ਡਾ. ਤੇਜਿੰਦਰ ਵਿਰਲੀ
ਸਾਡੇ ਦੇਸ਼ ਵਿਚ ਹਰ ਰੋਜ਼ ਕੋਈ ਨਾ ਕੋਈ ਅਜਿਹੀ ਖ਼ਬਰ ਪੜ੍ਹਨ ਸੁਣਨ ਨੂੰ ਮਿਲਦੀ ਹੈ ਜਿੱਥੇ ਕਿਸੇ 'ਦੇਵ ਪੁਰਸ਼' ਦੀਆਂ ਕਰਤੂਤਾਂ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੋਵੇ। ਇਨ੍ਹਾਂ ਦੇਵ ਪੁਰਸ਼ਾਂ ਦੇ ਕੱਚੇ ਚਿੱਠਿਆਂ ਨੇ ਵਕਤੀ ਤੌਰ ਉਪਰ ਹਰ ਵਾਰ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਪਰ ਮੂਲ ਰੂਪ ਵਿਚ ਇਸ ਪ੍ਰਬੰਧ ਨੇ ਲੋਕ ਮਾਨਸਿਕਤਾ ਨੂੰ ਹੀ ਅਜਿਹਾ ਬਣਾ ਦਿੱਤਾ ਹੈ ਕਿ ਇਨ੍ਹਾਂ ਦੈਵੀ ਪੁਰਸ਼ਾਂ ਦੇ ਡੇਰਿਆਂ ਦਾ ਮੱਕੜ ਜਾਲ ਵਧਦਾ ਜਾ ਰਿਹਾ ਹੈ। ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਇਨ੍ਹਾਂ ਅਖੌਤੀ ਦੇਵ ਪੁਰਸ਼ਾਂ ਨੇ ਨਾ ਕੇਵਲ ਆਰਥਿਕ ਤੌਰ 'ਤੇ ਹੀ ਲੁੱਟਿਆ ਹੈ ਸਗੋਂ ਇਨ੍ਹਾਂ ਨੇ ਲੋਕਾਂ ਨੂੰ ਭੇਡਾਂ ਬਣਾ ਕੇ ਰੱਖ ਦਿੱਤਾ ਹੈ। ਇਹ ਹੀ ਕਾਰਨ ਹੈ ਕਿ ਨਾਬਾਲਗ ਬੱਚੀਆਂ ਨਾਲ ਬਲਾਤਕਾਰ ਵਰਗੇ ਘਿਨੋਣੇ ਕਾਰਨਾਮਿਆਂ ਵਿਚ ਸ਼ਾਮਲ ਬਾਬਿਆਂ ਨੂੰ ਜਦੋਂ ਦੇਸ਼ ਦਾ ਪੁਲਿਸ ਪ੍ਰਸ਼ਾਸਨ ਗ੍ਰਿਫਤਾਰ ਕਰਦਾ ਹੈ ਤਾਂ ਇਹ ਲੋਕ ਆਪਣੇ ਅਖੌਤੀ ਦੇਵ ਪੁਰਸ਼ ਲਈ ਆਤਮਦਾਹ ਤੱਕ ਕਰਨ ਲਈ ਤਿਆਰ ਹੋ ਜਾਂਦੇ ਹਨ। ਆਪਣੇ ਕਾਤਲ, ਬਲਾਤਕਾਰੀ , ਹਤਿਆਰੇ ਤੇ ਆਰਥਿਕ ਲੁੱਟ ਕਰਨ ਵਾਲੇ ਬਾਬੇ ਲਈ ਜਦੋਂ ਉਸ ਡੇਰੇ ਦੇ ਅੰਨ੍ਹੇ ਭਗਤ ਤਰਕ ਦੀਆਂ ਸਾਰੀਆਂ ਦਲੀਲਾਂ ਰੱਦ ਕਰ ਕੇ ਆਪਣੀ ਡੰਡੌਤ ਜਾਰੀ ਰੱਖਦੇ ਹਨ ਤਾਂ ਹਰ ਚੇਤਨ ਵਿਅਕਤੀ ਕਹਿ ਉਠਦਾ ਹੈ ਕਿ ਇਨ੍ਹਾਂ ਡੇਰਿਆਂ ਨੇ ਆਪਣੇ ਭਗਤਾਂ ਦਾ ਅਗਲਾ ਜਨਮ ਸਵਾਰਨ ਦੇ ਨਾਮ ਹੇਠ ਇਹ ਜਨਮ ਵੀ ਨਰਕ ਬਣਾ ਦਿੱਤਾ ਹੈ।
