰਤ ਸਮਾਓਂ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। 


ਲੁਧਿਆਣਾ ਹੋਇਆ ਲਾਲ, ਰੈਲੀ ਉਪਰੰਤ ਸਾਥੀ ਗਏ ਉਤਸ਼ਾਹ ਨਾਲ 
ਲੁਧਿਆਣਾ 'ਚ ਆਯੋਜਿਤ ਚਾਰ ਪਾਰਟੀਆਂ ਦੀ ਚਿਤਾਵਨੀ ਰੈਲੀ ਇਨਕਲਾਬੀ ਜ਼ੋਸ਼ੋ ਖ਼ਰੋਸ਼ ਨਾਲ ਸਮਾਪਤ ਹੋ ਗਈ। ਲੁਧਿਆਣਾ ਦੀ ਦਾਣਾ ਮੰਡੀ ਨੂੰ ਲਾਲ ਝੰਡੇ ਦੇ ਵਾਰਸਾਂ ਨੇ ਨੱਕੋ ਨੱਕ ਭਰ ਦਿੱਤਾ। ਦੂਰ ਦੁਰਾਡੇ ਤੋਂ ਪੁੱਜਣ ਵਾਲੇ ਲੋਕ ਇੱਕ ਦਿਨ ਪਹਿਲਾਂ ਹੀ ਲੁਧਿਆਣਾ ਵੱਲ ਨੂੰ ਤੁਰ ਪਏ ਸਨ। ਅਬੋਹਰ ਤੋਂ ਜੈਮਲ ਰਾਮ, ਰਾਜ ਕੁਮਾਰ, ਗੁਰਮੇਜ ਲਾਲ ਆਦਿ ਦੀ ਅਗਵਾਈ ਵਾਲਾ ਜਥਾ ਵੀਰਵਾਰ ਰਾਤ 8 ਵਜੇ ਹੀ ਤੁਰ ਪਿਆ ਸੀ ਅਤੇ ਰੈਲੀ ਸਥਾਨ 'ਤੇ ਸਵੇਰੇ 8 ਵਜੇ ਇਹ ਸਾਥੀ ਹਾਜ਼ਰ ਸਨ। ਇਸ ਰੈਲੀ 'ਚ ਸ਼ਾਮਲ ਸਾਰੀਆਂ ਧਿਰਾਂ ਵਲੋਂ ਸਮਾਜਵਾਦੀ ਮੁਕਾਬਲੇ ਤਹਿਤ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ। 

ਕਿਤਾਬਾਂ ਰਾਹੀ ਗਿਆਨ ਪ੍ਰਾਪਤ ਕਰਨ ਦੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਬਹੁਤ ਸਾਰੇ ਲੋਕਾਂ ਨੇ ਕਿਤਾਬਾਂ ਦੀ ਖ਼ਰੀਦ ਕੀਤੀ। ਇਸ ਰੈਲੀ 'ਚ ਇੱਕ ਦਰਜਨ ਦੇ ਕਰੀਬ ਇਨਕਲਾਬੀ ਕਿਤਾਬਾਂ ਦੇ ਸਟਾਲ ਮੌਜੂਦ ਸਨ। ਇਨਕਲਾਬੀ ਨੌਜਵਾਨ ਸਭਾ ਦਾ ਸਟਾਲ ਸਭ ਨੂੰ ਖਿੱਚ ਪਾ ਰਿਹਾ ਸੀ, ਜਿਸ 'ਚ ਖਾਸ ਕਰ ਨੌਜਵਾਨ ਲੜਕੀਆਂ, ਇਸ ਦੇ ਪ੍ਰਬੰਧਾਂ ਨੂੰ ਦੇਖ ਰਹੀਆਂ ਸਨ। ਇਸ ਸਟਾਲ 'ਤੇ 340 ਤੋਂ ਵੱਧ ਅਗਾਹਵਧੂ ਗੀਤ ਅਤੇ 185 ਦੇ ਕਰੀਬ ਚੰਗੀਆਂ ਫਿਲਮਾਂ ਦਾ ਸਟਾਕ ਲੋਕਾਂ ਵਾਸਤੇ ਰੱਖਿਆ ਹੋਇਆ ਸੀ। ਬਦਲਵੇਂ ਸਭਿਆਚਾਰ ਲਈ ਅਤੇ ਲੱਚਰ ਸਾਹਿਤ ਦਾ ਮੁਕਾਬਲਾ ਕਰਨ ਲਈ ਲੋਕਾਂ ਦੇ ਮੈਮਰੀ ਕਾਰਡਾਂ 'ਚ ਇਹ ਗੀਤ ਭਰੇ ਜਾ ਰਹੇ ਸਨ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 100ਵੀਂ ਸ਼ਹੀਦੀ ਵਰੇਗੰਢ ਨੂੰ ਸਮਰਪਿਤ ਇੱਕ ਕਲੰਡਰ ਵੀ ਵੇਚਿਆ ਜਾ ਰਿਹਾ ਸੀ। ਨਵੀਂ ਪੀੜ੍ਹੀ ਵਲੋਂ ਕੀਤੇ ਜਾ ਰਹੇ ਇਹ ਯਤਨ ਵੀ ਖਿੱਚ ਪਾ ਰਹੇ ਸਨ ਅਤੇ ਇੱਕ ਦੂਜੇ ਤੋਂ ਸਿੱਖਣ ਦਾ ਮੌਕਾ ਵੀ ਪ੍ਰਦਾਨ ਕਰ ਰਹੇ ਸਨ। 

ਲੁਧਿਆਣਾ ਦੀ ਰੇਹੜੀ ਫੜੀ ਫੈਡਰੇਸ਼ਨ ਦਾ 400 ਸਾਥੀਆਂ ਦਾ ਜਥਾ ਔਰਤਾਂ ਸਮੇਤ ਹਾਜ਼ਰੀ ਲਵਾ ਰਿਹਾ ਸੀ, ਜਿਸ ਦੇ ਆਗੂ ਟਾਈਗਰ ਸਿੰਘ ਨੇ ਦੱਸਿਆ ਕਿ ਕਾਰਪੋਰੇਸ਼ਨ ਵਾਲੇ ਜਦੋਂ ਮਰਜ਼ੀ ਰੇਹੜੀਆਂ ਵਾਲਿਆਂ ਨੂੰ ਤੰਗ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੋਨ ਬਣਾਉਣ ਲਈ ਕਾਗਜ਼ਾਂ 'ਚ ਹੀ ਸਾਰਾ ਕੁੱਝ ਚੱਲ ਰਿਹਾ ਹੈ ਅਤੇ ਉਹ ਰੈਲੀ 'ਚ ਉਹ ਸਾਥੀਆਂ ਸਮੇਤ ਆਪਣੀ ਅਵਾਜ ਬੁਲੰਦ ਕਰਨ ਲਈ ਪੁੱਜੇ ਹਨ। ਇਹ ਸਾਥੀ ਲੁਧਿਆਣਾ 'ਚ ਫ਼ਲ, ਸਬਜ਼ੀਆਂ ਸਮੇਤ ਹੋਰ ਵਸਤਾਂ ਰੇੜ੍ਹੀਆਂ ਲਗਾ ਕੇ ਵੇਚਦੇ ਹਨ ਅਤੇ ਇਸ ਕੰਮ 'ਚ ਔਰਤਾਂ ਵੀ ਸਾਥ ਦੇ ਰਹੀਆਂ ਹਨ, ਜਿਸ ਕਾਰਨ ਔਰਤਾਂ ਵੀ ਇਸ ਰੈਲੀ 'ਚ ਉਚੇਚੇ ਤੌਰ 'ਤੇ ਸ਼ਾਮਲ ਹੋਈਆਂ ਸਨ। 

ਏਟਕ ਨਾਲ ਸਬੰਧਤ ਐਫਸੀਆਈ ਦੇ ਸਾਥੀ ਇੱਕ ਬੱਸ ਭਰ ਕੇ ਮਾਨਸਾ ਤੋਂ ਰੈਲੀ 'ਚ ਹਾਜ਼ਰ ਹੋਏ। ਇਨ੍ਹਾਂ ਦੇ ਆਗੂ ਕਾਕਾ ਸਿੰਘ ਦੱਸਦੇ ਹਨ ਕਿ ਜੇ ਐਫਸੀਆਈ ਨੂੰ ਤੋੜ ਦਿੱਤਾ ਗਿਆ ਤਾਂ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਵੀ ਨਹੀਂ ਮਿਲਣੇ ਅਤੇ ਮਜ਼ਦੂਰ ਵੱਡੀ ਗਿਣਤੀ 'ਤ ਬੇਰੁਜ਼ਗਾਰ ਹੋ ਜਾਣਗੇ। 

ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਦਾ ਇੱਕ ਵੱਡਾ ਜਥਾ ਦੋ ਢੋਲ ਲੈ ਕੇ ਰੈਲੀ 'ਚ ਹਾਜ਼ਰ ਹੋਇਆ। ਇਸ ਦੇ ਆਗੂ ਹਨੂੰਮੰਤ ਸਿੰਘ ਦੂਬੇ ਦੱਸਦੇ ਹਨ ਕਿ ਮੋਦੀ ਦੀ ਸਰਕਾਰ ਨੇ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਉਣੀਆ ਸ਼ੁਰੂ ਕਰ ਦਿੱਤੀਆ ਹਨ। ਜਿਸ ਤਹਿਤ 300 ਮਜ਼ਦੂਰਾਂ ਤੱਕ ਕੰਮ ਕਰਨ ਵਾਲੀ ਫੈਕਟਰੀ 'ਚ ਵੀ ਲੇਬਰ ਲਾਅ ਲਾਗੂ ਕਰਨ ਤੋਂ ਸਰਕਾਰ ਭੱਜ ਰਹੀ ਹੈ। ਕਮਾਲ ਦੀ ਗੱਲ ਇਹ ਹੈ ਕਿ ਹਾਕਮ ਧਿਰ ਆਪ ਹੀ ਬਣਾਏ ਕਾਨੂੰਨਾਂ ਨੂੰ, ਆਪ ਹੀ ਲਾਗੂ ਕਰਨ ਤੋਂ ਭੱਜ ਰਹੀ ਹੈ। ਲਾਗੂ ਕਰਨੇ ਤਾਂ ਦੂਰ ਦੀ ਗੱਲ ਇਸ ਨੂੰ ਹੋਰ ਪੇਤਲਾ ਕੀਤਾ ਜਾ ਰਿਹਾ ਹੈ। 

ਹਰਿਆਣੇ ਤੋਂ ਤਜਿੰਦਰ ਥਿੰਦ ਦੀ ਅਗਵਾਈ 'ਚ ਇੱਕ ਵੱਡਾ ਜਥਾ ਵੀ ਰੈਲੀ 'ਚ ਸ਼ਾਮਲ ਹੋਇਆ, ਜਦੋਂ ਕਿ ਇਹ ਰੈਲੀ ਪੰਜਾਬ ਪੱਧਰ ਦੀ ਸੀ। 

ਸੀਪੀਆਈ ਗੁਰਦਾਸਪੁਰ ਦਾ ਇੱਕ ਵੱਡਾ ਜਥਾ ਬਲਬੀਰ ਸਿੰਘ ਕਾਕੋਵਾਲ ਦੀ ਅਗਵਾਈ 'ਚ ਸ਼ਾਮਲ ਹੋਇਆ, ਜਿਨ੍ਹਾਂ ਕੋਲ ਕੱਪੜੇ ਦੀ ਥਾਂ ਫਲੈਕਸ ਦੀ ਮਦਦ ਨਾਲ ਬਣੇ ਹੋਏ ਝੰਡੇ ਫੜੇ ਹੋਏ ਸਨ। ਸੀਪੀਆਈ ਦਾ ਹੁਸ਼ਿਆਰਪੁਰ ਅਤੇ ਅਮ੍ਰਿਤਸਰ ਤੋਂ ਸਾਥੀਆਂ ਸਮੇਤ ਬੀਬੀਆਂ ਦਾ ਵੱਡਾ ਜਥਾ ਹਾਜ਼ਰ ਹੋਇਆ, ਜਿਸ ਦੀ ਆਮਦ ਨੇ ਸਾਰਿਆਂ ਦਾ ਧਿਆਨ ਖਿੱਚਿਆ। 

ਸਟੇਜ ਦੇ ਅਗਲੇ ਪਾਸੇ ਪੇਂਡੂ ਚੌਕੀਦਾਰਾਂ ਦਾ ਸੀਟੂ ਦੀ ਅਗਵਾਈ 'ਚ ਇੱਕ ਵੱਡਾ ਜਥਾ ਹਾਜ਼ਰ ਸੀ, ਜਿਨ੍ਹਾਂ 'ਚੋਂ ਕਰੀਬ 20-25 ਸਾਥੀਆਂ ਨੇ ਲਾਲ ਰੰਗ ਦੇ ਚੋਲੇ ਪਾ ਕੇ ਆਪਣੀਆਂ ਮੰਗਾਂ ਲਿਖੀਆ ਹੋਈਆ ਸਨ। ਨਰੇਗਾ, ਆਂਗਨਵਾੜੀ ਸਮੇਤ ਹੋਰਨਾਂ ਥਾਵਾਂ 'ਤੇ ਕੰਮ ਕਰਨ ਵਾਲੀਆਂ ਔਰਤਾਂ ਤੋਂ ਇਲਾਵਾ ਘਰੇਲੂ ਕੰਮਾਂ 'ਚ ਲੱਗੀਆਂ ਔਰਤਾਂ ਨੇ ਵੀ ਆਪਣੇ ਬੱਚਿਆਂ ਸਮੇਤ ਵੱਡੀ ਗਿਣਤੀ 'ਚ ਆਪਣੀ ਹਾਜ਼ਰੀ ਲਵਾਈ। 

ਦਿਨ ਦੇ ਕਰੀਬ 12.30 ਵਜੇ ਚਾਰੋਂ ਪਾਸੇ ਗੱਡੀਆਂ ਹੀ ਗੱਡੀਆਂ ਦਿਖਾਈ ਦੇ ਰਹੀਆਂ ਸਨ, ਜਿਵੇਂ ਦਰਿਆ ਇੱਕ ਸਮੁੰਦਰ 'ਚ ਪੈ ਰਹੇ ਹੋਣ। ਇਸ ਤੋਂ ਪਹਿਲਾਂ ਸਾਥੀਆਂ ਦੀ ਆਮਦ ਹੌਲੀ ਹੌਲੀ ਹੋ ਰਹੀ ਸੀ। ਇੱਕ ਪਾਸੇ ਆਖਰੀ ਬੁਲਾਰੇ ਸੰਬੋਧਨ ਕਰ ਰਹੇ ਸਨ ਅਤੇ ਦੂਜੇ ਪਾਸੇ ਸਾਥੀ ਰੈਲੀ 'ਚ ਸ਼ਾਮਲ ਹੋਣ ਲਈ ਪੁੱਜ ਰਹੇ ਸਨ। ਸਟੇਜ ਦੀ ਬਕਾਇਦਾ ਕਾਰਵਾਈ ਆਰੰਭ ਹੋਣ ਵੇਲੇ ਤੱਕ ਹੀ ਸਾਰਾ ਪੰਡਾਲ ਨੱਕੋ ਨੱਕ ਭਰ ਗਿਆ ਸੀ ਅਤੇ ਲੋਕ ਆਲੇ ਦੁਆਲੇ ਖੜੀਆਂ ਬੱਸਾਂ ਦੀਆਂ ਛੱਤਾਂ 'ਤੇ ਬੈਠ ਕੇ ਆਪਣੇ ਆਗੂਆਂ ਦੇ ਵਿਚਾਰ ਸੁਣ ਰਹੇ ਸਨ। 