ਇਨ੍ਹਾਂ ਅਖੌਤੀ ਦੇਵ ਪੁਰਸ਼ਾਂ ਨੇ ਸਦਾ ਆਪਣੇ ਭਗਤਾਂ ਦਾ ਕੇਵਲ ਸ਼ੋਸ਼ਣ ਹੀ ਨਹੀਂ ਕੀਤਾ ਸਗੋਂ ਬੜੀ ਹੀ ਚਲਾਕੀ ਦੇ ਨਾਲ ਸਮਾਜ ਦੇ ਇਕ ਖਾਸ ਵਰਗ ਦੇ ਹਿੱਤਾਂ ਦੀ ਪੂਰਤੀ ਵੀ ਕੀਤੀ ਹੈ। ਜਿਸ ਨਾਲ ਉਨ੍ਹਾਂ ਦੇ ਲੁੱਟ ਭਰੇ ਰਾਜ ਦੀ ਉਮਰ ਵੀ ਲੰਮੀ ਹੁੰਦੀ ਹੈ। ਸਮਾਜ ਵਿਚ ਇਸ ਕਿਸਮ ਦੇ ਦੇਵ ਪੁਰਸ਼ ਬਰਸਾਤੀ ਖੁੰਬਾਂ ਵਾਂਗ ਜਿਸ ਤਰ੍ਹਾਂ ਉੱਗ ਰਹੇ ਹਨ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਭਗਤਾਂ ਦੀਆਂ ਫੌਜਾਂ ਸਮਾਜ ਦੇ ਹੋਰ ਵਰਗਾਂ ਨੂੰ ਆਪਣੀ ਗੁੰਡਾਗਰਦੀ ਦਾ ਰੰਗ ਦਿਖਾਉਣਗੀਆਂ। ਰਾਮਪਾਲ ਦੇ ਆਸ਼ਰਮ ਵਿੱਚੋਂ ਮਿਲੇ ਨਜਾਇਜ਼ ਹਥਿਆਰ ਇਸ ਗੱਲ ਦਾ ਸੰਕੇਤ ਹਨ। ਇਸੇ ਤਰ੍ਹਾਂ ਹੀ ਡੇਰਾ ਸੱਚਾ ਸੌਦਾ ਵੀ ਹਰ ਵਕਤ ਕਿਸੇ ਨਾ ਕਿਸੇ ਟਕਰਾਅ ਲਈ ਆਪਣੀ ਬਣਾਈ ਟਾਸਕ ਫੋਰਸ ਨੂੰ ਤਿਆਰ ਬਰ ਤਿਆਰ ਰੱਖ ਰਿਹਾ ਹੈ। ਇਸ ਡੇਰੇ ਨਾਲ ਸੰਬੰਧਿਤ ਰਲੀਜ ਹੋਣ ਵਾਲੀ ਫਿਲਮ ਹੋ ਸਕਦੀ ਹੈ ਉੱਤਰੀ ਭਾਰਤ ਵਿਚ ਇਕ ਖਾਸ ਕਿਸਮ ਦੀ ਬੇਚੈਨੀ ਖੜੀ ਕਰ ਦੇਵੇ। ਆਖਣ ਨੂੰ ਲੋਕਾਂ ਦਾ ਭਲਾ ਕਰਨ ਵਾਲੇ ਇਹ ਡੇਰੇ ਅਗਿਆਨਤਾ ਦਾ ਹਨੇਰਾ ਕਿਸ ਹੱਦ ਤੱਕ ਫੈਲਾ ਰਹੇ ਹਨ ਇਸ ਦੀ ਉਦਾਹਰਣ ਲੱਭਣੀ ਕੋਈ ਔਖੀ ਨਹੀਂ ਕਿਸੇ ਵੀ ਡੇਰੇ ਦੀਆਂ ਕਾਰਵਾਈਆਂ ਨੂੰ ਜੇਕਰ ਨੀਝ ਦੇ ਨਾਲ ਦੇਖਿਆ ਜਾਵੇ ਤਾਂ ਸਾਫ ਸਾਫ ਪਤਾ ਚੱਲ ਜਾਂਦਾ ਹੈ ਕਿ ਗੈਰ ਵਿਗਿਆਨਕ ਧਾਰਨਾਵਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਇਹ ਡੇਰੇ ਸਮਾਜ ਦਾ ਕੀ ਭਲਾ ਕਰ ਰਹੇ ਹਨ? ਇਨ੍ਹਾਂ ਡੇਰਿਆਂ ਦਾ ਸਮੇਂ ਸਮੇਂ ਉਪਰ ਚਲਦਾ ਰਿਹਾ ਵਿਵਾਦ ਜਾਂ ਇਨ੍ਹਾਂ ਉਪਰ ਚੱਲਦੇ ਕੇਸ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਨ੍ਹਾਂ ਨੇ ਵਿਗਿਆਨ ਦੀ ਇੱਕੀਵੀਂ ਸਦੀ ਵਿਚ ਭਾਰਤੀ ਸਮਾਜ ਨੂੰ ਪੱਥਰ ਯੁੱਗ ਵੱਲ ਲੈ ਕੇ ਜਾਣ ਲਈ ਕਿੰਨੀ ਕੋਸ਼ਿਸ਼ ਕੀਤੀ ਹੈ। ਦਿਵਿਆ ਜੋਤੀ ਨੂਰਮਹਿਲ ਡੇਰੇ ਦੇ ਮੁੱਖੀ ਆਸ਼ੂਤੋਸ਼ ਮਹਾਰਾਜ ਦੀ ਮੌਤ ਅੱਜ ਵੀ ਰਹੱਸ ਬਣੀ ਹੋਈ ਹੈ। ਉਸ ਦੇ ਡਰਾਈਵਰ ਤੇ ਉਸ ਦੇ ਪੁੱਤਰ ਵੱਲੋਂ ਅਦਾਲਤ ਦਾ ਬੂਹਾ ਖੜਕਾਉਣ ਦੇ ਬਾਵਜੂਦ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਚੁੱਪ ਹੈ। ਭਗਤਾਂ ਦੀ ਸ਼ਰਧਾ ਤੇ ਗੈਰ ਵਿਗਿਆਨਕ ਪ੍ਰਚਾਰ ਤੇ ਪ੍ਰਸਾਰ ਅੱਜ ਵੀ ਜਾਰੀ ਹੈ। ਭਨਿਆਰਾਂ ਵਾਲਾ ਬਾਬਾ ਪਿਆਰਾ ਸਿੰਘ ਭਨਿਆਰਾਂ ਆਪਣੀ ਕੱਚੀ ਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਦਾ ਮੁਕਾਬਲਾ ਕਰਕੇ ਸਮਾਜ ਵਿਚ ਵਿਵਾਦ ਖੜਾ ਕਰ ਚੁੱਕਾ ਹੈ। ਆਸਾ ਰਾਮ ਆਪਣੇ ਸ਼ਰਧਾਲੂਆਂ ਦੀਆਂ ਨਾਬਾਲਗ ਕੰਜਕਾਂ ਨਾਲ ਬਲਾਤਕਾਰ ਦੀਆਂ ਕਾਲੀਆਂ ਕਰਤੂਤਾਂ ਦੀ ਸਜ਼ਾ ਭੋਗ ਰਿਹਾ ਹੈ। ਨਿਰਮਲ ਬਾਬਾ ਵਿਗਿਆਨਕ ਯੰਤਰਾਂ ਦੀ ਵਰਤੋਂ ਕਰਕੇ ਗੈਰ ਵਿਗਿਆਨਕ ਪ੍ਰਚਾਰ ਦੇ ਸਿਰ ਉਪਰ ਮਾਲਾ ਮਾਲ ਹੋ ਗਿਆ ਹੈ। ਕਦੇ ਸਮੋਸੇ ਨਾਲ, ਕਦੇ ਪਰੌਠੇਂ ਨਾਲ ਤੇ ਕਦੇ ਭਟੂਰਿਆਂ ਦੇ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕਰ ਰਿਹਾ ਹੈ। ਕਦੇ ਕੋਈ ਬਾਬਾ ਭਭੂਤੀ ਦੇ ਨਾਲ ਲੋਕਾਂ ਦੇ ਰੋਗ ਦੂਰ ਕਰ ਰਿਹਾ ਹੈ। ਕਦੇ ਕੋਈ ਨਿੱਤਿਆ ਨੰਦ ਆਪਣੀ ਰਾਸ ਲੀਲਾ ਰਚਾ ਰਿਹਾ ਹੈ।
ਇਨ੍ਹਾਂ ਡੇਰਿਆਂ ਤੋਂ ਬਿਨਾਂ ਸੂਫੀ ਪੀਰਾਂ ਫਕੀਰਾਂ ਦੇ ਨਾਮ ਉਪਰ ਬਣੇ ਡੇਰੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਜਿਨ੍ਹਾਂ ਡੇਰਿਆਂ ਦਾ ਜਾਂ ਡੇਰੇ ਦੇ ਸੰਚਾਲਕ ਗਾਇਕਾਂ ਦਾ ਸੂਫੀਵਾਦ ਦੇ ਨਾਲ ਦੂਰ ਦੂਰ ਦਾ ਵੀ ਵਾਸਤਾ ਨਹੀਂ ਹੈ।
ਖੋਜ ਪੁਸਤਕ 'ਸਿੱਖ ਮਾਡਲ ਆਫ ਐਜੂਕੇਸ਼ਨ' ਦੇ ਖੋਜੀ ਡਾ. ਮੇਹਰਬਾਨ ਸਿੰਘ ਦਾ ਇਹ ਸਿੱਟਾ ਹੈ ਕਿ ਪੰਜਾਬ ਦੇ ਅੰਦਰ ਸਕੂਲਾਂ ਦੇ ਮੁਕਾਬਲੇ ਗੁਰਦੁਆਰੇ ਦੁੱਗਣੇ ਤੋਂ ਵੀ ਵਧ ਹਨ। ਜਦਕਿ ਲੋੜ ਵਧ ਸਕੂਲਾਂ ਦੀ ਹੈ। ਜੇਕਰ ਇਸ ਖੋਜ ਨੂੰ ਬਾਕੀ ਧਾਰਮਿਕ ਸਥਾਨਾਂ ਦੇ ਨਾਲ ਜੋੜ ਲਿਆ ਜਾਵੇ ਤਾਂ ਸਕੂਲਾਂ ਦੇ ਮੁਕਾਬਲੇ ਧਾਰਮਿਕ ਸਥਾਨਾਂ ਦੀ ਗਿਣਤੀ ਚਾਰ ਗੁਣਾ ਤੋਂ ਵੀ ਵੱਧ ਜਾਵੇਗੀ। ਜੇਕਰ ਇਨ੍ਹਾਂ ਧਾਰਮਿਕ ਸਥਾਨਾਂ ਨੇ ਆਪਣੀ ਬਣਦੀ ਸਮਾਜਕ ਜਿੰਮੇਵਾਰੀ ਨਿਭਾਈ ਹੁੰਦੀ ਤਾਂ ਸਮਾਜ ਵਿਚ ਇਸ ਤਰ੍ਹਾਂ ਦੀ ਹਨੇਰ ਬਿਰਤੀ ਪੈਦਾ ਹੀ ਨਹੀਂ ਸੀ ਹੋਣੀ। ਧੀਆਂ ਨੂੰ ਕੁੱਖ ਵਿਚ ਮਾਰਨ ਤੋਂ ਲੈਕੇ, ਨਸ਼ਿਆਂ ਵਿਚ ਗਰਕ ਹੋ ਰਿਹਾ ਉੱਤਰੀ ਭਾਰਤ ਦਾ ਸਮਾਜ ਆਪਣੀ ਡਾਵਾਂ ਡੋਲ ਮਾਨਸਿਕਤਾ ਨੂੰ ਸਹਾਰਾ ਦੇਣ ਲਈ ਇਨ੍ਹਾਂ ਗੈਰ ਵਿਗਿਆਨਕ ਡੇਰਿਆਂ ਉਪਰ ਧੱਕੇ ਖਾ ਰਿਹਾ ਹੈ।
ਡੇਰਿਆਂ ਦੀ ਅੱਜ ਦੇ ਭਰਿਸ਼ਟ ਰਾਜਸੀ ਪਾਰਟੀਆਂ ਦੇ ਆਗੂਆਂ ਨਾਲ ਸਾਂਝ ਤੇ ਸਕੀਰੀ ਕਿਸੇ ਤੋਂ ਵੀ ਲੁੱਕੀ ਹੋਈ ਨਹੀਂ ਹੈ। ਰਾਧਾ ਸਵਾਮੀ ਬਿਆਸ ਵਾਲਾ ਡੇਰਾ ਪਿੱਛਲੇ ਲੰਮੇ ਸਮੇਂ ਤੋਂ ਕਾਂਗਰਸ ਦੀ ਸੇਵਾ ਕਰਦਾ ਰਿਹਾ ਹੈ ਹੁਣ ਨਵੀਂ ਬਣੀ ਰਿਸ਼ਤੇਦਾਰੀ ਤੇ ਸਾਂਝ ਕਰਕੇ ਉਸ ਦੀ ਵਫਾਦਾਰੀ ਅਕਾਲੀ ਦਲ ਨਾਲ ਹੋ ਗਈ ਹੈ ਜਿਹੜੀ ਕਿਸੇ ਤੋਂ ਵੀ ਲੁੱਕੀ ਹੋਈ ਨਹੀਂ। ਇਹ ਡੇਰਾ ਭਾਵੇਂ ਸਿੱਧੇ ਰੂਪ ਵਿਚ ਆਪਣੇ ਸ਼ਰਧਾਲੂਆਂ ਨੂੰ ਕਿਸੇ ਵੀ ਖਾਸ ਪਾਰਟੀ ਨੂੰ ਵੋਟ ਪਾਉਣ ਦਾ ਫਰਮਾਨ ਨਹੀਂ ਦਿੰਦਾ ਸਗੋਂ ਇਸ ਦਾ ਤਰੀਕਾ ਬਹੁਤ ਹੀ ਗੁਪਤ ਹੁੰਦਾ ਹੈ। ਡੇਰੇ ਦੇ ਜਥੇਦਾਰ ਆਪਣੇ ਤੰਤਰ ਰਾਹੀਂ ਇਹ ਕਾਰਜ ਕਰਦੇ ਹਨ ਜਿਹੜਾ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣਦਾ ਪਰ ਜਿਸ ਦਾ ਅਸਰ ਵਧੇਰੇ ਹੁੰਦਾ ਹੈ।
ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਆਪਣਾ ਵੱਡਾ ਜਨ ਆਧਾਰ ਰੱਖਣ ਵਾਲਾ ਡੇਰਾ ਸੱਚਾ ਸੌਦਾ ਆਪਣੀਆਂ ਰਾਜਸੀ ਗਤੀਵਿਧੀਆਂ ਕਰਕੇ ਕਾਫੀ ਚਰਚਾ ਵਿਚ ਰਹਿੰਦਾ ਹੈ। ਇਸ ਡੇਰੇ ਦਾ ਇਕ ਰਾਜਸੀ ਵਿੰਗ ਹੈ ਜਿਹੜਾ ਇਸ ਗੱਲ ਦਾ ਅਧਿਐਨ ਕਰਦਾ ਰਹਿੰਦਾ ਹੈ ਕਿ ਕਿਸ ਪਾਰਟੀ ਦੀ ਮਦਦ ਕਿਸ ਰੂਪ ਵਿਚ ਕਰਕੇ ਡੇਰੇ ਨੂੰ ਵਧ ਫਾਇਦਾ ਹੁੰਦਾ ਹੈ। ਇਹ ਡੇਰਾ ਲੱਗਭਗ ਹਰ ਵਾਰ ਆਪਣੀ ਰਾਜਸੀ ਵਫਾਦਾਰੀ ਬਦਲਦਾ ਰਹਿੰਦਾ ਹੈ। ਬਹੁਤੀ ਵਾਰ ਇਹ ਜਿੱਤਣ ਵਾਲੀ ਧਿਰ ਦੇ ਨਾਲ ਹੀ ਹੁੰਦਾ ਹੈ। ਕਦੇ ਸਮਾਂ ਹੁੰਦਾ ਸੀ ਕਾਂਗਰਸ ਪਾਰਟੀ ਦੇ ਆਗੂ ਨਾਲ ਆਪਣੀ ਨਜਦੀਕੀ ਰਿਸ਼ਤੇਦਾਰੀ ਕਰਕੇ ਇਹ ਕਾਂਗਰਸ ਦੀ ਮਦਦ ਕਰਦਾ ਸੀ। ਬਾਅਦ ਵਿਚ ਇਸ ਨੇ ਆਪਣੀ ਵਫਾਦਾਰੀ ਅਕਾਲੀ ਪਾਰਟੀ ਵੱਲ ਕਰ ਦਿੱਤੀ ਸੀ। ਹੁਣ ਅਕਾਲੀ ਪਾਰਟੀ ਨਾਲੋਂ ਭਾਜਪਾ ਨਾਲ ਇਸ ਡੇਰੇ ਦੀਆਂ ਵਫਾਦਾਰੀਆਂ ਪੱਕੀਆਂ ਹੋ ਗਈਆਂ ਹਨ। ਹਰਿਆਣਾ ਵਿਧਾਨ ਸਭਾ ਦੀ ਚੋਣ ਵਿਚ ਇਸ ਡੇਰੇ ਨੇ ਭਾਜਪਾ ਦਾ ਸਾਥ ਦੇਣ ਦਾ ਐਲਾਨ ਖੁਲੇਆਮ ਕੀਤਾ ਸੀ। ਜਿਸ ਕਰਕੇ ਆਰ ਐਸ ਐਸ ਸਮੇਤ ਭਾਜਪਾ ਦੇ ਆਗੂ ਇਸ ਡੇਰੇ ਦੇ ਨਾਲ ਆਪਣੇ ਰਿਸ਼ਤੇ ਨੂੰ ਹੋਰ ਵੀ ਗੂੜ੍ਹਾ ਕਰਨ ਵਿਚ ਲੱਗੇ ਹੋਏ ਹਨ। ਇਸ ਸੰਬੰਧ ਵਿਚ ਆਰ ਐਸ ਐਸ ਮੁਖੀ ਮੋਹਨ ਭਾਗਵਤ ਤੇ ਭਾਜਪਾ ਨੇਤਾ ਐਲ ਕੇ ਅਡਵਾਨੀ ਇਨ੍ਹਾਂ ਡੇਰਾ ਮੁਖੀਆਂ ਨੂੰ ਮਿਲਕੇ ਸੰਪਰਕ ਬਣਾ ਰਹੇ ਹਨ। ਕਿਉਂਕਿ ਇਹ ਗੱਲ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਕਿ ਰਾਜਨੀਤੀ ਵਿਚ ਇਨ੍ਹਾਂ ਡੇਰਿਆਂ ਦੇ ਭਗਤ ਹੋਰ ਕੁਝ ਵੀ ਨਹੀਂ ਦੇਖਦੇ ਤੇ ਇਸ ਵਿਚ ਵੀ ਭੋਰਾ ਸ਼ੱਕ ਨਹੀਂ ਕਿ ਇਨ੍ਹਾਂ ਡੇਰਿਆਂ ਦਾ ਆਪਣਾ ਆਪਣਾ ਜਨ ਅਧਾਰ ਹੈ ਜਿਹੜੇ ਸਦਾ ਹੀ ਹਾਕਮ ਧਿਰਾਂ ਦੀ ਤਰਫਦਾਰੀ ਹੀ ਕਰਦੇ ਹਨ।
ਪੰਜਾਬ ਦਾ ਸੰਭਾਵੀ ਦੁਖਾਂਤ ਵੀ ਇਸੇ ਵਿਚ ਹੀ ਲੁਕਿਆ ਪਿਆ ਹੈ। ਪੰਜਾਬ ਦੀ ਵੱਡੀ ਰਾਜਸੀ ਪਾਰਟੀ ਅਕਾਲੀ ਦਲ ਆਪਣੇ ਰਾਜਸੀ ਹਿੱਤਾਂ ਲਈ ਇਸ ਸਾਰੇ ਵਰਤਾਰੇ ਨੂੰ ਬੜੀ ਹੀ ਹੁਸ਼ਿਆਰੀ ਦੇ ਨਾਲ ਕਾਬੂ ਕਰਦੀ ਆਈ ਹੈ। ਇਸ ਪਾਰਟੀ ਦਾ ਅਸਿੱਧਾ ਕਬਜ਼ਾ ਇਕ ਪਾਸੇ ਉੱਚੀਆਂ ਸਿੱਖ ਮਰਿਆਦਾਵਾਂ ਵਾਲੇ ਅਕਾਲ ਤਖਤ ਦੇ ਜਥੇਦਾਰ ਉਪਰ ਹੈ। ਜਿਸ ਸੰਸਥਾ ਦਾ ਇਨ੍ਹਾਂ ਡੇਰਿਆਂ ਨਾਲ ਸਦਾ ਹੀ ਵਿਰੋਧ ਰਿਹਾ ਹੈ। ਅਕਾਲੀ ਪਾਰਟੀ ਬੜੀ ਹੀ ਹੁਸ਼ਿਆਰੀ ਦੇ ਨਾਲ ਇਸ ਪ੍ਰਸਪਰ ਵਿਰੋਧ ਦੇ ਬਾਵਜੂਦ ਵੀ ਡੇਰਿਆਂ ਦੀਆਂ ਵੋਟਾਂ ਬਟੋਰਨ ਵਿਚ ਕਾਮਯਾਬ ਹੁੰਦੀ ਰਹੀ ਹੈ। ਪਰ ਹੁਣ ਕੇਂਦਰ ਵਿਚ ਸੱਤਾ ਦੀ ਵਾਗਡੋਰ ਭਾਜਪਾ ਦੇ ਹੱਥਾਂ ਵਿਚ ਆ ਜਾਣ ਦੇ ਨਾਲ ਡੇਰਿਆਂ ਦਾ ਰਾਫਤਾ ਭਾਜਪਾ ਵੱਲ ਹੋ ਰਿਹਾ ਹੈ,ਤੇ ਭਾਜਪਾ ਵੀ ਆਪਣੇ ਰਾਜਸੀ ਹਿੱਤਾਂ ਲਈ ਡੇਰਿਆਂ ਨੂੰ ਕਾਬੂ ਵਿਚ ਕਰਨ ਬਾਰੇ ਵਿਸ਼ੇਸ਼ ਧਿਆਨ ਦੇਣ ਲੱਗ ਪਈ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸੈਕਟਰੀ ਸ਼੍ਰੀ ਤਰੁਨ ਚੁੱਗ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖਕੇ ਕਿਹਾ ਹੈ ਕਿ ਉਹ ਡੇਰਿਆਂ ਦੀ ਸੁਰੱਖਿਆ ਯਕੀਨੀ ਬਣਾਵੇ। ਉਨ੍ਹਾਂ ਪੱਤਰ ਵਿਚ ਸ਼ਪਸ਼ਟ ਕਿਹਾ ਹੈ ਕਿ ਮੁੱਖ ਮੰਤਰੀ ਡੀ ਜੀ ਪੀ ਪੰਜਾਬ ਨੂੰ ਹੁਕਮ ਦੇਣ ਕਿ ਡੇਰੇ ਦੇ ਸ਼ਰਧਾਲੂਆਂ ਦੀ ਰਾਖੀ ਹੋਵੇ ਤੇ ਸ਼ਰਧਾਲੂਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਉਪਰ ਕਾਰਵਾਈ ਹੋਵੇ। ਇਹ ਗੱਲ ਇਕ ਪਾਸੇ ਅਕਾਲੀ ਭਾਜਪਾ ਦੀਆਂ ਵਧ ਰਹੀਆਂ ਦੂਰੀਆਂ ਵੱਲ ਸੰਕੇਤ ਕਰਦੀ ਹੈ ਤੇ ਦੂਸਰੇ ਪਾਸੇ ਭਾਜਪਾ ਦੇ ਵਧ ਰਹੇ 'ਡੇਰਾ ਪ੍ਰੇਮ' ਵੱਲ ਵੀ ਸੰਕੇਤ ਕਰਦੀ ਹੈ। ਡੇਰਿਆਂ ਤੇ ਸਿਆਸਤ ਦਾ ਇਹ ਨਾਪਾਕ ਗੱਠਜੋੜ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ। ਇਹ ਗੱਠਜੋੜ ਕੇਵਲ ਭਾਜਪਾ ਅਕਾਲੀ ਦਲ ਤੱਕ ਹੀ ਸੀਮਤ ਨਹੀਂ ਸਗੋਂ ਕਾਂਗਰਸ ਤੇ ਹੋਰ ਖੇਤਰੀ ਪਾਰਟੀਆਂ ਵੀ ਇਸ ਕਿਸਮ ਦੇ ਗੱਠਜੋੜ ਦਾ ਲਾਹਾ ਲੈਣ ਦੀ ਤਾਕ ਵਿਚ ਰਹਿੰਦੀਆਂ ਹਨ।
ਹਰਿਆਣਾ ਵਿਚ ਸੰਤ ਰਾਮਪਾਲ ਨੇ ਦਸ ਸਾਲਾਂ ਦੇ ਕਾਂਗਰਸ
ਰਾਜ ਵਿਚ ਜਿਸ ਤਰ੍ਹਾਂ ਨਾਲ ਨਾਜਾਇਜ ਹਥਿਆਰ ਇਕੱਤਰ ਕੀਤੇ? ਜਿਸ ਤਰ੍ਹਾਂ ਸ਼ਰਧਾਲੂਆਂ ਦੀ ਫੌਜ ਖੜ੍ਹੀ ਕੀਤੀ। ਜਿਸ ਕਿਸਮ ਦੇ ਟਕਰਾਅ ਦੀ ਸਥਿਤੀ ਵਿਚ ਸਮਾਜ ਨੂੰ ਲਿਆ ਕੇ ਖੜ੍ਹਾ ਕਰ ਦਿੱਤਾ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ। ਹੁਣ 