ਵੱਖ-ਵੱਖ ਵਰਗਾਂ ਨਾਲ ਕੀਤੀ ਗੱਲਬਾਤ ਉਪਰੰਤ ਇਹ ਗੱਲ ਉੱਭਰ ਦੇ ਸਾਹਮਣੇ ਆਈ ਕਿ ਚਾਰ ਖੱਬੀਆਂ ਪਾਰਟੀਆਂ ਵਲੋਂ ਆਪਣੇ ਸਿਧਾਂਤਕ ਮੱਤਭੇਦਾਂ ਦੇ ਬਾਵਜੂਦ ਲੋਕਾਂ ਦੀਆਂ ਸਾਂਝੀਆਂ ਮੰਗਾਂ ਲਈ ਇਕੱਠੇ ਹੋਣਾ ਖੱਬੀ ਧਿਰ ਲਈ ਵੀ ਅਤੇ ਪੰਜਾਬ ਦੇ ਮਿਹਨਤਕਸ਼ ਲੋਕਾਂ ਲਈ ਵੀ ਚੰਗਾ ਸੰਕੇਤ ਹੈ। ਸਾਂਝੀ ਰੈਲੀ 'ਚ ਸ਼ਾਮਲ ਹੋਣ ਦੇ ਤਰੀਕਿਆਂ ਤੋਂ ਅਤੇ ਇੱਕ ਦੂਜੇ ਤੋਂ ਬਹੁਤ ਕੁੱਝ ਸਿੱਖਣ ਦਾ ਮੌਕਾ ਵੀ ਮਿਲਿਆ। ਰੈਲੀ ਲਈ ਲੰਗਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ ਪਰ ਲੋਕ ਆਪਣੇ ਨਾਲ ਗੁਜ਼ਾਰੇ ਜੋਗਾ ਲੰਗਰ ਨਾਲ ਹੀ ਲੈ ਕੇ ਆਏ। ਰੈਲੀ ਦੌਰਾਨ ਨਿਰਮਾਣ ਮਜ਼ਦੂਰਾਂ ਦਾ ਇਕ ਵੱਡਾ ਕਾਫ਼ਲਾ ਉਸ ਵੇਲੇ ਪੁੱਜਾ ਜਦੋਂ ਰੈਲੀ ਪੂਰੇ ਸ਼ਿਖਰ 'ਤੇ ਸੀ। ਇਨ੍ਹਾਂ ਸਾਥੀਆਂ ਨੂੰ ਰੈਲੀ ਵਾਲੀ ਥਾਂ 'ਤੇ ਬੈਠਣ ਲਈ  ਕੋਈ ਜਗ੍ਹਾ ਹੀ ਨਾ ਮਿਲ ਸਕੀ ਕਿਉਂਕਿ ਸਾਰਾ ਪੰਡਾਲ ਭਰ ਗਿਆ ਸੀ। ਵੱਡੇ ਵੱਡੇ ਕਾਂਡੀ, ਤੇਸੀ ਦੇ ਨਿਸ਼ਾਨ ਵਾਲੇ ਝੰਡੇ ਸਾਰੇ ਪੰਡਾਲ ਵਿਚ ਫੈਲੇ ਹੋਏ ਸਨ। ਇਨ੍ਹਾਂ ਦੀ ਆਮਦ ਨੇ ਇਕ ਵਾਰ ਸਭਨਾ ਦਾ ਧਿਆਨ ਖਿੱਚਿਆ। 

ਰੈਲੀ ਦਾ ਮਹੱਤਵਪੂਰਨ ਪੱਖ ਇਹ ਰਿਹਾ ਕਿ ਇਸ ਰੈਲੀ 'ਚ ਇਨਕਲਾਬ ਦੇ ਹਿਰਾਵਲ ਦਸਤੇ ਮਜ਼ਦੂਰ ਵਰਗ 'ਚੋਂ ਸਾਥੀ ਵਧੇਰੇ ਗਿਣਤੀ 'ਚ ਅਤੇ ਬੁਢਾਪੇ 'ਚ ਪੈਰ ਧਰੀ ਸਾਥੀ ਵੀ ਕਾਫੀ ਗਿਣਤੀ 'ਚ ਦਿਖਾਈ ਦੇ ਰਹੇ ਸਨ। ਰਵਾਇਤ ਤੋਂ ਉਲਟ ਕੇਂਦਰੀ ਆਗੂਆਂ ਨੇ ਆਖਰ 'ਚ ਭਾਸ਼ਣ ਕਰਨ ਦੀ ਥਾਂ ਵਿਚਕਾਰ 'ਚ ਹੀ ਆਪਣੇ ਭਾਸ਼ਣ ਕੀਤੇ। ਆਰੰਭ 'ਚ ਅਤੇ ਆਖਰ 'ਚ ਵੀ ਸੂਬਾਈ ਅਤੇ ਹੋਰਨਾਂ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। 

ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਵਲੋਂ ਹਰਦੇਵ ਅਰਸ਼ੀ, ਵਿਜੇ ਮਿਸ਼ਰਾ, ਕੁਲਵੰਤ ਸਿੰਘ ਸੰਧੂ ਅਤੇ ਭਗਵੰਤ ਸਮਾਓ ਦਾ ਸਟੇਜ ਚਲਾਉਣ ਲਈ ਨਾਂ ਪੇਸ਼ ਕਰਨ ਉਪਰੰਤ ਰੈਲੀ ਦੀ ਬਕਾਇਦਾ ਕਾਰਵਾਈ ਆਰੰਭ ਕਰ ਦਿੱਤੀ ਗਈ। ਇਨ੍ਹਾਂ ਸਾਥੀਆਂ ਨੇ ਬਾਹਾਂ ਸੰਗ ਬਾਹਾਂ ਉਲਾਰ ਕੇ ਆਪਣੀ ਏਕਤਾ ਦਾ ਇਕ ਅਜਿਹਾ ਸੰਕੇਤ ਦਿੱਤਾ, ਜਿਸ ਨੇ ਆਉਣ ਵਾਲੇ ਸਮੇਂ ਦੌਰਾਨ ਪੰਜਾਬ 'ਚ ਖੱਬੀ ਲਹਿਰ ਦੀ ਮਜ਼ਬੂਤੀ ਲਈ ਇੱਕ ਚੰਗਾ ਅਧਾਰ ਪੈਦਾ ਕਰਨਾ ਹੈ। ਰੈਲੀ ਉਪਰੰਤ ਸਾਥੀਆਂ ਦੇ ਚਿਹਰਿਆਂ 'ਤੇ ਇੱਕ ਇਨਕਲਾਬੀ ਜੋਸ਼ ਦੇਖਣ ਨੂੰ ਮਿਲ ਰਿਹਾ ਸੀ ਕਿ ਉਹ ਆਪੋ ਆਪਣੀ ਰਣ ਭੂਮੀ 'ਚ ਜਾ ਕੇ ਉਤਸ਼ਾਹ ਨਾਲ ਦੱਬੀ ਕੁਚਲੀ ਲੋਕਾਈ ਦੇ ਫਿਕਰਾਂ ਦੀ ਬਾਂਹ ਹੋਰ ਮਜ਼ਬੂਤੀ ਨਾਲ ਫੜਨਗੇ।   