42 ਵੀਂ ਵਾਰ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਨਣ ਵਾਲੇ ਅਖੌਤੀ ਬਾਬੇ ਦੇ ਖਿਲਾਫ ਭਾਜਪਾ ਨੂੰ ਕਿਸ ਮਜਬੂਰੀ ਵਿਚ ਕਾਰਵਾਈ ਕਰਨੀ ਪਈ ਇਹ ਵੀ ਕਿਸੇ ਤੋਂ ਲੁਕੀ ਹੋਈ ਨਹੀਂ। ਇਸ ਪ੍ਰਕਿਰਿਆ ਨੂੰ ਜੱਗ ਜਾਹਰ ਕਰਨ ਵਾਲੇ ਮੀਡੀਏ ਨੂੰ ਇਸ ਦੀ ਕਿੰਨੀ ਕੀਮਤ ਤਾਰਨੀ ਪਈ ਹੈ ਜਿਸ ਦੇ ਸਿੱਟੇ ਵਜੋਂ ਡੇਰਿਆਂ ਪ੍ਰਤੀ ਮੋਹ ਪਾਲਣ ਵਾਲੀ ਭਾਜਪਾ ਨੂੰ ਰਾਮਪਾਲ ਨੂੰ ਗ੍ਰਿਫਤਾਰ ਕਰਨਾ ਪਿਆ। ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ।
ਗੱਲ ਇਕ ਡੇਰੇ ਦੀ ਨਹੀਂ ਸਗੋਂ ਡੇਰਿਆਂ ਦੀ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਪੰਜਾਬ 1982 ਤੋਂ 1992 ਤੱਕ ਇਸ ਦੁਖਾਂਤ ਨੂੰ ਭੋਗ ਚੁੱਕਾ ਹੈ। 2007 ਵਿਚ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਟਕਰਾਅ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ। ਵਿਆਨਾ (ਆਸਟ੍ਰੀਆ) ਵਿਚ ਬੱਲਾਂ ਵਾਲੇ ਸੰਤਾਂ ਦੇ ਕਤਲ ਤੋਂ ਬਾਦ ਜਿਹੜੀ ਸਥਿਤੀ ਪੰਜਾਬ ਦੇ ਦੁਆਬੇ ਵਿਚ ਬਣੀ ਸੀ ਉਹ ਇਸ ਗੱਲ ਦੀ ਗਵਾਹ ਹੈ ਕਿ ਇਹ ਇਕ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ। ਜਿਹੜੀਆਂ ਵੀ ਰਾਜਸੀ ਪਾਰਟੀਆਂ ਡੇਰਿਆਂ ਨੂੰ ਆਪਣੇ ਰਾਜਸੀ ਮਨੋਰਥ ਲਈ ਵਰਤਣ ਵਿਚ ਲੱਗੀਆਂ ਹੋਈਆਂ ਹਨ ਉਨਾਂ ਨੂੰ ਇਸ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ। ਤਾਂ ਕਿ ਇਸ ਗੱਲ ਦੀ ਸੰਭਾਵਨਾ ਨਾ ਬਣੇ ਕਿ ਸਮਾਜ ਵਿਚ ਕਿਸੇ ਕਿਸਮ ਦਾ ਤਨਾਅ ਪੈਦਾ ਹੋਵੇ।
ਇਹ ਗੱਲ ਅਜੇ ਬਹੁਤ ਹੀ ਦੂਰ ਦੀ ਹੈ ਕਿ ਦੇਸ਼ ਦੀ ਬਹੁਤੀ ਆਬਾਦੀ ਜਿਹੜੀ ਬੇਰੁਜ਼ਗਾਰ ਹੈ। ਜਿਨ੍ਹਾਂ ਦੇ ਇਲਾਜ ਲਈ ਹਸਪਤਾਲ ਨਹੀਂ, ਜਿਨ੍ਹਾਂ ਦਾ ਜਿਉਣਾ ਅੱਤ ਦੀ ਮਹਿੰਗਾਈ ਨੇ ਨਰਕ ਬਣਾ ਦਿੱਤਾ ਹੈ। ਜਿਨ੍ਹਾਂ ਦੇ ਬੱਚਿਆਂ ਲਈ ਪੜ੍ਹਨ ਲਈ ਸਕੂਲ ਨਹੀਂ। ਜਿਹੜੇ ਇਸ ਜੀਵਨ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਸਮਝਣ ਲਈ ਮਾਰੇ ਮਾਰੇ ਫਿਰਦੇ ਹਨ ਉਨ੍ਹਾਂ ਨੂੰ ਕਰਮਾਂ ਦਾ ਫਲ ਦੱਸ ਕੇ ਗੁੰਮਰਾਹ ਕਰਨ ਵਾਲੇ ਲੋਕ ਉਨ੍ਹਾਂ ਦੀ ਸਮਾਜਕ ਲੁੱਟ ਦੀ ਉਮਰ ਨੂੰ ਲੰਮਿਆਂ ਕਰਦੇ ਹਨ। ਇਹੋ ਹੀ ਕਾਰਨ ਹੈ ਕਿ ਲੁੱਟ ਦਾ ਇਹ ਸਿਲਸਿਲਾ ਬੇਰੋਕ ਟੋਕ ਜਾਰੀ ਹੈ।
ਅਜੇ ਇਹ ਵਕਤ ਵੀ ਨਹੀਂ ਆਇਆ ਕਿ ਇਨ੍ਹਾਂ ਡੇਰਿਆਂ ਦੇ ਸ਼ਰਧਾਲੂ ਇਹ ਸਵਾਲ ਖੜ੍ਹੇ ਕਰਨ ਕਿ ਉਨ੍ਹਾਂ ਦਾ ਡੇਰਾ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਕਿਉ ਨਹੀਂ ਬਣਾ ਕੇ ਦਿੰਦਾ, ਵਧੀਆ ਹਸਪਤਾਲ ਕਿਉਂ ਨਹੀਂ ਖੋਲਦਾ, ਉਨ੍ਹਾਂ ਦੇ ਰੁਜ਼ਗਾਰ ਬਾਰੇ ਕੋਈ ਉਪਰਾਲਾ ਕਿਉਂ ਨਹੀਂ ਕਰਦਾ। ਪੰਜਾਬ ਦੀ ਜਵਾਨੀ ਨਸ਼ਿਆਂ ਦੇ ਨਾਲ ਮਰ ਰਹੀ ਹੈ। ਬੇਕਸੂਰ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਦੀ ਭੇਂਟ ਚੜ੍ਹ ਰਹੇ ਹਨ। ਲੁੱਟਾਂ ਖੋਹਾਂ ਵਧ ਰਹੀਆਂ ਹਨ। ਸਰਕਾਰੀ ਤੇ ਗੈਰ ਸਰਕਾਰੀ ਗੁੰਡਾ ਗਰਦੀ ਵਧ ਰਹੀ ਹੈ। ਪਰ ਇਨ੍ਹਾਂ ਡੇਰਿਆਂ ਦੇ ਦੈਵੀ ਪੁਰਖ ਇਸ ਸਾਰੇ ਵਰਤਾਰੇ ਦੇ ਖਿਲਾਫ ਚੁੱਪ ਕਿਉਂ ਰਹਿੰਦੇ ਹਨ? ਉਹ ਕਿਉਂ ਨਹੀਂ ਬੋਲਦੇ? ਸਮਾਜ ਵਿਚ ਏਕਤਾ ਦੀ ਗੱਲ ਕਰਨ ਵਾਲੇ ਮੁੱਠੀ ਭਰ ਲੋਕ ਕਮਜ਼ੋਰ ਕਿਉਂ ਹਨ? ਵੱਡੇ ਸਵਾਲ ਮੂੰਹ ਅੱਡੀ ਖੜ੍ਹੇ ਹਨ। ਜਿਹੜੇ ਜਵਾਬ ਦੀ ਮੰਗ ਕਰਦੇ ਹਨ। ਰਾਜ ਸਤਾ ਉਪਰ ਕਾਬਜ ਬਹੁਰਾਸ਼ਟਰੀ ਕੰਪਨੀਆਂ ਦੇ ਦਲਾਲ ਭਾਵੇਂ ਕਿਸੇ ਵੀ ਪਾਰਟੀ ਜਾਂ ਰੰਗ ਦੇ ਹੋਣ ਉਨ੍ਹਾਂ ਦੇ ਏਜੰਡੇ ਉਪਰ ਨਾ ਤਾਂ ਦੇਸ਼ ਹੈ ਤੇ ਨਾ ਹੀ ਦੇਸ਼ ਦੇ ਲੋਕ। ਇਸ ਲਈ ਦੇਸ਼ ਦੇ ਚੇਤਨ ਲੋਕਾਂ ਨੂੰ ਹੀ ਚਾਨਣ ਦਾ ਹੋਕਾ ਦੇਣ ਲਈ ਉੱਠਣਾ ਪਵੇਗਾ।
No comments:
Post a Comment