ਚੇਤਾਵਨੀ ਰੈਲੀ ਵਿਚ ਲਾਮਿਸਾਲ ਸ਼ਮੂਲੀਅਤ ਲਈ ਲੋਕਾਂ ਦਾ ਧੰਨਵਾਦ 
ਪ੍ਰਾਂਤ ਦੀਆਂ ਚਾਰ ਖੱਬੀਆਂ ਪਾਰਟੀਆਂ -  ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਐਮ. ਪੰਜਾਬ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ 29 ਨਵੰਬਰ ਨੂੰ ਬਿਆਨ ਜਾਰੀ ਕਰਕੇ ਲੁਧਿਆਣਾ ਵਿਚ ਕੀਤੀ ਗਈ ਇਤਹਾਸਕ ਚੇਤਾਵਨੀ ਰੈਲੀ ਵਿਚ 50 ਹਜ਼ਾਰ ਤੋਂ ਵੱਧ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਹੋਰ ਕਿਰਤੀ ਲੋਕਾਂ ਵਲੋਂ ਕੀਤੀ ਗਈ ਲਾਮਿਸਾਲ ਸ਼ਮੂਲੀਅਤ ਲਈ ਚੋਹਾਂ ਪਾਰਟੀਆਂ ਦੇ ਆਗੂਆਂ ਸਰਵਸਾਥੀ ਬੰਤ ਸਿੰਘ ਬਰਾੜ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਂਝੇ ਸੰਘਰਸ਼ ਨੇ ਪ੍ਰਾਂਤ ਦੇ ਕੋਨੇ ਕੋਨੇ ਵਿਚ ਕਿਰਤੀ ਲੋਕਾਂ ਅੰਦਰ ਨਵੇਂ ਉਤਸ਼ਾਹ ਨੂੰ ਜਨਮ ਦਿੱਤਾ ਹੈ। ਕਿਰਤੀ ਲੋਕਾਂ ਦੇ ਇਸ ਇਤਹਾਸਕ ਇਕੱਠ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਕਿਰਤੀ ਲੋਕ ਅਕਾਲੀ-ਭਾਜਪਾ ਰਾਜ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਮਾਫੀਆ ਰਾਜ ਤੋਂ ਬੁਰੀ ਤਰ੍ਹਾਂ ਅੱਕੇ ਪਏ ਹਨ ਅਤੇ ਉਹ ਆਪਣੀਆਂ ਮੁਸੀਬਤਾਂ ਤੋਂ ਮੁਕਤੀ ਪਾਉਣ ਲਈ ਖੱਬੀਆਂ ਧਿਰਾਂ ਦੀ ਸਾਂਝੀ ਅਗਵਾਈ ਹੇਠ ਤਿੱਖੇ ਤੋਂ ਤਿੱਖੇ ਸੰਘਰਸ਼ਾਂ ਵਿਚ ਸ਼ਾਮਲ ਹੋਣ ਲਈ ਤਿਆਰ ਹਨ। 

ਜਲੰਧਰ ਤੋਂ ਜਾਰੀ ਇਸ ਸਾਂਝੇ ਪ੍ਰੈਸ ਬਿਆਨ ਵਿਚ ਚੋਹਾਂ ਆਗੂਆਂ ਨੇ ਐਲਾਨ ਕੀਤਾ ਹੈ ਕਿ ਲੋਕਾਂ ਦੇ ਇਸ ਉਤਸ਼ਾਹਪੂਰਕ ਹੁੰਗਾਰੇ ਨੂੰ ਹੋਰ ਵਧੇਰੇ ਸੰਗਠਤ ਰੂਪ ਦੇਣ ਲਈ ਇਸ ਸਾਂਝੇ ਸੰਘਰਸ਼ ਨੂੰ ਬੱਝਵੇਂ ਰੂਪ ਵਿਚ ਅੱਗੇ ਤੋਰਿਆ ਜਾਵੇਗਾ ਤਾਂ ਜੋ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਲੋਕ ਵਿਰੋਧੀ ਪਹੁੰਚਾਂ ਦੇ ਟਾਕਰੇ ਵਿਚ ਇਕ ਲੋਕ ਪੱਖੀ ਬਦਲ ਉਸਾਰਿਆ ਜਾਵੇ। ਇਸ ਮੰਤਵ ਲਈ ਚੋਹਾਂ ਪਾਰਟੀਆਂ ਦੇ ਆਗੂਆਂ ਦੀ ਨੇੜ ਭਵਿੱਖ ਵਿਚ ਮੀਟਿੰਗ ਕੀਤੀ ਜਾਵੇਗੀ।

No comments:

Post a Comment